top of page
  • Writer's pictureਸ਼ਬਦ

ਕਹਾਣੀ / ਵਰ੍ਹੇ-ਗੰਢ ਮੁਬਾਰਕ! / ਹਰਜੀਤ ਅਟਵਾਲ / ਮੁਬਾਈਲ ਉਪਰ ਸੁਨੇਹੇ ਦੀ 'ਟੂੰ-ਟੂੰ' ਹੁੰਦੀ ਹੈ। ਸਤਨਾਮ ਸਿੰਘ ਐਨਕਾਂ ਲਾ ਕੇ ਪਿਆ-ਪਿਆ ਹੀ ਦੇਖਦਾ ਹੈ। ਲਿਖਿਆ ਹੈ, 'ਵਰ੍ਹੇ-ਗੰਢ ਮੁਬਾਰਕ ਮੌਮ ਐਂਡ ਡੈਡ!' ਇੰਦਰ ਕੌਰ ਪੁੱਛਦੀ ਹੈ, "ਕਿਹਦਾ ਫੋਨ ਐ?" "ਤੇਰੇ ਲਾਡਲੇ ਨੇ ਵਧਾਈਆਂ ਭੇਜੀਆਂ।" "ਕੰਮ 'ਤੇ ਜਾਣ ਲੱਗਾ ਹੋਣਾ। ਕਹਿੰਦਾ ਸੀ ਤੁਹਾਡੀ ਪੰਜਾਹਵੀਂ ਵੈਡਿੰਗ ਐਨੀਵਰਸਰੀ ਮਨਾਉਣੀ ਆਂ। ਅੱਜ ਆਉਣਗੇ ਸਾਰੇ ਹੀ।" ਸਤਨਾਮ ਸਿੰਘ ਕੁਝ ਕਹੇ ਬਿਨਾਂ ਉਠ ਕੇ ਬਹਿ ਜਾਂਦਾ ਹੈ ਤੇ ਕਪੜੇ ਪਾਉਣ ਲੱਗਦਾ ਹੈ। ਇੰਦਰ ਕੌਰ ਬੋਲਦੀ ਹੈ, "ਪਏ ਰਹੋ ਹਾਲੇ।" "ਸੱਤ ਵੱਜ ਗਏ, ਤੂੰ ਸੌਂ, ਜੇ ਸੌਣਾਂ।" ਉਹ ਬਾਥਰੂਮ ਵਿੱਚ ਜਾ ਵੜਦਾ ਹੈ। ਇੰਦਰ ਕੌਰ ਦਾ ਦਿਲ ਕਰਦਾ ਹੈ ਕਿ ਉਹ ਵੀ ਉਠ ਖੜੇ। ਉਹ ਬੈਠਣ ਦੀ ਕੋਸ਼ਿਸ਼ ਕਰਦੀ ਹੈ ਪਰ ਫੇਹਲ ਹੋ ਜਾਂਦੀ ਹੈ, ਪਤੀ ਨੂੰ ਉਡੀਕਣ ਲੱਗਦੀ ਹੈ। ਸਤਨਾਮ ਸਿੰਘ ਬਾਥਰੂਮ ਵਿੱਚੋਂ ਆ ਉਸ ਨੂੰ ਆਸਰਾ ਦੇ ਕੇ ਬੈਠਦੀ ਕਰ ਦਿੰਦਾ ਹੈ। ਇੰਦਰ ਕੌਰ ਨਾਈਟੀ ਠੀਕ ਕਰਦੀ, ਪੈਰੀਂ ਚੱਪਲਾਂ ਪਾ ਕੇ ਆਪਣਾ ਵਾਕਿੰਗ-ਫਰੇਮ ਲੱਭਣ ਲੱਗਦੀ ਹੈ। ਫਰੇਮ ਉਹ ਰਾਤੀਂ ਲਿਵਿੰਗ ਰੂਮ ਵਿੱਚ ਹੀ ਭੁੱਲ ਆਈ ਸੀ। ਉਹ ਸਤਨਾਮ ਸਿੰਘ ਵੱਲ ਹੱਥ ਵਧਾਉਂਦੀ ਹੈ, "ਖੜ੍ਹਾਅ!" ਉਹ ਆਖਦਾ ਹੈ, "ਤੈਨੂੰ ਚੁੱਕਦਾ-ਚੁੱਕਦਾ ਕਿਤੇ ਮੈਂ ਹੀ ਨਾ ਡਿੱਗ ਪਵਾਂ, ਫੇਰ ਸਾਨੂੰ ਦੋਨਾਂ ਨੂੰ ਕੌਣ ਚੁੱਕੂ! ਚੰਗਾ ਇਹੋ ਐ ਕਿ ਤੇਰਾ ਫਰੇਮ ਤੈਨੂੰ ਲਿਆ ਦੇਵਾਂ।" ਇਸੇ ਵਾਕਿੰਗ-ਫਰੇਮ ਆਸਰੇ ਇੰਦਰ ਕੌਰ ਬਿਸਤਰ, ਸੋਫਾ ਜਾਂ ਟੁਆਇਲਟ ਤੋਂ ਉਠਿਆ ਕਰਦੀ ਹੈ ਤੇ ਥੋੜਾ-ਬਹੁਤ ਤੁਰਦੀ ਹੈ। ਸਤਨਾਮ ਸਿੰਘ ਫਰੇਮ ਉਹਦੇ ਮੁਹਰੇ ਲਿਆ ਰੱਖਦਾ ਹੈ। ਉਹ ਆਖਦੀ ਹੈ, "ਹੁਣ ਤਾਂ ਹਿੱਲ ਵੀ ਨਹੀਂ ਹੁੰਦਾ, ਉਹ ਕੇਅਰਰ ਵੀ ਨਹੀਂ ਭੇਜਦੇ ਕਿ ਥੋੜੀ ਮੱਦਦ ਹੀ ਹੋ ਜਾਵੇ।" "ਅਸੀਂ ਕੇਅਰਰ ਲਈ ਅਪਲਾਈ ਹੀ ਲੇਟ ਕੀਤਾ, ਹੋਰ ਦੋ ਹਫਤਿਆਂ ਤੱਕ ਆਉਣੀ ਸ਼ੁਰੂ ਹੋ ਜਾਣੀ ਆਂ।" ਆਖਦਾ ਸਤਨਾਮ ਸਿੰਘ ਜੈਕਟ ਪਾਉਂਦਾ ਹੈ ਤੇ ਸਿਰ ਉਪਰ ਕੈਪ ਲੈ ਕੇ ਬਾਹਰ ਗਾਰਡਨ ਵਿੱਚ ਨਿਕਲ ਜਾਂਦਾ ਹੈ। ਸੂਰਜ ਚੜ੍ਹ ਆਇਆ ਹੈ। ਧੁੱਪ ਦੇ ਬਾਵਜੂਦ ਠੰਡਕ ਚੁੱਭ ਰਹੀ ਹੈ। ਉਹ ਆਪਣੇ ਲਾਏ ਬੂਟਿਆਂ ਵੱਲ ਝੁਕ ਕੇ ਦੇਖਦਾ ਹੈ। ਹੁਣ ਇਹ ਪਾਣੀ ਮੰਗਦੇ ਨੇ। ਪਿਛਲੇ ਕੁਝ ਸਾਲਾਂ ਤੋਂ ਉਸ ਨੇ ਬਾਗਬਾਨੀ ਦਾ ਸ਼ੌਂਕ ਪਾਲ਼ਿਆ ਹੋਇਆ ਹੈ। ਮਿਰਚਾਂ ਦੇ ਕੁਝ ਬੂਟੇ, ਟਮਾਟਰਾਂ ਦੇ ਵੀ। ਕੁਝ ਆਲੂ ਵੀ ਲਾਏ ਹੋਏ ਹਨ। ਭਾਵੇਂ ਬਾਜ਼ਾਰ ਵਿੱਚੋਂ ਇਹ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਹਨ ਪਰ ਇਹ ਉਸ ਨੇ ਆਪਣੇ ਆਪ ਨੂੰ ਰੁਝਾਉਣ ਦਾ ਜ਼ਰੀਆ ਬਣਾਇਆ ਹੋਇਆ ਹੈ। ਮਿਰਚਾਂ ਦੇ ਨਿਕਲੇ ਚਿੱਟੇ ਫੁੱਲਾਂ ਨੂੰ ਉਹ ਛੋਹ ਕੇ ਦੇਖਦਾ ਹੈ। ਗਵਾਂਡਣ ਗੋਰੀ ਗਾਰਡਨ ਵਿੱਚ ਸੋਟੀ ਸਹਾਰੇ ਗੇੜੇ ਦੇ ਰਹੀ ਹੈ। ਉਹ ਦੂਰੋਂ ਹੀ ਸੋਟੀ ਚੁੱਕਦੀ ਹੋਈ ਸਤਨਾਮ ਸਿੰਘ ਨੂੰ 'ਹੈਲੋ' ਆਖਦੀ ਹੈ। æææਇੰਦਰ ਕੌਰ ਤੋਂ ਤਾਂ ਇਹੀ ਤਕੜੀ ਐ, ਤੁਰੀ ਤਾਂ ਫਿਰਦੀ ਐ, ਕੁਦਰਤੀ ਹੁੰਦੈ, ਕੁਝ ਜੀਨਜ਼ ਵੀ ਹੁੰਦੇ ਆ। ਉਹ ਆਪਣੇ ਜੀਨਜ਼ ਬਾਰੇ ਅਕਸਰ ਸੋਚਦਾ ਰਹਿੰਦਾ ਹੈ। ਉਸ ਦੇ ਖਾਨਦਾਨ ਵਿੱਚ ਸਾਰੇ ਮਰਦ ਲੰਮੀ ਉਮਰ ਭੋਗਦੇ ਹਨ। ਉਸ ਦਾ ਪੜਦਾਦਾ ਇਕ ਸੌ ਪੰਜ ਸਾਲ, ਉਸ ਦਾ ਬਾਬਾ ਇਕ ਸੌ ਦੋ ਸਾਲ, ਉਸ ਦਾ ਬਾਪੂ ਵੀ ਸੌ ਨੂੰ ਢੁੱਕ ਹੀ ਗਿਆ ਸੀ। ਜੇ ਉਸ ਦਾ ਬੱੈਡ ਤੋਂ ਡਿੱਗ ਕੇ ਚੂਲ਼ਾ ਕਰੈਕ ਨਾ ਹੋਇਆ ਹੁੰਦਾ ਤਾਂ ਉਹ ਨੇ ਹਾਲੇ ਦੱਸ ਸਾਲ ਤੱਕ ਕਿਤੇ ਨਹੀਂ ਸੀ ਜਾਣਾ। ਇੰਗਲੈਂਡ ਦਾ ਸਿਹਤ ਵਿਭਾਗ ਬੰਦੇ ਨੂੰ ਮਰਨ ਵੀ ਤਾਂ ਨਹੀਂ ਦਿੰਦਾ। ਉਸ ਤੋਂ ਹੱਡ-ਗੋਡੇ ਚੰਗੀ ਤਰਾਂ੍ਹ ਰਗੜਾਉਂਦੇ ਹਨ। ਉਸ ਦੇ ਖਾਨਦਾਨ ਵਿੱਚ ਜੇ ਉਮਰਾਂ ਲੰਮੀਆਂ ਹਨ ਉਥੇ ਇਹ ਵੀ ਹੈ ਕਿ ਅੰਤ ਬਹੁਤ ਮਾੜਾ ਆਉਂਦਾ ਹੈ। ਪੜਦਾਦਾ ਇਕ ਸਾਲ ਮੰਜੇ 'ਤੇ ਰਿਹਾ। ਬਾਬਾ ਦੱਸਿਆ ਕਰਦਾ ਸੀ ਕਿ ਬਹੁਤ ਔਖੀ ਮੌਤ ਆਈ ਸੀ। ਇਵੇਂ ਹੀ ਬਾਬਾ ਵੀ ਦੋ ਸਾਲ ਤੱਕ ਮੰਜੇ 'ਤੇ ਰਿਹਾ। ਮੰਜੇ 'ਤੇ ਹੀ ਟੱਟੀ-ਪਿਸ਼ਾਬ। ਉਸ ਨੂੰ ਸੰਭਾਲਣ ਵਾਲੇ ਵੀ ਅੱਕ ਗਏ ਸਨ। ਬਾਪੂ ਦਾ ਵੀ ਇਹੋ ਹਾਲ ਸੀ। ਜਦ ਤਕ ਕੇਅਰਰ ਨਹੀਂ ਸੀ ਮਿਲੀ, ਬਾਪੂ ਨੂੰ ਉਹ ਆਪ ਹੀ ਸਾਂਭਦਾ ਰਿਹਾ ਸੀ। ਕੇਅਰਰ ਔਰਤ ਮਿਲੀ ਤਾਂ ਬਾਪੂ ਨੇ ਔਰਤ ਕੋਲੋਂ ਆਪਣੀ ਸੰਭਾਲ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ। ਜਦ ਤਕ ਮਰਦ ਕੇਅਰਰ ਨਹੀਂ ਮਿਲਿਆ ਬਾਪੂ ਨੂੰ ਉਹਨੇ ਹੀ ਦੇਖਿਆ। ਅੰਤਲੇ ਦਿਨਾਂ ਵਿੱਚ ਮੌਤ ਨਾਲ ਘੁਲਦੇ ਬਾਪੂ ਨੂੰ ਦੇਖ ਕੇ ਉਸ ਨੂੰ ਬਹੁਤ ਤਰਸ ਆਉਂਦਾ ਤੇ ਡਰ ਵੀ ਲੱਗਦਾ। ਡਰ ਇਸ ਕਰਕੇ ਕਿ ਇਕ ਦਿਨ ਉਸ ਦਾ ਵੀ ਇਹੋ ਹਸ਼ਰ ਹੋਣਾ ਹੈ। ਇਵੇਂ ਹੀ ਰਗੜ-ਰਗੜ ਕੇ ਮੌਤ ਵੱਲ ਵਧਣਾ ਹੋਵੇਗਾ। ਕੁੜਮ ਮਹਿੰਦਰ ਸਿੰਘ ਵਾਂਗ ਤੁਰਦਿਆਂ-ਫਿਰਦਿਆਂ ਮੌਤ ਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਇਕ ਗੱਲ ਫਿਰ ਵੀ ਚੰਗੀ ਏ ਕਿ ਇਸ ਮੁਲਕ ਵਿੱਚ ਨਰਸਿੰਗ ਹੋਮ ਤਾਂ ਹੈਗੇ ਜਿਹੜੇ ਬੁਢਾਪੇ ਨੂੰ ਰੁਲਣ ਤੋਂ ਕਿਸੇ ਹੱਦ ਤੱਕ ਬਚਾ ਲੈਂਦੇ ਨੇ। ਉਸ ਦਾ ਪੇਂਡੂ ਤੀਰਥ ਸਿੰਘ ਕਈ ਮਹੀਨਿਆਂ ਤੋਂ ਬੂਪਾ ਨਰਸਿੰਗ ਹੋਮ ਵਿੱਚ ਹੈ। ਉਹ ਉਸ ਨੂੰ ਅਕਸਰ ਮਿਲਣ ਜਾਂਦਾ ਰਹਿੰਦਾ ਹੈ। ਨਰਸਿੰਗ ਹੋਮ ਵਿੱਚ ਹੁੰਦੀ ਸੇਵਾ ਤੋਂ ਉਹ ਕਾਫੀ ਮੁਤਾਸਰ ਹੈ। ਤੀਰਥ ਸਿੰਘ ਦੀ ਘਰ ਵਿੱਚ ਭਲਾ ਏਨੀ ਸਾਂਭ ਹੋ ਸਕਣੀ ਸੀ? ਅੱਜ-ਕੱਲ ਉਹਨੂੰ ਇੰਦਰ ਕੌਰ ਦਾ ਬਹੁਤ ਫਿਕਰ ਹੈ। ਉਹ ਵੀ ਉਸੇ ਸਥਿਤੀ ਵੱਲ ਵੱਧ ਰਹੀ ਹੈ ਜਿਸ ਨੂੰ ਉਹ ਹੱਡ-ਗੋਡੇ ਰਗੜਾਉਣਾ ਆਖਦਾ ਹੈ। ਕੇਅਰਰ ਆਉਣ ਵੀ ਲੱਗ ਪਵੇ ਤਾਂ ਸਾਰਾ ਦਿਨ ਤਾਂ ਉਹ ਨਹੀਂ ਸੰਭਾਲ ਸਕੇਗੀ। ਅਖੀਰ ਨਰਸਿੰਗ ਹੋਮ ਹੀ ਇੰਦਰ ਕੌਰ ਦਾ ਹੱਲ ਹੋਵੇਗਾ। ਇਕ ਦਿਨ ਉਸ ਦਾ ਪੁੱਤਰ ਆਇਆ ਤਾਂ ਸਤਨਾਮ ਸਿੰਘ ਨੇ ਕਹਿਣਾ ਸ਼ੁਰੂ ਕੀਤਾ, "ਅਵਤਾਰ, ਤੇਰੀ ਮਾਂ ਦੀ ਸਿਹਤ ਦਿਨੋ ਦਿਨ ਡਿਗਦੀ ਜਾ ਰਹੀ ਐ, ਡਿਮੈਨਸ਼ੀਆ ਵੀ ਵੱਧ ਰਿਹੈ। ਮੇਰੇ ਵਿੱਚ ਵੀ ਇਹਨੂੰ ਸਾਂਭਣ ਦੀ ਹਿੰਮਤ ਘਟਦੀ ਜਾ ਰਹੀ ਐ, ਜਿੰਨਾ ਚਿਰ ਕੇਅਰਰ ਨਾਲ ਕੰਮ ਚਲਦਾ ਰਿਹਾ ਤਾਂ ਚਲਾਵਾਂਗੇ, ਫਿਰ ਮੈਂ ਸੋਚਦਾਂ ਕਿ ਇਹਨੂੰ ਨਰਸਿੰਗ ਹੋਮ ਭੇਜ ਦੇਈਏ।" "ਨਰਸਿੰਗ ਹੋਮ ਵੈਸੇ ਤਾਂ ਗੁੱਡ ਐ ਪਰ ਕਈਆਂ ਦੀਆਂ ਰਿਪ੍ਰੋਟਾਂ ਬੈਡ ਆਉਂਦੀਆਂ।" "ਤੀਰਥ ਸਿੰਘ ਬੂਪਾ ਵਿੱਚ ਐ, ਮੈਨੂੰ ਤਾਂ ਚੰਗਾ ਲੱਗਿਆ।" "ਹਾਂ, ਬੂਪਾ ਗੁੱਡ ਹੋਵੇ ਸ਼ਾਇਦ।" ਅਵਤਾਰ ਨੇ ਇਕ ਵਾਰ ਵੀ ਨਹੀਂ ਸੀ ਕਿਹਾ ਕਿ ਮਾਂ ਨੂੰ ਉਹ ਸੰਭਾਲਿਆ ਕਰੇਗਾ। ਅਵਤਾਰ ਸਿੰਘ ਤਾਂ ਵਿਆਹ ਤੋਂ ਸਾਲ ਬਾਅਦ ਹੀ ਅੱਡ ਹੋ ਗਿਆ ਸੀ। ਉਸ ਦੀ ਪਤਨੀ ਸੁਰਜੀਤ ਕੌਰ ਉਹਨਾਂ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੀ, ਸੰਭਾਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਤਨਾਮ ਸਿੰਘ ਨੂੰ ਇਸ ਬਾਰੇ ਕੋਈ ਗਿਲਾ ਸ਼ਿਕਵਾ ਵੀ ਨਹੀਂ ਹੈ। ਉਹ ਕਿਸੇ 'ਤੇ ਬੋਝ ਬਣਨ ਦੇ ਹੱਕ ਵਿੱਚ ਨਹੀਂ ਹੈ। ਇਹੋ ਬਹੁਤ ਹੈ ਕਿ ਹਫਤੇ ਵਿੱਚ ਇਕ ਵਾਰ ਆ ਕੇ ਅਵਤਾਰ ਉਹਨਾਂ ਦੀ ਸਾਰੀ ਸ਼ੌਪਿੰਗ ਕਰਵਾ ਜਾਂਦਾ ਹੈ ਤੇ ਐਤਵਾਰ ਦੀ ਐਤਵਾਰ ਇੰਦਰ ਕੌਰ ਨੂੰ ਗੁਰਦਵਾਰੇ ਲੈ ਜਾਇਆ ਕਰਦਾ ਹੈ। ਇਕ ਐਤਵਾਰ ਇੰਦਰ ਕੌਰ ਗੁਰਦਵਾਰੇ ਤੋਂ ਮੁੜਦੀ ਹੋਈ ਬੋਲੀ, "ਆਪਾਂ ਘਰ ਅਵਤਾਰ ਦੇ ਨਾਂ ਕਰਾ ਦੇਈਏ।" "ਕਿਉਂ? ਸਾਡੇ ਮਗਰੋਂ ਇਹ ਘਰ ਉਹਦਾ ਹੀ ਤਾਂ ਐ।" "ਉਹ ਕਹਿੰਦਾ ਹੁਣੇ ਹੀ ਕਰਾ ਦੇਵੋ।" "ਐਡੀ ਕਾਹਲੀ ਕਾਹਦੀ? ਕਿਤੇ ਕੋਈ ਮੁੜ ਕੇ ਬਿਜ਼ਨਸ ਤਾਂ ਨਹੀਂ ਕਰਨਾ ਚਾਹੁੰਦਾ।" ਅਵਤਾਰ ਦੇ ਸੁਹਰਿਆਂ ਦੀਆਂ ਦੁਕਾਨਾਂ ਹਨ ਤੇ ਸੁਰਜੀਤ ਕੌਰ ਚਾਹੁੰਦੀ ਹੈ ਕਿ ਉਹ ਵੀ ਦੁਕਾਨ ਖਰੀਦ ਲੈਣ। ਵੈਸੇ ਦੋ ਵਾਰ ਦੁਕਾਨ ਲੈ ਕੇ ਘਾਟਾ ਖਾ ਚੁੱਕੇ ਹਨ। "ਪਿਛਲੇ ਹਫਤੇ ਉਹਦੀ ਸੱਸ ਪ੍ਰੀਤਮ ਕੌਰ ਦਾ ਫਿਊਨਰਲ ਸੀ ਨਾ।" ਇੰਦਰ ਕੌਰ ਆਪਣੀ ਗੱਲ ਕੁਝ ਘੁਮਾ ਕੇ ਕਰਨੀ ਚਾਹੁੰਦੀ ਸੀ। "ਫਿਊਨਰਲ ਨਾਲ ਘਰ ਨਾਵੇਂ ਲਵਾਉਣ ਦਾ ਕੀ ਸੰਬੰਧ?" "ਪ੍ਰੀਤਮ ਕੌਰ ਨਰਸਿੰਗ ਹੋਮ ਵਿੱਚ ਸੀ ਨਾ, ਨਰਸਿੰਗ ਹੋਮ ਵਾਲਿਆਂ ਨੇ ਇਕ ਲੱਖ ਪੌਂਡ ਦਾ ਬਿੱਲ ਭੇਜ ਦਿੱਤਾ, ਅਖੇ ਢਾਈ ਸਾਲ ਅਸੀਂ ਸੰਭਾਲਿਆ, ਇਹਨਾਂ ਨੇ ਬਿੱਲ ਦੇਣ ਤੋਂ ਆਨਾ-ਕਾਨੀ ਕੀਤੀ ਤਾਂ ਉਹ ਘਰ ਹੀ ਲੈ ਗਏ।" "ਹਾਂ, ਹੁਣ ਕੋਈ ਕਾਨੂੰਨ ਬਦਲ ਗਿਆ। ਪਹਿਲਾਂ ਤਾਂ ਨਰਸਿੰਗ ਹੋਮ ਵਾਲੇ ਪੈਨਸ਼ਨ ਨਾਲ ਹੀ ਗੁਜ਼ਾਰਾ ਕਰ ਲੈਂਦੇ ਸੀ, ਹੁਣ ਕਹਿੰਦੇ ਕਿ ਖਰਚੇ ਬਹੁਤ ਵਧ ਗਏ ਆ ਪਰ ਘਰ ਲੈ ਜਾਣ ਵਾਲੀ ਗੱਲ ਕਦੇ ਨਹੀਂ ਸੁਣੀ।" "ਪਰ ਉਹ ਲੈ ਗਏ, ਇਸੇ ਲਈ ਅਵਤਾਰ ਕਹਿੰਦਾ ਕਿ ਘਰ ਮੇਰੇ ਨਾਂ ਕਰਾ ਦੇਵੋ ਨਹੀਂ ਤਾਂ ਨਰਸਿੰਗ ਹੋਮ ਵਾਲਿਆਂ ਲੈ ਜਾਣਾ।" ਇੰਦਰ ਕੌਰ ਨੇ ਗੱਲ ਸਾਫ ਕਰ ਦਿੱਤੀ। ਉਸ ਦਿਨ ਤੋਂ ਸਤਨਾਮ ਸਿੰਘ ਲਈ ਅਜੀਬ ਸਥਿਤੀ ਬਣ ਗਈ ਹੈ। ਇਹ ਗੱਲ ਤਾਂ ਸਾਫ ਹੈ ਕਿ ਘਰ ਉਸ ਨੇ ਅਵਤਾਰ ਨੂੰ ਹੀ ਦੇਣਾ ਹੈ ਪਰ ਜਿਉਂਦੇ ਜੀਅ ਦੇਣਾ ਪਵੇਗਾ ਇਸ ਬਾਰੇ ਉਸ ਨੇ ਕਦੇ ਨਹੀਂ ਸੋਚਿਆ। ਲਾ-ਪਾ ਕੇ ਉਸ ਦੇ ਕੋਲ ਇਹ ਘਰ ਹੀ ਤਾਂ ਹੈ ਜਿਸ ਨੂੰ ਉਹ ਆਪਣੀ ਜਾਇਦਾਦ ਆਖ ਸਕਦਾ ਹੈ। ਪਿੰਡ ਵਾਲੀ ਜ਼ਮੀਨ ਤੇ ਘਰ ਤਾਂ ਉਸ ਦੇ ਭਰਾ ਹਾਕਮ ਸਿੰਘ ਨੇ ਜ਼ਬਰਦਸਤੀ ਸਾਂਭ ਲਏ ਹਨ। ਇਸ ਘਰ ਨਾਲ ਉਸ ਨੂੰ ਬਹੁਤ ਪਿਆਰ ਹੈ। ਇਸੇ ਘਰ ਵਿੱਚ ਇੰਦਰ ਕੌਰ ਵਿਆਹੀ ਆਈ ਸੀ, ਉਸ ਦੇ ਬੱਚੇ ਹੋਏ, ਵਿਆਹੇ ਗਏ। ਹੋਰ ਵੀ ਦੁੱਖ-ਸੁੱਖ ਦਾ ਗਵਾਹ ਹੈ ਇਹ ਘਰ। ਅਗਲੇ ਹਫਤੇ ਅਵਤਾਰ ਫਿਰ ਆਸਰਾ ਦਿੰਦਾ ਇੰਦਰ ਕੌਰ ਨੂੰ ਗੁਰਦਵਾਰੇ ਲੈ ਕੇ ਗਿਆ। ਉਸ ਨੇ ਫਿਰ ਇੰਦਰ ਕੌਰ ਨੂੰ ਘਰ ਆਪਣੇ ਨਾਵੇਂ ਲਵਾ ਦੇਣ ਲਈ ਕਿਹਾ। ਸਤਨਾਮ ਸਿੰਘ ਹਾਲੇ ਵੀ ਚੁੱਪ ਸੀ। ਅਗਲੀ ਵਾਰ ਉਹ ਤੀਰਥ ਸਿੰਘ ਨੂੰ ਦੇਖਣ ਗਿਆ ਤਾਂ ਮੈਨੇਜਰ ਦੇ ਕਮਰੇ ਵਿੱਚ ਜਾ ਵੜਿਆ। ਮੈਨਜਰ ਪਿਆਰੇ ਲਾਲ ਨੇ ਉਸ ਨੂੰ ਸਾਹਮਣਲੀ ਕੁਰਸੀ ਉਪਰ ਬਹਿ ਜਾਣ ਲਈ ਕਿਹਾ। ਸਤਨਾਮ ਸਿੰਘ ਪੁੱਛਣ ਲੱਗਾ, "ਸਾਡੀ ਇਕ ਰਿਸ਼ਤੇਦਾਰ ਔਰਤ ਮਰ ਗਈ ਤਾਂ ਨਰਸਿੰਗ ਹੋਮ ਵਾਲੇ ਉਹਦਾ ਘਰ ਹੀ ਲੈ ਗਏ, ਇਹ ਕਿਉਂ?" "ਮਿਸਟਰ ਸਿੰਘ, ਨਰਸਿੰਗ ਹੋਮ ਆਮ ਤੌਰ 'ਤੇ ਪਰਾਈਵੇਟ ਹੁੰਦੇ ਆ, ਪਹਿਲਾਂ ਕੁਝ ਪੈਸੇ ਸਰਕਾਰ ਦੇ ਦਿੰਦੀ ਸੀ ਤੇ ਕੁਝ ਪੇਸ਼ੀਐੰਟ ਦੀ ਪੈਨਸ਼ਨ ਹੋ ਜਾਂਦੀ ਸੀ ਪਰ ਹੁਣ ਖਰਚੇ ਵਧ ਗਏ। ਹੁਣ ਸਰਕਾਰ ਦੀ ਪਾਲਸੀ ਐ ਕਿ ਜੇ ਪੇਸ਼ੀਐੰਟ ਕੋਲ ਕੋਈ ਜਾਇਦਾਦ ਹੈਗੀ ਤਾਂ ਉਹਦੇ ਵਿੱਚੋਂ ਕਲੇਮ ਕਰੋ।" "ਜੇ ਜਾਇਦਾਦ ਨਾ ਹੋਵੇ ਤਾਂ?" "ਫਿਰ ਅਸੀਂ ਸਰਕਾਰ ਤੋਂ ਕਲੇਮ ਕਰ ਲੈਂਦੇ ਆਂ। ਵੈਸੇ ਮਿਸਟਰ ਸਿੰਘ, ਇਹ ਬੂਪਾ ਤਾਂ ਇਨਸੋਅਰੈਂਸ ਦੇ ਸਹਾਰੇ ਚਲਦਾ ਏ, ਬੂਪਾ ਦੀ ਆਪਣੀ ਇਨਸ਼ੋਅਰੈਂਸ ਕੰਪਨੀ ਏ, ਤੁਹਾਡਾ ਦੋਸਤ ਤੀਰਥ ਸਿੰਘ ਨੇ ਵੀ ਸਾਡਾ ਬੀਮਾ ਕਰਾਇਆ ਹੋਇਆ ਸੀ। ਆਪਾਂ ਆਮ ਗੱਲ ਕਰੀਏ ਤਾਂ ਜਦ ਤਕ ਮਰੀਜ਼ ਹਸਪਤਾਲ ਵਿੱਚ ਹੁੰਦਾ ਏ, ਸਭ ਮੁਫਤ ਏ, ਜਦ ਨਰਸਿੰਗ ਹੋਮ ਵਿੱਚ ਭੇਜ ਦਿੱਤਾ ਜਾਂਦਾ ਏ ਤਾਂ ਉਸ ਦਾ ਖਰਚਾ ਸ਼ੁਰੂ ਹੋ ਜਾਂਦਾ ਏ ਕਿਉਂਕਿ ਨਰਸਿੰਗ ਹੋਮ ਪ੍ਰਾਈਵੇਟ ਹੁੰਦੇ ਨੇ।" "ਜੇ ਤੀਰਥ ਸਿੰਘ ਦਾ ਬੀਮਾ ਨਾ ਹੁੰਦਾ ਤਾਂ ਤੁਸੀਂ ਉਸ ਦਾ ਘਰ ਵੇਚ ਦਿੰਦੇ?" "ਇਵੇਂ ਹੀ ਹੁੰਦਾ ਏ ਹੁਣ, ਘਰ ਵੇਚ ਕੇ ਆਪਣੇ ਪੈਸੇ ਪੂਰੇ ਕਰ ਕੇ ਬਾਕੀ ਬਚਦੇ ਪੈਸੇ ਉਸ ਦੇ ਵਾਰਿਸਾਂ ਨੂੰ ਦੇ ਦਿੱਤੇ ਜਾਂਦੇ ਨੇ।" "ਮਿਸਟਰ ਲਾਲ, ਇਹ ਤਾਂ ਬਹੁਤੀ ਵਧੀਆ ਗੱਲ ਨਾ ਹੋਈ।" "ਮਿਸਟਰ ਸਿੰਘ, ਅਸੀਂ ਤਾਂ ਆਪਣੇ ਖਰਚੇ ਪੂਰੇ ਕਰਨੇ ਹੋਏ, ਇਹ ਨਰਸਿੰਗ ਹੋਮ ਆਖਿਰ ਇਕ ਵਿਓਪਾਰ ਏ। ਆਹ ਸਾਡਾ ਬੂਪਾ, ਇਸ ਦੀਆਂ ਸੈਂਕੜੇ ਬ੍ਰਾਚਾਂ ਨੇ, ਹਜ਼ਾਰਾਂ ਬੰਦੇ ਕੰਮ ਕਰਦੇ ਨੇ, ਕੰਪਨੀ ਨੇ ਖਰਚੇ ਜੇਬ੍ਹ ਵਿੱਚੋਂ ਤਾਂ ਨਹੀਂ ਦੇਣੇ ਨਾ!" ਪਿਆਰੇ ਲਾਲ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਹੁਣ ਸਤਨਾਮ ਸਿੰਘ ਹਰ ਵੇਲੇ ਸੋਚਦਾ ਰਹਿੰਦਾ ਕਿ ਕੀ ਕੀਤਾ ਜਾਵੇ। ਘਰ ਤਾਂ ਆਖਿਰ ਉਹਨੇ ਆਪਣੇ ਮੁੰਡੇ ਨੂੰ ਹੀ ਦੇਣਾ ਸੀ। ਦੋ ਰਾਹ ਹੈਗੇ। ਇਕ ਇਹ ਕਿ ਘਰ ਮੁੰਡੇ ਨਾਂ ਕਰਾ ਦੇਵਾਂ ਤਾਂ ਜੋ ਇੰਦਰ ਕੌਰ ਨੂੰ ਨਰਸਿੰਗ ਹੋਮ ਭੇਜਣ ਦੀ ਹਾਲਤ ਵਿੱਚ ਕੋਈ ਖਰਚ ਨਾ ਦੇਣਾ ਪਵੇ, ਬਾਅਦ ਵਿੱਚ ਉਹਨੇ ਆਪ ਵੀ ਤਾਂ ਉਥੇ ਹੀ ਜਾਣਾ, ਇਵੇਂ ਘਰ ਬਚ ਜਾਵੇਗਾ। ਦੂਜਾ ਤਰੀਕਾ ਕਿ ਆਪਣੇ ਹੱਥ ਵੱਢ ਕੇ ਪੁੱਤ ਦੇ ਹੱਥ ਨਾ ਫੜਾਵੇ, ਘਰ ਉਸ ਦੇ ਨਾਂ ਨਾ ਕਰਾਵੇ ਤੇ ਸਭ ਵਕਤ ਉਪਰ ਛੱਡ ਦੇਵੇ। ਸ਼ਾਮ ਲਾਲ ਦੀ ਕਹਾਣੀ ਉਸ ਦੇ ਸਾਹਮਣੇ ਹੈ ਜਿਸ ਦੀ ਮੌਤ ਕੌਂਸਲ ਦੇ ਫਲੈਟ ਵਿੱਚ ਹੋਈ। ਕਈ ਦਿਨ ਪਤਾ ਹੀ ਨਹੀਂ ਸੀ ਚੱਲਿਆ। ਲਾਸ਼ ਵਿੱਚ ਵੀ ਕੀੜੇ ਪੈ ਗਏ ਸਨ। ਅਗਲੇ ਦਿਨ ਹੀ ਉਹ ਬੂਪਾ ਦੇ ਮੈਨੇਜਰ ਪਿਆਰੇ ਲਾਲ ਨੂੰ ਫਿਰ ਮਿਲਣ ਚਲੇ ਜਾਂਦਾ ਹੈ। "ਮਿਸਟਰ ਲਾਲ, ਮੇਰੀ ਵਾਈਫ ਦੀ ਸਿਹਤ ਦਿਨੋ ਦਿਨ ਡਿਗ ਰਹੀ ਐ, ਸੋਚ ਰਿਹਾਂ ਕਿ ਉਸ ਨੂੰ ਨਰਸਿੰਗ ਹੋਮ ਰੱਖੀਏ, ਹੁਣ ਮੇਰੇ ਤੋਂ ਸੰਭਾਲੀ ਨਹੀਂ ਜਾਂਦੀ ਤੇ ਬੱਚਿਆਂ ਦੀ ਆਪਣੀ ਲਾਈਫ ਐ।" "ਬਿਲਕੁਲ ਸਹੀ ਫੈਸਲਾ ਏ, ਮੇਰੀ ਆਪਣੀ ਮਾਂ ਇਸੇ ਬੂਪਾ ਵਿੱਚ ਏ।" "ਕੁਝ ਖਰਚੇ ਦਾ ਹਿਸਾਬ-ਕਿਤਾਬ ਦੱਸੋ?" "ਇਹ ਨਿਰਭਰ ਕਰਦਾ ਕਿ ਤੁਹਾਨੂੰ ਕਿਹੋ ਜਿਹੀ ਸਰਵਿਸ ਚਾਹੀਦੀ ਏ ਤੇ ਮਰੀਜ਼ ਨੂੰ ਕਿੰਨੀ ਕੁ ਸਾਂਭ ਦੀ ਜ਼ਰੂਰਤ ਏ। ਫਿਰ ਬੂਪਾ ਹੋਰਨਾਂ ਨਾਲੋਂ ਕੁਝ ਮਹਿੰਗਾ ਏ ਪਰ ਇਹਦੀ ਸਰਵਿਸ ਵੀ ਫਾਈਵ ਸਟਾਰ ਮੰਨੀ ਜਾਂਦੀ ਏ।" "ਫਿਰ ਵੀ ਹਫਤੇ ਦੇ ਖਰਚ ਬਾਰੇ ਦੱਸੋ?" "ਇਸ ਵੇਲੇ ਸਾਡੀ ਸੇਵਾ ਹਫਤੇ ਦੇ ਸੱਤ-ਅੱਠ ਸੌ ਪੌਂਡ ਤੋਂ ਸ਼ੁਰੂ ਹੁੰਦੀ ਏ, ਸਾਲ ਦੇ ਪੈਤੀ ਹਜ਼ਾਰ ਪੌਂਡ ਤੋਂ ਲੈ ਕੇ ਚਾਲੀ ਹਜ਼ਾਰ ਪੌਂਡ ਵਿਚਕਾਰ।" "ਇਹ ਤਾਂ ਬਹੁਤ ਜ਼ਿਆਦਾ!" "ਮਿਸਟਰ ਸਿੰਘ, ਆਓ ਤੁਹਾਨੂੰ ਆਪਣੇ ਨਰਸਿੰਗ ਹੋਮ ਦੀ ਸਰਵਿਸ ਦਿਖਾਵਾਂ।" ਪਿਆਰੇ ਲਾਲ ਉਸ ਨੂੰ ਆਪਣੇ ਨਾਲ ਲੈ ਤੁਰਿਆ। ਸੌ ਬਿਸਤਰਿਆਂ ਵਾਲਾ ਤਿੰਨ ਮੰਜ਼ਲਾ ਨਰਸਿੰਗ ਹੋਮ ਸੀ। ਕੁਝ ਕਮਰਿਆਂ ਵਿੱਚ ਕਈ ਕਈ ਮਰੀਜ਼ ਸਨ ਤੇ ਕੁਝ ਕਮਰੇ ਇਕੱਲੇ ਇਕੱਲੇ ਮਰੀਜ਼ ਕੋਲ ਸਨ। ਹਰ ਕਮਰੇ ਵਿੱਚ ਟੈਲੀ ਸੀ ਤੇ ਹੋਰ ਸਾਰੀਆਂ ਸਹੂਲਤਾਂ ਵੀ। ਬਾਥਰੂਮ ਵੀ ਕਮਰਿਆਂ ਦੇ ਨਾਲ ਹੀ ਸੀ। ਇਹ ਕਮਰੇ ਹੋਟਲ ਦੇ ਕਮਰਿਆਂ ਦਾ ਭੁਲੇਖਾ ਪਾਉਂਦੇ ਸਨ। ਭਾਰਤੀ ਬੋਲੀ, ਭਾਰਤੀ ਖਾਣਿਆਂ ਦਾ, ਭਾਰਤੀ ਸੰਗੀਤ ਤੇ ਫਿਲਮਾਂ ਦਾ ਪੂਰਾ ਪ੍ਰਬੰਧ ਸੀ। ਆਪਣੇ ਧਰਮ ਅਨੁਸਾਰ ਪਾਠ ਸੁਣਨ ਦੀਆਂ ਸੁਵਿਧਾਵਾਂ ਵੀ ਸਨ। ਪਿਆਰੇ ਲਾਲ ਮਰੀਜ਼ਾਂ ਦੀਆਂ ਸਾਰੇ ਦਿਨ ਦੀਆਂ ਸਰਗਰਮੀਆਂ ਬਾਰੇ ਪੂਰੀ ਤਫਸੀਲ ਨਾਲ ਦੱਸਦਾ ਗਿਆ। ਹਰ ਹਫਤੇ ਮਰੀਜ਼ਾਂ ਨੂੰ ਬਾਹਰ ਘੁੰਮਾਉਣ ਲਈ ਲਈ ਨਰਸਿੰਗ ਹੋਮ ਦੀ ਆਪਣੀ ਬੱਸ ਸੀ। ਸਤਨਾਮ ਸਿੰਘ ਸੋਚਦਾ ਜਾ ਰਿਹਾ ਸੀ ਕਿ ਵਾਕਿਆ ਹੀ ਉਮਰ ਦੇ ਆਖਰੀ ਦਿਨ ਕੱਟਣ ਲਈ ਇਸ ਤੋਂ ਵਧੀਆ ਜਗਾਹ ਕੋਈ ਨਹੀਂ ਹੋਣੀ ਪਰ ਖਰਚਾ ਬਹੁਤ ਜ਼ਿਆਦਾ ਸੀ। ਨਰਸਿੰਗ ਹੋਮ ਦਾ ਇਕ ਗੇੜਾ ਲਾ ਕੇ ਉਹ ਦੋਵੇਂ ਵਾਪਸ ਦਫਤਰ ਵਿੱਚ ਆ ਬਹਿੰਦੇ ਹਨ। ਪਿਆਰੇ ਲਾਲ ਆਖਦਾ ਹੈ, "ਜਿਹੜੇ ਮਰੀਜ਼ ਨੇ ਇਨਸ਼ੋਰਅਰੈਂਸ ਨਹੀਂ ਕਰਾਈ ਹੋਈ ਹੁੰਦੀ ਅਸੀਂ ਉਹਦੇ ਆਉਂਦਿਆਂ ਹੀ ਸਿਸਟਮ ਵਿੱਚੋਂ ਦੇਖ ਲੈਂਦੇ ਹਾਂ ਕਿ ਇਹਦੇ ਨਾਵੇਂ ਕੁਝ ਹੈ ਕਿ ਨਹੀਂ, ਉਸੇ ਹਿਸਾਬ ਨਾਲ ਅਸੀਂ ਆਪਣੀ ਸਰਵਿਸ ਦਿੰਦੇ ਹਾਂ ਪਰ ਉਸ ਦੇ ਵਾਰਿਸਾਂ ਨੂੰ ਸਾਰੀ ਗੱਲ ਦੱਸ ਦਿੰਦੇ ਹਾਂ। ਤੁਸੀਂ ਪੱਲਿਓਂ ਪੈਸੇ ਖਰਚ ਕੇ ਆਪਣੇ ਰਿਸ਼ਤੇਦਾਰ ਦੀ ਵਧੀਆ ਸੰਭਾਲ ਕਰਾ ਸਕਦੇ ਹੋ।" "ਮਿਸਟਰ ਲਾਲ, ਬਾਕੀ ਤਾਂ ਸਭ ਠੀਕ ਐ ਪਰ ਤੁਹਾਡੀ ਫੀਸ ਬਹੁਤ ਐ।" "ਮਿਸਟਰ ਸਿੰਘ, ਇਸ ਫੀਸ ਤਾਂ ਅਸੀਂ ਆਪਣੀ ਸਰਵਿਸ ਦੀ ਲੈਂਦੇ ਹਾਂ। ਹੁਣ ਸੋਚੋ ਕਿ ਤੁਸੀਂ ਆਪਣੀ ਪਤਨੀ ਨੂੰ ਸਾਂਭਣ ਦੇ ਕਾਬਲ ਨਹੀਂ, ਬੱਚੇ ਮੱਦਦ ਨਹੀਂ ਕਰਦੇ, ਫਿਰ ਕੀ ਕਰੋਂਗੇ? ਉਹਦਾ ਅਖੀਰ ਖਰਾਬ ਕਰੋਂਗੇ? ਜੇ ਤੁਹਾਡੇ ਕੋਲ ਏਨੇ ਪੈਸੇ ਨਹੀਂ ਤਾਂ ਘਰ ਤਾਂ ਹੈ ਹੀ ਨਾ?" "ਘਰ ਤਾਂ ਹੈ।" "ਇਸ ਮੁਲਕ ਵਿੱਚ ਘਰ ਸੌਖੇ ਅੰਤ ਦੀ ਗਰੰਟੀ ਹੁੰਦੇ ਨੇ। ਆਪਣੇ ਮੁਲਕਾਂ ਵਿੱਚ ਔਲਾਦ ਬੁਢਾਪੇ ਦੀ ਡੰਗੋਰੀ ਹੋਇਆ ਕਰਦੀ ਸੀ, ਇਸ ਮੁਲਕ ਵਿੱਚ ਘਰ ਬੁਢਾਪੇ ਵਿੱਚ ਕੰਮ ਆਉਂਦਾ ਏ।" ਪਿਆਰੇ ਲਾਲ ਦੀਆਂ ਗੱਲਾਂ ਉਸ ਨੂੰ ਆਪਣਾ ਮਨ ਬਣਾਉਣ ਵਿੱਚ ਸਹਾਈ ਹੋ ਰਹੀਆਂ ਹਨ। *** ਦੁਪਹਿਰੋਂ ਬਾਅਦ ਜਲਦੀ ਹੀ ਸਤਵੰਤੀ ਆਪਣੇ ਮੁੰਡੇ ਰਾਜਵੀਰ ਨੂੰ ਲੈ ਕੇ ਪੁੱਜ ਜਾਂਦੀ ਹੈ। ਸਤਨਾਮ ਸਿੰਘ ਉਸ ਨੂੰ ਪਿਆਰ ਦਿੰਦਾ ਪੁੱਛਦਾ ਹੈ, "ਪਰਗਟ ਨਹੀਂ ਆਇਆ? ਤੇ ਕਿਰਨਦੀਪ ਵੀ?" "ਇਹਨਾਂ ਨੇ ਕੰਮ ਤੋਂ ਸਿੱਧੇ ਆਉਣਾ, ਕਿਰਨਦੀਪ ਦੇ ਇਮਤਿਹਾਨ ਚੱਲ ਰਹੇ ਆ।" ਸਤਵੰਤੀ ਦੱਸਦੀ ਹੈ। ਸਤਵੰਤੀ ਉਹਨਾਂ ਦੋਵਾਂ ਵੱਲ ਦੇਖਦੀ, ਘੋਖਦੀ ਆਖਦੀ ਹੈ, "ਡੈਡ, ਤੁਸੀਂ ਤਾਂ ਠੀਕ ਦਿਸਦੇ ਹੋ ਪਰ ਮੌਮ ਕੁਝ ਕਮਜ਼ੋਰ ਹੋ ਗਈ।" "ਹਾਂ ਪੁੱਤ, ਮੈਂ ਜ਼ਰਾ ਸਖਤ ਹੱਡੀ ਦਾ ਬਣਿਆਂ, ਇਹੀ ਦਿਲ ਛੱਡੀ ਜਾਂਦੀ ਐ।" "ਦਿਲ ਤਾਂ ਨਹੀਂ ਛੱਡਦੀ ਮੈਂ, ਹੁਣ ਜਦ ਅੰਗ ਹੀ ਸਾਥ ਛੱਡੀ ਜਾਣ ਤਾਂ ਕੀ ਕਰਾਂ।" ਆਖਦੀ ਇੰਦਰ ਕੌਰ ਜ਼ਰਾ ਕੁ ਹੱਸਦੀ ਹੈ। "ਵੀਰੇ ਦਾ ਫੋਨ ਆਇਆ ਸੀ ਕਿ ਡੈਡ ਨੂੰ ਕਹੋ ਘਰ ਮੇਰੇ ਨਾਂ ਕਰ ਦੇਵੇ।" "ਪੁੱਤ ਸਤਵੰਤੀ, ਉਹ ਬਹੁਤਾ ਹੀ ਕਾਹਲਾ ਪੈ ਰਿਹਾ, ਜ਼ਰਾ ਸਬਰ ਕਰੇ, ਸਬਰ ਦਾ ਫ਼ਲ਼ ਮਿੱਠਾ ਹੁੰਦਾ।" ਉਹਨਾਂ ਦੇ ਗੱਲਾਂ ਕਰਦਿਆਂ ਡੋਰ ਬੈੱਲ ਹੁੰਦੀ ਹੈ। ਅਵਤਾਰ ਤੇ ਸੁਰਜੀਤ ਕੌਰ ਆ ਜਾਂਦੇ ਹਨ। ਛੋਟਾ ਮੁੰਡਾ ਨਵਰੂਪ ਉਹਨਾਂ ਦੇ ਨਾਲ ਹੈ। ਵੱਡੇ ਮੁੰਡੇ ਦੀ ਟੀਮ ਆਰਸਨਲ ਅੱਜ ਫੁੱਟਬਾਲ ਖੇਡ ਰਹੀ ਹੈ, ਉਸ ਦਾ ਮੈਚ ਟੈਲੀ 'ਤੇ ਆਉਣਾ ਹੈ ਇਸ ਲਈ ਉਹ ਨਹੀਂ ਆਇਆ। ਅਵਤਾਰ ਬਹੁਤ ਸਾਰੇ ਤੋਹਫੇ ਆਪਣੇ ਮਾਂ-ਪਿਓ ਲਈ ਲਿਆਇਆ ਹੈ। 'ਹੈਪੀ ਵੈਡਿੰਗ ਐਨਵਿਰਸਰੀ' ਵਾਲਾ ਕਾਰਡ ਕਾਫੀ-ਟੇਬਲ 'ਤੇ ਰੱਖ ਦਿੰਦਾ ਹੈ। ਨਵਰੂਪ ਕਾਰ ਵਿੱਚੋਂ ਕੇਕ ਕੱਢ ਲਿਆਉਂਦਾ ਹੈ ਤੇ ਕਾਫੀ-ਟੇਬਲ 'ਤੇ ਸਜਾ ਦਿੰਦਾ ਹੈ। ਅਵਤਾਰ ਸੁਰਜੀਤ ਕੌਰ ਨੂੰ ਆਖਦਾ ਹੈ, "ਲਿਆ ਬਈ, ਪੰਜਾਹਵੇਂ ਵਰ੍ਹੇ ਵਾਲੀ ਕੈਂਡਲ ਜਗਾ ਕੇ ਲਿਆ ਤੇ ਨਾਲੇ ਨਾਈਫ ਲੈ ਆ, ਕੇਕ ਕੱਟੀਏ।" "ਵੀਰੇ, ਹੋਰ ਅੱਧਾ ਘੰਟਾ ਰੁਕ ਲੈ, ਇਹਨਾਂ ਨੇ ਕੰਮ ਤੋਂ ਸਿੱਧੇ ਹੀ ਆ ਜਾਣਾ। ਤੁਰ ਪਏ ਹੋਣੇ ਆਂ।" ਸਾਰੇ ਸਹਿਮਤ ਹੁੰਦੇ ਹਨ। ਸੁਰਜੀਤ ਕੌਰ ਇਕ ਮੋਮਬੱਤੀ ਜੋ ਪੰਜਾਹਵਿਆਂ ਦੇ ਹਿੰਣਸੇ ਦੀ ਸ਼ਕਲ ਦੀ ਹੈ, ਨੂੰ ਬਾਲ਼ ਕੇ ਕੇਕ ਵਿੱਚ ਗੱਡ ਦਿੰਦੀ ਹੈ। ਫੋਨਾਂ ਉਪਰ ਫੋਟੋ ਖਿੱਚੀਆਂ ਜਾਂਦੀਆਂ ਹਨ। ਇਧਰ-ਓਧਰ ਦੀਆਂ ਗੱਲਾਂ ਬਾਅਦ ਅਵਤਾਰ ਪੁੱਛਦਾ ਹੈ, "ਡੈਡ, ਹਾਊਸ ਬਾਰੇ ਕੀ ਥਿੰਕ ਕੀਤਾ?" "ਕੀ ਮਤਲਬ?" "ਹਾਊਸ ਮੇਰੇ ਨਾਂ ਟਰਾਂਸਫਰ ਕਰਨ ਬਾਰੇ।" "ਪੁੱਤਰਾ, ਘਰ ਤੇਰਾ ਹੀ ਐ, ਸਤਵੰਤੀ ਨੂੰ ਇਹਦਾ ਹਿੱਸਾ ਮੈਂ ਦੇ ਦਿੱਤਾ ਸੀ ਜਦ ਇਹਨੇ ਘਰ ਲਿਆ ਪਰ ਫਿਰ ਵੀ ਚੰਗਾ ਹੋਵੇਗਾ ਜੇ ਘਰ ਵਿੱਚੋਂ ਕੁਝ ਇਹਨੂੰ ਵੀ ਦੇ ਦੇਵੇਂਗਾ, ਇਹਨੇ ਕੁੜੀ ਵਿਆਹੁਣੀ ਆਂ।" "ਉਹ ਤਾਂ ਠੀਕ ਐ ਪਰ ਪਹਿਲਾਂ ਹਾਊਸ ਮੇਰੇ ਨਾਂ ਕਰਵਾ ਦਿਓ।" "ਮੈਂ ਵਸੀਅਤ ਕੀਤੀ ਹੋਈ ਐ।" "ਨਹੀਂ ਡੈਡ, ਮੈਂ ਹੁਣੇ ਹਾਊਸ ਆਪਣੇ ਨਾਵੇਂ ਮੰਗਦਾਂ।" "ਅਵਤਾਰ, ਮੈਂ ਹਾਲੇ ਜਿਉਂਦਾ ਜਾਗਦਾਂ।" "ਮੈਨੂੰ ਪਤਾ ਤੁਸੀਂ ਮੌਮ ਨੂੰ ਨਰਸਿੰਗ ਹੋਮ ਭੇਜਣ ਬਾਰੇ ਥਿੰਕ ਕਰਦੇ ਓ। ਏਦਾਂ ਤਾਂ ਹਾਊਸ ਉਹਨਾਂ ਨੇ ਕੀਪ ਕਰ ਲੈਣੇ ਆਂ।" "ਹੁਣ ਮੈਂ ਇਹਦਾ ਕੀ ਕਰਾਂ? ਤੁਸੀਂ ਸੰਭਾਲ ਨਹੀਂ ਸਕਦੇ, ਮੇਰੀ ਸਿਹਤ ਵੀ ਜਵਾਬ ਦੇਈ ਜਾਂਦੀ ਐ, ਇਹਦਾ ਇਹੋ ਹੱਲ ਐ। ਮੈਂ ਦੇਖਿਆ ਬੂਪਾ, ਬਹੁਤ ਸੇਵਾ ਕਰਦੇ ਆ।" "ਤੁਸੀਂ ਮੌਮ ਨੂੰ ਉਥੇ ਭੇਜਣ ਤੋਂ ਪਹਿਲਾਂ ਹਾਊਸ ਮੇਰੇ ਨਾਵੇਂ ਕਰ ਦੇਵੋ, ਏਦਾਂ ਹਾਊਸ ਸੇਵ ਹੋ ਜਾਣਾ ਨਹੀਂ ਤਾਂ ਉਹਨਾਂ ਨੇ ਇਹਦੇ ਉਪਰ ਚਾਰਜ ਲਾ ਦੇਣਾ ਤੇ ਸਾਨੂੰ ਸੈੱਲ ਨਹੀਂ ਕਰਨ ਦੇਣਾ। ਇਸ ਵੇਲੇ ਇਹ ਪ੍ਰੌਪ੍ਰਟੀ ਮਿਲੀਅਨ ਪੌਂਡ ਵਰਥ ਐ। æææਮੈਂ ਵਕੀਲ ਤੋਂ ਟਾਈਮ ਲੈ ਲਿਆ, ਕੱਲ ਨੂੰ ਹੀ ਇਹ ਮੇਰੇ ਨਾਂ ਕਰੋ।" "ਘਰ ਤੇਰੇ ਨਾਂ ਕਰ ਕੇ ਮੈਂ ਕਿੱਥੇ ਰਹਿਣਾ?" "ਤੁਸੀਂ ਇਥੇ ਹੀ ਰਹੋਂਗੇ, ਇਹ ਤਾਂ ਸਭ ਪੇਪਰ ਵਰਕ ਹੀ ਐ।" "ਜੇ ਕੱਲ ਨੂੰ ਤੂੰ ਮੈਨੂੰ ਘਰੋਂ ਕੱਢ ਦੇਵੇਂ ਤਾਂ ਮੈਂ ਕਿੱਥੇ ਜਾਊਂ?" "ਮੈਂ ਕੋਈ ਪਾਗਲ ਆਂ?" "ਇਹ ਤਾਂ ਤੁਹਾਡੀ ਮਾਂ ਹੀ ਡਿੱਗੀ ਐ ਮੈਂ ਤਾਂ ਹਾਲੇ ਤਕੜਾਂ ਤੇ ਪਤਾ ਨਹੀਂ ਕਿੰਨੇ ਸਾਲ ਜੀਉਣਾ? ਕੱਲ ਨੂੰ ਤੂੰ ਸੋਚਣ ਲੱਗ ਪਵੇਂ ਕਿ ਇਹ ਬੁੱਢਾ ਤਾਂ ਮਰਦਾ ਹੀ ਨਹੀਂ, ਮਿਲੀਅਨ ਪੌਂਡ ਦੀ ਮਾਲਕੀ ਤੇਰਾ ਮਨ ਬਦਲ ਦੇਵੇ ਤਾਂ ਮੇਰਾ ਕੀ ਬਣੂੰ?" "ਡੈਡ, ਏਦਾਂ ਕਦੇ ਨਹੀਂ ਹੋਣਾ, ਆਏ ਪਰੌਮਿਜ਼!" "ਸ਼ਾਮ ਲਾਲ ਨੂੰ ਜਾਣਦਾਂ ਜਿਹਦਾ ਮੁੰਡਾ ਅਸ਼ੋਕ ਤੇਰੇ ਨਾਲ ਪੜ੍ਹਦਾ ਸੀ। ਅਸ਼ੋਕ ਨੇ ਕੋਈ ਬਿਜ਼ਨਸ ਖਰੀਦਣਾ ਸੀ ਤੇ ਉਹਨੇ ਘਰ ਮੁੰਡੇ ਦੇ ਨਾਂ ਕਰ ਦਿੱਤਾ, ਕੁਝ ਹਫਤਿਆਂ ਬਾਅਦ ਹੀ ਮੁੰਡੇ ਨੇ ਪਿਓ ਨੂੰ ਘਰੋਂ ਕੱਢ ਦਿੱਤਾ। ਮੈਂ ਸ਼ਾਮ ਲਾਲ ਨਹੀਂ ਬਣਨਾ ਚਾਹੁੰਦਾ।" "ਡੈਡ, ਮੈਂ ਅਸ਼ੋਕ ਨਹੀਂ।" "ਤੇ ਮੈਂ ਵੀ ਸ਼ਾਮ ਲਾਲ ਨਹੀਂ।" ਸਤਨਾਮ ਸਿੰਘ ਅੱਜ ਸਵੇਰੇ ਲਏ ਆਪਣੇ ਫੈਸਲੇ ਅਨੁਸਾਰ ਦ੍ਰਿੜਤਾ ਨਾਲ ਆਖਦਾ ਹੈ। ਅਵਤਾਰ ਦਾ ਰੰਗ ਗੁੱਸੇ ਵਿੱਚ ਲਾਲ ਫਿਰਨ ਲੱਗਦਾ ਹੈ, "ਜਾਣੀ ਕਿ ਮਿਲੀਅਨ ਪੌਂਡ ਤੁਸੀਂ ਨਰਸਿੰਗ ਹੋਮ ਦੀ ਬੈਕ ਵਿੱਚ ਪੁੱਸ਼ ਕਰ ਦੇਣਾ?" "ਏਦਾਂ ਹੀ ਸਮਝ।" ਸਤਨਾਮ ਸਿੰਘ ਦਾ ਗੁੱਸਾ ਵੀ ਰੰਗ ਦਿਖਾਉਂਦਾ ਹੈ। ਅਵਤਾਰ ਉਠ ਕੇ ਖੜਾ ਹੋ ਜਾਂਦਾ ਹੈ। ਮੇਜ਼ 'ਤੇ ਪਏ ਕੇਕ ਨੂੰ ਜ਼ੋਰਦਾਰ ਕਿੱਕ ਮਾਰਦਾ ਹੈ। ਪੰਜਾਵਿਆਂ ਵਰ੍ਹਿਆਂ ਵਾਲੀ ਮੋਮਬੱਤੀ ਦੂਰ ਜਾ ਡਿਗਦੀ ਹੈ। ਕੇਕ ਖਿਲਰ ਜਾਂਦਾ ਹੈ। 'ਫੱਕ-ਫੱਕ' ਕਰਦਾ ਅਵਤਾਰ ਬਾਹਰ ਨਿਕਲ ਜਾਂਦਾ ਹੈ। ***

Comments


bottom of page