top of page
  • Writer's pictureਸ਼ਬਦ

ਅਮੀਰਾਂ ਦੀ ਖੇਡ- ਗੌਲਫ

ਹਰਜੀਤ ਅਟਵਾਲ

ਅਮੀਰ ਲੋਕ ਹਮੇਸ਼ਾ ਆਪਣੇ ਆਪ ਨੂੰ ਆਮ ਲੋਕਾਂ ਤੋਂ ਵਖਰਿਆਉਂਦੇ ਰਹਿੰਦੇ ਹਨ। ਉਹਨਾਂ ਦੀਆਂ ਜਹਾਜ਼ਾਂ-ਰੇਲਾਂ ਵਿੱਚ ਸੀਟਾਂ ਅਲੱਗ, ਉਹਨਾਂ ਦੇ ਘਰ-ਕਾਰਾਂ ਅਲੱਗ ਤੇ ਇਵੇਂ ਹੀ ਖੇਡਾਂ ਵੀ ਅਲੱਗ। ਉਹ ਅਜਿਹੀਆਂ ਖੇਡਾਂ ਖੇਡਦੇ ਹਨ ਜੋ ਆਮ ਬੰਦਾ ਖੇਡਣ ਦਾ ਸੁਫਨਾ ਵੀ ਨਹੀਂ ਦੇਖ ਸਕਦਾ। ਘੋੜਿਆਂ-ਹਾਥੀਆਂ ‘ਤੇ ਪੋਲੋ ਭਲਾ ਆਮ ਬੰਦਾ ਕਿਵੇਂ ਖੇਡੇਗਾ। ਕ੍ਰਿਕਟ ਵੀ ਅਮੀਰਾਂ ਦੀ ਹੀ ਖੇਡ ਸੀ। ਪੰਜਾਂ ਦਿਨਾਂ ਦੀ ਭਲਾ ਕਿਹੜੀ ਗੇਮ ਹੋ ਸਕਦੀ ਹੈ? ਕੰਮਾਂ ਵਾਲੇ ਲੋਕਾਂ ਕੋਲ ਏਨੇ ਵਿਹਲੇ ਦਿਨ ਕਿਵੇਂ ਹੋ ਸਕਦੇ ਹਨ? ਕ੍ਰਿਕਟ ਉਦੋਂ ਤੋਂ ਜ਼ਿਆਦਾ ਪਾਪੂਲਰ ਹੋਈ ਹੈ ਜਦੋਂ ਤੋਂ ਇਕ ਦਿਨ ਦੀ ਖੇਡ ਹੋਈ ਤੇ ਉਸ ਤੋਂ ਵੀ ਵੱਧ ਜਦ ਟੁਵਿੰਟੀ-ਟਵਿੰਟੀ ਦੀ ਗੇਮ ਬਣ ਗਈ। ਫਿਰ ਇਹ ਅੰਕੜਿਆਂ ਦੀ ਗੇਮ ਹੋਣ ਕਰਕੇ ਏਨੀ ਪ੍ਰਚੱਲਤ ਹੋ ਗਈ ਹੈ ਕਿ ਫਲਾਨੇ ਨੇ ਏਨੀਆਂ ਦੋੜਾਂ ਬਣਾਈਆਂ, ਏਨੀਆਂ ਵਿਕਟਾਂ ਲਈਆਂ। ਇਵੇਂ ਹੀ ਗੌਲਫ ਹੈ ਜਿਸ ਨੂੰ ਆਮ ਬੰਦਾ ਨਹੀਂ ਖੇਡ ਸਕਦਾ। ਗੌਲਫ ਕਲੱਬਾਂ ਦੀ ਮੈਂਬਰਸ਼ਿੱਪ ਹੀ ਬਹੁਤ ਮਹਿੰਗੀ ਹੈ ਤੇ ਫਿਰ ਇਸ ਨੂੰ ਖੇਡਣ ਵਾਲੀ ਕਿੱਟ ਹੋਰ ਵੀ ਮਹਿੰਗੀ। ਗੋਲਫ ਕੋਰਸ 120 ਏਕੜ ਤੋਂ ਲੈ ਕੇ ਦੋ ਸੌ ਏਕੜ ਵਿੱਚ ਫੈਲਿਆ ਹੁੰਦਾ ਹੈ। ਔਸਤਨ ਗੋਲਫ ਕੋਰਸ 160 ਏਕੜ ਦਾ ਹੁੰਦਾ ਹੈ। ਏਡੀ ਵੱਡੀ ਗਰਾਊਂਡ ਨੂੰ ਸੰਭਾਲਣਾ ਵੀ ਤਾਂ ਕੋਈ ਸੌਖਾ ਕੰਮ ਨਹੀਂ ਹੈ। ਇਸ ਲਈ ਕਈ ਵਾਰ ਖਿਡਾਰੀਆਂ ਨੇ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਛੋਟੀਆਂ ਗੱਡੀਆਂ ਵੀ ਰੱਖੀਆਂ ਹੁੰਦੀਆਂ ਹਨ। ਇਸ ਖੇਡ ਨੂੰ ਟੈਲੀਵੀਯਨ ਉਪਰ ਦੇਖਦਿਆਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਖੇਡ ਅਮੀਰਾਂ ਦੇ ਚੋਂਚਲੇ ਹਨ। ਕੁਝ ਵਿਹਲੇ ਜਿਹੇ ਬੰਦੇ ਐਵੇਂ ਹੀ ਏਧਰ-ਓਧਰ ਤੁਰੇ ਫਿਰਦੇ ਹੁੰਦੇ ਹਨ।

ਗੌਲਫ ਇਕ ਛੋਟੀ ਜਿਹੀ ਗੇਂਦ ਜਾਂ ਬਾਲ ਨੂੰ ਕਲੱਬ ਨਾਲ, ਜੋ ਕਿ ਹਾਕੀ ਨਾਲੋਂ ਲੰਮੀ ਹੁੰਦੀ ਹੈ ਤੇ ਇਸ ਦੇ ਸਿਰੇ ‘ਤੇ ਲੋਹੇ ਦਾ ਮਜ਼ਬੂਤ ਮੋੜਾ ਬਣਿਆਂ ਹੁੰਦਾ ਹੈ, ਹਿੱਟ ਕਰਕੇ ਇਕ ਹੋਲ (ਮੋਰੀ) ਜਾਂ ਕੱਪ ਵਿੱਚ ਪਾਉਣ ਦੀ ਪ੍ਰਕਿਰਿਆ ਹੈ। ਇਸ ਹੋਲ ਦਾ ਡਾਇਆਮੀਰਟ ਸਵਾ ਚਾਰ ਇੰਚ ਜਾਂ ਗਿਆਰਾਂ ਸੈਂਟੀਮੀਟਰ ਹੁੰਦਾ ਹੈ ਤੇ ਡੁੰਘਾਈ ਚਾਰ ਇੰਚ। ਖੇਡ ਦੀ ਜਿੱਤ ਇਸ ਵਿੱਚ ਹ ੈਕਿ ਤੁਸੀਂ ਕਿੰਨੀ ਘੱਟ ਵਾਰੀ ਬਾਲ ਨੂੰ ਹਿੱਟ ਕਰਕੇ ਹੋਲ ਵਿੱਚ ਪਾਇਆ ਹੈ। ਇਕੋ ਹਿੱਟ ਨਾਲ ਬਾਲ ਪਾ ਸਕਣ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ, ਸਾਢੇ ਬਾਰਾਂ ਹਜ਼ਾਰ ਵਿੱਚੋਂ ਸਿਰਫ ਇਕ। ਵੈਸੇ ਤਾਂ ਕਈ ਵਾਰ ਇਵੇਂ ਵੀ ਹੋਇਆ ਹੈ ਕਿ ਖਿਡਾਰੀ ਨੇ ਬਾਲ ਨੂੰ ਹਿੱਟ ਕੀਤਾ ਹੋਵੇ ਤੇ ਬਾਲ ਮੁੜ ਲੱਭਾ ਹੀ ਨਾ ਹੋਵੇ, ਇਹਨੂੰ ਆਖਦੇ ਹਨ ਕਿ ਬਾਲ ਚੰਨ ‘ਤੇ ਚਲਾ ਗਿਆ। ਇਕੋ ਹਿੱਟ ਨਾਲ 515 ਗਜ਼ ਦੂਰੀ ‘ਤੇ ਬਾਲ ਡਿਗਣ ਦਾ ਰਿਕਾਰਡ ਹੈ। ਇਸਨੂੰ ਇਕ-ਇਕੱਲਾ ਖਿਡਾਰੀ ਵੀ ਖੇਡ ਸਕਦਾ ਹੈ, ਦੋ ਖਿਡਾਰੀ ਵੀ ਤੇ ਪੂਰਾ ਗਰੁੱਪ ਵੀ। ਜਿਥੋਂ ਖਿਡਾਰੀ ਬਾਲ ਨੂੰ ਹਿੱਟ ਕਰਦਾ ਹੈ ਉਸਨੂੰ ਟੀਇੰਗ-ਗਰਾਊਂਡ ਕਹਿੰਦੇ ਹਨ। ਵੈਸੇ ਟੀ ਇਕ ਲਕੜੀ ਦੀ ਸਪੋਰਟ ਹੁੰਦੀ ਹੈ ਜਿਸ ਉਪਰ ਬਾਲ ਹਿੱਟ ਕਰਨ ਸਮੇਂ ਰਖਿਆ ਜਾਂਦਾ ਹੈ। ਦੂਜੇ ਪਾਸੇ ਜਿਥੇ ਹੋਲ ਜਾਂ ਕੱਪ ਹੁੰਦਾ ਹੈ ਜਿਸ ਵਿੱਚ ਬਾਲ ਪਾਉਣਾ ਹੁੰਦਾ ਹੈ ਉਸ ਜਗਾਹ ਨੂੰ ਪੁੱਟਿੰਗ-ਗਰੀਨ ਆਖਦੇ ਹਨ। ਇਹਨਾਂ ਦੋਨਾਂ ਜਗਾਵਾਂ ਦੇ ਵਿੱਚਕਾਰ ਖਿਡਾਰੀ ਲਈ ਬਹੁਤ ਸਾਰੇ ਅੜਿੱਕੇ ਹੁੰਦੇ ਹਨ ਜਿਵੇਂ ਕਿ ਟੋਏ, ਟਿੱਬੇ, ਰੇਤ ਪਾਣੀ, ਬੂਝੇ, ਜੰਗਲੀ-ਘਾਹ ਬਗੈਰਾ। ਇਹਨਾਂ ਅੜਿੱਕਿਆਂ ਵਿੱਚ ਦੀ ਬਾਲ ਨੂੰ ਲੰਘਾਉਂਦਾ ਹੋਇਆ ਉਹ ਇਸਨੂੰ ਪੁਟਿੰਗ-ਗਰੀਨ ਤੱਕ ਲੈ ਜਾਂਦਾ ਹੈ। ਕਿਉਂਕਿ ਹੋਲ ਜਾਂ ਕੱਪ ਜ਼ਮੀਨ ਵਿੱਚ ਹੁੰਦਾ ਹੈ, ਦੂਰੋਂ ਦਿਸਦਾ ਨਹੀਂ ਇਸ ਲਈ ਉਸ ਦੇ ਨੇੜੇ ਇਕ ਝੰਡਾ ਜਿਹਾ ਗੱਡੀ ਰਖਦੇ ਹਨ। ਇਕ ਗੌਲਫ-ਕੋਰਸ ਵਿੱਚ ਅਠਾਰਾਂ ਮੈਦਾਨ ਹੁੰਦੇ ਹਨ। ਹਰ ਮੈਦਾਨ ਵਿੱਚ ਟੀਇੰਗ-ਗਰਾਊਂਡ ਤੇ ਪੁਟਿੰਗ-ਗਰੀਨ ਹੁੰਦੇ ਹਨ ਜਿਥੇ ਹੋਲ ਜਾਂ ਕੱਪ ਹੁੰਦਾ ਹੈ। ਖਿਡਾਰੀਆਂ ਨੂੰ ਟੂਰਨਾਮੈਂਟ ਜਿੱਤਣ ਲਈ ਇਹ ਅਠਾਰਾਂ ਮੈਦਾਨਾਂ ਵਿੱਚ ਹੀ ਖੇਡਣਾ ਪੈਂਦਾ ਹੈ ਤੇ ਬਾਲ ਨੂੰ ਹੋਲ ਤੱਕ ਲੈਕੇ ਜਾਣਾ ਹੁੰਦਾ ਹੈ। ਹਰ ਮੈਦਾਨ ਵਿੱਚ ਵੱਖਰੇ ਵੱਖਰੇ ਤੇ ਦਿਲਚਸਪ ਅੜਿੱਕੇ ਹੁੰਦੇ ਹਨ। ਬਾਲ ਨੂੰ ਹੋਲ ਵਿੱਚ ਜ਼ੋਰ ਨਾਲ ਨਹੀਂ, ਹੁਨਰ ਨਾਲ ਪਾਇਆ ਜਾਂਦਾ ਹੈ। ਹਰ ਖਿਡਾਰੀ ਨੂੰ ਆਪਣੇ ਸਮਾਨ ਵਾਲੀ ਰੇਹੜੀ ਨਾਲ-ਨਾਲ ਖਿੱਚਣੀ ਪੈਂਦੀ ਹੈ। ਉਸਦੇ ਸਮਾਨ ਵਿੱਚ ਚੌਦਾਂ ਤੱਕ ਕਲੱਬ ਜਾਂ ਸਟਿੱਕਾਂ ਹੁੰਦੀਆਂ ਹਨ, ਦਰਜਨ ਭਰ ਬਾਲ ਤੇ ਹੋਰ ਕਿੰਨਾ ਕੁਝ ਹੁੰਦਾ ਹੈ। ਹਾਂ, ਇਕ ਗੱਲ ਹੋਰ ਕਿ ਖਾਸ ਸਥਿਤੀਆਂ ਵਿੱਚ ਕਈ ਗੌਲਫ ਕੋਰਸਾਂ ਵਿੱਚ ਅਠਾਰਾਂ ਦੀ ਥਾਵੇਂ ਨੌਂ ਹੋਲਾਂ ਨਾਲ ਵੀ ਖੇਡਿਆ ਜਾਂਦਾ ਹੈ। ਅਠਾਰਾਂ ਹੋਲਾਂ ਵਾਲੀ ਗੇਮ ਨੂੰ ਖੇਡਣ ਵਿੱਚ ਪੰਜ-ਛੇ ਘੰਟੇ ਲੱਗ ਜਾਂਦੇ ਹਨ ਤੇ ਨੌਆਂ ਹੋਲਾਂ ਵਾਲੀ ਗੇਮ ਨੂੰ ਢਾਈ ਘੰਟੇ।

ਆਮ ਤੌਰ ‘ਤੇ ਇਸਨੂੰ ਸਭ ਤੋਂ ਬੋਰਿੰਗ ਗੇਮ ਕਿਹਾ ਜਾਂਦਾ ਹੈ ਪਰ ਜਦੋਂ ਤੋਂ ਇਸ ਖੇਡ ਨੂੰ ਟੈਲੀਵੀਯਨ ਉਪਰ ਜਗਾਹ ਮਿਲਣ ਲੱਗੀ ਹੈ ਇਹ ਨੌਂਵੇਂ ਨੰਬਰ ਦੀ ਪੌਪੂਲਰ ਖੇਡ ਬਣ ਗਈ ਹੈ। ਟੈਲੀਵੀਯਨ ਦੇ ਚੈਨਲਾਂ ਦੇ ਵਧਣ ਦੇ ਨਾਲ ਇਸ ਖੇਡ ਵਿੱਚ ਪੈਸੇ ਵੀ ਵੱਧ ਗਏ ਹਨ। ਹੁਣ ਇਸਦੇ ਕੱਪ ਨੂੰ ਜਿੱਤਣ ਵਾਲੇ ਨੂੰ ਲੱਖਾਂ ਵਿੱਚ ਡਾਲਰ-ਪੌਂਡ ਮਿਲਦੇ ਹਨ। ਇਸ ਦੇ ਵੱਡੇ ਮੈਚ ਨੂੰ ਮੇਜਰ-ਚੈਂਪੀਅਨਸ਼ਿੱਪ ਕਿਹਾ ਜਾਂਦਾ ਹੈ। ਦੁਨੀਆ ਵਿੱਚ ਮਰਦਾਂ ਦੀਆਂ ਚਾਰ ਪ੍ਰਮੁੱਖ ਮੇਜਰ ਚੈਂਪੀਅਨਸ਼ਿੱਪਾਂ (ਟੂਰਨਾਮੈਂਟ) ਹਨ, ਇਕ ਬਰਤਾਨੀਆ ਵਿੱਚ ਤੇ ਤਿੰਨ ਅਮਰੀਕਾ ਵਿੱਚ। ਅਮਰੀਕਾ ਵਿੱਚ ਮਾਸਟਰਜ਼, ਯੂ.ਐਸ. ਓਪਨ, ਤੇ ਪੀ.ਜੀ.ਏ. ਚੈਂਪੀਅਨਸ਼ਿੱਪ ਹਨ ਤੇ ਬਰਤਾਨੀਆ ਵਿੱਚ ਬਿ੍ਰਟਿਸ਼ ਓਪਨ। ਵੈਸੇ ਤਾਂ ਦੁਨੀਆ ਭਰ ਵਿੱਚ ਹੁਣ ਗੌਲਫ ਦੇ ਟੂਰਨਾਮੈਂਟ ਹੋਣ ਲੱਗੇ ਹਨ ਪਰ ਹਾਲੇ ਵੀ ਇਹਨਾਂ ਚਾਰ ਟੂਰਨਾਮੈਂਟ ਨੂੰ ਸਭ ਤੋਂ ਵੱਡੇ ਮੰਨਿਆਂ ਜਾਂਦਾ ਹੈ।

ਹੋਰ ਬਹੁਤ ਸਾਰੀਆਂ ਗੇਮਾਂ ਵਾਂਗ ਗੌਲਫ ਦੀ ਸ਼ੁਰੂਆਤ ਵੀ ਪੱਛਮ ਵਿੱਚ ਹੀ ਹੋਈ। ਗੌਲਫ ਡੱਚ-ਭਾਸ਼ਾ ਦੇ ਸ਼ਬਦ ਕੌਲਵ ਜਾਂ ਕੌਲਫ ਦਾ ਵਿਗੜਿਆ ਰੂਪ ਹੈ ਜਿਸ ਦੇ ਮਾਹਿਨੇ ਹੁੰਦੇ ਹਨ-ਕਲੱਬ। ਕਿਹਾ ਜਾਂਦਾ ਹੈ ਕਿ ਚਰਵਾਹਿਆਂ ਨੇ ਵਕਤ ਪਾਸ ਕਰਨ ਲਈ ਇਸ ਖੇਡ ਦੀ ਇਜਾਦ ਕੀਤੀ। ਪੰਦਰਵੀਂ-ਸਦੀ ਦੁਰਮਿਆਨ ਸਕੌਟਲੈਂਟ ਵਿੱਚ ਗੌਲਫ ਦੇ ਖੇਡੇ ਜਾਣ ਦੇ ਸਬੂਤ ਮਿਲਦੇ ਹਨ। ਇਕ ਰਿਕਾਰਡ ਮੁਤਾਬਕ 1457 ਵਿੱਚ ਸਕੌਟਲੈਂਡ ਦੇ ਰਾਜੇ ਜੇਮਜ਼ ਦੂਜੇ ਨੇ ਗੌਲਫ ਉਪਰ ਪਾਬੰਦੀ ਲਾ ਦਿੱਤੀ ਸੀ। ਬੈਨ ਇਸ ਕਰਕੇ ਕਿ ਇਹ ਮਿਲਟਰੀ ਦੀ ਟਰੇਨਿੰਗ ਵਿੱਚ ਕਿਸੇ ਤਰ੍ਹਾਂ ਅੜਿੱਕਾ ਬਣਦੀ ਸੀ। ਫਿਰ 1502 ਵਿੱਚ ਜੇਮਜ਼ ਚੌਥੇ ਵਲੋਂ ਇਹ ਪਾਬੰਦੀ ਚੁੱਕ ਦਿੱਤੇ ਜਾਣ ਦਾ ਰਿਕਾਰਡ ਮਿਲਦਾ ਹੈ। 1503-04 ਵਿੱਚ ਪਹਿਲੀ ਗੌਲਫ-ਕਲੱਬ ਦੇ ਬਣਨ ਦਾ ਰਿਕਾਰਡ ਅੰਕਿਤ ਹੈ। ਪਰ ਇਤਿਹਾਸਕਾਰ ਆਖਦੇ ਹਨ ਕਿ ਗੌਲਫ ਦੀ ਸ਼ੁਰੂਆਤ ਰੋਮਨਾਂ ਵਲੋਂ ਤੇਈ ਸੌ ਸਾਲ ਪਹਿਲਾਂ ਕੀਤੀ ਗਈ। ਰੋਮ ਵਿੱਚ ਇਸ ਖੇਡ ਨੂੰ ਪੈਗਾਨੀਕਾ ਕਿਹਾ ਜਾਂਦਾ ਸੀ ਜਿਸ ਵਿੱਚ ਸਿਰੇ ਤੋਂ ਵਿੰਗੀ ਸੋਟੀ ਜਾਂ ਡੰਡੇ ਨਾਲ ਚਮੜੇ ਦੀ ਗੇਂਦ ਨੂੰ ਜ਼ੋਰ ਨਾਲ ਹਿੱਟ ਕਰਕੇ ਦੂਰ ਇਕ ਮੋਰੀ ਵਿੱਚ ਪਾਇਆ ਜਾਂਦਾ ਸੀ। ਚੌਧਵੀਂ-ਸਦੀ ਵਿੱਚ ਚੀਨ ਵਿੱਚ ਵੀ ਅਜਿਹੀ ਖੇਡ ਖੇਡੀ ਜਾਂਦੀ ਰਹੀ ਹੈ ਜਿਸਨੂੰ ਚੂਈਵੈਨ ਕਿਹਾ ਜਾਂਦਾ ਸੀ। ਚੂਈ ਦੇ ਮਾਹਿਨੇ ਹਨ, ਹਿੱਟ-ਕਰਨਾ ਤੇ ਵੈਨ ਦੇ ਮਾਹਿਨੇ ਹਨ, ਗੇਂਦ। ਗੇਂਦ ਨੂੰ ਹਿੱਟ ਕਰਕੇ ਇਵੇਂ ਹੀ ਹੋਲ ਵਿੱਚ ਪਾਇਆ ਜਾਂਦਾ ਸੀ। ਇਸ ਨਾਲ ਹੀ ਮਿਲਦੀ ਜੁਲਦੀ ਖੇਡ ਇੰਗਲੈਂਡ ਵਿੱਚ ਵੀ ਸੀ ਜਿਸ ਨੂੰ ਕੈਂਬੂਕਾ ਆਖਦੇ ਸਨ ਤੇ ਫਰਾਂਸ ਵਿੱਚ ਚੈਂਬਟ। ਹਾਲੈਂਡ ਵਿੱਚ ਵੀ ਅਜਿਹੀ ਗੇਮ ਦੇ ਖੇਡੇ ਜਾਣ ਦੇ ਸੰਕੇਤ ਮਿਲਦੇ ਹਨ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਸਕੌਟਲੈਂਡ ਨੂੰ ਹੀ ਗੌਲਫ ਦੇ ਸ਼ੁਰੂ ਹੋਣ ਦਾ ਸਥਾਨ ਮੰਨਿਆਂ ਜਾਂਦਾ ਹੈ।

ਸਕੌਟਲੈਂਡ ਦੇ ਸ਼ਹਿਰ ਸੇਂਟ ਐਂਡਰਿਊ’ਜ਼ ਦੀ ਓਲਡ-ਕੋਰਸ ਨੂੰ ਗੌਲਫ ਦੀ ਸਭ ਤੋਂ ਪੁਰਾਣੀ ਗਰਾਊਂਡ ਆਖਿਆ ਜਾਂਦਾ ਹੈ ਤੇ ਗੌਲਫ ਦੇ ਚਹੇਤਿਆਂ ਲਈ ਇਹ ਜਗਾਹ ਪੂਜਣ-ਯੋਗ ਮੰਨੀ ਜਾਂਦੀ ਹੈ। ਪਰ ‘ਗੀਨਸ ਵਰਲਡ ਰਿਕਾਰਡ ਬੁੱਕ’ ਵਿੱਚ ਗੌਲਫ ਦੀ ਸ਼ੁਰੂਆਤ ਮਸਲਬਰਗ-ਲਿੰਕਸ (ਸਕੌਟਲੈਂਡ) ਨੂੰ ਸਭ ਤੋਂ ਪੁਰਾਣੀ ਗਰਾਊਂਡ ਆਖਿਆ ਗਿਆ ਹੈ। 1744 ਵਿੱਚ ‘ਦਾ ਕੰਪਨੀ ਆਫ ਜੈਂਟਲਮੈਨ ਗੌਲਫਰ’ ਵਲੋਂ ਇਸ ਗੇਮ ਦੇ ਰੂਲਾਂ ਨੂੰ ਲਿਖਿਆ ਗਿਆ। ਉਦੋਂ ਇਸ ਦੀਆਂ 22 ਹੋਲ ਰੱਖੀਆਂ ਗਈਆਂ ਸਨ। 1764 ਇਹਨਾਂ ਹੋਲ ਨੂੰ ਘੱਟ ਕਰਕੇ 18 ਕਰ ਦਿੱਤਾ ਗਿਆ ਸੀ। ਗੌਲਫ ਦਾ ਸਭ ਤੋਂ ਪਹਿਲਾ ਟੂਰਨਾਮੈਂਟ 17 ਅਕਤੂਬਰ, 1860 ਨੂੰ ਪਰੈਸਟਵਿਕ ਗੌਲਫ ਕਲੱਬ (ਅੱਈਅਰਸ਼ਾਇਰ) ਵਲੋਂ ਕਰਾਇਆ ਗਿਆ। 1888 ਵਿੱਚ ਦੋ ਸਕੌਟਿਸ਼ ਜੌਹਨ ਰੀਡ ਤੇ ਰੌਬਰਟ ਲੌਕਹਾਰਟ ਇਸ ਖੇਡ ਨੂੰ ਅਮਰੀਕਾ ਲੈ ਗਏ। ਉਹਨਾਂ ਨੇ ਹੀ ਨਿਊਯਾਰਕ ਵਿੱਚ ਸੇਂਟ ਐਂਡਰਿਊ‘ਜ਼ ਗੌਲਫ-ਕਲੱਬ ਬਣਾਈ। ਫਿਰ ਤਾਂ ਜਿਥੇ ਵੀ ਅੰਗਰੇਜ਼ ਜਾਂ ਸਕੌਟਿਸ਼ ਗਏ ਉਥੇ ਹੀ ਇਸ ਗੇਮ ਨੂੰ ਲੈ ਗਏ।

ਜੇ ਤੁਸੀਂ ਗੌਲਫ ਨੂੰ ਟੈਲੀਵੀਯਨ ‘ਤੇ ਦੇਖੋਂ ਤਾਂ ਇਹ ਗੇਮ ਲਗਦੀ ਹੀ ਨਹੀਂ। ਕਾਰਾਂ ਦੀ ਰੇਸ ਜਾਂ ਮੋਟਰਬਾਈਕ ਦੀ ਰੇਸ ਵੀ ਅਮੀਰਾਂ ਦੀਆਂ ਗੇਮਾਂ ਹਨ ਪਰ ਉਹ ਖਤਰਨਾਕ ਹਨ, ਜਾਨ-ਲੇਵਾ ਵੀ ਹੋ ਸਕਦੀਆਂ ਹਨ ਪਰ ਗੌਲਫ ਬਿਲਕੁਲ ਖਤਰਨਾਕ ਨਹੀਂ ਹਨ। ਹੋਰਨਾਂ ਆਮ ਗੇਮਾਂ ਜਿਵੇਂ ਕਿ ਫੁੱਟਬਾਲ, ਹਾਕੀ ਜਾਂ ਕ੍ਰਿਕਟ ਵਿੱਚ ਹਰ ਵੇਲੇ ਤਣਾਵ ਬਣਿਆਂ ਰਹਿੰਦਾ ਹੈ ਗੌਲਫ ਵਿੱਚ ਅਜਿਹਾ ਤਣਾਓ ਨਹੀਂ ਹੈ। ਖਿਡਾਰੀ ਇਵੇਂ ਤੁਰੇ ਫਿਰਦੇ ਹਨ ਜਿਵੇਂ ਕੋਈ ਸਰਵੇ ਕਰ ਰਹੇ ਹੋਣ। ਕਈ ਵਾਰ ਇਹਨਾਂ ਦੇ ਸਰੀਰ ਵੀ ਹੋਰ ਗੇਮਾਂ ਦੇ ਖਿਡਾਰੀਆਂ ਵਾਂਗ ਫਿੱਟ ਨਹੀਂ ਹੁੰਦੇ। ਤੁਹਾਨੂੰ ਮੋਟੇ ਤੇ ਵਡੇਰੀ ਉਮਰ ਦੇ ਲੋਕ ਗੌਲਫ ਦਾ ਟੂਰਨਾਮੈਂਡ ਖੇਡਦੇ ਆਮ ਮਿਲ ਜਾਣਗੇ। ਸ਼ਾਇਦ ਇਹ ਇਕੋ-ਇਕ ਗੇਮ ਹੋਵੇ ਜਿਸ ਦੇ ਖਿਡਾਰੀ ਧੁੱਪ ਵਿੱਚ ਛਤਰੀ ਦੀ ਵਰਤੋਂ ਵੀ ਕਰਦੇ ਹਨ। ਛਤਰੀ ਤਾਂ ਹਰ ਖਿਡਾਰੀ ਦੇ ਬੈਗ ਵਿੱਚ ਹੁੰਦੀ ਹੈ। ਜੇ ਤੁਸੀਂ ਗੌਲਫ ਦੇ ਖਿਡਾਰੀਆਂ ਦੀ ਕਿੱਟ ਜਾਂ ਬੈਗ ਦੇਖੋਂ ਤਾਂ ਇਸ ਵਿਚਲੀਆਂ ਚੀਜ਼ਾਂ ਦੇਖਕੇ ਹੈਰਾਨ ਰਹਿ ਜਾਵੋਂਗੇ। ਇਸ ਵਿੱਚ ਤੁਹਾਨੂੰ ਸਨ-ਕਰੀਮ ਵੀ ਮਿਲ ਜਾਵੇਗੀ ਕਿ ਧੁਪ ਨਾਲ ਚਮੜੀ ਖਰਾਬ ਨਾ ਹੋ ਜਾਵੇ, ਹੈਂਡ-ਲੋਸ਼ਨ ਵੀ, ਪਾਣੀ ਵਾਲੀ ਬੋਤਲ, ਜ਼ਖ਼ਮ ਲਈ ਪਲਾਸਟਰ ਤੇ ਦਰਦ ਦੀਆਂ ਗੋਲੀਆਂ ਵੀ, ਇਥੋਂ ਤੱਕ ਕਿ ਨੇਲ-ਕਲਿਪਰ ਵੀ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਔਖੇ ਵੇਲੇ ਕੰਮ ਆ ਸਕਣ। ਇਹਨਾਂ ਚੀਜ਼ਾਂ ਨੂੰ ਦੇਖਕੇ ਜਾਪੇਗਾ ਕਿ ਇਹ ਕਿਸੇ ਖਿਡਾਰੀ ਦਾ ਬੈਗ ਨਾ ਹੋਕੇ ਇਕ ਮੁਸਾਫਿਰ ਦਾ ਬੈਗ ਹੈ। ਟਾਈਗਰ ਵੁੱਡ ਗੌਲਫ ਦਾ ਸਭ ਤੋਂ ਹਰਮਨਪਿਆਰਾ ਖਿਡਾਰੀ ਹੋਇਆ ਹੈ। ਵੈਸੇ ਤਾਂ ਉਸਦਾ ਨਾਂ ਟੌਪ ਦੇ ਤਿੰਨ ਖਿਡਾਰੀਆਂ ਵਿੱਚ ਹੈ ਪਰ ਆਪਣੀ ਰੰਗੀਨ ਜ਼ਿੰਦਗੀ ਕਾਰਨ ਉਸਦਾ ਚਰਚਾ ਵਧੇਰੇ ਹੋਇਆ ਹੈ। ਉਸਨੇ 81 ਟੂਰਨਾਮੈਂਟ ਜਿੱਤੇ ਜਿਹਨਾਂ ਵਿੱਚ 15 ਮੇਜਰ-ਚੈਂਪੀਅਨਸ਼ਿੱਪ ਸਨ।

ਔਰਤਾਂ ਨੇ ਵੀ ਗੌਲਫ ਜਲਦੀ ਹੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਵੈਸੇ ਸਕੌਟਲੈਂਡ ਦੀ ਰਾਣੀ ਮੈਰੀ ਪੰਦਰਵੀਂ-ਸਦੀ ਵਿੱਚ ਗੌਲਫ ਖੇਡਦੀ ਰਹੀ ਹੈ। ਉਸਨੂੰ ਪਹਿਲੀ ਖਿਡਾਰੀ-ਮਹਿਲਾ ਕਿਹਾ ਜਾਂਦਾ ਹੈ ਤੇ ਗੌਲਫ ਦੀ ਉਸਨੂੰ ਮਾਂ ਆਖਦੇ ਹਨ। ਰਾਣੀ ਮੈਰੀ ਤੋਂ ਕਈ ਸਦੀਆਂ ਬਾਅਦ ਔਰਤਾਂ ਖੇਡ ਦੇ ਮੈਦਾਨ ਵਿੱਚ ਆਈਆਂ। ਔਰਤਾਂ ਦੇ ਗੌਲਫ ਦਾ ਪਹਿਲਾ ਮੈਚ 1811 ਵਿੱਚ ਮਸਲਬਰਗ ਸ਼ਹਿਰ ਵਿੱਚ ਹੋਇਆ। 1867 ਵਿੱਚ ਪਹਿਲੀ ਮਹਿਲਾ-ਗੌਲਫ ਕਲੱਬ ਬਣੀ। ਔਰਤਾਂ ਵਿੱਚ ਕੈਥੀ ਵਿਟਵਰਥ ਨੇ ਆਪਣੇ ਜੀਵਨ-ਕਾਲ ਵਿੱਚ 98 ਟੂਰਨਾਮੈਂਟ ਜਿੱਤੇ ਜਿਹਨਾਂ ਵਿੱਚ ਛੇ ਮੇਜਰ-ਚੈਂਪੀਅਨਸ਼ਿੱਪ ਸਨ। ਐਨਿਕਾ ਸੋਰੇਂਸਟੈਮ ਨੇ 93 ਟੂਰਨਾਮੈਂਟ ਜਿੱਤੇ ਜਿਹਨਾਂ ਵਿੱਚ ਦਸ ਮੇਜਰ-ਚੈਂਪੀਅਨਸ਼ਿੱਪ ਸਨ।

ਜੇ ਭਾਰਤ ਵਿੱਚ ਗੌਲਫ ਦੀ ਸਥਿਤੀ ਦੇਖੀਏ ਤਾਂ ਇਹ ਖੇਡ ਪਿਛਲੇ ਤੀਹਾਂ ਕੁ ਸਾਲਾਂ ਵਿੱਚ ਉਭਰ ਕੇ ਸਾਹਮਣੇ ਆਈ ਹੈ। ਉਂਜ ਤਾਂ ਭਾਰਤ ਵਿੱਚ ਗੌਲਫ-ਕੋਰਸ ਸਕੌਟਲੈਂਡ ਨਾਲੋਂ ਵੀ ਪਹਿਲਾਂ ਬਣ ਗਿਆ ਸੀ। ਕਲਕੱਤਾ ਗੌਲਫ ਕਲੱਬ 1825 ਵਿੱਚ ਹੋਂਦ ਵਿੱਚ ਆਇਆ। ਇਸ ਵਿੱਚ ਅੰਗਰੇਜ਼ ਹੀ ਖੇਡਦੇ ਸਨ। 1911 ਵਿੱਚ ਜੌਰਜ ਪੰਚਮ ਨੇ ਇਸ ਦੇ ਨਾਂ ਨਾਲ ਰੌਆਏਲ ਜੋੜ ਕੇ ਇਸ ਕਲੱਬ ਦਾ ਨਾਂ ਰੌਆਏਲ ਕਲਕੱਤਾ ਗੌਲਫ ਕਲੱਬ ਰੱਖ ਦਿੱਤਾ। ਕਲਕੱਤੇ ਤੋਂ ਬਾਅਦ ਬੰਬੇ ਵਿੱਚ 1842, ਬੰਗਲੌਰ ਵਿੱਚ 1876 ਤੇ ਸ਼ਿਲੌਂਗ ਵਿੱਚ 1898 ਵਿੱਚ ਗੌਲਫ ਦੀਆਂ ਕਲੱਬਾਂ ਬਣ ਗਈਆਂ ਸਨ। ਹੁਣ ਗੋਰਿਆਂ ਦੇ ਨਾਲ ਨਾਲ ਕੁਝ ਅਮੀਰ ਭਾਰਤੀ ਵੀ ਖੇਡਣ ਲੱਗੇ ਸਨ। ਇਹਨਾਂ ਦੇ ਰੂਲ ਸਕੌਟਲੈਂਡ ਗੌਲਫ ਕੋਰਸ ਵਾਲੇ ਹੀ ਸਨ। ਅਜ਼ਾਦੀ ਤੋਂ ਬਾਅਦ ਇਕ ਵਾਰ ਤਾਂ ਗੌਲਫ ਕਲੱਬਾਂ ਬੰਦ ਹੋਣ ਕੰਢੇ ਆ ਗਈਆਂ ਸਨ ਪਰ 1955 ਵਿੱਚ ਇੰਡੀਅਨ ਗੌਲਫ ਯੂਨੀਅਨ ਬਣ ਗਈ ਜੋ ਗੌਲਫ ਨੂੰ ਪਰੋਮੋਟ ਕਰਨ ਵਿੱਚ ਜੁੱਟ ਗਈ। ਜਦੋਂ ਕੁ ਤੋਂ ਦੁਨੀਆ ਭਰ ਵਿੱਚ ਗੌਲਫ ਦੀ ਖੇਡ ਵਿੱਚੋਂ ਪੈਸੇ ਆਉਣ ਲੱਗੇ ਤਾਂ ਆਈ.ਜੀ.ਯੂ. ਭਾਵ ਇੰਡੀਅਨ ਗੌਲਫ ਯੂਨੀਅਨ ਬਹੁਤ ਐਕਟਿਵ ਹੋ ਗਈ। 1995 ਤੋਂ ਆਈ.ਜੀ.ਯੂ. ਨੇ ਗੌਲਫ ਨੂੰ ਬਹੁਤ ਪਰੋਮੋਟ ਕੀਤਾ ਹੈ। ਇਸ ਵੇਲੇ ਭਾਰਤ ਵਿੱਚ ਢਾਈ ਲੱਖ ਤੋਂ ਵੱਧ ਗੌਲਫਰ ਹਨ ਤੇ ਦੋ ਸੌ ਦੇ ਨੇੜੇ ਰਜਿਸਟਰ ਗੌਲਫ ਕੋਰਸ ਹਨ। ਭਾਰਤ ਦਾ ਪਹਿਲਾ ਗੌਲਫਰ ਪੀ.ਜੀ. ਸੇਠੀ ਸੀ ਜੋ ਸੱਠਵਿਆਂ ਵਿੱਚ ਅੰਤਰ-ਰਾਸ਼ਟਰੀ ਪੱਧਰ ‘ਤੇ ਜਾਣਿਆਂ ਗਿਆ। ਇਸ ਵੇਲੇ ਤਾਂ ਕਈ ਗੌਲਫਰ ਹਨ ਜਿਹਨਾਂ ਨੇ ਅੰਤਰ-ਰਾਸ਼ਟਰੀ ਟਾਈਟਲ ਜਿੱਤੇ ਹਨ। ਜੀਵ ਮਿਲਖਾ ਸਿੰਘ ਨੇ ਤਿੰਨ ਯੌਰਪੀਅਨ, ਚਾਰ ਜਪਾਨੀ ਤੇ ਛੇ ਏਸ਼ੀਅਨ ਟਾਈਟਲ ਜਿੱਤੇ ਹਨ। ਅਨਿਰਬੈਨ ਲਹਿਰੀ, ਜਯੋਤੀ ਰੰਧਾਵਾ ਤੇ ਅਰਜਨ ਅਟਵਾਲ ਨੇ ਵੀ ਆਪਣਾ ਵਾਹਵਾ ਨਾਂ ਕਮਾਇਆ ਹੈ। ਔਰਤਾਂ ਵਿੱਚੋਂ ਅਦਿਤੀ ਅਸ਼ੋਕ, ਦੀਕਸ਼ਾ ਡਗਰ ਤੇ ਟਵੈਸਾ ਮਲਿਕ ਦਾ ਨਾਂ ਲਿਆ ਜਾ ਸਕਦਾ ਹੈ। ਮਾਹਿਰ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਗੌਲਫ ਦਾ ਭਵਿੱਖ ਬਹੁਤ ਰੌਸ਼ਨ ਹੈ। ਮਹਿੰਗੀਆਂ ਗੇਮਾਂ ਭਾਰਤ ਵਿੱਚ ਜਿੰਨੀਆਂ ਖੁੰਝ ਕੇ ਪ੍ਰਚੱਲਤ ਹੋ ਰਹੀਆਂ ਹਨ, ਓਨੀ ਹੀ ਸ਼ਿੱਦਤ ਨਾਲ ਇਹ ਲੋਕਾਂ ਵਿੱਚ ਛਾ ਰਹੀਆਂ ਹਨ। ਪੈਸੇ ਦਾ ਫੈਲਾਅ ਗੌਲਫ ਨੂੰ ਪੌਪੂਲਰ ਕਰਨ ਵਿੱਚ ਬਹੁਤ ਸਹਾਈ ਹੋ ਰਿਹਾ ਹੈ।

ਸਾਡਾ ਐਥਲੀਟ ਮਿਲਖਾ ਸਿੰਘ ਆਖਰੀ ਸਮੇਂ ਤੱਕ ਗੌਲਫ ਖੇਡਦਾ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਗੌਲਫ ਸਭ ਤੋਂ ਸੂਦਿੰਗ ਗੇਮ ਹੈ। ਇਥੇ ਉਸ ਨਾਲ ਸਹਿਮਤ ਹੋਣਾ ਜ਼ਰੂਰੀ ਬਣਦਾ ਹੈ।


Comments


bottom of page