ਇਕੱਲੇ ਰਹਿਣ ਦਾ ਵਧਦਾ ਰੁਝਾਨ / ਹਰਜੀਤ ਅਟਵਾਲ
ਕਿਹਾ ਜਾਂਦਾ ਹੈ ਕਿ ਇਨਸਾਨ ਇਕ ਸਮਾਜਕ ਜੀਵ ਹੈ, ਉਹ ਇਕੱਲਾ ਨਹੀਂ ਰਹਿ ਸਕਦਾ। ਪਰ ਕੁਝ ਸਮੇਂ ਤੋਂ ਇਨਸਾਨ ਵਿੱਚ ਇਕੱਲੇ ਰਹਿਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਬਹੁਤੀ ਪੁਰਾਣੀ ਗੱਲ ਨਹੀਂ, ਪਿਛਲੀ ਸਦੀ ਵਿੱਚ ਹੀ ਵਿਆਹ ਇਨਸਾਨ ਲਈ ਨਿਹਾਇਤ ਜ਼ਰੂਰੀ ਸੀ ਤੇ ਉਸ ਤੋਂ ਵੀ ਜ਼ਰੂਰੀ ਸੀ ਪਰਿਵਾਰ। ਇਨਸਾਨ ਇਕੱਲਾ ਉਦੋਂ ਹੀ ਹੁੰਦਾ ਸੀ ਜਦ ਉਸ ਦਾ ਜੀਵਨ ਸਾਥੀ ਮਰ ਜਾਂਦਾ। ਫਿਰ ਵੀ ਉਹ ਕੋਈ ਨਾ ਕੋਈ ਢੱਬ ਲੱਭ ਲੈਂਦਾ ਕਿ ਇਕੱਲਾ ਨਾ ਰਹੇ। ਪਰ ਅੱਜ ਦਾ ਇਨਸਾਨ ਇਕੱਲਾ ਰਹਿਣਾ ਚਾਹੁੰਦਾ ਹੈ। ਪਰਿਵਾਰ ਤੋਂ ਉਹ ਦੂਰ ਭੱਜਦਾ ਹੈ। ਪਿਛਲੀ ਸਦੀ ਦੇ ਅਖੀਰ ਤੱਕ ਪੁਜਦਿਆਂ ਇਨਸਾਨ ਵਿਆਹਾਂ ਨੂੰ ਤਲਾਂਜਲੀ ਦੇ ਕੇ ਵਿਆਹ ਤੋਂ ਬਿਨਾਂ ਹੀ ਇਕੱਠੇ ਰਹਿਣ ਲੱਗ ਪਏ ਸਨ। ਪਰ ਅੱਜ ਦੇ ਯੁੱਗ ਤੱਕ ਪੁਜਦਿਆਂ ਵਨ ਨਾਈਟ ਸਟੈਂਡ ਜਾਂ ਵੀਕ ਐਂਡ ਰਿਲੇਸ਼ਨ ਬਣ ਚੱੁਕੇ ਹਨ। ਲੋਕ ਇਕੱਲੇ ਰਹਿੰਦੇ ਹਨ, ਜਦ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਆਰਜ਼ੀ ਸਮੇਂ ਲਈ ਕੋਈ ਸਾਥੀ ਲੱਭ ਲੈਂਦੇ ਹਨ। ਦੇਖਣ ਵਿੱਚ ਆਉਂਦਾ ਹੈ ਕਿ ਵੱਡੀਆਂ ਵੱਡੀਆਂ ਨੌਕਰੀਆਂ ਕਰਨ ਵਾਲੇ ਬਹੁਤੇ ਲੋਕ ਸਪਤਾਹ ਅੰਤ ਜਾਂ ਜਦ ਉਹਨਾਂ ਨੂੰ ਸੁਵਿਧਾ ਹੁੰਦੀ ਹੈ ਮਿਲ ਲੈਂਦੇ ਹਨ। ‘ਯੂਰੋਮੌਨੀਟਰ ਇੰਟਰਨੈਸ਼ਨਲ’ ਵਾਲਿਆਂ ਨੇ ਇਕੱਲੇ ਰਹਿਣ ਵਾਲਿਆਂ ਉਪਰ ਭਰਪੂਰ ਖੋਜ ਕੀਤੀ ਹੈ। ਉਨੀਵੀਂ ਸਦੀ ਵਿੱਚ ਸਿਰਫ ਦਸ ਫੀ ਸਦੀ ਲੋਕ ਇਕੱਲੇ ਘਰਾਂ ਵਿੱਚ ਰਹਿੰਦੇ ਸਨ, ਉਹ ਵੀ ਕਿਸੇ ਮਜਬੂਰੀ ਵੱਸ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿੱਚ ਪੁਰੀ ਦੁਨੀਆਂ ਵਿੱਚ 153 ਮਿਲੀਅਨ ਲੋਕ ਇਕੱਲੇ ਰਹਿ ਰਹੇ ਸਨ। 1996 ਤੱਕ ਇਹ ਗਿਣਤੀ 277 ਮਿਲੀਅਨ ਹੋ ਗਈ ਸੀ। 2011 ਤੱਕ ਇਹਨਾਂ ਦੀ ਗਿਣਤੀ ਵਿੱਚ ਅੱਸੀ ਫੀ ਸਦੀ ਹੋਰ ਵਾਧਾ ਹੋ ਚੱੁਕਾ ਸੀ। ਬ੍ਰਤਾਨੀਆ ਵਿੱਚ ਇਕੱਲੇ ਰਹਿਣ ਵਾਲਿਆਂ ਦੀ ਗਿਣਤੀ ਕੁਲ ਅਬਾਦੀ ਦਾ 34% ਹੈ ਜਾਂ ਇਵੇਂ ਕਹਿ ਲE ਕਿ ਏਨੇ ਲੋਕ ਇਕ ਘਰ ਵਿੱਚ ਇਕੱਲੇ ਰਹਿੰਦੇ ਹਨ। ਇਵੇਂ ਹੀ ਅਮਰੀਕਾ ਵਿੱਚ 27% ਹੈ। ਅਮਰੀਕਾ ਵਿੱਚ ਤਾਂ ਇਕੱਲੇ ਘਰਾਂ ਵਿੱਚ ਰਹਿਣ ਵਾਲਿਆਂ ਵਿੱਚ ਔਰਤਾਂ ਵਧੇਰੇ ਹਨ। ਅਮਰੀਕਾ ਵਿੱਚ 16 ਮਿਲੀਅਨ ਔਰਤਾਂ ਇਕੱਲੀਆਂ ਰਹਿੰਦੀਆਂ ਹਨ ਤੇ 14 ਮਿਲੀਅਨ ਆਦਮੀ। ਇਹਨਾਂ ਵਿੱਚ ਵੱਡੀ ਗਿਣਤੀ 35 ਤੋਂ 65 ਸਾਲ ਦੇ ਵਿਅਕਤੀਆਂ ਦੀ ਗਿਣਤੀ ਹੈ। ਫਿਰ ਵੀ 18 ਤੋਂ 34 ਸਾਲਾਂ ਦੀ ਉਮਰ ਵਾਲੇ ਪੰਜ ਮਿਲੀਅਨ ਲੋਕ ਇਕੱਲੇ ਰਹਿੰਦੇ ਹਨ। 1950 ਵਿੱਚ ਅਮਰੀਕਾ ਵਿੱਚ ਇਕ ਘਰ ਵਿੱਚ ਇਕੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਪੰਜ ਲੱਖ ਸੀ। ਸਵੀਡਨ ਵਿੱਚ ਇਹ ਗਿਣਤੀ ਸਭ ਤੋਂ ਵੱਧ ਹੈ, 47% ਲੋਕ ਇਕੱਲੇ ਘਰਾਂ ਵਿੱਚ ਰਹਿੰਦੇ ਹਨ। ਸਟੌਕਹੋਮ ਵਿੱਚ 60% ਲੋਕ ਇਕੱਲੇ ਘਰਾਂ ਵਿੱਚ ਰਹਿੰਦੇ ਹਨ। ਚੀਨ, ਬਰਾਜ਼ੀਲ, ਭਾਰਤ ਵਰਗੇ ਉਨਤੀ ਕਰ ਰਹੇ ਲੋਕ ਵੀ ਇਹਨਾਂ ਤੋਂ ਬਹੁਤਾ ਪਿੱਛੇ ਨਹੀਂ ਹਨ। ਜਪਾਨ ਦਾ ਜੀਵਨ ਆਦਰਸ਼ ਪਰਿਵਾਰਿਕ ਜੀਵਨ ਮੰਨਿਆਂ ਜਾਂਦਾ ਹੈ ਪਰ ਉਥੇ ਵੀ 30% ਲੋਕ ਇਕੱਲੇ ਆਪਣੇ ਘਰਾਂ ਵਿੱਚ ਰਹਿੰਦੇ ਹਨ। ਪਾਕਿਸਤਾਨ ਅਜਿਹਾ ਮੁਲਕ ਹੈ ਜਿਥੇ ਬਹੁਤ ਘੱਟ ਲੋਕ ਇਕੱਲੇ ਰਹਿੰਦੇ ਹਨ। ਇਕੱਲੇ ਰਹਿਣ ਵਾਲਿਆਂ ਦੀ ਵੱਡੀ ਗਿਣਤੀ ਸ਼ਹਿਰਾਂ ਵਿੱਚ ਹੈ। ਤੇ ਇਹਨਾਂ ਵਿੱਚੋਂ ਬਹੁਤੇ ਇਕੱਲੇ-ਲੋਕ ਫਲੈਟਾਂ ਵਿੱਚ ਰਹਿ ਕੇ ਖੁਸ਼ ਹਨ।
ਪਹਿਲੇ ਸਮਾਜ ਦੀ ਬਣਤਰ ਵਿੱਚ ਵਿਆਹ ਜ਼ਰੂਰੀ ਸੀ। ਕੁਝ ਤਰੱਕੀ ਹੋਈ ਤਾਂ ਤਲਾਕ ਆ ਗਿਆ। ਕੁਝ ਹੋਰ ਤਰੱਕੀ ਹੋਈ ਤਾਂ ਵਿਆਹ ਖਤਮ ਕਰ ਕੇ ਲੋਕ ਬਿਨਾਂ ਵਿਆਹੋਂ ਰਹਿਣ ਲੱਗੇ ਤੇ ਹੁਣ ਇਹ ਸੋਚ ਏਨੀ ਵੱਧ-ਫੁੱਲ ਗਈ ਹੈ ਕਿ ਆਪੋ ਆਪਣੇ ਘਰ ਰਹੋ ਤੇ ਲੋੜ ਵੇਲੇ ਇਕੱਠੇ ਹੋ ਲE। ਆਉਣ ਵਾਲੇ ਸਮੇਂ ਵਿੱਚ ਸ਼ਾਇਦ ਸੰਬੰਧ ਡਾਊਨਲੋਡ ਹੋਇਆ ਕਰਨਗੇ। ਅੱਜ ਦੇ ਕੁਮੀਨੀਕੇਸ਼ਨ ਰੈਵਲੇਸ਼ਨ ਨੇ ਸਮਾਜਕ ਜੀਵਨ ਦੇ ਅਨੰਦ ਦੀ ਰੂਪ ਰੇਖਾ ਬਦਲ ਕੇ ਰੱਖ ਦਿੱਤੀ ਹੈ ਕਿ ਤੁਸੀਂ ਇਕੱਲੇ ਰਹਿੰਦੇ ਹੋਏ ਵੀ ਉਹੀ ਜਾਂ ਉਸੇ ਨੇੜਲਾ ਅਨੰਦ ਮਹਿਸੂਸ ਕਰ ਸਕਦੇ ਹੋ। ਇਕੱਲੇ ਰਹਿਣ ਦੇ ਰੁਝਾਨ ਦਾ ਵੱਡਾ ਕਾਰਨ ਤਾਂ ਨਿੱਜਤਾ ਵਿੱਚ ਹੋਇਆ ਵਾਧਾ ਹੈ। ਅੱਜ ਦੇ ਇਨਸਾਨ ਦੀ ਜਿ਼ੰਦਗੀ ‘ਮੈਂ’ ਦੁਆਲੇ ਘੁੰਮਦੀ ਹੈ ਤੇ ਮੈਂ ਦੁਆਲੇ ਹੀ ਖਤਮ ਹੋ ਜਾਂਦੀ ਹੈ। ਇਨਸਾਨ ਵਿੱਚ ਸਹਿਣ ਸ਼ਕਤੀ ਬਹੁਤ ਘੱਟ ਗਈ ਹੈ। ਪਹਿਲਾਂ ਪਰਿਵਾਰਾਂ ਵਿੱਚ ਰਹਿਣ ਦਾ ਇਕ ਕਾਰਨ ਸੁਰੱਖਿਅਤਾ ਵੀ ਸੀ ਜਿਹੜੀ ਕਿ ਅੱਜ ਦੇ ਸਮਾਜ ਵਿੱਚ ਪਹਿਲਾਂ ਜਿਹੀ ਸਮੱਸਿਆ ਨਹੀਂ ਰਹੀ। ਔਰਤਾਂ ਦਾ ਵਿਆਹ ਵਰਗੇ ਬੰਧਨ ਵਿੱਚ ਬੱਝੇ ਰਹਿਣ ਦਾ ਕਾਰਨ ਕਿਸੇ ਹੋਰ ‘ਤੇ ਆਰਥਿਕ ਨਿਰਭਰਤਾ ਸੀ ਜਿਹੜੀ ਕਿ ਹੁਣ ਪਹਿਲਾਂ ਵਾਂਗ ਨਹੀਂ ਹੈ। ਪੂੰਜੀਵਾਦ ਨੇ ਇਕੱਲੇ ਰਹਿਣ ਦੀ ਸੋਚ ਨੂੰ ਬਹੁਤ ਉਤਸ਼ਾਹ ਦਿੱਤਾ ਹੈ। ਇਸ ਸਿਸਟਮ ਵਿੱਚ ਹਰ ਕੋਈ ਇਕੱਲੇ ਰਹਿਣਾ ਝੱਲ ਸਕਦਾ ਹੈ। ਸੋਸ਼ਲ ਮੀਡੀਏ ਨੇ ਇਕੱਲੇ ਰਹਿਣ ਨੂੰ ਹੋਰ ਵੀ ਅਨੰਦ-ਦਾਇਕ ਬਣਾ ਦਿੱਤਾ ਹੈ। ਇਸ ਰਾਹੀਂ ਇਕੱਲੇ ਰਹਿਣ ਵਾਲਿਆਂ ਲਈ ਕਿੰਨੇ ਹੀ ਮੰਨੋਰੰਜਨ ਦੇ ਸਾਧਨ ਮਿਲ ਜਾਂਦੇ ਹਨ। ਇਕੱਲੇ ਰਹਿਣ ਵਾਲਿਆਂ ਦੇ ਅਨੇਕਾਂ ਬਲੌਗ ਹਨ ਜਿਸ ਰਾਹੀਂ ਉਹ ਆਪਣੇ ਤਜਰਬੇ ਸਾਂਝੇ ਕਰਦੇ ਰਹਿੰਦੇ ਹਨ। ਅਨੇਕਾਂ ਐਪਸ ਹਨ ਜਿਹਨਾਂ ਨੂੰ ਤੁਸੀਂ ਆਪਣੇ ਫੋਨ ਉਪਰ ਡਾਊਨਲੋਡ ਕਰ ਸਕਦੇ ਹੋ, ਜਿਸ ਰਾਹੀਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ।
ਮੇਰੇ ਬਹੁਤ ਸਾਰੇ ਦੋਸਤ ਇਕੱਲੇ ਰਹਿੰਦੇ ਹਨ। ਸ਼ਾਇਰ ਮੁਸ਼ਤਾਕ ਸਿੰਘ ਪਿਛਲੇ ਪੰਜਤਾਲੀ ਸਾਲ ਤੋਂ ਇਕੱਲਾ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਜੋ ਅਨੰਦ ਇਕੱਲੇ ਰਹਿਣ ਵਿੱਚ ਹੈ ਉਹ ਹੋਰ ਕਿਤੇ ਨਹੀਂ। ਡਾਕਟਰ ਦੇਵਿੰਦਰ ਕੌਰ ਪਿਛਲੇ ਪੱਚੀ ਸਾਲ ਤੋਂ ਇਕੱਲੀ ਰਹਿੰਦੀ ਹੈ। ਉਸ ਅਨੁਸਾਰ ਕਿ ਕਿਤੇ ਵੀ ਘੁੰਮ ਫਿਰ ਲਵੋ, ਕਿਧਰੇ ਵੀ ਦੋਸਤਾਂ ਨਾਲ ਕੁਝ ਦਿਨ ਰਹਿ ਲਵੋਂ ਪਰ ਜੋ ਆਪਣੇ ਫਲੈਟ ਵਿੱਚ ਇਕੱਲੇ ਰਹਿਣ ਦਾ ਮਜ਼ਾ ਹੈ ਉਹ ਹੋਰ ਕਿਤੇ ਨਹੀਂ। ਸੰਤੋਖ ਸਿੰਘ ਸੰਤੋਖ ਉਮਰ ਦੇ ਪਿਛਲੇ ਕੁਝ ਦਹਾਕੇ ਇਕੱਲਾ ਹੀ ਰਿਹਾ ਸੀ। ਡਾਕਟਰ ਸਵਰਨ ਚੰਦਨ ਵੀ ਇਕੱਲਾ ਹੀ ਰਹਿੰਦਾ ਸੀ। ਕਈ ਵਾਰ ਉਸ ਨੇ ਮੈਨੂੰ ਫੋਨ ਕਰਨਾ ਕਿ ਉਹ ਬਹੁਤ ਇਕੱਲਾ ਹੈ ਤੇ ਕੁਝ ਦਿਨਾਂ ਲਈ ਮੈਨੂੰ ਆ ਜਾਣ ਲਈ ਕਹਿਣਾ। ਮੈਂ ਉਸ ਕੋਲ ਚਲੇ ਜਾਣਾ ਤਾਂ ਦੋ ਦਿਨ ਬਾਅਦ ਹੀ ਕਹਿਣਾ ਕਿ ਹੁਣ ਤੂੰ ਚੱਲ। ਟਰੰਟੋ ਵਿੱਚ ਬਲਰਾਜ ਚੀਮਾ ਅੱਧੀ ਸਦੀ ਤੋਂ ਇਕੱਲਾ ਰਹਿੰਦਾ ਆ ਰਿਹਾ ਹੈ। ਕਦੇ ਕਦੇ ਉਹ ਦੱਬੀ ਆਵਾਜ਼ ਵਿੱਚ ਕਹਿ ਦਿੰਦਾ ਕਿ ਅੱਜ ਕੋਈ ਚਾਹ ਬਣਾ ਦਿੰਦੀ ਤਾਂ ਕਿੰਨਾ ਚੰਗਾ ਹੁੰਦਾ। ਰਸੋਈ ਵਿੱਚੋਂ ਵੰਗਾਂ ਦੀ ਛਣਕਾਰ ਨੂੰ ਉਸ ਦੇ ਕੰਨ ਹਾਲੇ ਵੀ ਉਡੀਕਣ ਲੱਗਦੇ ਹਨ ਪਰ ਉਹ ਇਕੱਲਾ ਰਹਿ ਕੇ ਬਹੁਤ ਖੁਸ਼ ਹੈ।
ਇਥੇ ਇਕੱਲੇ ਰਹਿਣ ਤੇ ਇਕੱਲਤਾ ਵਿੱਚ ਬਹੁਤ ਵੱਡਾ ਫਰਕ ਹੈ। ਇਕੱਲੇ ਰਹਿ ਕੇ ਤੁਸੀਂ ਸਾਰੀ ਦੁਨੀਆ ਨਾਲ ਰਹਿ ਰਹੇ ਹੋ ਸਕਦੇ ਹੋ ਤੇ ਇਕੱਲਤਾ ਤੁਸੀਂ ਪਰਿਵਾਰ ਵਿੱਚ ਵੀ ਮਹਿਸੂਸ ਕਰ ਸਕਦੇ ਹੋ। ਮਾਨਸਿਕ ਇਕੱਲਤਾ, ਜ਼ਬਰੀ ਦੀ ਇਕੱਲਤਾ ਤੇ ਬੁਰੇ ਵਕਤ ਵਾਲੀ ਇਕੱਲਤਾ ਹੋਰ ਚੀਜ਼ਾਂ ਹਨ। ਜਿਸ ਇਕੱਲੇ ਰਹਿਣ ਦੀ ਗੱਲ ਅਸੀਂ ਕਰ ਰਹੇ ਹਾਂ ਇਹ ਠੋਸੀ ਹੋਈ ਨਹੀਂ, ਚੁਣੀ ਹੋਈ ਹੁੰਦੀ ਹੈ। ਇਸ ਵਿੱਚ ਸੰਤੁਸ਼ਟੀ ਹੁੰਦੀ ਹੈ। ਇਕੱਲੇ ਰਹਿਣਾ ਪਸੰਦ ਕਰਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕੋਈ ਵਿਅਕਤੀ ਅੰਤਰਮੁਖੀ ਹੋ ਸਕਦਾ ਹੈ ਕਿ ਉਸ ਦਾ ਕਿਸੇ ਨਾਲ ਗੱਲ ਕਰਨ ਨੂੰ ਮਨ ਹੀ ਨਾ ਕਰਦਾ ਹੋਵੇ। ਕਈ ਲੋਕ ਆਪਣੇ ਆਪ ਨੂੰ ਏਨਾ ਪਿਆਰ ਕਰਦੇ ਹੁੰਦੇ ਹਨ ਕਿਸੇ ਹੋਰ ਨੂੰ ਝੱਲ ਹੀ ਨਹੀਂ ਸਕਦੇ। ਕਿਸੇ ਦਾ ਇਕੱਲੇ ਰਹਿਣ ਦਾ ਕਾਰਨ ਸਿਹਤ ਵੀ ਹੋ ਸਕਦਾ ਹੈ। ਕਈ ਏਨੇ ਸਫਾਈ ਪਸੰਦ ਹੁੰਦੇ ਹਨ ਕਿ ਕਿਸੇ ਹੋਰ ਨੂੰ ਲਾਗੇ ਨਹੀਂ ਲੱਗਣ ਦਿੰਦੇ। ਕਈਆਂ ਦੀ ਆਦਤ ਹੀ ਬਣ ਜਾਂਦੀ ਹੈ। ਕਈ ਘਰੋਂ ਦੂਰ ਰਹਿ ਕੇ ਕੰਮ ਕਰਦੇ ਹੋਣ ਕਰਕੇ ਵੀ ਇਕੱਲੇ ਰਹਿਣ ਲਈ ਮਜਬੂਰ ਹੁੰਦੇ ਹਨ। ਕਈ ਸਾਥੀ ਦੇ ਤੁਰ ਜਾਣ ਤੋਂ ਬਾਅਦ ਵੀ ਇਕੱਲੇ ਹੋ ਜਾਂਦੇ ਹਨ ਤੇ ਫਿਰ ਇਕੱਲ ਹੀ ਉਹਨਾਂ ਨੂੰ ਪਸੰਦ ਆ ਜਾਂਦੀ ਹੈ। ਕਈ ਲੋਕ ਆਪਣੀਆਂ ਪ੍ਰਵਿਰਤੀਆਂ ਕਰ ਕੇ ਇਕੱਲੇ ਰਹਿਣਾ ਪਸੰਦ ਕਰਦੇ ਹਨ। ਕਈ ਲੋਕ ਸਿਰਜਣਾਤਮ ਕੰਮ ਕਰਕੇ ਵੀ ਇਕੱਲ ਚਾਹੁੰਦੇ ਹਨ ਜਿਵੇਂ ਲੇਖਕ ਜਾਂ ਕਲਾਕਾਰ ਆਦਿ। ਨਵੀਂ ਟੈਕਨੌਲੌਜੀ ਨੇ ਵੀ ਲੋਕ ਇਕੱਲੇ ਕਰ ਦਿੱਤੇ ਹਨ। ਪਹਿਲਾਂ ਕੋਈ ਗੱਲ ਸਾਂਝੀ ਕਰਨ ਲਈ ਤੁਹਾਨੂੰ ਕਿਸੇ ਦੇ ਨੇੜ ਦੀ ਲੋੜ ਪੈਂਦੀ ਸੀ, ਹੁਣ ਤੁਸੀਂ ਫੋਨ ਜਾਂ ਵੀਡਿE ਫੋਨ ਉਪਰ ਦਿਲ ਦੀ ਗੱਲ ਸਾਂਝੀ ਕਰ ਸਕਦੇ ਹੋ। ਖੋਜ ਦੱਸਦੀ ਹੈ ਕਿ ਜਿਹੜੇ ਲੋਕ ਇਕੱਲੇ ਰਹਿੰਦੇ ਹਨ ਉਹ ਮਾਨਸਿਕ ਤੌਰ ‘ਤੇ ਵਧੇਰੇ ਸਿਹਤਵੰਦ ਤੇ ਸਮਾਜਕ ਹੁੰਦੇ ਹਨ।
ਕਿਸੇ ਇਕੱਲੇ ਰਹਿੰਦੇ ਵਿਅਕਤੀ ਨਾਲ ਗੱਲ ਕਰੋ ਤਾਂ ਉਹ ਇਸ ਦੇ ਹਜ਼ਾਰ ਫਾਇਦੇ ਗਿਣਵਾ ਦਿੰਦੇ ਹਨ। ਇਵੇਂ ਤੁਸੀਂ ਆਪਣੇ ਫੈਸਲੇ ਆਪ ਕਰ ਸਕਦੇ ਹੋ। ਆਰਥਿਕ ਤੌਰ ‘ਤੇ ਇਕੱਲੇ ਰਹਿਣਾ ਸਸਤਾ ਪੈਂਦਾ ਹੈ। ਜਿ਼ੰਮੇਵਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਕੱਲੇ ਰਹਿ ਕੇ ਤੁਸੀਂ ਜਿ਼ੰਦਗੀ ਨੂੰ ਨੇੜਿEਂ ਦੇਖ ਸਕਦੇ ਹੋ। ਆਪਣੀ ਮਰਜ਼ੀ ਨਾਲ ਉਠ, ਬੈਠ ਤੇ ਸੌਂ ਸਕਦੇ ਹੋ, ਮਰਜ਼ੀ ਦਾ ਖਾ-ਪੀ ਤੇ ਪਹਿਨ, ਖਰਚ-ਕਮਾ ਸਕਦੇ ਹੋ। ਕਿਸੇ ਦੀਆਂ ਸ਼ਰਤਾਂ ਮੰਨਣ ਦੀ ਲੋੜ ਨਹੀਂ ਪੈਂਦੀ। ਕਿਸੇ ਦੇ ਟਾਈਮ ਟੇਬਲ ਵਿੱਚ ਫਿੱਟ ਹੋਣ ਦੀ ਲੋੜ ਨਹੀਂ ਹੁੰਦੀ। ਆਪਣੇ ਬੌਸ ਆਪ ਹੁੰਦੇ ਹੋ। ਇਕੱਲੇ ਰਹਿਣ ਨਾਲ ਆਪਣੇ ਆਪ ਉਪਰ ਭਰੋਸਾ ਵੱਧਦਾ ਹੈ। ਆਪਣੇ ਬਾਰੇ ਬਹੁਤਾ ਸੋਚਣ ਦਾ ਮੌਕਾ ਮਿਲਦਾ ਹੈ। ਨਵੇਂ ਨਵੇਂ ਵਿਚਾਰ ਵੀ ਦਿਮਾਗ ਵਿੱਚ ਕੌਂਦ ਸਕਦੇ ਹਨ।
ਮੇਰੇ ਨਾਲ ਕੰਮ ਕਰਦੀ ਗੋਰੀ ਜੋ ਇਕੱਲੀ ਰਹਿੰਦੀ ਹੈ ਕਹਿੰਦੀ ਹੈ ਕਿ ਉਹ ਇਕੱਲੀ ਨਹੀਂ ਰਹਿੰਦੀ, ਬਸ ਭੀੜ ਤੋਂ ਬਚਦੀ ਹੈ। ਇਕੱਲੇ ਰਹਿਣਾ ਅੱਜ ਦੇ ਜ਼ਮਾਨੇ ਦੀ ਜੀਵਨ ਜਾਚ ਹੈ। ਇਕੱਲੇ ਰਹਿਣ ਦੀ ਧਾਰਨਾ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ। ਜ਼ਰੂਰੀ ਨਹੀਂ ਕਿ ਇਕੱਲੇ ਰਹਿਣ ਵਾਲੇ ਇਕੱਲੇ ਹੋਣ। ਇਹ ਵੀ ਸਮਾਜਕ ਪ੍ਰਾਣੀ ਹੀ ਹਨ ਕਿਉਂਕਿ ਇਹ ਸਮਾਜ ਵਿੱਚ ਹੀ ਰਹਿੰਦੇ ਹਨ, ਸਮਾਜ ਤੋਂ ਬਾਹਰ ਨਹੀਂ। ਮੈਂ ਤਾਂ ਇਹ ਵੀ ਦੇਖਿਆ ਹੈ ਕਿ ਇਕੱਲੇ ਰਹਿਣ ਵਾਲੇ ਜਿ਼ਆਦਾ ਮੋਹ ਕਰਨ ਵਾਲੇ ਹੁੰਦੇ ਹਨ ਤੇ ਜਿ਼ਆਦਾ ਸਮਾਜਕ ਹੁੰਦੇ ਹਨ।
ਜਿਹੜੇ ਇਕੱਲੇ ਰਹਿਣ ਦੇ ਫਾਇਦੇ ਹਨ ਉਹ ਹੀ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ। ਅਸਲ ਗੱਲ ਹੈ ਕਿ ਤੁਸੀਂ ਇਸ ਨੂੰ ਲੰਮੇ ਸਮੇਂ ਲਈ ਕਿਵੇਂ ਲੈਂਦੇ ਹੋ। ਕਈ ਵਾਰ ਇਵੇਂ ਵੀ ਹੁੰਦਾ ਹੈ ਕਿ ਤੁਹਾਨੂੰ ਇਕੱਲੇ ਰਹਿਣ ਦੀ ਆਦਤ ਬਣ ਜਾਂਦੀ ਹੈ ਪਰ ਤੁਸੀਂ ਇਕੱਲੇ ਰਹਿਣਾ ਨਹੀਂ ਚਾਹੁੰਦੇ। ਬਹੁਤੇ ਮਸਲੇ ਬੰਦੇ ਦੇ ਮਨ ਨਾਲ ਹੁੰਦੇ ਹਨ ਪਰ ਵੱਧਦੀ ਉਮਰ ਵਿੱਚ ਇਕੱਲੇ ਰਹਿਣਾ ਵਾਕਿਆ ਹੀ ਖਤਰਨਾਕ ਹੋ ਜਾਂਦਾ ਹੈ। ਖਾਸ ਤੌਰ ‘ਤੇ ਬਿਮਾਰੀ ਦੀ ਹਾਲਤ ਵਿੱਚ। ਕਿੰਨੇ ਬਿਜ਼ੁਰਗ ਇਕੱਲੇ ਹੀ ਅੰਦਰੀਂ ਪਏ ਪੂਰੇ ਹੋ ਜਾਂਦੇ ਹਨ। ਕਰੋਨਾ ਦੇ ਯੁੱਗ ਵਿੱਚ ਇਕੱਲਤਾ ਬਹੁਤ ਵਧੀ ਹੈ। ਸਰਕਾਰ ਵੀ ਇਕੱਲੇ ਰਹਿੰਦੇ ਲੋਕਾਂ ਵੱਲ ਖਾਸ ਧਿਆਨ ਦੇ ਰਹੀ ਹੈ। ਲੌਕਡਾਊਨ ਦੇ ਸਮੇਂ ਵਿੱਚ ਜਦ ਉਹ ਪਰਿਵਾਰਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕ ਰਹੀ ਹੈ, ਉਥੇ ਇਕੱਲੇ ਰਹਿੰਦੇ ਲੋਕਾਂ ਲਈ ਕੁਝ ਛੋਟਾਂ ਦਿੱਤੀਆਂ ਹੋਈਆਂ ਹਨ।
ਮੈਂ ਤਾਂ ਆਪ ਇਕੱਲਾ ਰਹਿ ਕੇ ਜਿ਼ਆਦਾ ਖੁਸ਼ ਰਹਿੰਦਾ ਹਾਂ। ਇਕੱਲ ਦੀ ਤਾਲਾਸ਼ ਵਿੱਚ ਮੈਂ ਅਕਸਰ ਕੁਝ ਦਿਨਾਂ ਲਈ ਕਿਸੇ ਦੂਰ ਦੇ ਹੋਟਲ ਵਿੱਚ ਰਹਿਣ ਚਲੇ ਜਾਇਆ ਕਰਦਾ ਹਾਂ, ਘਰ ਬਹਾਨਾ ਕੋਈ ਵੀ ਲਾਵਾਂ.
Comments