top of page
Writer's pictureਸ਼ਬਦ

ਲੰਡਨ ਦੀਆਂ ਤੁਰਨ-ਗਾਹਾਂ / ਹਰਜੀਤ ਅਟਵਾਲ /      ਜੀ ਹਾਂ, ਜਿਵੇਂ ਸੈਰ-ਗਾਹਾਂ ਹੁੰਦੀਆਂ ਹਨ ਉਵੇਂ ਹੀ ਤੁਰਨ-ਗਾਹਾਂ ਵੀ ਹੁੰਦੀਆਂ ਹਨ ਤੇ ਲੰਡਨ ਵਿੱਚ ਬਹੁਤ ਸਾਰੀਆਂ ਤੁਰਨ-ਗਾਹਾਂ ਹਨ ਤੇ ਹਨ ਵੀ ਬਹੁਤ ਮਨਮੋਹਕ। ਉਹਨਾਂ ਬਾਰੇ ਹੀ ਕੁਝ ਗੱਲਾਂ ਕਰਾਂਗੇ।     ਤੁਰਨਾ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਹੈ ਵਰਜਿਸ਼ ਕਰਨ ਦਾ। ਤੇ ਇਹ ਅਜਿਹੀ ਵਰਜਿਸ਼ ਹੈ ਜੋ ਦਿਨ ਵਿੱਚ ਕਦੇ ਵੀ ਕੀਤੀ ਜਾ ਸਕਦੀ ਹੈ। ਫਿਰ ਲੰਡਨ ਵਿੱਚ ਤੁਰਨ ਦਾ ਤਾਂ ਇਕ ਵਖਰਾ ਹੀ ਅਨੰਦ ਹੈ। ਕੰਕਰੀਟ ਦਾ ਇਹ ਜੰਗਲ ਪੈਦਲ ਤੁਰਦਿਆਂ ਜਿਹੜਾ ਤੁਸੀਂ ਦੇਖਦੇ ਜਾਂ ਅਨੁਭਵ ਕਰਦੇ ਹੋ, ਕਾਰਾਂ-ਗੱਡੀਆਂ ਵਿੱਚ ਨਹੀਂ ਕਰ ਸਕਦੇ। ਲੰਡਨ ਦਾ ਲੰਡਨ, ਵਰਜਿਸ਼ ਦੀ ਵਰਜਿਸ਼। ਫਿਰ ਅਜਕੱਲ ਡਾਕਟਰ ਵੀ ਤੁਰਨ ਉਪਰ ਜ਼ੋਰ ਪਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਬੰਦੇ ਨੂੰ ਰੋਜ਼ਾਨਾ ਦਸ ਹਜ਼ਾਰ ਕਦਮ ਜ਼ਰੂਰ ਤੁਰਨਾ ਚਾਹੀਦਾ ਹੈ। ਸਮਾਰਟ ਫੋਨਾਂ ਵਿੱਚ ਅਜਿਹੀਆਂ ਐਪਸ ਆ ਗਈਆਂ ਹਨ ਜੋ ਤੁਹਾਡੇ ਤੁਰੇ ਹਰ ਕਦਮ ਦਾ ਹਿਸਾਬ ਰਖਦੀਆਂ ਹਨ। ਦਿਨ ਦੇ ਅਖੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੁਸੀਂ ਕਿੰਨਾ ਤੁਰੇ, ਕੀ ਤੁਸੀਂ ਦਸ ਹਜ਼ਾਰ ਕਦਮ ਤੁਰਨ ਦਾ ਟੀਚਾ ਪੂਰਾ ਕੀਤਾ ਜਾਂ ਨਹੀਂ? ਇਹ ਐਪਸ ਤੁਹਾਨੂੰ ਤੁਰਨ ਲਈ ਉਤਸ਼ਾਹਿਤ ਕਰਦੀਆਂ ਹਨ। ਜਿਹੜੇ ਲੋਕ ਹਰ ਰੋਜ਼ ਦਸ ਹਜ਼ਾਰ ਕਦਮ ਤੁਰਨ ਦਾ ਟੀਚਾ ਪੂਰਾ ਕਰਦੇ ਹਨ ਉਹਨਾਂ ਵਿੱਚ ਇਕ ਮੈਂ ਵੀ ਹਾਂ। ਕੰਮ ਤੋਂ ਛੁੱਟੀ ਹੋਵੇ ਤਾਂ ਮੈਂ ਘਰੋਂ ਤੁਰਦਾ ਹੋਇਆ ਨੇੜਲੇ ਨੌਰਥਲਾ ਪਾਰਕ ਵਿੱਚ ਜਾ ਕੇ ਕੁਝ ਗੇੜੇ ਲਾਉਂਦਾ ਆਪਣੇ ਦਸ ਹਜ਼ਾਰ ਕਦਮ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜੇ ਰਹਿ ਜਾਣ ਤਾਂ ਸ਼ਾਮ ਨੂੰ ਫਿਰ ਤੁਰ ਲੈਂਦਾ ਹਾਂ। ਕੰਮ 'ਤੇ ਵੀ ਤੁਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਜੇ ਦਸ ਹਜ਼ਾਰ ਕਦਮ ਨਾ ਹੋਣ ਤਾਂ ਘਰ ਆ ਕੇ ਤੁਰਨ ਚਲੇ ਜਾਂਦਾ ਹਾਂ। ਹੁਣ ਤਾਂ ਇਹ ਆਦਤ ਜਿਹੀ ਹੀ ਬਣ ਗਈ ਹੈ। ਤੁਰੇ ਬਿਨਾਂ ਟਿਕਾਅ ਨਹੀਂ ਆਉਂਦਾ। ਕਦੇ ਕਦੇ ਮੌਸਮ ਜ਼ਰੂਰ ਅੜਿੱਕਾ ਬਣਦਾ ਹੈ ਪਰ ਮੈਂ ਘਰ ਟਰੈਡਮਿਲ ਵੀ ਰੱਖੀ ਹੋਈ ਹੈ। ਮੌਸਮ ਭਾਵੇਂ ਖਰਾਬ ਹੀ ਹੋਵੇ, ਟਰੈਡਮਿਲ ਨਾਲੋਂ ਬਾਹਰ ਤੁਰਨਾ ਬਿਹਤਰ ਤੇ ਕੁਦਰਤੀ ਲਗਦਾ ਹੈ।      ਬਹੁਤ ਸਾਰੇ ਲੋਕ ਲੰਮੀਆਂ ਲੰਮੀਆਂ ਪੈਦਲ ਯਾਤਰਾਵਾਂ ਕਿਸੇ ਨਾ ਕਿਸੇ ਮਕਸਦ ਲਈ ਕਰਦੇ ਹਨ। ਕੁਝ ਸਾਲ ਪਹਿਲਾਂ ਇੰਗਲੈਂਡ ਦੇ ਕ੍ਰਿਕਟਰ ਈਅਨ ਬੋਥਮ ਨੇ ਉਤਰੀ ਸਕੌਟਲੈਂਟ ਤੋਂ ਲੈ ਕੇ ਇੰਗਲੈਂਡ ਦੇ ਲੈਂਡਜ਼ ਐੰਡ ਤਕ ਤਕਰੀਬਨ ਸੱਤ ਸੌ ਮੀਲ ਦਾ ਪੈਂਡਾ ਤੁਰ ਕੁ ਤੈਅ ਕੀਤਾ ਸੀ, ਉਸ ਨੇ ਚੈਰਟੀ ਲਈ ਇਹ ਯਾਤਰਾ ਕੀਤੀ ਸੀ ਤੇ ਇਸ ਯਾਤਰਾ ਵਿੱਚ ਉਸ ਨੇ ਲੱਖਾਂ ਪੌਂਡ ਕੈਂਸਰ ਦੇ ਇਲਾਜ ਲਈ ਇਕੱਠੇ ਕੀਤੇ ਸਨ। ਇਵੇਂ ਹੀ ਪੰਜਾਬ ਦੇ ਮਾੜੇ ਹਾਲਾਤ ਵੇਲੇ ਐਕਟਰ ਸੁਨੀਲ ਦੱਤ ਨੇ ਮੁੰਬਈ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਾ ਸਫਰ ਪੈਦਲ ਤੁਰ ਕੇ ਕੀਤਾ ਸੀ। ਉਸ ਦਾ ਮਕਸਦ ਪੰਜਾਬ ਵਿੱਚ ਸ਼ਾਂਤੀ ਕਾਇਮ ਕਰਨਾ ਸੀ। ਪੰਜਾਬ ਦੇ ਹਾਲਾਤ ਨੂੰ ਤਾਂ ਉਸ ਦੀ ਯਾਤਰਾ ਸੁਧਾਰ ਨਹੀਂ ਸੀ ਸਕੀ ਪਰ ਉਸ ਯਾਤਰਾ ਦੀ ਚਰਚਾ ਬਹੁਤ ਹੋਈ ਸੀ।      ਕਈ ਲੋਕਾਂ ਨੂੰ ਤੁਰਨ ਦੀ ਖਬਤ ਹੁੰਦੀ ਹੈ। ਕਈ ਤਾਂ ਪੂਰੀ ਧਰਤੀ ਦਾ ਤੁਰ ਕੇ ਚਕਰ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਸੈਂਕੜੇ ਲੋਕ ਇਹ ਕੋਸ਼ਿਸ਼ ਕਰ ਚੁੱਕੇ ਹਨ ਪਰ ਛੇ ਲੋਕਾਂ ਦੀ ਕੋਸ਼ਿਸ਼ ਜ਼ਿਆਦਾ ਮਹਿਨੇ ਰਖਦੀ ਹੈ ਜਿਹਨਾਂ ਨੇ ਤਕਰੀਬਨ ਵੀਹ ਹਜ਼ਾਰ ਮੀਲ ਤਕ ਤੁਰ ਕੇ ਧਰਤੀ ਦੇ ਦੁਆਲੇ ਤੁਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਵਿੱਚੋਂ ਦੋ ਔਰਤਾਂ ਵੀ ਹਨ। ਇਹਨਾਂ ਵਿੱਚੋਂ ਸਭ ਤੋਂ ਕਾਮਯਾਬ ਜੌਰਜ ਮੀਗਨ ਹੋਇਆ ਹੈ। ਧਰਤੀ ਦੁਆਲੇ ਦਾ ਕੁਲ ਸਫਰ ਪੱਚੀ ਹਜ਼ਾਰ ਮੀਲ ਦਾ ਹੈ, ਇਸ ਵਿੱਚੋਂ ਜੌਰਜ ਮੀਗਨ ਨੇ ਉਨੀ ਹਜ਼ਾਰ ਮੀਲ ਤੋਂ ਵੱਧ ਤੱਕ ਦਾ ਸਫਰ ਤੈਅ ਕਰ ਲਿਆ ਸੀ, ਟੈਰਾ ਡੈਲ ਫੈਰੇਗੋ ਤੋਂ ਲੈ ਕੇ ਅਲਾਸਕਾ ਦੇ ਅਖੀਰ ਤਕ ਦਾ ਸਫਰ। ਇਸ ਨੂੰ ਉਸ ਦੀ ਵੱਡੀ ਪ੍ਰਾਪਤੀ ਮੰਨਿਆਂ ਜਾਂਦਾ ਹੈ। ਚਾਰ ਸਾਲ ਤੋਂ ਵੱਧ ਸਮਾਂ ਲਗਿਆ ਸੀ ਉਸ ਨੂੰ ਏਨਾ ਕੁ ਤੁਰਨ ਵਿੱਚ। ਇਕ ਅੰਦਾਜ਼ੇ ਮੁਤਾਬਕ ਇਕ ਟਰੇਂਡ-ਵਾਕਰ ਜਾਂ ਹੰਡਿਆ ਹੋਇਆ ਤੋਰਾ (vfkr ) ਇਕ ਘੰਟੇ ਵਿੱਚ ਤਿੰਨ ਮੀਲ ਤੁਰਦਾ ਹੈ ਇਸ ਤਰ੍ਹਾਂ ਧਰਤੀ ਦੁਆਲੇ ਚਕਰ ਲਾਉਣ ਲਈ ਸਾਢੇ ਅੱਠ ਹਜ਼ਾਰ ਘੰਟੇ ਲਗਣਗੇ। ਲੰਡਨ ਦੀਆਂ ਸੜਕਾਂ-ਗਲੀਆਂ ਦੀ ਲੰਬਾਈ 9197 ਮੀਲ ਹੈ, ਸੋ ਇਹਨਾਂ ਨੂੰ ਪੈਦਲ ਤੁਰਨ ਵਿੱਚ 3065 ਘੰਟੇ ਲਗਣਗੇ।     ਖ਼ੈਰ, ਮੈਂ ਗੱਲ ਲੰਡਨ ਦੀਆਂ ਤੁਰਨ-ਗਾਹਾਂ ਦੀ ਗੱਲ ਕਰ ਰਿਹਾ ਸਾਂ। ਲੰਡਨ ਵਿੱਚ ਹਜ਼ਾਰਾਂ ਨਹੀਂ ਤਾਂ ਕਈ ਸੈਂਕੜੇ ਤੁਰਨ-ਗਾਹਾਂ ਹਨ ਜਿਥੇ ਪੈਦਲ ਤੁਰਨ ਦੇ ਪ੍ਰੇਮੀ ਤੁਰਿਆ ਕਰਦੇ ਹਨ। ਇਹ ਤੁਰਨ-ਗਾਹਾਂ ਕੇਦਰੀ ਲੰਡਨ ਦੀਆਂ ਇਮਾਰਤਾਂ ਵਿਚਕਾਰ ਦੀ ਵੀ ਲੰਘਦੀਆਂ ਹਨ, ਪਾਰਕਾਂ, ਨਹਿਰਾਂ ਤੇ ਦਰਿਆਵਾਂ ਕੰਢਿਆਂ ਉਪਰ ਦੀ ਵੀ, ਰੇਲਵੇ ਲਾਈਨਾਂ, ਸਟੇਸ਼ਨਾਂ, ਏਅਰਪੋਰਟਾਂ ਆਦਿ ਕੋਲ ਦੀ ਵੀ ਹਨ। ਇਹਨਾਂ ਤੁਰਨ-ਗਾਹਾਂ ਵੱਲ ਸਰਕਾਰ ਵਲੋਂ ਜਾਂ ਲੋਕਲ ਕੌਂਸਲਾਂ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਵਿਸ਼ੇਸ਼ ਪ੍ਰਬੰਧਕ ਕਮੇਟੀਆਂ ਹੁੰਦੀਆਂ ਹਨ ਜੋ ਇਹਨਾਂ ਦੀ ਸਾਂਭ-ਸੰਭਾਲ ਕਰਦੀਆਂ ਹਨ। ਇਹਨਾਂ ਤੁਰਨ-ਗਾਹਾਂ ਦਾ ਆਲਾ ਦੁਆਲਾ ਰਮਣੀਕ ਤੇ ਸਹੂਲਤਾਂ ਭਰਿਆ ਬਣਾਇਆ ਜਾਂਦਾ ਹੈ ਤਾਂ ਜੋ ਤੁਰਨ ਵਾਲੇ ਨਜ਼ਾਰਿਆਂ ਦਾ ਅਨੰਦ ਵੀ ਮਾਣ ਸਕਣ। ਇਹਨਾਂ ਤੁਰਨ-ਗਾਹਾਂ ਦੀ ਜਾਣਕਾਰੀ ਲਈ ਖਾਸ ਕਿਤਾਬਚੇ ਜਾਂ ਗਾਈਡਾਂ ਮਿਲ ਜਾਂਦੀਆਂ ਹਨ। ਲੋਕਲ ਕੌਂਸਲ ਦੇ ਦਫਤਰਾਂ ਜਾਂ ਤੁਸੀਂ ਇੰਟਰਨੈੱਟ ਤੋਂ ਵੀ ਦੇਖ ਸਕਦੇ ਹੋ। ਇਹਨਾਂ ਤੁਰਨ-ਗਾਹਾਂ ਉਪਰ ਤੁਰਨ ਲਈ ਲੋਕ ਇਕੱਲੇ ਵੀ ਨਿਕਲ ਪੈਂਦੇ ਹਨ ਪਰ ਆਮ ਤੌਰ 'ਤੇ ਪ੍ਰਬੰਧਕਾਂ ਵਲੋਂ ਗਰੁੱਪ-ਵਾਕ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਚੈਰਟੀ ਵਾਲੀਆਂ ਸੰਸਥਾਵਾਂ ਵੀ ਗਰੁੱਪ-ਵਾਕ ਦਾ ਇੰਤਜ਼ਾਮ ਕਰਦੀਆਂ ਹਨ। ਇਸ ਗਰੁੱਪ ਵਿੱਚ ਸ਼ਾਮਲ ਹੋਣ ਲਈ ਥੋੜੀ ਜਿਹੀ ਫੀਸ ਦੇਣੀ ਹੁੰਦੀ ਹੈ। ਤੁਹਾਨੂੰ ਤੁਰਨ-ਗਾਹਾਂ ਦੇ ਰੂਟ ਦਿੱਤੇ ਜਾਂਦੇ ਹਨ, ਤੁਸੀਂ ਆਪਣਾ ਮਨਪਸੰਦ ਰੂਟ ਚੁਣ ਸਕਦੇ ਹੋ। ਹਰ ਰੂਟ ਦਾ ਇਕ ਟਾਈਮਟੇਬਲ ਹੁੰਦਾ ਹੈ, ਉਸ ਮੁਤਾਬਕ ਤੁਹਾਨੂੰ ਦੱਸੀ ਜਗਾਹ ਤੇ ਦੱਸੇ ਵਕਤ ਤੇ ਪੁੱਜਣਾ ਹੁੰਦਾ ਹੈ। ਉਥੋਂ ਤੁਹਾਡੀ ਵਾਕ ਸ਼ੁਰੂ ਹੋ ਕੇ ਇਕ ਖਾਸ ਜਗਾਹ ਤੇ ਜਾ ਕੇ ਖਤਮ ਹੋਣੀ ਹੁੰਦੀ ਹੈ, ਜੇ ਤੁਸੀਂ ਚਾਹੋਂ ਤਾਂ ਉਸੇ ਰੂਟ 'ਤੇ ਵਾਪਸ ਵੀ ਆ ਸਕਦੇ ਹੋ। ਹਰ ਗਰੁੱਪ ਦਾ ਇਕ ਗਾਈਡ ਹੁੰਦਾ ਹੈ ਜੋ ਸਭ ਦੇ ਅੱਗੇ ਅੱਗੇ ਚਲਦਾ ਹੈ ਤੇ ਸਭ ਜਗਾਵਾਂ ਦੀ ਜਾਣਕਾਰੀ ਦਿੰਦਾ ਜਾਂਦਾ ਹੈ। ਇਹਨਾਂ ਗਰੁੱਪਾਂ ਵਿੱਚ ਤੁਹਾਨੂੰ ਨਵੇਂ ਨਵੇਂ ਦੋਸਤ ਵੀ ਮਿਲ ਸਕਦੇ ਹਨ। ਗਰੁੱਪ-ਵਾਕ ਵੀਕ-ਐੰਡ ਜਾਂ ਛੁੱਟੀ ਵਾਲੇ ਦਿਨ ਹੀ ਜ਼ਿਆਦਾ ਹੁੰਦੀ ਹੈ, ਹਾਂ ਰਿਟਾਇਰ ਹੋਏ ਲੋਕਾਂ ਦੇ ਅਲੱਗ ਗਰੁੱਪ ਹੁੰਦੇ ਹਨ ਜੋ ਤੁਰਨ ਲਈ ਕੋਈ ਵੀ ਦਿਨ ਤੈਅ ਕਰ ਸਕਦੇ ਹਨ। ਜੇ ਕਿਤੇ ਮੌਸਮ ਜ਼ਿਆਦਾ ਖਰਾਬ ਹੋ ਜਾਵੇ ਤਾਂ ਵਾਕ ਰੱਦ ਵੀ ਹੋ ਸਕਦੀ ਹੈ।      ਹਰ ਤੁਰਨ-ਗਾਹ ਦੀ ਆਪਣੀ ਮਹੱਤਤਾ ਹੈ ਪਰ ਥੇਮਜ਼ ਦਰਿਆ ਕੰਢਲੇ ਫੁੱਟ-ਪਾਥ ਨੂੰ ਜ਼ਿਆਦਾ ਵਧੀਆ ਮੰਨਿਆਂ ਜਾਂਦਾ ਹੈ, ਘੱਟੋ ਘੱਟ ਮੈਂ ਇਵੇਂ ਮੰਨਦਾ ਹਾਂ। ਵੈਸੇ ਤਾਂ ਥੇਮਜ਼ ਦਰਿਆ ਜਿਥੋਂ ਨਿਕਲਦਾ ਹੈ ਉਥੋਂ ਲੈ ਕੇ ਇਸ ਦੇ ਸਮੁੰਦਰ ਵਿੱਚ ਡਿਗਣ ਤਕ ਦੇ ਤਕਰੀਬਨ ਦੋ ਸੌ ਮੀਲ ਦੇ ਸਫਰ ਵਿੱਚ ਦਰਿਆ ਦੇ ਦੋਵੇਂ ਪਾਸੀਂ ਹੀ ਤੁਰਨ ਲਈ ਪਾਥ ਬਣੇ ਹੋਏ ਹਨ ਪਰ ਫਿਰ ਵੀ ਕਈ ਥਾਵਾਂ 'ਤੇ ਇਹ ਪਾਥ ਦਰਿਆ ਤੋਂ ਛੁੱਟ ਜਾਂਦੇ ਹਨ। ਮੈਂ ਕਦੇ ਇਕੱਲਾ ਜਾਵਾਂ ਤਾਂ ਥੇਮਜ਼ ਦੁਆਲੇ ਰਿਚਮੰਡ ਦੇ ਏਰੀਏ ਵਿੱਚ ਤੁਰਨਾ ਪਸੰਦ ਕਰਦਾ ਹਾਂ। ਜੇ ਕਦੇ ਗਰੁੱਪ ਵਿੱਚ ਜਾਣਾ ਹੋਵੇ ਤਾਂ ਮੈਨੂੰ ਗਰੀਨਫੋਰਡ ਸਟੇਸ਼ਨ ਤੋਂ ਲੈ ਕੇ ਆਈਜ਼ਲਵਰਥ ਸਟੇਸ਼ਨ ਤੱਕ ਦੀ ਤੁਰਨ-ਗਾਹ ਚੰਗੀ ਲਗਦੀ ਹੈ। ਇਹ ਰਾਹ ਉਚਾਣਾਂ, ਨਿਵਾਣਾਂ, ਝਾੜੀਆਂ, ਜੰਗਲਾਂ ਵਿਚਕਾਰ ਦੀ ਹੁੰਦਾ ਜਾਂਦਾ ਹੈ। ਰਾਹ ਵਿੱਚ ਇਕ ਕੈਫੇ ਪੈਂਦਾ ਹੈ ਜਿਥੇ ਰੁਕ ਕੇ ਤੁਸੀਂ ਹਲਕਾ ਜਿਹਾ ਨਾਸ਼ਤਾ ਕਰ ਸਕਦੇ ਹੋ ਤੇ ਦੁਪਹਿਰ ਵੇਲੇ ਤੁਸੀਂ ਇਕ ਪੱਬ ਵਿੱਚ ਪੁੱਜਦੇ ਹੋ ਜਿਥੇ ਖਾਣਾ ਖਾ ਸਕਦੇ ਹੋ ਤੇ ਉਥੇ ਹੀ ਇਹ ਯਾਤਰਾ ਖਤਮ ਹੁੰਦੀ ਹੈ। ਸਵੇਰੇ ਅੱਠ ਤੋਂ ਬਾਰਾਂ ਵਜੇ, ਚਾਰ ਘੰਟੇ ਦੀ ਇਹ ਯਾਤਰਾ ਹੈ।      ਮੈਂ ਲੰਡਨ ਦੀਆਂ ਤੁਰਨ-ਗਾਹਾਂ ਤੱਕ ਸੀਮਤ ਨਹੀਂ ਰਹਿੰਦਾ, ਮੈਂ ਦੋਸਤਾਂ ਨਾਲ ਬ੍ਰਤਾਨੀਆ ਦੀਆਂ ਹੋਰਨਾਂ ਤੁਰਨ-ਗਾਹਾਂ ਵਲ ਵੀ ਚਲੇ ਜਾਂਦਾ ਹਾਂ। ਲੇਕ ਡਿਸਟ੍ਰਿਕਟ ਜਾਂ ਪੀਕ ਡਿਸਟ੍ਰਿਕਟ ਜਾਂ ਸਕੌਟਲੈਂਡ। ਸਮੁੰਦਰ ਦੇ ਕੰਢੇ-ਕੰਢੇ ਤੁਰਨ ਦਾ ਮਜ਼ਾ ਹੀ ਕੁਝ ਹੋਰ ਹੈ। ਮੈਂ ਛੁੱਟੀਆਂ ਵਿੱਚ ਅਕਸਰ ਸਪੇਨ ਜਾਂਦਾ ਹਾਂ ਤੇ ਸਪੇਨ ਦੇ ਟੋਰੇਮੋਲੀਨੋਜ਼ ਤੋਂ ਲੈ ਕੇ ਮਲਾਗਾ ਤੱਕ ਦੇ ਸਮੁੰਦਰੀ ਤੱਟ 'ਤੇ ਤੁਰਨਾ ਮੈਨੂੰ ਬਹੁਤ ਚੰਗਾ ਲਗਦਾ ਹੈ। ਮੌਸਮ ਬਹੁਤ ਵਧੀਆ ਹੁੰਦਾ ਹੈ, ਸਾਹਮਣੇ ਅਫਰੀਕਾ ਪੈਂਦਾ ਹੈ, ਉਧਰੋਂ ਗਰਮ ਹਵਾ ਮੌਸਮ ਨੂੰ ਸਾਰਾ ਸਾਲ ਨਿੱਘਾ ਰਖਦੀ ਹੈ। ਇਥੇ ਹੀ ਮੈਂ ਵੀਹ ਤੋਂ ਪੱਚੀ ਹਜ਼ਾਰ ਕਦਮ ਕਈ ਵਾਰ ਤੁਰਿਆ ਹਾਂ ਜਾਣੀ ਕਿ ਇਕੋ ਸਾਹੇ ਅੱਠ ਤੋਂ ਨੌਂ ਮੀਲ। ਆਮ ਤੌਰ 'ਤੇ ਇਵੇਂ ਤੁਰਨ ਵਾਲੇ ਲੋਕ ਇਕ ਰੱਕਸੈਕ ਆਪਣੀ ਪਿੱਠ 'ਤੇ ਲਟਕਾਈ ਤੁਰਦੇ ਹਨ ਜਿਹਦੇ ਵਿੱਚ ਪਾਣੀ, ਕੁਝ ਹਲਕਾ ਜਿਹਾ ਖਾਣ ਲਈ ਆਦਿ ਰਖਿਆ ਹੁੰਦਾ ਹੈ ਪਰ ਮੈਂ ਕਦੇ ਵੀ ਅਜਿਹਾ ਕੁਝ ਨਾਲ ਨਹੀਂ ਲਿਆ।      ਤੁਰਨ ਲਈ ਸਿਰਫ ਇਕ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹ ਹੈ ਵਧੀਆ ਜਿਹੇ ਬੂਟਾਂ ਦੀ। ਜੋ ਹਲਕੇ ਵੀ ਹੋਣ ਤੇ ਪਾਏਦਾਰ ਵੀ। ਇਹ ਆਮ ਦੁਕਾਨਾਂ ਤੋਂ ਮਿਲ ਜਾਂਦੇ ਹਨ। ਬਹੁਤ ਸਾਰੀਆਂ ਕੰਪਨੀਆਂ ਨੇ ਵਿਸ਼ੇਸ਼ ਵਾਕਿੰਗ-ਸ਼ੂਅ ਵੀ ਬਣਾਏ ਹੋਏ ਹਨ। ਤੁਰਨ ਲਈ ਮੈਂ ਸਦਾ ਰੇਗਾਟਾ ਦੇ ਜੌਗਰ ਖਰੀਦਦਾ ਹਾਂ, ਉਹਨਾਂ ਦੀਆਂ ਹੀ ਜੈਕਟਾਂ ਤੇ ਟਰਾਉਜ਼ਰਾਂ ਵੀ ਜੋ ਮੀਂਹ ਤੋਂ ਬਚਾਓ ਕਰਦੇ ਹਨ। ਕਈ ਲੋਕ ਦੋਵਾਂ ਹੱਥਾਂ ਵਿੱਚ ਵਿਸ਼ੇਸ਼ ਵਾਕਿੰਗ-ਸਟਿਕਸ ਕੇ ਤੁਰਦੇ ਹਨ ਜੋ ਉਹਨਾਂ ਨੂੰ ਤੇਜ਼ ਤੁਰਨ ਵਿੱਚ ਸਹਾਈ ਹੁੰਦੀਆਂ ਹਨ। ਗਰਮੀਆਂ ਨੂੰ ਹਲਕੇ ਕਪੜੇ ਤੇ ਸਰਦੀਆਂ ਨੂੰ ਭਾਰੇ ਕਪੜੇ। ਹਾਂ, ਤੁਰਨਾ ਸਿਰਫ ਗਰਮੀਆਂ ਦੀ ਹੀ ਗੇਮ ਨਹੀਂ ਹੈ, ਸਰਦੀਆਂ ਨੂੰ ਤੁਰਨ ਵਿੱਚ ਅਲੱਗ ਹੀ ਅਨੰਦ ਹੁੰਦਾ ਹੈ। ਵੈਸੇ ਮੈਂ ਤਾਂ ਮੀਂਹ ਪੈਂਦੇ ਵਿੱਚ ਵੀ ਲੋਕ ਤੁਰਦੇ ਦੇਖੇ ਹਨ। ਸਰਦੀ ਵਿੱਚ ਤੁਸੀਂ ਭਾਰੇ ਕਪੜੇ ਪਾ ਕੇ ਬਾਹਰ ਨਿਕਲੋ, ਬਾਹਰ ਠੰਡੀ ਹਵਾ, ਧੁੰਦ, ਮਿਸਟ ਕਦੇ ਕਦੇ ਬਰਫ ਵੀ ਹੁੰਦੀ ਹੈ। ਤੁਸੀਂ ਤੁਰੇ ਜਾਂਦੇ ਸਾਹ ਲੈਂਦੇ ਹੋ ਤਾਂ ਜਾਪਦਾ ਹੈ ਜਿਵੇਂ ਸਿਗਰਟ ਪੀ ਰਹੇ ਹੋਵੋਂ। ਸਰਦੀਆਂ ਨੂੰ ਮੈਂ ਨਹਿਰ ਕੰਢੇ ਤੁਰਨਾ ਜ਼ਿਆਦਾ ਪਸੰਦ ਕਰਦਾ ਹਾਂ। ਵੈਸੇ ਤਾਂ ਪੂਰੇ ਲੰਡਨ ਵਿੱਚ ਹੀ ਨਹਿਰਾਂ ਹਨ ਪਰ ਸਾਡੇ ਘਰ ਦੇ ਨੇੜੇ ਵਾਲੀ ਨਹਿਰ ਦਾ ਕੰਢਾ ਤੁਰਨ ਤੇ ਸਾਈਕਲ ਚਲਾਉਣ ਵਾਸਤੇ ਬਹੁਤ ਢੁਕਵਾਂ ਹੈ। ਸਰਦੀਆਂ ਨੂੰ ਮੈਂ ਇਸੇ ਨਹਿਰ ਕੰਢੇ ਤੁਰ ਕੇ ਆਪਣੇ ਦਸ ਹਜ਼ਾਰ ਕਦਮ ਪੂਰੇ ਕਰ ਲੈਂਦਾ ਹਾਂ।     ਮੇਰੀ ਇਕ ਵਾਕਫ ਔਰਤ ਮੈਰੀ ਸਕੌਟ ਨੇ ਲੰਡਨ ਦੀਆਂ ਤੁਰਨ ਰਾਹਾਂ ਬਾਰੇ ਇਕ ਕਿਤਾਬ ਵੀ ਲਿਖੀ ਹੈ, ( ਦ ਸਿਟੀਜ਼ ਬੈਸਟ ਵਾਕ ਫਾਰ ਡੌਗਜ਼ ਐਂਡ ਦੇਅਰ ਔਨਰਜ਼- ਲੇਖਕਾ- ਮੈਰੀ ਸਕੌਟ). ਉਹ ਆਪਣਾ ਕੁੱਤਾ ਲੈ ਕੇ ਨਿਕਲ ਜਾਂਦੀ ਤੇ ਸਾਰਾ ਦਿਨ ਘੁੰਮਦੀ ਰਹਿੰਦੀ ਤੇ ਸ਼ਾਮ ਨੂੰ ਆਪਣੇ ਤਜਰਬੇ ਲਿਖਦੀ। ਜਦ ਕਦੇ ਉਹ ਮੈਨੂੰ ਮਿਲਦੀ ਤਾਂ ਇਸ ਨਾਲ ਸੰਬੰਧਤ ਕਈ ਕਿੱਸੇ ਸੁਣਾਉਂਦੀ ਜੋ ਬਹੁਤ ਰੌਚਕ ਹੁੰਦੇ ਪਰ ਜਦ ਉਸ ਦੀ ਕਿਤਾਬ ਆਈ ਤਾਂ ਕੋਈ ਖਾਸ ਨਹੀਂ ਸੀ। ਮੈਂ ਸੋਚ ਰਿਹਾ ਸਾਂ ਕਿ ਮੈਂ ਵੀ ਆਪਣੇ ਤੁਰਨ-ਤਜਰਬਿਆਂ ਬਾਰੇ ਇਕ ਦਿਨ ਕਿਤਾਬ ਲਿਖਾਂਗਾ ਜੋ ਮੈਰੀ ਸਕੌਟ ਦੀ ਕਿਤਾਬ ਤੋਂ ਕਿਤੇ ਵੱਧ ਜਾਣਕਾਰੀ ਭਰਪੂਰ ਤੇ ਦਿਲਚਸਪ ਹੋਵੇਗੀ ਪਰ ਕਿਤਾਬ ਤਾਂ ਕੀ ਇਹ ਆਰਟੀਕਲ ਹੀ ਬੜੀ ਮੁਸ਼ਕਲ ਨਾਲ ਲਿਖ ਸਕਿਆ ਹਾਂ। ਹੋ ਸਕਦਾ ਹੈ ਮੇਰੇ ਇਸ ਆਰਟੀਕਲ ਨੂੰ ਪੜ੍ਹ ਕੇ ਕੋਈ ਹੋਰ ਵੀ ਲੰਡਨ ਦੀਆਂ ਤੁਰਨ-ਗਾਹਾਂ ਦੇ ਤਜਰਬੇ ਕਰਨ ਨਿਕਲੇ ਤੇ ਕੁਝ ਵੱਡਾ ਲਿਖੇ।      ਇਕ ਨਿੱਜੀ ਜਿਹੀ ਗੱਲ ਸਾਂਝੀ ਕਰਦਾ ਜਾਵਾਂ ਕਿ ਲੋਕ ਅਕਸਰ ਮੈਨੂੰ ਪੁੱਛਦੇ ਹਨ ਕਿ ਏਨਾ ਤੁਰਨ ਤੋਂ ਬਾਅਦ ਵੀ ਮੇਰਾ ਭਾਰ ਕਿਉਂ ਨਹੀਂ ਘਟਿਆ। ਮੇਰਾ ਜਵਾਬ ਹੁੰਦਾ ਹੈ ਕਿ ਦੋਸਤ, ਭਾਰ ਤੁਰਨ ਨਾਲ ਨਹੀਂ ਮੂੰਹ ਬੰਨਣ ਨਾਲ ਘਟਦਾ ਹੈ।


Comments


bottom of page