top of page
  • Writer's pictureਸ਼ਬਦ

ਦੀਵਾਲੀ ਦੇ ਬਹਾਨੇ- /

ਹਰਜੀਤ ਅਟਵਾਲ /

ਜਦੋਂ ਗਲਾਸਗੋ ਵਿੱਚ ਪੌਲੂਸ਼ਨ ਘਟਾਉਣ ਲਈ ਦੁਨੀਆ ਦੇ ਲੀਡਰ ਕਾਨਫਰੰਸਾਂ ਕਰ ਰਹੇ ਹਨ ਉਸ ਵੇਲੇ ਦੁਨੀਆ ਭਰ ਵਿੱਚ ਦੀਵਾਲੀ ਉਪਰ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਇਹਨਾਂ ਲੀਡਰਾਂ ਨੂੰ ਦੀਵਾਲੀ ਦੇ ਪਟਾਕਿਆਂ ਜਾਂ ਹੋਰਨਾਂ ਦਿਵਸਾਂ ਜਿਵੇਂ ਕਿ ਨਵੇਂ-ਸਾਲ ਆਦਿ ‘ਤੇ ਚਲਦੀ ਆਤਿਸ਼ਬਾਜ਼ੀ ਤੇ ਉਸ ਵਿੱਚੋਂ ਉਠਦੇ ਧੂੰਏਂ ਵੱਲ ਕੋਈ ਧਿਆਨ ਨਹੀਂ ਜਾਂਦਾ। ਭਾਰਤ ਵਿੱਚ ਦੀਵਾਲੀ ‘ਤੇ ਹੁੰਦੀ ਆਤਿਸ਼ਬਾਜ਼ੀ ਬਾਰੇ ਨਾਸਾ ਵਾਲੇ ਹਰ ਸਾਲ ਤਸਵੀਰਾਂ ਛਾਪਦੇ ਹਨ। ਲੰਡਨ (ਸਾਊਥਾਲ) ਵਿੱਚ ਜਿੱਥੇ ਮੈਂ ਰਹਿੰਦਾ ਹਾਂ, ਵੀ ਦੀਵਾਲੀ ਨੂੰ ਭਾਰਤ ਵਾਂਗ ਹੀ ਚਾਰੇ ਪਾਸੇ ਪਟਾਕੇ, ਅਨਾਰ, ਫੁੱਲਝੜੀਆਂ, ਹਵਾਈਆਂ ਭਾਵ ਰਾਕਟ ਚਲਾਏ ਜਾਂਦੇ ਹਨ। ਆਤਿਸ਼ਬਾਜ਼ੀ ਹੁੰਦੀ ਹੈ। ਮੈਂ ਸੋਚਿਆ ਕਿ ਚਲੋ ਅੱਜ ਦੀਵਾਲੀ ਦੇ ਬਹਾਨੇ ਆਤਿਸ਼ਬਾਜ਼ੀ ਦੇ ਇਤਿਹਾਸ ਬਾਰੇ ਹੀ ਗੱਲ ਕਰ ਲਈਏ।

ਪੁਰਾਤਨ-ਚੀਨ ਨੇ ਚਾਰ ਵੱਡੀਆਂ-ਕਾਢਾਂ ਕੱਢੀਆਂ ਜਿਹਨਾਂ ਨੇ ਦੁਨੀਆ ਬਦਲ ਦਿੱਤੀ। ਇਹ ਸਨ, ਕਾਗਜ਼, ਛਾਪਾਖਾਨਾ, ਕੰਪਾਸ ਤੇ ਬਾਰੂਦ। ਬਾਰੂਦ ਖਤਰਨਾਕ ਚੀਜ਼ ਸੀ ਪਰ ਉਸ ਨੂੰ ਵਿਸ਼ੇਸ਼-ਟੈਕਨੀਕ ਨਾਲ ਨਰਮ ਕਰਕੇ ਇਸ ਵਿੱਚੋਂ ਆਤਿਸ਼ਬਾਜ਼ੀ ਕੱਢੀ ਗਈ। ਇਸ ਵਿਧੀ ਨੂੰ ‘ਲੋਅ ਐਕਪਲੋਸਿਵ ਪਾਇਰੋਟੈਕਨੀਕ’ ਕਹਿੰਦੇ ਹਨ। ਇਸੇ ਟੈਕਨੀਕ ਰਾਹੀਂ ਤੀਲਾਂ ਦੀ ਡੱਬੀ ਤੋਂ ਲੈਕੇ ਫੁੱਲਝੜੀਆਂ-ਪਟਾਕੇ-ਹਵਾਈਆਂ-ਰੌਕਟ ਬਣਦੇ ਹਨ। ਅੱਗ ਜਿਥੇ ਵਿਨਾਸ਼ ਦਾ ਕੰਮ ਕਰਦੀ ਹੈ ਜਾਂ ਨਿੱਘ-ਗਰਮਾਇਸ਼ ਦਿੰਦੀ ਹੈ ਉਥੇ ਮੰਨੋਰੰਜਨ ਵੀ ਕਰਦੀ ਹੈ। ਕੋਈ ਜਸ਼ਨ ਮਨਾਉਣ ਜਾਂ ਮੰਨੋਰੰਜਨ ਲਈ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਅੰਗਰੇਜ਼ੀ ਵਿੱਚ ਇਸਦੇ ਲਈ ਫਾਇਰ-ਵਰਕਸ ਸ਼ਬਦ ਵਰਤਿਆ ਜਾਂਦਾ ਹੈ।

ਆਮ ਤੌਰ ‘ਤੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਸਰਕਾਰ ਜਾਂ ਸੰ‎ਸਥਾਵਾਂ ਵਲੋਂ ਆਯੋਯਤ ਕੀਤਾ ਜਾਂਦਾ ਹੈ, ਜਿਸਨੂੰ ਦੇਖਣ ਲਈ ਆਮ-ਲੋਕ ਸ਼ਾਮਲ ਹੁੰਦੇ ਹਨ। ਕਈ ਥਾਵੀਂ ਇਸਨੂੰ ਦੇਖਣ ਦਾ ਟਿਕਟ ਵੀ ਲਾਇਆ ਜਾ ਸਕਦਾ ਹੈ। ਇਸਨੂੰ ਕੰਟਰੋਲਡ-ਆਤਿਸ਼ਬਾਜ਼ੀ ਕਹਿ ਸਕਦੇ ਹਾਂ, ਇਥੇ ਸਾਰੀ ਆਤਿਸ਼ਬਾਜ਼ੀ ਮਾਹਿਰ ਆਤਿਸ਼ਬਾਜ਼ਾਂ ਵਲੋਂ ਕੀਤੀ ਜਾਂਦੀ ਹੈ। ਬਹੁਤ ਸਾਰੀ ਆਤਿਸ਼ਬਾਜ਼ੀ ਆਮ-ਲੋਕ ਆਪਣੇ ਘਰਾਂ ਵਿੱਚ ਦਿਵਾਲੀ ਤੇ ਹੋਰ ਉਤਸਵਾਂ ‘ਤੇ ਕਰ ਲੈਂਦੇ ਹਨ। ਇਸ ਵਿੱਚ ਨਰਮ-ਬਾਰੂਦ ਵਰਤਿਆ ਜਾਂਦਾ ਹੈ।

ਆਤਿਸ਼ਬਾਜ਼ੀ ਚਾਰ ਕੰਮ ਕਰਦੀ ਹੈ ਜਾਂ ਚਾਰ ਪ੍ਰਭਾਵ ਛੱਡਦੀ ਹੈ, ਇਕ-ਖੜਕਾ, ਦੂਜਾ-ਰੌਸ਼ਨੀ ਤੀਜਾ-ਧੂੰਆ ਤੇ ਚੌਥਾ-ਹਵਾ ਵਿੱਚ ਮਟੀਰੀਅਲ ਉਡਾਉਂਦੀ ਹੈ ਜਿਵੇਂਕਿ ਕੰਨਫੈਟੀ/ਕਾਗਜ਼ ਦੀਆਂ ਪੱਤੀਆਂ ਜਿਹੜੀਆ ਵਿਆਹਾਂ-ਸ਼ਾਦੀਆਂ ਵਿੱਚ ਫੁੱਲਾਂ ਜਗਾਹ ਸੁੱਟੀਆਂ ਜਾਂਦੀਆਂ ਹਨ। ਫਿਰ ਆਤਿਸ਼ਬਾਜ਼ੀ ਵਿੱਚ ਰੰਗ ਵੀ ਭਰ ਦਿੱਤੇ ਗਏ। ਇਹ ਰੰਗ ਪਾਇਰੋਟੈਕਨੀਕ ਸਟਾਰਜ਼ ਨਾਲ ਭਰੇ ਜਾਂਦੇ ਹਨ ਜੋ ਅੱਗ ਲੱਗਣ ਨਾਲ ਰੰਗਦਾਰ ਰੌਸ਼ਨੀ ਖਿਲਾਰਦੇ ਹਨ। ਇਕ ਪਟਾਕੇ ਵਿੱਚ ਪਾਇਰੋਟੈਕਨੀਕ ਸਟਾਰਜ਼ ਦੇ ਨਾਲ ਫਿਊਲ ਹੁੰਦਾ ਹੈ, ਔਕਸੀਡਾਈਜ਼ਰ ਹੁੰਦਾ ਹੈ ਜੋ ਫਿਊਲ ਵਿੱਚ ਮਿਲਕੇ ਤਾਅ ਪੈਦਾ ਕਰਦਾ ਹੈ, ਰੰਗ ਹੁੰਦੇ ਹਨ ਤੇ ਇਹਨਾਂ ਸਭਨੂੰ ਇਕ ਥਾਂ ਬੰਨਣ ਵਾਲਾ ਸਮਾਨ ਹੁੰਦਾ ਹੈ। ਰੰਗਬਰੰਗੀਆਂ-ਫੁਲਝੜੀਆਂ-ਅਨਾਰ-ਹਵਾਈਆਂ, ਪਤਾ ਨਹੀਂ ਕਿਸ-ਕਿਸ ਨਾਂ ਹੇਠ ਆਤਿਸ਼ਬਾਜ਼ੀ ਤਿਆਰ ਕੀਤੀ ਜਾਂਦੀ ਹੈ ਤੇ ਇਹ ਅਨੇਕਾਂ ਪ੍ਰਕਾਰ ਦੇ ਪ੍ਰਭਾਵ ਛਡਦੀ ਹੈ। ਬਾਹਰੋਂ ਝੱਟ-ਠਾਹ ਕਰ ਦੇਣ ਵਾਲੇ ਇਹ ਪਟਕਿਆਂ ਦਾ ਫਾਰਮੂਲਾ ਕਾਫੀ ਬਰੀਕ ਹੈ। ਗੱਤੇ ਜਾਂ ਕਾਗਜ਼ ਦਾ ਪਾਈਪ ਬਣਾਕੇ ਉਸ ਵਿੱਚ ਮਸਾਲਾ ਭਰਿਆ ਜਾਂਦਾ ਹੈ। ਫੀਤੇ ਨੂੰ ਅੱਗ ਲਾਕੇ ਇਸਨੂੰ ਇਕ ਖਾਸ ਗਰਮਾਇਸ਼ ਤੱਕ ਪਹੁੰਚਾਇਆ ਜਾਂਦਾ ਹੈ ਤੇ ਇਸਦਾ ਐਕਸਪਲੋਯਨ ਹੁੰਦਾ ਹੈ।

ਆਤਿਸ਼ਬਾਜ਼ੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਕ ਜ਼ਮੀਨ ‘ਤੇ, ਦੂਜੇ ਹਵਾ ਵਿੱਚ। ਆਤਿਸ਼ਬਾਜ਼ੀ ਸਾਰੀ ਦੁਨੀਆ ਵਿੱਚ ਹੀ ਕੀਤੀ ਜਾਂਦੀ ਹੈ। ਬਹੁਤੀ ਜਗਾਹ ਇਸਨੂੰ ਟਰੇਂਡ ਆਤਿਸ਼ਬਾਜ਼ ਚਲਾਉਂਦੇ ਹਨ। ਮੈਨੂੰ ਯਾਦ ਹੈਕਿ ਸਾਡੇ ਪਿੰਡ ਵਿਆਹ ਸੀ, ਬਾਰਾਤ ਦੇ ਮੁਹਰੇ-ਮੁਹਰੇ ਇਕ ਆਤਿਸ਼ਬਾਜ਼ ਆਤਿਸ਼ਬਾਜ਼ੀ ਕਰਦਾ ਜਾ ਰਿਹਾ ਸੀ। ਜਦੋਂ ਦੁਨੀਆ ਛੋਟੀ ਸੀ ਤਾਂ ਜਾਪਦਾ ਸੀ ਕਿ ਪਟਾਕੇ ਸਿਰਫ ਦਿਵਾਲੀ ਨੂੰ ਹੀ ਚਲਾਏ ਜਾਂਦੇ ਹਨ ਪਰ ਹੌਲੀ-ਹੌਲੀ ਪਤਾ ਲੱਗਾ ਕਿ ਨਵੇਂ-ਸਾਲ ਤੇ ਹੋਰ ਬਹੁਤ ਸਾਰੇ ਤਿਓਹਾਰਾਂ ‘ਤੇ ਵੀ ਵੱਜਦੇ-ਚੱਲਦੇ ਹਨ। ਮੈਨੂੰ ਯਕੀਨ ਹੈ ਕਿ ਰਾਮਚੰਦਰ ਵੇਲੇ ਪਟਾਕੇ ਨਹੀਂ ਹੋਣਗੇ, ਉਦੋਂ ਤਾਂ ਖੁਸ਼ੀ ਵਿੱਚ ਘਿਓ ਦੇ ਦੀਵੇ ਹੀ ਜਗਾਏ ਗਏ ਹੋਣੇ ਹਨ।

ਜਿਵੇਂ ਬਾਰੂਦ ਦੀ ਈਜਾਦ ਚੀਨ ਨੇ ਕੀਤੀ, ਆਤਿਸ਼ਬਾਜ਼ੀ ਦੀ ਕਾਢ ਵਿੱਚ ਵੀ ਚੀਨ ਨੇ ਹੀ ਪਹਿਲ ਕੀਤੀ। ਸਭ ਤੋਂ ਪਹਿਲਾਂ ਇਸਦੀ ਵਰਤੋਂ ‘ਸੌਂਗ’ ਨਾਮੀ ਰਾਜ-ਘਰਾਣੇ ਸਮੇਂ (960-1279) ਕੀਤੀ ਗਈ। ਉਦੋਂ ਹੀ ਆਤਿਸ਼ਬਾਜ਼ੀ ਤਿਆਰ ਕਰਨਾ ਇਕ ਵਖਰੇ ਸਾਇੰਸ ਤੇ ਕਲਾ ਦੇ ਤੌਰ ‘ਤੇ ਉਸਰਨਾ ਸ਼ੁਰੂ ਹੋਇਆ। ਇਸ ਧਮਾਕਾਖੇਜ਼ ਸਮੱਗਰੀ ਨੂੰ ਤਿਆਰ ਕਰਨ ਵਾਲਿਆਂ ਨੂੰ ਪਾਇਰੋਟੈਕਨੀਸ਼ਨ ਕਿਹਾ ਜਾਂਦਾ ਸੀ। ਇਹਨਾਂ ਦੇ ਹੁਨਰ ਦੀ ਉਸ ਵੇਲੇ ਕਾਫੀ ਇੱਜ਼ਤ ਸੀ। ਇਸਤੋਂ ਵੀ ਬਹੁਤ ਪਹਿਲਾਂ ‘ਹੈਨ’ ਰਾਜ ਘਰਾਣੇ ਵੇਲੇ (202ਬੀਸੀ-220ਏਡੀ) ਵੇਲੇ ਬਾਂਸ ਵਿੱਚ ਮਸਾਲਾ ਭਰਕੇ ਚੰਗਿਆੜੇ ਕੱਢਦੇ ਸਨ ਜੋ ਜਗ-ਮਗ ਕਰਦੇ ਅਜੀਬ ਆਵਾਜ਼ ਪੈਦਾ ਕਰਦੇ। ਜੇ ਇਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਤਾਂ ਖੜਕਾ ਵੀ ਕਰਦੇ। ਇਸ ਵਿਧਾ ਨੂੰ ਬੂਜ਼ਹੂ ਜਾਂ ਬਾਓਗਨ ਕਿਹਾ ਜਾਂਦਾ ਸੀ। ਸੌਂਗ-ਡਾਇਨਸਟੀ ਵੇਲੇ ਬਾਂਸ ਦੀ ਥਾਂ ਮੋਟੇ-ਕਾਗਜ਼ ਦੀਆਂ ਨਲ਼ੀਆਂ ਬਣਾਕੇ ਮਸਾਲਾ ਭਰਿਆ ਜਾਣ ਲੱਗਾ। ਇਵੇਂ ਬਾਰੂਦ ਦੇ ਪਟਾਕੇ ਬਣਾਉਣ ਲਈ ਇਕ ਟਰਮ ਵਰਤੀ ਜਾਂਦੀ ਸੀ ਜਿਸਨੂੰ ਬਾਓਜ਼ੈਂਗ ਕਿਹਾ ਜਾਂਦਾ ਸੀ। ਸੌਂਗ-ਡਾਇਨਸਟੀ ਵੇਲੇ ਆਮ ਲੋਕ ਆਤਿਸ਼ਬਾਜ਼ੀ ਖਰੀਦ ਸਕਦੇ ਸਨ। ਇਸਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ। ਇਕ ਰਿਕਾਰਡ ਮੁਤਾਬਕ 1264 ਵਿੱਚ ਸੌਂਗ-ਡਾਇਨਸਟੀ ਵਲੋਂ ਨਵੇਂ ਬਣੇ ਰਾਜੇ ਦੀ ਰਾਜ-ਗੱਦੀ ਵੇਲੇ ਹਵਾਈਆਂ/ਰਾਕਟ ਚਲਾਏ ਗਏ ਸਨ।

ਇਕ ਰਿਪੋਰਟ ਅਨੁਸਾਰ 1240 ਤੱਕ ਅਰਬਾਂ ਕੋਲ ਵੀ ਬਾਰੂਦ ਬਣਾਉਣ ਦੀ ਤਕਨੀਕ ਆ ਚੁੱਕੀ ਸੀ। ਉਸ ਵੇਲੇ ਦਾ ਇਕ ਸੀਰੀਅਨ ਸਕਾਲਰ ਲਿਖਦਾ ਹੈਕਿ ਆਤਿਸ਼ਬਾਜ਼ੀ ਚੀਨ ਤੋਂ ਆਈ ਜਾਂ ਸਿੱਖੀ ਗਈ ਹੈ। ਉਸ ਨੇ ਇਸਨੂੰ ‘ਚੀਨੀ-ਫੁੱਲ’ ਲਿਖਿਆ ਹੈ, ਸ਼ਾਇਦ ਫੁੱਲਝੜੀ ਨੂੰ ਚਲਦੀ ਦੇਖ ਕੇ ਕਿਹਾ ਹੋਵੇ। ਚੌਧਵੀਂ-ਸਦੀ ਵਿੱਚ ਆਤਿਸ਼ਬਾਜ਼ੀ ਵਿੱਚ ਰੰਗ ਭਰਨ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਉਦੋਂ ਤੀਕ ਚੀਨੀਆਂ ਨੇ ਬਲਦੀਆਂ-ਲਾਟਾਂ ਨੂੰ ਰੰਗੀਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਕ ਫਰਾਂਸੀਸੀ-ਲੇਖਕ ਐਨਟੋਇਨੇ ਕਾਇਲਟ 1818 ਵਿੱਚ ਇਸਨੂੰ ਬਹੁਤ ਗਹਿਰਾ-ਭੇਦ ਲਿਖਦਾ ਹੈ। ਇਕ ਅੰਗਰੇਜ਼ ਜੌਹਨ ਬੈਰੋ ਉਸਦੀ ਤਾਈਦ ਕਰਦਾ ਹੈ। ਕਿਸੇ ਨੂੰ ਇਹ ਫਾਰਮੂਲਾ ਸਮਝ ਨਹੀਂ ਸੀ ਆ ਰਿਹਾ। ਵੈਸੇ ਯੌਰਪ ਤੇ ਭਾਰਤ ਵਿੱਚ ਆਤਿਸ਼ਬਾਜ਼ੀ ਚੌਦਵੀਂ ਸਦੀ ਵਿੱਚ ਲੋਕਪ੍ਰੀਆ ਹੋ ਗਈ ਸੀ। ਰੂਸੀ ਰਾਜੇ ਪੀਟਰ-ਦਾ-ਗਰੇਟ ਦਾ ਰਾਜਦੂਤ ਚੀਨ ਗਿਆ ਤੇ ਉਥੋਂ ਉਸਨੇ ਲਿਖਿਆ ਕਿ ਚੀਨੀਆਂ ਕੋਲ ਅਜਿਹੀ ਆਤਿਸ਼ਬਾਜ਼ੀ ਹੈ ਜੋ ਪਹਿਲਾਂ ਨਾ ਕਦੇ-ਦੇਖੀ, ਨਾ ਕਦੇ-ਸੁਣੀ। ਇਕ ਫਰਾਂਸੀਸੀ ਪਾਦਰੀ ਬੀਜਿੰਗ ਵਿੱਚ ਰਹਿੰਦਾ ਸੀ, 1758 ਵਿੱਚ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਆਤਿਸ਼ਬਾਜ਼ੀ ਬਣਾਉਣ ਦੇ ਤਰੀਕੇ ਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਇਸ ਬਾਰੇ ‘ਪੈਰਿਸ ਅਕੈਡਮੀ ਔਫ ਸਾਇੰਸ’ ਨੂੰ ਲਿਖਕੇ ਭੇਜ ਦਿੱਤਾ। ਪੰਜ ਸਾਲ ਬਾਅਦ ਇਸਨੂੰ ਕਿਤਾਬੀ-ਰੂਪ ਦੇ ਦਿੱਤਾ ਗਿਆ।

ਭਾਰਤ ਵਿੱਚ ਆਤਿਸ਼ਬਾਜ਼ੀ ਦੇ ਇਤਿਹਾਸ ਬਾਰੇ ਲੇਖਕ ਪੀ.ਕੇ. ਗੋਡੇ ਨੇ ਇਕ ਕਿਤਾਬ ਲਿਖੀ ਹੈ ਜਿਸ ਵਿੱਚ ਉਸਨੇ ਚੌਧਵੀਂ-ਸਦੀ ਤੋਂ ਲੈਕੇ ਉਨੀਵੀਂ-ਸਦੀ ਤੱਕ ਦੇ ਇਤਿਹਾਸ ਨੂੰ ਕਵਰ ਕੀਤਾ ਹੈ। ਉਸ ਮੁਤਾਬਕ ਉਦੋਂ ਕੁ ਤੋਂ ਹੀ ਇਹ ਬਾਰੂਦ ਲੜਾਈਆਂ ਦਾ ਹਿੱਸਾ ਵੀ ਬਣਨ ਲੱਗ ਪਿਆ। ਭਾਰਤ ਵਿੱਚ ਆਤਿਸ਼ਬਾਜ਼ੀ ਚਲਾਏ ਜਾਣ ਦਾ ਰਿਕਾਰਡ 1443 ਵਿੱਚ ਮਿਲਦਾ ਹੈ। ਵਿਜੇਨਗਰ ਦੇ ਰਾਜੇ ਦੇਵਾਰਿਆ ਦੇ ਮਹਿਲਾਂ ਵਿੱਚ ਮਹਾਨੌਵੀਂ ਦੇ ਉਤਸਵ ਸਮੇਂ ਆਤਿਸ਼ਬਾਜ਼ੀ ਕੀਤੇ ਜਾਣ ਦਾ ਜ਼ਿਕਰ ਅਬਦੁਰ ਰਜ਼ਾਕ ਨਾਮੀ ਇਕ ਵਿਅਕਤੀ ਕਰਦਾ ਹੈ ਜੋ ਕਿਸੇ ਹੋਰ ਰਾਜੇ ਦਾ ਉਥੇ ਰਾਜਦੂਤ ਸੀ। ਇਟਾਲੀਅਨ-ਯਾਤਰੀ ਲੁਡੋਵੀਕੋ ਡੀ ਵਾਰਥੇਮਾ, ਜੋ ਉਸ ਸਮੇਂ ਭਾਰਤ ਦਾ ਦੌਰਾ ਕਰ ਰਿਹਾ ਸੀ, ਵੀ ਵਿਜੇਨਗਰ ਦੇ ਇਸ ਉਤਸਵ ਦਾ ਜ਼ਿਕਰ ਕਰਦਾ ਹੈ। ਪੀ.ਕੇ. ਗੋਡੇ ਇਕ ਹੋਰ ਗੱਲ ਦਾ ਇੰਕਸ਼ਾਫ ਵੀ ਕਰਦਾ ਹੈਕਿ ਭਾਰਤ ਵਿੱਚ ਵਰਤੀ ਜਾਂਦੀ ਆਤਿਸ਼ਬਾਜ਼ੀ ਚੀਨੀ-ਫਾਰਮੂਲੇ ਵਾਲੀ ਨਹੀਂ ਸੀ, ਇਸਨੂੰ ਮੌਡੀਫਾਈ ਕਰ ਲਿਆ ਗਿਆ ਸੀ। 1518 ਵਿੱਚ ਇਕ ਪੁਰਤਗੀਜ਼ ਡੁਏਰਟੇ ਬਾਰਬੋਸਾ ਜੋ ਕਿ ਇਕ ਲੇਖਕ ਤੇ ਫੌਜੀ ਸੀ, ਨੇ ਇਕ ਗੁਜਰਾਤੀ ਬਰਾਹਮਣ ਪਰਿਵਾਰ ਵਿੱਚ ਵਿਆਹ ਦੇਖਿਆ ਜਿਸਦੇ ਜ਼ਿਕਰ ਵਿੱਚ ਉਸ ਨੇ ਲਿਖਿਆ ਹੈ ਕਿ ਲੋਕ ਨੱਚ-ਗਾ ਰਹੇ ਸਨ, ਪਟਾਕੇ ਚੱਲ ਰਹੇ ਸਨ, ਰਾਕਟ ਛੱਡੇ ਜਾ ਰਹੇ ਸਨ। ਇਕ ਹੋਰ ਰਿਕਾਰਡ ਅਨੁਸਾਰ 1609 ਵਿੱਚ ਬੀਜਾਪੁਰ ਦੇ ਸੁਲਤਾਨ ਇਬਰਾਹਮ ਆਦਿਲ ਸ਼ਾਹ ਨੇ ਆਪਣੀ ਕੁੜੀ ਦੇ ਵਿਆਹ ਵੇਲੇ ਅੱਸੀ-ਹਜ਼ਾਰ ਰੁਪਏ ਦੀ ਆਤਿਸ਼ਬਾਜ਼ੀ ਚਲਾਈ ਸੀ। ਉਸ ਸਮੇਂ ਦੇ ਕਵੀਆਂ ਦੀ ਕਲਪਨਾ ਵਿੱਚ ਵੀ ਆਤਿਸ਼ਬਾਜ਼ੀ ਆਉਂਦੀ ਸੀ। ਸੰਤ ਏਕਨਾਥ ਮਰਾਠੀ-ਕਵੀ ਸੀ, ਉਹ ਆਪਣੀ ਕਵਿਤਾ ‘ਰੁਕਮਣੀ ਸਵੰਬਰ’ ਵਿੱਚ ਕ੍ਰਿਸ਼ਨ ਨਾਲ ਉਹ ਦੇ ਵਿਆਹ ਸਮੇਂ ਫੁਲਝੜੀਆਂ ਤੋਂ ਲੈਕੇ ਹਵਾਈਆਂ ਚਲਾਉਣ ਦੀ ਗੱਲ ਕਰਦਾ ਹੈ।

ਦੀਵਾਲੀ ਲਈ ਆਤਿਸ਼ਬਾਜ਼ੀ ਦੀ ਵਰਤੋਂ ਅਠਾਰਵੀਂ-ਸਦੀ ਵਿੱਚ ਹੋਣ ਲੱਗਦੀ ਹੈ। ਇਕ ਮਰਾਠਾ-ਲੇਖਕ ਪੇਸ਼ਵਾ ਯੈਂਚੀ ਬਖਰ ਰਾਜਸਥਾਨੀ-ਰਾਜਘਰਾਣੇ ਸਿੰਧੀਆ ਵਲੋਂ ਦੀਵਾਲੀ ਸਮੇਂ ਆਤਿਸ਼ਬਾਜ਼ੀ ਦਾ ਜ਼ਿਕਰ ਕਰਦਾ ਹੈ। ਭਾਰਤ ਵਿੱਚ ਗੋਰਿਆਂ ਵਲੋਂ 1790 ਵਿੱਚ ਕਲਕੱਤੇ ਵਿਖੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕਰਨ ਦਾ ਰਿਕਾਰਡ ਮਿਲਦਾ ਹੈ। ਅਮਰੀਕਾ ਨੂੰ ਆਜ਼ਾਦੀ ਮਿਲੀ ਤਾਂ ਉਸ ਵੇਲੇ ਵੀ ਆਤਿਸ਼ਬਾਜ਼ੀ ਕੀਤੇ ਜਾਣ ਦੀਆਂ ਸੂਹਾਂ ਮਿਲਦੀਆਂ ਹਨ। ਉਨੀਵੀਂ-ਸਦੀ ਵਿੱਚ ਕਲਕੱਤੇ ਵਿੱਚ ਪਹਿਲੀ ਪਟਾਕਾ-ਫੈਕਟਰੀ ਲਾਈ ਗਈ। ਵੈਸੇ ਤਾਮਿਲ-ਨਾਡੂ ਆਤਿਸ਼ਬਾਜ਼ੀ ਬਣਾਉਣ ਦਾ ਹੱਬ ਰਿਹਾ ਹੈ।

ਇਕ ਕਹਾਵਤ ਹੈ, ‘ਆਗ ਸੇ ਮੱਤ ਖੇਲੋ’, ਆਤਿਸ਼ਬਾਜ਼ੀ ਅੱਗ ਹੀ ਹੈ ਤੇ ਇਸ ਨਾਲ ਖੇਡ੍ਹਣ ਵਿੱਚ ਰੁਮਾਂਚਿਕਤਾ ਲੁਕੀ ਹੈ। ਫਿਰ ਵੀ ਇਸਦੀ ਵਰਤੋਂ ਇਸਦੇ ਮਹਿਰਾਂ ਨੂੰ ਹੀ ਕਰਨੀ ਚਾਹੀਦੀ ਹੈ। ਆਮ ਦੁਕਾਨਾਂ ਉਪਰ ਵਿਕਣ ਵਾਲੀ ਆਤਿਸ਼ਬਾਜ਼ੀ ਨਰਮ-ਪੱਧਰ ਦੀ ਹੁੰਦੀ ਹੈ। ਭਾਰਤ ਵਿੱਚ ਤਾਂ ਇਸ ਨਰਮ-ਪੱਧਰ ਦੀ ਆਤਿਸ਼ਬਾਜ਼ੀ ਚਲਾਉਂਦਿਆਂ ਜਾਂ ਇਸਨੂੰ ਬਣਾਉਂਦਿਆਂ ਵੀ ਮੌਤਾਂ ਹੋ ਜਾਂਦੀਆਂ ਹਨ। ਦੀਵਾਲੀ ਸਮੇਂ ਕਿੰਨੇ ਹੀ ਗੰਭੀਰ ਐਕਸੀਡੈਂਟ ਦੇਖਣ ਨੂੰ ਮਿਲਦੇ ਹਨ। ਯੂਕੇ ਵਿੱਚ ਫਾਇਰ-ਵਰਕਸ ਹਰ ਦੁਕਾਨ ਉਪਰ ਨਹੀਂ ਵੇਚਿਆ ਜਾ ਸਕਦਾ। ਇਸਨੂੰ ਵੇਚਣ ਲਈ ਖਾਸ ਲਾਇਸੰਸ ਲੈਣਾ ਪੈਂਦਾ ਹੈ ਤੇ ਟਰੇਨਿੰਗ ਵੀ।

ਆਤਿਸ਼ਬਾਜ਼ੀ ਸਦਾ ਸੁਖਾਵੀਂ ਨਹੀਂ ਹੁੰਦੀ। ਇਸ ਦੇ ਚਲਦਿਆਂ ਜਿਥੇ ਬਹੁਤ ਸਾਰੇ ਲੋਕ ਤੰਗ ਹੁੰਦੇ ਹਨ ਉਥੇ ਜਾਨਵਰਾਂ ਉਪਰ ਵੀ ਇਸਦਾ ਬੁਰਾ ਅਸਰ ਪੈਂਦਾ ਹੈ। ਉਹਨਾਂ ਨੂੰ ਸਮਝ ਨਹੀਂ ਲਗਦੀ ਕਿ ਇਹ ਕੀ ਹੋ ਰਿਹਾ ਹੈ। ਇਵੇਂ ਹੀ ਪੰਛੀਆਂ ਦਾ ਵੀ ਇਸ ਨਾਲ ਨੁਕਸਾਨ ਹੋ ਜਾਂਦਾ ਹੈ। ਇਸ ਨਾਲ ਉਠਦਾ ਧੂੰਆਂ ਇਕ ਵੱਖਰਾ ਮਸਲਾ ਹੈ। ਫਿਰਵੀ ਇਹ ਮੰਨੋਰੰਜਨ ਦਾ ਇਕ ਵਧੀਆ ਸਾਧਨ ਹੈ। ਇਸਦੇ ਕਲੱਬ ਬਣੇ ਹੋਏ ਹਨ, ਮੇਲੇ ਲਗਦੇ ਹਨ। ਆਤਿਸ਼ਬਾਜ਼ੀ ਦੀ ਸਭ ਤੋਂ ਪੁਰਾਣੀ ਕਲੱਬ ਕਰੈਕਜੈਕ, ਈਸਟਰਨ ਸੀਬੋਰਡ, ਅਮਰੀਕਾ ਵਿੱਚ ਹੈ ਜੋ 1976 ਵਿੱਚ ਹੋਂਦ ਵਿੱਚ ਆਈ। ਕਨੇਡਾ ਦਾ ‘ਮੌਂਟਰੀਆਲ ਫਾਇਰਵਰਕਸ ਫੈਸਟੀਵਲ’ ਸਭ ਤੋਂ ਮਸ਼ਹੂਰ ਮੇਲਾ ਹੈ। ਫਰਾਂਸ ਦੇ ਕੋਟ ਡ‘ਅਜ਼ੂਰ ਵਿੱਚ ਆਤਿਸ਼ਬਾਜ਼ੀ ਦੇ ਸਲਾਨਾ ਮੁਕਾਬਲੇ ਹੁੰਦੇ ਹਨ। ਮਨੀਲਾ (ਫਿਲਪੀਨ) ਵਿੱਚ ਤਾਂ ‘ਵ੍ਰਲਡ ਪਾਇਰੋ ਓਲਿੰਪਕ’ ਕਰਾਇਆ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਦੀਆਂ ਆਤਿਸ਼ਬਾਜ਼ੀ ਤਿਆਰ ਕਰਨ ਵਾਲੀਆਂ ਕੰਪਨੀਆਂ ਭਾਗ ਲੈਂਦੀਆਂ ਹਨ, ਆਪਣੇ ਬਣਾਏ ਮਾਲ ਪ੍ਰਦਸ਼ਨੀ ਕਰਕੇ ਉਸ ਦੀ ਮਸ਼ਹੂਰੀ ਕਰਦੀਆਂ ਹਨ। ਇਕ ਸੰਸਥਾ ਪੀ.ਜੀ.ਆਈ. (ਪਾਇਰੋਟੈਕਨੀਕਸ ਗਿਲਡ ਕਨਵੈਨਸ਼ਨ) ਹੈ ਜਿਸਦੇ ਚਾਰ ਹਜ਼ਾਰ ਦੇ ਕਰੀਬ ਮੈਂਬਰ ਹਨ। ਹਰ ਸਾਲ ਅਗਸਤ ਦੇ ਮਹੀਨੇ ਇਕ ਹਫਤੇ ਦਾ ਇਹ ਮੇਲਾ ਲਾਉਂਦੇ ਹਨ, ਆਤਿਸ਼ਬਾਜ਼ੀ ਦੀ ਮਹੱਤਤਾ ਬਾਰੇ ਗੱਲਾਂ ਕਰਦੇ ਹਨ। ਇਸ ਵਿੱਚ ਸੇਫਟੀ ਬਾਰੇ ਸੈਮੀਨਾਰਾਂ ਦਾ ਆਯੋਯਨ ਕੀਤਾ ਜਾਂਦਾ ਹੈ।

ਦੁਨੀਆ ਭਰ ਵਿੱਚ ਆਤਿਸ਼ਬਾਜ਼ੀ ਖੇਡੀ ਜਾਂਦੀ ਹੈ ਤੇ ਇਸਦੇ ਖੇਡਣ/ਚਲਾਉਣ ਦੇ ਖਾਸ ਦਿਨ ਜਾਂ ਤਰੀਕਾਂ ਤੈਅ ਹਨ। ਯੂਕੇ ਵਿੱਚ ਕੁਝ ਦਿਨ ਪਹਿਲਾਂ ਹੈਲੋਵੀਨ ਦੇ ਦਿਨ ਸਨ। ਹੈਲੋਵੀਨ ਦਾ ਤਿਓਹਾਰ ਆਇਰਲੈਂਡ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਖੂਬ ਆਤਿਸ਼ਬਾਜ਼ੀ ਹੁੰਦੀ ਹੈ। ਇਸ ਵਾਰ ਜੇ ਚਾਰ ਨਵੰਬਰ ਨੂੰ ਸਾਡੀ ਦੀਵਾਲੀ ਹੈ ਤਾਂ ਪੰਜ ਨਵੰਬਰ ਵਾਲੇ ਦਿਨ ਅੰਗਰੇਜ਼ਾਂ ਦਾ ਗਾਈ ਫਾਕਸ ਡੇ ਹੈ। ਹਰ ਸਾਲ ਪੰਜ ਨਵੰਬਰ ਨੂੰ ਯੂਕੇ ਭਰ ਵਿੱਚ ਥਾਂ-ਥਾਂ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੁੰਦਾ ਹੈ। ਸਾਲਾਨਾ ਆਤਿਸ਼ਬਾਜ਼ੀ ਦੀ ਗੱਲ ਕਰੀਏ ਤਾਂ ਹੰਗਰੀ ਵਿੱਚ ਵੀਹ-ਅਗਸਤ, ਅਮਰੀਕਾ ਵਿੱਚ ਚਾਰ-ਜੁਲਾਈ, ਫਰਾਂਸ ਵਿੱਚ ਵੀਹ-ਜੁਲਾਈ, ਸਵਿਟਜ਼ਰਲੈਂਡ ਵਿੱਚ ਪਹਿਲੀ-ਅਗਸਤ ਨੂੰ ਆਤਿਸ਼ਬਾਜ਼ੀ ਹੁੰਦੀ ਹੈ। ਦੀਵਾਲੀ ਤਾਂ ਆਪਣੀ ਘਰ ਦੀ ਗੱਲ ਹੈ। ਹਰ ਸਾਲ ਨਿਊਜ਼ੀਲੈਂਡ ਤੋਂ ਨਵਾਂ-ਸਾਲ ਮਨਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਧੁਰ ਅਮਰੀਕਾ ਤੱਕ ਮਨਾਇਆ ਜਾਂਦਾ ਰਹਿੰਦਾ ਹੈ। ਅਰਬਾਂ ਟਨ ਬਾਰੂਦ ਸਾੜਿਆ ਜਾਂਦਾ ਹੈ। ਇਹ ਜਿਹੜੇ ਲੋਕ ਗਲੋਬਲ-ਵਾਰਮਿੰਗ ਦੀਆਂ ਗੱਲਾਂ ਕਰਦੇ ਹਨ, ਜਿਹੜੇ ਓਜ਼ੋਨ-ਲੇਅਰ ਵਿੱਚ ਗਲ਼ੀਆਂ ਹੋਣ ਬਾਰੇ ਚਿੰਤਾਤੁਰ ਹਨ, ਅਜਿਹੇ ਮੌਕਿਆਂ ‘ਤੇ ਪਤਾ ਨਹੀਂ ਉਹ ਕਿੱਥੇ ਲੁਕ ਜਾਂਦੇ ਹਨ।

ਹਾਂ, ਹੁਣ ਇਕ ਨਵੀਂ-ਕਿਸਮ ਦੀ ਆਤਿਸ਼ਬਾਜ਼ੀ ਸਾਹਮਣੇ ਆ ਰਹੀ ਹੈ ਜਿਸਨੂੰ ਸਾਈਲੈਂਟ ਫਾਇਰ-ਵਰਕਸ ਕਿਹਾ ਜਾਂਦਾ ਹੈ। ਇਹ ਪਟਾਕੇ ਸ਼ੋਰ ਨਹੀਂ ਕਰਦੇ ਪਰ ਤੁਹਾਨੂੰ ਆਨੰਦ ਪੂਰਾ ਦਿੰਦੇ ਹਨ। ਆਵਾਜ਼ ਤੋਂ ਬਿਨਾਂ ਰੰਗ-ਰੌਸ਼ਨੀਆਂ-ਹਵਾਈਆਂ ਉਂਜ ਹੀ ਹੋਣਗੀਆਂ। 2015 ਤੋਂ ਇਟਲੀ ਦੇ ਸ਼ਹਿਰ ਕੋਲਿਕਚਿਓ ਤੋਂ ਇਸਦੀ ਸ਼ੁਰੂਆਤ ਹੋਈ। ਪਰ ਸਾਨੂੰ ਪੰਜਾਬੀਆਂ ਨੂੰ ਇਹ ਸੂਤ ਨਹੀਂ ਬਹਿਣੀ। ‘ਪਟਾਕੇ ਪਾਉਣਾ’ ਸਾਡੀ ਮਸ਼ਹੂਰ ਕਹਾਵਤ ਹੈ। ਅਸੀਂ ਤਾਂ ਪਟਾਕਿਆਂ ਤੋਂ ਅੱਗੇ ਵੱਧਕੇ ਪੱਕੀਆਂ-ਗੋਲ਼ੀਆਂ ਚਲਾਉਣ ਲੱਗੇ ਹਾਂ।コメント


bottom of page