top of page
Writer's pictureਸ਼ਬਦ

ਭਾਰਤ ਦਾ ਸ਼ਾਨਦਾਰ ਬੁੱਢਾ /

ਹਰਜੀਤ ਅਟਵਾਲ /

ਦਾਦਾਭਾਈ ਨਾਰੋਜੀ ਨੂੰ ਬਰਤਾਨੀਆ ਵਿੱਚ ‘ਗਰੈਂਡ ਓਲਡਮੈਨ ਆਫ ਇੰਡੀਆ’ ਕਹਿਕੇ ਚੇਤੇ ਕੀਤਾ ਜਾਂਦਾ ਹੈ। ਉਸਦੀ ਹਿਆਤੀ ਵਿੱਚ ਉਸਨੂੰ ਭਾਰਤ ਦਾ ਅਣਐਲਾਨਿਆਂ ਰਾਜਦੂਤ ਵੀ ਕਿਹਾ ਜਾਂਦਾ ਸੀ।

ਜੇ ਦਾਦਾਭਾਈ ਨਾਰੋਜੀ ਨੂੰ ਗੂਗਲ ਕਰਕੇ ਦੇਖੀਏ ਤਾਂ ਉਹ ਪਹਿਲੇ ਭਾਰਤੀ ਬ੍ਰਿਟਿਸ਼ ਐਮ.ਪੀ. ਦੇ ਤੌਰ ‘ਤੇ ਸਾਹਮਣੇ ਆਉਂਦਾ ਹੈ। ਵੈਸੇ ਭਾਰਤ ਵਿੱਚ ਜਨਮਿਆਂ ਪਹਿਲਾ ਬਰਤਾਨਵੀ ਐਮ.ਪੀ. ਡੇਵਿਡ ਡਾਇਸ ਸੌਂਬਰ (ਐਂਗਲੋ ਇੰਡੀਅਨ) ਸੀ ਜੋ 1841 ਵਿੱਚ ਸਡਬਰੀ ਤੋਂ ਚੁਣਿਆਂ ਗਿਆ। ਦਾਦਾਭਾਈ ਨਾਰੋਜੀ ਲਿਬਰਲ ਪਾਰਟੀ ਵਲੋਂ ਸੰਨ 1892 ਵਿੱਚ ਲੰਡਨ ਦੇ ਫਿੰਸ਼ਬਰੀ ਇਲਾਕੇ ਤੋਂ ਐਮ.ਪੀ. ਬਣਿਆਂ। ਉਹ ਤਿੰਨ ਸਾਲ ਤੱਕ ਐਮ.ਪੀ. ਰਿਹਾ। ਵੈਸੇ ਉਹ ਬਹੁਤ ਥੋੜੀਆਂ ਜਿਹੀਆਂ ਵੋਟਾਂ ਨਾਲ ਹੀ ਜਿੱਤਿਆ ਸੀ ਪਰ ਕਿਸੇ ਭਾਰਤੀ ਦਾ ਉਹਨਾਂ ਵੇਲਿਆਂ ਵਿੱਚ ਹਾਊਸ ਆਫ ਕਾਮਨ ਦਾ ਐਮ.ਪੀ. ਚੁਣੇ ਜਾਣਾ ਬਹੁਤ ਵੱਡੀ ਗੱਲ ਹੋਵੇਗੀ। ਫਿੰਸ਼ਬਰੀ ਦੇ ਇਲਾਕੇ ਵਿੱਚ ਮੈਂ ਬਹੁਤ ਸਾਲ ਰਿਹਾ ਹਾਂ। ਨਾਰੋਜੀ ਸਟਰੀਟ, ਜੋ ਦਾਦਾਭਾਈ ਨਾਰੋਜੀ ਦੇ ਨਾਂ ‘ਤੇ ਹੀ ਹੈ, ਉਪਰ ਵੀ ਬਹੁਤ ਵਾਰ ਗਿਆ ਹਾਂ, ਨਾਰੋਜੀ ਬਾਰੇ ਜਾਨਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਹਾਂ। ਜੇ ਨਾਰੋਜੀ ਦੇ ਸਮੁੱਚੇ ਕੰਮ ਨੂੰ ਦੇਖੀਏ ਤਾਂ ਉਸਦਾ ਐਮ.ਪੀ. ਹੋਣਾ ਛੋਟੀ ਗੱਲ ਰਹਿ ਜਾਂਦੀ ਹੈ। ਉਸਦੇ ਕੀਤੇ ਕੰਮਾਂ ਦੀ ਤੇ ਗੁਣਾਂ ਦੀ ਲਿਸਟ ਬਹੁਤ ਲੰਮੀ ਹੈ। ਉਹ ਲੇਖਕ ਸੀ, ਸਿਆਸਤਦਾਨ ਵੀ, ਸਮਾਜ ਸੇਵੀ, ਧਾਰਮਿਕ ਨੇਤਾ, ਫਿਲਾਸਫਰ, ਅਧਿਆਪਕ ਤੇ ਪਤਾ ਨਹੀਂ ਹੋਰ ਕੀ-ਕੀ ਸੀ। ਹਾਂ, ਉਹ ਸੰਗਤਰਾਸ਼ ਵੀ ਬਹੁਤ ਵਧੀਆ ਸੀ।

ਮੈਂ ਆਪਣੇ ਕੋਰਸ ਦੀਆਂ ਕਿਤਾਬਾਂ ਵਿੱਚ ਪੜਿਆ ਸੀ ਕਿ ਦਾਦਾਭਾਈ ਨਾਰੋਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਸਥਾਪਕਾਂ ਵਿੱਚੋਂ ਇਕ ਸੀ ਤੇ ਇਸਦਾ ਪਹਿਲਾ ਪਰਧਾਨ ਵੀ ਬਣਿਆਂ। ਨਾਰੋਜੀ ਗੁਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ ਤੇ ਮੋਹਨਦਾਸ ਕਰਮਚੰਦ ਗਾਂਧੀ ਵਰਗੇ ਲੀਡਰਾਂ ਦੇ ਉਸਤਾਦ ਜਾਂ ਰਾਹ-ਦਿਖਾਵਾ ਵੀ ਸੀ। ਇਹਨਾਂ ਸਭ ਤੋਂ ਉਪਰ ਦਾਦਾਭਾਈ ਨਾਰੋਜੀ ਦੀ ਪੱਛਾਣ ਹੈ ਉਸਦੀ ਕਿਤਾਬ ‘ਪਾਵਰਟੀ ਐਂਡ ਅਨ-ਬ੍ਰਿਟਿਨ ਰੂਲ ਇਨ ਇੰਡੀਆ’ ਹੈ। ਇਸ ਵਿੱਚ ਉਸਨੇ ਦੱਸਿਆ ਹੈਕਿ ਕਿਵੇਂ ਬਰਤਾਨਵੀ ਸਰਕਾਰ ਭਾਰਤੀ-ਸਰਮਾਇਆ ਬਾਹਰ ਕੱਢ ਰਹੀ ਹੈ। ਇਹ ਕਿਤਾਬ ੳਦੋਂ ਲਿਖੀ ਗਈ ਜਦ ਬਰਤਾਨਵੀ ਸਰਕਾਰ ਭਾਰਤੀ-ਸਰਮਾਇਆ ਆਪਣੇ ਮੁਲਕ ਖਿੱਚ ਕੇ ਭਾਰਤ ਨੂੰ ਗਰੀਬ ਕਰ ਰਹੀ ਸੀ। ਉਸਨੇ ਭਾਰਤੀ-ਸਰਮਾਏ ਦੇ ਬਾਹਰ ਜਾਣਦੇ ਛੇ ਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ, ਇਕ- ਭਾਰਤ ਨੂੰ ਵਿਦੇਸ਼ੀ ਸਰਕਾਰ ਚਲਾ ਰਹੀ ਸੀ ਜਾਣੀਕਿ ਭਾਰਤ ਦੀ ਪੂੰਜੀ ਉਪਰ ਵਿਦੇਸ਼ੀ ਕੰਟਰੋਲ ਸੀ, ਦੂਜਾ- ਬਾਹਰੋਂ ਆਕੇ ਕਿਸੇਨੇ ਭਾਰਤ ਦੇ ਸਰਮਾਏ ਨੂੰ ਵਧਾਉਣ ਵਿੱਚ ਹਿੱਸਾ ਨਹੀਂ ਪਾਇਆ, ਤੀਜਾ- ਭਾਰਤ ਨੇ ਬਰਤਾਨਵੀ ਅਫਸਰਸ਼ਾਹੀ ਤੇ ਫੌਜ ਦੇ ਖਰਚੇ ਝੱਲੇ, ਚੌਥਾ- ਭਾਰਤ ਨੇ ਬਰਤਾਨਵੀ ਰਾਜ ਨੂੰ ਹੋਰਨਾਂ ਮੁਲਕਾਂ ਵਿੱਚ ਫੈਲਾਉਣ ਉਪਰ ਖਰਚਾ ਝੱਲਿਆ, ਪੰਜਵਾਂ- ਅੰਗਰੇਜ਼ਾਂ ਨੇ ਭਾਰਤ ਨੂੰ ਫਰੀ-ਟਰੇਡ ਲਈ ਖੋਹਲ ਦਿੱਤਾ ਜਿਸ ਕਾਰਨ ਭਾਰਤ ਵਿਚਲੀਆਂ ਵੱਡੀਆਂ ਨੌਕਰੀਆਂ ਵਿਦੇਸ਼ੀਆਂ ਨੂੰ ਮਿਲ ਗਈਆਂ ਜਦਕਿ ਬਹੁਤ ਸਾਰੇ ਭਾਰਤੀ ਵੀ ਉਸ ਨੌਕਰੀ ਦੀ ਯੋਗਤਾ ਰੱਖਦੇ ਸਨ, ਛੇਵਾਂ- ਭਾਰਤ ਵਿੱਚੋਂ ਵੱਡੀ ਕਮਾਈ ਕਰਨ ਵਾਲੇ ਲੋਕ ਆਪਣੀ ਆਮਦਨ ਭਾਰਤ ਵਿੱਚ ਖਰਚਣ ਦੀ ਬਜਾਏ ਬਾਹਰਲੇ ਦੇਸ਼ਾਂ ਵਿੱਚ ਕੱਢ ਲੈ ਜਾਂਦੇ ਸਨ। ਆਪਣੀ ਕਿਤਾਬ ਵਿੱਚ ਨਾਰੋਜੀ ਨੇ ਪਹਿਲੀ ਵਾਰ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਹੁੰਦੇ ਮੁਨਾਫੇ ਦਾ ਅੰਦਾਜ਼ਾ ਲਾਇਆ ਜਿਸਨੂੰ ਉਹ ਖਿੱਚਕੇ ਬਾਹਰ ਲੈ ਜਾਂਦੇ ਸਨ। ਉਸਨੇ ਉਨੀਵੀਂ ਸਦੀ ਦੇ ਅਖੀਰ ਵਿੱਚ ਦੱਸਿਆ ਕਿ ਅੰਗਰੇਜ਼ ਭਾਰਤ ਵਿੱਚੋਂ ਦੋ ਸੌ ਮਿਲੀਅਨ ਤੋਂ ਲੈਕੇ ਤਿੰਨ ਸੌ ਮਿਲੀਅਨ ਪੌਂਡ ਭਾਰਤ ਵਿੱਚੋਂ ਬਾਹਰ ਲੈ ਜਾ ਰਹੇ ਹਨ।

ਜਦੋਂ ਤੁਸੀਂ ਕਿਸੇ ਅੰਗਰੇਜ਼ ਨਾਲ ਬ੍ਰਿਟਿਸ਼-ਰਾਜ ਬਾਰੇ ਗੱਲ ਕਰੋ ਤਾਂ ਉਹ ਕਹੇਗਾ ਕਿ ਅੰਗਰੇਜ਼ਾਂ ਨੇ ਵੱਖ-ਵੱਖ ਰਾਜਾਂ ਨੂੰ ਇਕੱਠੇ ਕਰਕੇ ਇਕ ਇੰਡੀਆ ਬਣਾਇਆ ਤੇ ਰੇਲਵੇ-ਲਾਈਨ ਵਿਛਾਈ। ਰੇਲਵੇ-ਲਾਈਨ ਤੇ ਅੰਗਰੇਜ਼ਾਂ ਵਲੋਂ ਭਾਰਤ ਦੀ ਕੀਤੀ ਤਰੱਕੀ ਬਾਰੇ ਸ਼ਸ਼ੀ ਥਰੂਰ ਦੀ ਵੀਡਿਓ ਅੱਜਕੱਲ੍ਹ ਬਹੁਤ ਵਾਇਰਲ ਹੋ ਰਹੀ ਹੈਕਿ ਇਹ ਸਭ ਅੰਗਰੇਜ਼ਾਂ ਨੇ ਆਪਣੇ ਫਾਇਦੇ ਲਈ ਕੀਤਾ। ਦਾਦਾਭਾਈ ਨਾਰੋਜੀ ਇਹੋ ਗੱਲ ਸਵਾ ਸੌ ਸਾਲ ਪਹਿਲਾਂ ਕਹਿੰਦਾ ਹੈ। ਉਸ ਮੁਤਾਬਕ ਰੇਲਵੇ ਦਾ ਤੇ ਹੋਰ ਕਮਾਈ ਵਾਲੇ ਵਿਭਾਗਾਂ ਦਾ ਸਾਰਾ ਮੁਨਾਫਾ ਬਰਤਾਨੀਆਂ ਭੇਜਿਆ ਜਾਂਦਾ ਸੀ। ਈਸਟ ਇੰਡੀਆ ਕੰਪਨੀ ਜਿਹੜੇ ਪੈਸੇ ਨਾਲ ਭਾਰਤ ਤੋਂ ਮਾਲ ਦੀ ਖਰੀਦ ਕਰਦੀ ਸੀ ਉਹ ਭਾਰਤ ਤੋਂ ਚੁਰਾਇਆ ਹੋਇਆ ਹੀ ਹੁੰਦਾ ਸੀ। ਜਿਸ ਦਿਨ ਉਹ ਐਮ.ਪੀ. ਬਣਕੇ ਬਰਤਾਨਵੀ-ਪਾਰਲੀਮੈਂਟ ਵਿੱਚ ਗਿਆ ਤਾਂ ਉਸਦਾ ਪਹਿਲਾ ਭਾਸ਼ਨ ਭਾਰਤ ਵਿੱਚੋਂ ਬਾਹਰ ਖਿੱਚੇ ਜਾਂਦੇ ਸਰਮਾਏ ਬਾਰੇ ਸੀ। ਬਰਤਾਨਵੀ-ਪਾਰਲੀਮੈਂਟ ਵਿੱਚ ਉਸਨੇ ਕਿਹਾਕਿ ਭਾਰਤੀ ਲੋਕ ਬ੍ਰਿਟਿਸ਼ ਰਿਆਇਆ ਹਨ ਜਾਂ ਗੁਲਾਮ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈਕਿ ਤੁਸੀਂ ਭਾਰਤੀਆਂ ਨੂੰ ਉਹ ਸੰਸਥਾਵਾਂ ਚਲਾਉਣ ਦੇ ਕਿੰਨਾ ਕੁ ਅਧਿਕਾਰ ਦਿੰਦੇ ਹੋ ਜਿਹਨਾਂ ਨੂੰ ਬਰਤਾਨਵੀ ਚਲਾ ਰਹੇ ਹਨ। ਉਸਨੇ ਦਲੀਲ ਦਿੱਤੀ ਕਿ ਭਾਰਤ ਵਿੱਚੋਂ ਕਮਾਈ ਪੂੰਜੀ ਭਾਰਤ ਵਿੱਚ ਖਰਚੀ ਜਾਣੀ ਚਾਹੀਦੀ ਹੈ। ਉਸਨੇ ਪਾਰਲੀਮੈਂਟ ਵਿੱਚ ਆਪਣੀ ਟਰਮ ਦੌਰਾਨ ਭਾਰਤ ਦੀ ਹਾਲਤ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਸਦੀ ਦ੍ਰਿਸ਼ਟੀ ਬਹੁਤ ਸਪੱਸ਼ਟ ਸੀ ਤੇ ਉਸਨੂੰ ਗੱਲ ਕਹਿਣੀ ਵੀ ਆਉਂਦੀ ਸੀ। ਉਹ ਪਾਰਲੀਮੈਂਟ ਤੋਂ ਬਾਹਰ ਵੀ ਬ੍ਰਿਟਿਸ਼-ਰਾਜ ਵਿੱਚ ਭਾਰਤ ਦੀ ਬੁਰੀ ਹਾਲਤ ਬਾਰੇ ਬੋਲਦਾ ਰਹਿੰਦਾ ਸੀ। ਉਸਨੇ ਪਾਰਲੀਮੈਂਟ ਵਿੱਚ ‘ਆਇਰਸ਼ ਹੋਮ ਰੂਲ’ ਬਾਰੇ ਵੀ ਗੱਲ ਕੀਤੀ ਕਿਉਂਕਿ ਉਸ ਵੇਲੇ ਆਇਰਲੈਂਡ ਵੀ ਅੰਗਰੇਜ਼ਾਂ ਦੇ ਅਧੀਨ ਸੀ ਤੇ ਉਥੇ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ।

ਦਾਦਾਭਾਈ ਨਾਰੋਜੀ ਦਾ ਜਨਮ ਗੁਜਰਾਤ ਦੇ ਸ਼ਹਿਰ ਨਵਸਾਰੀ ਵਿੱਚ ਹੋਇਆ। ਉਸਦਾ ਸੰਬੰਧ ਗੁਜਰਾਤੀ-ਪਾਰਸੀ ਪਰਿਵਾਰ ਨਾਲ ਸੀ। ਉਹ ਆਪਣੇ ਪਾਰਸੀ ਧਰਮ ਵੱਲ ਬਹੁਤ ਸੁਚੇਤ ਸੀ। ਇਸੇ ਲਈ ਜਦ ਉਸਨੂੰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਵਜੋਂ ਸੌਂਹ ਦਵਾਈ ਗਈ ਤਾਂ ਉਸਨੇ ਬਾਈਬਲ ਨਾਲ ਸੌਂਹ ਖਾਣ ਦੀ ਬਜਾਏ ਉਸ ਲਈ ਖੋਰਦੇਸ ਅਵੇਸਤਾ (ਪੁਰਾਤਨ ਪਾਰਸੀ ਗਰੰਥ) ਦੀ ਕਾਪੀ ਲਿਆਂਦੀ ਗਈ। ਉਸਦੀ ਪੜ੍ਹਾਈ ਬੰਬਈ ਦੀ ਮਸ਼ਹੂਰ ਸੰਸਥਾ ‘ਐਲਫਿਨਸਟੋਨ ਇਨਸਟੀਚੂਟ ਸਕੂਲ’ ਵਿੱਚ ਹੋਈ। ਛੇਤੀ ਹੀ ਉਸਦੀ ਏਨੀ ਮਕਬੂਲੀਅਤ ਹੋ ਗਈ ਕਿ ਬੜੌਦਾ ਦੇ ਮਹਾਂਰਾਜਾ ਸਾਇਆਜੀ ਰਾਓ ਗਾਇਕਵਾੜ ਨੇ ਉਸਨੂੰ ਆਪਣਾ ਦੀਵਾਨ ਨਿਯੁਕਤ ਕਰ ਦਿੱਤਾ। 1851 ਵਿੱਚ ਉਸਨੇ ਪਾਰਸੀ ਧਰਮ ਦੇ ਨੁਮਾਇੰਦੇ ਦੇ ਤੌਰ ‘ਤੇ ‘ਰਹਿਨੁਮਾਈ ਮਜ਼ਦੇਆਸਨ ਸਭਾ’ ਬਣਾਈ। 1854 ਵਿੱਚ ਉਸਨੇ ਫੋਰਟਨਾਈਟਲੀ ਗੁਜਰਾਤੀ ਪਬਲੀਕੇਸ਼ਨ ਸ਼ੁਰੂ ਕੀਤਾ ਜਿਸਦਾ ਨਾਂ ਸੀ- ਰਾਸਤ ਗੁਫਤਾਰ ਭਾਵ ਸੱਚ ਬੋਲਣ ਵਾਲਾ। ਇਹ ਮੈਗਜ਼ੀਨ ਪਾਰਸੀ ਧਰਮ ਨਾਲ ਜੁੜੇ ਸਵਾਲਾਂ ਨੂੰ ਹੱਲ ਕਰਨ ਲਈ ਸੀ। ਉਸਨੇ ਇਕ ਹੋਰ ਮੈਗਜ਼ੀਨ ਵੀ ਛਾਪਣਾ ਸ਼ੁਰੂ ਕੀਤਾ ਜਿਸਦਾ ਨਾਂ ਸੀ ‘ਦਾ ਵੁਆਇਸ ਆਫ ਇੰਡੀਆ’। ਦਸੰਬਰ 1855 ਵਿੱਚ ਉਸਨੂੰ ਬੰਬਈ ਦੇ ਐਲਫਿਨਸਟੋਨ ਕਾਲਜ ਵਿੱਚ ਹਿਸਾਬ ਤੇ ਕੁਦਰਤੀ ਫਿਲਾਸਫੀ ਦਾ ਪਰੋਫੈਸਰ ਨਿਯੁਕਤ ਕੀਤਾ ਗਿਆ, ਇਸ ਅਕੈਡਮਿਕ ਪਦਵੀ ‘ਤੇ ਉਹ ਪਹਿਲਾ ਭਾਰਤੀ ਨਿਯੁਕਤ ਹੋਇਆ ਸੀ। 1855 ਵਿੱਚ ਉਹ ਲੰਡਨ ਚਲੇ ਗਿਆ ਜਿਥੇ ਉਸਨੇ ਕਾਮਾ ਐਂਡ ਕੋ ਨਾਮੀ ਕੰਪਨੀ ਵਿੱਚ ਹਿੱਸੇਦਾਰੀ ਕਰ ਲਈ। ਬਰਤਾਨੀਆ ਵਿੱਚ ਇਹ ਪਹਿਲੀ ਭਾਰਤੀ ਕੰਪਨੀ ਸੀ ਜਿਹੜੀ ਲਿਵਰਪੂਲ ਵਿੱਚ ਸਥਾਪਤ ਕੀਤੀ ਗਈ ਸੀ। ਤਿੰਨ ਸਾਲ ਉਸਨੇ ਇਹ ਕੰਪਨੀ ਚਲਾਈ ਪਰ ਫਿਰ ਕੁਝ ਨੈਤਿਕ ਆਧਾਰਾਂ ਨੂੰ ਲੈਕੇ ਉਸਨੇ ਇਹ ਕੰਪਨੀ ਛੱਡ ਦਿੱਤੀ। 1859 ਵਿੱਚ ਉਸਨੇ ਆਪਣੀ ਕੰਪਨੀ ਖੋਹਲ ਲਈ ਜਿਸਦਾ ਨਾਂ ਸੀ, ‘ਦਾਦਾਭਾਈ ਨਾਰੋਜੀ ਐਂਡ ਕੋ’। 1861 ਵਿੱਚ ਉਸਨੇ ਮੁਨਚਰਜੀ ਹੋਰਮੁਸਜੀ ਕਾਮਾ ਨਾਲ ਰਲ ਕੇ ‘ਦਾ ਜ਼ੋਰੋਆਸਟਰੀਅਨ ਟਰੱਸਟ ਆਫ ਯੌਰਪ’ ਕਾਇਮ ਕੀਤਾ। 1865 ਵਿੱਚ ਉਸਨੇ ‘ਲੰਡਨ ਇੰਡੀਅਨ ਸੁਸਾਇਟੀ’ ਸਥਾਪਤ ਕੀਤੀ ਜਿਸ ਵਿੱਚ ਭਾਰਤ ਨਾਲ ਜੁੜੇ ਰਾਜਨੀਤਕ, ਸਮਾਜਿਕ, ਸਾਹਿਤਕ ਵਿਸ਼ੇ ਵਿਚਾਰੇ ਜਾਂਦੇ ਸਨ। 1867 ਵਿੱਚ ਉਸਨੇ ‘ਈਸਟ ਇੰਡੀਆ ਅਸੌਸੀਏਸ਼ਨ’ ਕਾਇਮ ਕਰਨ ਵਿੱਚ ਮੱਦਦ ਕੀਤੀ ਜੋਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਰੰਭਿਕ-ਰੂਪ ਸੀ। ਇਸਦਾ ਮਕਸਦ ਬਰਤਾਨਵੀ-ਜੰਤਾ ਮੁਹਰੇ ਭਾਰਤ ਦੇ ਲੋਕਾਂ ਦਾ ਪੱਖ ਰੱਖਣਾ ਸੀ। ਉਸਨੇ ‘ਐਥਨੋਲੌਜੀਕਲ ਸੁਸਾਇਟੀ ਆਫ ਲੰਡਨ’ ਦੀ ਸਹਾਇਤਾ ਨਾਲ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਏਸ਼ੀਅਨ ਲੋਕਾਂ ਨੂੰ ਯੌਰਪੀਅਨਾਂ ਦੇ ਮੁਕਾਬਲੇ ਵਿੱਚ ਘਟੀਆ ਸਮਝਿਆ ਜਾਂਦਾ ਹੈ। ਇਸ ਅਸੌਸੀਏਸ਼ਨ ਨੇ ਛੇਤੀ ਹੀ ਉਹਨਾਂ ਅੰਗਰੇਜ਼ਾਂ ਦੀ ਹਮਦਰਦੀ ਜਿੱਤ ਲਈ ਜਿਹਨਾਂ ਦਾ ਬਰਤਾਨਵੀ ਪਾਰਲੀਮੈਂਟ ਵਿੱਚ ਬਹੁਤ ਪ੍ਰਭਾਵ ਸੀ। ਇਹ ਅਸੌਸੀਏਸ਼ਨ ਕਾਫੀ ਪ੍ਰਸਿੱਧ ਹੋਈ ਤੇ ਇਸ ਦੀਆਂ ਬੰਬਈ, ਕਲਕੱਤੇ ਮਦਰਾਸ ਆਦਿ ਵਿੱਚ ਬ੍ਰਾਂਚਾਂ ਵੀ ਖੋਹਲੀਆਂ ਗਈਆਂ।

1874 ਵਿੱਚ ਉਹ ਬੜੌਦਾ ਦੇ ਰਾਜੇ ਦਾ ਪਰਧਾਨ ਮੰਤਰੀ ਬਣ ਗਿਆ। 1885 ਤੋਂ ਲੈਕੇ 1888 ਤੱਕ ਉਹ ‘ਲੈਜਿਸਲੇਟਿਵ ਕੌਂਸਿਲ ਆਫ ਬੰਬੇ’ ਦਾ ਮੈਂਬਰ ਵੀ ਰਿਹਾ। ਕਲਕੱਤੇ ਤੋਂ ਸਰੇਂਦਰਨਾਥ ਬੈਨਰਜੀ ਵਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਅਸੌਸੀਏਸ਼ਨ’ ਦਾ ਮੈਂਬਰ ਵੀ ਉਸਨੂੰ ਲਿਆ ਗਿਆ। ਫਿਰ ਬੰਬਈ ਵਿੱਚ ਬਣਾਈ ਗਈ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਉਹ ਫਾਊਂਡਰ ਮੈਂਬਰ ਬਣ ਗਿਆ। ਇਸਦੇ ਨਿਸ਼ਾਨੇ ਵੀ ਕਲਕੱਤੇ ਵਾਲੀ ਅਸੌਸੀਏਸ਼ਨ ਵਾਲੇ ਸਨ ਤੇ ਬਾਅਦ ਵਿੱਚ ਇਹ ਦੋਵੇਂ ਗਰੁੱਪ ਇਕੱਠੇ ਹੋ ਗਏ। 1886 ਵਿੱਚ ਇਹਨਾਂ ਸਾਰੇ ਗਰੁੱਪਾਂ ਨੇ ਇਕੱਠੇ ਹੋਕੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਸੰਗਰਠਨ ਕੀਤਾ ਜਿਸਦਾ ਪਹਿਲਾ ਪਰਧਾਨ ਨਾਰੋਜੀ ਨੂੰ ਬਣਾਇਆ ਗਿਆ। ਇੰਡੀਅਨ ਨੈਸ਼ਨਲ ਕਾਂਗਰਸ ਦਾ ਉਹ 1893 ਤੇ 1906 ਵਿੱਚ ਵੀ ਪਰਧਾਨ ਬਣਿਆਂ। 1906 ਵਿੱਚ ਅਜਿਹਾ ਵੀ ਵੇਲਾ ਸੀਕਿ ਇੰਡੀਅਨ ਨੈਸ਼ਨਲ ਕਾਂਗਰਸ ਦੋ ਗਰੁੱਪਾਂ ਵਿੱਚ ਵੰਡੀ ਗਈ ਸੀ, ਮੌਡਰੇਟ-ਗਰੁੱਪ ਤੇ ਐਕਸਟਰੀਮਿਸਟ-ਗਰੁੱਪ। ਭਾਵੇਂ ਨਾਰੋਜੀ ਮੌਡਰੇਡ ਗਰੁੱਪ ਨਾਲ ਵਾਹ ਰੱਖਦਾ ਸੀ ਪਰ ਦੋਨਾਂ ਧਿਰਾਂ ਵਿੱਚ ਉਸਦੀ ਏਨੀ ਇੱਜ਼ਤ ਸੀਕਿ ਪਰਧਾਨਗੀ ਲਈ ਉਸਦੇ ਮੁਕਾਬਲੇ ਵਿੱਚ ਕੋਈ ਵੀ ਨਾ ਖੜਿਆ ਤੇ ਨਾਰੋਜੀ ਦੋਨਾਂ ਧੜਿਆਂ ਨੂੰ ਇਕੱਠੇ ਰੱਖਣ ਵਿੱਚ ਕਾਮਯਾਬ ਰਿਹਾ ਸੀ। ਉਹ ‘ਸੈਕਿੰਡ ਇੰਟਰਨੈਸ਼ਨਲ’ ਦਾ ਮੈਂਬਰ ਵੀ ਸੀ। ਇਹ ‘ਸੈਕਿੰਡ ਇੰਟਰਨੈਸ਼ਨ’ ਸੋਸ਼ਲਿਸਟ ਤੇ ਲੇਬਰ ਪਾਰਟੀਆਂ ਦੀ ਸੰਸਥਾ ਸੀ ਜਿਸਦੇ ਵੀਹ ਮੁਲਕਾਂ ਤੋਂ ਮੈਂਬਰ ਸਨ ਜਿਹਨਾਂ ਵਿੱਚ ਕੌਟਸਕੀ (ਮਾਰਕਸਵਾਦੀ-ਪੱਤਰਕਾਰ) ਤੇ ਪਲੈਖਾਨੋਵ (ਮਾਰਕਸਵਾਦੀ-ਫਿਲਾਸਫਰ) ਵੀ ਸ਼ਾਮਲ ਸਨ। ਇਸ ਸਭ ਕਾਸੇ ਦੇ ਨਾਲ-ਨਾਲ ਉਹ ਇਕ ਬਹੁਤ ਵਧੀਆ ਸੰਗਤਰਾਸ਼ ਵੀ ਸੀ।

ਅਜਿਹੀ ਸੀ.ਵੀ. ਕਿਸੇ ਆਮ ਬੰਦੇ ਦੀ ਤਾਂ ਹੋ ਨਹੀਂ ਸਕਦੀ ਸੋ ਮੈਂ ਸਮਝਦਾ ਹਾਂਕਿ ਦਾਦਾਭਾਈ ਨਾਰੋਜੀ ਆਪਣੇ ਆਪ ਵਿੱਚ ਇਕ ਸੰਸਥਾ ਸੀ ਬਲਕਿ ਸੰਸਥਾ ਤੋਂ ਵੀ ਵਸੀਹ ਸੀ। ਅੰਗਰੇਜ਼ਾਂ ਵਲੋਂ ਉਸਨੂੰ ‘ਗਰੈਂਡ ਓਲਡਮੈਨ ਆਫ ਇੰਡੀਆ’ ਕਹਿਣਾ ਗਲਤ ਨਹੀਂ ਹੈ। ਉਸਦਾ ਜਨਮ ਅਗਸਤ 1825 ਵਿੱਚ ਹੋਇਆ ਤੇ ਉਹ 91 ਸਾਲ ਦੀ ਉਮਰ ਭੋਗ ਕੇ ਜੂਨ 1917 ਵਿੱਚ ਪੂਰਾ ਹੋ ਗਿਆ ਸੀ ਪਰ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਿਆ। ਲੰਡਨ ਵਿੱਚ ਤਾਂ ਉਸਦੇ ਨਾਂ ਤੇ ਇਕ ਸਟਰੀਟ ਦਾ ਨਾਂ ਹੈ ਹੀ, ਇਹਦੇ ਨਾਲ-ਨਾਲ ਦਿੱਲੀ, ਕਰਾਚੀ, ਬੰਬਈ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਨਾਰੋਜੀ ਦੇ ਨਾਂ ‘ਤੇ ਸੜਕਾਂ ਤੇ ਨਗਰ ਵਸਾਏ ਹੋਏ ਹਨ। ਭਾਰਤ ਸਰਕਾਰ ਤਿੰਨ ਵਾਰ (1963, 1997, 2017) ਉਸਦੇ ਨਾਂ ‘ਤੇ ਟਿਕਟਾਂ ਜਾਰੀ ਕਰ ਚੁੱਕੀ ਹੈ। ਬਰਤਾਨਵੀ ਸਰਕਾਰ ਦੇ ਡਿਪਟੀ ਪਰਧਾਨ ਮੰਤਰੀ ਨਿਕ ਕਲੈੱਗ ਨੇ ਭਾਰਤੀ-ਯੂਕੇ ਦੇ ਸੰਬੰਧਾਂ ਲਈ ਕੰਮ ਕਰਨ ਵਾਲਿਆਂ ਲਈ ‘ਦਾਦਾਭਾਈ ਨਾਰੋਜੀ ਅਵਾਰਡ’ ਵੀ ਸ਼ੁਰੂ ਕੀਤਾ ਸੀ।

ਨਾਰੋਜੀ ਨੇ ਬਰਤਾਨਵੀ ਸਰਕਾਰ ਦੀ ਉਸ ਵੇਲੇ ਆਲੋਚਨਾ ਕਰਦਾ ਹੈ ਜਦ ਬ੍ਰਿਟਿਸ਼-ਰਾਜ ਆਪਣੇ ਅਰੂਜ਼ ‘ਤੇ ਹੈ ਤੇ ਇਹ ਆਲੋਚਨਾ ਹੈ ਵੀ ਤਿੱਖੀ। ਮੈਂ ਇਹ ਸਭ ਜਾਣਕੇ ਜ਼ਰਾ ਕੁ ਹੈਰਾਨ ਵੀ ਹੁੰਦਾ ਹਾਂਕਿ ਬਰਤਾਨਵੀ ਸਰਕਾਰ ਇਸਨੂੰ ਕਿਵੇਂ ਬਰਦਾਸ਼ਤ ਕਰਦੀ ਹੋਵੇਗੀ। ਧਿਆਨ ਨਾਲ ਦੇਖਿਆਂ ਪਤਾ ਚਲਦਾ ਹੈ ਕਿ ਨਾਰੋਜੀ ਬਹੁਤ ਧੀਮੀ ਸੁਰ ਵਿੱਚ ਆਲਚੋਨਾ ਕਰਦਾ ਹੈ, ਇਵੇਂ ਕਿ ਕਿਸੇ ਨੂੰ ਚੁਭੇ ਵੀ ਨਾ ਤੇ ਨਾਲ ਹੀ ਕਹਿ ਦਿੰਦਾ ਹੈ ਕਿ ਕਿਉਂਕਿ ਮੈਂ ਬ੍ਰਿਟਿਸ਼-ਰਾਜ ਦਾ ਇਕ ਹਿੱਸਾ ਹਾਂ, ਇਸ ਲਈ ਮੈਨੂੰ ਇਸਦਾ ਫਿਕਰ ਹੈ, ਉਸਦੀ ਆਲੋਚਨਾ ਦਾ ਤਿੱਖਾਪਨ ਸਭ ਇਸੇ ਵਿੱਚ ਸਮਾ ਜਾਂਦਾ ਹੈ।



Comments


bottom of page