top of page
Writer's pictureਸ਼ਬਦ

ਇੰਗਲਿਸ਼ ਚੈਨਲ ਲੰਘਦੇ ਜਾਅਲੀ ਆਵਾਸੀ /

ਹਰਜੀਤ ਅਟਵਾਲ /

ਬਰਤਾਨੀਆ ਤੇ ਯੌਰਪ ਦੇ ਵਿਚਕਾਰ ਪੈਂਦੇ ਸਮੁੰਦਰ ਨੂੰ ਇੰਗਲਿਸ਼ ਚੈਨਲ ਕਹਿੰਦੇ ਹਨ। ਛੱਬੀ ਮੀਲ ਦਾ ਇਹ ਸਮੁੰਦਰ ਦੁਨੀਆ ਦੇ ਨਕਸ਼ੇ ‘ਤੇ ਬਹੁਤ ਮਹੱਤਵਪੂਰਨ ਹੈ। ਯੌਰਪ ਤੇ ਇੰਗਲੈਂਡ ਨੂੰ ਜੋੜਨ ਲਈ ਸਭ ਤੋਂ ਨੇੜਲੀਆਂ ਬੰਦਰਗਾਹਾਂ ਫਰਾਂਸ ਦੀ ਕੈਲੇ ਤੇ ਇੰਗਲੈਂਡ ਦੀ ਡੋਵਰ ਹੈ। ਫੈਰੀ ਰਾਹੀਂ ਪੈਂਤੀ ਕੁ ਮਿੰਟ ਲਗਦੇ ਹਨ। ਹੁਣ ਯੌਰੋਟਨਲ, ਸਮੁੰਦਰ ਹੇਠਾਂ ਸੁਰੰਗ ਬਣਨ ਤੋਂ ਬਾਅਦ ਟਰੇਨ ਵੀ ਚੱਲ ਪਈ ਹੈ। ਹਾਲੇ ਵੀ ਤੁਸੀਂ ਫਰਾਂਸ ਨੂੰ ਕਾਰ ਚਲਾ ਕੇ ਨਹੀਂ ਜਾ ਸਕਦੇ। ਕਾਰ ਨੂੰ ਟਰੇਨ ਜਾਂ ਫੈਰੀ (ਪਾਣੀ ਵਾਲੇ ਜਹਾਜ਼) ਵਿੱਚ ਲੱਦ ਕੇ ਲੈ ਜਾਣਾ ਪੈਂਦਾ ਹੈ। ਵੈਸੇ ਏਨਾ ਕੁ ਸਮੁੰਦਰ ਤਾਂ ਕਈ ਲੋਕ ਸ਼ਰਤਾਂ ਲਾ ਕੇ ਤੈਰ ਕੇ ਵੀ ਪਾਰ ਕਰ ਲੈਂਦੇ ਹਨ ਪਰ ਕੁਝ ਲੋਕਾਂ ਲਈ ਇਹ ਕਬਰਸਤਾਨ ਹੈ। ਜਦ ਤੋਂ ਮਨੁੱਖੀ-ਸਮੱਗਲਰਾਂ ਨੇ ਬੰਦੇ ਇੰਗਲੈਂਡ ਲੰਘਾਉਣ ਲਈ ਇਹ ਰੂਟ ਵਰਤਣਾ ਸ਼ੁਰੂ ਕੀਤਾ ਹੈ ਤਾਂ ਇੰਗਲਿਸ਼ ਚੈਨਲ ਦਾ ਭਵਸਾਗਰ ਵਾਲਾ ਰੂਪ ਸਾਫ ਸਾਹਮਣੇ ਆ ਗਿਆ ਹੈ। ਅਣਗਿਣਤ ਲੋਕਾਂ ਨੂੰ ਇਹ ਸਮੁੰਦਰ ਨਿਗਲ ਰਿਹਾ ਹੈ।

ਪਿਛਲੇ ਸੱਠ ਸਾਲ ਤੋਂ ਹੀ ਲੋਕ ਗੈਰਕਾਨੂੰਨੀ ਢੰਗ ਨਾਲ ਇੰਗਲੈਂਡ ਵਿੱਚ ਦਾਖਲ ਹੁੰਦੇ ਆਏ ਹਨ। ਬਹੁਤ ਸਾਰੇ ਰਾਹ ਅਪਣਾਉਂਦਿਆਂ ਲੋਕਾਂ ਨੇ ਲੱਗਭੱਗ 1990 ਤੋਂ ਇੰਗਲਿਸ਼ ਚੈਨਲ ਵਾਲਾ ਰਾਹ ਲੈਣਾ ਸ਼ੁਰੂ ਕਰ ਦਿੱਤਾ। ਏਸ਼ੀਆ, ਅਫਰੀਕਾ ਤੋਂ ਲੋਕ ਯੌਰਪ ਰਾਹੀਂ ਹੁੰਦੇ ਹੋਏ ਕੈਲੇ ਪੁੱਜ ਜਾਂਦੇ ਹਨ, ਉਥੇ ਜੰਗਲਾਂ ਵਿੱਚ ਕੈਂਪ ਲਾ ਕੇ ਬਹਿ ਜਾਂਦੇ ਹਨ ਤੇ ਇਹ ਚੈਨਲ ਪਾਰ ਕਰਨ ਦੇ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ। ਇਹ ਇੰਗਲੈਂਡ ਲੰਘਣ ਲਈ ਕਿਵੇਂ ਜਾਨ ਦੀ ਬਾਜ਼ੀ ਲਾ ਦਿੰਦੇ ਹਨ, ਤੁਸੀਂ ਯੂਟਿਊਬ ਤੋਂ ਦੇਖ ਸਕਦੇ ਹੋ, ਚਾਹੇ ਉਹਨਾਂ ਨੇ ਲੌਰੀ ਵਿੱਚ ਵੜ ਕੇ ਲੰਘਣਾ ਹੋਵੇ ਜਾਂ ਭੱਜੀ ਜਾਂਦੀ ਟਰੇਨ ਵਿੱਚ ਛਾਲ ਮਾਰ ਕੇ ਚੜ੍ਹਨਾ ਹੋਵੇ ਜਾਂ ਅੱਜ ਦੀ ਤਰੀਕ ਵਿੱਚ ਸਮੁੰਦਰੀ ਰਾਹ ਲੈਣਾ ਹੋਵੇ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ।

ਕੁਝ ਜਾਅਲੀ ਆਵਾਸੀ ਤਜਰਬਾ ਹੋ ਜਾਣ ‘ਤੇ ਖੁਦ ਵੀ ਲੰਘਣ ਦੀਆਂ ਕੋਸ਼ਿਸ਼ਾਂ ਕਰਨ ਲਗਦੇ ਹਨ ਨਹੀਂ ਤਾਂ ਕੈਲੇ ਤੇ ਹੋਰਨਾਂ ਥਾਂਵਾਂ ‘ਤੇ ਮਨੁੱਖੀ-ਸਮੱਗਲਰ ਬੈਠੇ ਹਨ। ਇਹ ਕਾਫੀ ਸਾਰੇ ਪੈਸੇ ਲੈ ਕੇ ਇਹਨਾਂ ਜਾਅਲੀਆਂ ਨੂੰ ਇੰਗਲੈਂਡ ਪੁੱਜਣ ਵਿੱਚ ਮੱਦਦ ਕਰਦੇ ਹਨ। ਪਹਿਲਾਂ ਸਮੱਗਲਰ ਲੌਰੀਆਂ ਰਾਹੀਂ, ਸ਼ਿਪਿੰਗ ਕੰਟੇਨਰਾਂ ਰਾਹੀਂ, ਬੱਸਾਂ, ਟਰੇਨਾਂ ਵਿੱਚ ਵੀ ਇਹਨਾਂ ਨੂੰ ਇੰਗਲੈਂਡ ਭੇਜਣ ਦੀ ਕੋਸ਼ਿਸ਼ ਕਰਦੇ ਸਨ। ਕਈ ਵਾਰ ਇਹ ਲੰਘਣ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਕਈ ਵਾਰ ਫੈਰੀ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਫੜੇ ਜਾਂਦੇ ਹਨ। ਕਾਨੂੰਨੀ ਤੌਰ ‘ਤੇ ਇਸ ਕੋਸ਼ਿਸ਼ ਦੀ ਕੋਈ ਸਜ਼ਾ ਨਹੀਂ ਹੁੰਦੀ ਇਸ ਲਈ ਮੁੜ ਕੋਸ਼ਿਸ਼ਾਂ ਕਰਨ ਲਗਦੇ ਹਨ, ਕਿੰਗ ਬਰੂਸ ਵਾਲੀ ਕਹਾਣੀ ਵਾਂਗ ‘ਟਰਾਈ ਟਰਾਈ ਅਗੇਨ’।

ਜਾਅਲੀਆਂ ਦੇ ਬਣਾਏ ਹੋਏ ਕੈਂਪ ਤਾਂ ਫਰਾਂਸ ਤੇ ਬਰਤਾਨਵੀ ਸਰਕਾਰਾਂ ਦੇ ਸਾਂਝੇ ਯਤਨਾਂ ਕਰਕੇ ਪੰਜ ਕੁ ਸਾਲ ਪਹਿਲਾਂ ਚੁੱਕ ਦਿੱਤੇ ਗਏ ਹਨ ਪਰ ਅੱਜ ਵੀ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਏਸ਼ੀਅਨ ਜਾਂ ਅਫਰੀਕਨ ਲੋਕ ਕੈਲੇ ਦੀ ਬੰਦਰਗਾਹ ਨੇੜੇ ਜਾਂ ਸ਼ਹਿਰ ਵਿੱਚ ਫਿਰਦੇ ਦੇਖੇ ਜਾ ਸਕਦੇ ਹਨ। ਇਹ ਹਰ ਵੇਲੇ ਆਪਣੀ ਕਿਸਮਤ ਅਜਮਾਉਣ ਦੇ ਯਤਨਾਂ ਵਿੱਚ ਸਰਗਰਮ ਰਹਿੰਦੇ ਹਨ। ਦਿਲਚਸਪ ਗੱਲ ਇਹ ਕਿ ਕੈਲੇ ਸ਼ਹਿਰ ਦੇ ਲੋਕ ਇਹਨਾਂ ਦੀ ਮੱਦਦ ਕਰਦੇ ਰਹੇ ਹਨ। ਕੁਝ ਪੈਸੇ ਫਰਾਂਸ ਸਰਕਾਰ ਵਲੋਂ ਇਹਨਾਂ ਨੂੰ ਮਿਲਣ ਲਗਦੇ ਹਨ ਤੇ ਕੁਝ ਸਥਾਨਕ ਲੋਕਾਂ ਵਲੋਂ ਵੀ ਸਹਾਇਤਾ ਮਿਲ ਜਾਂਦੀ। ਬੰਦਰਗਾਹ ਨੇੜੇ ਇਹਨਾਂ ਜਾਅਲੀਆਂ ਨੂੰ ਰੋਕਣ ਲਈ ਵਾੜ ਵੀ ਲਾਈ ਗਈ ਜਿਸ ਵਿੱਚ ਬਾਰਾਂ ਮਿਲੀਅਨ ਪੌਂਡ ਯੂਕੇ ਨੇ ਖਰਚਿਆ ਸੀ।...

ਯੌਰਪ ਤੋਂ ਸਮਾਨ ਦੀਆਂ ਭਰੀਆਂ ਹਜ਼ਾਰਾਂ ਲੌਰੀਆਂ ਯੂਕੇ ਆਉਂਦੀਆਂ ਹਨ, ਜਾਅਲੀਆਂ ਲਈ ਇਹ ਜ਼ਰੀਆ ਸਭ ਤੋਂ ਵੱਧ ਕਾਰਗਾਰ ਰਿਹਾ ਹੈ। ਕਿੰਨੀਆਂ ਕੁ ਲੌਰੀਆਂ ਦੀ ਤਲਾਸ਼ੀ ਲਈ ਜਾ ਸਕਦੀ ਹੈ? ਲੌਰੀਆਂ ਵਿੱਚ ਲੰਘਣ ਲਈ ਇਹ ਲੋਕ ਸਾਹ ਘੁੱਟ ਹੋਣ ਦਾ ਜੋਖਮ ਲੈਂਦੇ ਹਨ। ਤੇ ਦੋ ਕੁ ਸਾਲ ਪਹਿਲਾਂ ਇਕ ਫਰਿੱਜ ਵਾਲੀ ਲੌਰੀ ਵਿੱਚ ਲੁਕ ਕੇ ਆ ਰਹੇ 39 ਵੀਤਨਾਮੀਆਂ ਦੀ ਮੌਤ ਹੋ ਗਈ, ਜਿਸ ਨੇ ਯੌਰਪ ਤੇ ਯੂਕੇ ਵਿੱਚ ਹੰਗਾਮੇ ਖੜਾ ਕਰ ਦਿੱਤਾ। ਤੇ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਤੱਰਕ ਕਰ ਦਿੱਤਾ। ਇਵੇਂ ਇਹਨਾਂ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ ਲੌਰੀਆਂ ਦੇ ਮਾਲਕਾਂ ਤੇ ਡਰਾਈਵਰਾਂ ਨੂੰ ਲੰਮੀਆਂ ਸਜ਼ਾਵਾਂ ਹੋਣ ਲਗੀਆਂ। ਸੋ ਇਸ ਰਾਹ ਉਪਰ ਬਹੁਤ ਸਖਤੀਆਂ ਹੋਣ ਲਗੀਆਂ। ਇਵੇਂ ਹਿਊਮਨ-ਸਮੱਗਲਰ ਜਾਅਲੀਆਂ ਨੂੰ ਇੰਗਲੈਂਡ ਲੰਘਾਉਣ ਦੇ ਨਵੇਂ ਨਵੇਂ ਸਾਧਨ ਲੱਭਣ ਲੱਗੇ। ਇੰਗਲਿਸ਼ ਚੈਨਲ ਵਾਲਾ ਸਮੁੰਦਰੀ ਰਾਹ ਵੀ ਇਸੇ ਦਾ ਇਕ ਵਿਕਲਪ ਹੈ ਪਰ ਹੈ ਬਹੁਤ ਹੀ ਖਤਰਨਾਕ।

ਕਿਉਂਕਿ ਯੂਕੇ ਦੇ ਚਾਰੇ ਪਾਸੇ ਸਮੁੰਦਰ ਲਗਦਾ ਹੈ। ਏਡੇ ਵੱਡੇ ਸਮੁੰਦਰੀ-ਤੱਟ ਨੂੰ ਹਰ ਵੇਲੇ ਤਾਂ ਗਾਰਡ ਕੀਤਾ ਨਹੀਂ ਜਾ ਸਕਦਾ। ਭਾਵੇਂ ਬਾਰਡਰ ਫੋਰਸ ਚੇਤੰਨ ਰਹਿੰਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਵਿਰਲ ਰਹਿ ਹੀ ਜਾਂਦੀ ਹੈ। ਸਮੱਗਲਰ ਤਾੜ ਰੱਖਦੇ ਹਨ ਤੇ ਉਧਰੋਂ ਦੀ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਸਮੁੰਦਰ ਦਾ ਇਹ ਪਾੜ ਛੱਬੀ ਮੀਲ ਤਾਂ ਇਕ ਜਗਾਹ ‘ਤੇ ਹੀ ਹੈ, ਬਾਕੀ ਥਾਵਾਂ ‘ਤੇ ਇਸ ਤੋਂ ਵੱਧ ਹੈ। ਇਹ ਸਫਰ ਜਿਵੇਂ ਕਹਿੰਦੇ ਹਨ, ਭਵਸਾਗਰ ਪਾਰ ਕਰਨਾ ਹੁੰਦਾ ਹੈ। ਜਿਹਨਾਂ ਕਿਸ਼ਤੀਆਂ ਰਾਹੀਂ ਇਹ ਲੋਕ ਸਮੁੰਦਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਬਹੁਤ ਸਾਧਾਰਨ ਹੁੰਦੀਆਂ ਹਨ ਤੇ ਇਹਨਾਂ ਵਿੱਚ ਲੋਕ ਸਮਰਥਾ ਤੋਂ ਵੱਧ ਚੜ੍ਹਦੇ ਹਨ। ਜੇ ਕਿਸੇ ਪ੍ਰੋਫੈਸ਼ਨਲ ਜਾਂ ਰਜਿਸਟਰ ਕਿਸ਼ਤੀ ਰਾਹੀਂ ਲੰਘਦੇ ਫੜੇ ਜਾਣ ਤਾਂ ਕਿਸ਼ਤੀ ਦੇ ਮਾਲਕ ਨੂੰ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ। ਇਸ ਲਈ ਇਹ ਸਾਧਾਰਨ, ਬਿਨਾਂ ਕਿਸੇ ਮਾਰਕ ਤੋਂ ਕਿਸ਼ਤੀਆਂ ਰਾਹੀਂ ਲੰਘਦੇ ਹਨ। ਆਮ ਤੌਰ ‘ਤੇ ਛੋਟੇ ਇੰਜਣਾਂ ਵਾਲੀਆਂ ਕਿਸ਼ਤੀਆਂ ਹੁੰਦੀਆਂ ਹਨ। ਅਕਸਰ ਹਵਾ ਭਰਨ ਵਾਲੀਆਂ ਕਿਸ਼ਤੀਆਂ ਨੂੰ ਹੀ ਇੰਜਣ ਫਿੱਟ ਕਰ ਲਿਆ ਜਾਂਦਾ ਹੈ। ਪਿੱਛੇ ਜਿਹੇ ਮੈਂ ਯੂਟਿਊਬ ਉਪਰ ਦੇਖ ਰਿਹਾ ਸਾਂ ਕਿ ਕੁਝ ਲੋਕ ਏਨੇ ਸਿਰਲੱਥ ਹੋ ਜਾਂਦੇ ਹਨ ਕਿ ਟੁਆਏ-ਬੋਟ ਰਾਹੀਂ ਹੀ ਲੰਘਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਹੁਣ ਤਾਂ ਫਿਰ ਵੀ ਸੇਫਟੀ-ਜੈਕਟਾਂ ਪਾਉਣ ਲੱਗੇ ਹਨ ਪਹਿਲਾਂ ਤਾਂ ਇਵੇਂ ਹੀ ਕਿਸ਼ਤੀਆਂ ਲੈ ਕੇ ਠਿੱਲ ਪੈਂਦੇ ਸਨ। ਕਈ ਵਾਰ ਇਹ ਪਾਰ ਵੀ ਨਹੀਂ ਲੰਘ ਸਕਦੇ। ਕਿਸ਼ਤੀ ਰਾਹ ਵਿੱਚ ਹੀ ਰਹਿ ਜਾਂਦੀ ਹੈ। ਇਹ ਲੋਕ ਕਿਸ਼ਤੀ ਚਲਾਉਣ ਦੇ ਜਾਂ ਸਮੁੰਦਰੀ ਰਾਹਾਂ ਦੇ ਮਾਹਰ ਨਹੀਂ ਹੁੰਦੇ, ਰਾਹ ਵੀ ਭੁੱਲ ਸਕਦੇ ਹਨ। ਇਸ ਜਗਾਹ ਦਾ ਸਮੁੰਦਰ ਵੀ ਕਈ ਵਾਰ ਬਹੁਤ ਗੁੱਸੇ ਵਿੱਚ ਹੁੰਦਾ ਹੈ ਤੇ ਸਾਧਾਰਨ ਕਿਸ਼ਤੀਆਂ ਨੂੰ ਉਲਟਾ ਮਾਰਦਾ ਹੈ। ਸੋ ਇਸ ਸਫਰ ਨੂੰ ਸਾਰੇ ਸਰ ਕਰ ਸਕਣਗੇ ਇਸ ਦੀ ਕੋਈ ਗਰੰਟੀ ਨਹੀਂ। ਇਹਨਾਂ ਵਿੱਚੋਂ ਕੁਝ ਦੀਆਂ ਮਿ੍ਰਤਕ-ਦੇਹਾਂ ਸਮਾਂ ਪਾ ਕੇ ਕੰਢੇ ਆ ਲਗਦੀਆਂ ਹਨ। ਸਮੁੰਦਰੀ ਤੱਟ ਉਪਰ ਪੈਂਦੇ ਪਿੰਡਾਂ ਦੇ ਲੋਕਾਂ ਵਿੱਚ ਇਹਨਾਂ ਬੇਪੱਛਾਣ ਲਾਸ਼ਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਬੀ.ਬੀ.ਸੀ. ਉਪਰ ਇਕ ਲੜੀਵਾਰ ਡਰਾਮਾ ‘ਡੌਂਟ ਫੌਰਗੈਟ ਦਾ ਡਰਾਈਵਰ’ ਚੱਲ ਰਿਹਾ ਸੀ, ਜਿਸ ਦੀ ਕਹਾਣੀ ਸਮੁੰਦਰੀ ਕੰਢਲੇ ਇਕ ਪਿੰਡ ਬੌਗਨੌਰ ਰੈਜਿਜ਼ ਵਿੱਚ ਅਧਾਰਿਤ ਹੈ। ਇਸ ਡਰਾਮੇ ਵਿੱਚ ਇਕ ਬੱਸ ਡਰਾਈਵਰ ਬੱਸ ਲੈ ਕੇ ਫਰਾਂਸ ਜਾਂਦਾ ਰਹਿੰਦਾ ਹੈ ਤੇ ਕਦੀ ਕਦੀ ਕਿਸੇ ਜਾਅਲੀ ਆਵਾਸੀ ਨੂੰ ਵੀ ਲੈ ਆਉਂਦਾ ਹੈ, ਉਸ ਪਿੰਡ ਦੇ ਆਮ ਲੋਕਾਂ ਦੀ ਗੱਲਬਾਤ ਵਿੱਚ ਗੈਰਕਾਨੂੰਨੀਆਂ ਬਾਰੇ ਤੇ ਕੰਢੇ ਲਗਦੀਆਂ ਬੇਪੱਛਾਣ ਲਾਸ਼ਾਂ ਬਾਰੇ ਆਏ ਦਿਨ ਚਰਚਾ ਹੁੰਦੀ ਹੈ। ਪਿੱਛਲੇ ਸਾਲ ਦਿੱਤੇ ਗਏ ਅੰਕੜਿਆਂ ਅਨੁਸਾਰ ਕੁਲ ਤਿੰਨ ਸੌ ਲਾਸ਼ਾਂ ਸਮੁੰਦਰ ਵਿੱਚੋਂ ਚੁੱਕੀਆਂ ਗਈਆਂ ਸਨ ਜਿਹਨਾਂ ਵਿੱਚੋਂ ਛੱਤੀ ਬੱਚਿਆਂ ਦੀਆਂ ਲਾਸ਼ਾਂ ਵੀ ਸਨ। ਸਹੀ ਅੰਕੜੇ ਭਾਵ ਜੋ ਡੁੱਬ ਗਈਆਂ ਜਾਂ ਨਹੀਂ ਮਿਲੀਆਂ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਫਰਾਂਸ ਤੇ ਯੂਕੇ ਦੀਆਂ ਸਰਕਾਰਾਂ ਬਹੁਤ ਰੌਲਾ ਪਾਉਂਦੀਆਂ ਹਨ ਕਿ ਇੰਗਲਿਸ਼ ਚੈਨਲ ਕਬਰਸਤਾਨ ਹੈ, ਇਸ ਵਿੱਚ ਨਾ ਜਾਓ ਪਰ ਕੋਈ ਨਹੀਂ ਸੁਣਦਾ।

ਕੁਝ ਕਿਸ਼ਤੀਆਂ ਕਿਨਾਰੇ ਲੱਗ ਵੀ ਜਾਂਦੀਆਂ ਹੋਣਗੀਆਂ ਤਾਂ ਹੀ ਤਾਂ ਹੋਰ ਕਿਸ਼ਤੀਆਂ ਨੂੰ ਠੱਲਣ ਦਾ ਹੌਸਲਾ ਮਿਲਦਾ ਹੋਵੇਗਾ। ਬਹੁਤੀ ਵਾਰੀ ਬਾਰਡਰ ਫੋਰਸ ਵਾਲੇ ਇਹਨਾਂ ਨੂੰ ਫੜ ਵੀ ਲੈਂਦੇ ਹਨ। ਕਈ ਵਾਰ ਕਿਸ਼ਤੀਆਂ ਡੁੱਬ ਜਾਂਦੀਆਂ ਹਨ ਤੇ ਇਹ ਲੋਕ ਪਾਣੀ ਉਪਰ ਤੈਰ ਰਹੇ ਹੁੰਦੇ ਹਨ ਜਾਂ ਕਿਸ਼ਤੀ ਡੁੱਬਣ ਕਿਨਾਰੇ ਹੁੰਦੀ ਹੈ, ਅਜਿਹੇ ਵੇਲੇ ਕੋਈ ਨਾ ਕੋਈ ਸੇਫਟੀ ਬੋਟ ਇਹਨਾਂ ਨੂੰ ਆ ਕੇ ਬਚਾਉਂਦੀ ਹੈ। ਜੇ ਇਹ ਬਿ੍ਰਟਿਸ਼ ਬਾਰਡਰ ਫੋਰਸ ਹੱਥ ਚੜ੍ਹ ਜਾਣ ਤਾਂ ਇਹਨਾਂ ਦੀਆਂ ਪੌ-ਬਾਰਾਂ ਹੋ ਜਾਂਦੀਆਂ ਹਨ, ਇਹ ਉਸੇ ਵੇਲੇ ਰਾਜਨੀਤਕ ਸ਼ਰਣ ਮੰਗ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਯੂਕੇ ਸਰਕਾਰ ਨੂੰ ਉਹਨਾਂ ਉਪਰ ਕੇਸ ਚਲਾਉਣਾ ਪੈਂਦਾ ਹੈ ਕਿ ਵਾਕਿਆ ਹੀ ਉਹ ਰਾਜਨੀਤਕ ਸ਼ਰਣ ਦੇ ਹੱਕਦਾਰ ਹਨ ਕਿ ਨਹੀਂ। ਜਦ ਤੱਕ ਕੇਸ ਚਲਦਾ ਹੈ ਉਹਨਾਂ ਨੂੰ ਆਰਜ਼ੀ ਤੌਰ ‘ਤੇ ਯੂਕੇ ਵਿੱਚ ਰਹਿਣ ਦੀ ਆਗਿਆ ਮਿਲ ਜਾਂਦੀ ਹੈ। ਇਹਨਾਂ ਵਿੱਚੋਂ ਬਹੁਤੇ ਪੱਕੇ ਵੀ ਹੋ ਜਾਂਦੇ ਹਨ। ਇਹ ਕਾਨੂੰਨੀ ਪ੍ਰਕਿਰਿਆ ਬਹੁਤ ਮਹਿੰਗੀ ਹੁੰਦੀ ਹੈ ਜਿਸ ਦੇ ਖਰਚੇ ਦਾ ਸਾਰਾ ਭਾਰ ਸਰਕਾਰ ਰਾਹੀਂ ਆਮ ਲੋਕਾਂ ‘ਤੇ ਪੈਂਦਾ ਹੈ।

ਕਿਸ਼ਤੀਆਂ ਰਾਹੀਂ ਚੋਰੀ ਛੁਪੇ ਲੰਘਣ ਦੀਆਂ ਖ਼ਬਰਾਂ ਢਾਈ ਤਿੰਨ ਸਾਲ ਕੁ ਤੋਂ ਹੀ ਉਭਰ ਕੇ ਸਾਹਮਣੇ ਆਉਣ ਲਗੀਆਂ ਹਨ। ਅੰਕੜਿਆਂ ਮੁਤਾਬਕ 2020 ਵਿੱਚ 8500 ਗੈਰਕਾਨੂੰਨੀ ਲੋਕ ਕਿਸ਼ਤੀਆਂ ਰਾਹੀਂ ਯੂਕੇ ਪੁੱਜੇ ਹਨ। ਇਸ ਨਾਲ ਰਾਜਨੀਤਕ ਸ਼ਰਣ ਮੰਗਣ ਵਾਲੇ ਲੋਕਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ। ਇਕ ਲੱਖ ਤੋਂ ਕਿਤੇ ਉਪਰ ਲੋਕ ਇਸ ਵੇਲੇ ਰਾਜਨੀਤਕ ਸ਼ਰਣ ਦੀਆਂ ਆਪਣੀਆਂ ਅਰਜ਼ੀਆਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ।

ਅੱਜਕੱਲ ਕਿਸ਼ਤੀਆਂ ਰਾਹੀਂ ਲੰਘਣ ਵਾਲੇ ਲੋਕਾਂ ਨੂੰ ਲੈ ਕੇ ਖ਼ਬਰਾਂ ਬਹੁਤ ਸਰਗਰਮ ਹਨ। ਯੂਕੇ ਦੀ ਹੋਮ ਮਿਨਿਸਟਰ ਪ੍ਰੀਤੀ ਪਟੇਲ ਰਾਜਨੀਤਕ ਸ਼ਰਣ ਵਾਲਾ ਕਾਨੂੰਨ ਬਦਲਣ ਦੀ ਤਿਆਰੀ ਕਰ ਰਹੀ ਹੈ। ਪਹਿਲਾਂ ਇੰਗਲੈਂਡ ਯੌਰਪੀਅਨ ਯੂਨੀਅਨ ਵਿੱਚ ਹੋਣ ਕਰਕੇ ਉਹਨਾਂ ਦੇ ਕਾਨੂੰਨ ਮੰਨਣਾ ਪੈਂਦਾ ਸੀ, ਹੁਣ ਇੰਗਲੈਂਡ ਆਜ਼ਾਦ ਹੈ ਤੇ ਆਪਣੇ ਹਿਸਾਬ ਨਾਲ ਰਾਜਨੀਤਕ ਸ਼ਰਣ ਵਾਲੇ ਕਾਨੂੰਨ ਨੂੰ ਓਵਰਹਾਲ ਕਰਨ ਦੀ ਤਿਆਰੀ ਸ਼ੁਰੂ ਹੈ। ਇਸ ਵੇਲੇ ਇੰਜ ਫੜੇ ਗਏ ਲੋਕਾਂ ਨੂੰ ਰਾਜਨੀਤਕ ਸ਼ਰਣ ਦੇ ਕੇਸ ਚੱਲਾਉਣ ਲਈ ਉਹਨਾਂ ਨੂੰ ਯੂਕੇ ਦੀ ਥਾਵੇਂ ਕਿਸੇ ਹੋਰ ਮੁਲਕ ਵਿੱਚ ਭੇਜਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਕ ਤਾਂ ਇਹ ਤਰੀਕਾ ਸੋਚਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਉਥੇ ਹੀ ਵਾਪਸ ਭੇਜਿਆ ਜਾਵੇ ਜਿਥੋਂ ਉਹ ਆਏ ਹਨ, ਬਹੁਤੇ ਫਰਾਂਸ ਵਿੱਚੋਂ ਹੀ ਆਉਂਦੇ ਹਨ, ਪਰ ਫਰਾਂਸ ਇਸ ਮਾਮਲੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਕਿਉਂਕਿ ਇਹ ਉਸ ਦਾ ਮਸਲਾ ਨਹੀਂ ਹੈ। ਫਰਾਂਸ ਵਿੱਚ ਤਾਂ ਇਹ ਰਿਫਿਉਜ਼ੀ ਆਰਜ਼ੀ ਤੌਰ ‘ਤੇ ਹੀ ਰਹਿੰਦੇ ਹਨ। ਹੁਣ ਇਹਨਾਂ ਨੂੰ ਜਿਬਲਾਰਟਰ ਜਾਂ ਆਈਯਲ ਔਫ ਮੈਨ, ਜੋ ਯੈਕੇ ਦੇ ਦੂਰਲੇ ਅੱਡੇ ਹਨ, ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਡੈਨਮਾਰਕ ਨਾਲ ਵੀ ਗੱਲ ਚੱਲ ਰਹੀ ਹੈ।

ਖੈਰ, ਇਸ ਵੇਲੇ ਦੋ ਖ਼ਬਰਾਂ ਹਨ, ਇਕ ਚੰਗੀ ਤੇ ਇਕ ਮਾੜੀ। ਮਾੜੀ ਖ਼ਬਰ ਇਹ ਕਿ ਯੂਕੇ ਵਿੱਚ ਰਾਜਨੀਤਕ ਸ਼ਰਣ ਮੰਗਣ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਸਖਤਾਈ ਹੋਣ ਜਾ ਰਹੀ ਹੈ, ਚੰਗੀ ਖ਼ਬਰ ਇਹ ਹੈ ਕਿ ਸਰਕਾਰ ਹੁਣ ਤੱਕ ਰਾਜਨੀਤਕ ਸ਼ਰਣ ਲਈ ਅਰਜ਼ੀਆਂ ਦੇਈ ਬੈਠੇ ਲੋਕਾਂ ਨੂੰ ਪੱਕਿਆਂ ਕਰਨ ਬਾਰੇ ਸੋਚ ਰਹੀ ਹੈ।


Komentáře


bottom of page