top of page
Writer's pictureਸ਼ਬਦ

ਨਾਵਲ-ਅੰਸ਼

ਆਈ.ਡਬਲਯੂ.ਏ. : ਇਕ ਲੀਜੈਂਡ

ਹਰਜੀਤ ਅਟਵਾਲ


ਸੰਨ ਪੱਚਵੰਜਾ ਦੀ ਕ੍ਰਿਸਮਸ ਨੂੰ ਅਸੀਂ ਸਾਊਥਾਲ ਆ ਗਏ। ਅਸੀਂ, ਭਾਵ ਮੈਂ ਤੇ ਚਾਚਾ ਕੁੰਦਨ ਸਿੰਘ। ਉਹ ਚਾਚੇ ਚੈਂਚਲ ਸਿੰਘ ਦਾ ਹਾਣੀ ਹੋਣ ਕਰਕੇ ਮੈਂ ਉਸ ਨੂੰ ਵੀ ਚਾਚਾ ਹੀ ਆਖਦਾ ਸਾਂ।

ਇਕ ਦਿਨ ਚਾਚਾ ਕੁੰਦਨ ਸਿੰਘ ਨੇ ਕਿਹਾ, ‘‘ਚੱਲ ਸਤਿਕਾਰ, ਸਾਊਥਾਲ ਹੀ ਰਹਿੰਨੇ ਆਂ, ਹੁਣ ਰਾਹਾਂ ਦੀ ਮਾਰ ਨਹੀਂ ਝੱਲ ਹੁੰਦੀ।’’

ਆਲਡਗੇਟ ਤੋਂ ਸਾਊਥਾਲ ਕੰਮ ‘ਤੇ ਆਉਣਾ ਕੋਈ ਮਾਮੂਲੀ ਗੱਲ ਨਹੀਂ ਸੀ। ਦੋ-ਤਿੰਨ ਗੱਡੀਆਂ ਬਦਲਣੀਆਂ ਪੈਂਦੀਆਂ, ਫਿਰ ਈਲਿੰਗ ਆ ਕੇ 607 ਬੱਸ ਲੈਣੀ ਪੈਂਦੀ। ਬਿਜਲੀ ਵਾਲੀ ਬੱਸ ਫਸ-ਫਸ ਕੇ ਚਲਦੀ। ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਰਾਹਾਂ ਵਿੱਚ ਲੱਗ ਜਾਂਦੇ। ਅਸੀਂ ਸਾਊਥਾਲ ਕਮਰਾ ਲੱਭਣ ਲੱਗੇ। ਕੁਝ ਦਿਨਾਂ ਬਾਅਦ ਜਗੀਰ ਸਿੰਘ ਦੇ ਹੈਂਬਰੋ ਰੋਡ ਵਾਲੇ ਘਰ ਵਿੱਚ ਇਕ ਕਮਰਾ ਖਾਲੀ ਹੋਇਆ, ਅਸੀਂ ਸਮਾਨ ਚੁੱਕ ਉਥੇ ਆ ਗਏ। ਜਗੀਰ ਸਿੰਘ ਦੇ ਸਾਊਥਾਲ ਵਿੱਚ ਤਿੰਨ ਘਰ ਸਨ। ਇਹਨਾਂ ਵਿੱਚ ਪੰਜਾਬੀ ਹੀ ਰਹਿੰਦੇ ਸਨ। ਗੋਰੇ ਤਾਂ ਪੰਜਾਬੀਆਂ ਜਾਂ ਏਸ਼ੀਅਨਾਂ ਨੂੰ ਕਮਰਾ ਕਿਰਾਏ ‘ਤੇ ਦਿੰਦੇ ਨਹੀਂ ਸਨ। ਇਹ ਜਗੀਰ ਸਿੰਘ ਦਾ ਅਹਿਸਾਨ ਵੀ ਸੀ ਤੇ ਉਸ ਦਾ ਇਕ ਵਾਧੂ ਕਾਰੋਬਾਰ ਵੀ। ਘਰਾਂ ਦੀ ਘਾਟ ਹੋਣ ਕਰਕੇ ਇਕ ਘਰ ਵਿੱਚ ਹੀ ਬਾਰਾਂ, ਚੌਦਾਂ ਜਾਂ ਇਸ ਤੋਂ ਵੀ ਵੱਧ ਬੰਦੇ ਰਹਿੰਦੇ ਸਨ।

ਇੰਡੀਆ ਤੋਂ ਅਸੀਂ ਜਗੀਰ ਸਿੰਘ ਕੋਲ ਹੀ ਆਏ ਸਾਂ। ਉਹ ਚਾਚੇ ਚੈਂਚਲ ਸਿੰਘ ਦਾ ਕਿਸੇ ਤਰ੍ਹਾਂ ਵਾਕਫ ਸੀ। ਅਸੀਂ ਜਹਾਜ਼ ਰਾਹੀਂ ਡੋਵਰ ਪੁੱਜੇ ਸਾਂ, ਡੋਵਰ ਤੋਂ ਵਿਕਟੋਰੀਆ ਸਟੇਸ਼ਨ ਤੇ ਵਿਕਟੋਰੀਆ ਤੋਂ ਸਿੱਧੇ ਆਲਡਗੇਟ। ਆਲਡਗੇਟ ਵਿੱਚ ਜਗੀਰ ਸਿੰਘ ਦਾ ਕੈਫੇ ਸੀ। ਕੈਫੇ ਭਾਵ ਨਾਸ਼ਤੇ ਲਈ ਰੈਸਟੋਰੈਂਟ। ਉਹ ਅੰਗਰੇਜ਼ਾਂ ਵਾਲਾ ਨਾਸ਼ਤਾ ਤਿਆਰ ਕਰਦਾ। ਸੋਸੇਜ, ਐੱਗ, ਬੇਕਨ, ਚਿਪਸ, ਟੋਸਟ ਬਗੈਰਾ। ਚਾਹ ਤੇ ਕੌਫੀ ਵੀ। ਇਹ ਰੈਸਟੋਰੈਂਟ ਆਲਡਗੇਟ ਸਟੇਸ਼ਨ ਦੇ ਬਿਲਕੁਲ ਨਾਲ ਪੈਂਦਾ ਸੀ। ਸਵੇਰੇ ਵੇਲੇ ਸਿਰ ਹੀ ਗਾਹਕ ਆਉਣੇ ਸ਼ੁਰੂ ਹੋ ਜਾਂਦੇ ਤੇ ਦੁਪਹਿਰ ਤੱਕ ਉਹ ਪੂਰੀ ਤਰ੍ਹਾਂ ਰੁਝਿਆ ਰਹਿੰਦਾ। ਕੈਫੇ ਦੇ ਉਪਰ ਫਲੈਟ ਸੀ। ਅਸੀਂ ਉਥੇ ਹੀ ਰਹਿਣ ਲੱਗੇ ਸਾਂ। ਤਿੰਨ ਕਮਰੇ ਸਨ। ਇਕ ਕਮਰੇ ਵਿੱਚ ਮੈਂ ਤੇ ਚਾਚਾ ਚੈਂਚਲ ਸਿੰਘ, ਦੂਜੇ ਵਿੱਚ ਕੁੰਦਨ ਸਿੰਘ ਤੇ ਬਾਬੂ ਸਿੰਘ, ਤੀਜਾ ਕਮਰਾ ਜਗੀਰ ਸਿੰਘ ਨੇ ਆਪਣੇ ਲਈ ਰੱਖਿਆ ਹੋਇਆ ਸੀ। ਵੈਸੇ ਉਸ ਦੀ ਰਿਹਾਇਸ਼ ਸਾਊਥਾਲ ਵੀ ਸੀ। ਐਤਵਾਰ ਨੂੰ ਕੈਫੇ ਬੰਦ ਹੁੰਦਾ ਤਾਂ ਉਹ ਉਥੇ ਚਲੇ ਜਾਂਦਾ। ਉਥੇ ਉਸ ਨੇ ਕਿਰਾਇਆ ਇਕੱਠਾ ਕਰਨਾ ਹੁੰਦਾ।

ਜਗੀਰ ਸਿੰਘ ਦੇ ਹੈਂਬਰੋ ਰੋਡ ਵਾਲੇ ਘਰ ਦੇ ਪੰਜ ਕਮਰੇ ਸਨ। ਦੋ ਹੇਠਾਂ ਤੇ ਤਿੰਨ ਉਪਰ। ਹੇਠਾਂ ਮੁਹਰਲਾ ਕਮਰਾ ਜਗੀਰ ਸਿੰਘ ਨੇ ਆਪਣੇ ਲਈ ਰੱਖਿਆ ਹੋਇਆ ਸੀ। ਇਹ ਕਮਰਾ ਕੁਝ ਵੱਡਾ ਸੀ। ਪਿਛਲਾ ਕਮਰਾ ਅਸੀਂ ਲੈ ਲਿਆ। ਕਿਰਾਇਆ ਮੈਂ ਤੇ ਕੁੰਦਨ ਸਿੰਘ ਵੰਡ ਲੈਂਦੇ। ਬਾਕੀ ਤਾਂ ਸਭ ਠੀਕ ਸੀ ਪਰ ਸਾਡੇ ਦੋ ਬੰਦਿਆਂ ਤੋਂ ਇਕ ਕਮਰੇ ਵਿੱਚ ਰਹਿਣਾ ਮੁਸ਼ਕਲ ਸੀ। ਬੈੱਡ ਇਕੋ ਸੀ। ਮੈਨੂੰ ਕਿਸੇ ਨਾਲ ਸੌਣਾ ਚੰਗਾ ਨਹੀਂ ਸੀ ਲਗਦਾ। ਆਲਡਗੇਟ ਵੀ ਮੈਂ ਹੇਠਾਂ ਹੀ ਸੌਂਇਆਂ ਕਰ ਕਰਦਾ ਸਾਂ। ਚਾਚਾ ਚੈਂਚਲ ਸਿੰਘ ਤਾਂ ਰੰਮ ਨਾਲ ਰੱਜ, ਲੰਮੀਆਂ ਤਾਣ ਸੌਂਦਾ ਸੀ। ਸਾਊਥਾਲ ਵਿੱਚ ਇਕ ਕਮਰੇ ਵਿੱਚ ਚਾਰ-ਚਾਰ ਬੰਦੇ ਆਮ ਰਹਿੰਦੇ ਸਨ। ਦੋ ਬੰਦੇ ਇਕੱਠੇ ਸੌਂ ਜਾਂਦੇ, ਦੋ ਦਿਨ ਦੀ ਸ਼ਿਫਟ ਵਾਲੇ ਤੇ ਦੋ ਰਾਤ ਦੀ ਸ਼ਿਫਟ ਵਾਲੇ। ਇਵੇਂ ਬਿਸਤਰ ਹਰ ਵੇਲੇ ਗਰਮ ਰਹਿੰਦੇ। ਚਾਚਾ ਕੁੰਦਨ ਸਿੰਘ ਵੀ ਮੇਰੇ ਵਾਂਗ ਇਕੱਲਾ ਹੀ ਸੌਣਾ ਚਾਹੁੰਦਾ ਸੀ। ਵੈਸੇ ਵੀ ਕੁੰਦਨ ਸਿੰਘ ਧਾਰਮਿਕ ਪ੍ਰਵਿਰਤੀਆਂ ਵਾਲਾ ਹੋਣ ਕਰਕੇ ਉਸ ਕੋਲ ਕੁਝ ਸਮਾਨ ਜ਼ਿਆਦਾ ਹੀ ਸੀ। ਸੁੱਚਮ ਦਾ ਵੀ ਉਹ ਬਹੁਤ ਧਿਆਨ ਰੱਖਦਾ। ਛੇਤੀ ਹੀ ਅਸੀਂ ਸਮਝ ਲਿਆ ਕਿ ਇਹ ਕਮਰਾ ਸਾਡੇ ਦੋਵਾਂ ਲਈ ਛੋਟਾ ਪੈ ਰਿਹਾ ਹੈ। ਮੈਂ ਇਥੋਂ ਮੂਵ ਹੋ ਕੇ ਆਪਣੇ ਇਕੱਲੇ ਲਈ ਕਮਰਾ ਲੱਭਣ ਬਾਰੇ ਸੋਚਣ ਲੱਗਾ। ਕੁਝ ਦਿਨਾਂ ਬਾਅਦ ਉਪਰਲੇ ਬੌਕਸ ਰੂਮ ਵਿੱਚ ਰਹਿੰਦਾ ਚੇਤਨ ਸਿੰਘ ਬਰਮੀਘੰਮ ਚਲੇ ਗਿਆ। ਜਗੀਰ ਸਿੰਘ ਨੂੰ ਕਹਿ ਕੇ ਮੈਂ ਉਸ ਕਮਰੇ ਵਿੱਚ ਚਲੇ ਗਿਆ। ਰੂਮ ਦਾ ਕਿਰਾਇਆ ਹੁਣ ਮੈਨੂੰ ਇਕੱਲੇ ਨੂੰ ਦੇਣਾ ਪੈਂਦਾ ਸੀ ਪਰ ਹੁਣ ਮੈਂ ਖੁਸ਼ ਸਾਂ ਕਿ ਜਿਵੇਂ ਮਰਜ਼ੀ ਸੌਵਾਂ, ਜਾਗਾਂ, ਜਿਥੇ ਮਰਜ਼ੀ ਮੇਰਾ ਸਮਾਨ ਪਿਆ ਰਹੇ।

***

ਅਸੀਂ ਸਾਊਥਾਲ ਤੇ ਹੇਜ਼ ਦੇ ਵਿਚਕਾਰ ਪੈਂਦੀ ਰਬੜ ਫੈਕਟਰੀ ਵਿੱਚ ਕੰਮ ਕਰਦੇ ਸਾਂ। ਇਹ ਸਾਡੇ ਘਰੋਂ ਦਸ ਮਿੰਟ ਦਾ ਤੁਰਨ-ਰਾਹ ਸੀ। ਕੁੰਦਨ ਸਿੰਘ ਤਾਂ ਪਹਿਲਾਂ ਹੀ ਉਥੇ ਕੰਮ ਕਰਦਾ ਸੀ। ਉਹੀ ਮੈਨੂੰ ਉਥੇ ਲੈ ਕੇ ਗਿਆ ਸੀ। ਇਹ ਰਬੜ ਫੈਕਟਰੀ ਹੀ ਪੰਜਾਬੀਆਂ ਲਈ ਢੋਈ ਬਣਦੀ ਸੀ, ਖਾਸ ਕਰਕੇ ਪੱਗ ਵਾਲਿਆਂ ਦੀ। ਮੇਰੇ ਵੀ ਪੱਗ ਸੀ ਤੇ ਕੁੰਦਨ ਸਿੰਘ ਦੇ ਵੀ। ਪੱਗ ਵਾਲਿਆਂ ਨੂੰ ਕੋਈ ਵੀ ਫੈਕਟਰੀ ਕੰਮ ਨਹੀਂ ਸੀ ਦਿੰਦੀ। ਮੈਂ ਛੇਤੀ ਹੀ ਭਾਂਪ ਲਿਆ ਸੀ ਕਿ ਏਨੇ ਠੰਡੇ ਮੌਸਮ ਵਿੱਚ ਸਿੱਖੀ ਨਿਭਾਉਣੀ ਸੌਖੀ ਨਹੀਂ ਸੀ। ਨਹਾਉਣ ਦੀ ਬਹੁਤ ਵੱਡੀ ਸਮੱਸਿਆ ਸੀ। ਘਰਾਂ ਵਿੱਚ ਗੁਸਲਖਾਨੇ ਨਹੀਂ ਸਨ ਹੁੰਦੇ। ਪਬਲਿਕ ਬਾਥਾਂ ਵਿੱਚ ਹਫਤੇ ਬਾਅਦ ਹੀ ਨਹਾ ਹੁੰਦਾ। ਫਿਰ ਕੁੰਦਨ ਸਿੰਘ ਤਾਂ ਪੰਜ-ਕਕਾਰੀ ਸਿੱਖ ਸੀ। ਪਰ ਉਹ ਸਿਰੜੀ ਸੀ ਤੇ ਹਾਲਾਤ ਨਾਲ ਨਿਭ ਰਿਹਾ ਸੀ।

ਰਬੜ ਦੀ ਫੈਕਟਰੀ ਵਿੱਚ ਕੰਮ ਗੰਦਾ ਸੀ, ਔਖਾ ਵੀ। ਰਬੜ ਹਰ ਵੇਲੇ ਉੜਦੀ ਰਹਿੰਦੀ ਸੀ ਤੇ ਸਾਹ ਰਾਹੀਂ ਅੰਦਰ ਜਾਂਦੀ ਪਰ ਲੋਕ ਕੰਮ ਕਰੀ ਜਾਂਦੇ ਸਨ। ਇਕ ਤਾਂ ਇਥੇ ਕੰਮ ਮਿਲ ਜਾਂਦਾ ਸੀ ਤੇ ਦੂਜੇ ਬੋਲੀ ਦੀ ਵੀ ਸੌਖ ਸੀ। ਏਨੇ ਏਸ਼ੀਅਨ ਲੋਕ ਸਨ ਕਿ ਤੁਹਾਨੂੰ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਸੀ ਪੈਂਦੀ। ਇਥੇ ਕੰਮ ਮਿਲਣਾ ਏਨਾ ਸੌਖਾ ਸੀ ਕਿ ਕਈ ਵਾਰ ਰਾਤੀਂ ਲੋਕ ਇੰਡੀਆ ਤੋਂ ਲੰਡਨ ਪੁੱਜੇ ਹੁੰਦੇ ਤੇ ਅਗਲੇ ਦਿਨ ਉਹ ਰਬੜ ਫੈਕਟਰੀ ਵਿੱਚ ਕੰਮ ‘ਤੇ ਚਲੇ ਜਾਂਦੇ। ਬਹੁਤੀ ਵਾਰ ਅੰਦਰੋਂ ਹੀ ਲੋਕ ਨਵਿਆਂ ਨੂੰ ਕੰਮ ‘ਤੇ ਰਖਾਉਂਦੇ ਜਿਵੇਂ ਕੁੰਦਨ ਸਿੰਘ ਨੇ ਮੈਨੂੰ ਰਖਾਇਆ ਸੀ।

ਸੁਰਜੀਤ ਥਾਂਦੀ ਅਕਸਰ ਮੈਨੂੰ ਕਹਿੰਦਾ, ‘‘ਸਤਿਕਾਰ, ਇਸ ਕੰਮ ‘ਤੇ ਸਦਾ ਰਹਿਣ ਬਾਰੇ ਨਾ ਸੋਚੀਂ, ਤੈਨੂੰ ਬੋਲੀ ਦਾ ਕੋਈ ਮਸਲਾ ਨਹੀਂ ਇਸ ਕਰਕੇ ਕੋਈ ਹੋਰ ਨੌਕਰੀ ਦੇਖ ਲਵੀਂ।’’

ਸੁਰਜੀਤ ਥਾਂਦੀ ਪੜ੍ਹਿਆ ਲਿਖਿਆ ਬੰਦਾ ਸੀ। ਇੰਡੀਆ ਦੀ ਆਜ਼ਾਦੀ ਦੇ ਘੋਲ਼ ਵਿੱਚ ਜੇਲ੍ਹ ਵੀ ਕੱਟੀ ਸੀ। ਵੈਸੇ ਤਾਂ ਉਸ ਦਾ ਪਿੰਡ ਬੰਗਿਆਂ ਕੋਲ ਸੀ ਪਰ ਇੰਗਲੈਂਡ ਆਉਣ ਤੋਂ ਕੁਝ ਸਾਲ ਪਹਿਲਾਂ ਉਹ ਦਿੱਲੀ ਰਿਹਾ ਸੀ। ਇੰਡੀਆ ਦੀ ਕਮਿਉਨਿਸਟ ਪਾਰਟੀ ਦਾ ਉਹ ਮੈਂਬਰ ਵੀ ਸੀ। ਉਸ ਦੀ ਦਿਲਚਸਪੀ ਯੂਨੀਅਨ ਵਿੱਚ ਸੀ। ਉਹ ਸਭ ਨੂੰ ਯੂਨੀਅਨ ਦੇ ਮੈਂਬਰ ਬਣਨ ਲਈ ਆਖਦਾ ਰਹਿੰਦਾ।

ਫੈਕਟਰੀ ਦਾ ਮੈਨੇਜਰ ਮਿਸਟਰ ਡੱਨ ਕੁਝ ਦੇਰ ਇੰਡੀਆ ਰਿਹਾ ਹੋਣ ਕਰਕੇ ਉਹ ਪੰਜਾਬੀਆਂ ਬਾਰੇ ਜਾਣਦਾ ਸੀ ਕਿ ਇਹ ਵਫਾਦਾਰ ਲੋਕ ਹਨ ਤੇ ਭਾਰਾ ਕੰਮ ਵੀ ਕਰ ਸਕਦੇ ਹਨ। ਇਕ ਹੋਰ ਅਫਵਾਹ ਸੀ ਕਿ ਇਸ ਫੈਕਟਰੀ ਦਾ ਮਾਲਕ ਇਕ ਯਹੂਦੀ ਸੀ। ਉਹ ਸਿੱਖਾਂ ਲਈ ਆਪਣੇ ਦਿਲ ਵਿੱਚ ਇਕ ਨਰਮ ਕੋਨਾ ਰੱਖਦਾ ਸੀ, ਕਿਉਂਕਿ ਜਦ ਇਜ਼ਰਾਈਲ ਬਣਿਆਂ ਤਾਂ ਹਰਮੰਦਿਰ ਸਾਹਿਬ ਤੋਂ ਇਜ਼ਰਾਈਲ ਦੇ ਨਵੇਂ ਪਰਧਾਨ ਨੂੰ ਵਧਾਈਆਂ ਦਾ ਸੁਨੇਹਾ ਗਿਆ ਸੀ। ਜੋ ਵੀ ਸੀ ਇਹ ਫੈਕਟਰੀ ਏਸ਼ੀਅਨ ਲੋਕਾਂ ਲਈ ਪੈਰ ਰੱਖਣ ਦੀ ਜਗਾਹ ਜ਼ਰੂਰ ਬਣਦੀ। ਕੁਝ ਤਾਂ ਇਥੇ ਕੰਮ ਕਰਦੇ ਹੋਏ ਹੋਰ ਥਾਂ ਕੰਮ ਲੱਭ ਲੈਂਦੇ ਪਰ ਬਹੁਤੇ ਟਿਕੇ ਰਹਿੰਦੇ। ਇਸ ਫੈਕਟਰੀ ਵਿੱਚ ਕੰਮ ਕਰਨ ਦਾ ਭਾਵ ਕਿ ਆਪਣੇ ਹੀ ਭਾਈਚਾਰੇ ਵਿੱਚ ਰਹਿਣਾ ਸੀ।

ਅਸੀਂ ਲੋਕ ਰਬੜ ਫੈਕਟਰੀ ਵਿੱਚ ਕੰਮ ਤਾਂ ਕਰੀ ਜਾ ਰਹੇ ਸਾਂ ਪਰ ਗੋਰਿਆਂ ਦੇ ਮੁਕਾਬਲੇ ਸਾਡੇ ਨਾਲ ਬਹੁਤ ਫਰਕ ਕੀਤਾ ਜਾਂਦਾ। ਸਾਡਾ ਰੇਟ ਗੋਰਿਆਂ ਨਾਲੋਂ ਕੁਝ ਪੈਨੀਆਂ ਘੱਟ ਸੀ। ਸਾਨੂੰ ਗੰਦੀਆਂ ਜੌਬਾਂ ਦਿੱਤੀਆਂ ਜਾਂਦੀਆਂ। ਕਈ ਵਾਰ ਓਵਰਟਾਈਮ ਲਾਉਣ ਲਈ ਵੀ ਮਜਬੂਰ ਕੀਤਾ ਜਾਂਦਾ। ਉਪਰੋਂ ਦੀ ਨਸਲਵਾਦੀ ਵਰਤਾਵ ਆਮ ਹੁੰਦਾ ਸੀ। ਗੋਰੇ ਸਾਡੇ ਲੋਕਾਂ ਨੂੰ ਟਿੱਚਰਾਂ ਕਰਦੇ, ਗਾਲ਼ਾਂ ਤੱਕ ਕੱਢ ਜਾਂਦੇ।

ਇਕ ਦਿਨ ਮੈਂ ਵੀ ਕੁਝ ਗੋਰਿਆਂ ਦੀ ਤਾਅਨੇਬਾਜ਼ੀ ਦੇ ਅੜਿੱਕੇ ਆ ਗਿਆ ਸਾਂ। ਬਹੁਤੀ ਵਾਰੀ ਉਹ ਸਾਡੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਂਦੇ, ਸਾਡੇ ਲੋਕਾਂ ਨੂੰ ਅੰਗਰੇਜ਼ੀ ਸਮਝ ਹੀ ਨਹੀਂ ਸੀ ਆਉਂਦੀ ਪਰ ਮੈਂ ਅੰਗਰੇਜ਼ੀ ਨੂੰ ਛੇਤੀ ਹੀ ਮੂੰਹ ਮਾਰਨ ਲੱਗ ਪਿਆ ਸਾਂ। ਮੈਂ ਆਪਣੀ ਮਸ਼ੀਨ ਵੱਲ ਜਾ ਰਿਹਾ ਸਾਂ ਕਿ ਰਾਹ ਵਿੱਚ ਖੜੇ ਕੁਝ ਗੋਰੇ ਮੇਰੇ ਬਾਰੇ ਕੋਈ ਗੱਲ ਕਰਕੇ ਹੱਸੇ। ਮੈਂ ਪੁੱਛਿਆ, ‘‘ਵੌਹ?’’ ਤਾਂ ਇਕ ਗੋਰਾ ਬੋਲਿਆ, ‘‘ਫੱਕ ਔਫ!’’

‘‘ਯੂ ਫੱਕ ਔਫ!’’ ਮੈਂ ਵੀ ਬਰਾਬਰ ਗਾਲ਼ ਕੱਢੀ। ਦੋ ਬੰਦੇ ਮੇਰੇ ਵੱਲ ਤੁਰ ਪਏ। ਮੈਂ ਉਥੇ ਹੀ ਖੜਾ ਰਿਹਾ ਤੇ ਉਹਨਾਂ ਦੇ ਵਿੱਤ ਤੋਲਣ ਲੱਗਾ। ਜਦ ਤੱਕ ਇਕ ਆਦਮੀ ਨੇ ਉਹਨਾਂ ਨੂੰ ਰੋਕ ਲਿਆ ਤੇ ਮੈਨੂੰ ਇਸ਼ਾਰਾ ਕੀਤਾ ਕਿ ਤੂੰ ਜਾਹ।

ਇਹ ਗੱਲ ਸਾਰੀ ਫਲੋਰ ‘ਤੇ ਫੈਲ ਗਈ ਕਿ ਮੈਂ ਗੋਰੇ ਨੂੰ ਬਰਾਬਰ ਗਾਲ਼ ਕੱਢੀ ਹੈ। ਕੁੰਦਨ ਸਿੰਘ ਘਬਰਾਇਆ ਹੋਇਆ ਮੇਰੇ ਕੋਲ ਆਇਆ ਤੇ ਬੋਲਿਆ, ‘‘ਸਤਿਕਾਰ, ਅਸੀਂ ਇਥੇ ਲੜਨ ਨਹੀਂ ਆਏ, ਅਸੀਂ ਤਾਂ ਦਸਾਂ ਨੌਹਾਂ ਦੀ ਕਿਰਤ ਕਰਨੀ ਆਂ ਤੇ ਚਲੇ ਜਾਣਾਂ।’’

ਜਦ ਤੱਕ ਝਿਲਮਿਲ ਸਿੰਘ ਸਾਡੇ ਕੋਲ ਆ ਕੇ ਆਖਣ ਲੱਗਾ, ‘‘ਕੁੰਦਨ ਸਿਆਂ, ਮੁੰਡੇ ਨੂੰ ਰੋਕ ਨਾ, ਇਹਨਾਂ ਗੋਰਿਆਂ ਦਾ ਸਾਨੂੰ ਸਾਹਮਣਾ ਕਰਨਾ ਪੈਣਾਂ, ਇਹਨਾਂ ਦੇ ਮੂੰਹ ਭੰਨਣੇ ਪੈਣੇ ਆਂ, ਓਦਾਂ ਯੰਗ ਮੈਨ ਹੁਣ ਤੂੰ ਬਚ ਕੇ ਰਹੀਂ, ਤੈਨੂੰ ਇਹ ਜ਼ਰੂਰ ਪੈਣਗੇ।’’ ਕਹਿ ਕੇ ਉਸ ਨੇ ਮੈਨੂੰ ਸ਼ਾਬਾਸ਼ ਦਿੱਤੀ।

ਘਰ ਆ ਕੇ ਕੁੰਦਨ ਸਿੰਘ ਬਹੁਤ ਦਰੇ ਤੱਕ ਸਮਝਾਉਂਦਾ ਰਿਹਾ ਕਿ ਗੋਰਿਆਂ ਦੇ ਮੁਲਕ ਵਿੱਚ ਕਿਵੇਂ ਰਹੀਦਾ ਹੈ। ਮੈਂ ਕੁੰਦਨ ਸਿੰਘ ਦੀਆਂ ਗੱਲਾਂ ਚੁੱਪ ਕਰਕੇ ਸੁਣਦਾ ਰਿਹਾ। ਘਰ ਵਿੱਚ ਰਹਿੰਦੇ ਹੋਰ ਲੋਕਾਂ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗ ਗਿਆ ਤੇ ਮੈਨੂੰ ਸਮਝੌਤੇ ਦੇਣ ਲੱਗੇ।

ਉਪਰਲੇ ਦੋ ਕਮਰਿਆਂ ਵਿੱਚ ਚਾਰ ਬੰਦੇ ਹੋਰ ਰਹਿੰਦੇ ਸਨ। ਮੇਰੇ ਨਾਲ ਦੇ ਕਮਰੇ ਵਿੱਚ ਸੁਰਜਣ ਸਿੰਘ ਤੇ ਵਚਿੱਤਰ ਰਹਿੰਦੇ ਸਨ ਤੇ ਉਸ ਤੋਂ ਅਗਲੇ ਵਿੱਚ ਸਾਧੂ ਸਿੰਘ ਤੇ ਸਵਰਨ ਸਿੰਘ। ਪਰ ਕਈ ਵਾਰ ਉਹ ਹੋਰਨਾਂ ਨੂੰ ਵੀ ਆਪਣੇ ਨਾਲ ਰੱਖ ਲੈਂਦੇ। ਅਸੀਂ ਸਾਰੇ ਵਾਰੀ ਸਿਰ ਰਸੋਈ ਵਰਤਦੇ। ਅਲੱਗ ਅਲੱਗ ਸ਼ਿਫਟਾਂ ਹੋਣ ਕਰਕੇ ਕੋਈ ਵੱਡੀ ਮੁਸ਼ਕਲ ਨਾ ਹੁੰਦੀ। ਕੁੰਦਨ ਸਿੰਘ ਮੀਟ ਨਹੀਂ ਸੀ ਖਾਂਦਾ ਇਸ ਲਈ ਭਾਂਡੇ ਅਲੱਗ ਰੱਖਦਾ। ਮੈਂ ਜੇ ਮੀਟ ਖਾਣਾ ਹੁੰਦਾ ਤਾਂ ਕਿਸੇ ਦੂਜੇ ਨਾਲ ਰਲ਼ ਜਾਂਦਾ ਨਹੀਂ ਤਾਂ ਮੈਂ ਕੁੰਦਨ ਸਿੰਘ ਨਾਲ ਹੀ ਖਾਣਾ ਬਣਾਉਂਦਾ।

***

ਕੰਮ ਉਪਰ ਇਕ ਦਿਨ ਬ੍ਰੇਕ ‘ਤੇ ਸਾਂ। ਸੁਰਜੀਤ ਥਾਂਦੀ ਕਹਿਣ ਲੱਗਾ, ‘‘ਸਾਨੂੰ ਆਪਣਾ ਕੋਈ ਸਾਂਝਾ ਟਿਕਾਣਾ ਬਣਾਉਣਾ ਚਾਹੀਦਾ ਐ, ਕੋਈ ਸੰਸਥਾ ਬਗੈਰਾ, ਜਿਸ ਦੇ ਨਾਂ ਹੇਠ ਅਸੀਂ ਇਕੱਠੇ ਹੋ ਸਕੀਏ, ਇਕ ਦੂਜੇ ਦੀ ਮੱਦਦ ਕਰ ਸਕੀਏ।’’

‘‘ਬਿਲਕੁਲ ਚਾਹੀਦੀ ਐ, ਕੋਈ ਸਭਾ ਬਣਾਈਏ ਜੋ ਸਾਡੇ ਲੋਕਾਂ ਦੀ ਪ੍ਰਤੀਨਿਧਤਾ ਕਰੇ।’’ ਗੁਰਮੇਲ ਸਹੋਤੇ ਨੇ ਕਿਹਾ।

‘‘ਕਵੈਂਟਰੀ ਵਿੱਚ ਆਪਣੇ ਲੋਕਾਂ ਨੇ ਆਈ.ਡਬਲਯੂ.ਏ. ਐ, ਇੰਡੀਅਨ ਵਰਕਰਜ਼ ਅਸੌਸੀਏਸ਼ਨ।’’ ਕੁੰਦਨ ਸਿੰਘ ਨੇ ਕਿਹਾ।

‘‘ਬਿਲਕੁਲ ਹੈ, ਚੀਮਾ ਪਰਧਾਨ ਹੁੰਦਾ ਸੀ ਸ਼ਾਇਦ, ਇਹ ਉਹੀ ਚੀਮਾ ਸੀ ਜਿਹਨੇ ਸ਼ਹੀਦ ਊਧਮ ਸਿੰਘ ਦੀ ਮੱਦਦ ਵੀ ਕੀਤੀ ਸੀ।’’ ਸੁਰਜੀਤ ਥਾਂਦੀ ਨੇ ਦੱਸਿਆ।

‘‘ਹੁਣ ਮੇਰਾ ਮਸੇਰ ਰਾਮ ਸਿੰਘ ਪਰਧਾਨ ਐ, ਉਹ ਕਹਿੰਦਾ ਵੀ ਸੀ ਕਿ ਸਾਊਥਾਲ ਵਿੱਚ ਤੁਸੀਂ ਵੀ ਆਈ.ਡਬਲਯੂ.ਏ. ਬਾਣਾਓ।’’

‘‘ਮੈਂ ਸਹਿਮਤ ਹਾਂ। ਆਪਾਂ ਇਕ ਮੀਟਿੰਗ ਰੱਖੀਏ, ਸਿਰ ਕੱਢਦੇ ਲੋਕਾਂ ਨੂੰ ਉਹਦੇ ਵਿੱਚ ਬੁਲਾਈਏ ਤੇ ਬਣਾ ਦੇਈਏ ਸਭਾ।’’ ਸਤਵੰਤ ਮਾਨ ਨੇ ਕਿਹਾ।

ਮੈਨੂੰ ਨਾ ਕਿਸੇ ਨੇ ਪੁੱਛਿਆ ਤੇ ਨਾ ਹੀ ਮੈਂ ਕੋਈ ਸਲਾਹ ਦਿੱਤੀ। ਮੇਰਾ ਪਹਿਲਾਂ ਦਾ ਹੀ ਤਜਰਬਾ ਸੀ ਕਿ ਉਹ ਸੋਚਦੇ ਸਨ ਕਿ ਇਹ ਅਠਾਰਾਂ-ਉਨੀ ਸਾਲ ਦੇ ਮੁੰਡੇ ਦੀ ਹਾਜ਼ਰੀ ਕੀ ਮਾਹਿਨੇ ਰਖਾਉਂਦੀ ਹੈ।

‘‘ਜੇ ਤੁਸੀਂ ਕਹੋਂ ਤਾਂ ਮੈਂ ਰਾਮ ਸਿੰਘ ਨੂੰ ਸੱਦ ਲੈਨਾਂ, ਉਹਤੋਂ ਕੁਝ ਗਾਈਡੈਂਸ ਮਿਲ ਜਾਏਗੀ।’’ ਕੁੰਦਨ ਸਿੰਘ ਨੇ ਆਖਿਆ।

‘‘ਸਭਾ ਤਾਂ ਬਣ ਗਈ, ਸਭਾਵਾਂ ਪੇਪਰਾਂ ਤੋਂ ਪਹਿਲਾਂ ਮਨਾਂ ਵਿੱਚ ਬਣਦੀਆਂ।’’ ਸੁਰਜੀਤ ਥਾਂਦੀ ਆਖ ਰਿਹਾ ਸੀ।

‘‘ਸਭਾ ਬਿਲਕੁਲ ਬਣ ਗਈ, ਨਾਂ ਵੀ ਇਹਦਾ ਆਈ.ਡਬਲਯੂ.ਏ. ਹੀ ਠੀਕ ਰਹੇਗਾ, ਭਾਰਤੀ ਮਜ਼ਦੂਰ ਸਭਾ।’’ ਗੁਰਮੇਲ ਸਹੋਤੇ ਨੇ ਕਿਹਾ।

‘‘ਕੁੰਦਨ ਸਿੰਘ, ਰਾਮ ਸਿੰਘ ਨਾਲ ਮੀਟਿੰਗ ਰੱਖ ਲਓ, ਕੁਝ ਹੋਰ ਬੰਦੇ ਵੀ ਬੁਲਾ ਲਓ ਤੇ ਆਪਾਂ ਸਭਾ ਅਨਾਊਂਸ ਕਰ ਦੇਵਾਂਗੇ।’’ ਸੁਰਜੀਤ ਥਾਂਦੀ ਨੇ ਆਖਿਆ ਤੇ ਸਭ ਨੇ ਉਸ ਦੀ ਹਾਮੀ ਭਰੀ।

***

ਸ਼ਨਿਚਰਵਾਰ ਨੂੰ ਰਾਮ ਸਿੰਘ ਦੁਪਹਿਰ ਵੇਲੇ ਪੁੱਜ ਗਿਆ। ਮੈਂ ਕਾਮਰੇਡ ਰਾਮ ਸਿੰਘ ਦਾ ਨਾਂ ਪਹਿਲਾਂ ਹੀ ਸੁਣਿਆਂ ਹੋਇਆ ਸੀ। ਇਸ ਸਾਡੇ ਨੇੜਲੇ ਪਿੰਡ ਵਸੀ ਤੋਂ ਸੀ। ਇਹ ਆਜ਼ਾਦੀ ਦੀ ਲੜਾਈ ਵਿੱਚ ਕਈ ਸਾਲ ਜੇਲ੍ਹ ਵਿੱਚ ਰਿਹਾ ਸੀ। ਇਹਦਾ ਪਿਓ ਚੰਨਣ ਸਿੰਘ ਬਬਰਾਂ ਵਿੱਚ ਹੁੰਦਾ ਸੀ ਤੇ ਉਸ ਨੂੰ ਫਾਂਸੀ ਹੋਈ ਸੀ। ਜਦ ਉਸ ਨਾਲ ਕੁਝ ਗੱਲਾਂ ਹੋਈਆਂ ਤਾਂ ਉਹ ਮੇਰੇ ਮੋਢ੍ਹੇ ‘ਤੇ ਹੱਥ ਰੱਖ ਕੇ ਬੋਲਿਆ, ‘‘ਤੂੰ ਤਾਂ ਸਾਡੇ ਪਿੰਡਾਂ ਦਾ ਹੀ ਮੁੰਡਾ ਐਂ, ਪੜ੍ਹਿਆ ਹੋਇਐਂ?’’

‘‘ਇਹ ਦਸਵੀਂ ਪਾਸ ਐ, ਅੰਗਰੇਜ਼ੀ ਬਹੁਤ ਸੁਹਣੀ ਬੋਲਦਾ, ਜੌਗਰੌਫੀ ਤੇ ਹਿਸਟਰੀ ਦੀਆਂ ਕਿਤਾਬਾਂ ਪੜ੍ਹਦਾ।’’ ਮੇਰੇ ਤੋਂ ਪਹਿਲਾਂ ਹੀ ਕੁੰਦਨ ਸਿੰਘ ਬੋਲਿਆ।

‘‘ਫਿਰ ਤਾਂ ਤੂੰ ਮਾਰਕਿਸਜ਼ਮ ਪੜ੍ਹ। ਮੈਂ ਤੈਨੂੰ ਕਿਤਾਬਾਂ ਦੇ ਨਾਂ ਦਿੰਨਾ, ਉਹ ਪੜ੍ਹ, ਦੁਨੀਆ ਦਾ ਪਤਾ ਲੱਗੇ। ਪਤਾ ਚੱਲੇ ਕਿ ਪੂੰਜੀਪਤੀ ਕਿੱਦਾਂ ਮਜ਼ਦੂਰ ਨੂੰ ਲੁਟਦਾ।’’ ਰਾਮ ਸਿੰਘ ਨੇ ਕਿਹਾ ਤੇ ਜੇਬ੍ਹ ਵਿੱਚੋਂ ਪੈਨ ਕਢਿਆ ਤੇ ਇਕ ਪੇਪਰ ਉਪਰ ਕੁਝੇ ਕਿਤਾਬਾਂ ਦੇ ਨਾਂ ਲਿਖ ਦਿੱਤੇ; ਕਮਿਉਨਿਸਟ ਮੈਨੀਫੈਸਟੋ, ਅੰਡਰਸਟੈਂਡਿੰਗ ਕਾਰਲ ਮਾਰਕਸ, ਦਾਸ ਕੈਪੀਟਲ, ਏਂਗਲਜ਼ ਦੀ ਦਾ ਉਰਿਜਨ ਔਫ ਦਾ ਫੈਮਿਲੀ, ਪਰਾਈਵੇਟ ਪਰੌਪਰਟੀ ਐਂਡ ਦਾ ਸਟੇਟ। ਲਿਸਟ ਮੈਨੂੰ ਦਿੰਦਾ ਬੋਲਿਆ, ‘‘ਇਹਨਾਂ ਵਿੱਚ ਕਈ ਅੰਗਰੇਜ਼ੀ ਦੇ ਔਖੇ-ਸ਼ਬਦ ਹੋਣਗੇ, ਇਹਦੇ ਲਈ ਡਿਕਸ਼ਨਰੀ ਮਿਲ ਜਾਂਦੀ ਐ। ਇੰਗਲਿਸ਼ ਟੂ ਇੰਗਲਿਸ਼।’’

‘‘ਹੈਗੀ ਮੇਰੇ ਕੋਲ।’’ ਮੈਂ ਕਿਹਾ।

ਫਿਰ ਰਾਮ ਸਿੰਘ ਕੁੰਦਨ ਸਿੰਘ ਨੂੰ ਪੁੱਛਣ ਲੱਗਾ, ‘‘ਕਿੰਨੇ ਕੁ ਬੰਦੇ ਸੱਦੇ ਆ?’’

‘‘ਕਿਹਾ ਤਾਂ ਮੈਂ ਪੰਦਰਾਂ ਬੰਦਿਆਂ ਨੂੰ ਐ ਪਰ ਮੇਨ ਬੰਦੇ ਤਾਂ ਆ ਹੀ ਜਾਣੇ ਆਂ।’’

‘‘ਵਤਨ ਸ਼ੇਰਗਿੱਲ ਨੂੰ ਕਿਹਾ ਸੀ ਆਉਣ ਬਾਰੇ?’’

‘‘ਕਿਹਾ ਤਾਂ ਸੀ ਪਰ ਉਹਦਾ ਪਤਾ ਨਹੀਂ।’’

‘‘ਹਾਂ, ਉਹ ਕੁਝ ਮਨਮੌਜੀ ਜਿਹਾ ਮੁੰਡਾ ਐ।’’ ਰਾਮ ਸਿੰਘ ਨੇ ਆਖਿਆ।

ਇਹ ਮੀਟਿੰਗ ਜਗੀਰ ਸਿੰਘ ਦੇ ਕਮਰੇ ਵਿੱਚ ਰੱਖੀ ਗਈ ਸੀ। ਘਰ ਵਿੱਚ ਉਸ ਦਾ ਕਮਰਾ ਕੁਝ ਵੱਡਾ ਸੀ। ਕੁਰਸੀਆਂ ਤੇ ਬੈੱਡ ਪਾ ਕੇ ਪੰਦਰਾਂ ਬੰਦਿਆਂ ਦੇ ਬਹਿਣ ਦਾ ਇੰਤਜ਼ਾਮ ਸੀ। ਜਗੀਰ ਸਿੰਘ ਦੂਜੇ ਘਰਾਂ ਤੋਂ ਕਿਰਾਇਆ ਲੈਣ ਚਲੇ ਗਿਆ ਸੀ। ਮੈਂ ਚਾਹ-ਪਾਣੀ ਦੇ ਆਹਰ ਵਿੱਚ ਲੱਗ ਗਿਆ ਕਿਉਂਕਿ ਮੇਰੀ ਡਿਊਟੀ ਸੇਵਾ ਕਰਨ ਦੀ ਸੀ। ਚਾਹ ਤੇ ਨਾਲ ਕੁਝ ਬਿਸਕੁਟ ਸਭ ਦੇ ਮੁਹਰੇ ਰੱਖਣੇ ਸਨ।

ਦੋ ਵਜੇ ਦਾ ਟਾਈਮ ਸੀ ਪਰ ਤਿੰਨ ਵਜੇ ਲੋਕ ਆਉਣੇ ਸ਼ੁਰੂ ਹੋਏ। ਲੋਕ ਕਿਹੜੇ ਸਨ, ਉਹੀ ਸਨ ਜਿਹਨਾਂ ਦੀ ਗੱਲ ਫੈਕਟਰੀ ਵਿੱਚ ਬ੍ਰੇਕ ਵੇਲੇ ਗੱਲ ਹੋਈ ਸੀ। ਸਭ ਤੋਂ ਪਹਿਲਾਂ ਸੁਰਜੀਤ ਥਾਂਦੀ ਆਇਆ ਤੇ ਫਿਰ ਸਤਵੰਤ ਮਾਨ। ਗੁਰਮੇਲ ਸਹੋਤਾ ਆਇਆ ਤਾਂ ਉਸ ਨਾਲ ਇਕ ਲੰਮਾ ਜਿਹਾ ਬੰਦਾ ਹੋਰ ਵੀ ਸੀ ਜਿਸ ਦਾ ਨਾਂ ਸ਼ਿਵ ਭਾਰਦਵਾਜ ਸੀ। ਬਾਅਦ ਵਿੱਚ ਉਸ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਹ ਰਾਜਨੀਤਕ ਤੌਰ ‘ਤੇ ਬਹੁਤ ਪ੍ਰੌਡ ਸੀ। ਰਾਮ ਸਿੰਘ ਕਹਿਣ ਲੱਗਾ, ‘‘ਮੈਨੂੰ ਲਗਦਾ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਕਿਉਂਕਿ ਮੈਂ ਵਾਪਸ ਕਵੈਂਟਰੀ ਵੀ ਜਾਣਾ।’’

ਸਰ-ਸਰੀ ਜਾਣ ਪੱਛਾਣ ਤੋਂ ਬਾਅਦ ਰਾਮ ਸਿੰਘ ਨੇ ਕਹਿਣਾ ਸ਼ੁਰੂ ਕੀਤਾ, ‘‘ਮੈਂ ਆਈ.ਡਬਲਯੂ.ਏ. ਕਵੈਂਟਰੀ ਦਾ ਪਰਧਾਨ ਹਾਂ। ਇੰਡੀਅਨ ਵਰਕਰਜ਼ ਅਸੌਸੀਏਸ਼ਨ ਕਵੈਂਟਰੀ ਸਥਾਪਤ ਤਾਂ ਕੀਤੀ ਗਈ ਸੀ ਕਿ ਆਜ਼ਾਦੀ ਦੇ ਪਰਵਾਨਿਆਂ ਦੀ ਮੱਦਦ ਕੀਤੀ ਜਾ ਸਕੇ। ਆਜ਼ਾਦੀ ਮਿਲ ਤਾਂ ਗਈ ਪਰ ਇਹ ਲੰਗੜੀ ਆਜ਼ਾਦੀ ਐ, ਨਹਿਰੂ ਦੀ ਜੁੰਡਲੀ ਮਨ-ਮਰਜ਼ੀਆਂ ਕਰਦੀ ਜਾ ਰਹੀ ਐ, ਪੂੰਜੀਪਤੀਆਂ ਦੀ ਸਰਕਾਰ ਐ, ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਨਹੀਂ...।’’

‘‘ਰਾਮ ਸਿੰਘ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ, ਕਾਂਗਰਸ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਤੇ ਲੋਕਾਂ ਦੀ ਭਰਪੂਰ ਹਿਮਾਇਤ ਹਾਸਲ ਐ ਕਾਂਗਰਸ ਨੂੰ।’’ ਸਤਵੰਤ ਮਾਨ ਨੇ ਰਾਮ ਸਿੰਘ ਦੀ ਗੱਲ ਨੂੰ ਵਿਚਕਾਰੋਂ ਕੱਟ ਕੇ ਆਖਿਆ।

‘‘ਦੋਸਤੋ, ਅਸੀਂ ਇਥੇ ਕਿਸੇ ਇੰਡੀਅਨ ਪਾਰਟੀ ਦੇ ਕੰਮਾਂ ਦਾ ਲੇਖਾ ਜੋਖਾ ਕਰਨ ਲਈ ਨਹੀਂ ਇਕੱਠੇ ਹੋਏ, ਅਸੀਂ ਨਵੀਂ ਸਭਾ ਬਣਾਉਣੀ ਐ।’’ ਸੁਰਜੀਤ ਥਾਂਦੀ ਨੇ ਮੌਕਾ ਸੰਭਾਲਦਿਆਂ ਕਿਹਾ।

ਹੁਣ ਰਾਮ ਸਿੰਘ ਵੀ ਕੁਝ ਸੰਭਲ ਗਿਆ। ਉਸ ਨੂੰ ਨਹੀਂ ਸੀ ਪਤਾ ਕਿ ਮੀਟਿੰਗ ਵਿੱਚ ਕਾਂਗਰਸੀਏ ਵੀ ਹੋ ਸਕਦੇ ਸਨ। ਉਸ ਨੇ ਦੁਬਾਰਾ ਕਹਿਣਾ ਸ਼ੁਰੂ ਕੀਤਾ, ‘‘ਇਹ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ, ਇਸ ਦਾ ਟੀਚਾ ਮਜ਼ਦੂਰ ਦਾ ਖੂਨ ਚੂਸਣਾ ਹੈ, ਅਸੀਂ ਸਭਾ ਬਣਾ ਕੇ ਮਜ਼ਦੂਰ ਦੇ ਹੱਕਾਂ ‘ਤੇ ਪਹਿਰਾ ਦੇਣਾ ਹੈ। ਆਈ.ਡਬਲਯੂ.ਏ. ਕਵੈਂਟਰੀ ਮਜ਼ਦੂਰ ਦੀ ਆਵਾਜ਼ ਹੈ ਤੇ ਮੈਨੂੰ ਯਕੀਨ ਹੈ ਕਿ ਆਈ.ਡਬਲਯੂ.ਏ. ਸਾਊਥਾਲ ਵੀ ਮਜ਼ਦੂਰ ਦੇ ਹੱਕ ਵਿੱਚ ਖੜੋਵੇਗੀ। ਹੁਣ ਅਸੀਂ ਇਥੇ ਆ ਗਏ ਹਾਂ, ਕਿੰਨੀ ਦੇਰ ਅਸੀਂ ਇਸ ਮੁਲਕ ਵਿੱਚ ਰਹਿਣਾ ਹੈ, ਇਸ ਬਾਰੇ ਅਸੀਂ ਬਹੁਤੇ ਸਪੱਸ਼ਟ ਨਹੀਂ ਹਾਂ ਪਰ ਸਾਨੂੰ ਇੱਜ਼ਤ ਨਾਲ ਤੇ ਆਪਣੇ ਹੱਕ ਲੈਕੇ ਰਹਿਣਾ ਚਾਹੀਦਾ ਹੈ। ਇਸ ਵੇਲੇ ਨਸਲਵਾਦ ਬਹੁਤ ਜ਼ੋਰਾਂ ‘ਤੇ ਹੈ, ਹਰ ਖੇਤਰ ਵਿੱਚ ਸਾਡੇ ਨਾਲ ਫਰਕ ਕੀਤਾ ਜਾ ਰਿਹਾ, ਹਰ ਖੇਤਰ ਵਿੱਚ ਸਾਨੂੰ ਦੁਜੈਲੇ ਦਰਜੇ ‘ਤੇ ਰੱਖਿਆ ਜਾ ਰਿਹਾ। ਤੁਸੀਂ ਵੀ ਸਾਰੇ ਬਾਹਰ ਸਮਾਜ ਵਿੱਚ ਵਿਚਰਦੇ ਹੋ, ਤਜਰਬੇ ਹੁੰਦੇ ਹਨ, ਕੰਮਾਂ ‘ਤੇ, ਬੱਸਾਂ, ਦੁਕਾਨਾਂ ਵਿੱਚ। ਸਾਨੂੰ ਪੱਬਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਜੇ ਅਸੀ ਪੱਬ ਅੰਦਰ ਚਲੇ ਵੀ ਜਾਈਏ ਤਾਂ ਸਾਨੂੰ ਬੀਅਰ ਦਾ ਪਿੰਟ ਭਰਨ ਵਿੱਚ ਵਕਤ ਲਾਇਆ ਜਾਂਦਾ, ਸਾਡੇ ਤੋਂ ਮਗਰੋਂ ਆਏ ਨੂੰ ਪਹਿਲਾਂ ਸਰਵ ਕਰ ਦਿੱਤਾ ਜਾਂਦਾ। ਰਾਹ ਜਾਂਦਿਆਂ ਸਾਡੇ ‘ਤੇ ਹਮਲੇ ਹੋ ਰਹੇ ਹਨ। ਇਕਾ-ਦੁੱਕਾ ਅਸੀਂ ਬਾਹਰ ਨਹੀਂ ਨਿਕਲ ਸਕਦੇ। ਗੋਰੇ ਸਾਨੂੰ ਘਰ ਕਿਰਾਏ ‘ਤੇ ਨਹੀਂ ਦਿੰਦੇ, ਜਿਹੜੇ ਲੋਕ ਘਰ ਖਰੀਦ ਵੀ ਰਹੇ ਹਨ ਉਹਨਾਂ ਲਈ ਵੀ ਗਵਾਂਢੀ ਮੁਸ਼ਕਲਾਂ ਪੈਦਾ ਕਰ ਰਹੇ ਹਨ, ਕੰਮਾਂ ਉਪਰ ਸਾਨੂੰ ਗੰਦੀਆਂ ਜੌਬਾਂ ਸਾਨੂੰ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਗੋਰੇ ਕਰਕੇ ਖੁਸ਼ ਨਹੀਂ ਤੇ ਉਪਰੋਂ ਰੇਟ ਵੀ ਘੱਟ, ਇਹਨਾਂ ਚੀਜ਼ਾਂ ਨਾਲ ਲੜਨ ਲਈ ਸਾਨੂੰ ਜਥੇਬੰਦੀ ਦੀ ਲੋੜ ਹੈ, ਇਕ ਮਜ਼ਬੂਤ ਜਥੇਬੰਦੀ ਦੀ।’’

ਗੱਲ ਕਰਦਾ ਰਾਮ ਸਿੰਘ ਜ਼ਰਾ ਕੁ ਰੁਕਿਆ ਤੇ ਸਭ ਦੇ ਚਿਹਰੇ ਤੋਂ ਪ੍ਰਤੀਕਰਮ ਪੜ੍ਹਨ ਲੱਗਾ। ਉਹ ਸਮਝ ਰਿਹਾ ਸੀ ਕਿ ਬਹੁਤ ਹਾਂ-ਵਾਚਕ ਅਸਰ ਹੋ ਰਿਹਾ ਸੀ। ਇਸੇ ਦੁਰਮਿਆਨ ਸਤਵੰਤ ਮਾਨ ਨੇ ਜ਼ਰਾ ਕੁ ਹੱਥ ਖੜਾ ਕੀਤਾ ਤੇ ਬੋਲਿਆ, ‘‘ਰਾਮ ਸਿੰਘ ਜੀ, ਤੁਸੀਂ ਕੁਝ ਖਾਸ ਮਸਲੇ ਛੱਡ ਗਏ ਜਿਹਨਾਂ ਨੂੰ ਐਡਰਸ ਕਰਨਾ ਬਹੁਤ ਜ਼ਰੂਰੀ ਐ।’’

‘‘ਉਹ ਕਿਹੜੇ?’’

‘‘ਇੰਡੀਆ ਤੋਂ ਆਏ ਸਾਡੇ ਬਹਤੇ ਲੋਕ ਅਨਪੜ੍ਹ ਐ, ਉਹਨਾਂ ਨੂੰ ਡਾਕਟਰ ਵੀ ਨਹੀਂ ਬਣਾਉਣੇ ਆਉਂਦੇ, ਹਸਪਤਾਲਾਂ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਰਪੇਸ਼ ਹਨ।’’

‘‘ਸਤਵੰਤ ਮਾਨ ਜੀ, ਮੈਂ ਇਸ ਗੱਲ ਵੱਲ ਆਉਣਾ ਹੀ ਸੀ, ਮੈਂ ਕਿਹਾ ਕਿ ਇਕ ਪਾਸਾ ਪਹਿਲਾਂ ਸਾਫ ਕਰ ਲਵਾਂ।’’

ਕਾਮਰੇਡ ਰਾਮ ਸਿੰਘ ਅੱਗੇ ਗੱਲ ਕਰਨ ਹੀ ਵਾਲਾ ਸੀ ਕਿ ਉਹਨਾਂ ਦੇ ਕਮਰੇ ਦਾ ਬੂਹਾ ਖੁੱਲ੍ਹਿਆ। ਇਹ ਜਗੀਰ ਸਿੰਘ ਸੀ। ਉਸ ਦੇ ਹੱਥ ਵਿੱਚ ਬੈਗ ਸੀ। ਉਹਨਾਂ ਵਿੱਚ ਬਹੁਤੇ ਤਾਂ ਜਗੀਰ ਸਿੰਘ ਨੂੰ ਜਾਣਦੇ ਹੀ ਸਨ। ਉਹ ਵੀ ਸਭ ਨੂੰ ਪੱਛਾਣਦਾ ਸੀ ਸਿਵਾਏ ਸ਼ਿਵ ਭਾਰਦਵਾਜ ਦੇ। ਭਾਰਦਵਾਜ ਨੇ ਉਸ ਵੱਲ ਹੱਥ ਵਧਾਇਆ ਤੇ ਕਿਹਾ, ‘‘ਮੈਂ ਸ਼ਿਵ ਭਾਰਦਵਾਜ।’’

ਜਗੀਰ ਸਿੰਘ ਨੇ ਉਹ ਨਾਲ ਹੱਥ ਮਿਲਾਇਆ ਤੇ ਕਿਹਾ, ‘‘ਮੈਂ ਜਗੀਰ ਸਿੰਘ, ਇਹ ਮੈਨੂੰ ਜਗੀਰੀਆ ਕਹਿ ਕੇ ਖੁਸ਼ ਰਹਿੰਦੇ ਆ।’’ ਆਖਦਾ ਉਹ ਹੱਸਿਆ ਤੇ ਫਿਰ ਬੋਲਿਆ, ‘‘ਬਸ, ਪੰਜ ਪਰਮੇਸ਼ਰ ਹੀ, ਬਾਕੀ ਕਿਥੇ ਗਏ, ਕੁੰਦਨ ਤਾਂ ਕਹਿੰਦਾ ਸੀ ਕਿ ਪੰਦਰਾਂ ਬੰਦੇ ਹੋ ਜਾਣੇ ਆਂ।’’ ਕਹਿ ਕੇ ਉਸ ਨੇ ਹੱਥਲਾ ਬੈਗ ਇਕ ਪਾਸੇ ਰਖ ਦਿੱਤਾ। ਉਸ ਵਿੱਚੋਂ ਬੋਤਲਾਂ ਖੜਕੀਆਂ।

‘‘ਅੱਜ ਤਾਂ ਜਗੀਰੀਏ ਦਾ ਵੱਡਾ ਦਿਨ ਐ, ਕਿਰਾਇਆ ਮਿਲਿਆ, ਜੇਬ੍ਹ ਭਾਰੀ ਲਗਦੀ ਐ!’’ ਸਤਵੰਤ ਮਾਨ ਆਖਦਾ ਹੱਸਿਆ।

‘‘ਓਹ ਛੋਟੇ ਭਾਈ, ਕਾਹਦੀ ਜੇਬ੍ਹ ਭਾਰੀ ਐ! ਕਿਰਾਇਆ ਦੇ ਕੇ ਕੌਣ ਖੁਸ਼ ਐ, ਇਹ ਲੈਣਾ ਨਹੀਂ ਖੋਹਣਾ ਪੈਂਦਾ, ਮਨ ਅਸ਼ਾਂਤ ਹੋ ਜਾਂਦਾ, ...ਇਹ ਤਾਂ ਮੈਂ ਸੋਚਿਆ ਬਈ ਮੀਟਿੰਗ ਕਰਕੇ ਤੁਹਾਡੇ ਦਿਮਾਗ ਥੱਕੇ ਹੋਣੇ ਆਂ, ਦੋ ਬੋਤਲਾਂ ਰੰਮ ਦੀਆਂ ਲਿਆਇਆਂ ਕਿ ਜ਼ਰਾ ਮੂੰਹ ਕੌੜਾ ਕਰ ਲਿਓ ਜਾਂਦੇ ਜਾਂਦੇ।’’

***

ਆਈ.ਡਬਲਯੂ.ਏ. ਸਾਊਥਾਲ ਬਣਾਉਣ ਲਈ ਸਹਿਮਤੀ ਹੋ ਗਈ। ਕਾਮਰੇਡ ਰਾਮ ਸਿੰਘ ਖੁਸ਼ ਸੀ ਕਿ ਉਸ ਦਾ ਆਉਣਾ ਕਾਮਯਾਬ ਰਿਹਾ ਹੈ ਪਰ ਸਤਵੰਤ ਮਾਨ ਉਸ ਨੂੰ ਕੁਝ ਕੁ ਰੜਕ ਰਿਹਾ ਸੀ। ਰਾਮ ਸਿੰਘ ਨੇ ਆਪਣੇ ਬੈਗ ਵਿੱਚੋਂ ਇਕ ਕਿਤਾਬਚਾ ਜਿਹਾ ਕੱਢਿਆ ਤੇ ਉਹਨਾਂ ਨੂੰ ਦਿਖਾਉਂਦਾ ਬੋਲਿਆ, ‘‘ਇਹ ਸਾਡੀ ਸਭਾ ਦਾ ਸੰਵਿਧਾਨ ਹੈ, ਤੁਸੀਂ ਇਸ ਮੁਤਾਬਕ ਆਪਣੀ ਸਭਾ ਬਣਾ ਲਓ, ਕੱਲ ਤੋਂ ਹੀ ਮੈਂਬਰਸ਼ਿੱਪ ਭਰਤੀ ਕਰਨੀ ਸ਼ੁਰੂ ਕਰ ਦਿਓ।’’

‘‘ਇਹੋ ਤਾਂ ਵੱਡਾ ਮਸਲਾ ਐ, ਮੈਂਬਰਸ਼ਿੱਪ ਭਰਤੀ ਕਰਨ ਦੀ।’’ ਗੁਰਮੇਲ ਸਹੋਤਾ ਹੱਸਦਾ ਹੋਇਆ ਬੋਲਿਆ।

‘‘ਗੁਰਮੇਲ ਸਿਆਂ, ਤੂੰ ਤਾਂ ਕਹਿੰਦਾ ਸੀ ਕਿ ਇੰਸ਼ੋਰੈਂਸ ਦਾ ਕੰਮ ਕਰਨਾ, ਉਹਦੇ ਵਿੱਚ ਤਾਂ ਗਾਹਕ ਨੂੰ ਕਨਵਿੰਸ ਕਰਨ ਦੀ ਕਲਾ ਹੀ ਕੰਮ ਆਉਂਦੀ ਐ।’’ ਸੁਰਜੀਤ ਥਾਂਦੀ ਬੋਲਿਆ।

‘‘ਸੁਰਜੀਤ, ਉਹਦੇ ਵਿੱਚ ਜਿੱਡਾ ਮਰਜ਼ੀ ਝੂਠ ਬੋਲ ਲਓ ਪਰ ਇਹਦੇ ਵਿੱਚ ਮੈਂਬਰਾਂ ਨੂੰ ਕੋਈ ਡਰੀਮ ਨਹੀਂ ਦਿਖਾ ਹੋਣਾ।’’ ਗੁਰਮੇਲ ਸਹੋਤੇ ਨੇ ਕਿਹਾ।

‘‘ਕਾਮਰੇਡੋ, ਇਹ ਡਰੀਮ ਨਹੀਂ ਸੱਚ ਐ, ਅਸੀਂ ਉਹਨਾਂ ਦੇ ਫਾਇਦੇ ਦੀਆਂ ਗੱਲਾਂ ਕਰਨੀਆਂ, ਸ਼ਾਇਦ ਪਹਿਲਾਂ ਕੁਝ ਲੋਕ ਨਾਂਹ ਕਰਨ ਕਿਉਂਕਿ ਸਾਡੇ ਲੋਕਾਂ ਦਾ ਜਥੇਬੰਦ ਹੋਣ ਦਾ ਤਜਰਬਾ ਨਹੀਂ ਹੈ, ਪਰ ਜਦ ਤੁਸੀਂ ਕੰਮ ਕਰਕੇ ਦਿਖਾਇਆ ਤਾਂ ਲੋਕ ਤੁਹਾਡੇ ਮਗਰ ਮਗਰ ਤੁਰੇ ਫਿਰਨੇ ਆਂ, ਦੇਖਿਓ ਸਹੀ, ਮੇਰਾ ਤਾਂ ਤਜਰਬਾ, ਹੁਣ ਆ ਆ ਕੇ ਮੈਂਬਰਸ਼ਿੱਪ ਦੇ ਕੇ ਜਾਂਦੇ ਆ।’’ ਰਾਮ ਸਿੰਘ ਦਸ ਰਿਹਾ ਸੀ।

‘‘ਇਹਦੇ ਵਿੱਚ ਤਾਂ ਪੂਰੀ ਤਰ੍ਹਾਂ ਕੁਮਿਟਿਡ ਹੋਣਾ ਪੈਣਾ, ਕੰਮ ਕਰ ਕੇ ਦਿਖਾਉਣਾ ਪੈਣਾ, ਲੋਕਾਂ ਨੂੰ ਮਸਲਿਆਂ ਤੋਂ ਰਾਹਤ ਦਵਾਉਣੀ ਪੈਣੀ ਆਂ।’’ ਸ਼ਿਵ ਭਾਰਦਵਾਜ ਨੇ ਕਿਹਾ। ਉਸ ਦਾ ਇੰਡੀਆ ਵਿੱਚ ਜਥੇਬੰਦੀ ਚਲਾਉਣ ਦਾ ਅਨੁਭਵ ਸੀ।

‘‘ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਏਨੇ ਕੁ ਮੈਂਬਰ ਭਰਤੀ ਕਰੋ ਕਿ ਤੁਸੀਂ ਇਕ ਕਮੇਟੀ ਬਣਾ ਸਕੋਂ, ਆਹੁਦੇਦਾਰਾਂ ਦੀ ਨਿਯੁਕਤੀ ਕਰ ਸਕੋਂ, ਲਗਾਤਾਰ ਮੀਟਿੰਗਾਂ ਕਰੋ, ਖ਼ਬਰਾਂ ਵਿੱਚ ਰਹੋ, ਲੋਕਲ ਅਖ਼ਬਾਰ ਵਿੱਚ ਆਪਣੀ ਸਭਾ ਦੀਆਂ ਖ਼ਬਰਾਂ ਦੇਵੋ।’’

‘‘ਮੈਂ ਟਿ੍ਰਬਿਊਨ ਇੰਡੀਆ ਵਿੱਚ ਲਿਖਦਾ ਰਿਹਾਂ, ਆਈ.ਡਬਲਯੂ.ਏ. ਬਾਰੇ ਵੀ ਮੈਂ ਲਿਖਾਂਗਾ।’’ ਸ਼ਿਵ ਭਾਰਦਵਾਜ ਨੇ ਕਿਹਾ।

‘‘ਇਹ ਤਾਂ ਹੋਰ ਵੀ ਵਧੀਆ ਗੱਲ ਹੋ ਗਈ। ਤੁਸੀਂ ਅੱਜ ਦੀ ਮੀਟਿੰਗ ਦੀ ਖ਼ਬਰ ਬਣਾ ਕੇ ਆਪਣੀ ਲੋਕਲ ਅਖ਼ਬਾਰ ਨੂੰ ਭੇਜ ਦਿਓ।’’

‘‘ਪਤਾ ਨਹੀਂ ਉਹ ਛਾਪਣ ਕਿ ਨਾਂ।’’ ਸਤਵੰਤ ਮਾਨ ਦੁਬਿਧਾ ਵਿੱਚ ਸੀ।

‘‘ਜਦੋਂ ਤੁਸੀਂ ਨਸਲਵਾਦ ਦੇ ਖਿਲਾਫ ਆਵਾਜ਼ ਚੁੱਕਣ ਦੀ ਗੱਲ ਕੀਤੀ ਤਾਂ ਉਹ ਛਾਪਣਗੇ ਹੀ, ਲਿਖੋ ਕਿ ਅੱਜ ਮੀਟਿੰਗ ਹੋਈ, ਜਿਸ ਵਿੱਚ ਭਾਰਤੀ ਮਜ਼ਦੂਰ ਸਭਾ ਬਣਾਉਣ ਦਾ ਫੈਸਲਾ ਕੀਤਾ ਗਿਆ ਜੋ ਨਸਲਵਾਦ ਦੇ ਖਿਲਾਫ, ਕੰਮਾਂ ਤੇ ਹੁੰਦੇ ਵਿਕਤਰਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੇਗੀ, ਅਜਿਹੀ ਖ਼ਬਰ ਤਾਂ ਅਖ਼ਬਾਰਾਂ ਨੂੰ ਚਾਹੀਦੀ ਹੁੰਦੀ ਐ।’’

‘‘ਤੁਹਾਡੇ ਹਿਸਾਬ ਨਾਲ ਮੈਂਬਰਸ਼ਿੱਪ ਫੀਸ ਕਿੰਨੀ ਹੋਣੀ ਚਾਹੀਦੀ ਐ?’’ ਸੁਰਜੀਤ ਥਾਂਦੀ ਨੇ ਪੁੱਛਿਆ।

‘‘ਏਨੀ ਕੁ ਹੋਵੇ ਕਿ ਦੇਣ ਵਾਲੇ ਨੂੰ ਤਕਲੀਫ ਵੀ ਨਾ ਹੋਵੇ ਤੇ ਸਾਡੇ ਲਈ ਵੀ ਉਹ ਰਾਸ਼ੀ ਸਭਾ ਦੇ ਵੀ ਵਧੀਆ ਲੇਖੇ ਲੱਗੇ। ਅਸੀਂ ਕਵੈਂਟਰੀ ਇਕ ਸ਼ਿਲਿੰਗ ਹੀ ਲੈਂਦੇ ਸੀ, ਹੁਣ ਦੋ ਕੀਤੇ ਆ, ਤੁਸੀਂ ਲੰਡਨ ਵਿੱਚ ਹੋ, ਮੰਗਿਆਈ ਸਾਡੇ ਨਾਲੋਂ ਵੱਧ ਐ, ਅੱਧਾ ਕਰਾਉਨ ਰੱਖ ਸਕਦੇ ਹੋ।’’

‘‘ਜਗੀਰੀਆ, ਬੌਹਣੀ ਤੇਰੇ ਤੋਂ ਕਰਾਂਗੇ, ਅੱਜ ਕਿਰਾਇਆ ਮਿਲਿਆ ਹੋਇਆ, ਦੱਸ ਦਸਵੰਧ ਕੱਢਦਾਂ?’’ ਸਤਵੰਤ ਮਾਨ ਨੇ ਜਗੀਰ ਸਿੰਘ ਵੱਲ ਦੇਖਦਿਆਂ ਕਿਹਾ। ਉਸ ਦੀ ਗੱਲ ‘ਤੇ ਸਾਰੇ ਹੱਸ ਪਏ। ਉਹ ਵੀ ਅੱਗੋਂ ਹੱਸਦਾ ਹੋਇਆ ਕਹਿਣ ਲੱਗਾ, ‘‘ਤੁਸੀਂ ਮੀਟਿੰਗਾਂ ਮੇਰੇ ਕਮਰੇ ਵਿੱਚ ਕਰ ਲਿਆ ਕਰੋ, ਇਹਦੇ ਪੈਸੇ ਮੈਂ ਛੱਡੇ।’’

‘‘ਜੱਟ ਹੋ ਕੇ ਬਾਣੀਆਂ ਵਾਲੀ ਗੱਲ ਕਰਦਾਂ?’’ ਗੁਰਮੇਲ ਸਹੋਤਾ ਬੋਲਿਆ।

‘‘ਇਥੇ ਹੁਣ ਜੱਟ ਕੌਣ ਰਹਿ ਗਿਆ, ਦੇਖ ਕਿੰਨੇ ਗੰਦੇ ਗੰਦੇ ਕੰਮ ਕਰਦੇ ਆਂ ਉਪਰੋਂ ਦੀ ਝਿੜਕਾਂ ਵਾਧੂ।’’ ਜਗੀਰ ਸਿੰਘ ਨੇ ਕਿਹਾ। ਉਸ ਦੀ ਗੱਲ ਸੁਣ ਕੇ ਸਾਰੇ ਉਦਾਸ ਹੋ ਗਏ।

ਉਹਨਾਂ ਨੂੰ ਮੂਡ ਵਿੱਚੋਂ ਕੱਢਣ ਦੇ ਇਰਾਦੇ ਨਾਲ ਰਾਮ ਸਿੰਘ ਨੇ ਆਪਣੀ ਗੱਲ ਸ਼ੁਰੂ ਕਰ ਲਈ, ‘‘ਅਸੀਂ ਬਰਤਾਨੀਆ ਸਰਕਾਰ ਦੀਆਂ ਜਾਣੀ ਕਿ ਸਰ ਐਂਥਨੀ ਐਡਨ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਤੇ ਨਾਲ ਦੀ ਨਾਲ ਨਹਿਰੂ ਦੀਆਂ ਗਲਤ ਨੀਤੀਆਂ ਉਪਰ ਵੀ ਵਾਰ ਕਰਨੇ ਆਂ।’’ ਰਾਮ ਸਿੰਘ ਫਿਰ ਆਪਣੀ ਆਈ ‘ਤੇ ਆ ਗਿਆ।

‘‘ਨਹੀਂ, ਮੇਰਾ ਖਿਆਲ ਸਾਨੂੰ ਇਕੋ ਵਾਰ ਏਨੇ ਫਰੰਟ ਨਹੀਂ ਖੋਹਲਣੇ ਚਾਹੀਦੇ, ਸਾਨੂੰ ਇਥੇ ਬਹਿ ਕੇ ਭਾਰਤ ਸਰਕਾਰ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ, ਇਹਦੇ ਨਾਲ ਅੰਗਰੇਜ਼ ਸਰਕਾਰ ਨੂੰ ਗਲਤ ਮੈਸੇਜ ਜਾਵੇਗਾ, ਅਸੀਂ ਏਸ਼ੀਅਨ ਲੋਕਾਂ ਦੇ ਹੱਕਾਂ ‘ਤੇ ਜ਼ੋਰ ਦੇਣਾ।’’ ਸ਼ਿਵ ਭਾਰਦਵਾਜ ਨੇ ਆਖਿਆ।

‘‘ਕੋਈ ਗਲਤ ਮੈਸੇਜ ਨਹੀਂ ਜਾਵੇਗਾ, ਦੋਵੇਂ ਸਰਕਾਰਾਂ ਪੂੰਜੀਪਤੀ ਪਾਲਿਸੀ ਦੀਆਂ ਧਾਰਨੀ ਐਂ, ਨਹਿਰੂ ਵੀ ਇਥੋਂ ਦੇ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ। ਉਹਨੂੰ ਤਾੜਨਾ ਕਰਨੀ ਵੀ ਓਨੀ ਹੀ ਜ਼ਰੂਰੀ ਐ।’’ ਰਾਮ ਸਿੰਘ ਆਪਣੀ ਗੱਲ ‘ਤੇ ਅੜ ਗਿਆ।

‘‘ਨਹੀਂ ਕਾਮਰੇਡ, ਮੈਂ ਵੀ ਸ਼ਿਵ ਭਾਰਦਵਾਜ ਨਾਲ ਸਹਿਮਤ ਆਂ, ਸਾਡੀ ਲੜਾਈ ਇਥੇ ਵਸਦੇ ਸਾਡੇ ਲੋਕਾਂ ਲਈ ਇਨਸਾਫ ਦੀ ਐ, ਜੇ ਏਨਾ ਕੰਮ ਹੀ ਕਰ ਦੇਈਏ ਤਾਂ ਬਹੁਤ ਐ।’’ ਸੁਰਜੀਤ ਥਾਂਦੀ ਭਾਰਦਵਾਜ ਦੇ ਨਾਲ ਆ ਖੜਿਆ। ਉਸ ਦੇ ਮਗਰ ਹੀ ਗੁਰਮੇਲ ਸਹੋਤਾ ਵੀ ਉਹਨਾਂ ਦੀ ਬੋਲੀ ਬੋਲਦਾ ਬੋਲਿਆ, ‘‘ਏਦਾਂ ਕਰਨ ਨਾਲ ਅਸੀਂ ਮਕਸਦ ਤੋਂ ਭਟਕ ਜਾਵਾਂਗੇ, ਇਸ ਵੇਲੇ ਸਾਡੀ ਮੰਜ਼ਿਲ ਭਾਰਤੀ ਮਜ਼ਦੂਰ ਸਭਾ ਬਣਾਉਣ ਦੀ ਐ, ਸਾਨੂੰ ਭਾਰਤੀ ਸਰਕਾਰ ਨਾਲ ਟਕਰਾਓ ਦੀ ਸਥਿਤੀ ਨਹੀਂ ਖੜੀ ਕਰਨੀ ਚਾਹੀਦੀ।’’

ਰਾਮ ਸਿੰਘ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਸੀ ਲੱਗ ਰਹੀ।

ਸੁਰਜੀਤ ਥਾਂਦੀ ਗੁਰਮੇਲ ਸਹੋਤੇ ਵੱਲ ਇਵੇਂ ਦੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ, ‘ਭਲਾ ਰਾਮ ਸਿੰਘ ਖੁਣੋਂ ਸਾਡਾ ਕਿਹੜਾ ਗੱਡਾ ਅੜਿਆ ਖੜਾ ਸੀ।’

***

(ਤਿਆਰੀ ਅਧੀਨ ਨਾਵਲ ‘ਆਈ.ਡਬਲਯੂ.ਏ. – ਇਕ ਲੀਜੈਂਡ’ ਵਿੱਚੋਂ)


Comments


bottom of page