top of page
  • Writer's pictureਸ਼ਬਦ


ਬ੍ਰਤਾਨਵੀਤੱਵ ਜਾਂ ਬਿ੍ਰਟਿਸ਼ਨੈੱਸ ਕੀ ਬਲਾ ਹੈ? /

ਹਰਜੀਤ ਅਟਵਾਲ /

ਜੇ ਤੁਹਾਨੂੰ ਬ੍ਰਤਾਨਵੀ ਸ਼ਹਿਰੀਅੱਤ ਚਾਹੀਦੀ ਹੈ ਤਾਂ ਤੁਹਾਨੂੰ ਬ੍ਰਤਾਨਵੀਤੱਵ ਦਾ ਇਮਿਤਿਹਾਨ ਦੇਣਾ ਪੈਂਦਾ ਹੈ ਕਿ ਕੀ ਤੁਹਾਡੇ ਅੰਦਰ ਬ੍ਰਤਾਨਵੀਤੱਵ ਵੀ ਹੈ ਕਿ ਨਹੀਂ। ਤੁਹਾਡੇ ਅੰਦਰਲੇ ਬ੍ਰਤਾਨਵੀਤੱਵ ਜਾਂ ਬ੍ਰਤਾਨਵੀਪਨ ਨੂੰ ਚੈੱਕ ਕਰਨ ਲਈ ‘ਲਾਈਫ ਇਨ ਦਾ ਯੂਕੇ ਟੈਸਟ’ ਨਾਮੀ ਇਮਤਿਹਾਨ ਲਿਆ ਜਾਂਦਾ ਹੈ। ਪਹਿਲਾਂ ਅਜਿਹਾ ਸਰਟੀਫਿਕੇਟ ਵਕੀਲ ਹੀ ਦੇ ਦਿੰਦੇ ਸਨ ਜਿਹੜਾ ਸਾਡੇ ਲੋਕਾਂ ਨੂੰ ਕੁਝ ਪੈਸੇ ਖਰਚ ਕੇ ਘਰ ਬੈਠਿਆਂ ਮਿਲ ਜਾਂਦਾ ਸੀ ਪਰ ਹੁਣ ਇਹ ਇਮਤਿਹਾਨ ਔਖਾ ਹੋ ਗਿਆ ਹੈ। ਇਮਤਿਹਾਨ ਵੀ ਔਖਾ ਤੇ ਖਾਸ ਏਜੰਸੀਆਂ ਇਹ ਟੈੱਸਟ ਲੈਂਦੀਆਂ ਹਨ। ਬ੍ਰਤਾਨਵੀ ਸ਼ਹਿਰੀਅਤ ਲਈ ਮੁੱਖ ਦੋ ਗੱਲਾਂ ਦੇਖੀਆਂ ਜਾਂਦੀਆਂ ਹਨ, ਤੁਹਾਡੀ ਪੰਜ ਸਾਲ ਦੀ ਇਸ ਮੁਲਕ ਵਿੱਚ ਲਗਾਤਾਰ ਰਿਹਾਇਸ਼ ਤੇ ਇਹ ਟੈਸਟ। ਇਸ ਟੈੱਸਟ ਦਾ ਮਤਲਬ ਇਹੋ ਹੈ ਕਿ ਤੁਹਾਡੇ ਵਿੱਚ ਬ੍ਰਤਾਨਵੀਤੱਵ ਆ ਗਿਆ ਹੈ ਕਿ ਨਹੀਂ। ਜੇ ਨਹੀਂ ਤਾਂ ਤੁਹਾਨੂੰ ਬ੍ਰਤਾਨਵੀ ਸ਼ਹਿਰੀਅਤ ਕਿਉਂ ਦਿੱਤੀ ਜਾਵੇ? ਗੱਲ ਤਾਂ ਸਹੀ ਜਾਪਦੀ ਹੈ। ਬ੍ਰਤਾਨੀਵੀਤੱਵ ਦੇ ਮੋਟੇ ਮਾਹਿਨੇ ਬ੍ਰਤਾਨੀਆ ਨਾਲ ਵਫਾਦਾਰੀ ਹੈ। ਵਫਾਦਾਰੀ ਬਹੁਤ ਮੋਟਾ ਸ਼ਬਦ ਹੈ, ਡਾਂਗ ਵਰਗਾ ਤੇ ਬ੍ਰਤਾਨਵੀਤੱਵ ਬਾਰੀਕ ਹੈ ਟੀਕੇ ਦੀ ਸੂਈ ਵਰਗਾ।

ਜਿਵੇਂ ਭਾਰਤ ਵਿੱਚ ਜੰਮੇ ਵਿਅਕਤੀ ਵਿੱਚ ਭਾਰਤੀਤੱਵ ਹੋਵੇਗਾ ਹੀ ਤੇ ਉਸ ਨੂੰ ਕੋਈ ਇਹ ਸਵਾਲ ਵੀ ਨਹੀਂ ਪੁੱਛੇਗਾ। ਬ੍ਰਤਾਨੀਆ ਵਿੱਚ ਜੰਮਿਆਂ ਨੂੰ ਵੀ ਇਹ ਸਵਾਲ ਨਹੀਂ ਪੁੱਛੇ ਜਾਂਦੇ। ਬ੍ਰਤਾਨਵੀ ਸ਼ਹਿਰੀਅਤ ਲੈਣ ਵਾਲਿਆਂ ਨੂੰ ਵੀ ਇਹ ਸਵਾਲ ਕੁਝ ਸਾਲਾਂ ਤੋਂ ਹੀ ਪੁੱਛੇ ਜਾਣੇ ਸ਼ੁਰੂ ਹੋਏ ਹਨ। ਖਾਸ ਤੌਰ ‘ਤੇ ਉਦੋਂ ਕੁ ਤੋਂ ਜਦੋਂ ਬ੍ਰਤਾਨਵੀ ਸ਼ਹਿਰੀਅਤ ਵਾਲੇ ਲੋਕ ਬ੍ਰਤਾਨੀਆ ਦੇ ਖਿਲਾਫ ਹੀ ਅੱਤਵਾਦੀ ਕਾਰਵਾਈਆਂ ਕਰਨ ਲੱਗੇ ਹਨ। ਖਾਸ ਤੌਰ ‘ਤੇ ਅਮਰੀਕਾ ਵਿੱਚ ਹੋਵੇ ਨਾਈਨ ਅਲੈਵਨ ਅਤੇ ਇਰਾਕ, ਅਫਗਾਨਿਸਤਾਨ ਉਪਰ ਅਮਰੀਕਾ ਲਵੋਂ ਹੋਏ ਹਮਲਿਆਂ ਤੋਂ ਬਾਅਦ। ਇਸ ਤੋਂ ਬਹੁਤ ਸਾਲ ਪਹਿਲਾਂ ਟੋਰੀ ਪਾਰਟੀ ਦੇ ਨੇਤਾ ਨੌਰਮਨ ਟੈਬਿਟ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਲੋਕਾਂ ਦਾ ਬ੍ਰਤਾਨਵੀਤੱਵ ਦੇਖਣਾ ਹੈ ਤਾਂ ਇੰਗਲੈਂਡ-ਇੰਡੀਆ ਦੇ ਕ੍ਰਿਕਿਟ ਦੇ ਮੈਚ ਵੇਲੇ ਦੇਖੋ, ਇਹਨਾਂ ਲੋਕਾਂ ਕੋਲ ਪਾਸਪੋਰਟ ਤਾਂ ਬ੍ਰਤਾਨਵੀ ਹਨ ਤੇ ਇਹ ਸਪੋਰਟ ਭਾਰਤੀ ਟੀਮ ਨੂੰ ਕਰਦੇ ਹਨ। ਉਹ ਮਨਿਸਟਰ ਇਹ ਬਿਆਨ ਦੇਣ ਵੇਲੇ ਭੁੱਲ ਗਿਆ ਸੀ ਕਿ ਇਨਸਾਨ ਕੰਪਿਊਟਰ ਨਹੀਂ ਹੁੰਦਾ, ਉਸ ਦੇ ਅੰਦਰ ਦਿਲ ਹੁੰਦਾ ਹੈ, ਯਾਦਾਂ ਹੁੰਦੀਆਂ ਹਨ ਜੋ ਡਿਲੀਟ ਨਹੀਂ ਕੀਤੀਆਂ ਜਾ ਸਕਦੀਆਂ। ਕੋਈ ਪੰਜ ਸਾਲ ਇਸ ਮੁਲਕ ਵਿੱਚ ਰਹਿ ਕੇ ਇਸ ਨਾਲ ਸੌ ਫੀ ਸਦੀ ਨਹੀਂ ਜੁੜ ਸਕਦਾ। ਦੂਜੇ ਪਾਸੇ ਮੇਰੇ ਵਰਗਾ ਬੰਦਾ ਚਾਲੀ ਸਾਲ ਆਪਣੇ ਮੁਲਕ ਤੋਂ ਦੂਰ ਰਹਿ ਕੇ ਵੀ ਆਪਣੇ ਮੁਲਕ ਨੂੰ ਨਹੀਂ ਛੱਡ ਸਕਿਆ। ਤੁਹਾਡਾ ਦੇਸ਼ ਤੁਹਾਡੇ ਨਾਲ ਸੌਂਦਾ, ਜਾਗਦਾ, ਜੀਉਂਦਾ ਤੇ ਮਰਦਾ ਹੈ। ਇਕ ਵਾਰ ਭਾਰਤੀ, ਸਾਰੀ ਉਮਰ ਲਈ ਭਾਰਤੀ। ਤੁਸੀਂ ਸਭ ਕੁਝ ਛੱਡ ਸਕਦੇ ਹੋ; ਘਰ, ਦੋਸਤ, ਨੌਕਰੀ ਇਥੋਂ ਤੱਕ ਕਿ ਪਤਨੀ ਵੀ ਪਰ ਆਪਣਾ ਦੇਸ਼ ਨਹੀਂ ਛੱਡ ਸਕਦੇ। ਉਹ ਤੁਹਾਡੇ ਅੰਦਰ ਸਾਹਾਂ ਵਾਂਗ ਵਸਦਾ ਹੁੰਦਾ ਹੈ। ਹਾਂ, ਸਾਡੀਆਂ ਅਗਲੀਆਂ ਪੀੜ੍ਹੀਆਂ ਭਾਵ ਸਾਡੇ ਬੱਚੇ ਜੋ ਇਥੇ ਜੰਮੇ ਹਨ ਸਾਡੇ ਨਾਲੋਂ ਜਿ਼ਆਦਾ ਬ੍ਰਤਾਨਵੀ ਹਨ। ਭਾਰਤੀਤੱਵ ਵੀ ਉਹਨਾਂ ਅੰਦਰ ਸਾਡੇ ਰਾਹੀਂ ਮੁੰਤਕਿਲ ਹੋ ਗਿਆ ਹੈ, ਇਸ ਲਈ ਉਹਨਾਂ ਦੀ ਹਮਦਰਦੀ ਭਾਰਤ ਨਾਲ ਰਹੇਗੀ ਪਰ ਉਹ ਬ੍ਰਤਾਨਵੀ ਹਨ। ਇਕ ਵਾਰ ਡਾਕਟਰ ਗੁਰਪਾਲ ਸੰਧੂ ਨੇ ਇੰਗਲੈਂਡ ਜੰਮੇ ਇਕ ਬੱਚੇ ਨੂੰ ਸਵਾਲ ਪੁੱਛਿਆ ਸੀ ਕਿ ਜੇ ਇੰਗਲੈਂਡ ਤੇ ਭਾਰਤ ਦੀ ਲੜਾਈ ਲੱਗ ਜਾਵੇ ਤਾਂ ਤੂੰ ਕਿਸ ਪਾਸੇ ਖੜਨਾ। ਉਸ ਬੱਚੇ ਨੇ ਬਹੁਤ ਦੇਰ ਸੋਚ ਕੇ ਕਿਹਾ ਸੀ ਕਿ ਭਾਰਤ ਵੱਲ ਪਰ ਮੈਨੂੰ ਪਤਾ ਸੀ ਕਿ ਬੱਚਾ ਸਿਰਫ ਸਾਨੂੰ ਖੁਸ਼ ਕਰਨ ਲਈ ਕਹਿ ਰਿਹਾ ਸੀ।

ਬਿ੍ਰਟਿਸ਼ਨੈੱਸ ਜਾਂ ਬ੍ਰਤਾਨਵੀਤੱਵ ਇਕ ਟਰਮ ਹੈ। ਇਹ ਟਰਮ ਕਿਸੇ ਵੀ ਮੁਲਕ ਵਿੱਚ ਵਸਦੇ ਲੋਕਾਂ ਦੇ ਸੁਭਾਅ, ਪੱਛਾਣ, ਆਦਤਾਂ, ਵਤੀਰਾ, ਸਲੂਕ, ਲੱਛਣ, ਚਰਿਤਰ, ਜਿਉਣ-ਢੰਗ ਆਦਿ ਵਿਚਲੇ ਏਕੇ ਦੇ ਪ੍ਰਗਟਾ ਦੇ ਤੌਰ ‘ਤੇ ਵੀ ਵਰਤੀ ਜਾਂਦੀ ਹੈ। ਮੈਂ ਇਸ ਟਰਮ ਨੂੰ ਆਪਣੇ ਨਾਵਲ ‘ਬਿ੍ਰਟਿਸ਼ ਬੌਰਨ ਦੇਸੀ’ ਵਿੱਚ ਵਰਤਿਆ ਹੈ। ਬ੍ਰਤਾਨੀਆ ਦੀਆਂ ਯੂਨੀਵਰਸਟੀਆਂ ਵਿੱਚ ਇਕ ਸ਼ਬਦ ਆਮ ਸੁਣਨ ਨੂੰ ਮਿਲਦਾ ਹੈ, ਬੀ.ਬੀ.ਸੀ.ਡੀ. ਜਿਸ ਦਾ ਮਤਲਬ ਹੈ- ‘ਬਿ੍ਰਟਿਸ਼ ਬੌਰਨ ਕਨਫਿਊਜ਼ਡ ਦੇਸੀ’। ਭਾਰਤ ਤੋਂ ਇਥੇ ਪੜ੍ਹਨ ਆਏ ਬੱਚੇ ਇਹ ਸ਼ਬਦ ਵਰਤਦੇ ਹਨ। ਉਹ ਇਥੇ ਦੇ ਜੰਮੇ ਬੱਚਿਆਂ ਨੂੰ ਕਨਫਿਊਜ਼ਡ ਆਖਦੇ ਹਨ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਇੰਡੀਅਨ ਹਨ ਜਾਂ ਬਿ੍ਰਟਿਸ਼। ਮੇਰਾ ਨਾਵਲ ਮੇਰੀ ਆਪਣੀ ਬੇਟੀ ਰੀਝਾਂ ਨਾਲ ਵਾਪਰੀ ਅਜਿਹੀ ਹੀ ਛੋਟੀ ਜਿਹੀ ਇਕ ਘਟਨਾ ਵਿੱਚੋਂ ਨਿਕਲਿਆ ਹੈ। ਯੂਨੀਵਰਸਟੀ ਵਿੱਚ ਰੀਝਾਂ ਦੇ ਬਹੁਤੇ ਜਮਾਤੀ ਮੁੰਡੇ-ਕੁੜੀਆਂ ਇੰਡੀਆ ਤੋਂ ਪੜ੍ਹਨ ਆਏ ਹੋਏ ਸਨ। ਰੀਝਾਂ ਪੰਜਾਬੀ ਪੜ੍ਹ-ਲਿਖ-ਬੋਲ ਲੈਂਦੀ ਹੈ, ਪੰਜਾਬੀ ਖਾਣੇ ਬਣਾਉਂਦੀ ਹੈ। ਉਸ ਦਾ ਪਹਿਰਾਵਾ ਵੀ ਪੰਜਾਬੀ ਪਰ ਉਹ ਆਪਣੇ ਆਪ ਨੂੰ ਬਿ੍ਰਟਿਸ਼ ਕਹਿੰਦੀ ਸੀ। ਉਸ ਦੇ ਜਮਾਤੀ ਉਸ ਨੂੰ ਕਹਿਣ ਕਿ ਤੂੰ ਭਾਰਤੀ ਹੈਂ, ਮੇਰੀ ਬੇਟੀ ਕਹੇ ਕਿ ਮੈਂ ਕਦੇ ਇੰਡੀਆ ਗਈ ਹੀ ਨਹੀਂ ਤਾਂ ਇੰਡੀਅਨ ਕਿਵੇਂ ਹੋਈ। ਮੈਂ ਯੂਨੀਵਰਸਟੀ ਰੀਝਾਂ ਨੂੰ ਮਿਲਣ ਗਿਆ ਤਾਂ ਸਾਰੇ ਬੱਚੇ ਮੇਰੇ ਤੋਂ ਇਹੋ ਸਵਾਲ ਪੁੱਛਣ ਲੱਗੇ। ਮੈਂ ਦੱਸਿਆ ਕਿ ਸਾਡੇ ਬੱਚੇ ਬਿ੍ਰਟਿਸ਼-ਇੰਡੀਅਨ ਹਨ, ਬਿ੍ਰਟਿਸ਼ ਵੀ ਤੇ ਭਾਰਤੀ ਵੀ। ਜਿੰਨਾ ਵੀ ਭਾਰਤੀ ਡਾਇਸਪੋਰਾ ਬਾਹਰ ਰਹਿ ਰਿਹਾ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਜੁੜ ਹੀ ਜਾਂਦਾ ਹੈ। ਚੋਣਾਂ ਵੇਲੇ ਮੋਦੀ ਨੇ ਭਾਰਤੀ ਡਾਇਸਪੋਰਾ ਦਾ ਭਰਪੂਰ ਫਾਇਦਾ ਉਠਾਇਆ ਸੀ। ਅੱਜ ਵੀ ਭਾਰਤੀ ਡਾਇਸਪੋਰਾ ਭਾਰਤੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਦੀ ਕਿਸਾਨ ਲਹਿਰ ਵੇਲੇ ਭਾਰਤੀ ਡਾਇਸਪੋਰਾ ਦਾ ਰੋਲ ਸਾਫ ਦੇਖਿਆ ਜਾ ਸਕਦਾ ਹੈ।

ਬ੍ਰਤਾਨਵੀਤੱਵ ਬ੍ਰਤਾਨਵੀ ਹੋਣ ਦੀ ਸਥਿਤੀ ਹੈ। ਬ੍ਰਤਾਨਵੀਤੱਵ ਦੀ ਹੋਂਦ ਬ੍ਰਤਾਨਵੀ ਲੋਕਾਂ ਨੂੰ ਬਾਕੀ ਕੌਮਾਂ ਨਾਲੋਂ ਅੱਡ ਕਰਨ ਦੀ ਦਸ਼ਾ ਵੀ ਹੈ। ਬ੍ਰਤਾਨਵੀਤੱਵ ਦਾ ਭਾਵ ਇਸ ਮੁਲਕ ਦੇ ਬੋਲੀ, ਧਰਮ, ਸਮਾਜ, ਸਿਆਸਤ, ਰਾਜਨੀਤੀ, ਜੌਗਰਾਫੀ, ਇਤਿਹਾਸ, ਖੇਡਾਂ, ਫੌਜ ਦੀ ਬਣਤਰ, ਪੌਣਪਾਣੀ ਆਦਿ ਨੂੰ ਸਮਝਣਾ ਤੇ ਇਸ ਦੇ ਗੁਣ ਗਾਉਣ (ਐਪਰੀਸ਼ੀਏਟ ਕਰਨ) ਤੋਂ ਹੈ। ਬ੍ਰਤਾਨਵੀਤੱਵ ਅਜਿਹੀ ਚੀਜ਼ ਨਹੀਂ ਹੈ ਕਿ ਜੋ ਤੁਹਾਡੇ ਮਨ ਵਿੱਚ ਪਾ ਦਿੱਤੀ ਜਾਵੇ ਜਾਂ ਇਸ ਦੀ ਕੋਈ ਗੋਲ਼ੀ ਖਵਾ ਦਿੱਤੀ ਜਾਵੇ ਜਾਂ ਤੁਸੀਂ ਕਹਿ ਦੇਵੋਂ ਕਿ ਮੈਂ ਬਿ੍ਰਟਿਸ਼ ਪਾਸਪੋਰਟ ਲੈ ਲਿਆ ਤੇ ਹੁਣ ਮੈਂ ਬ੍ਰਤਾਨਵੀਤੱਵ ਨਾਲ ਭਰ ਗਿਆ ਹਾਂ। ਇਹ ਹੌਲੀ ਹੌਲੀ, ਤੁਹਾਨੂੰ ਬਿਨਾਂ ਦੱਸੇ ਤੁਹਾਡੀ ਜੀਵਨ-ਜਾਚ ਵਿੱਚ ਸ਼ਾਮਲ ਹੁੰਦਾ ਜਾਂਦਾ ਹੈ। ਇਸ ਸਮਾਜ ਦੀਆਂ ਜਿਹੜੀਆਂ ਗੱਲਾਂ ਮੈਨੂੰ ਕਦੇ Eਪਰੀਆਂ ਜਾਂ ਬੁਰੀਆਂ ਲੱਗਦੀਆਂ ਸਨ ਉਹੀ ਹੁਣ ਚੰਗੀਆਂ ਲੱਗਣ ਲੱਗ ਪਈਆਂ ਹਨ ਜਿਵੇਂ ਇਥੋਂ ਦਾ ਰਹਿਣਾ-ਸਹਿਣਾ-ਖਾਣਾ। ਸਾਡੇ ਘਰ ਹਰ ਰੋਜ਼ ਇਕ ਵਾਰ ਦੇਸੀ ਖਾਣਾ ਤੇ ਇਕ ਡੰਗ ਬ੍ਰਤਾਨਵੀ ਖਾਣਾ ਬਣਦਾ ਹੈ। ‘ਫਿਸ਼ ਐਂਡ ਚਿਪਸ’ ਮੈਨੂੰ ਸਾਗ ਜਿੰਨੇ ਹੀ ਪਸੰਦ ਹਨ। ਜਦ ਕਦੇ ਮੈਂ ਇੰਡੀਆ ਜਾਵਾਂ ਤਾਂ ਸਭ ਤੋਂ ਵੱਧ ਮੈਂ ਬਿ੍ਰਟਿਸ਼ ਨਾਸ਼ਤੇ ਨੂੰ ਮਿਸ ਕਰਦਾ ਹਾਂ- ਐਗ, ਬੇਕਨ, ਸੋਸੇਜ਼, ਟੋਸਟ ਐਂਡ ਬੀਨਜ਼। ਇਥੋਂ ਦੇ ਲਤੀਫੇ, ਸੰਗੀਤ, ਨਾਟਕ ਆਦਿ ਸਭ ਪਸੰਦ ਹਨ। ਹੋਰ ਵੀ ਸਭ ਕੁਝ ਜੋ ਬ੍ਰਤਾਨਵੀਤੱਵ ਲਈ ਚਾਹੀਦਾ ਹੈ ਪਰ ਇਹ ਹਾਲੇ ਵੀ ਮੇਰੇ ਵਿੱਚ ਊਣਾ ਹੈ।

‘ਬਿ੍ਰਟਿਸ਼ਨੈੱਸ’ ਟਰਮ ਭਾਵੇਂ ਵੀਹਵੀਂ ਸਦੀ ਵਿੱਚ ਬਹੁਤੀ ਵਰਤੀ ਜਾਣ ਲੱਗੀ ਹੈ ਪਰ ਇਹ ਕਾਫੀ ਪੁਰਾਣੀ ਹੈ। ਇਹ ਪਹਿਲੀ ਵਾਰ ਉਦੋਂ ਵਰਤੀ ਗਈ ਜਦ ਬਿ੍ਰਟਿਸ਼ ਆਇਜ਼ਲ ਯੂਨਾਈਟਿਡ ਕਿੰਗਡੰਮ ਬਣਿਆਂ। ਜਾਣੀ ਕਿ ਵੇਲਜ਼, ਸਕੌਟਲੈਂਡ ਤੇ ਇੰਗਲੈਂਡ ਇਕੱਠੇ ਹੋ ਗਏ। ਇਹਨਾਂ ਮੁਲਕਾਂ ਨੂੰ ਇਕ ਥਾਂ ਜੋੜਨ ਲਈ ‘ਐਕਟ ਔਫ ਯੂਨੀਅਨ 1707’ ਬਣਿਆਂ ਸੀ। ਔਕਸਫੌਰਡ ਯੂਨੀਵਰਸਟੀ ਦੀ ਡਿਕਸ਼ਨਰੀ ਦੇ ਹਿਸਾਬ ਨਾਲ ਬਿ੍ਰਟਿਸ਼ਨੈੱਸ ਪਹਿਲੀ ਵਾਰ 1857 ਵਿੱਚ ‘ਪੁਟਨੈਮ’ਜ਼ ਮੰਥਲੀ’ ਮੈਗਜ਼ੀਨ ਵਿੱਚ ਵਰਤਿਆ ਗਿਆ ਸੀ। ਬਿ੍ਰਟਿਸ਼ ਆਈਜ਼ਲ ਵਿੱਚ ਭਾਵੇਂ ਮੁਲਕ ਤਾਂ ਇਹ ਚਾਰ ਹਨ, ਇੰਗਲੈਂਡ, ਆਇਰਲੈਂਡ, ਸਕੌਟਲੈਂਡ ਤੇ ਵੇਲਜ਼ ਪਰ ਇੰਗਲਿਸ਼ ਸਦਾ ਹੀ ਭਾਰੂ ਰਹੇ ਹਨ। ਜਿਵੇਂ ਪੰਜਾਬੀ ਸਭਿਆਚਾਰ ਵਿੱਚ ਕੁਝ ਲੋਕਾਂ ਨੂੰ ਜੱਟ ਕਹਿਲਵਾ ਕੇ ਬਹੁਤ ਖੁਸ਼ੀ ਹੁੰਦੀ ਹੈ ਇਹੀ ਹਾਲ ਇੰਗਲਿਸ਼ ਲੋਕਾਂ ਦਾ ਵੀ ਹੈ। ਬਾਕੀ ਦੀਆਂ ਕੌਮਾਂ ਘੱਟ-ਗਿਣਤੀ ਵਿੱਚ ਆ ਜਾਂਦੀਆਂ ਹਨ। ਯੂਨਾਈਟਿਡ ਕਿੰਗਡੰਮ ਬਣਨ ਨਾਲ ਲੋਕ ਇਕ ਥਾਂ ਇਕੱਠੇ ਹੋ ਗਏ ਕਿ ਸਾਰੇ ਹੀ ਬਿ੍ਰਟਿਸ਼ ਬਣ ਗਏ। ਭਾਵੇਂ ਹਾਲੇ ਵੀ ਸਕੌਟਿਸ਼, ਵੈਲਸ਼ ਜਾਂ ਆਇਰਸ਼ ਲੋਕਾਂ ਦੇ ਸੁਭਾਅ, ਬੋਲਣ ਦੇ ਲਹਿਜ਼ੇ ਕਾਫੀ ਅਲੱਗ ਹਨ ਪਰ ਇਸ ਸਾਡੇ ਮਾਲਵੇ, ਦੁਆਬੇ, ਮਾਝੇ ਵਾਂਗ ਹੀ ਹਨ, ਸਾਰੇ ਅੰਗਰੇਜ਼ੀ ਹੀ ਬੋਲਦੇ ਹਨ, ਭਾਵੇਂ ਵੱਖਰੇ ਲਹਿਜ਼ੇ ਵਿੱਚ।

ਬ੍ਰਤਾਨਵੀਤੱਵ ਟਰਮ ਵਿਵਾਦਤ ਵੀ ਹੈ। ਕਮਿਸ਼ਨ ਫਾਰ ਰੇਸ਼ੀਅਲ ਇਕੁਐਲਟੀ ਵਾਲੇ ਇਸ ਨੂੰ ਨਸਲਵਾਦੀ ਟਰਮ ਮੰਨਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਤਾਨਵੀਤੱਵ ਇੰਗਲਿਸ਼ਤੱਵ ਦਾ ਹੀ ਰਾਜਨੀਤਕ ਖੁਲਾਸਾ ਹੈ ਜੋ ਸਕੌਟਿਸ਼, ਵੈਲਸ਼ ਤੇ ਆਇਰਸ਼ ਸਭਿਆਚਾਰ ਉਪਰ ਹਾਵੀ ਹੋਣ ਦੀ ਕੋਸਿ਼ਸ਼ ਵਿੱਚ ਰਹਿੰਦਾ ਹੈ। ਜਦੋਂ ਤੋਂ ਪੱਛਮੀ ਦੁਨੀਆ ਨੇ ਇਸਲਾਮਿਕ ਦੁਨੀਆ ਨਾਲ ਜੰਗ ਛੇੜੀ ਹੈ, ਉਦੋਂ ਤੋਂ ਬ੍ਰਤਾਨਵੀ ਸਰਕਾਰ ਨੂੰ ਬ੍ਰਤਾਨਵੀ ਲੋਕਾਂ ਦੀ ਮੁਲਕ ਪ੍ਰਤੀ ਵਫਾਦਾਰੀ ਦਾ ਫਿਕਰ ਪਿਆ ਹੋਇਆ ਹੈ। 2006 ਵਿੱਚ ਵਿੱਤ ਮੰਤਰੀ ਗੋਰਡਨ ਬਰਾਊਨ ਨੇ ਬ੍ਰਤਾਨਵੀਤੱਵ ਨੂੰ ਉਤਸ਼ਾਹ ਦੇਣ ਲਈ ਖਾਸ ਭਾਸ਼ਨ ਦਿੱਤਾ ਸੀ। ਅਖ਼ਬਾਰਾਂ ਨੇ ਵੀ ਇਸ ਗੱਲ ਨੂੰ ਵਾਹਵਾ ਉਛਾਲਿਆ। ਨਵੰਬਰ 2007 ਵਿੱਚ ਲੰਡਨ ਦੀ ਅਖ਼ਬਾਰ ‘ਦਾ ਟਾਈਮਜ਼’ ਨੇ ਇਕ ਮੁਕਾਬਲਾ ਕਰਾਇਆ ਜਿਸ ਅਨੁਸਾਰ ਪਾਠਕਾਂ ਨੂੰ ਕਿਹਾ ਗਿਆ ਕਿ ਪੰਜ ਸ਼ਬਦਾਂ ਵਿੱਚ ਕੋਈ ਮੋਟੋ ਭੇਜਿਆ ਜਾਵੇ ਜਿਸ ਵਿੱਚ ਬ੍ਰਤਾਨਵੀਤੱਵ ਨੂੰ ਪ੍ਰੀਭਾਸਿ਼ਤ ਕੀਤਾ ਹੋਵੇ। ਜਿਸ ਕੈਪਸ਼ਨ ਨੇ ਇਹ ਮੁਕਾਬਲਾ ਜਿੱਤਿਆ ਉਹ ਸੀ, ‘ਨੋ ਮੋਟੋ ਪਲੀਜ਼, ਵੀ ਆਰ ਬਿ੍ਰਟਿਸ਼’ (ਂੋ ੰੋਟਟੋ ਫਲੲਅਸੲ, ੱੲ ਅਰੲ ਭਰਟਿਸਿਹ)। ਬ੍ਰਤਾਨਵੀਤੱਵ ਨੂੰ ਸਕੂਲਾਂ ਵਿੱਚ ਪੜ੍ਹਾਉਣ ਦੀ ਵੀ ਗੱਲ ਹੁੰਦੀ ਰਹਿੰਦੀ ਹੈ। ਵੈਸੇ ‘ਐਜੂਕੇਸ਼ਨ ਐਕਟ 2002’ ਅਨੁਸਾਰ ਸਕੂਲਾਂ ਵਿੱਚ ਬ੍ਰਤਾਨਵੀ ਕਦਰਾਂ-ਕੀਮਤਾਂ ਨੂੰ ਮੌਲਕ ਰੂਪ ਵਿੱਚ ਪੜ੍ਹਾਇਆ ਜਾਣਾ ਜ਼ਰੂਰੀ ਹੈ। ਇਤਿਹਾਸਕਾਰ ਡੇਵਿਡ ਸਟਾਰਕੇ ਦੇ ਵਿਚਾਰ ਹਨ ਕਿ ਬ੍ਰਤਾਨਵੀਤੱਵ ਨੂੰ ਪੜ੍ਹਾਇਆ ਨਹੀਂ ਜਾ ਸਕਦਾ ਕਿਉਂਕਿ ਬਿ੍ਰਟਿਸ਼ ਨੇਸ਼ਨ ਨਹੀਂ ਹੈ।

2011 ਦੀ ਜਨ-ਗਣਨਾ ਅਨੁਸਾਰ ਬ੍ਰਤਾਨੀਆਂ ਵਿੱਚ ਤਕਰੀਬਨ 85% ਲੋਕ ਗੋਰੇ ਹਨ ਜਾਣੀ ਕਿ ਅੰਗਰੇਜ਼, ਸਕੌਟਿਸ਼, ਵੈਲਸ਼ ਤੇ ਆਇਰਸ਼ ਆਦਿ। 8% ਏਸ਼ੀਅਨ ਹਨ, ਭਾਰਤੀ ਉਪਮਹਾਂਦੀਪ ਵਿੱਚੋਂ, ਸਾਢੇ ਤਿੰਨ ਫੀ ਸਦੀ ਕਾਲ਼ੇ ਹਨ ਤੇ ਬਾਕੀ ਦੇ ਰਲ਼ਵੇਂ ਮਿਲ਼ਵੇਂ। ਇਹ ਸਭ ਹੀ ਆਪਣੇ ਆਪ ਨੂੰ ਬਿ੍ਰਟਿਸ਼ ਅਖਵਾਉਂਦੇ ਹਨ। ਬ੍ਰਤਾਨੀਤੱਵ ਨੂੰ ਲੈ ਕੇ ਕਈ ਵਾਰ ਮੁਸਲਿਮ ਲੋਕਾਂ ਦੀ ਵਫਾਦਾਰੀ ਉਪਰ ਹਮਲੇ ਕੀਤੇ ਜਾਂਦੇ ਹਨ। ਖੈ਼ਰ, ਬ੍ਰਤਾਨੀਆ ਹੁਣ ਬਹੁ-ਧਰਮੀ, ਬਹੁ-ਸਭਿਆਚਾਰਕ ਇੰਜ ਕਹਿ ਲE ਕਿ ਬਹੁ-ਰੰਗਾ ਦੇਸ਼ ਹੈ ਤੇ ਰਹੇਗਾ ਤੇ ਇਸ ਦੇ ਕੁਝ ਮਸਲੇ ਵੀ ਹਾਜ਼ਰ ਰਹਿਣਗੇ। ਮੇਰੇ ਹਿਸਾਬ ਨਾਲ ਸਰਕਾਰਾਂ ਨੂੰ ਫਿਕਰ ਦੀ ਲੋੜ ਨਹੀਂ ਹੈ, ਸਮੇਂ ਨਾਲ ਇਥੇ ਵਸਣ ਵਾਲੇ ਲੋਕਾਂ ਵਿੱਚ ਬ੍ਰਤਾਨਵੀਤੱਵ ਭਰਦਾ ਜਾਵੇਗਾ। ਹਾਂ, ਬ੍ਰਤਾਨਵੀਤੱਵ ਦੇ ਅਰਥ ਵੀ ਵਸੀਹ ਹੁੰਦੇ ਜਾਣਗੇ।

bottom of page