ਗ੍ਰੈਫਿਟੀ: ਕਲਾ ਕਿ ਭੰਨ-ਤੋੜ /
ਹਰਜੀਤ ਅਟਵਾਲ /
ਗ੍ਰੈਫਿਟੀ ਮੌਡਰਨ-ਯੁੱਗ ਵਿੱਚ ਕੰਧਾਂ ਉਪਰ ਕੀਤੀ ਜਾਣ ਵਾਲੀ ਚਿਤਰਕਾਰੀ ਹੈ ਜਿਸਨੂੰ ਪੱਛਮ ਵਿੱਚ ਭੰਨ-ਤੋੜ ਦੇ ਤੌਰ ‘ਤੇ ਲਿਆ ਜਾਂਦਾ ਹੈ। ਭੰਨ-ਤੋੜ ਇਸ ਕਰਕੇ ਕਿਹਾ ਜਾਂਦਾ ਹੈਕਿ ਇਹ ਨਿੱਜੀ ਜਾਂ ਸਰਕਾਰੀ ਇਮਾਰਤਾਂ ਉਪਰ ਕੀਤੀ ਜਾਂਦੀ ਹੈ ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪੁੱਜਦਾ ਹੈ, ਦਿੱਖ ਬਦਲ ਜਾਂਦੀ ਹੈ। ਕਿਸੇ ਵੇਲੇ ਇਸਦੀ ਸਖਤ-ਸਜ਼ਾ ਵੀ ਮਿੱਥੀ ਗਈ ਸੀ।
ਮੇਰੇ ਹਿਸਾਬ ਨਾਲ ਗ੍ਰੈਫਿਟੀ ਦੇ ਮਾਹਿਨੇ ਹਨ, ਕਾਗਜ਼-ਕੈਨਸਵ ਤੋਂ ਪਰਾਂਹ ਹੋਕੇ, ਆਰਟ-ਗੈਲਰੀਆਂ ਤੋਂ ਬਾਹਰ ਕੰਧਾਂ-ਕੌਲ਼ਿਆਂ ‘ਤੇ ਬਣਾਈ ਚਿਤਰਕਾਰੀ, ਭਾਵ ਕੰਧ-ਚਿਤਰਕਾਰੀ। ਅੱਜਕੱਲ੍ਹ ਇਸ ਵਿੱਚ ਇਕ ਹੋਰ ਸ਼ਬਦ ਜੋੜ ਦਿੱਤਾ ਜਾਂਦਾ ਹੈ, ਨਟੋਰੀਅਸ ਭਾਵ ਗੈਰ-ਕਾਨੂੰਨੀ। ਕਿਉਂਕਿ ਇਹ ਚਿਤਰਕਾਰੀ ਬਿਨਾਂ ਇਜਾਜ਼ਤ ਕੀਤੀ ਹੁੰਦੀ ਹੈ ਇਸ ਲਈ ਇਹ ਸਜ਼ਾ ਦੀ ਜ਼ੱਦ ਵਿੱਚ ਆ ਜਾਂਦੀ ਹੈ।
ਕੰਧ-ਚਿਤਰਕਾਰੀ ਦੀ ਪੂਰਬ ਵਿੱਚ ਅਹਿਮੀਅਤ ਹੋਰ ਤਰ੍ਹਾਂ ਦੀ ਮਿਲਦੀ ਹੈ ਪਰ ਪੱਛਮ ਵਿੱਚ ਆਕੇ ਇਹ ਵਿਗੜ ਜਾਂਦੀ ਹੈ। ਭਾਰਤ ਵਿੱਚ ਕੰਧ-ਚਿਤਰਕਾਰੀ ਉਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਮਿਲਦੀਆਂ ਹਨ, ਬਹੁਤ ਸਾਰਾ ਖੋਜ-ਕੰਮ ਵੀ ਹੋਇਆ ਹੈ। ਪੂਰਬ ਵਿੱਚ ਜਿਥੇ ਗ੍ਰੈਫਿਟੀ ਇਕ ਕਲਾ ਮੰਨੀ ਜਾਂਦੀ ਰਹੀ ਹੈ ਉਥੇ ਪੱਛਮ ਵਿੱਚ ਇਸਨੂੰ ਭੰਨ-ਤੋੜ ਕਿਹਾ/ਸਮਝਿਆ ਜਾਂਦਾ ਹੈ। ਤੁਸੀਂ ਜਾਕੇ ਕਿਸੇ ਦੀ ਕੰਧ ਉਪਰ ਸਪਰੇਅ ਕਰਕੇ ਭਾਵ ਚਿਤਰਕਾਰੀ ਕਰਕੇ ਕੰਧ ਖਰਾਬ ਕਰ ਦੇਵੋਂ ਤਾਂ ਇਹ ਇਕ ਕਿਸਮ ਦੀ ਭੰਨ-ਤੋੜ ਹੀ ਹੋਈ। ਇਵੇਂ ਚਿਤਰਕਾਰੀ ਕਰਨ ਵਾਲੇ ਲੋਕ ਨਿੱਜੀ ਜਗਾਵਾਂ ਨਾਲੋਂ ਜਨਤਕ ਜਗਾਵਾਂ ‘ਤੇ ਗ੍ਰੈਫਿਟੀ ਕਰਨ ਨੂੰ ਵਧੇਰੇ ਤਰਜੀਹ ਦਿੰਦੇ ਹਨ ਪਰ ਜਨਤਕ-ਜਗਾਵਾਂ ਉਪਰ ਸਥਾਨਕ ਕੌਂਸਲਾਂ ਵਲੋਂ ਇਤਰਾਜ਼ ਉਠਾਏ ਜਾਂਦੇ ਹਨ। ਮੈਨੂੰ ਯਾਦ ਹੈਕਿ ਮੇਰਾ ਇਕ ਵਾਕਫ ਕੌਂਸਲ ਵਿੱਚ ਕੰਮ ਕਰਦਾ ਸੀ ਉਸਦੀ ਜੌਬ ਇਹੋ ਸੀਕਿ ਕਿਤੇ ਵੀ ਹੋਈ ਗ੍ਰੈਫਿਟੀ ਨੂੰ ਮਿਟਾਉਣਾ।
ਗ੍ਰੈਫਿਟੀ ਇਕ ਵੀਯੂਅਲ ਤਾਲ-ਮੇਲ ਦੀ ਕਿਸਮ ਹੈ। ਕੋਈ ਵੀ ਬੰਦਾ ਜਾਂ ਗਰੁੱਪ ਕਿਸੇ ਪਬਲਿਕ ਸਥਾਨ ‘ਤੇ ਅਣ-ਅਧਿਕਾਰਤ ਤਰੀਕੇ ਨਾਲ ਮਾਰਕਿੰਗ ਕਰਦੇ ਜਾਂ ਉਕਰਦੇ ਹਨ ਜਿਸਦਾ ਮਕਸਦ ਆਪਣੀ ਹਾਜ਼ਰੀ ਲਵਾਉਣਾ ਜਾਂ ਧਿਆਨ ਖਿੱਚਣਾ ਹੁੰਦਾ ਹੈ। ਆਮ ਕਰਕੇ ਇਸਨੂੰ ਗੈਰ-ਸਾਮਾਜਕ ਵਰਤਾਰੇ ਦੀ ਉਪਰ ਸਮਝਿਆ ਜਾਂਦਾ ਹੈ ਕਿਉਂਕਿ ਗ੍ਰੈਫਿਟੀ ਗੈਂਗਾਂ ਜਾਂ ਉਹਨਾਂ ਦੇ ਮੈਂਬਰਾਂ ਵਲੋਂ ਥਰਿਲ ਪੈਦਾ ਕਰਨ ਲਈ ਬਣਾਈ ਜਾਂਦੀ ਹੈ। ਵੀਹਵੀਂ ਸਦੀ ਵਿੱਚ ਗ੍ਰੈਫਿਟੀ ਇਕ ਖ਼ਬਤ ਬਣਕੇ ਸਾਹਮਣੇ ਆਉਂਦੀ ਹੈ। ਗ੍ਰੈਫਿਟੀ ਇਕ ਟਰਮ ਬਣ ਕੇ ਉਭਰਦੀ ਹੈ ਖਾਸ ਕਰਕੇ ਪੱਛਮ ਵਿੱਚ। ਮੁੱਖ ਤੌਰ ‘ਤੇ ਇਹ ਗੈਂਗਾਂ ਵਲੋਂ ਬਣਾਈ ਜਾਂਦੀ ਹੈ ਜਿਸਦੇ ਵੱਖ-ਵੱਖ ਮਕਸਦ ਰਹੇ ਹਨ ਜਿਵੇਂ ਕਿ ਆਪਣੇ ਗੈਂਗ ਦੀ ਹੋਂਦ ਬਾਰੇ ਦੱਸਣਾ, ਗੈਂਗ ਦੇ ਪੁਰਾਣੇ ਜਾਂ ਮਰੇ ਹੋਏ ਮੈਂਬਰ ਨੂੰ ਚੇਤੇ ਕਰਨਾ, ਕਿਸੇ ਮੈਂਬਰ ਦੇ ਕੰਮ (ਜਰਾਇਮ) ਨੂੰ ਚੇਤੇ ਕਰਨਾ, ਆਪਣੇ ਵਿਰੋਧੀ ਗੈਂਗ ਨੂੰ ਵੰਗਾਰਨਾ, ਆਪਣੇ ਗੈਂਗ ਦੇ ਇਲਾਕੇ ਦੀ ਨਿਸ਼ਾਨਦੇਹੀ ਕਰਨਾ ਆਦਿ।
1970ਵਿਆਂ ਵਿੱਚ ਨਿਊਯਾਰਕ ਦੇ ਸਬਵੇਆਂ ਤੋਂ ਅੱਜ ਵਾਲੀ ਗ੍ਰੈਫਿਟੀ ਦੀ ਸ਼ੁਰੂਆਤ ਹੁੰਦੀ ਹੈ ਤੇ ਦੇਖਦਿਆਂ ਹੀ ਦੇਖਦਿਆਂ ਇਹ ਸਾਰੀ ਦੁਨੀਆਂ ਦੇ ਮਹਾਂਨਗਰਾਂ ਦੇ ਸਬਵੇਆਂ ਵਿੱਚ ਛਾ ਜਾਂਦੀ ਹੈ। ਬਹੁ-ਗਿਣਤੀ ਲੋਕਾਂ ਦਾ ਇਹ ਮੰਨਣਾ ਹੈਕਿ ਇਵੇਂ ਸਬਵੇਆਂ ਦੀ ਸ਼ਾਨ ਖਰਾਬ ਹੁੰਦੀ ਹੈ ਤੇ ਇਸ ਨਾਲ ਜੁਰਮ ਫੈਲਦਾ ਹੈ। ਵੀਹਵੀਂ ਸਦੀ ਵਿੱਚ ਹੀ ਇਕ ਹੋਰ ਕਿਸਮ ਦੀ ਗ੍ਰੈਫਿਟੀ ਹੋਂਦ ਵਿੱਚ ਆਈ ਜਿਸ ਨੂੰ ਟੈਗਿੰਗ ਆਖਦੇ ਹਨ ਜਿਸ ਵਿੱਚ ਇਕ ਸਿੰਬਲ ਨੂੰ ਵਾਰ-ਵਾਰ ਵਰਤਿਆ ਜਾਂਦਾ ਹੈ ਜਾਂ ਫਿਰ ਸਿੰਬਲਾਂ ਦੀ ਲੜੀ ਵਰਤੋਂ ਹੁੰਦੀ ਹੈ ਜਿਸ ਨਾਲ ਆਪਣੇ ਇਲਾਕੇ ਜਾਂ ਮਿਸ਼ਨ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਇਵੇਂ ਗ੍ਰੈਫਿਟੀ ਰਣਨੀਤੀ ਬਣਾਉਣ ਲਈ ਵੀ ਵਰਤੀ ਜਾਂਦੀ ਹੈ। ਅੱਜ ਗੈਂਗਬਾਜ਼ੀ ਵਾਲੀ ਬਦਨਾਮ ਗ੍ਰੈਫਿਟੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਮੈਂ ਸੋਚਦਾ ਹਾਂ ਕਿ ਗ੍ਰੈਫਿਟੀ ਦੇ ਗਲਤ ਅਨਸਰਾਂ ਹੱਥ ਆ ਜਾਣ ਕਾਰਨ, ਪਬਲਿਕ ਜਗਾਵਾਂ ਗੰਦੀਆਂ ਕਰਨ ਕਾਰਨ ਜਾਂ ਗੈਂਗਬਾਜ਼ੀ ਕਾਰਨ ਬਦਨਾਮ ਹੋ ਗਈ ਹੈ ਨਹੀਂ ਤਾਂ ਗ੍ਰੈਫਿਟੀ ਮਨੁੱਖ ਦੀ ਹੋਂਦ ਦਾ ਹਿੱਸਾ ਰਹੀ ਹੈ ਬਲਕਿ ਮਨੁੱਖ ਦੀ ਹੋਂਦ ਨੂੰ ਚਿਤਰਦੀ ਆਈ ਹੈ। ਜਦ ਹਾਲੇ ਅੱਖਰ ਨਹੀਂ ਸੀ ਬਣਿਆਂ ਸਗੋਂ ਜਦ ਹਾਲੇ ਬੋਲੀ ਵੀ ਨਹੀਂ ਸੀ ਬਣੀ ਤਾਂ ਮਨੁੱਖ ਜ਼ਰੂਰ ਆਪਣੇ ਆਪ ਨੂੰ ਚਿਤਰ ਬਣਾ ਕੇ ਪ੍ਰਾਗਟਾਉਂਦਾ ਹੋਵੇਗਾ, ਆਪਣੇ ਵਲਵਲਿਆਂ ਦਾ ਬਿਆਨ ਕਰਦਾ ਹੋਵੇਗਾ। ਪੁਰਾਣੀਆਂ ਗੁਫਾਵਾਂ ਵਿੱਚ ਉਕਰੀ ਮਿਲਦੀ ਗ੍ਰੈਫਿਟੀ ਇਸ ਵੱਲ ਇਸ਼ਾਰਾ ਕਰਦੀ ਹੈ। ਗੁਫਾਵਾਂ ਤੋਂ ਬਾਹਰ ਵੀ ਪੁਰਾਣੇ ਜ਼ਮਾਨੇ ਵਿੱਚ ਕੀਤੀ ਗ੍ਰੈਫਿਟੀ ਕਾਫੀ-ਮਾਤਰਾ ਵਿੱਚ ਮਿਲਦੀ ਹੈ। ਰੋਮਨ-ਯੁੱਗ ਦੀਆਂ ਥੇਹਾਂ ਵਿੱਚ ਮਿਲਦੀ ਗ੍ਰੈਫਿਟੀ ਜਾਂ ਕੰਧ-ਚਿਤਰਕਾਰੀ ਉਸ ਵੇਲੇ ਦੀ ਦੁਨੀਆ ਦੀ ਥਾਹ ਪਾਉਂਦੀ ਹੈ। ਪੁਰਾਤਨ-ਮਿਸਰ ਤੇ ਪੁਰਾਤਨ-ਯੂਨਾਨ ਦੀਆਂ ਥੇਹਾਂ ਵਿੱਚ ਵੀ ਗ੍ਰੈਫਿਟੀ ਮਿਲਦੀ ਹੈ ਜੋ ਉਸ ਵੇਲੇ ਦੇ ਇਤਿਹਾਸ ਨੂੰ ਰਚਣ ਵਿੱਚ ਵੀ ਸਹਾਈ ਹੁੰਦੀ ਹੈ। ਗੁਆਟਨਮਾਲਾ ਵਿੱਚ ਹਜ਼ਾਰਾਂ ਸਾਲ ਪੁਰਾਣੀ ਗ੍ਰੈਫਿਟੀ ਹਾਲੇ ਵੀ ਕਾਇਮ ਹੈ। ਵਾਈਕਿੰਗ ਵੇਲੇ ਦੀ ਗ੍ਰੈਫਿਟੀ ਰੋਮ ਵਿੱਚ ਬਚੀ ਹੋਈ ਲਭਦੀ ਹੈ। ਇਵੇਂ ਹੀ ਨੌਰਵੀਅਨਾਂ ਦੀ ਗ੍ਰੈਫਿਟੀ ਆਇਰਲੈਂਡ ਵਿੱਚ ਸਾਂਭੀ ਹੋਈ ਹੈ। ਪੁਰਾਣੇ ਵੇਲਿਆਂ ਵਿੱਚ ਗ੍ਰੈਫਿਟੀ ਉਕਰਨ ਲਈ ਕਿਸੇ ਤਿੱਖੀ ਚੀਜ਼ ਨੂੰ ਵਰਤਿਆ ਜਾਂਦਾ ਸੀ। ਚਾਕ ਜਾਂ ਕੋਲੇ ਨਾਲ ਹੋਈ ਗ੍ਰੈਫਿਟੀ ਵੀ ਮਿਲਦੀ ਹੈ। ਗ੍ਰੈਫਿਟੀ ਦੀ ਉਮਰ ਵਧਾਉਣ ਲਈ ਖਾਸ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਜਿਹਨਾਂ ਵਿੱਚ ਜਾਨਵਰਾਂ ਦਾ ਖੂਨ ਵੀ ਸ਼ਾਮਲ ਸੀ, ਉਸ ਵੇਲੇ ਦੇ ਉਪਲਬਧ ਹੋਰ ਤੱਤ ਵੀ ਹੋਣਗੇ।
ਇਤਿਹਾਸ ਦੇ ਹਰ ਦੌਰ ਵਿੱਚ ਗ੍ਰੈਫਿਟੀ ਮਿਲਦੀ ਹੈ। ਪੰਦਰਵੀਂ ਸਦੀ ਵਿੱਚ ਇਕ ਯਾਤਰੀ ਸ਼੍ਰੀਲੰਕਾ ਦੇ ਸਿਗਿਰੀਆ ਇਲਾਕੇ ਵਿੱਚ ਗਿਆ ਤੇ ਉਸਨੇ ਉਥੋਂ ਦੀ ਗ੍ਰੈਫਿਟੀ ਦਾ ਜ਼ਿਕਰ ਕੀਤਾ ਹੈ। ਉਸਨੇ ਉਥੇ ਸ਼ੀਸ਼ੇ ਦੀ ਕੰਧ ਉਪਰ ਉਕਰੇ ਗੱਦ ਤੇ ਕਵਿਤਾ ਦਾ ਜ਼ਿਕਰ ਕੀਤਾ ਹੈ ਤੇ ਅਰਧ ਨੰਗੀਆਂ ਔਰਤਾਂ ਦੇ ਚਿਤਰਾਂ ਦਾ ਵੀ। ਜੋ ਮਾਡਰਨ ਗ੍ਰੈਫਿਟੀ ਹੈ ਇਸਦੇ ਨਮੂਨੇ ਯੂਨਾਨ ਦੇ ਸ਼ਹਿਰ ਅਫੇਸਸ ਜੋ ਅੱਜਕੱਲ੍ਹ ਟਰਕੀ ਵਿੱਚ ਹੈ, ਵਿੱਚ ਮਿਲਦੇ ਹਨ। ਕੰਧ-ਚਿਤਰਕਾਰੀ ਨਾਲ ਜੁੜੇ ਲੋਕ ਇਸਨੂੰ ਬਹੁਤ ਖੋਜਾਤਮਕ ਤਰੀਕੇ ਨਾਲ ਦੇਖਦੇ ਹਨ ਜਦ ਕਿ ਸਥਾਨਕ ਲੋਕ ਇਸ ਨੂੰ ਕੋਈ ਮਹੱਤਵ ਨਾ ਦਿੰਦੇ ਹੋਏ ਆਖਦੇ ਹਨ ਕਿ ਇਹ ਉਸ ਵੇਲੇ ਦੀਆਂ ਵੇਸਵਾਵਾਂ ਦੇ ਮਸ਼ਹੂਰੀ ਕਰਨ ਦੇ ਤਰੀਕੇ ਸਨ। ਉਥੇ ਹੀ ਇਕ ਜਗਾਹ ਮੁਸਾਇਕ ਨੇੜੇ ਤੁਰਨਗਾਹਾਂ ਉਪਰ ਕਈ ਕਿਸਮ ਦੀਆਂ ਤਸਵੀਰਾਂ ਉਕਰੀਆਂ ਮਿਲਦੀਆਂ ਹਨ ਜਿਹਨਾਂ ਵਿੱਚ ਮੋਟੇ ਤੌਰ ‘ਤੇ ਦਿਲ, ਪੈਰ ਜਾਂ ਔਰਤ ਦੇ ਸਿਰਾਂ ਨਾਲ ਮਿਲਦੇ ਚਿਤਰ ਹਨ। ਸਪੇਨ ਦੀਆਂ ਚਟਾਨਾਂ ‘ਤੇ ਸੋਲਵੀਂ ਸਦੀ ਦੀ ਉਕਰੀ ਗ੍ਰੈਫਿਟੀ ਮਿਲਦੀ ਹੈ। ਪਿਛਲੇ ਹਜ਼ਾਰ ਸਾਲ ਵਿੱਚ ਬਣੇ ਚਰਚ ਤੇ ਹੋਰ ਧਾਰਮਿਕ ਸਥਾਨਾਂ ਦੀਆਂ ਕੰਧਾਂ ਉਪਰ ਵੀ ਗ੍ਰੈਫਿਟੀ ਦਾ ਇਕ ਰੰਗ ਦੇਖਣ ਨੂੰ ਮਿਲਦਾ ਹੈ। ਭਾਰਤ ਵਿੱਚ ਵੀ ਪੁਰਾਣੇ ਕਿਲਿਆਂ, ਮੰਦਿਰਾਂ ਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਵਿੱਚ ਹੋਈ ਚਿਤਰਕਾਰੀ ਆਪਣੀ ਹੀ ਇਕ ਕਹਾਣੀ ਪਾਉਂਦੀ ਹੈ। ਗੁਰਦਵਾਰਿਆਂ ਤੇ ਧਰਮਸ਼ਾਲਾਵਾਂ ਵਿੱਚ ਵੀ ਅਜਿਹੇ ਚਿਤਰ ਦੇਖਣ ਨੂੰ ਮਿਲਦੇ ਹਨ। ਕੁਝ ਸਮਾਂ ਪਹਿਲਾਂ ਮੈਂ ਅਨੰਦਪੁਰ ਦੇ ਇਕ ਗੁਰਦਵਾਰੇ ਵਿੱਚ ਗੁਰੂ ਨਾਨਕ ਦੇਵ ਨਾਲ ਭਾਈ ਬਾਲੇ ਤੇ ਭਾਈ ਮਰਦਾਨੇ ਦੀ ਤਸਵੀਰ ਬਣੀ ਦੇਖੀ ਸੀ। ਭਾਵੇਂ ਇਹ ਤਸਵੀਰ ਬਹੁਤੀ ਵਧੀਆ ਤਾਂ ਨਹੀਂ ਸੀ ਬਣੀ ਪਰ ਕਿਸੇ ਕਲਾਕਾਰ ਦੀ ਵਧੀਆ ਕੋਸ਼ਿਸ਼ ਸੀ।
ਇਵੇਂ ਇਤਿਹਾਸ ਵਿੱਚ ਬਚੀ ਪਈ ਗ੍ਰੈਫਿਟੀ ਨਾਲ ਉਸ ਵੇਲੇ ਦੇ ਸਭਿਆਚਾਰ ਤੇ ਜਨ-ਜੀਵਨ ਦਾ ਪਤਾ ਚਲਦਾ ਹੈ। ਰੋਮ ਦੀਆਂ ਗਲੀਆਂ ਵਿੱਚ ਹਾਲੇ ਵੀ ਇਸ ਗ੍ਰੈਫਿਟੀ ਵਿੱਚ ਪਿਆਰ ਦਾ ਇਜ਼ਹਾਰ, ਬੇਇਜ਼ਤੀ, ਰਾਜਨੀਤੀ ਨਾਹਰੇ, ਸਹਿਤਕ ਕੁਟੇਸ਼ਨਾਂ ਆਦਿ ਦੇਖਣ ਨੂੰ ਮਿਲਦੀਆਂ ਹਨ। ਪੁਰਾਣੇ ਜ਼ਮਾਨੇ ਵਿੱਚ ਕਵੀ ਯਾਜ਼ਿਦ ਅਲ-ਹਿਮਾਇਰੀ ਦੀਆਂ ਅਰਬੀ ਤੇ ਪਰਸ਼ੀਅਨ ਵਿੱਚ ਲਿਖੀਆਂ ਕਵਿਤਾਵਾਂ ਕੰਧਾਂ ਉਪਰ ਉਕਰੀਆਂ ਮਿਲਦੀਆਂ ਹਨ। ਅਰਬ ਦੇ ਸਾਜਿਸਤਾਨ ਤੇ ਬਸਰਾ ਸ਼ਹਿਰਾਂ ਵਿੱਚ ਉਸ ਵੇਲੇ ਦੇ ਰਾਜੇ ਦੇ ਖਿਲਾਫ ਨਫਰਤ ਫੈਲਾਉਣ ਲਈ ਨਜ਼ਮਾਂ ਜਾਂ ਨਾਹਰੇ ਲਿਖੇ ਮਿਲਦੇ ਹਨ। ਪੁਰਾਣੇ ਜ਼ਮਾਨੇ ਦੇ ਮਿੱਟੀ ਦੇ ਭਾਂਡਿਆਂ ਉਪਰ ਕੀਤੀ ਗ੍ਰੈਫਿਟੀ ਵੀ ਘੱਟ ਮਹੱਤਵਪੂਰਨ ਨਹੀਂ ਹੈ। ਥੇਹਾਂ ਵਿੱਚੋਂ ਧਾਂਤਾਂ ਦੇ ਭਾਂਡਿਆਂ ਉਪਰ ਕੀਤੀ ਬਹੁਤ ਸਾਰੀ ਮੀਨਾਕਾਰੀ ਵੀ ਮਿਲਦੀ ਰਹਿੰਦੀ ਹੈ। ਗ੍ਰੈਫਿਟੀ ਰਾਹੀਂ ਹੀ ਪੁਰਾਣੇ ਵੇਲੇ ਦੇ ਸਹਿਤ, ਬੋਲੀ ਆਦਿ ਦੀ ਨਿਸ਼ਾਨਦੇਹੀ ਵੀ ਹੁੰਦੀ ਹੈ ਪਰ ਅਜਿਹੇ ਵੇਲੇ ਵਾਕ-ਬਣਤਰ ਆਦਿ ਦੀਆਂ ਗਲਤੀਆਂ ਫੜਨ ਨਾਲੋਂ ਸਾਨੂੰ ਉਸ ਵੇਲੇ ਦੇ ਇਤਿਹਾਸ ਵਿੱਚ ਜਾਕੇ ਇਸਨੂੰ ਮਾਨਣ ਦੀ ਲੋੜ ਹੁੰਦੀ ਹੈ।
ਅੱਜਦੀ ਗ੍ਰੈਫਿਟੀ ਨੂੰ ਭਾਵੇਂ ਗੈਰ-ਕਾਨੂੰਨੀ ਮੰਨਿਆਂ ਜਾਂਦਾ ਹੋਵੇ ਪਰ ਗੁੰਡਾ-ਗਰਦੀ ਤੋਂ ਬਿਨਾਂ ਵੀ ਇਸਦੇ ਬਹੁਤ ਸਾਰੇ ਪਹਿਲੂ ਜਾਂ ਯੌਨਰ ਹਨ। ਕਈ ਜੇਲ੍ਹਾਂ ਵਿੱਚ ਕੈਦੀਆਂ ਵਲੋਂ ਬਣਾਈ ਗਈ ਗ੍ਰੈਫਿਟੀ ਵੀ ਮਿਲਦੀ ਹੈ ਜੋ ਬਹੁਤ ਦੁਖਦਾਇਕ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਮਾਡਰਨ-ਗ੍ਰੈਫਿਟੀ ਦੀ ਸਭ ਤੋਂ ਪੁਰਾਣੀ ਉਦਾਹਰਣ ਮੌਕੀਅਰਜ਼ ਦੀ ਹੈ। ਉਨੀਵੀਂ ਸਦੀ ਵਿੱਚ ਅਮਰੀਕਨ ਆਜ਼ਾਦੀ ਦੀ ਲੜਾਈ ਵਿੱਚ ਹਾਰੇ ਹੋਏ ਫੌਜੀ ਜੋ ਹੌਬੋ ਬਣ ਗਏ ਸਨ, ਉਹਨਾਂ ਨੇ ਰੇਲ ਦੇ ਡੱਬਿਆਂ ਵਿੱਚ ਗ੍ਰੈਫਿਟੀ ਕਰਕੇ ਆਪਣੇ ਵਲਵਲਿਆਂ ਦਾ ਪ੍ਰਗਟਾ ਕੀਤਾ ਸੀ। ਇਸ ਵਿਸ਼ੇ ਉਪਰ 2005 ਵਿੱਚ ਬਿਲ ਡੈਨੀਅਲ ਨਾਂ ਦੇ ਫਿਲਮ-ਮੇਕਰ ਨੇ ਇਕ ਫਿਲਮ ਬਣਾਈ ਸੀ ਜਿਸਦਾ ਨਾਂ ਸੀ, ‘ਹੂ ਇਜ਼ ਬੋਜ਼ੋ ਟੈਕਸੀਨੋ’। ਅਜੋਕੀ ਗ੍ਰੈਫਿਟੀ ਉਪਰ ਹਿਪ-ਹੌਪ ਕਲਚਰ ਦਾ ਬਹੁਤ ਪ੍ਰਭਾਵ ਰਿਹਾ ਹੈ। ਵੀਹਵੀਂ ਸਦੀ ਵਿੱਚ ਹੀ ਇਹ ਗ੍ਰੈਫਿਟੀ ਸਬਵੇਆਂ ਤੇ ਅੰਡਰਗਰਾਊਂਡ ਸਟੇਸ਼ਨਾਂ ਤੋਂ ਨਿਕਲ ਕੇ ਕੰਧਾਂ, ਗੁਸਲਖਾਨਿਆਂ, ਪੁਲਾਂ, ਦਰਖਤਾਂ, ਬੈਚਾਂ ਆਦਿ ਤਕ ਜਾ ਪੁੱਜੀ। ਸਾਡੇ ਗੁਸਲਖਾਨੇ-ਪੈਖਾਨਿਆਂ ਵਿੱਚ ਲਿਖੀ ‘ਸ਼ਾਇਰੀ’ ਨੂੰ ਕੌਣ ਅੱਖੋਂ ਓਹਲੇ ਕਰ ਸਕਦਾ ਹੈ।
ਇਹ ਗ੍ਰੈਫਿਟੀ ਉਕਰਨੀ ਫੌਜੀਆਂ ਦੇ ਹਿੱਸੇ ਵੀ ਆਉਂਦੀ ਹੈ। ਫਰਾਂਸੀਸੀ ਸਿਪਾਹੀ ਨਿਪੋਲੀਅਨ ਦੀ ਕਮਾਂਡ ਹੇਠ ਲੜਦੇ ਹੋਏ ਜਦ ਮਿਸਰ ਵਿੱਚ ਪੁੱਜੇ ਤਾਂ ਉਥੇ ਉਹਨਾਂ ਨੇ ਬਹੁਤ ਸਾਰੀ ਗ੍ਰੈਫਿਟੀ ਕੀਤੀ। ਇਕ ਅਮਰੀਕਨ ਆਸਟਨ ਵਾਈਟ ਨੇ ਪਹਿਲੇ ਮਹਾਂਯੁੱਧ ਤੇ ਫਿਰ ਦੂਜੇ ਮਹਾਂਯੁੱਧ ਵਿੱਚ ਗ੍ਰੈਫਿਟੀ ਉਕਰੀ ਜੋ ਬਹੁਤ ਮਸ਼ਹੂਰ ਹੋਈ। ਦੂਜੇ ਮਹਾਂਯੁੱਧ ਵਿੱਚ ਹੀ ਇਕ ਫੌਜੀ ਦੀ ਲਿਖੀ ਗ੍ਰੈਫਿਟੀ ਤਾਂ ਇਕ ਫਰੇਜ਼ ਹੀ ਬਣ ਗਈ ਸੀ। ਉਸ ਨੇ ਕਿਤੇ ਲਿਖਿਆ ਸੀ, ‘ਕਿਲਰਾਏ ਵਾਜ਼ ਹੇਅਰ’। ਇਕ ਜਾਜ਼ ਸੰਗੀਤਕਾਰ ਚਾਰਲੀ ਪਾਰਕਰ ਜਿਸ ਨੂੰ ਬ੍ਰਡ ਵੀ ਕਿਹਾ ਜਾਂਦਾ ਸੀ, ਜਦ ਮਰ ਗਿਆ ਤਾਂ ਉਸ ਦੇ ਪਰਸੰਸਕਾਂ ਨੇ ਥਾਂ-ਥਾਂ ਲਿਖ ਮਾਰਿਆ, ‘ਬ੍ਰਡ-ਲਿਵਜ਼’। ਪੈਰਿਸ ਦੀ 1968 ਵਾਲੀ ਹੜਤਾਲ ਤੋਂ ਬਾਅਦ ਇਕ ਫਰੇਜ਼ ਦੀ ਗ੍ਰੈਫਿਟੀ ਕੀਤੀ ਗਈ, ‘ਬੋਰਡਮ ਇਜ਼ ਕਾਊਂਟਰ-ਰੈਵੌਲੂਸ਼ਨਰੀ’ ਇਹ ਬਹੁਤ ਮਸ਼ਹੂਰ ਹੋਈ। ਰੌਕ ਐਂਡ ਰੋਲ ਦਾ ਬੋਲਬਾਲਾ ਹੋਇਆ ਤਾਂ ਉਸ ਨਾਲ ਜੁੜੀ ਗ੍ਰੈਫਿਟੀ ਦੇਖਣ ਨੂੰ ਵੀ ਮਿਲਦੀ ਰਹੀ ਹੈ। ਉਸ ਵੇਲੇ ਦਾ ਇਕ ਕਲਾਕਾਰ ਜਿਸਦਾ ਨਾਂ ਐਰਿਕ ਕਲੈਪਟਨ ਸੀ, ਉਸਦੇ ਨਾਂ ‘ਤੇ ਪੂਰੇ ਲੰਡਨ ਵਿੱਚ ਗ੍ਰੈਫਿਟੀ ਕਰ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਹੁੰਦਾ ਸੀ, ‘ਕਲੈਪਟਨ ਇਜ਼ ਗੌਡ’। ਇਵੇਂ ਹੀ ਮਾਈਕਲ ਜੈਕਸਨ ਬਾਰੇ ਗ੍ਰੈਫਿਟੀ ਵੀ ਕੀਤੀ ਜਾਂਦੀ ਸੀ। 1967 ਦੀ ਪਤਝੜ ਨੂੰ ਇਜ਼ਲਿੰਗਟਨ ਮੈਟਰੋ ਸਟੇਸ਼ਨ ਦੀ ਕੰਧ ‘ਤੇ ਇਕ ਕੁੱਤੇ ਦੇ ਪਿਸ਼ਾਬ ਕਰਨ ਦੀ ਤਸਵੀਰ ਬਣਾਈ ਗਈ ਸੀ ਜੋ ਬਹੁਤ ਮਸ਼ਹੂਰ ਹੋਈ। ਇਵੇਂ ਹੋਰ ਅਨੇਕ ਉਧਾਹਰਨਾਂ ਮਿਲਦੀਆਂ ਹਨ ਜੋ ਗ੍ਰੈਫਿਟੀ ਦਾ ਹਾਂ-ਪੱਖ ਵੀ ਦਰਸਾਉਂਦੀਆਂ ਹਨ।
ਲੰਡਨ ਤੇ ਹੋਰਨਾਂ ਮਹਾਂਨਗਰਾਂ ਦੀਆਂ ਬਹੁਤ ਸਾਰੀਆਂ ਕੌਂਸਲਾਂ ਨੇ ਇਹਨਾਂ ਕਲਾਕਾਰਾਂ ਲਈ ਅਲੱਗ ਕੰਧਾਂ ‘ਫਰੀ-ਵਾਲ’ ਬਣਾ ਦਿਤੀਆਂ ਹਨ ਤਾਂ ਜੋ ਕਲਾਕਾਰ ਆਪਣੇ ਜੌਹਰ ਦਿਖਾ ਸਕਣ। ਕੀਥ ਹੇਰਿੰਗ ਤੇ ਜੀਨ-ਮਿਛੇਲ ਬਾਸਕੁਇਟ ਨਾਂ ਦੇ ਕਲਾਕਾਰਾਂ ਨੇ ਗ੍ਰੈਫਿਟੀ ਤੋਂ ਹੀ ਦੁਨੀਆ ਦੇ ਪੱਧਰ ਦੀ ਸ਼ੌਹਰਤ ਹਾਸਲ ਕੀਤੀ। ਮੈਂ ਬਹੁਤ ਸਾਰੀ ਗ੍ਰੈਫਿਟੀ ਨੂੰ ਕਲਾ ਦਾ ਉਤਮ ਨਮੂਨਾ ਮੰਨਦਾ ਹਾਂ। ਤੁਹਾਨੂੰ ਕਦੇ ਮੌਕਾ ਮਿਲੇ ਤਾਂ ਅਜਿਹੀ ਕਿਸੇ ਗ੍ਰੈਫਿਟੀ ਕੋਲ ਜ਼ਰਾ ਰੁਕ ਕੇ ਦੇਖੋਂ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਂਗੇ।
Comments