top of page
  • Writer's pictureਸ਼ਬਦ

ਸਵੈ ਜੀਵਨੀ ਅੰਸ਼ / ਸਰਕਾਰੀ ਕਲਾ ਵਿਦਿਆਲਾ, ਚੰਡੀਗੜ੍ਹ / ਕੰਵਲ ਧਾਲੀਵਾਲ

ਚੰਡੀਗੜ੍ਹ

ਚੰਡੀਗੜ੍ਹ ਸ਼ਹਿਰ ਦੀ ਸਭ ਤੋਂ ਪਹਿਲੀ ਭਣਕ ਮਲੋਟ ਮੰਡੀ ਨੇੜੇ ਪਿੰਡ ਰੱਥੜੀਆਂ ਵਿਖੇ ਰਹਿੰਦਿਆਂ ਪਹਿਲੀ ਜਮਾਤ ਦੀ ਪੰਜਾਬੀ ਦੀ ਪਾਠ-ਪੁਸਤਕ ਵਿਚੋਂ ਪਈ। ਸ਼ਾਇਦ ਕੋਈ ਲੇਖ ਸੀ ਜਿਸ ਵਿਚ ਚੰਡੀਗੜ੍ਹ ‘ਸਿਫਤੀ ਦਾ ਘਰ’ ਬਣਾ ਕੇ ਪੇਸ਼ ਕੀਤਾ ਗਿਆ ਸੀ- ਜੋ ਗੱਲਾਂ ਯਾਦ ਰਹਿ ਗਈਆਂ ਉਨ੍ਹਾਂ ਵਿਚੋਂ ਪ੍ਰਮੁੱਖ ਹਨ- ਇਹ ਅਦਭੁਤ ਨਗਰ ਹੈ ਜਿੱਥੇ ਨਾ ਮੱਖੀਆਂ ਹਨ ਨਾ ਮੱਛਰ, ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਕਿ ਉਥੇ ਸੜਕਾਂ ਬਿਲਕੁਲ ਸਿੱਧੀਆਂ ਹਨ ਜਿਨ੍ਹਾਂ ਉਪਰ ਲੱਗੀਆਂ ਖਾਸ ਬੱਤੀਆਂ ਦੀ ਹਿਦਾਇਤ ਨਾਲ ਹੀ ਕਾਰਾਂ-ਬੱਸਾਂ ਅੱਗੇ ਤੁਰਦੀਆਂ ਹਨ! ਮੇਰੇ ਮਨ ਵਿਚ ਖਾਕਾ ਬਣਿਆ ਕਰਦਾ ਸੀ ਖੌਰੇ ਇਹ ਜਾਦੂਈ ਬੱਤੀਆਂ ਬੋਲਦੀਆਂ ਹੋਣ। 6-7 ਸਾਲ ਦੀ ਉਸ ਮਾਸੂਮ ਉਮਰ ਤੋਂ ਬਾਅਦ ਸ਼ਾਇਦ 16-17 ਦੀ ਉਮਰ ਵਿਚ ਹੀ ਪਹਿਲੀ ਵਾਰ ਇਸ ‘ਜਾਦੂਈ’ ਨਗਰ ਨੂੰ ਵੇਖਣ ਦਾ ਮੌਕਾ ਮਿਲਿਆ ਜਦੋਂ ਮੈਂ ਆਪਣੇ ਭੂਆ ਜੀ ਦੇ ਲੜਕੇ ਅਮਰ ਸਿੰਘ ਨਾਲ ਇਸ ਨਗਰ ਦੇ ਦਰਸ਼ਨ ਕੀਤੇ। ਸ਼ਾਇਦ, ਅਮਰ ਦੇ ਕਿਸੇ ਜਾਣੂ ਦੇ ਘਰ ਰੁਕੇ ਸਾਂ। ਉਹ ਆਪਣੇ ਕਿਸੇ ਕੰਮ ਆਇਆ ਸੀ ਤੇ ਮੈਨੂੰ ਨਾਲ ਲੈਂਦਾ ਆਇਆ। ਮੈਨੂੰ ਹੁਣ ਯਾਦ ਨਹੀਂ ਉਸ ਸਮੇ ਤੱਕ ਇਥੋਂ ਦੇ ਕਲਾ ਵਿਦਿਆਲੇ ਬਾਰੇ ਮੈਨੂੰ ਜਾਣਕਾਰੀ ਸੀ ਜਾਂ ਨਹੀਂ, ਪਰ ਇਹ ਫੇਰੀ ਕਲਾ ਵਿਦਿਆਲੇ ਬਾਰੇ ਪੱਕਾ ਹੈ ਕਿ ਨਹੀਂ ਸੀ। ਮੈਂ ਸਿਰਫ ਸੁਣੇ-ਸੁਣਾਏ ਨਗਰ ਨੂੰ ਅਸਲੀਅਤ ਵਿਚ ਵੇਖਣ ਆਇਆ ਸਾਂ। ਸ਼ਹਿਰ ਦੀ ਅੱਤਿ ਆਧੁਨਿਕ ਨੁਹਾਰ ਨੇ ਮੈਨੂੰ ਪ੍ਰਭਾਵਤ ਘੱਟ ਕੀਤਾ ਸੀ ਤੇ ਡਰਾਇਆ ਜ਼ਿਆਦਾ ਸੀ। ਇਥੋਂ ਦੀ ਅਮੀਰ ਜ਼ਿੰਦਗੀ ਕਿਸੇ ਸੁਫਨੇ ਵਾਂਗ ਸੀ ਜੋ ਸਾਡੇ ਸਧਾਰਨ, ਬਲਕਿ ਨਿਮਨ ਮੱਧ-ਵਰਗੀ ਪਰਿਵਾਰ ਲਈ ਕਿਸੇ ਅਸੰਭਵ ਸੱਚਾਈ ਵਾਂਗ ਸੀ, ਜੋ ਸਾਡੀ ਪਹੁੰਚ ਤੋਂ ਬਾਹਰ ਦੀ ਦੁਨੀਆਂ ਸੀ।

ਵੱਢੇ-ਟੁੱਕੇ ਪੰਜਾਬ ਲਈ ਉਸਾਰੀ ਗਈ ਰਾਜਧਾਨੀ-ਚੰਡੀਗੜ੍ਹ ਬਾਰੇ ਹੋਇਆ ਇਹ ਮੁੱਢਲਾ ਅਹਿਸਾਸ ਹਮੇਸ਼ਾ ਲਈ ਮੇਰੇ ਦਿਲ-ਦਿਮਾਗ ਤੇ ਉਕਰ ਗਿਆ, ਜੋ ਦੁਨੀਆਂ ਦੀ ਰਾਜਧਾਨੀ ਲੰਡਨ ਦੇ ਵਾਸੀ ਬਣਨ ‘ਤੇ ਵੀ ਨਹੀਂ ਮਿਟਿਆ। ਪਿਤਾ ਦੇ ਦੋਸਤ ਵੱਲੋਂ ਪਾਈ ਦੱਸ ਮੁਤਾਬਕ ਕਲਾ ਵਿਦਿਆਲੇ ਲਈ ਸਮੇ ਸਿਰ ਦਾਖਲਾ ਭਰ ਦਿੱਤਾ। ਦਾਖਲੇ ਲਈ ਟੈਸਟ ਅਤੇ ਇੰਟਰਵਿਊ ਦੀ ਚਿੱਠੀ ਆ ਗਈ ਤਾਂ ਪਿਤਾ ਜੀ ਨਾਲ ਇਸੇ ਮਕਸਦ ਨਾਲ ਦੂਜੀ ਵਾਰ ਚੰਡੀਗੜ੍ਹ ਸੰਨ 1978 ਵਿਚ ਆਇਆ। ਅਸੀਂ ਪੰਚਾਇਤ ਭਵਨ ਵਿਚ ਠਹਿਰੇ। ਪਿਤਾ ਜੀ ਨੂੰ ਇਸ ਠਹਿਰ ਬਾਰੇ ਸਿਰਫ ਜਾਣਕਾਰੀ ਹੀ ਨਹੀਂ ਸੀ ਬਲਕਿ ਉਹ ਅਕਸਰ ਕਹਿੰਦੇ ਸਨ ਕਿ ਇਹ ਭਵਨ ਪੰਜਾਬ ਦੇ ਕਿਸਾਨਾਂ ਦੇ ਪੈਸੇ ਨਾਲ ਉਸਾਰਿਆ ਗਿਆ ਸੀ ਤੇ ਚੰਡੀਗੜ੍ਹ ਦੇ ਸ਼ਹਿਰੀਆਂ ਨੇ ਇਸ ਤੇ ਕਬਜ਼ਾ ਕਰ ਰੱਖਿਆ ਹੈ। ਇਸ ਲਈ ਸਾਨੂੰ ਚਾਹੀਦਾ ਹੈ ਇਸ ਦਾ ਇਸਤੇਮਾਲ ਕਰੀਏ। ਇਹ ਬਹੁਤ ਹੀ ਸਧਾਰਨ ਜਿਹੀ ਠਹਿਰ ਸੀ ਜਿੱਥੇ ਵੱਡੇ ਵੱਡੇ ਖੁੱਲੇ ਕਮਰਿਆਂ ਵਿਚ ਡੱਠੇ ਛੇ-ਛੇ ਜਾਂ ਇਸ ਤੋਂ ਵੀ ਵੱਧ ਖਾਲੀ ਮੰਜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ ਸੀ ਤੇ ਕਿਰਾਇਆ ਨਾਂ ਮਾਤਰ ਹੀ ਸੀ। ਹਾਂ, ਇਮਾਰਤ ਜ਼ਰੂਰ ਸ਼ਹਿਰ ਦੀਆਂ ਹੋਰ ਇਮਾਰਤਾਂ ਦੀ ਤਰਾਂ ਆਧੁਨਿਕ ਸੀ ਤੇ ਵਧੀਆ ਹਾਲਤ ਵਿਚ ਸੀ। ਪਿਤਾ ਜੀ ਇਸ ਦੀ ਬਹੁਤ ਤਾਰੀਫ ਕਰਿਆ ਕਰਦੇ ਸਨ। ਮੈਨੂੰ ਹਲਕਾ ਜਿਹਾ ਯਾਦ ਹੈ ਇਥੇ ਮੈਂ ਕਈ ਵਾਰੀ ਬਾਅਦ ਵਿਚ ਵੀ ਠਹਿਰਿਆ।

ਕਲਾ ਵਿਦਿਆਲਾ

ਚੰਡੀਗੜ੍ਹ ਦੇ ਸੈਕਟਰ 10 ਵਿਚ ਕਿਸੇ ਕਾਰਖਾਨੇ ਦੀ ਇਮਾਰਤ ਵਾਂਗ ਉਸਾਰੇ ਗਏ ‘ਸਰਕਾਰੀ ਕਲਾ ਵਿਦਿਆਲੇ’ ਵਿਚ ਪਹਿਲਾ ਕਦਮ ਦਾਖਲੇ ਦੇ ਇਮਤਿਹਾਨ ਲਈ ਰੱਖਿਆ।ਟੈਸਟ ਵਿਚ ਸਾਹਮਣੇ ਰੱਖੀਆਂ ਗਈਆਂ ਚੀਜ਼ਾਂ ਨੂੰ ਆਪਣੀ ਪਸੰਦ ਦੇ ਮਾਧਿਅਮ ਵਿਚ ਨਕਲ ਕਰਕੇ ਬਣਾਉਣਾ ਸੀ। ਮਲੋਟ ਜਿਹੇ ਪੱਛੜੇ ਨਗਰ ਦੇ ਵਾਸੀ ਨੂੰ ਵੱਖਰੇ ਵੱਖਰੇ ਮਾਧਿਅਮਾਂ ਦੀ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਸ਼ਇਦ ਮੈਂ ਰੰਗਦਾਰ ਪੈਨਸਲਾਂ ਦੀ ਚੋਣ ਕੀਤੀ ਜਾਂ ਕਾਲੀ ਪੈਂਸਿਲ ਦੀ, ਯਾਦ ਨਹੀਂ, ਪਰ ਆਪਣੀ ਸਮਝ ਮੁਤਾਬਿਕ ਮੈਨੂੰ ਲਗਦਾ ਸੀ ਮੈਂ ਬਾਕੀ ਦਿਆਂ ਮੁਕਾਲੇਬਾਜ਼ਾਂ ਨਾਲੋਂ ਕੋਈ ਮਾੜਾ ਨਹੀਂ ਸੀ ਕੀਤਾ। ਬਲਕਿ ਯਾਦ ਹੈ ਕਿ ਮੇਰੇ ਨਾਲ ਖੱਬੇ ਪਾਸੇ ਬੈਠਾ ਇਕ ਵੱਡਾ ਸਾਰਾ ਸਰਦਾਰ ਮੁੰਡਾ ਜੋ ਆਪਣੀਆਂ ਉਪਰ ਚੜ੍ਹਾਈਆਂ ਮੁੱਛਾਂ ਤੋਂ ਕਲਾ ਲਈ ਪ੍ਰਤੀਯੋਗੀ ਘੱਟ ਤੇ ਕੋਈ ਦੇਸੀ ਗੁੰਡਾ ਜ਼ਿਆਦਾ ਲਗਦਾ ਸੀ, ਨੇ ਮੈਨੂੰ ਚੋਰੀ ਚੋਰੀ ਆਪਣੀ ਮਦਦ ਕਰਨ ਲਈ ਕਿਹਾ ਸੀ। ਕੁਦਰਤੀ ਗੱਲ ਹੈ ਜਿਵੇਂ ਸਕੂਲਾਂ ਦੇ ਇਮਤਿਹਾਨਾਂ ਵਿਚ ਨਕਲ ਮਾਰਨ ਵਾਲੇ ਵਿਦਿਆਰਥੀ ਸੈਨਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਵੇਂ ਹੀ ਉਸ ਨੇ ਸੈਨਤ ਕੀਤੀ ਸੀ। ਪਰ ਇਹ ਤਸਵੀਰ ਬਣਾਉਣ ਦਾ ਇਮਤਿਹਾਨ ਸੀ-ਇਸ ਵਿਚ ਚੋਰੀ ਦੀ ਮਦਦ ਨਾ ਸੰਭਵ ਸੀ ਨਾ ਹੀ ਮੇਰਾ ਕੋਈ ਅਜਿਹਾ ਕਰਮ ਕਰਨ ਦੀ ਇੱਛਾ ਸੀ ਜਿਸ ਨਾਲ ਮੇਰੇ ਆਪਣੇ ਕੰਮ ਵਿਚ ਵਿਘਨ ਪਵੇ। ਮੈਂ ਉਸ ਦੀ ਸੈਨਤ ਨੂੰ ਬਹੁਤਾ ਨਹੀਂ ਗੌਲਿਆ। ਇਹ ਪ੍ਰਤੀਯੋਗੀ ਮਨਜੀਤ ਸਿੰਘ, ਬਾਅਦ ਵਿਚ ਟੈਸਟ ਪਾਸ ਕਰ ਕੇ ਕਾਲਜ ਦਾ ਵਿਦਿਆਰਥੀ ਹੀ ਨਹੀਂ ਬਣਿਆ ਨਹੀਂ ਬਲਕਿ ਕਾਲਜਾਂ ਵਿਚ ਆਮ ਚੱਲਣ ਵਾਲੀ ਘਟੀਆ ਕਿਸਮ ਦੀ ਗੁੰਡਾ ਪ੍ਰਵਿਰਤੀ ਵਾਲਾ ਵੀ ਸਾਬਿਤ ਹੋਇਆ। ਅੰਗਰੇਜ਼ੀ ਵਿਚ ਅਜਿਹੀ ਪ੍ਰਵਰਿਤੀ ਵਾਲੇ ਨੂੰ ‘ਬੁਲੀ’ (ਧੱਕੇਸ਼ਾਹ) ਕਿਹਾ ਜਾਂਦਾ ਹੈ।

ਅਮਲੀ ਇਮਤਿਹਾਨ ਤੋਂ ਬਾਅਦ, ਆਖਰੀ ਛਾਂਟੀ ਕੀਤੇ ਜਾਣ ਲਾਈ ਇੰਟਰਵਿਊ ਹੋਣੀ ਸੀ। ਪਿਤਾ ਜੀ ਉਤਸੁਕਤਾ ਨਾਲ ਬਰਾਂਡੇ ਵਿਚ ਹੀ ਇੰਤਜ਼ਾਰ ਕਰ ਰਹੇ ਸਨ। ਮੈਨੂੰ ਆਵਾਜ਼ ਪਈ। ਪ੍ਰਿੰਸੀਪਲ ਜਗਮੋਹਨ ਚੋਪੜਾਂ ਤੇ ਪ੍ਰੋ.ਰਾਜ ਜੈਨ ਤੋਂ ਇਲਾਵਾ ਸ਼ਾਇਦ ਪ੍ਰੋ. ਪ੍ਰੇਮ ਸਿੰਘ ਵੀ ਸਨ। ਬਿਨਾ ਰਸਮੀ ਸਿੱਖਿਆ ਦੇ ਬਣਾਈਆਂ ਤਸਵੀਰਾਂ ਤੋ ਇਲਾਵਾ ਮੈਂ ਆਪਣੀਆਂ ਉਹ ਚੀਜ਼ਾਂ ਵੀ ਲਿਆਇਆ ਸਾਂ ਜੋ ਘਰ ਹੀ ਬਣਾਉਂਦਾ ਰਹਿੰਦਾ ਸੀ, ਇਨ੍ਹਾਂ ਵਿਚ ਬੱਸਾਂ-ਕਾਰਾਂ ਦੇ ਮਾਡਲ ਵੀ ਹੁੰਦੇ ਸਨ। ਮੈਨੂੰ ਪੁੱਛਿਆ ਗਿਆ ਕਿ ਕਿਸ ਮਹਾਰਤ ਵਿਚ ਜਾਣਾ ਪਸੰਦ ਕਰਾਂਗਾ। ਮੈਂ ਕਹਿ ਦਿੱਤਾ ਜੀ ਪੇਂਟਿੰਗ। ਉਨ੍ਹਾਂ ਨੇ ਫਿਰ ਦੁਹਰਾ ਕੇ ਪੁੱਛਿਆ ਕਿ ਕੀ ਮੈਂ ਕਿਸੇ ਹੋਰ ਖੇਤਰ ਵਿਚ ਜਾਣਾ ਚਾਹੁੰਦਾ ਹਾਂ ਕਿਉਂਕਿ ਉਥੇ ਕਲਾ ਦੇ ਚਾਰ ਵਿਸ਼ਿਆਂ ਵਿਚ ਮਹਾਰਤ ਦੀ ਡਿਗਰੀ ਲਈ ਜਾ ਸਕਦੀ ਸੀ। ਮੈਂ ਫਿਰ ਦੁਹਰਾ ਕੇ ਪੇਂਟਿੰਗ ਹੀ ਕਿਹਾ। ਉਨ੍ਹਾਂ ਨੇ ‘ਠੀਕ ਹੈ’ ਕਹਿ ਕੇ ਮੇਰਾ ਸ਼ੁਕਰੀਆ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਵੇਗਾ। ਮੈਨੂੰ ਖਿਆਲ ਆਉਂਦਾ ਹੈ ਕਿ ਅਸਲ ਵਿਚ ਮੈਨੂੰ ਪੇਂਟੰਗ ਤੋਂ ਇਲਾਵਾ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਹੀ ਨਹੀਂ ਸੀ ਕਿ ਕਿਸੇ ਹੋਰ ਖੇਤਰ ਵਿਚ ਜਾਣ ਦੀ ਚੋਣ ਕਰ ਸਕਦਾ। ਬਾਅਦ ਵਿਚ ਪਤਾ ਲੱਗਿਆ ਕਿ ਵਪਾਰ-ਕਲਾ ਦੀ ਸਭ ਤੋਂ ਵਧੇਰੇ ਮੰਗ ਸੀ ਜਿਸ ਵਿਚ ਦਾਖਲਾ ਮੁਸ਼ਕਿਲ ਨਾਲ ਮਿਲਦਾ ਸੀ। ਦੂਜੇ ਲਫਜ਼ਾਂ ਵਿਚ ਐਡਵਰਟਾਈਜ਼ਿੰਗ ਜਾਂ ਵਸਤਾਂ ਵੇਚਣ ਲਈ ਮਸ਼ਹੂਰੀਆਂ ਦੀ ਕਲਾ। ਮੂਰਤੀ ਕਲਾ ਅਤੇ ਛਾਪ-ਕਲਾ ਦੋ ਹੋਰ ਖੇਤਰ ਸਨ। ਚਲੋ, ਜਿਸ ਵਿਸ਼ੇ ਵਿਚ ਮੈਂ ਜਾਣਾ ਚਾਹੁੰਦਾ ਸਾਂ, ਉਹ ਮੈਨੂੰ ਮਿਲ ਗਿਆ। ਇਕ-ਦੋ ਹਫਤਿਆਂ ਬਾਅਦ ਚੋਣ ਹੋ ਜਾਣ ਦੀ ਘਰ ਚਿੱਠੀ ਆ ਗਈ। ਸ਼ਾਇਦ ਜੁਲਾਈ 1978 ਦੇ ਆਖਰੀ ਹਫਤੇ ਮੈਂ ਛੋਟੇ ਭਰਾ ਕਰਮਜੀਤ ਨਾਲ ਬਿਸਤਰ-ਕਪੜੇ ਲੈ ਕੇ ਹੋਸਟਲ ਪਹੁੰਚ ਗਿਆ। ਉਹ ਮੇਰੇ ਨਾਲ ਸਮਾਨ ਛਡਵਾਉਣ ਆਇਆ ਸੀ ਤੇ ਉਸੇ ਦਿਨ ਜਾਂ ਅਗਲੇ ਦਿਨ ਮੁੜ ਗਿਆ।

ਨਵੇਂ ਅਹਿਸਾਸ

ਮਨਪਸੰਦ ਵਿਸ਼ੇ ਵਿਚ ਵਿਦਿਆ ਹਾਸਿਲ ਕਰਨਾ; ਚੰਡੀਗੜ੍ਹ, ਜਿਸਦੀ ਅਸਲੀ ਵਿਲੱਖਣ ਦਿੱਖ ਅਜੇ ਕਾਇਮ ਸੀ, ਵਿਚ ਰਹਿਣਾ, ਨਵਾਂ ਆਜ਼ਾਦਨਾ ਮਹੌਲ ਸ਼ੁਰੂ ਵਿਚ ਬੜਾ ਰੋਮਾਂਚਕਾਰੀ ਸੀ। ਪਹਿਲੇ ਸਾਲ ਅਸੀਂ ਕਈ ਦੋਸਤ ਮਿਲ ਕੇ ਪਿੰਜੌਰ, ਸ਼ਿਮਲਾ ਆਦਿ ਵੀ ਗਏ। ਕਲਾ ਵਿਦਿਆਲੇ ਵਿਚ ਦਾਖਲਾ ਸਿਰਫ ਨਵੇਂ ਸ਼ਹਿਰ, ਨਵੇਂ ਵਿਦਿਅਕ ਅਦਾਰੇ, ਨਵੇਂ ਹੋਸਟਲ, ਨਵੇਂ ਮਹੌਲ ਵਿਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਮਹੱਤਵੂਪੂਰਣ ਨਵੇਂ ਪੜਾਅ ਵਿਚ ਦਾਖਲਾ ਸੀ, ਜਿੱਥੇ ਮੇਰੀ ਸ਼ਖਸੀਅਤ ਸਿਰਜੀ ਜਾਣੀ ਸੀ। ਅਪਣੇ ਅੰਤਰਮੁਖੀ ਸੁਭਾਅ ਕਾਰਨ ਸ਼ੁਰੂ ਵਿਚ ਨਾਲ ਦੇ ਵਿਦਿਆਰਥੀਆਂ ਨਾਲ ਇਕ-ਮਿਕ ਹੋਣ ਵਿਚ ਸਮਾ ਲੱਗਿਆ ਪਰ ਪਹਿਲੇ ਸਾਲਾਂ ਵਿਚ ਹੀ ‘ਦੋਸਤਾਂ-ਦੁਸ਼ਮਣਾਂ’ ਦੀ ਚੋਣ ਹੋ ਗਈ ਸੀ। ਪਹਿਲੇ ਦੋ ਸਾਲਾਂ ਵਿਚ ਹੀ ਜਿਹੜੇ ਲੋਕ ਨਜ਼ਦੀਕ ਆਏ ਉਨ੍ਹਾਂ ਵਿਚ ਸਿੱਧਾਰਥ, ਦੀਵਾਨ ਮਾਨਾ, ਜਸਵੰਤ ਤੁੰਗ, ਗੁਰਮੀਤ ਸਿੰਘ, ਧਰਮਵੀਰ ਆਦਿ ਸ਼ਾਮਲ ਸਨ। ਸੰਜੀਵ ਸੋਨੀ, ਪ੍ਰੀਤਇੰਦਰ ਬਾਜਵਾ, ਨਰਿੰਦਰ ਸਿੱਧੂ, ਜਗਤਾਰ ਗਿੱਲ, ਆਦਿ ਹੁਣ ਤੱਕ ਸੰਪਰਕ ਵਿਚ ਹਨ। ਕਾਲਜ ਤੋਂ ਬਾਹਰ ਵੀ ਦਰਜਨਾਂ ਸ਼ਖਸੀਅਤਾਂ ਵਿਚ ਚਿਤ੍ਰਕਾਰ ਸ. ਰਾਜ ਕੁਮਾਰ, ਕਮਲ ਧਾਲੀਵਾਲ ਜੋ ਉਦੋਂ ਇੰਡੀਅਨ ਐਕਸਪ੍ਰਸ ਅਖਬਾਰ ਵਿਚ ਸੀ, ਲੇਖਕ ਮੋਹਨ ਭੰਡਾਰੀ, ਕਲਾ ਪਾਰਖੂ ਨਿਰੂਪਮਾ ਦੱਤ, ਤੇ ਅਦਾਕਾਰ ਮੰਗਲ ਢਿੱਲੋਂ -ਨੇੜਲੇ ਜਾਣੂਆਂ ਵਿਚ ਸ਼ਾਮਿਲ ਹੋਏ। ਤੇ ਸਾਨੂੰ ਸਾਰਿਆਂ ਨੂੰ ਗੂੰਦ ਵਾਂਗ ਜੋੜਨ ਵਾਲੀ ਅਦੁਤੀ ਮਹਾਨ ਸ਼ਖਸੀਅਤ ਸੀ ਪ੍ਰੋ. ਲਾਲੀ, ਜੋ ਅਕਸਰ ਪਟਿਆਲੇ ਤੋਂ ਆਇਆ ਕਰਦੇ ਸਨ।

ਤਕਨੀਕੀ ਪੱਖੋਂ ਵੀ ਬਹੁਤ ਕੁਝ ਨਵਾਂ ਸੀ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਕੈਨਵੇਸ ਤੇ ਤੇਲ-ਰੰਗ ਮਾਧਿਅਮ ਵੇਖਿਆ ਤਾਂ ਖੁਦ ਦੇ ਇਤਨੇ ਪਿਛੜੇ ਹੋਏ ਹੋਣ ‘ਤੇ ਵੀ ਸ਼ਰਮ ਆਈ। ਇਹ ਅਜਿਹਾ ਮਾਧਿਅਮ ਸੀ ਜੋ ਚਿਤਰਕਾਰ ਨੂੰ ਖੁੱਲ ਕੇ ਮਰਜ਼ੀ ਕਰਨ ਅਤੇ ਮਨਚਾਹਿਆ ਅਕਸ ਉਭਾਰਨ ਦੀ ਇਜਾਜ਼ਤ ਦਿੰਦਾ ਹੈ। ਮਨਚਾਹੇ ਵਿਸ਼ੇ ਵਿਚ ਵਿਦਿਆ ਹਾਸਲ ਕਰਨਾ ਮਨ ਨੂੰ ਖੁਸ਼ੀ ਭਰੀ ਤਸੱਲੀ ਦਿੰਦਾ ਸੀ ਤੇ ਭਵਿੱਖ ਸੁਆਰਨ ਵੱਲ ਅਜੇ ਧਿਆਨ ਨਹੀਂ ਜਾਂਦਾ ਸੀ।

ਹੜਤਾਲ-1

ਕਲਾ ਵਿਦਿਆਲੇ ਵਿਚ ਆਏ ਹੀ ਸਾਂ ਕਿ ਹੜਤਾਲ ਹੋ ਗਈ। ਇਹ ਹੜਤਾਲ ਸਿਰਫ ਇਕੋ ਮੁੱਦੇ ‘ਤੇ ਸੀ ਕਿ ਕਾਲਜ ਦੇ ਇਕ ਵਿਦਿਆਰਥੀ ਹਰਜਿੰਦਰ (ਸਿਧਾਰਥ) ਨੂੰ ਆਪਣਾ ਮਹਾਰਤ-ਵਿਸ਼ਾ ਬਦਲਣ ਦੀ ਇਜਾਜ਼ਤ ਦਿੱਤੀ ਜਾਵੇ। ਉਹ ਕੋਰਸ ਦਾ ਤੀਜਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਵਿਸ਼ਾ ਵਪਾਰਕ ਕਲਾ ਤੋਂ ਸੂਖਮ ਕਲਾ ਕਰਨਾ ਚਾਹੁੰਦਾ ਸੀ ਪਰ ਪ੍ਰਿੰਸੀਪਲ ਜਗਮੋਹਨ ਚੋਪੜਾ ਬੜਾ ਕਾਈਆਂ ਸੀ, ਜੋ ਅੜ ਗਿਆ ਕਿ ਨਹੀਂ ਕਰਦਾ। ਇਹ ਪ੍ਰਿੰਸੀਪਲ ਦਾਅਵਾ ਤਾਂ ਆਪਣੇ ਅਸੂਲੀ ਹੋਣ ਦਾ ਕਰਦਾ ਸੀ ਪਰ ਅਸਲ ਵਿਚ ਇਹ ਸਿਧਾਰਥ ਤੋਂ ਖਾਰ ਖਾਂਦਾ ਸੀ। ਉਸ ਨੇ ਅਧਿਆਪਕ ਤੇ ਵਿਦਿਆਰਥੀਆਂ ਵਿਚ ਵੀ ਆਪਣੇ ਸਾਰੇ ਚਮਚੇ ਆਪਣੇ ਵੱਲ ਕਰ ਲਏ ਸਨ। ਪਰ ਵਿਰੋਧੀ ਬਹੁਗਿਣਤੀ ਵਿਚ ਸਾਬਿਤ ਹੋਏ ਤਾਂ ਹੜਤਾਲ ਚੱਲ ਪਈ। ਮੇਰੇ ਲਈ ਇਸ ਤਰਾਂ ਦੀ ਸੱਤਾ-ਵਿਰੋਧੀ ਸਿਆਸਤ ਵਿਚ ਪੈਰ ਧਰਨ ਦਾ ਮੌਕਾ ਸੀ ਜਦੋਂ ਮੈਨੂੰ ਆਪਣੇ ਵਿਚ ਧੁਖਦੀ ਸੱਤਾ-ਵਿਰੋਧੀ ਲਾਟ ਦਾ ਅਹਿਸਾਸ ਹੋਇਆ। ਮੈਂ ਹੋਰਨਾ ਸਮੇਤ ਤਨ-ਮਨ ਨਾਲ ਇਸ ਹੜਤਾਲ ਵਿਚ ਕੁੱਦ ਪਿਆ। ਅਸੀਂ 24 ਘੰਟੇ ਦੀਆਂ ਭੁੱਖ ਹੜਤਾਲਾਂ ‘ਤੇ ਬੈਠੇ, ਠੰਡੀਆਂ ਰਾਤਾਂ ਨੂੰ ਕਾਲਜ ਦੇ ਵੇਹੜੇ ਵਿਚ ਲਾਏ ਤੰਬੂਆਂ ਵਿਚ ਸੁੱਤੇ, ਤੇ ਆਖਰ ਕਾਲਜ ਨੂੰ ਜਬਰਨ ਬੰਦ ਕਰਨ ਦੇ ਇਲਜ਼ਾਮ ਵਿਚ ਲਗਭਗ ਸੌ ਹੋਰ ਸਾਥੀਆਂ ਸਮੇਤ ਗ੍ਰਿਫਤਰੀ ਵੀ ਦਿੱਤੀ। ਸਾਨੂੰ ਬੁੜੈਲ ਜੇਲ ਲਿਜਾਇਆ ਗਿਆ। ਅਜੇ ਪ੍ਰਸ਼ਾਦਿਆਂ ਤੋਂ ਹੀ ਵੇਹਲੇ ਹੋ ਕੇ ਗਾਉਣ-ਵਜਾਉਣ ਕਰ ਰਹੇ ਸਾਂ ਕਿ ਜੇਲਰ ਨੇ ਖਬਰ ਦਿਤੀ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸਾਨੂੰ ਉਸੇ ਰਾਤ ਹੋਸਟਲ ਵਾਪਸ ਛੱਡ ਦਿੱਤਾ ਗਿਆ। ਵਾਕਿਆ ਹੀ ਜਗਮੋਹਨ ਚੋਪੜਾ ਮੰਗ ਮੰਨ ਗਿਆ ਸੀ। ਸਿਧਾਰਥ ਨੂੰ ਉਸ ਦੇ ਮਨ ਪਸੰਦ ਵਿਸ਼ੇ ਵਿਚ ਡਿਗਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਬਕੌਲ ਸਿਧਾਰਥ ਦੇ ਚੋਪੜੇ ਨੇ ਆਪਣੀ ਦੁਸ਼ਮਣੀ ਉਸ ਨੂੰ ਤੀਸਰੇ ਦਰਜੇ ਵਿਚ ਪਾਸ ਕਰਕੇ ਕੱਢੀ।

ਹੜਤਾਲ-2

ਅਗਲੇ ਸਾਲ (1979) ਫਿਰ ਹੜਤਾਲ ਕੀਤੀ ਗਈ, ਇਸ ਵਾਰੀ ਮੁੱਦਾ ਸ਼ਾਇਦ ਮੁੰਡਿਆਂ ਤੋਂ ਹੋਸਟਲ ਖੋਹ ਲਿਆ ਜਾਣਾ ਸੀ। ਇਹ ਫਰਾਂਸੀਸੀ ਨਗਰਵਿਉਂਤਕਾਰ ਕਾਰਬੂਜ਼ੀਅਰ ਵੱਲੋਂ ਆਪ ਉਲੀਕੀਆਂ ਇਮਾਰਤਾਂ ਵਿਚੋਂ ਇਕ ਬੜੀ ਨਵੇਕਲੀ ਇਮਾਰਤ ਸੀ ਜੋ ਕਲਾ ਵਿਦਿਆਲੇ ਦੇ ਮੁੰਡਿਆਂ ਲਈ ਉਚੇਚੇ ਤੋਰ ਤੇ ਬਣਾਈ ਗਈ ਸੀ। ਇਸ ਵਾਰ ਸਿੱਧੇ ਤੌਰ ‘ਤੇ ਸਿਆਸੀ ਹਰਕਤਾਂ ਕਰਨ ਦੀ ਬਜਾਇ ਅਸੀਂ ਵਿਰੋਧ ਦੇ ਕਲਾਤਕ ਢੰਗ ਅਪਣਾਏ। ਸੱਤਾ-ਵਿਰੋਧੀ ਨੁੱਕਰ ਨਾਕਟ ‘ਸੱਤਾ ਕੇ ਜੰਗਲ’ ਜਿਸ ਨੂੰ ਦੀਵਾਨ ਨੇ ਲਿਖਿਆ ਤੇ ਨਵਤੇਜ ਜੌਹਰ, ਜੋ ਉਦੋਂ ਭਰਤ ਨਾਟਯਮ ਨਾਚ ਦਾ ਵਿਦਿਆਰਥੀ ਸੀ, ਨੇ ਨਿਰਦੇਸ਼ਤ ਕੀਤਾ, ਦੀਆਂ ਕਾਲਜ ਦੇ ਮੈਦਾਨ ਵਿਚ ਰਿਹਰਸਲਾਂ ਤੋਂ ਬਾਅਦ ਪੰਜਾਬ ਯੂਨੀਵਰਸਟੀ ਵਿਚ ਸਟੂਡੈਂਟ-ਸੈਂਟਰ ਸਾਹਮਣੇ ਖੇਡਿਆ (ਇਸ ਬਾਰੇ ਨਿਰੂਪਮਾ ਨੇ ਲੇਖ ਵੀ ਲਿਖਿਆ)। ਮੇਰੇ ਇਲਾਵਾ ਸੰਜੀਵ ਸੋਨੀ, ਗੁਰਮੀਤ, ਰੇਖਾ ਪੰਡਿਤ, ਜਸਵੰਤ ਤੁੰਗ, ਲਵਲੀਨ ਕੌਰ, ਨਿਧੀ ਮਲਹੋਤਰਾ ਆਦਿ ਇਸ ਨਾਟਕ ਦੇ ਪਾਤਰ ਸਨ। ਵਿਦ੍ਰੋਹ ਦੇ ਕਲਾਤਮਕ ਇਜ਼ਹਾਰ ਦੇ ਤੋਰ ‘ਤੇ ਹੀ ਅਸੀਂ ਇਕ ਕਾਰਟੂਨ ਕਲਾ ਪ੍ਰਦਰਸ਼ਨੀ ਦਾ ਇੰਤਜ਼ਾਮ ਵੀ ਕੀਤਾ। ਇਹ ਪ੍ਰਦਰਸ਼ਨੀ ਵੀ ਚਰਚਾ ਦਾ ਵਿਸ਼ਾ ਬਣੀ। ਹੜਤਾਲ ਇਕ ਵਾਰ ਫਿਰ ਇਸ ਦਾਅਵੇ ਨਾਲ ਮੁਕਾਈ ਗਈ ਕਿ ‘ਮੰਗਾਂ ਮੰਨ ਲਈਆਂ ਗਈਆਂ ਹਨ’। ਅਸਲ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਘਾਲਾਮਾਲਾ ਕੀਤਾ ਸੀ- ਸਾਨੂੰ ਆਪਣਾ ਹੋਸਟਲ ਨਾ ਦੇ ਕੇ ਕਈ ਕਿਲੋਮੀਟਰ ਦੂਰ ਇੰਜਨੀਰਿੰਗ ਕਾਲਜ ਦੇ ਇਕ ਹੋਸਟਲ ਵਿਚ ਜਗਹ ਦੇ ਦਿੱਤੀ ਸੀ ਤੇ ਸਾਡਾ ਹੋਸਟਲ ਨਾਲ ਲਗਦੇ ਕੁੜੀਆਂ ਦੇ ਕਾਲਜ ਨੂੰ ਦੇ ਦਿੱਤਾ ਗਿਆ। ਅਸੀਂ ਇਸ ਅਦਲਾ-ਬਦਲੀ ਦਾ ਕਾਰਨ ਕਦੇ ਵੀ ਸਾਫ ਤੌਰ ‘ਤੇ ਨਹੀਂ ਜਾਣਿਆ ਪਰ ਮੈਨੂੰ ਅੰਦਾਜ਼ਾ ਹੈ ਕਿ ਇਸ ਦੀ ਵਜਹ ਸਾਡੇ ਹੋਸਟਲ ਵਿਚ ਰਹਿਣ ਵਾਲੇ ਉਨ੍ਹਾਂ ਮੁੰਡਿਆਂ ਵੱਲੋਂ ਹੋਸਟਲ ਦੇ ਨੇੜੇ ਰਾਹ ਤੋਂ ਟਪਦੀਆਂ ਕੁੜੀਆਂ ਪ੍ਰਤੀ ਅੱਤਿ-ਅਭੱਦਰ ਤੇ ਅਸ਼ਲੀਲ ਵਤੀਰਾ ਸੀ ਜਿਸ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਪੁਜਦੀਆਂ ਸਨ। ਕੁੜੀਆਂ ਪ੍ਰਤੀ ਉਜੱਡ ਵਰਤਾਰੇ ਵਾਲੇ ਕਈ ਸਨ ਜੋ ਚਾਰ-ਚਾਰ, ਪੰਜ-ਪੰਜ ਦੇ ਝੁੰਡਾਂ ਵਿਚ ਰਾਹ ‘ਤੇ ਜਾ ਖੜਦੇ ਸਨ, ਪਰ ਇਕ ‘ਤਾਰੀ’ ਨਾਂ ਖਾਸ ਤੌਰ ‘ਤੇ ਯਾਦ ਹੈ ਜਿਸ ਦਾ ਮੁਜਰਿਮਾਨਾਂ ਵਿਹਾਰ ਕਿਸੇ ਵੀ ਸਭਿਆ ਇਨਸਾਨ ਦਾ ਪਾਰਾ ਚੜ੍ਹਾ ਸਕਦਾ ਸੀ ਪਰ ਇਸ ਸਰਾਪੇ ਹੋਏ ਸਮਾਜ ਦੀਆਂ ਅਖੌਤੀ ‘ਕਦਰਾਂ-ਕੀਮਤਾਂ’ ਜਿਸ ਅਨੁਸਾਰ ਅਜਿਹੇ ਜੁਰਮਾਂ ਨੂੰ ਮੁੰਡਿਆਂ-ਖੁੰਡਿਆਂ ਦੀ ਸ਼ਰਾਰਤ ਤੋਂ ਵਧ ਕੁਝ ਨਹੀਂ ਸਮਝਿਆ ਜਾਂਦਾ, ਵਿਚ ਪਲ਼ਦੀਆਂ ਸਾਡੀਆਂ ਕੁੜੀਆਂ\ਔਰਤਾਂ ਨਿੱਜ ਨੂੰ ਅੱਤਿ ਦਾ ਖੋਰਾ ਲੁਆ ਕੇ ਵੀ ਚੁੱਪ ‘ਚ ਹੀ ਭਲਾ ਸਮਝਦੀਆਂ ਹਨ। ਇਹ ਬੰਦਾ ਜਵਾਨ-ਜਹਾਨ ਵਿਦਿਆਰਥਣਾਂ ਦੇ ਅਤਿ ਨੇੜੇ ਮੂੰਹ ਲਿਜਾ ਕੇ ਕਿਹਾ ਕਰਦਾ ਸੀ “ਅੱਜ ਮੇਰੇ ਨਾਲ ਮੁਜਰਾ ਕਰੇਂਗੀ?” ਤੇ ਇਸ ਦੇ ਨਾਲ ਦੇ ‘ਹਿੜ-ਹਿੜ’ ਕਰ ਛਡਦੇ ਸਨ।

ਨਾਟ-ਕਲਾ

ਮੈਂ ਪੰਜ-ਸਾਲਾ ਕੋਰਸ ਦੇ ਦੂਜੇ ਵਰ੍ਹੇ ਦਾ ਵਿਦਿਆਰਥੀ ਸਾਂ ਜਦੋਂ ਹੋਸਟਲ ਕਈ ਮੀਲ ਦੂਰ ਸੈਕਟਰ 12 ਵਿਚ ਦਿੱਤਾ ਗਿਆ। ਇਹ ਅਸਲ ਵਿਚ ਇਮਾਰਤਕਾਰੀ (ਆਰਕੀਟੈਕਚਰ) ਦੇ ਵਿਦਿਆਰਥੀਆਂ ਦਾ ਹੋਸਟਲ ਸੀ, ਜਿੱਥੇ ਇੰਜਨੀਅਰਿੰਗ ਕਾਲਜ ਵਾਲੇ ਮੁੰਡੇ ਵੀ ਸਨ। ਕੋਈ ਸਾਧਨ ਨਾ ਹੋਣ ਦੀ ਸੂਰਤ ਵਿਚ ਸਾਨੂੰ ਆਵਾਜਾਈ ਦੀ ਪਰੇਸ਼ਾਨੀ ਸੀ ਜਿਸ ਬਾਰੇ ਕਾਲਜ ਦੇ ਅਧਿਕਾਰੀ ਪੁਰੀ ਤਰਾਂ ਲਾ-ਪ੍ਰਵਾਹ ਸਨ; ਕਿਸੇ ਨੂੰ ਕੋਈ ਮਤਲਬ ਨਹੀਂ ਸੀ ਅਸੀਂ ਕਿਸ ਤਰਾਂ ਆਉਂਦੇ ਜਾਂਦੇ ਹਾਂ। ਕੋਈ ਤੁਰ ਕੇ ਆਉਂਦਾ ਕੋਈ ਸਾਈਕਲ ਆਦਿ ‘ਤੇ। ਪਰ ਮੇਰਾ ਧਿਆਨ ਹੁਣ ਸਿਰਜਣਾਤਮਕਾ ਵੱਲ ਹੋਣਾ ਸ਼ੁਰੂ ਹੋ ਗਿਆ ਸੀ।

ਇਸੇ ਸਮੇ ਤੋਂ ਕਲਾ ਦੀਆਂ ਹੋਰ ਵਿਧਾਵਾਂ ਵੱਲ ਵੀ ਧਿਆਨ ਗਿਆ- ਖਾਸ ਤੌਰ ‘ਤੇ ਸਾਹਿਤ, ਸੰਗੀਤ, ਨਾਟਕ ਅਤੇ ਸਿਰਜਣਾਤਮਕ ਫਿਲਮਾਂ। ਮਲੋਟ ਤੋਂ ਹੀ ਮੇਰੇ ਇਕ ਗ੍ਰਾਂਈਂ-ਮਿਤਰ ਗੁਰਮੀਤ ਨੇ, ਜਿਸ ਨੇ ਆਪਣੇ ਕਈ ਤਖੱਲਸ ਬਦਲ ਕੇ ਆਖਰੀ ‘ਮਿਤਵਾ’ ਟਿਕਾ ਲਿਆ, ਉਨੀਂ ਦਿਨੀਂ ਯੂਨੀਵਰਸਿਟੀ ਦੇ ਨਾਟਕ ਵਿਭਾਗ ‘ਇੰਡੀਅਨ ਥੀਏਟਰ’ ਵਿਚ ਦਾਖਲਾ ਲਿਆ ਸੀ। ਬਾਅਦ ਵਿਚ ਮੁੰਬਈ ਫਿਲਮ ਉਦਯੋਗ ਵਿਚ ਕੰਮ ਲੱਭਣ ਵਿਚ ਸਫਲ ਹੋਣ ਵਾਲੇ ਮੰਗਲ ਢਿੱਲੋਂ ਅਤੇ ਪੰਕਜ ਬੇਰੀ ਵਰਗੇ ਵੀ ਉਨ੍ਹੀਂ ਦਿਨੀਂ ਉਸੇ ਵਿਭਾਗ ਵਿਚ ਵਿਦਿਆਰਥੀ ਸਨ। ਮਿਤਵੇ ਕੋਲ ਆਉਣ-ਜਾਣ ਕਾਰਨ ਮੰਗਲ ਅਤੇ ਪੰਕਜ ਤੋਂ ਇਲਾਵਾ ਉਥੋਂ ਦੇ ਕਾਬਿਲ ਅਧਿਆਪਕਾਂ ਵਿਚੋਂ ਕੁਮਾਰ ਵਰਮਾ, ਮੋਹਨ ਮਹਾਂਰਿਸ਼ੀ ਅਦਿ ਨਾਲ ਵੀ ਮਿਲਣਾ-ਗਿਲਣਾ ਹੋਇਆ ਤੇ ਉਨ੍ਹਾਂ ਵੱਲੋਂ ਨਿਰਦੇਸ਼ਤ ਕੀਤੇ ਨਾਟਕਾਂ ਦਾ ਆਨੰਦ ਮਾਣਦਿਆਂ ਪਹਿਲੀ ਵਾਰ ਇਸ ਕਲਾ ਵਿਧਾ ਦੇ ਮਿਆਰੀ ਨਮੂਨੇ ਤੋਂ ਜਾਣੂ ਹੋਇਆ। ਪਰ ਨਾਟਕ ਵਿਭਾਗ ਨਾਲ ਜਾਣ-ਪਛਾਣ ਦੀ ਸਭ ਤੋਂ ਵੱਡੀ ਦੇਣ ਮੈਨੂੰ ਇਹ ਰਹੀ ਕਿ ਹਿੰਦੀ\ਪੰਜਾਬੀ ਤੇ ਕਈ ਹੋਰ ਭਾਸ਼ਾਵਾਂ ਦੇ ਅਨੁਵਾਦ ਹੋਏ ਆਧੁਨਿਕ ਨਾਟਕ ਸਾਹਿਤ ਦੇ ਉਚਤਮ ਨਮੂਨੇ ਮੈਂ ਪੜ੍ਹਨ ਲਈ ਹੋਸਟਲ ਲੈ ਆਉਂਦਾ ਤੇ ਹਮੇਸ਼ਾ ਪੜ੍ਹਦਾ ਰਹਿੰਦਾ। ਵਿਲੀਅਮ ਸ਼ੈਕਸਪੀਅਰ ਦੇ ਲਗਭਗ ਸਾਰੇ ਨਾਟਕ ਪੜ੍ਹ ਦਿਤੇ। ਬਹੁਤੇ ਨਾਂ ਭੁੱਲ ਗਏ ਹਨ, ਪਰ ਮੋਹਨ ਰਾਕੇਸ਼ ਦੇ ‘ਲਹਿਰੋਂ ਕੇ ਰਾਜਹੰਸ’, ‘ਆਧੇ-ਅਧੂਰੇ’ ਆਦਿ ਅਜੇ ਵੀ ਯਾਦ ਹਨ। ‘ਆਧੇ-ਅਧੂਰੇ’ ਮੋਹਨ ਮਹਾਂਰਿਸ਼ੀ ਦੇ ਨਿਰਦੇਸ਼ਨ ਵਿਚ ਨਾਟਕ ਵਿਭਾਗ ਵੱਲੋਂ ਖੇਡਿਆ ਵੀ ਗਿਆ ਸੀ। ਉਨ੍ਹਾਂ ਦਿਨਾਂ ਦੀ ਹੀ ਗੱਲ ਹੈ ਕਿ ਜਦੋਂ ਦੁਨੀਆਂ ਦੇ ਮਸ਼ਹੂਰ ਲੇਖਕ ਫ੍ਰੈਂਜ਼ ਕਾਫਕਾ ਦੇ ਨਾਵਲ ‘ਮੁਕੱਦਮਾ’ ਦਾ ਮੋਹਨ ਮਹਾਂਰਿਸ਼ੀ ਨੇ ਨਾਟਕੀਕਰਣ ਦਾ ਫੈਸਲਾ ਕੀਤਾ ਤਾਂ, ਜਿਊਰੀ ਵਿਚ ਬਿਠਾਉਣ ਲਈ ਤਿੰਨ ਜੱਜਾਂ ਦੀ ਲੋੜ ਸੀ। ਨਾਟਕ ਵਿਭਾਗ ਵਿਚ ਆਉਂਦੇ-ਜਾਂਦੇ ਰਹਿਣ ਦਾ ਹੀ ਨਤੀਜਾ ਸੀ ਕਿ ਮਹਾਂਰਿਸ਼ੀ ਨੇ ਮੈਨੂੰ ਦੋ ਹੋਰ ਜਣੇ ਲਿਆਉਣ ਲਈ ਕਿਹਾ ਜਿਨ੍ਹਾਂ ਦਾ ਕੰਮ ਸਿਰਫ ਖਾਸ ਢੰਗ ਨਾਲ, ਖਾਸ ਤਰਾਂ ਦੀ ਵੇਸ਼ਭੂਸ਼ਾ ਵਿਚ ਬੈਠਣਾ ਹੀ ਹੋਵੇਗਾ ਤੇ ਆਖਰ ਵਿਚ ਇਕ ਛੁਰਾ ਨਾਟਕ ਦੇ ਨਾਇਕ ਵੱਲ ਚਲਾ ਕੇ ਮਾਰਨਾ ਹੋਵੇਗਾ ਜੋ ਨਾਟਕ ਦਾ ਅੰਤਲਾ ਦ੍ਰਿਸ਼ ਵੀ ਸੀ। ਜਸਵੰਤ ਤੁੰਗ ਅਤੇ ਸੰਜੀਵ ਸੋਨੀ ਰਾਜ਼ੀ ਹੋ ਗਏ। ਇਹ ਸਵਾਦਲਾ ਤਜੁਰਬਾ ਸੀ। ਮੇਰੇ ਕੋਲ ਉਸ ਦ੍ਰਿਸ਼ ਦੀ ਤਸਵੀਰ ਅਜੇ ਵੀ ਹੈ!

‘ਮੁਕੱਦਮੇ’ ਵਿਚ ‘ਅਦਾਕਾਰ’ ਦੇ ਤੌਰ ਤੇ ਭਾਗ ਲੈਣ ਦੇ ਨਤੀਜੇ ਵਜੋਂ ਮੰਗਲ ਢਿੱਲੋਂ ਨੇ ਸੋਚਿਆ ਕਿ ਮੈਂ ਇਸ ਕਲਾ ਵਿਚ ਰੂਚੀ ਰਖਦਾ ਹਾਂ, ਜਦੋਂ ਕਿ ਮੇਰੀ ਦਿਲਚਸਪੀ ਸਿਰਫ ਨਾਟਕ-ਸਾਹਿਤ ਤੱਕ ਹੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਲਾ-ਵਿਦਿਆਲੇ ਦੀ ਹੜਤਾਲ ਦੀ ਕਾਰਵਾਈ ਵੱਜੋਂ ਨੁੱਕਰ-ਨਾਟਕ ਵਿਚ ਭਾਗ ਲੈਂਦੇ ਵਕਤ ਬਿਲਕੁਲ ਅਲਗ ਹੀ ਅਹਿਸਾਸ ਹੋਇਆ ਸੀ- ਉਹ ਨਾਟਕ ਰਿਵਾਇਤੀ ਕਲਾ-ਵਿਧਾ ਘੱਟ ਤੇ ਵਿਰੋਧੀ-ਕਾਰਵਾਈ ਲਈ ਸਿਰਜਾਣਤਮਕ ਕਲਾ ਜ਼ਿਆਦਾ ਸੀ, ਇਸ ਲਈ ਉਸ ਵਿਚ ਰਮ ਗਏ ਸਾਂ।

ਨਾਟਕ ਵਿਭਾਗ ਵਿਚ ਸਾਲ ਪੂਰਾ ਕਰਨ ਤੋਂ ਬਾਅਦ ਮੰਗਲ ਢਿੱਲੋਂ ਨੇ ਨਾਟਕ ਨਿਰਦੇਸ਼ਕ\ਅਦਾਕਾਰ ਦੇ ਤੌਰ ‘ਤੇ ਆਪਣੀ ਪੇਸ਼ੇਵਰ ਸਾਖ ਬਣਾਉਣ ਦੇ ਮਕਸਦ ਨਾਲ ਜਦੋਂ ਚੰਡੀਗੜ੍ਹ ਵਿਚ ਨੁਕੱਰ-ਨਾਟਕਾਂ ਦਾ ਸਿਲਸਿਲਾ ਸ਼ੂਰੂ ਕੀਤਾ ਤਾਂ ਮੈਨੂੰ ਵੀ ਨਾਲ ਲੈ ਲਿਆ। ਉਨ੍ਹੀਂ ਹੀ ਦਿਨੀਂ ਸਾਡਾ ਹੋਸਟਲ ਸੈਕਟਰ 12 ਤੋਂ ਸੈਕਟਰ 15 ਵਿਚ ਤਬਦੀਲ ਹੋ ਗਿਆ ਸੀ ਜਿੱਥੇ ਆਰਜ਼ੀ ਤੌਰ ‘ਤੇ ਪ੍ਰੀਤਇੰਦਰ ਨੇ ਵੀ ਕਮਰਾ ਤਾਂ ਲੈ ਲਿਆ ਸੀ ਪਰ ਰਹਿੰਦਾ ਨਾ ਹੋਣ ਕਾਰਨ ਉਸ ਨੇ ਮੰਗਲ ਢਿਲੋਂ ਦੇ ਫਾਕੇ ਵਾਲੇ ਦਿਨਾਂ ਵਿਚ ਉਸ ਦੀ ਗ਼ੁਜ਼ਾਰਿਸ਼ ‘ਤੇ ਉਸ ਨੂੰ ਰਹਿਣ ਲਈ ਦੇ ਦਿੱਤਾ ਸੀ। ਅਸੀਂ ਕੁੱਝ ਮਹੀਨੇ ਇਕੱਠੇ ਇਕ ਹੋਸਟਲ ਵਿਚ ਰਹੇ। ਫਿਰ ਉਸ ਨੇ ਕੋਈ ਹੋਰ ਜੁਗਾੜ ਕਰ ਲਿਆ ਪਤਾ ਨਹੀਂ ਕਿੱਥੇ। ਅਸੀਂ ਚੰਡੀਗੜ੍ਹ ਵਿਚ (ਸੈਕਟਰ 17 ਅਤੇ 15) ਹੀ ਨਹੀਂ, ਬਲਕਿ ਜਲੰਧਰ ਵੀ ਉਹ ਨਾਟਕ ਖੇਡਣ ਗਏ। ਜਲੰਧਰ ਵਿਚ ਉਹ ਸਾਰੀ ਟੀਮ ਕਿੱਥੇ ਰਹੀ, ਪਤਾ ਨਹੀਂ ਪਰ ਮੈਨੂੰ ਯਾਦ ਹੈ ਮੈਂ ਚਿਤਰਕਾਰ ਸੁਰਜੀਤ ਕੌਰ ਦੇ ਘਰ ਰਿਹਾ ਸੀ। ਮੈਨੂੰ ਲਗਦਾ ਹੈ ਸਿਧਾਰਥ ਉਦੋਂ ਉਥੇ ਸੀ ਤੇ ਸ਼ਾਇਦ ਉਸੇ ਨੇ ਮੈਨੂੰ ਇਹ ਠਹਿਰ ਦੁਆਈ ਸੀ। ਯਾਦ ਨਹੀਂ ਕਿ ਉਹ ਪਹਿਲਾਂ ਹੀ ਉਥੇ ਸੀ ਜਾਂ ਸਾਡੇ ਨਾਲ ਗਿਆ ਸੀ। ਇੱਕ ਗੱਲ ਅਕਸਰ ਚੇਤੇ ਆਉਂਦੀ ਹੈ- ਇਸ ਨਾਟਕ ਵਿਚ ਮੈਂ ਗਰੀਬ ਨੌਜਵਾਨਾਂ ਦੀ ਭੀੜ ਦਾ ਹਿੱਸਾ ਸਾਂ ਇਸ ਲਈ ਪਾਟੇ-ਪੁਰਾਣੇ ਕਪੜੇ ਨਾਟਕੀ ਵਰਦੀ ਸਨ। ਮੇਰੇ ਕੋਲ ਇਕ ਖਾਖੀ ਜਿਹੀ ਜੀਨ ਸੀ ਜਿਹੜੀ ਗੋਡਿਆਂ ਤੋਂ ਉਧੜਦੀ ਜਾ ਰਹੀ ਸੀ।ਇਹ ਨਾਟਕ ਲਈ ਪਾਉਂਦਾ ਸਾਂ, ਇਹ ਮੈਨੂੰ ਉਂਜ ਵੀ ਪਸੰਦ ਸੀ। ਜਦੋਂ ਜਲੰਧਰ ਗਏ ਤਾਂ ਮੈਂ ਉਹੀ ਪਾ ਕੇ ਗਿਆ। ਮੈਂ ਕਹਿਣ ਨੂੰ ਤਾਂ ਇਹ ਸਫਾਈ ਦਿੰਦਾ ਕਿ ਅਦਾਕਾਰ ਨੂੰ ਆਪਣੇ ਰੋਲ ਵਿਚ ਵੱਧ ਤੋਂ ਵੱਧ ਨਿਭਣ ਲਈ ਰੋਲ ਕਪੜੇ ਪਾਈ ਰੱਖਣੇ ਚਾਹੀਦੇ ਹਨ ਜਦੋਂ ਕਿ ਹਕੀਕਤ ਸੀ ਕਿ ਉਦੋਂ ਮੇਰੇ ਕੋਲ ਹੋਰ ਕੋਈ ਪੈਂਟ ਹੈ ਹੀ ਨਹੀਂ ਸੀ! ਖੈਰ, ਮੈਂ ਮੰਗਲ ਨਾਲ ਕਈ ਨਾਟਕ ਖੇਡੇ ਪਰ ਮਹਿਸੂਸ ਕੀਤਾ ਕਿ ਇਹ ਵਿਧਾ ਮੇਰੇ ਮਨ ਨੂੰ ਨਹੀਂ ਜੱਚਦੀ।

ਕੁੱਝ ਅਰਸਾ ਬਾਅਦ ਫਿਰ ਜਦੋਂ ਮੈਂ ਸਿਧਾਰਥ ਨਾਲ ਕਰੋਰਾਂ ਪਿੰਡ ਵਿਚ ਰਹਿਣ ਚਲਾ ਗਿਆ ਸਾਂ, ਉਹ ਉਥੇ ਵੀ ਆਇਆ ਤੇ ਉਸ ਨੇ ਮਿੰਨਤਾਂ ਤਰਲੇ ਵੀ ਕੀਤੇ ਕਿ ਉਸ ਨੂੰ ਬੰਦਿਆਂ ਦੀ ਲੋੜ ਹੈ। ਪਰ ਮੈਂ ਉਸ ਨਾਲ ਹੋਰ ਨਾ ਤੁਰ ਸਕਿਆ। ਉਂਜ ਵੀ ਉਸ ਨੇ ਆਪਣੇ ਲਿਖੇ ਸਿਆਸੀ ਨਾਟਕ ‘ਆਜ ਕਾ ਜ਼ਰਾਸੰਦ’ ਵਿਚ ਮੈਨੂੰ ਭੀੜ ਵਿਚ ਹੀ ਰੱਖਿਆ ਸੀ, ਤੇ ਭੀੜ ‘ਬੰਦਿਆਂ’ ਨਾਲ ਹੀ ਬਣਨੀ ਸੀ। ਉਸ ਦੇ ਜਰਾਸੰਧ ਦਾ ਮਖੌਟਾ ਵੀ ਮੈਂ ਹੀ ਪਪੀਆਮੈਸ਼ੀ ਵਿਧੀ ਨਾਲ ਸੈਕਟਰ 15 ਵਾਲੇ ਹੋਸਟਲ ਵਿਚ ਰਹਿੰਦਿਆਂ ਬਣਾਇਆ ਸੀ, ਜੋ ਉਸ ਨੇ ਭਰਪੂਰ ਵਰਤਿਆ। ਮੁੜ ਕੇ ਉਹ ਮੁੰਬਈ ਚਲਾ ਗਿਆ। ਅੱਸੀਵਿਆਂ ਦੇ ਅਖੀਰ ਵਿਚ ਵੀ ਇਕ ਵਾਰ ਮੇਰੇ ਮੁੰਬਈ ਗਿਆਂ ਅਸੀਂ ਪ੍ਰਿਥਵੀ ਥੀਏਟਰ ਵਿਚ ਇਕ ਵਾਰ ਸ਼ਾਇਦ ਮਿਤਵੇ ਨਾਲ ਉਸ ਨੂੰ ਮਿਲੇ, ਜਦੋਂ ਉਹ ਅਜੇ ਸੰਘਰਸ਼ ਵਿਚ ਸੀ ਪਰ ਆਪਣੀ ਧੌਣ ਦੀ ਆਕੜ ਠੀਕ ਨਹੀਂ ਕਰ ਸਕਿਆ ਸੀ। ਪ੍ਰੀਤਇੰਦਰ ਅਕਸਰ ਉਸ ਦੀ ਆਕੜੀ ਧੌਣ ਦਾ ਜ਼ਿਕਰ ਕਰਕੇ ਉਸ ਨੂੰ ਯਾਦ ਕਰਦਾ ਹੈ! ਉਸ ਨੂੰ ਜਾਨਣ ਵਾਲੇ ਧੌਣ ਦੀ ਅਕੜਾਅ ਵਾਲੀ ਗੱਲ ਸਮਝ ਸਕਦੇ ਹਨ!

ਅਰਸੇ ਬਾਅਦ ਉਸ ਨੂੰ ਕਈ ਵੱਡੀਆਂ ਹਿੰਦੀ ਫਿਲਮਾਂ ਵਿਚ ਤੱਕਿਆ ਪਰ ਉਹ ਫਿਰ ਕਿਧਰੇ ਟੁੱਭੀ ਮਾਰ ਗਿਆ। ਇਕ ਵਾਰ ਕਿਸੇ ਪੰਜਾਬੀ ਟੀ.ਵੀ ਚੈਨਲ ‘ਤੇ ਉਸ ਦੀ ਇੰਟਰਵਿਊ ਵਿਚ ਉਸ ਨੂੰ ਸਿੱਖਵਾਦ\ ਜੱਟਵਾਦ ਦਾ ਮੁਦੱਈ ਬਣਿਆ ਵੇਖਿਆ ਤਾਂ ਹੈਰਾਨੀ ਵੀ ਹੋਈ ਤੇ ਅਫਸੋਸ ਵੀ। 2011 ਵਿਚ ਮੇਰੀ ਮੁੰਬਈ ਵਿਚ ਕਲਾ-ਨੁਮਾਇਸ਼ ਵੇਲੇ ਮਿਤਵੇ ਨੇ ਉਸ ਨਾਲ ਫੋਨ ਤੇ ਗੱਲ ਕਰਵਾਈ ਤਾਂ ਉਸ ਨੇ ਦੱਸਿਆ ਕਿ ਸ਼ਹਿਰੋਂ ਬਾਹਰ ਹੈ ਨਹੀਂ ਤਾਂ ਜ਼ਰੂਰ ਆਉਂਦਾ! ਪਿਛੇ ਜਿਹੇ ਉਸ ਨੇ ਕਿਸੇ ਕੋਲੋਂ ਨੰਬਰ ਲੈ ਕੇ ਮੇਰੇ ਨਾਲ ਵ੍ਹਟਸੈਪ ‘ਤੇ ‘ਹਲੋ’ ਵੀ ਕਹੀ !

ਸਾਹਿਤ ਵਿਚ ਟੁੱਭੀ

12 ਸੈਕਟਰ ਦੇ ਹੋਸਟਲ ਵਾਲੇ ਦਿਨੀਂ 1981\82 ਵਿਚ ਹੀ ਛੁਟੀਆਂ ਵਿਚ ਵੀ ਮੈਂ ਘਰ ਨਾ ਜਾ ਕੇ ਬਹੁਤ ਸਮਾਂ ਸਾਹਿਤ ਪੜ੍ਹਨ ਵਿਚ ਲਗਾਉਂਦਾ ਰਿਹਾ। ਨਾਟਕ ਵਿਭਾਗ ਦੇ ਪੁਸਾਕਲੇ ਦੇ ਦਰਜਨਾਂ ਨਾਟਕ ਪੜ੍ਹਨ ਤੋ ਇਲਾਵਾ, ਪੰਜਾਬ ਬੁੱਕ ਸੈਂਟਰ ਤੇ ਜਾਣ ਲੱਗ ਪਿਆ ਸਾਂ ਜਿਥੋਂ ਸਸਤਾ ਤੇ ਦੁਨੀਆਂ ਦਾ ਉਚਤਮ ਰੂਸੀ ਸਾਹਿਤ ਲਿਆਉਣਾ ਸ਼ੁਰੂ ਕਰ ਦਿਤਾ ਸੀ। ਪੁਸਤਲ-ਮੇਲਿਆਂ ਦੀ ਭਣਕ ਪੈਣ ਲੱਗੀ ਸੀ। ਮੈਨੂੰ ਯਾਦ ਹੈ ਇੱਕ ਵਾਰ ਚੰਡੀਗੜ ਵਿਚ ਲੱਗੇ ਕਿਸੇ ਪੁਸਤਕ ਮੇਲੇ ਤੋਂ ਇੰਨੀਆਂ ਕਿਤਾਬਾਂ ਖਰੀਦ ਲਈਆਂ ਸਨ ਕਿ ਮੇਰੇ ਕੋਲ ਬਸ ਫੜਨ ਵਾਸਤੇ ਵਾਪਸ ਆਉਣ ਲਈ ਵੀ ਪੈਸੇ ਨਾ ਬਚੇ। ਮੈਂ ਉਹ ਭਾਰਾ ਝੋਲਾ ਹੌਲੀ ਹੌਲੀ ਮੋਢਿਆਂ ਤੇ ਢੌਅ ਕੇ ਲਿਆਇਆ ਸਾਂ। ਕਸ਼ਟ ਸਹਿ ਕੇ ਵੀ ਖੁਸ਼ ਸਾਂ ਕਿ ਮੇਰੇ ਕੋਲ ਪੜ੍ਹਨ ਲਈ ਹੁਣ ਕਿੰਨਾ ਕੁਝ ਹੈ!

ਚੰਡੀਗੜ੍ਹ ਦੇ 17 ਸੈਕਟਰ ਦੀ ਇਕ ਭੋਰੇ ਵਾਲੀ ਦੁਕਾਨ ਵਿਚ ਲੋਕਾਇਤ ਪ੍ਰਕਾਸ਼ਨ ਹੋਇਆ ਕਰਦਾ ਸੀ ਜਿਸ ਦਾ ਮਾਲਿਕ ਇਕ ਕੱਟੜ ਮਾਰਕਸਵਾਦੀ ਪ੍ਰਤਾਪ ਮਹਿਤਾ ਸੀ, ਜੋ ਸਾਰੇ ਸਾਹਿਤ ਜਗਤ ਵਿਚ ਬਹਿਸਣ ਲਈ ਮਸ਼ਹੂਰ ਸੀ। ਇਕ ਵਾਰ ਮੈਂ ਅਤੇ ਰਾਜ ਕੁਮਾਰ ਜੀ ਫਿਰਦੇ-ਫਿਰਦੇ ਉਸ ਕੋਲ ਜਾ ਵੜੇ। ਅਸੀਂ ਕਿਤਾਬਾਂ ਛਾਂਟ ਰਹੇ ਸਾਂ ਤੇ ਕਾਮਰੇਡ ਨੇ ਇਕ ਕਿਤਾਬ ਸਾਨੂੰ ਫੜਾ ਕੇ ਕਿਹਾ ਕਿ ਬਹੁਤ ਵਧੀਆ ਸਾਹਿਤ ਹੈ। ਯਾਦ ਨਹੀਂ ਕਿਹੜੀ ਕਿਤਾਬ ਸੀ ਪਰ ਇਹ ਕੋਈ ਆਧੁਨਿਕ ਕਵਿਤਾ ਦੀ ਸੀ ਜੋ ਬੜੀ ਰੁੱਖੀ ਜਿਹੀ ਜਾਪੀ। ਮੇਰੇ ਮੂਹੋਂ ਨਿਕਲ ਗਿਆ ਕਿ ਉਹ ਕਵਿਤਾ ਤਾਂ ਬੜੀ ਔਖੀ ਜਿਹੀ ਹੈ, ਹੀਰ ਵਾਰਿਸ ਵਰਗੀ ਕਵਿਤਾ ਪੜ੍ਹਨ ਦਾ ਸੁਆਦ ਆ ਜਾਂਦਾ ਹੈ। ਬਸ ਉਹ ਚਾਲੂ ਹੋ ਗਿਆ ਕਿ ਸਾਨੂੰ ਤਾਂ ਆਉਂਦਾ ਹੀ ਕੱਖ ਨਹੀਂ ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਹੀਰ ਅਸਲ ਵਿਚ ਹਿੰਦੂਆਂ ਦੀ ਕੁੜੀ ਸੀ! ਆਪਣੇ ਦੁਕਾਨ ਤੇ ਆਏ ਗਾਹਕਾਂ ਦਾ ਇਤਨਾ ਨਿਰਾਦਰ ਸ਼ਾਇਦ ਹੀ ਕਿਤੇ ਵੇਖਿਆ ਹੋਵੇ। ਖੈਰ, ਗੱਲ ਲਗਭਗ ਹੱਥੋ-ਪਾਈ ਤੇ ਪਹੁੰਚਦੀ ਹੋਣ ‘ਤੇ ਅਸੀਂ ਉਥੋਂ ਪੌੜੀਆਂ ਚੜ੍ਹ ਆਏ!

ਇਸੇ ਬੰਦੇ ਵਿਚ ਬਹਿਸ ਦਾ ਖੌਰੂ ਇਕ ਵਾਰ ਫਿਰ ਉਦੋਂ ਵੇਖਿਆ ਜਦੋਂ ਇਹ ਪ੍ਰੋ.ਸੱਤਿਆਪਾਲ ਗੌਤਮ ਨਾਲ ਸਿਧਾਰਥ ਕੋਲ ਕਰੋਰਾਂ ਆਇਆ। ਕੁਦਰਤੀ ਮੈਂ ਵੀ ਉਥੇ ਹੀ ਸਾਂ ਭਾਵੇਂ ਆਪਣੀ ਪੜ੍ਹਾਈ ਵਿਚ ਮਸਰੂਫ ਹੋਣ ਕਾਰਨ ਉਨ੍ਹਾਂ ਦੀਆਂ ਗੱਲਾਂ ਵਿਚ ਸ਼ਾਮਿਲ ਨਹੀਂ ਸਾਂ। ਮੈਨੂੰ ਇਤਨਾ ਯਾਦ ਹੈ ਕਿ ਬਹਿਸ ਉਦੋ ਸ਼ੁਰੂ ਹੋਈ ਜਦੋਂ ਇਸ ਬੰਦੇ ਨੇ ਪਿੰਡ ਦੇ ਛੋਟੇ ਛੋਟੇ ਬੱਚਿਆਂ ਨੂੰ ਖੇਡਦੇ ਫਿਰਦੇ ਤੱਕ ਕੇ ਕਿਹਾ ਕਿ ‘ਬੱਚੇ ਨਿਰਾ ਕੱਚਾ ਦੁੱਧ ਹਨ, ਜੇ ਚਾਹੀਏ ਤਾਂ ਜਾਗ ਲਗਾ ਕੇ ਦਹੀਂ ਬਣਾ ਸਕਦੇ ਹਾਂ ਨਹੀਂ ਤਾਂ ਦੁੱਧ ਨੇ ਫੁਟਣਾ ਹੀ ਹੈ’। ਉਸ ਦਾ ਮਤਲਬ ਸੀ ਕਿ ਹੁਣੇ ਤੋਂ ਉਨ੍ਹਾਂ ਬੱਚਿਆ ਨੂੰ ਮਾਰਕਸਵਾਦ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ। ਸਿਧਾਰਥ ਨੇ ਉਸ ਦੀ ਵਿਰੋਧਤਾ ਕੀਤੀ ਸੀ ਤੇ ਗੌਤਮ ਦਾ ਮੈਨੂੰ ਯਾਦ ਨਹੀਂ ਕਿਸ ਪਾਸੇ ਸੀ। ਪਰ ਬਹਿਸ ਵਿਚ ਅੱਤਿ ਦੀ ਗਰਮੀ ਦਾ ਸੇਕ ਮੈਨੰ ਪਰ੍ਹਾਂ ਬੈਠੇ ਨੂੰ ਵੀ ਆ ਰਿਹਾ ਸੀ।

ਸਰਦੀਆਂ ਦੀਆਂ ਛੁੱਟੀਆਂ ਵਿਚ 12 ਸੈਕਟਰ ਵਾਲੇ ਹੋਸਟਲ ਦੇ ਕਮਰੇ ਦੇ ਛੱਜੇ ਉਪਰ ਨਿੱਘੀ ਨਿੱਘੀ ਧੁੱਪ ਵਿਚ ਨਾਲੇ ਕਿਤਾਬਾਂ ਪੜ੍ਹਦਾ ਨਾਲੇ ਕੋਰਸ ਦੀ ਚਿਤਰਕਾਰੀ ਕਰਦਾ। ਸਾਅਦਤ ਹਸਨ ਮੰਟੋ, ਅਮ੍ਰਿਤਾ ਪ੍ਰੀਤਮ, ਇਸਮਤ ਚੁਗਤਾਈ, ਗਜਾਨਨ ਮਾਧਵ ਮੁਕਤੀਬੋਧ, ਰਬਿੰਦਰਨਾਥ ਟੈਗੋਰ, ਵਰਗੇ ਭਾਰਤੀ ਮਹਾਂਰਥੀਆਂ ਤੋਂ ਇਲਾਵਾ ਲੇਵ-ਤੋਲਸਤਾਇ, ਮੈਕਸਿਮ ਗੋਰਕੀ, ਦੋਸਤੋਯੇਵਸਕੀ ਵਰਗੇ ਰੂਸੀ ਹੀਰੇ ਮੈਂ ਰੂਸੀ ਭਾਸ਼ਾ ਵਿਚ ਦਾਖਲਾ ਲੈਣ ਤੋਂ ਪਹਿਲ਼ਾਂ ਹੀ ਪੜ੍ਹ ਲਏ ਸਨ, ਬਲਕਿ ਉਦੋਂ ਜਿਹੇ ਹੀ ਰੂਸੀ ਵਿਭਾਗ ਵਿਚ ਸ਼ਾਮ ਦੀਆਂ ਕਲਾਸਾਂ ਲਈ ਦਾਖਲਾ ਲੈਣ ਲਈ ਉਨ੍ਹਾਂ ਨੂੰ ਪੜ੍ਹ ਕੇ ਹੀ ਪ੍ਰੇਰਿਤ ਹੋਇਆ ਸੀ।

ਸੰਗੀਤ ਦੀ ਲਹਿਰ

ਚੰਡੀਗੜ੍ਹ ਦੇ ਕਲਾ-ਮਹੌਲ ਨੇ ਨਾਟਕ, ਸਾਹਿਤ ਤੋਂ ਇਲਾਵਾ ਸੰਗੀਤ ਵਿਚ ਰੂਚੀ ਨੂੰ ਵੀ ਝੰਜੋੜਿਆ। ਮੈਨੂੰ ਸ਼ਾਸਤਰੀ ਸੰਗੀਤ ਚੰਗਾ ਲੱਗਣ ਲੱਗਾ ਜਦੋਂ ਕਿ ਬਚਪਨ ਵਿਚ ਉਹ ਮੂੰਹ-ਕਸੈਲਾ ਕਰਨ ਵਾਲਾ ਲਗਦਾ ਹੁੰਦਾ ਸੀ। ਮੈਨੂੰ ਯਾਦ ਹੈ ਜਦੋਂ ਕਦੇ ਕੋਈ ਸਿਆਸੀ ਲੀਡਰ ਮਰ ਜਾਣਾ ਤਾਂ ਆਲ-ਇੰਡਆ ਰੇਡੀਓ, ਜੋ ਮਨ-ਪਸੰਦ ਗਾਣੇ ਸੁਣਨ ਦਾ ਇਕੋ-ਇਕ ਜ਼ਰੀਆ ਹੁੰਦਾ ਸੀ, ਨੇ ਸੋਗਵਾਰ ਸ਼ਾਸਤ੍ਰੀ ਸੰਗੀਤ ਦੀਆਂ ਧੁਨਾਂ ਵਜਾਉਣੀਆਂ ਸ਼ੁਰੀ ਕਰ ਦੇਣੀਆਂ ਤਾਂ ਮੈਂ ਚੜ੍ਹਾਈ ਕਰ ਗਏ ਨੇਤਾ ਨੂੰ ਦਿਲ ਵਿਚ ਹਜ਼ਾਰਾਂ ਗਾਲ੍ਹਾਂ ਕੱਢਣੀਆਂ। ਰੇਡੀਓ ਦਾ ਮੈਂ ਬਚਪਨ ਤੋਂ ਸ਼ੌਦਾਈ ਸਾਂ। ਮੈਨੂੰ ਸਿਰਫ ਉਸ ਵਿਚੋਂ ਵਜਦੇ ਗਾਣੇ ਹੀ ਨਹੀਂ ਬਲਕਿ ਉਹ ਜੰਤਰ (ਰੇਡੀਓ) ਵੀ ਮਨਭਾਉਣਾ ਲਗਦਾ ਹੁੰਦਾ ਸੀ ਜਿਸ ਵਿਚੋਂ ਸੰਗੀਤ ਫੁੱਟ ਰਿਹਾ ਹੁੰਦਾ। ਮਸ਼ੋਹਰਪੁਣੇ ਤੋਂ ਲੈ ਕੇ ਚੰਡੀਗੜ੍ਹ ਆਉਣ ਤੱਕ ਮੇਰੇ ਕੋਲ ਕੋਈ ਨਾ ਕੋਈ ਜੇਬ-ਰੇਡੀਓ ਹੁੰਦਾ ਸੀ। ਤੇ ਹੁਣ ਵੀ ਹੈ (2020 ਈ.)! ਛੋਟਾ ਹੁੰਦਾ ਕਈ ਵਾਰ ਕਲਪਨਾ ਵੀ ਕਰਦਾ ਹੁੰਦਾ ਸੀ ਕਿ ਜੇ ਇਸ ਵਿਚ ਗਾਉਣ ਵਾਲੇ ਵਿਖਦੇ ਵੀ ਹੋਣ ਤਾਂ ਸ਼ਾਇਦ ਤਵਿਆਂ ਵਾਲੀ ਚਲਦੀ ਮਸ਼ੀਨ ਨਜ਼ਰ ਆਵੇਗੀ!

ਅਧਿਆਪਕ ਰਾਜ ਜੈਨ ਜੀ ਨੂੰ ਸ਼ਾਸਤ੍ਰੀ ਸੰਗੀਤ ਦੀ ਸਿਰਫ ਸਮਝ ਹੀ ਨਹੀਂ, ਉਹ ਆਪ ਵੀ ਵਧੀਆ ਬਾਂਸਰੀ ਵਾਦਕ ਸਨ। ਉਨ੍ਹਾਂ ਨੇ ਸਾਰੇ ਕਾਲਜ ਵਿਚ ਸਪੀਕਰ ਲਗਵਾ ਦਿੱਤੇ ਸਨ ਜਿਨ੍ਹਾਂ ਵਚੋਂ ਹਲਕਾ ਹਲਕਾ ਸੰਗੀਤ ਕਈ ਵਾਰ ਦਿਨ ਦੀਆਂ ਅਮਲੀ ਜਮਾਤਾਂ ਵਿਚ ਚਲਦਾ ਰਹਿੰਦਾ ਸੀ। ਮੇਰੇ ਵਿਚ ਸੰਗੀਤ ਦੀ ਦਿਲਚਪੀ ਵੇਖ ਕੇ ਉਹ ਕਈ ਵਾਰ ਮੈਨੂੰ ਤਵੇ ਲਗਾਉਣ ਜਾਂ ਬਦਲਣ ਲਈ ਕਹਿ ਦਿੰਦੇ ਸਨ। ਮੇਰਾ ਖਿਆਲ ਹੈ ਅਜਿਹਾ ਮਹੌਲ ਆਮ ਵਿਦਿਆਕ ਸੰਸਥਾਵਾਂ ਵਿਚ ਕਿਧਰੇ ਨਹੀਂ ਹੋਣਾ!

ਸੰਗੀਤ ਦੀ ਲੱਗੀ ਧੁੰਨ ਨੇ ਕੋਈ ਸਾਜ਼ ਸਿੱਖਣ ਲਈ ਪ੍ਰੇਰਿਤ ਕੀਤਾ। ਯਾਦ ਨਹੀਂ ਕਿਵੇਂ ਪੰਦਰਾਂ ਸੈਕਟਰ ਵਿਚ ਇਕ ਵਾਇਲਨ ਵਾਦਕ ਪ੍ਰਿਥਵੀਰਾਜ ਕੋਲ ਚਲਾ ਗਿਆ। ਉਹ ਪੰਜ ਰੁਪੱਈਏ ਘੰਟਾ ਟਿਉਸ਼ਨ ਦਿੰਦੇ ਸਨ ਤੇ ਮੈਂ ਹਫਤੇ ਵਿਚ ਇਕ ਵਾਰ ਜਾਣਾ ਸ਼ੁਰੂ ਕਰ ਦਿਤਾ। ਪ੍ਰਿਥਵੀਰਾਜ ਚੰਡੀਗੜ੍ਹ ਸੰਗੀਤ ਦੁਨੀਆਂ ਵਿਚ ਚਰਚਿਤ ਸ਼ਖਸੀਅਤ ਸੀ। ਪੰਜ੍ਹਾਵਿਆਂ ਦੀ ਉਮਰ ਦਾ ਛੜਾ ਬੰਦਾ, ਉਹ ਕਈ ਸਾਲ ਬੰਬੇ ਫਿਲਮ ਉਦਯੋਗ ਵਿਚ ਸੰਗੀਤ ਨਿਰਦੇਸ਼ਕ ਬਣਨ ਲਈ ਸੰਘਰਸ਼ ਕਰਨ ਤੋਂ ਬਾਅਦ ਹਾਰ ਕੇ ਮੁੜ ਆਇਆ ਸੀ। ਇੱਥੋਂ ਤੱਕ ਕਿ ਉਸ ਨੇ ਚੰਡੀਗੜ ਦੇ ਹੀ ਕਿਸੇ ਸ਼ੁਕੀਨ ਘਰ-ਲੁਟਾਊ ਫਿਲਮ ਨਿਰਮਾਤਾ ਦੀ ਫਿਲਮ ਵਿਚ ਸੰਗੀਤ ਦੇਣ ਲਈ ਪ੍ਰੇਮ ਵਾਰਬਰਟਨੀ ਦੀਆਂ ਦੋ-ਤਿੰਨ ਗਜ਼ਲਾਂ ਮੁਹੰਮਦ ਰਫੀ ਸਾਹਿਬ ਨਾਲ ਰਿਕਾਰਡ ਕਰਵਾਈਆਂ ਸਨ, ਜਿਸਦਾ ਛੋਟਾ ਤਵਾ ਕਈ ਦਹਾਕਿਆਂ ਬਾਅਦ ਉਨ੍ਹੀ ਦਿਨੀ (1981) ਹੀ ਨਿਕਲਿਆ ਸੀ। ਫਿਲਮ ਦਾ ਨਾਂ ਸੀ ‘ਆਤਮਾ-ਪ੍ਰਮਾਤਮਾ’ ਜੋ ਸ਼ਾਇਦ ਹੋਰ ਅਨੇਕਾਂ ਫਿਲਮਾਂ ਵਾਂਗ ਡੱਬਾ-ਬੰਦ ਹੋ ਗਈ ਸੀ ਤੇ ਪ੍ਰਿਥਵੀਰਾਜ ਦੀ ਕਿਸਮਤ ਵੀ ਸਦਾ ਲਈ ਬੰਦ ਕਰ ਗਈ ਸੀ। ਪ੍ਰਿਥਵੀਰਾਜ ਨੇ ਸਾਨੂੰ ਚੇਲਿਆਂ ਨੂੰ ਕਿਹਾ ਕਿ ਜਾਓ ਤੇ ਤਵੇ-‘ਤੇ-ਤਵਾ ਖਰੀਦੋ ਤਾਂ ਕਿ ਵੇਚਣ ਵਾਲਿਆਂ ਨੂੰ ਪਤਾ ਲੱਗੇ ਕਿ ਇਹ ਕੋਈ ਹਰਮਨਪਿਆਰੀ ਐਲਬਮ ਹੈ। ਅਸੀਂ ਕੁਝ ਖਰੀਦੇ ਵੀ ਤੇ ਪਸੰਦ ਵੀ ਕੀਤਾ, ਪਰ ਆਖਰ ਸੱਠਾਂ ਦਾ ਪਟਾਕਾ ਅੱਸੀਆਂ ਵਿਚ ਕਦੋਂ ਤੱਕ ਚਲਦਾ! ਇਹ ਡਿਸਕੋ ਦਾ ਜ਼ਮਾਨਾ ਸੀ- ਰਫੀ ਸਾਹਿਬ ਦੇ ਸੁਹਜ-ਸੁਰ ਵਿਚ ਵਾਰਬਰਟਨੀ ਦੇ ਪ੍ਰੇਮ-ਵਿਛੋੜੇ ਵਾਲੇ ਗੀਤਾਂ ਦਾ ਨਹੀਂ।

ਵਾਇਲਿਨ ਸਾਰੇ ਸਾਜ਼ਾਂ ਵਿਚੋਂ ਮੁਸ਼ਕਿਲ ਤੇ ਸੰਵੇਦਨਸ਼ੀਲ਼ ਸਾਜ਼ ਹੁੰਦਾ ਹੈ ਜਿਸ ਉਪਰ ਸੁਰਾਂ ਦਾ ਟਿਕਾਣਾ ਨਿਸਚਿਤ ਨਹੀਂ ਬਲਕਿ ਸਾਜ਼ਿੰਦੇ ਦੀ ਸੁਰ-ਸਮਝ ਨਾਲ ਧੁੰਨ ਵਜਾਈ ਜਾਂਦੀ ਹੈ। ਮੈਨੂੰ ਉਤਨੀ ਸੁਰ-ਸਮਝ ਨਾ ਉਦੋਂ ਸੀ ਨਾ ਕਈ ਸਾਲ ਸਿੱਖਣ ‘ਤੇ ਹੀ ਆਈ! ਫਿਰ ਵੀ ਆਪਣੀ ਧੁੰਨ ਵਿਚ ਮਸਤ ਮੈਂ ਇਹ ਸਾਜ਼ ਤੇ ਫਿਰ ਤਬਲਾ ਵੀ ਸਿੱਖਣ ਦੀ ਕੋਸ਼ਿਸ਼ ਕੀਤੀ। ਕਈ ਸਾਲ ਅਭਿਆਸ ਨਾਲ ਕੁੱਝ ਨਾ ਕੁਝ ਸਿੱਖਿਆ ਵੀ ਪਰ ਫਿਰ ਮਹਿਸੂਸ ਹੋਇਆ ਕਿ ਮੇਰੀ ਮੰਜ਼ਿਲ ਸੰਗੀਤਵਾਦਕ ਬਣਨਾ ਨਹੀਂ ਹੈ।ਫਿਰ ਵੀ ਉਨ੍ਹਾਂ ਦਿਨਾਂ ਵਿਚ ਕੀਤੇ ਅਭਿਆਸ ਸਕਦਾ ਮੈਂ ਇਤਨਾ ਸਿੱਖ ਲਿਆ ਸੀ ਕਿ ਕਾਲਜ ਦੇ ਸਲਾਨਾ ਸਭਿਆਚਾਰਕ ਸਮਾਗਮ ਵਿਚ ਵਾਇਲਿਨ ਉਪਰ ਇਕ ਹਿੰਦੀ ਗਾਣੇ ਦੀ ਤਰਜ ਮੈਂ ਸੇਟਜ ‘ਤੇ ਪੇਸ਼ ਕੀਤੀ, ਜਿਸ ਦਾ ਭਰਵਾਂ ਸੁਆਗਤ ਹੋਇਆ। ਬਲਕਿ ਸਿਧਾਰਥ ਨੂੰ ਤਾਂ ਮੌਕਾ ਮਿਲ ਗਿਆ ਜਦੋਂ ਉਸ ਨੇ ਕਿਸੇ ਨਵੇਂ ਦੋਸਤ ਨਾਲ ਮੇਰਾ ਤਾਅਰਫ ‘ਵਾਇਲਿਨ ਵਾਦਕ’ ਕਹਿ ਕੇ ਕਰਵਾਉਣਾ ਸ਼ੁਰੂ ਕਰ ਦਿੱਤਾ, ਕਿਉਕਿ ਮੈਂ ਅਜੇ ਮਹਿਜ਼ ਕਲਾ-ਵਿਦਿਆਰਥੀ ਸਾਂ ‘ਕਲਾਕਾਰ’ ਨਹੀਂ।

ਖੈਰ, ਪ੍ਰਿਥਵੀਰਾਜ ਦੀ ਸੋਹਬਤ ਵਿਚ ਬਹੁਤ ਸਾਰੀਆਂ ਸੰਗੀਤਕ ਗਤੀਵਿਧੀਆਂ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਨ੍ਹਾਂ ਵਿਚੋਂ ਸਭ ਤੋਂ ਵੱਧ ਯਾਦਗਾਰ ਹੈ ਪਾਕਿਸਤਾਨ ਤੋਂ ਗ਼ਜ਼ਲ ਦੀ ਮੱਲਿਕਾ ਮਲਕਾ ਪੁਖਰਾਜ ਨਾਲ ਮਹਿਫਲ। ਪੁਖਰਾਜ ਆਪਣੀ ਗਾਇਕ ਧੀ ਤਾਹਿਰਾ ਸਈਅਦ, ਜਵਾਈ, ਅਤੇ ਸੰਗੀਤ ਨਿਰਦੇਸ਼ਕ ਕਾਲੇ ਖਾਂ ਨਾਲ ਆਪਣੇ ਇਕ ਅਮੀਰ ਸਿੱਖ ਮੁਰੀਦ ਦੀ ਦਾਅਵਤ ‘ਤੇ ਚੰਡੀਗੜ ਵਿਚ ਗ਼ਜ਼ਲ ਸਮਾਗਮ ਕਰਨ ਆਈ ਸੀ। ਮੈਨੂੰ ਉਸ ਜਜਮਾਨ ਸਰਦਾਰ ਦਾ ਨਾਂ ਯਾਦ ਨਹੀਂ ਪਰ ਉਸ ਦਾ ਮੱਲਿਕਾ ਪੁਖਰਾਜ ਮੂਹਰੇ ਵਿਸ਼-ਵਿਸ਼ ਜਾਣਾ ਤੇ ਉਸ ਦੇ ਬੁਢੜੇ ਹੱਥ ਚੁੰਮਣ ਲਈ ਲਿਲਕੜੀਆਂ ਕੱਢਣਾ ਨਹੀਂ ਭੁੱਲਦਾ। ਉਸਨੇ ਆਪਣੀ ਕੋਠੀ ਵਿਚ ਹੀ ਉਨ੍ਹਾਂ ਨੂੰ ਠਹਿਰਾਇਆ ਸੀ ਪਰ ਮੁੱਖ ਮਹਿਮਾਨ ਅਤੇ ਜਜਮਾਨ ਦਾ ਰਿਸ਼ਤਾ ਜ਼ਿੱਲੇ-ਇਲਾਹੀ ਤੇ ਖਾਦਮ ਵਰਗਾ ਸੀ, ਮੇਰਾ ਤਾਂ ਹਾਸਾ ਨਿਕਲਦਾ ਬਚਿਆ। ਅਸਲੀ ਸਮਾਗਮ ਤਾਂ ਅਗਲੇ ਦਿਨ ਟੈਗੋਰ ਥੀਏਟਰ ਵਿਚ ਹੋਣਾ ਸੀ, ਪਰ ਅਭਿਆਸ ਲਈ ਸ਼ਾਮ ਨੂੰ ਉਸ ਦੀ ਕੋਠੀ ਵਿਚ ਮਹਿਫਲ ਲੱਗੀ ਸੀ। ਪ੍ਰਿਥਵੀਰਾਜ ਨੂੰ ਹਾਰਮੋਨੀਅਮ ਵਾਦਕ ਦੇ ਤੌਰ ‘ਤੇ ਬੁਲਾਇਆ ਗਿਆ ਸੀ ਤੇ ਉਹ ਮੈਨੂੰ ਤੇ ਇਕ ਹੋਰ ਚੇਲੇ ਨੂੰ ਨਾਲ ਲੈ ਗਏ। ਕੋਈ ਸ਼ੱਕ ਨਹੀਂ ਪ੍ਰਿਥਵੀਰਾਜ ਕਮਾਲ ਦਾ ਸੰਗੀਤ-ਮਾਹਰ ਸੀ ਜੋ ਮਲਕਾ ਪੁਖਰਾਜ ਅਤੇ ਤਾਹਿਰਾ ਸੱਈਅਦ ਦੀਆਂ ਸੰਗੀਤਮਈ ਸੁਰਾਂ ਦਾ ਸਾਥ ਆਪਣੇ ਹਾਰਮੌਨੀਅਮ ਦੀਆਂ ਧੁਨਾਂ ਨਾਲ ਦੇਣ ਵਿਚ ਸਭ ਨੂੰ ਕਾਇਲ ਕਰ ਰਿਹਾ ਸੀ। ਸਥਾਨਕ ਸਾਜ਼ਿੰਦਿਆਂ ਵਿਚੋਂ ਤਬਲਾ ਵਾਦਕ ਗੋਲਾਪ ਜੀ, ਜੋ ਸ਼ਾਇਦ ਕੁੜੀਆਂ ਦੇ ਸਰਕਾਰੀ ਕਾਲਜ ਵਿਚ ਸੰਗੀਤ ਅਧਿਆਪਕ ਸਨ ਅਤੇ ਸਿਤਾਰ ਵਾਦਕ ਇਕ ਸਰਦਾਰ ਜੀ ਸਨ ਜਿਨ੍ਹਾਂ ਦਾ ਨਾਂ ਭੁੱਲ ਗਿਆ, ਨੂੰ ਚੁਣਿਆ ਗਿਆ ਸੀ। ਸਰਦਾਰ ਜੀ ਨੂੰ ਸ਼ਿਕਾਇਤ ਸੀ ਕਿ ਉਨ੍ਹਾਂ ਦੇ ਅਤਿ ਮਹਿੰਗੇ ਹਰਮੋਨੀਅਮ ਦੇ ਮੁਕਾਬਲੇ ਪੁਖਰਾਜ ਨੇ ਪ੍ਰਿਥਵੀਰਾਜ ਦਾ ਪੁਰਾਣਾ ਜਿਹਾ ਹਾਰਮੋਨੀਅਮ ਵਧੇਰੇ ਪਸੰਦ ਕੀਤਾ ਸੀ ਤੇ ਪ੍ਰਿਥਵੀਰਾਜ ਆਪਣੇ ਸਾਜ਼ ਬਾਰੇ ਮਾਣ ਨਾਲ ਅੰਦਰੇ-ਅੰਦਰ ਬਾਗੋ-ਬਾਗ ਸਨ।

1984 ਵਿਚ ਡਿਗਰੀ ਕਰਨ ਤੋਂ ਬਾਅਦ ਆਪਣੇ ਇਸ ਸ਼ੌਂਕ ਨੂੰ ਅੱਗੇ ਵਧਾਉਣ ਦਾ ਕਦੇ ਮੌਕਾ ਨਾ ਮਿਲਿਆ, ਸਮਾ ਹੀ ਨਹੀਂ ਸੀ। ਇਕ ਬਹੁਤ ਲੰਬਾ ਅਰਸਾ ਇਹ ਵਾਇਲਿਨ ਮਲੋਟ ਪਈ ਰਹੀ, ਫਿਰ ਫਰੀਦਕੋਟ ਲਿਆਂਦੀ ਗਈ, ਜਿਥੋਂ ਕੁਝ ਸਾਲ ਹੀ ਪਹਿਲਾਂ ਮੈਂ ਲੰਡਨ ਚੁੱਕ ਲਿਆਇਆ, ਕਿਉਂਕਿ ਮੇਰੀ ਬੇਟੀ ਹੁਣ ਇਸ ਸਾਜ਼ ਨੂੰ ਗੰਭੀਰਤਾ ਨਾਲ ਸਿੱਖ ਰਹੀ ਹੈ। ਮੈਂ ਸੋਚਿਆ ਸ਼ਾਇਦ ਉਸ ਦੇ ਕੰਮ ਆ ਜਾਵੇ!

ਸਿਨਮਾ-ਕਲਾ

ਸਾਹਿਤ, ਸੰਗੀਤ, ਨਾਟਕ ਤੋਂ ਇਲਾਵਾ ਅੰਤਰਰਾਸ਼ਟਰੀ ਮਿਆਰ ਦੀਆਂ ਸਿਰਜਣਾਤਮਕ ਫਿਲ਼ਮਾਂ ਨਾਲ ਜਾਣ-ਪਛਾਣ ਵੀ ਚੰਡੀਗੜ੍ਹ ਆਉਣ ਵਾਲੇ ਪਹਿਲੇ ਸਾਲਾਂ ਵਿਚ ਹੀ ਹੋ ਗਈ। ਮੈਨੂੰ ਯਾਦ ਹੈ ਸ਼ਿਆਮ ਬੈਨੇਗਲ ਦੀ ਅੰਕੁਰ ਤੋਂ ਬਾਅਦ ਰਿਤਵੀ ਘਟਕ ਦੀ ਮੇਘਾ ਢਕੇ ਤਾਰਾ, ਸੱਤਿਆਜੀਤ ਰੇ ਦੀਆਂ ਪਾਥੇਰ ਪੰਚਾਲੀ, ਅਪਰਾਜਤੋ, ਚਾਰੂਲਤਾ, ਸ਼ਤਰੰਜ ਕੇ ਖਿਲਾੜੀ ਅਦਿ ਦੇ ਨਾਲ ਮਿਰਣਨਾਲ ਸੇਨ ਤੇ ਹੋਰ ਸੰਵੇਦਨਸ਼ੀਲ ਨਰਿਦੇਸ਼ਕਾਂ ਦੀਆਂ ਫਿਲਮਾਂ ਵੇਖਣ ਤੋਂ ਬਾਅਦ ਵਪਾਰਕ ਮੁੰਬਈਆਂ ਫਿਲਮਾਂ ਵੱਲ ਮੇਰਾ ਧਿਆਨ ਹਮੇਸ਼ਾਂ ਲਈ ਹੱਟ ਗਿਆ। ਹੁਣ ਵੀ ਕਦੇ ਵੇਖਦਾ ਹਾਂ ਤਾਂ ਬਸ ਕਦੇ ਕਦਾਈਂ ਹੋਰ ਕੰਮਾਂ ਤੋਂ ਧਿਆਨ ਹਟਾਉਣ ਲਈ। ਹਾਂ, ‘ਬੰਬਈਆ’ ਫਿਲਮਾਂ ਵਿਚ ਵੀ ਗੁਰੂ ਦੱਤ ਦੀਆਂ ਪਿਆਸਾ ਅਤੇ ਸਾਹਿਬ ਬੀਵੀ ਔਰ ਗ਼ੁਲਾਮ, ਵਿਚ ਕਮਾਲ ਦੇ ਯਦਾਰਥਵਾਦ ਨੇ ਕਾਇਲ ਕਰ ਦਿੱਤਾ।

ਇਨ੍ਹਾਂ ਦਿਨਾਂ ਵਿਚ ਹੀ ਅਸੀਂ ਕੁਝ ਦੋਸਤਾਂ ਨਾਲ ਮਿਲ ਕੇ ਕਾਲਜ ਵਿਚ ਵਧੀਆ ਫਿਲਮਾਂ ਵਿਖਾੳਣ ਦਾ ਸਿਲਸਿਲਾ ਆਰੰਭਿਆ। ਸ਼ਾਇਦ ਦੀਵਾਨ ਮਾਨਾ ਉਦੋਂ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ ਤੇ ਮੈਂ ਆਪਣੀ ਜਮਾਤ ਦਾ ਨੁਮਾਇੰਦਾ। ਇਸੇ ਹੈਸੀਅਤ ਵਿਚ ਅਸੀਂ ਕੁੱਝ ਅਜਿਹੀਆਂ ਅਦੁੱਤੀਆਂ ਫਿਲਮਾਂ ਸਕਰੀਨ ਕੀਤੀਆਂ ਜੋ ਸ਼ਾਇਦ ਹੁਣ ਕਦੇ ਵੀ ਨਾ ਮਿਲ ਸਕਣ! ਇਹ ਸਨ ਦਸਤਾਵੇਜ਼ੀ ਫਿਮਲ ਨਿਰਦੇਸ਼ਕ ਐਸ. ਸੁਖਦੇਵ ਦੀਆਂ ਫਿਲਮਾਂ, ਜਿਨ੍ਹਾਂ ਵਿਚੋਂ ਉਸ ਦੀ ਫਿਲਮ ‘ਖਿਲੋਨੇ ਵਾਲਾ’ ਮੇਰੇ ਮਨ ਦੇ ਪਰਦੇ ‘ਤੇ ਸਦੀਵੀ ਉਕਰ ਗਈ। ਇਸ ਫਿਲਮ ਦਾ ਕੇਂਦਰੀ ਕਿਰਦਾਰ ਉਹ ਆਪ ਸੁਖਦੇਵ, ਜੋ ਖਿਡੌਣੇ ਵੇਚਣ ਵਾਲਾ ਹੈ ਤੇ ਗਲੀਆਂ ਵਿਚ ਫਿਰ-ਫਿਰ ਕੇ ਇਕ ਗੀਤ ਗਾ ਕੇ ਬਚਿਆਂ ਨੂੰ ਖਿਡੌਣੇ ਵੇਚਦਾ ਹੈ। ਉਸ ਗੀਤ ਦਰਮਿਆਨ ਫਿਰ ਦੂਸਰਾ ਕਿਰਦਾਰ (ਸ਼ਾਇਦ ਓਮਪੁਰੀ ਜਾਂ ਅਮਰੀਸ਼ ਪੁਰੀ) ਉਭਰਦਾ ਹੈ, ਜੋ ਚਾਕੂ ਦੀ ਨੋਕ ‘ਤੇ ਉਸ ਨੂੰ ਉਸ ਦਾ ਧਰਮ ਪੁਛਦਾ ਹੈ। ਖਿਡੌਣੇ ਵੇਚਣ ਵਾਲਾ ਆਪਣਾ ਧਰਮ ਸਿਰਫ ‘ਖਿਲੌਨੇ ਵਾਲਾ’ ਦਸਣ ਤੋਂ ਇਲਾਵਾ ਹੋਰ ਕੁੱਝ ਕਹਿਣ ਤੋਂ ਅਸਮਰਥ ਹੋ ਜਾਣ ਦੀ ਹਾਲਤ ਵਿਚ ਖਿਡੌਣੇ ਖਰੀਦਣ ਆਏ ਬੱਚੇ ਖਿਡੌਣੇ ਵਾਲੇ ਦੀ ਛਾਤੀ ਖੁੱਬਿਆ ਚਾਕੂ ਵੇਖਦੇ ਹਨ ਤੇ ਡੌਰ-ਭੋਰ ਹਨ। ਪਰਦੇ ਉਪਰ ਉਪਰੋਂ ਹੇਠਾਂ ਵਗਦੀਆਂ ਲਹੂ ਦੀਆਂ ਧਾਰਾਂ ਨਾਲ ਗੀਤ ਦੀ ਆਵਾਜ਼ ਮੱਧਮ ਪੈਂਦੀ ਹੈ ਤੇ ਗੀਤ ਦੇ ਨਾਲ ਫਿਲਮ ਵੀ ਮੁੱਕ ਜਾਂਦੀ ਹੈ। ਇਹ ਦਸਤਾਵੇਜ਼ੀ ਫਿਲਮਾਂ ਕਿਸੇ ਵੇਲੇ ਸਰਕਾਰੀ ਵਿਭਾਗ ‘ਫਿਲਮ ਡਿਵੀਜ਼ਨ’ ਦੀ ਮਲਕੀਅਤ ਸਨ। ਉਦੋਂ ਵਰਿਆਮ ਮਸਤ ਇਨ੍ਹਾਂ ਦਾ ਇਨਚਾਰਜ ਹੁੰਦਾ ਸੀ, ਜਿਸ ਕੋਲੋਂ ਇਹ ਫਿਲਮਾਂ ਅਸੀਂ ਲਿਆ ਕੇ ਚਲਾਉਂਦੇ ਸਾਂ। ਹੁਣ ਵਰਿਆਮ ਮਸਤ ਨੂੰ ਵੀ ਨਹੀਂ ਪਤਾ ਕਿ ਉਹ ਸਭ ਖਜ਼ਾਨਾ ਕਿੱਥੇ ਗਿਆ। ਕਹਿੰਦੇ ਹਨ ਕਿ ਉਸ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਨੇ ਉਹ ਵਿਭਾਗ ਹੀ ਬੰਦ ਕਰਕੇ ਸਭ ਕੁੱਝ ਕਿਸੇ ਖੂਹ-ਖਾਤੇ ਪਾ ਦਿੱਤਾ ਹੈ।

45 ਸਾਲ ਦੀ ਉਮਰ ਵਿਚ ਹੀ ਹੋਣਹਾਰ ਦਸਤਾਵੇਜ਼ੀ ਫਿਲਮ ਨਿਰਦੇਸ਼ਕ ਐਸ. ਸੁਖਦੇਵ ਨੇ ਵੀ ਗੁਰੂਦੱਤ ਵਾਂਗ ਆਤਮ ਹੱਤਿਆ ਕਰ ਲਈ ਸੀ!

ਫਿਰ ਲਾਲੀ ਜੀ ਸੰਗਤ ਆਉਣ ਤੋਂ ਬਾਅਦ ਤਾਂ ਸਾਰੀ ਦੁਨੀਆਂ ਦੀਆਂ ਬੇਹਤਰੀਨ ਫਿਲਮਾਂ ਬਾਰੇ ਜਾਣਕਾਰੀ ਹੋਣ ਲੱਗੀ ਸੀ।

ਲੱਚਰ ਚੰਡੀਗੜ੍ਹ

ਪਰ ਸਾਰੇ ਤਜਰਬੇ ਕਲਾਤਮਕ ਹੀ ਨਹੀਂ ਸਨ। ਮੁੰਡਿਆਂ ਵੱਲੋਂ ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ, ਭੱਦੀਆਂ ਤੇ ਲੱਚਰ ਟਿਪਣੀਆਂ ਕਰਨ ਤੋਂ ਇਲਾਵਾ ਕਈ ਵਾਰ ਸ਼ਰੀਰਕ ਤੌਰ ਤੇ ਹੱਥ ਪਾਉਣ ਦੀ ਕੋਸ਼ਿਸ਼ ਕਰਨ ਵਰਗੀ ਬੇਹੂਦਾ ਤੇ ਅਸੱਭਿਅਕ ਜੁਅਰਤ ਚੰਡੀਗੜ ਵਿਚ ਸਭ ਤੋਂ ਪਹਿਲਾਂ ਮੇਰੇ ਵੇਖਣ ਵਿਚ ਆਈ। ਹਿੰਸਕ ਗੁੰਡਾਗਰਦੀ ਵੀ ਮੈਂ ਪਹਿਲੇ ਪਹਿਲ ਚੰਡੀਗੜ ਵਿਚ ਹੀ ਵੇਖੀ, ਤੇ ਇਹ ਸਭ ਕੁਝ ਮੇਰੇ ਵਰਗੇ ਛੋਟੇ ਕਸਬਿਆਂ ਤੋਂ ਆਉਣ ਵਾਲਿਆਂ ਲਈ ਕੋਈ ਫਿਲਮੀ ਜਿਹੀ ਗੱਲ ਸੀ।

ਪਹਿਲਾ ਤਜੁਰਬਾ ਸੈਕਟਰ 10 ਵਾਲੇ ਹੋਸਟਲ ਵਿਚ ਰਹਿੰਦਿਆਂ, ਪਹਿਲੇ ਸਾਲ ਹੀ ਹੋਇਆ ਸੀ। ਹੋਸਟਲ ਦੇ ਬਿਲਕੁਲ ਸਾਹਮਣੇ ਸਕੇਟਿੰਗ ਰਿੰਕ (ਪਹੀਆਂ ਵਾਲੇ ਬੂਟਾਂ ਉਪਰ ਰੁੜ੍ਹਨ ਵਾਲੀ ਖੇਡ ਦਾ ਸਟੇਡੀਅਮ) ਸੀ। ਖੇਡਾਂ ਵਿਚ ਮੇਰਾ ਅਕਸਰ ਰੁਝਾਨ ਨਹੀਂ ਰਿਹਾ ਹੈ ਪਰ ਮੈਨੂੰ ਇਹ ਖੇਡ ਬੜੀ ਰੋਚਕ ਤੇ ਵਿਲੱਖਣ ਜਾਪੀ। ਮੈਂ ਸਕੇਟਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਸਕੇਟ ਵੀ ਆਪਣੇ ਖਰੀਦੇ। ਕੁੱਝ ਅਰਸੇ ਵਿਚ ਮੈਂ ਚੰਗਾ ਸਿੱਖ ਗਿਆ। ਇਸ ਰਿੰਕ ਦਾ ਕੋਚ ਇਕ ਮੱਧਰਾ ਜਿਹਾ ਸਰਦਾਰ ਸਾਹਿਬ ਸੀ ਜਿਸ ਦਾ ਨਾਂ ਭੁੱਲ ਗਿਆ, ਫੀਸ ਭਰ ਕੇ ਸਿੱਖਣ ਆਏ ਲੋਕਾਂ ਨੂੰ ਸਿਖਾਉਣਾ ਉਸ ਦਾ ਫਰਜ਼ ਸੀ ਪਰ ਉਹ ਅਕਸਰ ਆਪਣੇ ਦਫਤਰ ਵਿਚ ਹੀ ਬੈਠਾ ਰਹਿੰਦਾ ਜਦੋ ਕਦੇ ਆਇਆ ਹੁੰਦਾ, ਪਰ ਜੇ ਕੋਈ ਸੁਹਣੀ ਜਿਹੀ ਔਰਤ ਸਿੱਖਣ ਆਈ ਹੁੰਦੀ ਤਾਂ ਆਪਣੇ ਸਕੇਟ ਪਾ ਕੇ ਭੱਜ ਕੇ ਬਾਹਰ ਆ ਜਾਂਦਾ ਤੇ ਉਸ ਨੂੰ ਫੜ-ਫੜ ਕੇ ਸਿਖਾਉਂਦਾ! ਮੈਨੂੰ ਨਹੀਂ ਚੇਤਾ ਮੈਨੂੰ ਉਸ ਨੇ ਕਦੇ ਸਿਖਾਇਆ ਹੋਵੇ, ਹਾਂ ਰਿੰਕ ਵਿਚ ਰੋਜ਼ਾਨਾ ਆਉਂਦੇ ਮੁੰਡਿਆਂ ਨੇ ਮੈਨੂੰ ਸਿੱਖਣ ਲਈ ਯਤਨਸ਼ੀਲ਼ ਵੇਖ ਕੇ ਮੇਰੀ ਮਦਦ ਜ਼ਰੂਰ ਕੀਤੀ।

ਚੰਡੀਗੜ੍ਹ ਦੀ ਸਕੇਟਿੰਗ ਹਾਕੀ ਦੀ ਆਪਣੀ ਟੀਮ ਸੀ, ਜਿਸ ਵਿਚ ਬਹੁਤੇ ਨਸ਼ੇੜੀ ਜਿਹੇ ਫੁਕਰੇ ਮੁੰਡੇ ਹੀ ਭਰਤੀ ਸਨ। ਇਕ ਵਾਰ ਅੰਤਰਰਾਸ਼ਟਰੀ ਮੈਚ ਵਿਚ ਜਪਾਨ ਦੀ ਟੀਮ ਹੱਥੋਂ ਉਹ ਸ਼ਇਦ 30-40 ਗੋਲ਼ਾਂ ਨਾਲ ਹਾਰੇ ਸਨ! ਖੈਰ, ਇਕ ਦਿਨ ਸ਼ਾਮ ਦੀ ਕਲਾਸ ਦੇ ਵਕਤ ਕੁਝ ਨਸ਼ੇੜੀ ਜਿਹੇ ਬਦਮਾਸ਼ ਛੋਹਰ ਹੱਥਾਂ ਵਿਚ ਚਾਕੂ ਲਈ ਰਿੰਕ ਵਿਚ ਪਹੁੰਚ ਗਏ ਤੇ ‘ਟੀਮ’ ਵਿਚੋਂ ਇਕ ਨੂੰ ਘੇਰ ਲਿਆ। ਮਸਲਾ ਪਤਾ ਨਹੀਂ ਕੀ ਸੀ, ਪਰ ਜਦੋਂ ਇਕ ਬਹੁਤ ਹੀ ਸ਼ਰੀਫ ਜਿਹੇ ਨੌਜਵਾਨ ਆਦਮੀ, ਜੋ ਖੁਦ ਸਕੇਟਿੰਗ ਸਿੱਖਣ ਆਉਂਦਾ ਸੀ, ਨੇ ਮਾਮਲੇ ਵਿਚ ਪੈਣਾ ਚਾਹਿਆ ਤਾਂ ਤਲਵਾਰ ਨੁਮਾ ਛੁਰੇ ਵਾਲੇ ਗੁੰਡਿਆਂ ਦੇ ਸਰਦਾਰ ਨੇ ਉਸੇ ਨੂੰ ਘੇਰ ਲਿਆ ਤੇ ਉਸ ਨੇ ਉਸ ਨੂੰ ਆਪਣੀ ਘੜੀ ਉਤਾਰਨ ਲਈ ਕਹਿੰਦਿਆਂ ਉਸ ਦੇ ਗੁੱਟ ਤੇ ਛੁਰੇ ਦੀ ਹਲਕੀ ਚੋਟ ਵੀ ਕਰਨ ਲੱਗਿਆ। ਉਸ ਦੀ ਬਾਂਹ ਵਿਚੋਂ ਖੂਨ ਸਿੱਮਣ ਲੱਗ ਪਿਆ ਸੀ ਜਦੋ ਉਸ ਨੇ ਘੜੀ ਲਾਹ ਕੇ ਫੜਾ ਦਿੱਤੀ ਤੇ ਆਪ ਰਿੰਕ ਦੇ ਦੂਸਰੇ ਕੋਨੇ ਵੱਲ ਭੱਜ ਗਿਆ। ਰਿੰਕ ਵਿਚ ਮੌਜੂਦ 20-25 ਜਣੇ ਸਹਿਮੇ ਜਿਹੇ ਮੂਕ ਤਮਾਸ਼ਾ ਵੇਖ ਰਹੇ ਸਨ। ਇਸ ਤੋਂ ਬਾਅਦ ਉਹ ਗੁੰਡੇ ਜਿਸ ਮੁੰਡੇ ਨਾਲ ਸਿੱਝਣ ਅਏ ਸਨ ਉਸ ਨੂੰ ਅਗਵਾਹ ਕਰਨ ਵਾਲੇ ਅੰਦਾਜ਼ ਵਿਚ ਇਕ ਆਟੋ-ਰਿਕਸ਼ੇ ਉਪਰ ਨਾਲ ਲੈ ਗਏ! ਕਦੇ ਨਹੀਂ ਪਤਾ ਲੱਗਾ ਕਿ ਉਸ ਜੁਰਮ ਦੀ ਕੋਈ ਤਫਤੀਸ਼ ਹੋਈ ਜਾਂ ਨਹੀਂ!

ਹੋਸਟਲਾਂ ਵਿਚ ਕਈ ਸਰਦਾਰਾਂ ਦੇ ਕਾਕੇ ਵੀ ਰਹਿੰਦੇ ਸਨ। ਇਹ ਅਕਸਰ ਕਿਸੇ ਨਾ ਕਿਸੇ ਤਰਾਂ ਦੀ ਗੁੰਡਾਗਰਦੀ, ਗੈਂਗਸਟਰਬਾਜ਼ੀ ਵਿਚ ਸ਼ਾਮਿਲ ਹੁੰਦੇ ਰਹਿੰਦੇ ਸਨ। ਕਈ ਵਾਰ ਜਿਸਮ ਫਿਰੋਸ਼ ਕੁੜੀਆਂ ਵੀ ਹੋਸਟਲ ਵਿਚ ਲਿਆਉਂਦੇ ਸਨ। ਤਕਰੀਬਨ ਸਾਰੇ ਹੋਸਟਲਾਂ ਵਿਚ ਅਜਿਹੇ ਹਾਲਾਤ ਵੇਖੇ ਸਨ। 12 ਸੈਕਟਰ ਦੇ ਹੋਸਟਲ ਵਿਚ ਇਕ ਵਾਰ ਮੇਰੇ ਨਾਲ ਦੇ ਹੀ ਕਮਰੇ ਵਿਚ ਰਹਿੰਦੇ ਸਰਦਾਰੜੇ ਨੂੰ ਲਲਕਾਰਦਾ ਇਕ ਧੜਾ ਇਕ ਕਾਰ ਵਿਚ ਆ ਧਮਕਿਆ। ਉਨ੍ਹਾਂ ਇਕ ਇੱਟ ਚਲਾਈ ਜੋ ਮੇਰੀ ਖਿੜਕੀ ਦਾ ਸ਼ੀਸ਼ਾ ਤੋੜਦੀ ਅੰਦਰ ਆ ਡਿੱਗੀ। ਮੈਂ ਖੜਕਾ ਸੁਣ ਕੇ ਮੈਂ ਦਰਵਾਜ਼ਾ ਖੋਲਿਆ ਤਾਂ ਵੇਖਿਆ ਉਨ੍ਹਾਂ ਚੋਂ ਇਕ ਕੋਲ ਪਿਸਟਲ ਜਾਂ ਰਿਵੋਲਵਰ ਸੀ, ਜੋ ਉਸ ਨੇ ਨਾਲ ਦੇ ਕਮਰੇ ਵੱਲ ਸਿੱਧਾ ਕੀਤਾ ਹੋਇਆ ਸੀ। ਖੈਰ, ਉਨ੍ਹਾਂ ਨੇ ਮੈਨੂੰ ਕੁੱਝ ਨਹੀਂ ਕਿਹਾ, ਬਲਕਿ ‘ਗਲਤੀ’ ਹੋ ਜਾਣ ਦੀ ਮੁਆਫੀ ਮੰਗੀ। ਪਰ ਨਾਲ ਦੇ ਲਈ ਧਮਕੀ ਛੱਡ ਗਏ। ਉਹ ਵੇਖ ਕੇ ਵਾਪਸ ਮੁੜ ਗਏ ਕਿ ਉਨ੍ਹਾਂ ਦਾ ਸ਼ਿਕਾਰ ਮੌਜੂਦ ਨਹੀਂ ਹੈ। ਸ਼ਾਇਦ ਸ਼ਿਕਾਰ ਨੂੰ ਖਬਰ ਹੋ ਗਈ ਸੀ ਜਾਂ ਕਿਸੇ ਕਾਰੇ ਤੋਂ ਬਾਅਦ ਉਸ ਨੂੰ ਉਮੀਦ ਹੀ ਹੋਵੇਗੀ ਕਿ ਹੁਣ ਅਗਲੇ ਬਹੁੜਨਗੇ! ਉਹ ਮੁੰਡਾ ਕਈ ਮਹੀਨੇ ਗਾਇਬ ਰਹਿਣ ਤੋਂ ਬਾਅਦ ਆ ਗਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਗੈਂਗ ਨੇ ਵਿਰੋਧੀ ਗੈਂਗ ਦੇ ਕਿਸੇ ਮੈਂਬਰ ਨੂੰ ਖੜਕਾਇਆ ਸੀ। ਇਕ ਦਿਨ ਉਹ ਆਪਣੀ ਕਾਰ ਵਿਚ ਦਿਨ-ਦਿਹਾੜੇ ਇਕ ਕੁੜੀ ਲਿਆਇਆ ਤੇ ਆਉਣ ਸਾਰ ਆਪਣੇ ਨਾਲ ਦੇ ਚੇਲੇ ਨੂੰ ਕਹਿੰਦਾ ਕਿ ਉਨ੍ਹਾਂ ਦੇ ਕਮਰੇ ਨੂੰ ਬਹਾਰੋਂ ਤਾਲਾ ਲਾ ਦੇਵੇ। ਚੇਲਾ ਸਮਝ ਗਿਆ ਪਰ ਨਾਲ ਹੀ ਉਸ ਤੋਂ ਬਾਅਦ ਆਪਣੀ ‘ਵਾਰੀ ਲਾਉਣ’ ਲਈ ਲੇਲ੍ਹੜੀਆਂ ਜਿਹੀਆਂ ਵੀ ਕਢਦਾ ਵੇਖਿਆ! ਪਤਾ ਨਹੀਂ ਉਸ ਦਾ ਸੂਤ ਲੱਗਾ ਕਿ ਨਹੀਂ।

ਇਸੇ ਤਰਾਂ ਸੇਕਟਰ 15 ਵਾਲੇ ਹੋਸਟਲ ਦਾ ਕਿੱਸਾ ਇਸ ਤੋਂ ਵੀ ਸੰਗੀਨ ਹੈ। ਸੰਨ 1982-83 ਸੀ। ਮੈਂ ਉਸ ਸਮੇ ਖੁਦ ਹੋਸਟਲ ਵਿਚ ਨਹੀਂ ਸਾਂ, ਹੁਣ ਯਾਦ ਨਹੀਂ ਕਿੱਥੇ ਸੀ। ਮਗਰੋਂ ਸੁਣਿਆਂ ਕਿ ਹੋਸਟਲ ਵਿਚ ਇਕ ਗੁੰਡੇ ਨੇ ‘ਡਾਕਾ’ ਮਾਰਿਆ ਹੈ। ਗੱਲ ਇਸ ਤਰਾਂ ਹੋਈ ਕਿ ਮੇਰੇ ਨਾਲ ਪੜ੍ਹਦੇ ਮੁੰਡੇ ਭਾਰਤ ਬੇਦੀ, ਜੋ ਲੁਧਿਆਣੇ ਤੋਂ ਸੀ, ਕੋਲ ਉਸ ਦਾ ਕੋਈ ਗੈਂਗਸਟਰ ਮਿੱਤਰ ਆਇਆ ਸੀ। ਅਸਲ ਵਿਚ ਮੈਂ ਖੁਦ ਉਨ੍ਹਾਂ ਦੋਨਾਂ ਨੂੰ ਹੋਸਟਲ ਵਿਚ ਇਕੱਠੇ ਵੇਖ ਕੇ ਹੀ ਕਿਤੇ ਬਾਹਰ ਗਿਆ ਸੀ। ਉਸ ਵਕਤ ਮੈਨੂੰ ਹੋਰ ਕੋਈ ਗੱਲ ਖਾਸ ਨਹੀਂ ਲੱਗੀ ਸੀ ਕਿ ਉਹ ਸਧਾਰਨ ਕੱਦ-ਕਾਠ ਪਰ ਗੁੰਡਾ ਟਾਈਪ ਜਿਹਾ ਉਹ 25 ਕੂ ਸਾਲ ਦਾ ਬੰਦਾ, ਸ਼ਾਰਾਬੀ ਜਾਂ ਨਸ਼ੇੜੀ ਲੱਗ ਰਿਹਾ ਸੀ। ਉਹ ਭਾਰਤ ਬੇਦੀ ਦੇ ਕਮਰੇ ਵੱਲ ਚਲੇ ਗਏ ਤੇ ਮੈਂ ਕਿਧਰੇ ਬਾਹਰ ਨਿਕਲ ਗਿਆ। ਮੁੜੇ ਤੋਂ ਪਤਾ ਲੱਗਿਆ ਕਿ ਉਸ ‘ਮਿਤਰ’ ਨੇ ਹੋਸਟਲ ਵਿਚ ਬੜ੍ਹਕਾਂ ਮਾਰੀਆਂ, ਹਰੇਕ ਕਮਰੇ ਦਾ ਗੇੜਾ ਲਾਇਆ ਤੇ ਪਿਸਤੌਲ ਦੀ ਨੋਕ ‘ਤੇ ਜਿਸ ਕਮਰੇ ਚੋਂ ਕੋਈ ਤਸਵੀਰ (ਪੇਂਟਿਂਗ) ਪਸੰਦ ਆਈ, ‘ਪੈਕ’ ਕਰਵਾ ਕੇ ਲੈ ਗਿਆ। ਇਹ ਭਾਰਤ ਬੇਦੀ ਉਸ ਦੇ ਨਾਲ ਨਾਲ ਸੀ, ਜਿਹੜਾ ਮਗਰੋਂ ਕਹਿੰਦਾ ਕਿ ਉਹ ਖੁਦ ਉਸ ਦੀ ਧਮਕੀ ਹੇਠ ਉਸ ਦੀ ਗੱਲ ਮੰਨ ਰਿਹਾ ਸੀ, ਤੇ ਇਹ ਵੀ ਕਿ ਉਹ ਲੁਧਿਆਣੇ ਦਾ ਹੋਣ ਕਰਕੇ, ਜ਼ਬਦਰਸਤੀ ਉਸ ਕੋਲ ਆ ਧਮਕਿਆ ਸੀ। ਮਜ਼ੇਦਾਰ ਗੱਲ ਵੇਖੋ ਅਜ਼ਾਦ ਹਿੰਦੋਸਤਾਨ ਦੇ ਸਭਿਅਕ ਸ਼ਹਿਰ ਦੇ ਡਿਗਰੀ ਹੋਸਟਲ ਵਿਚ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਨਾ ਕੋਈ ਸ਼ਿਕਾਇਤ ਦਰਜ ਕਰਵਾਈ ਗਈ, ਨਾ ਕਾਲਜ ਜਾਂ ਹੋਸਟਲ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਕੀਤੀ। ਪੁਲਸ ਕੋਲ ਰਸਮੀ ਇਤਲਾਹ ਤੱਕ ਨਹੀਂ ਕੀਤੀ ਗਈ। ਘੱਟੋ-ਘੱਟ ਮੈਨੂੰ ਤਾਂ ਯਾਦ ਨਹੀਂ ਕੁਝ ਕੀਤਾ ਗਿਆ। ਜਿਨ੍ਹਾਂ ਦੀਆਂ ਤਸਵੀਰਾਂ ਚੋਰੀ ਹੋਈਆਂ ਉਹ ਬਸ ਮਨ-ਮਸੋਸੇ ਰਹਿ ਗਏ! ਹਲਕਾ ਜਿਹਾ ਯਾਦ ਹੈ ਮੇਰਾ ਇਕ ਦੋਸਤ ਸੁਮੀਤ ਸਿੰਘ ਸੀ ਜੋ ਭਲਾ ਬੰਦਾ ਸੀ। ਉਸ ਨੂੰ ਮੇਰੀ ਇਕ ਤਸਵੀਰ ਬਹੁਤ ਪਸੰਦ ਸੀ ਜੋ ਮੈਂ ਉਸੇ ਨੂੰ ਦੇ ਦਿੱਤੀ ਸੀ। ਉਸ ਦੇ ਕਮਰੇ ‘ਤੇ ਵੀ ਛਾਪਾ ਵੱਜਿਆ ਸੀ ਤੇ ਉਹ ਕੈਨਵਸ ਵੀ ਗੁੰਡੇ ਨੂੰ ਪਸੰਦ ਆ ਗਈ ਸੀ, ਮੈਨੂੰ ਯਾਦ ਤੱਕ ਨਹੀਂ ਤਸਵੀਰ ਕੀ ਸੀ!

ਕਲਾ ਪ੍ਰਦਰਸ਼ਨੀ-ਅੰਮ੍ਰਿਤਸਰ

ਚੰਡੀਗੜ੍ਹ ਵਿਖੇ, ਕਲਾ-ਵਿਦਿਅਰਥੀ ਦੀ ਹੀ ਹੈਸੀਅਤ ਵਿਚ, ਜਦੋਂ ਸਿਰਜਣਾਤਮਕਤਾ ਦੀ ਅਜੇ ਤੱਕ ਕੋਈ ਸੇਧ ਨਹੀਂ ਮਿਲੀ ਸੀ, ਮੈਂ ਜ਼ਿੰਦਗੀ ਦੀ ਪਹਿਲੀ ਗਰੁੱਪ ਕਲਾ ਪ੍ਰਦਰਸ਼ਨੀ ਵਿਚ ਹਿੱਸਾ ਲੈ ਲਿਆ ਸੀ। ਮੇਰੇ ਸਹਿਪਾਠੀ ਦੋਸਤ ਸੰਜੀਵ ਸੋਨੀ, ਗੁਰਮੀਤ ਸਿੰਘ, ਪ੍ਰੀਤਇੰਦਰ ਬਾਜਵਾ, ਜਸਵੰਤ ਤੁੰਗ ਨੇ ਅੰਮ੍ਰਿਤਸਰ ਵਿਚ ‘ਭਾਰਤੀ ਸੂਖਮ ਕਲਾਵਾਂ ਦੀ ਅਕਾਦਮੀ’(ਇੰਡੀਅਨ ਅਕੈਡਮੀ ਔਫ ਫਾਈਨ ਆਰਟ) ਵਿਚ ਪ੍ਰਦਰਸ਼ਨੀ ਦਾ ਪ੍ਰੋਗਰਾਮ ਬਣਾ ਲਿਆ। ਇਹ ਸਭ ਅਸਲ ਵਿਚ ਜਸਵੰਤ ਤੁੰਗ ਦਾ ਕੀਤਾ ਪ੍ਰਬੰਧ ਸੀ। ਉਹ ਅੰਮ੍ਰਿਤਸਰ ਦੇ ਨੇੜੇ ਹੀ ਇਕ ਪਿੰਡ 'ਤੁੰਗ' ਦਾ ਜੰਮਪਲ ਹੀ ਨਹੀਂ ਸੀ, ਬਲਕਿ ਇਸ ਅਕਾਦਮੀ ਦਾ ਪੁਰਾਣਾ ਵਿਦਿਆਰਥੀ ਸੀ ਤੇ ਕਲਾ ਦੀਆਂ ਕਾਫੀ ਬਰੀਕੀਆਂ ਸਿੱਖ ਵੀ ਚੁੱਕਿਆ ਸੀ। ਅਕਾਦਮਿਕ ਕਲਾ ਵਿਚ ਉਸ ਨੂੰ ਕਾਫੀ ਮਹਾਰਤ ਵੀ ਹਾਸਿਲ ਸੀ। ਉੰਜ ਚੰਡੀਗੜ੍ਹ ਦਾ ਸਥਾਨਕ ਬਸ਼ਿੰਦਾ ਗੁਰਮੀਤ ਵੀ ਇਸ ਖੇਤਰ ਵਿਚ ਕਾਫੀ ਅੱਗੇ ਸੀ। ਸੰਜੀਵ ਸੋਨੀ ਵੀ ਚੰਡੀਗੜ੍ਹ ਦਾ ਜੰਮਪਲ ਸੀ ਤੇ ਪ੍ਰਤਿਇੰਦਰ ਬਾਜਵਾ ਸੈਨਿਕ ਸਕੂਲ, ਕਪੂਰਥਲਾ ਦਾ ਪੜ੍ਹਿਆ ਹੋਣ ਕਾਰਨ, ਮੈਂ ਸਮਝਦਾ ਹਾਂ ਇਹ ਸਾਰੇ ਹੀ ਮੇਰੇ ਵਰਗੇ ਪਛੜੇ ਇਲਾਕੇ ਤੋਂ ਆਏ ਨਾਲੋਂ ਵਧੇਰੇ ਦੁਨੀਆਂ ਵੇਖ ਚੁੱਕੇ ਸਨ। ਅਸੀਂ ਜਸਵੰਤ ਤੁੰਗ ਦੇ ਘਰ ਰੁਕੇ। ਜਸਵੰਤ ਦਾ ਅੰਮ੍ਰਿਤਸਰ ਦੀ ਮਸ਼ਹੂਰ ਸ਼ਖਸੀਅਤ ਲੇਖਕ ਮੁਲਕ ਰਾਜ ਆਨੰਦ ਦੇ ਪਰਿਵਾਰ ਕੋਲ ਆਉਣਾ-ਜਾਣਾ ਸੀ। ਮੁਲਕ ਰਾਜ ਦੇ ਸ਼ਾਇਦ ਭਤੀਜੇ ਨਾਲ ਜੋ ਆਪ ਵੀ ਬੁੱਧੀਜੀਵੀ ਸ਼ਖਸੀਅਤ ਸੀ, ਜਸਵੰਤ ਦੇ ਚੰਗੇ ਤਆਲੁਕਾਤ ਸਨ। ਜਿਸ ਕਰਕੇ, ਅਸੀਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ, ਉਨ੍ਹਾਂ ਦੇ ਜੱਦੀ ਘਰ ਵੀ ਗਏ। ਪ੍ਰਦਰਸ਼ਨੀ ਨੂੰ ਬਹੁਤ ਲੋਕ ਵੇਖਣ ਆਏ। ਹੁਣ ਬਹੁਤਾ ਯਾਦ ਨਹੀਂ ਪਰ ਉਹ ਦਿਨ ਰੌਣਕ ਨਾਲ ਨਿਕਲੇ। ਹਾਲਾਂਕਿ ਉਸ ਤੋਂ ਪਹਿਲਾਂ ਪ੍ਰਦਰਸ਼ਨੀ ਦੀ ਤਿਆਰੀ ਕਰਦੇ ਸਮੇ ਅਸੀਂ ਬੜੇ ਤਣਾਅਪੂਰਨ ਮਹੌਲ ਵਿਚ ਰਹੇ ਸਾਂ।ਬਹੁਤ ਖਿਜਦੇ ਸਾਂ।ਬੜੇ ਮੁੱਦਿਆਂ ‘ਤੇ ਇਕ-ਦੂਜੇ ਨਾਲ ਅਸਹਿਮਤ ਹੁੰਦਿਆਂ ਲੜ ਵੀ ਪੈਂਦੇ ਸਾਂ। ਉਸ ਮਹੌਲ ਦੇ ਪ੍ਰਭਾਵ ਹੇਠ ਮੈਂ ਉਸ ਵਾਤਾਰਣ ਨੂੰ ਆਪਣੀ ਇਕ ਕਵਿਤਾ ਦਾ ਵਿਸ਼ਾ ਵੀ ਬਣਾਇਆ:

ਹਫੜਾ-ਦਫੜੀ

ਗਾਲ਼ੀ-ਗਲੋਚ

ਵਢੂੰ-ਵਢੂੰ ਕਰਦੇ

ਬਘਿਆੜਾਂ ਵਾਂਗ

ਦੁੱਖੀ, ਸੱੜੇ-ਭੁੱਜੇ

ਇਕ-ਦੂਜੇ ਵਿਚ ਵਜਦੇ

ਬੁੜ-ਬੁੜ ਜ਼ਿਆਦਾ

ਕੰਮ ਘੱਟ

ਥੱਕੇ-ਥੱਕੇ ਜਿਹੇ

ਰੁਲ਼ੇ-ਖੁਲ਼ੇ ਜਿਹੇ

ਨੀਂਦਰ ਦੇ ਮਾਰੇ

ਖੁੱਲ ਗਏ ਕਲਪੁਰਜਿਆਂ ਵਾਲੀ

ਢਿਲਕ ਢਿਲਕ ਕਰਦੀ

ਗੱਡੀ ਵਾਂਗ

ਕਰਦੇ ਪਏ ਤਿਆਰੀ

ਕਲਾਕਾਰ

ਨੁਮਾਇਸ਼ ਦੀ!

***

ਕਲਾ ਪ੍ਰਦਰਸ਼ਨੀ- ਮਲੋਟ

ਖੈਰ, ਮਾਰਚ 1981 ਦੀ ਅੰਮ੍ਰਿਤਸਰ ਦੀ ਪ੍ਰਦਰਸ਼ਨੀ ਨਾਲ ਇਸ ਖੇਤਰ ਵਿਚ ਤਜੁਰਬਾ ਹੋ ਗਿਆ ਸੀ। ਮੈਂ ਅਜੇ ਕਲਾ-ਵਿਦਿਆਲੇ ਦੇ ਦੂਸਰੇ ਹੀ ਸਾਲ ਦਾ ਵਿਦਿਆਰਥੀ ਸਾਂ ਤੇ ਮੁੱਢਲੇ ਦੋ ਸਾਲਾਂ ਵਿਚ ਹੀ ਇਤਨੀਆਂ ਕਲਾ ਕਿਰਤਾਂ ਬਣਾ ਲਈਆਂ ਸਨ, ਜਿਸ ਨਾਲ ਮੈ ਆਪਣੀ ਇਕੱਲੇ ਜਣੇ ਦੀ ਕਲਾ ਪ੍ਰਦਰਸ਼ਨੀ ਕਰ ਸਕਦਾ ਸਾਂ। ਮੈਂ ਮਨ ਬਣਾ ਲਿਆ। ਮੇਰਾ ਦਿਲ ਕੀਤਾ ਕਿ ਜਿਸ ਜਗਹ ਤੇ ਮੈਂ ਪੜ੍ਹਿਆ, ਵੱਡਾ ਹੋਇਆ ਉਥੇ ਆਪਣੀ ਕਲਾ-ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਵਾਂ। ਇੱਥੇ ਇਕ ਸਾਹਿਤਕ ਸੰਸਥਾ ਹੋਇਆ ਕਰਦੀ ਸੀ ‘ਲੋਕ ਕਲਾ ਮੰਚ, ਜਿਸ ਨੂੰ ਮਲੋਟ ਦੇ ਸ਼ਾਇਰ ਦੋਸਤ ਮੰਗਲ ਮਦਾਨ (ਮਰਹੂਮ) ਅਤੇ ਗੁਰਮੀਤ ਮੀਤ ਆਦਿ ਚਲਾਇਆ ਕਰਦੇ ਸਨ। ਉਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਤੇ ਗੌਰਮਿੰਟ ਹਾਈ ਸਕੂਲ ਵਿਚ ਉਸ ਹਾਲ ਦਾ ਪ੍ਰਬੰਧ ਪ੍ਰਦਰਸ਼ਨੀ ਲੇਈ ਕਰ ਲਿਆ ਜਿੱਥੇ ਕਦੇ ਤੱਪੜਾਂ ਤੇ ਬੈਠ ਕੇ ਪੜ੍ਹਿਆ ਕਰਦੇ ਸੀ। ਪਿਤਾ ਜੀ ਨਾਲ ਸਲਾਹ ਕਰਕੇ ਮੈਂ ਉਨ੍ਹਾਂ ਦੇ ਕਰੀਬੀ ਜਾਣੂ ਨਾਵਲਕਾਰ ਜਸਵੰਤ ਸਿੰਘ ‘ਕੰਵਲ’ ਨੂੰ ਮੁੱਖ ਮਹਿਮਾਨ ਵੱਜੋਂ ਸੱਦਣ ਦਾ ਸੋਚਿਆ। ‘ਕੰਵਲ’ਦੀ ਕੁੜੀ ਦੇ ਇੱਜ਼ਤ ਖਾਤਰ ਕੀਤੇ ਗਏ ਕਤਲ ਦਾ ਮਾਮਲਾ ਅਜੇ ਨਵਾਂ-ਨਵਾਂ ਸੀ। ਅਜੇ ਉਸ ਅਖੌਤੀ ਖੱਬੇ-ਪੱਖੀ ਨਾਵਲਕਾਰ ਉਪਰ ਸਿੱਧੇ ਇਲਜ਼ਾਮ ਲੱਗਣੇ ਨਹੀਂ ਸ਼ੁਰੂ ਹੋਏ ਸਨ, ਗੱਲ ਅੰਦਰੇ-ਅੰਦਰ ਧੁਖਦੀ ਜ਼ਰੂਰ ਸੀ ਪਰ ਮੈਨੂੰ ਬਹੁਤੀ ਖਬਰ ਨਹੀਂ ਸੀ ਤੇ ਪਿਤਾ ਜੀ ਨੂੰ ਵੀ ਪੱਕਾ ਯਕੀਨ ਨਹੀਂ ਸੀ ਕਿ ਕੀ ਵਾਪਰਿਆ ਹੈ। ਖੈਰ, ਮੈਂ ਉਸ ਦੇ ਪਿੰਡ ਢੁੱਡੀਕੇ ਗਿਆ ਤੇ ਉਸ ਨੂੰ ਆਪਣੀ ਯੋਜਨਾ ਬਾਰੇ ਦੱਸਿਆ। ਉਸਨੇ ਬੜੀ ਖੁਸ਼ੀ ਨਾਲ ਨਿਓਤਾ ਪ੍ਰਵਾਨ ਕਰ ਲਿਆ। ਕਾਲਜ ਤੋਂ ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਸਨ। 23 ਜੁਲਈ 1981 ਨੂੰ ਮਿਥੇ ਦਿਨ ਜਸਵੰਤ ਕੰਵਲ ਮਲੋਟ ਪਹੁੰਚ ਗਿਆ। ਬਹੁੱਤ ਵੱਡੇ ਹਾਲ ਵਿਚ ਲਗਭਗ ਸੌ ਦੇ ਕਰੀਬ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਜੋ ਲਗਭਗ ਸਾਰੇ ਹੀ ਮੇਰੇ ਅਕਾਦਮਿਕ ਕੰਮ ਸਨ, ਇਨ੍ਹਾਂ ਵਿਚੋਂ ਬਹੁਤ ਸਾਰੇ ਦੋਸਤਾਂ ਤੇ ਘਰਦਿਆਂ ਦੇ ਵਿਅਕਤੀ ਚਿਤਰ ਖਾਕੇ ਸਨ। ਸਕੂਲ ਦੇ ਅਧਿਆਪਕਾਂ, ਸਥਾਨਕ ਪ੍ਰੈਸ ਰਿਪੋਰਟਰਾਂ, ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ, ਮਾਤਾ-ਪਿਤਾ-ਭਰਾ ਅਤੇ ਮਲੋਟ ਦੇ ਕਰੀਬੀ ਦੋਸਤ ਗੁਰਮੀਤ ‘ਮਿਤਵਾ, ਗਰੁਮੀਤ ‘ਮੀਤ, ਮੰਗਲ ਮਦਾਨ, ਰਾਕੇਸ਼ ਜੁਨੇਜਾ, ਗੁਰਮੀਤ ਧੰਜੂ , ਸੁਦਰਸ਼ਨ ਜੱਗਾ, ਜਸਮੇਰ ਜੱਸਾ, ਸ਼ਾਮ ਜੁਨੇਜਾ, ਰਘੁਬੀਰ ਡਾਗਰਾ ਆਦਿ ਸਭ ਹੁਮ-ਹੁਮਾ ਕੇ ਆਏ। ਸੁਹਣੀ ਰੋਣਕ ਲੱਗੀ। ਘਰਦਿਆਂ ਲਈ ਮਾਣ ਵਾਲੀ ਗੱਲ ਸੀ। ਉਦਘਾਟਨ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਵੱਲੋਂ ਜਸਵੰਤ ਕੰਵਲ ਅਤੇ ਮੇਰੇ ਪਿਤਾ ਜੀ ਦੀ ਹਾਜ਼ਰੀ ਵਿਚ ਕੋਈ ਸਾਹਿਤਕ ਮਿਲਣੀ ਵੀ ਕੀਤੀ ਗਈ, ਜਿੱਥੇ ‘ਸਿਆਸੀ ਸਾਹਿਤ’ ਚਰਚਾ ਦਾ ਖਾਸ ਵਿਸ਼ਾ ਰਿਹਾ। ਮੈਨੂੰ ਯਾਦ ਹੈ ਜਸਵੰਤ ਦੇ ਨਾਵਲ ‘ਲਹੂ ਦੀ ਲੋਅ’ਬਾਰੇ ਗੱਲਬਾਤ ਹੋ ਰਹੀ ਸੀ।

ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਮਲੋਟ ਵਰਗੇ ਪੱਛੜੇ ਇਲਾਕੇ ਦੇ ਇਤਿਹਾਸ ਵਿਚ ਇਹ ਪਹਿਲੀ ਕਲਾ-ਪ੍ਰਦਰਸ਼ਨੀ ਸੀ। ਕਈ ਲੋਕਾਂ ਨੂੰ ਤਾਂ ਯਕੀਨ ਨਹੀਂ ਸੀ ਕਿ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਹੋ ਸਕਦੀ ਹੈ! ਮੈਨੂੰ ਬਹੁਤ ਲੋਕਾਂ ਨੇ ਵਧਾਈ ਦਿੰਦਿਆਂ ਇਹ ਹੈਰਾਨੀ ਪ੍ਰਗਟਾਈ। ਹਲਕਾ ਜਿਹਾ ਯਾਦ ਹੈ ਕਿ ਸ਼ਹਿਰ ਦੇ ਕੁੱਝ ਸਾਈਨ ਬੋਰਡ ਪੇਂਟਰ ਵੀ ਪ੍ਰਦਰਸ਼ਨੀ ਵੇਖਣ ਆਏ ਸਨ, ਜਿਨ੍ਹਾਂ ਨੇ ਖਾਸ ਦਿਲਚਸਪੀ ਜ਼ਾਹਿਰ ਕੀਤੀ ਸੀ। ਉਨ੍ਹਾਂ ਦਿਨਾਂ ਦੀ ਡਾਇਰੀ ਵਿਚੋਂ ਇਹ ਸਤਰਾਂ ਮੇਰੇ ਅਹਿਸਾਸ ਦੀ ਤਰਜਮਾਨੀ ਕਰ ਸਕਦੀਆਂ ਹਨ:

“26 ਜੁਲਾਈ- …ਵੱਡੇ ਸ਼ਹਿਰ ਵਿਚ ਕਲਾਕਾਰ ਆਪਣੀ ਅਤੇ ਆਪਣੀ ਕਲਾ ਦੀ ਜਾਣ-ਪਛਾਣ ਲਈ ਪ੍ਰਦਰਸ਼ਨੀ ਕਰਦਾ ਹੈ, ਜਦੋਂ ਕਿ ਮੈਂ ਇਨ੍ਹਾਂ ਗੱਲਾਂ ਤੋਂ ਇਲਾਵਾ ਆਪਣੇ ਸ਼ਹਿਰ ਨੂੰ ਕਲਾ ਨਾਲ ਜਾਣ-ਪਛਾਣ ਕਰਵਾਉਣ ਲਈ ਵੀ ਕਲਾ ਦਾ ਪ੍ਰਦਰਸ਼ਨ ਕੀਤਾ”

ਤਿੰਨ ਦਿਨਾਂ ਦੀ ਪ੍ਰਦਰਸ਼ਨੀ ਤੋਂ ਕੁੱਝ ਦਿਨ ਬਾਅਦ ਮੈਂ ਵਾਪਸ ਚੰਡੀਗੜ੍ਹ ਜਾਣਾ ਸੀ। ਬਸ ਵਿਚ ਸੀਟ ਨਹੀਂ ਬਚੀ ਸੀ ਤੇ ਮੈਂ ਖੜ੍ਹੇ ਹੋ ਕੇ ਸਫਰ ਕਰਨਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਮੇਰਾ ਇਕ ਹਮਉਮਰ ਜਿਹਾ ਮੁੰਡਾ ਮੇਰੇ ਕੋਲ ਆਕੇ ਕਹਿੰਦਾ “ਜੀ ਤੁਸੀਂ ਉਹੀ ਕਲਾਕਾਰ ਹੋ ਜਿਨ੍ਹਾਂ ਨੇ ਪ੍ਰਦਰਸ਼ੀ ਲਈ ਸੀ, ਮੈ ਵੀ ਵੇਖਣ ਗਿਆ ਸੀ। ਤੁਸੀਂ ਮੇਰੀ ਸੀਟ ਲੈ ਲਵੋ!”

ਸੂਖਮ ਸਿਰਜਣਾ

ਕਲਾ ਵਿਦਿਆਲੇ ਦਾ ਅਸਲ ਵਿਚ ਵੱਡਾ ਯੋਗਦਾਨ ਇਹੋ ਸੀ ਕਿ ਇਸ ਨੇ ਮੈਨੂੰ ਉਹ ਮਹੌਲ ਪ੍ਰਦਾਨ ਕੀਤਾ ਜਿਸ ਵਿਚ ਕਲਾ ਇਤਿਹਾਸ ਦੀ ਨਵੀਂ ਜਾਣਕਾਰੀ, ਦੇਸ਼-ਦੁਨੀਆਂ ਵਿਚ ਹੋ ਰਹੇ ਕਲਾ-ਤਜੁਰਬੇ ਦੇ ਨਾਲ-ਨਾਲ ਦੇਸ਼ ਦੀ ਮਹਾਨ ਕਲਾ-ਵਿਰਾਸਤ ਵੇਖਣ ਜਾਣ ਦਾ ਮੌਕਾ ਪ੍ਰਦਾਨ ਕੀਤਾ। ਨਹੀਂ ਤਾਂ ਮਾਧਿਅਮ ਵਰਤਣ ਦੀਆਂ ਤਕਨੀਕਾਂ ਸਿੱਖਣ ਤੋਂ ਇਲਵਾ ਸਿਰਜਣਾਤਮਕ ਕਲਾ ਵਿਚ ਸਿੱਖਣਾ-ਸਿਖਾਉਣਾ ਬਹੁਤ ਸੰਭਵ ਨਹੀਂ ਹੁੰਦਾ। ਇਹ ਤਾਂ ਅੰਦਰ ਦੀ ਅੱਗ ‘ਤੇ ਨਿਰਭਰ ਕਰਦਾ ਹੈ, ਕੌਣ ਕਿੱਥੋਂ ਤੱਕ ਜਾਂਦਾ ਹੈ।

ਕੋਰਸ ਦੇ ਤੀਜੇ ਸਾਲ ਤੋਂ ਸਾਨੂੰ ‘ਮੁਢਲੀ ਕਲਾਸ’ ਤੋਂ ਵੰਡ ਕੇ ਆਪਣੇ-ਆਪਣੇ ਮਹਾਰਤ ਲਈ ਚੁਣੇ ਵਿਸ਼ਿਆਂ ਦੀਆਂ ਜਮਾਤਾਂ ਵਿਚ ਵੰਡਿਆ ਗਿਆ। ਹੁਣ ਮੈਂ ਕਲਾ ਦੇ ‘ਆਧੁਨਿਕ’ ਸਿਧਾਂਤਾਂ ਮੁਤਾਬਕ ਕਲਾ ਸਿਰਜ ਸਕਦਾ ਸੀ। ਪਹਿਲੇ ਪਿਆਰ ਦੀ ਤਰਾਸਦੀ ਹੀ ਪਹਿਲੀ ਚਿਤ੍ਰ ਲੜੀ ‘ਖਿੜਕੀ’ ਦਾ ਵਿਸ਼ਾ ਬਣੀ। ਉਹ ਖਿੜਕੀ ਜਿਸ ਵਿਚੋਂ ਮਹਿਬੂਬ ਨੂੰ ਮੰਜੇ ਤੇ ਬਿਮਾਰ ਪਈ ਵੇਖਿਆ ਕਰਦਾ ਸੀ, ਮਨ ਦੇ ਪਰਦੇ ਤੇ ਸਦਾ ਲਈ ਉਕਰੀ ਹੋਈ ਸੀ। ਇਹ ਲੜੀ ਕੋਰਸ ਪੂਰਾ ਹੋਣ ਤੱਕ ਅਗਲੇ ਤਿੰਨ ਸਾਲ ਚਲਦੀ ਰਹੀ ਤੇ ਇਸੇ ਲੜੀ ਵਿਚ ਅਕਸਕਾਰੀ ਦੇ ਵੱਖ ਵੱਖ ਤਰ੍ਹਾਂ ਦੇ ਤਜੁਰਬੇ ਕਰਨੇ ਸਿੱਖਿਆ। ਆਖਰ ਇਸ ਵਿਚੋਂ ਉਹ ਦਰਦ ਅਤੇ ਜਜ਼ਬਾਤੀਪੁਣਾ ਜਾਂਦਾ ਰਿਹਾ ਤੇ ਅਕਸ ਦੇ ਉਹੀ ਤੱਤ ਸਜੀਵ ਰੰਗਾਂ ਵਿਚ ਸਾਉਣ ਦੇ ਨਜ਼ਾਰੇ (The Season ) ਵੀ ਬਣੇ ਤੇ ਬਹੁਤ ਬਾਅਦ ਵਿਚ ਪ੍ਰਵਾਸ ਦੇ ਵਿਛੋੜੇ ਵਾਲੀ ਲੜੀ ‘ਜੜਾਂ’ (the Roots ) ਦੇ ਨੁਮਾਇੰਦੇ ਵੀ। ਚਿਤਰਕਲਾ ਵੇਖਣ ਵਾਲੀ ਵਿਧਾ ਹੈ ਬੋਲਣ ਵਾਲੀ ਘੱਟ ਇਸ ਲਈ ਬਹੁਤ ਨਹੀਂ ਕਿਹਾ ਜਾ ਸਕਦਾ। ਇਸ ਲਈ, ਤਸਵੀਰ ਬਾਰੇ ਕੀਤੀ ਜਾ ਰਹੀ ਗੱਲ ਦਾ ਭਾਵ ਸਮਝਣ ਲਈ ਤਸਵੀਰ ਵੇਖਣਾ ਜ਼ਰੂਰੀ ਹੈ।

ਰੂਸੀ ਭਾਸ਼ਾ

ਸਾਹਿਤ ਦੀ ਚੇਟਕ ਸੀ ਜਾਂ ਇਨਕਲਾਬੀ ਜਜ਼ਬਾ ਕਿ ਇਸੇ ਸਾਲ (1982) ਮੈਂ ਪੰਜਾਬ ਯੂਨੀਵਰਸਿਟੀ ਵਿਚ ਸ਼ਾਮ ਦੀਆਂ ਕਲਾਸਾਂ ਲਈ ਰੂਸੀ ਭਾਸ਼ਾ ਵਿਭਾਗ ਵਿਚ ਰੂਸੀ ਸਿੱਖਣ ਲਈ ਦਾਖਲਾ ਲੈ ਲਿਆ। ਹੁਣ ਸੋਚਦਾ ਹਾਂ ਕਿ ਕੀ ਭਾਸ਼ਾ ਖੇਤਰ ਹੀ ਮੇਰੀ ਅਸਲੀ ਮੰਜ਼ਿਲ ਹੋਣੀ ਚਾਹੀਦੀ ਸੀ? ਮੈਟ੍ਰਿਕ ਵਿਚ ਮੇਰੇ ਸਭ ਤੋਂ ਵੱਧ ਨੰਬਰ ਪੰਜਾਬੀ ਵਿਚ ਹੀ ਸਨ ਤੇ ਦੁਸਰੇ ਨੰਬਰ ‘ਤੇ ਚਿਤਰ-ਕਲਾ। ਫਿਰ ਵੀ ਉਦੋਂ ਕਦੇ ਦਿਮਾਗ਼ ਵਿਚ ਨਹੀਂ ਆਇਆ ਕਿ ਭਾਸ਼ਾਵਾਂ ਪ੍ਰਤੀ ਮੈਂ ਕਦੇ ਉਤਨਾ ਹੀ ਸ਼ੌਦਾਈ ਹੋਵਾਂਗਾ ਜਿੰਨਾ ਕਿ ਕਲਾ ਲਈ। ਅਸਲ ਵਿਚ ਤਾਂ ਜਿਵੇਂ ਜ਼ਿਕਰ ਕਰ ਆਇਆ ਹਾਂ, ਮਾਤ-ਭਾਸ਼ਾ ਪ੍ਰਤੀ ਤਾਂ ਬਿਲਕੁਲ ਸੋਝੀ ਨਹੀਂ ਆਈ ਸੀ, ਤੇ ਕਿਸੇ ਵਿਲੱਖਣ ਵਿਸ਼ੇ ਦੀ ਭਾਲ ਵਿਚ ਜ਼ਿੰਦਗੀ ਭਟਕਾ ਦਿੱਤੀ ਸੀ। ਜਦੋਂ ਕਿ ਮੇਰੇ ਨਾਲ ਦੇ ਕਈ ਔਸਤ ਬੁੱਧੀ ਵਾਲੇ ਵੀ ਅਗਲੇ ਕੁੱਝ ਹੀ ਸਾਲਾਂ ਵਿਚ ਪੰਜਾਬੀ ਵਿਚ ਐ.ਏ. ਐਮ.ਫਿਲਾਂ ਕਰਕੇ ਕਾਲਜਾਂ ਵਿਚ ‘ਪ੍ਰੋਫੈਸਰ ਸਾਹਿਬ’ ਸਜ ਗਏ ਵੇਖਦਾ ਤਾਂ ਹੈਰਾਨੀ ਵੀ ਹੁੰਦੀ ਤੇ ਆਪਣੀ ਚੋਣ ‘ਤੇ ਸ਼ੱਕ ਵੀ। ਫਿਰ ਵੀ ਭਾਸ਼ਾ-ਵਿਗਿਆਨ ਦੇ ਗੂਹੜ ਗਿਆਨ ਅਤੇ ਲਿਖਣ-ਕਲਾ ਵਿਚ ਹੱਥ ਅਜ਼ਮਾਉਣ ਵਿਚ ਅਜੇ ਦੋ ਦਹਾਕੇ ਸਨ।

ਸਵੇਰੇ 9 ਤੋਂ ਸ਼ਾਮ 4 ਕੁ ਵਜੇ ਤੱਕ ਕਾਲਜ, ਫਿਰ 5 ਕੁ ਵਜੇ ਤੋਂ ਸ਼ਾਇਦ ਇਕ ਜਾਂ ਦੋ ਘੰਟੇ ਯੂਨੀਵਰਸਿਟੀ ਜਾਣ ਲੱਗਿਆ। ਕਈ ਵਾਰ ਤਾਂ ਉਸੇ ਦਿਨ ਵਾਇਲਨ ਦਾ ਦਿਨ ਵੀ ਹੁੰਦਾ ਸੀ। ਆਪਣੇ ਆਪ ਨੂੰ ਇਤਨਾ ਮਸਰੂਫ ਰੱਖਣ ਦੀ ਆਦਤ ਮੈਨੂੰ ਸ਼ਾਇਦ ਸ਼ੁਰੂ ਤੋਂ ਹੀ ਸੀ।

ਰੂਸੀ ਵਿਭਾਗ ਵਿਚ ਉਨ੍ਹੀਂ ਦਿਨੀਂ ਤਿੰਨ ਭਾਰਤੀ ‘ਪ੍ਰੋਫੈਸਰ’ ਹੁੰਦੇ ਸਨ ਤੇ ਇਕ ਕੋਈ ਨਾ ਕੋਈ ਰੂਸ ਤੋਂ ਮਹਿਮਾਨ ਅਧਿਆਪਕ। ਦੇਸੀਆਂ ਵਿਚੋਂ ਮਦਨ ਲਾਲ ਵਰਮਾ, ਐਚ. ਐਲ. ਵਾਸਦੇਵ ਤੇ ਰਤਨ ਸਿੰਘ ਸਨ, ਆਪਸ ਵਿਚ ਸਾਰਾ ਸਮਾਂ ਲੱਤੋ-ਲੱਤੀ ਹੁੰਦੇ ਰਹਿੰਦੇ ਸਨ। ਇਨ੍ਹਾਂ ਵਿਚ ਹਊਮੈ ਦਾ ਵੱਡਾ ਮਸਲਾ ਸੀ। ਵਰਮਾ ਸਾਹਿਬ ਰੂਸ ਵਿਚ ਪੜ੍ਹੇ ਸਨ, ਘਰ ਵਾਲੀ ਵੀ ਰੂਸੀ ਸੀ, ਤੇ ਸਮਾਜਵਾਦੀ ਨਜ਼ਰੀਆ ਸੀ, ਜਿਸ ਕਾਰਨ ਕੁਝ ਜ਼ਿਆਦਾ ਜਾਣਕਾਰੀ ਰਖਦੇ ਸਨ, ਜਦੋ ਕਿ ਦੂਜੇ ਦੋ ਮਹਜ਼ ਸਾਰਕਾਰੀ ਨੌਕਰ ਸਨ। ਪਰ ਭਾਰਤੀ ਵਿਦਿਆ ਨਿਜ਼ਾਮ ਮੁਤਾਬਕ ਤਿੰਨਾਂ ਦੀ ਵਿਦਿਅਕ ਯੋਗਤਾ ਇਕ ਬਰਾਬਰ ਸੀ ਜਿਸ ਲਈ ਕੋਈ ਇਕ ਜਣਾ ਦੂਸਰੇ ਨੂੰ ਨਾਢੂ ਖਾਂ ਦਾ ਸਾਲਾ ਸਮਝਣ ਲਈ ਤਿਆਰ ਨਹੀਂ ਸੀ, ਤੇ ਇਸੇ ਨਿਜ਼ਾਮ ਅਨੁਸਾਰ ਤਿੰਨਾਂ ਚੋਂ ਇਕ ਨੇ ਤਿੰਨ ਸਾਲ ਦੇ ਵਕਫੇ ਲਈ ‘ਰੀਡਰ’ ਦਾ ਰਸਮੀ ਰੁਤਬਾ ਅਖਤਿਆਰ ਕਰਨਾ ਹੁੰਦਾ ਸੀ। ਇਮਾਰਤ ਵਿਚ ਵਿਭਾਗ ਨੂੰ ਤਿੰਨ ਕਮਰੇ ਮਿਲੇ ਹੋਏ ਸਨ- ਇਕ ਜਮਾਤ ਲਈ ਹਾਲ, ਦੁਸਰਾ ‘ਰੀਡਰ’ ਲਈ ਤੇ ਤੀਸਰਾ ਬਾਕੀ ਦੇ ਤਿੰਨੇ ਅਧਿਆਪਕਾਂ ਲਈ। ਤਿੰਨਾਂ ਵਿਚੋਂ ਜੋ ‘ਰੀਡਰ’ ਬਣ ਜਾਂਦਾ ਉਹ ਖਾਸ ਕਮਰੇ ‘ਤੇ ਸਦੀਵੀ ਹੱਕ ਜਮਾ ਕੇ ਬੈਠ ਜਾਂਦਾ ਤੇ ਫਿਰ ਇਨ੍ਹਾਂ ਦੀਆਂ ਕਮਰੇ ਪਿੱਛੇ ਲੜਾਈਆਂ ਹੁੰਦੀਆਂ! ਜਿੱਥੋਂ ਤੱਕ ਅਕਾਦਮਿਕ ਲਿਆਕਤ ਦਾ ਸੁਆਲ ਹੈ, ਇਹ ਸਾਰੇ ਲੈਕਚਰਰ ਵੀ ਨਹੀਂ ਕਹੇ ਜਾਣੇ ਚਾਹੀਦੇ ਸਨ ‘ਪ੍ਰੋਫੈਸਰ’ ਤਾਂ ਬੜੇ ਦੂਰ ਦੀ ਗੱਲ ਹੈ। ਅਸਲ ਵਿਚ ਤਾਂ ‘ਅੰਨ੍ਹੇਂ ਦੇ ਪੈਰਾਂ ਥੱਲੇ ਬਟੇਰਾ’ਆਉਣ ਵਾਲੀ ਮਿਸਾਲ ਇਨ੍ਹਾਂ ਤੋਂ ਵੱਡੀ ਕਿਧਰੇ ਨਹੀਂ ਮਿਲ ਸਕਦੀ। ਕਿਸਮਤ ਦੇ ਧਨੀ ਇਹ ਉਸ ਭਲੇ ਯੁੱਗ ਵਿਚ ਜੰਮੇ ਸਨ ਜਦੋਂ ਸਰਕਾਰ ਨੇ ਵਿਦੇਸ਼ੀ ਭਾਸ਼ਾ ਵਿਭਾਗ ਖੋਲ ਦਿੱਤੇ ਸਨ ਤੇ ਘੱਟ ਤੋਂ ਘੱਟ ਯੋਗਤਾ ਵਾਲੇ ਵੀ ‘ਪ੍ਰੋਫੇਸਰ’ ਰੱਖ ਲਏ। ਮੈਨੂੰ ਪਤਾ ਲੱਗਿਆ ਕਿ ਇਹ ਤਿੰਨੇ ਰੂਸੀ ਵਿਚ ਮਾਸਟਰ (ਐਮ. ਏ.) ਤੱਕ ਨਹੀਂ ਸਨ, ਬਲਕਿ ਉਹੀ ਤਿੰਨ-ਤਿੰਨ ਸਾਲ ਦੇ ਡਿਪਲੋਮੇ ਕਰਕੇ ਆਏ ਹੋਏ ਸਨ, ਜਿਹੜਾ ਡਿਪਲੋਮਾ ਉਹ ਇਸ ਕੋਰਸ ਵਿਚ ਦਿੰਦੇ ਸਨ। ਫਿਰ ਬਾਅਦ ਵਿਚ ਜਦੋਂ ਸਰਕਾਰ ਨੇ ਕਾਨੂੰਨ ਬਣਾ ਦਿਤਾ ਕਿ ਯੂਨੀਵਰਸਿਟੀ ਵਿਚ ਪੜ੍ਹਾਉਣ ਲਈ ਐਮ.ਏ. ਹੋਣਾ ਜ਼ਰੂਰੀ ਹੈ ਤਾਂ ਇਨ੍ਹਾਂ ਵਿਚੋਂ ਇਕ, ਵਾਸਦੇਵ, ਜੋ ਅਕਸਰ ‘ਰੀਡਰ’ ਬਣਿਆਂ ਰਹਿੰਦਾ ਸੀ, ਨੇ ਰੂਸੀ ਦੀ ਬਜਾਇ ਹਿੰਦੀ ਵਿਚ ਐਮ.ਏ. ਕੀਤੀ! ਇਸ ਗੱਲ ਦੇ ਚਰਚੇ ਵੀ ਹੋਏ! ਕੁਦਰਤੀ ਹੈ ਇਹ ਸਭ ਧਾਂਦਲੇਬਾਜ਼ੀ ਯੂਨੀਵਰਸਿਟੀ ਦੇ ਉਚਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾ ਨਹੀਂ ਹੋ ਸਕਦੀ ਸੀ।

ਮਦਨ ਵਰਮਾ ਆਜ਼ਾਦ ਖਿਆਲ ਤੇ ਕਲਾ ਰਸੀਆ ਵੀ ਸੀ ਜਿਸ ਕਾਰਨ ਉਸ ਨਾਲ ਵਿਦਿਅਕ ਮਾਮਲਿਆਂ ਤੋਂ ਬਾਹਰ ਵੀ ਮੇਰੇ ਚੰਗੇ ਤਾਅਲੁਕ ਰਹੇ। ਉਹ ਸਿਧਾਰਥ ਅਤੇ ਹੋਰ ਉਭਰਦੇ ਚਿਤਰਕਾਰ ਵਿਦਿਆਰਥੀਆਂ, ਤੇ ਸ਼ਹਿਰ ਦੀਆਂ ਸਾਹਿਤਕ ਸ਼ਖਸੀਅਤਾਂ ਦਾ ਵੀ ਜਾਣੂ ਸੀ। ਮੈ, ਰਾਜ ਤੇ ਸਿਧਾਰਥ ਇਕ ਦੋ ਵਾਰ ਉਸ ਦੇ ਯੂਨੀਵਰਸਿਟੀ ਵਾਲੇ ਫਲੈਟ ਵਿਚ ਵੀ ਗਏ। ਇਕ ਵਾਰ ਭਾਰਤੀ ਸਮਾਜ ਦੀ ਜਾਤ-ਪ੍ਰਥਾ ਜਾਂ ਸੱਭਿਆਚਾਰਕ ਜੜ੍ਹਵਾਦ ਬਾਰੇ ਗੱਲ ਚੱਲੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਹ ਸਭ ਬੇਕਾਰ ਦੀਆਂ ਰਵਾਇਤਾਂ ਹਨ: ਉਨਾਂ ਆਪਣੀ ਮਿਸਾਲ ਦਿੱਤੀ ਜੋ ਬੜੀ ਦਿਲਚਸਪ ਮਹਿਸੂਸ ਹੋਈ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛੋਂ ਨਵਾਂ-ਸ਼ਹਿਰ ਦੇ ਭੁੱਚਰ ਹਨ। ਬਕੌਲ, ਵਰਮਾ ਸਾਹਿਬ ਦੇ, ਜਦੋਂ ਬਚਪਨ ਵਿਚ ਉਨ੍ਹਾਂ ਨੂੰ ਕਿਸੇ ਉਚਪੱਧਰ ਦੇ ਅੰਗ੍ਰਜ਼ੀ ਸਕੂਲ ਵਿਚ ਪੜ੍ਹਨ ਲਾਇਆ ਗਿਆ ਤਾਂ ਨਾਲ ਦੇ ਜਮਾਤੀ ਉਨ੍ਹਾਂ ਨੂੰ ਦਾ ਗੋਤ ਅੰਗਰੇਜ਼ੀ ਵਿਚ ਭੁੱਚਰ (bhuchar ) ਲਿਖਿਆ ਹੋਣ ਕਾਰਨ ਉਨ੍ਹਾਂ ਨੂੰ ‘ਬੁੱਚੜ’ਕਹਿ ਕੇ ਛੇੜਦੇ! ਉਨ੍ਹਾਂ ਨੇ ਇਕ ਦਿਨ ਆਪਣੇ ਪਿਤਾ ਨੂੰ ਪੁੱਛਿਆ ਕਿ ਉਹ ਆਪਣਾ ਗੋਤ ‘ਵਰਮਾ’ ਕਰ ਲੈਣ? ਪਿਤਾ ਨੇ ਇਜਾਜ਼ਤ ਦੇ ਦਿੱਤੀ। ਇਸ ਤਰਾਂ ਉਹ ਭੁੱਚਰ ਤੋਂ ਵਰਮਾ ਹੋ ਗਏ।

ਰਤਨ ਸਿੰਘ ਕੁੱਝ ਭਲਾਮਾਨਸ ਸੀ, ਉਸੇ ਨੇ ਮੈਨੂੰ ਇਕ ਦਿਨ ਮਾਸਕੋ ਵਾਲੇ ਵਜ਼ੀਫੇ ਬਾਰੇ ਦੱਸਿਆ ਸੀ ਜਿਸ ਦੇ ਫਾਰਮ ਭਰ ਕੇ ਮੈਂ ਭੁੱਲ-ਭੁਲਾ ਗਿਆ ਸਾਂ, ਜਿਸ ਬਾਰੇ ਉਦੋ ਹੀ ਯਾਦ ਆਇਆ ਜਦੋਂ ਬਾਅਦ ਵਿਚ (1986) ਚੁਣੇ ਜਾਣ ਦੀ ਚਿੱਠੀ ਘਰ ਆ ਗਈ ਸੀ। ਰੂਸੀ ਦੇ ਇੱਕ ਤੋਂ ਬਾਅਦ ਇੱਕ, ਤਿੰਨੇ ਸਾਲ ਪੂਰੇ ਕਰ ਲਏ ਸਨ ਤੇ 1984 ਵਿਚ ਐਡਵਾਂਸਡ ਡਿਪਲੋਮਾ ਮੈਂ ਡਿਸਿਟਿੰਕਸ਼ਨ ਨਾਲ ਉਸੇ ਸਾਲ ਹਾਸਲ ਕੀਤਾ ਜਿਸ ਸਾਲ ਕਲਾ ਦੀ ਡਿਗਰੀ ਪਹਿਲੇ ਦਰਜੇ ਵਿਚ।

ਕਲਾ-ਯਾਤਰਾਵਾਂ

ਮਾਂ-ਪਿਓ ਦੀ ਮਾਲੀ ਹਾਲਤ ਕਮਜ਼ੋਰ ਹੋਣ ਦਾ ਅਹਿਸਾਸ ਮੈਨੂੰ ਹੁਣ ਸੀ ਤੇ ਜਿੱਥੋਂ ਤੱਕ ਹੋ ਸਕੇ ਘੱਟ ਤੋਂ ਘੱਟ ਮਦਦ ਦੀ ਮੰਗ ਕਰਦਾ ਸੀ। ਮੇਰਾ ਖਿਆਲ ਹੈ ਉਨ੍ਹਾ ਦਿਨਾਂ ਵਿਚ ਸਭ ਖਰਚੇ ਰਲ਼ਾ ਕੇ ਵੀ ਤਕਰੀਬ 400-500 ਰੁ. ਮਹੀਨਾ ਨਾਲ ਕੰਮ ਚਲ ਜਾਂਦਾ ਸੀ। ਫਿਰ ਵੀ ਜਿਸ ਕੰਮ ‘ਤੇ ਮੈਂ ਹਰ ਹਾਲਤ ਵਿਚ ਖਰਚਾ ਕਰਨਾ ਲੋਚਦਾ ਸਾਂ, ਉਹ ਸੀ ਸੈਰ-ਸਪਾਟਾ। ਪਹਿਲੇ ਸਾਲ ਤੋਂ ਲੈ ਕੇ ਚੌਥੇ ਸਾਲ ਤੱਕ ਕਾਲਜ ਦੇ ਹਰ ਟੂਰ ‘ਤੇ ਮੈਂ ਗਿਆ। ਇਸੇ ਲਈ ਕੋਰਸ ਪੂਰਾ ਹੋਣ ਤੱਕ ਮੈਂ ਦਿੱਲੀ, ਕਾਠਮੰਡੂ, ਲਖਨਊ, ਆਗਰਾ, ਖਾਜੂਰਾਹੋ, ਔਰੰਗਾਬਾਦ, ਐਲੋਰਾ, ਜਲਗਾਓਂਕਰ, ਅਜੰਤਾ, ਸਾਂਚੀ, ਹੈਦਰਾਬਾਦ, ਗੋਆ, ਮਦਰਾਸ, ਮਦੁਰਾਈ, ਬੰਬੇ, ਐਲੀਫੈਂਟਾ, ਨੰਦੇੜ, ਆਇਹੋਲ, ਬਦਾਮੀ, ਜੈਪੁਰ, ਮਾਊਂਟ ਆਬੂ, ਅਹਿਮਦਾਬਾਦ, ਆਦਿ ਥਾਵਾਂ ‘ਤੇ ਭਾਰਤ ਭਰ ਦੇ ਮਸ਼ਹੂਰ ਇਤਹਿਾਸਕ ਸਥਾਨ ਵੇਖ ਚੁੱਕਿਆ ਸੀ!

ਕੁਲਮਿਲਾ ਕੇ ਇਹ ਵਿਦਿਅਕ ਯਾਤਰਾਵਾਂ ਜਿੱਥੇ ਮਨੋਰੰਜਨ ਦਾ ਸਾਧਨ ਬਣੀਆਂ, ਉਥੇ ਵਿਹਾਰੀ ਜਾਣਕਾਰੀ ਅਤੇ ਸਭਿਆਚਾਰਕ ਇਤਿਹਾਸ ਜਾਨਣ ਲਈ ਭਰਪੂਰ ਖਜ਼ਾਨਾ ਸਾਬਿਤ ਹੋਈਆਂ। ਮੈਨੂੰ ਪੱਕਾ ਯਕੀਨ ਹੈ ਸਧਾਰਨ ਐ.ਏ. ਐਮ.ਫਿਲ ਕਰ ਕੇ ਪ੍ਰੋਫੈਸਰ ਬਣ ਗਿਆਂ ਨੂੰ ਇਹ ਤਜੁਰਬੇ ਕਦੇ ਨਸੀਬ ਨਾ ਹੋਏ ਹੋਣਗੇ! ਬਲਕਿ ਯਾਤਰਾਵਾਂ ਦਾ ਸਿਲਸਿਲਾ ਭਵਿੱਖ ਵਿਚ ਅਜੇ ਹੋਰ ਅੱਗੇ ਤੁਰਨਾ ਸੀ।

ਕਲਾ ਦੀ ਪੇਸ਼ਾਵਰ ਸੰਸਥਾ ਹੋਣ ਕਾਰਨ ਇੱਥੇ ਮਹਿਜ਼ ਚਿਤਰਕਾਰੀ ਨਹੀਂ, ਬਲਕਿ ਦੁਨੀਆਂ ਦੇ ਕਲਾ ਇਤਿਹਾਸ, ਕਲਾ ਦਾ ਸਜ਼ੋ-ਸਮਾਨ ਅਤੇ ਸੁਹੱਪਣ ਸ਼ਾਸਤਰ ਵੀ ਮਹੱਤਵਪੂਰਨ ਵਿਸ਼ੇ ਸਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਰੱਖੇ ਗਏ ਅਧਿਆਪਕ ਭਾਵੇਂ ਰਿਵਾਇਤੀ ‘ਰੱਟਾ ਮਾਰਕਾ’ ਸਬਕ ਤੋਂ ਇਲਾਵਾ ਕੁੱਝ ਸਿਖਾਉਣ ਤੋਂ ਅਸਮਰਥ ਸਨ, ਪਰ ਆਪਣੇ ਪੱਧਰ ‘ਤੇ ਜੇ ਵਿਦਿਆਰਥੀ ਚਾਹੁੰਦੇ ਤਾਂ ਲਾਬਿਰੇਰੀ ਵਿਚ ਬਹੁਤ ਕੁੱਝ ਸੀ। ਮੈਂ ਭਾਵੇਂ ਨਿੱਜੀ ਪੱਧਰ ‘ਤੇ ਬਹੁਤਾ ਕੁੱਝ ਅਲਗ ਅਧਿਐਨ ਨਹੀਂ ਕਰ ਸਕਿਆ, ਫਿਰ ਵੀ ਇਤਿਹਾਸ ਅਤੇ ਸਿਧਾਂਤ\ਫਲਸਫੇ ਦੀ ਨਜ਼ਰ ਤੋਂ ਕਲਾ ਦੀ ਘੋਖ ਲਈ ਪੜ੍ਹੀਆਂ ਕਿਤਾਬਾਂ ਨੇ ਕਲਾਤਮਕ ਨਜ਼ਰੀਏ ਨੂੰ ਵਸੀਹ ਕੀਤਾ।

ਆਖਰੀ ਸਾਲ- 1984

ਇੱਤਫਾਕ ਸੀ ਕਿ ਜਦੋਂ ਤੋਂ ਕਲਾ-ਵਿਦਿਆਲੇ ਆਇਆ ਸਾਂ, ਪੰਜਾਬ ਵਿਚ ਅਖੌਤੀ ਸਿੱਖ ਆਗੂਆਂ ਅਤੇ ਇੰਦਰਾ ਗਾਂਧੀ ਦੀ ਕਾਂਗ੍ਰਸੀ ਸਰਕਾਰ ਵਿਚਕਾਰ ਟੱਕਰ ਕਾਰਨ ਸਮਾਜੀ ਅਤੇ ਸਿਆਸੀ ਹਾਲਾਤ ਵਿਗੜਦੇ ਗਏ ਸਨ। ਜਗ ਜ਼ਾਹਿਰ ਹੈ ਕੀ ਕੀ ਹੋਇਆ- ਦੁਹਰਾਉਣ ਦੀ ਲੋੜ ਨਹੀਂ। ਇਸ ਭਖਦੀ ਸਿਆਸਤ ਦਾ ਕਾਲਜ ਵਿਚ ਕੋਈ ਖਾਸ ਪ੍ਰਤੀਕਰਮ ਨਹੀਂ ਹੁੰਦਾ ਸੀ। ਪੰਜਾਬ ਵਿਚ ਦਹਿਸ਼ਤ ਦਾ ਮਹੌਲ ਜ਼ਰੂਰ ਸੀ। ਅਕਸਰ ਘਰ ਜਾਣ ਲੱਗਿਆਂ ਕੋਸ਼ਿਸ਼ ਹੁੰਦੀ ਸੀ ਕਿ ਦਿਨੇ ਦਿਨੇ ਟਿਕਾਣੇ ਪਹੁੰਚ ਜਾਇਆ ਜਾਵੇ। ਕੋਰਸ ਦੇ ਆਖਰੀ ਤੇ ਪੰਜਵੇਂ ਸਾਲ (1984) ਤੱਕ ਪਹੁੰਚਦੇ ਪਹੁੰਚਦੇ ਇਹ ਭਾਂਬੜ ਆਪਣੀ ਚਰਮਸੀਮਾ ‘ਤੇ ਪਹੁੰਚ ਗਿਆ ਸੀ। ਸਰਕਾਰ ਨੇ ਫੌਜੀ ਕਾਰਵਾਈ ਕਰਨੀ ਸੀ ਇਸ ਲਈ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ ਤੇ ਸਾਨੂੰ ਅਣਮਿਥੇ ਸਮੇ ਲਈ ਘਰ ਭੇਜ ਦਿਤਾ ਗਿਆ ਸੀ। ਜੂਨ ਦੇ ਕਰਫੂਆਂ ਵਾਲੇ ਮੰਦਭਾਗੇ ਦਿਨਾਂ ਤੋਂ ਸ਼ਾਇਦ ਇਕ-ਦੋ ਮਹੀਨੇ ਪਹਿਲਾਂ ਹੀ ਮੈਂ ਮਲੋਟ ਵਿਖੇ ਆਪਣੇ ਪਰਿਵਾਰ ਵਿਚ ਹੀ ਸਾਂ। ਘਰ ਬੈਠ ਕੇ ਥੋੜਾ ਬਹੁਤ ਪੜ੍ਹਦੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੈਂ ਆਪਣੇ ਰੰਗ-ਬੁਰਸ਼ ਨਾਲ ਲੈ ਗਿਆ ਸਾਂ, ਇਸ ਲਈ ਚਿਤਰਕਾਰੀ ਦਾ ਅਭਿਆਸ ਵੀ ਜਾਰੀ ਸੀ। ਆਪਣੇ ਪਿਤਾ ਜੀ ਦਾ ਸਜੀਵ ਚਿਤਰ ਉਦੋਂ ਹੀ ਬਣਾਇਆ ਸੀ। ਹੋਰ ਵੀ ਬਹੁਤ ਸਾਰੇ ਦੋਸਤਾਂ-ਮਿਤਰਾਂ ਅਤੇ ਪਰਿਵਾਰ ਦੇ ਜੀਆਂ ਦੇ ਖਾਕਾ ਚਿਤਰ ਬਣਾਏ। ਅਸਲ ਵਿਚ ਤਾਂ ਪਹਿਲਾਂ ਵੀ ਕਈ ਸਾਲਾ ਤੋਂ ਜਦੋਂ ਮੈਂ ਮਲੋਟ ਆਉਂਦਾ ਸਾਂ ਤਾਂ ਗੱਲੀ-ਗੁਆਂਡ ਦੇ ਬੱਚਿਆਂ ਦੇ ਖਾਕਾ-ਚਿਤਰ ਅਕਸਰ ਬਣਾਉਂਦਾ ਰਹਿੰਦਾ ਸਾਂ।

ਭਾਵੇਂ ਮੈਂ ਉਦੋਂ ਵੀ ਕੱਟੜਵਾਦੀ ਧਾਰਮਿਕ ਨਹੀਂ ਸਾਂ ਪਰ ਇੰਦਰਾ ਗਾਂਧੀ ਅਤੇ ਨਹਿਰੂ ਪਰਿਵਾਰ ਵੱਲੋਂ ਪੰਜਾਬ ਨਾਲ ਕੀਤੇ ਧੱਕਿਆਂ ਬਾਰੇ ਖਾਸ ਤੌਰ ‘ਤੇ ਭਾਸ਼ਾ ਦੇ ਮਸਲੇ ਵਿਚ, ਜਾਨਣ ਤੋਂ ਬਾਅਦ ਮੈਂ ਦਿੱਲੀ ਦਰਬਾਰ ਨੂੰ ਦਿਲੋਂ ਨਫਰਤਾ ਕਰਦਾ ਸੀ। 1947 ਵਿਚ ਭਾਰਤ ਵੰਡ ਦੀ ਪਿੱਠਭੂਮੀ ਦੀ ਵੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਇਸ ਕੂੜਪ੍ਰਚਾਰ ਦੇ ਹੱਥੇ ਚੜ੍ਹ ਗਿਆ ਸਾਂ ਆਪਣੇ-ਆਪਣੇ ਤਖਤ ਸੰਭਾਲਣ ਲਈ ਨਹਿਰੂ ਅਤੇ ਜਿੰਨਾਹ ਨੇ ਪੰਜਾਬ ਦੇ ਲੱਖਾਂ ਲੋਕ ਮਰਵਾ ਦਿੱਤੇ। ਭਾਵੇਂ ਕਾਂਗ੍ਰਸ ਨਾਲ ਇਸ ਨਫਤਰ ਦਾ ਮਕਸਦ ਸਿੱਖ ਅੱਤਿਵਾਦ ਦੀ ਪੁਸ਼ਤਪਨਾਹੀ ਨਹੀਂ ਸੀ, ਖਾਲਿਸਤਾਨ ਦੀ ਤਾਂ ਬਿਲਕੁਲ ਨਹੀਂ, ਪਰ ਵੱਖਵਾਦੀ ਪ੍ਰਚਾਰ ਦਾ ਇਹ ਇਲਜ਼ਾਮ ਮਨ ਨੂੰ ਭਾਉਂਦਾ ਸੀ ਕਿ ਕੇਂਦਰ ਦੀ ਸਰਕਾਰ ਪੰਜਾਬ ਅਤੇ ਪੰਜਾਬੀ ਸ਼ਨਾਖਤ ਦੀ ਦੁਸ਼ਮਣ ਹੈ ਤੇ ਕਿਉਂਕਿ ਪੰਜਾਬ ਦੇ ਹਿੰਦੂ ਆਪਣੀ ਪੰਜਾਬੀ ਸ਼ਨਾਖਤ ਤੋਂ ਇਨਕਾਰੀ ਹਨ, ਇਸ ਲਈ ਉਹ ਵੀ ਪੰਜਾਬੀਅਤ ਦੇ ਦੁਸ਼ਮਣ ਹਨ। ਮਨ ਦੀ ਇਸ ਦਸ਼ਾ ਨੇ ਅੱਤਿਵਾਦੀ ਵਿਚਾਰਾਂ ਨਾਲ ਕੁੱਝ ਹੱਦ ਤਕ ਹਮਦਰਦੀ ਕਰ ਦਿੱਤੀ ਸੀ, ਇਸ ਲਈ ਲਾਲਾ ਜਗਤ ਨਰਾਇਣ ਅਤੇ ਨਿਰੰਕਾਰੀ ਪੰਥ ਦੇ ਆਗੂ ਦਾ ਕਤਲ ਹੋਏ ਤੋਂ ਮੈਂ ਵੀ ਖੁਸ਼ੀ ਮਨਾਉਣ ਵਾਲਿਆਂ ਵਿਚ ਸੀ ਪਰ ਜਦੋਂ ਸਿੱਖ ਅੱਤਵਾਦੀਆਂ ਨੇ ਡਾ. ਰਵਿੰਦਰ ਰਵੀ, ਡਾ. ਵਿਸ਼ਵਨਾਥ ਤਿਵਾੜੀ, ਸੁਮੀਤ ਸਿੰਘ ਵਰਗੇ ਬੇਕਸੂਰੇ ਪੰਜਾਬੀ ਬੁੱਧੀਜੀਵੀਆਂ ਅਤੇ ਖੱਬੀ ਧਿਰ ਦੇ ਆਗੂਆਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਇੱਨ੍ਹਾਂ ਕਾਤਲਾਂ ਪ੍ਰਤੀ ਭਾਵੇਂ ਨਫਰਤ ਵਧੀ ਪਰ ਇੰਦਰਾ ਪ੍ਰਤੀ ਹੋਰ ਵੀ ਵਧੀ ਕਿਉਂਕਿ ਇਸ ਸਭ ਖਲਜਗਣ ਦਾ ਜ਼ਿੰਮੇਵਾਰ ਮੈਂ ਉਸਦੀ ਕੁਰਸੀ ਦੀ ਖੂਨੀ ਸਿਆਸਤ ਨੂੰ ਸਮਝਦਾ ਸੀ। ਇਨਸਾਨੀ ਇਤਿਹਾਸ, ਅੰਤਰਰਾਸ਼ਟਰੀ ਸਿਆਸਤ ਅਤੇ ਸਮਾਜ-ਵਿਗਿਆਨ ਦੀ ਡੂੰਘੀ ਸਮਝ ਤੋਂ ਅਜੇ ਬੜੀ ਦੂਰ ਸਾਂ।

ਉਨ੍ਹਾਂ ਦਿਨਾਂ ਦਾ ਸੰਪਰਦਾਇਕ ਤਣਾਅ ਭਰਪੂਰ ਮਹੌਲ, ਫੌਜੀ ਕਾਰਵਾਈ ਅਤੇ ਦਰਬਾਰ ਸਾਹਿਬ ਉਪਰ ਫੌਜੀ ਚੜਾਈ ਦੀਆਂ ਸਾਰਕਾਰੀ ਰੇਡੀਓ ਤੋਂ ਸੈਂਸਰ ਹੋਈਆਂ ਖਬਰਾਂ, ਹਿੰਦੂ ਪੰਜਾਬੀਆਂ ਦਾ ਅੰਦਰੇ-ਅੰਦਰ ਖੁਸ਼ੀ ਮਨਾਉਣਾ ਤੇ ਭਿੰਡਰਾਵਾਲੇ ਦਾ ਮਾਰਿਆ ਜਾਣਾ ਉਦੋਂ ਸੱਚਮੁੱਚ ਪੰਜਾਬੀਅਤ ਦੀ ਇੱਜ਼ਤ ਉਪਰ ਹਮਲਾ ਮਹਿਸੂਸ ਹੋਇਆ ਸੀ ਜਿਸ ਨੇ ਮੈਨੂੰ ਥੋੜੇ ਅਰਸੇ ਲਈ ਕੱਟੜ ‘ਪੰਜਾਬੀ ਰਾਸ਼ਟਰਵਾਦੀ’ ਬਣਾ ਦਿੱਤਾ ਸੀ। ਧਰਮਾਂ ਨਾਲ ਮੇਰਾ ਲਗਾਓ ਨਹੀਂ ਸੀ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹਮਲਾ ਮੇਰੇ ਲਈ ਇੰਦਰਾ ਦੀ ਲਹੂ-ਭਿਜੀ ਸਿਆਸਤ ਦਾ ਇਕ ਹੋਰ ਹੱਥਕੰਡਾ ਸੀ।

ਹਮਲੇ ਤੋਂ ਕੁਝ ਅਰਸੇ ਬਾਅਦ (ਹੁਣ ਪੱਕਾ ਯਾਦ ਨਹੀਂ ਕਦੋਂ) ਬਾਅਦ ਕਾਲਜ ਖੁੱਲਣ ਦਾ ਸੰਦੇਸ਼ ਆ ਗਿਆ। ਮੈਨੂੰ ਯਾਦ ਹੈ ਮਾਤਾ ਜੀ ਸਟੇਸ਼ਨ ‘ਤੇ ਛੱਡਣ ਆਏ ਸਨ। ਮੈਂ ਰੇਲ ‘ਤੇ ਗਿਆ ਸਾਂ। ਮਾਂ ਨੂੰ ਬੜਾ ਫਿਕਰ ਸੀ ਕਿ ਠੀਕ-ਠਾਕ ਪਹੁੰਚ ਜਾਵਾਂ। ਖੈਰ, ਚੰਡੀਗੜ੍ਹ ਪਹੁੰਚ ਕੇ ਕਾਲਜ ਵਿਚ ਗਿਆਂ ਨੋਟ ਕੀਤਾ ਇਸ ਘਟਨਾ ਸਬੰਧੀ ਲਗਭਗ ਉਸੇ ਤਰਾਂ ਦੀ ਚੁੱਪੀ ਸੀ ਜਿਵੇਂ ਇਸ ਤੋ ਪਹਿਲਾਂ ਗੰਧਲੇ ਹੋਏ ਮਹੌਲ ਬਾਰੇ। ਅਸੀਂ ਆਪਣੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜੋ ਜੂਨ ਦੀ ਬਜਾਇ ਹੁਣ ਸ਼ਾਇਦ ਸਤੰਬਰ\ਅਕਤੂਬਰ ਵਿਚ ਹੋ ਰਹੇ ਸਨ। ਮੈਂ ਕਲਾ ਅਤੇ ਰੂਸੀ ਭਾਸ਼ਾ ਦੇ ਆਖਰੀ ਸਾਲ ਦੇ ਇਮਤਿਹਾਨ ਦੇ ਕੇ ਚੰਡੀਗੜ੍ਹ ਨੂੰ ਅਲਵਿਦਾ ਆਖੀ ਤੇ ਜੁੱਲੀ ਬਿਸਤਰਾ ਵਲ੍ਹੇਟ ਕੇ ਮਾਂ-ਪਿਓ ਕੋਲ ਮਲੋਟ ਆ ਗਿਆ- ਭਵਿੱਖ ਅਨਿਸਚਿਤ ਸੀ।

ਕੰਵਲ ਧਾਲੀਵਾਲ - 2020

(ਸਵੈਜੀਵਨੀ ਵਿਚੋਂ ਅੰਸ਼)

Comments


bottom of page