top of page
  • Writer's pictureਸ਼ਬਦ

ਪਿੰਡਾਂ ਵਿੱਚੋਂ ਪਿੰਡ: ਚੈਡਰ /

ਹਰਜੀਤ ਅਟਵਾਲ /

ਚੈਡਰ ਸੌਮਰਸੈੱਟ ਕਾਉਂਟੀ ਵਿੱਚ ਇਕ ਪਿੰਡ ਹੈ ਜਿਥੋਂ ਚੈਡਰ ਚੀਜ਼ ਬਣਨਾ ਸ਼ੁਰੂ ਹੋਇਆ।

ਇਸ ਕਰੋਨਾ-ਯੁੱਗ ਤੋਂ ਪਹਿਲਾਂ ਮੈਂ ਹਰ ਸਾਲ ਪਰਿਵਾਰ ਨੂੰ ਲੈ ਕਿ ਕਿਤੇ ਨਾ ਕਿਤੇ ਛੁੱਟੀਆਂ ‘ਤੇ ਜਾਂਦਾ ਰਿਹਾ ਹਾਂ। ਯੂਕੇ ਵਿੱਚ ਹੀ ਇਕ ਹਫਤੇ ਲਈ ਕੋਈ ਘਰ ਬੁੱਕ ਕਰਾਇਆ ਤੇ ਪਹੁੰਚ ਗਏ ਉਥੇ ਰਹਿਣ। ਕਦੇ ਉਤਰੀ ਇੰਗਲੈਂਡ, ਕਦੇ ਦੱਖਣੀ ਇੰਗਲੈਂਡ, ਕਦੇ ਵੇਲਜ਼ ਤੇ ਕਦੇ ਸਕੌਟਲੈਂਡ। ਪਿਛਲੀ ਵਾਰ ਅਸੀਂ ਸੌਮਰਸੈੱਟ ਦੇ ਇਲਾਕੇ ਵਿੱਚ ਠਹਿਰੇ ਹੋਏ ਸਾਂ। ਇਕ ਦਿਨ ਸਾਰੇ ਪਰਿਵਾਰ ਦੇ ਵੱਖ ਵੱਖ ਰੁਝੇਵੇਂ ਸਨ। ਮੈਂ ਤੁਰਨ ਦੇ ਮੂਡ ਵਿੱਚ ਸਾਂ। ਇੰਟਰਨੈੱਟ ਸਰਫ ਕਰਕੇ ਦੇਖਿਆ ਕਿ ਵੀਹ ਕੁ ਮਿੰਟ ਦੀ ਡਰਾਈਵ ‘ਤੇ ਇਕ ਪਿੰਡ ਹੈ ਜਿਥੇ ਕਈ ਤੁਰਨ-ਗਾਹਾਂ ਹਨ। ਇਥੇ ਹੀ ਹੈ ਮਸ਼ਹੂਰ ਚੈਡਰ ਗੋਰਜ। ਗੋਰਜ ਦੇ ਅਰਥ ‘ਖੱਡ’ ਹਨ। ਚੈਡਰ ਗੁਫਾਵਾਂ ਵੀ ਹਨ। ਚੈਡਰ ਵੀ ਹੁਣ ਕਸਬਾ ਬਣ ਚੁੱਕਾ ਹੈ। ਇਸ ਦੀ ਆਬਾਦੀ 6000 ਦੇ ਕਰੀਬ ਹੋਵੇਗੀ ਤੇ ਇਹ ਮੈਨਡਿਪ-ਹਿਲਜ਼ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ। ਇਥੇ ਦੀ ਖਾਸੀਅਤ ਚੈਡਰ-ਚੀਜ਼ ਉਹੀ ਚੀਜ਼ ਹੈ ਜੋ ਸਾਡੇ ਘਰਾਂ ਵਿੱਚ ਵਰਤਿਆ ਜਾਂਦਾ ਹੈ। ਇਹ ਆਮ ਚੀਜ਼ ਨੂੰ ਵਿਸ਼ੇਸ਼ ਤਰੀਕੇ ਨਾਲ ਮੈਚੋਓਅਰ ਕੀਤਾ ਗਿਆ ਹੁੰਦਾ ਹੈ। ਮੈਨੂੰ ਲਗਿਆ ਕਿ ਅੱਜ ਦਿਨ ਵਧੀਆ ਲੰਘੇਗਾ।

ਚੈਡਰ-ਗੋਰਜ ਮੈਨਡਿਪ-ਹਿਲਜ਼ ਵਿੱਚ ਪੈ ਚੁੱਕੀ ਇਕ ਡੂੰਘੀ ਖੱਡ ਹੈ। ਇਸ 450 ਫੁੱਟ ਡੂੰਘੀ, ਵੀਹ-ਪੱਚੀ ਫੁੱਟ ਚੌੜੀ ਤੇ ਤਿੰਨ ਮੀਲ ਲੰਮੀ ਖੱਡ ਨੇ ਪਹਾੜੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੋਇਆ ਹੈ, ਉਤਰੀ-ਪਹਾੜੀ, ਦੱਖਣੀ-ਪਹਾੜੀ। ਇਹ ਦੋਵੇਂ ਪਹਾੜੀਆਂ ਨੱਬੇ-ਡਿਗਰੀ ਵਿੱਚ ਸਿੱਧੀਆਂ ਇਕ-ਦੂਜੇ ਦੇ ਸਾਹਮਣੇ ਤਣ ਕੇ ਖੜੀਆਂ ਹਨ। ਇਹਨਾਂ ਵਿਚਕਾਰ ਪਈ ਹੋਈ ਖੱਡ ਵਿੱਚ ਹੁਣ ਖੂਬਸੂਰਤ ਸੜਕ ਬਣਾ ਦਿੱਤੀ ਗਈ ਹੈ। ਇਹ ਸੜਕ ਬਕਾਇਦਾ ਗੂਗਲ-ਮੈਪ ਦਾ ਹਿੱਸਾ ਹੈ। ਹੋਰਨਾਂ ਸੜਕਾਂ ਵਾਂਗ ਇਸਦਾ ਨੰਬਰ ਬੀ-3135 ਹੈ ਤੇ ਵਾਹਵਾ ਟਰੈਫਿਕ ਵਗਦਾ ਹੈ। ਉਤਰ ਵੱਲ ਦੀ ਪਹਾੜੀ ਸਮੇਂ ਨਾਲ ਕਈ ਥਾਵਾਂ ਤੋਂ ਢਲ਼ਕੇ ਢਲ਼ਾਨ ਜਿਹੀ ਬਣਾਉਂਦੀ ਹੈ। ਇਹ ਬਲੈਕਰੌਕ ਸਲੇਟ ਤੇ ਚੂਨਾ-ਪੱਥਰ ਦੀਆਂ ਪੱਕੀਆਂ ਪਹਾੜੀਆਂ ਹਨ ਫਿਰ ਵੀ ਇਹਨਾਂ ਦੇ ਹੇਠਾਂ ਖੜੇ ਹੋਣ ਦੀ ਮਨਾਹੀ ਹੈ ਕਿ ਚਟਾਨ ਦਾ ਕੋਈ ਛੋਟਾ ਮੋਟਾ ਟੁਕੜੇ ਹੇਠਾਂ ਡਿਗ ਕੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਵੈਸੇ ਇਹਨਾਂ ਸਿਧੀਆਂ ਪਹਾੜੀਆਂ ਨੂੰ ਪਰਬਤ-ਆਰੋਹੀ ਅਭਿਆਸ ਵਜੋਂ ਵੀ ਵਰਤਦੇ ਹਨ। ਤੁਸੀਂ ਏਸ ਸੜਕ ਉਪਰ ਦੀ ਲੰਘੋਂ ਤਾਂ ਕਈ ਸਾਰੇ ਕਲਿੱਫ ਹੈਂਗਰਜ਼ ਜਾਂ ਹਈਕਿੰਗ ਕਰਨ ਵਾਲੇ ਹਵਾ ਵਿੱਚ ਲਟਕਦੇ ਭਾਵ ਪਰੈਕਟਿਸ ਕਰਦੇ ਮਿਲ ਸਕਦੇ ਹਨ।

ਕਿਹਾ ਜਾਂਦਾ ਹੈ ਕਿ ਇਹ ਖੱਡ ਮੈਨਡਿਪ-ਹਿਲਜ਼ ਵਿੱਚ ਬਾਰਾਂ-ਲੱਖ ਸਾਲ ਪਹਿਲਾਂ ਪਈ ਸੀ ਜਦ ਇਕ ਬਰਫ-ਯੁੱਗ ਦੇ ਅੰਤ ‘ਤੇ ਬਰਫ ਪਿਘਲ ਕੇ ਏਨਾ ਪਾਣੀ ਜਮ੍ਹਾਂ ਹੋ ਗਿਆ ਕਿ ਪਹਾੜੀ ਵਿਚਕਾਰੋਂ ਬਹਿ ਗਈ ਤੇ ਇਕ 137 ਮੀਟਰ ਡੂੰਘੀ ਖੱਡ ਬਣ ਗਈ ਸੀ। ਇਹ ਪੈਰੀਗਲੈਸ਼ੀਅਲ-ਯੁੱਗ ਦੀਆਂ ਗੱਲਾਂ ਹਨ, ਇਤਿਹਾਸ ਅੰਕਿਤ ਹੋਣ ਤੋਂ ਬਹੁਤ ਪਹਿਲਾਂ ਦੀਆਂ। ਇਹ ਖੱਡ ਬਹੁਤਾ ਸਮਾਂ ਅਣਗੌਲ਼ੀ ਹੀ ਪਈ ਰਹੀ ਹੈ। ਫਿਰ ਜਦ ਮੈਨਡਿਪ-ਹਿਲਜ਼ ਦੇ ਪੈਰਾਂ ਵਿੱਚ ਇਹ ਚੈਡਰ-ਪਿੰਡ ਵਸਿਆ ਤਾਂ ਇਸ ਖੱਡ ਦੀ ਵਰਤੋਂ ਰਾਹ ਵਜੋਂ ਹੋਣ ਲੱਗੀ। ਇਸੇ ਖੱਡ ਜਾਂ ਰਾਹ ਵਿੱਚ ਸਮਾਂ ਪਾ ਕੇ ਤਿੰਨ ਗੁਫਾਵਾਂ ਵੀ ਮਿਲੀਆਂ। ਜਿਓਲੌਜਿਸਟ ਜਾਂ ਵਿਗਿਆਨੀਆਂ ਲਈ ਅੱਜ ਵੀ ਇਹ ਬਹੁਤ ਦਿਲਚਸਪੀ ਵਾਲੀ ਜਗਾਹ ਹੈ। ਉਹ ਸੋਚਦੇ ਹਨ ਕਿ ਸ਼ਾਇਦ ਕੁਝ ਹੋਰ ਵੀ ਲੱਭ ਪਵੇ। ਚੈਡਰ ਗੋਰਜ ਦੇ ਦੱਖਣ ਵੱਲ ਦੀ ਪਹਾੜੀ ਕੁਝ ਜ਼ਿਆਦਾ ਮਹੱਤਵ-ਪੂਰਨ ਮੰਨੀ ਜਾਂਦੀ ਹੈ। ਇਸ ਪਹਾੜੀ ਉਪਰ ਵਧੀਆ ਤੁਰਨ ਗਾਹਾਂ ਹਨ ਤੇ ਪਹਾੜੀ ਦੇ ਹੇਠਾਂ ਗੁਫਾਵਾਂ ਹਨ। ਮੈਂ ਇਸ ਜਗਾਹ ਬਾਰੇ ਗੂਗਲ ਤੋਂ ਕਾਫੀ ਜਾਣਕਾਰੀ ਹਾਸਲ ਕਰ ਲਈ ਸੀ ਪਰ ਗੂਗਲ ਤੇ ਫਸਟ-ਹੈਂਡ ਅਨੁਭਵ ਵਿੱਚ ਬਹੁਤ ਫਰਕ ਹੁੰਦਾ ਹੈ।...

ਬਿਲਕੁਲ ਨਵੀਂ ਜਗਾਹ ਹੈ ਮੇਰੇ ਲਈ ਇਹ। ਮੈਂ ਦੱਖਣੀ ਪਹਾੜੀ ਦੇ ਦੱਖਣ ਵਲੋਂ ਚੜ੍ਹਨਾ ਚਾਹੁੰਦਾ ਹਾਂ। ਇਸ ਪਾਸਿਓਂ ਚੜਾਈ ਬਹੁਤੀ ਤਿੱਖੀ ਨਹੀਂ ਹੈ। ਸੜਕ ‘ਤੇ ਇਕ ਪਾਸੇ ਆਮ ਹੀ ਕਾਰਾਂ ਖੜੀਆਂ ਮਿਲਦੀਆਂ ਹਨ। ਸੋਚਦਾ ਹਾਂ ਕਿ ਇਥੇ ਕਾਰ ਖੜੀ ਕਰਨੀ ਲੀਗਲ ਹੀ ਹੋਵੇਗੀ। ਸਵੇਰ ਦੇ ਗਿਆਰਾਂ ਵੱਜੇ ਹਨ। ਧੁੱਪ ਹਾਲੇ ਪੂਰੀ ਨਹੀਂ ਚਮਕੀ। ਹਵਾ ਵਿੱਚ ਠੰਡਕ ਹੈ। ਕਾਰਾਂ ਆ-ਆ ਕੇ ਖੜ ਰਹੀਆਂ ਹਨ। ਗਰਮੀ ਕਾਰਨ ਕਾਫੀ ਲੋਕਾਂ ਦੀ ਆ ਜਾਣ ਦੀ ਉਮੀਦ ਹੈ। ਮੈਂ ਆਪਣਾ ਰੈਕ-ਸੈਕ ਮੋਢ੍ਹੇ ਟੰਗਦਾ ਪਹਾੜੀ ਵੱਲ ਤੁਰ ਪੈਂਦਾ ਹਾਂ। ਰੈਕ-ਸੈਕ ਵਿੱਚ ਪਾਣੀ, ਬਿਸਕੁੱਟ, ਸੈਂਡਿਵੱਚ, ਨਕਸ਼ੇ ਬਗੈਰਾ ਹਨ। ਕੁਝ ਮਿੰਟ ਚੜ੍ਹ ਕੇ ਇਕ ਵੱਡਾ ਸਾਰਾ ਬੋਰਡ ਲੱਗਾ ਹੋਇਆ ਮਿਲਦਾ ਹੈ ਜਿਸ ਉਪਰ ਪਹਾੜੀ ਬਾਰੇ ਜਾਣਕਾਰੀ ਲਿਖੀ ਹੋਈ ਹੈ ਤੇ ਨਕਸ਼ਾ ਹੈ। ਦੱਖਣੀ ਪਹਾੜੀ ਉਪਰ ਪੂਰਾ ਚੱਕਰ ਦੋ ਘੰਟੇ ਦਾ ਹੈ ਜੋ ਕਿ ਚਾਰ ਮੀਲ ਦਾ ਹੈ। ਇਕ ਚੱਕਰ ਡੇੜ ਘੰਟੇ ਦਾ ਵੀ ਹੈ ਜੋ ਤਿੰਨ ਮੀਲ ਦਾ ਹੈ। ਦੋਵਾਂ ਪਹਾੜੀਆਂ ਦਾ ਗੇੜਾ ਕੁਝ ਲੰਮੇਰਾ ਹੈ। ਵਲ-ਵਲੇਵਿਆਂ ਵਾਲੇ ਕੁਝ ਹੋਰ ਰੂਟ ਵੀ ਹਨ। ਮੈਂ ਦੋ ਘੰਟੇ ਵਾਲੇ ਰੂਟ ਦਾ ਰਾਹ ਚੁਣਦਾ ਹਾਂ। ਥੋੜਾ ਅੱਗੇ ਜਾ ਕੇ ਇਕ ਗੇਟ ਆਉਂਦਾ ਹੈ ਜਿਸ ਨੂੰ ਖੋਹਲ ਕੇ ਤੁਸੀਂ ਅੰਦਰ ਵੜ ਜਾਂਦੇ ਹੋ। ਇਵੇਂ ਪਹਾੜੀ ਉਪਰ ਕਈ ਗੇਟ ਲੱਗੇ ਹੋਏ ਹਨ। ਇਥੇ ਜੰਗਲੀ ਜੀਵਨ ਦੀ ਰੱਖਿਆ ਲਈ ਵਾੜ ਕੀਤੀ ਹੋਈ ਹੈ। ਇਸ ਪਹਾੜੀ ਉਪਰ ਪਹਾੜੀ ਬੱਕਰੀਆਂ ਹਨ ਜੋ ਸਿੱਧੀਆਂ ਪਹਾੜੀਆਂ ‘ਤੇ ਚੜ੍ਹ ਸਕਦੀਆਂ ਹਨ। ਕੁਝ ਪੁਰਾਣੀ-ਨਸਲ ਦੀਆਂ ਭੇਡਾਂ ਵੀ ਹਨ। ਤੁਰਨ-ਰਾਹ ਬਹੁਤਾ ਪੱਧਰਾ ਨਹੀਂ ਹੈ। ਉਚੇ ਨੀਵੇਂ ਹਨ ਤੇ ਕਿਤੇ ਕਿਤੇ ਪੌਡੇ ਬਣੇ ਹੋਏ ਹਨ। ਮੀਂਹ ਪਏ ‘ਤੇ ਜ਼ਰੂਰ ਗਾਰਾ ਵੀ ਹੋ ਜਾਂਦਾ ਹੋਵੇਗਾ। ਥਾਂ ਥਾਂ ‘ਤੇ ਰੂਟਾਂ ਦੇ ਸਾਈਨ ਲੱਗੇ ਹੋਏ ਹਨ। ਲੋਕ ਇਕ ਦੂਜੇ ਨੂੰ ਹੈਲੋ ਕਹਿੰਦੇ ਕਾਹਲੀ-ਕਾਹਲੀ ਤੁਰੇ ਜਾ ਰਹੇ ਹਨ। ਉਪਰ ਪਾਣੀ ਵਾਲੇ ਖੂਹ ਹਨ, ਸਾਹ ਲੈਣ ਲਈ ਬੈਂਚ ਆਦਿ ਵੀ ਬਣੇ ਹੋਏ ਹਨ। ਕੂੜੇ ਵਾਲੀਆਂ ਬਿੰਨਾਂ ਤਾਂ ਥਾਂ ਥਾਂ ਹਨ। ਪਹਾੜੀ ਦੇ ਐਨ ਉਪਰ ਇਕ ਟਾਵਰ ਬਣਿਆ ਹੋਇਆ ਹੈ ਜਿਥੇ ਚੜ੍ਹ ਕੇ ਤੁਸੀਂ ਆਲੇ-ਦੁਆਲੇ ਦੀ ਚੁਡੇਰੀ ਸੀਨਰੀ ਦੇਖ ਸਕਦੇ ਹੋ। ਪਰ ਏਨੇ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਕਿ ਮੈਂ ਅੱਗੇ ਤੁਰ ਪੈਂਦਾ ਹਾਂ। ਉਪਰੋਂ ਵੀ ਬਹੁਤੀ ਪਹਾੜੀ ਬਹੁਤੀ ਪੱਧਰੀ ਨਹੀਂ ਹੈ ਪਰ ਤੁਰਨਾ ਸੌਖਾ ਹੈ। ਕਲਿੱਫ ਦੇ ਨੇੜੇ ਜਾ ਕੇ, ਭਾਵ ਜਿਥੇ ਹੇਠਾਂ ਖੱਡ ਹੈ, ਸੀਨ ਬਹੁਤ ਡਰਾਉਣਾ ਬਣ ਜਾਂਦਾ ਹੈ। ਇਸਦੇ ਨੇੜੇ ਨਾ-ਜਾਣ ਦੀਆਂ ਹਿਦਾਇਤਾਂ ਲਿਖੀਆਂ ਹੋਈਆਂ ਹਨ। ਪਿੱਛੇ ਜਿਹੇ ਇਥੋਂ ਡਿਗਕੇ ਇਕ ਬੰਦਾ ਮਰ ਵੀ ਗਿਆ ਸੀ। ਤੁਰਨ-ਰਾਹ ਉਪਰੋਂ ਖੱਡ ਦੇ ਨਾਲ-ਨਾਲ ਲੰਘਦਾ ਹੈ। ਇਥੋਂ ਚੈਡਰ-ਕਸਬੇ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਗੋਲ-ਆਕਾਰ ਵਿੱਚ ਇਕ ਝੀਲ ਵੀ ਦਿਖਾਈ ਦਿੰਦੀ ਹੈ, ਜਿਸ ਬਾਰੇ ਬਾਅਦ ਵਿੱਚ ਮੈਨੂੰ ਪਤਾ ਚਲਿਆ ਕਿ ਇਹ ਪੀਣ ਵਾਲੇ ਪਾਣੀ ਦਾ ਜ਼ਖੀਰਾ ਹੈ। ਉਪਰੋਂ ਖੱਡ ਦੇ ਬਿਲਕੁਲ ਹੇਠਾਂ ਸੜਕ ਦਿਖਾਈ ਦੇ ਰਹੀ ਹੈ। ਇਥੇ ਲੰਘ ਰਹੀਆਂ ਕਾਰਾਂ ਖਿਡੌਣੇ ਜਿਹੇ ਜਾਪ ਰਹੀਆਂ ਹਨ। ਭਾਵੇਂ ਇਹ ਸਿਰਫ 137 ਮੀਟਰ ਡੂੰਘਾ ਹੈ ਪਰ ਥੱਲਾ ਬਹੁਤ ਦੂਰ ਜਾਪ ਰਿਹਾ ਹੈ। ਇਸ ਨੂੰ ਯੂਕੇ ਦੀ ਸਭ ਤੋਂ ਡੂੰਘੀ ਖੱਡ ਕਿਹਾ ਜਾਂਦਾ ਹੈ।

ਇਥੇ ਕੁਝ ਪੰਛੀ ਅਜਿਹੇ ਦਿਖਾਈ ਦਿੰਦੇ ਹਨ ਜਿਹੜੇ ਪਹਿਲਾਂ ਮੈਂ ਕਦੇ ਨਹੀਂ ਦੇਖੇ। ਪੀਲੀ-ਗਰਦਣ ਵਾਲੇ ਚੂਹੇ ਵੀ ਦਿਸਦੇ ਹਨ। ਕਹਿੰਦੇ ਹਨ ਕਿ ਇਥੇ ਸੱਪ ਵੀ ਹਨ ਜਿਹਨਾਂ ਨੂੰ ਐਡਰ ਕਿਹਾ ਜਾਂਦਾ ਹੈ ਜੋ ਜ਼ਹਿਰੀਲੇ ਨਹੀਂ ਹੁੰਦੇ ਪਰ ਮੈਨੂੰ ਕੋਈ ਦਿਖਾਈ ਨਹੀਂ ਦਿੱਤਾ। ਮੈਂ ਕਿਤੇ ਪੜ੍ਹਿਆ ਸੀ ਕਿ ਇਥੇ ਕੁਝ ਦੁਰਲੱਭ ਪੌਦੇ ਵੀ ਹਨ ਪਰ ਮੇਰੇ ਤੋਂ ਇਹਨਾਂ ਦੀ ਪੱਛਾਣ ਨਹੀਂ ਹੋਈ। ਕੁਝ ਅਜੀਬ ਰੰਗ ਦੀਆਂ ਤਿਤਲੀਆਂ ਜ਼ਰੂਰ ਹਨ। ਇਕ ਗੇੜਾ ਲਾਕੇ ਮੈਂ ਜੈਕਬ-ਲੈਡਰਜ਼ (ਪੌੜੀਆਂ) ਦੇ ਸਾਈਨ ਲੈ ਲੈਂਦਾ ਹਾਂ। ਇਹ ਹੇਠਾਂ ਚੈਡਰ ਕਸਬੇ ਦੇ ਬਾਜ਼ਾਰ ਵਿੱਚ ਉਤਰਦੀਆਂ ਹਨ। ਇਹਨਾਂ ਨੂੰ ‘274-ਸਟੈਪਜ਼’ ਵੀ ਕਿਹਾ ਜਾਂਦਾ ਹੈ। ਇਹਨਾਂ ਪੌੜੀਆਂ ਨੂੰ ਜੈਕਬ-ਲੈਡਰਜ਼ ਦਾ ਨਾਂ ਬਾਈਬਲ ਦੀ ਮਸ਼ਹੂਰ ਕਹਾਣੀ ਦੇ ਆਧਾਰ ‘ਤੇ ਦਿੱਤਾ ਗਿਆ ਹੈ ਕਿ ਜੈਕਬ, ਜੀਸਸ ਦਾ ਸਾਥੀ, ਪੌੜੀਆਂ ਚੜ੍ਹ ਕੇ ਸਵਰਗ ਜਾਂਦਾ ਹੈ। ਮਹਾਂਭਾਰਤ ਵਿੱਚ ਜਿਵੇਂ ਪਾਂਡੂ ਪਹਾੜ ਚੜ੍ਹਦੇ ਹੋਏ ਸਵਰਗ ਗਏ ਸਨ। ਪੌੜੀਆਂ ਉਤਰਨ ਵਾਲੇ ਬਹੁਤੇ ਲੋਕ ਪੌੜੀਆਂ ਨੂੰ ਗਿਣਦੇ ਉਤਰਦੇ ਹਨ। ਹੇਠਾਂ ਆਕੇ ਸਭ ਦੀ ਗਿਣਤੀ ਵੱਖ-ਵੱਖ ਹੈ। ਮੈਂ ਇਹਨਾਂ ਨੂੰ 270 ਗਿਣਦਾ ਹਾਂ। ਹੇਠਾਂ ਆ ਕੇ ਪਤਾ ਲਗਦਾ ਹੈ ਕਿ ਤੁਸੀਂ ਪੌੜੀਆਂ ਰਾਹੀਂ ਪਹਾੜੀ ‘ਤੇ ਚੜ੍ਹਨਾ ਹੋਵੇ ਤਾਂ ਪੈਸੇ ਲਗਦੇ ਹਨ।

ਪੌੜੀਆਂ ਉਤਰ ਕੇ ਤੁਹਾਡੇ ਸਾਹਮਣੇ ਹੀ ਪੂਰਾ ਬਾਜ਼ਾਰ ਖੜਾ ਹੈ। ਦੁਕਾਨਾਂ, ਕੈਫੈ, ਰੈਸਟੋਰੈਂਟ ਤੇ ਦਫਤਰ ਆਦਿ ਹਨ। ਨੈਸ਼ਨਲ ਟਰੱਸਟ ਦਾ ਦਫਤਰ ਹੈ। ਟੂਰਿਜ਼ਮ-ਸੈਂਟਰ ਵੀ ਹੈ। ਖੁੱਲ੍ਹਾ ਕਾਰ-ਪਾਰਕ ਹੈ। ਪੌੜੀਆਂ ਦੇ ਬਿਲਕੁਲ ਨਾਲ ਹੀ ਕੌਕਸ‘ਜ਼-ਕੇਵ ਹੈ। ਇਥੇ ਤਿੰਨ ਗੁਫਾਵਾਂ ਹਨ। ਇਕ ਗੁਫਾ ਅੱਜਕਲ੍ਹ ਬੰਦ ਰੱਖੀ ਹੋਈ ਹੈ ਤੇ ਦੋ ਗੁਫਾਵਾਂ ਪਬਲਿਕ ਲਈ ਖੁੱਲ੍ਹੀਆਂ ਹਨ। ਇਹਨਾਂ ਗੁਫਾਵਾਂ ਦੀ ਨਿਸ਼ਾਨਦੇਹੀ ਬਹੁਤ ਬਾਅਦ ਵਿੱਚ ਹੋਈ ਹੈ, ਉਨੀਵੀਂ ਸਦੀ ਵਿੱਚ ਆ ਕੇ। ਕੌਕਸ‘ਜ਼ ਗੁਫਾ ਨੂੰ 1837 ਵਿੱਚ ਕੌਕਸ ਨਾਂ ਦੇ ਆਰਕੌਲੋਜਿਸਟ ਨੇ ਲੱਭਿਆ ਸੀ ਤੇ ਦੂਜੀ ਗੁਫਾ ਦਾ ਨਾਂ ਗੱਫ‘ਜ਼-ਗੁਫਾ ਹੈ ਜਿਸ ਨੂੰ ਗੱਫ ਨੇ 1903 ਵਿੱਚ ਲੱਭਿਆ ਸੀ। ਵੈਸੇ ਤਾਂ ਇਹ ਗੁਫਾਵਾਂ ਬਾਰਾਂ-ਤੇਰਾਂ ਹਜ਼ਾਰ ਸਾਲ ਪੁਰਾਣੀਆਂ ਹਨ ਤੇ ਜ਼ਮੀਨ-ਦੋਜ਼ ਦਰਿਆਵਾਂ ਦੇ ਵਗਣ ਨਾਲ ਬਣੀਆਂ ਹਨ ਪਰ ਬਹੁਤ ਸਮਾਂ ਪਹਿਲਾਂ ਕਿਸੇ ਨਾ ਕਿਸੇ ਕਾਰਨ ਇਹਨਾਂ ਦੇ ਰਾਹ ਬੰਦ ਹੋ ਗਏ ਸਨ। ਇਹਨਾਂ ਗੁਫਾਵਾਂ ਦੇ ਮਿਲਣ ਨਾਲ ਇਹ ਜਗਾਹ ਟੂਰਿਸਟਾਂ ਲਈ ਵਿਸ਼ੇਸ਼ ਬਣਨ ਲੱਗੀ। ਟੂਰਿਸਟ ਇਥੇ ਵੱਲ ਨੂੰ ਭੱਜੇ ਆਉਣ ਲੱਗੇ। ਇਕੀਵੀਂ-ਸਦੀ ਵਿੱਚ ਆ ਕੇ ਟੈਲੀਵੀਯਨ ਵਾਲਿਆਂ ਨੇ ਗੁਫਾਵਾਂ ਬਾਰੇ ਡਾਕੂਮੈਂਟਰੀਜ਼ ਬਣਾਈਆਂ ਤੇ ਇਹਨਾਂ ਦੀ ਮਸ਼ਹੂਰੀ ਹੋਣ ਲੱਗ ਪਈ ਕਿਉਂਕਿ ਇਹ ਗੁਫਾਵਾਂ ਮਨੁੱਖਤਾ ਦਾ ਇਤਿਹਾਸ ਸਾਂਭੀ ਬੈਠੀਆਂ ਹਨ। ਰੇਡੀਓ-ਟਾਈਮਜ਼ ਨਾਮੀ ਇਕ ਮੈਗਜ਼ੀਨ ਨੇ ਯੂਕੇ ਦੇ ਸੱਤ-ਅਜੂਬਿਆਂ ਬਾਰੇ ਚੋਣ ਕਰਾਈ ਤਾਂ ਚੈਡਰ-ਗੋਰਜ, ਚੈਡਰ-ਗੁਫਾਵਾਂ ਨੂੰ ਦੂਜੇ ਨੰਬਰ ਦਾ ਅਜੂਬਾ ਮੰਨਿਆਂ ਗਿਆ। ਪਹਿਲੇ ਨੰਬਰ ਦਾ ਅਜੂਬਾ ਵੇਲਜ਼ ਦੀਆਂ ਡੈਨ-ਯਰ-ਓਗੌਫ ਗੁਫਾਵਾਂ ਹਨ। ਚੈਡਰ ਹਰ ਸਾਲ ਪੰਜ-ਲੱਖ ਯਾਤਰੂਆਂ ਲਈ ਖਿੱਚ ਦਾ ਕਾਰਣ ਬਣਦਾ ਹੈ। ਇਥੋਂ ਛੇ ਕੁ ਮੀਲ ਦੂਰ ਵੂਕੀ-ਹੋਲ ਗੁਫਾਵਾਂ ਹਨ ਜੋ ਸੱਤਰ-ਹਜ਼ਾਰ ਸਾਲ ਪੁਰਾਣੀਆਂ ਹਨ। ਉਹ ਵੀ ਅਦਭੁੱਤ ਹਨ, ਉਹਨਾਂ ਬਾਰੇ ਫੇਰ ਕਦੇ।

ਇਹ ਗੁਫਾਵਾਂ ਏਨੀਆਂ ਪੁਰਾਣੀਆਂ ਹਨ ਕਿ ਪੱਥਰ-ਯੁੱਗ, ਤਾਂਬਾ-ਯੁੱਗ ਤੇ ਲੋਹਾ ਯੁੱਗ ਦਾ ਮਨੁੱਖ ਇਥੇ ਵਸਦਾ ਰਿਹਾ ਹੈ। ਮਨੁੱਖ ਦੇ ਇਥੇ ਵਸਣ ਦੀਆਂ ਨਿਸ਼ਾਨੀਆਂ ਅੱਜ ਵੀ ਮਿਲਦੀਆਂ ਹਨ। ਇਥੇ ਬਹੁਤ ਸਾਰੇ ਮਨੁੱਖੀ ਪਿੰਜਰ ਤੇ ਹੱਡੀਆਂ ਮਿਲੀਆਂ ਹਨ। ਗੱਫ‘ਜ਼ ਕੇਵ ਵਿੱਚੋਂ ਨੌ ਹਜ਼ਾਰ ਸਾਲ ਪੁਰਾਣਾ ਮਨੁੱਖੀ ਸਬੂਤਾ ਪਿੰਜਰ ਮਿਲਿਆ ਸੀ ਜਿਸ ਨੂੰ ਅੱਜਕੱਲ੍ਹ ਬ੍ਰਿਟਿਸ਼ ਹਿਸਟਰੀ ਮਿਊਜ਼ੀਅਮ ਵਿੱਚ ਰੱਖਿਆ ਹੋਇਆਂ ਹੈ। ਇਸ ਨੂੰ ਚੈਡਰ ਮੈਨ ਦਾ ਨਾਂ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਕਿ ਇਸ ਚੈਡਰ ਮੈਨ ਦਾ ਰੰਗ ਕਾਲਾ ਸੀ। ਇਥੇ ਇਹ ਗੱਲ ਇਹ ਸਿੱਧ ਕਰਦੀ ਹੈ ਕਿ ਕਿਸੇ ਵੇਲੇ ਇੰਗਲੈਂਡ ਵਿੱਚ ਵਸਣ ਵਾਲੇ ਲੋਕਾਂ ਦੇ ਰੰਗ ਕਾਲੇ ਵੀ ਸਨ। ਇਹਨਾਂ ਗੁਫਾਵਾਂ ਵਿੱਚੋਂ ਜਾਨਵਰਾਂ, ਜਿਵੇਂ ਕਿ ਘੋੜੇ, ਭੇਡਾਂ, ਗਾਈਆਂ ਆਦਿ ਦੀਆਂ ਹੱਡੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਯਕੀਨ ਕੀਤਾ ਜਾਂਦਾ ਹੈ ਕਿ ਇਹ ਜਾਨਵਰ ਗੁਫਾਵਾਂ ਵਿੱਚ ਰਹਿਣ ਵਾਲੇ ਮਨੁੱਖਾਂ ਦਾ ਖਾਣਾ ਬਣੇ ਹੋਣਗੇ। ਮਨੁੱਖੀ-ਪਿੰਜਰਾਂ ਵਿੱਚ ਕੁਝ ਪਿੰਜਰ ਬੱਚਿਆਂ ਦੇ ਵੀ ਮਿਲੇ ਹਨ ਜਿਸ ਦਾ ਅਰਥ ਹੈ ਕਿ ਇਥੇ ਪਰਿਵਾਰ ਵੀ ਰਹਿੰਦੇ ਹੋਣਗੇ।

ਇਹ ਨੀਵੀਂ ਜਗਾਹ ਹੋਣ ਕਰਕੇ ਇਥੇ ਹੜ੍ਹ ਆਮ ਆ ਜਾਂਦੇ ਹਨ। ਇਹਨਾਂ ਗੁਫਾਵਾਂ ਦੇ ਮੂੰਹ ਬੰਦ ਹੋਣ ਕਾਰਨ ਵੀ ਮੀਂਹ ਨਾਲ ਇਹਨਾਂ ਮੁਹਰੇ ਆਇਆ ਗਾਰਾ ਹੀ ਜਾਪਦਾ ਹੈ। 1968 ਵਿੱਚ ਇਥੇ ਚੀਊ-ਸਟੋਕ ਨਾਮੀ ਹੜ੍ਹ ਆ ਜਾਣ ਕਾਰਨ ਇਕ ਵਾਰ ਫਿਰ ਇਹ ਗੁਫਾਵਾਂ ਬੰਦ ਹੋ ਗਈਆਂ ਸਨ। ਉਦੋਂ ਇਹ ਗੁਫਾਵਾਂ ਪਾਣੀ ਨਾਲ ਵੀ ਭਰ ਗਈਆਂ ਸਨ। 2012 ਵਿੱਚ ਵੀ ਇਥੇ ਹੜ੍ਹ ਆ ਗਿਆ ਸੀ ਤੇ ਖੱਡ ਵਿੱਚ ਪਾਣੀ ਖੜ ਜਾਣ ਕਾਰਨ ਸੜਕ ਬੀ-3135 ਕਈ ਹਫਤੇ ਬੰਦ ਰਹੀ ਸੀ।

ਗੱਫ‘ਜ਼ ਗੁਫਾ 400 ਮੀਟਰ ਲੰਮੀ ਹੈ। ਕਿਤੇ-ਕਿਤੇ ਡੂੰਘੀ ਵੀ ਹੈ ਤੇ ਅਦਭੁੱਤ ਸ਼ਕਲ ਵਾਲੀ ਵੀ। ਅੰਦਰ ਵੜਦਿਆਂ ਨੂੰ ਹੀ ਤੁਹਾਨੂੰ ਰੇਡੀਓ ਦੇ ਦਿੱਤੇ ਜਾਂਦੇ ਹਨ ਜੋ ਤੁਹਾਨੂੰ ਤੁਰਦਿਆਂ-ਫਿਰਦਿਆਂ ਗਾਈਡ ਕਰੀ ਜਾਂਦੇ ਹਨ ਕਿ ਤੁਸੀਂ ਕਿਥੇ ਕੁ ਹੋ ਤੇ ਉਸ ਜਗਾਹ ਦੀ ਕੀ ਮਹੱਤਤਾ ਹੈ। ਕੌਕਸ‘ਜ਼ ਗੁਫਾ ਕੁਝ ਛੋਟੀ ਹੈ। ਇਹ ਗੁਫਾਵਾਂ ਨੂੰ ਚੀਜ਼ ਮੈਚੋਓਅਰ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਹਾਂ, ਇਹਨਾਂ ਦੋਨਾਂ ਗਫਾਵਾਂ ਵਿੱਚ ਤੁਹਾਨੂੰ ਕੁਝ ਸਾਥੀ ਵੀ ਮਿਲ ਸਕਦੇ ਹਨ, ਉਹ ਹਨ ਚਮਗਿੱਦੜ। ਗੁਫਾਵਾਂ ਦੀ ਛੱਤ ਵੱਲ ਨਜ਼ਰ ਮਾਰੋਂ ਤਾਂ ਲਟਕਦੇ ਹੋਏ ਨਜ਼ਰੀਂ ਪੈ ਸਕਦੇ ਹਨ। ਉਹਨਾਂ ਨੂੰ ਦੇਖ ਕੇ ਉਹ ਕਹਾਵਤ ਯਾਦ ਆ ਜਾਂਦੀ ਹੈ, ‘ਯਹਾਂ ਹਮ ਲਟਕੇ, ਵਹਾਂ ਤੁਮ ਲਟਕੋ।‘

ਵੈਸੇ ਤਾਂ ਇਹ ਜਗਾਹ ਨੈਸ਼ਨਲ-ਟਰੱਸਟ ਦੇ ਹੇਠ ਆਉਂਦੀ ਹੈ ਜੋ ਸਰਕਾਰੀ-ਅਦਾਰਾ ਹੈ ਪਰ ਨਾਲ-ਨਾਲ ਲੌਂਗਲੀਟ-ਇਸਟੇਟ ਵੀ ਇਸਦੀ ਮਾਲਕ ਹੈ ਜੋਕਿ ਇਕ ਪਰਿਵਾਰਿਕ ਟਰੱਸਟ ਹੈ। ਇਹ ਦੋਵੇਂ ਗੁਫਾਵਾਂ ਅਤੇ ਦੱਖਣ ਵੱਲ ਦੀ ਪਹਾੜੀ ਦੀ ਮਲਕੀਅਤ ਲੌਂਗਲੀਟ ਇਸਟੇਟ ਦੀ ਹੈ। ਵੈਸੇ ਤਾਂ ਦੋਵੇਂ ਧਿਰਾਂ ਰਲ਼ਕੇ ਇਸ ਜਗਾਹ ਦੀ ਦੇਖਭਾਲ ਕਰਦੀਆਂ ਹਨ। ਇਕ ਸਮੇਂ ਲੌਂਗਲੀਟ ਵਾਲੇ ਚਾਹੁੰਦੇ ਸਨ ਕਿ ਯਾਤਰੀਆਂ ਦੀ ਖਿੱਚ ਲਈ ਦੋਨਾਂ ਪਹਾੜੀਆਂ ਵਿਚਕਾਰ 600 ਮੀਟਰ ਲੰਮੀ ਕੇਬਲ-ਕਾਰ ਚਲਾਈ ਜਾਵੇ ਜਿਸ ਉਪਰ ਦਸ ਮਿਲੀਅਨ ਪੌਂਡ ਖਰਚਾ ਆਉਣਾ ਸੀ ਪਰ ਨੈਸ਼ਨਲ-ਟਰੱਸਟ ਵਾਲਿਆਂ ਇਹ ਤਜਵੀਜ਼ ਠੁਕਰਾ ਦਿੱਤੀ। ਫਿਰ ਨੈਸ਼ਨਲ ਟਰੱਸਟ ਨੇ ਇਥੇ ਐਮਿਊਜ਼ਮੈਂਟ-ਪਾਰਕ ਬਣਾਉਣ ਲਈ ਪਲਾਨਿੰਗ-ਪਰਮਿਸ਼ਨ ਲਈ ਸੀ ਪਰ ਹਾਲੇ ਤੱਕ ਬਣਾਇਆ ਨਹੀਂ ਗਿਆ। ਐਮਿਊਜ਼ਮੈਂਟ-ਪਾਰਕ ਹੋਰ ਬਹੁਤ ਸਾਰੇ ਯਾਤਰੀਆਂ ਦਾ ਖਾਸ ਕਰਕੇ ਪਰਿਵਾਰਾਂ ਦਾ ਧਿਆਨ ਖਿੱਚੇਗਾ। ਇਥੇ ਰੌਣਕ ਵਧੇਗੀ।

ਇਹ ਜਗਾਹ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ। ‘ਲੌਡਰ ਆਫ ਦਾ ਰਿੰਗ’ ਵਾਲੀ ਕਿਤਾਬਾਂ/ਫਿਲਮਾਂ ਦੀ ਸੀਰੀਜ਼ ਵਿੱਚ ਦੂਜੀ ਫਿਲਮ ਤੇ ਕਿਤਾਬ ‘ਟੂ ਟਾਵਰ’ ਚੈਡਰ-ਗੋਰਜ, ਦੋ ਪਹਾੜੀਆਂ ਦੇ ਇਕ ਦੂਜੇ ਸਾਹਮਣੇ ਤਣ ਕੇ ਖੜ੍ਹਨ ਤੋਂ ਪਰੇਰਤ ਹੋਕੇ ਲਿਖੀ ਗਈ ਸੀ। ਟੂਰਿਸਟ ਇਥੇ ਆਪਣੀਆਂ ਵੀਡਿਓ ਬਣਕੇ ਆਪਣੇ ਬਲੌਗਾਂ ਵਿੱਚ ਪਾਉਂਦੇ ਰਹਿੰਦੇ ਹਨ। ਯੂਟਿਊਬ ਉਪਰ ਇਸ ਜਗਾਹ ਬਾਰੇ ਬਹੁਤ ਸਾਰੀਆਂ ਵੀਡਿਓ ਦੇਖੀਆਂ ਜਾ ਸਕਦੀਆਂ ਹਨ।

ਚੈਡਰ ਵਿੱਚ ਹੋਰ ਬਹੁਤ ਕੁਝ ਵੀ ਹੈ ਦੇਖਣ ਵਾਲਾ। ਇਥੇ ਇਕ ਦਰਿਆ ਹੈ ਜਿਸ ਦੇ ਕੰਢੇ ਵੀ ਤੁਰਨ-ਗਾਹ ਹੈ। ਪਰ ਮੇਰੇ ਕੋਲ ਵਕਤ ਦੀ ਘਾਟ ਹੈ। ਅੱਜ ਦਾ ਇਹ ਚਾਰ ਪੰਜ ਘੰਟੇ ਦਾ ਗੇੜਾ ਥਕਾਵਟ ਭਰਿਆ ਹੈ ਪਰ ਚੈਡਰ ਗੋਰਜ ਤੇ ਚੈਡਰ ਕੇਵਜ਼ ਨੇ ਮੇਰੀ ਖਾਸ ਕਿਸਮ ਦੀ ਮਾਨਸਿਕ ਭੁੱਖ ਪੂਰੀ ਕਰ ਦਿੱਤੀ ਹੈ। ਮੈਂ ਇਕ ਵਿਸ਼ੇਸ਼ ਦੁਕਾਨ ਤੋਂ ਇਥੇ ਦੀ ਖਾਸੀਅਤ ਚੈਡਰ ਚੀਜ਼ ਖਰੀਦ ਕੇ, ਦਿਨ ਭਰ ਦੀ ਥਕਾਵਟ ਨੂੰ ਇਕ ਪਾਸੇ ਧੱਕਦਾ ਹੋਇਆ ਪਹਾੜੀ ਦੇ ਦੂਜੇ ਪਾਸੇ ਖੜੀ ਆਪਣੀ ਕਾਰ ਵੱਲ ਕਾਹਲੀ ਕਾਹਲੀ ਤੁਰ ਪੈਂਦਾ ਹਾਂ।


Comments


bottom of page