top of page
  • Writer's pictureਸ਼ਬਦ

ਸ਼ਬਦ-ਚਿੱਤਰ / ਟੇਡ੍ਹਾ ਬੰਦਾ: ਜਿੰਦਰ / ਹਰਜੀਤ ਅਟਵਾਲ /

    ਜਲੰਧਰ ਦਾ ਬੱਸ ਅੱਡਾ। ਬੱਸ-ਅੱਡੇ ਵਿੱਚ ਵੜ੍ਹਨ ਤੋਂ ਪਹਿਲਾਂ ਖੱਬੇ ਹੱਥ ਪੈਂਦੀਆਂ ਕੁਝ ਦੁਕਾਨਾਂ। ਇਹਨਾਂ ਦੁਕਾਨਾਂ ਵਿੱਚ ਹੀ ਇਕ ਦੁਕਾਨ ਮਰਦਾਨਾ-ਤਾਕਤ ਦੀਆਂ ਦਵਾਈਆਂ ਦੀ ਵੀ ਹੈ। ਮੈਂ ਇਸ ਦੇ ਬਿਲਕੁਲ ਸਾਹਮਣੇ ਖੜਾ ਹਾਂ। ਨਹੀਂ ਜੀ ਨਹੀਂ, ਮੈਂ ਇਸ ਦੁਕਾਨ ਤੋਂ ਕੋਈ ਦਵਾਈ ਲੈਣ ਬਿਲਕੁਲ ਨਹੀਂ ਆਇਆ ਬਲਕਿ ਮੈਂ ਤਾਂ ਇਸ ਦੁਕਾਨ ਉਪਰਲੇ ਪੰਜਾਬ ਰੋਡਵੇਜ਼ ਦੇ ਲੇਖਾ-ਜੋਖਾ ਵਿਭਾਗ ਵਿੱਚ ਕੰਮ ਕਰਦੇ ਇਕ ਲੇਖਕ ਜਿੰਦਰ ਨੂੰ ਮਿਲਣ ਆਇਆ ਹਾਂ। ਜਿੰਦਰ ਨਵਾਂ ਲੇਖਕ ਹੈ ਤੇ ਸਥਾਪਤ ਹੋਣ ਲਈ ਹੱਥ-ਪੈਰ ਮਾਰ ਰਿਹਾ ਹੈ। ਵੈਸੇ ਸਾਹਿਤ ਵਿੱਚ ਮੈਂ ਜਿੰਦਰ ਨਾਲੋਂ ਕਾਫੀ ਸੀਨੀਅਰ ਹਾਂ, ਚਾਰ-ਪੰਜ ਕਿਤਾਬਾਂ ਦਾ ਰਚੇਤਾ ਵੀ ਹਾਂ, ਜਿੰਦਰ ਨਾਲ ਮੇਰੀ ਕੋਈ ਦੋਸਤੀ ਵੀ ਨਹੀਂ ਹੈ, ਉਸ ਨੂੰ ਕਦੇ ਮਿਲਿਆ ਵੀ ਨਹੀਂ ਪਰ ਫਿਰ ਵੀ ਉਸ ਨੂੰ ਮਿਲਣ ਆਇਆ ਹਾਂ। ਇਹ ਮੁਲਾਕਾਤ ਮੇਰੀ ਸੋਚੀ ਸਮਝੀ ਸਕੀਮ ਦਾ ਹਿੱਸਾ ਹੈ। ਮੇਰੇ ਕੋਲ ਦੋ ਪਲਾਨ ਹਨ। ਪਲਾਨ ਏ ਤੇ ਪਲਾਨ ਬੀ। ਜਿੰਦਰ ਪਲਾਨ ਏ ਹੈ ਤੇ ਇਕ ਹੋਰ ਲੇਖਕ ਅਮਰਗਿਰੀ ਪਲਾਨ ਬੀ।

    ਲੇਖਕ ਨੂੰ ਆਪਣੀ ਪੱਛਾਣ ਬਣਾਉਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਉਹ ਸਾਲ ਮੈਂ ਖਰਚ ਚੁੱਕਾ ਹਾਂ। ਬਰਤਾਨੀਆਂ ਦੇ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਮੇਰੀ ਪੱਛਾਣ ਬਣੀ ਹੋਈ ਹੈ। ਪਿਛਲੇ ਅਠਾਰਾਂ ਸਾਲਾਂ ਤੋਂ ਲਗਾਤਾਰ ਉਥੇ ਦੇ ਪਰਚਿਆਂ ਵਿੱਚ ਛਪਦਾ ਆ ਰਿਹਾ ਹਾਂ। ਸਾਹਿਤਕ ਇਕੱਠਾਂ ਦਾ ਖਾਸ ਹਿੱਸਾ ਹਾਂ। ਇਕ ਲੇਖਕ ਸਭਾ ਦਾ ਸਕੱਤਰ ਵੀ ਹਾਂ। ਇੰਗਲੈਂਡ ਵਿੱਚ ਵਸਦਾ ਹਰ ਪੰਜਾਬੀ ਲੇਖਕ ਮੈਨੂੰ ਜਾਣਦਾ ਹੈ ਤੇ ਦੋਸਤ ਵੀ ਹੈ ਪਰ ਇੰਡੀਆ ਵਿੱਚ ਹਾਲੇ ਇਹ ਗੱਲ ਬਣ ਨਹੀਂ ਸਕੀ। ਕਿਉਂ ਨਹੀਂ ਬਣ ਸਕੀ, ਉਹ ਇਹ ਕਿ ਮੇਰੇ ਸੁਭਾਅ ਵਿੱਚ ਇਕ ਨੁਕਸ ਹੈ। ਇਕ ਬਹੁਤ ਵੱਡੀ ਝਿਜਕ ਜੋ ਮੈਨੂੰ ਨਵੇਂ ਲੋਕਾਂ ਨੂੰ ਮਿਲਣ ਤੋਂ ਰੋਕਦੀ ਹੈ, ਨਵੀਂਆਂ ਦੋਸਤੀਆਂ ਨਹੀਂ ਪਾਉਣ ਦਿੰਦੀ। ਇਕ ਸ਼ਰਮਾਕਲਪਨ ਰਾਹ ਵਿੱਚ ਆ ਖੜਦਾ ਹੈ। ਜਦ ਵੀ ਇੰਡੀਆ ਆਵਾਂ, ਬਿਨਾਂ ਕਿਸੇ ਲੇਖਕ ਨੂੰ ਮਿਲੇ ਵਾਪਸ ਚਲੇ ਜਾਂਦਾ ਹਾਂ। ਹਾਲਾਂਕਿ ਮੇਰੀਆਂ ਕਹਾਣੀਆਂ ਪੰਜਾਬੀ ਦੇ ਸਾਰੇ ਹੀ ਪਰਚਿਆਂ ਵਿੱਚ ਛਪ ਚੁੱਕੀਆਂ ਹਨ। ਮੇਰੀ ਸੋਚ ਹੈ ਕਿ ਜੇ ਦੂਜੇ ਲੇਖਕ ਤੁਹਾਨੂੰ ਜਾਣਦੇ ਨਹੀਂ ਤਾਂ ਉਹ ਤੁਹਾਨੂੰ ਪੜ੍ਹਦੇ ਵੀ ਨਹੀਂ। ਇਸ ਲਈ ਮੈਂ ਇਕ ਸਕੀਮ ਬਣਾਈ ਹੈ ਕਿ ਕਿਉਂ ਨਾ ਕਿਸੇ ਅਜਿਹੇ ਲੇਖਕ ਨੂੰ ਦੋਸਤ ਬਣਾਵਾਂ ਜਿਹਦੇ ਰਾਹੀਂ ਪੰਜਾਬ ਦੇ ਹੋਰਨਾਂ ਲੇਖਕਾਂ ਨੂੰ ਮਿਲ਼ਾਂ, ਹੋਰ ਦੋਸਤੀਆਂ ਦੇ ਦਰਵਾਜ਼ੇ ਖੁਲ੍ਹਣ। ਇਸ ਮਕਸਦ ਨਾਲ ਮੈਂ ਇੰਡੀਆ ਦੇ ਕੁਝ ਲੇਖਕਾਂ ਨੂੰ ਚਿੱਠੀਆਂ ਲਿਖੀਆਂ। ਲੇਖਕ ਉਹ ਚੁਣੇ ਜੋ ਮੇਰੇ ਤੋਂ ਜੂਨੀਅਰ ਹੋਣ। ਸੀਨੀਅਰ ਤਾਂ ਲਾਗੇ ਹੀ ਨਹੀਂ ਲੱਗਣ ਦਿੰਦੇ। ਉਹ ਉੱਚੀ ਜਗਾਹ ਬਹਿ ਕੇ ਗੱਲ ਕਰਦੇ ਹਨ। ਮੇਰੀਆਂ ਚਿੱਠੀਆਂ ਦੇ ਦੋ ਲੇਖਕਾਂ ਨੇ ਜਵਾਬ ਦਿੱਤੇ। ਇਕ ਜਿੰਦਰ ਤੇ ਦੂਜਾ ਅਮਰਗਿਰੀ। ਇਹਨਾਂ ਦੋਵਾਂ ਨਾਲ ਮੇਰਾ ਕਾਫੀ ਦੇਰ ਚਿੱਠੀ-ਪੱਤਰ ਚਲਦਾ ਰਿਹਾ। ਇਹ ਦੋਵੇਂ ਹੀ ਮੇਰੇ ਨਾਲ ਦੋਸਤੀ ਪਾਉਣ ਵਿੱਚ ਕਾਫੀ ਉਤਸ਼ਾਹਿਤ ਜਾਪਦੇ ਸਨ। ਇਹਨਾਂ ਦੋਨਾਂ ਦੀਆਂ ਕੁਝ ਇਕ ਕਹਾਣੀਆਂ ਮੈਂ ਪੜ੍ਹੀਆਂ ਸਨ, ਕੋਈ ਖਾਸ ਨਹੀਂ ਸਨ ਪਰ ਮੇਰਾ ਮਕਸਦ ਤਾਂ ਕੁਝ ਹੋਰ ਸੀ। ਅਮਰਗਿਰੀ ਸ਼ਾਇਦ ਚੰਡੀਗੜ੍ਹ ਰਹਿੰਦਾ ਹੈ, ਜਿੰਦਰ ਮੇਰੇ ਨੇੜੇ ਪੈਂਦਾ ਹੈ, ਅੱਜ ਉਸੇ ਨੂੰ ਮਿਲਣ ਆ ਗਿਆ ਹਾਂ। ਮੇਰਾ ਡਰਾਈਵਰ ਉਸ ਨੂੰ ਸੱਦਣ ਗਿਆ ਹੋਇਆ ਹੈ।

    ਮੈਂ ਜਿੰਦਰ ਨੂੰ ਉਡੀਕ ਰਿਹਾ ਹਾਂ। ਹੁਣੇ ਇਕ ਸੁਬਕ ਜਿਹਾ ਮੁੰਡਾ ਆਵੇਗਾ, ਆਪਣੇ ਮੂੰਹ ਦਾ ਪੂਰਾ ਵਾਕ ਖੋਹਲਦਾ ਮੁਸਕਰਾਏਗਾ, ਹੱਥ ਮਿਲਾ ਕੇ ਬਗਲਗੀਰ ਹੋ ਜਾਵੇਗਾ, ਫਿਰ ਸ਼ਾਇਦ ਸ਼ੁਰੂ ਹੋ ਜਾਵੇਗਾ ਨਵੀਂ ਦੋਸਤੀ ਦਾ ਸਫਰ। ਇਕ ਛੋਟਾ ਜਿਹਾ ਤੌਖਲਾ ਜ਼ਰੂਰ ਹੈ ਕਿ ਤਸਵੀਰਾਂ ਤੋਂ ਜਿੰਦਰ ਕਾਫੀ ਹਲਕੀ ਜਿਹੀ ਉਮਰ ਦਾ ਜਾਪਦਾ ਹੈ, ਸ਼ਾਇਦ ਉਮਰ ਦਾ ਇਹ ਫਰਕ ਦੋਸਤੀ ਦੀ ਆੜੇ ਆਵੇਗਾ ਪਰ ਉਸ ਦਾ ਉਤਸ਼ਾਹ ਦੇਖ ਕੇ ਉਸ ਨੂੰ ਇਕ ਵਾਰ ਮਿਲ ਲੈਣਾ ਜ਼ਰੂਰੀ ਸਮਝਦਾ ਹਾਂ।

    ਕੁਝ ਮਿੰਟਾਂ ਬਾਅਦ ਮੇਰੇ ਡਰਾਈਵਰ ਨਾਲ ਇਕ ਪਤਲਾ ਜਿਹਾ ਬੰਦਾ ਤੁਰਿਆ ਆ ਰਿਹਾ ਹੈ। ਸਵੈ-ਭਰੋਸੇ ਰਹਿਤ ਪੇਂਡੂ ਚਾਲ, ਦੋਵੇਂ ਹੱਥ ਪਿੱਛੇ ਢੂਹੀ 'ਤੇ ਰੱਖੇ ਹੋਏ। ਮੈਂ ਧਿਆਨ ਨਾਲ ਦੇਖਦਾ ਹਾਂ, ਕੁਝ ਵੀ ਪ੍ਰਭਾਵਿਤ ਕਰਨ ਵਾਲਾ ਨਹੀਂ ਹੈ। ਹਾਂ, ਇਕ ਗੱਲ ਦੀ ਤਸੱਲੀ ਹੈ ਕਿ ਉਹ ਉਮਰ ਦਾ ਮੇਰੇ ਬਰਾਬਰ ਹੀ ਹੈ। ਉਸ ਨੇ ਹੱਥ ਮਿਲਾਉਂਦਿਆਂ ਆਖਿਆ,

    =ਮੈਂ ਜਿੰਦਰ।

    ਉਸ ਨੇ ਨਿੱਕੀ ਜਿਹੀ ਮੁਸਕ੍ਰਾਹਟ ਛੱਡੀ ਤੇ ਮੇਰੇ ਵੱਲ ਲਗਾਤਾਰ ਦੇਖਣ ਲੱਗਾ। ਮੈਂ ਆਪਣੇ ਬੜਬੋਲੇ ਸੁਭਾਅ ਕਾਰਨ ਬੋਲਦਾ ਜਾ ਰਿਹਾ ਸਾਂ ਪਰ ਉਹ ਚੁੱਪ ਜਿਹਾ ਸੀ। ਮੇਰੀ ਕਿਸੇ ਸ਼ੁਗਲ ਦੀ ਗੱਲ 'ਤੇ ਵੀ ਕੰਜੂਸੀ ਨਾਲ ਹੀ ਹੱਸਦਾ। ਸ਼ਾਇਦ ਉਹ ਮੈਨੂੰ ਤੋਲ ਰਿਹਾ ਹੋਵੇ। ਕਈ ਬੰਦਿਆਂ ਦੀ ਇਹ ਚਾਲ ਹੁੰਦੀ ਹੈ ਕਿ ਅਗਲੇ ਨੂੰ ਬੋਲਣ ਦਿਓ, ਇਵੇਂ ਪਤਾ ਚੱਲ ਜਾਂਦਾ ਹੈ ਕਿ ਅਗਲਾ ਕਿੰਨੇ ਕੁ ਪਾਣੀ ਵਿੱਚ ਹੈ। ਸ਼ਾਇਦ ਜਿਵੇਂ ਮੇਰੇ ਵਲੋਂ ਇਹ ਮੁਲਾਕਾਤ ਸੋਚੀ-ਸਮਝੀ ਸੀ ਉਹ ਵੀ ਅਜਿਹੇ ਮੌਕੇ ਦੀ ਉਡੀਕ ਕਰ ਰਿਹਾ ਹੋਵੇ। ਮੇਰੇ ਵਾਂਗ ਉਸ ਨੂੰ ਵੀ ਪੌੜੀ ਚਾਹੀਦੀ ਹੋਵੇ। ਇਵੇਂ ਕਹਿ ਲਈਏ ਕਿ ਅਸੀਂ ਦੋਵੇਂ ਹੀ ਇਕ-ਇਕ ਮੌਕਾ ਉਪਰ ਨੂੰ ਸੁੱਟ ਰਹੇ ਸਾਂ ਤੇ ਇਕ-ਇਕ ਮੌਕਾ ਬੋਚ ਰਹੇ ਸਾਂ। ਸ਼ਾਇਦ ਇਸੇ ਲਈ ਉਹ ਜ਼ਰਾ ਧਿਆਨ ਨਾਲ ਚੱਲ ਰਿਹਾ ਹੋਵੇ। ਉਸ ਦੇ ਦਫਤਰ ਦੇ ਹੇਠਾਂ ਹੀ ਇਕ ਚਾਹ ਦੀ ਰੇੜ੍ਹੀ ਸੀ। ਅਸੀਂ ਉਥੇ ਖੜ੍ਹ ਕੇ ਚਾਹ ਪੀਤੀ। ਕੁਝ ਗੱਲਾਂ ਕੀਤੀਆਂ। ਉਸ ਨੇ ਮੇਰੀਆਂ ਕੁਝ ਕਹਾਣੀਆਂ ਦੀ ਤਾਰੀਫ ਕੀਤੀ। ਮੈਂ ਵੀ ਉਸ ਦੀਆਂ ਕਹਾਣੀਆਂ ਦੇ ਨਾਂ ਲੈ-ਲੈ ਕੇ ਵਡਿਆਈ ਮਾਰੀ। ਮੈਂ ਤਾਂ ਝੂਠ ਬੋਲ ਰਿਹਾ ਸਾਂ, ਸੱਚਾ ਸ਼ਾਇਦ ਉਹ ਵੀ ਨਾ ਹੋਵੇ ਪਰ ਇਹ ਵੇਲੇ ਦੀ ਲੋੜ ਸੀ। ਫਿਰ ਨਵੀਂ ਦੋਸਤੀ ਵਿੱਚ ਏਨੀ ਕੁ ਗੱਪ ਚੱਲ ਹੀ ਜਾਂਦੀ ਹੈ। ਚਾਹ ਪੀ ਕੇ ਉਹ ਬੋਲਿਆ,

    =ਚਲੋ, ਨਵੇਂ ਜ਼ਮਾਨੇ ਦੇ ਦਫਤਰ ਚੱਲਦੇ ਆਂ। ਉਥੇ ਕਈ ਦੋਸਤ ਮਿਲ ਪੈਣਗੇ।  

    ਸ਼ਾਇਦ ਉਸ ਨੇ ਮੇਰੀ ਨਬਜ਼ ਫੜ ਲਈ। ਬਲਬੀਰ ਪਰਵਾਨਾ ਉਸ ਦਾ ਕਰੀਬੀ ਦੋਸਤ ਹੈ। ਉਸੇ ਦਿਨ ਜਲੰਧਰ ਮੱਖਣ ਮਾਨ ਤੇ ਦੇਸ ਰਾਜ ਕਾਲੀ ਵੀ ਮਿਲੇ। ਸਾਰੇ ਹੀ ਹਸਮੁੱਖ ਤੇ ਜ਼ਿੰਦਾ ਦਿਲ ਪਰ ਜਿੰਦਰ ਬਿਲਕੁਲ ਉਲਟ। ਦੋ ਦਿਨ ਉਸ ਨਾਲ ਘੁੰਮ ਕੇ ਮੈਂ ਉਸ ਦਾ ਇਕੂਅਲ-ਟੂ ਕੱਢਦਾ ਹਾਂ। ਮੇਰੀ ਉਸ ਨਾਲ ਦੋਸਤੀ ਪੈਣੀ ਮੁਸ਼ਕਲ ਹੈ। ਅਸੀਂ ਅੱਲਗ-ਅੱਲਗ ਦੋ ਦਿਸ਼ਾਵਾਂ ਹਾਂ। ਮੈਂ ਸ਼ਾਮ ਰੰਗੀਨ ਕਰਨੀ ਹੁੰਦੀ ਹੈ ਪਰ ਉਹ ਸ਼ਰਾਬ ਨੂੰ ਹੱਥ ਤਕ ਨਹੀਂ ਲਾਉਂਦਾ। ਮੈਨੂੰ ਮਹਿਫ਼ਲਾਂ ਸਜਾ ਕੇ ਖੁਸ਼ ਰਹਿੰਦਾ ਹਾਂ, ਉਹ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇਸ ਬੋਰ ਜਿਹੇ ਬੰਦੇ ਨਾਲ ਮੇਰੇ ਹੋਰ ਵੀ ਕਈ ਵਖਰੇਵੇਂ ਸਾਫ ਦਿਸ ਰਹੇ ਹਨ। ਉਹ ਜਲੰਧਰ ਸ਼ਹਿਰ ਵਿੱਚ ਰਹਿ ਕੇ ਵੀ ਲੋਈ ਦੀ ਬੁੱਕਲ ਮਾਰਨ ਵਾਲਾ ਪੇਂਡੂ ਬੰਦਾ, ਮੇਰੀ ਇਸ ਨਾਲ ਕੀ ਨਿਭਣੀ ਹੈ। ਫਿਰ ਉਸ ਦੀ ਪਤਨੀ ਵੀ ਸ਼ਰਾਬ ਤੇ ਸ਼ਰਾਬੀ ਨੂੰ ਘਰ ਨਹੀਂ ਵੜਨ ਦਿੰਦੀ। ਨਹੀਂ ਬਈ ਨਹੀਂ, ਇਹ ਗੱਲ ਨਹੀਂ ਬਣਨੀ। ਮੈਨੂੰ ਪਲਾਨ ਬੀ ਹੀ ਦੇਖਣਾ ਪਵੇਗਾ। ਜਾਣੀ ਕਿ ਅਮਰਗਿਰੀ ਨੂੰ ਮਿਲਾਂ। ਹੁਣ ਕਾਰਨ ਤਾਂ ਯਾਦ ਨਹੀਂ ਪਰ ਮੈਂ ਕਈ ਦਿਨ ਤਕ ਅਮਰਗਿਰੀ ਨੂੰ ਨਾ ਮਿਲ ਸਕਿਆ। ਏਧਰ ਜਿੰਦਰ ਨਿੱਤ ਲੇਖਕਾਂ ਨੂੰ ਮਿਲਣ ਦਾ ਪਰੋਗਰਾਮ ਉਲੀਕਣ ਲੱਗ ਪਿਆ ਕਿ ਫਲਾਨੇ ਨੂੰ ਮਿਲਣਾ ਹੈ, ਦਿੱਲੀ ਜਾਣਾ ਹੈ, ਅੰਮ੍ਰਿਤਸਰ ਜਾਣਾ ਹੈ ਆਦਿ। ਨਵੇਂ-ਨਵੇਂ ਲੋਕ ਮਿਲਣ ਲੱਗੇ, ਦੋਸਤੀਆਂ ਪੈਣ ਲੱਗ ਪਈਆਂ। ਮੇਰੀਆਂ ਮਿੱਥੀਆਂ ਗੱਲਾਂ ਵਾਪਰ ਰਹੀਆਂ ਸਨ। ਹਾਲੇ ਤਾਂ ਸਭ ਠੀਕ ਹੀ ਚੱਲ ਰਿਹਾ ਹੈ, ਸਿਰਫ ਇਹੋ ਹੈ ਕਿ ਮੇਰੀ ਉਸ ਨਾਲ ਨਿਭਣੀ ਨਹੀਂ ਪਰ ਮੇਰਾ ਕੰਮ ਤਾਂ ਹੋ ਰਿਹਾ ਹੈ। ਜੇ ਕਿਧਰੇ ਕੁਝ ਠੀਕ ਨਾ ਲਗਿਆ ਤਾਂ ਮੇਰੇ ਕੋਲ ਪਲਾਨ ਬੀ ਵੀ ਹੈ। ਪਰ ਛੇਤੀ ਹੀ ਮੈਨੂੰ ਜਾਪਣ ਲੱਗਾ ਕਿ ਸਾਇਦ ਜਿੰਦਰ ਉਹੀ ਬੰਦਾ ਹੈ ਜਿਸ ਦੀ ਮੈਨੂੰ ਤਾਲਾਸ਼ ਸੀ। ਕੁਝ ਦਿਨਾਂ ਵਿੱਚ ਹੀ ਮੈਂ ਸਮਝ ਲਿਆ ਕਿ ਇਸ ਬੋਰ ਬੰਦੇ ਨਾਲ ਗੁਜ਼ਾਰਾ ਕਰਨਾ ਮਹਿੰਗਾ ਨਹੀਂ ਪਵੇਗਾ। ਜੇ ਉਹ ਸ਼ਰਾਬ ਨਹੀਂ ਪੀਂਦਾ ਤਾਂ ਚੰਗੀ ਗੱਲ ਹੈ, ਬੱਚਤ ਹੁੰਦੀ ਹੈ। ਉਸ ਵਾਰ ਮੈਂ ਦੋ ਮਹੀਨੇ ਇੰਡੀਆ ਰਿਹਾ, ਇਹਨਾਂ ਦੋ ਮਹੀਨਿਆਂ ਵਿੱਚੋਂ ਇਕ ਮਹੀਨਾ ਮੈਂ ਤੇ ਜਿੰਦਰ ਇਕੱਠੇ ਘੁੰਮੇ ਹੋਵਾਂਗੇ। ਉਸ ਦੇ ਰਿਜ਼ਰਵ ਸੁਭਾਅ ਹੁੰਦਿਆਂ ਵੀ ਅਸੀਂ ਰੱਜ ਕੇ ਗੱਲਾਂ ਕੀਤੀਆਂ। ਉਸ ਦੇ ਸਾਰੇ ਪਰਿਵਾਰ ਨੂੰ ਵੀ ਮਿਲਿਆ। ਜਦ ਮੈਂ ਉਸ ਤੋਂ ਵਿਛੜ ਕੇ ਵਾਪਸ ਇੰਗਲੈਂਡ ਲਈ ਜਾਣ ਲੱਗਾ ਤਾਂ ਸੋਚਿਆ ਕਿ ਮੈਂ ਜਿੰਦਰ ਨੂੰ ਕਿੰਨਾ ਕੁ ਜਾਣਦਾ ਹਾਂ, ਜਵਾਬ ਸੀ ਕਿ ਬਿਲਕੁਲ ਵੀ ਨਹੀਂ। ਉਹ ਬਹੁਤ ਅੰਤਰਮੁਖੀ ਬੰਦਾ ਹੈ, ਤੁਹਾਡੇ ਲਈ ਕੁਝ ਵੀ ਨਹੀਂ ਛੱਡਦਾ।

    ਅੱਜ ਜਦ ਮੈਂ ਜਿੰਦਰ ਬਾਰੇ ਕੁਝ ਲਿਖਣ ਲੱਗਾ ਹਾਂ ਤਾਂ ਸੋਚ ਰਿਹਾ ਹਾਂ ਕਿ ਜਦ ਮੈਂ ਜਿੰਦਰ ਨੂੰ ਜਾਣਦਾ ਹੀ ਨਹੀਂ ਤਾਂ ਕੀ ਲਿਖਾਂਗਾ। ਤਕਰੀਬਨ ਪੌਣੀ ਸਦੀ ਨਿਕਲ ਗਈ, ਅੱਜ ਵੀ ਉਸ ਨੂੰ ਨਹੀਂ ਜਾਣ ਸਕਿਆ। ਕਿਸੇ ਨੂੰ ਜਾਣ ਸਕਣ ਵਿੱਚ ਵੀ ਦੋ ਮਤਲਬ ਨਿਕਲਦੇ ਹਨ, ਨਾਂ-ਵਾਚਕ ਵੀ ਤੇ ਹਾਂ-ਵਾਚਕ ਵੀ। ਕਿਸੇ ਨੂੰ ਇਹ ਕਹਿਣਾ ਕਿ ਮੈਂ ਤੈਨੂੰ ਜਾਣਦਾਂ ਭਾਵ ਕਿ ਮੈਨੂੰ ਪਤਾ ਤੂੰ ਕਿੰਨੇ ਕੁ ਪਾਣੀ ਵਿੱਚ ਹੈਂ। ਦੂਜਾ ਮੈਂ ਤੈਨੂੰ ਜਾਣਦਾਂ ਭਾਵ ਤੇਰਾ ਸੁਭਾਅ, ਤੇਰਾ ਅੱਗਾ-ਪਿੱਛਾ ਆਦਿ ਪਰ ਮੈਂ ਜਿੰਦਰ ਨੂੰ ਦੋਵਾਂ ਤਰੀਕਿਆਂ ਨਾਲ ਹੀ ਨਹੀਂ ਜਾਣ ਸਕਿਆ। ਨਾ ਮੈਨੂੰ ਪਤਾ ਹੈ ਕਿ ਉਹ ਕਿੰਨੇ ਕੁ ਪਾਣੀ ਵਿੱਚ ਹੈ ਤੇ ਨਾ ਹੀ ਉਹਦੇ ਬਾਰੇ ਹੋਰ ਬਹੁਤਾ ਕੁਝ ਪਤਾ ਹੈ। ਨਾ ਉਹਦੀਆਂ ਆਦਤਾਂ/ਸੁਭਾਅ ਨੂੰ ਚੰਗੀ ਤਰਾਂ੍ਹ ਜਾਣ ਸਕਿਆ ਹਾਂ ਤੇ ਨਾ ਹੀ ਉਹਦੀ ਜੀਵਨ-ਕਹਾਣੀ ਬਾਰੇ। ਅਸੀਂ ਤਾਂ ਪੰਜ ਹਜ਼ਾਰ ਮੀਲ ਦੂਰ ਰਹਿੰਦੇ ਹਾਂ, ਲੋਕ ਇਕੱਠੇ ਰਹਿੰਦੇ ਵੀ ਇਕ ਦੂਜੇ ਨੂੰ ਨਹੀਂ ਜਾਣ ਸਕਦੇ। ਇਕ ਬੰਦੇ ਅੰਦਰ ਪਤਾ ਨਹੀਂ ਕਿੰਨੇ ਬੰਦੇ ਅੰਦਰ ਸਮਾਏ ਹੁੰਦੇ ਹਨ। ਪਤਾ ਨਹੀਂ ਅਸੀਂ ਉਸ ਦੇ ਕਿਹੜੇ ਰੂਪ ਨਾਲ ਗੱਲ ਕਰ ਰਹੇ ਹੁੰਦੇ ਹਾਂ।

    ਜਿੰਦਰ ਦੇ ਇਕ ਸੁਭਾਅ ਦੀ ਪਹਿਲੀਆਂ ਵਿੱਚ ਮੈਂ ਇਕ ਪੈੜ ਨੱਪੀ ਸੀ ਕਿ ਉਹ ਬਹੁਤ ਐਨੋਆਏਂਗ ਹੈ, ਖਿਝਾਊ ਹੈ, ਗੁੱਸਾ ਦਵਾ ਦਿੰਦਾ ਹੈ। ਤੁਹਾਡੇ ਬਣੇ ਮੂਡ ਨੂੰ ਖਰਾਬ ਕਰ ਦਿੰਦਾ ਹੈ। ਤੁਸੀਂ ਉਸ ਨਾਲ ਕਿਤੇ ਜਾਂਦੇ ਹੋ, ਰਾਹ ਵਿੱਚ ਤੁਸੀਂ ਕਿਸੇ ਮਹਿਫਲ ਦਾ ਆਨੰਦ ਮਾਣਨਾ ਚਾਹੁੰਦੇ ਹੋ, ਕਿਸੇ ਨਜ਼ਾਰੇ ਨੂੰ ਗੇਜ਼ ਕਰਨਾ ਚਾਹੁੰਦੇ ਹੋ, ਕਿਸੇ ਪਾਇਲ ਦੀ ਛਣਕਾਰ ਸੁਣਨੀ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਬਾਹੋਂ ਫੜ ਕੇ ਖਿੱਚ ਲੈ ਜਾਵੇਗਾ। ਤੁਹਾਡੇ ਰੰਗ ਵਿੱਚ ਭੰਗ ਪਾ ਦੇਵੇਗਾ। ਕਹੇਗਾ ਕਿ ਵਕਤ ਨਹੀਂ ਹੈ। ਅਸਲ ਵਿੱਚ ਜਦ ਉਹ ਘਰੋਂ ਤੁਰਦਾ ਹੈ ਤਾਂ ਘਰ ਵਾਪਸ ਮੁੜਨ ਦਾ ਵਕਤ ਤੈਅ ਕਰ ਕੇ ਤੁਰਦਾ ਹੈ। ਉਸ ਨੇ ਇਕ-ਇਕ ਮਿੰਟ, ਇਕ-ਇਕ ਮੀਲ ਗਿਣਿਆਂ ਤੇ ਮਿਣਿਆਂ ਹੁੰਦਾ ਹੈ। ਇਕ ਵਾਰ ਅਸੀਂ ਸਮਰਾਲੇ ਵਿੱਚ ਦੀ ਲੰਘ ਰਹੇ ਸਾਂ। ਮੈਂ ਕਿਹਾ,

    =ਯਾਰ, ਗੁਲਜ਼ਾਰ ਮੁਹੰਮਦ ਗੋਰੀਏ ਨੂੰ ਮਿਲ ਚੱਲੀਏ।

    ਅਸੀਂ ਕਾਰ ਗੁਲਜ਼ਾਰ ਦੇ ਘਰ ਵੱਲ ਮੋੜ ਲਈ। ਪੁੱਛਦੇ ਪੁਛਾਉਂਦੇ ਅਸੀਂ ਗੁਲਜ਼ਾਰ ਦੇ ਘਰ ਪੁੱਜ ਗਏ। ਮੇਰਾ ਡਰਾਈਵਾਰ ਕੁਲਵਿੰਦਰ ਕਹਿਣ ਲੱਗਾ,

    =ਭਾ ਜੀ, ਜਲਦੀ ਆ ਜਾਇਓ, ਕੱਲ ਨੂੰ ਆਪਾਂ ਪਠਾਨਕੋਟ ਭੂਆ ਜੀ ਨੂੰ ਮਿਲਣ ਵੀ ਜਾਣੈਂ। ਸਵੇਰੇ ਵੇਲੇ ਸਿਰ ਨਿਕਲਣਾ ਪੈਣਾਂ।

    ਲੱਭ-ਲਭਾ ਕੇ ਗੁਲਜ਼ਾਰ ਦੇ ਘਰ ਗਏ। ਉਸ ਦੇ ਚੁਬਾਰੇ ਵਿੱਚ ਮਹਿਫਲ ਲੱਗੀ ਹੋਈ ਸੀ। ਬਿਲਕੁਲ ਮੇਰੀ ਟਾਈਪ ਦੀ ਮਹਿਫਲ। ਸੁਖਜੀਤ ਤੇ ਸੁਰਜੀਤ ਖੁਰਸ਼ੀਦੀ ਵਰਗੇ ਦੋਸਤ ਛਾਏ ਹੋਏ ਸਨ। ਅੰਨਾ ਕੀ ਭਾਲੇæ ਦੋ ਅੱਖਾਂ! ਮੈਂ ਵੀ ਚੌਂਕੜੀ ਮਾਰ ਕੇ ਬਹਿ ਗਿਆ। ਸਭ ਕੁਝ ਜਾਵੇ ਹੁਣ ਖੂਹ ਵਿੱਚ। ਜਿੰਦਰ ਮੇਰੇ ਵੱਲ ਦੇਖੀ ਜਾ ਰਿਹਾ ਸੀ। ਕੁਝ ਦੇਰ ਬਾਅਦ ਉਹ ਤੁਰਨ ਲਈ ਕਾਹਲਾ ਪੈਣ ਲੱਗਾ। ਮੈਨੂੰ ਉਹ ਬੇਹ ਵਾਂਗ ਜਾਪ ਰਿਹਾ ਸੀ। ਮੈਂ ਸੋਚਿਆ ਕਿ ਇਹ ਮੇਰਾ ਦੋਸਤ ਨਹੀਂ ਹੋ ਸਕਦਾ। ਉਸ ਨੇ ਤੁਰਨ ਲਈ ਏਨਾ ਜ਼ੋਰ ਪਾਇਆ ਕਿ ਮੈਨੂੰ ਉਥੋਂ ਉਠਣਾ ਪਿਆ ਪਰ ਮੈਂ ਗੁੱਸੇ ਵਿੱਚ ਸਾਂ। ਨਵੀਂ ਦੋਸਤੀ ਹੋਣ ਕਰਕੇ ਗੁੱਸਾ ਛੁਪਾ ਲਿਆ। ਅਗਲੀ ਸਵੇਰ ਰਾਤ ਬਾਰੇ ਸੋਚਿਆ ਤਾਂ ਖਿਆਲ ਆਇਆ ਕਿ ਜੇ ਜਿੰਦਰ ਰਾਤੀਂ ਮੈਨੂੰ ਨਾ ਉਠਾਉਂਦਾ ਤਾਂ ਮੈਂ ਅੱਜ ਆਪਣੀ ਭੂਆ ਨੂੰ ਨਹੀਂ ਸੀ ਮਿਲ ਸਕਣਾ ਤੇ ਮੇਰੇ ਬਹੁਤ ਸਾਰੇ ਪਹਿਲਾਂ ਬਣਾਏ ਪਰੋਗਰਾਮ ਖਰਾਬ ਹੋ ਜਾਣੇ ਸਨ। ਮੈਂ ਮਨ ਹੀ ਮਨ ਜਿੰਦਰ ਦਾ ਧੰਨਵਾਦ ਕਰ ਰਿਹਾ ਸਾਂ। ਇਸ ਤੋਂ ਬਾਅਦ ਕਈ ਵਾਰ ਇਵੇਂ ਹੋਇਆ ਕਿ ਜਿੰਦਰ ਮੈਨੂੰ ਅਜਿਹੀਆਂ ਮਹਿਫਲਾਂ ਵਿੱਚੋਂ ਵਕਤ ਸਿਰ ਉਠਾ ਲਿਆਉਂਦਾ ਤੇ ਮੇਰੇ ਬਣੇ ਪਰੋਗਰਾਮ ਸਿਰੇ ਚੜ੍ਹ ਜਾਂਦੇ। ਮੈਨੂੰ ਖਿੱਝ ਵੀ ਆਉਂਦੀ ਪਰ ਮੈਨੂੰ ਉਸ ਦੇ ਇੰਝ ਕਹਿਣ ਦੀ ਅਹਿਮੀਅਤ ਦਾ ਵੀ ਪਤਾ ਹੁੰਦਾ। ਫਿਰ ਕਈ ਵਾਰ ਇਵੇਂ ਵੀ ਹੁੰਦਾ ਕਿ ਮੈਂ ਉਸ ਨੂੰ ਜਾਣ-ਬੁੱਝ ਕੇ ਖਿਝਾਉਣ ਲਈ ਜਾਣ ਕੇ ਬਹਿ ਜਾਂਦਾ। ਉਹ ਖਿਝਦਾ ਪਰ ਮੈਂ ਉਸ ਦੇ ਦਿੱਤੇ ਸਮੇਂ 'ਤੇ ਉਠ ਖੜਦਾ। ਪਿਛਲੀ ਵਾਰ ਇਵੇਂ ਹੀ ਹੋਇਆ। ਅਸੀਂ ਕੁਰੂਕੁਸ਼ੇਤਰ ਯੂਨੀਵਰਸਟੀ ਗਏ ਹੋਏ ਸਾਂ। ਅੱਗੇ ਅਸੀਂ ਦਿੱਲੀ ਜਾਣਾ ਸੀ ਛੇ ਵਜੇ ਉਥੇ ਪੁੱਜਣਾ ਚਾਹੁੰਦੇ ਸਾਂ ਪਰ ਮੈਂ ਤੇ ਬਲਦੇਵ ਗਰੇਵਾਲ ਨੇ ਦੁਪਹਿਰੇ ਹੀ ਮਹਿਫਲ ਲਾ ਲਈ। ਜਿੰਦਰ ਘੜੀ ਦੇਖਦਾ ਤਪਣ ਲੱਗਾ ਪਰ ਅਸੀਂ ਡਟੇ ਰਹੇ। ਉਸ ਨੇ ਹਥਿਆਰ ਸੁਟਦੇ ਕਿਹਾ,

    =ਲੈ ਬਈ ਹੁਣ ਭਾਵੇਂ ਰਾਤ ਦੇ ਬਾਰਾਂ ਵਜੇ ਪੁੱਜੀਏ, ਰੱਜ-ਡੱਫ ਲਓ।

    ਅਸੀਂ ਕਾਹਲੀ-ਕਾਹਲੀ ਨਾਲ ਆਪਣਾ ਕੰਮ ਮੁਕਾਇਆ ਤੇ ਵਕਤ ਸਿਰ ਵਿਹਲੇ ਹੋ ਗਏ। ਜਿੰਦਰ ਖੁਸ਼ ਹੋ ਗਿਆ।

    ਇਕ ਦੂਰੀ 'ਤੇ ਖੜ ਕੇ ਜਿੰਦਰ ਬਾਰੇ ਸੋਚਿਆ ਤਾਂ ਹੋਰ ਗੱਲਾਂ ਦੇ ਨਾਲ-ਨਾਲ ਮੈਨੂੰ ਉਸ ਦੀ ਡਸਿਪਲਨ ਭਰੀ ਜ਼ਿੰਦਗੀ ਬਹੁਤ ਚੰਗੀ ਲੱਗੀ। ਉਸ ਦੇ ਪੜ੍ਹਨ ਦਾ ਵਕਤ, ਸੈਰ ਕਰਨ ਦਾ ਵਕਤ, ਲਿਖਣ ਦਾ ਵੇਲਾ। ਜੇ ਕਿਤੇ ਜਾਣਾ ਵੀ ਤਾਂ ਇਕ-ਇਕ ਮੀਲ, ਤੇ ਇਕ-ਇਕ ਮਿੰਟ ਦਾ ਹਿਸਾਬ ਲਾ ਕੇ ਤੁਰਨਾ। ਉਸ ਦੀ ਜ਼ਿੰਦਗੀ ਦਾ ਮੋਟੋ ਹੈ ਕਿ ਜੋ ਕੱਲ ਕਰਨਾ ਉਹ ਅੱਜ ਕਰ, ਜੋ ਅੱਜ ਕਰਨਾ ਉਹ ਅਬ ਕਰ। ਉਹਨਾਂ ਦਿਨਾਂ ਵਿੱਚ ਪ੍ਰੇਮ ਪ੍ਰਕਾਸ਼ ਨੂੰ ਆਪਣੇ ਪਰਚੇ ਲਕੀਰ ਲਈ ਕੋਈ ਪਰੋਮੋਟਰ ਚਾਹੀਦਾ ਸੀ। ਉਸ ਦਾ ਕਹਿਣਾ ਸੀ ਕਿ ਕੋਈ ਲਕੀਰ ਲਈ ਪੈਸੇ ਦੇਵੇ ਤੇ ਅੱਧਾ ਮੈਗਜ਼ੀਨ ਸੰਭਾਲ ਲਵੇ। ਜਿੰਦਰ ਨੇ ਮੇਰੇ ਨਾਲ ਗੱਲ ਕੀਤੀ। ਸਾਡੀ ਸਲਾਹ ਹੋਈ ਕਿ ਅਸੀਂ ਅੱਧਾ ਕੀ ਕਰਨਾ ਹੈ, ਸਾਨੂੰ ਤਾਂ ਪੂਰਾ ਚਾਹੀਦਾ ਹੈ। ਨਿਰੋਲ ਆਪਣਾ ਮੈਗਜ਼ੀਨ। ਬਸ ਉਸੇ ਵੇਲੇ 'ਸ਼ਬਦ' ਨਿਕਲ ਤੁਰਿਆ। ਸ਼ਬਦ ਐਸਾ ਨਿਕਲਿਆ ਕਿ ਇਹ ਜਿੰਦਰ ਦੀ ਜਿੰਦ-ਜਾਨ ਹੋ ਗਿਆ। ਅੱਜ 'ਸ਼ਬਦ' ਇਕ ਸਥਾਪਤ ਪਰਚਾ ਹੈ। ਜਿੰਦਰ ਉਹਨਾਂ ਗਿਣਤੀ ਦੇ ਸੰਪਾਦਕਾਂ ਵਿੱਚੋਂ ਹੈ ਜਿਹਨਾਂ ਨੇ ਏਨੀ ਦੇਰ ਤਕ ਪਰਚਾ ਕੱਢਿਆ ਹੈ। ਪ੍ਰੀਤਲੜੀ, ਸਿਰਜਣਾ, ਨਾਗਮਣੀ, ਲਕੀਰ ਤੋਂ ਬਾਅਦ ਸ਼ਾਇਦ ਸ਼ਬਦ ਹੀ ਅਜਿਹਾ ਸਹਿਤਕ ਪਰਚਾ ਆਉਂਦਾ ਹੈ ਜੋ ਪਿਛਲੇ ਬਾਈ ਸਾਲ ਤੋਂ ਲਗਾਤਾਰ ਨਿਕਲਦਾ ਆ ਰਿਹਾ ਹੈ।æææ

    ਕਦੇ ਵੇਲਾ ਸੀ ਕਿ ਜਿੰਦਰ ਪਾਕਿਸਤਾਨ ਇਵੇਂ ਚਲੇ ਜਾਂਦਾ ਸੀ ਜਿਵੇਂ ਕੋਈ ਨਾਨਕੀਂ ਜਾਂਦਾ ਹੈ। ਉਸ ਵਲ ਦੇਖ ਕੇ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਪਾਕਿਸਤਾਨ ਜਾਵਾਂ। ਇਕ ਤਾਂ ਕੋਈ ਸਬੱਬ ਨਾ ਬਣਿਆਂ ਤੇ ਦੂਜਾ ਮੇਰਾ ਝਿਜਕਾਂ ਭਰਿਆ ਸੁਭਾਅ। ਮੈਂ ਆਪਣੀ ਇਛਿਆ ਜਿੰਦਰ ਨਾਲ ਸਾਂਝੀ ਕੀਤੀ ਤਾਂ ਉਹ ਇਕ ਦਮ ਬੋਲਿਆ,

    =ਯਾਰ, ਤੂੰ ਜ਼ਰੂਰ ਜਾਹ, ਪਾਕਿਸਤਾਨ ਤਾਂ ਸਾਰਾ ਆਪਣਾ। ਮਕਸੂਦ ਸਾਕਿਬ ਜਿਹਨੇ ਮੇਰੀਆਂ ਕਹਾਣੀਆਂ ਦੀ ਕਿਤਾਬ ਸ਼ਾਹਮੁਖੀ ਵਿੱਚ ਛਾਪੀ ਹੈ, ਸੱਯਦ ਭੁੱਟਾ, ਮਲਿਕ ਮੇਹਰ ਅਲੀ, ਖਾਲਿਦ ਫਰਹਾਦ, ਕਮਰ ਉਜ਼ ਜ਼ਮਾਨ, ਪ੍ਰਵੀਨ ਮਲਿਕ, ਜਮੀਲ ਅਹਿਮਦ ਪਾਲ਼ææ। ਉਹ ਆਪਣੇ ਯਾਰਾਂ ਦੇ ਨਾਂ ਇਵੇਂ ਗਿਣਵਾਉਣ ਲੱਗਾ ਜਿਵੇਂ ਮਹਾਂਰਾਜਾ ਰਣਜੀਤ ਸਿੰਘ ਦੁਆਬੇ ਦੇ ਪ੍ਰਮੁੱਖ ਪਿੰਡਾਂ ਦੇ ਗਿਣਵਾਇਆ ਕਰਦਾ ਸੀ।æææ

    ਵੈਸੇ ਤਾਂ ਮੈਂ ਵੀ ਬਹੁਤ ਪੜ੍ਹਦਾ ਹਾਂ ਪਰ ਜਿੰਦਰ ਬਹੁਤ ਹੀ ਪੜ੍ਹਦਾ ਹੈ। ਉਹ ਜਿਹੜੀ ਵੀ ਚੰਗੀ ਕਿਤਾਬ ਪੜ੍ਹੇਗਾ ਮੈਨੂੰ ਇਕ ਦਮ ਭੇਜ ਦੇਵੇਗਾ। ਜੋਗਿੰਦਰ ਕੈਰੋਂ ਦਾ ਨਾਵਲ 'ਮੌਤ ਇਕ ਦਰਿਆ ਦੀ', ਗੁਰਮੁੱਖ ਸਿੰਘ ਸਹਿਗਲ ਦਾ ਨਾਵਲ 'ਦਰਦ ਵਿਛੋੜੇ ਦਾ ਹਾਲ', ਫਰਖੰਦਾ ਲੋਧੀ ਦਾ 'ਜੰਡ ਦਾ ਅੰਗਿਆਰ' ਤੇ ਹੋਰ ਵੀ ਅਣਗਿਣਤ ਕਿਤਾਬਾਂ। ਹਿੰਦੀ ਦੇ ਬਹੁਤ ਸਾਰੇ ਵੱਡੇ ਲੇਖਕਾਂ ਨੂੰ ਮੇਰੇ ਨਾਲ ਵਾਕਫ ਕਰਾਇਆ। ਉਸ ਦਾ ਫੋਨ ਆਵੇਗਾ,

    =ਜਸਵਿੰਦਰ ਮਾਨ ਵਾਪਸ ਆ ਰਿਹੈ, ਮੈਂ ਕੁਝ ਕਿਤਾਬਾਂ ਭੇਜ ਰਿਹਾਂ, ਜੇ ਕੋਈ ਹੋਰ ਚਾਹੀਦੀ ਐ ਤਾਂ ਦੱਸ।

    ਮੈਂ ਇੰਡੀਆ ਜਾਣਾ ਹੋਵੇ ਤਾਂ ਪੁੱਛਾਂਗਾ ਕਿ ਕੁਝ ਚਾਹੀਦਾ ਹੈ ਤਾਂ ਦੱਸ। ਉਹ ਅੰਗਰੇਜ਼ੀ ਦੀਆਂ ਨਵੀਂਆਂ ਛਪੀਆਂ ਕੁਝ ਕਿਤਾਬਾਂ ਦੇ ਨਾਂ ਲਿਖਵਾ ਦੇਵੇਗਾ।æææ

    ਇਕ ਵਾਰ ਅਸੀਂ ਦੋਵੇਂ ਮਿਡਲੈਂਡ ਜਾ ਰਹੇ ਸਾਂ। ਕਾਰ ਵਿੱਚ ਯੂ ਐਸ ਬੀ 'ਤੇ ਗੀਤ ਚੱਲ ਰਹੇ ਸਨ। ਗੀਤ ਬਦਲਿਆ, ਨਵਾਂ ਗੀਤ ਸ਼ੁਰੂ ਹੋਇਆ, 'ਯੇ ਕੌਨ ਸੀ ਜਗਾਹ ਹੈ ਦੋਸਤੋ, ਯੇ ਕੌਨ ਸਾ ਦਯਾਰ ਹੈ'। ਜਿੰਦਰ 'ਓਮਰਾਓ ਜਾਨ' ਦੇ ਇਸ ਗੀਤ ਵਿੱਚ ਡੁੱਬ ਗਿਆ। ਗੀਤ ਖਤਮ ਹੋਇਆ ਤਾਂ ਉਹ ਮੁੜਿਆ ਤੇ ਬੋਲਿਆ,

    =ਇਹ ਮੇਰੇ ਲਈ ਇਕ ਹੂਕ ਐ। ਇਹ ਧੁਰ ਮੇਰੇ ਅੰਦਰ ਉਤਰ ਜਾਂਦਾ ਐ।

    =ਇਹ ਤਾਂ ਬਹੁਤ ਉਦਾਸ ਗੀਤ ਐ।

    =ਉਦਾਸ ਗੀਤ ਮੈਨੂੰ ਬਹੁਤ ਚੰਗੇ ਲਗਦੇ ਆ।

    ਕੁਝ ਦੇਰ ਲਈ ਉਹ ਚੁੱਪ ਰਿਹਾ ਤੇ ਫਿਰ ਬੋਲਿਆ,

    =ਮੇਰੀ ਜਿੰਦਗੀ ਵਿੱਚ ਇਕ ਟਰਨਿੰਗ ਪੁਆਇੰਟ ਆਇਆ, ਸੰਨ ਉਨੀ ਸੌ ਛਿਅੱਤਰ ਵਿੱਚ। ਮੈਨੂੰ ਫਿਲਮਾਂ ਦਾ ਸ਼ੌਂਕ ਬਿਲਕੁਲ ਨਹੀਂ ਸੀ। ਮੇਰਾ ਇਕ ਦੋਸਤ ਅਮਰਜੀਤ ਜ਼ਬਰਦਸਤੀ ਮੈਨੂੰ ਦੇਵਦਾਸ ਫਿਲਮ ਦਿਖਾਉਣ ਲੈ ਗਿਆ। ਫਿਲਮ ਦਾ ਅੰਤ ਬਹੁਤ ਹੀ ਦੁਖਦਾਇਕ ਸੀ, ਇਸ ਦਾ ਮੇਰੇ ਉਪਰ ਬਹੁਤ ਅਸਰ ਹੋਇਆ। ਮੈਨੂੰ ਦੁਖ ਨਾਲ ਭਰੀਆਂ ਖਾਸ ਤੌਰ 'ਤੇ ਦੁਖਾਂਤਿਕ ਅੰਤ ਵਾਲੀਆਂ ਰਚਨਾਵਾਂ ਬਹੁਤ ਚੰਗੀਆਂ ਲੱਗਣ ਲਗੀਆਂ। ਅੱਜ ਵੀ ਮੇਰਾ ਮੰਨਣਾਂ ਐ ਕਿ ਸੁਖਾਂਤਿਕ ਅੰਤ ਵਾਲੀ ਫਿਲਮ ਜਾਂ ਨਾਵਲ ਨੂੰ ਲੋਕ ਜਲਦੀ ਭੂੱਲ ਜਾਂਦੇ ਆ ਟਰੇਜਿਕ ਐੰਡ ਨੂੰ ਜ਼ਿਆਦਾ ਦੇਰ ਚੇਤੇ ਰੱਖਿਆ ਜਾਂਦਾ ਐ।æææ

    ਸ਼ਬਦ-ਚਿਤਰ ਲਿਖਣ ਵਿੱਚ ਗਾਰਗੀ ਦਾ ਕੋਈ ਸਾਨੀ ਨਹੀਂ ਪਰ ਗਾਰਗੀ ਬਹੁਤਾ ਮਸਾਲਾ ਹੀ ਪਾਇਆ ਕਰਦਾ ਸੀ। ਹੁਣ ਵੀ ਲੇਖਕ ਦੋਸਤਾਂ ਦੇ ਸ਼ਬਦ-ਚਿੱਤਰ ਲਿਖਦੇ ਅੱਧਾ ਝੂਠ ਬੋਲ ਜਾਂਦੇ ਹਨ। ਜਾਂ ਤਾਂ ਖੁਸ਼ ਕਰਨ ਲਈ ਜਾਂ ਕਿੜ ਕੱਢਣ ਲਈ। ਇੱਥੇ ਜਿੰਦਰ ਬਾਰੇ ਲਿਖਣ ਲਈ ਨਾ ਤਾਂ ਮਸਾਲਾ ਪਾਉਣ ਲਈ ਕੋਈ ਥਾਂ ਹੈ ਤੇ ਨਾ ਹੀ ਝੂਠ ਬੋਲਣ ਲਈ। ਉਸ ਨੇ ਅਜਿਹਾ ਕੋਈ ਕੰਮ ਕੀਤਾ ਹੀ ਨਹੀਂ ਕਿ ਜਿਸ ਬਾਰੇ ਤੁੜਕਾ ਲਾਇਆ ਜਾਵੇ। ਉਹ ਵਧੀਆ ਪੁੱਤਰ, ਵਧੀਆ ਭਰਾ, ਵਧੀਆ ਪਤੀ ਤੇ ਵਧੀਆ ਪਿਤਾ ਰਿਹਾ ਹੈ। ਉਸ ਨੇ ਕੋਈ ਪੁੱਠਾ-ਸਿੱਧਾ ਕੰਮ ਕੀਤਾ ਹੀ ਨਹੀਂ ਜਿਸ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾਵੇ। ਅੰਦਰਲੇ ਜਿੰਦਰ ਨੂੰ ਵੀ ਤਦ ਹੀ ਫੜਿਆ ਜਾ ਸਕਦਾ ਹੈ ਜੇ ਉਸ ਨੇ ਕਦੇ ਖੁਲ੍ਹ ਕੇ ਕੋਈ ਗੱਲ ਕੀਤੀ ਹੋਵੇ। ਐਕਸੀਡੈਂਟ ਵਿੱਚ ਹੋਈ ਉਸ ਦੀ ਸਰੀਰਕ ਕੱਟ-ਵੱਢ ਦਾ ਪਤਾ ਵੀ ਉਸ ਦੀ ਜੀਵਨੀ ਪੜ੍ਹ ਕੇ ਹੀ ਲਗਦਾ ਹੈ। ਉਸ ਦੀਆਂ ਕਹਾਣੀਆਂ ਤੇ ਜੀਵਨੀਆਂ ਵਿੱਚੋਂ ਮੈਂ ਖੁਦ ਹੀ ਉਸ ਦੀ ਜੀਵਨ-ਕਹਾਣੀ ਚੁਗ ਲਈ ਹੋਈ ਹੈ। ਇਹਦੇ ਵਿੱਚ ਕੁਝ ਵੀ ਖਾਸ ਵਰਨਣਯੋਗ ਨਹੀਂ ਹੈ। ਗਰੀਬੀ ਵਿੱਚ ਜੰਮਿਆਂ, ਪਲ਼ਿਆ, ਵੱਡਾ ਹੋਇਆ। ਐਕਸੀਡੈਂਟ ਨੇ ਸਰੀਰ ਵਿੱਚ ਹਲਕੀ ਜਿਹੀ ਅਪਾਹਜਤਾ ਖੜੀ ਕਰ ਦਿੱਤੀ। ਪੜਨ ਵਿੱਚ ਤੇਜ਼ ਸੀ ਸੋ, ਅੰਗਰੇਜ਼ੀ ਦੀ ਐਮ ਏ ਕਰ ਗਿਆ ਪਰ ਅੱਗੇ ਹਨੇਰਾ ਸੀ। ਕੋਈ ਨੌਕਰੀ ਨਾ ਮਿਲੀ। ਨਿਕੀਆਂ-ਨਿਕੀਆਂ ਨੌਕਰੀਆਂ ਕਰਨੀਆਂ ਪਈਆਂ। ਅੰਤ ਉਸ ਨੂੰ ਪਰੂਫ ਰੀਡਿੰਗ ਦੀ ਨੌਕਰੀ ਹੀ ਬਹੁਤ ਵੱਡੀ ਲਗਣ ਲੱਗ ਪਈ। ਕਿਸੇ ਨਾ ਕਿਸੇ ਤਰਾਂ੍ਹ ਪਿੰਡੋਂ ਨਿਕਲ ਕੇ ਸ਼ਹਿਰ ਆ ਵਸਿਆ। ਇਹ ਉਸ ਦੇ ਵੱਡੇ ਭਰਾ ਤਰਸੇਮ ਦੀ ਹਿੰਮਤ ਸੀ। ਜ਼ਿੰਦਗੀ ਵਿੱਚ ਦੋ ਵਾਰ ਜਿੰਦਰ ਦੀ ਕਿਸਮਤ ਉਸ ਦੇ ਹੱਕ ਵਿੱਚ ਝਗੜੀ। ਪਹਿਲੀ ਵਾਰ ਕਿ ਉਸ ਦਾ ਵਿਆਹ ਇਕ ਖੂਬਸੂਰਤ ਕੁੜੀ ਨਾਲ ਹੋ ਗਿਆ। ਦੂਜੀ ਵਾਰ ਉਸ ਦੀ ਕਿਸਮਤ ਉਸ ਲਈ ਝਗੜੀ ਤੇ ਉਸ ਨੂੰ ਨੌਕਰੀ ਮਿਲ ਗਈ। ਉਸ ਤੋਂ ਬਾਅਦ ਜਿੰਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਜਿੰਦਰ ਇਕ ਖੁਸ਼ਹਾਲ ਬੰਦਾ ਹੈ। ਇਕ ਪੁੱਤਰ ਅਸਟਰੇਲੀਆ ਵਿੱਚ ਸੈਟਲ ਹੈ ਤੇ ਦੂਜਾ ਇਥੇ ਹੀ ਆਪਣਾ ਕਾਰੋਬਾਰ ਕਰ ਰਿਹਾ ਹੈ। ਜਿੰਦਰ ਰਿਟਾਇਰ ਹੋ ਕੇ ਪੋਤੇ ਨੂੰ ਖਿਡਾ ਰਿਹਾ ਹੈ। ਇਹੋ ਤਾਂ ਹੈ ਜ਼ਿੰਦਗੀ ਦੀ ਅਸਲ ਅਯਾਸ਼ੀ। ਉਹ ਕਹਿੰਦਾ ਹੈ ਕਿ ਪੋਤੇ ਸਮਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜਿੰਨਾ ਚਿਰ ਉਹ ਪੋਤੇ ਨਾਲ ਖੇਡ ਰਿਹਾ ਹੋਵੇ ਓਨਾ ਚਿਰ ਉਹ ਆਪਣਾ ਮੁਬਾਈਲ ਬੰਦ ਕਰ ਦਿੰਦਾ ਹੈ। ਹਾਂ, ਇਕ ਗੱਲ ਕਦੇ-ਕਦੇ ਉਸ ਨੂੰ ਅਸਹਿਜ ਕਰਦੀ ਹੋਵੇਗੀ ਕਿ ਉਹ ਸਾਂਝੇ ਪਰਿਵਾਰ ਵਿੱਚ ਰਹਿੰਦਾ ਹੈ। ਇਕੋ ਘਰ ਵਿੱਚ ਇਕ ਪਾਸੇ ਉਸ ਦਾ ਭਰਾ ਤੇ ਉਸ ਦਾ ਵੱਡਾ ਸਾਰਾ ਪਰਿਵਾਰ ਰਹਿੰਦਾ ਹੈ ਤੇ ਦੂਜੇ ਹਿੱਸੇ ਵਿੱਚ ਜਿੰਦਰ ਆਪਣੇ ਪਰਿਵਾਰ ਨਾਲ। ਭਾਵੇਂ ਦੋਵੇਂ ਪਰਿਵਾਰ ਅਲੱਗ-ਅਲੱਗ ਹਨ ਪਰ ਇੰਝ ਜੁੜੇ ਹੋਏ ਹਨ ਕਿ ਕਿਸੇ ਗੱਲ ਦਾ ਵੀ ਪਰਦਾ ਨਹੀਂ ਰਹਿੰਦਾ। ਸਾਂਝੇ ਘਰਾਂ ਦੇ ਬਹੁਤ ਫਾਇਦੇ ਹਨ। ਸਾਂਝੇ ਪਰਿਵਾਰ ਵਿੱਚ ਤੁਸੀਂ ਵਧੇਰੇ ਸੁਰੱਖਿਅਤ ਹੋ, ਇਕ ਦੂਜੇ ਦੀ ਮੱਦਦ ਵੀ ਮਿਲਦੀ ਹੈ ਪਰ ਅੱਜ ਦਾ ਜ਼ਮਾਨਾ ਪ੍ਰਾਈਵੇਸੀ ਦਾ ਹੈ। ਮੇਰੇ ਲਈ ਇਵੇਂ ਸਾਂਝੇ ਪਰਿਵਾਰ ਵਿੱਚ ਰਹਿਣਾ ਅਸੰਭਵ ਹੈ ਪਰ ਜਿੰਦਰ ਇਸ ਬਾਰੇ ਕਿਵੇਂ ਸੋਚਦਾ ਹੈ, ਕੁਝ ਨਹੀਂ ਪਤਾ। ਉਹ ਅਜਿਹਾ ਹੈ ਕਿ ਆਪਣੇ ਮਸਲਿਆਂ ਬਾਰੇ ਕਦੇ ਗੱਲ ਨਹੀਂ ਕਰਦਾ।

    ਮੈਂ ਪਿਛਲੇ ਏਨੇ ਸਾਲਾਂ ਤੋਂ ਜਿੰਦਰ ਨੂੰ ਮਿਲ ਰਿਹਾ ਹਾਂ ਪਰ ਸਾਡੀ ਕਦੇ ਵੀ ਕੋਈ ਵੱਡੀ ਅਸਹਿਮਤੀ ਨਹੀਂ ਹੋਈ। ਕਹਿੰਦੇ ਹਨ ਕਿ ਜੇ ਦੋ ਬੰਦਿਆਂ ਵਿੱਚ ਕੋਈ ਅਸਹਿਮਤੀ ਨਹੀਂ ਹੁੰਦੀ ਤਾਂ ਇਹਦਾ ਮਤਲਬ ਦੋਵੇਂ ਹੀ ਇਕ ਦੂਜੇ ਤੋਂ ਫਾਇਦਾ ਉਠਾਉਣਾ ਚਾਹੁੰਦੇ ਹਨ ਪਰ ਸਾਡੇ ਵਿੱਚ ਅਜਿਹਾ ਕੁਝ ਨਹੀਂ ਹੈ। ਉਸ ਦੇ ਸੁਭਾਅ ਵਿੱਚ ਬਹੁਤ ਕੁਝ ਔਖਾਪਨ ਹੈ, ਮੈਂ ਉਸ ਨਾਲ ਸਮਝੌਤਾ ਕਰ ਲਿਆ ਹੋਇਆ ਹੈ ਤੇ ਉਸ ਨੇ ਵੀ ਮੇਰੀਆਂ ਗਲਤ ਆਦਤਾਂ ਨੂੰ ਸਹਿਣਾ ਸਿਖ ਲਿਆ ਹੋਇਆ ਹੈ। ਇਕ ਵਾਰ ਮੈਂ ਉਸ ਨੂੰ ਕਿਹਾ,

    =ਆਹ ਹਰਜਿੰਦਰ ਸੂਰੇਵਾਲੀਆ ਤਾਂ ਬਹੁਤ ਵੱਡਾ ਗਰਾੜੀ ਐ, ਤੂੰ ਇਹਦੇ ਨਾਲ ਕਿੱਦਾਂ ਨਿਭੀ ਜਾਨਾਂ?

    =ਇਹ ਦੇ ਨਾਲ ਦੋਸਤੀ ਤਾਂ ਹਾਲੇ ਕੱਲ ਦੀ ਗੱਲ ਐ, ਤੇਰੇ ਨਾਲ ਪਿਛਲੇ ਤੇਈ-ਚੌਵੀ ਸਾਲ ਤੋਂ ਨਿਭਦਾ ਆ ਰਿਹਾਂ!

    ਉਹਦੀ ਇਹੋ ਗੱਲ ਹੀ ਸਾਡੀ ਦੋਸਤੀ ਦਾ ਰਾਜ਼ ਹੈ। ਅਸੀਂ ਇਕ ਦੂਜੇ ਦਾ ਕੌਅ ਪਾ ਲਿਆ ਹੋਇਆ ਹੈ। ਇਕ ਵਾਰ ਇਕ ਦੋਸਤ ਨੇ ਕਿਹਾ ਸੀ ਕਿ ਜਿੰਦਰ ਨਾਲ ਰਹਿ ਕੇ ਜਾਂ ਤਾਂ ਤੂੰ ਸ਼ਰਾਬ ਛੱਡ ਜਾਵੇਂਗਾ ਜਾਂ ਫਿਰ ਜਿੰਦਰ ਪੀਣ ਲੱਗ ਪਵੇਗਾ। ਪਰ ਅਸੀਂ ਦੋਵੇਂ ਆਪੋ-ਆਪਣੀਆਂ ਥਾਵਾਂ 'ਤੇ ਕਾਇਮ ਹਾਂ। ਉਸ ਦੇ ਸੁਭਾਅ ਦੇ ਕੁਝ ਗੁਣ ਮੈਨੂੰ ਬਹੁਤ ਪਸੰਦ ਹਨ। ਉਹ ਹਰ ਪ੍ਰੋਗਰਾਮ ਨੂੰ ਚੰਗੀ ਤਰਾਂ੍ਹ ਉਲੀਕਦਾ ਹੈ ਤੇ ਉਸ ਉਪਰ ਸਹੀ ਢੰਗ ਨਾਲ ਅਮਲ ਕਰਦਾ ਹੈ। ਉਸ ਦੇ ਇਸ ਢੰਗ ਕਾਰਨ ਹੀ ਮੈਂ ਆਪਣੀ ਪਹਿਲੀ ਫੇਰੀ ਵਿੱਚ ਬਹੁਤ ਸਾਰੇ ਲੇਖਕਾਂ ਨੂੰ ਮਿਲ ਸਕਿਆ। ਅੱਜ ਵੀ ਜਦ ਮੈਂ ਇੰਡੀਆ ਜਾਣਾ ਹੋਵੇ ਤਾਂ ਜਿੰਦਰ ਹੀ ਮੇਰੇ ਸਾਰੇ ਪ੍ਰੋਗਰਾਮਾਂ ਨੂੰ ਸ਼ਡਿਊਲ ਕਰਦਾ ਹੈ। ਇਸ ਤਰ੍ਹਾਂ ਵਕਤ ਦੀ ਬੱਚਤ ਹੁੰਦੀ ਹੈ। ਜਿੰਦਰ ਨਾ ਹੋਵੇ ਤਾਂ ਮੇਰਾ ਸਾਰਾ ਟਾਈਮ-ਟੇਬਲ ਖਿਲਰ ਜਾਵੇ। ਜਿੰਨੇ ਦਿਨ ਮੈਂ ਰਹਿਣਾ ਹੋਵੇ, ਓਨੇ ਦਿਨਾਂ ਲਈ ਜਿੰਦਰ ਆਪਣੇ ਸਾਰੇ ਕੰਮ ਸਥਿਗਤ ਦਿੰਦਾ ਹੈ। ਇਵੇਂ ਮੇਰਾ ਇਕ-ਇਕ ਦਿਨ ਵਰਤਿਆ ਜਾਂਦਾ ਹੈ। ਹਾਂ, ਕੁਝ ਕੰਮ ਰਹਿ ਵੀ ਜਾਂਦੇ ਹੋਣਗੇ, ਕੁਝ ਲੋਕਾਂ ਨੂੰ ਚਾਹ ਕੇ ਵੀ ਨਹੀਂ ਮਿਲ ਹੁੰਦਾ। ਕਿਧਰੇ ਜਾ ਕੇ ਉਸ ਦੀ ਵਾਪਸ ਮੁੜਨ ਦੀ ਕਾਹਲ ਹਾਲੇ ਵੀ ਤੰਗ ਕਰਨ ਲਗਦੀ ਹੈ।

    ਮੈਨੂੰ ਜਿੰਦਰ ਦੇ ਸੁਭਾਅ ਬਾਰੇ ਹਾਲੇ ਵੀ ਚੰਗੀ ਤਰਾਂ੍ਹ ਨਹੀਂ ਪਤਾ ਕਿ ਉਹ ਗੁੱਸੇ ਕਿਹੜੇ ਵੇਲੇ ਹੁੰਦਾ ਹੈ ਤੇ ਕਿਹੜੇ ਵੇਲੇ ਖੁਸ਼।  ਮੈਨੂੰ ਬਹੁਤਾ ਨਹੀਂ ਪਤਾ ਕਿ ਉਹ ਘਰ-ਪਰਿਵਾਰ ਵਿੱਚ ਕਿਵੇਂ ਵਿਚਰਦਾ ਹੈ। ਮੈਨੂੰ ਪਤਾ ਹੈ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ। ਉਸ ਦਾ ਯਕੀਨ ਹੈ ਕਿ ਉਸ ਨੂੰ ਨੌਕਰੀ ਪਤਨੀ ਦੀਆਂ ਦੁਆਵਾਂ ਕਰਕੇ ਮਿਲੀ ਹੈ। ਵੈਸੇ ਉਹ ਰੱਬ ਦੀ ਹੋਂਦ ਬਾਰੇ ਚੁੱਪ ਹੈ। ਗੁਰਦਵਾਰੇ-ਮੰਦਿਰ ਉਹ ਜਾਂਦਾ ਨਹੀਂ। ਸ਼ਾਇਦ ਉਸ ਨੂੰ ਆਪਣੀ ਪਤਨੀ ਦੀਆਂ ਦੁਆਵਾਂ ਉੱਪਰ ਏਨਾ ਭਰੋਸਾ ਹੈ ਕਿ ਆਪ ਰੱਬ ਤੋਂ ਕੁਝ ਮੰਗਣਾਂ ਹੀ ਨਹੀਂ ਚਾਹੁੰਦਾ। ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਪਤਨੀ ਦਾ ਮਨ ਦੁਖੀ ਹੋਵੇ। ਉਹ ਆਪਣੇ ਮੁੰਡਿਆਂ ਨੂੰ ਵੀ ਬਹੁਤ ਪਿਆਰ ਕਰਦਾ ਹੈ ਤੇ ਮਾਣ ਵੀ। ਜਦ ਕਦੇ ਵਿਦਿਆਰਥੀਆਂ ਨੂੰ ਲੈਕਚਰ ਕਰਦਾ ਹੋਵੇ ਤਾਂ ਆਪਣੇ ਅਸਟਰੇਲੀਆਂ ਵਸਦੇ ਬੇਟੇ ਸ਼ਿਵ ਦੀ ਹੋਣਹਾਰਤਾ ਬਾਰੇ ਵੀ ਕੋਈ ਨਾ ਕੋਈ ਗੱਲ ਕਰ ਜਾਇਆ ਕਰਦਾ ਹੈ। ਉਸ ਨੇ ਕਦੇ ਦੱਸਿਆ ਨਹੀਂ ਪਰ ਇਕ ਵਾਰ ਮੈਂ ਸੁੰਘ ਲਿਆ ਕਿ ਕਿਸੇ ਮੁੰਡੇ ਨਾਲ ਉਸ ਦੀ ਠਣੀ ਹੋਈ ਹੈ। ਮੈਂ ਆਪਣੇ ਦੁਆਲੇ ਬਹੁਤ ਸਾਰੇ ਪਿਓ-ਪੁੱਤਾਂ ਦੀ ਆਪਸ-ਵਿੱਚ ਇਵੇਂ ਠਣੀ ਦੇਖੀ ਹੈ। ਮੇਰੇ ਇਕ ਨਿਪਾਲੀ ਦੋਸਤ ਬਿਸਵਾ ਥਾਪਾ ਦੀ ਆਪਣੇ ਪੁੱਤਰ ਨਾਲ ਦੋ ਸਾਲ ਤੋਂ ਬੋਲ-ਚਾਲ ਬੰਦ ਸੀ। ਉਹਦੇ ਘਰ ਮੇਰਾ ਆਉਣ-ਜਾਣ ਆਮ ਸੀ। ਮੈਂ ਜਲਦੀ ਸਮਝ ਗਿਆ ਕਿ ਘਰ ਵਿੱਚ ਕੁਝ ਗਲਤ ਹੈ। ਮੈਂ ਉਸ ਨੂੰ ਸਮਝਾਇਆ ਕਿ ਜਵਾਨ ਹੋਇਆ ਪੁੱਤ ਆਪਣੇ ਆਪ ਨੂੰ ਪੂਰਾ ਮਰਦ ਸਮਝਦਾ ਹੈ ਤੇ ਆਪਣੇ ਫੈਸਲੇ ਆਪ ਕਰਨਾ ਚਾਹੁੰਦਾ ਹੈ। ਅਸੀਂ ਉਸ ਦੇ ਫੈਸਲਿਆਂ ਵਿੱਚ ਵਾਧੂ ਦਖਲ ਦੇ ਕੇ ਵਿਗਾੜ ਪਾ ਲੈਂਦੇ ਹਾਂ। ਉਸ ਵਿੱਚ ਪੂਰੇ ਮਰਦ ਵਾਲੀ ਆਕੜ ਆ ਚੁੱਕੀ ਹੁੰਦੀ ਹੈ। ਅਕਲ ਦੀ ਗੱਲ ਇਹੀ ਹੈ ਕਿ ਅੱਜਕੱਲ ਦੇ ਪੁੱਤਾਂ ਦੇ ਪਿਓ ਬਣਨ ਦੀ ਲੋੜ ਨਹੀਂ, ਉਹਨਾਂ ਦੇ ਦੋਸਤ ਬਣੋਂ। ਉਹਨਾਂ ਨੂੰ ਸਲਾਹ ਦਿਓ, ਆਪਣੀ ਮਰਜ਼ੀ ਉਹਨਾਂ 'ਤੇ ਨਾ ਥੋਪੋ। ਮੇਰੀ ਗੱਲ ਥਾਪੇ ਦੀ ਪਕੜ ਵਿੱਚ ਆ ਗਈ ਤੇ ਉਸ ਨੇ ਆਪਣੇ ਬੇਟੇ ਨਾਲ ਸਬੰਧ ਈਜ਼ ਕਰ ਲਏ। ਮੈਨੂੰ ਜਿੰਦਰ ਦੀਆਂ ਗੱਲਾਂ ਵਿੱਚੋਂ ਸੁੰਘ ਜ਼ਰੂਰ ਆਈ ਪਰ ਦੇਖਣ ਵਿੱਚ ਕੁਝ ਨਹੀਂ ਆਇਆ। ਮੈਨੂੰ ਪਤਾ ਕਿ ਉਹ ਦੱਸੇਗਾ ਵੀ ਨਹੀਂ। ਮੈਂ ਬਿਸਵਾ ਥਾਪਾ ਵਾਲੀ ਪੂਰੀ ਕਹਾਣੀ ਵਿਸਥਾਰ ਨਾਲ ਉਸ ਨੂੰ ਸੁਣਾ ਦਿੱਤੀ। ਮੈਂ ਆਪਣੇ ਪਿਤਾ ਨਾਲ ਆਪਣੇ ਸੰਬੰਧਾਂ ਬਾਰੇ ਵੀ ਕੁਝ ਕਹਾਣੀਆਂ ਸੁਣਾਈਆਂ। ਫਿਰ ਮੈਨੂੰ ਲਗਿਆ ਕਿ ਸਭ ਠੀਕ ਹੈ। ਸ਼ਾਇਦ ਕੋਈ ਕਹਾਣੀ ਉਸ ਦੇ ਕੰਮ ਆ ਗਈ ਹੋਵੇ।æææ

    ਉਸ ਦੀਆਂ ਲਿਖਤਾਂ ਵਿੱਚੋਂ ਪਤਾ ਲਗਦਾ ਹੈ ਕਿ ਉਸ ਦਾ ਪਿਤਾ ਲਾਹਪਰਵਾਹ ਕਿਸਮ ਦਾ ਬੰਦਾ ਸੀ ਤੇ ਜਿੰਦਰ ਫਿਕਰਵੰਦ। ਉਸ ਦੀ ਆਪਣੀ ਮਾਂ ਨਾਲ ਵੀ ਬਹੁਤੀ ਨਹੀਂ ਸੀ ਬਣਦੀ। ਮਾਂ ਮਰੀ 'ਤੇ ਉਸ ਨਾਲ ਮੇਰੀ ਗੱਲ ਹੋਈ ਸੀ, ਉਹ ਬਹੁਤ ਉਦਾਸ ਸੀ। ਕਹਿੰਦਾ ਸੀ ਕਿ ਹੁਣ ਮੈਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਰਿਹਾ। ਇਕ ਵਾਰ ਮੈਂ ਪੁੱਛਿਆ,

    =ਮਾਂ ਮਰੀ 'ਤੇ ਰੋਇਆ ਵੀ ਸੈਂ?

    =ਨਹੀਂ। ਬਾਅਦ ਵਿੱਚ ਇਕ ਦਿਨ ਮੈਂ ਆਪਣੇ ਪੂਰੇ ਟੱਬਰ ਵਿੱਚ ਬੈਠਾ ਟੀਵੀ ਦੇਖ ਰਿਹਾ ਸਾਂ ਕਿ ਟੀਵੀ 'ਤੇ ਮਾਂ ਬਾਰੇ ਕੋਈ ਗੀਤ ਚੱਲ ਰਿਹਾ ਸੀ। ਉਸ ਗੀਤ ਨੇ ਮੈਨੂੰ ਏਨਾ ਭਾਵੁਕ ਕਰ ਦਿੱਤਾ ਕਿ ਮੇਰੀਆਂ ਭੁੱਬਾਂ ਨਿਕਲ ਗਈਆਂ।æææ

    ਜਿੰਦਰ ਨੂੰ ਮਿਲਣ ਤੋਂ ਪਹਿਲਾਂ ਮੈਂ ਉਸ ਦੇ ਕੁਝ ਲੇਖ ਪੜ੍ਹੇ ਸਨ ਜਿਹੜੇ ਉਸ ਨੇ ਆਪਣੇ ਸਾਲ਼ਿਆਂ ਦੇ ਖਿਲਾਫ ਲਿਖੇ ਸਨ। ਇਵੇਂ ਉਸ ਦੇ ਸਾਲ਼ੇ ਵੀ ਜਵਾਬ ਵਿੱਚ ਉਸ ਦੇ ਖਿਲਾਫ ਲਿਖਦੇ ਸਨ। ਨਹੀਂ ਤਾਂ ਇਸ ਰਿਸ਼ਤੇਦਾਰੀ ਵਿੱਚ ਇਕ ਦੂਜੇ ਦੇ ਖਿਲਾਫ ਇਵੇਂ ਕੋਈ ਨਹੀ ਲਿਖਦਾ। ਇਹ ਲੇਖ ਜਿੰਦਰ ਦੇ ਅੜੀਅਲ ਸੁਭਾਅ ਦੀ ਥਾਹ ਪਾਉਂਦੇ ਹਨ। ਮਸਹੂਰ ਉਸਤਾਦ ਸ਼ਾਇਰ ਦੀਪਕ ਜੈਤੋਈ ਉਸ ਦੇ ਸੁਹਰਾ ਸਾਹਿਬ ਸਨ। ਦੀਪਕ ਜੈਤੋਈ ਉਪਰ ਜਿੰਦਰ ਬਹੁਤ ਫਖ਼ਰ ਕਰਦਾ ਹੈ, ਹੁਣ ਇਹ ਨਹੀਂ ਪਤਾ ਕਿ ਉਹ ਪਹਿਲੇ ਦਿਨ ਤੋਂ ਹੀ ਫਖ਼ਰ ਕਰਦਾ ਆਇਆ ਹੈ ਕਿ ਦੀਪਕ ਜੈਤੋਈ ਦੀ ਮੌਤ ਤੋਂ ਬਾਅਦ ਕਰਨ ਲਗਿਆ ਹੈ।æææ

    ਪਰੂਫ ਪੜ੍ਹਦਾ-ਪੜ੍ਹਦਾ ਜਿੰਦਰ ਸਾਹਿਤ ਦਾ ਪਾਠਕ ਬਣ ਚੁੱਕਾ ਸੀ ਤੇ ਫਿਰ ਲੇਖਕ ਵੀ ਬਣ ਗਿਆ। ਪਹਿਲਾਂ ਮਿੰਨੀ-ਕਹਾਣੀਆਂ ਵੀ ਲਿਖਦਾ ਰਿਹਾ ਪਰ ਫਿਰ ਪੂਰੀ ਸਹੀ ਕਹਾਣੀ ਲਿਖਣ ਲੱਗਾ ਤੇ ਹੁਣ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਦੀ ਮੋਹਰਲੀ ਕਤਾਰ ਵਿੱਚ ਖੜਾ ਹੈ। ਸਾਹਿਤ ਵਿੱਚ ਸਥਾਪਤ ਹੋਣ ਲਈ ਉਸ ਨੇ ਵੀ ਕਈ ਹੱਥ-ਕੰਡੇ ਅਪਣਾਏ ਹਨ ਪਰ ਕਹਿੰਦੇ ਹਨ ਕਿ ਜੇ ਬੋਰੀ ਵਿੱਚ ਕੁਝ ਹੋਏਗਾ ਤਾਂ ਹੀ ਖੜੀ ਹੋਵੇਗੀ। ਸਾਹਿਤ ਰਚਣ ਦੇ ਨਾਲ-ਨਾਲ ਉਸ ਨੇ ਤਰਜਮੇ ਦਾ ਕੰਮ ਵੀ ਬਹੁਤ ਸਾਰਾ ਕੀਤਾ ਹੈ। ਜਿਸ ਕਰਕੇ ਉਸ ਨੂੰ ਭਾਰਤੀ ਸਾਹਿਤ ਅਕੈਡਮੀ ਵਲੋਂ ਇਨਾਮ ਵੀ ਮਿਲਿਆ। ਇਹ ਇਨਾਮ ਲੈ ਕੇ ਉਹ ਬਹੁਤਾ ਖੁਸ਼ ਨਹੀਂ ਸੀ ਕਿਉਂਕਿ ਉਸ ਦੀ ਨਜ਼ਰ ਤਾਂ ਭਾਰਤੀ ਸਾਹਿਤ ਅਕੈਡਮੀ ਦੇ ਵੱਡੇ ਸਾਹਿਤਕ ਇਨਾਮ ਉੱਪਰ ਹੈ ਜਿਸ ਦਾ ਉਹ ਬਿਨਾ ਸ਼ੱਕ ਹੱਕਦਾਰ ਵੀ ਹੈ। ਉਸ ਦੀਆਂ ਸੰਪਾਦ ਕੀਤੀਆਂ ਕਿਤਾਬਾਂ ਦੀ ਵੀ ਇਕ ਵੱਡੀ ਗਿਣਤੀ ਹੈ। ਕਿਤਾਬ ਦੀ ਸੰਪਾਦਨਾ ਕਰਨ ਵੇਲੇ ਉਹ ਕਹਾਣੀਆ ਵੀ ਇਕੋ ਤਰੀਕੇ ਦੀਆਂ ਚੁਣਦਾ ਹੈ, ਇਕੋ ਵਿਸ਼ੇ ਵਾਲੀਆਂ, ਜਿਵੇਂ ਕਿ ਵੰਡ ਵੇਲੇ ਦੀਆਂ ਕਹਾਣੀਆਂ, ਪਤੀ-ਪਤਨੀ ਦੇ ਸੰਬੰਧਾਂ ਦੀਆਂ ਕਹਾਣੀਆਂ, ਬਿਜ਼ੁਰਗਾਂ ਬਾਰੇ ਕਹਾਣੀਆਂ, ਮਾਂ ਦੇ ਰੇਖਾ ਚਿੱਤਰ, ਪਿਓ ਦੇ ਰੇਖਾ ਚਿੱਤਰ ਆਦਿ।    

ਪਹਿਲੀਆਂ ਮੁਲਾਕਾਤਾਂ ਵਿੱਚ ਹੀ ਕੁਝ ਅਜਿਹੀਆਂ ਗੱਲਾਂ ਹੋਈਆਂ ਕਿ ਮੈਨੂੰ ਜਿੰਦਰ ਇਕ ਜ਼ਿੰਮੇਵਾਰ ਬੰਦਾ ਜਾਪਿਆ। ਅਜਿਹਾ ਬੰਦਾ ਜਿਸ ਉਪਰ ਭਰੋਸਾ ਕੀਤਾ ਜਾ ਸਕਦਾ ਹੈ। ਮੇਰਾ ਇਹ ਭਰੋਸਾ ਅੱਜ ਵੀ ਕਾਇਮ ਹੈ। ਜਿੰਦਰ ਨੂੰ ਕੋਈ ਵੀ ਕੰਮ ਕਿਹਾ ਤਾਂ ਉਸ ਨੇ ਇਕ ਦਮ ਕੀਤਾ। ਉਡੀਕ ਕਰਨਾ ਉਸ ਦੀ ਕਿਤਾਬ ਵਿੱਚ ਨਹੀਂ ਲਿਖਿਆ। ਮੈਂ ਇਕ ਦਿਨ ਉਸ ਦੇ ਦਫਤਰ ਗਿਆ। ਦੇਖਿਆ ਕਿ ਕੋਈ ਵੀ ਫਾਈਲ ਉਸ ਦੇ ਮੇਜ਼ 'ਤੇ ਨਹੀਂ ਹੈ। ਮੈਂ ਪੁੱਛਿਆ ਤਾਂ ਬੋਲਿਆ- 'ਜਿਹੜੀ ਵੀ ਫਾਈਲ ਮੇਰੇ ਕੋਲ ਆਉਂਦੀ ਐ, ਮੈਂ ਉਸ ਨਾਲ ਇਕ ਦਮ ਡੀਲ ਕਰ ਦਿੰਦਾ ਹਾਂ, ਮੇਜ਼ ਤੇ ਪਈ ਫਾਈਲ ਦਾ ਮਤਲਬ ਕਿ ਅਫਸਰ ਲੇਜ਼ੀ ਐ।' ਕੰਮ ਉਪਰ ਉਸ ਦਾ ਸਦਾ ਉੱਤਮ ਰਿਕਾਰਡ ਰਿਹਾ ਹੈ ਇਸੇ ਲਈ ਸਹਿਕਾਮੇ ਉਸ ਨੂੰ ਉੱਤਮ ਸਾਹਿਬ ਕਹਿ ਕੇ ਬੁਲਾਉਂਦੇ ਸਨ। ਪੂਰੀ ਨੌਕਰੀ ਵਿੱਚ ਉਸ ਦੀ ਕਦੇ ਵੀ ਜਵਾਬ-ਤਲਬੀ ਨਹੀਂ ਹੋਈ।æææ

ਉਸ ਦੇ ਨਾਲ ਘੁੰਮਦਿਆਂ ਮੈਂ ਉਸ ਦੇ ਕੁਝ ਸਹਿਜ-ਸੁਆਦਾਂ ਤੇ ਸੋਚਾਂ ਬਾਰੇ ਅੰਦਾਜ਼ੇ ਵੀ ਲਾਏ ਹਨ। ਉਸ ਨੂੰ ਆਪਣੀਆਂ ਕਿਤਾਬਾਂ 'ਤੇ ਪਰੋਗਰਅਮ ਕਰਾਉਣੇ ਪਸੰਦ ਨਹੀਂ ਹਨ ਤੇ ਕਦੇ ਕਰਵਾਏ ਵੀ ਨਹੀਂ ਪਰ ਜਦ ਕੋਈ ਉਸ ਬਾਰੇ ਲਿਖਦਾ ਹੈ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਖਿੱਚ ਕੇ ਲਿਖ। ਕਵਿਤਾ ਵਿੱਚ ਉਹ ਸ਼ਿਵ ਨੂੰ ਸਭ ਤੋਂ ਵੱਡਾ ਮੰਨਦਾ ਹੈ ਤੇ ਕਹਾਣੀ ਵਿੱਚ ਅਜੀਤ ਕੌਰ ਨੂੰ। ਗਜ਼ਲਾਂ ਉਹ ਜਗਜੀਤ ਸਿੰਘ ਦੀਆਂ ਸੁਣਿਆਂ ਕਰਦਾ ਹੈ। ਸਤਿੰਦਰ ਸਰਤਾਜ ਦਾ ਗੀਤ 'ਸਾਈਂ' ਸ਼ਾਇਦ ਉਹਨੇ ਸੈਂਕੜੇ ਵਾਰ ਸੁਣਿਆਂ ਹੋਵੇਗਾ। ਮਹਾਂਭਾਰਤ ਨੂੰ ਉਹ ਸਭ ਤੋਂ ਵੱਡੀ ਰਚਨਾ ਮੰਨਦਾ ਹੈ। ਗੀਤਾ ਨੂੰ ਉਹ ਵਾਰ-ਵਾਰ ਪੜ੍ਹਦਾ ਹੈ। ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਉਹ ਬਹੁਤ ਫਿਕਰਮੰਦ ਹੈ। ਕਹਿੰਦਾ ਹੈ ਕਿ ਆਲੋਚਨਾ ਹੀ ਖਤਮ ਹੋ ਗਈ। ਆਲੋਚਨਾ ਬਿਨਾਂ ਨਿੱਗਰ ਸਾਹਿਤ ਕਿਵੇਂ ਲਿਖਿਆ ਜਾ ਸਕੇਗਾ? ਫੇਸਬੁੱਕ ਵਲੋਂ ਹੋ ਰਹੇ ਸਾਹਿਤ ਦੇ ਘਾਣ ਬਾਰੇ ਵੀ ਉਹ ਚਿੰਤਾਤੁਰ ਹੈ। ਉਸ ਨੇ ਕਈ ਅਜੀਬ ਜਿਹੇ ਸਨਕ ਵੀ ਪਾਲ਼ੇ ਹੋਏ ਹਨ। ਇਕ ਵਾਰ ਉਹ ਪਹੋਏ ਚਲਾ ਗਿਆ। ਪਹੋਆ ਜਿਥੇ ਛੋਟੀ ਉਮਰ ਵਿੱਚ ਮਰਨ ਵਾਲਿਆਂ ਦੀ ਗਤੀ ਕਰਾਈ ਜਾਂਦੀ ਹੈ। ਇਵੇਂ ਹੀ ਕਦੀ ਹਰਦਵਾਰ ਵੱਲ ਨਿਕਲ ਜਾਵੇਗਾ। ਪਿੱਛੇ ਜਿਹੇ ਉਹ ਇਨਾਮ ਲੈਣ ਦੇ ਸਿਲਸਿਲੇ ਵਿੱਚ ਉਤਰੀ-ਪੂਰਬੀ ਭਾਰਤ ਵੱਲ ਚਲੇ ਗਿਆ। ਉਥੇ ਉਹ ਵਾਹਵਾ ਘੁੰਮਿਆਂ। ਉਥੋਂ ਉਸ ਨੇ ਮੈਨੂੰ ਫੋਨ ਕੀਤਾ,

=ਮੈਂ ਅਮਰੀਕਾ, ਕਨੇਡਾ, ਇੰਗਲੈਂਡ, ਅਸਟਰੇਲੀਆ, ਪਕਿਸਤਾਨ ਦੇਖਿਆ ਪਰ ਆਪਣੇ ਮੁਲਕ ਵਿੱਚ ਜੋ ਹੈ ਉਹ ਕਿਤੇ ਹੋਰ ਨਹੀਂ ਲੱਭਦਾ।æææ

ਜਿੰਦਰ ਕਹਾਣੀਕਾਰ ਹੋਣ ਦੇ ਨਾਲ-ਨਾਲ ਇਕ ਨਿਪੁੰਨ ਸੰਪਾਦਕ ਹੈ। ਨਿਪੁੰਨਤਾ ਦਾ ਇਹ ਰਾਜ਼ ਉਸ ਨੇ ਪ੍ਰੇਮ ਪ੍ਰਕਾਸ਼ ਤੋਂ ਸਿਖਿਆ ਹੈ। ਉਹ ਕਿਸੇ ਨੂੰ ਵੀ ਆਪਣੇ ਮੋਢਿਆਂ ਤੋਂ ਉਪਰ ਨਹੀਂ ਹੋਣ ਦਿੰਦਾ। ਹਾਂ, ਇਥੇ ਇਕ ਗੱਲ ਇਹ ਕਿ ਸਾਰੇ ਲੇਖਕ ਉਸ ਨੂੰ ਪ੍ਰੇਮ ਪ੍ਰਕਾਸ਼ ਦਾ ਚੇਲਾ ਸਮਝਦੇ ਹਨ ਪਰ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦਾ। ਮੈਂ ਸਭ ਸਮਝਦੇ ਹੋਏ ਚੁੱਪ ਰਿਹਾ ਕਰਦਾ ਹਾਂ। ਪ੍ਰੇਮ ਪ੍ਰਕਾਸ਼ ਨਾਲ ਉਸ ਦੇ ਅਜੀਬ ਸੰਬੰਧ ਹਨ। ਉਹਨਾਂ ਦੋਨਾਂ ਦੀ ਲਗ-ਭਗ ਹਰ ਰੋਜ਼ ਫੋਨ ਉਪਰ ਗੱਲ ਹੁੰਦੀ ਹੈ। ਪ੍ਰੇਮ ਪ੍ਰਕਾਸ਼ ਉਸ ਨੂੰ ਮਿਲਣ ਆਉਣ ਲਈ ਆਖੇਗਾ। ਜਿੰਦਰ ਟਰਕਾ ਜਾਵੇਗਾ ਤੇ ਕਈ-ਕਈ ਮਹੀਨੇ ਨਹੀਂ ਮਿਲੇਗਾ ਤੇ ਕਦੇ ਉਹ ਪ੍ਰੇਮ ਪ੍ਰਕਾਸ਼ ਨੂੰ ਮਿਲਣ ਗਿਆ ਘੰਟਿਆਂ ਬੱਧੀ ਉਸ ਕੋਲ ਬੈਠਾ ਰਹੇਗਾ। ਸੰਪਾਦਕੀ ਵਿੱਚ ਪ੍ਰੇਮ ਪ੍ਰਕਾਸ਼ ਉਸ ਦਾ ਆਈਡਲ ਹੈ। ਸਾਹਿਤ ਵਿੱਚ ਸੰਪਾਦਕਾਂ ਦੀ ਆਪਸ ਵਿੱਚ ਇਕ ਵੱਖਰੀ ਕਿਸਮ ਦੀ ਗਿਟ-ਮਿਟ ਹੁੰਦੀ ਹੈ। ਜਿੰਦਰ ਦੀ ਇਹ ਗਿਟ-ਮਿਟ ਅਣਖੀ ਨਾਲ ਬਹੁਤ ਸੀ। ਨਹੀਂ ਤਾਂ ਉਹ ਬਹੁਤ ਸਖਤ ਸੰਪਾਦਕ ਹੈ। ਜਿਹੜੀ ਚੀਜ਼ ਉਸ ਨੂੰ ਨਹੀਂ ਪਸੰਦ ਉਸ ਨੂੰ ਨਹੀਂ ਛਾਪੇਗਾ ਭਾਵੇਂ ਉਹ ਮੇਰੀ ਹੀ ਕੋਈ ਰਚਨਾ ਹੋਵੇ। ਕਈ ਵਾਰ ਮੈਨੂੰ ਆਖੇਗਾ ਕਿ ਸ਼ਬਦ ਲਈ ਕਿਸੇ ਤੋਂ ਕੁਝ ਲੈ। ਮੈਂ ਕਿਸੇ ਲੇਖਕ ਨੂੰ ਕਹਿ ਕੇ ਕੁਝ ਲਿਖਵਾਵਾਂਗਾ, ਲੇਖਕ ਆਪਣੀ ਰਚਨਾ ਛਪਣ ਦੀ ਉਡੀਕ ਕਰੇਗਾ ਪਰ ਜਿੰਦਰ ਨੂੰ ਜੇ ਰਚਨਾ ਪਸੰਦ ਨਹੀਂ ਆਵੇਗੀ ਤਾਂ ਉਹ ਛਾਪੇਗਾ ਨਹੀਂ। ਲੇਖਕ ਫੋਨ ਕਰ-ਕਰ ਕੇ ਮੇਰੇ ਕੰਨ ਖਾਈ ਜਾਏਗਾ। ਹਾਰ ਕੇ ਮੈਂ ਕਹਿ ਦਿੰਦਾ ਹਾਂ ਕਿ ਮੈਂ ਕੀ ਕਰਾਂ, ਜਿੰਦਰ ਡਾਹਢਾ ਸੰਪਾਦਕ ਹੈ।

ਜਿੰਦਰ ਨੇ ਕਈ ਲੇਖਕਾਂ ਨੂੰ ਪਾਰ ਲਾਇਆ ਹੈ। ਉਸ ਨੇ ਕਈ ਆਲੋਚਕਾਂ ਨੂੰ ਆਲੋਚਨਾ ਦੇ ਪਿੜ ਵਿੱਚ ਲਿਆਂਦਾ ਹੈ। ਜਾਣੀ ਕਿ ਕਈ ਆਲੋਚਕ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ਹਰਮਿੰਦਰ ਚਾਹਲ ਵਧੀਆ ਲੇਖਕ ਹੈ ਪਰ ਜਿੰਦਰ ਨੇ ਹੀ ਉਸ ਨੂੰ ਸਮੂਹ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਮੇਰੀਆਂ ਲਿਖਤਾਂ ਨੂੰ ਪਾਠਕਾਂ/ਆਲੋਚਕਾਂ ਤਕ ਪੁਜਦੀਆਂ ਕਰਨ ਵਿੱਚ ਜਿੰਦਰ ਦਾ ਬਹੁਤ ਵੱਡਾ ਹੱਥ ਹੈ। ਜਿਵੇਂ ਹਰ ਲੇਖਕ ਆਪਣੇ ਆਪ ਨੂੰ ਪਰੋਮੋਟ ਕਰਦਾ ਹੈ, ਜਿੰਦਰ ਵੀ ਕਰਦਾ ਹੈ। ਉਹ ਇਸ ਬਾਰੇ ਓਪਨ ਹੈ। ਇਹ ਗੱਲ ਬਹੁਤੇ ਲੋਕਾਂ ਨੂੰ ਨਾ-ਖੁਸ਼ਗਵਾਰ ਗੁਜ਼ਰਦੀ ਹੈ। ਇਸ ਲਈ ਲੋਕ ਉਸ ਦੇ ਖਿਲਾਫ ਵੀ ਬੋਲਦੇ ਹਨ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। 'ਸ਼ਬਦ' ਨਾਲ ਮੈਂ ਪੂਰੀ ਤਰਾਂ੍ਹ ਜੁੜਿਆ ਹੋਇਆ ਹਾਂ, ਬਹੁਤੇ ਲੋਕ ਇਹੀ ਸਮਝਦੇ ਹਨ ਕਿ ਇਸ ਪਰਚੇ ਲਈ ਪੈਸੇ ਮੈਂ ਖਰਚਦਾ ਹਾਂ ਪਰ ਸੱਚ ਇਹ ਹੈ ਕਿ ਮੈਂ ਤਾਂ ਸ਼ੁਰੂ ਕਰਾਉਣ ਵਿੱਚ ਹਿੱਸਾ ਹੀ ਲਿਆ ਬਾਅਦ ਵਿੱਚ ਸਾਰੇ ਵਸੀਲੇ ਜਿੰਦਰ ਨੇ ਆਪ ਪੈਦਾ ਕੀਤੇ। ਪਰਚਾ ਨਿਕਲਣ ਤੋਂ ਕੁਝ ਦੇਰ ਬਾਅਦ ਮੇਰੀ ਆਰਥਿਕ ਹਾਲਤ ਕੁਝ ਖਰਾਬ ਹੋ ਗਈ ਸੀ ਤੇ ਮੈਂ ਪਰਚੇ ਦੀ ਮੱਦਦ ਨਹੀਂ ਸਾਂ ਕਰ ਸਕਿਆ। ਪਰ ਜਿੰਦਰ ਦਾ ਮੈਂ ਹੀ ਦੋਸਤ ਤਾਂ ਨਹੀਂ ਹਾਂ, ਹੋਰ ਵੀ ਹਨ। ਹਾਂ, ਜਿੰਦਰ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਮੇਰੇ ਤਕ ਪੁੱਜਦੀਆਂ ਰਹਿੰਦੀਆਂ ਹਨ। ਫੋਨਾਂ ਰਾਹੀਂ ਜਾਂ ਚਿੱਠੀਆਂ ਰਾਹੀਂ ਜਾਂ ਮਿਲ ਕੇ ਵੀ ਪਰ ਜਿੰਦਰ ਮੈਨੂੰ ਲਾਗੇ ਲੱਗਣ ਦੇਵੇ ਤਾਂ ਹੀ ਸ਼ਿਕਾਇਤ ਦਾ ਕੋਈ ਫਾਇਦਾ ਹੋਵੇ। ਜਿੰਦਰ ਤਾਂ ਮੇਰੀਆਂ ਭੇਜੀਆਂ ਰਚਨਾਵਾਂ ਵੀ ਨਹੀਂ ਛਾਪਦਾ। ਜੇ ਪਸੰਦ ਨਾ ਹੋਵੇ ਤਾਂ ਨਕਾਰ ਕੇ ਬਿੰਨ ਵਿੱਚ ਦਿੰਦਾ ਹੈ।

ਕਾਮ ਬਾਰੇ ਗੱਲਾਂ ਕਰਨਾ ਜਿੰਦਰ ਨੂੰ ਚੰਗਾ ਨਹੀਂ ਲਗਦਾ (ਹਾਂ, ਸੁਣਨੀਆਂ ਬਹੁਤ ਪਸੰਦ ਹਨ) ਪਰ ਸੈਕਸ ਬਾਰੇ ਉਸ ਨੇ ਕੁਝ ਕਹਾਣੀਆਂ ਜ਼ਰੂਰ ਲਿਖੀਆਂ ਹਨ, ਲਿਖੀਆਂ ਵੀ ਖੁਲ੍ਹ ਕੇ ਹਨ। ਆਪਣੀਆਂ ਕਹਾਣੀਆਂ ਵਿੱਚ ਕਾਮ ਨੂੰ ਉਸ ਨੇ ਮਨੋਵਿਗਿਆਨ ਨਾਲ ਜੋੜਿਆ ਹੈ। ਪਹਿਲੀਆਂ ਵਿੱਚ ਮੈਨੂੰ ਉਸ ਦੀਆਂ ਕਹਾਣੀਆਂ ਚੰਗੀਆਂ ਨਹੀਂ ਸਨ ਲਗਦੀਆਂ। ਚੰਗੀਆਂ ਤਾਂ ਹਾਲੇ ਵੀ ਨਹੀਂ ਲਗਦੀਆਂ ਪਰ ਹੁਣ ਮੈਂ ਸਮਝਦਾ ਹਾਂ ਕਿ ਉਸ ਦੀਆਂ ਕਹਾਣੀਆਂ ਪੁਰਾਣੀ ਲਕੀਰੀ-ਕਹਾਣੀ ਤੋਂ ਹੱਟ ਕੇ ਹਨ। ਜਿਵੇਂ ਪੁਰਾਣੇ ਲੇਖਕ ਕਹਾਣੀ ਨੂੰ ਚਰਮ-ਸੀਮਾ ਵੱਲ ਲੈ ਕੇ ਜਾਂਦੇ ਸਨ ਪਰ ਜਿੰਦਰ ਕਹਾਣੀ ਨੂੰ ਕਈ ਵਾਰ ਅੱਧ ਵਿਚਕਾਰ ਛੱਡ ਜਾਂਦਾ ਹੈ। ਇਹ ਕਹਾਣੀ ਕਹਿਣ ਦਾ ਇਕ ਅਲੱਗ ਤਰੀਕਾ ਹੈ। ਉਹਨੇ ਆਪਣੀਆਂ ਕਹਾਣੀਆਂ ਵਿੱਚ ਨਵੇਂ-ਨਵੇਂ ਵਿਸ਼ੇ ਛੋਹੇ ਹਨ। ਜਿਵੇਂ-ਜਿਵੇਂ ਉਸ ਦੇ ਅਨੁਭਵ ਦਾ ਦਾਇਰਾ ਚੁਡੇਰਾ ਹੁੰਦਾ ਗਿਆ, ਉਸ ਦੇ ਵਿਸ਼ੇ ਬਦਲਦੇ ਗਏ। ਉਸ ਦੀਆਂ ਲਿਖਤਾਂ ਵਿੱਚ ਇਕ ਔਰਤ ਦੇਖਣ ਨੂੰ ਮਿਲਦੀ ਹੈ ਜੋ ਪੜ੍ਹੀ ਲਿਖੀ ਹੈ ਤੇ ਲੇਖਕ ਨਾਲ ਸੈਕਸ ਬਾਰੇ ਖੁਲ੍ਹ ਕੇ ਗੱਲਾਂ ਕਰਦੀ ਹੈ, ਜਿਸ ਤੋਂ ਲੇਖਕ ਔਰਤ ਨਾਲ ਸੰਬੰਧਤ ਮਸਲਿਆਂ ਬਾਰੇ ਸਲਾਹ ਲੈਂਦਾ ਹੈ। ਮੈਨੂੰ ਜਾਪਦਾ ਹੈ ਕਿ ਇਹ ਔਰਤ ਸ਼ਾਇਦ ਜਿੰਦਰ ਨੇ ਆਪਣੇ ਖਿਆਲਾਂ ਵਿੱਚ ਘੜੀ ਹੋਈ ਹੈ। ਇਕ ਵਾਰ ਜਿੰਦਰ ਨੇ ਮਰਹੂਮ ਤਲਵਿੰਦਰ ਨੂੰ ਸਵਾਲ ਪੁੱਛਿਆ ਸੀ ਕਿ ਤੂੰ ਕਿਉਂ ਲਿਖਦਾ ਹੈਂ, ਜੇ ਮੈਂ ਭੁਲਦਾ ਨਹੀਂ ਤਾਂ ਤਲਵਿੰਦਰ ਨੇ ਕੁਝ ਅਜਿਹਾ ਕਿਹਾ ਸੀ ਕਿ ਆਪਣੀਆਂ ਅਕਾਂਖਿਆਵਾਂ ਪੂਰੀਆਂ ਕਰਨ ਲਈ। ਲੇਖਕ ਕੋਲ ਇਹ ਹੱਕ ਹੈ ਕਿ ਜੋ ਉਸ ਨੂੰ ਅਸਲੀ ਜ਼ਿੰਦਗੀ ਵਿੱਚ ਨਹੀਂ ਮਿਲਦਾ ਉਹ ਆਪਣੀਆਂ ਲਿਖਤਾਂ ਰਾਹੀਂ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਰਚਨਹਾਰ ਹੈ, ਜੋ ਚਾਹੇ ਰਚ ਲੈਂਦਾ ਹੈ। ਆਪਣੀਆਂ ਮਰਜ਼ੀਆਂ ਕਰਨਾ ਉਸ ਦੇ ਵੱਸ ਵਿੱਚ ਹੈ। ਪਰ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿ ਲੇਖਕ ਆਪਣੀਆਂ ਲਿਖਤਾਂ ਰਾਹੀਂ ਆਪਣੀਆਂ ਅਖਾਂਕਿਆਵਾਂ ਪੂਰੀਆਂ ਕਰਦਾ ਹੈ। ਤਲਵਿੰਦਰ ਸਿੰਘ ਨਾਲ ਜਿੰਦਰ ਦਾ ਬਹੁਤ ਪਿਆਰ ਸੀ। ਉਸ ਦੀ ਮੌਤ ਤੋਂ ਬਾਅਦ ਮੈਂ ਦੇਖਿਆ ਕਿ ਜਿੰਦਰ ਅੰਮ੍ਰਿਤਸਰ ਜਾਣ ਤੋਂ ਵੀ ਕੰਨੀ ਕਤਰਾਇਆ ਕਰਦਾ ਸੀ। ਇਹੋ ਗੱਲ ਮੈਂ ਜਗਰੂਪ ਦਾਤੇਵਾਸ ਦੀ ਮੌਤ ਤੋਂ ਬਾਅਦ ਵੀ ਦੇਖੀ ਸੀ ਕਿ ਕਈ ਸਾਲ ਜਿੰਦਰ ਪਟਿਆਲੇ ਨਹੀਂ ਗਿਆ। ਹਾਲੇ ਵੀ ਉਸ ਪਾਸੇ ਵੱਲ ਜਾਣ ਤੋਂ ਝਿਜਕਦਾ ਹੈ। ਅਜਿਹਾ ਹੀ ਇਕ ਹੋਰ ਦੋਸਤ ਸੀ ਉਸ ਦਾ, ਮਨਜੀਤ ਕਾਦਰ। ਉਸ ਬਾਰੇ ਗੱਲ ਕਰਦਾ-ਕਰਦਾ ਉਹ ਭਾਵੁਕ ਹੋ ਜਾਇਆ ਕਰਦਾ ਹੈ।æææ

ਇਕ ਦਿਨ ਜਿੰਦਰ ਦਾ ਫੋਨ ਆਉਂਦਾ ਹੈ,

=ਸੰਜੇ ਦੱਤ ਦੀਆਂ ਤਿੰਨ ਸੌ ਅੱਠ ਗਰਲ ਫਰੈੰਡਾਂ ਸੀ, ਤੇਰੀਆਂ ਕਿੰਨੀਆਂ?

=ਮੇਰੀ ਕੋਈ ਵੀ ਨਹੀਂ।

=ਮੈਂ ਇਹ ਜਵਾਬ ਸੁਣਨ ਲਈ ਸਵਾਲ ਨਹੀਂ ਕੀਤਾ।

ਮੈਨੂੰ ਗੱਲ ਬੇਹੂਦਾ ਜਿਹੀ ਲੱਗਦੀ ਹੈ। ਸੰਜੇ ਦੱਤ ਦਾ ਡਾਇਲੌਗ ਤਾਂ ਫਿਲਮੀ ਹੈ। ਜਿੰਦਗੀ ਦਾ ਸੱਚ ਇਵੇਂ ਥੋੜੀਂ ਹੁੰਦਾ ਹੈ। ਉਹ ਮੇਰੇ ਤੋਂ ਜ਼ਬਰਦਸਤੀ ਜਵਾਬ ਮੰਗਣ ਲੱਗਦਾ ਹੈ। ਮੈਨੂੰ ਪਤਾ ਹੈ ਕਿ ਉਹ ਕਾਮ ਸਬੰਧੀ ਗੱਲਾਂ ਸੁਣ ਕੇ ਬਹੁਤ ਖੁਸ਼ ਹੋਵੇਗਾ। ਕਈ ਵਾਰ ਮੈਂ ਕੋਈ ਘਟਨਾ ਘੜ ਕੇ ਸੁਣਾ ਦਿੰਦਾ ਹਾਂ। ਉਹ ਅਨਘਟੀ ਘਟਨਾ ਨੂੰ ਦੇਖਣ/ਮਾਣਨ ਲਗਦਾ ਹੈ। ਹੁਣ ਵੀ ਉਸ ਦੇ ਸਵਾਲ 'ਤੇ ਮੈਂ ਨਕਲੀ ਜਿਹੇ ਨਾਂ ਗਿਣਨ ਲਗਦਾ ਹਾਂ। ਮੇਰੀ ਗੱਲ ਸੁਣਦਾ ਉਹ ਖੁਸ਼ ਹੋ ਰਿਹਾ ਹੈ ਜਿਵੇਂ ਇਹ ਮੇਰੀਆਂ ਗਰਲ-ਫਰੈੰਡਾਂ ਨਾ ਹੋਣ ਉਸ ਦੀਆਂ ਹੀ ਹੋਣ। ਜਿੰਦਰ ਦੀ ਇਸ ਖੁਸ਼ੀ ਲਈ ਮੈਂ ਸਹਿਜੇ ਹੀ ਝੂਠ ਬੋਲ ਜਾਇਆ ਕਰਦਾ ਹਾਂ। ਜਿੰਦਰ ਦਾ ਯਕੀਨ ਹੈ ਕਿ ਕਾਮ ਦਾ ਵੇਗ ਇਨਸਾਨ ਦੀ ਡਰਾਈਵਿੰਗ-ਫੋਰਸ ਹੈ। ਕਾਮ ਹੀ ਬੰਦੇ ਨੂੰ ਨਠਾਈ ਫਿਰਦਾ ਹੈ। ਕਾਮ ਬਾਰੇ ਉਸ ਦੀ ਕਲਪਨਾ ਕਿਡੀ ਵੀ ਉੱਚੀ ਹੋਵੇ ਪਰ ਉਹ ਸਮਾਜਕ ਵਲਗਣਾ ਨਹੀਂ ਟੱਪਦੀ। ਉਹਦਾ ਵੇਗ ਕਾਬੂ ਵਿੱਚ ਹੈ। ਮਨ ਵਿੱਚ ਬਹੁਤ ਸਾਰੀਆਂ ਅਪੂਰਤ ਖਾਹਸ਼ਾਂ ਜ਼ਰੂਰ ਹਨ ਪਰ ਉਹ ਮੌਰੇਲਟੀ ਦੀਆਂ ਹੱਦਾਂ ਦੀ ਇੱਜ਼ਤ ਕਰਨ ਵਾਲਾ ਹੈ। ਮੇਰੇ ਵਰਗਿਆਂ ਦੀਆਂ ਗੱਪਾਂ ਨਾਲ ਹੀ ਘਰ ਪੂਰਾ ਕਰ ਲਿਆ ਕਰਦਾ ਹੈ।æææ

    ਜਿੰਦਰ ਨੇ ਮੇਰਾ ਇਕ ਨੁਕਸਾਨ ਇਹ ਕੀਤਾ ਹੈ ਕਿ ਮੈਨੂੰ ਕਹਾਣੀ ਲਿਖਣੋ ਹਟਾ ਦਿੱਤਾ। ਮੈਂ ਚੰਗੀ ਭਲੀ ਕਹਾਣੀ ਲਿਖਿਆ ਕਰਦਾ ਸਾਂ। ਜਦ ਨਾਵਲ ਵਲੋਂ ਵਿਹਲਾ ਹੋਵਾਂ ਤਾਂ ਕਹਾਣੀ ਲਿਖਣ ਲਈ ਵਕਤ ਮਿਲ ਜਾਂਦਾ ਸੀ। ਬਹੁਤੇ ਨਾਵਲਕਾਰ ਇਵੇਂ ਹੀ ਕਰਦੇ ਹਨ, ਜਦ ਕੁਝ ਹੋਰ ਕਰਨ ਲਈ ਨਹੀਂ ਹੁੰਦਾ ਤਾਂ ਕਹਾਣੀਆਂ ਜਾਂ ਹੋਰ ਲੇਖ ਲਿਖ ਲਿਆ ਕਰਦੇ ਹਨ। ਮੈਂ ਇਕ ਕਹਾਣੀ ਲਿਖ ਕੇ ਜਿੰਦਰ ਨੂੰ ਭੇਜੀ।

    =ਇਹ ਕੀ ਬਕਵਾਸ ਜਿਹੀ ਕਹਾਣੀ ਲਿਖੀ ਜਾਨਾਂ। ਕਹਾਣੀ ਲਿਖਣੀ ਹੁਣ ਤੇਰੇ ਵੱਸ ਦਾ ਕੰਮ ਨਹੀਂ। ਤੂੰ ਨਾਵਲ ਹੀ ਲਿਖ, ਨਾਵਲ ਤੂੰ ਵਧੀਆ ਲਿਖ ਲੈਨਾਂ।

    ਤੇ ਮੈਂ ਮੁੜ ਕੇ ਕੋਈ ਕਹਾਣੀ ਨਾ ਲਿਖੀ। ਕੁਝ ਵਧੀਆ ਜਿਹੀਆਂ ਗੱਲਾਂ ਸੁੱਝੀਆਂ ਵੀ ਪਰ ਜਿੰਦਰ ਦੀ ਸਲਾਹ ਮੰਨ ਕੇ ਇਹਨਾਂ ਨੂੰ ਅਜਾਈਂ ਜਾ ਲੈਣ ਦਿੱਤਾ। ਇਕ ਵਾਰ ਕਹਿਣ ਲੱਗਾ,

    =ਮੈਂ ਯਾਰ ਹੁਣ ਟਾਈਮ ਕੱਢ ਕੇ ਤੇਰੇ ਨਾਵਲ ਪੜ੍ਹਨੇ ਸ਼ੁਰੂ ਕਰਨੇ ਆਂ।

    =ਜਾਣੀ ਕਿ ਹਾਲੇ ਤਕ ਤੂੰ ਮੇਰਾ ਕੋਈ ਨਾਵਲ ਹੀ ਨਹੀਂ ਪੜ੍ਹਿਆ?

    =ਟਾਈਮ ਹੀ ਨਹੀਂ ਮਿਲਿਆ।

    =ਤੂੰ ਕਿੱਦਾਂ ਕਹਿ ਦਿੱਤਾ ਸੀ ਕਿ ਤੂੰ ਨਾਵਲ ਹੀ ਲਿਖੀ ਚੱਲ, ਨਾਵਲ ਤੂੰ ਵਧੀਆ ਲਿਖਦਾਂ।

    =ਤੇਰੇ ਸਾਰੇ ਆਲੋਚਕ ਕਹਿੰਦੇ ਆ।

    =ਚੰਗਾ ਬੰਦਾਂ ਬਈ ਤੂੰ! ਬਿਨਾਂ ਪੜ੍ਹੇ ਹੀ ਫੈਸਲੇ ਦੇਈ ਜਾਨਾਂ!

    ਜਵਾਬ ਵਿੱਚ ਉਹ ਖਚਰਾ ਜਿਹਾ ਹਾਸਾ ਹੱਸਿਆ। ਵੈਸੇ ਉਹ ਮੇਰੀ ਲਿਖਣ-ਪ੍ਰਕਿਰਿਆ ਦੇ ਬਹੁਤੇ ਨੇੜੇ ਨੇੜੇ ਰਹਿੰਦਾ ਹੈ। ਜਦ ਮੈਂ ਕੋਈ ਨਾਵਲ ਲਿਖਣਾ ਸ਼ੁਰੂ ਕਰਾਂ ਤਾਂ ਸਬਜੈਕਟ ਉਸ ਨਾਲ ਸਾਂਝਾ ਕਰਦਾ ਹਾਂ। ਉਸ ਨੂੰ ਪਸੰਦ ਆਵੇ ਤਾਂ ਇਕ ਦਮ ਕਹੇਗਾ,

    =ਚੁੱਕ ਦੇ ਕੰਮ ਨੂੰ।

    ਮੈਂ ਜਿਵੇਂ-ਜਿਵੇਂ ਲਿਖਦਾ ਜਾਵਾਂਗਾ ਉਹ ਮੇਰਾ ਹੌਸਲਾ ਵਧਾਉਂਦਾ ਜਾਵੇਗਾ। ਚੌਥਾ ਕੁ ਹਿੱਸਾ ਲਿਖ ਹੋ ਜਾਵੇਗਾ ਤਾਂ ਕਹੇਗਾ ਕਿ ਬਸ ਲਿਖ ਹੋ ਗਿਆ। ਨਾਵਲ ਪੂਰਾ ਕਰਕੇ ਉਸ ਦੇ ਮੈਸੰਜਰ 'ਤੇ ਸੁਨੇਹਾ ਛੱਡਾਂਗਾ ਕਿ ਨਾਵਲ ਪੂਰਾ ਹੋ ਗਿਆ। ਉਹ ਵਧਾਈਆਂ ਦੇਵੇਗਾ ਤੇ ਆਖੇਗਾ,

    =ਇਹਨੂੰ ਛੇ ਕੁ ਮਹੀਨੇ ਪਿਆ ਰਹਿਣ ਦੇ। ਫਿਰ ਪੜ੍ਹੀਂ। ਆਪਾਂ ਇਹਨੂੰ ਹਾਲੇ ਛਪਵਾਉਣਾ ਨਹੀਂ। ਤੇਰੇ ਬਾਰੇ ਸਾਰੇ ਕਹਿੰਦੇ ਕਿ ਬਹੁਤ ਲਿਖੀ ਜਾਂਦਾ।

    ਉਹ ਅਕਸਰ ਮੈਨੂੰ ਸਲਾਹ ਦਿੰਦਾ ਰਹਿੰਦਾ ਹੈ ਕਿ ਜੋ ਵੀ ਜ਼ਿਹਨ ਵਿੱਚ ਆਉਂਦਾ ਹੈ ਲਿਖੀ ਜਾਇਆ ਕਰ, ਪਤਾ ਨਹੀਂ ਲਿਖਤ ਵਿੱਚ ਕਦ ਖੜੋਤ ਆ ਜਾਵੇ। ਲੇਖਕ ਦੀ ਲੇਖਣੀ ਵਿੱਚ ਕਦੇ-ਕਦੇ ਖੜੋਤ ਦਾ ਆਉਣਾ ਕੁਦਰਤੀ ਹੈ।

    ਜਿੰਦਰ ਨੂੰ ਭਾਵੇਂ ਹਾਲੇ ਵੀ ਮੈਂ ਚੰਗੀ ਤਰਾਂ੍ਹ ਨਹੀਂ ਜਾਣ ਸਕਿਆ ਪਰ ਇਕ ਗੱਲ ਜਾਣ ਗਿਆ ਹਾਂ ਕਿ ਉਹ ਬਹੁਤ ਹੀ ਟੇਡ੍ਹਾ ਬੰਦਾ ਹੈ। ਜੇ ਉਸ ਨੂੰ ਦੋਸਤੀ ਨਿਭਾਉਣੀ ਆਉਂਦੀ ਹੈ ਤੇ ਦੁਸ਼ਮਣੀ ਵਿੱਚ ਵੀ ਪੂਰੀ ਭਾਜੀ ਮੋੜਦਾ ਹੈ। ਕਈ ਦੁਸ਼ਮਣੀਆਂ ਤਾਂ ਉਹ ਆਪ ਵੀ ਸ਼ੁਰੂ ਕਰ ਲੈਂਦਾ ਹੈ। ਇਹੋ ਕਾਰਣ ਹੈ ਕਿ ਕੁਝ ਦੋਸਤਾਂ ਨੂੰ ਛੱਡ ਕੇ ਜਲੰਧਰ ਉਸ ਦੇ ਦੁਸ਼ਮਣਾਂ ਨਾਲ ਭਰਿਆ ਪਿਆ ਹੈ। ਦੁਸ਼ਮਣ ਉਸ ਦੇ ਖਿਲਾਫ ਚਾਲਾਂ ਚੱਲਦੇ ਹਨ ਤੇ ਘੱਟ ਉਹ ਵੀ ਨਹੀਂ ਕਰਦਾ, ਬੁਰੇ ਦੇ ਘਰ ਤਕ ਪਿੱਛਾ ਕਰਨ ਵਾਲਾ ਬੰਦਾ ਹੈ। ਬਹੁਤ ਅੜੀਅਲ ਸੁਭਾਅ ਦਾ ਮਾਲਕ ਹੈ। ਜਿਸ ਬੰਦੇ ਤੋਂ ਇਕ ਵਾਰ ਮੁੱਖ ਮੋੜ ਲਵੇ, ਉਸ ਪਾਸੇ ਵਲ ਮੁੜ ਮੂੰਹ ਨਹੀਂ ਕਰਦਾ। ਵੈਸੇ ਮੈਂ ਕਦੇ ਉਸ ਨੂੰ ਕਦੇ ਕਿਸੇ ਦਾ ਬੁਰਾ ਕਰਦਾ ਨਹੀਂ ਦੇਖਿਆ। ਪਹਿਲੀਆਂ ਵਿੱਚ ਮੈਨੂੰ ਬਹੁਤ ਕਿਹਾ ਗਿਆ ਕਿ ਤੂੰ ਕਿਸ ਨਾਲ ਦੋਸਤੀ ਪਾ ਬੈਠਾ ਹੈਂ, ਉਹਦੇ ਨਾਲ ਕੌਣ ਖੜਾ ਹੈ, ਸਾਹਿਤ ਵਿੱਚ ਉਹਦਾ ਨਾਂ-ਥਾਂ ਹੀ ਕੀ ਹੈ। ਇਹ ਸ਼ੁਰੂ ਦੀਆਂ ਗੱਲਾਂ ਹਨ। ਹੁਣ ਜਿੰਦਰ ਵੱਡਾ ਕਹਾਣੀਕਾਰ ਹੈ, ਨਿਪੁੰਨ ਸੰਪਾਦਕ ਹੈ। ਸਾਹਿਤ ਦੀ ਸਿਆਸਤ ਵਿੱਚ ਭਾਵੇਂ ਥੰਮ ਨਾ ਹੋਵੇ ਪਰ ਉਸ ਨੂੰ ਗਿਣਿਆਂ ਜ਼ਰੂਰ ਜਾਂਦਾ ਹੈ। ਉਹ ਵੀ ਕਿਤੇ ਨਾ ਕਿਤੇ ਕੁੰਡੀ ਸੁੱਟੀ ਰੱਖਦਾ ਹੈ, ਕਾਮਯਾਬੀ ਮਿਲੇ ਜਾਂ ਨਾ। ਸੰਨ ਸੋਲਾਂ ਦੇ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮਿਲਣ ਵਾਲਾ ਸੀ। ਜਿੰਦਰ ਦੀ ਕਿਤਾਬ ਉਪਰਲੀਆਂ ਤਿੰਨ ਕਿਤਾਬਾਂ ਵਿੱਚ ਸੀ। ਜਿਊਰੀ ਵਿੱਚ ਸਨ, ਦਰਸ਼ਨ ਬੁੱਟਰ, ਗੁਰਬਚਨ ਭੁੱਲਰ ਤੇ ਪ੍ਰੇਮ ਪ੍ਰਕਾਸ਼। ਜਾਣੀ ਕਿ ਜਿੰਦਰ ਦਾ ਆਪਣਾ ਪ੍ਰੇਮ ਪ੍ਰਕਾਸ਼। ਮੈਨੂੰ ਆਸ ਸੀ ਕਿ ਪ੍ਰੇਮ ਪ੍ਰਕਾਸ਼ ਜਿੰਦਰ ਨਾਲ ਆਪਣਾ ਏਨੇ ਸਾਲਾਂ ਦਾ ਰਿਸ਼ਤਾ ਜ਼ਰੂਰ ਨਿਭਾਵੇਗਾ। ਪਰ ਇਨਾਮ ਸਵਰਾਜਬੀਰ ਨੂੰ ਮਿਲ ਗਿਆ। ਪ੍ਰੇਮ ਪ੍ਰਕਾਸ਼ ਨੇ ਵੋਟ ਮੋਹਨਜੀਤ ਨੂੰ ਪਾਈ ਸੀ। ਮੈਂ ਜਿੰਦਰ ਨੂੰ ਛੇੜਿਆ,

    =ਆਹ ਬੁੜਾ ਤਾਂ ਤੇਰੇ ਖਿਲਾਫ ਭੁਗਤ ਗਿਆ!

    =ਉਹ ਪ੍ਰੇਮ ਪ੍ਰਕਾਸ਼ ਐ, ਕੋਈ ਰਘਬੀਰ ਸਿੰਘ ਨਹੀਂ ਕਿ ਆਪਣੇ ਚੇਲਿਆਂ ਨੂੰ ਹੀ ਨਿਵਾਜ਼ੀ ਜਾਵੇ!æææ  

    ਕੁਝ ਲੋਕ ਆਖਦੇ ਹਨ ਕਿ ਜਿੰਦਰ ਨੂੰ ਮੇਰੇ ਨਾਲ ਦੋਸਤੀ ਵਿੱਚ ਬਹੁਤ ਫਾਇਦੇ ਮਿਲੇ ਹਨ ਪਰ ਮੈਂ ਕਹਿੰਦਾ ਹਾਂ ਕਿ ਮੈਨੂੰ ਜਿੰਦਰ ਨਾਲ ਦੋਸਤੀ ਪਾ ਕੇ ਬਹੁਤ ਕੁਝ ਮਿਲਿਆ ਹੈ। ਦੋਸਤੀਆਂ ਹੁੰਦੀਆਂ ਹੀ ਹਨ ਇਕ ਦੂਜੇ ਦੇ ਕੰਮ ਆਉਣ ਲਈ। ਕੁਝ ਗੱਲਾਂ ਅਜਿਹੀਆਂ ਹੋਈਆਂ ਕਿ ਸਾਡੀਆਂ ਪਰਿਵਾਰਿਕ ਟਾਈਆਂ ਵੀ ਬਹੁਤ ਮਜ਼ਬੂਤ ਹੋ ਗਈਆਂ ਹਨ। ਮੇਰੀ ਵੱਡੀ ਬੇਟੀ ਦਾ ਵਿਆਹ ਸੀ। ਮੇਰੀ ਪਤਨੀ ਤਾਂ ਬਿਮਾਰੀ ਕਾਰਨ ਹਸਪਤਾਲ ਵਿੱਚ ਸੀ। ਉਸ ਨੂੰ ਤਾਂ ਵਿਆਹ ਵਾਲੇ ਦਿਨ ਹਸਪਤਾਲੋਂ ਲਿਆਂਦਾ ਸੀ ਤੇ ਵਿਆਹ ਤੋਂ ਬਾਅਦ ਐਂਬੂਲੈਂਸ ਆ ਕੇ ਲੈ ਗਈ ਸੀ। ਜਿੰਦਰ ਤੇ ਪੁਸ਼ਪਾ ਭੈਣ ਜੀ ਵਿਆਹ ਆਏ ਹੋਏ ਸਨ। ਪੁਸ਼ਪਾ ਭੈਣ ਜੀ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ। ਪੁਸ਼ਪਾ ਭੈਣ ਜੀ ਕਿਥੇ ਮੀਟ ਸ਼ਰਾਬ ਘਰ ਵਿੱਚ ਨਹੀਂ ਵੜਨ ਦਿੰਦੇ ਤੇ ਸਾਡੇ ਘਰ ਤਾਂ ਸਾਰੇ ਭਾਂਡੇ ਹੀ ਇਹਨਾਂ ਦੋਨਾਂ ਚੀਜ਼ਾਂ ਨਾਲ ਲਿਬੜੇ ਪਏ ਸਨ। ਜਿਵੇਂ-ਕਿਵੇਂ ਕਰਕੇ ਭੈਣ ਜੀ ਨੇ ਘਰ ਦੇ ਸਾਰੇ ਕੰਮ ਨਿਪਟਾਏ। ਸੋ ਹੁਣ ਸਾਡੀ ਦੋਸਤੀ ਸਾਡੇ ਦੋਵਾਂ ਵਿਚਕਾਰ ਨਹੀਂ ਸਗੋਂ ਦੋਵਾਂ ਪਰਿਵਾਰਾਂ ਦੇ ਵਿਚਕਾਰ ਵੀ ਹੈ।

   ਮੈਂ ਇਕ ਨਿੱਕੀ ਜਿਹੀ ਘਟਨਾ ਸਾਂਝੀ ਕਰਨੀ ਚਾਹਾਂਗਾ। ਮੇਰੇ ਕੰਮ 'ਤੇ ਰੈਸਟ-ਰੂਮ ਵਿੱਚ ਕਈ ਅਖਬਾਰਾਂ/ਰਸਾਲੇ ਪਏ ਰਹਿੰਦੇ ਹਨ। ਵੱਖ-ਵੱਖ ਦੇਸ਼ਾਂ ਤੇ ਬੋਲੀਆਂ ਦੇ ਲੋਕ ਕੰਮ ਕਰਦੇ ਹਨ। ਜਦੋਂ ਵੀ ਕੋਈ ਕਿਸੇ ਅਖਬਾਰ ਜਾਂ ਮੈਗਜ਼ੀਨ ਨੂੰ ਪੜ੍ਹ ਲੈਂਦਾ ਹੈ ਤਾਂ ਰੈਸਟ-ਰੂਮ ਵਿੱਚ ਰੱਖ ਦਿੰਦਾ ਹੈ। ਮੈਂ ਵੀ ਪੰਜਾਬੀ ਦੇ ਬਹੁਤ ਸਾਰੇ ਪਰਚੇ ਰੱਖਦਾ ਹਾਂ। ਇਵੇਂ ਹੀ ਇਕ ਦਿਨ ਮੈਂ ਗੁਜਰਾਤੀ ਦਾ ਪਰਚਾ 'ਗੁਜਰਾਤੀ ਗੜਵਾਲ' ਫੋਰਲਣ ਲੱਗ ਪਿਆ। ਕੀ ਦੇਖਦਾ ਹਾਂ ਕਿ ਜਿੰਦਰ ਦੀ ਤਸਵੀਰ ਲੱਗੀ ਹੋਈ ਹੈ। ਨਾਲ ਹੀ ਕਹਾਣੀ 'ਸੌਰੀ' ਛਪੀ ਹੋਈ ਹੈ। ਕਿਉਂਕਿ ਗੁਜਰਾਤੀ ਦੀ ਲਿਪੀ ਦੇਵਨਾਗਰੀ ਦੇ ਬਹੁਤ ਨਜ਼ਦੀਕ ਹੈ, ਮੈਂ ਅੰਦਾਜ਼ਾ ਲਾ ਸਕਦਾ ਸਾਂ ਕਿ ਕੀ ਲਿਖਿਆ ਹੈ। ਕਹਾਣੀ ਦੇ ਉਪਰ ਲਿਖਿਆ ਸੀ, ਬੰਗਲਾ ਕਹਾਣੀ। ਮੈਂ ਉਸੇ ਵੇਲੇ ਪਰਚੇ ਦੇ ਸੰਪਾਦਕ ਨੂੰ ਫੋਨ ਕੀਤਾ ਕਿ ਇਹ ਤਾਂ ਪੰਜਾਬੀ ਦੀ ਕਹਾਣੀ ਹੈ, ਤੁਸੀਂ ਬੰਗਾਲੀ ਦੀ ਕਿਵੇਂ ਲਿਖ ਦਿੱਤੀ। ਉਸ ਦਾ ਜਵਾਬ ਸੀ ਕਿ ਅਸੀਂ ਤਾਂ ਇਹ ਬੰਗਾਲੀ ਦੇ ਇਕ ਪਰਚੇ ਵਿੱਚੋਂ ਲਈ ਹੈ। ਇਹ ਗੱਲ ਜਿੰਦਰ ਦੀ ਕਹਾਣੀ-ਕਲਾ ਦੀ ਗਵਾਹੀ ਭਰਦੀ ਹੈ। ਜਿੰਦਰ ਦੇ ਪਾਠਕ ਪੰਜਾਬੀ ਵਿੱਚ ਹੀ ਨਹੀਂ ਹਨ ਬਲਕਿ ਦੂਜੀਆਂ ਭਾਸ਼ਾਵਾਂ ਵਿੱਚ ਵੀ ਹਨ। ਉਸ ਦੀ ਕਹਾਣੀ ਕਦੋਂ ਕੌਣ ਦੂਜੀ ਭਾਸ਼ਾ ਵਿੱਚ ਤਰਜਮਾ ਲੈਂਦਾ ਹੈ ਕੁਝ ਪਤਾ ਹੀ ਨਹੀਂ ਚਲਦਾ। ਕਈ ਕਹਾਣੀਆਂ ਉਸ ਦੇ ਪਾਠਕ ਆਪੇ ਹੀ ਉਲਥਾ ਲੈਂਦੇ ਹਨ। ਉਸ ਦੀ ਕਹਾਣੀ 'ਦੋ ਮਿੰਟ ਹੋਰ ਰੁਕ ਜਾ' ਹਿੰਦੀ ਵਿੱਚ ਇੱਕੀ ਵਾਰ ਉਲਥਾਈ ਜਾ ਚੁੱਕੀ ਹੈ। ਇਵੇਂ ਹੀ ਉਸ ਦੀਆਂ ਬਹੁਤੀਆਂ ਕਹਾਣੀਆਂ ਹਿੰਦੀ ਵਿੱਚ ਦੋ-ਦੋ ਵਾਰ ਜਾਂ ਚਾਰ-ਚਾਰ ਵਾਰ ਟਰਾਂਸਲੇਟ ਹੋ ਚੁੱਕੀਆਂ ਹਨ। ਉਸ ਦੇ ਪਾਠਕ ਇੰਡੀਆ ਜਾਂ ਹੋਰ ਵਿਦੇਸ਼ਾਂ ਵਿੱਚ ਜਿਥੇ ਵੀ ਪੰਜਾਬੀ ਪੜ੍ਹਨ ਵਾਲੇ ਵਸਦੇ ਹਨ ਹੀ ਨਹੀਂ ਹਨ, ਜਿੰਦਰ ਨੂੰ ਪਾਕਿਸਤਾਨ ਵਿੱਚ ਵੀ ਪੜ੍ਹਿਆ ਜਾਂਦਾ ਹੈ। ਉਸ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਸ਼ਾਹਮੁੱਖੀ ਵਿੱਚ ਤਾਂ ਮਿਲਦੀਆਂ ਹੀ ਹਨ, ਸਿੰਧੀ ਵਿੱਚ ਵੀ ਉਸ ਦੀਆਂ ਕਹਾਣੀਆਂ ਉਪਲੱਬਧ ਹਨ। ਇਸ ਦਾ ਮਤਲਬ ਕਿ ਜਿਥੇ ਜਿੰਦਰ ਟ੍ਹੇਡਾ ਬੰਦਾ ਹੈ ਉਥੇ ਉਹ ਵੱਡਾ ਲੇਖਕ ਵੀ ਹੈ।

Comments


bottom of page