top of page
  • Writer's pictureਸ਼ਬਦ

ਲੰਡਨ ਦਾ ਅਜੂਬਾ- ਚਿਜ਼ਲਹ੍ਰਸਟ ਕੇਵਜ਼ /

ਹਰਜੀਤ ਅਟਵਾਲ /

ਯੂਕੇ ਵਿੱਚ ਤੁਸੀਂ ਕਿਤੇ ਵੀ ਖੜੇ ਹੋਵੋਂ, ਪਤਾ ਨਹੀਂ ਤੁਹਾਡੇ ਪੈਰਾਂ ਹੇਠ ਕਿਹੜੀ ਦੁਨੀਆ ਵਸਦੀ ਹੋਵੇ। ਕਿਹਾ ਜਾਂਦਾ ਹੈ ਕਿ ਯੂਕੇ ਵਿੱਚ ਜ਼ਮੀਨਦੋਜ਼ ਵੀ ਇਕ ਦੁਨੀਆ ਵਸਦੀ ਹੈ। ਲੰਡਨ ਤਾਂ ਸਾਰੇ ਦਾ ਸਾਰਾ ਹੈ ਹੀ ਖੋਖਲਾ। ਪਤਾ ਨਹੀਂ ਇਸ ਦੇ ਹੇਠਾਂ ਕੀ ਕੁਝ ਦੌੜ/ਵਸ ਰਿਹਾ ਹੈ। ਪਹਿਲਾਂ ਜ਼ਮੀਨਦੋਜ਼ ਗੱਡੀਆਂ ਹੀ ਸਨ, ਹੁਣ ਤਾਂ ਹੋਰ ਵੀ ਬਹੁਤ ਕੁਝ ਜ਼ਮੀਨ ਹੇਠਾਂ ਚਲੇ ਗਿਆ ਹੈ। ਵੈਸੇ ਤਾਂ ਦੁਨੀਆ ਦੇ ਬਹੁਤੇ ਮਹਾਂਨਗਰਾਂ ਵਿੱਚ ਰੈਸਟੋਰੈਂਟ, ਕਲੱਬਾਂ, ਦਫਤਰ, ਕਾਰ-ਪਾਰਕ, ਸ਼ੌਪਿੰਗ-ਸੈਂਟਰ ਤੱਕ ਧਰਤੀ-ਹੇਠ ਬਣੇ ਹੋਏ ਹਨ। ਇਸ ਲਈ ਪਤਾ ਨਹੀਂ ਤੁਹਾਡੇ ਪੈਰਾਂ ਹੇਠ ਕੀ ਹੈ। ਸ਼ਾਇਦ ਜਿਥੇ ਤੁਸੀਂ ਤੁਰ ਰਹੇ ਹੋਵੋਂ ਉਥੇ ਤੁਹਾਡੇ ਪੈਰਾਂ ਹੇਠ ਵੀ ਕੁਝ ਚੱਲ-ਫਿਰ ਰਿਹਾ ਹੋਵੇ। ਕੁਝ ਸਾਲ ਪਹਿਲਾਂ ਮੈਂ ਬੈਲਫਾਸਟ, ਉਤਰੀ ਆਇਰਲੈਂਡ ਦੀ ਰਾਜਧਾਨੀ, ਦੇ ਕੇਂਦਰ ਵਿੱਚ ਕੁਝ ਦੋਸਤਾਂ ਨਾਲ ਘੁੰਮ ਰਿਹਾ ਸਾਂ। ਇਕ ਆਇਰਸ਼ ਦੋਸਤ ਕਹਿਣ ਲਗਾ ਕਿ ਜਿਥੇ ਅਸੀਂ ਖੜੇ ਹਾਂ ਇਸਦੇ ਪੌਣਾ ਮੀਟਰ ਹੇਠਾਂ ‘ਦਾ ਫਾਰਿਸਟ’ (The Farest) ਨਾਮੀਂ ਇਕ ਦਰਿਆ ਭਰ ਵਗਦਾ ਹੈ, ਜਿਸ ਦਾ ਆਇਰਸ਼ ਬੋਲੀ ਵਿੱਚ ਨਾਂ ‘ਬੀਲ ਫਰਸਟੇ’ (Beal Feirste) ਹੈ। ਉਸੇ ਦਰਿਆ ਦੇ ਨਾਂ ‘ਤੇ ਹੀ ਕਦੇ ਇਸ ਸ਼ਹਿਰ ਦਾ ਨਾਂ ‘ਬੈਲਫਾਸਟ’ ਪਿਆ ਸੀ। ਦੇਖਣ ਨੂੰ ਉਪਰੋਂ ਕਿਸੇ ਨੂੰ ਨਹੀਂ ਪਤਾ ਚਲਦਾ ਕਿ ਹੇਠਾਂ ਕੀ ਹੈ ਪਰ ਸਦੀਆਂ ਤੋਂ ਇਥੇ ਇਹ ਦਰਿਆ ਵਗਦਾ ਆ ਰਿਹਾ ਹੈ। ਅਜਿਹਾ ਹੀ ਮੇਰਾ ਕੁਝ ਤਜਰਬਾ ਕੈਂਟ ਕਾਉਂਟੀ ਦੇ ਸ਼ਹਿਰ ਚਿਜ਼ਲਹ੍ਰਸਟ ਵਿੱਚ ਹੋਇਆ। ਘੁੱਗ ਵਸਦਾ ਇਹ ਸ਼ਹਿਰ ਹੁਣ ਲੰਡਨ ਦਾ ਹੀ ਹਿੱਸਾ ਹੈ। ਬਰੌਮਲੀ ਬੌਰੋ ਹੇਠ ਪੈਂਦਾ ਹੈ। ਹੋਰਨਾਂ ਸ਼ਹਿਰਾਂ ਵਾਂਗ ਇਥੇ ਵੀ ਘਰ, ਦੁਕਾਨਾਂ, ਦਫਤਰ, ਪਾਰਕ ਆਦਿ ਹਨ। ਇਸ ਥਾਂ ਮੈਂ ਬਹੁਤ ਵਾਰ ਗਿਆ ਹਾਂ। ਇਸ ਇਲਾਕੇ ਵਿੱਚ ਮੇਰੀਆਂ ਰਿਸ਼ਤੇਦਾਰੀਆਂ ਵੀ ਹਨ ਤੇ ਸੁਰਿੰਦਰ ਸੀਹਰੇ ਵਰਗੇ ਦੋਸਤ ਵੀ ਹਨ। ਇਸ ਇਲਾਕੇ ਵਿੱਚ ਮੈਂ ਕਾਰ ਵਿੱਚ ਵੀ ਤੇ ਪੈਦਲ ਵੀ ਘੁੰਮਿਆਂ ਹਾਂ ਪਰ ਕਦੇ ਸੋਚਿਆ ਵੀ ਨਹੀਂ ਕਿ ਇਸ ਸ਼ਹਿਰ ਹੇਠਾਂ ਕੀ ਹੈ। ਮੈਂ ਕਿਤੇ ਪੜ੍ਹਿਆ ਸੀ ਕਿ ਤੁਰਿਦਆਂ ਜਦ ਤੁਹਾਡੇ ਪੈਰਾਂ ਦੀ ਧਮਕ ਵਿੱਚ ਫਰਕ ਪੈ ਜਾਵੇ ਤਾਂ ਸਮਝ ਲਵੋ ਕਿ ਪੈਰਾਂ ਹੇਠ ਕੁਝ ਹੈ। ਪਰ ਇਥੇ ਪੈਰਾਂ ਦੀ ਧਮਕ ਤੋਂ ਵੀ ਕੁਝ ਪਤਾ ਨਹੀਂ ਲੱਗਾ। ਬਹਰਹਾਲ, ਇਕ ਦਿਨ ਮੇਰਾ ਇਕ ਦੋਸਤ ਕਹਿਣ ਲੱਗਾ ਕਿ ਚੱਲ ‘ਚਿਜ਼ਲਹ੍ਰਸਟ ਕੇਵਜ਼’ ਦੇਖਣ ਚੱਲੀਏ ਤਾਂ ਮੈਨੂੰ ਪਤਾ ਲੱਗਾ ਕਿ ਇਸ ਹੇਠਾਂ ਗੁਫਾਵਾਂ ਵੀ ਹਨ। ਗੁਫਾਵਾਂ ਵੀ ਵੀਹ ਮੀਲ ਲੰਮੀਆਂ। ਦੋਸਤ ਬੱਚਿਆਂ ਨੂੰ ਲੈਕੇ ਜਾਣਾ ਚਾਹੁੰਦਾ ਸੀ ਕਿਉਂਕਿ ਇਹਨਾਂ ਗੁਫਾਵਾਂ ਦਾ ਇਤਿਹਾਸਕ ਮਹਤੱਵ ਵੀ ਹੈ। ਮੇਰੇ ਲਈ ਗੁਫਾਵਾਂ ਹੋਣਾ ਹੀ ਹੈਰਾਨਕੁੰਨ ਸੀ, ਇਸ ਦਾ ਇਤਿਹਾਸ ਨਾਲ ਵੀ ਕੋਈ ਵਾਹ ਹੈ ਇਹ ਹੋਰ ਵੀ ਅਚੰਭੇ ਵਾਲੀ ਗੱਲ ਸੀ। ਮੈਂ ਇਹਨਾਂ ਬਾਰੇ ਖੋਜ ਕਰਨ ਲੱਗਾ ਤਾਂ ਪਹਿਲੀ ਹੀ ਟਿੱਪਣੀ ਪੜ੍ਹਨ ਨੂੰ ਮਿਲੀ, ‘ਲੰਡਨ ਦਾ ਅਜੂਬਾ- ਚਿਜ਼ਲਹ੍ਰਸਟ ਕੇਵਜ਼।’ ਮੈਂ ਸੋਚ ਰਿਹਾ ਸਾਂ ਕਿ ਚਾਲੀ ਸਾਲ ਵਿੱਚ ਬਹੁਤ ਸਾਰਾ ਲੰਡਨ ਫਰੋਲ ਮਾਰਿਆ, ਇਹ ਅਜੂਬਾ ਕਿਵੇਂ ਬਚ ਗਿਆ।

ਅਸਲ ਵਿੱਚ ਇਹ ਕੁਦਰਤੀ ਗੁਫਾਵਾਂ ਨਹੀਂ ਹਨ, ਮੈਨ-ਮੇਡ, ਭਾਵ ਆਦਮੀ ਦੀਆਂ ਬਣਾਈਆਂ ਹੋਈਆਂ ਹਨ। ਇਸ ਲਈ ਮੈਂ ਇਹਨਾਂ ਨੂੰ ਟਨਲ ਕਹਾਂਗਾ ਜਿਵੇਂ ਕਿ ਅੱਜ ਸੈਂਕੜੇ ਟਨਲ ਬਣਦੇ ਹਨ। ਪਰ ਇਤਿਹਾਸ ਵਿੱਚ ਇਹਨਾਂ ਨੂੰ ਗੁਫਾਵਾਂ ਦੇ ਤੌਰ ‘ਤੇ ਹੀ ਚੇਤੇ ਕੀਤਾ ਜਾਂਦਾ ਰਿਹਾ ਹੈ। ਕਿਸੇ ਵੇਲੇ ਇਥੇ ਚਾਕ ਤੇ ਫਲਿੰਟ ਦੀਆਂ ਖਾਣਾਂ (Chalk and Flint Mines) ਸਨ। ਇਹ ਇਕ ਖਾਸ ਕਿਸਮ ਦੀ ਪਥਰ-ਨੁਮਾ ਮਹਿੰਗੀ ਧਾਂਤ ਹੁੰਦੀ ਹੈ। ਇਹਨਾਂ ਖਾਣਾਂ ਦਾ ਜ਼ਿਕਰ ਨੌਵੀਂ ਸਦੀ ਤੋਂ ਹੀ ਸੈਕਸਨਜ਼ ਦੇ ਚਾਰਟਰ ਵਿੱਚ ਮਿਲਦਾ ਹੈ। ਸੈਕਸਨਾਂ ਦਾ ਉਦੋਂ ਇੰਗਲੈਂਡ ‘ਤੇ ਰਾਜ ਸੀ। ਫਿਰ ਇਤਿਹਾਸ ਵਿੱਚ 1232 ਤੱਕ ਇਹਨਾਂ ਦੀ ਕੋਈ ਉਘ-ਸੁੱਘ ਨਹੀਂ ਮਿਲਦੀ। ਇਸੇ ਸੰਨ ਵਿੱਚ ਇਹਨਾਂ ਦੀ ਖੁਦਾਈ ਜਾਂ ਖਣਨਾਂ ਸ਼ੁਰੂ ਹੋਈ ਸੀ। ਖੁਦਾਈ ਛੇ ਸਦੀਆਂ, 1830 ਤੱਕ ਚਲਦੀ ਰਹੀ। ਖੁਦਾਈ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਾਂ ਇਹਨਾਂ ਦੀ ਵਰਤੋਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਪਹਿਲੇ ਮਹਾਂਯੁੱਧ ਵਿੱਚ ਇਥੇ ਗੋਲਾ-ਬਾਰੂਦ ਰੱਖਿਆ ਗਿਆ ਸੀ ਕਿਉਂਕਿ ਇਸ ਤੋਂ ਸੁਰੱਖਿਅਤ ਜਗਾਹ ਕੋਈ ਹੋਰ ਨਹੀਂ ਸੀ ਹੋ ਸਕਦੀ। 1930 ਵਿੱਚ ਇਹਨਾਂ ਗੁਫਾਵਾਂ ਨੂੰ ਖੁੰਭਾਂ ਦੀ ਖੇਤੀ ਲਈ ਵਰਤਿਆ ਜਾਣ ਲੱਗਾ ਕਿਉਂਕਿ ਹਨੇਰਾ ਦਾ ਖੁੰਭਾਂ ਨਾਲ ਕੋਈ ਖਾਸ ਵਾਹ ਹੁੰਦਾ ਹੈ। 1939 ਦੂਜਾ ਮਹਾਂਯੁੱਧ ਲੱਗ ਗਿਆ। ਸਤੰਬਰ 1940 ਵਿੱਚ ਹਿਟਲਰ ਨੇ ਲੰਡਨ ਤੇ ਬਾਕੀ ਦੇ ਯੂਕੇ ‘ਤੇ ਬੰਬ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਲੋਕ ਬਚਾਓ ਲਈ ਟਿਕਾਣੇ ਲੱਭਣ ਲੱਗੇ। ਕੇਂਦਰੀ ਲੰਡਨ ਵਿੱਚ ਤਾਂ ਅੰਡਰਗਰਾਊਂਡ ਰੇਲਵੇ ਦੇ ਪਲੇਟ-ਫਾਰਮ ਤੇ ਟਨਲ ਬਗੈਰਾ ਕਾਫੀ ਲਾਹੇਵੰਦ ਸਿੱਧ ਹੋ ਰਹੇ ਸਨ ਪਰ ਚਿਜ਼ਲਹ੍ਰਸਟ ਕੇਵਜ਼ ਵੀ ਇਕ ਬਹੁਤ ਵਧੀਆ ਵਿਕਲਪ ਸੀ। ਥੋੜੇ ਦਿਨਾਂ ਵਿੱਚ ਹੀ ਪੰਜ ਹਜ਼ਾਰ ਲੋਕਾਂ ਨੇ ਇਸ ਜਗਾਹ ਪਨਾਹ ਲੈ ਲਈ। ਇਸ ਪਨਾਹ ਦਾ ਜ਼ਿਕਰ ਮੂੰਹੋਂ-ਮੂੰਹ ਹੋਣ ਲੱਗਾ ਤਾਂ ਲੰਡਨ ਤੇ ਹੋਰਨਾਂ ਇਲਾਕਿਆਂ ਤੋਂ ਵੀ ਲੋਕ ਇਸ ਪਾਸੇ ਨੂੰ ਦੌੜ ਤੁਰੇ, ਖਾਸ ਕਰ ਕੇ ਈਸਟ ਲੰਡਨ ਤੋਂ। ਇਹ ਗੁਫਾਵਾਂ ਚਿਜ਼ਲਹ੍ਰਸਟ ਸਟੇਸ਼ਨ ਤੋਂ ਕੁਝ ਮਿੰਟ ਤੁਰਨ ਦੀ ਦੂਰੀ ‘ਤੇ ਹੀ ਹਨ ਇਸ ਕਰਕੇ ਇਥੇ ਆਉਣਾ ਕੋਈ ਮੁਸ਼ਕਲ ਨਹੀਂ ਸੀ। ਇਹ ਲੜਾਈ ਪੰਜ-ਛੇ ਸਾਲ ਚਲਦੀ ਰਹੀ, ਓਨਾ ਚਿਰ ਲੋਕ ਇਥੇ ਹੀ ਲੁਕੇ ਰਹੇ। ਇਥੇ ਬਿਜਲੀ ਫਿੱਟ ਕਰਕੇ ਗੁਫਾਵਾਂ ਨੂੰ ਰੌਸ਼ਨਾ ਦਿੱਤਾ ਗਿਆ। ਤਾਜ਼ੀ ਹਵਾ ਦੇ ਇੰਤਜ਼ਾਮ ਕਰ ਦਿੱਤੇ ਗਏ। ਸਰਕਾਰ ਸਮਝ ਗਈ ਸੀ ਕਿ ਲੜ੍ਹਾਈ ਲੰਮੀ ਚਲਣੀ ਸੀ। ਲੋਕ ਵੀ ਦਿਮਾਗੀ ਤੌਰ ‘ਤੇ ਇਸ ਲਈ ਤਿਆਰ ਹੋ ਗਏ। ਉਹਨਾਂ ਨੇ ਰੋਜ਼-ਮਰਾਹ ਦੇ ਜੀਵਨ ਦੀਆਂ ਵਸਤੂਆਂ ਇਕੱਠੀਆਂ ਕਰ ਲਈਆਂ। ਇਕ ਮੌਕਾ ਤਾਂ ਅਜਿਹਾ ਵੀ ਆਇਆ ਕਿ ਇਹਨਾਂ ਗੁਫਾਵਾਂ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਲੋਕ ਪਨਾਹ ਲੈ ਰਹੇ ਸਨ। ਏਨੇ ਲੋਕਾਂ ਨੂੰ ਕਾਬੂ ਕਰਨਾ ਵੀ ਸੌਖਾ ਕੰਮ ਨਹੀਂ ਸੀ ਸੋ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਕੈਪਟਨ ਨਿਯੁਕਤ ਕਰ ਦਿੱਤੇ ਗਏ। ਇਹਨਾਂ ਗੁਫਾਵਾਂ ਦੀ ਲੋੜ ਦੇ ਹਿਸਾਬ ਨਾਲ ਵੰਡ ਕਰ ਦਿੱਤੀ ਗਈ। ਇਹ ਇਕ ਕਿਸਮ ਦਾ ਜ਼ਮੀਨਦੋਜ਼ ਸ਼ਹਿਰ ਹੀ ਵਸ ਗਿਆ ਸੀ। ਪੈਖਾਨੇ ਤੇ ਗੁਸਲ ਦੇ ਇੰਤਜ਼ਾਮ ਕਰ ਦਿੱਤੇ ਗਏ। ਰਸੋਈਆਂ ਬਣ ਗਈਆਂ। ਚਰਚ, ਹਸਪਤਾਲ, ਦੁਕਾਨਾਂ ਖੁੱਲ੍ਹ ਗਈਆਂ। ਸਭ ਤੋਂ ਵੱਧ ਖੁਸ਼ੀ ਲੋਕਾਂ ਨੂੰ ਨਾਈ ਦੀ ਦੁਕਾਨ ਖੁੱਲ੍ਹਣ ‘ਤੇ ਹੋਈ। ਸਿਨਮੇ ਆਦਿ ਵੀ ਦਿਖਾਏ ਜਾਣ ਲੱਗੇ, ਡਾਂਸ ਲਈ ਕਲੱਬਾਂ ਬਣ ਗਈਆਂ। ਵੈਸੇ ਨੌਂ ਵਜੇ ਤੋਂ ਬਾਅਦ ਸੰਗੀਤ ਵਜਾਉਣ ਦੀ ਮਨਾਹੀ ਸੀ। ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਕਿਉਂਕਿ ਸਫਾਈ ਨਾ ਹੋਣ ਦੇ ਕਾਰਨ ਬਿਮਾਰੀਆਂ ਫੈਲ ਸਕਦੀਆਂ ਸਨ। ਇਥੇ ਇਕ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਸਨ।

ਲੋਕ ਰਲ਼-ਮਿਲ਼ ਕੇ ਵਕਤ ਪਾਸ ਕਰ ਰਹੇ ਸਨ। ਪੰਜ-ਛੇ ਸਾਲਾਂ ਵਿੱਚ ਇਕ ਪੂਰੀ ਪੀੜ੍ਹੀ ਜਵਾਨ ਹੋ ਜਾਂਦੀ ਹੈ। ਕਈ ਨੌਜਵਾਨਾਂ ਦੀਆਂ ਦੋਸਤੀਆਂ ਵੀ ਪਈਆਂ ਹੋਣਗੀਆਂ, ਇਸ਼ਕ ਵੀ ਹੋਏ ਹੋਣਗੇ। ਹਾਂ, ਪਰ ਬੱਚਾ ਸਿਰਫ ਇਥੇ ਇਕ ਹੀ ਪੈਦਾ ਹੋਇਆ। ਉਹ ਇਕ ਕੁੜੀ ਸੀ। ਕੇਵਜ਼ ਵਿੱਚ ਪੈਦਾ ਹੋਣ ਕਾਰਨ ਉਸ ਦਾ ਨਾਂ ਕੈਵੀਨਾ ਰੱਖਿਆ ਗਿਆ। ਉਸ ਦੀ ਕਰਿਚਨਿੰਗ ਵੀ ਇਹਨਾਂ ਕੇਵਜ਼ ਵਿੱਚਲੇ ਚਰਚ ਵਿੱਚ ਹੋਈ। ਜਦ ਇਹ ਕੁੜੀ ਕੈਵੀਨਾ ਅਠਾਰਾਂ ਸਾਲ ਦੀ ਹੋਈ ਤਾਂ ਉਸਨੇ ਆਪਣਾ ਨਾਂ ਬਦਲ ਕੇ ਰੋਜ਼ ਰੱਖ ਲਿਆ ਪਰ ਵਿਚਕਾਰਲਾ ਨਾਂ ਫਿਰ ਵੀ ਕੈਵੀਨਾ ਹੀ ਰੱਖਿਆ।

ਵਿਕਟਰੀ-ਡੇ ਭਾਵ ਤੋਂ ਬਾਅਦ ਜਦ ਲੜਾਈ ਖਤਮ ਹੋਈ ਤਾਂ ਇਹਨਾਂ ਗੁਫਾਵਾਂ ਨੂੰ ਖਾਲੀ ਕਰਾਕੇ ਬੰਦ ਕਰ ਦਿੱਤਾ ਗਿਆ।

ਹੁਣ ਇਹ ਗੁਫਾਵਾਂ ਯਾਤਰੀਆਂ ਲਈ ਖੁੱਲ੍ਹੀਆਂ ਹਨ। ਭਾਵੇਂ ਕੋਵਿਡ ਕਾਰਨ ਇਹ ਆਰਜ਼ੀ ਤੌਰ ‘ਤੇ ਬੰਦ ਹਨ ਪਰ ਬਹੁਤ ਸਾਰੇ ਯਾਤਰੀ ਇਥੇ ਜਾਣ ਲਈ ਤਿਆਰ ਬੈਠੇ ਹਨ। ਮੇਰਾ ਜਾਣ ਦਾ ਸਬੱਬ ਕੋਵਿਡ-ਕਾਲ ਤੋਂ ਪਹਿਲਾਂ ਬਣਿਆ ਸੀ।

ਇਹ ਗੁਫਾਵਾਂ ਜ਼ਮੀਨ ਤੋਂ ਤੀਹ ਮੀਟਰ ਹੇਠਾਂ ਹਨ ਤੇ ਜਿਵੇਂ ਮੈਂ ਕਿਹਾ ਕਿ ਵੀਹ ਮੀਲ ਲੰਮੀਆਂ। ਪਰ ਇਹਨਾਂ ਦਾ ਟੂਰ ਪੰਜਾਹ ਮਿੰਟ ਤੋਂ ਲੈ ਕੇ ਇਕ ਘੰਟੇ ਤੱਕ ਦਾ ਹੈ। ਹੁਣ ਵੀਹ ਮੀਲ ਤਾਂ ਤੁਸੀਂ ਏਨੇ ਕੁ ਸਮੇਂ ਵਿੱਚ ਘੁੰਮ ਨਹੀਂ ਸਕਦੇ ਇਸ ਲਈ ਖਾਸ ਦਿਲਚਸਪੀ ਵਾਲੀਆਂ ਜਗਾਵਾਂ ਹੀ ਤੁਹਾਨੂੰ ਦਿਖਾਈਆਂ ਜਾਂਦੀਆਂ ਹਨ। 1903 ਵਿੱਚ ਵਿਲੀਅਮ ਨਿਕਲਸ ਨਾਂ ਦੇ ਬੰਦੇ ਨੇ, ਜੋ ਕਿ ਬ੍ਰਿਟਿਸ਼ ਆਰਕੌਲੀਜੀਕਲ ਐਸੋਸੀਏਸ਼ਨ (British Archaeological Association) ਦਾ ਪ੍ਰਧਾਨ ਸੀ, ਇਕ ਸਿਧਾਂਤ ਦਿੱਤਾ ਸੀ ਕਿ ਇਹ ਗੁਫਾਵਾਂ ਡਰੂਇਡਜ਼ (Druids), ਰੋਮਨਜ਼ (Romans) ਤੇ ਸੈਕਸਨਜ਼ (Saxons) ਨੇ ਬਣਾਈਆਂ ਹਨ। ਇਸੇ ਦੇ ਆਧਾਰ ‘ਤੇ ਹੀ ਇਸਦੇ ਟੂਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਡਰੂਇਡਜ਼, ਰੋਮਨਜ਼ ਤੇ ਸੈਕਸਨਜ਼। ਇਹ ਇੰਗਲੈਂਡ ਦੇ ਇਤਿਹਾਸ ਦੇ ਤਿੰਨ ਕਾਲ ਹਨ ਜਦ ਬਾਹਰਲੇ ਲੋਕਾਂ ਦਾ ਇਥੇ ਰਾਜ ਰਿਹਾ ਹੈ। ਇਹ ਗੱਲ ਇਹ ਵੀ ਦਰਸਾਉਂਦੀ ਹੈ ਕਿ ਇਹਨਾਂ ਗੁਫਾਵਾਂ ਦਾ ਇਤਿਹਾਸ ਹੋਰ ਵੀ ਪੁਰਾਣਾ ਹੋ ਸਕਦਾ ਹੈ। ਇਹਨਾਂ ਗੁਫਾਵਾਂ ਦੀ ਅਜੀਬ ਗੱਲ ਇਹ ਹੈ ਕਿ ਹੁਣ ਇਹ ਬਿਲਕੁਲ ਹਨੇਰੀਆਂ ਹਨ, ਕੋਈ ਰੌਸ਼ਨੀ ਜਾਂ ਬਿਜਲੀ ਨਹੀਂ ਹੈ। ਇਹਨਾਂ ਵਿੱਚ ਕੁਝ ਸਲ੍ਹਾਬ ਵੀ ਹੈ। ਇਵੇਂ ਇਹਨਾਂ ਦਾ ਇਕ ਵਿਸ਼ੇਸ਼ ਪ੍ਰਭਾਵ ਪੈਦਾ ਕਰਨ ਲਈ ਕੀਤਾ ਗਿਆ ਹੈ। ਇਹਨਾਂ ਦੇ ਸਫਰ ਵੇਲੇ ਤੁਹਾਨੂੰ ਇਕ-ਇਕ ਲਾਲਟੈਣ ਦੇ ਦਿੱਤੀ ਜਾਂਦੀ ਹੈ, ਉਹੀ ਬਚਪੱਨ ਵਾਲੀ ਮਿੱਟੀ ਦੇ ਤੇਲ ਵਾਲੀ ਲਾਲਟੈਣ। ਤੁਸੀਂ ਲਾਲਟੈਣ ਹੱਥ ਵਿੱਚ ਫੜੀ ਟੂਰ-ਗਾਈਡ ਦੇ ਪਿੱਛੇ-ਪਿੱਛੇ ਤੁਰਦੇ ਜਾਂਦੇ ਹੋ। ਤੁਹਾਨੂੰ ਆਪਣੇ ਮੁਬਾਈਲ ਦੀ ਲਾਈਟ ਜਗਾਉਣ ਦੀ ਇਜਾਜ਼ਤ ਨਹੀਂ ਹੁੰਦੀ। ਟੂਰ-ਗਾਈਡ ਬਹੁਤ ਹੀ ਦਿਲਚਸਪ ਅੰਦਾਜ਼ ਵਿੱਚ ਹਰ ਜਗਾਹ ਬਾਰੇ ਤਫਸੀਲ ਵਿੱਚ ਪਰ ਮਜ਼ਾਹੀਆ ਅੰਦਾਜ਼ ਨਾਲ ਦੱਸਦਾ ਜਾਂਦਾ ਹੈ। ਉਸ ਦਿਨ ਸਾਡਾ ਬਾਰਾਂ ਕੁ ਬੰਦਿਆਂ ਦਾ ਗਰੁੱਪ ਸੀ। ਲੋਕ ਤਾਂ ਹੋਰ ਵੀ ਸਨ ਪਰ ਜਾਪਦਾ ਹੈ ਕਿ ਜਾਣ-ਬੁੱਝ ਕੇ ਗਰੁੱਪ ਛੋਟੇ ਰੱਖੇ ਜਾਂਦੇ ਹੋਣਗੇ। ਮੇਰੇ ਦੋਸਤ ਦੇ ਬੱਚੇ ਦੂਜੇ ਮਹਾਂਯੁੱਧ ਬਾਰੇ ਟੂਰ-ਗਾਈਡ ਨੂੰ ਕੁਝ ਜ਼ਿਆਦਾ ਹੀ ਸਵਾਲ ਪੁੱਛਦੇ ਜਾ ਰਹੇ ਸਨ ਪਰ ਉਹ ਖਿੜੇ ਮੱਥੇ ਹਰ ਗੱਲ ਦਾ ਜਵਾਬ ਦਿੰਦਾ। ਸਾਡੇ ਗਰੁੱਪ ਵਿੱਚ ਇਕ ਬਿਜ਼ੁਰਗ ਜੋੜਾ ਅਜਿਹਾ ਵੀ ਸੀ ਜੋ ਬਚਪੱਨ ਵਿੱਚ ਦੂਜੇ ਮਹਾਂਯੁੱਧ ਦੌਰਾਨ ਇਥੇ ਰਿਹਾ ਸੀ। ਉਹ ਵੀ ਆਪਣੀਆਂ ਯਾਦਾਂ ਸਾਂਝੀਆਂ ਕਰਨ ਲੱਗ ਪੈਂਦੇ ਸਨ। ਬਹੁਤੀਆਂ ਥਾਵਾਂ ਤੋਂ ਇਹ ਭੀੜੀਆਂ ਸੁਰੰਗਾਂ ਹੀ ਸਨ, ਮੈਂ ਹੈਰਾਨ ਹੋ ਰਿਹਾ ਸਾਂ ਕਿ ਲੋਕਾਂ ਨੇ ਏਨੇ ਸਾਲ ਇਥੇ ਕਿਵੇਂ ਕੱਢ ਲਏ ਹੋਣਗੇ। ਇਕ ਥਾਂ ‘ਤੇ ਚਲਦੇ ਯੁੱਧ ਦਾ ਪ੍ਰਭਾਵ ਵੀ ਦਿੱਤਾ ਜਾਂਦਾ ਹੈ। ਹਵਾਈ-ਜਹਾਜ਼ਾਂ ਦੀ ਆਵਾਜ਼, ਸਾਇਰਨ, ਬੰਬਾਂ ਦਾ ਚਲਣਾ। ਵਨਵੇਅ ਚਲਦਿਆਂ ਪੰਜਾਹ ਮਿੰਟ ਦੇ ਟੂਰ ਦਾ ਪਤਾ ਹੀ ਨਹੀਂ ਚਲਦਾ ਕਿ ਕਦੋਂ ਖਤਮ ਹੋ ਗਿਆ। ਟਿਕਟ ਵੀ ਬਹੁਤਾ ਮਹਿੰਗਾ ਨਹੀਂ ਸੀ, ਸਾਡੇ ਚਾਰ ਜਣਿਆਂ ਦੇ ਚੌਵੀ ਪੌਂਡ ਲੱਗੇ ਸਨ। ਮੈਨੂੰ ਲਾਲਟੈਣ ਫੜ ਕੇ ਹਨੇਰੀਆਂ ਗੁਫਾਵਾਂ ਵਿੱਚ ਤੁਰਨਾ ਬਹੁਤ ਚੰਗਾ ਮਹਿਸੂਸ ਹੋਇਆ ਤੇ ਨਾਲ ਹੀ ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਇਸ ਨਾਲ ਜੁੜੀਆਂ ਕਹਾਣੀਆਂ ਵੀ ਬਹੁਤ ਦਿਲਚਸਪ ਲੱਗੀਆਂ। ਵੈਸੇ ਦੋ ਕੁ ਬੰਦੇ ਮੈਂ ਅਜਿਹੇ ਵੀ ਦੇਖੇ ਜਿਹੜੇ ਇਥੇ ਆਕੇ ਨਿਰਾਸ਼ ਸਨ। ਕੁਝ ਵੀ ਹੋਵੇ ਇਤਿਹਾਸ ਵਿੱਚ ਗੁੱਝੀ ਹੋਈ ਅਜਿਹੀ ਜਗਾਹ ਟੂਰਿਸਟਾਂ ਦੀ ਖਿੱਚ ਦਾ ਇਕ ਵੱਡਾ ਕਾਰਣ ਬਣਦੀ ਹੈ।

ਲੜਾਈ ਖਤਮ ਹੋਣ ਤੋਂ ਬਾਅਦ ਇਕ ਵਾਰ ਤਾਂ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਮੁੜ ਖੋਹਲ ਦਿੱਤਾ ਗਿਆ। ਇਥੇ ਵੱਡੇ-ਵੱਡੇ ਸੰਗੀਤ ਦੇ ਪ੍ਰੋਗਰਾਮ ਹੋਣ ਲੱਗੇ ਸਨ। ਡੇਵਿਡ ਬੋਈ ਵਰਗੇ ਵੱਡੇ-ਵੱਡੇ ਗਾਇਕਾਂ ਨੇ ਆਪਣੇ ਪ੍ਰੋਗਰਾਮ ਲਈ ਇਸ ਜਗਾਹ ਨੂੰ ਵੈਨਿਊ ਦੇ ਤੌਰ ‘ਤੇ ਵਰਤਿਆ। ਦੋ-ਤਿੰਨ ਦਹਾਕੇ ਇਹ ਗੁਫਾਵਾਂ ਗਾਇਕਾਂ ਲਈ ਖਾਸ ਵੈਨਿਊ ਰਹੀਆਂ। ਬਹੁਤ ਸਾਰੀਆਂ ਫਿਲਮਾਂ ਤੇ ਟੈਲੀਵੀਯਨਾਂ ਦੀ ਸ਼ੂਟਿੰਗ ਇਥੇ ਹੋਈ। ਇਸ ਉਪਰ ਪ੍ਰੋਗਰਾਮ ਬਣਾ ਕੇ ਟੈਲੀਵੀਯਨ ਉਪਰ ਚਲਾਏ ਗਏ। ਡਰਾਉਣੀਆਂ ਫਿਲਮਾਂ ਲਈ ਇਹ ਜਗਾਹ ਬਹੁਤ ਢੁਕਵੀਂ ਹੈ। ਵੈਸੇ ਇਹਨਾਂ ਗੁਫਾਵਾਂ ਨੂੰ ਭੂਤਾਂ ਪ੍ਰੇਤਾਂ ਨਾਲ ਵੀ ਜੋੜਿਆ ਜਾਂਦਾ ਹੈ। ਇਸੇ ਨੂੰ ਲੈ ਕੇ ਜੇਮਜ਼ ਵਿਲਕਨਸਨ ਨੇ ਇਕ ਕਿਤਾਬ ਵੀ ਲਿਖੀ ਸੀ, ‘ਦਾ ਗੋਸਟ ਆਫ ਚਿਜ਼ਲਹ੍ਰਸਟ ਕੇਵਜ਼’ (The Ghosts of Chislehurst Caves)। ਪਰ ਇਸ ਦੇ ਇਸ ਪੱਖ ਨੂੰ ਬਹੁਤੀ ਹਵਾ ਨਹੀਂ ਦਿੱਤੀ ਗਈ। ਵੈਸੇ ਮੈਨੂੰ ਜਾਪਦਾ ਹੈ ਕਿ ਇਸ ਜਗਾਹ ਨੂੰ ਹੋਰ ਵੀ ਦਿਲਚਸਪ ਬਣਾਇਆ ਜਾ ਸਕਦਾ ਹੈ। ਕਦੇ ਹੋਇਆ ਤਾਂ ਇਹਨਾਂ ਦੀ ਵੈਬਸਾਈਟ ‘ਤੇ ਆਪਣੇ ਵਿਚਾਰ ਜ਼ਰੂਰ ਲਿਖਾਂਗਾ।

Comments


bottom of page