top of page
  • Writer's pictureਸ਼ਬਦ

ਨਸਲਵਾਦ: ਇਕ ਕਹਾਣੀ /

ਹਰਜੀਤ ਅਟਵਾਲ /

ਜੇਮਜ਼ ਕੈਲਾਹਨ ਦੀ ਮਿਨੌਰਟੀ ਦੀ ਸਰਕਾਰ ਬਹੁਤੀ ਦੇਰ ਨਾ ਚੱਲ ਸਕੀ। ਪਾਰਲੀਮੈਂਟ ਵਿੱਚ ਉਹ ਨੋ-ਕਨਫੀਡੈਂਸ ਦੀ ਵੋਟ ਹਾਰ ਗਿਆ ਤੇ 4 ਮਈ ਵਿੱਚ ਜਨਰਲ ਇਲੈਕਸ਼ਨ ਦਾ ਐਲਾਨ ਹੋ ਗਿਆ। ਮਾਰਗਰੇਟ ਥੈਚਰ ਹਰ ਹਾਲਤ ਵਿੱਚ ਇਹ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ, ਬਦਲੇ ਵਿੱਚ ਭਾਵੇਂ ਇੰਗਲੈਂਡ ਵਿੱਚ ਈਨੋਕ ਪਾਵਲ ਦੇ ਕਹਿਣ ਅਨੁਸਾਰ ਲਹੂ ਦੀਆਂ ਨਦੀਆਂ ਵਗ ਜਾਣ। ਉਸ ਨੇ ਵਾਈਟ-ਕੁਮਿਉਨਿਟੀ ਦੀਆਂ ਵੋਟਾਂ ਪੱਕੀਆਂ ਕਰਨ ਲਈ ਸਖਤ ਇੰਮੀਗਰੇਸ਼ਨ ਕਾਨੂੰਨ ਬਣਾਉਣ ਦੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਭਾਸ਼ਨਾਂ ਦੀ ਸੁਰ ਪਰਵਾਸੀਆਂ ਦੇ ਖਿਲਾਫ ਹੁੰਦੀ। ਮਾਰਗਰੇਟ ਥੈਚਰ ਨਸਲਵਾਦੀ ਪਾਰਟੀਆਂ ਨੂੰ ਵੀ ਸਿੱਧੇ-ਅਸਿੱਧੇ ਤਰੀਕੇ ਨਾਲ ਹਵਾ ਦੇ ਰਹੀ ਸੀ। ਇਸੇ ਸ਼ਹਿ ਅਧੀਨ ਸਾਊਥਾਲ ਦੇ ਹੈਂਬਰੋ ਪੱਬ ਵਿੱਚ ਨਸਵਾਲਦੀ ਸਰਗਰਮੀਆਂ ਵਧ ਗਈਆਂ। ਇਹ ਪੱਬ ਸਾਊਥਾਲ ਤੇ ਹੇਜ਼ ਵਿਚਕਾਰ ਪੈਂਦੀ ਨਹਿਰ ਕੰਢੇ ਸੀ। ਇਹ ਉਹੀ ਪੱਬ ਸੀ ਜਿਸ ਦੇ ਸਾਹਮਣੇ ਇਕ ਵਾਰ ਸਤਿਕਾਰ ਉਪਰ ਵੀ ਨਸਲਵਾਦੀਆਂ ਨੇ ਹਮਲਾ ਕੀਤਾ ਸੀ।

ਮਈ ਵਿੱਚ ਹੋਣ ਵਾਲੀਆਂ ਆਮ-ਚੋਣਾਂ ਵਿੱਚ ਸਾਊਥਾਲ ਵਿੱਚੋਂ ਨੈਸ਼ਨਲ ਫਰੰਟ ਦਾ ਉਮੀਦਵਾਰ ਜੌਹਨ ਫੇਅਰਹਰਸਟ ਵੀ ਖੜਾ ਸੀ। ਨੈਸ਼ਨਲ ਫਰੰਟ ਵਾਲੇ ਸਾਊਥਾਲ ਨੂੰ ਹਮੇਸ਼ਾ ਨਿਸ਼ਾਨੇ ‘ਤੇ ਰੱਖਦੇ ਹੀ ਸਨ, ਜੌਹਨ ਫੇਅਰਹਰਸਟ ਦਾ ਚੋਣਾਂ ਵਿੱਚ ਖੜਾ ਹੋਣ ਦਾ ਭਾਵ ਗੜਬੜ ਕਰਨਾ ਸੀ। ਨੈਸ਼ਨਲ ਫਰੰਟ ਵਾਲੇ ਚੋਣ ਕੰਪੇਨ ਲਈ ਆਪਣੀ ਪਾਰਟੀ ਦੀ ਮੀਟਿੰਗ 23 ਅਪਰੈਲ ਨੂੰ ਸਾਊਥਾਲ ਦੇ ਟਾਊਨਹਾਲ ਵਿੱਚ ਕਰਨੀ ਚਾਹੁੰਦੇ ਸਨ ਤਾਂ ਜੋ ਉਹਨਾਂ ਨੂੰ ਪਬਲੀਸਿਟੀ ਮਿਲ ਸਕੇ। 11 ਅਪਰੈਲ ਨੂੰ ਆਈ.ਡਬਲਯੂ.ਏ. ਨੇ ਡੁਮੀਨੀਅਨ ਸਿਨਮੇ ਵਿੱਚ ਪਬਲਿਕ ਮੀਟਿੰਗ ਕੀਤੀ ਤੇ ਲੋਕਾਂ ਨੂੰ ਇਕੱਠੇ ਹੋ ਕੇ ਈਲਿੰਗ ਕੌਂਸਲ ਨੂੰ ਬੇਨਤੀ ਕਰਨ ਲਈ ਪ੍ਰੇਰਿਆ ਕਿ ਇਸ ਮੀਟਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸਾਊਥਾਲ ਦੀਆਂ ਸਾਰੀਆਂ ਹੀ ਕੁਮਿਉਨਿਟੀਆਂ ਇਸ ਮਾਮਲੇ ਵਿੱਚ ਇਕੱਠੀਆਂ ਸਨ। ਆਈ.ਡਬਲਯੂ.ਏ. ਨੇ ਦਸ ਹਜ਼ਾਰ ਲੋਕਾਂ ਦੇ ਦਸਤਖਤ ਕਰਵਾਏ ਤੇ ਪੰਜ ਹਜ਼ਾਰ ਲੋਕਾਂ ਦੇ ਜਲੂਸ ਦੀ ਸ਼ਕਲ ਵਿੱਚ ਸਾਊਥਾਲ ਟਾਊਨਹਾਲ ਜਾ ਕੇ ਈਲਿੰਗ ਕੌਂਸਲ ਨੂੰ ਪਟੀਸ਼ਨ ਪੇਸ਼ ਕੀਤੀ ਕਿ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਨੈਸ਼ਲਨ ਫਰੰਟ ਨੂੰ ਇਹ ਮੀਟਿੰਗ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਈਲਿੰਗ ਕੌਂਸਲ ਉਪਰ ਕਨਜ਼ਰਵੇਟਿਵ ਪਾਰਟੀ ਦਾ ਹੀ ਕੰਟਰੋਲ ਸੀ। ਉਹਨਾਂ ਨੇ ਪਟੀਸ਼ਨ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਇਸ ‘ਤੇ ਸ਼ਿਵ ਭਾਰਦਵਾਜ ਨੇ ਸਾਊਥਾਲ ਦੇ ਵਿਓਪਾਰੀਆਂ ਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ 23 ਅਪਰੈਲ ਨੂੰ ਆਪਣੀਆਂ ਦੁਕਾਨਾਂ ਤੇ ਹੋਰ ਅਦਾਰੇ ਦੁਪਹਿਰ ਇਕ ਵਜੇਂ ਤੋਂ ਬਾਅਦ ਪਰੋਟੈਸਟ ਵਜੋਂ ਬੰਦ ਕਰ ਰੱਖੇ ਜਾਣ।

ਸਿਰਫ ਆਈ.ਡਬਲਯੂ.ਏ. ਨੇ ਹੀ ਕੌਂਸਲ ਨੂੰ ਬੇਨਤੀ ਨਹੀਂ ਕੀਤੀ ਬਲਕਿ ਸਥਾਨਕ ਚਰਚਾਂ ਨੇ, ਕਮਿਸ਼ਨ ਫਾਰ ਰੇਸ਼ੀਅਲ ਇਕੁਐਲਟੀ ਨੇ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਮੀਟਿੰਗ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ। ਲੋਕਾਂ ਦੇ ਏਨੇ ਵਿਰੋਧ ਦੇ ਬਾਵਜੂਦ ਈਲਿੰਗ ਕੌਂਸਲ ਨੇ ਰਾਜਨੀਤਕ ਪਾਰਟੀ ਨੂੰ ਮੀਟਿੰਗ ਕਰਨ ਦੇ ਬਰਾਬਰੀ ਹੱਕ ਦੇ ਕਾਨੂੰਨ ਅਧੀਨ ਮੀਟਿੰਗ ਹੋਣ ਲੈਣ ਦਿੱਤੀ। ਲੋਕਾਂ ਦਾ ਰੋਹ ਦੇਖ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਊਥਾਲ ਵਿੱਚ ਪੁਲੀਸ ਬੁਲਾ ਲਈ ਗਈ।

ਨੈਸ਼ਨਲ ਫਰੰਟ ਦੀ ਮੀਟਿੰਗ ਸ਼ਾਮ ਨੂੰ ਸਾਢੇ ਸੱਤ ਵਜੇ ਹੋਣੀ ਸੀ। ਸਭਾ ਦੇ ਮੈਂਬਰਾਂ ਨੇ ਡੁਮੀਨੀਅਨ ਸਿਨਮੇ ਤੋਂ ਜਲੂਸ ਦੇ ਰੂਪ ਵਿੱਚ ਸ਼ਾਂਤਮਈ ਮਾਰਚ ਕਰਨਾ ਸੀ ਤੇ ਪੰਜ ਵਜੇ ਟਾਊਨਹਾਲ ਮੁਹਰੇ ਤੇ ਆਲੇ ਦੁਆਲੇ ਦੀਆਂ ਸੜਕਾਂ ‘ਤੇ ਜਾ ਬਹਿਣਾ ਸੀ। ਰਾਣੇ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਹ ਆਪਣੇ ਦੋਸਤਾਂ ਨਾਲ ਦੁਪਹਿਰੇ ਹੀ ਘਰੋਂ ਚਲੇ ਗਿਆ ਸੀ। ਸਾਊਥਾਲ ਯੂਥ ਮੂਵਮੈਂਟ ਵਾਲੇ ਜੋ ਇਸ ਮਾਮਲੇ ਵਿੱਚ ਬਹੁਤਾ ਨਹੀਂ ਸਨ ਬੋਲ ਰਹੇ, ਕੁਝ ਲੋਕਾਂ ਨੂੰ ਡਰ ਸੀ ਕਿ ਇਹ ਕੋਈ ਗੜਬੜ ਨਾ ਕਰਨ।

ਸਾਊਥਾਲ ਯੂਥ ਮੂਵਮੈਂਟ ਵਾਲੇ ਦੁਪਹਿਰ ਤੋਂ ਜਲਦ ਬਾਅਦ ਹੀ ਟਾਊਨਹਾਲ ਦੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੂਜੇ ਪਾਸਿਓਂ ਪੁਲੀਸ ਦੀ ਨਫਰੀ ਵੀ ਵਧਾਈ ਜਾਣ ਲੱਗੀ। ਘੋੜ-ਪੁਲੀਸ ਵੀ ਆ ਗਈ ਸੀ। ਘੋੜ-ਪੁਲੀਸ ਦਾ ਦੂਜਾ ਨਾਂ ਹੁੰਦਾ ਹੈ- ਦਹਿਸ਼ਤ। ਪੁਲੀਸ ਨੇ ਟਾਊਨ ਹਾਲ ਦੇ ਦੁਆਲੇ ਦਾ ਸਾਰਾ ਇਲਾਕਾ ਹੀ ਸੀਲ ਕਰ ਦਿੱਤਾ। ਕੁਝ ਦਰਜਨ ਲੋਕਾਂ ਦੀ ਮੀਟਿੰਗ ਲਈ ਤਕਰੀਬਨ ਤਿੰਨ ਹਜ਼ਾਰ ਪੁਲੀਸ ਹਾਜ਼ਰ ਸੀ। ਪੁਲੀਸ ਕੋਲ ਸਵਾ-ਡੇੜ ਫੁੱਟ ਦਾ ਰਬੜ ਦਾ ਖਾਸ ਡੰਡਾ ਸੀ, ਜਿਸ ਨੂੰ ਟਰੰਜਨ ਕਹਿੰਦੇ ਸਨ। ਇਹ ਪੁਲੀਸ ਦਾ ਖਾਸ ਹਥਿਆਰ ਸੀ। ਇਸ ਦੀ ਮਾਰ ਹੱਡੀਆਂ ਤੋੜ ਸਕਦੀ ਸੀ। ਇਹ ਹਥਿਆਰ ਭੀੜ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਸੀ, ਭਾਰਤੀ ਲਾਠੀ-ਚਾਰਜ ਦਾ ਨਵਿਆਇਆ ਹੋਇਆ ਬਦਲ ਕਿਹਾ ਜਾ ਸਕਦਾ ਹੈ।

ਉਸ ਦਿਨ ਸਾਊਥਾਲ ਵਿੱਚ ਲੋਕਾਂ ਦਾ ਸਮੁੰਦਰ ਉਮੜ ਆਇਆ। ਏਡਾ ਵੱਡਾ ਇਕੱਠ ਕਿਸੇ ਨੇ ਪਹਿਲਾਂ ਨਹੀਂ ਦੇਖਿਆ ਹੋਏਗਾ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਹੀ ਸਨ ਜਿਹਨਾਂ ਵਿੱਚ ਸਾਊਥਾਲ ਯੂਥ ਮੂਵਮੈਂਟ ਤੋਂ ਬਿਨਾਂ ਐਂਟੀ-ਨਾਜ਼ੀ ਗਰੁੱਪ ਤੇ ਹੋਰ ਬਹੁਤ ਸਾਰੀਆਂ ਸੰਸਥਾਂਵਾਂ ਪਰੋਟੈਸਟ ਕਰ ਰਹੀਆਂ ਸਨ। ਇਹ ਨੌਜਵਾਨ ਫਾਸ਼ਿਜ਼ਿਮ ਵਿਰੁਧ ਨਾਹਰੇ ਲਾ ਰਹੇ ਸਨ। ਇਹਨਾਂ ਦਾ ਰੋਹ ਦੇਖ ਕੇ ਪੁਲੀਸ ਨੂੰ ਲਗਿਆ ਕਿ ਜਲਦੀ ਹੀ ਇਹ ਗੜਬੜ ਕਰਨਗੇ। ਅਚਾਨਕ ਪੁਲੀਸ ਨੇ ਕੰਟਰੋਲ ਕਰਨ ਦੇ ਬਹਾਨੇ ਨੌਜਵਾਨਾਂ ਦੀ ਭੀੜ ਉਪਰ ਹਮਲਾ ਕਰ ਦਿੱਤਾ। ਉਹਨਾਂ ਦੇ ਹੱਥਾਂ ਵਿੱਚ ਟਰੰਜਨ ਜਿਹਾ ਹਥਿਆਰ ਸੀ। ਟਰੰਜਨ ਡੇੜ ਕੁ ਫੁੱਟ ਮੋਟੇ ਡੰਡੇ ਵਰਗਾ ਹਥਿਆਰ ਸੀ ਜਿਸ ਦੀ ਇੰਨੀ ਸੱਟ ਵਜਦੀ ਸੀ ਕਿ ਇਸ ਦੀ ਮਾਰ ਆਮ ਬੰਦੇ ਲਈ ਅਸਹਿ ਬਣ ਜਾਂਦੀ। ਪੁਲੀਸ ਲੋਕਾਂ ਨੂੰ ਟਰੰਜਨ ਨਾਲ ਮਾਰ ਰਹੀ ਸੀ। ਪਰੋਟੈਸਟ ਕਰਨ ਵਾਲਿਆਂ ਵਿੱਚ ਬਲੇਅਰ ਪੀਚ ਨਾਂ ਦਾ ਇਕ ਅਧਿਆਪਕ ਵੀ ਸੀ ਜਿਸ ਦਾ ਪਿਛੋਕੜ ਨਿਊਜ਼ੀਲੈਂਡ ਤੋਂ ਸੀ। ਇਕ ਪੁਲੀਸ ਮੈਨ ਨੇ ਪੂਰੇ ਜ਼ੋਰ ਨਾਲ ਟਰੰਜਨ ਬਲੇਅਰ ਪੀਚ ਦੇ ਸਿਰ ਵਿੱਚ ਮਾਰਿਆ। ਸ਼ਾਇਦ ਉਸ ਨੂੰ ਗੁੱਸਾ ਹੋਵੇਗਾ ਕਿ ਗੋਰਾ ਹੋ ਕੇ ਕਾਲਿਆਂ ਦਾ ਸਾਥ ਦੇ ਰਿਹਾ ਹੈ। ਟਰੰਜਨ ਉਸ ਦੇ ਸਿਰ ਵਿੱਚ ਏਨੀ ਜ਼ੋਰ ਦਾ ਵੱਜਾ ਕਿ ਉਹ ਥਾਵੇਂ ਹੀ ਡਿਗ ਪਿਆ। ਕੁਝ ਲੋਕ ਉਸ ਨੂੰ ਸਾਂਭਣ ਲੱਗ ਪਏ। ਹਸਪਤਾਲ ਜਾਣ ਤੋਂ ਪਹਿਲਾਂ ਹੀ ਬਲੇਅਰ ਪੀਚ ਪੂਰਾ ਹੋ ਗਿਆ।

ਪੁਲੀਸ ਨੇ ਲੋਕਾਂ ਨੂੰ ਧੈਹ-ਧੈਹ ਕੁੱਟਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਵੀ ਪੁਲੀਸ ਨੂੰ ਸਖਤ ਵਕਤ ਦਿਖਾਇਆ। ਕਈ ਪੁਲੀਸਮੈੱਨ ਕੁੱਟੇ ਗਏ। ਉਹ ਆਪਣੀਆਂ ਟੋਪੀਆਂ ਛੱਡ ਕੇ ਭੱਜ ਗਏ। ਅੱਠ ਸੌ ਨੌਜਵਾਨ ਫੜ ਲਏ ਗਏ। ਬਹੁਤ ਸਾਰੇ ਜ਼ਖ਼ਮੀ ਹੋਏ। ਪੁਲੀਸ ਵਾਲੇ ਵੀ ਘੱਟ ਜ਼ਖ਼ਮੀ ਨਹੀਂ ਸਨ। ਸਤਿਕਾਰ ਨੂੰ ਰਾਣੇ ਦਾ ਫਿਕਰ ਸੀ। ਉਸ ਨੇ ਮੁੰਡੇ ਨੂੰ ਇਧਰ-ਓਧਰ ਬਹੁਤ ਲਭਿਆ ਪਰ ਉਹ ਕਿਤੇ ਨਾ ਦਿਸਿਆ। ਫਿਰ ਪਤਾ ਲੱਗਾ ਕਿ ਰਾਣੇ ਨੂੰ ਵੀ ਫੜ ਲਿਆ ਗਿਆ ਹੈ। ਆਈ.ਡਬਲਯੂ.ਏ. ਵਲੋਂ ਪੁਲੀਸ ਨਾਲ ਗੱਲ ਬਾਤ ਕਰਨ ‘ਤੇ ਬਹੁਤ ਸਾਰੇ ਮੁੰਡੇ ਛੱਡ ਦਿੱਤੇ ਗਏ ਪਰ ਫਿਰ ਵੀ 342 ਮੁੰਡਿਆਂ ਨੂੰ ਚਾਰਜ ਕਰ ਲਿਆ ਗਿਆ। ਰਾਣਾ ਵੀ ਉਹਨਾਂ ਵਿੱਚੋਂ ਇਕ ਸੀ।

ਇਹ ਪਹਿਲੀ ਵਾਰ ਸੀ ਕਿ ਰਾਣਾ ਰਾਤ ਵੇਲੇ ਘਰ ਨਹੀਂ ਸੀ। ਕਿਤੇ ਛੁੱਟੀਆਂ ‘ਤੇ ਗਿਆ ਹੋਵੇ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਉਹ ਰਾਤ ਨੂੰ ਘਰ ਹੀ ਹੁੰਦਾ ਸੀ, ਭਾਵੇਂ ਲੇਟ ਮੁੜੇ। ਜੀਤੀ ਸਾਰੀ ਰਾਤ ਖਿੜਕੀ ਦੇ ਪਰਦੇ ਹਟਾ ਕੇ ਬਾਹਰ ਹੀ ਦੇਖਦੀ ਰਹੀ। ਰਾਣੇ ਦੀ ਕਾਰ ਘਰ ਹੀ ਸੀ ਇਸ ਲਈ ਉਹ ਹੋਰ ਵੀ ਫਿਕਰਵੰਦ ਹੋ ਰਹੀ ਸੀ। ਸਤਿਕਾਰ ਉਸ ਨੂੰ ਹੌਂਸਲਾ ਦਿੰਦਾ ਕਿ ਉਹ ਫਿਕਰ ਨਾ ਕਰੇ, ਦੋਸਤਾਂ ਨਾਲ ਕਿਤੇ ਠਹਿਰ ਗਿਆ ਹੋਵੇਗਾ, ਆ ਜਾਵੇਗਾ।

ਸਵੇਰੇ ਉਹ ਮੁੰਡੇ ਦਾ ਫਿਕਰ ਕਰਦੀ ਪਰੇਸ਼ਾਨੀ ਦੀ ਹਾਲਤ ਵਿੱਚ ਹੀ ਕੰਮ ‘ਤੇ ਚਲੇ ਗਈ। ਸਤਿਕਾਰ ਦੀ ਛੁੱਟੀ ਸੀ। ਉਹ ਸੋਚ ਰਿਹਾ ਸੀ ਰਾਣੇ ਨੂੰ ਅੱਜ ਕਿਸੇ ਨਾ ਕਿਸੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਨੂੰ ਜ਼ਮਾਨਤ ਕਰਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਉਸ ਨੇ ਸ਼ਿਵ ਭਾਰਦਵਾਜ ਨੂੰ ਫੋਨ ਕੀਤਾ। ਉਸ ਨੇ ਸਭਾ ਦੇ ਦਫਤਰ ਆਉਣ ਲਈ ਕਿਹਾ। ਪਤਾ ਲੱਗ ਗਿਆ ਸੀ ਕਿ ਸਾਰੇ ਮੁੰਡਿਆਂ ਨੂੰ ਸ਼ਾਮ ਵੇਲੇ ਬਾਰਨੈੱਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਜੀਤੀ ਘੰਟੇ ਕੁ ਬਾਅਦ ਹੀ ਕੰਮ ਤੋਂ ਵਾਪਸ ਮੁੜ ਆਈ। ਸਤਿਕਾਰ ਨੂੰ ਦੇਖਦੀ ਹੀ ਫਿਸ ਪਈ ਤੇ ਬੋਲੀ, ‘‘ਤੁਹਾਨੂੰ ਪਤਾ ਕਿ ਰਾਣਾ ਪੁਲੀਸ ਦੀ ਹਿਰਾਸਤ ਵਿੱਚ ਐ?’’

‘‘ਓ ਕੋਈ ਗੱਲ ਨਹੀਂ, ਜਵਾਨ ਮੁੰਡਾ, ਏਦਾਂ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਘਬਰਾ ਨਾ, ਉਹ ਕਿਹੜਾ ਇਕੱਲਾ, ਸਾਢੇ ਤਿੰਨ ਸੌ ਮੁੰਡੇ ਆ।’’ ਸਤਿਕਾਰ ਨੇ ਉਸ ਨੂੰ ਹੌਂਸਲਾ ਦੇਣ ਲਈ ਕਿਹਾ।

‘‘ਤੁਹਾਨੂੰ ਮੁੰਡੇ ਦੇ ਜੇਲ੍ਹ ਜਾਣ ‘ਤੇ ਕੋਈ ਫਿਕਰ ਨਹੀਂ?’’ ਉਹ ਹੈਰਾਨ ਹੋਈ ਸਤਿਕਾਰ ਵੱਲ ਦੇਖ ਜਾ ਰਹੀ ਸੀ। ਫਿਰ ਅਚਾਨਕ ਰੋਣ ਲੱਗ ਪਈ ਤੇ ਬੋਲੀ, ‘‘ਹਾਏ ਓਏ ਸ਼ਹੀਦੋ, ਹੁਣ ਮੈਂ ਕੀ ਕਰਾਂ, ਮੁੰਡਾ ਮੇਰਾ ਜੇਲ੍ਹ ‘ਚ ਐ, ਮੈਂ ਕਿਥੇ ਜਾਵਾਂ!’’

‘‘ਕਿਉਂ ਕਮਲ਼ ਕੁੱਟੀ ਜਾਨੀ ਆਂ, ਪਤਾ ਲੱਗ ਗਿਆ ਕਿ ਉਹਨਾਂ ਨੂੰ ਬਾਰਨੈੱਟ ਕੋਰਟ ਵਿੱਚ ਪੇਸ਼ ਕਰਨਾ, ਮੈਂ ਜਾਨਾਂ, ਜ਼ਮਾਨਤ ਕਰਾ ਕੇ ਲਿਆਉਨਾਂ।’’

***

ਐਸ.ਵਾਈ.ਐਮ. ਨੇ ਬਲੇਅਰ ਪੀਚ ਦੀ ਦੇਹ ਨੂੰ ਡੁਮੀਨੀਅਨ ਸਿਨਮੇ ਵਿੱਚ ਰੱਖ ਕੇ ਗਾਰਡ ਔਰ ਔਨਰ ਪੇਸ਼ ਕੀਤਾ। ਦਸ ਹਜ਼ਾਰ ਲੋਕਾਂ ਬਲੇਅਰ ਪੀਚ ਦੇ ਫਿਊਨਰਲ ਵਿੱਚ ਸ਼ਾਮਲ ਹੋਏ ਤੇ ਸ਼ਰਧਾਂਜਲੀਆਂ ਦਿੱਤੀਆਂ। ਕੁਝ ਦਿਨ ਬਾਅਦ ਪੰਦਰਾਂ ਹਜ਼ਾਰ ਲੋਕਾਂ ਨੇ ਬਲੇਅਰ ਪੀਚ ਦੀ ਯਾਦ ਵਿੱਚ ਸਾਊਥਾਲ ਵਿੱਚ ਸ਼ਾਂਤ-ਮਾਰਚ ਕੀਤਾ।

ਫੜੇ ਗਏ ਨੌਜਵਾਨਾਂ ਉਪਰ ਸੰਖੇਪ ਜਿਹਾ ਮੁਕੱਦਮਾ ਚਲਿਆ ਤੇ ਸਭ ਨੂੰ ਬਰੀ ਕਰ ਦਿੱਤਾ ਗਿਆ।

ਇਹਨਾਂ ਦਿਨਾਂ ਵਿੱਚ ਕੁਝ ਅਜਿਹੇ ਕੇਸ ਵੀ ਦੇਖੇ ਗਏ ਕਿ ਏਸ਼ੀਅਨ ਮੁੰਡੇ ਇਕੱਲੇ-ਦੁਕੱਲੇ ਗੋਰਿਆਂ ਨੂੰ ਦੇਖ ਕੇ ਉਹਨਾਂ ਉਪਰ ਹਮਲੇ ਕਰਨ ਲੱਗੇ ਸਨ। ਇਸ ਦੀ ਆਈ.ਡਬਲਯੂ.ਏ. ਤੇ ਹੋਰ ਏਸ਼ੀਅਨ ਭਾਈਚਾਰੇ ਵਲੋਂ ਸਖਤ ਨਿਖੇਧੀ ਕੀਤੀ ਜਾਂਦੀ ਸੀ।

***

ਸਾਊਥਾਲ ਦਾ ਹੈਂਬਰੋ ਟੈਵਰਨ ਪੱਬ ਨਸਲਵਾਦੀ ਗਤੀਵਿਧੀਆਂ ਦਾ ਗੜ੍ਹ ਹੈ ਹੀ ਸੀ। ਇਥੇ ਨਸਲਵਾਦੀ ਸੰਗੀਤਕ-ਗਰੁੱਪ ਆਕੇ ਪ੍ਰੋਗਰਾਮ ਦਿੰਦੇ ਸਨ। ਤੇ ਉਹਨਾਂ ਨੂੰ ਦੇਖਣ-ਸੁਣਨ ਲਈ ਨਸਲਵਾਦੀ ਦੂਰੋਂ ਦੂਰੋਂ ਆਇਆ ਕਰਦੇ ਸਨ। ਇਹ ਆ ਕੇ ਇਲਾਕੇ ਵਿੱਚ ਖਰੂਦ ਵੀ ਕਰਦੇ ਸਨ।

ਜੁਲਾਈ ਦੇ ਸ਼ੁਰੂ ਦੇ ਦਿਨ ਸਨ। ਪ੍ਰਸਿੱਧ ਨਸਲਵਾਦੀ ਗਾਇਕਾਂ ਦਾ ਗਰੁੱਪ ਓ.ਆਈ. ਹੈਂਬਰੋ ਟੈਵਰਨ ਵਿੱਚ ਪ੍ਰੋਗਰਾਮ ਦੇ ਰਿਹਾ ਸੀ। ਇਸ ਦੀ ਕਾਫੀ ਮਸ਼ਹੂਰੀ ਵੀ ਕੀਤੀ ਗਈ ਸੀ। ਪੱਬ ਦੇ ਮਾਲਕ ਨੇ ਆਲੇ ਦੁਆਲੇ ਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਹਿਦਾਇਤ ਕਰ ਦਿੱਤੀ ਕਿ ਸਕਿੰਨ ਹੈੱਡ ਪੱਬ ਵਿੱਚ ਆ ਸਕਦੇ ਹਨ, ਇਸ ਲਈ ਉਹਨਾਂ ਨੂੰ ਆਪਣੀਆਂ ਦੁਕਾਨਾਂ ਤੇ ਘਰਾਂ ਨੂੰ ਬੰਦ ਰੱਖਣਾ ਚਾਹੀਦਾ ਹੈ ਤੇ ਆਮ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਲੋਕ ਇਸ ਸ਼ਿਕਾਇਤ ਨੂੰ ਲੈ ਕੇ ਪੁਲੀਸ ਕੋਲ ਗਏ ਪਰ ਪੁਲੀਸ ਨੇ ਇਸ ਨੂੰ ਅਫਵਾਹ ਕਹਿ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਸ਼ਾਮ ਹੁੰਦਿਆਂ ਹੀ ਸਕਿੰਨ ਹੈੱਡਾਂ ਦੀਆਂ ਹੇੜਾਂ ਹੈਂਬਰੋ ਟੈਵਰਨ ਪੁੱਜਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਪੱਬ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਦੁਕਾਨਦਾਰਾਂ ਨੂੰ ਗਾਲ਼ਾਂ ਕੱਢਣ ਲੱਗੇ। ਔਰਤਾਂ ਨੂੰ ਧੱਕੇ ਮਾਰਦੇ। ਉਹ ਨਸਲਵਾਦੀ ਨਾਹਰੇ ਲਾ ਰਹੇ ਸਨ, ‘ਬਲੈਕ ਪੀਪਲ, ਗੋ ਹੋਮ’। ਹੁਣ ਤੱਕ ਸਾਰੇ ਸਾਊਥਾਲ ਵਿੱਚ ਇਹ ਖ਼ਬਰ ਫੈਲ ਚੁੱਕੀ ਸੀ। ਇਲਾਕੇ ਦੇ ਏਸ਼ੀਅਨ ਨੌਜਵਾਨ ਪਹਿਲਾਂ ਹੀ ਸਤੱਰਕ ਸਨ। ਉਹ ਹੈਂਬਰੋ ਟੈਵਰਨ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹੌਲੀ ਹੌਲੀ ਪੁਲੀਸ ਵੀ ਕਾਫੀ ਮਾਤਰਾ ਵਿੱਚ ਆ ਗਈ ਤਾਂ ਜੋ ਭੀੜ ਸਕਿੰਨ ਹੈੱਡਾਂ ਉਪਰ ਹਮਲਾ ਨਾ ਕਰੇ।

ਏਸ਼ੀਅਨ ਨੌਜਵਾਨ ਗੁੱਸੇ ਵਿੱਚ ਸਨ। ਉਹਨਾਂ ਨੇ ਖਾਲੀ ਬੋਤਲਾਂ ਦਾ ਇੰਤਜ਼ਾਮ ਕੀਤਾ ਤੇ ਨੇੜੇ ਦੇ ਪੈਟਰੌਲ ਪੰਪ ਤੋਂ ਪੈਟਰੌਲ ਨਾਲ ਬੋਤਲਾਂ ਭਰ ਲਈਆਂ ਤੇ ਇਹਨਾਂ ਦੇ ਪੈਟਰੌਲ-ਬੰਬ ਬਣਾ ਲਏ ਤੇ ਲੱਗੇ ਇਹ ਬੰਬ ਹੈਂਬਰੋ ਪੱਬ ਵੱਲ ਸੁੱਟਣ ਤੇ ਕੁਝ ਮਿੰਟਾਂ ਵਿੱਚ ਹੀ ਪੱਬ ਨੂੰ ਅੱਗ ਲੱਗ ਗਈ। ਕੁਝ ਬੰਬ ਪੁਲੀਸ ‘ਤੇ ਵੀ ਡਿਗੇ। ਪੁਲੀਸ ਨੇ ਪੱਬ ਵਿੱਚੋਂ ਸਾਰੇ ਸਕਿੰਨ ਹੈੱਡਾਂ ਤੇ ਗਾਉਣ ਵਾਲਿਆਂ ਨੂੰ ਸੁਰੱਖਿਤ ਕੱਢ ਕੇ ਹੇਜ਼ ਵੱਲ ਨੂੰ ਭਜਾ ਦਿੱਤਾ, ਇਵੇਂ ਇਨਸਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਹੈਂਬਰੋ ਪੱਬ ਕੁਝ ਮਿੰਟਾਂ ਵਿੱਚ ਹੀ ਲਟ-ਲਟ ਬਲਣ ਲੱਗਾ। ਭੀੜ ਨੇ ਪੁਲੀਸ ਦੀਆਂ ਕਾਰਾਂ ਨੂੰ ਵੀ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਇਵੇਂ ਪੁਲੀਸ ਨੂੰ ਵੀ ਭਾਜੜਾਂ ਪੈ ਗਈਆਂ। ਪੂਰਾ ਐਕਸ਼ਨ ਕਰਨ ਵਾਲੇ ਮੁੱਖ ਨੌਜਵਾਨ ਮੌਕੇ ਤੋਂ ਫਰਾਰ ਗਏ ਤੇ ਪੁਲੀਸ ਨੇ ਭੀੜ ਵਿੱਚੋਂ ਅਣਭੋਲ ਜਿਹੇ ਸੱਤਰ ਏਸ਼ੀਅਨ ਮੁੰਡੇ ਫੜ ਲਏ।

ਅਗਲੇ ਦਿਨ ਸਾਊਥਾਲ ਦੇ ਨੌਜਵਾਨਾਂ ਵਲੋਂ ਨੈਸ਼ਨਲ ਪਰੈੱਸ ਵਿੱਚ ਬਿਆਨ ਛਪੇ ਕਿ ਜੇਕਰ ਪੁਲੀਸ ਸਾਡੀ ਹਿਫਾਜ਼ਤ ਨਾ ਕਰੇ ਤਾਂ ਸਾਨੂੰ ਆਪਣੇ ਬਚਾਅ ਦਾ ਖੁਦ ਇੰਤਜ਼ਾਮ ਕਰਨਾ ਹੀ ਪਵੇਗਾ। ਹੋਰ ਨੇਤਾਵਾਂ ਵਲੋਂ ਵੀ ਬਿਆਨ ਆਉਣ ਲੱਗੇ ਕਿ ਇਸ ਮੌਕੇ ‘ਤੇ ਪੁਲੀਸ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਹਲ ਰਹੀ ਹੈ। ਪੁਲੀਸ ਨੂੰ ਫੜੇ ਹੋਏ ਨੌਜਵਾਨ ਰਿਹਾ ਕਰਨੇ ਪਏ।

***

ਸ਼ੁਕਰਵਾਰ ਦੀ ਸ਼ਾਮ ਸੀ। ਸਤਿਕਾਰ ਤੇ ਜੀਤੀ ਟੈਲੀਵੀਯਨ ਦੇਖ ਰਹੇ ਸਨ। ਰਸ਼ਮੀ ਯੂਨੀਵਰਸਟੀ ਤੋਂ ਆਈ ਹੋਈ ਸੀ ਪਰ ਆਪਣੇ ਕਮਰੇ ਵਿੱਚ ਸੀ। ਜੀਤੀ ਬੋਲੀ, ‘ਜੀ, ਘੜੀ ਦੇਖੋ, ਮੁੰਡਾ ਹਾਲੇ ਤੱਕ ਨਹੀਂ ਮੁੜਿਆ।’’

‘‘ਆ ਜਾਊਗਾ।’’ ਸਤਿਕਾਰ ਨੇ ਬੇਪਰਵਾਹੀ ਨਾਲ ਕਿਹਾ ਪਰ ਫਿਕਰ ਉਸ ਨੂੰ ਵੀ ਸੀ।

‘‘ਕਿੱਦਾਂ ਦੇ ਪਿਓ ਆਂ ਤੁਸੀਂ? ਅਖੇ ਆ ਜਾਊਗਾ, ਦੇਖੋ, ਉਹਦੀ ਕਾਰ ਵੀ ਘਰ ਖੜੀ ਐ, ਏਨੀ ਦੇਰ ਤਾਂ ਉਹ ਲਾਉਂਦਾ ਨਹੀਂ।’’ ਜੀਤੀ ਨੇ ਆਖਿਆ।

ਸਤਿਕਾਰ ਨੂੰ ਪਤਾ ਸੀ ਕਿ ਅੱਜਕੱਲ੍ਹ ਉਹ ਆਪਣੇ ਸਾਊਥਾਲ ਯੂਥ ਮੂਵਮੈਂਟ ਵਾਲੇ ਦੋਸਤ ਮੁੰਡਿਆਂ ਨਾਲ ਬਹੁਤਾ ਸਮਾਂ ਬਿਤਾਉਂਦਾ ਸੀ। ਉਹ ਸਮਝਦਾ ਸੀ ਕਿ ਸਾਊਥਾਲ ਯੂਥ ਮੂਵਮੈਂਟ ਵਾਲੇ ਸਾਰੇ ਹੀ ਮੁੰਡੇ ਚੰਗੇ ਸਨ। ਉਹ ਗੁਰਦਵਾਰੇ ਦੀ ਪੁਰਾਣੀ ਇਮਾਰਤ ਜਿਸ ਨੂੰ ਹੁਣ ਜਿਮ ਬਣਾ ਦਿੱਤਾ ਗਿਆ ਸੀ ਉਥੇ ਵਰਜਿਸ਼ ਕਰਨ ਜਾਂਦੇ ਸਨ ਪਰ ਪਿਛਲੇ ਸਾਲਾਂ ਵਿੱਚ ਹੋਣ ਵਾਲੀਆਂ ਸਾਊਥਾਲ ਵਿੱਚਲੀਆਂ ਘਟਨਾਵਾਂ ਨੇ ਉਹਨਾਂ ਉਪਰ ਕਾਫੀ ਅਸਰ ਕੀਤਾ ਸੀ। ਇਹਨਾਂ ਦਿਨਾਂ ਵਿੱਚ ਇਕ ਗੱਲ ਹੋਰ ਵੀ ਜ਼ਰਾ ਕੁ ਅਜੀਬ ਹੋਈ ਸੀ। ਬਲੇਅਰ ਪੀਚ ਜੋ ਪੁਲੀਸ ਦੇ ਹਮਲੇ ਵਿੱਚ ਮਾਰਿਆ ਗਿਆ ਸੀ ਉਸ ਦੀ ਮੌਤ ਦੇ ਕਾਰਨ ਤੈਅ ਕਰਨ ਵਾਲੇ ਕੌਰੋਨਰ ਨੇ ਆਪਣੀ ਇਨਕੁਐਸਟ ਵਿੱਚ ਲਿਖ ਦਿੱਤਾ ਸੀ ਕਿ ਬਲੇਅਰ ਪੀਚ ਦੀ ਮੌਤ ਇਕ ਐਕਸੀਡੈਂਟ ਸੀ। ਇਸ ਕਾਰਨ ਵੀ ਨੌਜਵਾਨ ਕੁਝ ਗੁੱਸੇ ਵਿੱਚ ਸਨ। ਇਕ ਹੋਰ ਗੁੱਸੇ ਵਾਲੀ ਗੱਲ ਇਹ ਸੀ ਕਿ ਸਤਵਿੰਦਰ ਸੌਂਧ ਨਾਂ ਦੇ ਮੁੰਡੇ ਦੇ ਪੇਟ ‘ਤੇ ਤਿੰਨ ਗੋਰਿਆਂ ਨੇ ਸਵਾਸਤਿਕਾ ਦਾ ਨਿਸ਼ਾਨ ਬਣਾ ਦਿੱਤਾ ਸੀ ਜਿਸ ਨੂੰ ਹਿਟਲਰ ਦਾ ਚਿੰਨ੍ਹ ਮੰਨਿਆਂ ਜਾਂਦਾ ਹੈ ਤੇ ਨਸਲਵਾਦੀ ਵੀ ਇਸੇ ਚਿੰਨ੍ਹ ਦੀ ਵਰਤੋਂ ਕਰਦੇ ਹਨ। ਸਤਵਿੰਦਰ ਸੌਂਧ ਪੁਲੀਸ ਕੋਲ ਗਿਆ ਪਰ ਪੁਲੀਸ ਨੇ ਇਸ ਨੂੰ ਉਸ ਦਾ ਪਖੰਡ ਕਹਿ ਕੇ ਨਕਾਰ ਦਿੱਤਾ। ਨੌਜਵਾਨਾਂ ਦੇ ਗੁੱਸੇ ਨੂੰ ਕੋਈ ਸੇਧ ਵੀ ਨਹੀਂ ਸੀ ਮਿਲ ਰਹੀ।

ਲੇਟ ਜਿਹੇ ਘਰ ਦਾ ਦਰਵਾਜ਼ਾ ਖੜਕਿਆ। ਸਤਿਕਾਰ ਨੇ ਉਠ ਕੇ ਖੋਹਲਿਆ ਤਾਂ ਰਾਣਾ ਬਾਹਰ ਖੜਾ ਸੀ। ਉਸ ਨੂੰ ਸਾਹ ਚੜਿ੍ਹਆ ਹੋਇਆ ਸੀ। ਉਸ ਦੀ ਹਾਲਤ ਦੇਖ ਕੇ ਸਤਿਕਾਰ ਡਰ ਗਿਆ। ਰਾਣਾ ਅੰਦਰ ਲੰਘ ਆਇਆ। ਉਸ ਕੋਲੋਂ ਪੈਟਰੌਲ ਦਾ ਮੁਸ਼ਕ ਆ ਰਿਹਾ ਸੀ। ਸਤਿਕਾਰ ਨੇ ਪੁੱਛਿਆ, ‘‘ਸਭ ਠੀਕ ਤਾਂ ਹੈ?’’

‘‘ਹਾਂ ਡੈਡ, ਸਭ ਠੀਕ ਐ।’’ ਉਸ ਨੇ ਕਾਹਲੀ ਨਾਲ ਕਿਹਾ।

ਸਤਿਕਾਰ ਨੇ ਇਕ ਪਲ ਲਈ ਉਸ ਵੱਲ ਦੇਖਿਆ ਤੇ ਕਿਹਾ, ‘‘ਤੂੰ ਬਾਥਰੂਮ ਜਾ ਕੇ ਨਹਾ, ਕਪੜੇ ਬਦਲ, ਇਹਨਾਂ ਕਪੜਿਆਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਪਾ ਦੇ।’’

ਰਾਣਾ ਨਹਾ ਕੇ ਲਿਵਿੰਗ ਰੂਮ ਵਿੱਚ ਆ ਗਿਆ। ਜੀਤੀ ਨੇ ਉਸ ਲਈ ਰੋਟੀ ਬਣਾ ਦਿੱਤੀ। ਸਤਿਕਾਰ ਚੋਰੀ-ਚੋਰੀ ਉਸ ਵੱਲ ਦੇਖਦਾ ਉਸ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਸ਼ਾਂਤ ਜਾਪਦਾ ਸੀ।

ਕੁਝ ਦੇਰ ਬਾਅਦ ਟੈਲੀਵੀਯਨ ਉਪਰ ਹੈਂਬਰੋ ਪੱਬ ਨੂੰ ਜਲ਼ਦਾ ਹੋਇਆ ਦਿਖਾਇਆ ਜਾ ਰਿਹਾ ਸੀ। ਪੱਬ ‘ਤੇ ਉਸ ਦੇ ਆਲੇ ਦੁਆਲੇ ਖੜੀਆਂ ਕਾਰਾਂ ਲਟ-ਲਟ ਬਲ਼ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਕੁਝ ਸ਼ਰਾਰਤੀ ਤੱਤਾਂ ਨੇ ਪੈਟਰੌਲ-ਬੰਬ ਮਾਰ ਕੇ ਪੱਬ ਨੂੰ ਅੱਗ ਲਾ ਦਿੱਤੀ ਹੈ।

ਪੁਲੀਸ ਕਈ ਦਿਨ ਤਫਤੀਸ਼ ਕਰਦੀ ਰਹੀ ਪਰ ਅੱਗ ਲਾਉਣ ਵਾਲਿਆਂ ਦਾ ਕੁਝ ਪਤਾ ਨਾ ਲੱਗ ਸਕਿਆ। ਜਿਹੜੇ ਸੱਤਰ ਮੁੰਡੇ ਫੜੇ ਸਨ ਉਹ ਵੀ ਛੱਡਣੇ ਪਏ। ਇਸ ਗੱਲ ਨਾਲ ਇਹ ਜ਼ਰੂਰ ਹੋਈ ਕਿ ਮੁੜ ਕੇ ਸਾਊਥਾਲ ਵਿੱਚ ਕੋਈ ਨਸਲਵਾਦੀ ਘਟਨਾ ਨਹੀਂ ਵਾਪਰੀ।

ਅਗਲੇ ਦਿਨ ਵਤਨ ਸ਼ੇਰਗਿੱਲ ਨੇ ਸਤਿਕਾਰ ਨੂੰ ਫੋਨ ਕੀਤਾ, ‘‘ਕਾਮਰੇਡ, ਮਾਰਕਸ ਬਾਬਾ ਆਖਦੈ ਕਿ ਜੇ ਤੁਸੀਂ ਕਿਤੇ ਅਨਿਆਂ ਦੇਖਦੇ ਹੋ ਤਾਂ ਸੰਗਠਿਤ ਹੋਵੋ ਤੇ ਹੱਲਾ ਕਰੋ, ...ਸਮਝਦਾਂ! ਏਹਨੂੰ ਕਹਿੰਦੇ ਆ ਐਕਸ਼ਨ, ਤੇਰੀ ਸਭਾ ਵਾਂਙੂੰ ਭੈਣਜੀ, ਭੈਣਜੀ‎ ਨਾਲ ਗੱਲ ਨਹੀਂ ਬਣਦੀ।’’

‘‘ਕੀ ਖ਼ਬਰ ਐ ਕਿ ਕਹਾਣੀ ਕਿੱਦਾਂ ਬਣੀ?’’

‘‘ਦੰਤਕਥਾ ਇਹ ਐ ਕਿ ਇਸ ਐਕਸ਼ਨ ਲਈ ਟੂਟੀ ਨੰਗਾ, ਹੋਲੀ ਸਮੋਕ, ਸਾਊਥਾਲ ਯੂਥ ਮੂਵਮੈਂਟ ਵਾਲੇ ਤੇ ਹੋਰ ਸਭ ਇਕੱਠੇ ਹੋ ਗਏ, ਇਹ ਕਹਿੰਦੇ ਬੁੜੇ ਤਾਂ ਸਮਝੌਤਾ-ਵਾਦੀ ਬਣੇ ਰਹਿੰਦੇ ਆ, ਆਪ ਹੀ ਕੁਝ ਕਰਦੇ ਆਂ, ...ਸੋ ਕਰ ਦਿੱਤਾ।’’

***

(ਨਾਵਲ ‘ਲੈਜੰਡ’ ਦੇ ਅੰਸ਼)

Comments


bottom of page