top of page
  • Writer's pictureਸ਼ਬਦ

ਵ੍ਰਲਡ ਵਿਸਕੀ ਡੇ /

ਹਰਜੀਤ ਅਟਵਾਲ /

ਜਿਵੇਂ ਮਦਰ-ਡੇ, ਫਾਦਰ-ਡੇ, ਚਿਲਡ੍ਰਨ ਡੇ, ਟੀਚਰ ਡੇ ਵਰਗੇ ਕਈ ਵਿਸ਼ੇਸ਼ ਦਿਨ ਹਨ ਜੋ ਸਾਲ ਵਿੱਚ ਇਕ ਵਾਰ ਮਨਾਏ ਜਾਂਦੇ ਹਨ ਇਵੇਂ ਹੀ ਹਰ ਸਾਲ ਮਈ ਮਹੀਨੇ ਦੇ ਤੀਜੇ ਸ਼ਨਿਚਰਵਾਰ ‘ਵ੍ਰਲਡ ਵਿਸਕੀ ਡੇ’ ਭਾਵ ਵਿਸ਼ਵ ਵਿਸਕੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੀਆਂ ਦੁਕਾਨਾਂ ਤੇ ਰੈਸਟੋਰੈਂਟ ਵਿਸ਼ੇਸ਼ ਤੌਰ ‘ਤੇ ਸਜਾਏ ਜਾਂਦੇ ਹਨ। ਅਸਲ ਵਿੱਚ ਤਾਂ ਅਜਿਹੇ ਦਿਨ ਮਨਾਉਣ ਵਿੱਚ ਵੱਡਾ ਐਂਗਲ ਕਾਰੋਬਾਰ ਦਾ ਹੁੰਦਾ ਹੈ ਫਿਰ ਵੀ ਲੋਕ ਇਹਨਾਂ ਦਿਨਾਂ ਦੀ ਬੇਤਾਬੀ ਨਾਲ ਉਡੀਕ ਕਰਦੇ ਹਨ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ‘ਵ੍ਰਲਡ ਵਿਸਕੀ ਡੇ’ ਨਾਂ ਦੀ ਇਕ ਸੰਸਥਾ ਹੈ ਜਿਸ ਨੇ ਇਸੇ ਨਾਂ ਦੇ ਦਿਨ ਦੀ ਸ਼ੁਰੂਆਤ ਕੀਤੀ ਹੈ। ਵੈਸੇ ਇਹ ਧਾਰਨਾ ਬਹੁਤੀ ਪੁਰਾਣੀ ਨਹੀਂ ਹੈ ਪਰ ਵਿਸਕੀ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਦਿਨ ਪ੍ਰਤੀ ਮੋਹ ਦੇਖ ਕੇ ਲਗਦਾ ਹੈ ਜਿਵੇਂ ਇਹ ਪ੍ਰਥਾ ਅਨੇਕਾਂ ਸਾਲਾਂ ਤੋਂ ਚਲਦੀ ਆ ਰਹੀ ਹੋਵੇਗੀ। ਇਸ ਸਾਲ ਇਹ ਦਿਵਸ ਪੰਦਰਾਂ ਮਈ ਨੂੰ ਪੈਂਦਾ ਸੀ, ਹਾਲੇ ਕੁਝ ਦਿਨ ਪਹਿਲਾਂ ਹੀ ਲੰਘਿਆ ਹੈ। ਮੇਰੇ ਕੰਮ ਉਪਰ ਕੁਝ ਦੋਸਤ ਇਸ ਸੰਸਥਾ ਦੇ ਮੈਂਬਰ ਹਨ। ਉਹਨਾਂ ਨੇ ਇਹ ਦਿਨ ਮਨਾਉਣ ਲਈ ਪੈਸੇ ਇਕੱਠੇ ਕੀਤੇ ਵੀ ਸਨ, ਮਹਿਫਲ ਵੀ ਲਾਈ ਸੀ ਪਰ ਕਰੋਨਾ ਕਾਰਨ ਦੁਨੀਆ ਵਿੱਚ ਹੋ ਰਹੀ ਤਬਾਹੀ ਹੀ ਚਰਚਾ ਵਿੱਚ ਰਹੀ। ਮਹਿਫਲ ਵਿੱਚ ਉਹ ਰੰਗ ਨਾ ਭਰ ਹੋਇਆ ਜੋ ਇਹ ਦਿਵਸ ਮੰਗ ਕਰਦਾ ਹੈ। ਪਿਛਲੇ ਸਾਲ ਵੀ ਇਹ ਦਿਨ ਕਰੋਨਾ-ਯੁੱਗ ਵਿੱਚ ਹੀ ਆਇਆ ਸੀ। ਉਸ ਵੇਲੇ ਯੂਕੇ ਵਿੱਚ ਬਹੁਤ ਲੋਕ ਮਰ ਰਹੇ ਸਨ ਇਸ ਲਈ ਉਦਾਸੀ ਛਾਈ ਰਹੀ ਸੀ। ਫਿਰ ਵੀ ਮੀਡੀਏ ਨੇ ਇਸ ਦਿਨ ਦੀ ਵਾਹਵਾ ਚਰਚਾ ਕੀਤੀ ਸੀ।

ਜਿਵੇਂ ਮੈਂ ਪਹਿਲਾਂ ਕਿਹਾ ਹੈਕਿ ਵ੍ਰਲਡ ਵਿਸਕੀ ਡੇ ਵਾਲੀ ਧਾਰਨਾ ਨਵੀਂ ਹੈ। 2012 ਵਿੱਚ ਜਥੇਬੰਦਕ ਤੌਰ ‘ਤੇ ਇਸਦੀ ਸ਼ੁਰੂਆਤ ਹੋਈ ਸੀ। ਬਲੇਅਰ ਬੋਅਮੈਨ ਨਾਂ ਦੇ ਇਕ ਬੰਦੇ ਨੇ ਇਸ ਦਾ ਆਰੰਭ ਕੀਤਾ ਹੈ। ਉਸ ਵੇਲੇ ਉਹ ਸਕੌਟਲੈਂਡ ਦੀ ਐਬਰਡੀਨ ਯੂਨੀਵਰਸਟੀ ਦਾ ਵਿਦਿਆਰਥੀ ਸੀ। ਇਹ ਇਲਾਕਾ ਸਕੌਚ ਵਿਸਕੀ ਦਾ ਘਰ ਹੈ। ਸਕੌਚ ਵਿਸਕੀ ਨਾਲ ਬਲੇਅਰ ਬੋਅਮੈਨ ਦਾ ਖਾਸ ਲਗਾਓ ਹੈ। ਇਕ ਵਾਰ ਉਹ ਯੌਰਪ ਗਿਆ ਤਾਂ ਉਸਨੇ ਦੇਖਿਆਕਿ ਉਥੇ ‘ਵ੍ਰਲਡ ਜਿੰਨ ਡੇ’ ਨਾਂ ਦੀ ਸੰਸਥਾ ਬਣੀ ਹੋਈ ਸੀ ਜਿਸਦੀ ਆਪਣੀ ਵੈੱਬਸਾਈਟ ਵੀ ਸੀ। ਬਲੇਅਰ ਬੋਅਮੈਨ ਨੇ ਸਰਚ ਕਰਕੇ ਦੇਖਿਆਕਿ ਵ੍ਰਲਡ ਵਿਸਕੀ ਡੇ ਨਾਂ ਦਾ ਵੈਬਸਾਈਟ ਦਾ ਡੋਮੇਨ ਉਪਲਬਧ ਹੈ, ਉਸਨੇ ਉਸੇ ਵੇਲੇ ਹੀ ਰਜਿਸਟਰ ਕਰਵਾ ਲਿਆ: worldwhiskyday.com। ਵਿਸਕੀ-ਪਿਆਰਿਆਂ ਨੂੰ ਉਸ ਦਾ ਇਹ ਵਿਚਾਰ ਬਹੁਤ ਪਸੰਦ ਆਇਆ ਤੇ ਇਵੇਂ ਇਹ ਵਿਚਾਰ ਧਾਰਨਾ ਬਣ ਕੇ ਫੈਲਣਾ ਸ਼ੁਰੂ ਹੋ ਗਿਆ। ਵਿਕਸੀ-ਪਿਆਰੇ ਧੜਾ-ਧੜ ਇਸ ਨਾਲ ਜੁੜਨ ਲੱਗੇ। ਜਲਦੀ ਹੀ ਵ੍ਰਲਡ ਵਿਸਕੀ ਡੇ ਇਕ ਸਥਾਪਤ ਸੰਸਥਾ ਬਣ ਗਈ। ਇਸ ਵਲੋਂ ਤੈਅ ਹੋ ਗਿਆਕਿ ਹਰ ਸਾਲ ਮਈ ਦੇ ਤੀਜੇ ਸ਼ਨਿਚਰਵਾਰ ਇਹ ਦਿਨ ਮਨਾਇਆ ਜਾਵੇਗਾ ਕਿਉਂਕਿ ਮਈ ਮਹੀਨੇ ਵਿੱਚ ਮੌਸਮ ਬਹੁਤ ਵਧੀਆ ਹੁੰਦਾ ਹੈ, ਨਾ ਬਹੁਤੀ ਗਰਮੀ ਤੇ ਨਾ ਹੀ ਠੰਡ। ਇਸ ਮੌਸਮ ਵਿੱਚ ਵਿਸਕੀ ਪੀਣ ਦਾ ਆਪਣਾ ਹੀ ਲੁਤਫ ਹੁੰਦਾ ਹੈ। ਦੋ ਸਾਲਾਂ ਵਿੱਚ ਢਾਈ ਲੱਖ ਲੋਕ ਇਸ ਸੰਸਥਾ ਨਾਲ ਜੁੜ ਚੁੱਕੇ ਸਨ। ਇਹਨਾਂ ਵਿੱਚ ਬਹੁਤ ਸਾਰੇ ਡਾਕਟਰ, ਵਕੀਲ, ਇੰਜਨੀਅਰ ਤੇ ਸਕੌਟਲੈਂਟ ਦੀ ਪਾਰਲੀਮੈਂਟ ਦੇ ਮੈਂਬਰ ਵੀ ਸਨ। 2014 ਵਿੱਚ ਸਕੌਟਿਸ਼ ਪਾਰਲੀਮੈਂਟ ਵਿੱਚ ਇਸ ਸੰਸਥਾ ਬਾਰੇ ਬਿੱਲ ਵੀ ਪੇਸ਼ ਕੀਤਾ ਗਿਆ ਸੀ।

ਵ੍ਰਲਡ ਵਿਸਕੀ ਡੇ ਦਾ ਵਿਸਕੀ ਪਿਆਰਿਆਂ ਨੂੰ ਸੰਦੇਸ਼ ਹੈਕਿ ਇਸ ਦਿਨ ਹਰ ਇਕ ਨੂੰ ਵਿਸਕੀ ਦਾ ਇਕ ਦਰਾਮ ਜਾਣੀਕਿ ਇਕ ਯੂਨਿਟ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨੂੰ ਅੰਮ੍ਰਿਤ ਸਮਝ ਕੇ ਇਸ ਦਾ ਪੂਰਾ ਅਨੰਦ ਲੈਣਾ ਚਾਹੀਦਾ ਹੈ। ਯੂਨਿਟ ਜਾਂ ਦਰਾਮ ਸਾਡੇ ਪਟਿਆਲਾ ਪੈੱਗ ਦਾ ਚੌਥਾ ਹਿੱਸਾ ਹੁੰਦਾ ਹੈ। ਪਟਿਆਲਾ ਪੈੱਗ ਇੰਚਾਂ ਵਿੱਚ ਮਿਣਿਆ ਜਾਂਦਾ ਹੈ ਤੇ ਯੂਨਿਟ ਔਂਸਾਂ ਵਿੱਚ। ਇਕ ਯੂਨਿਟ ਵਿੱਚ ਡੇੜ ਔਂਸ ਡਰਿੰਕ ਹੁੰਦੀ ਹੈ। ਇਸ ਸੰਸਥਾ ਦਾ ਆਪਣੇ ਮੈਂਬਰਾਂ ਨੂੰ ਸੁਨੇਹਾ ਹੈ ਕਿ ਵੱਧ ਤੋਂ ਵੱਧ ਵਿਸਕੀ-ਪਿਆਰਿਆਂ ਨੂੰ ਇਸ ਸੰਸਥਾ ਨਾਲ ਜੋੜੋ। ਇਸ ਦਿਨ ਦੁਨੀਆ ਭਰ ਵਿੱਚ ਵਿਸਕੀ ਦੇ ਨਾਂ ‘ਤੇ ਜਸ਼ਨ ਮਨਾਏ ਜਾਂਦੇ ਹਨ, ਮਹਿਫਲਾਂ ਲਾਈਆਂ ਜਾਂਦੀਆਂ ਹਨ। ਇਸ ਦਿਨ ਨੂੰ ਮਨਾਉਣ ਲਈ ਪਾਰਟੀਆਂ ਵੀ ਕੀਤੀਆਂ ਜਾ ਸਕਦੀਆਂ ਹਨ, ਘਰ ਪਰਿਵਾਰ ਵਿੱਚ ਬਹਿ ਕੇ ਵੀ ਮਨਾਇਆ ਜਾ ਸਕਦਾ ਹੈ, ਇਕੱਲਾ ਵਿਅਕਤੀ ਵੀ ਵਿਸਕੀ ਦੀਆਂ ਚੁਸਕੀਆਂ ਲੈਂਦਾ ਇਹ ਦਿਨ ਮਨਾ ਸਕਦਾ ਹੈ। ਵ੍ਰਲਡ ਵਿਸਕੀ ਡੇ ਦੀ ਵੈਬਸਾਈਟ ‘ਤੇ ਜਾਕੇ ਤੁਸੀਂ ਉਸ ਦਿਨ ਆਪਣੀ ਹਾਜ਼ਰੀ ਵੀ ਲਵਾ ਸਕਦੇ ਹੋ ਜਾਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਪੀਣ ਲਈ ਕੋਈ ਵੀ ਵਿਸਕੀ ਹੋ ਸਕਦੀ ਹੈ, ਕਿਸੇ ਵੀ ਦੇਸ਼ ਜਾਂ ਕੰਪਨੀ ਦੀ। ਤੁਸੀਂ ਵਿਸਕੀ ਨੂੰ ਕਿਵੇਂ ਵੀ ਪੀ ਸਕਦੇ ਹੋ, ਭਾਵ ਨੀਟ ਵੀ, ਪਾਣੀ ਜਾਂ ਕਿਸੇ ਸੋਢੇ ਆਦਿ ਨਾਲ ਵੀ। ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈਕਿ ਵਿਸਕੀ ਪੀਓ ਪਰ ਜ਼ਿੰਮੇਵਾਰੀ ਨਾਲ। ਇਹੀ ਇਸ ਸੰਸਥਾ ਦਾ ਨਾਹਰਾ ਵੀ ਹੈ।

ਇਹ ਦੋ ਸਾਲ ਦੇ ਕਰੀਬ ਤਾਂ ਕਰੋਨਾ ਨੇ ਹੀ ਲੈ ਲਏ ਹਨ ਇਸ ਲਈ ਇਹ ਸੰਸਥਾ ਜਿੰਨੀ ਫੈਲਣੀ ਚਾਹੀਦੀ ਸੀ ਓਨੀ ਨਹੀਂ ਫੈਲ ਸਕੀ। ਇਸ ਦੇ ਸੰਚਾਲਕਾਂ ਨੂੰ ਉਮੀਦ ਹੈਕਿ ਜਲਦੀ ਹੀ ਦੁਨੀਆ ਭਰ ਦੀਆਂ ਗਲੀਆਂ ਵਿੱਚ ਇਹ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਇਆ ਕਰੇਗਾ। ਥਾਂ-ਥਾਂ ਵਿਸਕੀ-ਮੇਲੇ ਲਗਿਆ ਕਰਨਗੇ। ਇਹੋ ਜਿਹੇ ਮੇਲਿਆਂ ਨੂੰ ਸਪੌਂਸਰ ਕਰਨ ਲਈ ਤਾਂ ਵਿਸਕੀ ਦੀਆਂ ਵੱਡੀਆਂ-ਵੱਡੀਆਂ ਫਰਮਾਂ ਪਹਿਲਾਂ ਹੀ ਤਿਆਰ ਬੈਠੀਆਂ ਹਨ। ਵਿਸਕੀ ਬਣਾਉਣ ਵਾਲੀਆਂ ਡਿਸਟਿਲਰੀਆਂ ਲਈ ਤਾਂ ਇਹ ਸੰਸਥਾ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਉਹਨਾਂ ਨੇ ਤਾਂ ਇਸ ਨੂੰ ਪਰੋਮੋਟ ਕਰਨਾ ਹੀ ਹੋਇਆ। ਵੈਸੇ ਅੱਜ ਵੀ ਇਸ ਸੰਸਥਾ ਵਲੋਂ ਕੁਝ ਅਜਿਹੇ ਈਵਿੰਟਸ/ਫੰਕਸ਼ਨ ਕਰਵਾਏ ਜਾਂਦੇ ਹਨ ਜਿਸ ਵਿੱਚ ਜਾਣ ਲਈ ਲੋਕਾਂ ਨੂੰ ਟਿਕਟ ਲੈਣੀ ਪੈਂਦੀ ਹੈ। ਯੂਟਿਊਬ ਉਪਰ ਇਸ ਬਾਰੇ ਕਈ ਪ੍ਰੋਗਰਾਮ ਦੇਖਣ ਨੂੰ ਮਿਲ ਜਾਂਦੇ ਹਨ।

ਸਾਡੇ ਭਾਰਤੀ ਉਪ ਮਹਾਂਦੀਪ ਦੇ ਸਮਾਜਾਂ ਵਿੱਚ ਸ਼ਰਾਬ ਦਾ ਸਮਾਰੋਹ ਮਨਾਉਣਾ ਸ਼ਾਇਦ ਹੀ ਕਬੂਲ ਹੋਵੇ। ਪੰਜਾਬ ਵਿੱਚ ਏਨੀ ਸ਼ਰਾਬ ਵਿਕਦੀ ਹੈ ਜਾਂ ਪੀਤੀ ਜਾਂਦੀ ਹੈ ਪਰ ਸਮਾਜਕ ਤੌਰ ‘ਤੇ ਇਸ ਦਾ ਵਿਰੋਧ ਹੀ ਹੁੰਦਾ ਹੈ। ਸ਼ਰਾਬੀ ਬੰਦਾ ਹਾਸੇ ਦਾ ਪਾਤਰ ਬਣਦਾ ਹੈ ਜਾਂ ਫਿਰ ਉਸ ਪਤੀ ਕਰੁਣਾ ਪੈਦਾ ਹੋਣ ਲਗਦੀ ਹੈ। ਕਈ ਲੋਕ ਸ਼ਰਾਬ ਦੇ ਆਦੀ ਬਣ ਕੇ ਅਲਕੋਹਲਕ ਹੋ ਜਾਂਦੇ ਹਨ ਤੇ ਘਰ-ਘਾਟ ਸਭ ਗੰਵਾ ਬਹਿੰਦੇ ਹਨ। ਅਜਿਹੀ ਸਥਿਤੀ ਵਿੱਚ ਉਹੀ ਲੋਕ ਪੁੱਜਦੇ ਹਨ ਜੋ ਉਸ ਨਾਹਰੇ ਨੂੰ ਭੁੱਲ ਜਾਂਦੇ ਹਨ, ‘ਵਿਸਕੀ ਪੀਓ ਪਰ ਜ਼ਿੰਮੇਵਾਰੀ ਨਾਲ।’

ਪੱਛਮੀ ਸਮਾਜ ਵਿੱਚ ਸ਼ਰਾਬ ਜਾਂ ਵਿਸਕ/ਵਾਈਨ/ਬੀਅਰ ਨੂੰ ਲੈਕੇ ਸਥਿਤੀ ਬਿਲਕੁਲ ਅਲੱਗ ਹੈ। ਧਾਰਮਿਕ ਤੌਰ ‘ਤੇ ਇਸ ਦੀ ਕੋਈ ਮਨਾਹੀ ਨਹੀਂ ਹੈ। ਜੀਸਸ ਆਪ ਵਾਈਨ ਪੀਂਦਾ ਸੀ। ਬਹੁਤ ਸਾਰੇ ਚਰਚਾਂ ਵਿੱਚ ਵੀ ਸ਼ਰਾਬ ਵਰਤਾਈ ਜਾਂਦੀ ਹੈ। ਯੌਰਪ ਦੇ ਘਰਾਂ ਵਿੱਚ ਖਾਣੇ ਨਾਲ ਬੱਚੇ ਵੀ ਵਾਈਨ ਲੈਂਦੇ ਹਨ। ਯੌਰਪ ਦੇ ਕਈ ਦੇਸ਼ਾਂ ਵਿੱਚ ਟੂਟੀਆਂ ਵਾਲਾ ਪਾਣੀ ਪੀਣ ਦੇ ਕਾਬਲ ਨਹੀਂ ਹੁੰਦਾ। ਚਾਲੀ ਕੁ ਸਾਲ ਜਦ ਪਾਣੀ ਵਾਲੀਆਂ ਬੋਤਲਾਂ ਹੋਂਦ ਵਿੱਚ ਨਹੀਂ ਸਨ ਆਈਆਂ ਤਾਂ ਲੋਕ ਪਾਣੀ ਦੀ ਥਾਵੇਂ ਵਾਈਨ, ਜੂਸ ਜਾਂ ਕੋਕ ਆਦਿ ਹੀ ਪੀਂਦੇ ਸਨ ਤੇ ਹਾਲੇ ਵੀ ਪੀਂਦੇ ਹਨ। ਵੈਸੇ ਲੋਕ ਵਾਈਨ ਜਾਂ ਬੀਅਰ ਤਾਂ ਘਰਾਂ ਵਿੱਚ ਹੀ ਬਣਾ ਲੈਂਦੇ ਹਨ। ਦੁਕਾਨਾਂ ਤੋਂ ਇਹਨਾਂ ਨੂੰ ਬਣਾਉਣ ਦਾ ਫਾਰਮੂਲਾ ਤੇ ਮਸੌਦਾ ਆਮ ਮਿਲ ਜਾਂਦਾ ਹੈ। ਵਿਸਕੀ ਬਣਾਉਣਾ ਜ਼ਰਾ ਟੇਡ੍ਹੀ ਚੀਜ਼ ਹੈ। ਇਸ ਬਾਰੇ ਕਾਨੂੰਨ ਵੀ ਜ਼ਰਾ ਕੁ ਅਲੱਗ ਹੈ। ਫਰਾਂਸ ਵਿੱਚ ਵਿਸਕੀ ਨਾਲੋਂ ਕੌਗਨੈਕ ਜਾਂ ਬਰਾਂਡੀ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ।

ਮਨੁੱਖ ਮੁੱਢ-ਕਦੀਮ ਤੋਂ ਹੀ ਸ਼ਰਾਬ ਬਣਾਉਂਦਾ ਤੇ ਪੀਂਦਾ ਆਇਆ ਹੈ। ਭਾਰਤੀ ਗਰੰਥਾਂ ਵਿੱਚ ਤਾਂ ਸ਼ਰਾਬ ਨੂੰ ਮਦੁਰਾ ਜਾਂ ਸੋਮਰਸ ਕਹਿਕੇ ਵਡਿਆਇਆ ਵੀ ਗਿਆ ਹੈ। ਦੁਨੀਆਂ ਦੇ ਹਰ ਦੇਸ਼ ਦੇ ਲੋਕ ਘਰ ਵਿੱਚ ਬਣਾਈ ਸ਼ਰਾਬ ਨੂੰ ਵੱਖ ਵੱਖ ਨਾਵਾਂ ਨਾਲ ਚੇਤੇ ਕਰਦੇ ਹਨ। ਅਸੀਂ ਇਸ ਨੂੰ ਦੇਸੀ ਸ਼ਰਾਬ ਆਖਦੇ ਹਾਂ, ਗੋਆ ਵਿੱਚ ਫੈਨੀ, ਆਇਰਲੈਂਡ ਵਿੱਚ ਇਸਕੇ ਬੇਥਾ (Uisce Beatha) ਜਾਂ ਜੀਵਨ-ਦਾਤ-ਪਾਣੀ ਤੇ ਜਿੰਬਾਵੇ ਵਿੱਚ ਟੋਟੋਟੋ ਕਿਹਾ ਜਾਂਦਾ ਹੈ। ਸਕੌਟਲੈਂਡ ਵਿੱਚ ਇਸ ਨੂੰ ਸਕੌਚ ਕਹਿੰਦੇ ਹਨ। ਬਲਕਿ ਅਸਲੀ ਵਿਸਕੀ ਹੈ ਹੀ ਸਕੌਚ-ਵਿਸਕੀ। ਵੈਸੇ ਤਾਂ ਵਿਸਕੀ ਬਹੁਤ ਸਾਰੇ ਦੇਸ਼ ਬਣਾਉਂਦੇ ਹਨ। ਭਾਰਤ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈ ਪਰ ਜਿਹੜੀ ਵਿਸਕੀ ਸਕੌਟਲੈਂਡ ਵਿੱਚ ਬਣਦੀ ਹੈ ਉਸ ਸਵਾਦ ਵਾਲੀ ਵਿਸਕੀ ਕਿਸੇ ਹੋਰ ਦੇਸ਼ ਵਿੱਚ ਨਹੀਂ ਬਣਦੀ। ਸਕੌਟਲੈਂਡ ਦੇ ਪਾਣੀ ਵਿੱਚ ਹੀ ਕੁਝ ਅਜਿਹਾ ਹੈ ਇਕ ਇਸ ਦਾ ਸਵਾਦ ਸਭ ਤੋਂ ਵੱਖਰਾ ਹੈ। ਸਕੌਟਿਸ਼ ਲੋਕਾਂ ਦਾ ਵਿਸਕੀ ਨਾਲ ਅਜੀਬ ਮੋਹ ਹੈ। ਉਹ ਨੀਟ ਸਕੌਚ ਭਾਵ ਕਿਸੇ ਰਲ਼ਾ ਬਿਨਾ ਪੀਂਦੇ ਹਨ। ਆਮ ਸਕੌਟਿਸ਼ ਪੀਣ ਤੋਂ ਪਹਿਲਾਂ ਵਿਸਕੀ ਨੂੰ ਸੁੰਘੇਗਾ, ਜਿਸ ਦਾ ਮਤਲਬ ਹੁੰਦਾ ਹੈ ਕਿ ਉਹ ਵਿਸਕੀ ਦੀ ਕਿਸਮ ਦੇਖ ਰਿਹਾ ਹੈ। ਮੇਰਾ ਇਕ ਗਲਾਸਗੋ ਵਾਸੀ ਦੋਸਤ ਦੱਸ ਰਿਹਾ ਸੀ ਕਿ ਸਕੌਟਲੈਂਡ ਦੇ ਕਈ ਇਲਾਕਿਆਂ ਵਿੱਚ ਵਿਸਕੀ ਚੋਰੀ ਕਰਨੀ ਪਾਪ ਸਮਝਿਆ ਜਾਂਦਾ ਹੈ, ਮੈਨੂੰ ਯਾਦ ਹੈ ਕਿ ਸਾਡੇ ਤਾਂ ਘੜੇ ਹੀ ਚੋਰੀ ਹੋਏ ਰਹਿੰਦੇ ਸਨ। ਸਕੌਟਲੈਂਡ ਵਿੱਚ ‘ਵਿਸਕੀ-ਮੀਟਿੰਗਜ਼’ ਇਕ ਟਰਮ ਵੀ ਹੈ ਜਿਵੇਂ ਸਾਹਿਤਕ ਮੀਟਿੰਗਾਂ ਹੁੰਦੀਆਂ ਹਨ ਇਵੇਂ ਹੀ ਇਹ ਵਿਸਕੀ ਮੀਟਿੰਗਜ਼ ਹੁੰਦੀਆਂ ਰਹਿੰਦੀਆਂ ਹਨ। ਵਿਸਕੀ ਬਾਰੇ ਭਾਸ਼ਨ ਦਿੱਤੇ ਜਾਂਦੇ ਹਨ, ਵਿਸਕੀ ਦੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਹਨ। ਵਿਸਕੀ ਨੂੰ ਵਡਿਆਉਂਦੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਹਨ, ਫਿਲਮਾਂ ਬਣਦੀਆਂ ਹਨ। ਪਿੱਛੇ ਜਿਹੇ ਇਕ ਫਿਲਮ ਬਣੀ ਸੀ, The Angel’s Share. ਇਸ ਫਿਲਮ ਵਿੱਚ ਵਿਸਕੀ ਇਵੇਂ ਚੋਰੀ ਹੁੰਦੀ ਦਿਖਾਈ ਗਈ ਹੈ ਜਿਵੇਂ ਹੀਰਿਆਂ ਦੀ ਚੋਰੀ ਦੀ ਫਿਲਮ ਹੁੰਦੀ ਹੈ। ਇਹ ਲੋਕਾਂ ਦਾ ਵਿਸਕੀ ਨਾਲ ਪਿਆਰ ਹੀ ਹੈ ਕਿ ਵਿਸਕੀ ਦੀ ਬੋਤਲ ਦੀ ਕੀਮਤ ਲੱਖ ਪੌਂਡ ਤੱਕ ਸਹਿਜੇ ਪੁੱਜ ਜਾਂਦੀ ਹੈ।

ਵਿਸਕੀ ਦਾ ਏਨਾ ਜ਼ਿਕਰ ਕਰਨ ਦਾ ਮੇਰਾ ਮਕਸਦ ਇਸ ਦੇ ਕਾਰੋਬਾਰੀ ਪੱਖ ਬਾਰੇ ਗੱਲ ਕਰਨਾ ਹੈ। ਸਕੌਚ ਵਿਸਕੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਯੂਕੇ ਦੀ ਇਕੌਨੋਮੀ ਲਈ ਇਹ ਹਰ ਸਾਲ ਅਰਬਾਂ ਪੌਂਡਾਂ ਦੀ ਆਮਦਨ ਖੜੀ ਕਰਦੀ ਹੈ। ਸਕੌਚ-ਵਿਸਕੀ ਬਣਾਉਣਾ ਉਨੀਵੀਂ ਸਦੀ ਵਿੱਚ ਹੀ ਇਕ ਸੰਪੂਰਨ ਸਨਅੱਤ ਬਣ ਗਈ ਸੀ। ਅੱਜ ਇਸ ਜਿਸ ਹਜ਼ਾਰਾਂ ਕਾਮੇ ਕੰਮ ਕਰਦੇ ਹਨ। ਇਕੱਲੇ ਸਕੌਟਲੈਂਡ ਵਿੱਚ 133 ਪ੍ਰਮੁੱਖ ਡਿਸਟਿਲਰੀਜ਼ ਹਨ। ਸਕੌਚ ਤਾਂ ਹਜ਼ਾਰਾਂ ਸਾਲਾਂ ਤੋਂ ਸਾਡੀ ਦੇਸੀ ਸ਼ਰਾਬ ਵਾਂਗ ਲੋਕ ਘਰਾਂ ਵਿੱਚ ਬਣਾਉਂਦੇ ਆਏ ਹਨ ਪਰ ਸਕੌਚ ਸ਼ਬਦ ਵਿਸਕੀ ਲਈ ਪਹਿਲੀ ਵਾਰ ਸੰਨ 1494 ਵਿੱਚ ਰਿਕਾਰਡ ਵਿੱਚ ਆਇਆ। ਸਕੌਚ ਵਿਸਕੀ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਹੋਣ ਲੱਗੀ ਤਾਂ ਸਰਕਾਰ ਨੇ ਸੰਨ 1644 ਵਿੱਚ ਇਸ ਦੀਆਂ ਡਿਸਟਿਲਰੀਆਂ ਪ੍ਰਤੀ ਕਾਨੂੰਨ ਬਣਾਕੇ ਇਸ ਉਪਰ ਟੈਕਸ ਲਾ ਦਿੱਤੇ। ਸਕੌਚ ਵਿਸਕੀ ਬਣਾਉਣ ਲਈ ਲਾਇਸੰਸ ਜਾਰੀ ਕਰ ਦਿੱਤੇ ਗਏ। ਸਾਡੀ ਦੇਸੀ ਸ਼ਰਾਬ ਜਾਂ ਬਹੁਤ ਸਾਰੀਆਂ ਵਾਈਨਾਂ ਜਾਂ ਸ਼ਰਾਬਾਂ ਮਿੱਠੇ ਤੋਂ ਬਣਦੀਆਂ ਹਨ ਪਰ ਸਕੌਚ ਵਿਸਕੀ ਵਾਰਲੇ ਜਾਣੀਕਿ ਜੌਆਂ ਤੋਂ ਬਣਦੀ ਆਈ ਹੈ। ਅੱਜਕੱਲ ਇਕ ਕਣਕ ਤੇ ਰਾਈ ਤੋਂ ਵੀ ਬਣਾਈ ਜਾਂਦੀ ਹੈ। ਆਮ ਵਿਸਕੀ ਨੂੰ ਤਿੰਨ ਸਾਲ ਤੱਕ ਖਾਸ ਲੱਕੜ ਦੇ ਡਰੰਮ ਵਿੱਚ ਰੱਖ ਕੇ ਪਕਾਇਆ ਜਾਂਦਾ ਹੈ। ਜਿੰਨੇ ਸਾਲ ਜ਼ਿਆਦਾ ਵਿਸਕੀ ਪਕਾਈ ਜਾਵੇ ਓਨੀ ਹੀ ਮਹਿੰਗੀ ਹੁੰਦੀ ਹੈ। ਸਕੌਟਲੈਂਡ ਦੇ ਬਸ਼ਿੰਦਿਆਂ ਨੂੰ ਆਪਣੀ ਸਕੌਚ ‘ਤੇ ਬਹੁਤ ਮਾਣ ਹੈ। ਸਕੌਟਲੈਂਡ ਦੇ ਪ੍ਰਸਿੱਧ ਕਵੀ ਰੌਬਰਟ ਬਰਨ ਨੇ ਇਸ ਦੀ ਸ਼ਾਨ ਵਿੱਚ ਇਕ ਕਵਿਤਾ ਵੀ ਲਿਖੀ ਸੀ ਜਿਸ ਦਾ ਨਾਂ ਵੀ ‘ਸਕੌਚ ਡਰਿੰਕ’ ਸੀ। ਹਾਂ, ਜੇ ਕਦੇ ਤੁਹਾਡਾ ਸਕੌਟਲੈਂਡ ਦਾ ਚੱਕਰ ਲੱਗੇ ਤਾਂ ਕਿਸੇ ਨਾ ਕਿਸੇ ਡਿਸਟਿਲਰੀ ਦਾ ਗੇੜਾ ਜ਼ਰੂਰ ਮਾਰਿਓ ਕਿਉਂਕਿ ਵਿਸਕੀ ਬਣਦੀ ਦੇਖਣੀ ਤੇ ਇਸ ਬਾਰੇ ਸਮਝਣਾ ਤੁਹਾਡੀ ਜਾਣਕਾਰੀ ਵਿੱਚ ਇਕ ਵੱਡਾ ਵਾਧਾ ਕਰੇਗਾ। ਬਹੁਤ ਸਾਰੀਆਂ ਡਿਸਟਿਲਰੀਜ਼ ਵਿੱਚ ਵਿਜ਼ਟਰਜ਼ ਲਈ ਵਿਸ਼ੇਸ਼ ਇੰਤਜ਼ਾਮ ਹੁੰਦਾ ਹੈ।

ਵਿਸਕੀ ਬਾਰੇ ਅਜਿਹਾ ਹੀ ਇਕ ਹੋਰ ਦਿਨ ‘ਇੰਟਰਨੈਸ਼ਲ ਵਿਸਕੀ ਡੇ’ ਵੀ ਮਨਾਇਆ ਜਾਂਦਾ ਹੈ। ਇਹ 27 ਮਾਰਚ ਨੂੰ ਪੈਂਦਾ ਹੈ। ਇਸ ਦਿਨ ਅੰਗਰੇਜ਼ੀ ਦੇ ਲੇਖਕ ਮਾਈਕਲ ਜੇਮਜ਼ ਜੈਕਸਨ ਦਾ ਜਨਮ-ਦਿਨ ਹੁੰਦਾ ਹੈ। ਮਾਈਕਲ ਜੇਮਜ਼ ਜੈਕਸਨ ਨੇ ਬੀਅਰ ਤੇ ਵਿਸਕੀ ਨੂੰ ਵਿਸ਼ਾ ਬਣਾ ਕੇ ਅਣਗਿਣਤ ਕਿਤਾਬਾਂ ਲਿਖੀਆਂ ਹਨ। 27 ਮਾਰਚ ਨੂੰ ਤਾਂ ਸ਼ਰਾਬ ਪੀਣ ਦੇ ਫਾਇਦੇ ਵੀ ਸਾਂਝੇ ਕੀਤੇ ਜਾਂਦੇ ਹਨ। ਪਰ ਇਸ ਦਿਨ ਦੀ ਵ੍ਰਲਡ ਵਿਸਕੀ ਡੇ ਜਿੰਨੀ ਚਰਚਾ ਨਹੀਂ ਸੁਣੀ। ਵੈਸੇ ਇੰਟਰਨੈਸ਼ਨਲ ਵਿਸਕੀ ਡੇ ਵੀ ਬਹੁਤਾ ਪੁਰਾਣਾ ਨਹੀਂ ਹੈ। ਇਸ ਦੀ ਸ਼ੁਰੂਆਤ 2008 ਵਿੱਚ ਹੋਈ ਸੀ।

ਵ੍ਰਲਡ ਵਿਸਕੀ ਡੇ ਦਾ ਨਾਹਰਾ ਹੈਕਿ ਵਿਸਕੀ ਪੀਓ ਪਰ ਜ਼ਿੰਮੇਵਾਰੀ ਨਾਲ ਤੇ ਇਸਦੇ ਮੁਕਾਬਲੇ ਸਾਡੇ ਵੀ ਇਕ ਮਿੱਥ ਹੈਕਿ ਸੂਰਜ ਦੇਵਤਾ ਨੂੰ ਸੋਮਰਸ ਬਿਲਕੁਲ ਪਸੰਦ ਨਹੀਂ ਸੀ, ਇਸ ਲਈ ਸੂਰਜ ਖੜੇ ਕਦੇ ਸ਼ਰਾਬ ਨਾ ਪੀਓ। ਮੈਂ ਇਸ ਮਿੱਥ ਨਾਲ ਸਹਿਮਤ ਹਾਂ ਤੇ ਇਸ ਅਨੁਸਾਸ਼ਨ ਵਿੱਚ ਵੀ ਰਹਿੰਦਾ ਹਾਂ।

ਮੈਂ ਜਾਣਦਾ ਹਾਂ ਕਿ ਵਿਸਕੀ ਨੂੰ ਵਿਸ਼ਾ ਬਣਾ ਕੇ ਆਰਟੀਕਲ ਲਿਖਣਾ ਬਹੁਤ ਸਾਰੇ ਸ਼ਾਇਦ ਹੀ ਪਸੰਦ ਆਵੇ ਪਰ ਇਕ ਗੱਲ ਯਕੀਨੀ ਹੈ ਕਿ ਪੰਜਾਬੀ ਦੇ ਅਧਿੱਕਤਰ ਲੇਖਕਾਂ ਦਾ ਹਰ ਦਿਨ ਹੀ ਵਿਸਕੀ ਡੇ ਹੁੰਦਾ ਹੈ।

Comments


bottom of page