ਆਓ ਫੁੱਲਾਂ ਨਾਲ ਗੱਲਾਂ ਕਰੀਏ/
ਹਰਜੀਤ ਅਟਵਾਲ/
ਲੰਡਨ ਦਾ ਇਹ ਮੌਸਮ ਫੁੱਲਾਂ ਦਾ ਮੌਸਮ ਹੈ। ਅੱਜਕੱਲ ਲੰਡਨ ਦੇ ਪਾਰਕ, ਬਗੀਚੇ ਫੁੱਲਾਂ ਨਾਲ ਭਰੇ ਪਏ ਹਨ। ਇਹ ਫੁੱਲ ਤੁਹਾਨੂੰ ਆਵਾਜ਼ਾਂ ਮਾਰ ਰਹੇ ਹੁੰਦੇ ਹਨ। ਵੈਸੇ ਤਾਂ ਹਰ ਮਹਾਂਨਗਰ ਦੇ ਪਾਰਕਾਂ ਦੀ ਫੁੱਲ ਸ਼ਾਨ ਹੁੰਦੇ ਹਨ ਪਰ ਲੰਡਨ ਵਿੱਚ ਇਸ ਪਾਸੇ ਖਾਸ ਧਿਆਨ ਦਿਤਾ ਜਾਂਦਾ ਹੈ। ਇਕ ਵਾਰ ਅਸੀਂ ਕੁਝ ਦੋਸਤ ਲੰਡਨ ਵਿੱਚ ਘੁੰਮ ਰਹੇ ਸਾਂ। ਅਚਾਨਕ ਇਕ ਦੋਸਤ ਕਹਿਣ ਲੱਗਾ ਕਿ ਅੱਖਾਂ ਨੂੰ ਕੁਝ ਚੁਭ ਰਿਹਾ ਹੈ। ਅਸੀਂ ਹਿਸਾਬ ਲਾਇਆ ਕਿ ਕਾਫੀ ਦੇਰ ਤੋਂ ਕੰਕਰੀਟ ਦੇ ਜੰਗਲ ਵਿੱਚ ਘੁੰਮ ਰਹੇ ਹਾਂ ਇਹੋ ਹੀ ਅੱਖਾਂ ਨੂੰ ਚੁੱਭ ਰਿਹਾ ਹੈ, ਫਿਰ ਅਸੀਂ ਰੀਜਿੰਟ ਪਾਰਕ ਵਿੱਚ ਚਲੇ ਗਏ ਜੋ ਕਿ ਫੁੱਲਾਂ ਦਾ ਘਰ ਹੈ। ਫੁੱਲ ਹੁੰਦੇ ਹੀ ਹਨ ਅੱਖਾਂ ਨੂੰ ਆਰਾਮ ਦੇਣ ਲਈ। ਫੁੱਲਾਂ ਦੀ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ। ਫੁੱਲਾਂ ਨੂੰ ਦੇਖਣਾ ਤੇ ਮਹਿਸੂਸ ਕਰਨਾ, ਫੁੱਲਾਂ ਨੂੰ ਸੁੰਘਣਾ ਇਹ ਸਭ ਕੁਦਰਤੀ ਵਰਤਾਰੇ ਹਨ ਪਰ ਪਿਛਲੇ ਸਾਲਾਂ ਵਿੱਚ ਇਕ ਨਵਾਂ ਵਿਚਾਰ ਹੋਂਦ ਵਿੱਚ ਆਇਆ ਹੈ ਕਿ ਫੁੱਲਾਂ ਨਾਲ ਗੱਲਾਂ ਕਰਨਾ ਵੀ ਕੁਦਰਤੀ ਵਰਤਾਰਾ ਹੈ।
ਜੀ ਹਾਂ, ਫੁੱਲਾਂ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਫੁੱਲ ਗੱਲਾਂ ਸੁਣਦੇ ਹਨ ਤੇ ਉਸ ਦਾ ਅਸਰ ਵੀ ਕਬੂਲ ਕਰਦੇ ਹਨ ਤੇ ਜਵਾਬ ਵੀ ਦਿੰਦੇ ਹਨ। ਜੇ ਤੁਸੀਂ ਫੁੱਲਾਂ ਜਾਂ ਬੂਟਿਆਂ ਨਾਲ ਕਿਸੇ ਨੂੰ ਗੱਲਾਂ ਕਰਦੇ ਦੇਖੋਂ ਤਾਂ ਤੁਸੀਂ ਉਸ ਨੂੰ ਇਹ ਉਸ ਦਾ ਪਾਗਲਪਨ ਕਹੋਂਗੇ ਪਰ ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਫੁੱਲਾਂ ਪੌਦਿਆਂ ਨਾਲ ਗੱਲਾਂ ਕਰਦੇ ਹਨ। ਫੁੱਲਾਂ ਨਾਲ ਗੱਲਾਂ ਕਰਨ ਵਾਲਿਆਂ ਵਿੱਚ ਸਭ ਤੋਂ ਉਪਰ ਨਾਂ ਬ੍ਰਤਾਨੀਆ ਦੇ ਰਾਜਕੁਮਾਰ ਚਾਰਲਸ ਦਾ ਆਉਂਦਾ ਹੈ। ਪਰਿੰਸ ਚਾਰਲਸ ਕਈ ਵਾਰ ਟੈਲੀਵੀਯਨ ਉਪਰ ਮੰਨ ਚੁੱਕਾ ਹੈ ਕਿ ਉਹ ਅਕਸਰ ਬੂਟਿਆਂ ਨਾਲ ਗੱਲਾਂ ਕਰਦਾ ਹੈ। ਉਹ ਹੀ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਇਹਨਾਂ ਨਾਲ ਗੱਲਾਂ ਕਰਦੇ ਹਨ। ਇਸ ਬਾਰੇ ਬਹੁਤ ਸਾਰੇ ਲੇਖ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ ਤੇ ਯੂਟਿਊਬ 'ਤੇ ਵੀ ਬਹੁਤ ਸਾਰੇ ਵੀਡਿਓ ਉਪਲਭਧ ਹਨ।
ਇਹ ਗੱਲ ਤਾਂ ਬਹੁਤ ਦੇਰ ਦੀ ਸਿੱਧ ਹੋ ਚੁੱਕੀ ਹੈ ਕਿ ਬਨਸਪਤੀ ਵਿੱਚ ਵੀ ਜਾਨ ਹੁੰਦੀ ਹੈ ਪਰ ਹੁਣ ਤੱਕ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਬਨਸਪਤੀ ਭਾਵ ਫੁੱਲ, ਪੌਦੇ, ਦਰਖਤ ਆਦਿ ਬੰਦੇ ਵਾਂਗ ਹੀ ਮਹਿਸੂਸ ਕਰਦੇ ਹਨ। ਦੁੱਖ, ਸੁੱਖ ਤੇ ਦਰਦ ਇਹਨਾਂ ਦੇ ਹਿੱਸੇ ਵੀ ਆਉਂਦੇ ਹਨ। ਮਨੀ ਪਲਾਂਟ ਨਾਂ ਦੀ ਇਕ ਵੇਲ ਹੈ ਜੋ ਆਮ ਘਰਾਂ ਵਿੱਚ ਲਾਈ ਜਾਂਦੀ ਹੈ, ਇਸ ਬਾਰੇ ਕਿਹਾ ਜਾਂਦਾ ਹੈ ਕਿ ਜੇ ਘਰ ਵਿੱਚ ਖੁਸ਼ੀ ਹੋਵੇ ਤਾਂ ਇਹ ਵਧਦੀ ਫੁੱਲਦੀ ਹੈ ਜੇ ਘਰ ਵਿੱਚ ਗਮੀ ਹੋਵੇ ਤਾਂ ਇਹ ਸੁਕਣ ਲਗਦੀ ਹੈ, ਇਸ ਮਨੀ ਪਲਾਂਟ ਦੀ ਵੇਲ ਦਾ ਸੱਚ ਬਹੁਤ ਸਾਰੇ ਦੋਸਤਾਂ ਨੇ ਅਜਮਾਇਆ ਹੋਇਆ ਹੈ। ਮਨੀ ਪਲਾਂਟ ਵਾਲੀ ਗੱਲ ਬਹੁਤ ਸਾਲ ਪਹਿਲਾਂ ਮੈਂ ਆਪਣੀ ਇਕ ਕਹਾਣੀ ਵਿੱਚ ਵਰਤੀ ਸੀ। ਹੁਣ ਫੁੱਲਾਂ ਬਾਰੇ ਹੋਰ ਸਟੱਡੀਜ਼ ਜਾਂ ਖੋਜਾਂ ਸਾਹਮਣੇ ਆ ਰਹੀਆਂ ਹਨ। ਫੁੱਲਾਂ ਨਾਲ ਗੱਲਾਂ ਕਰਨੀਆਂ, ਇਹਨਾਂ ਨੂੰ ਸਹਿਲਾਉਣਾ ਇਹਨਾਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਤੈਲਾਵੀਵ ਯੂਨੀਵਰਸਟੀ ਦੇ ਸਾਇੰਸਦਾਨਾਂ ਨੇ ਲੱਭਿਆ ਹੈ ਕਿ ਫੁੱਲ ਕਿਸੇ ਬੂਟੇ ਲਈ ਕੰਨ ਬਣ ਕੇ ਸੁਣ ਸਕਦੇ ਹਨ। ਉਹਨਾਂ ਨੇ ਇਹ ਖੋਜ ਕੀਤੀ ਹੈ ਕਿ ਮਧੂਮੱਖੀ ਦੀ ਬੱਜ਼ ਜਾਂ ਭਿਣ-ਭਿਣ ਦਾ ਫੁੱਲ ਜਵਾਬ ਦਿੰਦੇ ਹਨ, ਇਸ ਨਾਲ ਫੁੱਲਾਂ ਸੁਹਜਤਾ ਤੇ ਮਿਠਾਸ ਵੀ ਪੈਦਾ ਹੁੰਦੀ ਹੈ। ਇਸ ਮਾਮਲੇ ਵਿੱਚ ਖੋਜ ਕਰਨ ਵਾਲਿਆਂ ਨੇ ਸ਼ਹਿਦ ਦੀਆਂ ਮੱਖੀਆਂ ਦੀ ਭਿਣ-ਭਿਣ ਦੀ ਆਵਾਜ਼ ਦੀ ਆਡੀਓ ਫੁੱਲਾਂ ਕੋਲ ਵਜਾਈ ਤਾਂ ਫੁੱਲ ਇਸ ਦਾ ਅਸਰ ਕਬੂਲ ਕਰਨ ਲੱਗੇ। ਇਸ ਆਵਾਜ਼ ਦਾ ਤਿੰਨ ਮਿੰਟ ਵਿੱਚ ਫੁੱਲਾਂ ਉਪਰ ਅਸਰ ਹੋਣਾ ਸ਼ੁਰੂ ਹੋ ਗਿਆ, ਇਸ ਨਾਲ ਫੁੱਲਾਂ ਦੀ ਖੁਸ਼ਬੂ, ਮਿਠਾਸ, ਰੰਗਤ ਵਿੱਚ ਵਾਧਾ ਹੋ ਗਿਆ। ਪਰੋਫੈਸਰ ਮੈਡਮ ਲਿਲਾਚ ਹੈਡਨੇ ਦਾ ਕਹਿਣਾ ਹੈ ਕਿ ਬੂਟਿਆਂ ਉਪਰ ਗਲਬਾਤ ਦਾ ਅਸਰ ਹੁੰਦਾ ਹੈ। ਇਹ ਵੀ ਸਿੱਧ ਕੀਤਾ ਕਿ ਜਦ ਇਹ ਕੋਈ ਆਵਾਜ਼ ਸੁਣਦੇ ਹਨ ਭਾਵ ਇਹਨਾਂ ਦੇ ਨੇੜੇ ਹੋ ਕੇ ਇਹਨਾਂ ਨੂੰ ਕੁਝ ਕਹਿੰਦੇ ਹੋ ਤਾਂ ਬਦਲੇ ਵਿੱਚ ਇਹ ਹਿਲਦੇ ਹਨ ਮਤਲਬ ਉੱਤਰ ਦਿੰਦੇ ਹਨ। ਮੈਡਮ ਹੈਡਨੇ ਦਾ ਕਹਿਣਾ ਹੈ ਕਿ ਜਿਵੇਂ ਆਵਾਜ਼ਾਂ ਫੁੱਲ ਉਪਰ ਸਕਾਰਾਤਮਕ ਅਸਰ ਕਰਦੀਆਂ ਹਨ ਇਵੇਂ ਹੀ ਜ਼ਿਆਦਾ ਸ਼ੋਰ ਨਾਕਾਰਾਤਮਕ ਅਸਰ ਵੀ ਕਰ ਸਕਦਾ ਹੈ।
ਜਿਵੇਂ ਫੁੱਲਾਂ ਪੌਦਿਆਂ ਨੂੰ ਪਾਣੀ, ਧੁੱਪ, ਤਾਪਮਾਨ ਚਾਹੀਦਾ ਹੈ ਇਵੇਂ ਹੀ ਇਹਨਾਂ ਨੂੰ ਛੋਹਣਾ, ਸਹਿਲਾਉਣਾ, ਇਹਨਾਂ ਨਾਲ ਗੱਲਾਂ ਕਰਨੀਆਂ ਇਹਨਾਂ ਦੇ ਵਧਣ ਫੁੱਲਣ ਵਿੱਚ ਮੱਦਦਗਾਰ ਸਿੱਧ ਹੁੰਦੇ ਹਨ। ਜਾਨਵਰਾਂ ਵਾਂਗ ਫੁੱਲ ਵੀ ਪਿਆਰ ਮੁਹੱਬਤ ਤੇ ਧਿਆਨ ਮੰਗਦੇ ਹਨ। ਲੰਡਨ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਲ ਗਾਰਡਨਰ/ਮਾਲੀ ਹਨ ਜੋ ਤੁਹਾਡੇ ਗਾਰਡਨ ਨੂੰ ਸੰਭਾਲਣ ਦੇ ਢੇਰ ਸਾਰੇ ਪੈਸੇ ਲੈਂਦੇ ਹਨ ਪਰ ਇਹਨਾਂ ਵਿੱਚੋਂ ਉਹਨਾਂ ਮਾਲੀਆਂ ਜਾਂ ਗਾਰਡਨਰਜ਼ ਦੇ ਬਗੀਚੇ ਜ਼ਿਆਦਾ ਭਰੇ-ਭਰੇ ਹੁੰਦੇ ਹਨ ਜੋ ਇਹਨਾਂ ਨੂੰ ਸੰਭਾਲਦੇ ਸਮੇਂ ਬੂਟਿਆਂ ਫੁੱਲਾਂ ਨਾਲ ਗੱਲਾਂ ਵੀ ਕਰਦੇ ਹਨ। ਇਕ ਹੋਰ ਖੋਜ ਇਹ ਵੀ ਦਸਦੀ ਹੈ ਕਿ ਫੁੱਲ ਔਰਤਾਂ ਦੀ ਆਵਾਜ਼ ਨੂੰ ਜ਼ਿਆਦਾ ਪਸੰਦ ਕਰਦੇ ਹਨ, ਸ਼ਾਇਦ ਇਸ ਕਰਕੇ ਕਿ ਔਰਤ ਦੀ ਆਵਾਜ਼ ਵਿੱਚ ਨਿਸਬਤਨ ਵਧੇਰੇ ਨਾਜ਼ੁਕਤਾ ਹੁੰਦੀ ਹੈ।
ਮੇਰਾ ਵੀ ਫੁੱਲਾਂ ਨਾਲ ਬਹੁਤ ਪਿਆਰ ਹੈ। ਇਹ ਪਿਆਰ ਮੈਨੂੰ ਆਪਣੀ ਮਾਂ ਵਲੋਂ ਮਿਲਿਆ ਹੈ, ਮੇਰੀ ਮਾਂ ਦੇ ਮਨ ਭਾਉਂਦੇ ਸਤਵਰਗ ਦੇ ਫੁੱਲ ਸਨ। ਮੈਂ ਇੰਗਲੈਂਡ ਆ ਕੇ ਸਭ ਤੋਂ ਪਹਿਲਾਂ ਆਪਣੇ ਬਗੀਚੇ ਵਿੱਚ ਸਤਵਰਗ ਦੇ ਫੁੱਲ ਹੀ ਲਾਏ ਸਨ ਤੇ ਇਹ ਸਾਲਾਂ ਦੇ ਸਾਲਾਂ ਦਾ ਸਿਲਸਿਲਾ ਚਲਿਆ ਆ ਰਿਹਾ ਹੈ। ਦੂਜੇ ਉਸ ਦੇ ਮਨਭਾਉਂਦੇ ਫੁੱਲ ਸਨ, ਦੁਪਹਿਰ ਖਿੜੀ ਦੇ ਫੁੱਲ। ਇਹ ਨਿੱਕੇ ਨਿੱਕੇ ਫੁੱਲ ਬਹੁਤ ਹੀ ਪਿਆਰੇ ਹੁੰਦੇ ਹਨ ਪਰ ਇਹਨਾਂ ਨੂੰ ਮੈਂ ਇਥੇ ਲਾ ਨਹੀਂ ਸਕਿਆ, ਜ਼ਮੀਨ ਦਾ ਫਰਕ ਵੀ ਹੋ ਸਕਦਾ ਹੈ। ਦੂਜਾ ਮੇਰਾ ਪਿਆਰ ਗੁਲਾਬ ਦੇ ਫੁੱਲ ਹਨ। ਗੁਲਾਬ ਦੀਆਂ ਤਾਂ ਬਹੁਤ ਸਾਰੀਆਂ ਕਿਸਮਾਂ ਹਨ। ਗੁਲਾਬਾਂ ਬਾਰੇ ਖੋਜ ਕਰਦਿਆਂ ਇਕ ਦਿਨ ਮੈਨੂੰ ਪਤਾ ਲੱਗਾ ਸੀ ਕਿ ਕਾਲੇ ਰੰਗ ਦੇ ਗੁਲਾਬ ਵੀ ਹੁੰਦੇ ਹਨ। ਗੁਲਾਬਾਂ ਦੇ ਕਾਲੇ ਰੰਗ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਆਪਣੇ ਇਕ ਨਾਵਲ ਦਾ ਨਾਂ 'ਕਾਲੇ ਰੰਗ ਗੁਲਾਬਾਂ ਦੇ' ਰੱਖਿਆ ਸੀ। ਪਿਛਲੇ ਸਾਲ ਮੈਂ ਸੂਰਜ ਮੁਖੀ ਦੇ ਕੁਝ ਬੂਟੇ ਲਾ ਲਏ ਸਨ, ਉਹ ਅੱਠ-ਅੱਠ ਫੁੱਟ ਉਚੇ ਹੋ ਗਏ, ਵੱਡੇ ਵੱਡੇ ਫੁੱਲ ਸਾਰਾ ਦਿਨ ਸੂਰਜ ਦੇ ਨਾਲ ਨਾਲ ਘੁੰਮਦੇ ਰਹਿੰਦੇ ਤੇ ਵੱਡੇ ਵੱਡੇ ਫੁੱਲ ਕੰਧ ਉਪਰ ਦੀ ਬੰਦਿਆਂ ਵਾਂਗ ਝਾਕਦੇ ਰਹਿੰਦੇ। ਮੈਨੂੰ ਉਹਨਾਂ ਤੋਂ ਉਕਤਾਹਟ ਹੱਣ ਲਗੀ ਸੀ ਇਸੇ ਕਾਰਨ ਇਸ ਵਾਰ ਮੈਂ ਸੂਰਜਮੁਖੀ ਦੇ ਫੁੱਲ ਨਹੀਂ ਲਾਏ।
ਮੇਰਾ ਇਕ ਤਜਰਬਾ ਹੋਇਆ ਹੈ ਕਿ ਫੁੱਲ ਬੱਚਿਆਂ ਨੂੰ ਬਹੁਤ ਪਸੰਦ ਕਰਦੇ ਹਨ। ਮੇਰੀ ਦੋਹਤੀ ਵਾਰਾ ਇਕ ਦਿਨ ਫੁੱਲਾਂ ਉਪਰ ਹੱਥ ਫੇਰ ਰਹੀ ਸੀ, ਇਹਨਾਂ ਵਿੱਚੋਂ ਹਾਲੇ ਇਕ ਫੁੱਲ ਹੀ ਖਿੜਿਆ ਸੀ ਬਾਕੀ ਦੇ ਹਾਲੇ ਡੋਡੀਆਂ ਜਿਹੇ ਸਨ, ਖਿੜੇ ਨਹੀਂ ਸਨ। ਵਾਰਾ ਨੇ ਜਿਹੜਾ ਖਿੜਿਆ ਹੋਇਆ ਫੁੱਲ ਸੀ ਉਹ ਤੋੜ ਲਿਆ, ਦੂਜੇ ਦਿਨ ਸਾਰੇ ਦੇ ਸਾਰੇ ਫੁੱਲ ਖਿੜੇ ਹੋਏ ਸਨ, ਜ਼ਰੂਰ ਇਹ ਬੱਚੀ ਦੀ ਛੂਹ ਦਾ ਅਸਰ ਸੀ, ਮੈਂ ਇਹ ਗੱਲ ਡਾ ਦੇਵਿੰਦਰ ਕੌਰ ਦੱਸੀ ਤਾਂ ਉਸ ਨੇ ਇਕ ਬਹੁਤ ਖੂਬਸੂਰਤ ਕਵਿਤਾ ਲਿਖੀ, 'ਜਦ ਫੁੱਲ ਨੇ ਫੁੱਲ ਤੋੜਿਆ'। ਮੇਰਾ ਛੋਟਾ ਜਿਹਾ ਦੋਹਤਾ ਆਰਵ ਫੁੱਲਾਂ ਨੂੰ ਬਹੁਤ ਪਿਆਰ ਨਾਲ ਸੁੰਘਿਆ ਕਰਦਾ ਹੈ, ਸ਼ਾਇਦ ਮੇਰਾ ਵਹਿਮ ਹੀ ਹੋਵੇ, ਜਦ ਆਰਵ ਉਹਨਾਂ ਨੂੰ ਸੁੰਘਣ ਲਗਦਾ ਹੈ ਤਾਂ ਫੁੱਲ ਉਸ ਦੇ ਹੋਰ ਨੇੜੇ ਨੂੰ ਹੋ ਜਾਂਦੇ ਹਨ।
ਫੁੱਲਾਂ ਦਾ ਪ੍ਰੇਮੀਆਂ ਨਾਲ ਵੀ ਬਹੁਤ ਨੇੜਲਾ ਨਾਤਾ ਹੈ। ਬਹੁਤੇ ਪ੍ਰੇਮੀ ਜੋੜੇ ਫੁੱਲਾਂ ਵਿੱਚ ਜਾ ਕੇ ਬੈਠਦੇ ਹਨ। ਪ੍ਰੇਮੀ ਜੋੜਿਆਂ ਦਾ ਆਪਸ ਵਿੱਚ ਪ੍ਰੇਮ ਕਰਨਾ ਜ਼ਰੂਰ ਫੁੱਲਾਂ ਦੇ ਪ੍ਰਫੁੱਲਤ ਹੋਣ ਵਿੱਚ ਸਹਾਈ ਹੁੰਦਾ ਹੋਵੇਗਾ। ਪ੍ਰੇਮੀ ਆਪਸ ਵਿੱਚ ਇਕ ਦੂਜੇ ਨੂੰ ਫੁੱਲ ਦਿੰਦੇ ਹਨ। ਵੈਲਨਟਾਈਨ ਦਾ ਤਾਂ ਸਕੰਲਪ ਹੀ ਫੁੱਲਾਂ ਬਿਨਾਂ ਅਧੂਰਾ ਹੈ।
ਜਿਵੇਂ ਮੈਂ ਦਸਿਆ ਕਿ ਮੈਂ ਵੀ ਆਪਣੇ ਬਗੀਚੇ ਵਿੱਚ ਵਾਹਵਾ ਸਾਰੇ ਫੁੱਲ ਲਾਏ ਹੋਏ ਹਨ ਤੇ ਮੇਰਾ ਕਾਫੀ ਸਾਰਾ ਵਕਤ ਗਾਰਡਨ ਵਿੱਚ ਨਿਕਲਦਾ ਹੈ। ਫੁੱਲਾਂ ਵਿੱਚੋਂ ਘਾਹ ਬੂਟੀ ਕੱਢਣੀ ਜਾਂ ਹੋਰ ਸੰਭਾਲ ਕਰਨੀ ਹੁੰਦੀ ਹੈ। ਮੇਰੀ ਪਤਨੀ ਨੂੰ ਫੁੱਲਾਂ ਨਾਲ ਗੱਲਾਂ ਕਰਨ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। ਉਹ ਫੁੱਲਾਂ ਨਾਲ ਗੱਲਾਂ ਕਰਨ ਵਾਲੇ ਲੋਕਾਂ ਦਾ ਬਹੁਤ ਮਜ਼ਾਕ ਉਡਾਉਂਦੀ ਹੈ। ਕੰਮ ਤੋਂ ਮੁੜਦਾ ਹੀ ਜਦ ਕਾਹਲੀ ਨਾਲ ਮੈਂ ਗਾਰਡਨ ਵੱਲ ਜਾਂਦਾ ਹਾਂ ਤਾਂ ਉਹ ਪੁੱਛਦੀ ਹੈ ਕਿ ਕੀ ਕਿਸੇ ਨੇ ਹਾਕ ਮਾਰੀ ਹੈ। ਫਿਰ ਕਈ ਵਾਰ ਉਹ ਲੁਕ ਲੁਕ ਕੇ ਦੇਖਦੀ ਰਹਿੰਦੀ ਹੈ ਕਿ ਕਿਤੇ ਮੈਂ ਵੀ ਫੁੱਲਾਂ ਨਾਲ ਗੱਲਾਂ ਤਾਂ ਨਹੀਂ ਕਰ ਰਿਹਾ। ਮੈਂ ਸੋਚ ਰਿਹਾ ਹਾਂ ਕਿ ਉਸ ਨੂੰ ਕਿਸੇ ਦਿਨ ਸਮਝਾਵਾਂਗਾ ਕਿ ਜਦ ਆਪਣੇ ਬੱਚੇ ਅਗਾਂਹ ਆਪਣੇ ਪਰਿਵਾਰਾਂ ਵਿੱਚ ਰੁੱਝ ਗਏ ਤੇ ਸਾਡੀਆਂ ਗੱਲਾਂ ਸੁਣਨ ਵਾਲਾ ਕੋਈ ਨਾ ਹੋਇਆ ਤਾਂ ਉਦੋਂ ਇਹ ਫੁੱਲ ਹੀ ਸਾਡੇ ਕੰਮ ਆਉਣਗੇ।
Comments