top of page
  • Writer's pictureਸ਼ਬਦ

ਸਮਾਜਕ ਦੂਰੀ।

ਡਾ ਕਰਨੈਲ ਸ਼ੇਰਗਿੱਲ


ਮੇਰੇ ਡਾਕਟਰ ਪੁੱਤਰ,

ਫ਼ਰੰਟ ਲਾਈਨ ਤੇ,

ਕੋਵਿਡ 19 ਨਾਲ ਲੜਾਈ ਲੜ,

ਜਦੋਂ ਮੈਨੂੰ ਮਿਲਣ ਘਰ ਆਉਂਦੇ ਨੇ,

ਤਾਂ ਘਰ ਦੀ ਸਰਦਲ ਤੇ ਵਾਹੇ ਸਰਕਾਰੀ ਅਸੂਲ,

ਉਹਨਾਂ ਨੂੰ ਬੂਹਿਓਂ ਅੰਦਰ ਵੜਨ ਨਹੀਂ ਦੇਂਦੇ।

ਵਤਨੋ ਜਲਦੀ ਵਾਪਸ ਆ,

ਮੈਂ ਛੁਟੀਆਂ ਛੱਡ ਘਰ ਆਇਆ ਹਾਂ,

ਫ਼ਰੰਟ ਲਾਈਨ ਤੇ ਉਹਨਾਂ ਦਾ ਸਾਥ ਦੇਣ ਲਈ।

ਅੰਦਰ ਖੜਾ ਹੀ ਮੈਂ ਵੇਖ ਸਕਦਾ ਸੀ,

ਉਨ੍ਹਾਂ ਦੇ ਚਿਹਰਿਆਂ ਤੇ ਮਾਸਕਾਂ ਦੇ ਨੀਲ,

ਥੱਕੇ ਸਨ, ਉਦਾਸ ਸਨ।

ਮੌਤਾਂ ਦੇ ਡਰ ਨਾਲ ਸਹਿਮੇ ਸਨ।

ਦਰਵਾਜ਼ੇ ਤੋਂ ਦੋ ਮੀਟਰ ਦੂਰ

ਬੇ ਵਸੀ ਦੇ ਪਾਤਰ ਦੂਰ ਹੀ ਰਹਿ ਗਏ।

ਮੰਮੀ ਅਤੇ ਡੈਡੀ ਨੂੰ

ਜੱਫੀ ਪਾ ਮਿਲਣਾ ਚਾਹੁੰਦੇ ਸਨ।

ਚੁੰਮਣ ਅਤੇ ਪਿਆਰ ਲੈਣਾ ਚਾਹੁੰਦੇ ਸਨ।

ਮੰਮੀ ਨੇ ਉਨ੍ਹਾਂ ਲਈ ਪਕਾਇਆ ਭੋਜਨ,

ਸਰਦਲ ਤੋਂ ਬਾਹਰ ਰੱਖ ਦਿੱਤਾ।

ਭੋਜਨ ਚੁੱਕ ਓਹਨਾਂ ਨੇ ਕਿਹਾ,

ਪਿਤਾ ਜੀ ਤੁਸੀਂ ਵਨਰੇਬਲ ਹੋ,

ਆਪਣੇ ਘਰ ਹੀ ਰਹੋ, ਡਾਕਟਰੀ ਨਹੀਂ ਕਰ ਸਕਦੇ!

ਕਿਰਪਾ ਕਰਕੇ ਸਾਡੇ ਮਗਰ ਨਾ ਆਓ !! ’

ਫਿਰ ਉਹ ਵਾਪਸ ਫ਼ਰੰਟ ਲਾਈਨ ਵੱਲ ਤੁਰ ਗਏ

ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ

ਸਾਡੀਆਂ ਅੱਖਾਂ ਵਿਚ ਹੰਝੂ

ਅਗਲੇ ਗਾਰਡਨ ਵਿਚ ਖਿੜੇ

ਡੈਫੋਡਿਲਜ਼ ਦੇ ਚੇਹਰੇ

ਆਮ ਤੌਰ ਤੇ ਸੂਰਜ ਵੱਲ ਨਜ਼ਰ ਘੁਮਾਉਂਦੇ ਹਨ।

ਪਰ ਅੱਜ ਡੈਫੋਡਿਲਜ਼ ਦੇ ਚਿਹਰੇ

ਮੇਰੇ ਪੁੱਤਰਾਂ ਵਲ ਉਤਨਾ ਚਿਰ ਦੇਖਦੇ ਰਹੇ.

ਜਦ ਤੱਕ ਉਹ ਡਰਾਈਵ ਨੂੰ ਛੱਡ ਨਾ ਗਏ.

ਅਸੀਂ ਦਰਵਾਜ਼ਾ ਬੰਦ ਕਰ ਦਿੱਤਾ.

ਮੇਰੀ ਪਤਨੀ ਰੋ ਲਾਊਂਜ ਵਲ ਨਸ ਗਈ ।

ਅੱਖਾਂ ਦੇ ਅਥਰੂ ਪੂੰਝ ਮੈਂ

ਆਪਣਾ ਵੀ ਡਾਕਟਰੀ ਬੈਗ ਚੁੱਕਿਆ,

ਚੁੱਪ ਜਿਹੇ ਲੇਲੇ ਵਾਂਗ ਸਹਿਮਿਆ,

ਪੁੱਤਰਾਂ ਵਾਂਗ ਫ਼ਰੰਟ ਲਾਈਨ ਵਲ ਤੁਰ ਪਿਆ।


ਅਧੂਰੀ ਕਵਿਤਾ 28\6\2020

ਮੈਂ ਇਸ ਅਧੂਰੀ ਕਵਿਤਾ ਨੂੰ

ਲਿਖਦਾ ਤੇ ਸੋਧਦਾ ਰਹਾਂਗਾ,

ਜਦੋਂ ਤੱਕ, ਇਹ ਸੰਪੂਰਨ ਨਹੀਂ ਹੋ ਜਾਂਦੀ,

ਜਾਂ ਜਦ ਤੱਕ ਮੇਰੀ ਕਲਮ ਦੀ,

ਸਿਆਹੀ ਨਹੀ ਮੁੱਕਦੀ।

ਸ਼ਾਇਦ ਇਹ,

ਉਹ ਹੀ ਖੰਭਾਂ ਵਾਲੀ ਕਲਮ ਹੈ,

ਜੋ ਤੂੰ ਮੈਨੂੰ ਪੂਰਬਲੇ ਜਨਮ ਦਿੱਤੀ ਸੀ,

ਤੇ ਉਹ ਅਤਰ ਚ ਭਿਜਿਆ ਰੁੱਕਾ,

ਜਿਸ ਉਪਰ ਲਿਖੀ ਪਹਿਲੀ ਸਤਰ ਸੀ,

"ਮੇਰੀ ਜ਼ਿੰਦਗੀ ਦੀ ਪਰਿਕਰਮਾ

ਤੇਰੇ ਤੋਂ ਸ਼ੁਰੂ ਹੋ ਕੇ ਤੇਰੇ ਤੇ ਖਤਮ ਹੋਵੇਗੀ "|

ਇਸ ਜਨਮ ਮੈਂ ਤੇਰੇ ਪੂਰਬਲੇ ਕਹੇ ਲਫ਼ਜ਼ਾਂ ਨੂੰ

ਨਿਹਾਰਦਾ ਰਹਿੰਦਾ ਹਾਂ,

ਕਿ ਮੇਰੀ ਕਵਿਤਾ ਅਜੇ ਅਧੂਰੀ ਹੈ

ਤੇਰੇ ਬੋਲੇ ਵਚਨਾਂ ਦਾ ਅਰਥ

ਮੈਂ ਅੱਜ ਤਕ ਵੀ ਜਾਣ ਨਹੀਂ ਸਕਿਆ|

ਓਹ ਖੰਭਾਂ ਵਾਲੀ ਕਲਮ

ਤੇ ਸਿਆਹੀ ਦੇ ਪਹਿਲੇ ਤੋਂ

ਆਖਰੀ ਤੁਪਕੇ ਤੱਕ ਦਾ ਸਫ਼ਰ,

ਮੇਰੀ ਇਸ ਅਧੂਰੀ

ਕਵਿਤਾ ਦਾ ਸਫ਼ਰ ਹੀ ਤਾਂ ਹੈ|

ਸਿਆਹੀ ਦੀ ਆਖਰੀ ਬੂੰਦ

ਤੇ ਮੇਰੀ ਅਧੂਰੀ ਕਵਿਤਾ ਨੂੰ ,

ਤੇਰੇ ਮਕਬਰੇ ਚ ਰੱਖ ਆਇਆਂ ਹਾਂ।

ਜੈ ਕਦੇ ਜਾਗ ਪਈ ਤਾਂ

ਤਾਂ ਇਸ ਅਧੂਰੀ ਕਵਿਤਾ ਨੂੰ,

ਸਿਆਹੀ ਦੇ ਆਖਰੀ ਤਿਪਕੇ ਨਾਲ

ਤੇ ਖੰਭ ਵਾਲੀ ਕਲਮ ਨਾਲ

ਸ਼ਿੰਗਾਰ ਕੇ ਸੰਪੂਰਨ ਕਰ ਦੇਣਾ।

ਇਸ ਬਹਾਨੇ

ਮੈ ਇਸ ਪੂਰਨ ਕਵਿਤਾ ਨੂੰ

ਤੇਰੀ ਦਰਗਾਹੇ

ਤੁਰੰਨਮ ਵਿੱਚ ਗਾਣ ਲਈ

ਜ਼ਰੂਰ ਆਵਾਂਗਾ,

ਬੱਸ ਤੂੰ ਥੋੜਾ ਚਿਰ

ਹੋਰ ਜਾਗਦੀ ਰਹੀਂ

ਇੰਤਜ਼ਾਰ ਕਰਦੀ ਰਹੀਂ

bottom of page