ਕੇਸੂ ਦਾ ਫੁੱਲ / ਪ੍ਰੋ ਗੁਰਮੇਲ ਸਿੱਧੂ
ਉਸ ਨੇ ਮਹੁੱਬਤੀ ਵਸੀਅਤ 'ਚ
ਕੁਝ ਦੋਸਤਾਂ ਦੇ
ਨਾਂ ਲਿਖੇ ਆ
ਉਹ ਦੀਵਾਲੀ ਦੀ ਰਾਤ ਵਾਂਗ
ਜਗਮਗਾਉਂਦਾ ਹੈ
ਉਹਦੀਆਂ ਗੱਲਾਂ 'ਚੋਂ
ਹਾਸਿਆਂ ਦੇ ਫੁੱਲ ਖਿੜਦੇ ਆ
ਉਹਦੇ ਚਿਹਰੇ 'ਤੇ ਲਾਲੀ
ਕੇਸੂ ਦੇ ਫੁੱਲ ਵਰਗੀ
ਦੋਸਤੀ ਦੇ ਬੂਟੇ ਲਾਉਣਾ
ਉਸ ਦਾ ਸ਼ੌਂਕ
ਉਹ ਦੋਸਤੀ ਨੂੰ ਸਲਾਮ ਕਰਕੇ
ਸੌਂਦਾ ਹੈ
ਦੋਸਤੀ ਨੂੰ ਸਲਾਮ ਕਰਦਾ
ਜਾਗਦਾ ਹੈ
ਕੋਈ ਸਿਰਨਾਵਾਂ ਨਹੀਂ
ਸਵੇਰੇ ਚੰਡੀਗੜ੍ਹ ਤੇ
ਆਥਣੇ ਪਟਿਆਲੇ
ਪਤਾ ਨਹੀਂ ਕਿਹੜੇ ਸ਼ਹਿਰੋਂ ਉਸ ਨੇ
ਸੂਰਜ ਵਾਂਗ ਉਗ ਪੈਣਾ ਹੈ
ਉਸ ਦਾ ਅਹਿਸਾਸ
ਚਿਰਾਗਾਂ ਵਾਂਗ ਬੁਝੇ ਦੋਸਤਾਂ ਨੂੰ
ਲਟ ਲਟ ਬਾਲਣ ਲਾ ਦਿੰਦਾ ਹੈ
ਉਸ ਦੀ ਦੋਸਤੀ 'ਚ ਹਿਨੋਰੇ ਨਹੀਂ
ਸਲਾਮਤੀ ਹੈ
ਬੜੇ ਦਿਨ ਆਏ ਤੇ ਗਏ
ਛੋਟੀਆਂ ਵੱਡੀਆਂ ਰਾਤਾਂ
ਆਈਆਂ ਤੇ ਗਈਆਂ
ਕਦੇ ਪਰਵਾਹ ਨਾ ਕੀਤੀ
ਕਦੇ ਪਿੱਛੇ ਮੁੜ ਕੇ ਨਾ ਦੇਖਿਆ
ਸ਼ੂਕਦੇ ਦਰਿਆਵਾਂ ਦੇ ਪਾਣੀ
ਠੰਡੇ ਨਹੀਂ ਹੁੰਦੇ
ਮਨ ਭਾਉਂਦੇ ਦਿਨਾਂ ਤੇ ਰਾਤਾਂ ਨੂੰ
ਉਹ ਹਿੱਕ ਨਾਲ ਲਾਕੇ ਸੌਂਦਾ ਹੈ
ਮਲੇਰਕੋਟਲੇ ਤੋਂ ਤੁਰਨ ਵੇਲੇ
'ਹਾਅ ਦਾ ਨਾਅਰਾ'
ਜੇਬ੍ਹ 'ਚ ਪਾ ਲਿਆ ਸੀ
ਪੰਜਾਬ ਯੂਨੀਵਰਸਟੀ 'ਚ
ਉਸ ਨੇ ਦੋਸਤੀ ਦੀ ਧੂਣੀ ਲਾਈ ਹੈ
ਦੁਨੀਆ ਦੇ ਹਰ ਮੁਲਕ 'ਚ ਬੈਠੇ
ਦੋਸਤਾਂ ਦੀਆਂ ਅੱਖਾਂ 'ਚੋਂ
ਤੁਸੀਂ ਉਸ ਦਾ ਸਿਰਨਾਵਾਂ ਪੜ੍ਹ ਸਕਦੇ ਹੋ
ਵੈਸੇ ਉਸ ਦਾ ਆਪਣਾ ਕੋਈ ਘਰ ਨਹੀਂ ਹੈ
ਆਪਣਾ ਕੋਈ ਸ਼ਹਿਰ ਨਹੀਂ ਹੈ
ਉਹ ਤੁਰਦਾ ਫਿਰਦਾ ਸ਼ਾਇਰ ਹੈ
ਉਸ ਦੀ ਪਹਿਲੀ ਮੁਹੱਬਤ-ਪੰਜਾਬ
ਉਸ ਦੀ ਪਹਿਲੀ ਮੁਹੱਬਤ-ਪੰਜਾਬੀ
ਉਹ ਢਲ਼ਦਿਆਂ ਪਰਛਾਵਿਆਂ ਦੀ
ਉਡੀਕ ਨਹੀਂ ਕਰਦਾ
ਤੁਹਾਨੂੰ ਗੱਲੀਂ ਲਾ ਕੇ
ਆਪਣੀ ਸੁਣਾ ਕੇ ਤੁਰ ਜਾਏਗਾ
ਉਹਦੀਆਂ ਗੱਲਾਂ 'ਚੋਂ
ਹਾਸਿਆਂ ਦੇ ਫੁੱਲ ਖਿੜਦੇ ਆ
ਉਸ ਦੇ ਚਿਹਰੇ ਦੀ ਲਾਲੀ
ਕੇਸੂ ਦੇ ਫੁੱਲ ਵਰਗੀ
ਉਹਦੀ ਮੁੱਹਬਤੀ ਵਸੀਅਤ 'ਚ
ਕੁਝ ਦੋਸਤਾਂ ਦੇ ਨਾਂ ਲਿਖੇ ਆ
ਉਹ ਕਿਸੇ ਵੀ ਸ਼ਹਿਰੋਂ ਸੂਰਜ ਵਾਂਗ ਉਗ ਪੈਂਦਾ ਹੈ।
Comments