top of page
  • Writer's pictureਸ਼ਬਦ

ਤਾਂਤਰਿਕਤਾ: ਇਕ ਸੰਪੂਰਨ ਕਾਰੋਬਾਰ /

ਹਰਜੀਤ ਅਟਵਾਲ /


ਆਪਣੀ ਗੱਲ ਕਹਿਣ ਤੋਂ ਪਹਿਲਾਂ ਯੂਕੇ ਆਏ ਚਮਨ ਲਾਲ ਦੀ ਕਹਾਣੀ ਸੁਣਾਉਣੀ ਚਾਹਾਂਗਾ ਜੋ ਮੇਰੇ ਨਾਲ ਨਾਰਜ਼ ਹੋ ਗਿਆ ਸੀ। ਉਹਨਾਂ ਦਿਨਾਂ ਵਿੱਚ ਲੰਡਨ ਦੀ ਐਕਟਨ ਲੇਨ ‘ਤੇ ਮੇਰਾ ਸਟੋਰ ਹੁੰਦਾ ਸੀ। ਚਮਨ ਲਾਲ ਪੰਜਾਬ ਵਿੱਚ ਹੱਥ ਦੇਖਣ ਅਤੇ ਕਿਸਮਤ ਨੂੰ ਸਿੱਧੀ ਕਰਨ ਦੇ ਉਪਾਅ ਦੱਸਣ ਦਾ ਕੰਮ ਕਰਦਾ ਸੀ। ਇਥੇ ਵੀ ਇਹੋ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਇਸ ਕੰਮ ਲਈ ਮੇਰੇ ਸਟੋਰ ਵਿੱਚ ਇਕ ਕੋਨਾ ਮੰਗਦਾ ਸੀ ਜਿਸ ਦੇ ਬਦਲੇ ਵਿੱਚ ਉਹ ਮੈਨੂੰ ਚੋਖਾ ਕਿਰਾਇਆ ਦੇਣ ਨੂੰ ਤਿਆਰ ਸੀ। ਮੈਂ ਸਾਰੀ ਉਮਰ ਵਹਿਮਾਂ-ਭਰਮਾਂ ਦੇ ਖਿਲਾਫ ਰਿਹਾ ਹਾਂ ਸਗੋਂ ਇਹਨਾਂ ਦੇ ਖਿਲਾਫ ਲੜਦਾ ਰਿਹਾ ਹਾਂ, ਹੁਣ ਉਸ ਦੀ ਗੱਲ ਕਿਵੇਂ ਮੰਨ ਸਕਦਾ ਸਾਂ। ਮੈਂ ਨਾਂਹ ਕਰ ਕੇ ਉਸ ਦੀ ਨਾਰਜ਼ਗੀ ਸਹੇੜਨੀ ਬਿਹਤਰ ਸਮਝੀ। ਵੈਸੇ ਕਿਸਮਤ ਦੱਸਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਲੰਡਨ ਵਿੱਚ ਹੱਥ ਦੇਖਣ ਦਾ ਸਿਲਸਿਲਾ ਭਾਟੜਾ ਬਰਾਦਰੀ ਨੇ ਪਿਛਲੀ ਸਦੀ ਦੇ ਪੰਜਾਹਵਿਆਂ ਵਿੱਚ ਸ਼ੁਰੂ ਕੀਤਾ ਸੀ। ਉਹ ਲੋਕਾਂ ਦੇ ਘਰੀਂ ਜਾ ਕੇ ਜਾਂ ਤੁਰੇ ਜਾਂਦੇ ਕਿਸੇ ਗੋਰੇ-ਗੋਰੀ ਨੂੰ ਫਸਾ ਲੈਂਦੇ ਪਰ ਉਹਨਾਂ ਦੀ ਫੀਸ ਬਹੁਤੀ ਨਹੀਂ ਸੀ ਹੁੰਦੀ, ਬਸ ਚਾਹ-ਪਾਣੀ ਜੋਗੀ ਹੀ। ਉਸ ਦੇ ਮੁਕਾਬਲੇ ਅੱਜ ਕਿਸਮਤ ਦੇਖਣ ਵਾਲਿਆਂ ਤੇ ਮਾੜੀ ਕਿਸਮਤ ਦੇ ਉਪਾਅ ਕਰਨ ਦਾ ਇਕ ਪੂਰਾ ਧੰਦਾ ਹੈ। ਹੱਥ ਦੇਖਣ ਵਾਲੇ ਪੰਜਾਹ ਤੋਂ ਲੈ ਕੇ ਸੌ ਪੌਂਡ ਤੱਕ ਲੈਂਦੇ ਹਨ, ਇਹ ਫੀਸ ਵਕੀਲ ਦੀ ਫੀਸ ਕੁ ਜਿੰਨੀ ਬਣ ਜਾਂਦੀ ਹੈ। ਇਹ ਇਕ ਅਜਿਹਾ ਧੰਦਾ ਹੈ ਜਿਸ ਵਿੱਚ ਖਰਚ ਬਹੁਤ ਹੀ ਘੱਟ ਤੇ ਨਿਰੀ ਆਮਦਨ ਹੀ ਆਮਦਨ। ਪਹਿਲੀਆਂ ਵਿੱਚ ਗਲੋਬ ਰਾਹੀਂ ਜਿਹੜੀ ਮੈਡਮ ਕਿਸਮਤ ਦੱਸਿਆ ਕਰਦੀ ਸੀ ਉਸ ਤੋਂ ਹੱਥ ਦੇਖਣ ਦੀ ਪ੍ਰਕਿਰਿਆ ਕੁਝ ਭਿੰਨ ਹੈ।

ਜਿਵੇਂ ਜਿਵੇਂ ਯੂਕੇ ਵਿੱਚ ਜਾਂ ਪੱਛਮ ਦੇ ਹੋਰਨਾਂ ਮੁਲਕਾਂ ਵਿੱਚ ਵੀ ਸਾਡੇ ਲੋਕਾਂ ਦੀ ਗਿਣਤੀ ਵਧਦੀ ਰਹੀ ਹੈ, ਇਹਨਾਂ ਨਜੂਮੀਆਂ ਦੀ ਗਿਣਤੀ ਵੀ ਵੱਡੀ ਹੁੰਦੀ ਗਈ ਹੈ। ਗਿਣਤੀ ਹੀ ਨਹੀਂ ਵੱਡੀ ਹੋਈ ਬਲਕਿ ਉਹਨਾਂ ਦੀਆਂ ਸ਼ਕਤੀਆਂ ਜਾਂ ਗੁਣਾਂ ਦਾ ਵਾਧਾ ਵੀ ਹੁੰਦਾ ਜਾ ਰਿਹਾ ਹੈ। ਮੇਰੇ ਨਿਪਾਲੀ ਦੋਸਤ ਅਮਰ ਗੁਰੰਗ ਦਾ ਮੁੰਡਾ ਬਿਮਾਰ ਸੀ, ਉਹ ਡਾਕਟਰ ਨਾਲੋਂ ਅਜਿਹੇ ਹੀ ਕਿਸੇ ਤਾਂਤਰਿਕ ਕੋਲ ਜਾ ਫਸਿਆ, ਮੇਰੇ ਲੱਖ ਸਮਝਾਉਣ ‘ਤੇ ਵੀ ਨਾ ਸਮਝਿਆ ਤੇ ਹਜ਼ਾਰ ਪੌਂਡ ਤੋਂ ਵੱਧ ਦਾ ਟੀਕਾ ਲਵਾ ਲਿਆ। ਇਵੇਂ ਹੀ ਮੇਰੇ ਇਕ ਵਾਕਫ ਦੇ ਘਰ ਚੋਰੀ ਹੋ ਗਈ, ਉਹ ਚੋਰ ਦਾ ਪਤਾ ਲਵਾਉਣ ਲਈ ਪੁਲੀਸ ਦੀ ਥਾਂ ਅਜਿਹੇ ਢੋਂਗੀ ਕੋਲ ਜਾਣ ਲੱਗ ਪਿਆ। ਕਿਸੇ ਤਰਾਂ ਪੁਲੀਸ ਨੂੰ ਚੋਰੀ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਆਪ ਹੀ ਉਸ ਤੱਕ ਪਹੁੰਚ ਕੀਤੀ।

ਇਹ ਨਜੂਮੀ ਹੁਣ ਤਰੱਕੀ ਕਰਕੇ ਤਾਂਤਰਿਕਾਂ ਵਿੱਚ ਬਦਲ ਚੁੱਕੇ ਹਨ। ਇਹ ਸਿਰਫ ਹੱਥ ਹੀ ਨਹੀਂ ਦੇਖਦੇ ਜਾਂ ਭਵਿੱਖ ਦਾ ਹੱਲ ਹੀ ਨਹੀਂ ਦੱਸਦੇ ਸਗੋਂ ਇਹ ਭੂਤ-ਚੁਡੇਲਾਂ ਵੀ ਕੱਢਣ ਲੱਗੇ ਹਨ, ਟੂਣੇ-ਟਮਾਣੇ ਤੇ ਤੜੇ-ਤਵੀਤ ਵੀ ਦੇਣ ਲੱਗੇ ਹਨ। ਇਹ ਤਾਂਤਰਿਕਤਾ ਇਸ ਵੇਲੇ ਸੰਪੂਰਨ ਕਾਰੋਬਾਰ ਬਣ ਚੁੱਕਾ ਹੈ। ਯੂਕੇ ਭਰ ਵਿੱਚ ਏਸ਼ੀਅਨ ਅਬਾਦੀ ਵਾਲੇ ਇਲਾਕਿਆਂ ਵਿੱਚ ਇਹਨਾਂ ਤਾਂਤਰਿਕਾਂ ਦੀ ਪੂਰੀ ਤਰਾਂ੍ਹ ਭਰਮਾਰ ਹੈ। ਜਿਸ ਇਲਾਕੇ ਵਿੱਚ ਏਸ਼ੀਅਨਾਂ ਦੀ ਗਿਣਤੀ ਵਧਣ ਲਗਦੀ ਹੈ ਇਹ ਲੋਕ ਵੀ ਜਾ ਕੇ ਆਪਣੀ ਮੋਹੜੀ ਗੱਡ ਦਿੰਦੇ ਹਨ। ਜਿਵੇਂ ਪੰਜਾਬ ਦੇ ਪਿੰਡਾਂ ਵਿੱਚ ਬਾਬਿਆਂ ਤੇ ਹੋਰ ਮੜੀਆਂ ਮਸਾਣਾਂ ਦੀ ਗਿਣਤੀ ਬਹੁਤ ਵਧ ਗਈ ਹੈ ਅਜਿਹਾ ਹੀ ਕੁਝ ਇਧਰ ਵੀ ਹੈ। ਇਸ ਲਈ ਇਹਨਾਂ ਬਾਰੇ ਇਕ ਕਹਾਵਤ ਉਸਰ ਰਹੀ ਹੈ ਕਿ ਹਰ ਗਲੀ ਵਿੱਚ ਪਾਧਾ, ਹਰ ਮੋੜ ‘ਤੇ ਬਾਬਾ।

ਜਿਵੇਂ ਹਰ ਕਾਰੋਬਾਰ ਨੂੰ ਵਧਾਉਣ ਲਈ ਤੁਹਾਨੂੰ ਇਸ਼ਤਿਹਾਰਬਾਜ਼ੀ ਕਰਨੀ ਪੈਂਦੀ ਹੈ ਬਿਲਕੁਲ ਇਸੇ ਤਰਾਂ੍ਹ ਹੀ ਇਸ ਧੰਦੇ ਵਿੱਚ ਵੀ ਹੈ, ਬਲਕਿ ਇਹ ਕਾਰੋਬਾਰ ਤਾਂ ਹੈ ਹੀ ਇਸ਼ਤਿਹਾਰਬਾਜ਼ੀ ਦੇ ਸਿਰ ‘ਤੇ। ਹਰ ਏਸ਼ੀਅਨ ਅਖ਼ਬਾਰ ਵਿੱਚ ਹਰ ਰੇਡੀਓ, ਟੈਲੀਵੀਯਨ ਉਪਰ ਇਹਨਾਂ ਦੀਆਂ ਮਸ਼ਹੂਰੀਆਂ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਇਹ ਇਹਨਾਂ ਰੇਡੀਓ-ਟੈਲੀਵੀਯਨ ਉਪਰ ਆਪਣਾ ਘੰਟੇ ਜਾਂ ਦੋ ਘੰਟੇ ਦਾ ਪ੍ਰੋਗਰਾਮ ਹੀ ਖਰੀਦ ਲੈਂਦੇ ਹਨ ਤੇ ਲਾਈਵ ਹੋ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਦੱਸਦੇ ਹਨ। ਇਕ ਅੰਦਾਜ਼ੇ ਮੁਤਾਬਕ ਇਸ ਕਾਰੋਬਾਰ ਵਿੱਚ ਲੱਖਾਂ ਪੌਂਡ ਸਿਰਫ ਇਸ਼ਤਿਹਾਰਬਾਜ਼ੀ ਉਪਰ ਹੀ ਖਰਚੇ ਜਾਂਦੇ ਹੋਣਗੇ। ਮੇਰਾ ਇਕ ਦੋਸਤ ਅਖ਼ਬਾਰ ਕੱਢਦਾ ਸੀ, ਉਹ ਆਪਣੇ ਆਪ ਨੂੰ ਅਗਾਂਹਵਧੂ ਕਹਾਉਂਦਾ ਸੀ ਪਰ ਵਹਿਮ-ਭਰਮ ਫੈਲਾਉਣ ਵਾਲੇ ਇਸ਼ਤਿਹਾਰ ਵਾਹਵਾ ਛਾਪਦਾ ਸੀ। ਮੈਂ ਪੁੱਛਦਾ ਤਾਂ ਉਹ ਕਹਿੰਦਾ ਕਿ ਜੇ ਉਸ ਨੇ ਇਹ ਇਸ਼ਤਿਹਾਰ ਬੰਦ ਕਰ ਦਿੱਤੇ ਤਾਂ ਉਸ ਦੀ ਅਖ਼ਬਾਰ ਵੀ ਬੰਦ ਹੋ ਜਾਵੇਗੀ। ਇਵੇਂ ਹੀ ਰੇਡੀਓ ਤੇ ਟੈਲੀਵੀਯਨ ਵਾਲੇ ਵੀ ਆਖਦੇ ਹਨ। ਜੇ ਇਹ ਲੋਕ ਏਨੇ ਪੈਸੇ ਆਪਣੇ ਕਾਰੋਬਾਰ ਦੀ ਮਸ਼ਹੂਰੀ ਉਪਰ ਖਰਚਦੇ ਹਨ ਤਾਂ ਆਮਦਨ ਵੀ ਤਾਂ ਉਸੇ ਹਿਸਾਬ ਨਾਲ ਹੁੰਦੀ ਹੋਵੇਗੀ। ਇਹ ਵੀ ਗੱਲ ਸੱਚ ਹੈ ਕਿ ਇਹਨਾਂ ਵਿੱਚੋਂ ਸ਼ਾਇਦ ਹੀ ਕੋਈ ਬਣਦਾ ਟੈਕਸ ਦਿੰਦਾ ਹੋਵੇ। ਜਿਸ ਦੇਸ਼ ਵਿੱਚ ਤੁਸੀਂ ਪੈਸੇ ਕਮਾਉਂਦੇ ਹੋ ਉਥੇ ਟੈਕਸ ਦੇਣਾ ਤੁਹਾਡੀ ਸਦਾਚਾਰਕ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਲੋਕਾਂ ਤੋਂ ਟੈਕਸ ਨਾ ਲੈ ਸਕਣ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਇਹਨਾਂ ਦੀ ਆਮਦਨ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਅੱਜਕੱਲ ਪੈਸੇ ਦਾ ਬਹੁਤਾ ਲੈਣ-ਦੇਣ ਕਾਰਡਾਂ ਰਾਹੀਂ ਹੋਣ ਕਰਕੇ ਸ਼ਾਇਦ ਸਰਕਾਰ ਇਹਨਾਂ ਦੀ ਆਮਦਨ ਦਾ ਅੰਦਾਜ਼ਾ ਲਾ ਕੇ ਇਹਨਾਂ ਉਪਰ ਬਣਦਾ-ਜੁੜਦਾ ਟੈਕਸ ਲਾ ਸਕੇ ਤੇ ਇਵੇਂ ਹੀ ਕਿਸੇ ਨਾ ਕਿਸੇ ਤਰਾਂ੍ਹ ਇਸ ਕਾਰੋਬਾਰ ਵਿੱਚ ਸ਼ਾਮਲ ਰਕਮ ਦਾ ਹਿਸਾਬ ਵੀ ਲਾਇਆ ਜਾ ਸਕੇ।

ਲੰਡਨ ਵਿੱਚ ਸੈਟਲ ਹੋ ਚੁੱਕੇ ਤਾਂਤਰਿਕਾਂ ਤੋਂ ਬਿਨਾਂ ਭਾਰਤ ਤੋਂ ਵੀ ਏਦਾਂ ਦੇ ਹੋਰ ਲੋਕ ਲੰਡਨ ਦਾ ਚੱਕਰ ਲਾਉਂਦੇ ਰਹਿੰਦੇ ਹਨ। ਇਕ ਵਾਰ ਪ੍ਰਸਿੱਧ ਹਿਸਾਬਦਾਨ ਸ਼ੁਕੰਤਲਾ ਦੇਵੀ ਵੀ ਰੇਡੀਓ ‘ਤੇ ਪ੍ਰੋਗਰਾਮ ਦਿੰਦੀ ਦਿੰਦੀ ਫਜ਼ੂਲ ਜਿਹੀ ਭਵਿੱਖ ਬਾਣੀ ਵਿੱਚ ਉਲਝਣ ਲੱਗੀ ਸੀ ਪਰ ਉਸ ਦੇ ਫੈਨਜ਼ ਵਲੋਂ ਇਸ ਕਾਰਨ ਉਸ ਦਾ ਵਿਰੋਧ ਹੋਣ ਲਗਿਆ ਸੀ। ਇਕ ਹੋਰ ਔਰਤ ਜੋ ਅੰਕੜਿਆਂ ਰਾਹੀਂ ਭਵਿੱਖਬਾਣੀ ਕਰਦੀ ਸੀ, ਲੌਟਰੀ, ਜਿਹੜੀ ਹਫਤੇ ਵਿੱਚ ਤਿੰਨ ਵਾਰ ਖੇਡੀ ਜਾਂਦੀ ਹੈ, ਦੇ ਨੰਬਰ ਦਿਆ ਕਰਦੀ ਸੀ। ਇਕ ਵਾਰ ਨੰਬਰ ਦੇਣ ਦੇ ਉਹ ਸੱਠ ਪੌਂਡ ਲੈਂਦੀ ਸੀ। ਡੇੜ ਜਾਂ ਦੋ ਪੌਂਡ ਦੀ ਲੌਟਰੀ ਤੇ ਸੱਠ ਪੌਂਡ ਸਹੀਂ ਨੰਬਰ ਲੈਣ ਲਈ ਉਸ ਔਰਤ ਨੂੰ। ਵਹਿਮੀ ਲੋਕ ਇਕੋ ਵਾਰ ਵਿੱਚ ਜੇਬ੍ਹ ਖਾਲੀ ਕਰਾ ਲੈਂਦੇ। ਕਈ ਕਿਸਮ ਦੇ ਢੋਂਗੀ ਬਾਬੇ ਵੀ ਇੰਗਲੈਂਡ ਦਾ ਚੱਕਰ ਮਾਰ, ਦੀਵਾਨ ਲਾ ਕੇ ਵਾਹਵਾ ਪੈਸੇ ਇਕੱਠੇ ਕਰ ਕੇ ਲੈ ਜਾਂਦੇ ਹਨ।

ਇਹਨਾਂ ਤਾਂਤਰਿਕਾਂ ਦੇ ਗਾਹਕ ਗਰੀਬ ਆਦਮੀ ਤੋਂ ਲੈ ਕੇ ਕਰੋੜਪਤੀ ਵੀ ਹੋ ਸਕਦੇ ਹਨ ਪਰ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਗੋਰੇ ਲੋਕ ਇਹਨਾਂ ਦੇ ਬਹੁਤੇ ਗਾਹਕ ਨਹੀਂ ਹਨ। ਸ਼ਾਇਦ ਇਸ ਦਾ ਕਾਰਨ ਕਿ ਗੋਰੇ ਕਿਸਮਤ ਵਿੱਚ ਸਾਡੇ ਜਿੰਨਾ ਯਕੀਨ ਨਹੀਂ ਰੱਖਦੇ। ਬਾਈਬਲ ਵਿੱਚ ਕਿਸਮਤ ਸ਼ਬਦ ਨੂੰ ਨਹੀਂ ਵਿਚਾਰਿਆ ਗਿਆ। ਉਹਨਾਂ ਦੇ ਮੁਕਾਬਲੇ ਅਫਰੀਕਨ ਰੂਹਾਂ, ਬਦਰੂਹਾਂ, ਭੂਤਾਂ, ਚੁੜੇਲਾਂ ਆਦਿ ਵਿੱਚ ਬਹੁਤ ਯਕੀਨ ਰੱਖਦੇ ਹਨ। ਅਸਲ ਵਿੱਚ ਤਾਂ ਵਹਿਮ, ਭਰਮ ਜਾਂ ਭੂਤ-ਪ੍ਰੇਤਾਂ ਦਾ ਤਖੱਈਅਲ ਮਨੁੱਖ ਦੀ ਹੋਂਦ ਦੇ ਸ਼ੁਰੂ ਦੇ ਵਕਤ ਤੋਂ ਹੀ ਬਣਨਾ ਸ਼ੁਰੂ ਹੋ ਗਿਆ ਸੀ। ਦੁਨੀਆ ਦੀਆਂ ਬਹੁਤੀਆਂ ਫੋਕਲੋਰਾਂ ਵਿੱਚ ਪ੍ਰੇਤ ਜਾਂ ਰੂਹ ਦੀ ਹੋਂਦ ਮਿਲਦੀ ਹੈ ਕਿ ਮਰੇ ਹੋਏ ਆਦਮੀ ਜਾਂ ਜਾਨਵਰ ਦੀ ਰੂਹ ਘੁੰਮਦੀ ਫਿਰਦੀ ਜਿਉਂਦੇ ਪ੍ਰਾਣੀਆਂ ਨਾਲ ਟਕਰਾਉਂਦੀ ਰਹਿੰਦੀ ਹੈ, ਜੋ ਦਿਸਦੀ ਤਾਂ ਨਹੀਂ ਪਰ ਮਹਿਸੂਸ ਹੁੰਦੀ ਹੈ। ਇਤਿਹਾਸ ਵਿੱਚ ਹੋਏ ਬਹੁਤੇ ਪੈਗੰਬਰਾਂ ਵਲੋਂ ਕਰਾਮਾਤਾਂ ਅਕਸਰ ਦਿਖਾਈਆਂ ਜਾਇਆ ਕਰਦੀਆਂ ਸਨ ਜਿਹਨਾਂ ਦਾ ਮਕਸਦ ਲੋਕਾਂ ਨੂੰ ਮਗਰ ਲਾਉਣਾ ਹੁੰਦਾ ਸੀ। ਸਮੇਂ ਨਾਲ ਇਹ ਸਭ ਝੂਠੀਆਂ ਨਿਕਲੀਆਂ ਹਨ। ਇਹ ਕਰਾਮਾਤਾਂ ਤਾਂ ਸਭ ਗਲਤ ਨਿਕਲ ਗਈਆਂ ਪਰ ਮਜ਼ੇ ਦੀ ਗੱਲ ਇਹ ਹੈ ਕਿ ਕਰਾਮਾਤਾਂ ‘ਤੇ ਅਧਾਰਤ ਹਰ ਸਾਲ ਕਿੰਨੀਆਂ ਹੀ ਫਿਲਮਾਂ ਬਣਦੀਆਂ ਹਨ ਜੋ ਲੋਹੜੇ ਦੇ ਪੈਸੇ ਕਮਾਉਂਦੀਆਂ ਹਨ ਤੇ ਕਿੰਨੀਆਂ ਹੀ ਕਿਤਾਬਾਂ ਲਿਖੀਆਂ ਜਾਂਦੀਆਂ ਹਨ ਜਿਹਨਾਂ ਨੂੰ ਲੋਕ ਨਿੱਠ ਕੇ ਪੜ੍ਹਦੇ ਹਨ।

ਜਿਵੇਂ ਮੈਂ ਪਹਿਲਾਂ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂਤਰਿਕਤਾ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ। ਕੁਦਰਤ ਦੀਆਂ ਕਰੋਪੀਆਂ ਤੋਂ ਡਰਦਾ ਮਨੁੱਖ ਤਰਾਂ੍ਹ ਤਰਾਂ੍ਹ ਦੇ ਤਰੀਕਿਆਂ ਨਾਲ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਆਇਆ ਹੈ, ਪੂਜਾ-ਪਾਠ ਕਰਕੇ, ਆਪਣੀ ਦੇਹ ਨੂੰ ਦੁੱਖ ਦੇ ਜਾਂ ਰੱਬ ਨੂੰ ਤੋਹਫੇ ਦੇ ਕੇ। ਕਈ ਧਰਮਾਂ ਵਿੱਚ ਤਾਂ ਕੁਝ ਪੈਸਿਆਂ ਨਾਲ ਮੱਥਾ ਟੇਕ ਕੇ ਜਾਂ ਖੜਤਾਲਾਂ ਆਦਿ ਵਜਾ ਕੇ ਰੱਬ ਜਾਂ ਦੇਵੀ-ਦੇਵਤਿਆਂ ਨੂੰ ਖੁਸ਼ ਕਰ ਲਿਆ ਜਾਂਦਾ ਹੈ ਪਰ ਕਈ ਥਾਵਾਂ ‘ਤੇ ਰੱਬ ਨੂੰ ਸਭ ਤੋਂ ਮਹਿੰਗਾ ਤੋਹਫਾ ਪੇਸ਼ ਕੀਤਾ ਜਾਂਦਾ ਹੈ ਭਾਵ ਮਾਨਵ-ਬਲੀ। ਹਾਂ, ਅੱਜ ਦੀ ਦੁਨੀਆ ਦੇ ਕਈ ਭਾਗਾਂ ਵਿੱਚ ਹਾਲੇ ਵੀ ਮਨੁੱਖ ਦੀ ਬਲੀ ਦਿੱਤੀ ਜਾਂਦੀ ਹੈ। ਸਾਡੀ ਪ੍ਰੰਪਰਾ ਵਿੱਚ ਸਤੀ ਦੀ ਰਸਮ ਮਾਨਵ-ਬਲੀ ਹੀ ਤਾਂ ਸੀ। ਵਾਈਕਿੰਗਜ਼ ਦੇ ਵੇਲਿਆਂ ਵਿੱਚ ਸਕੰਡੇਨੇਵੀਅਨ ਦੇਸ਼ਾਂ ਵਿੱਚ ਮਾਨਵ-ਬਲੀ ਆਮ ਪ੍ਰਚੱਲਤ ਸੀ। ਇਸਾਈਆਂ ਦੇ ਆਉਣ ਤੋਂ ਪਹਿਲਾਂ ਉਥੇ ਰੱਬ ਨੂੰ ਖੁਸ਼ ਕਰਨ ਲਈ ਜਵਾਨ ਕੁਆਰੀ ਕੁੜੀ ਦੀ ਬਲੀ ਦਿੱਤੀ ਜਾਂਦੀ ਸੀ। ਬਲੀ ਦੇਣ ਦਾ ਇਹ ਤਰੀਕਾ ਬਹੁਤ ਦਿਲ ਕੰਬਾਊ ਹੁੰਦਾ ਸੀ, ਕੁਆਰੀ ਕੁੜੀ ਨੂੰ ਜਿਉਂਦਿਆਂ ਲੋਕਾਂ ਦੇ ਇਕੱਠ ਵਿੱਚ ਅੱਗ ਲਾ ਕੇ ਜਲ਼ਾ ਦਿੱਤਾ ਜਾਂਦਾ ਸੀ। ਇਸ ਮਾਮਲੇ ਵਿੱਚ ਮੈਂ ਸਿੱਖ ਧਰਮ ਨੂੰ ਸਭ ਤੋਂ ਆਧੁਨਿਕ ਮੰਨਦਾ ਹਾਂ ਜਿਸ ਵਿੱਚ ਕਿਸੇ ਵਹਿਮ-ਭਰਮ ਲਈ ਥਾਂ ਨਹੀਂ ਹੈ। ਸ਼ਾਇਦ ਇਥੇ ਵੀ ਡੇਰਾ ਵੱਡਭਾਗ ਸਿੰਘ ਵਰਗਾ ਅਪਵਾਦ ਹਾਜ਼ਰ ਹੈ। ਮਜ਼ੇ ਦੀ ਗੱਲ ਇਹ ਹੈ ਕਿ ਸਾਊਥਾਲ ਡੇਰਾ ਵੱਡਭਾਗ ਸਿੰਘ ਦੀ ਸ਼ਾਖਾ ਹੈ। ਗਰੀਨਫੋਰਡ ਰੋਡ ਉਪਰ ਬਹੁਤ ਵੱਡਾ ਹਾਲ ਖਰੀਦ ਕੇ ਇਹ ਡੇਰਾ ਬਣਾਇਆ ਹੋਇਆ ਹੈ ਤੇ ਮਨ ਦੀ ਸ਼ਾਂਤੀ ਦੀ ਤਾਲਾਸ਼ ਵਿੱਚ ਅਣਗਿਣਤ ਲੋਕ ਉਥੇ ਜਾਂਦੇ ਹਨ। ਵੈਸੇ ਇਕ ਹੋਰ ਸਿੱਖ ਸੁਮਾਦਾਏ ਦੇ ਲੋਕਾਂ ਵਿੱਚ ਪ੍ਰੇਤ ਆਉਂਦੇ ਮੈਂ ਯੂਟਿਊਬ ‘ਤੇ ਦੇਖੇ ਹਨ।

ਗੱਲ ਕਿਸੇ ਹੋਰ ਪਾਸੇ ਹੀ ਜਾ ਨਿਕਲੀ, ਗੱਲ ਤਾਂ ਤਾਂਤਰਿਕਾਂ ਦੀ ਹੋ ਰਹੀ ਸੀ। ਚਮਨ ਲਾਲ ਜਿਸ ਨੇ ਹੱਥ ਦੇਖਣ ਲਈ ਕੋਈ ਜਗਾਹ ਲੱਭ ਲਈ ਸੀ ਤੇ ਉਸ ਦਾ ਕੰਮ ਵੀ ਬਹੁਤ ਜਲਦੀ ਚਮਕ ਉਠਿਆ। ਉਸ ਨੇ ਜਲਦੀ ਹੀ ਟੈਲੀਵੀਯਨ ਉਪਰ ਇਕ ਘੰਟੇ ਦਾ ਸਲੌਟ ਖਰੀਦ ਕੇ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ। ਇਕ ਵੱਡਾ ਸਾਰਾ ਘਰ ਖਰੀਦ ਕੇ ਉਥੋਂ ਪੁੱਛਾਂ ਦੇਣ ਤੇ ਧਾਗੇ-ਤਬੀਤ ਕਰਨ ਲੱਗਾ ਸੀ। ਕਈ ਵਾਰ ਉਸ ਦੇ ਸੁਝਾਏ ਟੂਣੇ ਵੀ ਲੰਡਨ ਦੇ ਚੁਰੱਸਤਿਆਂ ਵਿੱਚ ਦਿਸ ਜਾਂਦੇ। ...ਇਕ ਦਿਨ ਇਕ ਵੱਡੀ ਮਰਸਡੀਜ਼ ਮੇਰੇ ਸਟੋਰ ਦੇ ਅੱਗੇ ਆ ਕੇ ਰੁਕੀ। ਸ਼ੋਫਰ ਨੇ ਦਰਵਾਜ਼ਾ ਖੋਹਲਿਆ। ਵਿੱਚੋਂ ਸਿਲਕ ਦੀ ਧੋਤੀ ਦੇ ਕੁੜਤੇ ਵਿੱਚ ਵੜਿਆ ਚਮਨ ਲਾਲ ਨਿਕਲਿਆ। ਗਲ਼ ਵਿੱਚ ਕਈ ਕਿਸਮ ਦੀਆਂ ਮਾਲਾਵਾਂ, ਪੈਰੀਂ ਖੜਾਵਾਂ ਤੇ ਚੋਪੜ ਕੇ ਵਾਹੇ ਵਾਲ਼। ਮੇਰੇ ਵੱਲ ਦੇਖ ਕੇ ਵਿਅੰਗ ਨਾਲ ਮੁਸਕ੍ਰਾਇਆ ਜਾਂ ਮੈਨੂੰ ਇਵੇਂ ਲਗਿਆ। ਉਹ ਆਪਣੇ ਨਵੇਂ ਕੰਪਲੈਕਸ ਦੇ ਉਦਘਾਟਨ ਦਾ ਸੱਦਾ-ਪਤਰ ਦੇਣ ਆਇਆ ਸੀ। ਉਸ ਨੇ ਅੰਦਰ ਆ ਕੇ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾਇਆ। ਮੈਂ ਉਸ ਦਾ ਸੱਦਾ ਮਨਜ਼ੂਰ ਕਰਦਾ ਜਾਂ ਨਾ ਪਰ ਸ਼ਿ੍ਰਸਟਾਚਾਰ ਦੇ ਹਿਸਾਬ ਨਾਲ ਉਸ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਸੀ।

Comments


bottom of page