ਇੰਗਲੈਂਡ ਦਾ ਲਾਡਲਾ ਦਰਿਆ: ਥੇਮਜ਼
ਹਰਜੀਟ ਅਟਵਾਲ
ਥੇਮਜ਼ ਦਰਿਆ ਇੰਗਲੈਂਡ ਦਾ ਸਭ ਤੋਂ ਵੱਡਾ ਦਰਿਆ ਹੈ। ਛੋਟੇ ਮੁਲਕ ਵਿੱਚ ਇਹ ਵੱਡਾ ਜਾਪਦਾ ਹੈ ਪਰ ਇਸ ਦੀ ਕੁਲ ਲੰਬਾਈ ਸਿਰਫ ੨੧੫ ਮੀਲ ਜਾਣੀ ਕਿ ੩੪੬ ਕਿਲੋਮੀਟਰ ਹੈ। ਇਸ ਦੇ ਮੁਕਾਬਲੇ ਦਰਿਆ ਨੀਲ ਤੇ ਦਰਿਆ ਐਮਾਜ਼ੋਨ ਦਰਿਆ ਚਾਰ ਹਜ਼ਾਰ ਮੀਲ ਤੋਂ ਵੀ ਵੱਧ ਲੰਮੇ ਹਨ। ਗੰਗਾ ੧੬੯੦ ਮੀਲ ਹੈ ਤੇ ਸਾਡਾ ਸਤਲੁਜ ਹੀ ੮੫੨ ਮੀਲ ਲੰਬਾ ਹੈ। ਪਰ ਥੇਮਜ਼ ਬਹੁਤ ਮਸ਼ਹੂਰ ਦਰਿਆ ਹੈ। ਮੈਂ ਇਸ ਨੂੰ ਇੰਗਲੈਂਡ ਦਾ ਲਾਡਲਾ ਦਰਿਆ ਕਹਿੰਦਾ ਹਾਂ। ਲੰਡਨ ਦੀ ਇਹ ਜੀਵਨ-ਜਾਚ ਦਾ ਹਿੱਸਾ ਹੈ ਕਿਉਂਕਿ ਆਮ ਲੋਕਾਂ ਦੀ ਗੱਲਬਾਤ ਵਿੱਚ ਸਹਿਜੇ ਹੀ ਇਸ ਦੀ ਚਰਚਾ ਆ ਹੀ ਜਾਂਦੀ ਹੈ। ਇੰਗਲੈਂਡ ਦੇ ਇਤਿਹਾਸ, ਭੁਗੋਲ ਤੇ ਸਭਿਆਚਾਰ ਵਿੱਚ ਇਸ ਦੀ ਬਹੁਤ ਮਹੱਤਤਾ ਹੈ। ਟੂਰਿਜ਼ਮ ਲਈ ਵੀ ਇਹ ਦਰਿਆ ਬਹੁਤ ਅਹਿਮ ਹੈ। ਹਰ ਸਾਲ ਲੱਖਾਂ ਪੌਂਡ ਕਮਾ ਕੇ ਦਿੰਦਾ ਹੈ ਲੰਡਨ ਦੀ ਲੋਕਲ ਸਰਕਾਰ ਨੂੰ। ਹੌਲੀਵੁੱਡ ਤੇ ਬੌਲੀਵੁੱਡ ਦੀਆਂ ਫਿਲਮਾਂ, ਕਿਤਾਬਾਂ, ਡੌਕੂਮੈਂਟਰੀਜ਼, ਖ਼ਬਰਾਂ ਆਦਿ ਵਿੱਚ ਇਸ ਦਾ ਭਰਪੂਰ ਚਿਤਰਨ ਹੁੰਦਾ ਰਹਿੰਦਾ ਹੈ। ਗਰਮੀਆਂ ਵਿੱਚ ਜਦ ਵੀ ਮੈਂ ਉਸ ਪਾਸੇ ਦੀ ਲੰਘਾਂ ਤਾਂ ਬੌਲੀਵੁੱਡ ਦੀ ਕਿਸੇ ਨਾ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੁੰਦੀ ਹੈ। ਕਵੀਆਂ ਨੇ ਇਸ ਦਰਿਆ ਉਤੇ ਕਵਿਤਾਵਾਂ ਲਿਖੀਆਂ ਹਨ। ਕਹਾਣੀਕਾਰਾਂ ਨੇ ਕਹਾਣੀਆਂ ਤੇ ਨਾਵਲਕਾਰਾਂ ਨੇ ਨਾਵਲ। ਮੇਰੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਵੀ ਇਹ ਆਮ ਮਿਲ ਜਾਵੇਗਾ। ਮੇਰੇ ਪਹਿਲੇ ਨਾਵਲ ‘ਵਨ ਵੇਅ’ ਵਿੱਚ ਇਸ ਦਾ ਕਾਫੀ ਵਰਨਣ ਹੈ। ਮੇਰੇ ਨਾਵਲ ‘ਸਵਾਰੀ’ ਵਿੱਚ ਤਾਂ ਇਹ ਇਕ ਕਿਰਦਾਰ ਵਾਂਗ ਹੈ। ਅਸਲ ਵਿੱਚ ਮੈਂ ਲੰਡਨ ਦੇ ਕਲਚਰ ਨਾਲ ਥੇਮਜ਼ ਦੀ ਤਸ਼ਬੀਹ ਕਰਦਾ ਹਾਂ ਤੇ ਮੈਂ ਨਾਵਲ ‘ਸਵਾਰੀ’ ਦਾ ਨਾਂ ਹੀ ‘ਥੇਮਜ਼’ ਰੱਖਣਾ ਚਾਹੁੰਦਾ ਸਾਂ। ਉਹਨਾਂ ਦਿਨਾਂ ਵਿੱਚ ਹੈ ਮੈਂ ਇਕ ਨਵੇਂ ਨਾਵਲ ‘ਸਾਊਥਾਲ’ ਦਾ ਪ੍ਰੋਜੈਕਟ ਵੀ ਬਣਾ ਲਿਆ ਸੀ ਇਸ ਲਈ ਮੈਨੂੰ ਲਗਦਾ ਸੀ ਕਿ ਸਾਊਥਾਲ ਤੋਂ ਬਾਅਦ ‘ਥੇਮਜ਼’ ਨਾਂ ਬਹੁਤਾ ਟੈਕਨੀਕਲ ਹੋ ਜਾਵੇਗਾ ਪਰ ਜਦ ਸੁਭਾਸ਼ ਨੀਰਵ ਨੇ ਇਸ ਨੂੰ ਹਿੰਦੀ ਵਿੱਚ ਟਰਾਂਸਲੇਟ ਕੀਤਾ ਤੇ ਉਸ ਨੇ ਸਲਾਹ ਦਿੱਤੀ ਕਿ ਇਸ ਦਾ ਨਾਂ ‘ਥੇਮਜ਼ ਕਿਨਾਰੇ’ ਰੱਖਿਆ ਜਾਵੇ ਤਾਂ ਮੈਂ ਬਹੁਤ ਖੁਸ਼ ਹੋਇਆ। ਸੋ ਹੁਣ ਹਿੰਦੀ ਵਿੱਚ ਮੇਰੇ ਨਾਵਲ ‘ਸਵਾਰੀ’ ਦਾ ਨਾਂ ‘ਥੇਮਜ਼ ਕਿਨਾਰੇ’ ਹੈ। ਇਸ ਹਿਸਾਬ ਨਾਲ ਮੇਰੇ ਲਈ ਇਹ ਦਰਿਆ ਬਹੁਤ ਅਹਿਮ ਹੈ। ਮੈਂ ਅਕਸਰ ਇਸ ਵੱਲ ਗੇੜਾ ਮਾਰਨ ਚਲੇ ਜਾਇਆ ਕਰਦਾ ਹਾਂ। ਕਰੋਨਾ ਕਾਰਨ ਲੌਕਡਾਊਨ ਦੇ ਦਿਨਾਂ ਵਿੱਚ ਵੀ ਮੈਂ ਥੇਮਜ਼ ਨੂੰ ਦੇਖਣ ਲਈ ਜਾਂ ਮਹਿਸੂਸ ਕਰਨ ਲਈ ਉਸ ਪਾਸੇ ਚਲੇ ਜਾਂਦਾ ਰਿਹਾ ਹਾਂ। ਵੈਸੇ ਤਾਂ ਇਹ ਦਰਿਆ ਮੇਰੇ ਘਰ ਤੋਂ ਬਹੁਤੀ ਦੂਰ ਨਹੀਂ ਪੈਂਦਾ ਪਰ ਮੈਨੂੰ ਇਹ ਕੇਂਦਰੀ ਲੰਡਨ ਵਿੱਚੋਂ ਦੀ ਲੰਘਦਾ ਜ਼ਿਆਦਾ ਪਸੰਦ ਹੈ। ਉਥੋਂ ਇਹ ਵਾਹਵਾ ਚੌੜਾ ਹੁੰਦਾ ਹੈ ਤੇ ਜਦ ਪੂਰਾ ਭਰਿਆ ਹੋਵੇ ਤਾਂ ਇਹ ਆਪਣੇ ਜਾਹੋ-ਜਲਾਲ ‘ਤੇ ਹੁੰਦਾ ਹੈ। ਪਰ ਜਦ ਇਹ ਉਤਰ ਜਾਵੇ ਤਾਂ ਇਹ ਉਜੜਿਆ ਉਜੜਿਆ ਜਾਪਦਾ ਹੈ। ਮੈਨੂੰ ਉਤਰਿਆ ਥੇਮਜ਼ ਬਿਲਕੁਲ ਪਸੰਦ ਨਹੀਂ। ਜਦ ਮੈਂ ਇਸ ਵੱਲ ਜਾਣਾ ਹੋਵੇ ਤਾਂ ਟਾਈਡ ਦੇ ਟਾਈਮ ਦਾ ਪਤਾ ਕਰ ਕੇ ਜਾਂਦਾ ਹਾਂ। ਭਰੇ ਹੋਏ ਥੇਮਜ਼ ਦੇ ਕੰਢੇ ਕੰਢੇ ਕਾਰ ਚਲਾਉਣਾ ਦਾ ਆਪਣਾ ਹੀ ਅਨੰਦ ਹੈ।
ਦੁਨੀਆ ਦੀਆਂ ਬਹੁਤੀਆਂ ਸਭਿਆਤਾਵਾਂ ਦਰਿਆਵਾਂ ਦੇ ਕੰਢੇ ਹੀ ਵਸੀਆਂ ਹਨ ਇਵੇਂ ਹੀ ਬਹੁਤੇ ਵੱਡੇ ਸ਼ਹਿਰ ਵੀ ਦਰਿਆਵਾਂ ਕੰਢੇ ਹੀ ਵਸੇ ਹਨ। ਜਿਵੇਂ ਪੈਰਿਸ ਸੀਅਨ ਕੰਢੇ, ਰੋਮ ਟਾਈਬਰ, ਬਗਦਾਦ ਟਿਗਰਿਸ, ਕਿਆਰੋ ਨੀਲ ਕੰਢੇ, ਇਵੇਂ ਹੀ ਲੰਡਨ ਥੇਮਜ਼ ਕੰਢੇ। ਜਿੰਨੇ ਵੀ ਇੰਗਲੈਂਡ ਉਪਰ ਹਮਲਾਵਾਰ ਆਏ, ਚਾਹੇ ਉਹ ਰੋਮਨ ਹੋਣ, ਨੌਰਮਨ ਜਾਂ ਵਾਈਕਿੰਗ ਸਾਰੇ ਦਰਿਆ ਥੇਮਜ਼ ਰਾਹੀਂ ਹੀ ਆਏ ਹਨ। ਇਵੇਂ ਹੀ ਅੰਗਰੇਜ਼ ਵੀ ਕਿਸੇ ਪਾਸੇ ਹਮਲਾ ਕਰਨ ਗਏ ਇਸੇ ਦਰਿਆ ਰਾਹੀਂ ਹੀ ਗਏ। ਲੰਡਨ ਦੇ ਇਤਿਹਾਸ ਦੇ ਕਿਸੇ ਵੀ ਅਧਿਆਏ ਨੂੰ ਫਰੋਲੀਏ, ਥੇਮਜ਼ ਦੀ ਹਾਜ਼ਰੀ ਹਰ ਥਾਂ ਮਿਲਦੀ ਹੈ।
ਵੈਸੇ ਤਾਂ ਇਹ ਦਰਿਆ ਮੁੱਢ-ਕਦੀਮ ਤੋਂ ਹੀ ਵਹਿੰਦਾ ਹੋਵੇਗਾ ਤੇ ਲੰਡਨ ਬਾਅਦ ਵਿੱਚ ਵਸਿਆ ਹੋਵੇਗਾ ਪਰ ਫਿਰ ਵੀ ਹਰ ਦਰਿਆ ਵਾਂਗ ਇਸ ਦਾ ਵੀ ਇਕ ਇਤਿਹਾਸ ਹੈ। ਮਨੁੱਖਤਾ ਦੀ ਤਰੱਕੀ ਵਿੱਚ ਇਸ ਦਰਿਆ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ। ਦੋ ਹਜ਼ਾਰ ਤੋਂ ਵੱਧ ਸਮਾਂ ਪਹਿਲਾਂ ਜਦ ਰੋਮਨਾਂ ਨੇ ਇੰਗਲੈਂਡ ਉਪਰ ਕਬਜ਼ਾ ਕੀਤਾ, ਸਭ ਤੋਂ ਪਹਿਲਾਂ ਉਹਨਾਂ ਨੇ ਲੰਡਨ ‘ਤੇ ਆ ਕੇ ਹੀ ਕਬਜ਼ਾ ਕੀਤਾ। ਜਿਥੇ ਹੁਣ ਲੰਡਨ ਸਿਟੀ ਹੈ ਇਸ ਜਗਾਹ ਨੂੰ ਉਹਨਾਂ ਨੇ ਆਪਣਾ ਕੇਂਦਰ ਬਣਾਇਆ। ਇਸ ਇਲਾਕੇ ਨੂੰ ਉਹ ਲੰਡਿਨੀਅਮ ਕਹਿੰਦੇ ਸਨ। ਇਥੇ ਹੀ ਉਹ ਆਪਣੇ ਜਹਾਜ਼ ਤੇ ਹੋਰ ਵਾਹਨ ਖੜੇ ਕਰਦੇ ਸਨ। ਰੋਮਨਾਂ ਨੇ ਇਥੋਂ ਹੀ ਬਾਕੀ ਦੀ ਦੁਨੀਆ ਨਾਲ ਕਾਰੋਬਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਇਸ ਦਾ ਨਾਂ ਥੇਮਜ਼ ਵੀ ਸੈਲਟਿਕ ਬੋਲੀ ਦੇ ਸ਼ਬਦ ਟੈਮਿਸੇ ਵਿੱਚੋਂ ਨਿਕਲਿਆ ਹੈ। ਟੈਮਿਸੇ ਦਾ ਮਤਲਬ ਹਨ ਹਨੇਰਾ ਜਾਂ ਕਾਲ਼ਾ। ਸ਼ਾਇਦ ਇਸ ਦੇ ਪਾਣੀ ਦੇ ਰੰਗ ਕਾਲਾ ਹੋਣ ਕਾਰਨ ਇਸ ਦਾ ਇਹ ਨਾਂ ਪਿਆ ਹੋਵੇ ਜਾਂ ਫਿਰ ਇਸ ਦਰਿਆ ਦੇ ਪਾਣੀ ਉਪਰ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰੀਆਂ ਹੋਣ ਕਰਕੇ। ਇਸ ਦੇ ਨਾਂ ਥੇਮਜ਼ ਦੇ ਕਈ ਸੰਸਕਰਣ ਮਿਲਦੇ ਹਨ ਜਿਵੇਂ ਕਿ ਟੇਮਜ਼, ਥੇਮੇਸਸ ਆਦਿ। ਇਹਦੇ ਨਾਲ ਮਿਲਦੇ-ਜੁਲਦੇ ਸ਼ਬਦ ਕਈ ਭਾਸ਼ਾਵਾਂ ਵਿੱਚ ਹਨ ਜਿਵੇਂ ਕਿ ਰੂਸੀ ਵਿੱਚ ਤੇਮਾਹੋ, ਸੰਸਕ੍ਰਿਤ ਵਿੱਚ ਤਮਸ, ਲੈਤਨਿਵ ਵਿੱਚ ਤੁਮਸਾ, ਲਿਥੁਆਨੀਅਨ ਵਿੱਚ ਤਾਮਸੀ। ਇਹਨਾਂ ਸਭ ਦੇ ਮਤਲਬ ਇਕੋ ਹਨ- ਹਨੇਰਾ, ਡਾਰਕਨੈੱਸ। ਅੱਜ ਵੀ ਜਿਹੜੇ ਲੋਕ ਬਾਹਰੋਂ ਆਉਂਦੇ ਹਨ ਉਹ ਇਸ ਲਈ ‘ਲੰਡਨ ਰਿਵਰ’ ਨਾਂ ਵਰਤਦੇ ਹਨ। ਵੈਸੇ ਲੰਡਨ-ਵਾਸੀ ਤਾਂ ਥੇਮਜ਼ ਦਾ ਜ਼ਿਕਰ ਕਰਨ ਵੇਲੇ ਇਸ ਦਾ ਨਾਂ ਵੀ ਘੱਟ ਵਰਤਦੇ ਹਨ, ਉਹ (ਦਾ ਰਿਵਰ) ਦਰਿਆ ਸ਼ਬਦ ਹੀ ਵਰਤ ਲੈਂਦੇ ਹਨ। ਜਿਵੇਂ ਕਿਸੇ ਨੇ ਕਹਿਣਾ ਹੋਵੇ ਕਿ ਫਲਾਨੀ ਇਮਾਰਤ ਥੇਮਿਜ਼ ਦਰਿਆ ਦੇ ਦੱਖਣ ਵਿੱਚ ਹੈ ਤਾਂ ਸਿਰਫ ਇਹੀ ਕਿਹਾ ਜਾਵੇਗਾ ਕਿ ਦਰਿਆ ਦੇ ਦੱਖਣ ਵਿੱਚ। ਇਕ ਮਿੱਥ ਦੇ ਮੁਤਾਬਕ ਬਾਬਾ ਥੇਮਜ਼ ਜਾਂ ਫਾਦਰ ਥੇਮਜ਼ ਨਾਂ ਦਾ ਬੰਦਾ ਇਸ ਦਰਿਆ ਦਾ ਮਾਲਕ ਹੈ। ਮਿੱਥ ਮੁਤਾਬਕ ਬਾਬਾ ਥੇਮਜ਼ ਮਧਰੇ ਕੱਦ ਦਾ ਬੰਦਾ ਹੈ ਜਿਸ ਦਾ ਨੱਕ ਰੋਮਨਾਂ ਵਾਂਗ ਨਿੱਕਾ ਜਿਹਾ ਹੈ ਜੋ ਟੈਡਿੰਗਟਨ ਦੇ ਨੇੜੇ ਦਰਿਆ ਵਿਚਲੇ ਕਿਸੇ ਜਜ਼ੀਰੇ ‘ਤੇ ਰਹਿੰਦਾ ਹੈ। ਇਕ ਹੋਰ ਵਹਿਮ ਹੈ ਕਿ ਫਾਦਰ ਥੇਮਜ਼ ਕਦੇ ਕਦੇ ਟੌਵਰ ਬਿ੍ਰਜ ‘ਤੇ ਖੜਿਆਂ ਦਿਸ ਪੈਂਦਾ ਹੈ। ਇਸ ਮਿੱਥ ਮੁਤਾਬਕ ਬਾਬਾ ਥੇਮਜ਼ ਦਾ ਇਕ ਬੁੱਤ ਵੀ ਗਲੌਸਟਰਸ਼ਾਇਰ ਵਿੱਚ ਬਣਾਇਆ ਹੋਇਆ ਹੈ।
ਥੇਮਜ਼ ਦਰਿਆ ਦੀ ਸ਼ੁਰੂਆਤ ਕਿਥੋਂ ਹੁੰਦੀ ਹੈ, ਬਾਰੇ ਹਾਲੇ ਵੀ ਕੁਝ ਵਿਵਾਦ ਚਲਦਾ ਰਹਿੰਦਾ ਹੈ। ਇਸ ਨੂੰ ਥੇਮਜ਼ ਹੈਡ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਥੇਮਜ਼ ਗਲੌਸਟਰਸ਼ਾਇਰ ਦੇ ਇਕ ਛੋਟੇ ਜਿਹੇ ਪਿੰਡ ਕੈਂਬਲੇ ਦੇ ਇਕ ਪਾਰਕ ਵਿੱਚ ਨਿਕੇ ਜਿਹੇ ਚਸ਼ਮੇ ਤੋਂ ਸ਼ੁਰੂ ਹੁੰਦਾ ਹੈ ਤੇ ਅੱਗੇ ਤੋਂ ਅੱਗੇ ਨਿਕੇ-ਵੱਡੇ ਪੰਜਾਹ ਤੋਂ ਵੱਧ ਚਸ਼ਮੇ, ਨਦੀਆਂ, ਨਹਿਰਾਂ ਇਸ ਵਿੱਚ ਰਲਦੇ ਜਾਂਦੇ ਹਨ ਤੇ ਇਹ ਦਰਿਆ, ਦਰਿਆ ਦੀ ਸ਼ਕਲ ਧਾਰਦਾ ਜਾਂਦਾ ਹੈ। ਇਹ ਔਕਸਫੋਰਡ, ਰੈਡਿੰਗ, ਹੈਨਲੇ, ਵਿੰਡਸਰ ਤੋਂ ਹੁੰਦਾ ਹੋਇਆ ਲੰਡਨ ਵਿੱਚ ਆ ਵੜਦਾ ਹੈ ਤੇ ਕੈਂਟ ਕਾਉਂਟੀ ਲੰਘ ਕੇ ਅੱਗੇ ਜਾ ਕੇ ਚੌਦਾਂ ਹਜ਼ਾਰ ਏਕੜ ਦਾ ਇਕ ਵੱਡਾ ਡੈਲਟਾ ਬਣਾਉਂਦਾ ਹੋਇਆ ਸਮੁੰਦਰ ਵਿੱਚ ਜਾ ਪੈਂਦਾ ਹੈ। ਇਸ ਦਰਿਆ ਨੂੰ ਔਕਸਫੋਰਡ ਦੇ ਇਲਾਕੇ ਵਿੱਚ ਥੇਮਜ਼ ਦੇ ਨਾਲ ਨਾਲ ‘ਆਈਸਿਸ’ ਵੀ ਕਿਹਾ ਜਾਂਦਾ ਹੈ। ਇਸ ਦਰਿਆ ਉਪਰ ਸਮੁੰਦਰ ਦੇ ਜਵਾਰ-ਭਾਟੇ ਦਾ ਸਿੱਧਾ ਅਸਰ ਪੈਂਦਾ ਹੈ ਇਸ ਲਈ ਇਹ ਆਮ ਤੌਰ ‘ਤੇ ਪੰਦਰਾਂ ਕੁ ਮੀਲ (ਟੈਡਿੰਗਟਨ ਤੱਕ) ਟਾਈਡਲ ਹੈ ਭਾਵ ਸਮੁੰਦਰ ਦੇ ਨਾਲ ਹੀ ਉਤਰਦਾ-ਚੜਦਾ ਰਹਿੰਦਾ ਹੈ। ਜਦ ਚੜ੍ਹਦਾ ਹੈ ਤਾਂ ਕੰਢਿਆਂ ਤੱਕ ਚੜ ਜਾਂਦਾ ਹੈ ਤੇ ਜਦ ਉਤਰਦਾ ਹੈ ਤਾਂ ਤੇਈ ਫੁੱਟ ਜਾਂ ਸੱਤ ਮੀਟਰ ਤੱਕ ਹੇਠਾਂ ਚਲੇ ਜਾਂਦਾ ਹੈ। ਸ਼ੁਰੂ ਦਾ ਲੰਮਾ ਸਫਰ ਤਾਂ ਇਸ ਵਿੱਚ ਤਾਜ਼ਾ ਪਾਣੀ ਵਹਿੰਦਾ ਹੈ ਪਰ ਲੰਡਨ ਨੇੜੇ ਆ ਕੇ ਇਹ ਸਮੁੰਦਰੀ ਪਾਣੀ ਹੋਣ ਕਰਕੇ ਪੀਣ ਯੋਗ ਨਹੀਂ ਹੈ।
ਥੇਮਜ਼ ਦਾ ਪਾੜ ਕਈ ਜਗਾਵਾਂ ਤੋਂ ਕਾਫੀ ਚੌੜਾ ਹੋ ਜਾਂਦਾ ਹੈ। ਇਸ ਦੀ ਚੌੜਾਈ ਕਾਰਨ ਇਸ ਵਿੱਚ ਕਈ ਨਿੱਕੇ ਵੱਡੇ ਅੱਸੀ ਤੋਂ ਵੱਧ ਟਾਪੂ ਹਨ ਜਿਹਨਾਂ ਵਿੱਚ ਲੋਕਾਂ ਦੀ ਰਿਹਾਇਸ਼ ਵੀ ਹੈ ਤੇ ਪਸ਼ੂ-ਪੰਛੀਆਂ ਲਈ ਰਾਖਵੀਆਂ ਜਗਾਵਾਂ ਵੀ ਹਨ। ਜੰਗਲੀ ਜੀਵਾਂ ਲਈ ਤਾਂ ਦਰਿਆ ਦੇ ਨਾਲ ਨਾਲ ਕਈ ਇਲਾਕੇ ਰਾਖਵੇਂ ਹਨ ਜਿਥੇ ਇਹਨਾਂ ਨਾਲ ਸੰਬੰਧਤ ਸਾਇੰਸਦਾਨ ਸਰਗਰਮ ਰਹਿੰਦੇ ਹਨ। ਥੇਮਜ਼ ਉਪਰ ੪੫ ਲੌਕ ਹਨ। ਲੌਕ ਉਹ ਹਨ ਜਿਥੋਂ ਦਰਿਆ ਉਚਾ-ਨੀਵਾਂ ਹੈ ਤੇ ਇਸ ਵਿੱਚ ਚਲਦੀਆਂ ਕਿਸ਼ਤੀਆਂ ਤੇ ਜਹਾਜ਼ਾਂ ਨੂੰ ਹੇਠਾਂ ਉਪਰ ਲੈ ਜਾਣ ਲਈ ਸਾਈਫਨ ਬਣਾਏ ਹੋਏ ਹਨ। ਕਿਉਂਕਿ ਇੰਗਲੈਂਡ ਬਹੁਤ ਉਚਾ-ਨੀਵਾਂ ਮੁਲਕ ਹੈ ਇਸ ਲਈ ਦਰਿਆ ਦਾ ਸਮਤਲ ਵਗਣਾ ਸੰਭਵ ਨਹੀਂ ਹੈ ਸੋ ਇਹਨਾਂ ਲੌਕਸ ਦੀ ਲੋੜ ਪੈਂਦੀ ਹੈ। ਦਰਿਆ ਸ਼ੁਰੂ ਤੋਂ ਹੀ ਢੋਆ-ਢੁਆਈ ਲਈ ਵਰਤਿਆ ਜਾਂਦਾ ਰਿਹਾ ਹੈ ਤੇ ਟੂਰਿਜ਼ਮ ਲਈ ਵੀ ਬਹੁਤ ਮਸ਼ਹੂਰ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਇਸ ਵਿੱਚ ਹਾਊਸ-ਬੋਟਾਂ ਚਲਦੀਆਂ ਹਨ ਤੇ ਇਹਨਾਂ ਲੌਕਾਂ ਦੀ ਲੋੜ ਤਾਂ ਪੈਣੀ ਹੀ ਹੋਈ। ਦੁਨੀਆ ਦੀ ਸਭ ਤੋਂ ਮਸ਼ਹੂਰ ਨਹਿਰ ਪਨਾਮਾ ਵਿੱਚ ਵੀ ਅਜਿਹੇ ਲੌਕਾਂ ਦੀ ਵਰਤੋਂ ਹੁੰਦੀ ਹੈ। ਜਿਸ ਰਾਹੀਂ ਹਜ਼ਾਰਾਂ ਟਨਾਂ ਦੇ ਸ਼ਿੱਪ ਹੇਠਾਂ ਉਤੇ ਲੈਜਾਏ ਜਾਂਦੇ ਹਨ। ਥੇਮਜ਼ ਪਾਣੀ ਦੀਆਂ ਖੇਡਾਂ ਲਈ ਵੀ ਮਸ਼ਹੂਰ ਹੈ। ਇਸ ਵਿੱਚ ਕਿਸ਼ਤੀਆਂ ਦੀਆਂ ਦੌੜਾਂ, ਤੈਰਾਕੀ ਮੁਕਾਬਲੇ ਤੇ ਹੋਰ ਕਈ ਕਿਸਮ ਦੇ ਖੇਡ ਮੁਕਾਬਲੇ ਚਲਦੇ ਰਹਿੰਦੇ ਹਨ। ਇਸ ਉਪਰ ਕਿੰਨੇ ਹੀ ਤੈਰਦੇ ਹੋਏ ਪੱਬ, ਕਲੱਬ ਤੇ ਰੈਸਟੋਰੈਂਟ ਹਰ ਵੇਲੇ ਜਲਵਾ-ਗਵਾਰ ਰਹਿੰਦੇ ਹਨ। ਲੰਡਨ ਵਿੱਚ ਇਸ ਦਾ ਪਾਣੀ ਬਹੁਤਾ ਸਾਫ ਨਹੀਂ ਹੈ ਪਰ ਇਸ ਦੇ ਮੁਕਾਬਲੇ ਨਿਊਜ਼ੀਲੈਂਡ ਦੇ ਦਰਿਆ ਵਲਿੰਗਟਨ ਪਾਣੀ ਏਨਾ ਸਾਫ ਹੈ ਕਿ ਕਾਫੀ ਡੂੰਘੇ ਦਰਿਆ ਦਾ ਥੱਲਾ ਸਾਫ ਦੇਖਿਆ ਜਾ ਸਕਦੇ ਹੈ। ਦਰਿਆ ਸਮੁੰਦਰ ਦੇ ਜਵਾਰ-ਭਾਟੇ ਨਾਲ ਬੱਝਾ ਹੋਣ ਕਰਕੇ ਹੜ੍ਹ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਸੀ ਪਰ ਹੁਣ ਬਹੁਤ ਵੱਡਾ ਬੈਰੀਅਰ ਬਣਾ ਦਿੱਤਾ ਗਿਆ ਹੈ।
ਮੇਰੀਆਂ ਥੇਮਜ਼ ਦਰਿਆ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਜਦ ਵੀ ਕੋਈ ਮਹਿਮਾਨ ਆਵੇ ਤਾਂ ਹੋਰਨਾਂ ਜਗਾਵਾਂ ਦੇ ਨਾਲ ਨਾਲ ਇਸ ਦਰਿਆ ਦੀ ਸੈਰ ਉਸ ਨੂੰ ਜ਼ਰੂਰ ਕਰਾਉਂਦਾ ਹਾਂ। ਸਭ ਤੋਂ ਵੱਡੀ ਯਾਦ ਇਹ ਹੈ ਕਿ ਮੈਂ ਬਹੁਤ ਸਾਲ ਪਹਿਲਾਂ ਆਪਣੀ ਇਕ ਦੋਸਤ ਨਾਲ ਛੇ ਮਹੀਨੇ ਥੇਮਜ਼ ਦੇ ਪਾਣੀਆਂ ਉਪਰ ਹਾਊਸ-ਬੋਟ ਵਿੱਚ ਰਿਹਾ ਹਾਂ ਤੇ ਪੂਰੇ ਥੇਮਜ਼ ਦਾ ਸਫਰ ਕੀਤਾ ਹੈ। ਜਿਵੇਂ ਪੰਜਾਬ ਦਾ ਦਰਿਆ ਸਤਲੁਜ ਹਰ ਪੰਜਾਬੀ ਦੇ ਅਵਚੇਤਨ ਵਿੱਚ ਵਸਦਾ ਹੈ ਇਵੇਂ ਹੀ ਥੇਮਜ਼ ਹੈ ਬਲਕਿ ਥੇਮਜ਼ ਮੇਰੇ ਤਾਂ ਚੇਤਨ ਵਿੱਚ ਵੀ ਰਹਿੰਦਾ ਹੈ। ਮੈਂ ਸਤਲੁਜ ਨੂੰ ਓਨਾ ਕਦੇ ਨੇੜਿਓਂ ਨਹੀਂ ਦੇਖਿਆ ਜਿੰਨਾ ਥੇਮਜ਼ ਨੂੰ ਦੇਖਿਆ ਹੈ। ਪਿਛਲੇ ਚਾਲੀ ਸਾਲ ਤੋਂ ਮੀਲਾਂ ਦੇ ਮੀਲ ਇਹਦੇ ਕੰਢੇ ਸੈਰਾਂ ਕੀਤੀਆਂ ਹਨ। ਅੱਜ ਵੀ ਇਹਦੇ ਪਾਣੀਆਂ ਵਿੱਚ ਪੈਰ ਲਮਕਾ ਕੇ ਜਾ ਬੈਠਦਾ ਹਾਂ।
ਜਿਵੇਂ ਪੰਜਾਬ ਵਿੱਚ ਅਸੀਂ ਸਤਲੁਜ ਦਾ ਨਾਂ ਹਰ ਥਾਂ ਵਰਤ ਲੈਂਦੇ ਹਾਂ ਇਵੇਂ ਹੀ ਥੇਮਜ਼ ਹੈ। ਥੇਮਜ਼ ਨਾਂ ਦੀਆਂ ਕਈ ਸੰਸਥਾਵਾਂ ਹਨ। ਦਰਿਆ ਦੇ ਨਾਲ ਲਗਦੇ ਇਲਾਕਿਆਂ ਨੂੰ ਥੇਮਜ਼ ਵੈਲੀ ਕਹਿੰਦੇ ਹਨ। ਥੇਮਜ਼ ਵੈਲੀ ਪੁਲੀਸ, ਥੇਮਜ਼ ਵੈਲੀ ਯੂਨੀਵਰਸਟੀ, ਥੇਮਜ਼ ਵਾਟਰਜ਼, ਥੇਮਜ਼ ਟੈਲੀਵੀਯਨ ਆਦਿ ਬਹੁਤ ਸਾਰੇ ਇਹ ਨਾਂ ਵਰਤਿਆ ਜਾਂਦਾ ਹੈ। ਮੈਂ ਵੀ ਬਹੁਤ ਸਾਲ ਪਹਿਲਾਂ ਇਕ ਦੁਕਾਨ ਖੋਹਲੀ ਸੀ, ਉਸ ਦਾ ਨਾਂ ‘ਥੇਮਜ਼ ਵਾਈਨਜ਼’ ਰੱਖਿਆ ਸੀ।
Comments