ਸ਼ੀਸ਼ੇ ਤੇ ਸਿਲਵਟਾਂ--/ ਦਰਸ਼ਨ ਦਰਵੇਸ਼
1- ਕਿਸੇ ਨੇ ਰੇਤ ਉੱਪਰ ਸੰਧੀਨਾਮਾਂ ਲਿਖਿਆ ਅਤੇ ਹਵਾ ਵਗਣ ਦੀ ਇੰਤਜ਼ਾਰ ਕਰਨ ਲੱਗਾ
ਕਿਸੇ ਹੋਰ ਨੇ ਵਗਦੀ ਹਵਾ ਨੂੰ ਸੰਧੀਨਾਮੇਂ ਦਾ ਚਿਹਰਾ ਦਿਖਾਇਆ ਅੱਖਾਂ ਨਮ ਹੋਈਆਂ -ਬਾਰਿਸ਼ ਦੀ ਆਮਦ ਹੋ ਗਈ..
2- ਕਾਫਲੇ ਨੂੰ ਬੇਦਾਵਾ ਮੈਂ ਨਹੀਂ ਕਿਸੇ ਹੋਰ ਨੇ ਦਿੱਤਾ ਸੀ ਅਤੇ ਬੇਦਾਵੇ ਦੇ ਅੱਖਰ ਕਿਸੇ ਹੋਰ ਦਾ ਨਹੀਂ ਮੇਰਾ ਸਫਰ ਬਣੇਂ ਸਨ-
3- ਉਹਦੇ ਅੱਥਰੂਆਂ ਦਾ ਸੇਕ ਮੇਰੀਆਂ ਤਲੀਆਂ ਉੱਪਰ ਬਲ ਉੱਠਿਆ ਮੇਰੀਆਂ ਤਲੀਆਂ ਨੇ ਉਸਦੀਆਂ ਤਲੀਆਂ ਨੂੰ ਬਖਸ਼ ਦਿੱਤੀ ਸੂਹੀ ਸੂਹੀ ਜਿਹੀ ਦੁਨੀਆਂ-
4- ਹਵਾ ਰੁੱਖਾਂ 'ਚ ਸੰਗੀਤ ਭਰਦੀ ਰਹੀ ਗੀਤ ਪਾਣੀਂ ਦੀ ਕਿਸ਼ਤੀ ਬਣ ਗਏ ਮੈਂ ਵੇਖਿਆ ਅਸੀਂ ਇੱਕ ਦੂਜੇ ਦੀ ਚੁੱਪ 'ਚ ਵੰਝਲੀ ਬਣ ਜੀਅ ਰਹੇ ਸੀ-
5- ਤੇਰੇ ਦਰਦ ਦੇ ਪਾਰ ਚੰਦਰਮਾਂ ਲਟਕ ਰਿਹਾ ਸੀ ਅਤੇ ਮੇਰੇ ਦਰਦ ਤੋਂ ਉਰ੍ਹਾਂ ਸ਼ਾਮ ਡੁੱਬ ਰਹੀ ਸੀ ਸਮੁੰਦਰ ਦੀ ਆਖਰੀ ਲਹਿਰ ਅਤੇ ਪੰਛੀਆਂ ਦੀ ਆਖਰੀ ਪਰਵਾਜ਼ ਰਸਤਾ ਤਲਾਸ਼ ਰਹੇ ਸਨ..
6- ਪੱਥਰ ਬਣਿਆ ਮੈਂ ਨਦੀ ਨੇ ਦੇਹ ਰਗੜੀ ਅਤੇ ਮੈਂ ਰੇਤ 'ਚ ਤਬਦੀਲ ਹੋ ਗਿਆ
ਅੱਖ ਪੁੱਟੀ ਦੇਖਿਆ.. ਮੈਂ ਤਾਂ ਰਾਹ 'ਚ ਬਿਖਰਿਆ ਪਿਆ ਸੀ ਨਦੀ ਅਗਲੇ ਪੱਥਰ ਨਾਲ ਦੇਹ ਰਗੜ ਰਹੀ ਸੀ-
7- ਉਹ ਜਦੋਂ ਵੀ ਬੋਲਦੀ ਜਿਊਂਦੇ ਬੋਲਾਂ ਨਾਲ ਬੋਲਦੀ ਮੈਂ ਜਦੋਂ ਵੀ ਸੁਣਦਾ ਦਿਲ ਦਿਆਂ ਕੰਨਾਂ ਨਾਲ ਸੁਣਦਾ ਸ਼ਇਦ ਏਵੇਂ ਹੀ ਹੁੰਦੀ ਰਹੀ ਗੱਲ ਜੀਣ ਦੀ ਭਾਸ਼ਾ 'ਚ -
8- ਪਾਣੀਂ ਨੇ ਰੁੱਖ ਨੂੰ ਚੁੰਮਿਆ ਪੱਤਿਆਂ ਨੂੰ ਅੱੱਗ ਲੱਗ ਗਈ
ਬਲਦੇ ਰੁੱਖ ਨੇ ਪਿਆਸ ਬੁਝਾਉਣੀਂ ਚਾਹੀ ਉੱਥੇ ਨਦੀ ਨਹੀਂ ਅੱਗ ਦਾ ਦਰਿਆ ਵਹਿ ਰਿਹਾ ਸੀ-
9- ਜਦੋਂ ਵੀ ਮਿਲੀ ਬਾਹਰੋਂ ਬਾਹਰੋਂ ਤਾਜਮਹਿਲ ਬਣਕੇ ਮਿਲਦੀ ਰਹੀ ਮੈਂ ਜਦੋਂ ਵੀ ਝਾਕਿਆ ਬੱਸ ਆਪਣੇਂ ਅੰਦਰਲੀਆਂ ਕਬਰਾਂ ਵੱਲ ਹੀ ਵੇਖਦਾ ਰਿਹਾ ਦੋਨਾਂ ਅੰਦਰ ਹੀ ਹਨੇਰਾ ਸੀ-
10- ਉਹ ਆਪਣੇਂ ਆਪ ਨੂੰ ਬਲਦਾ ਦੀਵਾ ਨਾਂ ਆਖ ਸਕੀ ਮੈਂ ਆਪਣੇਂ ਆਪ ਨੂੰ ਜਿਉਂਦਾ ਖੰਡਰ ਕਹਿੰਦਾ ਰਿਹਾ -- ਨਾਂ ਤਾਂ ਰਾਤਾਂ ਹੀ ਚਾਨਣੀਆਂ ਹੋਈਆਂ ਅਤੇ ਨਾਂ ਹੀ ਸਾਡਾ ਬਨਵਾਸ ਕੱਟਿਆ ਗਿਆ-
11- ਪਹਾੜੀ ਘਰ ਦੀ ਹਰ ਦੀਵਾਰ ਉੱਪਰ ਕਿੰਨੀਆਂ ਦੀ ਤਸਵੀਰਾਂ ਹਰ ਤਸਵੀਰ ਉੱਪਰ ਤੇਰੀਆਂ ਅੱਖਾਂ ਕਿਸੇ ਅੰਦਰ ਲੰਮੇਂ ਬੀਆਬਾਨ ਕਿਸੇ ਅੰਦਰ ਮਚਲਦੇ ਪੀਲੇ ਫੁੱਲ ਮੈਂ ਸਭ ਨੂੰ ਬਰਫ ਦੀ ਲੋਈ ਓੜ੍ਹ ਦਿੱਤੀ-
--
Comentarios