top of page
  • Writer's pictureਸ਼ਬਦ

ਨਵੀਂ ਟੈਕਨੌਲੌਜੀ ਦਾ ਨਵਾਂ ਤੋਹਫਾ: ਈ-ਸਕੂਟਰ /

ਹਰਜੀਤ ਅਟਵਾਲ /

ਟੈਕਨੌਲੌਜੀ ਸਾਨੂੰ ਆਏ ਦਿਨ ਨਵੇਂ ਤੋਂ ਨਵੇਂ ਤੋਹਫੇ ਦੇ ਰਹੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਹੋਰ ਸੌਖੀ ਹੋ ਜਾਂਦੀ ਹੈ। ਇਸੇ ਕੜੀ ਵਿੱਚ ਆਉਂਦਾ ਹੈ, ਈ-ਸਕੂਟਰ। ਮੈਨੂੰ ਹੁਣ ਭਾਰਤ ਦਾ ਪਤਾ ਨਹੀਂ ਕਿ ਈ-ਸਕੂਟਰ ਕਿੰਨੇ ਕੁ ਪ੍ਰਚੱਲਤ ਹੋ ਰਹੇ ਹਨ ਕਿਉਂਕਿ ਕਈ ਸਾਲ ਹੋ ਗਏ ਹਨ ਗਿਆਂ ਪਰ ਲੰਡਨ ਵਿੱਚ ਤੁਸੀਂ ਕਿਤੇ ਵੀ ਜਾ ਰਹੇ ਹੋਵੋਂ, ਸ਼ੂੰ ਕਰਦਾ ਈ-ਸਕੂਟਰ ਤੁਹਾਡੇ ਕੋਲਦੀ ਲੰਘ ਜਾਂਦਾ ਹੈ। ਤੁਹਾਨੂੰ ਡਰਾ ਵੀ ਸਕਦਾ ਹੈ। ਈ-ਸਕੂਟਰ ਦੋ ਪਹੀਆਂ ਵਾਲਾ, ਉਪਰ ਖੜ ਕੇ ਭਜਾਉਣ ਵਾਲਾ ਛੋਟਾ ਜਿਹਾ ਵਾਹਨ ਹੈ। ਇਹ ਬਿਜਲਈ ਸ਼ਕਤੀ ਸਹਾਰੇ ਚੱਲਦਾ ਹੈ ਇਸ ਲਈ ਇਹ ਪ੍ਰਦੂਸ਼ਣ ਮੁਕਤ ਹੈ। ਪਿਛਲੇ ਦੋ-ਤਿੰਨ ਸਾਲ ਵਿੱਚ ਇਹ ਬਹੁਤਾ ਹੀ ਹਰਮਨ-ਪਿਆਰਾ ਹੋ ਗਿਆ ਹੈ। ਦੋ ਪਹੀਆਂ ਵਿਚਕਾਰ ਇਸ ਦੀ ਬਾਡੀ ਹੈ ਜਿਥੇ ਇਸਦਾ ਚਾਲਕ ਖੜਦਾ ਹੈ। ਸਾਈਕਲ ਦੇ ਹੈਂਡਲ ਵਰਗਾ ਹੀ ਇਸਦਾ ਹੈਂਡਲ ਹੈ ਜਿਸ ਵਿੱਚ ਇਸਦਾ ਸਾਰਾ ਕੰਟਰੋਲ ਹੁੰਦਾ ਹੈ। ਇਹ ਛੋਟਾ ਜਿਹਾ ਯੰਤਰ ਬਹੁਤ ਤੇਜ਼ ਭੱਜਦਾ ਹੈ। ਸ਼ਕਤੀਸ਼ਾਲੀ ਈ-ਸਕੂਟਰ ਦੀ ਸਪੀਡ 110 ਕਿਲੋਮੀਟਰ ਵੀ ਹੋ ਸਕਦੀ ਹੈ, ਜਾਣੀਕਿ ਕਾਰ ਜਿੰਨੀ ਤੇਜ਼ ਚੱਲਣ ਦੀ ਸਮਰਥਾ ਰੱਖਦਾ ਹੈ। ਵਰਤੋਂ ਤੋਂ ਬਾਅਦ ਇਹ ਇਕੱਠਾ ਵੀ ਹੋ ਜਾਂਦਾ ਹੈ, ਤੁਸੀਂ ਇਸ ਨੂੰ ਚੁੱਕਕੇ ਕਿਸੇ ਖੂੰਜੇ ਰੱਖ ਸਕਦੇ ਹੋ। ਬਿਜਲੀ ਦੇ ਆਮ ਪਲੱਗ ਤੋਂ ਹੀ ਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਇਸਦਾ ਭਾਰ ਤੇਰਾਂ ਕਿਲੋ ਦੇ ਕਰੀਬ ਹੈ ਤੇ ਇਹ ਸੌ ਕਿਲੋ ਤੋਂ ਲੈਕੇ ਦੋ ਸੌ ਕਿਲੋ ਤੱਕ ਭਾਰ ਚੁੱਕਕੇ ਭੱਜ ਸਕਦਾ ਹੈ। ਇਸਦੇ ਛੇ-ਛੇ ਇੰਚ ਦੇ ਸਖਤ ਪਹੀਏ ਹੁੰਦੇ ਹਨ ਜਾਂ ਦਸ ਇੰਚ ਦੇ ਟਾਇਰਾਂ ਵਾਲੇ ਪਹੀਏ। ਇਸਦੀ ਬਿਜਲਈ ਮੋਟਰ ਦੀ ਸ਼ਕਤੀ 250 ਵਾਟ ਤੋਂ ਸ਼ੁਰੂ ਹੁੰਦੀ ਹੈ। ਇਹ ਨਵੀਂ ਚੀਜ਼ ਹੈ ਇਸ ਕਰਕੇ ਇਸਨੇ ਹਾਲੇ ਬਹੁਤ ਸਾਰੀਆਂ ਸ਼ਕਲਾਂ ਤੇ ਕਿਸਮਾਂ ਅਪਣਾਉਣੀਆਂ ਹਨ। ਇਹ ਵੈਹੀਕਲ ਨੌਜਵਾਨਾਂ ਵਿੱਚ ਬਹੁਤਾ ਪ੍ਰਚੱਲਤ ਹੈ। ਵੈਸੇ ਹੁਣ ਕਿਤੇ-ਕਿਤੇ ਅਧੇੜ ਉਮਰ ਦੇ ਲੋਕ ਵੀ ਇਸਦੀ ਵਰਤੋਂ ਕਰਦੇ ਦਿਸ ਜਾਂਦੇ ਹਨ। ਇਹ ਥੋੜੇ ਸਫਰ ਲਈ ਬਹੁਤ ਲਾਹੇਵੰਦ ਹੈ। ਚਾਰ-ਪੰਜ ਮੀਲ ਤੱਕ ਦੇ ਸਫਰ ਲਈ ਖਾਸਾ ਮੱਦਦਗਾਰ ਹੈ। ਇਹ ਸਾਈਕਲ ਚਲਾਉਣ ਤੇ ਤੁਰਨ ਦਾ ਵਧੀਆ ਬਦਲ ਹੈ। ਇਸ ਦੀ ਬੈਟਰੀ ਚਾਰ-ਪੰਜ ਘੰਟੇ ਵਿੱਚ ਚਾਰਜ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚਾਲੀ ਮੀਲ ਤੱਕ ਜਾ ਸਕਦੇ ਹੋ। ਕਿਉਂਕਿ ਇਹ ਵਾਹਨ ਹਾਲੇ ਉਨਤੀ ਦੀ ਰਾਹ ‘ਤੇ ਹੈ ਇਸ ਲਈ ਇਸ ਦੀ ਬਣਤਰ ਤੇ ਨਤੀਜਿਆਂ ਬਾਰੇ ਆਖਰੀ ਵਿਚਾਰ ਦੇਣੇ ਮੁਸ਼ਕਲ ਹਨ। ਸ਼ੁਰੂ ਵਿੱਚ ਤਾਂ ਇਹ ਈ-ਸਕੂਟਰ ਸਰਕਾਰ ਤੇ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਹੀ ਬਣੇ ਰਹੇ ਹਨ। ਮੁੰਡੇ-ਕੁੜੀਆਂ ਇਹਨਾਂ ਨੂੰ ਏਨੀ ਤੇਜ਼ ਭਜਾਉਂਦੇ ਹਨ ਕਿ ਰਹੇ ਰੱਬ ਦਾ ਨਾਂ, ਜਦਕਿ ਇਹ ਵਾਹਨ ਹਾਲੇ ਗੈਰਕਾਨੂੰਨੀ ਹੈ। ਤੁਸੀਂ ਆਪਣੇ ਨਿੱਜੀ ਈ-ਸਕੂਟਰਾਂ ਨੂੰ ਪ੍ਰਾਈਵੇਟ ਸੜਕਾਂ ਉਪਰ ਹੀ ਚਲਾ ਸਕਦੇ ਹੋ। ਇਹਨਾਂ ਕਾਰਨ ਛੋਟੀਆਂ-ਵੱਡੀਆਂ ਏਨੀਆਂ ਦੁਰਘਟਨਾਵਾਂ ਹੋਈਆਂ ਹਨ ਕਿ ਸਰਕਾਰ ਨੇ ਇਕ ਵਾਰੀ ਤਾਂ ਇਹਨਾਂ ਉਪਰ ਮੁਕੰਮਲ ਤੌਰ ‘ਤੇ ਬੈਨ ਲਾਉਣ ਬਾਰੇ ਸੋਚ ਲਿਆ ਸੀ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਈ-ਸਕੂਟਰ ਸੜਕਾਂ ‘ਤੇ ਦੌੜੇ ਫਿਰਦੇ ਹਨ, ਸਰਕਾਰ ਕਿਸ-ਕਿਸ ਨੂੰ ਰੋਕੇਗੀ। ਹੁਣ ਸਰਕਾਰ ਨੇ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨਨ ਕਰਨ ਦਾ ਫੈਸਲਾ ਕਰ ਲਿਆ ਹੈ।

ਨਵੇਂ ਕਾਨੂੰਨ ਮੁਤਾਬਕ ਤੁਸੀਂ ਈ-ਸਕੂਟਰ ਕਿਰਾਏ ‘ਤੇ ਲੈਕੇ ਚਲਾ ਸਕਦੇ ਹੋ। ਤੁਸੀਂ ਦੇਖਿਆ ਹੋਵੇਗਾ ਕਿ ਯੂਕੇ ਦੇ ਆਮ ਸ਼ਹਿਰਾਂ ਵਿੱਚ ਥਾਂ-ਥਾਂ ਸਾਈਕਲ-ਸਟੈਂਡ ਹਨ, ਜਿਥੋਂ ਤੁਸੀਂ ਆਪਣੇ ਕਰੈਡਿਟ ਕਾਰਡ ਨਾਲ ਸਾਈਕਲ ਕਿਰਾਏ ‘ਤੇ ਲੈ ਸਕਦੇ ਹੋ ਤੇ ਇਸ ਨੂੰ ਵਰਤ ਕੇ ਭਾਵ ਚਲਾ ਕੇ ਕਿਸੇ ਵੀ ਨੇੜਲੇ ਸਾਈਕਲ-ਸਟੈਂਡ ‘ਤੇ ਖੜਾ ਕਰ ਸਕਦੇ ਹੋ। ਇਵੇਂ ਹੀ ਹੁਣ ਈ-ਸਕੂਟਰ ਹੋਣਗੇ। ਥਾਂ-ਥਾਂ ਈ-ਸਕੂਟਰ-ਸਟੈਂਡ ਹੋਣਗੇ, ਤੁਸੀਂ ਇਸ ਨੂੰ ਕਿਰਾਏ ‘ਤੇ ਲੈਕੇ, ਇਸ ਦੀ ਵਰਤੋਂ ਕਰਕੇ ਇਸਨੂੰ ਕਿਸੇ ਵੀ ਨਜ਼ਦੀਕ ਦੇ ਈ-ਸਕੂਟਰ-ਸਟੈਂਡ ‘ਤੇ ਛੱਡ ਸਕਦੇ ਹੋ। ਹਾਂ, ਇਸ ਨੂੰ ਪਹਿਲਾਂ ਔਨ-ਲਾਈਨ ਬੁੱਕ ਕਰਾਉਣਾ ਪਵੇਗਾ, ਸਾਈਕਲ ਵਾਂਗ ਨਹੀਂ ਕਿ ਕਾਰਡ ਪਾਓ ਤੇ ਸਾਈਕਲ ਚੁੱਕ ਲਓ। ਇੰਜ ਈ-ਸਕੂਟਰਾਂ ਨੂੰ ਕਿਰਾਏ ‘ਤੇ ਦੇਣ ਦੀ ਸੇਵਾ ਲੌਸ-ਏਂਜਲਜ਼ ਤੇ ਪੈਰਿਸ ਵਰਗੇ ਮਹਾਂਨਗਰਾਂ ਵਿੱਚ ਬਹੁਤ ਕਾਮਯਾਬੀ ਨਾਲ ਚੱਲ ਰਹੀ ਹੈ। ਯੂਕੇ ਦੇ ਹੋਰ ਸ਼ਹਿਰ ਜਿਵੇਂ ਕਿ ਨਿਊਕੈਸਲ, ਬ੍ਰਿਸਟਲ, ਬੌਰਨਮਾਊਥ ਵਿੱਚ ਇਹ ਸੇਵਾ ਵੀ ਅਰੰਭ ਹੋ ਚੁੱਕੀ ਹੈ। ਲੰਡਨ ਦੀਆਂ ਕੁਝ ਬੌਰੋਜ਼ ਇਸ ਨੂੰ ਤਜਰਬੇ ਦੇ ਤੌਰ ‘ਤੇ ਸ਼ੁਰੂ ਕਰ ਰਹੀਆਂ ਹਨ। ਜੇ ਤਜਰਬਾ ਕਾਮਯਾਬ ਰਿਹਾ ਤਾਂ ਇਸ ਸੇਵਾ ਨੂੰ ਪੂਰੇ ਲੰਡਨ ਵਿੱਚ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਜੋ ਪ੍ਰਾਈਵੇਟ ਈ-ਸਕੂਟਰ ਸੜਕਾਂ ‘ਤੇ ਦੌੜੇ ਫਿਰਦੇ ਹਨ ਇਹਨਾਂ ਨੂੰ ਗੈਰ-ਕਾਨੂੰਨੀ ਕਹਿਣ ਦੀ ਸਰਕਾਰੀ ਦਲੀਲ ਇਹ ਹੈ ਕਿ ਇਹ ਵਾਹਨ ਭਾਵੇਂ ਬਹੁਤ ਛੋਟਾ ਹੈ ਪਰ ਸ਼ਕਤੀ ਨਾਲ ਚਲਦਾ ਭਾਵ ਪੌਵਰਡ-ਵੈਹੀਕਲ ਹੈ, ਸਾਈਕਲ ਵਾਂਗ ਮਨੁੱਖ ਨਹੀਂ ਚਲਾਉਂਦਾ, ਇਸ ਲਈ ਇਸ ਉਪਰ ਕਾਰਾਂ ਵਾਲੇ ਸਾਰੇ ਕਾਨੂੰਨ ਲਾਗੂ ਹੁੰਦੇ ਹਨ। ਇਸਦਾ ਸਲਾਨਾ ਰੋਡ ਟੈਕਸ ਵੀ ਹੋਣਾ ਚਾਹੀਦਾ ਹੈ, ਇਸ ਦੀ ਸਲਾਨਾ ਐਮ. ਓ. ਟੀ., ਭਾਵ ਇਸ ਦੀ ਚਲਣ-ਯੋਗਤਾ ਦੀ ਪਰਖ ਹੋਣੀ ਚਾਹੀਦੀ ਹੈ, ਇਸਦੇ ਪਿੱਛੇ ਰੈਡ-ਲਾਈਟ ਲੱਗੀ ਹੋਣੀ ਚਾਹੀਦੀ ਹੈ ਤੇ ਮੋੜ ਕੱਟਣ ਵਾਲੇ ਇਸ਼ਾਰੇ ਵੀ, ਇਸ ਦੀ ਇੰਸ਼ੋਅਰੈਂਸ ਵੀ ਹੋਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਪ੍ਰਾਈਵੇਟ ਈ-ਸਕੂਟਰ ਇਹਨਾਂ ਵਿੱਚੋਂ ਕਿਸੇ ਵੀ ਸ਼ਰਤ ‘ਤੇ ਖਰੇ ਨਹੀਂ ਉਤਰਦੇ। ਜੋ ਸਰਕਾਰ ਈ-ਸਕੂਟਰ ਸ਼ੁਰੂ ਕਰ ਰਹੀ ਹੈ, ਉਸ ਦੇ ਅੱਗੇ ਪਿੱਛੇ ਲਾਈਟਾਂ ਹੋਣਗੀਆਂ, ਇਸ਼ਾਰੇ ਵੀ ਲੱਗੇ ਹੋਣਗੇ, ਬਾਕੀ ਸ਼ਰਤਾਂ ਵੀ ਪੂਰੀਆਂ ਹੁੰਦੀਆਂ ਹੋਣਗੀਆਂ ਇਸ ਲਈ ਇਹ ਸਰਕਾਰੀ ਸੜਕਾਂ ਵਰਤ ਸਕਦੇ ਹਨ। ਉਮੀਦ ਹੈ ਵਕਤ ਨਾਲ ਕਾਨੂੰਨ ਵਿੱਚ ਸੋਧ ਹੋਵੇਗੀ ਤੇ ਕਿਸੇ ਨਾ ਕਿਸੇ ਤਰ੍ਹਾਂ ਨਿੱਜੀ ਈ-ਸਕੂਟਰ ਆਮ ਸੜਕਾਂ ‘ਤੇ ਦੌੜਨ ਲੱਗਣਗੇ ਬਲਕਿ ਜਦ ਦੀ ਸਰਕਾਰ ਇਸ ਬਾਰੇ ਢਿੱਲ ਦੇਣ ਬਾਰੇ ਸੋਚਣ ਲੱਗੀ ਹੈ, ਅਨੇਕਾਂ ਈ-ਸਕੂਟਰ ਸੜਕਾਂ ‘ਤੇ ਦੌੜਦੇ ਦਿਸਣ ਲੱਗੇ ਹਨ। ਕੰਮ ਕਰਨ ਵਾਲੀਆਂ ਆਮ ਜਗਾਵਾਂ ‘ਤੇ ਇਹ ਨਿੱਕੇ ਨਿੱਕੇ ਖਿਡਾਉਣਿਆਂ ਵਾਂਗ ਖੜੇ ਦਿਸ ਜਾਂਦੇ ਹਨ।

ਇਸਨੂੰ ਚਲਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੰਸ ਚਾਹੀਦਾ ਹੈ, ਪਰੋਵੀਯਨਲ ਵੀ ਚਲੇਗਾ। ਤੁਹਾਡੇ ਲਾਇਸੰਸ ਵਿੱਚ ‘ਕਿਊ-ਕੈਟਾਗਰੀ’ ਦਾ ਵੈਹੀਕਲ ਚਲਾਉਣ ਦੀ ਆਗਿਆ ਹੋਣੀ ਚਾਹੀਦੀ ਹੈ, ਇਹ ਤਕਰੀਬਨ ਯੂਕੇ ਦੇ ਹਰ ਲਾਇਸੰਸ ਵਿੱਚ ਹੈ। ਇੰਟਰਨੈਸ਼ਨਲ ਲਾਇਸੰਸ ਨਾਲ ਤੁਸੀਂ ਇਸਨੂੰ ਨਹੀਂ ਚਲਾ ਸਕਦੇ। ਕਈ ਮੁਲਕਾਂ ਵਿੱਚ ਇਸ ਨੂੰ ਚਲਾਉਣ ਲਈ ਲਾਇਸੰਸ ਦੀ ਲੋੜ ਨਹੀਂ ਹੁੰਦੀ। ਯੂਕੇ ਵਿੱਚ ਇਸ ਨੂੰ ਚਲਾਉਣ ਦੀ ਘੱਟੋ-ਘੱਟ ਉਮਰ ਸੋਲਾਂ ਸਾਲ ਹੈ। ਜਰਮਨੀ ਵਿੱਚ ਇਹੋ ਉਮਰ ਚੌਦਾਂ ਸਾਲ ਤੇ ਬੈਲਜੀਅਮ ਵਿੱਚ ਪੰਦਰਾਂ ਸਾਲ ਹੈ। ਯੂਕੇ ਸਮੇਤ ਬਹੁਤੇ ਮੁਲਕਾਂ ਵਿੱਚ ਇਸਦੀ ਵੱਧ ਤੋਂ ਵੱਧ ਸਪੀਡ ਪੱਚੀ ਕਿਲੋਮੀਟਰ ਫੀ ਘੰਟਾ ਮਿਥੀ ਗਈ ਹੈ। ਕਈ ਐਸੇ ਇਲਾਕੇ ਜਿਹਨਾਂ ਨੂੰ ‘ਗੋ ਸਲੋਅ ਏਰੀਆ’ ਕਿਹਾ ਜਾਂਦਾ ਹੈ, ਜਿਥੇ ਹੁਣ ਕਾਰਾਂ ਦੀ ਵੀਹ ਮੀਲ ਦੀ ਸਪੀਡ ਹੈ, ਇਹਨਾਂ ਇਲਾਕਿਆਂ ਵਿੱਚ ਈ-ਸਕੂਟਰ ਦੀ ਸਪੀਡ ਤੇਰਾਂ ਕਿਲੋਮੀਟਰ ਜਾਂ ਅੱਠ ਮੀਲ ਹੋਵੇਗੀ। ਸਿਰ ਉਪਰ ਸਾਈਕਲ ਚਲਾਉਣ ਵੇਲੇ ਲਈ ਜਾਣ ਵਾਲੀ ਹੈਲਮਿਟ ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਹੈ ਪਰ ਵਰਤੋ ਜਾਂ ਨਾ ਇਹ ਤੁਹਾਡੀ ਮਰਜ਼ੀ ਹੈ। ਈ-ਸਕੂਟਰ ਨੂੰ ਚਲਾਉਣਾ ਜੁਰਮਾਨਿਆਂ ਦੀ ਜ਼ੱਦ ਵਿੱਚ ਵੀ ਆਉਂਦਾ ਹੈ। ਫੁੱਟਪਾਥ ‘ਤੇ ਚਲਾਉਂਦੇ ਫੜੇ ਜਾਵੋਂ ਤਾਂ ਪੰਜਾਹ ਪੌਂਡ ਜੁਰਮਾਨਾ। ਇਸ ਨੂੰ ਚਲਾਉਂਦਿਆਂ ਫੋਨ ਦੀ ਵਰਤੋਂ ਕਰੋਂ ਤਾਂ ਸੌ ਪੌਂਡ ਜੁਰਮਾਨਾ ਤੇ ਛੇ ਨੰਬਰ ਤੁਹਾਡੇ ਲਾਇਸੰਸ ‘ਤੇ ਵੀ। ਰੈੱਡ-ਲਾਈਡ ਟੱਪਣ ਦਾ ਵੀ ਇਹੋ ਜੁਰਮਾਨਾ। ਹਾਂ, ਸ਼ਰਾਬੀਆਂ ਲਈ ਵੀ ਕੋਈ ਰਿਆਇਤ ਨਹੀਂ ਹੈ। ਸ਼ਰਾਬ ਪੀਕੇ ਚਲਾਉਂਦੇ ਫੜੇ ਗਏ ਤਾਂ ਤੁਹਾਡਾ ਲਾਇਸੰਸ ਸਸਪੈਂਡ ਹੋ ਜਾਵੇਗਾ। ਇਸ ਮਾਮਲੇ ਵਿੱਚ ਕਿਆਹ ਜੌਰਡਨ ਨਾਂ ਦੀ ਇਕ ਵਿਦਿਆਰਥਣ ਸਭ ਤੋਂ ਅੱਵਲ ਰਹੀ। ਪਿੱਛੇ ਜਿਹੇ ਉਹ ਸ਼ਰਾਬ ਨਾਲ ਰੱਜੀ ਈ-ਸਕੂਟਰ ਭਜਾਈ ਜਾ ਰਹੀ ਸੀ ਤਾਂ ਪੁਲੀਸ ਨੇ ਫੜ ਲਿਆ। ਦੋ ਸਾਲ ਲਈ ਉਸ ਦਾ ਲਾਇਸੰਸ ਗੁੱਲ।

ਲੰਡਨ ਵਿੱਚ ਜਦ ਖਰੂਦੀ ਨੌਜਵਾਨ ਇਹਨਾਂ ਦੀ ਗਲਤ ਵਰਤੋਂ ਕਰਨ ਲੱਗੇ ਸਨ ਤਾਂ ਲੰਡਨ-ਵਾਸੀ ਇਹਨਾਂ ਦੇ ਖਿਲਾਫ ਹੋ ਗਏ ਸਨ। ਫੁੱਟਪਾਥ ਜੋ ਲੋਕਾਂ ਦੇ ਤੁਰਨ ਲਈ ਹੁੰਦੇ ਹਨ, ਜਾਂ ਅਪਾਹਜਾਂ ਜਾਂ ਸਪੈਸ਼ਲ ਲੋੜਾਂ ਵਾਲੇ ਲੋਕਾਂ ਦੀਆਂ ਵੀਅਲ-ਚੇਅਰਾਂ ਆਦਿ ਲਈ ਹੁੰਦੇ ਹਨ, ਉਥੇ ਇਹ ਈ-ਸਕੂਟਰ ਬਹੁਤ ਖਤਰਨਾਕ ਸਿੱਧ ਹੁੰਦੇ ਹਨ। ਇਹਨਾਂ ਦੇ ਐਕਸੀਡੈਂਟ ਵੀ ਬਹੁਤ ਹੁੰਦੇ ਹਨ। ਜੁਲਾਈ 2019 ਵਿੱਚ ਲੰਡਨ ਦੀ ਪੈਂਤੀ-ਸਾਲਾ ਇਕ ਯੂਟਿਊਬਰ ਐਮਲੀ ਹਾਰਟਰਿੱਜ ਈ-ਸਕੂਟਰ ਦੇ ਐਕਸੀਡੈਂਟ ਵਿੱਚ ਮਰਨ ਵਾਲੀ ਪਹਿਲੀ ਔਰਤ ਸੀ। ਉਸੇ ਸਾਲ ਪੰਜਾਹ-ਸਾਲਾ ਜੂਲੀਅਨ ਥੋਮ ਨਾਮੀ ਬੰਦੇ ਦਾ ਈ-ਸਕੂਟਰ ਕਾਰ ਵਿੱਚ ਜਾ ਵੱਜਾ ਤੇ ਉਸ ਦੀ ਥਾਵੇਂ ਮੌਤ ਹੋ ਗਈ। ਇਸ ਤੋਂ ਬਾਅਦ ਹੋਰ ਵੀ ਕਈ ਮੌਤਾਂ ਹੋਈਆਂ ਹਨ। ਇਹਨਾਂ ਦਾ ਛੋਟਾ ਹੋਣਾ ਤੇ ਇਹਨਾਂ ਦੀ ਤੇਜ਼-ਸਪੀਡ ਮੁਰਜਮਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਉਹ ਵਾਰਦਾਤ ਕਰਕੇ ਛੇਤੀ ਭੱਜ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ। ਪੁਲੀਸ ਮੁਤਾਬਕ ਪਹਿਲੀ ਜੁਲਾਈ 2020 ਤੋਂ ਲੈਕੇ ਤੀਹ ਅਪਰੈਲ 2021 ਤੱਕ ਲੰਡਨ ਵਿੱਚ 574 ਜੁਰਮ ਰਿਪੋਰਟ ਕੀਤੇ ਗਏ, ਇਹਨਾਂ ਵਿੱਚ ਰੌਬਰੀ ਤੇ ਕੁੱਟਮਾਰ ਸ਼ਾਮਲ ਸਨ। ਲੰਡਨ ਦੇ ਮੇਅਰ ਸਦੀਕ ਖਾਨ ਦਾ ਕਹਿਣਾ ਹੈ ਕਿ ਇਹ ਸਹੀ ਹੈ ਕਿ ਈ-ਸਕੂਟਰ ਸਹਾਰੇ ਹੁੰਦੇ ਬਹੁਤ ਸਾਰੇ ਜੁਰਮਾਂ ਦੀ ਰਿਪੋਰਟ ਨਹੀਂ ਹੋ ਰਹੀ ਪਰ ਪੁਲੀਸ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸਤੱਰਕ ਹੈ।

ਇਹਨਾਂ ਗੱਲਾਂ ਨੂੰ ਇਕ ਪਾਸੇ ਰੱਖਦਿਆਂ ਇਕ ਵੱਡੀ ਮੁਹਿੰਮ ਈ-ਸਕੂਟਰਾਂ ਦੇ ਹੱਕ ਵਿੱਚ ਖੜੀ ਹੋ ਗਈ ਹੈ। ਸਭ ਤੋਂ ਪਹਿਲਾਂ ਤਾਂ ਪਾਰਲੀਮੈਂਟ ਦੇ ਮੈਂਬਰਾਂ ਦੇ ਇਕ ਖਾਸ ਗਰੁੱਪ ਨੇ ਸਰਕਾਰ ‘ਤੇ ਜ਼ੋਰ ਪਾਇਆ ਕਿ ਈ-ਸਕੂਟਰਾਂ ਨੂੰ ਕਾਨੂੰਨਨ ਕਰੋ। ‘ਦਾ ਲੰਡਨ ਸਾਈਕਲ ਕੰਪੇਨ’ ਨਾਮੀ ਸੰਸਥਾ, ਜੋ ਸਾਈਕਲ ਚਲਾਉਣ ਨੂੰ ਉਤਸ਼ਾਹ ਦਿੰਦੀ ਹੈ, ਨੇ ਵੀ ਈ-ਸਕੂਟਰਾਂ ਦੇ ਹੱਕ ਵਿੱਚ ਬਿਆਨ ਦਿੱਤੇ ਹਨ ਕਿ ਜਿਹੜੇ ਲੋਕ ਸਾਈਕਲ ਨਹੀਂ ਵਤਰਣਾ ਚਾਹੁੰਦੇ ਉਹਨਾਂ ਲਈ ਇਹ ਵਧੀਆ ਬਦਲ ਹੈ। ਟਰਾਂਪੋਰਟ ਮਨਿਸਟਰ ਰੇਚਲ ਮੈਕਲੇਨ ਨੇ ਈ-ਸਕੂਟਰਾਂ ਵਿੱਚ ਖਾਸ ਦਿਲਚਸਪੀ ਦਿਖਾਈ ਸੀ। ਟਰਾਂਸਪੋਰਟ ਸੈਕਟਰੀ ਵਲੋਂ ਲੰਡਨ ਦੀ ਆਵਾਜਾਈ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਛੱਬੀ ਮਿਲੀਅਨ ਪੌਂਡ ਰੱਖੇ ਗਏ ਹਨ, ਉਹਦੇ ਵਿੱਚ ਈ-ਸਕੂਟਰ ਵੀ ਆਉਂਦੇ ਹਨ। ਇਹ ਬਹੁਤ ਸਸਤਾ ਪੈਂਦਾ ਹੈ, ਇਸ ਨੂੰ ਪਾਰਕ ਕਰਨ ਲਈ ਬਹੁਤੀ ਜਗਾਹ ਵੀ ਨਹੀਂ ਚਾਹੀਦੀ। ਇਹ ਧੂੰਆਂ ਆਦਿ ਨਹੀਂ ਛਡਦਾ, ਵਾਤਾਵਰਣ ਸਾਫ ਰਹਿੰਦਾ ਹੈ। ਡਲਿਵਰੀ ਕਰਨ ਲਈ ਛੋਟੇ ਮੋਟਰ-ਸਾਈਕਲਾਂ ਜਾਂ ਮੌਪਿਡਾਂ ਦੀ ਥਾਂਵੇਂ ਇਹ ਸਸਤਾ ਤੇ ਆਸਾਨ ਰਹੇਗਾ। ਇਹਨਾਂ ਨੂੰ ਬਣਾਉਣ ਵਾਲੀਆਂ ਫਰਮਾਂ ਵੀ ਇਹਨਾਂ ਦੇ ਹੱਕ ਵਿੱਚ ਬਹੁਤ ਕੁਝ ਕਹਿ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਈ-ਸਕੂਟਰ ਮਾਨਸਿਕ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਬਹੁਤ ਸਹਾਈ ਹੋਣਗੇ। ਪਰ ਕਈ ਸਿਆਣੇ ਇਹਵੀ ਕਹਿ ਰਹੇ ਹਨ ਕਿ ਸਾਈਕਲ ਚਲਾਉਣ ਜਾਂ ਤੁਰਨ ਨਾਲ ਮਨੁੱਖ ਦੀ ਸਿਹਤ ਸਹੀ ਰਹਿੰਦੀ ਹੈ ਪਰ ਈ-ਸਕੂਟਰ ਸਿਹਤਾਂ ਉਪਰ ਮਨਫੀ-ਅਸਰ ਕਰਨਗੇ।

ਇਹ ਸਕੂਟਰ 1985 ਵਿੱਚ ਪਹਿਲਾਂ ਦੇਖਣ ਵਿੱਚ ਆਏ। ਵੈਸੇ ਤਾਂ ਪੁਰਾਣੇ ਜ਼ਮਾਨੇ ਵਿੱਚ ਜਾਈਏ ਤਾਂ ਇਸੇ ਤਰ੍ਹਾਂ ਦੇ ਸਕੂਟਰਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ। 2000 ਵਿੱਚ ਇਹਨਾਂ ਨੂੰ ਡੀਯਲ-ਇੰਜਣਾਂ ਨਾਲ ਚਲਾਇਆ ਗਿਆ ਜੋਕਿ ਬਹੁਤ ਧੂੰਆਂ ਦਿੰਦੇ ਸਨ। ਡੀਯਲ ਵਾਲੇ ਸਕੂਟਰ ਬਹੁਤ ਦੇਰ ਦੇ ਬੰਦ ਹੋ ਚੁੱਕੇ ਹਨ। ਈ-ਸਕੂਟਰਾਂ ਵਿੱਚ ਕਈ ਤਿੰਨ ਜਾਂ ਚਾਰ ਪਹੀਆਂ ਵਾਲੇ ਵੀ ਹਨ। ਇਸ ਵੇਲੇ ਟਾਇਰਾਂ ਵਾਲੇ ਦਸ ਇੰਚੀ ਪਹੀਆਂ ਵਾਲੇ ਈ-ਸਕੂਟਰ ਸਭ ਤੋਂ ਵੱਧ ਪ੍ਰਚਲਤ ਹਨ। ਇਹਨਾਂ ਦੀਆਂ ਵੀ ਬਹੁਤ ਕਿਸਮਾਂ ਹਨ। ਜਿਵੇਂ ਮੈਂ ਪਹਿਲਾਂ ਕਿਹਾ ਕਿ ਹਾਲੇ ਇਹਨਾਂ ਦਾ ਚਿਹਰਾ-ਮੁਹਰਾ ਬਦਲਣਾ ਹੈ। ਹੌਲੀ-ਹੌਲੀ ਇਹ ਵਧੇਰੇ ਪਾਏਦਾਰ ਵੀ ਬਣਨ ਲਗਣਗੇ। ਹਾਲੇ ਈ-ਸਕੂਟਰ ਬਹੁਤੀ ਦੇਰ ਨਹੀਂ ਚਲਦੇ। ਇਹ ਦੋ-ਤਿੰਨ ਸਾਲ ਵਿੱਚ ਖਤਮ ਹੋ ਜਾਂਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਈ-ਸਕੂਟਰ ਕਨਵੇਅੰਸ ਵਿੱਚ ਇਕ ਵੱਡੀ ਤਬਦੀਲੀ ਹੈ। ਇਹਨਾਂ ਦੀ ਪੌਪੂਲਰਟੀ ਵਧਦੀ ਦੇਖਕੇ ਜਾਪਦਾ ਹੈਕਿ ਜਲਦੀ ਹੀ ਲੰਡਨ ਵਿੱਚ ਇਹਨਾਂ ਦਾ ਹੜ੍ਹ ਆ ਜਾਵੇਗਾ। ਸਰਕਾਰ ਇਸ ਨਾਲ ਕਿਵੇਂ ਨਿਬੜਦੀ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ। ਜਲਦੀ ਹੀ ਇਹਨਾਂ ਲਈ ਕੋਈ ਕਾਨੂੰਨੀ ਪੱਧਰ ਮਿਥਣਾ ਹੋਵੇਗਾ।

Comments


bottom of page