top of page
  • Writer's pictureਸ਼ਬਦ

ਬੱਸਿੰਗ /

ਹਰਜੀਤ ਅਟਵਾਲ/

ਜਦੋਂ ਕੁ ਪਰਵਾਸੀਆਂ ਦੇ ਪਰਿਵਾਰ ਆਉਣ ਲੱਗੇ ਤਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਣ ਲੱਗੀ। ਹਰ ਸਕੂਲ ਦੀ ਬੱਚਿਆਂ ਦੇ ਦਾਖਲੇ ਦੀ ਇਕ ਸੀਮਾ ਹੁੰਦੀ ਹੈ ਪਰ ਇਹ ਸੀਮਾ ਹੁਣ ਛੋਟੀ ਪੈਣ ਲੱਗੀ। ਜਿਸ ਜਿਸ ਇਲਾਕੇ ਵਿੱਚ ਜ਼ਿਆਦਾ ਪਰਵਾਸੀ ਇਕੱਠੇ ਹੋ ਰਹੇ ਸਨ ਉਥੇ ਦੇ ਸਕੂਲ ਪ੍ਰਭਾਵਿਤ ਹੋ ਰਹੇ ਸਨ। ਸਾਊਥਾਲ ਵਿੱਚ ਬਾਕੀ ਇਲਾਕਿਆਂ ਨਾਲੋਂ ਜ਼ਿਆਦਾ ਏਸ਼ੀਅਨ ਜਮ੍ਹਾਂ ਹੋ ਰਹੇ ਸਨ ਸੋ ਇਥੇ ਦੇ ਮਸਲੇ ਵੀ ਜ਼ਿਆਦਾ ਉਲਝ ਰਹੇ ਸਨ। ਗੋਰਿਆਂ ਨੂੰ ਏਨੇ ਏਸ਼ੀਅਨ ਬੱਚੇ ਮਨਜ਼ੂਰ ਨਹੀਂ ਸਨ। ਉਹਨਾਂ ਦਾ ਸਕੂਲ ਦੀ ਮੈਨੇਜਮੈਂਟ ਨਾਲ ਕਲੇਸ਼ ਵਧਦਾ ਜਾ ਰਿਹਾ ਸੀ। ਇਕ ਜਮਾਤ ਵਿੱਚੇ ਏਨੇ ਏਸ਼ੀਅਨ ਬੱਚਿਆਂ ਦੇ ਆ ਜਾਣ ਨਾਲ ਉਹਨਾਂ ਨੂੰ ਆਪਣੇ ਕਲਚਰ ਨੂੰ ਢਾਅ ਲਗਦੀ ਜਾਪਦੀ। ਆਏ ਦਿਨ ਮੀਟਿੰਗਾਂ ਹੁੰਦੀਆਂ। ਇਸ ਬਾਰੇ ਅਖ਼ਬਾਰਾਂ ਵਿੱਚ ਵੀ ਬਹਿਸਾਂ ਹੋਣ ਲਗੀਆਂ। ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਸੋਚ-ਵਿਚਾਰਾਂ ਹੁੰਦੀਆਂ। ਇਸ ਦਾ ਇਕੋ ਹੱਲ ਸੀ ਕਿ ਹੋਰ ਸਕੂਲ ਖੋਹਲੇ ਜਾਣ। ਪਰ ਹੋਰ ਸਕੂਲ ਖੋਹਲਣੇ ਏਨਾ ਸੌਖਾ ਨਹੀਂ ਸੀ। ਕਾਫੀ ਸਾਰੀਆਂ ਬਹਿਸਾਂ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਇਕ ਜਮਾਤ ਵਿੱਚ ਤੇਤੀ ਫੀ ਸਦੀ ਏਸ਼ੀਅਨ ਬੱਚੇ ਹੋਣਗੇ ਤੇ ਬਾਕੀ ਦੇ ਏਸ਼ੀਅਨ ਬੱਚਿਆਂ ਨੂੰ ਆਲੇ ਦੁਆਲੇ ਦੇ ਇਲਾਕਿਆਂ ਦੇ ਸਕੂਲਾਂ ਵਿੱਚ ਬੱਸਾਂ ਰਾਹੀਂ ਭੇਜਿਆ ਜਾਇਆ ਕਰੇਗਾ, ਇਸ ਪ੍ਰਕਿਰਿਆ ਨੂੰ ਬੱਸਿੰਗ ਦਾ ਨਾਂ ਦਿੱਤਾ ਜਾ ਰਿਹਾ ਸੀ। ਬਹੁਤ ਸਾਰੀਆਂ ਮੀਟਿੰਗਾਂ ਤੋਂ ਬਾਅਦ ਗੋਰੇ ਮਾਪਿਆਂ ਤੇ ਮੈਨਜਮੈਂਟ ਦੀ ਬੱਸਿੰਗ ਬਾਰੇ ਸਹਿਮਤੀ ਹੋ ਗਈ। ਈਲਿੰਗ ਕੌਂਸਲ ਵੀ ਬੱਸਿੰਗ ਲਈ ਤਿਆਰ ਹੋ ਗਈ। ਜਿਹਨਾਂ ਦੇ ਬੱਚੇ ਸਨ ਉਹ ਕੀ ਸੋਚਦੇ ਹਨ ਇਸ ਬਾਰੇ ਕਿਸੇ ਨੂੰ ਫਿਕਰ ਨਹੀਂ ਸੀ।

ਇਕ ਦਿਨ ਵਤਨ ਸ਼ੇਰਗਿੱਲ ਦਾ ਸਤਿਕਾਰ ਨੂੰ ਫੋਨ ਆਇਆ, ਬੋਲਿਆ, ‘‘ਕਾਮਰੇਡ, ਪਤਾ ਲੱਗਾ ਕੁਝ?’’

‘‘ਕੀ ਹੋਇਆ?’’

‘‘ਹਰਬੰਸ ਭੁੱਲਰ ਤੇ ਤੇਰੇ ਰਿਸ਼ਤੇਦਾਰ ਕੇਵਲ ਚੌਹਾਨ ਨੇ ਈਲਿੰਗ ਕੌਂਸਲ ਦੀ ਬੱਸਿੰਗ ਬਾਰੇ ਨੀਤੀ ਦੇ ਹੱਕ ਵਿੱਚ ਬਿਆਨ ਦਿੱਤਾ ਕਿ ਬੱਚਿਆਂ ਦੀ ਬੱਸਿੰਗ ਜ਼ਰੂਰੀ ਐ।’’

‘‘ਇਹ ਤਾਂ ਬਹੁਤ ਬੁਰੀ ਗੱਲ ਐ।’’

‘‘ਤੂੰ ਇਹਨੂੰ ਸਿਰਫ ਬੁਰੀ ਗੱਲ ਕਹਿਨਾਂ? ਇਹ ਤਾਂ ਗੁਨਾਹ ਐ, ਤੇ ਅਗਲੀ ਗੱਲ ਸੁਣ, ਕਹਿੰਦੇ ਆ ਕਿ ਅਮਰੀਕਾ ਵਿੱਚ ਵੀ ਤਾਂ ਕਲਿਆਂ ਦੇ ਬੱਚਿਆਂ ਨੂੰ ਦੂਰ ਦੇ ਸਕੂਲਾਂ ਵਿੱਚ ਭੇਜਿਆ ਹੀ ਜਾਂਦਾ, ਇਹ ਤਾਂ ਖੁਦ ਨਸਲਵਾਦੀ ਬਣੇ ਫਿਰਦੇ ਆ, ਇਹਨਾਂ ਨੂੰ ਨੰਗੇ ਕਰਨ ਦੀ ਲੋੜ ਐ।’’

‘‘ਮੈਂ ਅਗਲੀ ਮੀਟਿੰਗ ਵਿੱਚ ਇਹਨਾਂ ਦਾ ਵਿਰੋਧ ਕਰਾਂਗਾ।’’ ਸਤਿਕਾਰ ਨੇ ਕਿਹਾ।

‘‘ਅਗਲੀ ਮੀਟਿੰਗ ਪਤਾ ਨਹੀਂ ਕਦੋਂ ਹੋਣੀ ਐਂ, ਮੈਂ ਅੱਜ ਹੀ ਦਫਤਰ ਵਿੱਚ ਜਾ ਕੇ ਲੂਣ ਦੇ ਆਇਆਂ, ਹੋਰ ਲੋਕ ਵੀ ਉਹਨਾਂ ਨੂੰ ਲਾਹਣਤਾਂ ਪਾ ਰਹੇ ਸੀ। ਇਹਨਾਂ ਨੂੰ ਪਰਧਾਨਗੀ ਤੇ ਜਨਰਲ ਸਕੱਤਰੀ ਤੋਂ ਲਾਹ ਦੇਣਾ ਚਾਹੀਦਾ।’’ ਵਤਨ ਸ਼ੇਰਗਿੱਲ ਬਹੁਤ ਗੁੱਸੇ ਵਿੱਚ ਸੀ।

ਸਤਿਕਾਰ ਨੇ ਉਸੇ ਵੇਲੇ ਹੀ ਕੇਵਲ ਚੌਹਾਨ ਨੂੰ ਫੋਨ ਕਰ ਲਿਆ ਤੇ ਕਿਹਾ, ‘‘ਚਾਚਾ, ਇਹ ਕੀ ਕੀਤਾ ਤੁਸੀਂ, ਬੱਸਿੰਗ ਦੇ ਹੱਕ ਵਿੱਚ ਹੀ ਬਿਆਨ ਦੇ ਦਿੱਤਾ?’’

‘‘ਸਤਿਕਾਰ, ਹੋਰ ਇਹਦਾ ਹੱਲ ਵੀ ਕੀ ਐ?’’

‘‘ਨਵੇਂ ਸਕੂਲ ਖੋਹਲੇ ਜਾਣ, ਇਸ ਗੱਲ ਉਪਰ ਜ਼ੋਰ ਪਾਓ।’’

‘‘ਸਕੂਲ ਖੋਹਲਣੇ ਵੀ ਇਕ ਲੰਮੀ ਪ੍ਰਕਿਰਿਆ ਹੁੰਦੀ ਐ।’’

‘‘ਪਰ ਤੁਸੀਂ ਸਕੂਲ ਖੋਹਲਣ ਦੀ ਗੱਲ ਹੀ ਨਹੀਂ ਕਰ ਰਹੇ।’’

‘‘ਕਰ ਰਹੇ ਆਂ ਪਰ ਏਨੀ ਸੌਖੀ ਗੱਲ ਨਹੀਂ, ਅਸੀਂ ਸਾਰੇ ਵਿਕਲਪ ਦੇਖ ਕੇ ਹੀ ਇਸ ਦੇ ਹੱਕ ਵਿਚ ਗੱਲ ਕੀਤੀ ਐ ਕਿ ਬੱਸਿੰਗ ਦੇ ਇੰਤਜ਼ਾਮ ਵਧੀਆ ਹੋਣੇ ਚਾਹੀਦੇ ਆ।’’ ਕੇਵਲ ਚੌਹਾਨ ਆਖ ਰਿਹਾ ਸੀ।

‘‘ਏਹਦੇ ਨਾਲ ਭਾਰਤੀ ਮਜ਼ਦੂਰ ਸਭਾ ਦਾ ਨਾਂ ਬਦਨਾਮ ਹੋ ਰਿਹੈ।’’

‘‘ਸਤਿਕਾਰ, ਤੂੰ ਸਭਾ ਨੂੰ ਲੈ ਕੇ ਬਹੁਤਾ ਹੀ ਜਜ਼ਬਾਤੀ ਹੋ ਜਾਨਾਂ।’’

‘‘ਕਿਉਂ ਨਾ ਹੋਵਾਂ, ਇਸ ਦੇ ਇਤਿਹਾਸ ਦਾ ਹਿੱਸਾ ਆਂ।’’ ਸਤਿਕਾਰ ਨੇ ਜ਼ਰਾ ਕੁ ਖਿਝਦਿਆਂ ਆਖਿਆ। ਉਸ ਨੂੰ ਲਗਿਆ ਕਿ ਕੇਵਲ ਚੌਹਾਨ ਸਭਾ ਨੂੰ ਘਟਾ ਕੇ ਦੇਖ ਰਿਹਾ ਹੈ।

ਇਹਨਾਂ ਦੋਨਾਂ ਲੀਡਰਾਂ ਨੂੰ ਛੱਡ ਕੇ ਆਈ.ਡਬਲਯੂ.ਏ. ਦੀ ਸਾਰੀ ਲੀਡਰਸ਼ਿੱਪ ਇਸ ਦੇ ਖਿਲਾਫ ਸੀ। ਛੇਤੀ ਹੀ ਸਾਰੇ ਏਸ਼ੀਅਨਾਂ ਵਿੱਚ ਕੌਂਸਲ ਦੇ ਇਸ ਫੈਸਲੇ ਖਿਲਾਫ ਰੋਸ ਦੀ ਲਹਿਰ ਫੈਲ ਗਈ। ਰੋਜ਼ ਪ੍ਰਦਰਸ਼ਨ ਹੋਣ ਲੱਗੇ ਪਰ ਕੌਂਸਲ ਜਾਂ ਸਰਕਾਰ ਉਪਰ ਕੋਈ ਅਸਰ ਨਾ ਪਿਆ। ਏਸ਼ੀਅਨ ਤੇ ਅਫਰੀਕਨ ਪਿਛੋਕੜ ਵਾਲੇ ਬੱਚਿਆਂ ਨੂੰ ਆਲੇ ਦੁਆਲੇ ਦੇ ਸਕੂਲਾਂ ਵਿੱਚ ਭੇਜੇ ਜਾਣ ਦੇ ਇੰਤਜ਼ਾਮ ਦੀ ਤਿਆਰੀ ਕੀਤੀ ਜਾਣ ਲੱਗੀ। ਕੋਈ ਕੁਝ ਨਾ ਕਰ ਸਕਿਆ ਸਿਵਾਏ ਇਸ ਦਾ ਵਿਰੋਧ ਕਰਨ ਦੇ।

ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਦੂਰਲੇ ਸਕੂਲਾਂ ਵਿੱਚ ਜਾਣ ਲੱਗੇ। ਇਹ ਸਕੂਲ ਦੋ ਮੀਲ ਤੋਂ ਲੈ ਕੇ ਸੱਤ ਮੀਲ ਤੱਕ ਦੀ ਦੂਰੀ ‘ਤੇ ਪੈਂਦੇ ਸਨ। ਸਾਊਥਾਲ ਵਿੱਚ ਖਾਸ ਟਿਕਾਣੇ ਬਣਾ ਦਿੱਤੇ ਗਏ ਜਿੱਥੇ ਸਵੇਰੇ ਮਾਪੇ ਬੱਚਿਆਂ ਨੂੰ ਲੈ ਕੇ ਪੁੱਜਦੇ ਤੇ ਬੱਚੇ ਬੱਸਾਂ ਵਿੱਚ ਬਹਿੰਦੇ ਤੇ ਆਪੋ ਆਪਣੇ ਸਕੂਲਾਂ ਨੂੰ ਚਲੇ ਜਾਂਦੇ। ਸ਼ਾਮ ਨੂੰ ਉਸੇ ਟਿਕਾਣੇ ‘ਤੇ ਬੱਸਾਂ ਬੱਚਿਆਂ ਨੂੰ ਉਤਾਰ ਜਾਂਦੀਆਂ ਤੇ ਉਥੋਂ ਮਾਂਪੇ ਲੈ ਜਾਂਦੇ। ਇਹ ਕੰਮ ਕੋਈ ਸੌਖਾ ਨਹੀਂ ਸੀ। ਸਕੂਲ ਜੇ ਸਾਢੇ ਅੱਠ-ਨੌਂ ਵਜੇ ਲਗਣੇ ਹੁੰਦੇ ਤਾਂ ਬੱਚਿਆਂ ਨੂੰ ਦੱਸੇ ਟਿਕਾਣਿਆਂ ‘ਤੇ ਬੱਸਾਂ ਦੇ ਵਕਤ ਤੋਂ ਬਹੁਤ ਪਹਿਲਾਂ ਪੁੱਜਣਾ ਪੈਂਦਾ। ਬੱਚਿਆਂ ਨੂੰ ਛੇ, ਸਾਢੇ-ਛੇ ਵਜੇ ਘਰੋਂ ਤੁਰਨਾ ਪੈਂਦਾ ਤੇ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਹੀ ਘਰ ਪੁੱਜਦੇ। ਆਮ ਸਕੂਲ ਜਾਣ ਤੋਂ ਚਾਰ ਘੰਟੇ ਵਧ ਲੱਗ ਜਾਂਦੇ। ਇਹਨਾਂ ਦੇ ਸੌਣ ਦੇ ਵਕਤ ਵਿੱਚ ਖਲਲ ਪੈ ਜਾਂਦਾ। ਇਹਨਾਂ ਦੀ ਨੀਂਦ ਪੂਰੀ ਨਾ ਹੁੰਦੀ। ਇਹ ਬੱਚੇ ਪੰਜ ਸਾਲ ਤੋਂ ਲੈ ਕੇ ਸੋਲਾਂ ਸਾਲ ਦੀ ਉਮਰ ਤੱਕ ਦੇ ਸਨ। ਛੋਟੇ ਬੱਚਿਆਂ ਲਈ ਤਾਂ ਇਹ ਸਭ ਬਹੁਤ ਹੀ ਮੁਸ਼ਕਲ ਸੀ। ਬੱਚੇ ਬੱਸਾਂ ਵਿੱਚ ਸੁੱਤੇ ਹੀ ਜਾਂਦੇ, ਜਮਾਤ ਵਿੱਚ ਵੀ ਸੌਂ ਜਾਂਦੇ। ਇਸ ਸਭ ਬਹੁਤ ਤਕਲੀਫ-ਦੇਹ ਸੀ। ਬੱਚਿਆਂ ਦੀਆਂ ਸਿਹਤਾਂ ਉਪਰ ਅਸਰ ਪੈ ਰਿਹਾ ਸੀ। ਲੋਕ ਆਏ ਦਿਨ ਪ੍ਰਦਰਸ਼ਨ ਕਰਦੇ ਪਰ ਕੋਈ ਅਸਰ ਨਾ ਹੋਇਆ।

ਇਹ ਇਕ ਜਾਂ ਦੋ ਦਿਨ, ਜਾਂ ਦੋ ਮਹੀਨੇ ਦੀ ਗੱਲ ਨਹੀਂ ਸੀ। ਇਸ ਸਿਲਸਿਲਾ ਤਾਂ ਜਿਵੇਂ ਸਦੀਵੀ ਸੀ। ਕਈ ਲੋਕ ਸਾਊਥਾਲ ਵਿੱਚੋਂ ਉਠ ਕੇ ਦੂਜੇ ਇਲਾਕਿਆਂ ਵਿੱਚ ਜਾਣ ਲੱਗ ਪਏ ਪਰ ਬਹੁਤਿਆਂ ਦੀਆਂ ਨੌਕਰੀਆਂ ਇਥੇ ਸਨ ਤੇ ਘਰ ਵੀ ਖਰੀਦ ਲਏ ਹੋਏ ਸਨ, ਕਿਤੇ ਹੋਰ ਜਾ ਵਸਣਾ ਏਨਾ ਸੌਖਾ ਨਹੀਂ ਸੀ।

ਸੱਠ ਦੇ ਕਰੀਬ ਬੱਸਾਂ ਸਨ ਜੋ ਇਹਨਾਂ ਨੂੰ ਲੈ ਕੇ ਦੂਜੇ ਸਕੂਲਾਂ ਵਿੱਚ ਲੈ ਕੇ ਜਾਂਦੀਆਂ ਤੇ ਵਾਪਸ ਲਿਆਉਂਦੀਆਂ। ਕਈ ਵਾਰ ਇਵੇਂ ਵੀ ਹੁੰਦਾ ਸੀ ਕਿ 53 ਸੀਟਾਂ ਵਾਲੀ ਬੱਸ ਵਿੱਚ ਸੱਤਰ ਤੋਂ ਵੱਧ ਬੱਚੇ ਹੁੰਦੇ। ਬੱਚਿਆਂ ਦੀ ਸਿਹਤ ਉਪਰ ਅਸਰ ਪੈਣਾ ਕੁਦਰਤੀ ਸੀ। ਇਕ ਸ਼ਰਮਨਾਕ ਗੱਲ ਇਹ ਸੀ ਕਿ ਸਿਰਫ ਏਸ਼ੀਅਨ ਤੇ ਅਫਰੀਕਨ ਬੱਚਿਆਂ ਨੂੰ ਹੀ ਦੂਜੇ ਸਕੂਲਾਂ ਵਿੱਚ ਲੈ ਜਾਇਆ ਜਾਂਦਾ।

ਭਾਵੇਂ ਸ਼ੁਰੂ ਵਿੱਚ ਹਰਬੰਸ ਭੁੱਲਰ ਤੇ ਕੇਵਲ ਚੌਹਾਨ ਇਸ ਦੇ ਹੱਕ ਵਿੱਚ ਭੁੱਗਤੇ ਪਰ ਛੇਤੀ ਹੀ ਭਾਰਤੀ ਮਜ਼ਦੂਰ ਸਭਾ ਨੇ ਬੱਸਿੰਗ ਦੇ ਖਿਲਾਫ ਸਟੈਂਡ ਲੈ ਲਿਆ ਤੇ ਆਪਣੀ ਲੜ੍ਹਾਈ ਆਰੰਭ ਦਿੱਤੀ। ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਇਸ ਦੇ ਖਿਲਾਫ ਬੋਲ ਰਹੀਆਂ ਸਨ। ਬਹੁਤ ਸਾਰੇ ਅੰਗਰੇਜ਼ ਵੀ ਇਸ ਨੂੰ ਅਣਮਨੁੱਖੀ ਕਹਿ ਰਹੇ ਸਨ। ਹਰ ਰੋਜ਼ ਮੁਜ਼ਾਹਰੇ ਹੁੰਦੇ। ਸਤਿਕਾਰ ਦੇ ਇਕ ਵਾਕਫ ਜਸਵਿੰਦਰ ਸਿੱਧੂ ਨੇ ਭੁੱਖ ਹੜਤਾਲ ਵੀ ਰੱਖੀ, ਉਸ ਦੇ ਪੰਜ ਸਾਲ ਦੇ ਮੁੰਡੇ ਨੂੰ ਬੱਸਿੰਗ ਰਾਹੀਂ ਸਕੂਲ ਜਾਣਾ ਪੈਂਦਾ ਸੀ ਜੋ ਬਿਮਾਰ ਰਹਿਣ ਲੱਗਾ ਸੀ ਪਰ ਕੋਈ ਫਰਕ ਨਾ ਪਿਆ।

ਭਾਰਤੀ ਮਜ਼ਦੂਰ ਸਭਾ ਦਾ ਇਕ ਵਫਦ ਈਲਿੰਗ ਕੌਂਸਲ ਨੂੰ ਮਿਲਿਆ ਤੇ ਬੱਚਿਆਂ ਨੂੰ ਦੂਰ ਦੇ ਇਲਾਕਿਆਂ ਵਿੱਚ ਲੈ ਕੇ ਜਾਣ ਦਾ ਸਖਤ ਵਿਰੋਧ ਕੀਤਾ ਕਿ ਅਜਿਹਾ ਕੋਈ ਕਾਨੂੰਨ ਨਹੀ। ਉਹਨਾਂ ਨੇ ਕੋਰਟ ਵਿੱਚ ਜਾਣ ਦੀ ਧਮਕੀ ਵੀ ਦਿੱਤੀ। ਕੌਂਸਲ ਨੇ ਅਗਲੇ ਸਾਲ ਹੀ ਬੱਸਿੰਗ ਨੂੰ ਸਹੀ ਠਹਿਰਾਣ ਬਾਰੇ ਕਾਨੂੰਨ ਬਣਾ ਦਿੱਤਾ।

***

ਬੱਸਿੰਗ ਕਾਰਨ ਸਾਊਥਾਲ ਦੇ ਏਸ਼ੀਅਨਾਂ ਦੀ ਜ਼ਿੰਦਗੀ ਅਜ਼ਾਬ ਬਣੀ ਪਈ ਸੀ ਖਾਸ ਕਰਕੇ ਬੱਚਿਆਂ ਦੀ। ਬਹੁਤ ਸਾਰੇ ਮਾਪੇ ਬਾਰਾਂ ਬਾਰਾਂ ਘੰਟੇ ਕੰਮ ਕਰਦੇ ਸਨ। ਉਹਨਾਂ ਕੋਲ ਬੱਚਿਆਂ ਨੂੰ ਬੱਸੋਂ ਲੈਣ ਜਾਂ ਛੱਡਣ ਜਾਣ ਦਾ ਵਕਤ ਵੀ ਨਹੀਂ ਸੀ ਹੁੰਦਾ। ਜਿਹਨਾਂ ਨੇ ਘਰ ਲਏ ਹੋਏ ਸਨ ਉਹਨਾਂ ਦੀਆਂ ਕਿਸ਼ਤਾਂ ਬਹੁਤ ਸਨ ਤੇ ਦੋਵਾਂ ਜੀਆਂ ਨੂੰ ਕੰਮ ਕਰਨਾ ਪੈਂਦਾ ਸੀ। ਜਿਹਨਾਂ ਨੇ ਹਾਲੇ ਘਰ ਲੈਣੇ ਸਨ ਉਹਨਾਂ ਨੂੰ ਮਿਹਨਤ ਕਰਨੀ ਪੈ ਰਹੀ ਸੀ। ਜਦੋਂ ਬੱਚਾ ਜ਼ਰਾ ਕੁ ਆਪਣੇ ਆਪ ਨੂੰ ਸੰਭਾਲਣ ਲਗਦਾ ਤਾਂ ਉਸ ਨੂੰ ਇਕੱਲੇ ਨੂੰ ਹੀ ਸਕੂਲ ਜਾ ਲੈਣ ਦਿੱਤਾ ਜਾਂਦਾ। ਘਰ ਦੀ ਚਾਬੀ ਉਸ ਦੇ ਗਲ਼ ਵਿੱਚ ਪਾ ਦਿੱਤੀ ਜਾਂਦੀ। ਇਵੇਂ ਹੀ ਬੱਸੋਂ ਉਤਰਦਾ ਇਕ ਬੱਚਾ ਐਕਸੀਡੈਂਟ ਦੀ ਲਪੇਟ ਵਿੱਚ ਆ ਕੇ ਜਾਨ ਗਵਾ ਬੈਠਾ ਸੀ। ਲੋਕਾਂ ਵਿੱਚ ਬਹੁਤ ਰੋਹ ਸੀ, ਉਹ ਹਰ ਰੋਜ਼ ਇਹਨਾਂ ਬੱਸਾਂ ਵਾਲੇ ਕਾਨੂੰਨ ਦੇ ਖਿਲਾਫ ਮੁਜ਼ਾਹਰੇ ਕਰਦੇ। ਆਈ.ਡਬਲਯੂ.ਏ. ਕਈ ਵਾਰ ਇਸ ਖਿਲਾਫ ਰੈਲੀਆਂ ਕਰਦੀ ਪਰ ਗੌਰਮਿੰਟ ਉਪਰ ਕੋਈ ਅਸਰ ਨਹੀਂ ਸੀ ਹੁੰਦਾ। ਇਹ ਸਿਲਸਿਲਾ ਲੇਬਰ ਪਾਰਟੀ ਦੇ ਦੌਰਾਨ ਵੀ ਚਲਦਾ ਰਿਹਾ ਤੇ ਕਨਜ਼ਰਵੇਟਿਵ ਪਾਰਟੀ ਦੇ ਵੇਲੇ ਵੀ। ਦੋਵੇਂ ਪਾਰਟੀਆਂ ਨਵੇਂ ਸਕੂਲ ਬਣਾਉਣ ਦੇ ਹੱਕ ਵਿੱਚ ਨਹੀਂ ਸਨ। ਏਸ਼ੀਅਨਾਂ ਦੀ ਇਕ ਪੀੜ੍ਹੀ ਬੱਸਿੰਗ ਰਾਹੀਂ ਸਕੂਲੇ ਜਾ ਰਹੀ ਸੀ। ਇਹਨਾਂ ਨੂੰ ਅਖ਼ਬਾਰਾਂ ਵਾਲੇ ‘ਲੌਸਟ ਚਿਲਡਰਨ’ ਦਾ ਨਾਂ ਦਿੰਦੇ।

ਬੱਸਿੰਗ ਦਾ ਬੱਚਿਆਂ ਦੀ ਸਿਹਤ ਉਪਰ ਅਸਰ ਹੋਣਾ ਕੁਦਰਤੀ ਸੀ। ਸਵੇਰੇ ਸਾਢੇ ਅੱਠ ਨੌਂ ਵਜੇ ਸਕੂਲ ਲਗਣਾ ਹੁੰਦਾ ਪਰ ਬੱਚਿਆਂ ਨੂੰ ਪੰਜ ਸਾਢੇ ਪੰਜ ਜਗਾਇਆ ਜਾਂਦਾ। ਉਹਨਾਂ ਨੇ ਸਤ ਵਜੇ ਤੋਂ ਪਹਿਲਾਂ ਬੱਸਾਂ ਦੇ ਪਿੱਕ ਅੱਪ ਪੁਆਇੰਟ ‘ਤੇ ਪੁੱਜਣਾ ਹੁੰਦਾ। ਸ਼ਾਮ ਨੂੰ ਵੀ ਉਹ ਪੰਜ ਵਜੇ ਤੋਂ ਬਾਅਦ ਹੀ ਘਰ ਪੁੱਜਦੇ। ਇਵੇਂ ਉਹਨਾਂ ਦੀ ਨੀਂਦ ਹੀ ਪੂਰੀ ਨਹੀਂ ਸੀ ਹੁੰਦੀ।

ਜਿਹੜੇ ਬੱਚੇ ਹਾਈ ਸਕੂਲ ਜਾਂਦੇ ਸਨ, ਉਹਨਾਂ ਨੂੰ ਬੱਸ ਸਟੌਪ ‘ਤੇ ਛੱਡਣ ਦੀ ਮਾਪਿਓ ਲੋੜ ਨਹੀਂ ਸਨ ਸਮਝਦੇ। ਇਹਨਾਂ ਬੱਚਿਆਂ ਦੀ ਕਈ ਵਾਰ ਬੱਸ ਖੁੰਝ ਜਾਂਦੀ ਜਾਂ ਉਹ ਜਾਣ ਬੁੱਝ ਕੇ ਖੁੰਝਾ ਦਿੰਦੇ। ਫਿਰ ਇਹ ਬੱਚੇ ਸਾਰਾ ਦਿਨ ਪਾਰਕਾਂ ਜਾਂ ਸੜਕਾਂ ਉਪਰ ਫਜ਼ੂਲ ਜਿਹੇ ਘੁੰਮਦੇ ਰਹਿੰਦੇ। ਜਿਹੜੇ ਲੋਕ ਇਹਨਾਂ ਨੂੰ ਦੇਖਦੇ ਉਹ ਬਹੁਤ ਦੁਖੀ ਹੁੰਦੇ ਤੇ ਕੌਂਸਲ ਦੀ ਨਸਲਵਾਦੀ ਨੀਤੀਆਂ ਦੀ ਘੋਰ ਨਿੰਦਿਆ ਕਰਦੇ ਪਰ ਉਹ ਕੁਝ ਕਰ ਨਹੀਂ ਸਨ ਸਕਦੇ। ਸਤਿਕਾਰ ਇਹਨਾਂ ਨੂੰ ਦੇਖਦਾ ਤਾਂ ਉਸ ਨੂੰ ਜਾਪਦਾ ਜਿਵੇਂ ਉਸ ਦਾ ਆਪਣਾ ਮੁੰਡਾ ਰਾਣਾ ਵੀ ਇਹਨਾਂ ਵਿੱਚ ਫਿਰਦਾ ਹੋਵੇ। ਵਤਨ ਸ਼ੇਰਗਿੱਲ ਦੇ ਵੀ ਹੁਣ ਦੋ ਬੱਚੇ ਹੋ ਗਏ ਸਨ ਪਰ ਉਹ ਹਾਲੇ ਬਹੁਤ ਛੋਟੇ ਸਨ ਪਰ ਉਹ ਜਦ ਵੀ ਇਸ ਮਾਮਲੇ ‘ਤੇ ਸਤਿਕਾਰ ਨਾਲ ਗੱਲ।

ਸਕੂਲ ਦੇ ਮਾਮਲੇ ਵਿੱਚ ਸਤਿਕਾਰ ਦੇ ਘਰ ਹੁਣ ਦੋ ਤਬਦੀਲੀਆਂ ਹੋ ਰਹੀਆਂ ਸਨ। ਰਸ਼ਮੀ ਪਰਾਈਮਰੀ ਸਕੂਲ ਜਾਣ ਲਈ ਤਿਆਰ ਸੀ ਤੇ ਰਾਣੇ ਨੇ ਹੁਣ ਹਾਈ ਸਕੂਲ ਜਾਣਾ ਸੀ। ਰਸ਼ਮੀ ਨੂੰ ਹੰਸਲੋ ਦੇ ਹਾਈ ਸਕੂਲ ਵਿੱਚ ਜਗਾਹ ਮਿਲੀ ਸੀ। ਰਾਣੇ ਬਾਰੇ ਉਹਨਾਂ ਨੂੰ ਉਮੀਦ ਸੀ ਕਿ ਡਰਡਨ ਪਾਰਕ ਹਾਈ ਸਕੂਲ ਵਿੱਚ ਹੀ ਜਗਾਹ ਮਿਲ ਜਾਵੇਗੀ ਕਿਉਂਕਿ ਉਸੇ ਪਰਾਈਮਰੀ ਸਕੂਲ ਵਿੱਚ ਉਹ ਜਾਂਦਾ ਸੀ ਇਵੇਂ ਉਹ ਬੱਸਿੰਗ ਤੋਂ ਬਚ ਜਾਵੇਗਾ। ਜਦ ਵਕਤ ਆਇਆ ਤਾਂ ਰਾਣੇ ਨੂੰ ਡਰਡਨ ਪਾਰਕ ਹਾਈ ਸਕੂਲ ਨਾ ਮਿਲਿਆ ਤੇ ਉਸ ਨੂੰ ਈਲਿੰਗ ਹਾਈ ਸਕੂਲ ਜਾਣਾ ਪਿਆ। ਦੋਵਾਂ ਬੱਚਿਆਂ ਦੇ ਸਕੂਲਾਂ ਦੀਆਂ ਦਿਸ਼ਾਵਾਂ ਉਲਟੀਆਂ ਸਨ। ਰਾਣਾ ਸਤਿਕਾਰ ਵਾਂਗ ਹੀ ਹੁੰਦੜ-ਹੇਲ ਸੀ ਤੇ ਆਪਣੇ ਆਪ ਬੱਸ ਲੈਣ ਜੋਗਾ ਹੋ ਗਿਆ ਸੀ ਪਰ ਰਸ਼ਮੀ ਨੂੰ ਤਾਂ ਹਰ ਰੋਜ਼ ਬੱਸਿੰਗ ਦੇ ਪਿੱਕ-ਅੱਪ ਪੁਆਇੰਟ ‘ਤੇ ਛੱਡਣ ਤੇ ਲੈਣ ਜਾਣਾ ਪੈਣਾ ਸੀ। ਸਤਿਕਾਰ ਤੇ ਜੀਤੀ ਦੋਵੇਂ ਹੀ ਦੁਖੀ ਸਨ। ਸਤਿਕਾਰ ਦੀ ਹੁਣ ਦਿਨਾਂ ਦੀ ਸ਼ਿਫਟ ਸੀ, ਉਸ ਨੂੰ ਸਵੇਰੇ ਜਲਦੀ ਜਾਣਾ ਪੈਂਦਾ। ਉਹ ਬਹੁਤਾ ਸਮਾਂ ਯੂਨੀਅਨ ਦੇ ਦਫਤਰ ਵਿੱਚ ਹੀ ਬਹਿੰਦਾ ਸੀ ਜਾਂ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਭਾਗ ਲੈਂਦਾ ਸੀ ਇਸ ਲਈ ਬੱਚਿਆਂ ਨੂੰ ਬੱਸ ਰਾਹੀਂ ਭੇਜਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।

ਜੀਤੀ ਰਸ਼ਮੀ ਨੂੰ ਜਲਦੀ ਜਗਾ ਲੈਂਦੀ ਤੇ ਤਿਆਰ ਕਰ ਲੇਡੀ ਮਾਰਗਰੇਟ ਰੋਡ ‘ਤੇ ਬੱਸ ਦੇ ਪਿੱਕ-ਅੱਪ ਪੁਆਏਂਟ ‘ਤੇ ਲੈ ਜਾਂਦੀ ਤੇ ਬੱਸ ਵਿੱਚ ਚੜ੍ਹਾ ਆਉਂਦੀ। ਰਾਣਾ ਵੀ ਉਥੋਂ ਹੀ ਬੱਸ ਲੈਂਦਾ ਸੀ ਪਰ ਉਸ ਦੀ ਬੱਸ ਦਾ ਵਕਤ ਕੁਝ ਅਲੱਗ ਹੁੰਦਾ। ਸ਼ਾਮ ਨੂੰ ਰਸ਼ਮੀ ਦੇ ਵਾਪਸ ਆਉਣ ਤੱਕ ਸਤਿਕਾਰ ਘਰ ਪੁੱਜ ਜਾਂਦਾ ਸੀ ਤੇ ਉਹ ਜਾ ਕੇ ਰਸ਼ਮੀ ਨੂੰ ਬੱਸ ਤੋਂ ਲੈ ਆਉਂਦਾ। ਰਾਣੇ ਦੀ ਬੱਸ ਅੱਗੇ ਪਿੱਛੇ ਹੋ ਜਾਂਦੀ ਪਰ ਉਹ ਆਪ ਹੀ ਤੁਰ ਕੇ ਘਰ ਆ ਜਾਂਦਾ ਸੀ।

ਰਸ਼ਮੀ ਨੂੰ ਲੈਣ ਗਿਆ ਸਤਿਕਾਰ ਬੱਸ ਸਟੌਪ ‘ਤੇ ਖੜਾ ਲੋਕਾਂ ਦੇ ਮਾਯੂਸ ਚਿਹਰੇ ਦੇਖਦਾ ਰਹਿੰਦਾ ਤੇ ਬੱਸ ਵਿੱਚੋਂ ਅੱਧ-ਸੁੱਤੇ ਬੱਚੇ ਉਤਰਦੇ ਦੇਖ ਕੇ ਉਸ ਦਾ ਮਨ ਬਹੁਤ ਖਰਾਬ ਹੁੰਦਾ। ਉਹ ਰਸ਼ਮੀ ਨੂੰ ਪਿਆਰ ਕਰਦਾ ਆਖਦਾ, ‘‘ਆਏ‘ਮ ਸੌਰੀ ਬੇਟਾ, ਮੈਂ ਬਹੁਤ ਮਜਬੂਰ ਹਾਂ ਕਿ ਕੁਝ ਨਹੀਂ ਕਰ ਸਕਦਾ।’’

ਇਵੇਂ ਕਈ ਮਹੀਨੇ ਲੰਘ ਗਏ। ਇਕ ਦਿਨ ਸਤਿਕਾਰ ਦੀ ਛੁੱਟੀ ਸੀ, ਉਸ ਨੇ ਰਸ਼ਮੀ ਦੇ ਸਕੂਲ ਜਾ ਕੇ ਦੇਖਿਆ, ਰਸ਼ਮੀ ਆਪਣੀ ਜਮਾਤ ਵਿੱਚ ਸੈਟਲ ਹੋ ਰਹੀ ਸੀ। ਉਸ ਲਈ ਇਹ ਖੁਸ਼ੀ ਦੀ ਗੱਲ ਸੀ।

ਇਕ ਦਿਨ ਸਤਿਕਾਰ ਰਸ਼ਮੀ ਨੂੰ ਲੈਣ ਗਿਆ। ਰੋਜ਼ ਵਾਂਗ ਰਸ਼ਮੀ ਦੀ ਬੱਸ ਆਈ ਪਰ ਰਸ਼ਮੀ ਉਸ ਵਿੱਚ ਨਹੀਂ ਸੀ। ਉਹ ਡਰਾਈਵਰ ਨੂੰ ਇਸ ਬਾਰੇ ਪੁੱਛਣਾ ਚਾਹੁੰਦਾ ਸੀ ਪਰ ਉਹ ਬੱਸ ਭਜਾ ਕੇ ਲੈ ਗਿਆ। ਸਤਿਕਾਰ ਖੜਾ ਦੇਖਦਾ ਰਹਿ ਗਿਆ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਕਰੇ। ਹੰਸਲੋ ਤੋਂ ਹੀ ਦੋ ਹੋਰ ਬੱਸਾਂ ਆਈਆਂ, ਰਸ਼ਮੀ ਉਹਨਾਂ ਵਿੱਚ ਵੀ ਨਹੀਂ ਸੀ। ਨੇੜੇ ਹੀ ਟੈਲੀਫੋਨ ਬੂਥ ਸੀ। ਉਸ ਨੇ ਰਸ਼ਮੀ ਦੇ ਸਕੂਲੇ ਫੋਨ ਕੀਤਾ। ਸਕੂਲ ਦੇ ਕੇਅਰ-ਟੇਕਰ ਨੇ ਦੱਸਿਆ ਕਿ ਸਾਰੇ ਅਧਿਆਪਕ ਤੇ ਬੱਚੇ ਜਾ ਚੁੱਕੇ ਹਨ। ਸਤਿਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਡਰ ਸੀ ਕਿ ਰਸ਼ਮੀ ਗਲਤੀ ਨਾਲ ਕਿਸੇ ਹੋਰ ਸਟੌਪ ‘ਤੇ ਨਾ ਉਤਰ ਗਈ ਹੋਵੇ। ਉਸ ਨੇ ਵਤਨ ਸ਼ੇਰਗਿੱਲ ਨੂੰ ਫੋਨ ਕੀਤਾ। ਵਤਨ ਘਰ ਹੀ ਸੀ। ਉਹ ਉਸੇ ਵੇਲੇ ਹੀ ਆ ਗਿਆ। ਸਾਰੀ ਗੱਲ ਸੁਣ ਕੇ ਉਹ ਬੋਲਿਆ, ‘‘ਪਤਾ ਕੀਤਾ ਜਾਵੇ ਕਿ ਕਿਹੜਾ ਡਰਾਈਵਰ ਇਹ ਬੱਸ ਚਲਾਉਂਦੈ।’’

‘‘ਇਹ ਕਿਥੋਂ ਪਤਾ ਚੱਲੇ, ਇਹਦਾ ਔਰਗੇਨਾਈਜ਼ਰ ਕੌਣ ਐ?’’ ਸਤਿਕਾਰ ਘਬਰਾਇਆ ਹੋਇਆ ਸੀ। ਵਤਨ ਸ਼ੇਰਗਿੱਲ ਵੀ ਫਿਕਰਵੰਦ ਸੀ।

ਉਹ ਸੋਚ ਹੀ ਰਹੇ ਸਨ ਕਿ ਕੀ ਕੀਤਾ ਜਾਵੇ ਕਿ ਇਕ ਬੱਸ ਆਉਂਦੀ ਦਿਖਾਈ ਦਿੱਤੀ। ਇਹ ਉਹੀ ਸਕੂਲ ਵਾਲੀ ਬੱਸ ਸੀ ਜੋ ਰਸ਼ਮੀ ਨੂੰ ਲੈ ਕੇ ਜਾਂਦੀ ਸੀ। ਬੱਸ ਉਹਨਾਂ ਕੋਲ ਆ ਕੇ ਖੜ ਗਈ। ਬੱਸ ਦਾ ਪੰਜਾਬੀ ਡਰਾਈਵਰ ਰਸ਼ਮੀ ਨੂੰ ਚੁੱਕੀ ਬੱਸ ਵਿੱਚੋਂ ਨਿਕਲਿਆ ਤੇ ਪੁੱਛਣ ਲੱਗਾ, ‘‘ਇਹ ਤੁਹਾਡੀ ਬੱਚੀ ਐ?’’

ਸਤਿਕਾਰ ਨੇ ਭੱਜ ਕੇ ਰਸ਼ਮੀ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਉਸ ਨੂੰ ਚੁੰਮਣ ਲੱਗਾ।

ਡਰਾਈਵਰ ਡਰਦਾ ਹੋਇਆ ਬੋਲਿਆ, ‘‘ਮੇਰਾ ਕੋਈ ਕਸੂਰ ਨਹੀਂ ਸੀ, ਸਾਰੀ ਗਲਤੀ ਕੇਅਰਰ ਮੈਗੀ ਦੀ ਐ, ...ਕੀ ਦੱਸਾਂ ਜੀ, ਬੱਚੀ ਕਿਤੇ ਸੁੱਤੀ ਪਈ ਸੀ, ਇਹਨਾਂ ਵਿਚਾਰਿਆਂ ਦੀ ਨੀਂਦ ਵੀ ਤਾਂ ਪੂਰੀ ਨਹੀਂ ਹੁੰਦੀ, ਕੇਅਰਰ ਮੈਗੀ ਰਾਹ ਵਿੱਚ ਉਤਰ ਗਈ, ਉਤਰਨ ਤੋਂ ਪਹਿਲਾਂ ਉਸ ਨੇ ਇਕ ਵਾਰ ਬੱਸ ਦਾ ਗੇੜਾ ਵੀ ਮਾਰਿਆ ਵੀ ਪਰ ਬੱਚੀ ਕਿਤੇ ਉਹਦੀ ਨਜ਼ਰ ਨਹੀਂ ਪਈ। ਇਹ ਤਾਂ ਜਦ ਮੈਂ ਬੱਸ ਗੈਰਿਜ ਵਿੱਚ ਲਾ ਕੇ ਤੁਰਨ ਲੱਗਾ ਤਾਂ ਬੱਚੀ ਰੋ ਪਈ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ, ਮੈਂ ਤਾਂ ਘਰ ਚਲੇ ਜਾਣਾ ਸੀ।’’

***

(ਛਪ ਰਹੇ ਨਾਵਲ ‘ਲੈਜੰਡ’ ਵਿੱਚੋਂ)

Bình luận


bottom of page