top of page
Writer's pictureਸ਼ਬਦ

ਨਹਿਰ ਸੁਏਜ਼ ਦੇਖਣ ਦਾ ਸੁਫਨਾ /

ਹਰਜੀਤ ਅਟਵਾਲ /

ਪਿਛਲਾ ਹਫਤਾ ਨਹਿਰ ਸੁਏਜ਼ ਖ਼ਬਰਾਂ ਵਿੱਚ ਰਹੀ ਹੈ। ਖ਼ਬਰ ਇਹ ਸੀ ਕਿ ਐਵਰਗਰੀਨ ਕੰਪਨੀ ਦਾ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ (ਸ਼ਿੱਪ) ‘ਐਵਰ-ਗਿਵਨ’ ਨਹਿਰ ਸੁਏਜ਼ ਵਿੱਚ ਫਸ ਗਿਆ ਸੀ। ਸੁਏਜ਼ ਸ਼ਹਿਰ ਵਲੋਂ ਨਹਿਰ ਸੁਏਜ਼ ਵਿੱਚ ਦਾਖਲ ਹੋਇਆ ਜਹਾਜ਼ ਚੰਗਾ ਭਲਾ ਜਾ ਰਿਹਾ ਸੀ ਕਿ ਤੇਜ਼ ਹਵਾ ਕਾਰਨ ਕੰਟਰੋਲ ਗੁਆ ਬੈਠਾ। ਹੁੰਦਾ ਹੁੰਦਾ ਇਹ ਨਹਿਰ ਵਿੱਚ ਚੌੜੇ ਦਾਅ ਹੋ ਗਿਆ। ਇਥੋਂ ਨਹਿਰ ਦਾ ਪਾੜ ਢਾਈ ਤਿੰਨ ਸੌ ਮੀਟਰ ਸੀ ਤੇ ਜਹਾਜ਼ ਚਾਰ ਸੌ ਮੀਟਰ। ਜਹਾਜ਼ ਇਵੇਂ ਫਸਿਆ ਕਿ ਨਹਿਰ ਸੁਏਜ਼ ਦੀ ਆਵਾਜਾਵੀ ਰੁਕ ਗਈ। ਇਸ ਨਹਿਰ ਵਿੱਚ ਜਹਾਜ਼ਰਾਨੀ ਰੁਕਣਾ ਬਹੁਤ ਵੱਡੀ ਤੇ ਬੁਰੀ ਖ਼ਬਰ ਹੈ। ਨਹਿਰ ਸੁਏਜ਼ ਦੁਨੀਆ ਦਾ ਸਭ ਤੋਂ ਵੱਡਾ ਵਿਓਪਾਰਕ-ਚੈਨਲ ਹੈ। ਦੁਨੀਆ ਦਾ ਬਾਰਾਂ ਪ੍ਰਤੀਸ਼ੱਤ ਵਿਓਪਾਰ ਇਸ ਨਹਿਰ ਰਾਹੀਂ ਹੁੰਦਾ ਹੈ। ਐਵਰ-ਗਿਵਨ ਜਹਾਜ਼ ਚਾਰ ਸੌ ਮੀਟਰ ਲੰਮਾ ਹੈ, ਚਾਰ ਫੁਟਬਾਲ ਗਰਾਊਂਡਾਂ ਜਿੱਡਾ। ਇਹ ਪਟੇਲ ਦੇ ਬੁੱਤ ਤੋਂ ਵੀ ਉਚਾ ਹੈ ਜਾਂ ਅਮਰੀਕਾ ਦੇ ਟਰੇਡ ਸੈਂਟਰ ਤੋਂ ਵੀ ਉਚਾ। ਇਸ ਵਿੱਚ ਵੀਹ ਹਜ਼ਾਰ ਕਨਟੇਨਰ ਮਾਲ ਦੇ ਭਰੇ ਲੱਦੇ ਹੋਏ ਹਨ। ਇਸ ਦਾ ਕੁਲ ਭਾਰ ਦੋ ਲੱਖ ਵੀਹ ਹਜ਼ਾਰ ਟਨ ਹੈ। ਏਡੇ ਭਾਰੇ ਜਹਾਜ਼ ਦਾ ਰੇਤੇ ਵਿੱਚ ਫਸ ਜਾਣਾ ਕੋਈ ਆਮ ਗੱਲ ਨਹੀਂ। ਜਾਪਦਾ ਸੀ ਕਿ ਜਹਾਜ਼ ਨੂੰ ਖਾਲੀ ਕਰਕੇ ਕੱਢਿਆ ਜਾ ਸਕੇਗਾ ਜਿਸ ਨੂੰ ਹਫਤੇ ਜਾਂ ਮਹੀਨੇ ਵੀ ਲੱਗ ਸਕਦੇ ਸਨ। ਤੇ ਏਨੀ ਦੇਰ ਨਹਿਰ ਬੰਦ ਰੱਖਣੀ ਪੈਣੀ ਸੀ, ਜਾਣੀ ਕਿ ਬਿਲੀਅਨਜ਼ ਬਿਲੀਅਨਜ਼ ਪੌਂਡ ਦਾ ਘਾਟਾ।

ਇਕ ਤਾਂ ਇਸ ਜਹਾਜ਼ ਵਿੱਚ ਵੀ ਬਹੁਤ ਮਾਲ ਲੱਦਿਆ ਸੀ ਤੇ ਦੂਜੇ ਨਹਿਰ ਦੇ ਦੋਵੇਂ ਪਾਸੀਂ ਚਾਰ ਸੌ ਦੇ ਕਰੀਬ ਮਾਲ ਦੇ ਭਰੇ ਜਹਾਜ਼, ਜਿਹਨਾਂ ਨੇ ਨਹਿਰ ਰਾਹੀਂ ਅੱਗੇ ਮੰਜ਼ਿਲ ਵੱਲ ਜਾਣਾ ਸੀ, ਰੁਕ ਗਏ ਸਨ। ਮਾਹਰਾਂ ਦਾ ਕਹਿਣਾ ਸੀ ਕਿ ਜੇ ਐਵਰ-ਗਿਵਨ ਬਹੁਤੇ ਦਿਨ ਰੁਕਿਆ ਰਿਹਾ ਤਾਂ ਦੁਨੀਆ ਦੇ ਵਿਓਪਾਰ ਨੂੰ ਹਾਰਟ ਅਟੈਕ ਹੋਣ ਵਾਲੀ ਸਥਿਤੀ ਹੋ ਜਾਵੇਗੀ। ਨਹਿਰ ਸੁਏਜ਼ ਮੈਡਿਟੇਰੇਨੀਅਨ-ਸੀ ਤੇ ਰੈਡ-ਸੀ ਨੂੰ ਜੋੜਦੀ ਹੈ। ਜੇ ਇਹ ਨਹਿਰ ਬੰਦ ਹੋ ਜਾਵੇ ਤਾਂ ਜਹਾਜ਼ਾਂ ਨੂੰ ਅਫਰੀਕਾ ਉਪਰ ਦੀ ਘੁੰਮ ਕੇ ਜਾਣਾ ਹੋਵੇਗਾ ਤੇ ਇਵੇਂ ਨੌ ਹਜ਼ਾਰ ਕਿਲੋਮੀਟਰ ਸਫਰ ਵੱਧ ਪਵੇਗਾ ਜਿਸ ਨਾਲ ਵਕਤ ਵੀ ਵੱਧ ਲਗੇਗਾ, ਖਰਚ ਵੀ ਜ਼ਿਆਦਾ ਹੋਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਵਸਤੂਆਂ ਦੀਆਂ ਕੀਮਤਾਂ ਵਧਣਗੀਆਂ। ਪਰ ਇਹ ਘਟਨਾ ਵੱਡੀ ਦੁਰਘਟਨਾ ਬਣਨ ਤੋਂ ਬਚ ਗਈ। ਇੰਜਨੀਅਰਾਂ ਨੇ ਜਹਾਜ਼ ਹੇਠੋਂ ਦਸ ਹਜ਼ਾਰ ਟਨ ਰੇਤਾ ਕੱਢਿਆ ਤੇ ਟਾਈਡ ਦੇ ਆਉਂਦਿਆਂ ਹੀ ਜਦ ਜਹਾਜ਼ ਥੋੜਾ ਉਪਰ ਉਠਿਆ ਤਾਂ ਟੱਗ-ਜਾਹਜ਼ਾਂ ਨਾਲ ਖਿੱਚ ਕੇ ਰੋੜਨ ਵਿੱਚ ਕਾਮਯਾਬ ਹੋ ਗਏ। ਇਥੋਂ ਕੁ ਨਹਿਰ ਸੁਏਜ਼ ਸਮੁੰਦਰ ਦੀ ਟਾਈਡ ਨਾਲ ਜੁੜੀ ਹੋਈ ਹੈ। ਟਾਈਡ ਦੇ ਚੜ੍ਹਨ ਨਾਲ ਨਹਿਰ ਪਾਣੀ ਨਾਲ ਭਰ ਗਈ ਤੇ ਜਿਸ ਨਾਲ ਐਵਰ-ਗਿਵਨ ਨੂੰ ਰੋੜਨ ਵਿੱਚ ਮੱਦਦ ਮਿਲ ਗਈ।

ਮੈਂ ਵੀ ਇਸ ਖ਼ਬਰ ਨੂੰ ਬਹੁਤ ਦਿਲਚਸਪੀ ਨਾਲ ਦੇਖ-ਪੜ੍ਹ ਰਿਹਾ ਸਾਂ। ਦੁਨੀਆ ਲਈ ਤਾਂ ਇਸ ਖ਼ਬਰ ਦੀ ਅਹਿਮੀਅਤ ਐਵਰ-ਗਿਵਨ ਦੀ ਵਿਸ਼ਾਲਤਾ ਜਾਂ ਇਸ ਨਾਲ ਜੁੜੇ ਬਿਲੀਅਨਜ਼ ਡਾਲਰਾਂ ਦੇ ਮਾਲ ਕਾਰਨ ਹੈ ਪਰ ਮੇਰੀ ਦਿਲਚਸਪੀ ਨਹਿਰ ਸੁਏਜ਼ ਹੈ। ਇਕ ਕਿਸਮ ਨਾਲ ਇਹ ਮੇਰੇ ਮਨ ਵਿੱਚ ਵਸੀ ਹੋਈ ਹੈ। ਮੈਂ ਮਰਨ ਤੋਂ ਪਹਿਲਾਂ ਜਿਹੜੀਆਂ ਕੁਝ ਖਾਸ ਜਗਾਵਾਂ ਦੇਖਣੀਆਂ ਚਾਹੁੰਦਾ ਹਾਂ ਉਹਨਾਂ ਵਿੱਚੋਂ ਨਹਿਰ ਸੁਏਜ਼ ਪ੍ਰਮੁੱਖ ਹੈ। ਮੈਂ ਇਕ ਵਾਰ ਇਸ ਵਿਸ਼ੇਸ਼ ਨਹਿਰ ਦੇ ਵਿੱਚ ਦੀ ਲੰਘਣਾ ਚਾਹੁੰਦਾ ਹਾਂ। ਸਕੂਲ ਵਿੱਚ ਪੜ੍ਹਦਿਆਂ ਮੈਂ ਦੋ ਨਹਿਰਾਂ ਬਾਰੇ ਪੜਿ੍ਹਆ ਸੀ। ਇਹ ਦੋਵੇਂ ਦੋ-ਦੋ ਸਮੁੰਦਰਾਂ ਨੂੰ ਜੋੜ ਕੇ ਹਜ਼ਾਰਾਂ ਮੀਲਾਂ ਦਾ ਸਫਰ ਬਚਾਉਂਦੀਆਂ ਹਨ। ਨਹਿਰ ਪਨਾਮਾ ਤੇ ਨਹਿਰ ਸੁਏਜ਼। ਵੈਸੇ ਤਾਂ ਲੰਡਨ ਵਿੱਚ ਬੈਠਿਆਂ ਦੋਵੇਂ ਨਹਿਰਾਂ ਹੀ ਮੇਰੇ ਤੋਂ ਦੂਰ ਹਨ ਪਰ ਮਨ ਹੀ ਮਨ ਮੈਨੂੰ ਸੁਏਜ਼ ਬਹੁਤ ਨਜ਼ਦੀਕ ਜਾਪਦੀ ਹੈ। ਜੇ ਕਦੇ ਮੈਂ ਭਾਰਤ ਨੂੰ ਸਮੁੰਦਰ ਰਾਹੀਂ ਜਾਣਾ ਹੋਇਆ ਤਾਂ ਇਸ ਨਹਿਰ ਵਿੱਚ ਦੀ ਲੰਘਣਾ ਹੋਵੇਗਾ। ਮੈਂ ਨਹਿਰ ਪਨਾਮਾ ਬਾਰੇ ਵੀ ਬਹੁਤ ਪੜਿ੍ਹਆ ਤੇ ਯੂਟਿਊਬ ਉਪਰ ਦੇਖਿਆ ਹੈ, ਉਸ ਦੀਆਂ ਖਾਸੀਅਤਾਂ ਨੂੰ ਜਾਣਦਾ ਹਾਂ ਪਰ ਨਹਿਰ ਸੁਏਜ਼ ਮੈਨੂੰ ਵਧੇਰੇ ਪੱਛਾਣੀ ਲਗਦੀ ਹੈ। ਇਸ ਬਾਰੇ ਮੈਂ ਯੂਟਿਊਬ ‘ਤੇ ਏਨੇ ਵੀਡਿਓ ਦੇਖੇ ਹਨ ਤੇ ਏਨਾ ਕੁਝ ਹੋਰ ਪੜਿ੍ਹਆ ਹੈ ਕਿ ਇਹ ਮੈਨੂੰ ਭਾਖੜਾ ਨਹਿਰ ਵਰਗੀ ਹੀ ਜਾਪਦੀ ਹੈ। ਇਹ ਨਹਿਰ ਮਿਸਰ ਦੀ ਬੰਦਰਗਾਹ ਪੋਰਟ-ਸਈਦ ਤੋਂ ਸ਼ੁਰੂ ਹੋ ਕੇ ਸੁਏਜ਼ ਸ਼ਹਿਰ ਦੀ ਬੰਦਰਗਾਹ ਪੋਰਟ-ਟਾਓਫਿਕ ‘ਤੇ ਰੈਡ-ਸੀ (ਲਾਲ-ਸਾਗਰ) ਨਾਲ ਆ ਜੁੜਦੀ ਹੈ। ਇਸ ਦੀ ਲੰਮਾਈ ੧੯੩ ਕਿਲੋ ਮੀਟਰ ਹੈ ਤੇ ਇਸ ਨੂੰ ਲੰਘਣ ਲਈ ਤਕਰੀਬਨ ਚੌਦਾਂ-ਪੰਦਰਾਂ ਘੰਟੇ ਲਗਦੇ ਹਨ।

ਇਸ ਨਹਿਰ ੧੮੬੯ (ਤਕਰੀਬਨ ਡੇੜ ਸੌ ਸਾਲ ਪਹਿਲਾਂ) ਵਿੱਚ ਵਰਤੋਂ ਵਿੱਚ ਆਉਣ ਲੱਗੀ ਸੀ। ਦਸ ਸਾਲ ਤੋਂ ਵੱਧ ਸਮਾਂ ਇਸ ਨੂੰ ਬਣਾਉਣ ਨੂੰ ਲੱਗ ਗਿਆ। ਇਹ ਨਹਿਰ ਬਣਾਉਣੀ ਕੋਈ ਸੌਖਾ ਕੰਮ ਨਹੀਂ ਸੀ। ਰੇਗਿਸਤਾਨ ਵਿੱਚ ਨਹਿਰ ਦੀ ਪਟਾਈ ਅਸੰਭਵ ਵਾਂਗ ਸੀ। ਇਕ ਅੰਦਾਜ਼ੇ ਅਨੁਸਾਰ ਤੀਹ ਹਜ਼ਾਰ ਲੋਕ ਇਸ ਨੂੰ ਬਣਾਉਂਦੇ ਸਮੇਂ ਮਾਰੇ ਗਏ ਸਨ। ਇਸ ਨੂੰ ਬਣਾਉਣ ਲਈ ਸਲੇਵ-ਲੇਬਰ ਵੀ ਵਰਤੀ ਗਈ। ਨਹਿਰ ਸੁਏਜ਼ ਨੂੰ ਬਣਾਉਣ ਦੀ ਵਿਓਂਤਬੰਦੀ ਨਿਪੋਲੀਅਨ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਬਰਤਾਨੀਆਂ ਇਸ ਨੂੰ ਬਣਾਉਣ ਵਿੱਚ ਬਹੁਤੀ ਦਿਲਚਸਪੀ ਦਿਖਾ ਰਿਹਾ ਸੀ, ਖਾਸਕਰ ਉਦੋਂ ਕੁ ਤੋਂ ਜਦੋਂ ਬਰਤਾਨੀਆ ਨੇ ਹਿੰਦੁਸਤਾਨ ਉਪਰ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਸੀ। ਨਹਿਰ ਬਣਨ ਨਾਲ ਭਾਰਤ ਤੋਂ ਲਿਆਂਦਾ ਲੁੱਟ ਦਾ ਮਾਲ ਉਸ ਨੂੰ ਹੋਰ ਵੀ ਸਸਤਾ ਪੈਣਾ ਸੀ ਤੇ ਹੋਇਆ ਵੀ ਇਵੇਂ ਹੀ। ਹੋਰ ਯੌਰਪੀਅਨ ਮੁਲਕਾਂ ਦੇ ਹਿੱਤ ਵੀ ਉਸ ਖਿੱਤੇ ਵਿੱਚ ਸਨ। ਇਵੇਂ ਕੁਝ ਯੌਰਪੀਅਨ ਦੀਆਂ ਕਈ ਕੰਪਨੀਆਂ ਨੇ ਮਿਲ ਕੇ ਇਸ ਨਹਿਰ ਦਾ ਨਿਰਮਾਣ ਸ਼ੁਰੂ ਕੀਤਾ ਸੀ ਪਰ ਇਹ ਜ਼ਮੀਨ ਮਿਸਰ ਦੀ ਸੀ। ਇਸ ਨਹਿਰ ਨੂੰ ਲੈ ਕੇ ਸਥਾਨਕ ਲੋਕਾਂ ਜਾਂ ਸਰਕਾਰਾਂ ਨਾਲ ਝਗੜੇ ਹੋਣ ਲਗਦੇ ਸਨ। ੧੮੮੮ ਵਿੱਚ ਬਰਤਾਨੀਆ ਨੇ ਇਸ ਉਪਰ ਆਪਣੀ ਫੌਜ ਬੈਠਾ ਦਿੱਤੀ ਸੀ। ਦੋਨਾਂ ਮਹਾਂਯੁੱਧਾਂ ਵੇਲੇ ਵੀ ਬਰਤਾਨਵੀ ਫੌਜ ਨੇ ਹੀ ਇਸ ਦੀ ਦੇਖ-ਰੇਖ ਕੀਤੀ। ਨਹਿਰ ਸੁਏਜ਼ ਵਿੱਚ ਦੀ ਲੰਘਣ ਵਾਲੇ ਜਹਾਜ਼ਾਂ ਤੋਂ ਵਾਹਵਾ ਸਾਰੀ ਲੇਵੀ ਹਾਸਲ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਵੀ ਕੁਝ ਤਣਾਵ ਰਹਿੰਦੇ ਸਨ। ਜਦ ਗੈਮਲ ਨਾਸਰ ਮਿਸਰ ਦਾ ਪਰਧਾਨ ਬਣਿਆਂ ਤਾਂ ਉਹ ਨੀਲ ਦਰਿਆ ਉਪਰ ਡੈਮ ਬਣਾਉਣਾ ਚਾਹੁੰਦਾ ਸੀ। ਡੈਮ ਲਈ ਪੈਸੇ ਇਕੱਠ ਕਰਨ ਵਾਸਤੇ ਉਸ ਨੇ ੧੯੫੬ ਵਿੱਚ ਸੁਏਜ਼ ਨਹਿਰ ਨੂੰ ਨੈਸ਼ਨਲਾਈਜ਼ ਕਰ ਕੇ ਇਸ ‘ਤੇ ਕਬਜ਼ਾ ਕਰ ਲਿਆ। ਜਿਸ ਦੇ ਕਾਰਨਵਸ਼ ਯੌਰਪੀਅਨ ਤੇ ਮਿਸਰ ਦੀਆਂ ਫੌਜਾਂ ਆਹਮੋ-ਸਾਹਮਣੇ ਆ ਖੜੀਆਂ। ਨਹਿਰ ਬੰਦ ਹੋ ਗਈ। ਯੂ.ਐਨ.ਓ. ਨੇ ਦਖਲ ਦੇ ਕੇ, ਦੋਨਾਂ ਧਿਰਾਂ ਦੀਆਂ ਫੌਜਾਂ ਨੂੰ ਪਿੱਛੇ ਹਟਾ ਕੇ ਨਹਿਰ ਨੂੰ ਦੁਬਾਰਾ ਖੋਹਲਿਆ। ੧੯੬੭ ਵਿੱਚ ਸਾਰੇ ਅਰਬਾਂ ਨੇ ਇਕੱਠੇ ਹੋ ਕੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ, ਉਦੋਂ ਵੀ ਨਹਿਰ ਬੰਦ ਹੋ ਗਈ ਸੀ। ਲੜਾਈ ਤਾਂ ਸਿਰਫ ਛੇ ਦਿਨ ਹੀ ਚੱਲੀ ਪਰ ਨਹਿਰ ਅੱਠ ਸਾਲਾਂ ਤੱਕ ਬੰਦ ਰਹੀ। ੧੯੭੩ ਫਿਰ ਲੱਗੀ ਲੜਾਈ ਨਾਲ ਨਹਿਰ ਦਾ ਬਹੁਤ ਨੁਕਸਾਨ ਹੋਇਆ। ਇਸ ਵਿੱਚ ਮਾਈਨਾਂ ਵਿਛਾ ਦਿੱਤੀਆਂ ਗਈਆਂ ਸਨ। ਫਿਰ ਸਾਰੀਆਂ ਧਿਰਾਂ ਵਿੱਚ ਸਮਝੌਤੇ ਹੋਏ, ਨਹਿਰ ਨੂੰ ਸਾਫ ਕਰਕੇ ੧੯੭੫ ਨੂੰ ਮੁੜ ਖੋਹਲਿਆ ਗਿਆ। ਜਦੋਂ ਇਸ ਨਹਿਰ ਦੀ ਸਫਾਈ ਹੋ ਰਹੀ ਸੀ ਤੇ ਇਸ ਨੂੰ ਦੁਬਾਰਾ ਜਹਾਜ਼ਰਾਨੀ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਸ ਦਾ ਬੈਡ ਭਾਵ ਹੇਠਲੀ ਤਹਿ ਪੱਕੀ ਕਰ ਦਿੱਤੀ ਗਈ ਸੀ। ਨਹਿਰ ਦੇ ਦੁਆਲੇ ਰੇਗਿਸਤਾਨ ਹੋਣ ਕਰਕੇ ਕੰਢੇ ਭੁਰਦੇ ਰਹਿੰਦੇ ਸਨ। ਨਹਿਰ ਦਾ ਬੈਡ ਪੱਕਾ ਹੋ ਜਾਣ ਕਾਰਨ ਲੰਘਦੇ ਜਹਾਜ਼ਾਂ ਨੂੰ ਨੁਕਸਾਨ ਹੋਣ ਲੱਗਾ। ਮੇਰਾ ਦੋਸਤ ਜਿੰਮ ਸਿਮੰਡਜ਼ ਉਸ ਵੇਲੇ ਸੁਏਜ਼ ਨਹਿਰ ‘ਤੇ ਇੰਜਨੀਅਰ ਸੀ। ਉਸ ਨੇ ਮੈਨੂੰ ਦੱਸਿਆ ਕਿ ਬਰਤਾਨਵੀ ਇੰਜਨੀਅਰਾਂ ਨੇ ਨਹਿਰ ਦੇ ਬੈਡ ਨੂੰ ਮੁੜ ਰੇਤਲਾ ਬਣਾਇਆ ਤਾਂ ਜੋ ਜਹਾਜ਼ਾਂ ਦੇ ਹੇਠਾਂ ਲੱਗਣ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਨਾ ਹੋਵੇ। ਇਸ ਘਟਨਾ ਨੂੰ ਮੈਂ ਆਪਣੇ ਕਿਸੇ ਨਾਵਲ ਵਿੱਚ ਵਰਤਿਆ ਹੋਇਆ ਹੈ।

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤ ਦੇ ਇਤਿਹਾਸ ਦੇ ਨਿਰਮਾਣ ਵਿੱਚ ਵੀ ਨਹਿਰ ਸੁਏਜ਼ ਦਾ ਵੱਡਾ ਹਿੱਸਾ ਹੈ। ਜਦ ਗੋਆ ਨੂੰ ਪੁਰਤਗਾਲ ਤੋਂ ਆਜ਼ਾਦ ਕਰਾਇਆ ਜਾ ਰਿਹਾ ਸੀ ਤਾਂ ਪੁਰਤਗਾਲ ਨੇ ਭਾਰੀ ਤਦਾਦ ਵਿੱਚ ਆਪਣੀ ਫੌਜ ਜਹਾਜ਼ਾਂ ਰਾਹੀਂ ਗੋਆ ਨੂੰ ਭੇਜੀ ਸੀ ਪਰ ਉਦੋਂ ਦੇ ਮਿਸਰ ਦੇ ਪਰਧਾਨ ਨਾਸਰ ਨੇ ਇਹ ਜਹਾਜ਼ ਇਹ ਕਹਿ ਕੇ ਰੋਕ ਦਿੱਤੇ ਸਨ ਕਿ ਨਹਿਰ ਸੁਏਜ਼ ਜੰਗੀ ਜਹਾਜ਼ਾਂ ਦੀ ਵਰਤੋਂ ਲਈ ਨਹੀਂ ਹੈ।

ਅੱਜਕੱਲ ਇਸ ਦੀ ਸਾਂਭ-ਸੰਭਾਲ ‘ਸੁਏਜ਼ ਕੈਨਾਲ ਅਥੌਰਟੀ’ ਕਰਦੀ ਹੈ। ਪਹਿਲਾਂ ਇਹ ਨਹਿਰ ਅੱਜ ਵਰਗੀ ਮੌਡਰਨ ਨਹੀਂ ਸੀ। ਇਹ ਭੀੜੀ ਸੀ। ਸਿੰਗਲ-ਲੇਨ ਵਾਲੀ। ਇਸ ਰਾਹੀਂ ਕਈ ਜਹਾਜ਼ਾਂ ਦੇ ਲੰਘਣ ਵਿੱਚ ਮੁਸ਼ਕਲਾਂ ਦਰਪੇਸ਼ ਆਉਂਦੀਆਂ ਸਨ। ਵੱਡੇ ਜਹਾਜ਼ਾਂ ਲਈ ਢੁਕਵੀਂ ਨਹੀਂ ਸੀ। ਜਿਵੇਂ ਜਿਵੇਂ ਟੈਕਨੌਲੌਜੀ ਤਰੱਕੀ ਕਰਦੀ ਗਈ ਇਸ ਨਹਿਰ ਵਿੱਚ ਵੀ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ। ਇਸ ਨੂੰ ਡੂੰਘੀ ਤੇ ਚੌੜੀ ਕੀਤਾ ਗਿਆ। ਅਗਸਤ ੨੦੧੪ ਵਿੱਚ ਨਹਿਰ ਦੀ ‘ਬਾਲਾਹ-ਪਾਸ’ ਕੋਲੋਂ ਪੈਂਤੀ ਕਿਲੋਮੀਟਰ ਤੱਕ ਇਕ ਹੋਰ ਸ਼ਿੱਪ-ਲੇਨ ਬਣਾਈ ਗਈ। ਇਵੇਂ ਹੀ ‘ਗਰੇਟ ਬਿਟਰ ਲੇਕ’ ਕੋਲ ਵੀ ਇਸ ਨਹਿਰ ਨੂੰ ਨਵਿਆਇਆ ਗਿਆ ਹੈ। ਫਰਬਰੀ ੨੦੧੬ ਵਿੱਚ ਨਹਿਰ ਦੇ ਉਤਰ ਵੱਲ ਇਕ ਨਵਾਂ ਸਾਈਡ ਚੈਨਲ ਖੋਹਲਿਆ ਗਿਆ ਸੀ। ੨੦੨੦ ਵਿੱਚ ਇਸ ਰਾਹੀਂ ੧੮੫੦੦ ਵੱਡ-ਆਕਾਰੀ ਜਹਾਜ਼ ਲੰਘੇ। ਨਹਿਰ ਵਿੱਚ ਦੀ ਲੰਘਦੇ ਤਕਰੀਬਨ ਇਕਵੰਜਾ ਜਹਾਜ਼ ਰੋਜ਼ਾਨਾ ਬਣਦੇ ਹਨ। ਸੁਏਜ਼ ਕੈਨਾਲ ਅਥੌਰਟੀ ਦਾ ਮਕਸਦ ਰੋਜ਼ਾਨਾ ਸਤੱਨਵੇਂ ਜਹਾਜ਼ ਲੰਘਾਉਣ ਦਾ ਹੈ।

ਨਹਿਰ ਸੁਏਜ਼ ਬਣਨ ਤੋਂ ਪਹਿਲਾਂ ਇੰਗਲੈਂਡ ਤੋਂ ਭਾਰਤ ਜਾਣ ਵਾਲੇ ਲੋਕਾਂ ਨੂੰ ਅਫਰੀਕਾ ਉਪਰ ਦੀ ਘੁੰਮ ਕੇ ਜਾਣਾ ਪੈਂਦਾ ਸੀ ਪਰ ਇਕ ਰੂਟ ਹੋਰ ਵੀ ਸੀ ਕਿ ਮਿਸਰ ਦੀਆਂ ਬੰਦਰਗਾਹਾਂ ਅਲੈਗਜ਼ੈਂਡਰੀਆ ਜਾਂ ਪੋਰਟ-ਸਈਦ ਤੱਕ ਜਹਾਜ਼ ਰਾਹੀਂ ਤੇ ਅੱਗੇ ਸੁਏਜ਼ ਸ਼ਹਿਰ ਤੱਕ ਟਰੇਨ ਜਾਂ ਸੜਕ ਰਾਹੀਂ ਤੇ ਉਸ ਤੋਂ ਅੱਗੇ ਫਿਰ ਪੋਰਟ-ਟਾਓਫਿਕ ਤੋਂ ਪਾਣੀ ਰਾਹੀਂ ਬੰਬਈ ਜਾਂ ਕਲਕੱਤੇ ਜਾਂਦੇ ਸਨ। ਮਹਾਂਰਾਜਾ ਦਲੀਪ ਸਿੰਘ ਜਦ ਆਪਣੀ ਮਾਤਾ ਮਹਾਂਰਾਣੀ ਜਿੰਦ ਕੌਰ ਦੀ ਮਿ੍ਰਤਕ ਦੇਹ ਨੂੰ ਲੈ ਕੇ ਭਾਰਤ ਗਿਆ ਤਾਂ ਉਸ ਨੇ ਇਹੋ ਰੂਟ ਲਿਆ ਸੀ। ਜਦੋਂ ਉਹ ਪੱਕੇ ਤੌਰ ‘ਤੇ ਭਾਰਤ ਰਹਿਣ ਲਈ ਸਾਰੇ ਟੱਬਰ ਨੂੰ ਲੈ ਕੇ ਗਿਆ ਸੀ, ਜਦੋਂ ਉਸ ਨੂੰ ਅਦਨ ਵਿੱਚ ਰੋਕ ਲਿਆ ਗਿਆ ਸੀ ਤਾਂ ਉਹ ਨਹਿਰ ਸੁਏਜ਼ ਰਾਹੀਂ ਗਿਆ ਸੀ। ਉਹ ਵਾਪਸ ਫਰਾਂਸ ਨੂੰ ਵੀ ਨਹਿਰ ਸੁਏਜ਼ ਰਾਹੀਂ ਹੀ ਮੁੜਿਆ ਸੀ। ਇਸ ਦਾ ਭਰਪੂਰ ਜ਼ਿਕਰ ਮੈਂ ਆਪਣੇ ਨਾਵਲ ‘ਆਪਣਾ’ ਵਿੱਚ ਕੀਤਾ ਹੈ।

ਹੁਣ ਐਵਰ-ਗਿਵਨ ਜਹਾਜ਼ ਦੇ ਮੁੜ ਰੁੜ ਪੈਣ ਨਾਲ ਦੁਨੀਆ ਦਾ ਕਾਰੋਬਾਰ ਵੀ ਰੁੜ ਪਵੇਗਾ। ਇਹ ਜਹਾਜ਼ ਕਦ ਆਪਣੇ ਸਫਰ ‘ਤੇ ਦੁਬਾਰਾ ਨਿਕਲਦਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਾਲੇ ਕਈ ਕਿਸਮ ਦੀਆਂ ਇਨਕੁਆਰੀਆਂ ਹੋਣਗੀਆਂ ਪਰ ਬਾਕੀ ਦਾ ਟਰੈਫਿਕ ਤੁਰ ਪਿਆ ਹੈ ਇਹੋ ਬਹੁਤ ਹੈ। ਐਵਰ-ਗਿਵਨ ਦੁਨੀਆ ਦਾ ਅਜੀਬ ਜਹਾਜ਼ ਹੈ। ਇਸ ਜਹਾਜ਼ ਨਾਲ ਅੱਠਾਂ ਦੇਸ਼ਾਂ ਦੇ ਹਿੱਤ ਜੁੜੇ ਹੋਏ ਹਨ। ਇਸ ਦੀ ਮਾਲਕ ਜਪਾਨੀ ਕੰਪਨੀ ਹੈ, ਇਸ ਨੂੰ ਮੈਨੇਜ ਜਰਮਨੀ ਕੰਪਨੀ ਕਰ ਰਹੀ ਹੈ, ਤਾਈਵਾਨ ਕੰਪਨੀ ਓਪਰੇਟ ਕਰ ਰਹੀ ਹੈ, ਪਨਾਮਾ ਵਿੱਚ ਰਜਿਸਟਰ ਹੈ ਆਦਿ। ਹਾਂ, ਇਸ ਦਾ ਪੱਚੀ ਵਿਅਕਤੀਆਂ ਦਾ, ਸਾਰੇ ਦਾ ਸਾਰਾ ਸਟਾਫ ਭਾਰਤੀ ਹੈ। ਹੁਣ ਭਾਰਤੀ ਮੀਡੀਏ ਨੂੰ ਡਰ ਹੈ ਕਿ ਸਾਰਾ ਕਸੂਰ ਇਸ ਦੇ ਭਾਰਤੀ ਚਾਲਕਾਂ ਸਿਰ ਮੜ੍ਹ ਕੇ ਉਹਨਾਂ ਨੂੰ ਸਜ਼ਾ ਦੇ ਭਾਗੀ ਨਾ ਬਣਾ ਦਿੱਤਾ ਜਾਵੇ।



Comments


bottom of page