top of page
Writer's pictureਸ਼ਬਦ

ਕੀ ਹਨ ਧਰੁਵੀ-ਰੌਸ਼ਨੀਆਂ?

ਹਰਜੀਤ ਅਟਵਾਲ/

ਧਰੁਵੀ ਰੌਸ਼ਨੀਆਂ ਦੇ ਦੋ ਹਿੱਸੇ ਹਨ, ਉਤਰੀ ਰੌਸ਼ਨੀਆਂ ਤੇ ਦੱਖਣੀ ਰੌਸ਼ਨੀਆਂ। ਜਾਣੀ ਕਿ ਨੌਰਦਨ ਲਾਈਟਸ ਤੇ ਸਦਰਨ ਲਾਈਟਸ। ਨੌਰਦਨ ਲਾਈਟਸ ਜ਼ਿਆਦਾ ਜਾਣੀਆਂ ਜਾਂਦੀਆਂ ਹਨ ਕਿਉਂਕਿ ਇਸ ਪਾਸੇ ਲੋਕ ਜ਼ਿਆਦਾ ਵਸਦੇ ਹਨ ਤੇ ਇਹਨਾਂ ਦੀ ਗੱਲ ਵਧੇਰੇ ਹੁੰਦੀ ਹੈ, ਨਹੀਂ ਤਾਂ ਦੋਵੇਂ ਹੀ ਇਕੋ ਜਿੰਨੀਆਂ ਮਹੱਤਵ ਪੂਰਨ ਹਨ। ਵੈਸੇ ਉਤਰੀ ਧਰੁਵ ਦੇ ਨੇੜੇ ਰਹਿਣਾ ਕੋਈ ਆਸਾਨ ਗੱਲ ਨਹੀਂ, ਮਾਈਨਸ ਪੰਜਾਹ ਤੱਕ ਤਾਪਮਾਨ ਡਿਗ ਜਾਂਦਾ ਹੈ। ਮੇਰੀ ਗੱਲਬਾਤ ਵਿੱਚ ਨੌਰਦਨ ਲਾਈਟਸ ਹਾਵੀ ਇਸ ਕਰਕੇ ਰਹਿਣਗੀਆਂ ਕਿਉਂਕ ਇਹ ਮੈਂ ਦੇਖੀਆਂ ਹੋਈਆਂ ਹਨ ਤੇ ਮੇਰੇ ਆਲੇ ਦੁਆਲੇ ਇਹਨਾਂ ਦੀ ਵਧੇਰੇ ਗੱਲ ਹੁੰਦੀ ਹੈ।

ਨੌਰਦਨ ਲਾਈਟਸ ਬਾਰੇ ਮੈਂ ਸੁਣਿਆਂ ਤਾਂ ਪਹਿਲਾਂ ਵੀ ਸੀ ਪਰ ਕੁਝ ਕੁ ਵਾਹ ਮੇਰਾ ਉਦੋਂ ਪਿਆ ਜਦ ਮੈਂ ਉਤਰੀ ਸਕੌਟਲੈਂਡ ਵਿੱਚ ਪਰਿਵਾਰ ਸਮੇਤ ਸਫਰ ਕਰ ਰਿਹਾ ਸਾਂ। ਰਾਤ ਦਾ ਵੇਲਾ ਸੀ। ਅਚਾਨਕ ਮੇਰੇ ਬੱਚੇ ਕਹਿ ਉਠੇ, ‘ਡੈਡ, ਨੌਰਦਨ ਲਾਈਟਸ!’ ਮੈਂ ਅਸਮਾਨ ਵੱਲ ਦੇਖਿਆ, ਹਰੇ-ਰੰਗ ਦੀਆਂ ਰੌਸ਼ਨੀਆਂ ਦਾ ਵੱਡਾ-ਪਰਦਾ ਅਸਮਾਨ ਵਿੱਚ ਲਟਕ ਰਿਹਾ ਸੀ। ਮੈਂ ਕਾਰ ਰੋਕ ਲਈ। ਅਸੀਂ ਸਾਰੇ ਉਹ ਅਦੁਭੁੱਤ ਨਜ਼ਾਰਾ ਦੇਖਣ ਲੱਗੇ, ਇਹ ਮੰਜ਼ਰ ਪੰਦਰਾਂ ਮਿੰਟ ਤੱਕ ਚੱਲਿਆ। ਨੌਰਦਨ-ਲਾਈਟਸ ਬਾਰੇ ਬੇਸ਼ੱਕ ਮੈਨੂੰ ਬਹੁਤਾ ਨਹੀਂ ਸੀ ਪਤਾ। ਮੇਰਾ ਬੇਟਾ ਜਾਣਕਾਰੀ ਦਿੰਦਾ ਆਪਣੇ ਕੌਕਨੀ-ਲਹਿਜ਼ੇ ਵਿੱਚ ਦੱਸਣ ਲੱਗਾ ਕਿ ਸੂਰਜ ਦੀ ਸਤਿਹ ਤੋਂ ਗੈਸ ਦੀਆਂ ਤੇਜ਼ ਹਨੇਰੀਆਂ ਉਠਦੀਆਂ ਹਨ ਤੇ ਉਹ ਧਰਤੀ ਵੱਲਨੂੰ ਚੱਲ ਪੈਂਦੀਆਂ ਹਨ। ਦੋ-ਤਿੰਨ ਦਿਨ ਵਿੱਚ ਜਦ ਇਹ ਧਰਤੀ ਦੀ ਗਰੂਤਾ-ਖਿੱਚ ਵਿੱਚ ਦਾਖਲ ਹੁੰਦੀਆਂ ਹਨ ਤਾਂ ਧਰਤੀ ਦੇ ਵਾਤਾਵਰਣ ਨਾਲ ਟਕਰਾ ਕੇ ਇਹ ਰੌਸ਼ਨੀ ਪੈਦਾ ਕਰਦੀਆਂ ਹਨ। ਸੌਖੇ ਸ਼ਬਦਾਂ ਵਿੱਚ ਮੇਰੇ ਲਈ ਇਹ ਕਾਫੀ ਸੀ।

ਉਸ ਦਿਨ ਤੋਂ ਹੀ ਮੈਂ ਨੌਰਦਨ-ਲਾਈਟਸ ਬਾਰੇ ਹਰ ਖ਼ਬਰ ‘ਤੇ ਨਜ਼ਰ ਰੱਖਦਾ ਆਇਆ ਹਾਂ, ਅੰਗਰੇਜ਼ੀ ਵਿੱਚ ਕਹਿੰਦੇ ਹਨ ਕਿ ਫੌਲੋ ਕਰਦਾ ਰਿਹਾ ਹਾਂ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਨੌਰਦਨ-ਲਾਈਟਸ ਕੁਦਰਤ ਦਾ ਇਕ ਕ੍ਰਿਸ਼ਮਾ ਹੈ। ਰੌਸ਼ਨੀ ਦਾ ਇਕ ਵੱਡਾ-ਪਰਦਾ ਜਾਂ ਗੇਲਾ ਜਿਹਾ ਜਿਵੇਂ ਕਿ ਸਤਰੰਗੀ ਪੀਂਘ ਦਾ ਵੱਡਾ ਟੋਟਾ ਹੋਵੇ, ਅਸਮਾਨ ਵਿੱਚ ਉਭਰ ਆਉਂਦਾ ਹੈ। ਇਹ ਰੌਸ਼ਨੀਆਂ ਧਰਤੀ ਤੋਂ ਛੇ ਸੌ ਮੀਲ ਉਪਰ ਵੀ ਹੋ ਸਕਦੀਆਂ ਹਨ ਪਰ ਆਮ ਤੌਰ ‘ਤੇ ਇਹ ਪੰਜਾਹ-ਸੱਠ ਮੀਲ ਉੁਚੀਆਂ ਹੁੰਦੀਆਂ ਹਨ। ਕਈ ਵਾਰ ਇਹ ਦੂਰ ਖਿਤਿਜ਼ ਵਿੱਚ ਅਸਮਾਨ ਤੋਂ ਧਰਤੀ ਤੱਕ ਫੈਲਦੀਆਂ ਨਜ਼ਰ ਆ ਸਕਦੀਆਂ ਹਨ। ਜੋ ਵੀ ਹੈ, ਨੌਰਦਨ-ਲਾਈਟਸ ਆਸਟਰੌਨੋਮੀਕਲ-ਫਿਨੌਮਨਾ ਹੈ ਤੇ ਇਹਨਾਂ ਨੂੰ ਪੋਲਰ-ਲਾਈਟਸ (ਧਰੁਵੀ ਰੌਸ਼ਨੀਆਂ) ਜਾਂ ਔਰੋਰਲ-ਬੋਰਿਆਲਿਸ ਵੀ ਕਿਹਾ ਜਾਂਦਾ ਹੈ। ਸੂਰਜ ਦੀ ਸਤਿਹ ਤੋਂ ਉਠਣ ਵਾਲੀਆਂ ਗੈਸ-ਹਨੇਰੀਆਂ ਨੂੰ ਵਿਗਿਆਨਕ ਸੀ.ਐਮ.ਈ. (ਕੋਰੋਨਲ ਮਾਸ ਇਜੈਕਸ਼ਨ) ਆਖਦੇ ਹਨ। ਇਹ ਧਰਤੀ ਦੇ ਮੈਗਨੈਟਿਕ-ਫੀਲਡ (ਜੋ ਅਦਿੱਸ ਹੁੰਦਾ ਹੈ) ਨਾਲ ਟਕਰਾ ਕੇ ਧਰਤੀ ਦੇ ਮੈਗਨੈਟਿਕ ਇਲਾਕੇ ਵਿੱਚ ਗੁੰਝਲਦਾਰ ਤਬਦੀਲੀਆਂ ਪੈਦਾ ਕਰ ਦਿੰਦਾ ਹੈ ਜਿਹਨਾਂ ਕਾਰਨ ਕਰੰਟ ਪੈਦਾ ਹੁੰਦਾ ਹੈ‎, ਜਿਹਨਾਂ ਦਾ ਨਤੀਜਾ ਇਹ ਰੌਸ਼ਨੀਆਂ ਹੁੰਦੀਆਂ ਹਨ। ਬਹੁਤੀ ਵਾਰ ਇਹ ਰੌਸ਼ਨੀਆਂ ਹਰੇ-ਰੰਗ ਦੀਆਂ ਹੁੰਦੀਆਂ ਹਨ ਪਰ ਹੋਰ ਰੰਗ ਵੀ ਹੋ ਸਕਦੇ ਹਨ। ਟੈਕਨੀਕਲ ਭਾਸ਼ਾ ਵਿੱਚ ਆਵੇਸ਼ਿਤ-ਕਣਾਂ ਵਾਲੀਆਂ ਹਨੇਰੀਆਂ ਦੇ ਚਾਰਜਡ-ਪਾਰਟੀਕਲਜ਼ ਧਰਤੀ ਦੇ ਵਾਤਾਵਰਣ ਵਿੱਚ ਆਕੇ ਆਕਸੀਜਨ ਨਾਲ ਟਕਰਾਉਣ ਤਾਂ ਇਹ ਹਰਾ-ਰੰਗ ਉਭਰਦਾ ਹੈ‎ ਜੇ ਨਾਈਟਰੋਜਨ ਨਾਲ ਟਕਰਾਉਣ ਤਾਂ ਲਾਲ-ਰੌਸ਼ਨੀ ਦਿਖਾਈ ਦਿੰਦੀ ਹੈ।

ਜਿਵੇਂ ਮੈਂ ਉਪਰ ਵੀ ਕਿਹਾ ਕਿ ਉਤਰੀ-ਧਰੁਵ ਨੇੜੇ ਬਣਦੀਆਂ ਧਰੁਵੀ-ਰੌਸ਼ਨੀਆਂ ਨੂੰ ਨੌਰਦਨ-ਲਾਈਟਸ ਕਹਿੰਦੇ ਹਨ ਤੇ ਦੱਖਣੀ-ਧੁਰਵ ਵੱਲ ਦੀਆਂ ਰੌਸ਼ਨੀਆਂ ਨੂੰ ਸਦਰਨ-ਲਾਈਟਸ ਕਹਿੰਦੇ ਹਨ। ਸੀ.ਐਮ.ਈ. ਜਾਂ ਸੂਰਜ ਤੋਂ ਉਠੀਆਂ ਗੈਸ ਦੀਆਂ ਹਨੇਰੀਆਂ ਉਤਰੀ ਜਾਂ ਦੱਖਣੀ-ਧਰੁਵ ਵੱਲ ਹੀ ਕਿਉਂ ਆਉਂਦੀਆਂ ਹਨ ਕਿਉਂਕਿ ਉਹ ਦੋਵੇਂ ਧਰਤੀ ਦੇ ਮੈਗਨਿਟ-ਪੋਲਜ਼ ਹਨ। ਇਲੈਕਟਰੋ-ਮੈਗਨੈਟਿਕ ਸਿਧਾਂਤ ਅਨੁਸਾਰ ਚਾਰਜਡ-ਪਾਰਟੀਕਲਜ਼ ਸਦਾ ਚੁੰਬਕੀ-ਇਲਾਕੇ ਵੱਲ ਵਧਦੇ ਹਨ। ਇਹੀ ਕਾਰਨ ਹੈਕਿ ਭੂਮੱਧ-ਰੇਖਾ ਦੇ ਨੇੜੇ ਇਹ ਰੌਸ਼ਨੀਆਂ ਦੇਖਣ ਨੂੰ ਨਹੀਂ ਮਿਲਦੀਆਂ।

ਪਹਿਲੀ ਵਾਰ ਨੌਰਦਨ-ਲਾਈਟਸ ਦੇਖੇ ਜਾਣ ਦਾ ਇਤਿਹਾਸ 568 ਬੀਸੀ ਤੱਕ ਜਾਂਦਾ ਹੈ। ਲੇਖਕ ਨੀਲ ਬੋਨ (ਕਿਤਾਬ- ਔਰੋਰਲ: ਸਨ-ਅਰਥ ਇੰਟਰੈਕਸ਼ਨ 1996) ਮੁਤਾਬਕ ਟਰਮ ‘ਔਰੋਰਲ-ਬੋਰਿਆਲਿਸ-ਨੌਰਦਨ’ ਪਹਿਲੀ ਵਾਰ ਗੈਲੀਲੀਓ ਤੇ ਉਸ ਦੇ ਸਮਕਾਲੀ ਪੀਅਰੇ ਗਸੈਂਡੀ ਨੇ ਇਹ ਰੌਸ਼ਨੀਆਂ ਦੇਖਕੇ 12 ਸਤੰਬਰ 1621 ਨੂੰ ਵਰਤੀ ਸੀ। ਕਿਉਂਕਿ ਇਹ ਰੌਸ਼ਨੀਆਂ ਪੁਰਾਤਨਕਾਲ ਤੋਂ ਹੀ ਦਿਸਦੀਆਂ ਆਈਆਂ ਹਨ ਇਸੇ ਕਾਰਨ ਇਸ ਬਾਰੇ ਕਈ ਮਿੱਥਾਂ ਵੀ ਬਣੀਆਂ ਹੋਈਆਂ ਹਨ। ਉਤਰੀ-ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਜਿਥੇ ਇਹ ਰੌਸ਼ਨੀਆਂ ਬਹੁਤੀਆਂ ਐਕਟਿਵ ਹੁੰਦੀਆਂ ਹਨ ਉਹਨਾਂ ਦਾ ਕਹਿਣਾ ਹੈਕਿ ਮਰੇ ਹੋਏ ਲੋਕਾਂ ਦੀਆਂ ਰੂਹਾਂ ਵਾਲਰਸ (ਉਤਰੀ ਧਰੁਵ ਦਾ ਇਕ ਵੱਡਾ ਜਾਨਵਰ) ਨਾਲ ਫੁੱਟਬਾਲ ਖੇਡ ਰਹੀਆਂ ਹਨ। ਇਹ ਵੀ ਕਹਾਵਤ ਹੈਕਿ ਨੌਰਦਨ-ਲਾਈਟਸ ਬੱਚੇ ਚੁੱਕ ਲੈ ਜਾਂਦੀਆਂ ਹਨ ਇਸ ਲਈ ਇਸ ਮੌਕੇ ‘ਤੇ ਲੋਕ ਆਪਣੇ ਬੱਚਿਆਂ ਨੂੰ ਛੁਪਾ ਦਿੰਦੇ ਸਨ। ਫਿਨਲੈਂਡ ਦੇ ਲੋਕਾਂ ਦੀ ਮਿੱਥ ਹੈਕਿ ਲੂੰਬੜੀ ਆਪਣੀ ਪੂਛ ਨਾਲ ਬਰਫ ਸਾਫ ਕਰਕੇ ਅਸਮਾਨ ਵੱਲ ਸੁੱਟ ਰਹੀ ਸੀ, ਉਸੇ ਕਾਰਨ ਨੌਰਦਨ-ਲਾਈਟਸ ਪੈਦਾ ਹੋਈਆਂ ਹਨ। ਨੌਰਵੇ ਦੇ ਲੋਕਾਂ ਦਾ ਵਹਿਮ ਹੈਕਿ ਇਹਨਾਂ ਵੱਲ ਦੇਖਦੇ ਹੋਏ ਸੀਟੀ ਨਾ ਵਜਾਓ, ਇਵੇਂ ਕਰਨ ਨਾਲ ਮਰੇ ਲੋਕਾਂ ਦੀਆਂ ਰੂਹਾਂ ਨੂੰ ਤਕਲੀਫ ਪੁੱਜਦੀ ਹੈ। ਫਰਾਂਸੀਸੀ-ਮਿੱਥ ਅਨੁਸਾਰ ਨੌਰਦਨ-ਲਾਈਟਸ ਨੂੰ ਅਸਮਾਨ ਵਿੱਚ ਪੁਰਾਣੀ ਫੌਜ ਕਿਹਾ ਜਾਂਦਾ ਹੈ। ਮਛੇਰੇ-ਲੋਕ ਇਸਨੂੰ ਚੰਗੀ ਕਿਸਮਤ ਦੀ ਨਿਸ਼ਾਨੀ ਮੰਨਦੇ ਹਨ ਕਿ ਉਸ ਦਿਨ ਸਮੁੰਦਰ ਮੱਛੀਆਂ ਨਾਲ ਭਰਿਆ ਮਿਲੇਗਾ।

ਕਈ ਲੋਕਾਂ ਦਾ ਦਾਅਵਾ ਹੈਕਿ ਜਿੰਨਾ ਚਿਰ ਨੌਰਦਨ-ਲਾਈਟਸ ਦਿਖਾਈ ਦਿੰਦੀਆਂ ਰਹਿੰਦੀਆਂ ਹਨ, ਅਸਮਾਨ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਹਨ ਪਰ ਵਿਗਿਆਨਕ ਤੌਰ ‘ਤੇ ਇਸਦੀ ਕੋਈ ਗਵਾਹੀ ਨਹੀਂ ਮਿਲਦੀ। ਵੈਸੇ 2016 ਵਿੱਚ ਹੋਈ ਇਕ ਫਿਨਿਸ਼-ਸਟੱਡੀ ਮੁਤਾਬਕ ਲਾਈਟਾਂ ਦਿਸਣ ਵੇਲੇ ਕੁਝ ਕਰੈਕ ਹੋਣ ਦੀਆਂ ਅਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।

ਸੂਰਜ ਦੇ ਸੋਲਰ-ਸਿਸਟਮ ਦੇ ਐਕਟਿਵ ਹੋਣ ਦੇ ਹਿਸਾਬ-ਕਿਤਾਬ ਨਾਲ ਨੌਰਦਨ-ਲਾਈਟਸ ਵੀ ਐਕਟਿਵ ਹੋ ਜਾਂਦੀਆਂ ਹਨ ਜੋ ਕਿ ਗਿਆਰਾਂ ਸਾਲ ਦਾ ਸਾਈਕਲ ਹੈ। ਕਿਹਾ ਤਾਂ ਜਾਂਦਾ ਹੈ ਕਿ ਧਰੁਵੀ ਰੌਸ਼ਨੀਆਂ ਕਿਤੇ ਵੀ ਦਿਸ ਸਕਦੀਆਂ ਹਨ ਪਰ ਇਤਿਹਾਸ ਦੇਖਿਆ ਜਾਵੇ ਤਾਂ ਇਹ ਆਮ ਤੌਰ ‘ਤੇ ਉਹਨਾਂ ਇਲਾਕਿਆਂ ਵਿੱਚ ਹੀ ਦਿਸਦੀਆਂ ਹਨ ਜੋ ਧਰੁਵੀ ਪੋਲਾਂ ਦੇ ਨੇੜੇ ਪੈਂਦੇ ਹਨ- ਕਨੇਡਾ, ਅਲਾਸਕਾ, ਗਰੀਨਲੈਂਡ, ਨੌਰਵੀਅਨ ਮੁਲਕ, ਐਂਟਰਕਟੀਕਾ ਆਦਿ। ਇਹ ਰੌਸ਼ਨੀਆਂ ਦਿਨੇ ਵੀ ਪ੍ਰਗਟ ਹੋ ਜਾਂਦੀਆਂ ਹਨ ਪਰ ਦਿਨ ਵੇਲੇ ਨੰਗੀ ਅੱਖ ਨਾਲ ਨਹੀਂ ਦੇਖੀਆਂ ਜਾ ਸਕਦੀਆਂ। ਕਦੇ-ਕਦਾਈਂ ਇਹ ਅਚਾਨਕ ਅਣਕਿਆਸੀ ਨਵੀਂ ਜਗਾਹ ਵੀ ਆ ਪ੍ਰਗਟ ਹੋ ਗਈਆਂ ਹਨ। ਸੰਨ 1859 ਅਮਰੀਕਾ ਦੇ ਔਰੇਗਨ ਤੋਂ ਲੈਕੇ ਹੈਂਪਸ਼ਾਇਰ ਤੱਕ ਨੌਰਦਨ-ਲਾਈਟਸ ਦਿਸੀਆਂ ਸਨ। ਇਵੇਂ ਹੀ 13 ਮਾਰਚ 1989 ਨੂੰ ਕਿਊਬਾ ਦਾ ਅਸਮਾਨ ਲਾਲ ਹੋ ਗਿਆ ਸੀ। ਮੈਕਸੀਕੋ ਵਿੱਚ ਦਿਸਣ ਦੀਆਂ ਗਵਾਹੀਆਂ ਵੀ ਮਿਲਦੀਆਂ ਹਨ।

ਨੌਰਦਨ-ਲਾਈਟਸ ਬਾਰੇ ਕੁਝ ਹੋਰ ਦਿਲਚਸਪ ਗੱਲਾਂ ਵੀ ਹਨ। ਇਹ ਬਹੁਤਾ ਚਿਰ ਤੱਕ ਨਹੀਂ ਰਹਿੰਦੀਆਂ, ਔਸਤਨ ਅੱਧਾ ਘੰਟਾ ਤੱਕ ਦਿਖਾਈ ਦੇ ਸਕਦੀਆਂ ਹਨ, ਇਹ ਨਿਰਭਰ ਕਰਦਾ ਹੈਕਿ ਸੂਰਜ ਤੋਂ ਆਉਣ ਵਾਲੀ ਸੋਲਰ ਹਵਾ ਦਾ ਮੈਗਨੀਚੂਡ ਕਿੰਨਾ ਹੈ। ਹੋਟਲਾਂ ਵਾਲੇ ਨੌਰਦਨ-ਲਾਈਟਸ ਦਾ ਸਹਾਰਾ ਲੈਂਦਿਆਂ ਆਪਣੇ ਹੋਟਲਾਂ ਦੀ ਮਸ਼ਹੂਰੀ ਕਰਦੇ ਹਨ ਪਰ ਨੌਰਦਨ-ਲਾਈਟਸ ਦਾ ਕੋਈ ਸੀਜ਼ਨ ਨਹੀਂ ਹੁੰਦਾ, ਇਹਨਾਂ ਨੂੰ ਦੇਖਣ ਲਈ ਸਿਰਫ ਹਨੇਰਾ ਤੇ ਅਸਮਾਨ ਸਾਫ ਚਾਹੀਦਾ ਹੈ। ਇਹ ਚੌਵੀ ਘੰਟੇ 365 ਦਿਨ ਕਿਤੇ-ਨਾ ਕਿਤੇ-ਦਿਖਾਈ ਦਿੰਦੀਆਂ ਰਹਿੰਦੀਆਂ ਹਨ। ਪਰ ਸਤੰਬਰ ਤੋਂ ਅਪਰੈਲ ਤੱਕ ਰਾਤਾਂ ਲੰਮੀਆਂ ਹੋ ਜਾਂਦੀਆਂ ਹਨ, ਖਾਸ ਤੌਰ ‘ਤੇ ਉਤਰੀ ਧਰੁਵ ਦੇ ਨੇੜੇ, ਤਾਂ ਇਹ ਜ਼ਿਆਦਾ ਵਾਰ ਦਿਖਾਈ ਦਿੰਦੀਆਂ ਹਨ। ਦਿਨੇ ਸੂਰਜ ਕਾਰਨ ਦਿਖਾਈ ਨਹੀਂ ਦਿੰਦੀਆਂ ਪਰ ਪੂਰੇ ਚੰਨ ਵਿੱਚ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਹਾਂ, ਇਸ ਵਿੱਚ ਦੀ ਤਾਰੇ ਦਿਸਦੇ ਰਹਿੰਦੇ ਹਨ। ਇਹ ਸਪੇਸ ਵਿੱਚੋਂ ਵੀ ਦਿਖਾਈ ਦਿੰਦੀਆਂ ਹਨ। ਕਈ ਵਾਰ ਇੰਟਰਨੈਸ਼ਨਲ-ਸਪੇਸ-ਸਟੇਸ਼ਨ ਇਹਨਾਂ ਦੇ ਵਿਚਕਾਰ ਦੀ ਲੰਘਦਾ ਹੈ। ਮਨੁੱਖ ਸ਼ੁਰੂ ਤੋਂ ਇਹਨਾਂ ਬਾਰੇ ਚੇਤੰਨ ਰਿਹਾ ਹੈ ਜਿਸਦਾ ਸਬੂਤ ਇਹ ਹੈ ਕਿ ਜਦ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ ਉਦੋਂ ਵੀ ਇਹਨਾਂ ਬਾਰੇ ਜਾਣਦਾ ਸੀ ਤੇ ਸਮਝਣ ਦੀ ਕੋਸ਼ਿਸ਼ ਕਰਦਾ ਸੀ। ਕਰੋ-ਮੌਗਨਨ ਮੈਨ ਵੇਲੇ ਦੀਆਂ ਗੁਫਾਵਾਂ ਵਿੱਚ ਭਾਵ ਤੀਹ ਹਜ਼ਾਰ ਸਾਲ ਪਹਿਲਾਂ, ਵਿੱਚ ਨੌਰਦਨ-ਲਾਈਟਸ ਉਕਰੀਆਂ ਮਿਲਦੀਆਂ ਹਨ।

ਲੋਕ ਇਹਨਾਂ ਨੂੰ ਦੇਖਣ ਲਈ ਬਹੁਤ ਉਤਾਵਲੇ ਰਹਿੰਦੇ ਹਨ। ਇਹਨਾਂ ਦੀ ਤਾਲਾਸ਼ ਵਿੱਚ ਉਤਰੀ-ਧਰੁਵ ਨੇੜਲੇ ਦੇਸ਼ਾਂ ਦਾ ਸਫਰ ਕਰਦੇ ਹਨ। ਅਜਿਹੇ ਲੋਕਾਂ ਨੂੰ ‘ਦ ਔਰੋਰਾ ਹੰਟਰ’ ਕਹਿੰਦੇ ਹਨ। ਅੱਜਕੱਲ੍ਹ ਤਾਂ ਐਪਲ ਫੋਨ ਵਾਲਿਆਂ ਨੇ ਇਕ ਐਪ ਵੀ ਬਣਾ ਦਿੱਤੀ ਹੈ ਜਿਸ ਵਿੱਚ ਨੌਰਦਨ ਲਾਈਟਸ ਬਾਰੇ ਭਵਿੱਖਬਾਣੀ ਕੀਤੀ ਹੁੰਦੀ ਹੈ ਕਿ ਕਦੋਂ-ਕਿਥੇ ਦੇਖੀਆਂ ਜਾ ਸਕਣਗੀਆਂ। ਇਸ ਬਾਰੇ ਅਣਗਿਣਤ ਮੈਗਜ਼ੀਨ ਨਿਕਲਦੇ ਹਨ। ਅਨੇਕਾਂ ਡਾਕੂਮੈਂਟਰੀਜ਼ ਤੇ ਯੂਟਿਊਬ ਉਪਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਉਤਰੀ-ਅਮਰੀਕਾ ਦੀ ਇਕ ਥਾਂ- ਯੈਲੋਨਾਈਫ (ਨੌਰਦਨ-ਵੈਸਟ ਟੈਰੀਟੋਰੀਜ਼, ਕਨੇਡਾ) ਔਰੋਰਲ-ਟੂਰਿਜ਼ਮ ਦੀ ਰਾਜਧਾਨੀ ਮੰਨੀ ਜਾਂਦੀ ਹੈ। ਉਤਰੀ-ਨੌਰਵੇ ਦਾ ਜਜ਼ੀਰਾ ਹੈ- ਟਰੌਂਪੋ, ਉਥੇ ਪੂਰਾ ਸਾਲ ਹਜ਼ਾਰਾਂ ਲੋਕ ਨੌਰਦਨ-ਲਾਈਟਸ ਦੇਖਣ ਜਾਂਦੇ ਹਨ।

ਮਨੁੱਖ ਭਾਵੇਂ ਪਹਿਲਾਂ ਤੋਂ ਹੀ ਨੌਰਦਨ-ਲਾਈਟਸ ਦਾ ਵਾਕਫ ਸੀ ਪਰ ਹੈ ਕੀ, ਇਸਨੂੰ ਸਮਝਣ ਵਿੱਚ ਬਹੁਤ ਦੇਰ ਲੱਗ ਗਈ। ਨੌਰਵੇ ਦੇ ਕਰਿਸਟੀਅਨ ਬਰਕਲੈਂਡ ਨੂੰ ਮੌਡਰਨ ਔਰੋਰਲ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਜੂਨ 1896 ਵਿੱਚ ਇਹ ਥਿਉਰੀ ਦਿੱਤੀ ਸੀ ਕਿ ਸੋਲਰ-ਹਨੇਰੀਆਂ ਸਨਸਪੌਟ ਤੋਂ ਉਠ ਕੇ ਧਰਤੀ ਵੱਲ ਆਉਂਦੀਆਂ ਹਨ।

ਇਥੇ ਇਹਨਾਂ ਨੂੰ ਕੁਝ ਹੋਰ ਸਮਝਣ ਦੀ ਕੋਸ਼ਿਸ਼ ਜਾਇਜ਼ ਹੋਵੇਗੀ। ਯੂਨੀਵਰਸਟੀ ਔਫ ਆਯੋਬਾ ਦੇ ਵਿਗਿਆਨਕਾਂ ਦੇ ਇਕ ਗਰੁੱਪ ਨੇ ਇਹ ਸਾਬਤ ਕੀਤਾ ਕਿ ਨੌਰਦਨ-ਲਾਈਟਸ ਜਿਓ-ਮੈਗਨੈਟਿਕ ਸਟਰਾਮ ਦੇ ਦੌਰਾਨ ਸ਼ਕਤੀਸ਼ਾਲੀ ਇਲੈਕਟਰੋ-ਮੈਗਨੈਟਿਕ ਵੇਵਜ਼ ਦੇ ਕਾਰਨ ਪੈਦਾ ਹੁੰਦੀਆਂ ਹਨ।

ਇਕ ਨਵੇਂ ਅਧਿਐਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ‘ਘਟਨਾ’ ਨੂੰ ‘ਅਲਫਵੇਨ ਵੇਵਜ਼’ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਇਹ ਘਟਨਾ ਇਲੈਕਟਰੌਨ ਨੂੰ ਧਰਤੀ ਵੱਲ ਭੇਜਣ ਲੱਗਦੀ ਹੈ ਜਿਸਦੇ ਕਾਰਨ ਪਾਰਟੀਕਲਜ਼ ਰੌਸ਼ਨੀ ਪੈਦਾ ਕਰਨ ਲਗਦੀ ਹੈ ਜਿਸ ਨੂੰ ਅਸੀਂ ਨੌਰਦਨ-ਲਾਈਟਸ ਦੇ ਤੌਰ ‘ਤੇ ਜਾਣਦੇ ਹਾਂ। ਅਧਿਐਨ ਦੇ ਸਹਿ ਲੇਖਕ ਤੇ ਪ੍ਰੋਫੈਸਰ ਗਰੇਗ ਹੋਵੇਸ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਇਲੈਕਟਰੌਨਜ਼ ਦੀ ਇਕ ਛੋਟੀ ਆਬਾਦੀ ਅਲਫਵੇਨ ਵੇਵਜ਼ ਦੀ ਇਲੈਕਟਰਿਕ ਫੀਲਡ ਵਿੱਚ ਦੀ ਤੇਜ਼ੀ ਨਾਲ ਗੁਜ਼ਰਦੀ ਹੈ। ਇਹ ਕੁਝ ਅਜਿਹਾ ਹੈ ਜਿਵੇਂ ਇਕ ਸਰਫਰ ਇਕ ਲਹਿਰ ਨੂੰ ਆਪਣੇ ਸਰਫਬੋਡ ਦੇ ਜ਼ਰੀਏ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਉਸਦੀ ਰਫਤਾਰ ਵਧਦੀ ਜਾ ਰਹੀ ਹੈ ਕਿਉਂਕਿ ਉਹ ਲਹਿਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ।

ਇਲੈਕਟਰਿਕ ਫੀਲਡ ‘ਤੇ ਇਲੈਕਟਰੌਜਸ ਦੇ ਸਰਫਿੰਗ ਦੀ ਇਹ ਥੀਊਰੀ ਸਭ ਤੋਂ ਪਹਿਲਾਂ 1946 ਵਿੱਚ ਇਕ ਰੂਸੀ ਵਿਗਿਆਨਕ ਲੇਵ ਲੈਂਡੋ ਨੇ ਦਿੱਤੀ ਸੀ। ਇਸਨੂੰ ਲੈਂਡੋ ਡੰਪਿੰਗ ਨਾਂ ਦਿੱਤਾ ਗਿਆ। ਇਵੇਂ ਹੁਣ ਵਿਗਿਆਨਕਾਂ ਨੇ ਉਸਦੇ ਸਿਧਾਂਤ ਨੂੰ ਸਹੀ ਸਾਬਿਤ ਕਰ ਦਿੱਤਾ ਹੈ। ਵਿਗਿਆਨਕਾਂ ਨੇ ਕਈ ਦਹਾਕਿਆਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਨੌਰਦਨ ਲਾਈਟਸ ਦੀ ਸਭ ਤੋਂ ਵੱਧ ਸੰਭਾਵਨਾ ਕਿਵੇਂ ਬਣਦੀ ਹੈ। ਸਾਇੰਸਦਾਨ ਹੁਣ ਇਸ ਨੂੰ ਪਹਿਲੀ ਵਾਰ ਲੈਬ ਵਿੱਚ ਤਿਆਰ ਕਰਨ ਵਿੱਚ ਕਾਮਯਾਬ ਹੋਏ ਹਨ। ਉਹਨਾਂ ਨੇ ਯੂ.ਸੀ.ਐਲ.ਏ. (ਨੌਰਦਨ ਲਾਈਟਸ ਬਾਰੇ ਵਰਤੀ ਜਾਂਦੀ ਟਰਮ) ਬੇਸਕ-ਪਲਾਜ਼ਮਾ ਸਾਇੰਸ-ਫੈਸਿਲਟੀ ਵਿੱਚ ਲਾਰਜ-ਪਲਾਜ਼ਮਾ ਡਿਵਾਈਸ ਐਲ.ਪੀ.ਡੀ ਦੀ ਇਕ ਲੈਬ ਵਿੱਚ ਤਿਆਰ ਕੀਤਾ, ਵਿਗਿਆਨਕਾਂ ਨੇ ਯੂ.ਸੀ.ਐਲ.ਏ. ਦੇ ਐਲ.ਪੀ.ਡੀ. ਉਤੇ ਵੀਹ ਮੀਟਰ ਲੰਮੇ ਚੈਂਬਰ ਦਾ ਸ਼ਕਤੀਸ਼ਾਲੀ ਮੈਗਨੈਟਿਕ-ਫੀਲਡ ਕੋਇਲ ਦੇ ਜ਼ਰੀਏ ਧਰਤੀ ਦੇ ਮੈਗਨੈਟਿਕ-ਫੀਲਡ ਨੂੰ ਫਿਰ ਤੋਂ ਬਣਾਉਣ ਦਾ ਪਰਯੋਗ ਕੀਤਾ। ਇਸ ਚੈਂਬਰ ਦੇ ਅੰਦਰ ਵਿਗਿਆਨਕਾਂ ਨੇ ਧਰਤੀ ਦੇ ਕੋਲ ਅੰਤਰਿਕਸ਼ ਵਿੱਚ ਮੌਜੂਦ ਹੋਣ ਵਾਲੇ ਪਲਾਜ਼ਮਾ ਨੂੰ ਤਿਆਰ ਕੀਤਾ। ਵਿਸ਼ੇਸ਼ ਰੂਪ ਵਿੱਚ ਡਿਜ਼ਾਈਨ ਕੀਤੇ ਗਏ ਐਨਟੀਨਾ ਦਾ ਪਰਯੋਗ ਕਰਕੇ ਵਿਗਿਆਨਕਾਂ ਨੇ ਮਸ਼ੀਨ ਦੇ ਹੇਠਾਂ ਅਲਫਵੇਨ ਵੇਵਜ਼ ਨੂੰ ਲਾਂਚ ਕੀਤਾ। ਇਸ ਦੌਰਾਨ ਵੇਵਜ਼ ਇਕ ਨਲ਼ੀ ਦੀ ਯਾਤਰਾ ਕਰ ਰਹੀਆਂ ਸਨ। ਜਿਵੇਂ ਹੀ ਉਹਨਾਂ ਨੇ ਵੇਵਜ਼ ਨੂੰ ਇਲੈਕਟਰੌਨਜ਼ ਦੇ ਨਾਲ ਸਰਫਿੰਗ ਕਰਦੇ ਹੋਏ ਦੇਖਿਆ, ਉਹਨਾਂ ਨੂੰ ਤੁਰੰਤ ਮਾਪਣ ਲਈ ਵਿਸ਼ੇਸ਼ ਉਪਰਕਣ ਦਾ ਪਰਯੋਗ ਕੀਤਾ ਕਿ ਉਹ ਇਲੈਕਟਰੌਨ ਵੇਵਜ਼ ਊਰਜਾ ਕਿਵੇਂ ਪਰਾਪਤ ਕਰ ਰਹੇ ਹਨ। ਇਸ ਐਕਸਪੈਰੀਮੈਂਟ ਦੇ ਜ਼ਰੀਏ ਵਿਗਿਆਨਕ ਬਿਲਕੁਲ ਨਾਰਦਨ-ਲਾਈਟਸ ਵਰਗੀ ਰੌਸ਼ਨੀ ਤਾਂ ਨਹੀਂ ਤਿਆਰ ਕਰ ਸਕੇ ਪਰ ਲੈਬ ਵਿੱਚ ਤਿਆਰ ਮਾਪ-ਕੰਪਿਊਟਰ ਸਿਮੂਲੇਸ਼ਨ ਤੇ ਗਣਿਤ-ਗਣਨਾਵਾਂ ਦੀ ਭਵਿੱਖ ਬਾਣੀ ਨਾਲ ਸਪੱਸ਼ਟ ਰੂਪ ਵਿੱਚ ਸਹਿਮਤ ਸਨ। ਤੇ ਇਹ ਸਾਬਤ ਕਰਦੇ ਸਨ ਕਿ ਅਲਫਵੇਨ ਵੇਵਜ਼ ‘ਤੇ ਸਰਫ ਕਰਨ ਵਾਲੇ ਇਲੈਕਟਰੌਨ ਇਲੈਕਟਰੌਨਜ਼ ਦੀ ਗਤੀ ਨੂੰ ਤੇਜ਼ ਕਰ ਸਕਦੇ ਹਨ। ਇਸੇ ਵਜਾਹ ਕਾਰਨ ਹੀ ਨੌਰਦਨ-ਲਾਈਟਸ ਬਣਦੀਆਂ ਹਨ।

ਮੈਂ ਬਹੁਤੀ ਬਰੀਕੀ ਵਿੱਚ ਨਾ ਪੈਂਦਿਆਂ ਇਹੀ ਕਹਾਂਗਾ ਕਿ ਨੌਰਦਨ ਲਾਈਟਸ ਕੁਦਰਤ ਦਾ ਇਕ ਖੂਬਸੂਰਤ ਮੰਜ਼ਿਰ ਹੈ ਜਿਸ ਨੂੰ ਦੇਖ ਪਾਉਣਾ ਕਿਸਮਤ ਦੀਆਂ ਗੱਲਾਂ ਹਨ। ਪਹਿਲੀ ਵਾਰ ਨੌਰਦਨ ਲਾਈਟਸ ਦੇਖਣ ਤੋਂ ਬਾਅਦ ਮੈਂ ਸਕੌਟਲੈਂਡ ਦੇ ਕਈ ਚੱਕਰ ਮਾਰੇ ਹਨ ਪਰ ਮੁੜ ਕੇ ਉਹ ਨਜ਼ਾਰਾ ਨਹੀਂ ਦੇਖ ਸਕਿਆ। ਹੁਣ ਮੈਂ ਸੋਚ ਰਿਹਾ ਹਾਂ ਕਿ ਨੌਰਦਨ ਲਾਈਟਸ ਹੰਟਰਾਂ ਵਾਂਗ ਲੱਭਾਂ ਕਿ ਕਿਥੇ ਇਹ ਲਾਈਟਾਂ ਕਿਥੇ ਦੇਖ ਜਾਣ ਦੀ ਸੰਭਾਵਨਾ ਹੈ ਤੇ ਉਸ ਪਾਸੇ ਦਾ ਸਫਰ ਕਰਨ ਦੀ ਕੋਸ਼ਿਸ਼ ਕਰਾਂ।

Comments


bottom of page