top of page
  • Writer's pictureਸ਼ਬਦ

ਕਾਲੀ ਕੁੜੀ ( ਨਿਰੂਪਮਾ ਦੱਤ ਦੀ ਇਕ ਇਸੇ ਨਾਂ ਦੀ ਕਵਿਤਾ ਤੋਂ ਪ੍ਰਭਾਵਿਤ)


ਕਾਲੀ ਕੁੜੀ ਦਾ ਦਿਲ ਬਹੁਤ ਗੋਰਾ ਹੁੰਦਾ ਹੈ ਅਤੇ ਰਾਤ ਬਹੁਤ ਕਾਲੀ ਕਾਲੀ ਕੁੜੀ ਨੂੰ ਆਪਣੀਆਂ ਅੱਖਾਂ ‘ਤੇ ਵਿਸਵਾਸ਼ ਹੁੰਦਾ ਹੈ ਅਤੇ ਆਪਣੇ ਪੈਰਾਂ ‘ਤੇ ਸੰਦੇਹ

ਕਾਲੀ ਕੁੜੀ ਅੰਦਰੋਂ ਬਹੁਤ ਝੱਖੜ ਹੁੰਦੀ ਹੈ ਅਤੇ ਬਾਹਰੋਂ ਬਹੁਤ ਸ਼ਾਂਤ

ਕਾਲੀ ਕੁੜੀ ਦੋ ਕਦਮ ਵੱਧ ਤੁਰਦੀ ਹੈ ਅਤੇ ਦੋ ਕਦਮ ਪਿੱਛੇ ਰਹਿ ਜਾਂਦੀ ਹੈ ਕਾਲੀ ਕੁੜੀ ਘੱਟ ਸੌਂਦੀ ਅਤੇ ਘੱਟ ਖਾਂਦੀ ਹੈ

ਕਾਲੀ ਕੁੜੀ ਗੋਰੀ ਕੁੜੀ ਦੇ ਸੁਪਨੇ ਆਪਣੇ ਪਿੰਡੇ ਉੱਤੇ ਮਲਦੀ ਹੈ ਕਾਲੀ ਕੁੜੀ ਮੁਹੱਬਤ ਦੀ ਛਾਂ ਫੜਦੀ ਹੈ

ਕਾਲੀ ਕੁੜੀ ਸੁਪਨੇ ਨਹੀਂ ਵੇਖਦੀ ਸੁਪਨੇ ਚੋਰੀ ਕਰਦੀ ਹੈ ਕਾਲੀ ਕੁੜੀ ਕਦੇ ਕਾਹਲੀ ਨਹੀਂ ਕਰਦੀ ਉਹ ਸਭ ਸੋਚਦੀ ਸਮਝਦੀ ਹੈ ਪਰ ਕੋਈ ਕਦਮ ਨਹੀਂ ਪੁੱਟਦੀ

ਕਾਲੀ ਕੁੜੀ ਦੀਆਂ ਅੱਖਾਂ ਗਾਹੜ੍ਹੀਆਂ ਹੁੰਦੀਆਂ ਹਨ ਅਤੇ ਦੰਦ ਬਹੁਤ ਚਿੱਟੇ ਕਾਲੀ ਕੁੜੀ ਦੇ ਸ਼ਬਦ ਬਹੁਤ ਗੋਰੇ ਹੁੰਦੇ ਹਨ

ਕਾਲੀ ਕੁੜੀ ਦਾ ਬਾਪ ਜਦ ਤਲਖ਼ ਹੁੰਦਾ ਹੈ ਤਾਂ ਉਸਦੀ ਮਾਂ ਦੇ ਰੰਗ ਦੀ ਗਰੀਬੀ ਨੂੰ ਕੁੱਟਦਾ ਹੈ

ਕਾਲੀ ਕੁੜੀ ਦਾ ਸਾਥ ਉਸਦੀ ਚਮੜੀ ਦਿੰਦੀ ਹੈ ਅਤੇ ਜਾਂ ਉਸ ਦੇ ਕਮਰੇ ਦਾ ਹਨ੍ਹੈਰਾ

ਕਾਲੀ ਕੁੜੀ ਬਹੁਤ ਇਕੱਲੀ ਹੁੰਦੀ ਹੈ ਅਤੇ ਆਪਣੇ ਰੰਗ ਦੀ ਲੜਾਈ ਦੇਰ ਤੀਕ ਲੜਦੀ ਹੈ

ਕਾਲੀ ਕੁੜੀ ਦੀਆਂ ਰਗਾਂ ਵਿਚ ਜਿਹੜਾ ਖੂਨ ਵਗਦਾ ਹੈ ਉਹ ਕੋਹਕਾਫ਼ ਤੋ ਆਉਂਦਾ ਹੈ

ਕਾਲੀ ਕੁੜੀ ਗੋਰਾ ਜੀਣਾ ਚਾਹੁੰਦੀ ਹੈ ਅਤੇ ਗੋਰਾ ਮਰਨਾ ਕਾਲੀ ਕੁੜੀ ਦੁਨੀਆਂ ਦੀ ਆਖਰੀ ਕਾਲੀ ਕੁੜੀ ਤੀਕ ਕਾਲੀ ਰਹਿਣਾ ਚਾਹੁੰਦੀ ਹੈ

ਕਾਲੀ ਕੁੜੀ ਬਸ ਚਾਹੁੰਦੀ ਹੈ ਉਹ ਬਸ ਚਾਹੁਣ ਨੂੰ ਦਿਲ ‘ਤੇ ਲਾਉਂਦੀ ਹੈ

bottom of page