top of page
  • Writer's pictureਸ਼ਬਦ

ਬਰਾਈਟਨ ਛਤਰੀ: ਇਕ ਅਹਿਮ ਸਮਾਰਕ

ਹਰਜੀਤ ਅਟਵਾਲ

ਇੰਗਲੈਂਡ ਵਿੱਚ ਬਣੇ ਸਮਾਰਕਾਂ ਵਿੱਚੋਂ ਬਰਾਈਟਨ ਛਤਰੀ ਇਕ ਬਹੁਤ ਹੀ ਅਹਿਮ ‘ਵਾਰ ਮੈਮੋਰੀਅਲ’ ਹੈ। ਇਸ ਦੀ ਲੋਕਲ ਹੈਰੀਟੇਜ ਵਿੱਚ ਖਾਸ ਥਾਂ ਹੈ। ਭਾਵੇਂ ਇਹ ਸਮਾਰਕ ਯੂਕੇ ਦੀ ਦੂਜੇ ਗਰੇਡ ਦੀ ਲਿਸਟਡ ਇਮਾਰਤ ਹੈ ਪਰ ਸਾਡੀ ਭਾਰਤੀਆਂ ਦੀ ਇਸ ਨਾਲ ਬਹੁਤ ਡੂੰਘੀ ਜਜ਼ਬਾਤੀ ਸਾਂਝ ਜੁੜਦੀ ਹੈ। ਇਹ ਸਮਾਰਕ ਪਹਿਲੇ ਮਹਾਂ ਯੁੱਧ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਸਿਪਾਹੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਸਾਲ ਇਸ ਸਮਾਰਕ ਨੂੰ ਬਣਾਏ ਜਾਣ ਦੇ ਸੌ ਸਾਲ ਵੀ ਪੂਰੇ ਹੁੰਦੇ ਹਨ ਇਸ ਲਈ ਇਸ ਨੂੰ ਚੇਤੇ ਕਰਨਾ ਜਾਂ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਪਹਿਲੇ ਮਹਾਂ-ਯੁੱਧ ਵਿੱਚ ਤਕਰੀਬਨ ਤੇਰਾਂ ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ। ਉਹਨਾ ਵਿੱਚੋਂ 74000 ਫੌਜੀ ਸ਼ਹੀਦ ਹੋਏ ਤੇ ਇਸ ਤੋਂ ਕਿਤੇ ਵੱਧ ਜ਼ਖਮੀ ਹੋਏ। ਇਸ ਦੇ ਹੋਰ ਵੀ ਬਹੁਤ ਸਾਰੇ ਕੋਹਝੇ ਪੱਖ ਹਨ ਜਿਵੇਂ ਕਿ ਦੁਨੀਆ ਦੀਆਂ ਲੜਾਈਆਂ ਦੇ ਹੁੰਦੇ ਹੀ ਹਨ। ਅਜਿਹੀ ਹੀ ਸਥਿਤੀ ਦੂਜੇ ਮਹਾਂ-ਯੁੱਧ ਵਿੱਚ ਰਹੀ ਹੈ ਬਲਕਿ ਇਸ ਤੋਂ ਵੀ ਬਦਤਰ। ਬਰਤਾਨਵੀ ਸਾਮਰਾਜ ਨੂੰ ਬਚਾਉਣ ਜਾਂ ਖੜੇ ਕਰਨ ਲਈ ਸਾਡੇ ਸ਼ਹੀਦਾਂ ਦਾ ਖੂਨ ਬਰਾਬਰ ਸ਼ਾਮਲ ਰਿਹਾ ਹੈ। ਸੰਸਾਰ ਦੇ ਦੋਨਾਂ ਮਹਾਂ ਯੁੱਧਾਂ ਵਿੱਚ ਭਾਰਤੀਆਂ ਨੇ ਹਿੱਸਾ ਲੈ ਕੇ ਬਰਤਾਨਵੀ ਸਰਕਾਰ ਨੂੰ ਜਿੱਤ ਦਵਾਈ ਹੈ। ਇਹ ਗੱਲ ਅੰਗਰੇਜ਼ ਵੀ ਸਮਝਦਾ ਹੈ ਕਿ ਭਾਰਤੀ ਫੌਜੀਆਂ ਬਿਨਾਂ ਉਹ ਕਦੇ ਵੀ ਜਿੱਤ ਹਾਸਲ ਨਹੀਂ ਸਨ ਕਰ ਸਕਦੇ। ਭਾਰਤੀ ਫੌਜੀ ਪੂਰੇ ਯੌਰਪ ਤੋਂ ਲੈ ਕੇ ਬਰਮਾ ਤੋਂ ਅੱਗੇ ਤੱਕ ਲੜੇ ਹਨ। ਪਹਿਲੇ ਸੰਸਾਰ ਮਹਾਂ-ਯੁੱਧ ਵਿੱਚ ਭਾਰਤੀ ਸਿਪਾਹੀਆਂ ਨੇ ਫਰਾਂਸ ਤੇ ਬੈਲਜੀਅਮ ਆਦਿ ਵਿੱਚ ਮੋਰਚੇ ਸੰਭਾਲੇ ਤੇ ਇਥੇ ਹੀ ਬਹੁਤੇ ਜ਼ਖਮੀ ਹੋਏ। ਜ਼ਖਮੀਆਂ ਨੂੰ ਬਰਤਾਨੀਆ ਵਿੱਚ ਲਿਆ ਕੇ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ। ਵੱਖ ਵੱਖ ਸ਼ਹਿਰਾਂ ਵਿੱਚ ਯੁੱਧ ਦੇ ਜ਼ਖਮੀ ਸਿਪਾਹੀਆਂ ਲਈ ਵਿਸ਼ੇਸ਼ ਹਸਪਤਾਲ ਬਣਾਏ ਗਏ। ਦਸੰਬਰ 1914 ਨੂੰ 345 ਜ਼ਖਮੀ ਭਾਰਤੀ ਸਿਪਾਹੀ ਲੰਡਨ ਤੋਂ ਰੇਲ ਰਾਹੀਂ ਬਰਾਈਟਨ ਲਿਆਂਦੇ ਗਏ। ਬਰਾਈਟਨ ਸ਼ਹਿਰ ਵਿੱਚ ਤਿੰਨ ਹਸਪਤਾਲ ਇਹਨਾਂ ਜ਼ਖਮੀਆਂ ਲਈ ਖੜੇ ਕੀਤੇ ਗਏ ਸਨ। ਇਹਨਾਂ ਵਿੱਚੋਂ ਇਕ ਹਸਪਤਾਲ ਬਰਾਈਟਨ ਸ਼ਹਿਰ ਦੀ ਮਸ਼ਹੂਰ ਬਿਲਡਿੰਗ ‘ਦਾ ਰੁਆਇਲ ਪੈਵਿਲੀਅਨ’ ਵਿੱਚ ਬਣਾਇਆ ਗਿਆ ਸੀ। ਇਹ ਇਮਾਰਤ ਭਾਰਤੀ ਇਮਾਰਤਸਾਜ਼ੀ ਦੀ ਤਰਜ਼ ‘ਤੇ ਬਣਾਈ ਹੋਈ ਹੈ ਤੇ ਇਸ ਦੇ ਅੰਦਰਲਾ ਮਹੌਲ ਵੀ ਭਾਰਤੀ ਸੀ। ਇਹਨਾਂ ਜ਼ਖਮੀਆਂ ਦਾ ਵਿਸ਼ੇਸ਼ ਤੌਰ ‘ਤੇ ਇਸ ਇਮਾਰਤ ਵਿੱਚ ਲਿਆਉਣ ਦਾ ਮਕਸਦ ਇਹੋ ਸੀ ਕਿ ਇਹ ਓਪਰਾ ਮਹਿਸੂਸ ਨਾ ਕਰਨ। ਇਹਨਾਂ ਸਿਪਾਹੀਆਂ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸ਼ਾਮਲ ਸਨ। ਇਹਨਾਂ ਦੇ ਖਾਣ-ਪੀਣ ਤੇ ਧਾਰਮਿਕ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਉਸ ਵੇਲੇ ਦੇ ਬਰਤਾਨੀਆ ਦੇ ਰਾਜਾ ਤੇ ਰਾਣੀ, ਬਰਾਈਟਨ ਸ਼ਹਿਰ ਦਾ ਮੇਅਰ ਤੇ ਪੁਲੀਸ ਕਪਤਾਨ ਤੇ ਹੋਰ ਵਿਸ਼ੇਸ਼ ਵਿਅਕਤੀ ਅਕਸਰ ਹਸਪਤਾਲ ਵਿੱਚ ਇਹਨਾਂ ਜ਼ਖਮੀਆਂ ਨੂੰ ਦੇਖਣ ਜਾਂਦੇ ਰਹਿੰਦੇ ਸਨ। ਜ਼ਖਮੀਆਂ ਵਿੱਚੋਂ ਬਹੁਤੇ ਸਿਹਯਾਬ ਹੋ ਕੇ ਮੁੜ ਸਰਵਿਸ ‘ਤੇ ਚਲੇ ਗਏ ਸਨ ਪਰ ਕੁਝ ਸ਼ਹੀਦ ਵੀ ਹੋ ਗਏ ਸਨ। ਬਰਾਈਟਨ ਸ਼ਹਿਰ ਵਿੱਚ ਇੱਕੀ ਮੁਸਲਮਾਨ ਸਿਪਾਹੀ ਸ਼ਹੀਦ ਹੋਏ ਜਿਹਨਾਂ ਨੂੰ ਸਰੀ ਕਾਉਂਟੀ ਦੇ ਵੋਕਿੰਗ ਸ਼ਹਿਰ ਦੀ ‘ਸ਼ਾਹ ਜਹਾਨ ਮਸਜਿਦ’ ਵਿੱਚ ਇਸਲਾਮਿਕ ਰਸਮਾਂ ਨਾਲ ਦਫਨਾ ਦਿੱਤਾ ਗਿਆ ਸੀ। ਇਵੇਂ ਹੀ ਪਹਿਲੇ 53 ਸ਼ਹੀਦ ਹੋਏ ਹਿੰਦੂ-ਸਿੱਖਾਂ ਦਾ ਬਰਾਈਟਨ ਤੋਂ ਬਾਹਰ ਇਕ ਪਹਾੜੀ ਉਪਰ ਚਿਤਾ ਬਣਾ ਕੇ ਅੰਤਮ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜਾ ਵੀ ਹਿੰਦੂ ਜਾਂ ਸਿੱਖ ਜ਼ਖਮੀ ਸਿਪਾਹੀ ਸ਼ਹੀਦ ਹੁੰਦਾ ਉਸ ਦਾ ਇਸੇ ਜਗਾਹ ‘ਤੇ ਲਿਆ ਕੇ ਸਸਕਾਰ ਕੀਤਾ ਜਾਂਦਾ ਤੇ ਉਹਨਾਂ ਦੇ ਫੁੱਲ ਜਾਂ ਐਸ਼ਜ਼ ਇੰਗਲਿਸ਼ ਚੈਨਲ ਵਿੱਚ ਵਹਾ ਦਿੱਤੇ ਜਾਂਦੇ। ਇਸ ਚਿਤਾ ਨੂੰ ਗੋਰੇ ਘਾਟ ਵੀ ਕਹਿੰਦੇ ਸਨ। ਆਖਰੀ ਸਸਕਾਰ ਅਗਸਤ 1915 ਵਿੱਚ ਇਕ ਭਾਰਤੀ ਲੈਫਟੀਨੈਂਟ ਦਾ ਕੀਤਾ ਗਿਆ ਸੀ। ਉਸ ਵੇਲੇ ਦਾ ਬਰਾਈਟਨ ਸ਼ਹਿਰ ਦੇ ਮੇਅਰ, ਸਰ ਜੌਹਨ ਓਟਰ ਜੋ ਕਿ ਖੁਦ ਇਕ ਫੌਜੀ ਅਫਸਰ ਰਿਹਾ ਸੀ, ਨੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਰਕ ਬਣਾਉਣ ਦੀ ਸਕੀਮ ਬਣਾਈ ਜਿਸ ਨੂੰ ਬਰਾਈਟਨ ਛਤਰੀ ਕਿਹਾ ਗਿਆ। ਇਸ ਸਮਾਰਕ ਨੂੰ ਡਿਜ਼ਾਈਨ ਇਕ ਭਾਰਤੀ ਵਿਦਿਆਰਥੀ ਈ.ਸੀ. ਹੈਨਰੀਕਿਊਜ਼ ਨੇ ਕੀਤਾ ਸੀ। ਸੰਨ 1918 ਵਿੱਚ ਇਸ ਨੂੰ ਬਣਾਉਣ ਦਾ ਠੇਕਾ ਮਾਨਚੈਸਟਰ ਦੀ ਇਕ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਨੂੰ ਬਣਾਉਣ ਲਈ ਸੰਗਮਰਮਰ ਇਟਲੀ ਦੇ ਸ਼ਹਿਰ ਸਿਸਲੀ ਤੋਂ ਮੰਗਵਾਈ ਗਈ ਜਿਥੋਂ ਦੀ ਸੰਗਮਰਮਰ ਬਹੁਤ ਮਸ਼ਹੂਰ ਹੈ। ਮਹਾਂਯੁੱਧ ਦੇ ਚਲਦਿਆਂ ਸੰਗਮਰਮਰ ਦੇ ਆਉਣ ਵਿੱਚ ਸਾਲ ਭਰ ਲੱਗ ਗਿਆ ਜਿਸ ਕਾਰਨ ਇਸ ਨੂੰ ਬਣਾਉਣ ਦਾ ਕੰਮ ਅਗਸਤ 1920 ਵਿੱਚ ਸ਼ੁਰੂ ਹੋ ਸਕਿਆ ਤੇ ਸਾਲ ਦੇ ਅਖੀਰ ਤੱਕ ਚਲਦਾ ਰਿਹਾ। ਪਹਿਲੀ ਫਰਬਰੀ ਸੰਨ 1921 ਐਡਵਰਡ, ਪਰਿੰਸ ਔਫ ਵੇਲਜ਼ ਨੇ ਇਸ ਜਗਾਹ ਦਾ ਉਦਘਾਟਨ ਕੀਤਾ। ਇਸ ਸਮਾਰਕ ਨੂੰ ਦੋ ਏਕੜ ਜਗਾਹ ਮੁਹੱਈਆ ਕੀਤੀ ਗਈ ਤੇ ਇਸ ਦੀ ਦੇਖ-ਭਾਲ ਦਾ ਕੰਮ ਬਰਾਈਟਨ ਕੌਂਸਲ ਜਾਂ ਉਸ ਵੇਲੇ ਦੀ ਕਾਰਪੋਰੇਸ਼ਨ ਦੀ ਸੀ। ਇਸ ਨੂੰ ਬਣਾਉਣ ਲਈ ਸ਼ੁਰੂ ਦਾ ਬੱਜਟ 1117 ਪੌਂਡ ਸੀ ਜੋ ਅੱਜ ਦੇ ਪੰਜਤਾਲੀ ਹਜ਼ਾਰ ਪੌਂਡ ਬਣਦੇ ਹਨ ਪਰ ਇਸ ਦੇ ਬਣਦੇ ਬਣਦੇ ਇਸ ਉਪਰ ਕੁਲ ਖਰਚ 4964 ਪੌਂਡ ਹੋ ਗਿਆ ਜੋ ਅੱਜ ਦੇ ਦੋ ਲੱਖ ਪੌਂਡ ਤੋਂ ਵੀ ਉਪਰ ਬਣਦੇ ਹਨ। ਇਹ ਸਮਾਰਕ ਜਾਂ ਗੁੰਬਦ ਉਣੱਤੀ ਫੁੱਟ ਉਚਾ ਹੈ ਤੇ ਨੌਂ ਫੁੱਟ ਇਸ ਦਾ ਦਾਇਰਾ ਹੈ। ਅੱਠ ਪੀਲ-ਪਾਵਇਆਂ ਉਪਰ ਇਹ ਗੁੰਬਦ ਖੜਾ ਹੈ।

ਬਰਾਈਟਨ ਛਤਰੀ ਕੁਦਰਤ ਦੀ ਗੋਦ ਵਿੱਚ ਬਹੁਤ ਹੀ ਰਮਣੀਕ ਜਗਾਹ ‘ਤੇ ਬਣੀ ਹੋਈ ਹੈ। ਜੇ ਤੁਸੀਂ ਜਾਣਾ ਹੋਵੇ ਤਾਂ ਲੰਡਨ ਤੋਂ ਏ23 ‘ਤੇ ਜਾਂਦਿਆਂ, ਬਰਾਈਟਨ ਸ਼ਹਿਰ ਵਿੱਚ ਵੜਨ ਤੋਂ ਪਹਿਲਾਂ ਏ27 ਵਾਲੇ ਚੌਂਕ ਤੋਂ ਖੱਬੇ ਮੁੜੋਂ ਤਾਂ ਜਲਦੀ ਹੀ ਦੋ ਵਿੰਡਮਿਲ ਦਿਸਣਗੇ ਜਿਹਨਾਂ ਨੂੰ ਸਥਾਨਕ ਲੋਕ ‘ਜੈਕ ਐਂਡ ਜਿੱਲ’ ਕਹਿੰਦੇ ਹਨ। ਉਸ ਪਾਸੇ ਮੁੜਦਿਆਂ ਇਕ ਕਾਰ ਪਾਰਕ ਆਉਂਦਾ ਹੈ ਜੋ ਕਿ ਬਰਾਈਟਨ ਛਤਰੀ ਦੇਖਣ ਜਾਣ ਵਾਲਿਆਂ ਲਈ ਹੀ ਹੈ। ਇਥੋਂ ਤੁਹਾਨੂੰ ਦੋ ਕਿਲੋਮੀਟਰ ਤੋਂ ਕੁਝ ਵੱਧ ਤੁਰ ਕੇ ਜਾਣਾ ਹੋਵੇਗਾ। ਇਥੋਂ ਬਰਾਟੀਨ ਛਤਰੀ ਨੂੰ ਪਬਲਿਕ ਫੁੱਟਪਾਥ ਜਾਂਦਾ ਹੈ ਜਿਸ ਨੂੰ ਅਸੀਂ ਆਪਣੀ ਬੋਲੀ ਵਿੱਚ ਪੈਹਾ ਵੀ ਕਹਿ ਸਕਦੇ ਹਾਂ। ਇੰਗਲੈਂਡ ਦੇ ਪਿੰਡਾਂ ਵਾਲਾ ਪੂਰਾ ਖੂਬਸੂਰਤ ਮਹੌਲ ਹੈ। ਭੇਡਾਂ, ਘੋੜੇ, ਗਾਈਆਂ ਚਰਦੇ ਦਿਸਣਗੇ। ਕਈ ਥਾਂ ਅਜਿਹੇ ਗੇਟ ਮਿਲਣਗੇ ਜਿਹੋ ਜਿਹੇ ਖੇਤਾਂ ਜਾਂ ਫਾਰਮਾਂ ਨੂੰ ਲੱਗੇ ਹੀ ਹੁੰਦੇ ਹਨ। ਮੌਸਮ ਦੇ ਹਿਸਾਬ ਨਾਲ ਆਲੇ-ਦੁਆਲੇ ਫਸਲਾਂ ਵੀ ਖੜੀਆਂ ਹੁੰਦੀਆਂ ਹਨ। ਇਹ ਪੈਹਾ ਆਮ ਲੋਕਾਂ ਲਈ ਤੁਰਨ-ਗਾਹ ਵੀ ਹੈ ਇਸ ਲਈ ਗਰਮੀਆਂ ਵਿੱਚ ਬਹੁਤ ਸਾਰੇ ਲੋਕ ਕਾਹਲੀ-ਕਾਹਲੀ ਤੁਰਦੇ ਵੀ ਮਿਲ ਸਕਦੇ ਹਨ। ਜਿੰਨਾ ਇਸ ਜਗਾਹ ਨੂੰ ਦੇਖਣ ਲਈ ਉਤਸੁਕਤ ਹੋਵੋਂਗੇ ਓਨਾ ਹੀ ਤੁਹਾਨੂੰ ਪੈਦਲ ਤੁਰਨ ਦਾ ਅਨੰਦ ਵੀ ਆਵੇਗਾ। ਰਾਹ ਵਿੱਚ ਛੋਟੇ-ਛੋਟੇ ਖੂਬਸੂਰਤ ਅਜਿਹੇ ਨਵੀਂ ਕਿਸਮ ਦੇ ਫੁੱਲ ਦਿਸਦੇ ਹਨ ਜੋ ਕਿਤੇ ਹੋਰ ਨਹੀਂ ਮਿਲਦੇ। ਤੁਸੀਂ ਯੂਟਿਊਬ ਉਪਰ ਵੀ ਬਰਾਈਟਨ ਛਤਰੀ ਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਦੀ ਵਧੀਆ ਵੀਡੀਓ-ਗ੍ਰਾਫੀ ਦੇਖ ਸਕਦੇ ਹੋ। ਬਰਾਈਟਨ ਛਤਰੀ ਹੈ ਤਾਂ ਛੋਟੀ ਜਿਹੀ ਥਾਂ ਪਰ ਬਹੁਤ ਖੂਬਸੂਰਤ ਹੈ। ਇਹ ਜਗਾਹ ਸਮੁੰਦਰੀ ਤਲ ਤੋਂ ਪੰਜ ਸੌ ਫੁੱਟ ਉਚੀ ਹੈ। ਉਪਰ ਖੜ ਕੇ ਚੌਗਿਰਦੇ ਦਾ ਮਨ-ਮੋਹਿਕ ਨਜ਼ਾਰਾ ਦਿਖਾਈ ਦਿੰਦਾ ਹੈ। ਅੱਜ ਤੋਂ ਸੌ ਸਾਲ ਪਹਿਲਾਂ ਤਾਂ ਇਹ ਜਗਾਹ ਹੋਰ ਵੀ ਰਮਣੀਕ ਹੋਵੇਗੀ। ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਵਿੱਚ ਇਥੇ ਇਸ ਜਗਾਹ ਬਾਰੇ ਜਾਣਕਾਰੀ ਲਿਖੀ ਹੋਈ ਹੈ। ਹੁਣ ਸਿੱਖ ਧਰਮ ਦਾ ਖੰਡਾ ਵੀ ਲੱਗਾ ਹੋਇਆ ਹੈ।

ਉਸ ਵੇਲੇ ਇਸ ਜਗਾਹ ਦੀ ਦੇਖਭਾਲ ਲਈ ਇਕ ਖਾਸ ਕੇਅਰ-ਟੇਕਰ ਲਗਾ ਦਿੱਤਾ ਗਿਆ ਸੀ ਜੋ 1930 ਤੱਕ ਇਸ ਦੀ ਸੰਭਾਲ ਚੰਗੀ ਤਰ੍ਹਾਂ ਕਰਦਾ ਰਿਹਾ ਪਰ ਫਿਰ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸਮਾਰਕ ਦੀ ਹਾਲਤ ਖਸਤਾ ਹੋਣ ਲੱਗੀ ਕਿਉਂਕਿ ਬਰਾਟੀਟਨ ਕਾਰਪੋਰੇਸ਼ਨ ਵਲੋਂ ਨਵਾਂ ਕੇਅਰ-ਟੇਕਰ ਨਿਯੁਕਤ ਕਰਨ ਵਿੱਚ ਕੁਝ ਢਿੱਲ ਹੋ ਗਈ ਤੇ ਇਥੇ ਬਣਾਈ ਹੋਈ ਇਕ ਕੌਟੇਜ ਢਹਿ ਗਈ। ਜਦ ਤੱਕ ਕਾਰਪੋਰੇਸ਼ਨ ਕੁਝ ਕਰਦੀ, ਦੂਜੇ ਮਹਾਂ-ਯੁੱਧ ਦਾ ਬਿਗਲ ਵੱਜ ਗਿਆ। ਇਹ ਸਾਰਾ ਇਲਾਕਾ ਫੌਜ ਨੇ ਆਪਣੇ ਅਧਿਕਾਰ ਹੇਠ ਲੈ ਲਿਆ। ਇਥੇ ਫੌਜੀ ਟਰੇਨਿੰਗ ਦਿੱਤੀ ਜਾਣ ਲੱਗੀ। ਹੈਰਾਨੀ ਦੀ ਗੱਲ ਇਹ ਹੈ ਕਿ ਫੌਜੀ ਟਰੇਨਿੰਗ ਵਿੱਚ ਗੋਲੀਆਂ ਚਲਾਉਣ ਲਈ ਇਸ ਸਮਾਰਕ ਨੂੰ ਨਿਸ਼ਾਨੇ ਵਜੋਂ ਵਰਤਿਆ ਜਾਣ ਲੱਗ ਪਿਆ। ਇਹ ਸਾਰਾ ਸਮਾਰਕ ਗੋਲੀਆਂ ਦੇ ਨਿਸ਼ਾਨਾਂ ਨਾਲ ਭਰ ਗਿਆ। ਤੁਸੀਂ ਦੇਖੋਂਗੇ ਕਿ ਹਾਲੇ ਵੀ ਇਸ ਦੀਆਂ ਪੌੜੀਆਂ ਉਪਰ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਯੁੱਧ ਤੋਂ ਬਾਅਦ ‘ਵਾਰ ਔਫਿਸ’ ਨੇ ਇਸ ਸਮਰਾਕ ਦੀ ਮੁਰੰਮਤ ਕਰਵਾਈ। ਸੰਨ 1951 ਤੋਂ ਫੌਜੀਆਂ ਦੀ ਸੰਸਥਾ ‘ਰੁਆਏਲ ਬਿ੍ਰਟਿਸ਼ ਲੀਯਨ’ ਇਥੇ ਹਰ ਸਾਲ ਫੇਰਾ ਪਾਉਂਦੀ ਰਹੀ ਤੇ ਇਸ ਦੀ ਸੰਭਾਲ ਵੀ ਕਰਦੀ ਰਹੀ। ਸੰਨ 2000 ਵਿੱਚ ਸਿੱਖ ਜਥੇਬੰਦੀਆਂ ਨੇ ਇਥੇ ਜਾਣਾ ਸ਼ੁਰੂ ਕਰ ਦਿੱਤਾ। ਸਿੱਖ ਇਥੇ ਜਾਂਦੇ ਹਨ, ਅਰਦਾਸਾਂ ਕਰਦੇ ਹਨ, ਆਪਣੇ ਸਿਪਾਹੀਆਂ ਨੂੰ ਚੇਤੇ ਕਰਦੇ ਹਨ। ਸਿੱਖ ਤੇ ਹੋਰ ਭਾਰਤੀਆਂ ਦੇ ਨਾਲ ਨਾਲ ਬਹੁਤ ਸਾਰੇ ਗੋਰੇ ਵੀ ਹਰ ਸਾਲ ਇਥੇ ਜਾਂਦੇ ਹਨ। ਆਮ ਲੋਕਾਂ ਦੇ ਨਾਲ ਨਾਲ ਪੁਲੀਸ ਤੇ ਫੌਜ ਨਾਲ ਜੁੜੇ ਬਹੁਤ ਸਾਰੇ ਲੋਕ ਵੀ ਇਥੇ ਜਾਂਦੇ ਹਨ। ਸਾਲ ਵਿੱਚ ਕਦੇ ਵੀ ਤੁਸੀਂ ਇਥੇ ਜਾਵੋਂ ਤਾਂ ਕੁਝ ਲੋਕ ਇਥੇ ਮਿਲ ਹੀ ਜਾਣਗੇ, ਖਾਸ ਕਰਕੇ ਗਰਮੀਆਂ ਵਿੱਚ।

ਇਸ ਸਮਾਰਕ ਦੀ ਮਹੱਤਤਾ, ਬਰਾਈਟਨ ਸ਼ਹਿਰ ਵਿੱਚ ਭਾਰਤੀ ਫੌਜੀਆਂ ਲਈ ਹਸਪਤਾਲ ਬਣਨ ਦੀ ਖਾਸੀਅਤ, ਇਹ ਸਭ ਆਪਣੀ ਜਗਾਹ ਹਨ ਪਰ ਮੇਰੇ ਲਈ ਪਹਿਲੇ ਮਹਾਂ-ਯੁੱਧ ਦੇ ਜ਼ਖਮੀ ਫੌਜੀਆਂ ਦਾ ਬਰਾਈਟਨ ਵਿੱਚ ਆਉਣਾ ਉਸ ਵੇਲੇ ਹੋਰ ਵੀ ਖਾਸ ਬਣ ਜਾਂਦਾ ਹੈ ਜਦ ਰਾਜਕੁਮਾਰੀ ਸੋਫੀਆ ਜੋ ਕਿ ਮਹਾਂਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਬੇਟੀ, ਇਹਨਾਂ ਫੌਜੀਆਂ ਦੇ ਸੇਵਾ ਕਰਨ ਜਾਂਦੀ ਹੈ। ਜੀ ਹਾਂ, ਰਾਜਕੁਮਾਰੀ ਸੋਫੀਆ ਨਰਸ ਬਣ ਕੇ ਇਹਨਾਂ ਭਾਰਤੀ ਫੌਜੀਆਂ ਦੀ ਸੇਵਾ ਕਰਦੀ ਰਹੀ ਹੈ। ਮੈਂ ਜਦ ਵੀ ਬਰਾਈਟਨ ਜਾਂਦਾ ਹਾਂ ਤਾਂ ‘ਦਾ ਰੁਆਇਲ ਪੈਵਿਲੀਅਨ’ ਵਿੱਚ ਜਾਣਾ ਨਹੀਂ ਭੁੱਲਦਾ ਕਿਉਂਕਿ ਇਸ ਵਿਸ਼ਾਲ ਇਮਾਰਤ ਨੂੰ ਭਾਰਤੀ ਜ਼ਖਮੀ ਫੌਜੀਆਂ ਲਈ ਹਸਪਤਾਲ ਬਣਾਇਆ ਗਿਆ ਸੀ ਤੇ ਰਾਜਕੁਮਾਰੀ ਸੋਫੀਆ ਨਰਸ ਬਣ ਕੇ ਉਹਨਾਂ ਦੀ ਸੇਵਾ ਕਰਨ ਲਈ ਇਥੇ ਆਇਆ ਕਰਦੀ ਸੀ। ਇਥੇ ਅਕਸਰ ਮੈਂ ਉਸ ਮੰਜ਼ਰ ਨੂੰ ਮਨ ਹੀ ਮਨ ਚਿਤਵਦਿਆਂ ਰੁਮਾਂਚਿਤ ਹੋ ਜਾਂਦਾ ਹਾਂ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਪੋਤੀ, ਮਹਾਂਰਾਜਾ ਦਲੀਪ ਸਿੰਘ ਦੀ ਧੀ ਨਰਸ ਬਣੀ ਪੰਜਾਬੀ ਜ਼ਖਮੀ ਫੌਜੀਆਂ ਦੀ ਸੇਵਾ ਕਰ ਰਹੀ ਹੈ। ਸੋਚਦਾ ਹਾਂ ਉਹ ਫੌਜੀ ਆਪਣੇ ਆਪ ਨੂੰ ਕਿੰਨਾ ਧੰਨ ਸਮਝਦੇ ਹੋਣਗੇ। ਆਪਣੇ ਘਰ ਤੋਂ ਏਨੀ ਦੂਰ, ਉਹਨਾਂ ਦੇ ਆਪਣੇ ਮਹਾਂਰਾਜੇ ਦੀ ਪੋਤੀ ਉਹਨਾਂ ਦੀ ਤੀਮਾਰਦਾਰੀ ਕਰ ਰਹੀ ਹੋਵੇ, ਇਸ ਤੋਂ ਵੱਡੀ ਤਸੱਲੀ ਕਿਹੜੀ ਹੋ ਸਕਦੀ ਹੈ!

ਹਾਂ, ਜੇ ਤੁਹਾਨੂੰ ਬਰਾਈਟਨ ਛਤਰੀ ਦੇ ਪੂਰੇ ਇਤਿਹਾਸ ਦਾ ਪਤਾ ਹੋਵੇ ਤਾਂ ਇਸ ਉਪਰ ਲੱਗੇ ਗੋਲੀਆਂ ਦੇ ਨਿਸ਼ਾਨ ਜੋ ਹਾਲੇ ਵੀ ਮੌਜੂਦ ਹਨ, ਤੁਹਾਨੂੰ ਤਕਲੀਫ ਦੇ ਸਕਦੇ ਹਨ। ਉਥੇ ਨੇੜੇ ਹੀ ਕੁਝ ਕੰਕਰੀਟ ਦਾ ਮਲਬਾ ਵੀ ਪਿਆ ਹੈ, ਹੁਣ ਇਹ ਨਹੀਂ ਪਤਾ ਕਿ ਇਹ ਮਲਬਾ ਜੋ ਸੌ ਸਾਲ ਪਹਿਲਾਂ ਬਣਾਈ ਕੌਟੇਜ ਜੋ ਢਹਿ ਗਈ ਸੀ, ਉਸ ਦਾ ਮਲਬਾ ਹੈ ਜਾਂ ਕੁਝ ਹੋਰ।

コメント


bottom of page