top of page
  • Writer's pictureਸ਼ਬਦ

ਲੰਡਨ ਵਿੱਚ ਆਇਆ ਘਰ /

ਹਰਜੀਤ ਅਟਵਾਲ

‘‘ਆਇਆ’ ਸ਼ਬਦ ਅੰਗਰੇਜ਼ ਰਾਜ ਵਿੱਚ ਬਹੁਤ ਨਸ਼ਰ ਹੋਇਆ। ਇਹ ਇਕ ਬਹੁਤ ਪੁਰਾਣੀ ਟਰਮ ਹੈ। ‘ਆਇਆ’ ਸ਼ਬਦ ਦਾ ਮਤਲਬ ਮਾਂ ਦੀ ਮਾਂ ਭਾਵ ਨਾਨੀ ਹੁੰਦਾ ਹੈ। ਨਾਨੀ ਆਪਣੀ ਦੋਹਤੇ-ਦੋਹਤੀਆਂ ਨੂੰ ਬਹੁਤ ਚੰਗੀ ਤਰਾਂ੍ਹ ਸੰਭਾਲਦੀ ਹੈ। ਜਾਪਦਾ ਹੈ ਕਿ ਅੰਗਰੇਜ਼ੀ ਦਾ ਸ਼ਬਦ ‘ਨੈਨੀ’ ਨਾਨੀ ਤੋਂ ਹੀ ਲਿਆ ਗਿਆ ਹੈ। ਇਵੇਂ ਆਇਆ ਤੇ ਨੈਨੀ ਸ਼ਬਦ ਰਲਗੱਡ ਹੋ ਗਏ ਲੱਗਦੇ ਹਨ। ਇਸੇ ਕਰਕੇ ਹੀ ਆਇਆ ਦੇ ਅਰਥਾਂ ਵਿੱਚ ਬੱਚਿਆਂ ਨੂੰ ਸੰਭਾਲਣ ਵਾਲੀ ਔਰਤ ਆ ਗਈ। ਅੰਗਰੇਜ਼ਾਂ ਵੇਲੇ ਇਸ ਦੇ ਅਰਥਾਂ ਵਿੱਚ ਨੌਕਰਾਣੀ ਵੀ ਆ ਗਈ। ਅਜਿਹੀ ਨੌਕਰਾਣੀ ਜੋ ਬੱਚਿਆਂ ਨੂੰ ਵੀ ਸੰਭਾਲਦੀ ਹੈ ਤੇ ਘਰ ਨੂੰ ਵੀ।

ਇੰਗਲੈਂਡ ਵਿੱਚ ਅੱਜ ਵੀ ਤੇ ਪੁਰਾਣੇ ਜ਼ਮਾਨੇ ਵਿੱਚ ਵੀ ਨੌਕਰ ਰੱਖਣਾ ਬਹੁਤ ਮਹਿੰਗਾ ਪੈਂਦਾ ਸੀ। ਸਾਰੇ ਲੋਕ ਆਪਣੇ ਕੰਮ ਸਦਾ ਆਪਣੇ ਹੱਥੀਂ ਹੀ ਕਰਦੇ ਆਏ ਹਨ। ਅਠਾਰਵੀਂ ਉਨੀਵੀਂ ਸਦੀ ਵਿੱਚ ਇੰਗਲੈਂਡ ਵਿੱਚ ਘਰੇਲੂ ਨੌਕਰ ਰੱਖਣਾ ਭਾਰਤ ਨਾਲੋਂ ਅੱਠ ਗੁਣਾਂ ਮਹਿੰਗਾ ਹੁੰਦਾ ਸੀ, ਅੱਜ ਤਾਂ ਇਹ ਅਨੁਪਾਤ ਇਸ ਤੋਂ ਵੀ ਵੱਡੀ ਹੈ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਤਾਂ ਉਸ ਨੇ ਭਾਰਤੀ ਲੋਕਾਂ ਨੂੰ ਵੱਖ ਵੱਖ ਸ਼ੋਬਿਆਂ ਵਿੱਚ ਭਰਤੀ ਕਰਨਾ ਸ਼ੁਰੂ ਕਰ ਲਿਆ ਸੀ। ਇਹ ਸਾਰੇ ਹੀ ਅੰਗਰੇਜ਼, ਸਕੌਟਿਸ਼ ਜਾਂ ਆਇਰਸ਼ ਕਾਮਿਆਂ ਤੋਂ ਸਸਤੇ ਪੈਂਦੇ ਸਨ ਤੇ ਸਥਾਨਕ ਜੀਵਨ ਨੂੰ ਵੀ ਬਿਹਤਰ ਸਮਝਦੇ ਸਨ। ਇਵੇਂ ਹੀ ਅੰਗਰੇਜ਼ਾਂ ਨੇ ਘਰੇਲੂ ਨੌਕਰ ਵੀ ਰੱਖਣੇ ਸ਼ੁਰੂ ਕਰ ਲਏ। ਘਰੇਲੂ ਨੌਕਰ ਰੱਖਣਾ ਤਾਂ ਅੰਗਰੇਜ਼ਾਂ ਦੇ ਸ਼ੌਂਕ ਵਿੱਚ ਸ਼ਾਮਲ ਸੀ। ਘਰੇਲੂ ਨੌਕਰ ਰੱਖਣਾ ਉਹਨਾਂ ਦੇ ਰੁਤਬੇ ਦੀ ਨਿਸ਼ਾਨੀ ਵੀ ਹੁੰਦਾ ਸੀ। ਅਜਿਹੇ ਸ਼ੌਂਕ ਵਾਲਾ ਵਿਲੀਅਮ ਹਿੱਕੀ ਨਾਮੀ ਇਕ ਵਕੀਲ ਸੀ ਜਿਸ ਦੇ ੬੩ ਨੌਕਰ ਸਨ ਇਹਨਾਂ ਵਿੱਚ ਨੈਨੀ ਜਾਂ ਆਇਆ ਵੀ ਸ਼ਾਮਲ ਸਨ। ਪਹਿਲਾਂ ਅੰਗਰੇਜ਼ ਦੱਖਣੀ ਭਾਰਤ ਵਿੱਚ ਆਏ ਸਨ ਤੇ ਉਸ ਇਲਾਕੇ ਵਿੱਚੋਂ ਹੀ ਲੋਕ ਭਰਤੀ ਕੀਤੇ ਗਏ ਸਨ। ਇਸ ਤਰਾਂ੍ਹ ਮਦਰਾਸੀ ਆਇਆ ਦਾ ਜੱਸ ਬਹੁਤਾ ਹੁੰਦਾ ਸੀ। ਅੰਗਰੇਜ਼ ਲੋਕ ਮਦਰਾਸੀ ਆਇਆ ਨੂੰ ਬਹੁਤ ਚਾਹ ਕੇ ਘਰ ਵਿੱਚ ਰੱਖਿਆ ਕਰਦੇ ਸਨ। ਉਹਨਾਂ ਨੂੰ ਇੰਗਲੈਂਡ ਵਾਪਸ ਜਾਂਦੇ ਹੋਏ ਆਪਣੇ ਨਾਲ ਵੀ ਲੈ ਜਾਂਦੇ ਸਨ। ਜਿਸ ਵਕੀਲ ਵਿਲੀਅਮ ਹਿੱਕੀ ਦੀ ਗੱਲ ਮੈਂ ਪਹਿਲਾਂ ਕੀਤੀ ਹੈ ਉਹ ਆਪਣੇ ਨਾਲ ਕਈ ਨੌਕਰਾਂ ਨੂੰ ਵਾਪਸ ਇੰਗਲੈਂਡ ਲੈ ਗਿਆ ਸੀ। ਮੁਨੂ ਨਾਂ ਦੀ ਨੌਕਰਾਣੀ ਦਾ ਨਾਂ ਸੰਨ ੧੮੦੮ ਦੇ ਰਿਕਾਰਡ, ਇਲਾਕਾ ਬੇਕਨਫੀਲਡਜ਼ ਵਿੱਚ ਹਾਲੇ ਵੀ ਬੋਲਦਾ ਹੈ। ਮਸ਼ਹੂਰ ਅੰਗਰੇਜ਼ ਅਫਸਰ ਵਾਰਨ ਹੇਸਟਿੰਗ ਤੇ ਉਸ ਦੀ ਪਤਨੀ ਭਾਰਤ ਤੋਂ ਚਾਰ ਨੌਕਰਾਣੀਆਂ ਲੈ ਕੇ ਗਏ ਸਨ, ਉਹਨਾਂ ਵਿੱਚ ਦੋ ਆਇਆਵਾਂ ਸਨ। ਚਾਰਲਸ ਡਿਕਨਜ਼ ਅੰਗਰੇਜ਼ੀ ਦਾ ਉਨੀਵੀਂ ਸਦੀ ਦਾ ਪ੍ਰਸਿੱਧ ਨਾਵਲਕਾਰ ਹੋਇਆ ਹੈ। ਉਸ ਨੇ ੧੮੫੦ ਵਿੱਚ ਇਕ ਬਹੁਤ ਖਾਸ ਨਾਵਲ ਲਿਖਿਆ ਜਿਸ ਦਾ ਨਾਂ ਸੀ- ਡੇਵਿਡ ਕੌਪਰਫੀਲਡ, ਜਿਸ ਵਿੱਚ ਉਹ ਇੰਡੀਆ ਤੋਂ ਲਿਆਂਦੀ ਆਇਆ ਦਾ ਜ਼ਿਕਰ ਕਰਦਾ ਹੈ। ਇਵੇਂ ਇੰਗਲੈਂਡ ਵਿੱਚ ਸਮੇਂ ਸਮੇਂ ਭਾਰਤੀ ਆਇਆਵਾਂ ਹੋਣ ਦੀਆਂ ਗਵਾਹੀਆਂ ਮਿਲਦੀਆਂ ਹਨ। ਸੇਂਟ ਮੈਰੀਲੀਬੋਨ ਦੇ ਇਲਾਕੇ ਦੇ ਰਿਕਾਰਡ ਵਿੱਚ ੧੫-੦੪-੧੭੮੭ ਵਾਲੇ ਦਿਨ ਮੈਰੀ ਐਨ ਫਲੋਰਾ ਦੀ ਹਾਜ਼ਰੀ ਲੱਗੀ ਮਿਲਦੀ ਹੈ। ਵੂਲਿਚ ਦੇ ਰਿਕਾਰਡ ਵਿੱਚ ੧੭੬੯ ਵਿੱਚ ਇਕ ਫਲੋਰਾ ਨਾਂ ਦੀ ਹੀ ਔਰਤ ਦੇ ਦਫਨਾਏ ਜਾਣ ਦਾ ਰਿਕਾਰਡ ਵੀ ਉਪਲਬਧ ਹੈ। ਸੰਨ ੧੮੭੧ ਦੀ ਜਨ-ਗਿਣਨਾ ਵਿੱਚ ਸਾਊਥਾਲ ਵਿੱਚ ਕਲਕੱਤੇ ਦੀ ਜੰਮੀ ਬਰੀਨੂ ਨਾਂ ਦੀ ਆਇਆ ਜਿਸ ਦੀ ਉਮਰ ਉਣੰਜਾ ਸਾਲ ਸੀ, ਰਹਿੰਦੀ ਦਾ ਰਿਕਾਰਡ ਮਿਲਦਾ ਹੈ। ਚੈਟਲਹੈਮ ਦੇ ਇਲਾਕੇ ਵਿੱਚ ਕਰਨਲ ਰੋਲੈਂਡਸਨ ਦੀ ਆਇਆ ਰੂਥ ਨੇ ਕਰਿਸਚੀਅਨ ਧਰਮ ਅਪਣਾਇਆ ਸੀ, ਪਾਦਰੀ ਨੇ ਉਸ ਨੂੰ ਤਾਮਿਲ ਭਾਸ਼ਾ ਵਿੱਚ ਬੈਪਟਾਈਜ਼ ਕੀਤਾ ਸੀ। ਅਠਾਰਵੀਂ ਤੇ ਉਨੀਵੀਂ ਸਦੀ ਵਿੱਚ ਬਣੀਆਂ ਪੇਟਿੰਗਜ਼ ਵਿੱਚ ਵੀ ਇਹਨਾਂ ਆਇਆਵਾਂ ਦੀ ਭਰਪੂਰ ਹਾਜ਼ਰੀ ਲੱਗੀ ਮਿਲਦੀ ਹੈ। ਇਸ ਸਭ ਕਹਿਣ ਦਾ ਭਾਵ ਹੈ ਕਿ ਭਾਰਤੀ ਆਇਆਵਾਂ ਉਨੀਵੀਂ ਸਦੀ ਦੇ ਅੰਗਰੇਜ਼ੀ ਸਮਾਜ ਦਾ ਇਕ ਹਿੱਸਾ ਰਹੀਆਂ ਹਨ। ਹਾਂ, ਜਿਵੇਂ ਭਾਰਤ ਤੋਂ ਆਇਆਵਾਂ ਆਉਂਦੀਆਂ ਸਨ ਉਵੇਂ ਹੀ ਚੀਨ ਤੋਂ ਵੀ ਨੌਕਰਾਣੀਆਂ ਲਿਆਂਦੀਆਂ ਜਾਂਦੀਆਂ ਸਨ ਜਿਹਨਾਂ ਨੂੰ ਅੰਮਾਂ ਕਿਹਾ ਜਾਂਦਾ ਸੀ। ਇਹਨਾਂ ਅੰਮਾਵਾਂ ਦਾ ਹਸ਼ਰ ਵੀ ਭਾਰਤੀ ਆਇਆਵਾਂ ਵਾਲਾ ਹੀ ਹੁੰਦਾ ਸੀ।

ਇਹ ਭਾਰਤ ਵਿੱਚ ਨੌਕਰੀਆਂ ਕਰਦੇ ਅੰਗਰੇਜ਼ ਗਰਮੀਆਂ ਨੂੰ ਛੁੱਟੀਆਂ ਕੱਟਣ ਇੰਗਲੈਂਡ ਚਲੇ ਜਾਇਆ ਕਰਦੇ ਸਨ ਤੇ ਇਹ ਆਇਆਵਾਂ ਨੂੰ ਨਾਲ ਲੈ ਆਉਂਦੇ ਇਵੇਂ ਉਹਨਾਂ ਨੂੰ ਬੱਚਿਆਂ ਨੂੰ ਸੰਭਾਲਣ ਵਿੱਚ ਸੌਖ ਰਹਿੰਦੀ। ਪਹਿਲਾਂ ਵਾਪਸ ਇੰਗਲੈਂਡ ਆਉਣਾ ਸੌਖਾ ਨਹੀਂ ਸੀ ਹੁੰਦਾ। ਬਹੁਤ ਵਕਤ ਲੱਗਦਾ ਸੀ, ਮਹੀਨਿਆਂ ਦੇ ਮਹੀਨੇ। ਪਰ ਜਦ ਨਹਿਰ ਸਵੇਜ਼ ਖੁੱਲ੍ਹ ਗਈ ਤਾਂ ਦੋਨਾਂ ਮੁਲਕਾਂ ਵਿਚਕਾਰਲਾ ਸਫਰ ੪੩੦੦ ਮੀਲ ਘੱਟ ਗਿਆ। ਫਿਰ ਸਟੀਮ ਇੰਜਣ ਵੀ ਆ ਗਿਆ। ਹੁਣ ਭਾਰਤ ਤੋਂ ਇੰਗਲੈਂਡ ਦਾ ਸਫਰ ਸਿਰਫ ਦੋ ਹਫਤਿਆਂ ਦਾ ਰਹਿ ਗਿਆ ਸੀ ਸੋ ਭਾਰਤ ਤੋਂ ਇੰਗਲੈਂਡ ਜਾਣਾ-ਆਉਣਾ ਬਹੁਤ ਸੌਖਾ ਹੋ ਗਿਆ। ਇਕ ਅੰਦਾਜ਼ੇ ਮੁਤਾਬਕ ਹਰ ਸਾਲ ਡੇੜ ਸੌ ਤੱਕ ਆਇਆਵਾਂ ਏਧਰ-ਓਧਰ ਜਾਂਦੀਆਂ-ਆਉਂਦੀਆਂ ਸਨ। ਇਹਨਾਂ ਆਇਆਵਾਂ ਨੂੰ ਫਾਇਦਾ ਇਹ ਹੁੰਦਾ ਕਿ ਸਫਰ ਕਰਦੇ ਸਮੇਂ ਵੀ ਉਹਨਾਂ ਦੀ ਨੌਕਰੀ ਕਾਇਮ ਰਹਿੰਦੀ ਸੀ, ਕੁਝ ਉਹਨਾਂ ਨੂੰ ਬੱਚਿਆਂ ਜਾਂ ਪਰਿਵਾਰ ਨਾਲ ਲਗਾਓ ਵੀ ਹੋ ਜਾਂਦਾ ਸੀ ਜਿਸ ਕਾਰਨ ਘਰੋਂ ਏਨੀ ਦੂਰ ਜਾਣ ਲਈ ਜਾਂ ਏਨਾ ਲੰਮਾ ਸਫਰ ਕਰਨ ਲਈ ਤਿਆਰ ਹੋ ਜਾਂਦੀਆਂ। ਕਈਆਂ ਨੂੰ ਇੰਗਲੈਂਡ ਦੇਖਣ ਦਾ ਚਾਅ ਵੀ ਹੁੰਦਾ ਹੋਵੇਗਾ। ਕਈ ਸਹਿਬ ਲੋਕ ਰਿਟਾਇਰ ਹੋ ਕੇ ਵੀ ਇਹਨਾਂ ਆਇਆਵਾਂ ਨੂੰ ਨਾਲ ਲੈ ਆਉਂਦੇ।

ਜਿਹੜੇ ਅੰਗਰੇਜ਼ ਵਾਪਸ ਭਾਰਤ ਜਾਂਦੇ ਉਹ ਤਾਂ ਆਇਆਵਾਂ ਨੂੰ ਵਾਪਸ ਲੈ ਜਾਂਦੇ ਪਰ ਜਿਹੜੇ ਭਾਰਤ ਨਾ ਮੁੜਦੇ ਉਹਨਾਂ ਦੀਆਂ ਆਇਆਵਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜਦ ਕਿਸੇ ਅੰਗਰੇਜ਼ ਪਰਿਵਾਰ ਦੇ ਬੱਚੇ ਵੱਡੇ ਹੋ ਜਾਂਦੇ ਜਾਂ ਉਹਨਾਂ ਨੂੰ ਆਇਆਵਾਂ ਦੀ ਲੋੜ ਨਾ ਰਹਿੰਦੀ ਤਾਂ ਉਹ ਇਹਨਾਂ ਨੂੰ ਘਰੋਂ ਕੱਢ ਦਿੰਦੇ। ਇਹਨਾਂ ਦਾ ਆਪਣੇ ਮਾਲਕਾਂ ਨਾਲ ਕੋਈ ਇਕਰਾਰ-ਨਾਮਾ ਤਾਂ ਹੁੰਦਾ ਨਹੀਂ ਸੀ। ਇਹਨਾਂ ਕੋਲ ਵਾਪਸ ਭਾਰਤ ਜਾਣ ਜੋਗੇ ਪੈਸੇ ਤਾਂ ਹੁੰਦੇ ਨਹੀਂ ਸਨ। ਜਿਹੜੀ ਥੋੜੀ ਬਹੁਤ ਜਮਾਂ੍ਹ ਪੂੰਜੀ ਹੁੰਦੀ ਛੇਤੀ ਹੀ ਖਤਮ ਹੋ ਜਾਂਦੀ ਤੇ ਫਿਰ ਭੁੱਖੀਆਂ-ਥਿਆਈਆਂ ਇਹ ਔਰਤਾਂ ਲੰਡਨ ਤੇ ਹੋਰ ਸ਼ਹਿਰਾਂ ਦੀਆਂ ਗਲੀਆਂ ਵਿੱਚ ਮਾਰੀਆਂ-ਮਾਰੀਆਂ ਫਿਰਨ ਲਗਦੀਆਂ। ਇਹਨਾਂ ਵਿੱਚੋਂ ਕਈ ਸਥਾਨਕ ਅਖ਼ਬਾਰਾਂ ਵਿੱਚ ਆਪਣੀਆਂ ਸੇਵਾਵਾਂ ਦੀ ਮਸ਼ਹੂਰੀ ਕਰਦੀਆਂ, ਕੁਝ ਇਕਨਾਂ ਨੂੰ ਦੁਬਾਰਾ ਨੌਕਰੀ ਮਿਲ ਵੀ ਜਾਂਦੀ ਪਰ ਬਹੁਤੀਆਂ ਵਿਹਲੀਆਂ ਹੀ ਰਹਿੰਦੀਆਂ। ਫਿਰ ਢਿੱਡ ਭਰਨ ਲਈ ਇਹ ਔਰਤਾਂ ਮੰਗਣ ਲਈ ਮਜਬੂਰ ਹੋ ਜਾਂਦੀਆਂ। ਇਹਨਾਂ ਕੋਲ ਰਹਿਣ ਲਈ ਵੀ ਕੋਈ ਜਗਾਹ ਨਹੀਂ ਸੀ ਹੁੰਦੀ। ਉਪਰੋਂ ਇੰਗਲੈਂਡ ਬਰਫਬਾਰੀ ਵਾਲਾ ਮੁਲਕ। ਇਹ ਮੋੜਾਂ ‘ਤੇ ਖੜ ਕੇ ਮੰਗਦੀਆਂ ਤੇ ਪਿਛਲੀਆਂ ਗਲ਼ੀਆਂ ਵਿੱਚ ਰਾਤਾਂ ਕੱਟਦੀਆਂ। ਇਕ ਸਮੇਂ ਲੰਡਨ ਦੇ ਈਸਟ-ਐੰਡ ਦੀ ਇਕ ਗਲ਼ੀ ਰੈਡਕਲਿੱਫ ਹਾਈਵੇਅ ਦੇ ਇਕ ਵਿਰਾਨ ਘਰ ਵਿੱਚ ੫੦-੬੦ ਆਇਆਵਾਂ ਕਿਸੇ ਨਾ ਕਿਸੇ ਤਰਾਂ੍ਹ ਦਿਨ-ਕਟੀ ਕਰ ਰਹੀਆਂ ਸਨ। ਉਹਨਾਂ ਦਿਨਾਂ ਵਿੱਚ ਹੀ ਬਹੁਤ ਸਾਰੇ ਬਹੁਤ ਸਾਰੇ ਜਹਾਜ਼ੀ ਵੀ ਇਸੇ ਤਰਾਂ੍ਹ ਵਿਹਲੇ ਹੋ ਕੇ ਮਾਰੇ ਮਾਰੇ ਫਿਰਦੇ ਸਨ ਪਰ ਔਰਤਾਂ ਤੇ ਮਰਦਾਂ ਦੀ ਵਿਚਾਰਗੀ ਵਿੱਚ ਕੁੱਝ ਫਰਕ ਹੁੰਦਾ ਹੈ।

ਹੌਲੀ ਹੌਲੀ ਇਹਨਾਂ ਦੀ ਮੰਦਹਾਲੀ ਅੰਗਰੇਜ਼ ਲੋਕਾਂ ਦਾ ਧਿਆਨ ਖਿੱਚਣ ਲੱਗੀ। ਸੰਨ ੧੮੫੫ ਵਿੱਚ ਇਹਨਾਂ ਬੇਘਰੀਆਂ ਔਰਤਾਂ ਅਣ-ਮਨੁਖੀ ਸਥਿਤੀ ਬਾਰੇ ਇਕ ਰਿਪੋਰਟ ਛਪੀ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ। ਫਿਰ ਇਹ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਨ ਰਹੀਆਂ ਸਨ। ਇਵੇਂ ਕੁਝ ਚੈਰਟੀਆਂ ਇਹਨਾਂ ਦੀ ਮੱਦਦ ਲਈ ਸਾਹਮਣੇ ਆਉਣ ਲੱਗੀਆਂ। ਕੁਝ ਜਥਬੰਦੀਆਂ ਨੇ ਇਹਨਾਂ ਆਇਆਵਾਂ ਦੀ ਸਹਾਇਤਾ ਲਈ ਇਹਨਾਂ ਦੇ ਪਹਿਲੇ ਮਾਲਕਾਂ ਨਾਲ ਸਪੰਰਕ ਵੀ ਕੀਤੇ ਪਰ ਕੋਈ ਫਰਕ ਨਾ ਪਿਆ। ਸਗੋਂ ਇਹਨਾਂ ਦੀ ਗਿਣਤੀ ਦਿਨੋ ਦਿਨ ਵਧਦੀ ਹੀ ਜਾਂਦੀ ਸੀ। ਹੌਲੀ ਹੌਲੀ ਇਹਨਾਂ ਬਾਰੇ ਵਿਸ਼ੇਸ਼ ਆਇਆ-ਘਰ ਬਣਾ ਦੇਣ ਦੀ ਗੱਲ ਚੱਲੀ ਜਿਥੇ ਇਹ ਕੁਝ ਦੇਰ ਤੱਕ ਰਹਿ ਸਕਣ। ਜਦ ਤੀਕ ਇਹਨਾਂ ਦਾ ਵਾਪਸ ਜਾਣ ਦਾ ਕੋਈ ਇੰਤਜ਼ਾਮ ਨਹੀਂ ਹੋ ਜਾਂਦਾ ਓਨੀ ਦੇਰ ਇਹ ਇਹਨਾਂ ਘਰਾਂ ਵਿੱਚ ਰਹਿ ਸਕਣ। ਕਿਹਾ ਜਾਂਦਾ ਹੈ ਕਿ ਪਹਿਲਾ ਆਇਆ ਘਰ ੧੮੨੫ ਵਿੱਚ ਬਣਾਇਆ ਗਿਆ ਸੀ ਪਰ ਸੰਨ ੧੮੯੧ ਵਿੱਚ ੬ ਜਿਉਰੀ ਸਟਰੀਟ, ਆਲਡਗੇਟ ਪੂਰਬੀ ਲੰਡਨ ਵਿੱਚ ਬਣੇ ਆਇਆ-ਘਰ ਦਾ ਪੂਰਾ ਰਿਕਾਰਡ ਮਿਲਦਾ ਹੈ। ਫਿਰ ‘ਲੰਡਨ ਸਿਟੀ ਮਿਸ਼ਨ’ ਵਾਲਿਆਂ ਨੇ ਆਪਣੇ ਅਧਿਕਾਰ ਹੇਠ ਲੈ ਲਿਆ। ਸੰਨ ੧੯੦੦ ਨੂੰ ਆਇਆ-ਘਰ ੨੬ ਐਡਵਰਡ ਰੋਡ, ਮੇਅਰ ਸਟਰੀਟ ‘ਤੇ ਲੈ ਜਾਇਆ ਗਿਆ। ਇਹ ਆਇਆ-ਘਰ ਛੋਟਾ ਪੈ ਰਿਹਾ ਸੀ। ੧੯੨੧ ਵਿੱਚ ਆਇਆ-ਘਰ ਨੂੰ ਨਵੀਂ ਜਗਾਹ ਲੈ ਜਾਇਆ ਗਿਆ ਜੋ ਕਿ ੪ ਕਿੰਗ ਐਡਵਰਡ ਰੋਡ ‘ਤੇ ਸਥਿਤ ਸੀ। ਇਸ ਦੇ ਤੀਹ ਕਮਰੇ ਸਨ। ਇਥੇ ੧੦੦ ਦੇ ਕਰੀਬ ਆਇਆਵਾਂ ਰਹਿੰਦੀਆਂ ਸਨ। ਕੋਈ ਇਥੇ ਕੁਝ ਦਿਨ ਹੀ ਰਹਿੰਦੀ, ਕੋਈ ਕੁਝ ਹਫਤੇ ਤੇ ਕੋਈ ਕੁਝ ਮਹੀਨੇ ਵੀ। ਜਦ ਤੱਕ ਉਹਨਾਂ ਦਾ ਕੋਈ ਹੋਰ ਇੰਤਜ਼ਾਮ ਨਾ ਹੋ ਜਾਂਦਾ ਤਾਂ ਉਹਨਾਂ ਨੂੰ ਆਸਰਾ ਮਿਲ ਜਾਂਦਾ। ਆਇਆ-ਘਰ ਵਲੋਂ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਵੀ ਕਰ ਦਿੱਤਾ ਜਾਂਦਾ ਸੀ। ਬਹੁਤ ਸਾਰੇ ਲੋੜਕਾਰ ਇਹਨਾਂ ਦੁਬਾਰਾ ਕੰਮ ਵੀ ਦੇ ਦਿੰਦੇ ਸਨ। ਜੇ ਕੋਈ ਜਵਾਨ ਜੋੜਾ ਭਾਰਤ ਜਾ ਰਿਹਾ ਹੁੰਦਾ, ਜਿਹਨਾਂ ਦੇ ਬੱਚੇ ਛੋਟੇ ਹੁੰਦੇ ਉਹ ਆਇਆ-ਘਰ ਨਾਲ ਰਾਬਤਾ ਕਾਇਮ ਕਰਕੇ ਕਿਸੇ ਆਇਆ ਨੂੰ ਭਾਰਤ ਲੈ ਜਾਇਆ ਕਰਦੇ। ਆਇਆ-ਘਰ ਵਿੱਚ ਰਹਿੰਦੀਆਂ ਇਹ ਔਰਤਾਂ ਵਿਹਲੀਆਂ ਨਹੀਂ ਸੀ ਰਹਿੰਦੀਆਂ। ਇਹ ਸਿਲਾਈ-ਕਢਾਈ ਦਾ ਕੰਮ ਕਰਦੀਆਂ ਰਹਿੰਦੀਆਂ ਤੇ ਕੁਝ ਚੈਰਟੀ ਦੇ ਕੰਮ ਵੀ ਕਰਦੀਆਂ ਸਨ।

ਕੁਝ ਅਖ਼ਬਾਰਾਂ ਵਾਲੇ ਕਿਸੇ ਨਾ ਕਿਸੇ ਆਇਆ ਨੂੰ ਲੱਭ ਕੇ ਉਸ ਦੀ ਕਹਾਣੀ ਵੀ ਛਾਪ ਦਿੰਦੇ ਜਿਸ ਨਾਲ ਆਮ ਲੋਕਾਂ ਨੂੰ ਇਹਨਾਂ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ। ਕੁਝ ਸਮੇਂ ਬਾਅਦ ਇਹਨਾਂ ਦੀ ਦੇਖ-ਭਾਲ ਕਰਦੀਆਂ ਜਥੇਬੰਦੀਆਂ ਇਸ ਗੱਲ ਵਿੱਚ ਕਾਮਯਾਬ ਹੋ ਗਈਆਂ ਕਿ ਜਿਹੜੇ ਲੋਕ ਇਹਨਾਂ ਨੂੰ ਭਾਰਤ ਤੋਂ ਲੈ ਕੇ ਆਉਂਦੇ ਹਨ ਉਹ ਹੀ ਇਹਨਾਂ ਦੇ ਵਾਪਸ ਜਾਣ ਦੇ ਕਿਰਾਏ ਦਾ ਇੰਤਜ਼ਾਮ ਵੀ ਕਰਨ। ਆਇਆ-ਘਰਾਂ ਦੀ ਦੇਖ-ਭਾਲ ਕਰਨ ਵਾਲੇ ਲੋਕ ਨਾਮਣਾ ਖੱਟਣ ਖਾਤਰ ਆਪਣੇ ਕੰਮ ਦਾ ਪ੍ਰਚਾਰ ਬਹੁਤਾ ਕਰਦੇ ਸਨ। ਇਸ ਕਰਕੇ ਆਇਆ-ਘਰ ਦੀ ਚਰਚਾ ਆਮ ਹੁੰਦੀ ਰਹਿੰਦੀ ਸੀ। ਇਹ ਆਇਆ-ਘਰ ਲੋਕਾਂ ਲਈ ਇਕ ਕਿਸਮ ਨਾਲ ਲੈਂਡ-ਮਾਰਕ ਬਣ ਗਿਆ ਸੀ। ਲੋਕ ਦੂਰੋਂ-ਦੂਰੋਂ ਇਸ ਨੂੰ ਦੇਖਣ ਆਉਂਦੇ। ਇਸ ਲਈ ਫੰਡ ਬਗੈਰਾ ਵੀ ਦੇ ਜਾਂਦੇ। ਇਥੇ ਫੋਟੋ ਖਿੱਚਦੇ, ਪੇਟਿੰਗਜ਼ ਆਦਿ ਵੀ ਬਣਾਉਂਦੇ, ਅਖ਼ਬਾਰਾਂ ਵਿੱਚ ਆਰਟੀਕਲ ਛਪਵਾਉਂਦੇ। ਫਰਾਂਸਿਸ ਹੌਜਸਨ ਬਰਨੈੱਟ ਨੇ ‘ਦਾ ਸੀਕਰਟ ਗਾਰਡਨ’ ਵਿੱਚ ਇਹਨਾਂ ਆਇਆਵਾਂ ਬਾਰੇ ਲੇਖ ਵਿੱਚ ਲਿਖਿਆ ਸੀ ਕਿ ਇਹਨਾਂ ਦੇ ਸੁਭਾਅ ਬੱਚਿਆਂ ਵਰਗੇ ਹਨ, ਕੁਝ ਖਾਸ ਮੌਕਿਆਂ ਉਪਰ ਗਾਏ ਜਾਣ ਵਾਲੇ ਗੀਤ ਵੀ ਤਿਆਰ ਕਰਦੀਆਂ ਹਨ।

ਬਹੁਤੀਆਂ ਆਇਆਵਾਂ ਵਾਪਸ ਭਾਰਤ ਮੁੜ ਜਾਂਦੀਆਂ ਸਨ ਪਰ ਥੋੜੀ ਜਿਹੀ ਗਿਣਤੀ ਵਿੱਚ ਕੁਝ ਅਜਿਹੀਆਂ ਵੀ ਸਨ ਜੋ ਇਸ ਮੁਲਕ ਵਿੱਚ ਸੈਟਲ ਹੋ ਗਈਆਂ ਸਨ। ਇਹਨਾਂ ਨੂੰ ਉਨੀਵੀਂ ਸਦੀ ਦੇ ਅਖੀਰ ਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਯੂਕੇ ਵਿੱਚ ਸੈਟਲ ਹੋਣ ਵਾਲੀਆਂ ਪਹਿਲੀਆਂ ਪਰਵਾਸੀ ਜਾਂ ਮਾਈਗਰੈਂਟ ਕਿਹਾ ਜਾ ਸਕਦਾ ਹੈ।

Comments


bottom of page