ਪੈਡਲਰ: ਘਰ ਘਰ ਜਾਕੇ ਸੌਦਾ ਵੇਚਣ ਵਾਲਾ /
ਹਰਜੀਤ ਅਟਵਾਲ /
ਪੈਡਲਰ ਇਕ ਟਰਮ ਹੈ ਜਿਸਦਾ ਭਾਵ ਹੈ, ਘਰ-ਘਰ ਪੈਦਲ ਜਾਕੇ ਸਮਾਨ ਵੇਚਣ ਵਾਲਾ। ਯੂਕੇ ਵਿੱਚ ਇਹ ਟਰਮ ਸਤਰਵੇਂ ਦਹਾਕੇ ਤੱਕ ਕਾਫੀ ਪਰਚੱਲਤ ਰਹੀ ਹੈ। ਦੂਰ ਦੂਰ ਦੇ ਪਿੰਡਾਂ ਵਿੱਚ ਸ਼ਾਇਦ ਹਾਲੇ ਵੀ ਪੈਡਲਰ ਹੋਣਗੇ। ਬਹੁਤ ਸਾਰੇ ਭਾਰਤੀ ਲੋਕ ਵੀ ਪੈਡਲਰ ਹੁੰਦੇ ਸਨ। ਉਹ ਘਰ ਘਰ ਜਾ ਕੇ ਕਪੜੇ ਵੇਚਦੇ ਸਨ। ਇਹ ਫੈਕਟਰੀਆਂ ਵਿੱਚ ਕੰਮ ਕਰਨ ਨਾਲੋਂ ਜ਼ਿਆਦਾ ਪੈਸੇ ਕਮਾ ਲੈਂਦੇ ਸਨ। ਯੂਕੇ ਵਿੱਚ ਇਸ ਲਈ ਕਈ ਨਾਂ ਵਰਤੇ ਜਾਂਦੇ ਹਨ ਜਿਵੇਂਕਿ ਚੀਪ-ਜੈਕ, ਪੈਕ-ਮੈਨ, ਚੈਪ-ਮੈਨ, ਹਾਕਰ, ਹਾਈਗਲ ਆਦਿ। ਇਹਨਾਂ ਨੂੰ ਸੋਲਿਸਟਰ ਵੀ ਕਹਿੰਦੇ ਹਨ ਕਿਉਂਕਿ ਇਹ ਆਪਣਾ ਸਮਾਨ ਵੇਚਣ ਲਈ ਲੋਕਾਂ ਨੂੰ ਸੁਲਿਸਟ ਕਰਦੇ ਹਨ ਜਾਂ ਕਹਿ ਲਓਕਿ ਸਲਾਹ ਦੇ ਕੇ ਮਨਵਾਉਂਦੇ ਹਨ। ਇੰਗਲੈਂਡ ਵਿੱਚ ਇਸ ਟਰਮ ਨੂੰ ਕਈ ਵਾਰ ਜਿਪਸੀਆਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ ਜੋ ਹੋਕਾ ਦੇਕੇ ਸਮਾਨ ਵੇਚਦੇ ਹਨ। ਜਿਪਸੀਆਂ ਦਾ ਸਾਡੇ ਪੰਜਾਬ ਵਿੱਚ ਇਕ ਰੂਪ ਹੈ ਵਣਜਾਰੇ। ਸਾਡੇ ਲੋਕ ਗੀਤਾਂ ਵਿੱਚ ਵਣਜਾਰੇ ਨੂੰ ਚੂੜੀਆਂ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਇਹ ਲੋਕ ਸਾਰੇ ਕਿਸਮ ਦਾ ਵਣਜ ਕਰਦੇ ਹਨ ਇਸੇ ਲਈ ਵਣਜਾਰੇ ਅਖਵਾਉਂਦੇ ਹਨ।
ਪੈਡਲਰ ਸ਼ਬਦ ਸੰਨ 1225 ਤੋਂ ਵਰਤ ਹੁੰਦਾ ਮਿਲਦਾ ਹੈ। ਇਹ ਫਰਿੰਚ ਬੋਲੀ ਤੋਂ ਆਇਆ ਸਮਝਿਆ ਜਾਂਦਾ ਹੈ, ਜਿਵੇਂਕਿ ਪੀਅਦ-ਪੈਸ ਜਾਂ ਪੈਦੀਸ ਸ਼ਬਦ ਜਿਹਨਾਂ ਦਾ ਮਤਲਬ ਪੈਰ ਵੀ ਹੁੰਦਾ ਹੈ, ਤੇ ਇਹ ਸ਼ਬਦ ਪੈਰਾਂ ਉਤੇ ਤੁਰਦਿਆਂ ਛੋਟੇ ਵਿਓਪਾਰ ਕਰਨ ਲਈ ਵਰਤਿਆ ਜਾਂਦਾ ਹੈ। ਯੌਰਪ ਵਿੱਚ ਡੱਡੇ ਨੂੰ ਦੱਦਾ ਬੋਲਿਆ ਜਾਂਦਾ ਹੈ। ਸੋ ਉਸ ਪਾਸੇ ਪੈਡਲਰ ਨੂੰ ਪੈਦਲਰ ਬੋਲਦੇ ਹਨ ਤੇ ਪੈਦਲਰ ਸ਼ਬਦ ਸਾਡੇ ਵੀ ਬਹੁਤ ਨੇੜੇ ਹੋ ਜਾਂਦਾ ਹੈ, ਭਾਵ ਪੈਦਲ ਜਾਕੇ ਸੌਦਾ ਵੇਚਣ ਵਾਲਾ। ਦੇਖਣ ਵਿੱਚ ਆਉਂਦਾ ਹੈ ਕਿ ਦੁਨੀਆ ਦੇ ਸਾਰੇ ਹੀ ਮੁਲਕਾਂ ਵਿੱਚ ਪੈਡਰਲ ਕਿਸੇ ਨਾ ਕਿਸੇ ਰੂਪ ਵਿੱਚ ਮੁੱਢ ਕਦੀਮ ਤੋਂ ਹੀ ਰਹੇ ਹਨ। ਇਹ ਆਮ ਮਾਰਕਿਟ ਜਾਂ ਵੱਡੀਆਂ ਦੁਕਾਨਾਂ ਦੇ ਖੱਪਿਆਂ ਨੂੰ ਭਰਦੇ ਹਨ। ਜਿਹੜੇ ਲੋਕ ਮਾਰਕਿਟ ਵਿੱਚ ਸੌਦਾ ਖਰੀਦਣ ਨਹੀਂ ਜਾ ਸਕਦੇ, ਉਹਨਾਂ ਦੇ ਇਹ ਕੰਮ ਆਉਂਦੇ ਹਨ। ਇਹ ਦੂਰ-ਦੂਰ ਦੇ ਪਿੰਡਾਂ ਜਾਂ ਇਕਾਂਤ ਜਿਹੇ ਵਿੱਚ ਵਸਦੇ ਲੋਕਾਂ ਤੀਕ ਵੀ ਪੁੱਜ ਜਾਂਦੇ ਹਨ। ਇੰਗਲਿਸ਼-ਲਾਅ ਵਿੱਚ ਪੈਡਲਰ ਨੂੰ ਇਵੇਂ ਪ੍ਰੀਭਾਸ਼ਿਤ ਕੀਤਾ ਗਿਆ ਹੈ ਕਿ ਕੋਈ ਵੀ ਹਾਕਰ, ਪੈਡਲਰ, ਪੈਟੀ ਚੈਪਮੈਨ, ਟਿੰਕਰ ਜੋ ਬਿਨਾਂ ਘੋੜੇ ਜਾਂ ਹੋਰ ਜਾਨਵਰ ਦੀ ਵਰਤੋਂ, ਪੈਰਾਂ ਉਪਰ ਚੱਲ ਕੇ ਸ਼ਹਿਰ-ਸ਼ਹਿਰ, ਦੂਜੇ ਲੋਕਾਂ ਦੇ ਘਰ ਜਾਕੇ ਸਮਾਨ ਵੇਚਦਾ ਹੈ। ਇਸ ਬਾਰੇ 1871 ਵਿੱਚ ਪੈਡਲਰ ਐਕਟ ਬਣਾਇਆ ਗਿਆ ਜਿਸ ਮੁਤਾਬਕ ਹਰ ਪੈਡਲਰ ਨੂੰ ਸਥਾਨਕ ਚੀਫ ਕੰਸਟੇਬਲ ਤੋਂ ਇਕ ਸਰਟੀਫਿਕੇਟ ਲੈਣਾ ਪੈਂਦਾ ਹੈ। ਇਵੇਂ ਹੀ ਅਮਰੀਕਾ ਵਿੱਚ ਵੀ ਪੈਡਲਰਾਂ ਬਾਰੇ ਕਾਨੂੰਨ ਬਣੇ ਹੋਏ ਹਨ, ਭਾਵੇਂ ਇਹ ਉਥੇ ਹਰ ਸਟੇਟ ਦੇ ਕਾਨੂੰਨ ਕੁਝ ਵੱਖਰੇ ਹੋ ਸਕਦੇ ਹਨ। ਹੋਰਨਾਂ ਮੁਲਕਾਂ ਵਿੱਚ ਵੀ ਜ਼ਰੂਰ ਕਾਨੂੰਨ ਹੋਵੇਗਾ ਹੀ। ਹਰ ਖਿੱਤੇ ਵਿੱਚ ਪੈਡਲਰਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਚੇਤੇ ਕੀਤਾ ਜਾਂਦਾ ਹੈ।
ਮਾਰਕਿਟਿੰਗ ਇਤਿਹਾਸਕਾਰ ਐਰਿਕ ਸ਼ਾਅ ਲਿਖਦਾ ਹੈਕਿ ਸ਼ਾਇਦ ਰਿਟੇਲ ਪਰੈਕਟਿਸ ਮੁੱਢ ਕਦੀਮ ਤੋਂ ਹੀ ਚਲਦੀ ਆ ਰਹੀ ਹੈ ਜੋ ਅੱਜ ਵੀ ਮੁੱਢਲੇ ਰੂਪ ਵਿੱਚ ਹੀ ਜਿਉਂਦੀ ਹੈ। ਰਾਜੀਨਤਕ ਫਿਲਾਸਫਰ ਜੌਹਨ ਮਿਲ ਲਿਖਦਾ ਹੈ ਕਿ ਦੁਕਾਨਾਂ ਦੀ ਰਵਾਇਤ ਤੋਂ ਪਹਿਲਾਂ ਹੱਥੋ-ਹੱਥ ਸਮਾਨ ਵੇਚਣ ਦੀ ਪ੍ਰਥਾ ਕਾਇਮ ਰਹੀ ਹੈ। ਆਮ ਲੋਕ ਮੇਲਿਆਂ ਜਾਂ ਮੰਡੀਆਂ ਵਿੱਚ ਨਹੀਂ ਜਾ ਸਕਦੇ, ਜਾਂ ਉਹ ਸਾਲ ਬਾਅਦ ਲਗਦੇ ਹਨ ਤੇ ਪੈਡਲਰ ਮਹੀਨੇ ਵਿੱਚ ਇਕ ਗੇੜਾ ਮਾਰ ਦਿੰਦੇ ਹਨ। ਪੈਡਲਰ ਘਰ-ਘਰ ਵੀ ਜਾ ਸਕਦੇ ਹਨ ਜਾਂ ਮੁਹੱਲੇ ਵਿੱਚ ਜਾਕੇ ਖੁੱਲ੍ਹੇ ਅਸਮਾਨ ਹੇਠਾਂ ਵੀ ਸਮਾਨ ਲੈ ਕੇ ਬਹਿ ਜਾਂਦੇ ਹਨ। ਗਰੀਕੋ-ਰੋਮਨ ਸਮੇਂ ਖੁੱਲ੍ਹੇ ਆਮ ਸ਼ਹਿਰਾਂ ਵਿੱਚ ਮੰਡੀਆਂ ਲਗਦੀਆਂ ਸਨ ਜਦ ਕਿ ਪਿੰਡਾਂ ਵਿੱਚ ਪੈਡਲਰ ਹੀ ਜਾਂਦੇ ਸਨ। ਬਾਈਬਲ ਵਿੱਚ ਪੈਡਲਰ ਟਰਮ ਵਰਤੀ ਜਾਂਦੀ ਹੈ ਪਰ ਉਹ ਰੱਬ ਦੇ ਨਾਂ ਨੂੰ ਤੁਰਕੇ ਘਰ-ਘਰ ਫੈਲਾਉਣ ਨਾਲ ਜੁੜਦੀ ਹੈ। ਪੁਰਾਣੀ ਇਸਾਈ-ਮੱਤ ਨਾਲ ਜੁੜੀ ਇਕ ਕਿਤਾਬ ਵਿੱਚ ਇਕ ਕਹਾਵਤ ਵਰਤੀ ਜਾਂਦੀ ਹੈਕਿ ਅਸੀਂ ਬਹੁਤੇ ਨਹੀਂ ਹਾਂ, ਇਸ ਲਈ ਪੈਡਲਰ ਬਣ ਕੇ ਰੱਬ ਦਾ ਨਾਂ ਦੂਰ ਤੀਕ ਲੈਕੇ ਜਾਓ। ਗਰੀਕ ਬੋਲੀ ਵਿੱਚ ਪੈਡਲਿੰਗ ਦੇ ਅਰਥ ਕੀਤੇ ਗਏ ਹਨ ਕਿ ਛੋਟੀ ਪੱਧਰ ਦਾ ਵਿਓਪਾਰੀ ਜੋ ਵਿਚਕਾਰ ਰਹਿ ਕੇ ਮੁਨਾਫਾ ਕਮਾਉਂਦਾ ਹੈ। ਇਕ ਹੋਰ ਬਹੁਤ ਅਹਿਮ ਕਹਾਵਤ ਹੈ ਜੋ ਹਰ ਖੇਤਰ ਵਿੱਚ ਵਰਤੀ ਜਾ ਸਕਦੀ ਹੈ ਕਿ ਵੱਡਾ ਵਿਓਪਾਰੀ ਕਿਸੇ ਗੁਨਾਹ ਦੀ ਜ਼ੱਦ ਵਿੱਚ ਫਸਦਾ ਨਹੀਂ ਤੇ ਪੈਡਲਰ ਨੂੰ ਕਦੇ ਵੀ ਗੁਨਾਹ ਤੋਂ ਮੁਕਤ ਨਹੀਂ ਕੀਤਾ ਜਾਂਦਾ। ਭਾਵ ਇਲਜ਼ਾਮ ਮੁਹਰਲੇ ਬੰਦੇ ਉਪਰ ਹੀ ਆਉਂਦਾ ਹੈ। ਇਹਨੂੰ ਸਾਦੀ ਬੋਲੀ ਵਿੱਚ ਕਹੀਏ ਕਿ ਵੱਡਾ ਲੀਡਰ ਕਦੇ ਫਸਦਾ ਨਹੀਂ ਤੇ ਉਸ ਦੇ ਪਿਆਦੇ ਜੇ ਕਦੇ ਫਸ ਜਾਣ ਤਾਂ ਬਖਸ਼ੇ ਨਹੀਂ ਜਾਂਦੇ।
ਕਈ ਥਾਵਾਂ ‘ਤੇ ਜਿਪਸੀ ਵੀ ਪੈਡਲਰ ਦਾ ਕੰਮ ਕਰਦੇ ਹਨ ਪਰ ਲੋਕ ਉਹਨਾਂ ਉਪਰ ਬਹਤਾ ਯਕੀਨ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਦੇਰ ਬਾਅਦ ਵਾਪਸ ਮੁੜਨਾ ਹੁੰਦਾ। ਇਹ ਜਿਪਸੀ ਮੇਲਿਆਂ ਵਿੱਚ ਭਵਿੱਖ ਦੱਸਣ ਦਾ, ਜਾਂ ਕਰਤੱਵ ਦਿਖਾਉਣ ਦਾ ਜਾਂ ਭੂਤਾਂ-ਪਰੇਤਾਂ ਦਾ ਕੰਮ ਵੀ ਕਰਨ ਲਗਦੇ ਹਨ। ਅਮਰੀਕਾ ਵਿੱਚ ਪੈਡਲਿੰਗ ਦਾ ਕੰਮ ਉਨੀਵੀਂ ਸਦੀ ਵਿੱਚ ਉਹ ਲੋਕ ਕਰਦੇ ਸਨ ਜਿਹੜੇ ਉਥੇ ਜਾਕੇ ਸੈਟਲ ਹੋਣ ਦੇ ਯਤਨਾਂ ਵਿੱਚ ਸਨ ਜਿਵੇਂ ਕਿ ਇਟਾਲੀਅਨ, ਗਰੀਕ, ਯਹੂਦੀ ਆਦਿ। ਇੰਗਲਿਸ਼ ਲਾਅ ਮੁਤਾਬਕ ਪੈਡਲਰ ਘੋੜੇ ਜਾਂ ਕਿਸੇ ਹੋਰ ਜਾਨਵਰ ਨੂੰ ਨਹੀਂ ਵਰਤਦੇ ਪਰ ਇਤਿਹਾਸ ਵਿੱਚ ਇਹਨਾਂ ਵਲੋਂ ਸਮਾਨ ਚੁੱਕਣ ਲਈ ਵੱਖ-ਵੱਖ ਵਰਤੇ ਗਏ ਸਾਧਨ ਮਿਲਦੇ ਹਨ ਜਿਹਨਾਂ ਵਿੱਚ ਗੱਡੇ, ਟਾਂਗੇ, ਹੱਥ ਰੇੜੀਆਂ ਆਦਿ। ਅਬਰਾਮ ਗੁਡਮੈਨ ਜਿਸ ਨੇ 1840 ਵਿੱਚ ਅਮਰੀਕਾ ਜਾਕੇ ਪੈਡਲਿੰਗ ਕੀਤੀ ਉਹ ਇਕ ਥਾਂ ਲਿਖਦਾ ਹੈਕਿ ਬਹੁਤੀ ਬਰਫ ਪੈ ਜਾਣ ਕਾਰਨ ਉਸਨੇ ਕਈ ਵਾਰ ਘੋੜਾ-ਬੱਘੀ ਵੀ ਵਰਤੀ, ਕਈ ਜਗਾਵਾਂ ‘ਤੇ ਜਾਣ ਲਈ ਕਿਸ਼ਤੀ ਵੀ ਵਰਤੀ। ਬਰਮਾ, ਥਾਈਲੈਂਡ ਵਿੱਚ ਕਿਸ਼ਤੀਆਂ ਵਿੱਚ ਸਬਜ਼ੀਆਂ, ਫਰੂਟ, ਮੀਟ, ਮੱਛੀ ਵਿਕਦੇ ਆਮ ਮਿਲ ਜਾਂਦੇ ਹਨ। ਸ਼੍ਰਿੀਨਗਰ ਦੀ ਡੱਲ ਝੀਲ ਵਿੱਚ ਵੀ ਲੋਕ ਕਿਸ਼ਤੀਆਂ 'ਤੇ ਚੀਜ਼ਾਂ ਵੇਚਣ ਆਉਂਦੇ ਹਨ। ਇਸ ਗੱਲ ਦੇ ਸਬੂਤ ਵੀ ਮਿਲਦੇ ਹਨ ਕਿ ਜਿਵੇਂ ਜਿਵੇਂ ਮਾਰਕਿਟਾਂ ਵਧਣ-ਫੁੱਲਣ ਲਗਦੀਆਂ ਹਨ ਤਾਂ ਇਹ ਪੈਡਲਰ ਆਪਣੀ ਵਿਕਰੀ ਦਾ ਸਮਾਨ ਬਦਲ ਲੈਂਦੇ ਹਨ। ਇਹ ਦਵਾਈਆਂ ਜਾਂ ਦਵਾਈਆਂ ਨਾਲ ਸੰਬੰਧਤ ਚੀਜ਼ਾਂ ਵੀ ਵੇਚਦੇ ਮਿਲਦੇ ਹਨ। ਲੋਕ ਅਜਿਹੀਆਂ ਚੀਜ਼ਾਂ ਦੀ ਵੱਧ ਕੀਮਤ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਕਈ ਪੈਡਲਰ ਸਰਾਵਾਂ, ਪੱਬਾਂ ਜਾਂ ਹੋਟਲਾਂ ਵਿੱਚ ਵੀ ਸਮਾਨ ਵੇਚਣ ਜਾਂਦੇ ਹਨ, ਉਥੇ ਜਾਕੇ ਇਹ ਆਪਣੇ ਆਪ ਨੂੰ ਕਿਸੇ ਕੰਪਨੀ ਦੇ ਏਜੰਟ ਦੇ ਤੌਰ ‘ਤੇ ਵੀ ਪੇਸ਼ ਕਰ ਸਕਦੇ ਹਨ। ਅੱਜ ਵੀ ਯੂਕੇ ਦੇ ਪੱਬਾਂ ਵਿੱਚ ਪੈਡਲਰ ਫਿਲਮਾਂ, ਪ੍ਰਫਿਊਮ ਵਰਗੀਆਂ ਚੀਜ਼ਾਂ ਵੇਚਦੇ ਮਿਲ ਜਾਂਦੇ ਹਨ। ਸੋਲਵੀਂ ਸਦੀ ਵਿੱਚ ਇਕ ਕੁਮਿੰਟੇਟਰ ਲਿਖਦਾ ਹੈ ਕਿ ਇਹ ਪੈਡਲਰ ਮੇਲੇ ਤੋਂ ਮੇਲਾ, ਮਾਰਕਿਟ ਤੋਂ ਮਾਰਕਿਟ ਆਪਣਾ ਸਮਾਨ ਵੇਚਦੇ ਹਨ, ਇਹ ਕਿਤੇ ਘੋੜੇ, ਕਿਤੇ ਪੈਦਲ, ਕਿਤੇ ਛਾਬੜੀਆਂ ਲਾਕੇ ਵਿਓਪਾਰ ਕਰਦੇ ਹਨ। ਇਹ ਛੁੱਟੀਆਂ ਵਾਲੀਆਂ ਜਗਾਵਾਂ ‘ਤੇ ਵੀ ਆਪਣਾ ਸਮਾਨ ਵੇਚਣ ਜਾਂਦੇ ਹਨ। ਇਹਨਾਂ ਸਭ ਤੋਂ ਵੱਧ ਧਿਆਨ ਖਿੱਚਣ ਵਾਲੇ ਪੈਡਲਰ ਕਿਤਾਬਾਂ ਦੀ ਪੈਡਲਿੰਗ ਕਰਨ ਵਾਲੇ ਹਨ।
ਅਠਾਰਵੀਂ ਸਦੀ ਵਿੱਚ ਜਦ ਸਤਅੱਤੀ ਯੁੱਗ ਦਾ ਆਰੰਭ ਹੁੰਦਾ ਹੈ ਤਾਂ ਪੈਡਲਰਾਂ ਦਾ ਰੋਲ ਟਰੈਵਲਿੰਗ ਸੇਲਜ਼ਮੈੱਨ ਵਾਲਾ ਹੋ ਜਾਂਦਾ ਹੈ। ਇੰਗਲੈਂਡ ਵਿੱਚ ਪੈਡਲਰ ‘ਮਾਨਚੈਸਟਰ ਮੈੱਨ’ ਦੇ ਤੌਰ ‘ਤੇ ਵੀ ਜਾਣੇ ਜਾਂਦੇ ਸਨ। ਕਪੜੇ ਦੀਆਂ ਫੈਕਟਰੀਆਂ ਵਾਲੇ ਪੈਡਲਰਾਂ ਨੂੰ ਦੁਕਾਨ ਤੋਂ ਦੁਕਾਨ, ਘਰ ਤੋਂ ਘਰ ਭੇਜਦੇ ਸਨ। ਹੌਲੀ ਹੌਲੀ ਇਹ ਮਾਲ ਜਮ੍ਹਾਂ ਕਰਕੇ ਹੋਲ-ਸੇਲਰ ਵੀ ਬਣ ਗਏ।
ਅਮਰੀਕਾ ਵਿੱਚ ਅਠਾਰਵੀਂ ਸਦੀ ਵਿੱਚ ਪੈਡਲਰਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਅਮਰੀਕਨ ਸਿਵਲ-ਵਾਰ ਤੋਂ ਪਹਿਲਾਂ ਪੈਡਲਰਾਂ ਦੀ ਗਿਣਤੀ ਚਰਮ-ਸੀਮਾ ‘ਤੇ ਸੀ। ਉਨੀਵੀਂ ਸਦੀ ਵਿੱਚ ਇਹਨਾਂ ਦੀ ਗਿਣਤੀ ਘਟਣ ਲੱਗੀ। ਮਾਡਰਨ ਰਿਟੇਲ ਤੇ ਡਿਸਟਰੀਬਿਊਸ਼ਨ ਦੇ ਆਉਣ ਨਾਲ ਇਹ ਸੇਲਜ਼ਮੈਨ ਵਿੱਚ ਬਦਲਣ ਲੱਗੇ। ਇਸੇ ਸਮੇਂ ਹੀ ‘ਮੇਲ ਆਰਡਰ ਕੈਟਾਲੌਗ’ ਹੋਂਦ ਵਿੱਚ ਆਈ। ਮੌਂਟਗੁਰਮਰੀ ਵਾਰਡ 1872 ਵਿੱਚ ਸ਼ੁਰੂ ਹੁੰਦੀ ਹੈ। ਇਸਨੇ ਲੋਕਾਂ ਨੂੰ ਖਰੀਦੋ-ਫਰੋਖ਼ਤ ਦਾ ਇਕ ਹੋਰ ਬਦਲ ਦੇ ਦਿੱਤਾ। ਗਾਹਕਾਂ ਨੂੰ ਸਮਾਨ ਦੀ ਲਿਸਟ ਦੇ ਦਿੱਤੀ ਜਾਂਦੀ, ਉਹ ਲੋੜ ਅਨੁਸਾਰ ਉਸਨੂੰ ਭਰ ਦਿੰਦੇ, ਅਗਲੀ ਫੇਰੀ ਵਿੱਚ ਲੈਕੇ ਪੁੱਜ ਜਾਂਦੇ। ਮਹਾਂਯੁਧਾਂ ਵਿੱਚ ਜਦ ਲੋਕੀਂ ਅੰਦਰ ਵੜੇ ਹੋਏ ਸਨ ਤਾਂ ਇਹ ਪੈਡਲਰ ਉਹਨਾਂ ਦੀ ਮੱਦਦ ਕਰਨ ਪੁੱਜ ਜਾਂਦੇ ਸਨ ਪਰ ਇਹਨਾਂ ਦੀ ਬਹਾਦਰੀ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਇਹਵੀ ਦੇਖਣ ਵਿੱਚ ਆਉਂਦਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਜਿਹੜੇ ਸਿਪਾਹੀ ਸਮਾਜ ਵਿੱਚ ਆਪਣੀ ਜਗਾਹ ਬਣਾਉਣ ਵਿੱਚ ਫੇਹਲ ਹੋ ਗਏ ਉਹਨਾਂ ਲਈ ਪੈਡਲਰ ਦੀ ਕਾਰ ਸਭ ਤੋਂ ਨੇੜੇ ਪੈਂਦੀ ਸੀ। ਇਸ ਵਿੱਚ ਆਮਦਨ ਵੀ ਵਾਹਵਾ ਹੁੰਦੀ।
ਸਮੇਂ-ਸਮੇਂ ਪੈਡਲਰਾਂ ਬਾਰੇ ਗੀਤ ਵੀ ਬਣੇ। ਇਹ ਲਤੀਫਿਆਂ ਦਾ ਭੰਡਾਰ ਵੀ ਬਣਦੇ ਰਹੇ ਹਨ। ਸ਼ਹਿਰੀ ਜੀਵਨ ਵਿੱਚ ਇਹਨਾਂ ਲਤੀਫਿਆਂ ਦਾ ਖੂਬ ਆਨੰਦ ਮਾਣਿਆਂ ਗਿਆ ਹੈ। ਯੌਰਪ ਵਿੱਚ ਪੈਡਲਰ ਬਦਨਾਮੀ ਦੀ ਜ਼ੱਦ ਵਿੱਚ ਵੀ ਆਉਂਦੇ ਰਹੇ ਹਨ। ਪੰਦਰਵੀਂ ਸਦੀ ਵਿੱਚ ਚਰਚ ਵਲੋਂ ਹਾਕਰਾਂ ਤੇ ਪੈਡਲਰਾਂ ਨੂੰ ਨਿਰਉਤਸ਼ਹਿਤ ਕੀਤਾ ਜਾਂਦਾ ਸੀ।
ਪੈਡਲਰ ਸਮਾਜ ਦਾ ਇਕ ਖਾਸ ਕਿਰਦਾਰ ਰਹੇ ਹਨ ਪਰ ਇਹਨਾਂ ਦੇ ਅੰਦਰੂਨੀ ਜੀਵਨ ਬਾਰੇ ਫਸਟਹੈਂਡ-ਅਨੁਭਵ ਵਿੱਚ ਬਹੁਤਾ ਕੁਝ ਪੜ੍ਹਨ ਲਈ ਨਹੀਂ ਮਿਲਦਾ। ਇਹ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਹੁੰਦੇ। ਇਹਨਾਂ ਦਾ ਲੈਣ-ਦੇਣ ਕੈਸ਼ ਹੀ ਹੁੰਦਾ ਸੀ, ਨਾ ਕੋਈ ਰਸੀਦ ਤੇ ਨਾ ਕੋਈ ਡੇ-ਬੁੱਕ। ਫਿਰ ਵੀ ਕੁਝ ਕੁ ਪੈਡਲਰਾਂ ਨੇ ਆਪਣੇ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਤੋਂ ਇਹਨਾਂ ਦੇ ਜੀਵਨ ਬਾਰੇ ਅੰਦਾਜ਼ੇ ਲਾਏ ਜਾ ਸਕਦੇ ਹਨ। ਐਪੀਏਮ ਲਿਜ਼ਿਟਜ਼ਕੀ (1886-1962) ਜੋ ਕਿ ਅਮਰੀਕਾ ਵਿੱਚ ਰੂਸੀ ਪਰਵਾਸੀ ਸੀ। ਅਮਰੀਕਾ ਪੁੱਜ ਕੇ ਕੁਝ ਦੇਰ ਉਸ ਨੇ ਪੈਡਲਿੰਗ ਕੀਤੀ। 1929 ਵਿੱਚ ਉਸ ਨੇ ਆਪਣੀ ਜੀਵਨੀ ਲਿਖੀ ਜਿਸਦਾ ਨਾਂ ਸੀ- ‘ਇਨ ਦਾ ਗਰਿੱਪ ਆਫ ਦਾ ਕਰੌਸ-ਕਰੰਟ’। ਉਹ ਆਪਣੇ ਗਾਹਕਾਂ ਨਾਲ ਹੋਏ ਸਾਹਮਣੇ ਬਾਰੇ ਲਿਖਦਾ ਹੈਕਿ ਕਈ ਵਾਰ ਤਾਂ ਉਹ ਤੁਹਾਡੇ ਮੂੰਹ ‘ਤੇ ਹੀ ਦਰਵਾਜ਼ਾ ਬੰਦ ਕਰ ਮਾਰਦੇ ਸਨ। ਇਵੇਂ ਹੀ ਅਬਰਾਮ ਗੁੱਡਮੈਨ ਦੀ ਡਾਇਰੀ ਅਮਰੀਕਨ ਜਿਊਜ਼ ਮਾਰਕਾਈਵ ਵਾਲਿਆਂ ਨੇ ਛਾਪੀ ਹੈ। ਜਦ ਉਸਨੂੰ ਕਲਰਕੀ ਨਾ ਮਿਲੀ ਤਾਂ ਉਹ ਪੈਡਲਿੰਗ ਕਰਨ ਲੱਗਾ। ਉਹ ਵੱਖ-ਵੱਖ ਚੀਜ਼ਾਂ ਦੀ ਡੱਗੀ ਪਿੱਠ ਪਿੱਛੇ ਲਾ ਕੇ ਪਿੰਡਾਂ ਵੱਲ ਨਿਕਲ ਪੈਂਦਾ ਸੀ। ਉਸਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਰਾਤ ਕਿਥੇ ਕੱਟਣੀ ਹੈ। ਆਮ ਕਰਕੇ ਉਹ ਕਿਸਾਨਾਂ ਦੇ ਘਰ ਹੀ ਰਹਿੰਦਾ ਸੀ। ਇਕ ਵਾਰ ਉਹ ਇਕ ਘਰ ਗਿਆ ਤਾਂ ਘਰ ਦੀ ਮਾਲਕਣ ਨੇ ਉਸਨੂੰ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਬਾਹਰ ਨਿਕਲਿਆ ਤਾਂ ਬਰਫਾਨੀ ਤੁਫਾਨ ਚੱਲ ਰਿਹਾ ਸੀ। ਉਹ ਵਾਪਸ ਉਸੇ ਘਰ ਚਲੇ ਗਿਆ ਤੇ ਅੱਧਾ ਘੰਟਾ ਲੱਗਾ ਉਸ ਔਰਤ ਨੂੰ ਸਮਝਾਉਣ ਵਿੱਚ ਕਿ ਉਹ ਖਤਰਨਾਕ ਆਦਮੀ ਨਹੀਂ। ਇਕ ਥਾਂ ਤੇ ਉਹ ਕੁਝ ਹੋਰ ਪੈਡਲਰਾਂ ਨਾਲ ਅੱਗ ਮੁਹਰੇ ਬਹਿਕੇ ਗੀਤ ਗਾਉਂਦਾ ਹੈ ਤੇ ਘਰ ਨੂੰ ਚੇਤੇ ਕਰਦਾ ਹੈ। ਇਵੇਂ ਕਿਤੇ ਝਗੜਾ ਹੁੰਦਾ ਹੈ ਤੇ ਕਿਤੇ ਲੁੱਟ-ਖੋਹ ਵੀ।
ਪੈਡਲਰ ਖਾਸ ਕਿਰਦਾਰ ਹੋਣ ਕਰਕੇ ਕਲਾਕਾਰਾਂ ਲਈ ਵੀ ਇਹ ਖਿੱਚ ਦਾ ਕਾਰਨ ਰਹੇ ਹਨ। ਇਹਨਾਂ ਦੀਆਂ ਅਣਗਿਣਤ ਤਸਵੀਰਾਂ ਮਿਲਦੀਆਂ ਹਨ। ਕਿਸੇ ਪੈਡਲਰ ਦੀ ਪਹਿਲੀ ਤਸਵੀਰ ਬਾਰਵੀਂ ਸਦੀ ਵਿੱਚ ਇਕ ਚੀਨੀ ਮੁਸੱਬਰ ਸੂ ਹਨਚੈਨ ਵਲੋਂ ਬਣਾਈ ਗਈ। ਲੀ ਸੌਂਗ ਨਾਂ ਦਾ ਇਹ ਪੈਡਲਰ ਉਸ ਦਾ ਸਮਕਾਲੀ ਹੀ ਸੀ ਤੇ ਤਸਵੀਰ ਨੂੰ ਉਸਨੇ ਨਾਂ ਦਿੱਤਾ, ‘ਦਾ ਨਿਕ-ਨੈਕ ਪੈਡਲਰ’। ਇਕ ਹੋਰ ਪੇਟਿੰਗ ‘ਦਾ ਪੈਡਲਰ’ ਹੀਰੋਨਮਾਊਸ ਬੌਸ਼ ਨੇ 1500 ਵਿੱਚ ਬਣਾਈ। ਇਹ ਸਭ ਤੋਂ ਆਈਕੌਨਿਕ ਤਸਵੀਰ ਮੰਨੀ ਜਾਂਦੀ ਹੈ। ਅਠਾਰਵੀਂ ਸਦੀ ਵਿੱਚ ਪੈਡਲਰਾਂ ਤੇ ਗਲੀਆਂ ਵਿੱਚ ਹੋਕਾ ਦੇਣ ਵਾਲਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਬਣੀਆਂ ਮਿਲਦੀਆਂ ਹਨ। 1737 ਵਿੱਚ ਪੈਡਲਰਾਂ ਦੀਆਂ ਤਸਵੀਰਾਂ ਦੀ ਕੁਲੈਕਸ਼ਨ ਫਰਾਂਸ ਵਿੱਚ ਮਿਲਦੀ ਹੈ ਜਿਸਦਾ ਨਾਂ ‘ਦਾ ਕਰਾਈ ਆਫ ਪੈਰਿਸ’ ਹੈ। 1757 ਵਿੱਚ ਇਸੇ ਜੈਨਰ ਵਿੱਚ ‘ਦਾ ਕਰਾਈ ਆਫ ਲੰਡਨ’ ਪਬਲਿਸ਼ ਹੋਈ। ਵੀਹਵੀਂ ਸਦੀ ਤੱਕ ਪੈਡਲਰ ਕਲਾਕਾਰਾਂ ਦਾ ਧਿਆਨ ਖਿੱਚਦੇ ਰਹੇ।
ਉਨੀਵੀਂ ਸਦੀ ਵਿੱਚ ਹੀ ਪੈਡਲਰ ਸਹਿਤ ਵਿੱਚ ਵੀ ਆ ਵੜਦੇ ਹਨ। ਚਾਰਲਸ ਡਿਕਨਜ਼ ਦਾ ਨਾਵਲ ‘ਡਾਕਟਰ ਮੈਰੀਗੋਲਡ’ ਇਸਦੀ ਉਦਾਹਰਣ ਹੈ। ਕਰਿਸਮਿਸ ਸਟੋਰੀਜ਼ ਵਿੱਚ ਵਿੱਚ ਅਜਿਹਾ ਕੁਝ ਮਿਲਦਾ ਹੈ। ਪਰ ਪੈਡਲਰਾਂ ਦਾ ਬਹੁਤਾ ਵਰਨਣ ਸਟੀਰੀਓਟਾਈਪ ਜਿਹਾ ਹੀ ਹੈ। ਪੈਡਲਰ ਬਾਰੇ ਰੂਸੀ ਬੋਲੀ ਵਿੱਚ ‘ਯੂਬੋਕ’ ਟਰਮ ਵਰਤੀ ਜਾਂਦੀ ਹੈ। ਕੋਰੋਬੀਨੀਕੀ ਰੂਸੀਆਂ ਦਾ ਇਕ ਲੋਕ ਗੀਤ ਹੈ ਜਿਸ ਵਿੱਚ ਪੈਡਲਰ ਨੂੰ ਇਕ ਕੁੜੀ ਮਿਲਦੀ ਹੈ। ਇਵੇਂ ਹੀ 1947 ਵਿੱਚ ਅਮਰੀਕਾ ਵਿੱਚ ਇਕ ਨਾਟਕ ਖੇਡਿਆ ਗਿਆ ਜਿਸਦਾ ਨਾਂ ਸੀ, ‘ਦਾ ਲੇਡੀ ਐਂਡ ਦਾ ਪੈਡਲਰ’। ਇਹ ਨਾਟਕ ਐਸ.ਵਾਈ. ਐਗਨਨ ਦੀ ਕਹਾਣੀ ਤੋਂ ਉਸਾਰਿਆ ਗਿਆ ਸੀ। ‘ਰੌਬਨਹੁੱਡ ਐਂਡ ਪੈਡਲਰ’ ਅਮਰੀਕਨ ਲੋਕ ਗੀਤਾਂ ਵਿੱਚੋਂ ਇਕ ਗੀਤ ਹੈ। ਇਵੇਂ ਹੀ ‘ਦਾ ਮਰਚੈਂਟ ਆਫ ਫੋਰ ਸੀਜ਼ਨਜ਼’ ਇਕ ਫਿਲਮ 1972 ਵਿੱਚ ਬਣੀ ਜੋ ਜਰਮਨ ਫਰੂਟ ਪੈਡਲਰ ਬਾਰੇ ਹੈ ਜਿਸਨੂੰ ਰੇਨਰ ਫਸਬਿੰਡਰ ਨੇ ਡਾਇਰੈਕਟ ਕੀਤਾ ਸੀ। ਇਵੇਂ ਹੀ ਪੈਡਲਰਾਂ ਬਾਰੇ 1987 ਵਿੱਚ ‘ਦਾ ਟਿਨ ਮੈੱਨ’ ਇਕ ਫਿਲਮ ਬਣੀ ਸੀ ਜਿਸਨੂੰ ਬੈਰੀ ਲੈਵਿਨਸਨ ਨੇ ਡਾਇਰੈਕਟ ਕੀਤਾ ਸੀ ਤੇ ਰਿਚਰਡ ਡਰੇਫੱਸ ਤੇ ਡੈਨੀ ਡੀ ਵੀਟੋ ਨੇ ਕੰਮ ਕੀਤਾ।
ਸਮੇਂ ਨਾਲ ਯੂਕੇ ਦੇ ਜਨ-ਜੀਵਨ ਵਿੱਚ ਪੈਡਲਰ ਦੀ ਪਹਿਲਾਂ ਜਿਹੀ ਜਗਾਹ ਨਹੀਂ ਰਹੀ ਪਰ ਤੀਜੇ ਮੁਲਕਾਂ ਵਿੱਚ ਇਹਨਾਂ ਦੀ ਅਹਿਮੀਅਤ ਪਹਿਲਾਂ ਜਿਹੀ ਹੀ ਹੈ।
Comments