top of page
Writer's pictureਸ਼ਬਦ

ਪੈਪਾਰਾਜ਼ੀ: ਪਰੇਸ਼ਾਨ ਕਰਨ ਵਾਲੇ ਫੋਟੋਗ੍ਰਾਫਰ ਪਰ ਕਲਾਕਾਰ/

ਹਰਜੀਤ ਅਟਵਾਲ /

ਫੋਟੋਗ੍ਰਾਫੀ ਇਕ ਕਲਾ ਹੈ। ਜਿਵੇਂ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਮਹਿੰਗੀਆਂ-ਮਹਿੰਗੀਆਂ ਵਿਕਦੀਆਂ ਹਨ ਇਵੇਂ ਹੀ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਵੀ ਬਹੁਤ ਵੱਡੀ ਕੀਮਤ ਵਿੱਚ ਵਿਕਦੀਆਂ ਹਨ। ਫੋਟੋਗ੍ਰਾਫੀ ਕਲਾ ਦੇ ਨਾਲ-ਨਾਲ ਇਹ ਇਕ ਕਿੱਤਾ ਵੀ ਹੈ ਤੇ ਇਸ ਕਿੱਤੇ ਵਿੱਚ ਹਜ਼ਾਰਾਂ-ਲੱਖਾਂ ਲੋਕ ਮੁਲੱਬਸ ਰਹੇ ਹਨ। ਜਿਵੇਂ ਫਰੀਲਾਂਸ ਲੇਖਕ ਜਾਂ ਪਤਰਕਾਰ ਹੁੰਦੇ ਹਨ ਇਵੇਂ ਹੀ ਫਰੀਲਾਂਸ ਫੋਟੋਗ੍ਰਾਫਰ ਵੀ ਹੁੰਦੇ ਹਨ। ਜਿਵੇਂ ਅਖ਼ਬਾਰਾਂ ਲਈ ਸਨਸਨੀ ਖ਼ਬਰਾਂ, ਮੈਗਜ਼ੀਨਾਂ ਲਈ ਸਨਸਨੀ ਭਰਪੂਰ ਕਹਾਣੀਆਂ ਚਾਹੀਦੀਆਂ ਹੁੰਦੀਆਂ ਹਨ ਇਵੇਂ ਹੀ ਅਜਿਹੀਆਂ ਤਸਵੀਰਾਂ ਵੀ ਲੋੜੀਂਦੀਆਂ ਹੁੰਦੀਆਂ ਹਨ, ਜਿਹਨਾਂ ਨੂੰ ਲੋਕ ਭੱਜ-ਭੱਜ ਕੇ ਦੇਖਣ, ਜੋ ਉਹਨਾਂ ਦੀ ਵਿਕਰੀ ਵਧਾ ਸਕਣ। ਕੁਝ ਲਿਖਣਾ ਤਾਂ ਤੁਸੀਂ ਇਕ ਕਮਰੇ ਵਿੱਚ ਬਹਿ ਕੇ ਹੁੰਦਾ ਹੈ ਪਰ ਫੋਟੋਗ੍ਰਾਫੀ ਲਈ ਤੁਹਾਨੂੰ ਵਾਪਰਨ ਵਾਲੀ ਜਗਾਹ ‘ਤੇ ਜਾਣਾ ਹੁੰਦਾ ਹੈ ਤੇ ਪੁੱਠੀ-ਸਿੱਧੀ ਫੋਟੋ ਲੈਣ ਲਈ ਉਲਟੇ-ਸਿੱਧੇ ਕੰਮ ਕਰਨੇ ਪੈਂਦੇ ਹਨ। ਇਵੇਂ ਜਿਸਦੀ ਇਹ ਫੋਟੋਗ੍ਰਾਫਰ ਫੋਟੋ ਲੈਂਦੇ ਹਨ ਉਹ ਇਹਨਾਂ ਦੇ ਕੰਮ ਤੋਂ ਪਰੇਸ਼ਾਨ ਵੀ ਹੁੰਦੇ ਹਨ। ਕਿਸੇ ਨੂੰ ਪਰੇਸ਼ਾਨ ਕਰ ਕੇ ਫੋਟੋ ਖਿੱਚਣ ਵਾਲੇ ਨੂੰ ਪੈਪਾਰਾਜ਼ੀ (Paparazzi) ਕਹਿੰਦੇ ਹਨ। ਇਹ ਸ਼ਬਦ ਇਟਾਲੀਅਨ ਭਾਸ਼ਾ ਦਾ ਹੈ ਜਿਸਦਾ ਮਤਲਬ ਮੱਛਰ ਵਾਂਗ ਭੀਂ-ਭੀਂ ਕਰਨਾ ਭਾਵ ਪਰੇਸ਼ਾਨ ਕਰਨਾ ਹੈ। ਜਿਵੇਂ ਮੱਛਰ ਡੰਗ ਮਾਰਨ ਲਈ ਆਪਣੇ ਸ਼ਿਕਾਰ ਦੁਆਲੇ ਘੁੰਮਦਾ ਹੈ ਇਵੇਂ ਹੀ ਇਹ ਕਰਦੇ ਹਨ। ਪੈਪਰਾਜ਼ੀ ਬਹੁਤ-ਬਚਨ ਹੈ ਤੇ ਇਕ-ਬਚਨ ਪੈਪਾਰਾਜ਼ੋ ਹੈ ਪਰ ਦੋਵੇਂ ਥਾਵੀਂ ਪੈਪਾਰਾਜ਼ੀ ਹੀ ਪ੍ਰਚੱਲਤ ਹੈ। ਇੰਜ ਤਸਵੀਰਾਂ ਨੂੰ ਖਿੱਚਣ ਲਈ ਦਲੀਲ ਦਿੰਦੇ ਇਹ ਪੈਪਾਰਾਜ਼ੀ ਕਹਿੰਦੇ ਹਨ ਕਿ ਇਹ ਵੱਡੇ-ਵੱਡੇ ਸੈਲੀਬ੍ਰੇਟੀਜ਼ ਪਬਲਿਕ ਫਿਗਰ ਹੁੰਦੇ ਹਨ ਤੇ ਲੋਕ ਇਹਨਾਂ ਬਾਰੇ ਜਾਨਣਾ ਚਾਹੁੰਦੇ ਹਨ। ਕਈ ਵਾਰ ਲੋਕ ਇਹਨਾਂ ਨੂੰ ਲੋਕ ਆਪਣੇ ਆਈਡਲ ਮੰਨਣ ਲਗਦੇ ਹਨ, ਇਹਨਾਂ ਸੈਲੀਬਰੇਟੀਆਂ ਦੀ ਪੂਜਾ ਕਰਨ ਲਗਦੇ ਹਨ ਪਰ ਅਸਲ ਵਿੱਚ ਇਹ ਆਮ ਲੋਕ ਹੀ ਹੁੰਦੇ ਹਨ, ਇਹਨਾਂ ਦੀ ਸਾਧਾਰਨਤਾ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਇਹ ਤਸਵੀਰਾਂ ਲੈਂਦੇ ਹਨ।

ਸੰਨ 1960 ਵਿੱਚ ‘ਲਾ ਡੋਲਸ ਵਿਟ’ (La Dolce Vita) ਨਾਂ ਦੀ ਇਕ ਫਿਲਮ ਬਣੀ ਸੀ ਜਿਸਦਾ ਨਿਰਦੇਸ਼ਕ ਫੈਡੇਰੀਕੋ ਫੈਲੀਨੀ (Federico Fellini) ਸੀ। ਜਿਸ ਵਿੱਚ ਵਾਲਟਰ ਸੈਨਟੈਸੋ ਨਾਂ ਦੇ ਇਕ ਐਕਟਰ ਨੇ ਪੈਪਰਾਜ਼ੋ ਨਾਂ ਦਾ ਇਕ ਕਿਰਦਾਰ ਖੇਡਿਆ ਸੀ ਜੋ ਇਕ ਫੋਟੋਗ੍ਰਾਫਰ ਹੁੰਦਾ ਹੈ ਤੇ ਫੋਟੋ ਖਿੱਚਣ ਲਈ ਲੋਕਾਂ ਨੂੰ ਤਰੀਕੇ-ਤਰੀਕੇ ਨਾਲ ਪਰੇਸ਼ਾਨ ਕਰਦਾ ਹੈ, ਪ੍ਰਸਿੱਧ ਲੋਕਾਂ ਦੀ ਨਿੱਜਤਾ ਵਿੱਚ ਦਖਲ ਅੰਦਾਜ਼ੀ ਕਰਦਾ ਹੈ। ਇਹ ਕਿਰਦਾਰ ਆਪਣੇ ਵੇਲੇ ਬਹੁਤ ਮਸ਼ਹੂਰ ਹੋਇਆ ਸੀ। ਬਿਲਕੁਲ ਇਸੇ ਕਿਰਦਾਰ ਦਾ ਵਿਸਥਾਰ ਹੀ ਅੱਜ ਵਾਲੇ ਇਹ ਪੈਪਾਰਾਜ਼ੀ ਹਨ। ਉਸ ਕਿਰਦਾਰ ਦੀ ਤਰਜ਼ ‘ਤੇ ਹੀ ਇਹ ਪੈਪਾਰਾਜ਼ੀ ਲੋਕਾਂ ਨੂੰ ਪਰੇਸ਼ਾਨ ਕਰਕੇ ਤਸਵੀਰਾਂ ਖਿੱਚਦੇ ਹਨ ਤੇ ਅਖ਼ਬਾਰਾਂ, ਮੈਗਜ਼ੀਨਾਂ ਨੂੰ ਵੇਚਦੇ ਹਨ। ਇਹਨਾਂ ਦੇ ਸ਼ਿਕਾਰ ਲੋਕਾਂ ਨੂੰ ਭਾਵ ਜਿਹਨਾਂ ਦੀਆਂ ਇਹ ਤਸਵੀਰਾਂ ਖਿੱਚਦੇ ਹਨ ਉਹਨਾਂ ਨੂੰ ‘ਪੈਪੱਡ’ (Papped) ਕਹਿੰਦੇ ਹਨ। ਆਮ ਤੌਰ ਤੇ ਇਹ ਪ੍ਰਸਿੱਧ ਲੋਕ ਹੁੰਦੇ ਹਨ ਕਿਉਂਕਿ ਲੋਕਾਂ ਦੀ ਦਿਲਚਸਪੀ ਆਮ ਲੋਕਾਂ ਨਾਲੋਂ ਫਿਲਮੀ ਸਿਤਾਰਿਆਂ, ਰਾਜਨੀਤਕ ਨੇਤਾਵਾਂ, ਖਿਡਾਰੀਆਂ ਆਦਿ ਵਿੱਚ ਹੁੰਦੀ ਹੈ। ਅੱਜਕੱਲ੍ਹ ਪੈਪਾਰਾਜ਼ੀ ਦੇ ਨਿਸ਼ਾਨੇ ‘ਤੇ ਪ੍ਰਸਿੱਧ ਲੋਕਾਂ ਦੇ ਬੱਚੇ ਜ਼ਿਆਦਾ ਰਹਿੰਦੇ ਹਨ।

1950ਵਿਆਂ ਵਿੱਚ ਜਦ ਕਮਰਸ਼ੀਅਲ ਮੈਗਜ਼ੀਨਾਂ ਦੀ ਭਰਮਾਰ ਸ਼ੁਰੂ ਹੋਈ ਤਾਂ ਅਜਿਹੇ ਫੋਟੋਗ੍ਰਾਫਰਾਂ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਤੇ ਇਹ ਹੀ ਉਹ ਵੇਲਾ ਸੀ ਜਦ ਇਕ ਦੂਜੇ ਤੋਂ ਵੱਧ ਸਨਸਨੀ ਪੈਦਾ ਕਰਦੀਆਂ ਤਸਵੀਰਾਂ ਦੀ ਹੋੜ ਲੱਗ ਗਈ। ਪੈਪਾਰਾਜ਼ੀ ਸੈਲੀਬ੍ਰੇਟੀ ਲੋਕਾਂ ਦਾ ਪਿੱਛਾ ਕਰਦੇ ਰਹਿੰਦੇ ਹਨ ਕਿ ਉਹ ਕੋਈ ਉਲਟਾ-ਸਿੱਧਾ ਪੋਜ਼ ਬਣਾਉਣ ਤੇ ਇਹ ਫੋਟੋ ਖਿੱਚਣ। ਇਹ ਲੋਕ ਸ਼ਿਸ਼ਤਾਂ ਲਾਕੇ ਬੈਠੇ ਫੋਟੋ ਖਿੱਚਣ ਦੀ ਉਡੀਕ ਕਰਦੇ ਰਹਿੰਦੇ ਹਨ, ਪ੍ਰਸਿੱਧ ਲੋਕਾਂ ਦੇ ਘਰਾਂ ਦੇ ਬਾਹਰ ਲੁਕੇ ਰਹਿੰਦੇ ਹਨ। ਦ੍ਰਖੱਤਾਂ ਜਾਂ ਆਲੇ ਦੁਆਲੇ ਦੀਆਂ ਉਚੀਆਂ ਇਮਾਰਤਾਂ ਨੂੰ ਵੀ ਇਸ ਕੰਮ ਲਈ ਵਰਤ ਲੈਂਦੇ ਹਨ। ਅੱਜਕੱਲ੍ਹ ਤਾਂ ਵੱਡੇ ਜ਼ੂਮ ਕੈਮਰੇ ਹਨ ਜੋ ਬਹੁਤ ਦੂਰੋਂ ਤਸਵੀਰਾਂ ਖਿੱਚ ਲੈਂਦੇ ਹਨ। ਇਹ ਸੈਲੀਬ੍ਰੇਟੀ ਲੋਕਾਂ ਦੀ ਨਿੱਜਤਾ ਉਪਰ ਸਿੱਧੇ ਹਮਲੇ ਹੁੰਦੇ ਹਨ, ਉਹਨਾਂ ਦੇ ਜੀਉਣ ਢੰਗ ਨੂੰ ਖਰਾਬ ਕਰਦੇ ਹਨ। ਇਹ ਲੋਕ ਤਾਂ ਆਪਣੇ ਸ਼ਿਕਾਰ ਦਾ ਗੁਸਲਖਾਨਿਆਂ ਵਰਗੀਆਂ ਬਹੁਤੀਆਂ ਨਿੱਜੀ ਜਗਾਵਾਂ ਤੱਕ ਵੀ ਪਿੱਛਾ ਕਰਨ ਤੱਕ ਜਾਂਦੇ ਹਨ। ਇੰਜ ਕਰਨ ਨਾਲ ਇਹਨਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਤਾਂ ਵਧਣੀਆਂ ਹੀ ਹੋਈਆਂ। ਉਹਨਾਂ ਵਲੋਂ ਪ੍ਰਤੀਕਿਰਿਆਵਾਂ ਦਿਖਾਈਆਂ ਜਾਣੀਆਂ ਵੀ ਕੁਦਰਤੀ ਹਨ। ਝਗੜੇ ਵੀ ਵਧਣੇ ਹੋਏ, ਕੋਰਟ-ਕਚਿਹਰੀਆਂ ਵਿੱਚ ਵੀ ਜਾਣਾ ਹੋ ਜਾਂਦਾ ਹੈ। ਕਈ ਵਾਰ ਸੈਲੀਬ੍ਰੇਟੀਜ਼ ਪੈਪਾਰਾਜ਼ੀਆਂ ਨਾਲ ਹੂਰਾ-ਮੁੱਕੀ ਵੀ ਹੋ ਜਾਂਦੇ ਹਨ। ਗਾਲ਼ੀ-ਗਲ਼ੋਚ ਤਾਂ ਆਮ ਹੋ ਜਾਂਦਾ ਹੈ, ਕਈ ਵਾਰ ਸੈਲੀਬ੍ਰੇਟੀਜ਼ ਇਹਨਾਂ ਉਪਰ ਥੁੱਕ ਵੀ ਦਿੰਦੇ ਹਨ। ਅਮਰੀਕਨ ਗਾਇਕ ਜਸਟਿਨ ਬੀਬਰ ਤੇ ਬ੍ਰਿਟਿਨੀ ਸਪੀਅਰਜ਼ ਫੋਟੋਗ੍ਰਾਫਰਾਂ ਨਾਲ ਝਗੜਾ ਕਰਨ ਵਿੱਚ ਬਹੁਤ ਮਸ਼ਹੂਰ ਹਨ। ਬੌਲੀਵੁੱਡ ਦੇ ਸਲਮਾਨ ਖਾਨ ਤੇ ਕੰਗਣਾ ਰਣੌਤ ਵੀ ਇਸ ਗੱਲ ਲਈ ਵਾਹਵਾ ਜਾਣੇ ਜਾਂਦੇ ਹਨ। ਪੈਪਾਰਾਜ਼ੀ ਨੂੰ ਲੈਕੇ ਸਭ ਤੋਂ ਪਹਿਲਾ ਮਸ਼ਹੂਰ ਝਗੜਾ 1972 ਵਿੱਚ ਹੋਇਆ। ਰੌਨ ਗਲੇਲਾ ਨਾਂ ਦੇ ਪੈਪਾਰਾਜ਼ੀ ਨੇ ਨੀਊਯੌਰਕ ਦੇ ਸੈਂਟਰਲ ਪਾਰਕ ਵਿੱਚ ਅਮਰੀਕਾ ਦੇ ਪ੍ਰਧਾਨ ਕਨੇਡੀ ਦੀ ਪਤਨੀ ਜੈਕਲੀਨ ਤੇ ਉਸਦੇ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ ਸਨ। ਜੈਕਲੀਨ ਦੀ ਸਕਿਓਰਟੀ ਨੇ ਉਸਦਾ ਕੈਮਰਾ ਖੋਹਕੇ ਤੋੜ ਦਿੱਤਾ ਤੇ ਕੈਮਰੇ ਦੀ ਰੀਲ ਜ਼ਾਇਆ ਕਰ ਦਿੱਤੀ। ਰੌਨ ਗਲੇਲਾ ਜੈਕਲੀਨ ਨੂੰ ਅਦਾਲਤ ਵਿੱਚ ਲੈ ਗਿਆ। ਜੈਕਲੀਨ ਨੇ ਵੀ ਇਸ ਮੁਕੱਦਮੇ ਦਾ ਪੂਰੀ ਤਰ੍ਹਾਂ ਸਾਹਮਣਾ ਕੀਤਾ ਤੇ ਉਹ ਮੁਕੱਦਮਾ ਜਿੱਤ ਗਈ। ਫੋਟੋਗ੍ਰਾਫਰ ਨੂੰ ਉਸ ਤੋਂ ਪੰਜਾਹ ਗਜ਼ ਦੂਰ ਰਹਿਣ ਦਾ ਹੁਕਮ ਦੇ ਦਿੱਤਾ ਗਿਆ। ਪ੍ਰਸਿੱਧ ਬ੍ਰਤਾਨਵੀ ਗਾਇਕਾ ਲੇਡੀ ਗਾਗਾ ਨੇ ਪੈਪਾਰਾਜ਼ੀ ਨਾਂ ਦਾ ਇਕ ਗੀਤ ਵੀ ਗਾਇਆ ਹੈ ਜਿਸ ਵਿੱਚ ਇਹਨਾਂ ਨਾਲ ਸੰਬੰਧਤ ਮਸਲੇ ਨੂੰ ਡੀਲ ਕੀਤਾ ਗਿਆ ਹੈ। ਕਈ ਸੈਲੀਬ੍ਰੇਟੀਜ਼ ਪੈਪਾਰਾਜ਼ੀ ਨੂੰ ਉਹਨਾਂ ਦੀਆਂ ਤਸਵੀਰਾਂ ਨਾ ਖਿੱਚਣ ਦੇ ਬਦਲੇ ਵਿੱਚ ਪੈਸੇ ਵੀ ਦਿੰਦੇ ਹਨ। ਸੈਲੀਬ੍ਰੇਟੀਜ਼ ਹਮੇਸ਼ਾ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਬਹੁਤੇ ਤਾਂ ਭੇਸ ਬਦਲ ਕੇ ਬਾਹਰ ਨਿਕਲਦੇ ਹਨ।

ਇਹ ਪੈਪਾਰਾਜ਼ੀ ਏਨੇ ਜੋਖ਼ਮ ਐਵੇਂ ਨਹੀਂ ਲੈਂਦੇ, ਇਹਨਾਂ ਤਸਵੀਰਾਂ ਬਦਲੇ ਇਹਨਾਂ ਨੂੰ ਮੂੰਹ ਮੰਗਵੇਂ ਪੈਸੇ ਮਿਲਦੇ ਹਨ। ਜਿੰਨੀ ਵੱਡੀ ਸ਼ਖਸੀਅਤ ਦੀ ਨਿੱਜੀ ਤਸਵੀਰ ਓਨੀ ਹੀ ਉਹ ਮਹਿੰਗੀ ਵਿਕਦੀ ਹੈ। 2005 ਵਿੱਚ ਲੌਸ ਏਂਜਲਜ਼ ਦੇ ਇਕ ਪੈਪਾਰਾਜ਼ੀ ਨੇ ਪ੍ਰਸਿੱਧ ਐਕਟਰਸ ਜੈਨੀਫਰ ਲੋਪੇਜ਼ ਤੇ ਉਸਦੇ ਪਤੀ ਬੈੱਨ ਐਫਲੈਕ ਦੀ ਉਹਨਾਂ ਤੋੜ-ਵਿਛੋੜੇ ਵੇਲੇ ਦੀ ਤਸਵੀਰ ਖਿੱਚੀ ਸੀ ਜੋ ਡੇੜ ਲੱਖ ਡਾਲਰ ਵਿੱਚ ਵਿਕੀ ਸੀ। ਉਸਦਾ ਕਹਿਣਾ ਸੀ ਕਿ ਬ੍ਰਿਟਿਨੀ ਸਪੀਅਰਜ਼ ਤੇ ਉਸਦੇ ਬੱਚੇ ਦੀ ਤਸਵੀਰ ਖਿੱਚ ਲਵਾਂ ਤਾਂ ਇਹ ਏਨੇ ਵਿੱਚ ਵਿਕ ਜਾਵੇਗੀ ਕਿ ਮੈਂ ਅਮਰੀਕਾ ਦੇ ਸਭ ਤੋਂ ਮਹਿੰਗੇ ਇਲਾਕੇ ਵਿੱਚ ਘਰ ਖਰੀਦ ਸਕਦਾ ਹਾਂ। ਵੈਸੇ ਇਹਨਾਂ ਦੀ ਖਿੱਚੀ ਆਮ ਤਸਵੀਰ ਡੇੜ-ਦੋ ਸੌ ਡਾਲਰ ਵਿੱਚ ਆਮ ਵਿਕ ਜਾਂਦੀ ਹੈ ਪਰ ਜੇ ਕਿਸੇ ਤਸਵੀਰ ਵਧੀਆ ਤਰੀਕੇ ਨਾਲ ਖਿੱਚੀ ਗਈ ਹੋਵੇ ਤੇ ਇਹ ਬਹੁਤ ਕੁਝ ਕਹਿੰਦੀ ਹੋਵੇ ਤਾਂ ਇਸਦੀ ਕੀਮਤ ਹਜ਼ਾਰ ਡਾਲਰ ਤੋਂ ਲੈਕੇ ਦਸ ਹਜ਼ਾਰ ਡਾਲਰ ਤੱਕ ਵੀ ਹੋ ਸਕਦੀ ਹੈ।

ਤਸਵੀਰਾਂ ਖਿੱਚਣ ਦੀ ਹੋੜ ਵਿੱਚ ਜਾਂ ਤਸਵੀਰਾਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਲੋਕ ਬਚਦੇ ਹੋਏ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। 1997 ਵਿੱਚ ਪ੍ਰਿੰਸਿਸ ਡਾਇਨਾ ਦੀ ਮੌਤ ਇਸਦੀ ਖਾਸ ਉਧਾਹਰਣ ਸਾਡੇ ਸਾਹਮਣੇ ਹੈ। ਰਾਜਕੁਮਾਰੀ ਡਾਇਨਾ ਤੇ ਉਸਦਾ ਆਸ਼ਿਕ ਡੋਡੀ ਫਾਹਿਦ ਪੈਪਾਰਾਜ਼ੀ ਤੋਂ ਬਚਦੇ ਹੋਏ ਆਪਣੀ ਕਾਰ ਵਿੱਚ ਜਾ ਰਹੇ ਸਨ। ਪੈਪਾਰਾਜ਼ੀ ਮੋਟਰਸਾਈਕਲਾਂ ਉਪਰ ਕਾਰ ਦੇ ਬਰਾਬਰ ਜਾਂਦੇ ਹੋਏ ਤਸਵੀਰਾਂ ਖਿੱਚਦੇ ਜਾ ਰਹੇ ਸਨ। ਡਰਾਈਵਰ ਉਹਨਾਂ ਤੋਂ ਬਚਦਾ ਹੋਇਆ ਕਾਰ ਨੂੰ ਇਵੇਂ ਤੇਜ਼ ਭਜਾ ਰਿਹਾ ਸੀ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਡੋਡੀ ਤੇ ਡਾਇਨਾ ਦੋਵੇਂ ਹੀ ਮਾਰੇ ਗਏ ਹਨ। ਇਨਕੁਆਰੀ ਹੋਈ ਤਾਂ ਇਸ ਹਾਦਸੇ ਵਿੱਚ ਪੈਪਾਰਾਜ਼ੀਆਂ ਨੂੰ ਬਰਾਬਰ ਦੇ ਜ਼ਿੰਮੇਵਾਰ ਸਮਝਿਆ ਗਿਆ ਪਰ ਕਾਨੂੰਨੀ ਟੈਕਨੀਕਲਟੀ ਕਾਰਨ ਉਹਨਾਂ ਉਪਰ ਮੁਕੱਦਮਾ ਨਹੀਂ ਸੀ ਚਲਾਇਆ ਜਾ ਸਕਿਆ।

ਪੈਪਾਰਾਜ਼ੀਆਂ ਵਲੋਂ ਇੰਜ ਤਸਵੀਰਾਂ ਖਿੱਚ ਵਿਰੁੱਧ ਕਈ ਮੁਲਕਾਂ ਵਿੱਚ ਕਾਨੂੰਨ ਵੀ ਬਣੇ ਹੋਏ ਹਨ। ਅਮਰੀਕਾ ਦੀਆਂ ਸਟੇਟਾਂ ਵਿੱਚ ਵੀ ਇਸਦੇ ਖਿਲਾਫ ਕਾਨੂੰਨ ਹਨ। ਕੈਲੋਫੋਰਨੀਆਂ ਦੀ ਸੈਨਟ ਨੇ ਬਿਲ ਨੰਬਰ 606 ਸਤੰਬਰ 2013 ਵਿੱਚ ਪਾਸ ਕੀਤਾ ਸੀ ਜਿਸ ਮੁਤਾਬਕ ਇਹ ਕਿਸੇ ਦੀ ਮਰਜ਼ੀ ਬਿਨਾਂ ਫੋਟੋ ਲੈਣੀ ਜੁਰਮ ਕਰਾਰ ਦਿੱਤਾ ਗਿਆ ਸੀ। 1999 ਵਿੱਚ ਹਾਂਗਕਾਂਗ ਦੀ ਫੇਅ ਵੌਂਗ ਨਾਂ ਦੀ ਇਕ ਐਕਟਰਸ ਦੀ ਗਰਭਵਤੀ ਹਾਲਤ ਵਿੱਚ ਕਿਸੇ ਨੇ ਤਸਵੀਰ ਖਿੱਚ ਲਈ ਸੀ ਤੇ ਅਦਾਲਤ ਨੇ ਉਸ ਪੈਪਰਾਜ਼ੀ ਨੂੰ ਸਜ਼ਾ ਸੁਣਾ ਦਿੱਤੀ ਸੀ। 2006 ਵਿੱਚ ਬਰਾਜ਼ੀਲੀ ਮਾਡਲ ਡੈਨੀਏਲਾ ਸਿਕਾਰੇਲੀ ਉਪਰ ਇਕ ਬਹੁਤ ਵੱਡਾ ਸਕੈਂਡਲ ਬਣ ਗਿਆ ਸੀ। ਉਸ ਦੇ ਸਪੇਨ ਦੇ ਇਕ ਬੀਚ ਉਪਰ ਆਪਣੇ ਬੁਆਏਫਰੈੰਡ ਨਾਲ ਸਰੀਰਕ ਸੰਬੰਧ ਬਣਾਉਣ ਸਮੇਂ ਇਕ ਪੈਪਾਰਾਜ਼ੀ ਨੇ ਉਹਨਾਂ ਦੀਆਂ ਤਸਵੀਰਾਂ ਲੈ ਲਈਆਂ ਤੇ ਇਹਨਾਂ ਨੂੰ ਯੂਟਿਊਬ ਉਪਰ ਪਾ ਦਿੱਤਾ ਸੀ। ਡੈਨੀਅਲ ਨੇ ਉਸ ਉਪਰ ਮੁਕੱਦਮਾ ਕਰ ਦਿੱਤਾ ਸੀ ਤੇ ਇਹ ਤਸਵੀਰਾਂ ਯੂਟਿਊਬ ਤੋਂ ਉਤਾਰਨੀਆਂ ਪਈਆਂ ਸਨ। ਕਈ ਵਾਰ ਤਸਵੀਰਾਂ ਛਾਪਣ ਤੋਂ ਪਹਿਲਾਂ ਹੀ ਸੈਲੀਬ੍ਰੇਟੀਜ਼ ਪੈਪਾਰਾਜ਼ੀ ਉਪਰ ਕਾਨੂੰਨੀ ਕਾਰਵਾਈ ਕਰਕੇ ਤਸਵੀਰਾਂ ਨੂੰ ਛਪਣ ਤੋਂ ਰੋਕ ਦਿੰਦੇ ਹਨ। ਸਤੰਬਰ 2012 ਵਿੱਚ ਕੈਥਰੀਨ, ਡੱਚਿਜ਼ ਆਫ ਕੈਂਬਰੇਜ਼ ਜਦ ਫਰਾਂਸ ਵਿੱਚ ਆਪਣੇ ਹਾਲੀਡੇ ਹੋਮ ਵਿੱਚ ਨਰਵਸਤਰ ਹੋਕੇ ਧੁੱਪ ਸੇਕ ਰਹੀ ਸੀ ਤਾਂ ‘ਕਲੋਜ਼ਰ’ ਮੈਗਜ਼ੀਨ ਦੇ ਫੋਟੋਗ੍ਰਾਫਰ ਨੇ ਉਸ ਦੀਆਂ ਤਸਵੀਰਾਂ ਖਿੱਚ ਲਈਆਂ ਸਨ, ਕੈਥਰੀਨ ਨੇ ਮੈਗਜ਼ੀਨ ਉਪਰ ਮੁਕੱਦਮਾ ਕਰਕੇ ਇਹਨਾਂ ਤਸਵੀਰਾਂ ਦਾ ਛਪਣਾ ਰੁਕਵਾ ਦਿੱਤਾ ਸੀ ਤੇ ਅਦਾਲਤ ਨੇ ਪਬਲਿਸ਼ਰ ਕੋਲੋਂ ੳਰਿਜਨਲ ਤਸਵੀਰਾਂ ਵੀ ਕੈਥਰੀਨ ਨੂੰ ਵਾਪਸ ਕਰਵਾ ਦਿੱਤੀਆਂ ਸਨ। ਇਵੇਂ ਹੀ ਬ੍ਰਤਾਨਵੀ ਗਾਇਕਾਵਾਂ ਸੀਅਨ ਮਿਲਰ, ਐਮੀ ਵਾਈਨਹਾਊਸ ਤੇ ਲਿਲੀ ਐਲਨ ਵਲੋਂ ਵੀ ਅਜਿਹੀਆਂ ਤਸਵੀਰਾਂ ਨੂੰ ਛਾਪਣ ਤੋਂ ਰੋਕ ਲਗਵਾ ਦਿੱਤੀ ਗਈ ਸੀ। ਇਵੇਂ ਪ੍ਰਸਿੱਧ ਹਸਤੀਆਂ ਦੇ ਪੈਪਾਰਾਜ਼ੀਆਂ ਨਾਲ ਟਕਰਾਓ ਦੀਆਂ ਅਨੇਕ ਕਹਾਣੀਆਂ ਹਨ ਪਰ ਮਜ਼ੇ ਦੀ ਗੱਲ ਇਹ ਹੈਕਿ ਜਿੰਨੀ ਕਿਸੇ ਪੈਪਾਰਾਜ਼ੀ ਦੀ ਕਿਸੇ ਸੈਲੀਬ੍ਰੇਟੀ ਨਾਲ ਮੁਕੱਦਮੇਬਾਜ਼ੀ ਚੱਲੇ ਓਨਾ ਹੀ ਉਹ ਮਸ਼ਹੂਰ ਹੋ ਜਾਂਦਾ ਹੈ ਤੇ ਓਨੀ ਹੀ ਉਸਦੀ ਤਸਵੀਰ ਮਹਿੰਗੀ ਵਿਕਦੀ ਹੈ।

ਭਾਰਤ ਵਿੱਚ ਵੀ ਪੈਪਾਰਾਜ਼ੀ ਪੂਰੀ ਤਰ੍ਹਾਂ ਸਰਗਰਮ ਹਨ। ਹੋਰਨਾਂ ਦੇਸ਼ਾਂ ਵਿੱਚ ਤਾਂ ਪੈਪਾਰਾਜ਼ੀ ਰਾਜਨੀਤਕ ਨੇਤਾਵਾਂ ਨੂੰ ਵੀ ਆਪਣਾ ਸ਼ਿਕਾਰ ਬਣ ਲੈਂਦੇ ਹਨ ਪਰ ਭਾਰਤ ਵਿੱਚ ਨੇਤਾਗਿਰੀ ਸ਼ਬਦ ਦੇ ਅਰਥਾਂ ਵਿੱਚ ਗੁੰਡਾਬਾਜ਼ੀ ਵੀ ਜਮ੍ਹਾਂ ਹੁੰਦੀ ਹੈ ਇਸ ਲਈ ਪੈਪਾਰਾਜ਼ੀ ਡਰਦੇ ਹੋਏ ਇਹਨਾਂ ਨੇੜੇ ਘੱਟ ਹੀ ਜਾਂਦੇ ਹਨ, ਇਹਨਾਂ ਦਾ ਸ਼ਿਕਾਰ ਐਕਟਰ ਬਗੈਰਾ ਵਧੇਰੇ ਬਣਦੇ ਹਨ। ਅੱਜਕੱਲ੍ਹ ਕਰੀਨਾ ਕਪੂਰ ਦੇ ਮੁੰਡੇ ਦੀਆਂ ਤਸਵੀਰਾਂ ਬਹੁਤ ਮਹਿੰਗੀਆਂ ਵਿਕਦੀਆਂ ਦੱਸੀਆਂ ਜਾਂਦੀਆਂ ਹਨ।

ਜਿਸ ਵੀ ਜਿਉਣ-ਢੰਗ ਵਿੱਚ ਕੁਝ ਅੱਤ ਜੋਖ਼ਮ ਹੋਵੇ ਸ਼ਾਮਲ ਹੋਵੇ ਉਸ ਵਿੱਚੋਂ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਨਿਕਲਦੀਆਂ ਹਨ। ਬਹੁਤ ਸਾਰੇ ਪੈਪਾਰਾਜ਼ੀਆਂ ਨੇ ਆਪਣੀਆਂ ਕਹਾਣੀਆਂ ਸੁਣਾਉਣ ਲਈ ਯੂਟਿਊਬ ਚੈਨਲ ਬਣਾਏ ਹੋਏ ਹਨ। ਕਈਆਂ ਨੇ ਕਿਤਾਬਾਂ ਵੀ ਲਿਖੀਆਂ ਹਨ। ਇਹਨਾਂ ਦੇ ਜੀਵਨ ਉਪਰ ਡਾਕੂਮੈਂਟਰੀਆਂ ਵੀ ਮਿਲਦੀਆਂ ਹਨ। ਭਾਵੇਂ ਪੈਪਾਰਾਜ਼ੀ ਸ਼ਬਦ ਵਿੱਚੋਂ ਨਾਂਹ-ਵਾਚਕ ਧੁੰਨੀ ਉਭਰਦੀ ਹੈ ਪਰ ਇਸ ਦੇ ਹਾਂ-ਵਾਚਕ ਪੱਖ ਵੀ ਹਨ। ਵੈਸੇ ਹਰ ਕੋਈ ਪੈਪਾਰਾਜ਼ੀ ਨਹੀਂ ਬਣ ਸਕਦਾ। ਇਵੇਂ ਫੋਟੋ ਖਿੱਚਣ ਵਿੱਚ ਜੋਖ਼ਮ ਦੇ ਨਾਲ ਨਾਲ ਫੋਟੋਗ੍ਰਾਫੀ ਦੀ ਸੋਝੀ ਵੀ ਚਾਹੀਦੀ ਹੈ। ਇੰਜ ਤਸਵੀਰਾਂ ਖਿੱਚਣਾ ਵੀ ਇਕ ਕਲਾ ਹੈ ਇਹਨਾਂ ਕਲਾਕਾਰਾਂ ਦੀਆਂ ਖਿੱਚੀਆਂ ਤਸਵੀਰਾਂ ਦੀਆਂ ਨੁਮਾਇਸ਼ਾਂ ਲਗਦੀਆਂ ਹਨ। ਇਹਨਾਂ ਦੀ ਪ੍ਰਸੰਸਾ ਵੀ ਹੁੰਦੀ ਹੈ। ਰੀਨੋ ਬਾਰੀਲੈਰੀ ਨਾਂ ਦੇ ਇਕ ਇਟਾਲੀਅਨ ਪੈਪਾਰਾਜ਼ੀ ਨੂੰ ਕਿੰਗ ਆਫ ਪੈਪਾਰਾਜ਼ੀ ਕਿਹਾ ਜਾਂਦਾ ਹੈ, ਉਸਨੂੰ ਇਟਾਲੀਅਨ ਸਰਕਾਰ ਵਲੋਂ ਸਨਮਾਨਿਤ ਕਰਕੇ ਦੇਸ਼ ਦਾ ਇਕ ਵੱਡਾ ਇਨਾਮ ਦਿੱਤਾ ਗਿਆ ਸੀ। ਕੁਝ ਵੀ ਹੋਵੇ, ਪੈਪਾਰਾਜ਼ੀਆਂ ਦਾ ਕਿੱਤਾ ਕੁਝ ਕੁ ਜੋਖ਼ਮਾਂ ਵਾਲਾ ਪਰ ਦਿਲਚਸਪ ਕਿੱਤਾ ਹੈ। ਕੁਝ ਕੁ ਬਦਨਾਮੀ ਦੇ ਨਾਲ ਨਾਲ ਫੋਟੋਗ੍ਰਾਫੀ ਦੀ ਕਲਾ ਵਿੱਚ ਤੁਸੀਂ ਪੈਪਾਰਾਜ਼ੀ ਦੀ ਮਹੱਤਤਾ ਦਾ ਅੰਦਾਜ਼ਾ ਇਥੋਂ ਲਾ ਸਕਦੇ ਹੋ ਕਿ ਦੁਨੀਆ ਦੀਆਂ ਕਈ ਰਾਜਧਾਨੀਆਂ ਵਿੱਚ ਇਹਨਾਂ ਦੇ ਬੁੱਤ ਲੱਗੇ ਹੋਏ ਹਨ।

Comentarios


bottom of page