top of page
  • Writer's pictureਸ਼ਬਦ

ਵ੍ਰਲਡ ਪੋਇਟਰੀ ਇਨ ਟਰਾਂਸਲੇਸ਼ਨ- ਗੁਰਦੇਵ ਚੌਹਾਨ- ਵਿਸ਼ਵ ਕਵਿਤਾ ( ਪੰਜਾਬੀ ਅਨੁਵਾਦ ਰਾਹੀਂ) ਗੁਰਦੇਵ ਚੌਹਾਨ

ਨਿਰਾਸ਼ਾ ਦਾ ਗੀਤ ( ਸੌਂਗ ਔਫ ਡੈਸਪਿਅਰ) ਪਾਬਲੋ ਨੈਰੂਦਾ (1904-1973) ( ਅੰਗਰੇਜੀ ਵਿਚ ਅਨੁਵਾਦ- ਡਬਲਯੂ ਐਸ ਮੈਰਵਿਨ)

ਪੰਜਾਬੀ ਵਿਚ ਅੰਗਰੇਜੀ ਵਿਚੋਂ ਅਨੁਵਾਦ ਗੁਰਦੇਵ ਚੌਹਾਨ

ਤੇਰੀ ਯਾਦ ਮੇਰੇ ਉਦਾਲੇ ਪਸਰੀ ਰਾਤ ਤੋਂ ਉੱਠ ਖਲੋਂਦੀ ਹੈ ਨਦੀ ਆਪਣਾ ਜ਼ਿੱਦੀ ਵਿਰਲਾਪ ਸਾਗਰ ਵਿਚ ਖੋਰਦੀ ਹੈ

ਵਿਰਾਨ, ਜਿਵੇਂ ਤੜਕਸਾਰ ਦਰਿਆਵਾਂ ਦੇ ਪੱਤਣ ਇਹ ਅਲ਼ਵਿਦਾ ਦੀ ਘੜੀ ਹੈ, ਐ ਮੇਰੇ ਵਿਛੜੇ ਛਿਣ

ਮੇਰੇ ਦਿਲ ਉੱਤੇ ਸਰਦ ਫੁੱਲ ਵਰ੍ਹ ਰਹੇ ਹਨ ਐ ਮਲਬੇ ਦੇ ਢੇਰ, ਡੁੱਬੇ ਹੋਏ ਜਹਾਜ਼ ਦੀ ਖ਼ਤਰਨਾਕ ਸੁਰੰਗ

ਤੇਰੇ ਵਿਚ ਜੰਗਾਂ ਅਤੇ ਲੜਾਈਆਂ ਜਮ੍ਹਾ ਹੋ ਗਈਆਂ ਤੇਰੇ ਵਿਚੋਂ ਗਾਣ ਵਾਲੇ ਪੰਛੀਆਂ ਨੇ ਆਪਣੇ ਖੰਭ ਖੋਲ੍ਹੇ

ਤੂੰ ਹਰ ਕੁਝ ਨੂੰ ਨਿਗਲ ਲਿਆ, ਫਾਸਲੇ ਵਾਂਗ ਸਮੁੰਦਰ ਵਾਂਗ, ਵਕਤ ਵਾਂਗ: ਡੁੱਬ ਗਿਆ ਤੇਰੇ ਵਿਚ ਸਭ

ਕਿਹਾ ਪ੍ਰਸੰਨ ਛਿਣ ਸੀ, ਧਾਵਾ ਬੋਲਣ ਦਾ, ਚੁੰਮੀ ਲੈਣ ਦਾ ਉਹ ਕੀਲੇ ਜਾਣ ਵਾਲੀ ਘੜੀ, ਲਿਸ਼ਕਦੀ ਚਾਨਣ ਮੁਨਾਰੇ ਵਾਂਗ

ਮਲਾਹ ਦਾ ਤੌਖਲਾ, ਅੰਧਾਧੁੱਤ ਗੋਤਾਖੋਰ ਦਾ ਭਿਅੰਕਰ ਕਰੋਧ ਪਿਆਰ ਦੇ ਨਸੇ ਦਾ ਹੜ੍ਹ, ਸਭ ਕੁਝ ਡੁੱਬ ਗਿਆ ਤੇਰੇ ਵਿਚ

ਬਚਪਨੀ ਧੁੰਦ ਵਿਚ ਆਤਮਾ ਨੇ ਉਡਾਰੀ ਭਰੀ ਪਰ ਜ਼ਖ਼ਮੀ ਹੋ ਗਈ ਐ ਨੁਕਸਾਨ ਦੇ ਖੋਜੀ, ਤੇਰੇ ਵਿਚ ਹੀ ਸਭ ਕੁਝ ਤਬਾਹ ਹੋ ਗਿਆ ਹੈ

ਐ ਘਿਰੇ ਹੋਏ ਦੁੱਖ ਤੂੰ ਖਾਹਿਸ਼ ਨਾਲ ਜੁੜਿਆ ਹੋਇਆ ਸੀ ਸੁੰਨ ਕਰਦੀ ਸੀ ਉਦਾਸੀ ਤੈਨੂੰ, ਤੇਰੇ ਵਿਚ ਗਰਕ ਗਿਆ ਸਭ ਕੁਝ

ਤੂੰ ਪਰਛਾਵੇਂ ਦੀ ਕੰਧ ਨੂੰ ਪਿਛਾਂਹ ਧੱਕ ਦਿੱਤਾ ਇੱਛਾ ਅਤੇ ਕਾਰਜ ਤੋਂ ਪਰਾਂਹ , ਅਤੇ ਤੂੰ ਤੁਰਦੀ ਰਹੀ

ਐ ਮੇਰੀ ਦੇਹ, ਮੇਰੇ ਆਪਣੇ ਬਦਨ, ਐ ਔਰਤ ਤੈਨੂੰ ਮੈਂ ਪਿਆਰ ਕੀਤਾ ਅਤੇ ਗੁਆ ਲਿਆ ਮੈਂ ਤੈਨੂੰ ਬੁਲਾਉਂਦਾ ਹਾਂ ਆਪਣੇ ਭਿਜੇ ਛਿਣ ਵਿਚ, ਉੱਚੀ ਕਰਦਾ ਹਾਂ ਗੀਤ ਦੀ ‘ਵਾਜ਼

ਜਿਵੇਂ ਇਹ ਕੱਚ ਦਾ ਗਿਲਾਸ ਹੋਵੇ ਤੂੰ ਆਪਣੇ ਵਿਚ ਅਨੰਤ ਕੂਲਾਪਣ ਭਰ ਲਿਆ ਸੀ ਅਤੇ ਤੇਰੀ ਅਨੰਤ ਗੁੰਮਨਾਮੀ ਕੱਚ ਦੇ ਗਿਲਾਸ ਵਾਂਗ ਟੁੱਟ ਗਈ

ਕੋਈ ਕਾਲੇ ਟਾਪੂਆਂ ਵਰਗੀ ਇਕੱਲਤਾ ਸੀ ਉਹ ਉਪਰੋਂ, ਐ ਪਿਆਰੀ ਔਰਤ, ਤੇਰੀਆਂ ਬਾਹਾਂ ਨੇ ਮੈਨੂੰ ਵਲ ਲਿਆ ਸੀ

ਮੈਂ ਪਿਆਸਾ ਸਾਂ, ਭੁੱਖਾ ਸਾਂ ਤੇਰਾ ਅਤੇ ਤੂੰ ਫਲ ਸੀ ਮੇਰਾ ਮੇਰਾ ਸੋਗ ਸੀ, ਵੀਰਾਨੀ ਸੀ, ਤੂੰ ਕਰਿਸ਼ਮਾ ਸੀ ਮੇਰੇ ਲਈ

ਐ ਔਰਤ, ਮੈਂ ਨਹੀਂ ਜਾਣਦਾ ਕਿ ਤੂੰ ਮੈਨੂੰ ਕਿਵੇਂ ਫਾਹ ਲਿਆ ਸੀ ਆਪਣੀ ਰੂਹ ਦੀ ਮਿੱਟੀ ਵਿਚ, ਆਪਣੀਆਂ ਬਾਹਾਂ ਦੀ ਸੂਲੀ ਵਿਚ

ਕਿੰਨੀ ਭਿਆਨਕ, ਕਿੰਨੀ ਸੰਖੇਪ ਸੀ ਤੇਰੇ ਲਈ ਮੇਰੀ ਖਾਹਿਸ਼ ਕਿੰਨੀ ਕਠਨ, ਮਦਹੋਸ਼, ਕਿੰਨੀ ਗੂੜੀ ਅਤੇ ਸੰਵੇਦਨਸ਼ੀਲ!

ਉਹ ਚੁੰਮੀਆਂ ਦੇ ਸ਼ਮਸ਼ਾਨ ਅਜੇ ਵੀ ਅੱਗ ਹੈ ਤੇਰੇ ਗੁੰਬਦਾਂ ਵਿਚ ਅਜੇ ਵੀ ਫਲਦਾਰ ਟਾਹਣੀਆਂ ਵਿਚ ਰਸ ਹੈ, ਪੰਛੀਆਂ ਦੇ ਟੁਕਣ ਲਈ

ਐ ਚੁੰਮੀਆਂ ਨਾਲ ਚੱਟੇ ਮੂੰਹ, ਐ ਚੁੰਮੇ ਹੋਏ ਅੰਗੋ ਐ ਭੁੱਖੇ ਦੰਦੋ, ਐ ਇਕ ਦੂਜੇ ਵਿਚ ਫਸੇ ਸਰੀਰੋ

ਉਹ ਆਸ ਅਤੇ ਬਲ ਵਿਚ ਪਾਗਲ ਦੋ ਸਰੀਰਾਂ ਦੀ ਜੱਫੀ ਅਸੀਂ ਜਿਸ ਵਿਚ ਇਕਮਿਕ ਹੋ ਜਾਂਦੇ ਸਾਂ ਅਤੇ ਨਿਰਾਸ਼ ਵੀ

ਉਹ ਸੁਬਕਤਾ, ਹਲਕੀ ਫੁੱਲ ਆਟੇ ਅਤੇ ਪਾਣੀ ਜਿਹੀ ਉਹ ਸ਼ਬਦ ਜਿਹੜੇ ਬੁੱਲ੍ਹਾਂ ਤੇ ਮੁਸ਼ਕਿਲ ਨਾਲ ਆਉਂਦੇ ਸਨ

ਉਹ ਮੇਰੀ ਕਿਸਮਤ ਸੀ , ਚਾਹਤ ਦਾ ਸਫਰ ਸੀ, ਇਸ ਵਿਚ ਮੇਰੀ ਲਾਲਸਾ ਗਿਰ ਗਈ ਇਸ ਵਿਚ, ਸਭ ਕੁਝ ਗਰਕ ਗਿਆ ਤੇਰੇ ਵਿਚ

ਐ ਵਾਸਨਾ ਦੇ ਖੂਹ , ਮੇਰਾ ਸਭ ਕੁਝ ਡੁੱਬ ਗਿਆ ਤੇਰੇ ਵਿਚ ਕੀ ਕੀ ਦੁੱਖ ਤੂੰ ਨਹੀਂ ਪ੍ਰਗਟਾਏ, ਕਿਹੜੇ ਸੋਗ ਵਿਚ ਤੂੰ ਨਹੀਂ ਡੁੱਬੀ

ਇਕ ਪਿਛੋਂ ਇਕ ਸਾਗਰੀ ਛੱਲ ਵਾਂਗ ਤੂੰ ਅਜੇ ਵੀ ‘ਵਾਜ਼ ਮਾਰਦੀ ਤੇ ਗਾਂਦੀ ਏਂ ਮਲਾਹ ਵਾਂਗ ਜਹਾਜ਼ ਦੀ ਛੱਤ ‘ਤੇ ਖਲੋਤੀ ਹੋਈ

ਤੂੰ ਅਜੇ ਵੀ ਗੀਤਾਂ ਵਿਚ ਖਿੜਦੀ ਏਂ, ਲਹਿਰਾਂ ਵਿਚ ਠੱਲਦੀ ਏਂ ਓ ਮਲਬੇ ਦੇ ਢੇਰ, ਖੁੱਲ੍ਹ ਜਾ ਖਿਲਾਰ ਦੇ ਇਹ ਕੌੜਾਪਨ

ਐ ਜ਼ਰਦ ਗੋਤਾਖੋਰ, ਬਦਕਿਸਮਤ ਸਾਕੀ ਗੁੰਮ ਗੁਆਚ ਗਏ ਹੋਏ ਖੋਜੀ, ਤੇਰੇ ਵਿਚ ਡੁੱਬ ਗਿਆ ਹੈ ਸਭ ਕੁਝ

ਵਿਦਾ ਵੇਲਾ, ਅਲਵਿਦਾ ਦੀ ਸਖ਼ਤ ਠਰੀ ਘੜੀ ਹੈ ਇਹ ਜਿਹੜੀ ਰਾਤ ਹਰ ਟਾਇਮਟੇਬਲ ਨਾਲ ਬੰਨ੍ਹ ਦਿੰਦੀ ਹੈ

ਜੰਗ ਲੱਗੀ ਪੇਟੀ ਨਾਲ ਸਾਗਰ ਆਪਣਾ ਤੱਟ ਬੰਨ੍ਹਦਾ ਹੇ ਠਰੇ ਤਾਰੇ ਸਾਹ ਲੈਂਦੇ ਹਨ, ਕਾਲੇ ਪੰਛੀ ਪਰਵਾਸ ਕਰਦੇ ਹਨ

ਤੜਕਸਾਰ ਸੁੰਨਸਾਨ ਪੱਤਣਾਂ ‘ਤੇ ਮੇਰੇ ਹੱਥਾਂ ਵਿਚ ਸਿਰਫ ਕੰਬਦੀ ਪਰਛਾਈ ਤ੍ਰਭਕਦੀ ਹੈ

ਉਹ ਹਰ ਚੀਜ਼ ਤੋਂ ਦੂਰ , ਬਹੁਤ ਦੂਰ, ਹਰ ਚੀਜ਼ ਤੋਂ ਦੂਰ

ਇਹ ਰੁਖ਼ਸਤ ਹੋਣ ਦੀ ਘੜੀ ਹੈ, ਐ ਵਿਸਾਰੇ ਜਾਣ ਵਾਲੇ ਜੀਵ * ਇਹ ਕਵਿਤਾ ਵੀਹ ਪਿਆਰ ਕਵਿਤਾਵਾਂ ਅਤੇ ਇਕ ਗੀਤ ਨਿਰਾਸ਼ਾ ਦਾ ਵਿਚੋਂ ਲਈ ਗਈ ਹੈ। ਇਹ ਨੈਰੂਦਾ ਦੀ ਪਹਿਲੀ ਕਾਵਿ ਰਚਨਾ ਸੀ ਅਤੇ ਇਹ 1924 ਵਿਚ ਪ੍ਰਕਾਸਿਤ ਹੋਈ ਸੀ ਜਦ ਨੈਰੂਦਾ ਸਿਰਫ਼ 19 ਸਾਲ ਦਾ ਸੀ। ਵੈਸੇ ਤਾਂ ਉਸਦੀ ਪਹਿਲੀ ਨਜ਼ਮ ਸਾਨਤਿਆਗੋ ਦੇ ਇਕ ਮੈਗਜ਼ੀਨ 14 ਸਾਲ ਦੀ ਉਮਰ ਵਿਚ ਹੀ ਛੱਪ ਗਈ ਸੀ। ਨੈਰੂਦਾ ਦਾ ਅਸਲੀ ਨਾਂ ਨੈਫਤਾਲੀ ਰਿਕਾਰਡੋ ਰੇਅਜ਼ ਸੀ। ਨੈਰੂਦਾ ਦਾ ਨਾਂ ਉਸ ਨੇ 19ਵੀਂ ਸਦੀ ਦੇ ਹਰਮਨ ਪਿਆਰੇ ਚੈਕ ਲੇਖਕ, ਜਾਨ ਨੈਰੂਦਾ, ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ। ਨੈਰੂਦਾ ਪਰਾਲ ਵਿਚ ਪੈਦਾ ਹੋਇਆ ਸੀ ਜਿਹੜਾ ਸਥਾਨ ਸਾਨਤਿਆਗੋ (ਚਾਇਲ) ਤੋਂ 200 ਮੀਲ ਦੱਖਣ ਵਿਚ ਹੈ। ਨੈਰੂਦਾ ਦੇ ਜਨਮ ਤੋਂ ਇਕ ਮਹੀਨਾ ਬਾਅਦ ਵਿਚ ਹੀ ਉਸ ਦੀ ਮਾਂ ਦੀ ਟੀਬੀ ਨਾਲ ਮੌਤ ਹੋ ਗਈ ਸੀ ਸੋ ਨੈਰੂਦਾ ਦੇ ਬਚਪਨ ਦਾ ਬਹੁਤਾ ਸਮਾਂ ਟੈਮੂਕੋ ਵਿਚ ਬੀਤਿਆ ਜਿੱਥੇ ਨੈਰੂਦਾ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ। ਨੈਰੂਦਾ ਨੂੰ ਆਪਣੀ ਮਤਰੇਈ ਮਾਂ ਤੋਂ ਵੀ ਬਹੁਤ ਪਿਆਰ ਮਿਲਿਆ। ਉਸੇ ਸ਼ਹਿਰ ਦੇ ਇਕ ਕੁੜੀਆਂ ਦੇ ਸਕੂਲ ਵਿਚ, ਚਾਇਲ ਦੀ ਪਹਿਲੀ ਨੋਬਲ ਇਨਾਮ ਵਿਜੇਤਾ, ਗੈਬਰੀਲ ਮਿਸਤਰਾਲ ਵੀ ਪੜ੍ਹਾਂਦੀ ਸੀ, ਜਿਸ ਨਾਲ ਨੈਰੂਦਾ ਦੀ ਵਾਕਫੀਅੱਤ ਹੋ ਗਈ ਸੀ ਅਤੇ ਉਹ ਉਸ ਪਾਸੋਂ ਬਹੁਤ ਸਾਰੀਆਂ ਕਵਿਤਾ ਦੀਆਂ ਕਿਤਾਬਾਂ ਲੈ ਕੇ ਪੜ੍ਹਦਾ ਰਹਿੰਦਾ ਸੀ। ਇਸ ਪੁਸਤਕ ਦੀਆਂ ਕਵਿਤਾਵਾਂ ਦੀ ਪਹਿਲਾਂ ਪਹਿਲ ਇਸ ਵਿਚਲੇ ਕਾਮੁਕ ਪਹਿਲੂਆਂ ਦੀ ਕਾਫੀ ਆਲੋਚਨਾ ਹੋਈ ਪਰ ਛੇਤੀਂ ਹੀ ਇਸ ਦੀ ਪ੍ਰਸਿੱਧੀ ਵੀ ਹੋ ਗਈ। ਕਹਿੰਦੇ ਹਨ ਕਿ ਉਹ ਦਿਨ ਵਿਚ ਤੀਹ ਤੀਹ ਨਜ਼ਮਾਂ ਵੀ ਲਿਖ ਲੈਂਦਾ ਸੀ। ਨੈਰੂਦਾ ਨੂੰ ਚਾਰ ਕੌਂਸਲਰ ਨਿਯੁਕਤੀਆਂ ਪ੍ਰਾਪਤ ਹੋਈਆਂ ਅਤੇ ਬਾਅਦ ਵਿਚ ਨੋਬਲ ਇਨਾਮ ਵੀ ਮਿਲਿਆ। ਨਿਰਸੰਦੇਹ ੳਸ ਦੀ ਕਵਿਤਾ, ਖਾਸ ਤੌਰ ਤੇ ਇਸਦੀ ਆਮ ਜੀਵਨ ਅਤੇ ਵਸਤਾਂ ਦੀ ਲੁਕੀ ਸੁੰਦਰਤਾ ਨੂੰ ਉਘਾੜ ਸਕਣ ਦੀ ਸੰਭਵਤਾ ਕਾਰਨ ਵਿਸ਼ਵ ਭਰ ਵਿਚ ਸਲਾਹੀ ਗਈ ਹੈ। ਹਾਲ ਵਿਚ ਹੀ ਉਸ ਦੇ ਕਈ ਜੀਵਨ ਹਾਦਸਿਆਂ ਨੂੰ ਲੈ ਕੇ ਕੁਝ ਆਲੋਚਨਾ ਵੀ ਹੋਈ ਹੈ ਅਤੇ ਉਸ ਦੇ ਦੇਸ਼ ਦੀਆਂ ਕਈ ਔਰਤ ਸੰਸਥਾਵਾਂ ਨੇ ਉਸ ਦੀ ਔਰਤਾਂ ਪ੍ਰਤੀ ਗੈਰ-ਜੁੰਮੇਵਾਰ ਵਰਤਾਵਿਆਂ ਦੀ ਡੂੰਘੀ ਨਿੰਦਾ ਕੀਤੀ ਹੈ ਜਿਸ ਵਿਚ ਖਾਸ ਤੌਰ ‘ਤੇ ਉਸਦਾ ਬਰਮਾ ਦੀ ਰਹਿਣ ਵਾਲੀ ਜਾਸੀ ਬਲਿਸ (ਜੋਜ਼ੀ ਬਲੈਸ) ਜਿਸ ਦਾ ਅਸਲੀ ਨਾਂ ਮਲਿੰਗਨਾ ਸੀ ਨਾਲ ਕਰੂਰ ਵਰਤਾਵੇ ਅਤੇ ਇਕ ਤਾਮਿਲ ਔਰਤ ਦਾ ਰੇਪ ਵੀ ਸਾਮਿਲ ਹੈ ਜਦ ਉਹ ਬਰਮਾ ਅਤੇ ਸਿਰੀਲੰਕਾਂ ਵਿਚ ਚਾਇਲ ਦਾ ਰਾਜਦੂਤ ਸੀ। ਇਸ ਇਸਤਰੀ ਆਦੋਲਨ ਸਦਕਾ ਸਾਨ ਤਿਆਗੋ ਦੇ ਹਵਾਈ ਅੱਡੇ ਦਾ ਨਾਂ ਜਿਹੜਾ ਨੈਰੂਦਾ ਦੇ ਨਾਂ ‘ਤੇ ਰਖਿਆ ਜਾਣਾ ਲਗਭਗ ਤੈਹ ਹੋ ਗਿਆ ਸੀ, ਹੁਣ ਅਸੰਭਵ ਹੋ ਗਿਆ ਜਾਪਦਾ ਹੈ। ਗੁਰਦੇਵ ਚੌਹਾਨ

Comments


bottom of page