top of page
  • Writer's pictureਸ਼ਬਦ

ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਦਾ ਵਿਦਿਅਕ ਅਦਾਰਿਆਂ ਵਿਚ ਸਤਿਕਾਰ ਯੋਗ ਨਾਂ-

ਮੈਨੂੰ ਡਾਕਟਰ ਨਿਰਮਲ ਧੱਲੂ ਦਾ ਫੋਨ ਆਈਆ ਕਿ ਸ਼ੇਰਗਿੱਲ ਸਾਬ ਪੂਰੇ ਹੋ ਗਏ। ਮੇਰੇ ਜ਼ਿਹਨ ਵਿਚ 53 ਸਾਲ ਪਹਿਲਾਂ ਦੇਖਿਆ ਕਿਸੇ ਵੱਡੇ ਅਫਸਰ ਵਰਗਾ ਦਗ਼ ਦਗ਼ ਕਰਦਾ ਚਿਹਰਾ ਘੁੰਮ ਗਿਆ। 1967 ਵਾਲੇ ਸਾਲ ਮੈਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਦਾਖਲਾ ਲਿਆ ਤੇ ਸ਼ੇਰਗਿੱਲ ਸਾਬ ਨੂੰ ਕਾਲਜ ਦੀ ਕਮੇਟੀ ਵਲੋਂ ਨਵੇਂ ਖੁਲ੍ਹੇ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ ਪ੍ਰਿੰਸੀਪਲ ਬਣਾ ਕੇ ਭੇਜ ਦਿਤਾ ਗਿਆ ਸੀ। ਉਹਨਾਂ ਦੇ ਜਾਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਬਹੁਤ ਵਧੀਆ ਸ਼ਬਦਾਂ ਵਿਚ ਚੇਤੇ ਕਰਦਾ। ਕਰਤਾਰ ਸਿੰਘ ਤਾਰ ਕੋਲ ਮੈਂ ਪੜਿਆ ਹਾਂ। ਕਰਤਾਰ ਸਿੰਘ ਤਾਰ ਤੇ ਸ਼ੇਰਗਿੱਲ ਦੀ ਦੋਸਤੀ ਦੀਆਂ ਵੀ ਵਾਹਵਾ ਗੱਲਾਂ ਹੁੰਦੀਆਂ। ਤਾਰ ਸਾਬ ਵੀ ਆਪਣੀਆਂ ਗੱਲਾਂ ਵਿਚ ਉਹਨਾਂ ਦਾ ਅਕਸਰ ਜ਼ਿਕਰ ਕਰਦੇ। ਉਹਨਾਂ ਨੇ ਆਪਣੀ ਮਿਹਨਤ ਨਾਲ ਜਲਦੀ ਹੀ ਗੁਰੂ ਗੋਬਿੰਦ ਸਿੰਘ ਕਾਲਜ ਨੂੰ ਚੰਡੀਗੜ ਦੇ ਪ੍ਰਮੁੱਖ ਕਾਲਜਾਂ ਵਿਚ ਲਿਆ ਖੜਾ ਕੀਤਾ। ਮੇਰਾ ਕੋਈ ਨਾ ਕੋਈ ਦੋਸਤ ਇਸ ਕਾਲਜ ਵਿਚ ਅਧਿਆਪਕ ਵਜੋਂ ਸੇਵਾ ਨਿਭਾਉਂਦਾ ਰਿਹਾ ਹੈ। ਅੱਜ ਵੀ ਡਾਕਟਰ ਜਗਦੀਪ ਤੇ ਦੇਵਿੰਦਰ ਸਿੰਘ ਉਥੇ ਪੜ੍ਹਾ ਰਹੇ ਹਨ। ਭਾਵੇਂ ਸ਼ੇਰਗਿੱਲ ਸਾਬ ਕਦੋਂ ਦੇ ਸੇਵਾ ਮੁਕਤ ਹੋ ਚੁੱਕੇ ਸਨ ਪਰ ਹਰ ਕੋਈ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਚੇਤੇ ਜ਼ਰੂਰ ਕਰਦਾ ਹੈ।

ਉਹਨਾਂ ਦੇ ਪੂਰੇ ਹੋਣ ਦੀ ਖ਼ਬਰ ਕੁਝ ਦੁਖੀ ਜ਼ਰੂਰ ਕਰ ਗਈ ਹੈ ਪਰ ਇਹ ਤਸੱਲੀ ਹੈ ਕਿ ਉਹਨਾਂ ਨੇ ਭਰਪੂਰ ਜ਼ਿੰਦਗੀ ਜੀਵੀ। ਉਹਨਾਂ ਦੀਆਂ ਪ੍ਰਾਪਤੀਆਂ ਦੀ ਲਿਸਟ ਬਹੁਤ ਲੰਮੀ ਹੈ। ਵਿਦਿਅਕ ਅਦਾਰਿਆਂ ਵਿਚ ਉਹਨਾਂ ਦਾ ਨਾਂ ਬਹੁਤ ਇਜ਼ਤ ਨਾਲ ਲਿਆ ਜਾਂਦਾ ਹੈ। ਡਾਕਟਰ ਨਿਰਮਲ ਧੱਲੂ ਦਾ ਸ਼ੇਰਗਿੱਲ ਸਾਬ ਨਾਲ ਬਹੁਤ ਨੇੜੇ ਦਾ ਰਿਸ਼ਤਾ ਸੀ। ਉਹ ਧੱਲੂ ਜੀ ਦੇ ਪਿਤਾ ਜੀ ਦੇ ਦੋਸਤ ਸਨ। ਧੱਲੂ ਜੀ ਦੇ ਪਿਤਾ ਦਾ ਵੀ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਨਿਰਮਾਣ ਵਿਚ ਹੱਥ ਰਿਹਾ ਹੈ ਜਿਸ ਕਾਲਜ ਨੇ ਇਲਾਕੇ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵਿਦਿਆ ਦੇ ਕੇ ਉਹਨਾਂ ਨੂੰ ਆਪਣਾ ਜੀਵਨ ਪੱਧਰ ਉਚਾ ਚੁੱਕਣ ਵਿਚ ਮੱਦਦ ਕੀਤੀ। ਉਹਨਾਂ ਵਿਚੋਂ ਮੈਂ ਵੀ ਇਕ ਹਾਂ।

ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੇ ਡਾ ਧੱਲੂ ਤੇ ਮੇਰੇ ਵਰਗੇ ਸ਼ੁਭਚਿੰਤਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਅਸੀਂ ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਣਾ ਚਾਹੁੰਦੇ ਹਾਂ ਪਰ ਕੋਵਿਡ-19 ਕਾਰਨ ਫੋਨ ਉਪਰ ਹੀ ਆਪਣੇ ਜਜ਼ਬਾਤ ਸਾਂਝੇ ਕਰ ਰਹੇ ਹਾਂ। ਅੱਜ ਸ਼ੇਰਗਿੱਲ ਜੀ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਦੀ ਯਾਦ ਸਦਾ ਸਾਡੇ ਨਾਲ ਰਹੇਗੀ। ਉਹਨਾਂ ਦੇ ਕੀਤੇ ਕੰਮਾਂ ਰਾਹੀਂ ਉਹ ਲੋਕਾਂ ਦੇ ਵਿਚਕਾਰ ਰਹਿਣਗੇ।

ਹਰਜੀਤ ਅਟਵਾਲ

Comentários


bottom of page