top of page
  • Writer's pictureਸ਼ਬਦ

ਸੋਲਜ਼ਰ /

ਮਹਿੰਦਰਪਾਲ ਸਿੰਘ ਧਾਲੀਵਾਲ ਯੂ ਕੇ /

  ਮੈਂ ਥਕੇਵਾਂ ਮਹਿਸੂਸ ਕਰਦਿਆਂ ਆਮ ਨਾਲੋਂ ਜਲਦੀ ਅਜੇ ਸੌਣ ਲਈ ਆਪਣੇ ਕਮਰੇ ਵਿਚ ਗਿਆ ਹੀ ਸੀ ਤਾਂ ਡੋਰ ਬੈਲ ਸੁਣ ਕੇ ਮੈਂ ਠਠੰਬਰ ਜਿਹਾ ਗਿਆ। ਰਾਤ ਦੇ ਨੌਂ ਵੱਜੇ ਸਨ। ਮੇਰਾ ਬੇਟਾ ਅਜੀਤ ਕਦੋਂ ਦਾ ਘਰ ਆ ਚੁੱਕਿਆ ਸੀ। ਬੱਚੇ ਵੀ ਆਪਣੇ ਆਪਣੇ ਬਿਸਤਰਿਆਂ ਵਿਚ ਸੌਂ ਰਹੇ ਸਨ। ਘਰ ਦੇ ਸਾਰੇ ਮੈਂਬਰ ਘਰ ਸਨ। ਇਸ ਵੇਲੇ ਕਿਸੇ ਦੇ ਆਉਣ ਦਾ ਵੀ ਕੋਈ ਖਾਸ ਕਾਰਨ ਹੀ ਹੋ ਸਕਦਾ ਸੀ। ਮੈਂ ਸੋਚਦਾ ਪੌੜੀਆਂ ਉੱਤਰ ਗਿਆ ਤੇ ਦਰਵਾਜ਼ੇ ਕੋਲ ਜਾ ਖੜ੍ਹਾ ਹੋਇਆ। 'ਆਈ ਹੋਲ' ਵਿਚੋਂ ਦੀ ਬਾਹਰ ਵੇਖਿਆ ਤਾਂ ਜੇਸਨ ਖੜ੍ਹਾ ਸੀ।

 ਜੇਸਨ ਨੂੰ ਵੇਖ ਕੇ ਮੈਨੂੰ ਖੁਸ਼ੀ ਵੀ ਹੋਈ ਤੇ ਕੁਵੇਲੇ ਆਉਣ ਕਰਕੇ ਹੈਰਾਨੀ ਵੀ। ਮੈਂ ਉਸ ਨੂੰ ਦਰਵਾਜ਼ਾ ਖੋæਿਲ੍ਹਆ।

"ਸੌਰੀ ਮਿਸਟਰ ਸਿੰਘ ਮੈਂ ਕਾਫੀ ਲੇਟ ਹੋ ਗਿਆ। ਆਉਣਾ ਤਾਂ ਮੈਂ ਜਲਦੀ ਚਾਹੁੰਦਾ ਸੀ। ਬੱਸ ਐਵੇਂ ਈ--।" ਜੇਸਨ ਟੁੱਟਵੇਂ ਜਿਹੇ ਵਾਰਤਾਲਾਪ ਵਿਚ ਉਲਝਿਆ ਖੜ੍ਹਾ ਸੀ।

"ਆ ਜਾ ਕੋਈ ਗੱਲ ਨੀ। ਕੀ ਹਾਲ ਐ ਤੇਰਾ--?" ਮੈਂ ਉਸ ਨੂੰ ਹਲਕੀ ਜਿਹੀ ਜੱਫੀ ਪਾਉਂਦਿਆਂ ਪੁੱਛਿਆ।

"ਠੀਕ ਐ---।" ਕਹਿੰਦਿਆਂ ਉਹ ਸਿਟਿੰਗ ਰੂਮ ਵੱਲ ਨੂੰ ਚੱਲ ਪਿਆ।

  ਜੇਸਨ ਲਈ ਸਾਡਾ ਘਰ ਕੋਈ ਓਪਰਾ ਨਹੀਂ ਸੀ। ਇਸ ਘਰ ਵਿਚ ਕੁਝ ਸਾਲ ਪਹਿਲਾਂ ਹੀ ਅਸੀਂ ਆਏ ਸੀ। ਪਹਿਲਾਂ ਅਸੀਂ ਜੇਸਨ ਦੇ ਘਰ ਦੇ ਗੁਆਂਢ ਵਿਚ ਰਹਿੰਦੇ ਸੀ ਤੇ ਸਾਡੀ ਕੰਧ ਸਾਂਝੀ ਸੀ। ਜੇਸਨ ਅਤੇ ਮੇਰਾ ਬੇਟਾ ਅਜੀਤ ਇਕੋ ਹੀ ਉਮਰ ਦੇ ਸਨ ਅਤੇ ਇਕ ਹੀ ਸਕੂਲ ਵਿਚ ਜਮਾਤੀ ਵੀ। ਉਹਨਾਂ ਦੀ ਦੋਸਤੀ ਵੀ ਬਹੁਤ ਚੰਗੀ ਸੀ।

 ਜੇਸਨ ਦਾ ਪਿਤਾ 'ਕਰਿਸ ਗੁਡਮੈਨ' ਫੌਜੀ ਆਦਮੀ ਸੀ। ਉਸ ਦੀ ਮਾਂ ਸਾਂਡਰਾ ਕਿਸੇ ਦਫ਼ਤਰ ਵਿਚ ਕੰਮ ਕਰਦੀ ਸੀ। ਮੈਂ ਸਵੇਰੇ ਕੰਮ 'ਤੇ ਜਾਂਦਾ ਤੇ ਦੋ ਵਜੇ ਘਰ ਆ ਜਾਂਦਾ। ਸਾਂਡਰਾ ਦਫ਼ਤਰ ਜਾਣ ਲੱਗੀ ਅਜੀਤ ਅਤੇ ਜੇਸਨ ਨੂੰ ਸਕੂਲ ਛੱਡ ਜਾਂਦੀ ਤੇ ਮੈਂ ਸਾਢੇ ਤਿੰਨ ਵਜੇ ਉਹਨਾਂ ਨੂੰ ਸਕੂਲੋਂ ਲੈ ਆਉਂਦਾ। ਸਾਂਡਰਾ ਦੇ ਪੰਜ ਵਜੇ ਕੰਮ ਛੱਡ ਕੇ ਆਉਣ ਤੱਕ ਜੇਸਨ ਸਾਡੇ ਘਰ ਹੀ ਰਹਿੰਦਾ। ਉਹ ਤੇ ਅਜੀਤ ਜਾਂ ਤਾਂ ਖੇੜ੍ਹਦੇ ਰਹਿੰਦੇ ਜਾਂ ਟੀ ਵੀ ਵੇਖਦੇ ਰਹਿੰਦੇ। ਸਾਂਡਰਾ ਕੰਮ ਤੋਂ ਆਉਂਦੀ ਤੇ ਜੇਸਨ ਨੂੰ ਘਰ ਲੈ ਜਾਦੀ। ਇੰਝ ਸਾਡਾ ਰਿਸ਼ਤਾ ਕਾਫੀ ਗੂੜ੍ਹਾ ਬਣ ਗਿਆ ਸੀ।

  ਕਰਿਸ ਵੀ ਮਹੀਨਿਆਂ ਬਾਅਦ ਛੁੱਟੀ ਆਉਂਦਾ। ਸਾਂਡਰਾ ਲਈ ਜਿਵੇਂ ਚੰਦ ਚੜ੍ਹ ਜਾਂਦਾ। ਵੈਸੇ ਵੀ ਸਾਂਡਰਾ ਰਲੌਟੇ ਅਤੇ ਖੁਸ਼-ਰਹਿਣੇ ਸੁਭਾਅ ਦੀ ਮਾਲਕ ਸੀ। ਕਰਿਸ ਦੇ ਆਉਣ ਨਾਲ ਤਾਂ ਉਹ ਹੋਰ ਵੀ ਚੁਲਬਲੀ ਹੋ ਜਾਂਦੀ। ਉਹ ਰਲ-ਮਿਲ ਕੇ ਗਰਮੀਆਂ ਦੀ ਰੁੱਤ ਵਿਚ ਗਾਰਡਨ ਦਾ ਕੰਮ ਕਰਦੇ। ਫੁੱਲ ਲਗਾਉਂਦੇ। ਬੂਟੇ ਲਾਉਂਦੇ। ਖੁਸ਼ ਖੁਸ਼ ਉਹ ਗੱਲਾਂ ਕਰਦੇ ਆਪਣੇ ਆਪ ਵਿਚ ਮਸਤ ਪਿਆਰ ਵਿਚ ਮਗਨ ਚੁੰਮਣ-ਚੱਟਣ ਕਰਦੇ ਰਹਿੰਦੇ। ਕਰਿਸ ਚਲਾ ਜਾਂਦਾ ਤਾਂ ਸਾਂਡਰਾ ਫੁੱਲਾਂ ਨੂੰ ਇੰਝ ਪਾਲਦੀ ਜਿਵੇਂ ਉਹ ਕਰਿਸ ਦੀ ਨਿਸ਼ਾਨੀ ਨੂੰ ਸੰਭਾਲ ਰਹੀ ਹੋਵੇ। ਜੇਸਨ ਵਾਂਗ ਹੀ ਉਹ ਫੁੱਲਾਂ ਨੂੰ ਪਿਆਰਦੀ। ਉਸ ਦੇ ਚਿਹਰੇ 'ਤੇ ਸੋਚਵਾਨ ਖੁਸ਼ੀ ਨਚਦੀ ਰਹਿੰਦੀ। ਫੁੱਲ ਰੁੱਤ ਨਾਲ ਖਿੜਦੇ। ਸਾਡੇ ਘਰ ਵੀ ਭੋਰਾ ਮਹਿਕ ਆਉਂਦੀ। ਉਹਨਾਂ ਨੂੰ ਵੇਖ ਕੇ ਮੈਨੂੰ ਵੀ ਫੁੱਲ ਬੂਟੇ ਲਗਾਉਣ ਦਾ ਸ਼ੌਕ ਹੋ ਗਿਆ। ਉਹ ਦੋਵੇਂ ਜੀਅ ਫੁੱਲਾਂ ਦੀ ਚੋਣ ਵਿਚ ਮੇਰੀ ਮਦਦ ਕਰਦੇ। ਇੰਝ ਸਾਡੇ ਦੋਵਾਂ ਘਰਾਂ ਦੇ ਗਾਰਡਨ ਸਾਰੀ ਸੜਕ 'ਤੇ ਸਥਿਤ ਘਰਾਂ ਦੇ ਬਗੀਚਿਆਂ ਨਾਲੋਂ ਸੁਹਣੇ ਲਗਦੇ।

  ਕਰਿਸ ਦੀ ਛੁੱਟੀ ਸਮੇਂ ਮੈਂ ਤੇ ਕਰਿਸ ਵੀ ਕੋਈ ਕੋਈ ਸ਼ਾਮ ਸਾਂਝੀ ਕਰ ਲੈਂਦੇ। ਜਾਂ ਤਾਂ ਅਸੀਂ ਘਰ ਬੈਠਦੇ ਜਾਂ ਪੱਬ ਨੂੰ ਚਲੇ ਜਾਂਦੇ। ਕਰਿਸ ਨੂੰ ਵਾਈਨ ਦਾ ਸ਼ੌਕ ਸੀ ਤੇ ਮੈਂ ਬੀਅਰ ਜਾਂ ਵਿਸਕੀ ਪੀਂਦਾ। ਅਸੀਂ ਕਦੀ ਕਦੀ ਤਾਂ ਵਿਸਕੀ ਅਤੇ ਵਾਈਨ ਦੇ ਸਬੰਧ ਵਿਚ ਹੀ ਗੱਲਾਂ ਕਰਦੇ ਤੇ ਕਦੇ ਸਿਆਸਤ, ਧਰਮ ਅਤੇ ਦੁਨੀਆਂ ਬਾਰੇ ਗੱਲਾਂ ਹੁੰਦੀਆਂ। ਕਰਿਸ ਕਾਫੀ ਗਿਆਨਵਾਨ ਅਤੇ ਦੁਨੀਆਂ ਵਿਚ ਘੁੰਮਿਆ ਫਿਰਿਆ ਆਦਮੀ ਸੀ। ਸਾਡੇ ਵਿਚਾਰ ਬਹੁਤ ਵਾਰ ਵੱਖਰੇ ਵੀ ਹੁੰਦੇ। ਅਸੀਂ ਇਕ ਦੂਜੇ ਨੂੰ ਸੁਣਦੇ ਤੇ ਵੱਖਰੇ ਵਿਚਾਰਾਂ ਦੇ ਹੁੰਦਿਆਂ ਗੱਲ ਕਿਸੇ ਹੋਰ ਵਿਸ਼ੇ 'ਤੇ ਤੋਰ ਲੈਂਦੇ।

  ਸਭ ਤੋਂ ਵੱਖਰੇਵੇਂ ਵਾਲਾ ਵਿਸ਼ਾ ਫੌਜ ਅਤੇ ਫੌਜੀ ਦੇ ਰੋਲ ਸਬੰਧੀ ਹੁੰਦਾ। ਕਰਿਸ ਨੂੰ ਆਪਣੇ 'ਸੋਲਜ਼ਰ' ਹੋਣ 'ਤੇ ਮਾਣ ਸੀ। ਉਹ ਸਦਾ ਫੌਜ ਦੇ ਰੋਲ ਨੂੰ ਮਨੁੱਖਤਾ ਪੱਖੀ ਬਿਆਨ ਕਰਦਾ: 'ਦੇਸ਼ ਦੀਆਂ ਸਰਹੱਦਾਂ ਅਤੇ ਲੋਕਾਂ ਦੀ ਰਾਖੀ ਲਈ ਫੌਜੀ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਜੇ ਦੂਜੀ ਵੱਡੀ ਜੰਗ ਵਿਚ ਫੌਜ ਨੇ ਹਿਟਲਰ ਦਾ ਮੁਕਾਬਲਾ ਨਾ ਕੀਤਾ ਹੁੰਦਾ ਤਾਂ ਬ੍ਰਿਟੇਨ ਸ਼ਾਇਦ ਅੱਜ ਜਰਮਨੀ ਦਾ ਗੁਲਾਮ ਹੁੰਦਾ ਤੇ ਯੂਰਪ ਦਾ ਤੇ ਸਾæਇਦ ਦੁਨੀਆਂ ਦਾ ਨਕਸ਼ਾ ਹੀ ਹੋਰ ਹੁੰਦਾ---।'

'ਕਰਿਸ, ਦੁਨੀਆਂ ਭਰ ਦੇ ਦੇਸ਼ ਆਪਣੀ ਫੌਜੀ ਤਾਕਤ 'ਤੇ ਕਿੰਨੀ ਵੱਡੀ ਰਕਮ ਖਰਚਦੇ ਐ। ਨਵੇਂ ਨਵੇਂ ਤੇ ਖਤਰਨਾਕ ਹਥਿਆਰ ਬਣਾਈ ਜਾਂਦੇ ਐ। ਜੇ ਇਹੋ ਪੈਸਾ ਮਨੁੱਖਤਾ ਦੀ ਭਲਾਈ 'ਤੇ ਲੱਗੇ ਤਾਂ ਦੁਨੀਆਂ ਵਿਚ ਕੋਈ ਭੁੱਖਾ ਨਾ ਮਰੇ--।' ਮੈਂ ਉਸ ਨੂੰ ਜਵਾਬ ਦਿੰਦਾ ਤਾਂ ਉਹ ਬੇਯਕੀਨੀ ਨਾਲ ਮੇਰੇ ਵੱਲ ਵੇਖਦਾ।

'ਫੌਜ ਸਦਾ ਬਾਹਰੀ ਤਾਕਤਾਂ ਨਾਲ ਹੀ ਨਹੀਂ ਲੜਦੀ। ਬਹੁਤ ਵਾਰ ਖਤਰਾ ਦੇਸ਼ ਦੇ ਅੰਦਰੋਂ ਵੀ ਹੁੰਦਾ। ਅੱਤਵਾਦ ਨਾਲ ਨਜਿੱਠਣਾ ਵੀ ਤਾਂ ਫੌਜ ਦਾ ਕੰਮ ਐ---।'

'ਠੀਕ ਐ ਕੁਝ ਕੁਦਰਤੀ ਆਫਤਾਂ ਲਈ ਤੇ ਅੰਦਰੂਨੀ ਲਾਅ ਐਂਡ ਆਰਡਰ ਲਈ ਫੌਜ ਚਾਹੀਦੀ ਐ। ਅਜਿਹੀ ਫੌਜ ਲਈ ਮਾਰੂ ਹਥਿਆਰਾਂ ਦੀ ਲੋੜ ਨਹੀਂ ਹੁੰਦੀ ਤੇ ਨਾ ਰੱਜੇ ਪੁੱਜੇ ਸੰਤੁਸ਼ਟ ਲੋਕਾਂ ਨੂੰ ਅੱਤਵਾਦੀ ਬਣਨ ਦੀ ਲੋੜ ਹੁੰਦੀ ਐ--।'

'ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ---।' ਕਰਿਸ ਦੇ ਬੋਲਾਂ ਵਿਚ ਮਾਮੂਲੀ ਜਿਹਾ ਤਿੱਖਾਪਣ ਆ ਜਾਂਦਾ।

'ਅਮਰੀਕਾ ਦੀਆਂ ਸਟੇਟਾਂ ਕਦੇ ਵੱਖਰੀਆਂ ਸਨ। ਹੁਣ ਵੀ ਉਥੇ ਕੁਝ ਕਨੂੰਨ ਇਕ ਦੂਜੀ ਸਟੇਟ ਨਾਲੋਂ ਵੱਖਰੇ ਐ। ਯੂਰਪ ਨੇ ਆਪਣੀ ਸਾਂਝੀ ਕਰੰਸੀ ਬਣਾ ਲਈ ਐ ਤੇ ਬਹੁਤ ਸਾਰੇ ਕਨੂੰਨ ਵੀ ਅਜਿਹੇ ਐ ਜੋ ਹਰ ਸਟੇਟ 'ਤੇ ਲਾਗੂ ਹੁੰਦੇ ਐ। ਉਹਨਾਂ ਦੇਸ਼ਾਂ ਦੇ ਬਾਰਡਰ ਇਕ ਦੂਜੇ ਲਈ ਖੁੱਲ੍ਹੇ ਐ। ਸੋਚ ਜੇ ਸਾਰੀ ਦੁਨੀਆਂ ਦੀ ਇਕ ਸੈਂਟਰ ਸਰਕਾਰ ਹੋਵੇ ਤਾਂ ਦੱਸ ਫੌਜ ਦੀ ਕੀ ਲੋੜ ਐ?' ਮੈਂ ਉਸ ਨੂੰ ਕਲਪਨਾ ਦੇ ਘੋੜੇ ਦੀ ਸਵਾਰੀ ਕਰਵਾਉਂਦਾ। ਉਹ ਸਿਰ ਮਾਰਦਾ ਤੇ ਅਸੀਂ ਗੱਲਾਂ ਦਾ ਰੁਖ ਬਦਲ ਲੈਂਦੇ। ਸਾਂਡਰਾ ਸਾਡੀਆਂ ਗੱਲਾਂ ਧਿਆਨ ਨਾਲ ਸੁਣਦੀ ਪਰ ਆਪਣੀ ਰਾਇ ਘੱਟ ਹੀ ਦਿੰਦੀ।

  ਇਕ ਦਿਨ ਸਾਂਡਰਾ ਦੋ ਕੁ ਵਜੇ ਹੀ ਕੰਮ ਤੋਂ ਆ ਗਈ। ਮੈਂ ਵੀ ਅਜੇ ਕੰਮ ਤੋਂ ਆ ਹੀ ਰਿਹਾ ਸੀ। ਮੈਨੂੰ ਹੈਰਾਨੀ ਹੋਈ। ਇਕ ਸਰਕਾਰੀ ਕਿਸਮ ਦੀ ਕਾਰ ਵਿਚ ਦੋ ਆਦਮੀ ਉਸ ਦੀ ਉਡੀਕ ਕਰ ਰਹੇ ਸਨ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਮੈਂ ਦੁਚਿੱਤੀ ਵਿਚ ਘਰ ਅੰਦਰ ਗਿਆ ਤੇ ਪਤਨੀ ਨੂੰ ਹਾਲ ਬਿਆਨ ਕੀਤਾ। ਉਹ ਵੀ ਹੈਰਾਨ ਜਿਹੀ ਖੜ੍ਹੀ ਰਹੀ।

   ਕੁਝ ਦੇਰ ਬਾਅਦ ਮੈਂ ਬੱਚਿਆਂ ਨੂੰ ਸਕੂਲੋਂ ਲੈਣ ਚਲਾ ਗਿਆ। ਮੇਰੇ ਆਉਣ ਵੇਲੇ ਤੱਕ ਉਹ ਆਦਮੀ ਚਲੇ ਗਏ ਸਨ। ਜੇਸਨ ਨੇ ਸਾਂਡਰਾ ਦੀ ਕਾਰ ਵੇਖ ਲਈ ਤੇ ਹੈਰਾਨੀ ਨਾਲ ਬੋਲਿਆ: 'ਮੰਮ ਤਾਂ ਆ ਵੀ ਗਈ---।' ਉਹ ਬਿਨਾਂ ਰੁਕਿਆਂ ਆਪਣੇ ਘਰ ਚਲਾ ਗਿਆ। ਮੈਂ ਵੀ ਉਸ ਦੇ ਪਿੱਛੇ ਹੀ ਸਾਂਡਰਾ ਦੀ ਡੋਰ ਬੈਲ ਜਾ ਕੀਤੀ। ਸਾਂਡਰਾ ਨੇ ਹੀ ਦਰਵਾਜ਼ਾ ਖੋਲ੍ਹਿਆ। ਉਸ ਦੀ ਅੱਖਾਂ ਛਲਕ ਰਹੀਆਂ ਸਨ। ਕਰਿਸ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਗਈ ਤੇ ਨਾਲ ਹੀ ਕਿਸੇ ਅਣਹੋਣੀ ਦੇ ਖ਼ਤਰੇ ਨੇ ਮੇਰੇ ਮਨ ਨੂੰ ਲਰਜ਼ਾ ਦਿੱਤਾ।

'ਮਿਸਟਰ ਸਿੰਘ -ਕਰਿਸ --।' ਕਹਿੰਦਿਆਂ ਉਸ ਨੇ ਬੇਬਸੀ ਨਾਲ ਸਿਰ ਹਿਲਇਆ ਤੇ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋਣ ਲੱਗੀ। ਮੇਰੀ ਪਤਨੀ ਵੀ ਆ ਗਈ। ਅਸੀਂ ਇਕ ਦੂਜੇ ਵੱਲ ਵੇਖਦੇ ਅਜੇ ਵੀ ਸਚਾਈ ਨੂੰ ਸਮਝਣ ਤੇ ਉਸ ਤੋਂ ਵੀ ਵੱਧ ਮੰਨਣ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਮੈਂ ਸਾਂਡਰਾ ਨੂੰ ਡਰਾਇੰਗ ਰੂਮ ਵਿਚ ਲੈ ਗਿਆ ਤੇ ਉਸ ਨੂੰ ਸੋਫ਼ੇ 'ਤੇ ਬਿਠਾਉਂਦਿਆਂ ਸਾਰੀ ਗੱਲ ਦੱਸਣ ਦੀ ਬੇਨਤੀ ਕੀਤੀ। ਜੇਸਨ ਉਸ ਦੇ ਨਾਲ ਲੱਗਿਆ ਬੈਠਾ ਸੀ। ਸਾਂਡਰਾ ਵਾਰ ਵਾਰ ਜੇਸਨ ਨੂੰ ਚੁੰਮ ਰਹੀ ਸੀ।

   ਕੁਝ ਦੇਰ ਬਾਅਦ ਉਸ ਨੇ ਮਨ 'ਤੇ ਕਾਬੂ ਪਾਇਆ ਤੇ ਸਾਨੂੰ ਦੁਰਘਟਨਾ ਦੱਸਣ ਲੱਗੀ।

'ਮੈਨੂੰ ਕੰਮ 'ਤੇ 'ਡੀਪਾਰਟਮੈਂਟ ਆਫ ਡਿਫੈਂਸ' ਤੋਂ ਫੋਨ ਗਿਆ। ਉਹਨਾਂ ਨੇ ਮੈਨੂੰ ਘਰੇ ਮਿਲਣ ਲਈ ਕਿਹਾ। ਮੈਂ ਕਾਰਨ ਪੁੱਛਿਆ ਤਾਂ ਉਹਨਾਂ ਨੇ ਮਿਲ ਕੇ ਗੱਲ ਕਰਨ ਲਈ ਕਿਹਾ। ਮੇਰੇ ਆਉਂਦੀ ਨੂੰ ਉਹ ਮੈਨੂੰ ਉਡੀਕ ਰਹੇ ਸੀ।' ਸਾਂਡਰਾਂ ਨੇ ਅੱਖਾਂ ਫਿਰ ਪੂੰਝੀਆਂ ਤੇ ਨੈਪਕਨ ਨਾਲ ਨੱਕ ਸਾਫ਼ ਕਰਕੇ ਆਪਣੀ ਗੱਲ ਜ਼ਾਰੀ ਰੱਖੀ।

'ਕਰਿਸ ਅਤੇ ਉਸ ਨਾਲ ਚਾਰ ਹੋਰ ਅਫ਼ਸਰ ਹੈਲੀਕਾਪਟਰ 'ਤੇ ਕਿਧਰੇ ਜਾ ਰਹੇ ਸਨ। ਰਾਹ ਵਿਚ ਹੈਲੀਕਾਪਟਰ ਦਾ ਐਕਸੀਡੈਂਟ ਹੋ ਗਿਆ ਤੇ ਸਾਰੇ ਯਾਤਰੀ ਮਾਰੇ ਗਏ। ਕਾਰਨ ਦਾ ਅਜੇ ਪਤਾ ਨਹੀਂ ਲੱਗਿਆ---।'

 ਮੇਰਾ ਮਨ ਉਦਾਸ ਹੋ ਗਿਆ। ਮੇਰੀ ਪਤਨੀ ਹੋਰ ਵੀ ਭਾਵੁਕ ਹੋ ਗਈ। ਉਹ ਸਾਂਡਰਾ ਵਾਂਗ ਹੀ ਰੋ ਰਹੀ ਸੀ। ਕੁਝ ਦੇਰ ਅਸੀਂ ਉਸ ਨੂੰ ਅਤੇ ਜੇਸਨ ਨੂੰ ਹੌਂਸਲਾ ਦਿੰਦੇ ਰਹੇ। ਉਸ ਵੇਲੇ ਤੱਕ ਸਾਂਡਰਾਂ ਦੀ ਭੈਣ ਅਤੇ ਭਨੋਈਆ ਵੀ ਆ ਗਏ ਸਨ। ਅਸੀਂ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਘਰ ਆ ਗਏ।

  ਸਾਂਡਰਾ ਉਦਾਸ ਰਹਿੰਦੀ ਤੇ ਜੇਸਨ ਵੀ। ਵਕਤ ਨਾਲ ਜ਼ਿੰਦਗੀ ਫਿਰ ਤੋਂ ਲੀਹ 'ਤੇ ਆਉਣ ਲੱਗੀ। ਸਾਂਡਰਾ ਕੰਮ 'ਤੇ ਜਾਣ ਲੱਗੀ। ਗਰਮੀਆਂ ਵਿਚ ਉਸ ਨੇ ਪਹਿਲਾਂ ਵਾਂਗ ਹੀ ਫੁੱਲ ਲਗਾਏ। ਉਹ ਫੁੱਲਾਂ ਦੀ ਦੇਖ ਭਾਲ ਕਰਦੀ ਪਰ ਉਸ ਦੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਗਈ। ਗਰਮੀਆਂ ਵਿਚ ਫੁੱਲ ਖਿੜਨ ਲੱਗੇ। ਮੈਨੂੰ ਲਗਦਾ ਜਿਵੇਂ ਸਾਂਡਰਾ ਦੀ ਉਦਾਸੀ ਨੂੰ ਫੁੱਲ ਸਮਝ ਗਏ ਹੋਣ ਤੇ ਉਹ ਵੀ ਸਾਂਡਰਾ ਵਾਂਗ ਹੀ ਉਦਾਸ ਹੋਣ। ਮੈਨੂੰ ਸਾਂਡਰਾ 'ਤੇ ਤਰਸ ਆਉਂਦਾ ਤੇ ਉਸ ਨਾਲੋਂ ਵੀ ਵੱਧ ਮੈਂ ਜੇਸਨ ਬਾਰੇ ਫਿਕਰਮੰਦ ਹੋ ਜਾਂਦਾ।

  ਜੇਸਨ ਅਤੇ ਅਜੀਤ ਨੇ ਏ ਲੈਵਲ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅਜੀਤ ਨੇ ਤਾਂ ਆਪਣਾ ਮਨ ਕਦੋਂ ਦਾ ਮੈਡੀਕਲ ਲਾਈਨ ਵਿਚ ਜਾਣ ਦਾ ਬਣਾ ਲਿਆ ਸੀ। ਉਹ ਆਪਣੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਮਿਹਨਤ ਵੀ ਕਰਦਾ। ਜੇਸਨ ਨੇ ਕਦੀ ਆਪਣੇ ਭਵਿੱਖ ਬਾਰੇ ਗੱਲ ਨਹੀਂ ਸੀ ਕੀਤੀ।

   ਹੁਣ ਜੇਸਨ ਕੋਲ ਆਪਣੇ ਘਰ ਦੀ ਚਾਬੀ ਹੁੰਦੀ। ਉਹ ਕਦੀ ਸਾਡੇ ਘਰ ਆ ਜਾਂਦਾ ਤੇ ਕਦੀ ਆਪਣੇ ਘਰ ਚਲਾ ਜਾਂਦਾ। ਅਜੀਤ ਨਾਲ ਅਜੇ ਵੀ ਉਸ ਦੀ ਪਹਿਲਾਂ ਵਰਗੀ ਨੇੜਤਾ ਸੀ। ਉਹ ਇਕੱਠੇ ਹੀ ਫੁੱਟਬਾਲ ਖੇਡਣ ਜਾਂਦੇ। ਕਦੀ ਕੋਈ ਫਿਲਮ ਵੇਖਣ ਚਲੇ ਜਾਂਦੇ ਜਾਂ ਕੁਝ ਹੋਰ ਮਿੱਤਰਾਂ ਨਾਲ ਮਿਲ ਕੇ ਦਿਲ-ਪ੍ਰਚਾਵੇ ਦਾ ਸਾਧਨ ਬਣਾ ਲੈਂਦੇ।

     ਕੁਝ ਦੇਰ ਬਾਅਦ ਜੇਸਨ ਨਾਲ ਇਕ ਕੁੜੀ ਉਸ ਦੇ ਘਰ ਆਉਣ ਲੱਗੀ। ਉਹਦਾ ਨਾਂ ਲਿਜ਼ੀ ਸੀ। ਉਹ ਬਹੁਤ ਸਾਰੀਆਂ ਸ਼ਾਮਾਂ ਇਕੱਠੇ ਬਤੀਤ ਕਰਦੇ। ਸਾਂਡਰਾ ਵੀ ਉਸ ਕੁੜੀ ਨੂੰ ਪਸੰਦ ਕਰਦੀ ਸੀ। ਏ ਲੈਵਲ ਦੀ ਪੜ੍ਹਾਈ ਖਤਮ ਹੋਈ ਤਾਂ ਯੂਨੀਵਰਸਟੀ ਦਾਖਲੇ ਬਾਰੇ ਗੱਲਾਂ ਹੋਣ ਲਗੀਆਂ। ਅਜੀਤ ਨੂੰ ਲੋੜੀਂਦੇ ਗਰੇਡ ਮਿਲ ਗਏ ਸਨ। ਉਹ ਆਪਣੀ ਪਸੰਦ ਦੀ ਯੂਨੀਵਰਸਟੀ ਮਿਲ ਜਾਣ ਕਾਰਨ ਖੁਸ਼ ਸੀ।

   ਇਕ ਦਿਨ ਜੇਸਨ ਤੇ ਲਿਜ਼ੀ ਅਜੀਤ ਨਾਲ ਗੱਲਾਂ ਮਾਰ ਰਹੇ ਸਨ। ਮੈਂ ਘਰ ਆਇਆ ਤਾਂ ਮੈਂ ਜੇਸਨ ਨੂੰ ਪੁੱਛ ਲਿਆ ਕਿ ਉਸ ਨੇ ਕਿਸ ਯੂਨੀਵਰਸਟੀ ਵਿਚ ਜਾਣਾ ਸੀ ਤੇ ਕਿਸ ਵਿਸ਼ੇ 'ਤੇ ਪੜ੍ਹਾਈ ਕਰਨੀ ਸੀ।

'ਮੈਂ ਤਾਂ ਫੌਜ ਵਿਚ ਭਰਤੀ ਹੋਣਾ। ਸ਼ਾਇਦ ਇਕ ਅੱਧ ਸਾਲ ਕਾਲਜ ਵਿਚ ਵੀ ਲਾ ਲਵਾਂ--।' ਜੇਸਨ ਨੇ ਪੂਰੇ ਭਰੋਸੇ ਨਾਲ ਕਿਹਾ।

  ਮੇਰੀਆਂ ਅੱਖਾਂ ਸਾਹਮਣੇ ਕਰਿਸ ਦੀ ਸ਼ਕਲ ਆ ਗਈ। ਮੈਂ ਸੋਚਣ ਲੱਗਾ ਕਰਿਸ ਦੀ ਮੌਤ ਨੇ ਵੀ ਜੇਸਨ ਦਾ ਮਨ ਨਹੀਂ ਬਦਲਿਆ। ਫੌਜ ਵਿਚ ਜਾਣ ਲਈ ਜੇਸਨ ਕਿਉਂ ਕਾਹਲਾ ਸੀ? ਮੈਂ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਕੁਝ ਨਾ ਪੁੱਛ ਸਕਿਆ। ਲਿਜ਼ੀ 'ਤੇ ਅਜੀਤ ਉਸ ਨੂੰ ਯੂਨੀਵਰਸਟੀ ਦੀ ਡਿਗਰੀ ਕਰਨ ਲਈ ਆਪਣੀਆਂ ਦਲੀਲਾਂ ਦਿੰਦੇ ਰਹੇ ਤੇ ਜੇਸਨ ਹਾਂ ਹੂੰ ਕਰਦਾ ਰਿਹਾ।

  ਇਹਨਾਂ ਦਿਨਾਂ ਵਿਚ ਹੀ ਅਸੀਂ ਘਰ ਬਦਲ ਲਿਆ। ਜੇਸਨ ਨੇ ਸਾਡੀ ਮਦਦ ਕੀਤੀ। ਨਵਾਂ ਘਰ ਵੇਖਣ ਲਈ ਸਾਂਡਰਾ ਵੀ ਆਈ ਤੇ ਸਾਡੇ ਨਾਲ ਖਾਣਾ ਖਾ ਕੇ ਗਈ। ਜੇਸਨ ਤਾਂ ਆਮ ਹੀ ਆਉਂਦਾ ਰਹਿੰਦਾ। ਜਦ ਵੀ ਅਜੀਤ ਵੀਕ ਐਂਡ 'ਤੇ ਆਉਂਦਾ ਜੇਸਨ ਜ਼ਰੂਰ ਆ ਜਾਂਦਾ।

  ਉਮਰ ਦੇ ਉਨੀਵੇਂ ਸਾਲ ਵਿਚ ਜੇਸਨ ਫੌਜ ਵਿਚ ਭਰਤੀ ਹੋ ਗਿਆ। ਜਿਵੇਂ ਲਗਦਾ ਸੀ ਲਿਜ਼ੀ ਨੇ ਉਸ ਦੀ ਥਾਂ ਕਿਸੇ ਹੋਰ ਨਾਲ ਮਨ ਲਗਾ ਲਿਆ। ਸਾਂਡਰਾ ਨੂੰ ਲਿਜ਼ੀ ਦਾ ਜੇਸਨ ਨਾਲੋਂ ਵੀ ਵੱਧ ਅਫ਼ਸੋਸ ਹੋਇਆ।

 ਸਾਂਡਰਾ ਪਹਿਲਾਂ ਤਾਂ ਇਕੱਲੀ ਹੀ ਸੀ। ਹੁਣ ਉਸ ਕੋਲ ਵੀ ਕੋਈ ਆਦਮੀ ਆਉਣ ਲੱਗਾ ਸੀ। ਉਹ ਉਸ ਨਾਲ ਆਮ ਹੀ ਬਾਹਰ ਅੰਦਰ ਜਾਂਦੀ। ਸਾਂਡਰਾ ਇਕ ਵਾਰ ਫਿਰ ਖੁਸ਼ ਸੀ। ਮੈਨੂੰ ਲਗਦਾ ਜਿਵੇਂ ਹੁਣ ਫਿਰ ਫੁੱਲ ਹੱਸਦੇ ਅਤੇ ਖੁਸ਼ਬੂ ਦਿੰਦੇ ਹੋਣ। ਹੁਣ ਜੇਸਨ ਬਿਨਾਂ ਸਾਂਡਰਾ ਇਕੱਲ ਮਹਿਸੂਸ ਨਹੀਂ ਸੀ ਕਰਦੀ।

 ਜੇਸਨ ਦੀ ਟਰੇਨਿੰਗ ਖਤਮ ਹੋਈ ਤਾਂ ਉਹ ਕੁਝ ਦਿਨਾਂ ਲਈ ਛੁੱਟੀ ਆਇਆ। ਜੇਸਨ ਦਾ ਚਿਹਨ ਚੱਕਰ ਬਦਲ ਗਿਆ ਸੀ। ਉਸ ਦੀ ਤੋਰ, ਬੋਲ-ਚਾਲ, ਦਿੱਖ ਅਤੇ ਸਵੈ-ਵਿਸ਼ਵਾਸ਼ ਪਹਿਲਾਂ ਦੇ ਮੁਕਾਬਲੇ ਚੰਗਾ ਲਗਦਾ ਸੀ। ਉਹ ਮਿਲਣ ਆਇਆ ਤਾਂ ਅਜੀਤ ਅਜੇ ਘਰ ਨਹੀਂ ਸੀ। ਅਸੀਂ ਬੈਠੇ ਗੱਲਾਂ ਕਰਦੇ ਰਹੇ। ਉਹ ਮੈਨੂੰ ਫੌਜ ਦੀਆਂ ਗੱਲਾਂ ਸੁਣਾਉਂਦਾ ਰਿਹਾ। ਮੈਨੂੰ ਲੱਗਿਆ ਜਿਵੇਂ ਮੈਂ ਕਰਿਸ ਨਾਲ ਹੀ ਗੱਲਾਂ ਕਰ ਰਿਹਾ ਹੋਵਾਂ। ਮੈਨੂੰ ਸਾਂਡਰਾ ਬਾਰੇ ਸੋਚਦਿਆਂ ਉਸ 'ਤੇ ਤਰਸ ਆਇਆ।

     ਇਕ ਦਿਨ ਸਾਂਡਰਾ ਨੂੰ ਮੈਂ ਫੋਨ ਕੀਤਾ। ਇਹਨਾਂ ਦਿਨਾਂ ਵਿਚ ਅਮਰੀਕਾ ਤੇ ਬ੍ਰਿਟੇਨ ਨੇ ਮਿੱਤਰ ਦੇਸ਼ਾਂ ਨਾਲ ਮਿਲ ਕੇ ਇਰਾਕ 'ਤੇ ਹਮਲਾ ਕਰ ਦਿੱਤਾ ਸੀ। ਸਾਂਡਰਾ ਤੋਂ ਪਤਾ ਲੱਗਾ ਜੇਸਨ ਵੀ ਇਰਾਕ ਵਿਚ ਸੀ। ਸਾਂਡਰਾ ਫਿਕਰਮੰਦ ਸੀ। ਮੈਨੂੰ ਮਹਿਸੂਸ ਹੋਇਆ ਜੇਸਨ ਨੇ ਗਲਤ ਲਾਇਨ ਚੁਣ ਲਈ ਸੀ। ਜਵਾਨੀ ਵਿਚ ਹੀ ਜੇਸਨ ਮੌਤ ਦੇ ਮੂੰਹ ਵਿਚ ਚਲਾ ਗਿਆ ਸੀ। ਬੰਬਾਂ ਨਾਲ ਇਰਾਕ ਦੇ ਸ਼ਹਿਰਾਂ 'ਤੇ ਹਮਲੇ ਹੁੰਦੇ। ਬਗਦਾਦ ਵਰਗੇ ਸ਼ਹਿਰ ਦੀਆਂ ਸੁਹਣੀਆਂ ਬਿਲਡਿੰਗਾਂ ਢਹਿ ਢੇਰੀ ਹੋ ਰਹੀਆਂ ਸਨ। ਆਮ ਲੋਕ ਵੀ ਬੰਬਾਂ ਦਾ ਸ਼ਿਕਾਰ ਹੋ ਕੇ ਮਾਰੇ ਜਾ ਰਹੇ ਸਨ। ਉਹਨਾਂ ਦੇ ਘਰ ਢਹਿ ਢੇਰੀ ਹੋ ਕੇ ਮਲਬਾ ਬਣ ਰਹੇ ਸਨ। ਸਦਾਮ ਹੁਸੈਨ ਦਾ ਕੋਈ ਪਤਾ ਨਹੀਂ ਸੀ। ਸਰਕਾਰੀ ਮਸ਼ੀਨਰੀ ਦਿਨੋ ਦਿਨ ਖਤਮ ਹੋ ਰਹੀ ਸੀ। ਜਦ ਵੀ ਮੈਂ ਫੌਜੀਆਂ ਨੂੰ ਇਰਾਕ ਦੇ ਸ਼ਹਿਰਾਂ ਵਿਚ ਕੋਈ ਫੌਜੀ ਕਾਰਵਾਈ ਕਰਦਿਆਂ ਟੀ ਵੀ 'ਤੇ ਵੇਖਦਾ ਤਾਂ ਮੈਂ ਅਚੇਤ ਹੀ ਉਹਨਾਂ ਵਿਚੋਂ ਜੇਸਨ ਨੂੰ ਲੱਭਣ ਦੀ ਕੋਸ਼ਿਸ਼ ਕਰਦਾ।

  ਅੱਜ ਅਚਾਨਕ ਜੇਸਨ ਨੂੰ ਵੇਖ ਕੇ ਮੈਨੂੰ ਖੁਸ਼ੀ ਹੋਈ। ਪੌੜੀਆਂ ਵਲੋਂ ਮੈਨੂੰ ਅਜੀਤ ਦੇ ਆਉਣ ਦੀ ਪੈੜਚਾਲ ਸੁਣੀ। ਉਹ ਇਕ ਦੂਜੇ ਨੂੰ ਬਹੁਤ ਪਿਆਰ ਨਾਲ ਮਿਲੇ। ਅਜੀਤ ਨੇ ਜੇਸਨ ਨੂੰ ਬੈਠਣ ਲਈ ਕਿਹਾ ਤੇ ਆਪ ਵੀ ਨਾਲ ਵਾਲੀ ਕੁਰਸੀ 'ਤੇ ਬੈਠ ਗਿਆ।

"ਡਾਕਟਰ ਕੀ ਹਾਲ ਐ ਤੇਰਾ?" ਜੇਸਨ ਦੇ ਮੂੰਹ 'ਤੇ ਸੂਖਮ ਮਖੌਲੀਆ ਭਾਵ ਸਨ।

"ਤੂੰ ਤਾਂ ਨਾਂ ਈ ਲਿਆ ਕਰ। ਤੇਰੇ ਮੂੰਹੋਂ ਡਾਕਟਰ ਸੁਣਨਾ ਓਪਰਾ ਜਿਹਾ ਲਗਦਾ।" ਅਜੀਤ ਨੇ ਹੱਸਦਿਆਂ ਕਿਹਾ।

  ਮੈਂ ਕੁਝ ਦੇਰ ਬਾਅਦ ਉਹਨਾਂ ਨੂੰ ਛੱਡ ਕੇ ਸਟੱਡੀ ਵਿਚ ਚਲਾ ਗਿਆ। ਮੇਰੀ ਨੀਂਦ ਟਲ ਗਈ ਸੀ। ਸੋਚਿਆ ਪੰਜਾਬੀ ਦਾ ਅਖ਼ਬਾਰ ਆਨ ਲਾਈਨ ਹੁਣ ਹੀ ਪੜ੍ਹ ਲਵਾਂ। ਮੁੰਡੇ ਗੱਲੀਂ ਲੱਗ ਗਏ। ਉਹਨਾਂ ਦੀ ਆਵਾਜ਼ ਮੇਰੇ ਕੰਨੀ ਪੈ ਰਹੀ ਸੀ।

"ਜੇਸਨ ਦੱਸ ਕੀ ਗੱਲ ਕਰਨੀ ਚਾਹੁੰਦਾ ਸੀ ਮੇਰੇ ਨਾਲ?" ਅਜੀਤ ਨੇ ਪੁੱਛਿਆ।

"ਤੂੰ ਮਾਨਸਕ ਰੋਗਾਂ ਦਾ ਡਾਕਟਰ ਐਂ। ਮੈਨੂੰ ਤੇਰੀ ਮਦਦ ਦੀ ਲੋੜ ਐ।" ਜੇਸਨ ਦੇ ਬੋਲਾਂ ਵਿਚ ਉਦਾਸੀ ਸੀ।

"ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾਂ?"

"ਕਦੇ ਕਦੇ ਮੇਰਾ ਮਨ ਆਤਮ-ਹੱਤਿਆ ਕਰਨ ਨੂੰ ਕਰਦਾ--।" ਸੁਣ ਕੇ ਮੇਰਾ ਸਾਰਾ ਧਿਆਨ ਜੇਸਨ ਵੱਲ ਹੋ ਗਿਆ।

"ਤੂੰ ਆਰਮੀ ਡਾਕਟਰ ਨਾਲ ਗੱਲ ਕਰਨੀ ਸੀ"

"ਆਰਮੀ ਡਾਕਟਰ ਨਾਲ ਗੱਲ ਤਾਂ ਕੀਤੀ ਸੀ। ਪਰ ਮੈਂ ਆਰਮੀ ਛੱਡ ਦਿੱਤੀ ਐ।" ਜੇਸਨ ਦੇ ਆਰਮੀ ਛੱਡਣ ਨਾਲ ਮੈਨੂੰ ਤਸੱਲੀ ਹੋਈ। ਉਸ ਦੀ ਆਤਮ-ਹੱਤਿਆ ਵਾਲੀ ਗੱਲ ਨਾਲ ਪ੍ਰੇਸ਼ਾਨੀ ਜਿਉਂ ਦੀ ਤਿਉਂ ਸੀ।

"ਆਰਮੀ ਨਾਲ ਤਾਂ ਤੈਨੂੰ ਬਹੁਤ ਮੋਹ ਸੀ। ਫੇਰ ਛੱਡ ਕਿਉਂ ਦਿੱਤੀ?"

"ਐਨੀ ਤਬਾਹੀ, ਮੌਤ, ਖੂਨ ਖਰਾਬਾ ਮੈਂ ---ਓਹ ਗੌਡ।" ਜੇਸਨ ਦੇ ਬੋਲਾਂ ਵਿਚ ਪਛਤਾਵਾ ਸੀ। ਅਜੀਤ ਚੁੱਪ ਸੀ।

"ਪਹਿਲੇ ਦਿਨਾਂ ਵਿਚ ਹੀ ਮੇਰੇ ਤਿੰਨ ਜਿਗਰੀ ਦੋਸਤ ਮਾਰੇ ਗਏ। ਕਈ ਜਖ਼ਮੀ ਹੋ ਗਏ। ਇਕ ਦਿਨ ਪਤਾ ਲੱਗਾ ਕਿ ਮੇਰੇ ਮਿੱਤਰ ਕਿੰਨ ਜਾਰਵਿਸ ਦੀਆਂ ਦੋਵੇਂ ਲੱਤਾਂ ਅਤੇ ਦੋਵੇਂ ਬਾਹਾਂ ਜ਼ਖਮੀ ਹੋ ਗਈਆਂ ਤੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਲੱਤਾ ਬਾਹਾਂ ਕੱਟ ਦਿੱਤੀਆਂ। ਮੈਨੂੰ ਸਮਝ ਨਹੀਂ ਆਉਂਦੀ ਉਹ ਜ਼ਿੰਦਗੀ ਕਿਵੇਂ ਜਿਉਂ ਸਕੇਗਾ--! ਲੜਾਈ ਦਾ ਹੁਕਮ ਦੇਣ ਵਾਲੇ ਪ੍ਰਾਈਮ ਮਨਿਸਟਰ ਤੇ ਮਨਿਸਟਰਾਂ ਨੇ ਤਾਂ ਉਹਦਾ ਪਤਾ ਵੀ ਨੀ ਲੈਣ ਜਾਣਾ। ਹੋਰ ਵੀ ਬਥੇਰੇ ਅਪਾਹਜ ਹੋ ਗਏ।" ਜੇਸਨ ਦੀ ਆਵਾਜ਼ ਵਿਚ ਰੰਜ ਭਰੀ ਉਦਾਸੀ ਸੀ। ਅਜੀਤ ਹੁੰਗਾਰਾ ਭਰਦਾ। ਜੇਸਨ ਗੱਲ ਅੱਗੇ ਤੋਰ ਲੈਂਦਾ। ਮੈਨੂੰ ਬਹੁਤ ਕੁਝ ਟੀ ਵੀ 'ਤੇ ਵੇਖਿਆ ਯਾਦ ਆ ਰਿਹਾ ਸੀ।

  ਲੋਕਾਂ ਨੂੰ ਫੌਜੀ ਫੜ ਲੈਂਦੇ। ਉਹਨਾਂ ਨੂੰ ਪ੍ਰੇਸ਼ਾਨ ਕਰਦੇ। ਘਰਾਂ ਵਿਚ ਦੜੇ ਬੈਠੇ ਲੋਕਾਂ ਦੀ ਜ਼ਿੰਦਗੀ ਨੂੰ ਬਰੇਕ ਲੱਗ ਗਈ ਸੀ। ਕਈ ਵਾਰ ਲੋਕਾਂ ਨਾਲ ਜਿਆਦਤੀ ਵੀ ਹੋ ਜਾਂਦੀ। ਕਸੂਰ ਇਕੱਲੇ ਫੌਜੀਆਂ ਦਾ ਵੀ ਨਹੀਂ ਸੀ। ਏਨੇ ਤਣਾਅ ਭਰਪੂਰ ਵਾਤਾਵਰਣ ਵਿਚ ਕੋਈ ਵੀ ਬੰਦਾ ਸਾਂਵਾਂ ਨਹੀਂ ਰਹਿ ਸਕਦਾ। ਘਰੋਂ ਦੂਰ, ਪਰਿਵਾਰ ਤੋਂ ਦੂਰ, ਦੇਸ਼ੋਂ ਦੂਰ। ਉਪਰੋਂ ਸਰਕਾਰੀ ਹੁਕਮ ਦਾ ਬੰਧਨ। ਜਾਨ ਦਾ ਚੌਵੀ ਘੰਟੇ ਫਿਕਰ। ਜਿੱਧਰ ਨਜ਼ਰ ਮਾਰੋ ਤਬਾਹੀ। ਫੌਜੀ ਵੀ ਤਾਂ ਸੋਚਦੇ ਹੋਣਗੇ ਇਸ ਸਭ ਕੁਝ ਦੇ ਕਿਸੇ ਹੱਦ ਤੱਕ ਜ਼ਿੰਮੇਵਾਰ ਉਹ ਵੀ ਹਨ। ਸਾਰੀ ਦੁਬਿਧਾ ਤੇ ਤਣਾਅ ਨੂੰ ਉਹ ਉਹਨਾਂ ਲੋਕਾਂ 'ਤੇ ਹੀ ਕੱਢ ਸਕਦੇ ਸਨ।

"ਹੁਣ ਤੂੰ ਕੀ ਕਰਨਾ ਚਾਹੁੰਨਾ?" ਅਜੀਤ ਦੀ ਆਵਾਜ਼ ਫਿਰ ਮੇਰੇ ਕੰਨੀ ਪਈ।

"ਜਿਧਰ ਵੇਖੋ ਗਰੀਬ ਆਦਮੀਆਂ 'ਤੇ ਹੀ ਬੰਬ ਡਿਗਦੇ ਐ। ਗਰੀਬਾਂ ਦੇ ਘਰ ਈ ਤਬਾਹ ਹੁੰਦੇ ਐ। ਗਰੀਬਾਂ ਦੀਆਂ ਜਾਨਾਂ ਜਾਂਦੀਆਂ। ਗਰੀਬਾਂ ਨੂੰ ਹੀ ਰਫਿਊਜੀ ਬਣਨਾ ਪੈਂਦਾ। ਅਜਿਹਾ ਕਿਉਂ?" ਜੇਸਨ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਿਹਾ ਹੋਵੇ। ਅਜੀਤ ਚੁੱਪ ਸੀ।

"ਪਹਿਲਾਂ ਤਾਂ ਮੈਂ ਆਪਣਾ ਇਲਾਜ ਕਰਵਾਉਣਾ ਚਾਹੁੰਨਾ। ਮੈਂ ਜਲਦੀ ਤੋਂ ਜਲਦੀ ਠੀਕ ਹੋਣ ਲਈ ਕੁਝ ਵੀ ਕਰ ਸਕਦਾਂ--।" ਜੇਸਨ ਦੇ ਬੋਲਾਂ ਵਿਚ ਮੈਨੂੰ ਉੱਤਸ਼ਾਹ ਭਰੀ ਉਮੀਦ ਮਹਿਸੂਸ ਹੋਈ।

"ਜੇਸਨ ਤੂੰ ਫਿਕਰ ਨਾ ਕਰ। ਜੇ ਮਾਨਸਿਕ ਤਣਾਅ ਵਿਚੋਂ ਤੂੰ ਬਾਹਰ ਆਉਣ ਲਈ ਕੋਸ਼ਿਸ਼ ਕਰੇਂਗਾ ਤਾਂ ਇਲਾਜ ਸੌਖਾ ਹੋ ਜਾਵੇਗਾ। ਅੱਜ ਮੈਂ ਤੈਨੂੰ ਕੁਝ ਦਵਾਈ ਦੇ ਦਿੰਨਾ। ਕੱਲ੍ਹ ਮੈਂ ਇਕ ਬਹੁਤ ਚੰਗੇ ਡਾਕਟਰ ਨਾਲ ਤੇਰੀ ਅਪਾਇੰਟਮੈਂਟ ਬਣਾ ਦਿਆਂਗਾ। ਉਹ ਮੇਰਾ ਸੀਨੀਅਰ ਆ-।"

ਅਜੀਤ ਨੇ ਉਸ ਨੂੰ ਦਵਾਈ ਲਿਆ ਦਿੱਤੀ ਅਤੇ ਦਵਾਈ ਦੇ ਕੇ ਉਸ ਨੂੰ ਛੱਡਣ ਚਲਾ ਗਿਆ। ਮੈਂ ਜੇਸਨ ਨੂੰ ਜਾਣ ਲੱਗੇ ਨੂੰ ਮਿਲਣਾ ਚਾਹੁੰਦਾ ਸੀ ਪਰ ਆਪਣੀਆਂ ਸੋਚਾਂ ਵਿਚ ਘਿਰਿਆ ਸਟੱਡੀ ਵਿਚ ਹੀ ਬੈਠਾ ਰਿਹਾ। ਕੁਝ ਮਿੰਟਾਂ ਵਿਚ ਹੀ ਅਜੀਤ ਵਾਪਿਸ ਆ ਗਿਆ।

"ਅਜੀਤ ਇਹ ਜੇਸਨ ਨੂੰ ਕੀ ਬਿਮਾਰੀ ਚੁੰਬੜ ਗਈ?" ਮੈਂ ਅਜੀਤ ਨੂੰ ਅੰਦਰ ਆਉਂਦੇ ਨੂੰ ਹੀ ਪੁੱਛਿਆ।

"ਜੰਗ ਵਿਚ ਲੜਨ ਵਾਲੇ ਫੌਜੀਆਂ ਨੂੰ ਆਮ ਹੀ ਮਾਨਸਿਕ ਤਣਾਅ ਹੋ ਜਾਂਦਾ ਐ। ਜੇਸਨ ਥੋੜਾ ਜ਼ਿਆਦਾ ਸੰਵੇਦਨਸ਼ੀਲ ਵੀ ਐ। ਇਸ ਬਿਮਾਰੀ ਨੂੰ ਅੱਜ ਕੱਲ੍ਹ 'ਇਰਾਕ ਸਿੰਡਰੋਮ' ਕਹਿੰਦੇ ਐ। ਮੈਨੂੰ ਨੀ ਸੀ ਪਤਾ ਤੁਸੀਂ ਸਟੱਡੀ ਵਿਚ ਬੈਠੇ ਸਾਡੀਆਂ ਗੱਲਾਂ ਸੁਣ ਰਹੇ ਸੀ।" ਅਜੀਤ ਦੀ ਗੱਲ ਨਾਲ ਮੈਨੂੰ ਆਪਣੇ ਆਪ 'ਤੇ ਸ਼ਰਮ ਮਹਿਸੂਸ ਹੋਈ। ਅਜੀਤ ਆਪਣੀ ਥਾਂ ਸਹੀ ਸੀ। ਉਹ ਮਰੀਜ਼ ਦੀ ਬਿਮਾਰੀ ਨੂੰ ਆਪਣੇ ਤੱਕ ਰੱਖਣਾ ਨੈਤਿਕ ਫਰਜ਼ ਸਮਝਦਾ ਸੀ।

"ਮੈਂ ਤਾਂ ਪੇਪਰ ਪੜ੍ਹਨ ਬੈਠਾ ਸੀ। ਨੀਂਦ ਮੇਰੀ ਟਲ ਗਈ ਸੀ। ਜੇਸਨ ਦੇ ਆਤਮ ਹੱਤਿਆ ਬਾਰੇ ਬੋਲੇ ਸ਼ਬਦਾਂ ਨੇ ਮੇਰਾ ਧਿਆਨ ਖਿੱਚ ਲਿਆ। ਫਿਕਰ ਨਾ ਕਰ ਮੈਂ ਕਿਸੇ ਨਾਲ ਗੱਲ ਨਹੀਂ ਕਰਨ ਲੱਗਾ--।" ਮੈਂ ਆਪਣੀ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ। ਅਜੀਤ ਗੁੱਡ ਨਾਈਟ ਕਹਿੰਦਿਆਂ ਸੌਣ ਲਈ ਚਲਾ ਗਿਆ। ਮੈਂ ਵੀ ਜੇਸਨ ਅਤੇ ਸਾਂਡਰਾ ਬਾਰੇ ਸੋਚਦਾ ਸੌਣ ਦੀ ਕੋਸ਼ਿਸ਼ ਕਰਨ ਲੱਗਾ।

ਕੁਝ ਦਿਨਾਂ ਬਾਅਦ ਮੈਂ ਸਾਂਡਰਾ ਨੂੰ ਮਿਲਣ ਚਲਾ ਗਿਆ। ਉਹ ਮੈਨੂੰ ਉਦਾਸ ਜਿਹੀ ਲੱਗੀ। ਚਾਹ ਪੀਂਦਿਆਂ ਮੈਂ ਜੇਸਨ ਬਾਰੇ ਗੱਲ ਛੋਹ ਲਈ।

"ਸਿੰਘ, ਜੇਸਨ ਦਾ ਮੈਨੂੰ ਬਹੁਤ ਫ਼ਿਕਰ ਸੀ। ਉਹ ਬਹੁਤ ਤਣਾਅ ਵਿਚ ਰਹਿੰਦਾ। ਹੁਣ ਉਹ ਪਹਿਲਾਂ ਨਾਲੋਂ ਬਹੁਤ ਖੁਸ਼ ਰਹਿੰਦਾ। ਦਵਾਈ ਤਾਂ ਅਜੇ ਚਲਦੀ ਐ। ਸ਼ਾਇਦ ਕਾਫੀ ਦੇਰ ਤੱਕ ਖਾਣੀ ਪਵੇ।" ਸਾਂਡਰਾ ਨੇ ਚਾਹ ਦਾ ਕੱਪ ਖਤਮ ਕਰ ਕੇ ਕੱਪ ਮੇਜ਼ 'ਤੇ ਰੱਖ ਦਿੱਤਾ। ਮੈਨੂੰ ਸਾਂਡਰਾ ਕੁਝ ਉਦਾਸ ਅਤੇ ਪ੍ਰੇਸ਼ਾਨ ਲੱਗੀ।

"ਜੇਸਨ ਨੇ ਫੌਜ ਛੱਡ ਦਿੱਤੀ ਤਾਂ ਮੈਨੂੰ ਖੁਸ਼ੀ ਹੋਈ। ਹੁਣ ਉਹਨੇ ਇਕ ਨਵਾਂ ਈ ਪੰਗਾ ਖੜਾ ਕਰ ਲਿਆ--।" ਸਾਂਡਰਾ ਬੋਲਦੀ ਬੋਲਦੀ ਰੁਕ ਗਈ ਜਿਵੇਂ ਸੋਚ ਰਹੀ ਹੋਵੇ ਕਿ ਉਸ ਨੂੰ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ। ਮੈਨੂੰ ਜੇਸਨ ਦੇ 'ਪੰਗੇ' ਬਾਰੇ ਜਾਣਨ ਦੀ ਖੁਤਖੁਤੀ ਜਾਗ ਪਈ।

"ਇਹੋ ਜਿਆ ਕਿਹੜਾ ਪੰਗਾ ਸ਼ੁਰੂ ਕਰ ਲਿਆ ਉਹਨੇ?"

"ਜੇਸਨ ਸਾਰੇ ਹੀ ਅਪਾਹਜ ਫੌਜੀਆਂ ਅਤੇ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨੂੰ ਇਕੱਠੇ ਕਰਕੇ ਇਰਾਕ ਵਰਗੀਆਂ ਗੈਰਜ਼ਰੂਰੀ ਲੜਾਈਆਂ ਬਾਰੇ ਮੁਜ਼ਾਹਰਾ ਕਰਨਾ ਚਾਹੁੰਦਾ। ਮੈਨੂੰ ਉਹਦਾ ਅਜਿਹਾ ਕਰਨਾ ਖਤਰੇ ਤੋਂ ਖਾਲੀ ਨੀ ਲਗਦਾ।" ਸਾਂਡਰਾ ਨੇ ਲੰਬਾ ਸਾਹ ਬਾਹਰ ਨੂੰ ਛੱਡਿਆ।

"ਸਾਂਡਰਾ, ਜੇਸਨ ਜੋ ਵੀ ਕਰ ਰਿਹਾ ਮੈਨੂੰ ਉਸ ਵਿਚ ਕੋਈ ਖਾਸ ਖਤਰੇ ਵਾਲੀ ਗੱਲ ਨਹੀਂ ਲਗਦੀ। ਵੈਸੇ ਵੀ ਫੌਜ ਵਿਚ ਨੌਕਰੀ ਕਰਨ ਜਿੰਨਾਂ ਖਤਰਾ ਉਹਨੂੰ ਕਦੀ ਵੀ ਨਹੀਂ ਹੋ ਸਕਦਾ। ਮੇਰੇ ਖਿਆਲ ਵਿਚ ਉਹਨੂੰ ਲੜਾਈ ਵਿਰੋਧੀ ਸਮਾਜਿਕ ਤਾਕਤਾਂ ਨੂੰ ਵੀ ਨਾਲ ਲੈਣਾ ਚਾਹੀਦਾ-।" ਮੈਂ ਆਪਣੇ ਸ਼ਬਦ ਬੋਚ ਬੋਚ ਕੇ ਬੋਲਣ ਦੀ ਕੋਸ਼ਿਸ਼ ਕੀਤੀ। ਸਾਂਡਰਾ ਚੁੱਪ ਸੁਣਦੀ ਰਹੀ। ਉਸ ਦੇ ਚਿਹਰੇ 'ਤੇ ਉਕਰੀਆਂ ਲਕੀਰਾਂ ਕੁਝ ਕੁ ਹੈਰਾਨੀ ਨਾਲ ਹੋਰ ਡੂੰਘੀਆਂ ਹੋ ਗਈਆਂ।

"ਮੈਂ ਤਾਂ ਤੇਰੇ ਕੋਲੋਂ ਉਸ ਨੂੰ ਸਮਝਾਉਣ ਦੀ ਉਮੀਦ ਰਖਦੀ ਸੀ ਤੇ ਤੂੰ----।" ਸਾਂਡਰਾ ਦੇ ਬੋਲਾਂ ਵਿਚ ਹੁਣ ਉਲਾਂਭਾ ਸੀ।

"ਸਾਂਡਰਾ ਜੇ ਜੇਸਨ ਕੋਈ ਅਜਿਹਾ ਮੁਜ਼ਾਹਰਾ ਕਰੇਗਾ ਤਾਂ ਮੈਂ ਉਸ ਦੇ ਨਾਲ ਜਾਂਵਾਂਗਾ--।" ਕਹਿੰਦਿਆਂ ਮੈਂ ਸਾਂਡਰਾ ਤੋਂ ਛੁੱਟੀ ਲਈ।

 ਮੈਨੂੰ ਬਹੁਤੇ ਦਿਨ ਉਡੀਕਣਾ ਨਾ ਪਿਆ। ਇਕ ਦਿਨ ਟੀ ਵੀ 'ਤੇ ਜੇਸਨ ਦੀ ਇੰਟਰਵਿਊ ਸੀ। ਉਸ ਨੇ ਮੁਜ਼ਾਹਰੇ ਦੇ ਕਾਰਨਾਂ ਅਤੇ ਸਮੇਂ ਬਾਰੇ ਗੱਲਾਂ ਕੀਤੀਆਂ ਸਨ। ਮੈਂ ਉਸ ਨੂੰ ਮੁਜ਼ਾਹਰੇ ਵਿਚ ਜਾਣ ਲਈ ਫੋਨ ਕੀਤਾ ਤਾਂ ਉਹ ਬਹੁਤ ਖੁਸ਼ ਹੋਇਆ। ਮੁਜ਼ਾਹਰੇ ਵਾਲੇ ਦਿਨ ਮੈਂ ਵੀ ਕੁਝ ਹੋਰ ਦੋਸਤਾਂ ਨਾਲ ਪਹੁੰਚ ਗਿਆ। ਮੁਜ਼ਾਹਰੇ ਵਿਚ ਜੇਸਨ ਦੇ ਨਾਲ ਕੁਝ ਹੋਰ ਵੀ ਲੋਕ ਸਨ ਜਿਹਨਾਂ ਨੇ ਲੋੜ ਅਨੁਸਾਰ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਸਨ। ਸਭ ਤੋਂ ਅੱਗੇ ਅਪਾਹਜ ਫੌਜੀ ਸਨ। ਉਹਨਾਂ ਪਿੱਛੇ ਮਾਰੇ ਗਏ ਫੌਜੀਆਂ ਦੇ ਪਰਿਵਾਰ ਤੇ ਫਿਰ ਆਮ ਲੋਕ। ਪੁਲੀਸ ਵੀ ਚੁਕੰਨੀ ਸੀ ਅਤੇ ਮੁਜ਼ਾਹਰੇ ਦੇ ਨਾਲ ਨਾਲ ਤੁਰ ਰਹੀ ਸੀ। ਪ੍ਰਾਈਮ ਮਨਿਸਟਰ ਨੂੰ ਮੈਮੋਰੰਡਮ ਦੇਣ ਬਾਅਦ ਹਾਈਡ ਪਾਰਕ ਵਿਚ ਸਪੀਚਾਂ ਹੋਣ ਲੱਗੀਆਂ। ਸਭ ਤੋਂ ਪਹਿਲਾਂ ਬੋਲਣ ਵਾਲਾ ਜੇਸਨ ਹੀ ਸੀ।

"ਦੋਸਤੋ ਇਰਾਕ ਸਾਡੇ ਦੇਸ਼ ਤੋਂ ਬਹੁਤ ਦੂਰ ਐ। ਸਾਡੀ ਸਰਕਾਰ ਨੇ ਕਿਸੇ ਖਿਆਲੀ ਖਤਰੇ ਦੀ ਆੜ ਵਿਚ ਲੜਾਈ ਵਿਚ ਸ਼ਾਮਲ ਹੋਣ ਦਾ ਨਿਰਨਾ ਲਿਆ ਸੀ। ਸਾਨੂੰ ਦੱਸਿਆ ਗਿਆ ਜੇ ਇਰਾਕ ਨਾਲ ਨਾ ਨਜਿੱਠਿਆ ਗਿਆ ਤਾਂ ਸਾਡੇ ਦੇਸ਼ ਨੂੰ ਵੱਡਾ ਖਤਰਾ ਹੈ। ਮੇਰੇ ਖਿਆਲ ਵਿਚ ਤਾਂ ਇਰਾਕ ਵਿਚ ਦਖਲ ਦੇਣ ਬਾਅਦ ਸਾਨੂੰ ਖਤਰਾ ਵਧ ਗਿਆ ਹੈ----।"

   ਜੇਸਨ ਬਹੁਤ ਚੰਗੇ ਬੁਲਾਰੇ ਵਾਂਗ ਬੋਲ ਰਿਹਾ ਸੀ। ਆਪਣੇ ਤਜ਼ਰਬੇ ਦੇ ਆਧਾਰ 'ਤੇ ਗੱਲਾਂ ਕਰਕੇ ਉਸ ਨੇ ਸਰੋਤਿਆਂ ਦੇ ਦਿਲਾਂ ਨੂੰ ਮੋਹ ਲਿਆ ਸੀ। ਅੰਤ ਵਿਚ ਲੋਕਾਂ ਨੂੰ ਉਸ ਨੇ ਸੁਨੇਹਾ ਦਿੰਦਿਆਂ ਭਾਸ਼ਣ ਖਤਮ ਕੀਤਾ: "ਦੋਸਤੋ ਇਰਾਕ ਦੀ ਲੜਾਈ ਨਾਲ ਕੀ ਤੁਹਾਡੀ ਆਮਦਨ ਵਧੀ ਹੈ? ਕੀ ਤੁਹਾਡੇ ਬੱਚਿਆਂ ਨੂੰ ਚੰਗੇ ਸਕੂਲ ਜਾਂ ਚੰਗੇ ਟੀਚਰ ਮਿਲੇ ਹਨ? ਨਹੀਂ ਸਗੋਂ ਬੱਚਿਆਂ ਦੀਆਂ ਜਮਾਤਾਂ ਵੱਡੀਆਂ ਹੋ ਰਹੀਆਂ ਹਨ। ਕੀ ਹਸਪਤਾਲਾਂ ਵਿਚ ਇਲਾਜ ਚੰਗੇ ਹੋਏ ਹਨ? ਜਵਾਬ ਹੈ ਨਹੀਂ। ਅਜੇ ਵੀ ਸਰਕਾਰ ਪੈਸੇ ਦੀ ਘਾਟ ਦੇ ਹਰ ਰੋਜ਼ ਰੋਣੇ ਰੋਂਦੀ ਰਹਿੰਦੀ ਹੈ। ਕੀ ਯੂਨੀਵਰਸਟੀਆਂ ਦੀ ਪੜ੍ਹਾਈ ਚੰਗੀ ਹੋਈ ਹੈ? ਨਹੀਂ ਸਗੋਂ ਦਿਨੋ ਦਿਨ ਯੂਨੀਵਰਸਟੀ ਦੀਆਂ ਫੀਸਾਂ ਵਧ ਰਹੀਆਂ ਹਨ। ਜਿੱਧਰ ਵੀ ਦੇਖੋ ਸਰਕਾਰ ਦਾ ਹਾਲ ਪਹਿਲਾਂ ਨਾਲੋਂ ਵੀ ਮਾੜਾ ਐ।" ਮੇਰੇ ਨਾਲ ਖੜ੍ਹੇ ਲੋਕ ਹੌਲੀ ਆਵਾਜ਼ ਵਿਚ ਠੀਕ ਠੀਕ ਕਹਿਣ ਲੱਗੇ।

"ਦੋਸਤੋ, ਜੇ ਸਾਡੇ ਦੇਸ਼ ਦੇ ਲੋਕਾਂ ਦੀਆਂ ਜ਼ਿੰਦਗੀਆਂ ਸੌਖੀਆਂ ਹੋਈਆਂ ਹੁੰਦੀਆਂ ਤਾਂ ਆਹ ਅਪਾਹਜ ਫੋਜੀਆਂ ਨੂੰ ਅੱਜ ਮਾਣ ਮਹਿਸੂਸ ਹੁੰਦਾ। ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਉਹਨਾਂ ਦੇ ਵਿਛੜਨ ਦਾ ਐਨਾ ਦੁੱਖ ਨਾ ਹੁੰਦਾ। ਹੁਣ ਇਹ ਜਾਨਾਂ ਅਜਾਂਈ ਗਈਆਂ ਲਗਦੀਆਂ। ਇਸ ਲਈ ਸਰਕਾਰ ਦਾ ਧਿਆਨ ਅਸੀਂ ਜ਼ੋਰਦਾਰ ਸ਼ਬਦਾਂ ਵਿਚ ਦਵਾਉਣਾ ਚਾਹੁੰਦੇ ਹਾਂ ਤੇ ਮੰਗ ਕਰਦੇ ਹਾਂ ਕਿ ਅਜਿਹੀਆਂ ਲੜਾਈਆਂ ਨੂੰ ਬੰਦ ਕੀਤਾ ਜਾਵੇ ਤੇ ਅਮਨ ਤੇ ਸ਼ਾਂਤੀ ਲਈ ਕੋਸ਼ਿਸ਼ਾਂ ਕੀਤੀਆਂ ਜਾਣ।" ਜੇਸਨ ਨੇ ਤਾੜੀਆਂ ਦੀ ਗੂੰਜ ਵਿਚ ਆਪਣਾ ਭਾਸ਼ਣ ਖਤਮ ਕੀਤਾ।

    ਮੈਂ ਜੇਸਨ ਨੂੰ ਉਡੀਕਦਾ ਰਿਹਾ। ਵਿਹਲੇ ਹੋ ਕੇ ਅਸੀਂ ਇਕੱਠੇ ਹੀ ਟਰੇਨ 'ਤੇ ਘਰ ਵੱਲ ਚੱਲ ਪਏ। ਟਰੇਨ ਵਿਚ ਭੀੜ ਹੋਣ ਕਰਕੇ ਸਾਡੀ ਕੋਈ ਗੱਲ ਨਾ ਹੋ ਸਕੀ। ਸਟੇਸ਼ਨ ਤੋਂ ਬਾਹਰ ਨਿਕਲ ਕੇ ਮੈਂ ਸਾਹਮਣੇ ਪੱਬ ਵੱਲ ਵੇਖਿਆ। ਇਸ ਪੱਬ ਵਿਚ ਕਰਿਸ ਨਾਲ ਮੈਂ ਆਮ ਹੀ ਆਇਆ ਕਰਦਾ ਸੀ।

"ਜੇਸਨ ਇਕ ਬੀਅਰ ਦਾ ਗਲਾਸ ਹੋ ਜਾਵੇ--।"

"ਚੰਗਾ ਖਿਆਲ ਐ।" ਕਹਿੰਦਿਆਂ ਜੇਸਨ ਮੇਰੇ ਨਾਲ ਚੱਲ ਪਿਆ।

  ਬੀਅਰ ਦੇ ਗਲਾਸ ਲੈ ਕੇ ਅਸੀਂ ਖਿੜਕੀ ਨਾਲ ਵਾਲੇ ਟੇਬਲ 'ਤੇ ਆ ਬੈਠੇ। ਬਹੁਤ ਵਾਰ ਮੈਂ ਤੇ ਕਰਿਸ ਵੀ ਇਥੇ ਹੀ ਬੈਠਦੇ। ਇਸੇ ਟੇਬਲ 'ਤੇ ਬੈਠ ਕੇ ਸਾਡੀਆਂ ਬਹਿਸਾਂ ਹੁੰਦੀਆਂ। ਅਕਸਰ ਅਸੀਂ ਇਕ ਦੂਜੇ ਦੇ ਵਿਰੋਧ ਵਿਚ ਬੋਲਦੇ। ਅੱਜ ਮੈਂ ਜੇਸਨ ਦੇ ਵਿਚਾਰਾਂ ਅਤੇ ਕੰਮ ਦੀ ਉਸ ਨੂੰ ਸ਼ਾਬਾਸ਼ ਦੇ ਰਿਹਾ ਸੀ।

 ਗਲਾਸ ਖਾਲੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਮੈਨੂੰ ਮਹਿਸੂਸ ਹੋਇਆ ਜਿਵੇਂ ਫੌਜ ਅਤੇ ਲੋਕ ਸਰਕਾਰ ਦੇ ਖਿਲਾਫ ਇਕੱਠੇ ਹੋ ਗਏ ਹੋਣ।


Comments


bottom of page