ਤੇਰੀ ਹਿੱਕ ਦਾ ਹਉਕਾ, ਆਪਣੇ ਸਾਹਾਂ ਵਿਚਦੀ ਪੁਣਦਾ। ਜੀਅ ਕਰਦਾ ਸੀ ਆਪਣੇ ਦੁੱਖ ਮੈਂ ਤੇਰੇ ਮੂੰਹੋਂ ਸੁਣਦਾ।
ਤੇਰੇ ਨਾਲ ਉਤਰਦਾ ਹਾਦਸਿਆਂ ਦੇ ਅੰਨ੍ਹੇ ਖੂਹ ਵਿਚ, ਤੇਰੇ ਚਾਨਣ ਵਿਚ ਓਥੋਂ ਕੁਝ ਬਚੀਆਂ ਘੜੀਆਂ ਚੁਣਦਾ।
ਫੁੱਲਾਂ ਤੋਂ ਰੰਗ ਮੰਗ ਕੇ ਆਪਾਂ ਸਾਂਝੀ ਪੇਟਿੰਗ ਕਰਦੇ, ਰਲ਼ ਕੇ ਕੋਈ ਗੀਤ ਬਣਾਉਂਦੇ, ਮੋਰਾਂ ਦੀ ਰੁਣ-ਝੁਣ ਦਾ ।
ਰਲਗੱਡ ਹੋਏ ਅਹਿਸਾਸਾਂ ਨੂੰ ਇਕ ਤਰਤੀਬ 'ਚ ਚਿਣਦੇ, ਉਲਝੇ ਭੂਤ-ਭਵਿੱਖ 'ਚੋਂ ਕੋਈ ਸਿਰਾ ਭਾਲ਼ਦੇ ਹੁਣ ਦਾ।
ਤੂੰ ਮੁਸਕਾ ਕੇ ਮੇਰੀ ਰੂਹ 'ਤੇ ਮੀਨਾਕਾਰੀ ਕਰਦੀ, ਮੈਂ ਨਜ਼ਰਾਂ ਨਾਲ ਤੇਰੀ ਠੋਡੀ 'ਤੇ ਪੰਜ-ਦਾਣਾ ਖੁਣਦਾ ।
ਜੋ ਕੁਝ ਹੁੰਦਾ, ਆਪਣੇ ਸਾਹਵੇਂ, ਸਿੱਧਾ-ਸਾਦਾ ਹੁੰਦਾ, ਨਾ ਤੂੰ ਕਿਸੇ ਖ਼ਿਆਲ 'ਚ ਡੁੱਬਦੀ, ਨਾ ਮੈਂ ਸੁਪਨੇ ਬੁਣਦਾ ।
ਐਸੀ ਕਵਿਤਾ ਲਿਖ ਕੇ ਆਪਾਂ ਹੋਰ ਅਗਾਂਹ ਤੁਰ ਜਾਂਦੇ, ਪਿੱਛੋਂ ਇਕ ਡੂੰਘੀ ਚੁੱਪ ਗਾਉਂਦੀ ਅਤੇ ਜ਼ਮਾਨਾ ਸੁਣਦਾ।
Comments