top of page
  • Writer's pictureਸ਼ਬਦ

ਲੰਡਨ ਦਾ ਮਰਨਾ ਮਹਿੰਗਾ! /

ਹਰਜੀਤ ਅਟਵਾਲ /

ਲੰਡਨ ਦਾ ਨਹੀਂ ਸਾਰੇ ਹੀ ਪੱਛਮੀ ਮੁਲਕਾਂ ਵਿੱਚ ਮਰਨਾ ਬਹੁਤ ਖਰਚੀਲਾ ਹੈ। ਪਿੱਛੇ ਜਿਹੇ ਕਨੇਡਾ ਤੋਂ ਇਕ ਪੰਜਾਬੀ ਭਾਈਵੰਦ ਦਾ ਵੀਡਿਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਬਿਜ਼ੁਰਗ ਕਿਸੇਨੂੰ ਪੁੱਛ ਰਿਹਾ ਹੈ ਕਿ ਕਨੇਡਾ ਵਿੱਚ ਮਰਨ ਉਪਰੰਤ ਫਿਊਨਰਲ ਉਪਰ ਕਿੰਨਾ ਖਰਚ ਆਉਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਅੱਠ-ਦਸ ਹਜ਼ਾਰ ਡਾਲਰ ਦੇ ਕਰੀਬ। ਉਹ ਡਾਲਰਾਂ ਦੇ ਰੁਪਈਏ ਬਣਾਉਂਦਾ ਹੋਇਆ ਆਖਦਾ ਹੈ ਕਿ ਏਨੇ ਵਿੱਚ ਤਾਂ ਉਥੇ (ਇੰਡੀਆ) ਭਾਵੇਂ ਸਾਰਾ ਪਿੰਡ ਫੂਕ ਲਓ।

ਮੇਰੇ ਪਿਤਾ ਆਪਣੇ ਆਖਰੀ ਦਿਨਾਂ ਵਿੱਚ ਕਿਹਾ ਕਰਦੇ ਸਨ ਕਿ ਲੰਡਨ ਦਾ ਮਰਨਾ ਬਹੁਤ ਮਹਿੰਗਾ, ਮੈਨੂੰ ਇੰਡੀਆ ਲੈ ਚੱਲੋ, ਉਥੇ ਕੋਈ ਖਰਚ ਨਹੀਂ ਆਉਣਾ ਕਿਉਂਕਿ ਆਪਣੇ ਜੋਗੀਆਂ ਲਕੜਾਂ ਮੈਂ ਰੱਖੀਆਂ ਹੋਈਆਂ।

ਅਸੀਂ ਬਹੁਤੇ ਭਾਰਤੀ ਮ੍ਰਿਤਕ-ਦੇਹ ਦਾ ਸਸਕਾਰ ਜਾਂ ਅਗਨ-ਭੇਟ ਕਰਦੇ ਹਾਂ ਜਿਸਨੂੰ ਅੰਗਰੇਜ਼ੀ ਵਿੱਚ ਕਰੀਮੇਟ ਕਰਨਾ ਕਹਿੰਦੇ ਹਾਂ ਤੇ ਯੂਕੇ ਭਰ ਵਿੱਚ ਥਾਂ-ਥਾਂ ਕਰੀਮੇਟਰੀਆਂ/ਕਰੀਮੇਟੋਰੀਅਮ ਬਣੇ ਹੋਏ ਹਨ। ਇਹਨਾਂ ਮੁਲਕਾਂ ਵਿੱਚ ਦੇਹ ਦਾ ਖੁੱਲ੍ਹੇ-ਆਮ ਸਸਕਾਰ ਕਰਨ ਦੀ ਮਨਾਹੀ ਹੈ। ਯੂਕੇ ਖੁੱਲ੍ਹੇ ਵਿੱਚ ਸਸਕਾਰ ਦੀ ਕੋਈ ਖਾਸ ਗਵਾਹੀ ਮੇਰੀ ਨਜ਼ਰ ਵਿੱਚ ਦੀ ਨਹੀਂ ਲੰਘੀ। ਹਾਂ, ਬਹੁਤ ਸਾਲ ਪਹਿਲਾਂ ਮੈਂ ਆਇਰਲੈਂਡ ਵਿੱਚ ਸਿੱਖਾਂ ਵਲੋਂ ਬਾਹਰ ਅਸਮਾਨ ਹੇਠ ਕੀਤੇ ਜਾ ਰਹੇ ਸਸਕਾਰ ਦੀ ਇਕ ਤਸਵੀਰ ਕਿਤੇ ਦੇਖੀ ਸੀ ਪਰ ਉਹ ਮੈਨੂੰ ਇੰਟਰਨੈੱਟ ‘ਤੇ ਨਹੀਂ ਲੱਭੀ।

ਸਸਕਾਰ ਦੇ ਬਰਾਬਰ ਹੀ ਮ੍ਰਿਤਕ-ਦੇਹ ਨਾਲ ਨਿਪਟਣ ਦਾ ਇਕ ਤਰੀਕਾ ਇਸਨੂੰ ਦਫਨਾਉਣਾ ਵੀ ਹੈ ਜੋ ਬਹੁਤੇ ਸਾਰੇ ਧਰਮਾਂ ਵਿੱਚ ਲਾਜ਼ਮੀ ਵੀ ਹੈ। ਉਹ ਵੀ ਸਸਤਾ ਨਹੀਂ। ਜਗਾਹ ਖਰੀਦਣੀ ਪੈਂਦੀ ਹੈ, ਕਬਰ ਪੁੱਟਣੀ ਪੈਂਦੀ ਹੈ, ਦੇਹ ਨੂੰ ਕਬਰ ਤੱਕ ਲੈ ਜਾਣ ਦਾ ਖਰਚਾ ਅਲੱਗ। ਚਾਰ ਬੰਦਿਆਂ ਦਾ ਮੁਰਦੇ ਨੂੰ ਮੋਢਿਆਂ ‘ਤੇ ਚੁੱਕ ਸੜਕੋ-ਸੜਕੀ ਕਬਰਸਤਾਨ ਜਾਣਾ ਗੈਰ-ਕਾਨੂੰਨੀ ਹੈ। ਯੂਕੇ ਵਿੱਚ ਖੁੱਲ੍ਹੇ-ਆਮ ਸਸਕਾਰ ਲਈ ਕਾਫੀ ਦੇਰ ਤੋਂ ਲੜ੍ਹਾਈ ਜਾਰੀ ਹੈ ਕਿਉਂਕਿ ਹਿੰਦੂ ਧਰਮ ਅਨੁਸਾਰ ਇਸ ਮਨੁੱਖੀ ਭੌਤਿਕ ਸਰੀਰ ਦੇ ਪੰਜਾਂ ਤੱਤਾਂ ਨੂੰ ਬ੍ਰਹਿਮੰਡ ਵਿੱਚ ਵਲੀਨ ਹੋਣਾ ਜ਼ਰੂਰੀ ਹੈ ਤੇ ਇੰਜ ਖੁੱਲ੍ਹੇ ਅਸਮਾਨ ਹੇਠ ਸਸਕਾਰ ਕਰਕੇ ਹੀ ਹੋ ਸਕਦਾ ਹੈ। ਇਸ ਬਾਰੇ ਯੂਕੇ ਦੇ ਮੰਦਿਰਾਂ ਵਲੋਂ ਹਾਲੇ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਹਨ।

ਪੱਛਮੀ ਸਿਸਟਮ ਦੇ ਹਿਸਾਬ ਨਾਲ ਮ੍ਰਿਤਕ ਦੇਹ ਨੂੰ ਕਰੀਮੇਟਰ (ਅਗਨ-ਯੰਤਰ) ਵਿੱਚ ਦਾਹ ਕੀਤਾ ਜਾਂਦਾ ਹੈ। ਇਸ ਕੰਪੋਨੈਂਟ ਦੇ ਕੰਮ ਕਰਨ ਦੇ ਸਿਸਟਮ ਨੂੰ ਫਰਨੈਸ ਕਹਿੰਦੇ ਹਨ। ਇਹ ਹੀਟਰ/ਬੁਆਲਿਰ ਹੈ ਜੋ ਬਹੁਤ ਜ਼ਿਆਦਾ ਹੀਟ ਪੈਦਾ ਕਰਦਾ ਹੈ। ਵੈਸੇ ਤਾਂ ਇਹ ਉਹੀ ਸਿਸਟਮ ਹੈ ਜੋ ਘਰਾਂ ਵਿੱਚ ਸੈਂਟਰਲ-ਹੀਟਿੰਗ ਲਈ ਵਰਤਿਆ ਜਾਂਦਾ ਹੈ ਪਰ ਇਸਦੀ ਸ਼ਕਤੀ ਵਧੇਰੇ ਹੁੰਦੀ ਹੈ। ਕਰੀਮੇਸ਼ਨ ਲਈ ਕਰੀਮੇਟਰ ਵਿੱਚ ਫਰਨੈਸ 871 ਡਿਗਰੀ ਤੋਂ ਲੈਕੇ 980 ਡਿਗਰੀ ਤੱਕ ਸੇਕ ਪੈਦਾ ਕਰਦਾ ਹੈ ਜਿਸ ਨਾਲ ਮ੍ਰਿਤਕ-ਦੇਹ ਕੁਝ ਮਿੰਟਾਂ ਵਿੱਚ ਲੱਗਭੱਗ ਢਾਈ-ਕਿੱਲੋ ਅਸਥੀਆਂ ਵਿੱਚ ਬਦਲ ਜਾਂਦੀ ਹੈ, ਦੇਹ ਕਿੱਡੀ ਵੀ ਭਾਰੀ ਕਿਉਂ ਨਾ ਹੋਵੇ। ਇਕ ਹਿਸਾਬ ਨਾਲ ਇਸਨੂੰ ਨੱਬੇ-ਮਿੰਟ ਤੱਕ ਲੱਗ ਸਕਦੇ ਹਨ ਪਰ ਨਿੱਜੀ ਤਜਰਬਾ ਹੈਕਿ ਇਹ ਯੰਤਰ ਪੰਦਰਾਂ-ਵੀਹ ਮਿੰਟ ਵਿੱਚ ਆਪਣਾ ਕੰਮ ਕਰ ਦਿੰਦਾ ਹੈ। ਇਹ ਅਸਥੀਆਂ ਵਾਰਿਸਾਂ ਨੂੰ ਕੁਝ ਦਿਨ ਬਾਅਦ ਮਿਲਦੀਆਂ ਹਨ। ਇਹਨਾਂ ਕਰੀਮੇਟਰਾਂ ਲਈ ਤੇਲ, ਕੁਦਰਤੀ-ਗੈਸ, ਪਰੋਪੇਨ-ਗੈਸ ਜਾਂ ਬਿਜਲੀ ਆਦਿ ਵਰਤੀ ਜਾਂਦੀ ਹੈ। 1960 ਤੱਕ ਕੋਲਾ ਵਰਤਿਆ ਜਾਂਦਾ ਰਿਹਾ ਹੈ। ਇਸ ਚੈਂਬਰ ਵਿੱਚ ਖਾਸ ਕਿਸਮ ਦੀਆਂ ਬਿਜਲਈ ਇੱਟਾਂ ਵਰਤੀਆਂ ਜਾਂਦੀਆਂ ਹਨ ਜੋ ਏਨੇ ਸੇਕ ਦਾ ਸਾਹਮਣਾ ਕਰ ਸਕਦੀਆਂ ਹਨ। ਦੇਹ ਕਫਨ ਸਮੇਤ ਹੀ ਚੈਂਬਰ ਅੰਦਰ ਸਰਕਾਈ ਜਾਂਦੀ ਹੈ ਤਾਂ ਜੋ ਮਸ਼ੀਨ-ਚਾਲਕਾਂ ਲਈ ਹੈਲਥ-ਸੇਫਟੀ ਦਾ ਜੋਖਮ ਨਾ ਉਠਾਇਆ ਜਾਵੇ।

ਵੈਸੇ ਤਾਂ ਮਨੁੱਖ ਮੁੱਢ ਕਦੀਮ ਤੋਂ ਹੀ ਆਪਣੇ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਦਾ ਨਿਪਟਾਰਾ ਕਰਦਾ ਆਇਆ ਹੈ ਪਰ ਇਸਦੇ ਢੰਗ/ਤਰੀਕਿਆਂ ਬਾਰੇ ਜਾਨਣਾ ਦਿਲਚਸਪ ਹੋਵੇਗਾ। ਦਫਨਾਉਣਾ, ਅਗਨ-ਦਾਹ ਕਰਨਾ, ਮੰਮੀਫਾਈ ਕਰਨਾ, ਚਬੂਤਰੇ ‘ਤੇ ਸੁੱਟਣਾ ਜਾਂ ਅੱਧਜਲੀ ਦੇਹ ਨੂੰ ਪਾਣੀ ਵਿੱਚ ਵਹਾ ਦੇਣਾ ਵਰਗੇ ਕਿੰਨੇ ਹੀ ਤਰੀਕੇ ਰਹੇ ਹੋ ਸਕਦੇ ਹਨ। ਇਥੇ ਆਪਾਂ ਸਸਕਾਰ ਬਾਰੇ ਕੁਝ ਗੱਲ ਕਰਾਂਗੇ। ਸਸਕਾਰ ਕਰਨ ਦੇ ਸਭ ਤੋਂ ਪਹਿਲੇ ਸਬੂਤ ਸਤਾਰਾਂ ਹਜ਼ਾਰ ਸਾਲ ਪਹਿਲਾਂ ਮਿਲਦੇ ਹਨ। ਅਸਲਟਰੇਲੀਆ ਦੀ ਝੀਲ ਮੰਗੋ-ਲੇਕ ਵਿੱਚ ਇਕ ਔਰਤ ਦੇ ਸਸਕਾਰ ਦੇ ਅਵਸ਼ੇਸ਼ (ਰਿਮੇਨਜ਼) ਲੱਭਦੇ ਹਨ। ਆਰਕੌਲੌਜਿਸਟ ਇਸਨੂੰ ਮੰਗੋ-ਲੇਡੀ ਨਾਂ ਨਾਲ ਚੇਤੇ ਕਰਦੇ ਹਨ। ਆਰਕਿਓਲੋਜੀ ਵਿੱਚ ਸਸਕਾਰ ਲਈ ਦੋ ਟਰਮਾਂ ਵਰਤੀਆਂ ਜਾਂਦੀਆਂ ਹਨ: ਪਰਾਇਮਰੀ-ਕਰੀਮੇਟਸ਼ਨ ਤੇ ਸੈਕੰਡਰੀ-ਕਰੀਮੇਸ਼ਨ। ਪਹਿਲਾਂ ਸ਼ਵ ਨਾਲ ਨਿਪਟਣਾ ਤੇ ਫਿਰ ਅਸਥੀਆਂ ਨਾਲ। ਅਸਥੀਆਂ ਨੂੰ ਪਾਣੀ ਵਿੱਚ ਵਹਾਉਣਾ, ਖਿਲਾਰਨਾ ਜਾਂ ਦੱਬਣਾ ਵਰਗਾ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਇਹ ਆਪੋ-ਆਪਣੇ ਸਭਿਆਚਾਰ ਦੇ ਹਿਸਾਬ ਨਾਲ ਹੁੰਦਾ ਹੈ। ਪੁਰਾਣੇ ਮਿਡਲ-ਈਸਟ ਤੇ ਯੌਰਪ ਵਿੱਚ ਦਫਨਾਉਣਾ ਤੇ ਅਗਨ-ਦਾਹ ਕਰਨਾ ਦੋਵੇਂ ਤਰੀਕੇ ਪ੍ਰਚੱਲਤ ਰਹੇ ਹਨ। ਇਵੇਂ ਹੀ ਪੱਥਰ-ਯੁੱਗ ਤੇ ਤਾਂਬਾ-ਯੁੱਗ ਵਿੱਚ ਵੀ। ਇਹ ਹਰ ਕਲਚਰ ਦੀਆਂ ਸੀਮਾਵਾਂ/ਤਰਜੀਹਾਂ ਮੁਤਾਬਕ ਹੁੰਦਾ ਸੀ। ਪੁਰਾਣੇ ਮਿਸਰ ਵੇਲੇ ਰੂਹਾਂ ਦੀ ਬਹੁਤ ਮਹੱਤਤਾ ਹੁੰਦੀ ਸੀ। ਲੋਕ ਰੂਹਾਂ ਨਾਲ ਗੱਲਾਂ ਕਰਦੇ ਜਾਂ ਵਹਿਮ ਕਰਦੇ ਸਨ ਇਸ ਲਈ ਵਿਸ਼ੇਸ਼ ਲੋਕਾਂ ਨੂੰ ਮੰਮੀਫਾਈ ਕਰਕੇ ਰੱਖ ਲਿਆ ਜਾਂਦਾ ਸੀ ਕਿ ਰੂਹ ਕਦੇ ਵੀ ਆਪਣੇ ਸਰੀਰ ਵਲ ਮੁੜ ਸਕਦੀ ਹੈ। ਇਹ ਮੰਮੀਆਂ ਅੱਜ ਵੀ ਮਿਲਦੀਆਂ ਹਨ। ਪੁਰਾਣੇ ਯੂਨਾਨ ਸਮੇਂ ਦਾ ਲੇਖਕ ਹੈਰੋਡੋਸਟ ਲਿਖਦਾ ਹੈ ਕਿ ਬੇਬੀਲੋਨੀਅਨ ਆਪਣੇ ਸ਼ਵਾਂ ਨੂੰ ਬਾਮ ਲਾਉਂਦੇ ਸਨ ਤਾਂ ਜੋ ਲੰਮੇ ਸਮੇਂ ਲਈ ਰੱਖੇ ਜਾ ਸਕਣ। ਪੁਰਾਣੇ ਪਰਸ਼ੀਅਨ ਸ਼ਵਾਂ ਨੂੰ ਜਲਾਉਂਦੇ ਸਨ ਪਰ ਜ਼ੋਰੋਆਸਰੇਨਿਜ਼ਮ ਦੇ ਫੈਲਣ ਨਾਲ ਜਲਾਉਣਾ ਬੰਦ ਕਰ ਦਿੱਤਾ ਗਿਆ।

ਯੌਰਪ ਵਿੱਚ ਡੈਨਿਊਬ ਦਰਿਆ ਦੇ ਦੁਆਲੇ ਵਸੀਆਂ ਸਭਿਅਤਾਵਾਂ ਵਿੱਚ ਸਸਕਾਰ ਦੀ ਪ੍ਰਥਾ ਜ਼ਿਆਦਾ ਚਲਦੀ ਸੀ ਪਰ ਤਾਂਬਾ-ਯੁੱਗ ਤੇ ਲੋਹਾ-ਯੁੱਗ ਵਿੱਚ ਆ ਕੇ ਦਫਨਾਉਣ ਦਾ ਰੁਝਾਨ ਹਾਵੀ ਹੋਣ ਲੱਗਾ। ਯੂਨਾਨੀ ਲੇਖਕ ਹੋਮਰ (ਇਲਾਇਡ ਤੇ ਓਡੇਸੀ ਦਾ ਲੇਖਕ) ਮੁਤਾਬਕ ਯੂਨਾਨ ਵਿੱਚ ਸਰੀਰ ਨੂੰ ਅਗਨ-ਦਾਹ ਕਰਕੇ ਅਸਥੀਆਂ ਨੂੰ ਇਕ ਗੁੰਬਦ (ਤੁਮੁਲਸ) ਵਿੱਚ ਰੱਖਿਆ ਜਾਂਦਾ ਸੀ। ਉਹਨਾਂ ਵੇਲਿਆਂ ਵਿੱਚ ਦੇਵਤਿਆਂ ਨੂੰ ਖੁਸ਼ ਕਰਨ ਲਈ ਮਨੁੱਖ ਅਗਨ-ਭੇਂਟ ਕਰਕੇ ਉਸਦੀ ਬਲੀ ਦਿੱਤੀ ਜਾਂਦੀ ਸੀ ਤੇ ਉਹਨਾਂ ਦੀ ਰੂਹਾਂ ਨੂੰ ਪਵਿਤਰ ਮੰਨਿਆਂ ਜਾਂਦਾ ਸੀ। ਸਕੰਡੇਨੇਵੀਅਨ ਮੁਲਕਾਂ ਵਿੱਚ ਜਵਾਨ ਕੁੜੀ ਦੀ ਬਲੀ ਦੇਣ ਲਈ ਉਸ ਨੂੰ ਇਕ ਚਬੂਤਰੇ ‘ਤੇ ਬੰਨ ਕੇ ਅੱਗ ਲਾਉਣ ਦੀ ਪ੍ਰਥਾ ਸੀ। ਬਲੀ ਦਿੱਤੇ ਲੋਕਾਂ ਦੀ ਰੂਹ ਨੂੰ ਪਵਿੱਤਰ ਸਮਝਦਿਆਂ ਉਹਨਾਂ ਨੂੰ ਆਮ ਲੋਕਾਂ ਤੋਂ ਵਖਰਿਆਉਣ ਲਈ ਉਹਨਾਂ ਦੇ ਅਵਿਸ਼ੇਸ਼ ਨੂੰ ਦਫਨਾਉਣ ਦਾ ਰਿਵਾਜ ਸ਼ੁਰੂ ਹੋਇਆ। ਹਿੰਦੂ ਧਰਮ ਤਾਂ ਸ਼ੁਰੂ ਤੋਂ ਸਸਕਾਰ ਦੀ ਪ੍ਰੋੜਤਾ ਕਰਦਾ ਹੈ। ਹਿੰਦੁਸਤਾਨ ਵਿੱਚ ਚਾਰ-ਪੰਜ ਹਜ਼ਾਰ ਸਾਲ ਪੁਰਾਣੀਆਂ ਚਿਤਾਵਾਂ ਮਿਲਦੀਆਂ ਹਨ। ਰਿਗਵੇਦਾਂ ਵਿੱਚ ਮਿਲਦੇ ਹਵਾਲਿਆਂ ਵਿੱਚ ਅਗਨੀਦਾਗਦਾਹ (ਕਰੀਮੇਸ਼ਨ) ਤੇ ਅਨਅਗਨੀਦਾਗਦਾਹ (ਅਨਕਰੀਮੇਸ਼ਨ) ਦੋਵੇਂ ਹੀ ਸ਼ਾਮਲ ਹਨ। ਇਸਾਈ-ਧਰਮ ਦੇ ਫੈਲਣ ਨਾਲ ਯੌਰਪ ਵਿੱਚੋਂ ਸਸਕਾਰ ਦਾ ਚਲਨ ਖਤਮ ਹੋ ਗਿਆ। ਇਸਾਈ-ਧਰਮ ਦੀਆਂ ਜੜ੍ਹਾਂ ਜੂਦੇਇਜ਼ਮ ਵਿੱਚ ਹਨ ਤੇ ਅੱਗੇ ਇਸਲਾਮ ਵੀ ਇਸ ਵਿੱਚੋਂ ਹੀ ਨਿਕਲਦਾ ਹੈ, ਇਹਨਾਂ ਦਾ ਸਰੀਰ ਦੇ ਮੁੜਕੇ ਜਿਉਂਦੇ ਹੋਣ ਵਿੱਚ ਯਕੀਨ ਸੀ ਸੋ ਇਹ ਦੇਹ ਨੂੰ ਨਸ਼ਟ ਕਰਨ ਦੇ ਖਿਲਾਫ ਸਨ।

ਬਰਤਾਨੀਆ ਵਿੱਚ ਜਦ ਰੋਮਨਾਂ ਦਾ ਰਾਜ ਸੀ ਤਾਂ ਸਸਕਾਰ ਵੀ ਕੀਤਾ ਜਾਂਦਾ ਸੀ ਜੋ ਚੌਥੀ ਸਦੀ ਤੱਕ ਚਲਦਾ ਰਿਹਾ। ਪੰਜਵੀਂ-ਛੇਵੀਂ ਸਦੀ ਵਿੱਚ ਵੀ ਮੁੜਕੇ ਸ਼ਵਾਂ ਨੂੰ ਅਗਨ-ਭੇਂਟ ਕੀਤਾ ਜਾਣ ਲਗਾ ਕਿਉਂਕਿ ਉਹਨਾਂ ਵਕਤਾਂ ਵਿੱਚ ਬਰਤਾਨੀਆ ਵਿੱਚ ਕੁਝ ਲੋਕ ਬਾਹਰੋਂ ਆਕੇ ਵੀ ਵਸਣ ਲੱਗੇ ਸਨ, ਉਹਨਾਂ ਦੀਆਂ ਰਸਮਾਂ ਕੁਝ ਅਜਿਹੀਆਂ ਸਨ। ਸਤਵੀਂ ਸਦੀ ਵਿੱਚ ਇਸਾਈ-ਧਰਮ ਦੇ ਬੋਲਬਾਲੇ ਨਾਲ ਦਫਨਾਉਣਾ ਜ਼ਰੂਰੀ ਹੋ ਗਿਆ। ਸਸਕਾਰ ਕਰਨਾ ਪੂਰੇ ਯੌਰਪ ਵਿੱਚ ਹੀ ਬੈਨ ਹੋ ਗਿਆ ਸੀ ਬਲਕਿ ਸਸਕਾਰ ਕਰਨ ਦੀ ਸਜ਼ਾ ਮੌਤ ਸੀ। ਕਈ ਵਾਰ ਕੈਥੋਲਿਕ-ਅਥੌਰਟੀ ਵਲੋਂ ਮੌਤ ਦੀ ਸਜ਼ਾ-ਯਾਫਤਾ ਕੈਦੀ ਦਾ ਮਰਨ ਉਪਰੰਤ ਅਗਲੀ ਸਜ਼ਾ ਵਜੋਂ ਸਸਕਾਰ ਕੀਤਾ ਜਾਂਦਾ ਤਾਂ ਜੋ ਜਜਮੈਂਟ ਵਾਲੇ ਦਿਨ ਉਹ ਰੱਬ ਮੁਹਰੇ ਆਪਣਾ ਹਿਸਾਬ ਦੇਣ ਲਈ ਪੇਸ਼ ਨਾ ਹੋ ਸਕੇ। ਉਹਨਾਂ ਵੇਲਿਆਂ ਵਿੱਚ ਜੌਹਨ ਵਾਈਕਲਿੱਫ ਨਾਂ ਦੇ ਬੰਦੇ ਨੇ ਜਦ ਇਸਾਈ-ਧਰਮ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਦਾ ਵੀ ਇਸੇ ਘੋਰ ਸਜ਼ਾ ਦੇਣ ਵਾਲੀ ਸੋਚ ਅਧੀਨ ਮਰਨ ਉਪਰੰਤ ਸਸਕਾਰ ਕੀਤਾ ਗਿਆ ਸੀ ਤੇ ਉਸ ਦੀਆਂ ਅਸਥੀਆਂ ਦਰਿਆ ਵਿੱਚ ਸੁੱਟੀਆਂ ਗਈਆਂ ਸਨ ਤਾਂ ਜੋ ਉਹ । ਜੋ ਵੀ ਕਾਨੂੰਨ ਸੀ ਪਰ ਬਹੁਤ ਸਾਰੇ ਲੋਕ ਮ੍ਰਿਤਕ-ਦੇਹ ਨੂੰ ਦਫਨਾਉਣ ਨਾਲੋਂ ਸਸਕਾਰ ਦੇ ਹੱਕ ਵਿੱਚ ਸਨ। ਸਰ ਥੌਮਸ ਬਰਾਊਨ ਨਾਂ ਦਾ ਬੰਦਾ ਸਭ ਤੋਂ ਪਹਿਲਾਂ 1658 ਵਿੱਚ ਖੁੱਲ੍ਹ ਕੇ ਸਸਕਾਰ ਦੇ ਹੱਕ ਵਿੱਚ ਸਾਹਮਣੇ ਆਇਆ। ਹੌਨੋਰੈਟਾ ਬਰੁੱਕ ਪਰੈਟ ਨਾਂ ਦੀ ਪਹਿਲੀ ਔਰਤ ਹੋਈ ਹੈ ਜਿਸਦਾ ਕਾਨੂੰਨੀ ਸਸਕਾਰ ਕੀਤੇ ਜਾਣ ਦਾ ਰਿਕਾਰਡ ਮਿਲਦਾ ਹੈ। ਉਸ ਦੀਆਂ ਅਸਥੀਆਂ ਲੰਡਨ ਦੇ ਹੈਨਓਵਰ ਸੁਕੇਅਰ ਵਿੱਚ ਦਫਨਾਈਆਂ ਗਈਆਂ।

ਪੂਰੇ ਯੌਰਪ ਵਿੱਚ 1870 ਵਿੱਚ ਸਸਕਾਰ ਦੇ ਹੱਕ ਵਿੱਚ ਇਕ ਲਹਿਰ ਸ਼ੁਰੂ ਹੋ ਗਈ ਸੀ। ਇਸ ਲਹਿਰ ਦੇ ਹੱਕ ਵਿੱਚ ਭੁਗਤਦੇ ਲੋਕ ਮਿਆਸਮਾ-ਥਿਊਰੀ ਦਾ ਸਹਾਰਾ ਲੈਂਦੇ ਸਨ ਕਿ ਛੂਤ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਸਸਕਾਰ ਵਧੀਆ ਸਾਧਨ ਹੈ। ਬਹੁਤ ਸਾਰੇ ਬੁੱਧੀਜੀਵੀ ਇਸਦੇ ਹੱਕ ਵਿੱਚ ਸਨ। 1869 ਵਿੱਚ ਫਲੋਰੈਂਸ ਸ਼ਹਿਰ ਵਿੱਚ ਇੰਟਰਨੈਸ਼ਨਲ-ਮੈਡੀਕਲ-ਕੌਂਗਰਸ ਹੋਈ ਜਿਸ ਵਿੱਚ ਦੋ ਪਰੋਫੈਸਰ ਕਲੋਟੀ ਤੇ ਕਸਟੀ ਗਲਿਓਨੀ ਨੇ ਪਬਲਿਕ-ਹੈਲਥ ਸਿਵਿਲਾਈਜ਼ੇਸ਼ਨ ਦੇ ਨਾਂ ‘ਤੇ ਸਸਕਾਰ ਦੇ ਹੱਕ ਵਿੱਚ ਭਾਸ਼ਨ ਦਿੱਤੇ। 1873 ਵਿੱਚ ਵਿਆਨਾ ਵਿੱਚ ਇਸੇ ਸੰਬੰਧ ਵਿੱਚ ਇਕ ਕਾਨਫਰੰਸ ਹੋਈ ਜਿਸ ਵਿੱਚ ਪਰੋਫੈਸਰ ਪਾਓਲੋ ਗੋਰਿਨੀ ਨੇ ਕਰੀਮੇਟਰ/ਫਰਨੈਸ ਦਾ ਨਮੂਨਾ ਪੇਸ਼ ਕੀਤਾ ਜਿਸਨੇ ਲੋਕਾਂ ਦਾ ਬਹੁਤ ਧਿਆਨ ਖਿਚਿਆ। 1850 ਵਿੱਚ ਸਰ ਚਾਰਲਸ ਵਿਲੀਅਮ ਸੀਮਨ ਨੇ ਲੋਹੇ ਤੋਂ ਸਟੀਲ ਬਣਾਉਣ ਦੀ ਵਿਧੀ ‘ਤੇ ਕੰਮ ਕਰਦਿਆਂ ਸੇਕ ਨੂੰ ਬਿਨਾਂ ਨੁਕਸਾਨ ਦੇ ਵਧਾਕੇ ਉਪਰਲੀ ਡਿਗਰੀ ਵਿੱਚ ਲੈ ਜਾਣ ਦਾ ਤਰੀਕਾ ਅਪਣਾਇਆ। 1874 ਵਿੱਚ ਚਾਰਲਸ ਵੈਂਟਵਰਥ ਡਿਲਕ ਨੇ ਆਪਣੀ ਪਤਨੀ ਦੇ ਸਰੀਰ ਦਾ ਇਸੇ ਵਿਧੀ ਨਾਲ ਸਸਕਾਰ ਕੀਤਾ। ਇਸ ਸਸਤਾ ਵੀ ਸੀ, ਵਕਤ ਵੀ ਘੱਟ ਲਗਦਾ ਸੀ, ਸਿਹਤ ਲਈ ਵੀ ਢੁਕਵਾਂ ਸੀ। ਇਸ ਵੇਲੇ ਤੱਕ ਮੌਜੁਦਾ ਕਰੀਮੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਸੀ। ਕਰੀਮੇਟਰ ਜਾਂ ਫਰਨੈਸ ਹੋਂਦ ਵਿੱਚ ਆ ਚੁੱਕਾ ਸੀ। ਪਹਿਲਾ ਕਰੇਟੋਰੀਅਮ ਜਾਂ ਸਸਕਾਰ-ਘਰ ਇਟਲੀ ਦੇ ਸ਼ਹਿਰ ਮਿਲਾਨ ਵਿੱਚ 1876 ਵਿੱਚ ਬਣਿਆਂ ਜੋ 1992 ਤੱਕ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇੰਗਲੈਂਡ ਦੇ ਸ਼ਹਿਰ ਵੋਕਿੰਗ ਵਿੱਚ ਸਸਕਾਰ-ਘਰ ਖੋਹਲਿਆ ਗਿਆ। ਵੋਕਿੰਗ ਵਿੱਚ ਸਭ ਤੋਂ ਪਹਿਲਾ ਸਸਕਾਰ ਉਸ ਵੇਲੇ ਦੀ ਪ੍ਰਸਿੱਧ ਲੇਖਕਾ ਤੇ ਸਾਇੰਸਦਾਨ ਜੈਨਟ ਪਿਕਰਜ਼ਗਿੱਲ ਦਾ ਕੀਤਾ ਗਿਆ। ਡਾਕਟਰ ਹੈਨਰੀ ਥੌਮਸਨ ਨੇ ਵਿਆਨਾ ਵਾਲੀ ਕਾਨਫਰੰਸ ਵਿੱਚ ਭਾਗ ਲਿਆ ਸੀ ਤੇ ਉਸਨੇ ਪਾਓਲੋ ਗੋਰਿਨੀ ਦੇ ਬਣਾਏ ਕਰੀਮੇਟਰ ਨੂੰ ਇੰਗਲੈਂਡ ਵਿੱਚ ਲੈਕੇ ਆਂਦਾ। ਇਹਨਾਂ ਨੂੰ ਸਥਾਪਤ ਕਰਨ ਲਈ ਗੋਰਿਨੀ ਆਪ ਇੰਗਲੈਂਡ ਆਇਆ ਤੇ ਮਰੇ ਹੋਏ ਇਕ ਘੋੜੇ ਨੂੰ ਲੂਹ ਕੇ ਤਜਰਬਾ ਕੀਤਾ ਗਿਆ।

ਬਰਤਾਨੀਆ ਦਾ ਉਸ ਵੇਲੇ ਦੇ ਹੋਮ ਮਨਿਸਟਰ ਰਿਚਰਡ ਕਰੌਸ ਨੇ ਇਸਦਾ ਵਿਰੋਧ ਕੀਤਾ। 1884 ਵਿੱਚ ਇਕ ਵੈਲਸ਼ ਪਾਦਰੀ ਵਿਲੀਅਮ ਪਰਾਈਸ ਨੇ ਇਸ ਵਿਧੀ ਨਾਲ ਆਪਣੇ ਬੱਚੇ ਦੀ ਮ੍ਰਿਤਕ-ਦੇਹ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੜਿਆ ਗਿਆ। ਕੋਰਟ ਵਿੱਚ ਕੇਸ ਚੱਲਿਆ ਤਾਂ ਪਾਦਰੀ ਕੇਸ ਜਿੱਤ ਗਿਆ। ਇਸ ਤੋਂ ਬਾਅਦ ਕਰੀਮੇਸ਼ਨ ਸੁਸਾਇਟੀ ਬਣ ਗਈ ਤੇ ਥਾਂ-ਥਾਂ ਸਸਕਾਰ-ਘਰ ਖੁੱਲ੍ਹਣ ਲੱਗੇ। ਬਰਤਾਨੀਆ ਵਿੱਚ ਇਸਾਈ ਧਰਮ ਦੀਆਂ ਦੋ ਸ਼ਾਖਾਵਾਂ ਹਨ, ਕੈਥੋਲਿਕ ਤੇ ਪਰੋਟੈਸਟੈਂਟ। ਪਰੋਟੈਸਟੈਂਟਾਂ ਦਾ ਸਸਕਾਰ ਪ੍ਰਤੀ ਰਵੱਈਆ ਨਰਮ ਰਿਹਾ ਹੈ ਪਰ ਕੈਥੋਲਿਕਾਂ ਨੇ ਇਸ ਉਪਰ ਪ੍ਰਤੀਬੰਧ ਲਾ ਦਿੱਤਾ ਸੀ। ਪਰੋਟੈਸਟੈਂਟ ਸ਼ਾਖਾ ਨੇ ਸਸਕਾਰ ਦੀ ਇਜਾਜ਼ਤ ਦੇ ਦਿੱਤੀ ਸੀ, ਬਸ਼ਰਤੇ ਕਿ ਅਸਥੀਆਂ ਦਫਨਾਈਆਂ ਜਾਣ, ਜਾਂ ਖਾਸ ਥਾਂ (ਗੁੰਬਦ ਵਿੱਚ) ਸਾਂਭੀਆਂ ਜਾਣ। 1905 ਵਿੱਚ ਵੈਸਟਰਨ ਐਬੇ ਚਰਚ ਨੇ ਅਸਥੀਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। 1911 ਵਿੱਚ ਇਹਨਾਂ ਲਈ ਚਰਚ ਵਿੱਚ ਹੀ ਵਖਰੀ ਜਗਾਹ ਬਣਾਈ ਗਈ।

ਇਸ ਵੇਲੇ ਹਰ ਸ਼ਹਿਰ ਵਿੱਚ ਕਰੀਮੇਟੋਰੀਅਮ ਹਨ। ਇਹਨਾਂ ਨੂੰ ਵੈਨਿਊ ਵਾਂਗ ਬਣਾ ਦਿੱਤਾ ਗਿਆ ਹੈ ਤਾਂ ਜੋ ਫਿਊਨਰਲ ਦੀਆਂ ਰਸਮਾਂ ਵੀ ਨਿਭਾਈਆਂ ਜਾ ਸਕਣ। ਏਨਾ ਕੁਝ ਹੋਣ ਜਾਣ ਦੇ ਬਾਵਜੂਦ ਵੀ ਬਰਤਾਨੀਆ ਵਿੱਚ ਮ੍ਰਿਤਕ ਦੇਹ ਨੂੰ ਦਫਨਾਉਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹਨ। ਹੁਣ ਭਾਰਤੀ-ਨਿਪਾਲੀ ਲੋਕਾਂ ਨੇ ਜਾਂ ਜਿਹੜੇ ਲੋਕ ਸਸਕਾਰ ਵਿੱਚ ਯਕੀਨ ਰਖਣ ਵਾਲਿਆਂ ਨੇ ਕਰੀਮੇਟੋਰੀਅਮ ਵਿਅਸਤ ਕਰ ਦਿੱਤੇ ਹਨ, ਵਾਰੀ ਲਈ ਲੰਮੀਆਂ ਲਾਈਨਾਂ ਹਨ। ਉਹਨਾਂ ਵੱਲ ਦੇਖਕੇ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਪਾਸੇ ਰੁਚਿਤ ਹੋ ਰਹੇ ਹਨ।

ਲੋਕਾਂ ਦਾ ਆਪਣੇ ਪਿੰਡ/ਸ਼ਹਿਰ ਦੇ ਕਬਰਾਂ/ਸਿਵਿਆਂ ਨਾਲ ਅਜੀਬ ਜਿਹਾ ਰਿਸ਼ਤਾ ਪੈਦਾ ਹੋ ਜਾਂਦਾ ਹੈ। ਮੇਰੇ ਵਰਗੇ ਜਿਹੜੇ ਲੋਕ ਚਾਰ-ਪੰਜ ਦਹਾਕਿਆਂ ਤੋਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹਨ ਉਹਨਾਂ ਨਾਲ ਵੀ ਇੰਜ ਹੀ ਹੁੰਦਾ ਹੈ। ਮੇਰਾ ਹੈਨਵਰਥ-ਕਰੀਮੇਟੋਰੀਅਮ ਨਾਲ ਬਹੁਤ ਨੇੜਲਾ ਨਾਤਾ ਹੈ। ਇਥੇ ਮੇਰੇ ਪਿਤਾ, ਭਰਾ, ਸੱਸ, ਸਹੁਰਾ ਸਮੇਤ ਹੋਰ ਸੈਂਕੜੇ ਦੋਸਤ, ਰਿਸ਼ਤੇਦਾਰ ਤੇ ਜਾਣਕਾਰਾਂ ਦਾ ਸਸਕਾਰ ਹੋਇਆ ਹੈ। ਉਮੀਦ ਹੈ ਕਿ ਮੇਰਾ ਵੀ ਇਥੇ ਹੀ ਹੋਵੇਗਾ। ਇਸ ਕਰੇਟੋਰੀਅਮ ਦੀਆਂ ਖਿੜਕੀਆਂ, ਬੈਂਚਾਂ, ਦਰਵਾਜ਼ਿਆਂ ਆਦਿ ਨਾਲ ਅਜੀਬ ਜਿਹਾ ਨੇੜ ਹੈ।

ਮੁਆਫ ਕਰਨਾ, ਗੱਲ ਲੰਡਨ ਵਿੱਚ ਮਹਿੰਗੇ ਮਰਨੇ ਦੀ ਹੋ ਰਹੀ ਸੀ ਪਰ ਕਿਸੇ ਹੋਰ ਪਾਸੇ ਹੀ ਜਾ ਨਿਕਲੀ। ਲੰਡਨ ਵਿੱਚ ਮਰਨ ਦੇ ਖਚਰ ਨੂੰ ਟੁਕੜੇ-ਟੁਕੜੇ ਕਰਕੇ ਦੇਖਿਆ ਜਾਵੇ ਤਾਂ ਇਹ ਬਹੁਤੇ ਨਹੀਂ ਹਨ। ਇਸ ਖਰਚੇ ਨੂੰ ਸਹਿਜੇ ਹੀ ਘਟਾਇਆ-ਵਧਾਇਆ ਜਾ ਸਕਦਾ ਹੈ। ਫਿਊਨਰਲ ਦਾ ਦਿਨ ਸਪਤਾਹ-ਅੰਤ ਹੋਵੇ ਤਾਂ ਹੋਰ ਮਹਿੰਗਾ ਹੁੰਦਾ ਹੈ, ਕਿੰਨੀਆਂ ਕਾਰਾਂ ਲੈਣੀਆਂ ਹਨ ਇਹ ਵੀ ਮਾਹਿਨੇ ਰਖਾਉਂਦਾ ਹੈ, ਦੇਹ ਨੂੰ ਘਰ ਲਿਆਉਣਾ ਹੈ, ਗੁਰਦਵਾਰੇ ਲੈ ਜਾਣਾ ਹੈ ਆਦਿ ਵੀ ਖਰਚੇ ਵਧਾ ਦਿੰਦਾ ਹੈ, ਫੁੱਲ ਤੇ ਹੋਰ ਟੌਹਰ ਜਿੰਨੀ ਕਰਦੇ ਜਾਵੋਂ ਖਰਚੇ ਵਧਦੇ ਜਾਣਗੇ। ਕਾਰ ਨਾਲੋਂ ਜੇ ਘੋੜਾ-ਬੱਘੀ ਲੈਣੀ ਹੋਵੇ ਤਾਂ ਹੋਰ ਖਰਚੇ ਹਨ। ਇਹ ਡਰਾਮੇ ਹਨ ਜਿੰਨੇ ਮਰਜ਼ੀ ਕਰੀ ਜਾਓ, ਸਾਦਾ ਫਿਊਨਰਲ ਸਹਿਜੇ ਹੀ ਝੱਲਿਆ ਜਾਣ ਯੋਗ ਹੁੰਦਾ ਹੈ।






Comments


bottom of page