ਬਰਾਈਟਨ ਦਾ ਨਜ਼ਾਰੇ-ਦਾਰ ਬੀਚ /
ਹਰਜੀਤ ਅਟਵਾਲ /
ਵੈਸੇ ‘ਬਰਾਈਟਨ-ਬੀਚ’ ਨਿਊਯਾਰਕ-ਸ਼ਹਿਰ ਦਾ ਇਕ ਇਲਾਕਾ ਵੀ ਹੈ। ਅੰਗਰੇਜ਼ ਜਿਥੇ ਵੀ ਗਏ ਆਪਣੇ ਇੰਗਲਿਸ਼ ਸ਼ਹਿਰਾਂ ਦੇ ਨਾਵਾਂ ‘ਤੇ ਹੀ ਉਥੇ ਸ਼ਹਿਰ/ਕਸਬੇ/ਇਲਾਕੇ ਵਸਾ ਦਿੱਤੇ। ਹੋਰ ਤਾਂ ਹੋਰ ਕਨੇਡਾ ਵਿੱਚ ਇਕ ਲੰਡਨ ਵੀ ਬਣਾ ਧਰਿਆ। ਇੱਥੇ ਮੈਂ ਨਿਊਯਾਰਕ-ਸ਼ਹਿਰ ਦੇ ਨਹੀਂ ਇੰਗਲੈਂਡ ਦੇ ਬਰਾਈਟਨ-ਬੀਚ ਦੀ ਗੱਲ ਕਰ ਰਿਹਾ ਹਾਂ ਜੋ ਬਰਾਈਟਨ-ਸ਼ਹਿਰ ਵਿੱਚ ਹੈ, ਜੋ ਦੱਖਣੀ ਇੰਗਲੈਂਡ ਦੀ ਸੁਸੈਕਸ-ਕਾਉਂਟੀ ਵਿੱਚ ਹੈ, ਜੋ ਲੰਡਨ ਤੋਂ ਸੰਤਾਲੀ ਮੀਲ ਤੇ ਮੇਰੇ ਘਰੋਂ ਇਕ ਘੰਟੇ ਦੀ ਡਰਾਈਵ ‘ਤੇ ਹੈ। ਇਹ ਬੀਚ ਮੇਰੀਆਂ ਖੂਬਸੂਰਤ ਯਾਦਾਂ ਵਿੱਚ ਖੁਣਿਆਂ ਹੋਇਆ ਹੈ। ਇਥੇ ਮੈਂ ਆਪਣੇ ਹਨੀਮੂਨ ‘ਤੇ ਗਿਆ ਸਾਂ। ਇਕ ਤਾਂ ਉਹ ਰੁਮਾਂਟਿਕ ਦਿਨ ਤੇ ਦੂਜਾ ਖੂਬਸੂਰਤ ਸ਼ਹਿਰ, ਹੋਈ ਨਾ ਸੋਨੇ ‘ਤੇ ਸੁਹਾਗੇ ਵਾਲੀ ਗੱਲ। ਇਹ ਸ਼ਹਿਰ ਮੇਰੀਆਂ ਲਿਖਤਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਘੁੰਮ-ਘੁਮਾ ਕੇ ਆ ਹੀ ਵੜਦਾ ਹੈ। ਮੇਰੇ ਹਿਸਾਬ ਨਾਲ ਇਹ ਸਭ ਤੋਂ ਸਾਫ-ਸ਼ਫਾਫ ਪਾਣੀ ਵਾਲਾ ਬੀਚ ਹੈ। ਇਥੇ ਸਮੁੰਦਰ ਦੀ ਨਿਲੱਤਣ ਤੁਹਾਨੂੰ ਹਾਕਾਂ ਮਾਰਦੀ ਹੈ। ਕਿਸੇ ਵੇਲੇ ਚਮੜੀ ਦੇ ਰੋਗਾਂ ਵਾਲੇ ਲੋਕ ਆਪਣੀ ਬਿਮਾਰੀ ਦੇ ਇਲਾਜ ਲਈ ਇਥੇ ਨਹਾਉਣ ਆਇਆ ਕਰਦੇ ਸਨ। ਸੰਨ 1730 ਵਿੱਚ ਇਹ ਬੀਚ ਹੈਲਥ ਰਿਸ੍ਰੌਟ ਦੇ ਤੌਰ ‘ਤੇ ਉਭਰਨ ਲੱਗ ਪਿਆ ਸੀ। ਸੰਨ 1801 ਵਿੱਚ ਇਸਦੀ ਅਬਾਦੀ ਸੱਤ ਹਜ਼ਾਰ ਸੀ ਪਰ ਸੌ ਸਾਲ ਬਾਅਦ ਭਾਵ 1901 ਇਹ ਆਬਾਦੀ ਇਕ ਲੱਖ ਵੀਹ ਹਜ਼ਾਰ ਹੋ ਗਈ ਸੀ। ਮਹਾਂਰਾਣੀ ਵਿਕਟੋਰੀਆ ਵੇਲੇ ਇਸ ਸ਼ਹਿਰ ਦੀ ਬਹੁਤੀ ਤਰੱਕੀ ਹੋਈ। ਉਸ ਯੁੱਗ ਵਿੱਚ ਹੀ ਇਥੇ ਬਹੁਤੇ ਹੋਟਲ, ਯਾਤਰੀਆਂ ਲਈ ਖਿੱਚ ਦੇ ਟਿਕਾਣੇ ਆਦਿ ਬਣੇ ਤੇ ਟੂਰਿਸਟ-ਸ਼ਹਿਰ ਬਣਿਆਂ। ਇਸ ਵੇਲੇ ਬਰਾਈਟਨ ਦੀ ਆਬਾਦੀ ਕੋਈ ਤਿੰਨ ਲੱਖ ਹੈ। ਹੁਣ ਇਥੇ ਭਾਰਤੀ ਲੋਕ ਵੀ ਕਾਫੀ ਮਿਕਦਾਰ ਵਿੱਚ ਰਹਿੰਦੇ ਹਨ। ਸਾਡੇ ਲੋਕਾਂ ਦੀਆਂ ਦੁਕਾਨਾਂ, ਰੈਸਟੋਰੈਂਟ ਤੇ ਹੋਟਲ ਆਦਿ ਹਨ। ਵੈਸੇ ਨੌਕਰੀ ਪੇਸ਼ਾ ਲੋਕ ਵੀ ਰਹਿੰਦੇ ਹਨ। ਯੂਨੀਵਰਸਟੀ ਹੋਣ ਕਰਕੇ ਕਾਫੀ ਏਸ਼ੀਅਨ ਲੋਕ ਇਥੇ ਵੀ ਕੰਮ ਕਰਦੇ ਹਨ। ਇਹ ਤਾਂ ਹੁਣ ਤੈਅ ਹੈ ਕਿ ਸਾਡੇ ਲੋਕ ਛੋਟੀ ਤੋਂ ਛੋਟੀ ਜੌਬ ਤੋਂ ਲੈ ਕੇ ਕਿਸੇ ਅਦਾਰੇ ਦੇ ਜਨਰਲ ਮੈਨੇਜਰ ਤੱਕ ਹਨ।
ਵੈਸੇ ਬਰਾਈਟਨ-ਸ਼ਹਿਰ ਬਹੁਤ ਪੁਰਾਣਾ ਹੈ ਤੇ ਇਸਦਾ ਬੀਚ ਵੀ। ਇਸਦਾ ਇਤਿਹਾਸ ਪੰਜ ਹਜ਼ਾਰ ਪਿੱਛੇ ਵੱਲ ਜਾਂਦਾ ਹੈ। ਜਿਥੇ ਕਿਤੇ ਬਰਾਈਟਨ ਸ਼ਹਿਰ ਦਾ ਜ਼ਿਕਰ ਹੁੰਦਾ ਹੈ, ਇਸ ਦੇ ਬੀਚ ਦਾ ਵੀ ਹੁੰਦਾ ਹੈ। ਤਾਂਬਾ-ਯੁੱਗ, ਰੋਮਨਾਂ ਵੇਲੇ ਤੇ ਫਿਰ ਸੈਕਸਨਾਂ ਵੇਲੇ ਵੀ ਇਹ ਸ਼ਹਿਰ ਕਿਸੇ ਨਾ ਕਿਸੇ ਰੂਪ ਵਿੱਚ ਵਸਦਾ ਸੀ। 1086 ਵਿੱਚ ‘ਡੋਮਜ਼ਡੇ ਬੁੱਕ’ ਵਿੱਚ ਇਸ ਸ਼ਹਿਰ ਦਾ ਜ਼ਿਕਰ ਆਕੇ ਇਹ ਨਾਂ ਰਿਕਾਰਡਡ ਹੋ ਜਾਂਦਾ ਹੈ। ਉਸ ਵੇਲੇ ਇਸਦਾ ਨਾਂ ‘ਬਰਾਈਥੈਲਮ-ਸਟੋਨ’ ਸੀ ਜੋ ਹੌਲੀ-ਹੌਲੀ ਛੋਟਾ ਹੋਕੇ ਬਰਾਈਟਨ ਬਣ ਗਿਆ। ਇਸ ਇਲਾਕੇ ਦੇ ਬਹੁਤ ਸਾਰੇ ਸਮੁੰਦਰੀ ਤੱਟਾਂ ਵਾਲੇ ਸ਼ਹਿਰਾਂ ਦੇ ਨਾਵਾਂ ਦੇ ਅਖੀਰ ਵਿੱਚ ‘ਸਟੋਨ’ ਜਾਂ ਹੁਣ ਬਦਲ ਕੇ ‘ਟੋਨ’ ਜਾਂ ‘ਟਨ’ ਬਣ ਗਿਆ ਹੈ ਜਿਵੇਂ ਕਿ ਲਿਟਲਹੈਂਪਟਨ, ਸਾਊਥੈਂਪਟਨ, ਫੋਕਸਟੋਨ ਆਦਿ, ਜੁੜਦਾ ਰਿਹਾ ਹੈ। ਇਹਨਾਂ ਦਾ ਕੋਈ ਵਾਹ ਸਟੋਨ ਭਾਵ ਪੱਥਰਾਂ ਨਾਲ ਜ਼ਰੂਰ ਹੈ। ਇੰਜ ਹੀ ਬਰਾਈਟਨ-ਬੀਚ ਵੀ ਛੋਟੇ-ਛੋਟੇ ਪੱਥਰਾਂ ਵਾਲਾ ਭਾਵ ਪੈਬਲ-ਬੀਚ ਹੈ। ਬਰੀਕ ਪੱਥਰਾਂ ਕਾਰਨ ਇਸ ਦੇ ਕੰਢੇ-ਕੰਢੇ ਤੁਰਨਾ ਬਹੁਤ ਮੁਸ਼ਕਲ ਹੁੰਦਾ ਹੈ। ਪੈਰਾਂ ਵਿੱਚ ਚੁੱਭਦੇ ਹਨ। ਖਾਸ ਚਪਲਾਂ ਚਲਣ ਵਿੱਚ ਸਹਾਈ ਰਹਿੰਦੀਆਂ ਹਨ। ਵੈਸੇ ਮੀਲਾਂ ਬੱਧੀ ਤੁਰਨ ਲਈ ਪਾਥ ਬਣਿਆਂ ਹੋਇਆ ਹੈ। ਸਮੁੰਦਰ ਦੇ ਉਤਰਨ ਦੇ ਨਾਲ ਨਾਲ ਲੋਕ ਸਮੁੰਦਰ ਵਿੱਚ ਨੂੰ ਮੀਲ-ਡੇੜ ਮੀਲ ਸਹਿਜੇ ਤੁਰ ਜਾਂਦੇ ਹਨ। ਇਥੇ ਕਈ ਸੌ ਮੀਟਰ ਸਮੁੰਦਰ ਵਿੱਚ ਜਾਂਦਾ ਪੀਅਰ/ਪਲੇਟਫਾਰਮ ਬਣਿਆਂ ਹੋਇਆ ਹੈ ਜਿਸ ਉਪਰ ਕਈ ਕਿਸਮ ਦੀਆਂ ਬੱਚਿਆਂ-ਵੱਡਿਆਂ ਦੀਆਂ ਖੇਡਾਂ, ਰੈਸਟੋਰੈਂਟ, ਥੀਏਟਰ ਤੇ ਮੰਨੋਰੰਜਨ ਦੇ ਕਈ ਹੋਰ ਸਾਧਨ ਉਪਲਬਧ ਹਨ। ਇਹ ਨਵਾਂ ਪੀਅਰ ਹੈ। ਡੇੜ ਸੌ ਸਾਲ ਪੁਰਾਣੇ ਪੀਅਰ ਨੂੰ 2003 ਵਿੱਚ ਅੱਗ ਲੱਗ ਗਈ ਸੀ ਤੇ ਇਹ ਨਵਾਂ ਪੀਅਰ ਬਣਾਉਣਾ ਪਿਆ ਸੀ। ਪੁਰਾਣਾ ਜਲ਼ਿਆ ਹੋਇਆ ਪੀਅਰ ਹਾਲੇ ਵੀ ਥੋੜਾ-ਬਹੁਤ ਖੜਾ ਹੈ। ਬਰਾਈਟਨ ਸ਼ਹਿਰ ਵਿੱਚ ਆਮ ਸ਼ਹਿਰਾਂ ਵਾਲਾ ਸਭ ਕੁਝ ਹੈ ਜਿਵੇਂਕਿ ਸ਼ੌਪਿੰਗ ਮਾਲ, ਸਿਨਮੇ, ਪਾਰਕ, ਦਫਤਰ, ਹਸਪਤਾਲ, ਯੂਨੀਵਰਸਟੀ ਆਦਿ, ਸਭ ਕੁਝ। ਪਰ ਬੀਚ ਇਸ ਸ਼ਹਿਰ ਦੀ ਪ੍ਰਾਪਤੀ ਹੈ। ਮੈਂ ਗਲਤ ਨਹੀਂ ਹੋਵਾਂਗਾ ਜੇ ਕਹਾਂ ਕਿ ਬੀਚ ਇਸ ਸ਼ਹਿਰ ਦੀ ਪੱਛਾਣ ਹੈ। ਇਥੇ ਹੌਲੀਵੁੱਡ ਦੀਆਂ ਅਨੇਕਾਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਤੇ ਹੁੰਦੀ ਰਹਿੰਦੀ ਹੈ। ਕਈ ਫਿਲਮਾਂ ਤਾਂ ਇਸ ਸ਼ਹਿਰ ਦੇ ਨਾਂ ‘ਤੇ ਵੀ ਬਣੀਆਂ ਹਨ। ਬਹੁਤ ਸਾਰੇ ਸੀਰੀਅਲ ਤੇ ਡੌਕੂਮੈਂਟਰੀਜ਼ ਵੀ ਇਥੇ ਬਣਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਮੈਂ ਇਥੇ ਗਿਆ ਤਾਂ ਦੱਖਣੀ ਭਾਰਤ ਦੀ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਦੁਨੀਆ ਪ੍ਰਸਿੱਧ ਮਸ਼ਹੂਰ ਬੀਚ ਦਾ ਚਰਚਾਵਾਂ ਜਾਂ ਵਿਵਾਦਾਂ ਦਾ ਕਾਰਨ ਤਾਂ ਬਣਨ ਕੁਦਰਤੀ ਹੈ। ਇਸ ਸ਼ਹਿਰ ਜਾਂ ਬੀਚ ਨੂੰ ਕਈ ਉਪਨਾਮਾਂ ਨਾਲ ਵੀ ਚੇਤੇ ਕੀਤਾ ਜਾਂਦਾ ਰਹਿੰਦਾ ਹੈ, ਕਦੇ ‘ਪਾਣੀਆਂ ਦੀ ਰਾਣੀ’ ਦੇ ਨਾਂ ਨਾਲ, ਕਦੇ ‘ਪੁਰਾਣੇ ਮਹਾਂ-ਸਾਗਰ ਦੇ ਗਹਿਣਾ’ ਦੇ ਨਾਂ ਨਾਲ। ਕਈ ਇਸਨੂੰ ਲੰਡਨ ਦੇ ਨਜ਼ਦੀਕ ਹੋਣ ਕਰਕੇ ‘ਲੰਡਨ-ਬਾਈ-ਦਾ-ਸੀ’ ਵੀ ਕਹਿੰਦੇ ਹਨ। 1930ਵਿਆਂ ਵਿੱਚ ਇਥੇ ਕਈ ਕਤਲ ਹੋ ਗਏ ਸਨ ਤਾਂ ਲੋਕਾਂ ਨੇ ਵਿਅੰਗ ਨਾਲ ਇਸਨੂੰ ‘ਕਤਲਾਂ ਦੀ ਰਾਣੀ’ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕਈ ਲੋਕ ਇਸਨੂੰ ‘ਹਿੱਪੀਅਸਟ-ਸਿਟੀ’ ਭਾਵ ਹਿੱਪੀਆਂ ਦਾ ਸ਼ਹਿਰ ਵੀ ਕਹਿੰਦੇ ਸਨ, ਜਦ ਕੁਝ ਲੋਕਾਂ ਨੇ ਇਤਰਾਜ਼ ਕੀਤਾ ਤਾਂ ਲੋਕ ਇਸਨੂੰ ‘ਹੈਪੀਅਸਟ-ਸਿਟੀ’ ਭਾਵ ਖੁਸ਼ਹਾਲ-ਸ਼ਹਿਰ ਕਹਿਣ ਲੱਗ ਪਏ। ਪਰ ਇਕ ਹੋਰ ਬਹੁਤ ਵੱਡਾ ਸੱਚ ਹੈ ਕਿ ਇਹ ਗੇਅ-ਲੈਸਬੀਅਨ ਲੋਕਾਂ ਦੀ ਅਣਐਲਾਨੀ ਰਾਜਧਾਨੀ ਹੈ। ਹਰ ਸਾਲ ਇਥੇ ਬਹੁਤ ਵੱਡੀ ਗੇਅ-ਪਰੇਡ ਹੁੰਦੀ ਹੈ ਜਿਸਨੂੰ ਦੇਖਣ ਲੱਖਾਂ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਤੁਸੀਂ ਗੇਅ ਕੁਮਿਨਟੀ ਬਾਰੇ ਕੁਝ ਵੀ ਸੋਚੋ ਪਰ ਇਹ ਗੇਅ-ਪਰੇਡ ਦੇਖ ਕੇ ਤੁਹਾਡੇ ਵਿਚਾਰ ਸਕਾਰਾਤਮਕ ਹੋ ਜਾਣਗੇ। ਮੇਰੇ ਹਿਸਾਬ ਨਾਲ ਘਟ-ਗਿਣਤੀ ਦੇ ਇਹਨਾਂ ਲੋਕਾਂ ਦੀ ਹਿਫਾਜ਼ਤ ਕਰਨੀ ਬਣਦੀ ਹੈ। ਮੈਂ ਬਰਾਈਟਨ-ਸ਼ਹਿਰ ਤੇ ਬਰਾਈਟਨ-ਬੀਚ ਨੂੰ ਇਕ ਥਾਂ ਰੱਖ ਕੇ ਹੀ ਦੇਖਿਆ ਕਰਦਾ ਹਾਂ ਕਿਉਂਕਿ ਇਸ ਸ਼ਹਿਰ ਵਿੱਚ ਵਾਪਰਨਾ ਵਾਲਾ ਬਹੁਤਾ ਕੁਝ ਸਮੁੰਦਰ ਕੰਢੇ ਹੀ ਵਾਪਰਦਾ ਹੈ। ਮੇਰੇ ਹਿਸਾਬ ਨਾਲ ਬਰਾਈਟਨ ਜਾਣ ਤੋਂ ਭਾਵ ਇਸ ਦੇ ਬੀਚ ‘ਤੇ ਜਾਣਾ ਹੀ ਹੁੰਦਾ ਹੈ। ਬਰਾਈਟਨ ਜਾਵੋਂ ਤੇ ਬੀਚ ‘ਤੇ ਨਾ ਜਾਵੋਂ ਤਾਂ ਇਹ ਇਸ ਦੀ ਖੂਬਸੂਰਤੀ ਦਾ ਨਿਰਾਦਰ ਹੋਵੇਗਾ।
ਸਮੁੰਦਰ ਵਿੱਚ ਬਣੇ ਪੀਅਰ ਦੇ ਨਾਲ ਹੀ 1872 ਤੋਂ ਚਲਿਆ ਆ ਰਿਹਾ ਐਕੁਏਰੀਮ ਹੈ ਜਿਸ ਵਿੱਚ ਸਮੁੰਦਰੀ ਜਨ-ਜੀਵਨ ਦਿਖਾਇਆ ਜਾਂਦਾ ਹੈ। ਬੱਚਿਆਂ ਦੇ ਖੇਡਣ ਦਾ ਵੀ ਖਾਸ ਇੰਤਜ਼ਾਮ ਹੈ। ਵੈਸੇ ਭਾਵੇਂ ਇਹ ਪੈਬਲ-ਬੀਚ (ਬੱਟੀਆਂ-ਵਾਲਾ) ਹੈ ਪਰ ਬੀਚ-ਵਾਲੀਬਾਲ ਖੇਡਣ ਲਈ ਰੇਤਾ ਖਿਲਾਰ ਕੇ ਵਧੀਆ ਗਰਾਉਂਡ ਬਣਾਈ ਹੋਈ ਹੈ। ਬੀਚ-ਵਾਲੀਬਾਲ ਮਨਚਲਿਆਂ ਦੀ ਬਹੁਤ ਹੀ ਖਸੂਸੀ ਖੇਡ ਹੈ। ਇਥੇ ਸਮੁੰਦਰ ਦਾ ਪਾਣੀ ਗਰਮੀਆਂ ਨੂੰ ਵੀ ਠੰਡਾ ਹੁੰਦਾ ਹੈ ਪਰ ਲੋਕ ਸ਼ੌਂਕ ਨਾਲ ਤੈਰਦੇ ਹਨ। ਪਾਣੀ ਵਾਲੀਆਂ ਕਈ ਕਿਸਮ ਦੀਆਂ ਖੇਡਾਂ ਵੀ ਹੁੰਦੀਆਂ ਰਹਿੰਦੀਆਂ ਹਨ। ਗਰਮੀਆਂ ਨੂੰ ਇਹ ਬੀਚ ਬਹੁਤ ਭਰਿਆ ਹੁੰਦਾ ਹੈ। ਏਨਾ ਕਿ ਪੈਰ ਰੱਖਣ ਦੀ ਥਾਂ ਨਹੀਂ ਮਿਲਦੀ। ਬੈਂਕ-ਹੌਲੀਡੇ ਹੋਵੇ ਤਾਂ ਇਥੇ ਜਾਂਦੀ ਪ੍ਰਮੁੱਖ ਸੜਕ ਐਮ23/ਏ23 ਸੜਕ ਉਪਰ ਟਰੈਫਿਕ ਜਾਮ ਹੋ ਜਾਂਦਾ ਹੈ, ਨੇੜਲਾ ਬੀਚ ਹੋਣ ਕਰਕੇ ਪੂਰਾ ਲੰਡਨ ਹੀ ਇਸ ਪਾਸੇ ਨਿਕਲ ਪੈਂਦਾ ਹੈ। ਸਿਆਲਾਂ ਨੂੰ ਵੀ ਇਥੇ ਬਹੁਤ ਲੋਕ ਜਮ੍ਹਾਂ ਹੁੰਦੇ ਰਹਿੰਦੇ ਹਨ। ਦਸੰਬਰ ਮਹੀਨੇ ਸਰਦੀ ਦੇ ਮੌਸਮ ਦਾ ਜਸ਼ਨ ਮਨਾਉਣ ਲਈ ਲੋਕ ਸਮੁੰਦਰ ਵਿੱਚ ਛਾਲਾਂ ਮਾਰਦੇ ਹਨ। ਸਿਆਲਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਹਨ। ਭਾਵ ਕਿ ਜੇ ਤੁਸੀਂ ਸਿਆਲਾਂ ਨੂੰ ਵੀ ਬਰਾਈਟਨ ਜਾਵੋਂ ਤਾਂ ਨਿਰਾਸ਼ ਨਹੀਂ ਮੁੜੋਂਗੇ। ਜਦ ਯੌਰਪ ਵਿੱਚ ਨਿਊਡ ਬੀਚ ਜਾਂ ਨੇਚੁਰਿਸਟ ਬੀਚ ਦੀ ਗੱਲ ਚੱਲੀ ਤਾਂ ਬਰਾਈਟਨ ਦਾ ਨਾਂ ਹੀ ਮੁਹਰੇ ਆਇਆ। 1980 ਵਿੱਚ ਮੁੱਖ ਬੀਚ ਦੇ ਪੂਰਬ ਵਿੱਚ ਯੂਕੇ ਦਾ ਪਹਿਲਾ ਨੇਚੁਰਿਸ-ਬੀਚ ਬਣਾਇਆ ਗਿਆ ਸੀ। ਇਹ ਨੇਚੁਰਿਸਟ-ਬੀਚ ਵੀ ਬਰਾਈਟਨ-ਬੀਚ ਨੂੰ ਤੇ ਬਰਾਈਟਨ ਸ਼ਹਿਰ ਨੂੰ ਵਿਸ਼ੇਸ਼ ਬਣਾਉਂਦਾ ਹੈ। ਇਸ ਕਾਰਨ ਵੀ ਲੋਕ ਖਿੱਚੇ ਚਲੇ ਆਉਂਦੇ ਹਨ।
ਪੁਰਾਤਨ ਸਮੇਂ ਤੋਂ ਹੀ ਯੂਕੇ ਦੇ ਰਾਜੇ ਰਾਣੀਆਂ ਲਈ ਇਹ ਬੀਚ ਜਾਂ ਸ਼ਹਿਰ ਖਾਸ ਖਿੱਚ ਦਾ ਕਾਰਨ ਬਣਦਾ ਰਿਹਾ ਹੈ। ਮਹਾਂਰਾਜਾ ਜੌਰਜ ਚੌਥਾ ਆਪਣਾ ਬਹੁਤਾ ਸਮਾਂ ਬਰਾਈਟਨ ਵਿੱਚ ਹੀ ਗੁਜ਼ਾਰਦਾ ਸੀ। ਉਸ ਨੇ ਹੀ ‘ਰੌਆਇਲ ਪੈਵੇਲੀਅਨ’ ਬਣਾਇਆ ਸੀ। ਰੌਆਇਲ ਪੈਵੇਲੀਅਨ ਉਹੀ ਇਮਾਰਤ ਹੈ ਜੋ ਭਾਰਤੀ ਇਮਾਰਤਕਾਰੀ ਦੀ ਤਰਜ਼ ‘ਤੇ ਬਣਾਈ ਗਈ ਹੈ। ਪਹਿਲੇ ਮਹਾਂਯੁੱਧ ਵਿੱਚ ਇਸਨੂੰ ਆਰਜ਼ੀ ਤੌਰ ‘ਤੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਇਥੇ ਲੜਾਈ ਵਿੱਚ ਸ਼ਾਮਲ ਹੋ ਕੇ ਜ਼ਖ਼ਮੀ ਹੋਏ ਸਿੱਖ-ਸਿਪਾਹੀਆਂ ਨੂੰ ਰੱਖਿਆ ਗਿਆ ਸੀ ਤੇ ਮਹਾਂਰਾਜਾ ਦਲੀਪ ਸਿੰਘ ਦੀ ਧੀ ਰਾਜਕੁਮਾਰੀ ਸੋਫੀਆ ਨੇ ਇਹਨਾਂ ਜ਼ਖ਼ਮੀ ਸਿੱਖ ਸਿਪਾਹੀਆਂ ਦੀ ਤੀਮਾਰਦਾਰੀ ਕੀਤੀ ਸੀ। ਇਹ ਇਮਾਰਤ ਹਾਲੇ ਵੀ ਕਾਇਮ ਹੈ। ਜਦ ਵੀ ਮੈਂ ਬਰਾਈਟਨ ਜਾਵਾਂ ਤਾਂ ਇਸ ਇਮਾਰਤ ਦੇ ਮੁਹਰ ਦੀ ਜ਼ਰੂਰ ਲੰਘਦਾ ਹਾਂ ਕਿਉਂਕ ਮੈਨੂੰ ਲਗਦਾ ਹੈ ਕਿ ਇਸ ਇਮਾਰਤ ਨਾਲ ਮੇਰਾ ਕੋਈ ਵਾਹ ਜ਼ਰੂਰ ਹੈ। ਇਥੋਂ ਦੀ ਬਰਾਈਟਨ ਛਤਰੀ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕ ਹਾਂ।
ਪੁਰਾਣੇ ਜ਼ਮਾਨੇ ਵਿੱਚ ਲੰਡਨ ਤੋਂ ਬਰਾਈਟਨ ਆਉਣਾ ਏਨਾ ਸੌਖਾ ਨਹੀਂ ਸੀ। ਘੋੜਾ-ਬਘੀਆਂ ਚਲਦੀਆਂ ਸਨ। ਸੰਤਾਲੀ ਮੀਲ ਦੇ ਸਫਰ ਨੂੰ ਕਈ ਘੰਟੇ ਲੱਗ ਜਾਂਦੇ ਸਨ। ਲੋਕਾਂ ਲਈ ਸਾ-ਦਿਹਾੜੀ ਮੁੜਨਾ ਔਖਾ ਸੀ। 1841 ਵਿੱਚ ਜਦ ਇਥੇ ਨੂੰ ਲੰਡਨ ਤੋਂ ਨਿਰੰਤਰ ਰੇਲ ਚੱਲਣ ਲੱਗ ਪਈ ਤਾਂ ਲੋਕਾਂ ਦੀਆਂ ਵਹੀਰਾਂ ਬਰਾਈਟਨ ਵੱਲ ਨੂੰ ਭੱਜ ਪਈਆਂ ਸਨ। ਸਵੇਰੇ ਗਏ ਲੋਕ ਪੂਰਾ ਦਿਨ ਮਸਤੀ ਕਰਕੇ ਸ਼ਾਮਨੂੰ ਵਾਪਸ ਮੁੜ ਸਕਦੇ ਸਨ।
ਇਹਨਾਂ ਸਭ ਤੋਂ ਬਿਨਾਂ ਮੇਰੇ ਲਈ ਬਰਾਈਟਨ ਵਿੱਚ ਇਕ ਹੋਰ ਦਿਲਚਸਪੀ ਵਾਲੀ ਜਗਾਹ ਸ਼ੇਖ ਦੀਨ ਮਹੁੰਮਦ ਦੀ ਤੇ ਉਸਦੇ ਪਰਿਵਾਰ ਦੀਆਂ ਕਬਰਾਂ ਹਨ। ਸ਼ੇਖ ਦੀਨ ਮੁਹੰਮਦ ਸਾਡੇ ਇਤਿਹਾਸ ਦਾ ਇਕ ਅਹਿਮ ਕਿਰਦਾਰ ਹੈ। ਇਹ ਅਠਾਰਵੀਂ ਸਦੀ ਵਿੱਚ ਯੂਕੇ ਆਇਆ ਸੀ। 1810 ਵਿੱਚ ਇਸਨੇ ਲੰਡਨ ਵਿੱਚ ਪਹਿਲਾ ਹਿੰਦੁਸਤਾਨੀ ਕਾਫੀ-ਹਾਊਸ ਖੋਹਲਿਆ ਸੀ। ਕੁਝ ਸਾਲ ਇਹ ਵਾਹਵਾ ਚਲਿਆ ਪਰ ਫਿਰ ਘਾਟਾ ਪੈਣ ਲੱਗਾ। ਕਾਫੀ ਹਾਊਸ ਛੱਡ ਇਹ ਬਰਾਈਟਨ ਚਲੇ ਗਿਆ। ਉਥੇ ਜਾਕੇ ਇਸਨੇ ਭਾਰਤੀ ਤਰਜ਼ ਦੇ ਗੁਸਲਖਾਨੇ ਖੋਹਲ ਲਏ ਜਿਹਨਾਂ ਨੂੰ ਇਸਨੇ ‘ਵੈਪੋਰ ਬਾਥਹਾਊਸ’ ਦਾ ਨਾਂ ਦਿੱਤਾ। ਇਸਨੇ ਆਪਣਾ ਕੰਮ ਕਿੰਗ ਰੋਡ ‘ਤੇ ਉਥੇ ਖੋਹਲਿਆ ਸੀ ਜਿਥੇ ਅੱਜਕੱਲ੍ਹ ਕੁਈਨਜ਼-ਹੋਟਲ ਹੈ। ਇਸਦਾ ਇਹ ਕੰਮ ਬਹੁਤ ਚੱਲਿਆ ਨਿਕਲਿਆ। ਇਹ ਇਤਰ-ਫਲੇਲ ਤੇ ਤਰ੍ਹਾਂ-ਤਰ੍ਹਾਂ ਦੇ ਦੇਸੀ ਤੇਲ ਵਰਤ ਕੇ ਸ਼ੈਂਪੂ ਕਰਦਾ। ਇਹ ਸਟੀਮ-ਬਾਥ ਵੀ ਦਿੰਦਾ, ਜਿਸ ਨਾਲ ਇਹ ਜੋੜਾਂ ਦੇ ਦਰਦ ਦੇ, ਪੱਠਿਆਂ ਦੇ ਦਰਦ ਦਾ ਇਲਾਜ ਕਰਦਾ। ਜਿਸਨੂੰ ਅੱਜ ਫਿਜ਼ੀਓਥੈਰਪੀ ਕਹਿੰਦੇ ਹਾਂ ਇਹ ਸ਼ੇਖ ਦੀਨ ਮੁਹੰਮਦ ਸਟੀਮ-ਬਾਥ ਨਾਲ ਤੇ ਮਾਲਸ਼ ਕਰਕੇ ਕਰਦਾ ਸੀ। ਮਹਾਂਰਾਜਾ ਜੌਰਜ ਚੌਥਾ ਇਸਦਾ ਬਹੁਤ ਮਦਾਹ ਸੀ। ਸ਼ਾਹੀ-ਘਰਾਣੇ ਦੇ ਬਹੁਤ ਸਾਰੇ ਲੋਕ ਇਸ ਕੋਲ ਇਲਾਜ ਲਈ ਆਉਂਦੇ ਸਨ। ਕਈ ਡਾਕਟਰ ਤੇ ਹਸਪਤਾਲ ਵਾਲੇ ਵੀ ਇਸਦੀ ਸਿਫਾਰਸ਼ ਕਰਿਆ ਕਰਦੇ। ਇਸ ਨੂੰ ‘ਡਾਕਟਰ ਬਰਾਈਟਨ’ ਵੀ ਕਿਹਾ ਜਾਂਦਾ ਸੀ। ਪਿਛਿਓਂ ਇਹ ਪਟਨੇ ਦਾ ਜੰਮ ਪਲ ਸੀ। ਅੰਗਰੇਜ਼-ਫੌਜ ਵਿੱਚ ਸੀ ਤੇ ਫਿਰ ਜਵਾਨੀ ਵਿੱਚ ਹੀ ਇਹ ਯੂਕੇ ਆ ਗਿਆ ਸੀ। ਇਥੇ ਹੀ ਜੇਨ ਨਾਂ ਦੀ ਗੋਰੀ ਨਾਲ ਵਿਆਹ ਕਰਾਇਆ ਤੇ ਇਥੇ ਹੀ 92 ਸਾਲ ਦੀ ਉਮਰ ਵਿੱਚ ਮਰਿਆ। ਵੈਸੇ ਦਵਾਈਆਂ, ਤੇਲ ਆਦਿ ਲੈਣ ਇਹ ਭਾਰਤ ਜਾਂਦਾ ਰਹਿੰਦਾ ਸੀ। ਇਹ ਪਹਿਲਾ ਭਾਰਤੀ ਸੀ ਜਿਸਨੇ ਅੰਗਰੇਜ਼ੀ ਵਿੱਚ ਕਿਤਾਬ ਲਿਖੀ। ਇਸ ਵਿੱਚ ਮੈਨੂੰ ਇਸ ਕਰਕੇ ਵੀ ਦਿਲਚਸਪੀ ਹੈਕਿ ਉਹ ਮੇਰੇ ਇਕ ਅੱਧ-ਲਿਖੇ ਨਾਵਲ ਦਾ ਮੁੱਖ ਕਿਰਦਾਰ ਹੈ ਜਿਸਨੂੰ ਮੈਂ ਹਾਲੇ ਤੱਕ ਪੂਰਾ ਨਹੀਂ ਕਰ ਸਕਿਆ।
ਬਰਾਈਟਨ-ਬੀਚ ਦੇ ਧੁਰ ਪੂਰਬ ਵਿੱਚ ਬਰਾਈਟਨ-ਮਰੀਨਾ ਹੈ। ਇਥੇ ਪਾਣੀ ਵਿੱਚ ਤੈਰਦੇ ਰੇਸਟੋਰੈਂਟ ਬਗੈਰਾ ਹਨ। ਇਥੇ ਕਿਸ਼ਤੀਆਂ-ਯੈਚ ਖੜੀਆਂ ਕਰਨ ਲਈ ‘ਮਰੀਨਾ ਐਂਟ ਬੋਟ ਯਾਰਡ’ ਹੈ ਜਿਥੇ ਅਮੀਰ ਲੋਕ ਆਪਣੀਆਂ ਨਿੱਜੀ ਕਿਸ਼ਤੀਆਂ ਜਾਂ ਛੋਟੇ ਜਹਾਜ਼ ਖੜੇ ਕਰਦੇ ਹਨ ਜਿਹਨਾਂ ਰਾਹੀਂ ਇਹ ਹੋਰਨਾਂ ਦੇਸ਼ਾਂ ਦਾ ਸਫਰ ਵੀ ਕਰਦੇ ਹਨ। ਇਥੇ ਰਿਹਾਇਸ਼ੀ ਘਰ ਵੀ ਹਨ ਜਿਹਨਾਂ ਦਾ ਪਿਛਲਾ ਹਿੱਸਾ ਸਮੁੰਦਰ ਨਾਲ ਇੰਜ ਜੁੜਦਾ ਹੈ ਕਿ ਤੁਸੀਂ ਆਪਣੀਆਂ ਕਿਸ਼ਤੀਆਂ-ਯੈਚ ਘਰ ਲਿਆ ਸਕਦੇ ਹੋ। ਕਦੇ ਮੇਰਾ ਦੋਸਤ ਡੌਮਨਿਕ ਅਜਿਹੇ ਹੀ ਘਰ ਵਿੱਚ ਰਿਹਾ ਕਰਦਾ ਸੀ। ਮੈਂ ਉਸ ਨਾਲ ਉਸਦੀ ਯੈਚ ਵਿੱਚ ਸਮੁੰਦਰੀ ਸਫਰ ‘ਤੇ ਗਿਆ ਹੋਇਆ ਹਾਂ। ਇਸਦਾ ਜ਼ਿਕਰ ਮੇਰੇ ਨਾਵਲ ‘ਸਵਾਰੀ’ ਵਿੱਚ ਆਉਂਦਾ ਹੈ।
ਅੱਜ ਬਰਾਈਟਨ ਸ਼ਹਿਰ ਟੂਰਿਸਟ ਜਗਾਹ ਤਾਂ ਹੈ ਹੀ ਨਾਲ ਦੀ ਨਾਲ ਵੱਡੀਆਂ-ਵੱਡੀਆਂ ਰਾਜਨੀਤਕ ਤੇ ਹੋਰ ਕਾਨਫਰੰਸਾਂ ਲਈ ਵੈਨੇਊਜ਼ ਦਾ ਸ਼ਹਿਰ ਵੀ ਹੈ। 12 ਅਕਤੂਬਰ 1984 ਨੂੰ ਗਰਾਂਡ ਬਰਾਈਟਨ ਹੋਟਲ ਵਿੱਚ ਟੋਰੀ ਪਾਰਟੀ ਦੀ ਸਲਾਨਾ ਕਾਨਫਰੰਸ ਵੇਲੇ ਅੱਤਵਾਦੀਆਂ ਨੇ ਬੰਬ ਚਲਾ ਦਿੱਤਾ ਸੀ ਜਿਸ ਨੇ ਬ੍ਰਤਾਨਵੀ ਸਿਆਸਤ ਬਦਲ ਕੇ ਰੱਖ ਦਿੱਤੀ ਸੀ। ਖੈਰ, ਹੁਣ ਭਾਰਤੀ ਲੋਕ ਬਰਾਟੀਟਨ ਦੇ ਹੋਟਲਾਂ ਨੂੰ ਮੈਰਿਜ-ਹਾਲਾਂ ਦੇ ਤੌਰ ‘ਤੇ ਵੀ ਵਰਤਣ ਲੱਗੇ ਹਨ। ਕੁਝ ਸਾਲ ਪਹਿਲਾਂ ਸਾਡੇ ਖਾਸ ਦੋਸਤ ਦੀ ਬੇਟੀ ਦਾ ਵਿਆਹ ਇਥੇ ਹੀ ਹੋਇਆ ਸੀ।
ਇਸ ਤੋਂ ਬਿਨਾਂ ਬਰਾਈਟਨ-ਬੀਚ ਤੇ ਬਰਾਈਟਨ-ਸ਼ਹਿਰ ਮੇਰੇ ਲਈ ਬਹੁਤ ਖਾਸ ਹੈ। ਪਿਛਲੇ ਚਾਲੀ ਸਾਲ ਵਿੱਚ ਮੈਂ ਇਥੇ ਸੌ ਤੋਂ ਵੱਧ ਵਾਰ ਗਿਆ ਹੋਵਾਂਗਾ। ਜਦ ਬੱਚੇ ਛੋਟੇ ਹੁੰਦੇ ਸਨ ਤਾਂ ਇਥੇ ਆਉਣਾ-ਜਾਣਾ ਆਮ ਹੁੰਦਾ ਸੀ। ਹੁਣ ਵੀ ਗਰਮੀਆਂ ਵਿੱਚ ਦੋ-ਤਿੰਨ ਚੱਕਰ ਲਗਦੇ ਹੀ ਹਨ। ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਭਾਰਤ ਤੋਂ ਆਵੇ ਤਾਂ ਬਰਾਈਟਨ-ਬੀਚ ਤੋਂ ਵੱਧ ਕੇ ਕੋਈ ਹੋਰ ਢੁਕਵੀਂ ਜਗਾਹ ਨਹੀਂ ਜਿਥੇ ਖੂਬਸੂਰਤ ਸਮੁੰਦਰ ਤੇ ਹੋਰ ਦੇਖਣ ਯੋਗ ਜਗਾਵਾਂ ਹਨ। ਹਾਂ, ਮੇਰੇ ਵਾਰ-ਵਾਰ ਬਰਾਈਟਨ ਜਾਣ ਦਾ ਇਕ ਹੋਰ ਕਾਰਨ ਵੀ ਬਣਦਾ ਹੈ ਕਿ ਸ਼ਾਇਰ ਦਰਸ਼ਨ ਬੁਲੰਦਵੀ ਬਿਲਕੁਲ ਨਾਲ ਲਗਦੇ ਸ਼ਹਿਰ ਵਰਦਿੰਗ ਵਿੱਚ ਰਹਿੰਦਾ ਹੈ। ਮੈਂ ਬਰਾਈਟਨ ਬੀਚ ‘ਤੇ ਜਾਵਾਂ ਤਾਂ ਦਰਸ਼ਨ ਵੀ ਆ ਪੁੱਜਦਾ ਹੈ। ਇਥੇ ਉਸਦੇ ਭਰਾ ਦਾ ਰੈਸਟੋਰੈਂਟ ਹੈ ਜੋ ਸਾਡੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ।
Komentáře