top of page
Writer's pictureਸ਼ਬਦ

ਲੰਡਨ ਦਾ ਬੁਢਾਪਾ/

ਹਰਜੀਤ ਅਟਵਾਲ/


ਲੰਡਨ ਵਿੱਚ ਬੁਢਾਪਾ ਹੋਰ ਤਰ੍ਹਾਂ ਆਉਂਦਾ ਹੈ,

ਕੁਝ ਅੱਖਾਂ ਸਾਰਾ ਦਿਨ ਖਿੜਕੀ ਰਾਹੀਂ

ਗਲ਼ੀ ਦਾ ਸੁੰਨਾਪਨ ਦੇਖਦੀਆਂ ਹਨ,

ਕੁਝ ਕੰਨ ਦਰਵਾਜ਼ੇ 'ਤੇ ਦਸਤਕ ਦੀ

ਉਡੀਕ ਕਰਦੇ ਸੌਂ ਜਾਂਦੇ ਹਨ,

ਟੈਲੀਫੋਨ ਲੰਮੇ ਸਮੇਂ ਲਈ ਮੌਨ

ਧਾਰਨ ਕਰ ਲੈਂਦਾ ਹੈ,

ਬਿਜਲੀ ਦਾ ਬਲਬ ਪੂਰਾ ਦਿਨ ਬਲ਼ਦਾ ਹੈ,

ਲੰਡਨ ਵਿੱਚ ਬੁਢਾਪਾ ਹੋਰ ਤਰ੍ਹਾਂ ਆਉਂਦਾ ਹੈ-

      ਬਹੁਤ ਸਾਲ ਪਹਿਲਾਂ ਮੈਂ ਇਹ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਜਿਹਨਾਂ ਦਿਨਾਂ ਵਿੱਚ ਮੇਰਾ ਬਿਜ਼ੁਰਗਾਂ ਨਾਲ ਬਹੁਤਾ ਵਾਹ ਪਿਆ ਕਰਦਾ ਸੀ ਪਰ ਕਿਸੇ ਗੱਲੋਂ ਮੈਂ ਇਹ ਕਵਿਤਾ ਪੂਰੀ ਨਹੀਂ ਸੀ ਕਰ ਸਕਿਆ। ਅੱਜ ਲਗਦਾ ਹੈ ਕਿ ਮੈਂ ਜਿਹੜੀ ਗੱਲ ਕਹਿਣੀ ਸੀ ਇਹਨਾਂ ਸਤਰਾਂ ਵਿੱਚ ਹੀ ਕਹਿ ਲਈ ਹੈ। ਮੈਨੂੰ ਬੁਢਾਪੇ ਵਿੱਚ ਜਿਊਣ ਦਾ ਅਹਿਸਾਸ ਬਹੁਤ ਸਾਲ ਪਹਿਲਾਂ ਹੋ ਗਿਆ ਸੀ ਜਦ ਮੈਂ ਸਟੋਰ ਜਾਂ ਦੁਕਾਨਦਾਰੀ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਬਹੁਤ ਸਾਰੇ ਬੁੱਢੇ ਬੁੱਢੀਆਂ ਸਟੋਰ ਵਿੱਚ ਆਉਂਦੇ, ਉਹ ਏਨੇ ਕਮਜ਼ੋਰ ਹੁੰਦੇ ਕਿ ਉਹਨਾਂ ਲਈ ਸ਼ੌਪਿੰਗ ਚੁੱਕਣੀ ਮੁਸ਼ਕਲ ਹੋ ਜਾਂਦੀ। ਮੈਂ ਉਹਨਾਂ ਦਾ ਸਮਾਨ ਉਹਨਾਂ ਦੇ ਘਰ ਛੱਡ ਆਉਂਦਾ। ਮੈਂ ਤਕਰੀਬਨ ਉਮਰ ਦਾ ਵੱਡਾ ਹਿੱਸਾ ਇਹੋ ਕਾਰੋਬਾਰ ਕੀਤਾ ਹੈ ਤੇ ਮੈਂ ਅਕਸਰ ਬਿਜ਼ੁਰਗਾਂ ਨੂੰ ਉਹਨਾਂ ਦਾ ਸਮਾਨ ਘਰ ਪੁੱਜਦਾ ਕਰਦਾ ਰਿਹਾ ਹਾਂ। ਜੇ ਮੈਂ ਨਾ ਜਾ ਸਕਦਾ ਤਾਂ ਡਰਾਈਵਰ ਭੇਜ ਦਿੰਦਾ। ਇਸ ਨਾਲ ਮੇਰਾ ਕੁਝ ਵਾਧੂ ਕਾਰੋਬਾਰ ਵੀ ਹੋ ਜਾਂਦਾ ਤੇ ਇਕ ਤਸੱਲੀ ਜਿਹੀ ਵੀ ਮਿਲਦੀ ਕਿ ਮੈਂ ਕਿਸੇ ਲਈ ਕੁਝ ਕਰ ਰਿਹਾ ਹਾਂ। ਮੈਂ ਅਕਸਰ ਇਹਨਾਂ ਬਿਜ਼ੁਰਗਾਂ ਨੂੰ ਖਿੜਕੀ ਵਿੱਚ ਬੈਠਿਆਂ ਉਡੀਕ ਕਰਦਿਆਂ ਤੇ ਬਾਹਰ ਦੀਆਂ ਨਿਕੀਆਂ ਨਿਕੀਆਂ ਗਤੀਵਿਧੀਆਂ ਨਾਲ ਰਾਬਤਾ ਕਾਇਮ ਕਰਦਿਆਂ ਨੂੰ ਦੇਖਦਾ। ਮੈਨੂੰ ਅਜੀਬ ਵੀ ਲਗਦਾ ਤੇ ਸਹਾਨਭੂਤੀ ਵੀ ਜਾਗਦੀ।

     ਕਾਰੋਬਾਰ ਸਮੇਟਣ ਤੋਂ ਬਾਅਦ ਮੈਂ ਈਲਿੰਗ ਚੈਰਿਟੀ ਦੀ ਮਿੰਨੀ ਬਸ ਚਲਾਉਣ ਲੱਗਿਆ। ਇਸ ਵਿੱਚ ਵੀ ਮੈਂ ਬਿਜ਼ੁਰਗਾਂ ਨੂੰ ਉਹਨਾਂ ਦੀ ਸ਼ੌਪਿੰਗ ਕਰਾਉਣ ਲੈ ਜਾਇਆ ਕਰਦਾ ਸਾਂ। ਜਾਂ ਉਹਨਾਂ ਦੀਆਂ ਹਸਪਤਾਲਾਂ ਦੀਆਂ ਐਪੁਆਇੰਟਮੈਂਟਸ ਆਦਿ ਜਾਂ ਫਿਰ ਕਿਤੇ ਬੀਚ ਬਗੈਰਾ 'ਤੇ ਘੁੰਮਣ ਜਾਣ ਲੈ ਜਾਣਾ। ਬਿਜ਼ੁਰਗਾਂ ਦੀ ਮੱਦਦ ਕਰਨ ਵਿੱਚ ਵੀ ਇਕ ਆਪਣਾ ਹੀ ਅਨੰਦ ਹੁੰਦਾ ਹੈ। ਇਕ ਨਿੱਕੀ ਜਿਹੀ ਘਟਨਾ ਤੋਂ ਬਾਅਦ ਮੇਰੀ ਹਮਦਰਦੀ ਇਹਨਾਂ ਨਾਲ ਹੋਰ ਵੀ ਵਧ ਗਈ। ਇਵੇਂ ਹੋਇਆ ਕਿ ਮੇਰੇ ਪਿਤਾ ਤੇ ਮੇਰੇ ਸੁਹਰਾ ਸਾਬ ਇੰਡੀਆ ਤੋਂ ਵਾਪਸ ਇੰਗਲੈਂਡ ਆ ਰਹੇ ਸਨ। ਦੋਵਾਂ ਦੀ ਉਮਰ ਅੱਸੀ ਸਾਲ ਤੋਂ ਉਪਰ ਹੋ ਚੁੱਕੀ ਸੀ ਤੇ ਦੋਵਾਂ ਦੀ ਸਿਹਤ ਬਹੁਤ ਖਰਾਬ ਸੀ। ਸਾਨੂੰ ਸਿਹਤ ਬਾਰੇ ਕੋਈ ਪਤਾ ਨਹੀਂ ਸੀ। ਸਿਹਤ ਏਨੀ ਖਰਾਬ ਕਿ ਉਹ ਦੋਵੇਂ ਹੀ ਤੁਰ ਨਹੀਂ ਸਨ ਸਕਦੇ। ਸਭ ਨੂੰ ਪਤਾ ਹੈ ਕਿ ਹੀਥਰੋ ਦੇ ਅੰਦਰੋ-ਅੰਦਰ ਕਾਫੀ ਤੁਰਨਾ ਪੈਂਦਾ ਹੈ। ਕਿਸੇ ਕਾਰਨ ਵੀਅਲ ਚੇਅਰ ਪਹਿਲਾਂ ਬੁੱਕ ਨਾ ਕਰਾਈ ਜਾ ਸਕੀ ਤੇ ਮੌਕੇ 'ਤੇ ਏਅਰ ਲਾਈਨ ਨੇ ਬੁੱਕ ਕੀਤੀ ਨਾ। ਵਾਪਸ ਹੀਥਰੋ ਪੁੱਜ ਕੇ ਉਹਨਾਂ ਦੋਵਾਂ ਨੂੰ ਇਕ ਵੀਅਲ ਚੇਅਰ ਤਾਂ ਵਾਧੂ ਪਈ ਕਿਤੇ ਮਿਲ ਗਈ ਪਰ ਧੱਕਣ ਵਾਲਾ ਕੋਈ ਨਾ। ਉਹ ਵਾਰੀ ਵਾਰੀ ਇਕ ਦੂਜੇ ਨੂੰ ਧੱਕਦੇ ਹੋਏ ਕਿਸੇ ਨਾ ਕਿਸੇ ਤਰਾਂ੍ਹ ਪੁੱਜੇ। ਉਹਨਾਂ ਦੀ ਹਾਲਤ ਦੇਖ ਕੇ ਮੇਰਾ ਰੋਣ ਨਿਕਲ ਗਿਆ। ਮੈਂ ਇਕ ਸਖਤ ਜਿਹੀ ਚਿੱਠੀ ਹੀਥਰੋ ਅਥੌਰਟੀ ਨੂੰ ਤੇ ਇਕ ਚਿੱਠੀ ਏਅਰ ਲਾਈਨ ਨੂੰ ਲਿਖੀ। ਹੀਥਰੋ ਅਥੌਰਟੀ ਦਾ ਮੁਆਫੀ ਮੰਗਦਿਆਂ ਦਾ ਜਵਾਬ ਆ ਗਿਆ ਪਰ ਏਅਰ ਲਾਈਨ ਨੇ ਕੋਈ ਉੱਤਰ ਨਾ ਦਿੱਤਾ।

      ਸੋ ਮੈਂ ਕਰੋਨਾ ਦੀ ਮਹਾਂਮਾਰੀ ਦੇ ਸ਼ੁਰੂ ਹੋਣ ਤੱਕ ਕਿਸੇ ਨਾ ਕਿਸੇ ਤਰਾਂ੍ਹ ਬਿਜ਼ੁਰਗਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾਂ ਹਾਂ। ਹੁਣ ਵੀ ਜਿਹਨਾਂ ਲੋਕਾਂ ਨੂੰ ਮੈਂ ਜਾਣਦਾ ਹਾਂ ਫੋਨ ਉਪਰ ਉਹਨਾਂ ਦਾ ਹਾਲ ਚਾਲ ਪੁੱਛ ਲਿਆ ਕਰਦਾ ਹਾਂ।

     ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਬੁਢਾਪਾ ਇਕ ਮਾਨਸਿਕ ਅਵਸਥਾ ਹੈ ਪਰ ਮੈਂ ਕਹਿੰਦਾ ਹਾਂ ਕਿ ਇਹ ਸਰੀਰਕ ਅਵਸਥਾ ਵੀ ਹੈ। ਜਦ ਤੁਸੀਂ ਆਪਣੇ ਬਹੁਤੇ ਸਾਰੇ ਕੰਮ ਕਰਨ ਦੇ ਸਮਰਥ ਨਹੀਂ ਰਹਿੰਦੇ, ਆਰੀ ਹੋ ਜਾਂਦੇ ਹੋ ਤਾਂ ਬੁਢਾਪਾ ਤੁਹਾਨੂੰ ਤੰਗ ਕਰਨ ਲਗਦਾ ਹੈ। ਵੈਸੇ ਜਦ ਤੱਕ ਤੁਹਾਡਾ ਸਰੀਰ ਕਾਇਮ ਹੈ, ਤੁਹਾਨੂੰ ਕੋਈ ਵੱਡੀ ਬਿਮਾਰੀ ਨਹੀਂ ਹੈ ਤਾਂ ਤੁਸੀਂ ਬੁਢਾਪੇ ਦਾ ਅਨੰਦ ਵੀ ਲੈਂਦੇ ਹੋ। ਕੋਈ ਫਿਕਰ ਨਹੀਂ, ਫਾਕਾ ਨਹੀਂ। ਆਪਣੀ ਨੀਂਦੇ ਸੌਵੋਂ ਤੇ ਆਪਣੀ ਨੀਂਦੇ ਜਾਗੋ। ਜਿਵੇਂ ਹਰ ਰੁੱਤ ਦੇ ਮੇਵੇ ਹੁੰਦੇ ਹਨ ਇਵੇਂ ਹੀ ਹਰ ਉਮਰ ਦੇ ਵੱਖਰੇ ਵੱਖਰੇ ਅਨੰਦ ਹੁੰਦੇ ਹਨ, ਇਹਨਾਂ ਨੂੰ ਮਾਨਣਾ ਚਾਹੀਦਾ ਹੈ। ਬੁਢਾਪੇ ਨੂੰ ਸਰਾਪ ਨਹੀਂ ਸਮਝਣਾ ਚਾਹੀਦਾ। ਜਦ ਤਕ ਸਰੀਰ ਚਲਦਾ ਹੈ ਇਸ ਤੋਂ ਪੂਰਾ ਕੰਮ ਲੈਣਾ ਚਾਹੀਦਾ ਹੈ।

      ਲੰਡਨ ਵਿੱਚ ਬੁਢਾਪਾ ਹੋਰ ਤਰਾਂ੍ਹ ਆਉਂਦਾ ਹੈ ਕਿਉਂਕਿ ਬ੍ਰਤਾਨਵੀ ਸਮਾਜ ਦੀ ਬਣਤਰ ਸਾਡੇ ਸਮਾਜ ਤੋਂ ਕੁਝ ਭਿੰਨ ਹੈ ਖਾਸ ਕਰਕੇ ਬਿਜ਼ੁਰਗਾਂ ਦੀ ਸਾਂਭ-ਸੰਭਾਲ ਦੇ ਮਾਮਲੇ ਵਿੱਚ। ਬਿਜ਼ੁਰਗਾਂ ਨੂੰ ਸੰਭਾਲਣਾ ਸਾਡੇ ਸਮਾਜ ਵਿੱਚ ਸਦਾਚਾਰਕ ਫਰਜ਼ ਹੈ। ਜਿਹੜੀ ਔਲਾਦ ਆਪਣੇ ਮਾਂਪਿਓ ਨੂੰ ਬੁਢਾਪੇ ਵਿੱਚ ਨਹੀਂ ਸੰਭਾਲਦੀ ਉਸ ਦੀ ਆਮ ਨਿੰਦਿਆ ਹੁੰਦੀ ਹੈ ਭਾਵੇਂ ਕੁਝ ਅਪਵਾਦ ਵੀ ਹੁੰਦੇ ਹਨ। ਪਰ ਬ੍ਰਤਾਨਵੀ ਸਮਾਜ ਵਿੱਚ ਇਹ ਗੱਲ ਨਹੀਂ ਹੈ। ਜਦੋਂ ਬੱਚਾ ਅਠਾਰਾਂ ਸਾਲ ਦਾ ਹੁੰਦਾ ਹੈ, ਜੇ ਉਹ ਪੜ੍ਹਾਈ ਨਹੀਂ ਕਰਦਾ, ਕੋਈ ਕੰਮ ਕਰਕੇ ਘਰ ਦੇ ਖਰਚੇ ਵਿੱਚ ਹਿੱਸਾ ਨਹੀਂ ਪਾਉਂਦਾ ਤਾਂ ਮਾਂਪਿਓ ਨੂੰ ਉਹ ਭਾਰ ਜਾਪਣ ਲਗਦਾ ਹੈ ਤੇ ਉਸ ਨੂੰ ਘਰੋਂ ਕੱਢ ਦਿੰਦੇ ਹਨ। ਬੱਚੇ ਉਡਾਰੂ ਹੋ ਕੇ ਆਪੋ ਆਪਣੇ ਘਰ ਬਣਾ ਲੈਂਦੇ ਹਨ। ਜਦ ਤੱਕ ਮਾਂਪਿਓ ਦੀਆਂ ਚਲਦੀਆਂ ਹਨ ਉਹ ਕਿਸੇ ਨੂੰ ਆਪਣੇ ਨਾਲ ਨਹੀਂ ਰੱਖਦੇ, ਅਲੱਗ ਘਰ ਵਿੱਚ ਰਹਿੰਦੇ ਹਨ ਪਰ ਜਦ ਚੱਲਣੋਂ ਬੰਦ ਹੋ ਜਾਂਦੀਆਂ ਹਨ ਤਾਂ ਬੱਚੇ ਵੀ ਉਹਨਾਂ ਤੋਂ ਆਮ ਤੌਰ 'ਤੇ ਦੂਰ ਹੀ ਰਹਿੰਦੇ ਹਨ। ਬਿਜ਼ੁਰਗ ਇਕੱਲੇ ਰਹਿ ਜਾਂਦੇ ਹਨ। ਇਵੇਂ ਕਹਿ ਲਓ ਕਿ ਇਕੱਲਤਾ ਬਿਜ਼ੁਰਗਾਂ ਲਈ ਮਾਡਰਨ ਸੁਸਾਇਟੀ ਦਾ ਤੋਹਫਾ ਹੈ।

     ਬਿਜ਼ੁਰਗਾਂ ਦੀ ਸੰਭਾਲ ਵਿੱਚ ਅਸੀਂ ਇਹਨਾਂ ਅੰਗਰੇਜ਼ਾਂ ਨਾਲੋਂ ਸ਼ਾਇਦ ਕੁਝ ਚੰਗੇ ਹੋਈਏ ਪਰ ਇਸ ਮੁਲਕ ਵਿੱਚ ਆ ਕੇ ਅਸੀਂ ਵੀ ਇਹਨਾਂ ਦੇ ਰੰਗ ਵਿੱਚ ਰੰਗੇ ਜਾ ਰਹੇ ਹਾਂ। ਇਥੇ ਮੈਂ ਆਪਣੇ ਇਕ ਕਵੀ ਦੋਸਤ ਦੀ ਕਹਾਣੀ ਸਾਂਝੀ ਕਰਨੀ ਢੁਕਵੀਂ ਸਮਝਦਾ ਹਾਂ। ਮੇਰੇ ਇਕ ਕਵੀ ਦੋਸਤ ਦੀ ਪਤਨੀ ਮਰ ਗਈ ਤਾਂ ਉਹ ਇਕੱਲਾ ਰਹਿ ਗਿਆ। ਉਸ ਦੇ ਚਾਰ ਬੱਚੇ ਸਨ। ਸਭ ਨੇ ਫੈਸਲਾ ਕੀਤਾ ਇਕ ਉਹ ਵਾਰੀ ਵਾਰੀ ਪਿਓ ਨਾਲ ਸਪਤਾਹਅੰਤ ਬਿਤਾਇਆ ਕਰਨਗੇ। ਸਪਤਾਹਅੰਤ ਆਇਆ ਤਾਂ ਇਕ ਦੂਜੇ ਨੂੰ ਕਹਿੰਦੇ ਰਹੇ ਕਿ ਤੂੰ ਜਾਹ, ਤੂੰ ਜਾਹ। ਕੁਝ ਇਕ ਵਾਰ ਉਹ ਆਏ ਵੀ ਤੇ ਫਿਰ ਫੋਨ ਕਰਕੇ ਹੀ ਕੰਮ ਚਲਾਉਣ ਲੱਗੇ। ਫਿਰ ਜਨਮ ਦਿਨ ਜਾਂ ਕ੍ਰਿਸਮਿਸ ਤੇ ਹੀ ਫੋਨ ਕਰਦੇ। ਫਿਰ ਕਾਰਡ ਭੇਜ ਕੇ ਹੀ ਕੰਮ ਚਲਾਉਂਦੇ ਤੇ ਫਿਰ ਕਾਰਡ ਵੀ ਬੰਦ ਹੋ ਗਏ। ਉਹ ਇਕੱਲਾ ਹੀ ਹਸਪਤਾਲ ਵਿੱਚ ਪੂਰਾ ਹੋਇਆ।

    ਵੈਸੇ ਮਾਹਰ ਕਹਿੰਦੇ ਹਨ ਕਿ ਉਮਰਾਂ ਦੀ ਪਿਛਲਖੁਰੀ ਵੀਹ ਸਾਲ ਦੀ ਛਾਲ਼ ਵੱਜ ਚੁੱਕੀ ਹੈ। ਜਾਣੀ ਕਿ ਪਿਛਲੀ ਸਦੀ ਵਿੱਚ ਮਨੁੱਖੀ ਸਰੀਰ ਦੀ ਅਵਸਥਾ ਜਿਹੜੀ ਚਾਲ਼ੀ ਸਾਲ ਦੀ ਉਮਰ ਵਿੱਚ ਹੁੰਦੀ ਸੀ ਹੁਣ ਸੱਠ ਸਾਲ ਦੀ ਉਮਰ ਵਿੱਚ ਹੁੰਦੀ ਹੈ ਤੇ ਜਿਹੜੀ ਸਰੀਰ ਦੀ ਟੁੱਟ-ਭੱਜ ਸੱਠ ਸਾਲ ਦੀ ਉਮਰ ਤੱਕ ਹੋ ਜਾਂਦੀ ਸੀ ਹੁਣ ਉਸ ਨੂੰ ਅੱਸੀ ਸਾਲ ਲਗਦੇ ਹਨ। ਇਨਸਾਨ ਦੀ ਆਮ ਉਮਰ ਵਿੱਚ ਵੀਹ ਸਾਲ ਦਾ ਵਾਧਾ ਹੋ ਗਿਆ ਹੈ, ਤਾਂ ਹੀ ਤਾਂ ਇਥੇ ਪੈਨਸ਼ਨ-ਉਮਰ ਲਗਾਤਾਰ ਵਧਾਈ ਜਾ ਰਹੀ ਹੈ। ਮੈਂ ਬੁਢਾਪਾ ਮਨੁੱਖ ਦੇ ਸਰੀਰ ਦੀ ਉਸ ਹਾਲਤ ਨੂੰ ਮੰਨਦਾ ਹਾਂ ਜਦ ਇਨਸਾਨ ਆਪਣੇ ਕੰਮ ਕਰਨ ਤੋਂ ਅਸਮਰਥ ਜਾਂ ਆਰੀ ਹੋਣ ਲਗਦਾ ਹੈ, ਇਹ ਹਾਲਤ ਉਸ ਦੀ ਅੱਸੀ ਸਾਲ ਦੀ ਉਮਰ ਵਿੱਚ ਹੋਵੇ ਜਾਂ ਨੱਬੇ ਸਾਲ ਦੀ ਉਮਰ ਵਿੱਚ। ਮੇਰੇ ਇਕ ਜਿੰਬਾਵੀਅਨ ਦੋਸਤ ਦੀ ਮਾਂ ਇਕ ਸੌ ਚਾਰ ਸਾਲ ਦੀ ਹੈ, ਘਰ ਦੇ ਸਾਰੇ ਕੰਮ ਕਰਦੀ ਹੈ ਤੇ ਵਾਈਨ ਪੀਂਦੀ ਹੈ, ਉਹ ਹਸਦੀ ਹੋਈ ਕਹਿੰਦੀ ਹੈ ਕਿ ਮੈਂ ਹਾਲੇ ਬੁੱਢੀ ਹੋਣਾ ਹੈ।

     ਭਾਵੇਂ ਸਰਕਾਰ ਨੇ ਬਿਜ਼ੁਰਗਾਂ ਦੇ ਮੰਨੋਰੰਜਨ ਦੇ ਬਹੁਤ ਸਾਰੇ ਸਾਧਨ ਬਣਾਏ ਹੋਏ ਹਨ, ਇਹਨਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਫਿਰ ਵੀ ਇਹ ਲੋਕ ਬਹੁਤ ਇਕੱਲੇ ਹੁੰਦੇ ਹਨ। ਮੈਂ ਜਦ ਵੀ ਕਿਸੇ ਬਿਜ਼ੁਰਗ ਨੂੰ ਮਿਲਦਾ ਹਾਂ ਤਾਂ ਉਸ ਕੋਲ ਏਨੀਆਂ ਗੱਲਾਂ ਜਮਾਂ੍ਹ ਪਈਆਂ ਹੁੰਦੀਆਂ ਕਿ ਮੁਕਣ ਵਿੱਚ ਹੀ ਨਹੀਂ ਸਨ ਆਉਂਦੀਆਂ। ਇਕ ਸਰਵੇ ਮੁਤਾਬਕ ਇੰਗਲੈਂਡ ਵਿੱਚ ਦਸ ਲੱਖ ਅਜਿਹੇ ਬਿਜ਼ੁਰਗ ਹਨ ਜਿਹੜੇ ਮਹੀਨਾ-ਮਹੀਨਾ ਭਰ ਕਿਸੇ ਨਾਲ ਦੋ ਬੋਲ ਵੀ ਸਾਂਝੇ ਨਹੀਂ ਕਰਦੇ, ਖਾਸ ਕਰਕੇ ਆਪਣੇ ਕਿਸੇ ਰਿਸ਼ਤੇਦਾਰ, ਦੋਸਤ ਜਾਂ ਗਵਾਂਢੀਆਂ ਨਾਲ। ਡਾਕਟਰਾਂ, ਨਰਸਾਂ ਜਾਂ ਕੇਅਰਰਾਂ ਨਾਲ ਤਾਂ ਰਸਮੀ ਗੱਲਾਂ ਹੀ ਹੁੰਦੀਆਂ ਹੋਣਗੀਆਂ। ਬਿਜ਼ੁਰਗਾਂ ਦਾ ਸਭ ਤੋਂ ਵੱਡਾ ਮਸਲਾ ਇਕੱਲਤਾ ਜਾਂ ਵਖਰੇਵੇਂ ਦਾ ਹੁੰਦਾ ਹੈ। ਇੰਗਲੈਂਡ ਵਿੱਚ ਪਝੱਤਰ ਸਾਲ ਦੀ ਉਮਰ ਤੋਂ ਉਪਰ ਦੇ ਵੀਹ ਲੱਖ ਲੋਕ ਇਕੱਲੇ ਰਹਿੰਦੇ ਹਨ। ਪੱਚਾਸੀ ਸਾਲ ਤੋਂ ਵਧ ਉਮਰ ਦੇ ਬਹੁਤੇ ਲੋਕ ਤਾਂ ਹੁੰਦੇ ਹੀ ਇਕੱਲੇ ਹਨ। ਇਹਨਾਂ ਨੂੰ ਮਿਲਣ ਆਉਣ ਵਾਲਾ ਕੋਈ ਨਹੀਂ ਹੁੰਦਾ। ਕਦੇ ਕਦਾਈਂ ਕੋਈ ਬੱਚਾ ਕਿਸੇ ਆਸ ਨਾਲ ਆ ਵੀ ਜਾਂਦਾ ਹੋਵੇਗਾ ਪਰ ਬਹੁਤੀ ਵਾਰ ਇਵੇਂ ਨਹੀਂ ਹੁੰਦਾ।

    ਜਦੋਂ ਬੁਢਾਪੇ ਵਿੱਚ ਇਕੱਲਤਾ ਦੀ ਗੱਲ ਆਉਂਦੀ ਹੈ ਤਾਂ ਜ਼ਰੂਰੀ ਨਹੀਂ ਕਿ ਬਿਜ਼ੁਰਗ ਇਕ-ਇਕੱਲਾ ਹੀ ਰਹਿੰਦਾ ਹੋਵੇ। ਪਤੀ ਪਤਨੀ ਦੋਵੇਂ ਵੀ ਹੋਣ ਤਾਂ ਉਹ ਵੀ ਇਕੱਲਤਾ ਦਾ ਸਾਹਮਣਾ ਕਰਦੇ ਹਨ। ਬਾਕੀ ਦੇ ਸਮਾਜ ਤੋਂ ਟੁੱਟਣਾ ਇਕੱਲਤਾ ਹੀ ਹੈ। ਹਾਂ, ਜੇ ਦੋ ਹੋਣਗੇ ਤਾਂ ਉਹ ਘੱਟੋ ਘਟ ਆਪਸ ਵਿੱਚ ਗੱਲ ਤਾਂ ਕਰ ਸਕਦੇ ਹਨ। ਜਦ ਦੋਵਾਂ ਵਿੱਚੋਂ ਇਕ ਜੀਅ ਤੁਰ ਜਾਵੇ ਤਾਂ ਉਹਨਾਂ ਨੂੰ ਘੋਰ ਇਕੱਲਤਾ ਆ ਘੇਰਦੀ ਹੈ। ਇਕੱਲੇ ਰਹਿੰਦਿਆਂ ਕਈ ਵਾਰ ਗਲਤ ਆਦਤਾਂ ਵੀ ਚੁੰਬੜ ਜਾਂਦੀਆਂ ਹਨ ਜਿਵੇਂ ਕਿ ਸਿਗਰਟ-ਸ਼ਰਾਬ ਦੀ, ਵਰਜਿਸ਼ ਨਾ ਕਰਨ ਦੀ, ਆਲਸ ਦੀ, ਮਸਲਿਆਂ ਨੂੰ ਅਣਗੌਲਣ ਦੀ। ਇਕੱਲਤਾ ਵਿੱਚ ਡਿਪਰੈਸ਼ਨ ਤਾਂ ਆਮ ਦੇਖਣ ਨੂੰ ਮਿਲਦਾ ਹੈ। ਇੰਗਲੈਂਡ ਵਿੱਚ ਹੁਣ ਸਿਹਤ ਵਿਭਾਗ ਦੀਆਂ ਸੇਵਾਵਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਇਸ ਕਰਕੇ ਬਿਜ਼ੁਰਗਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ।    

    ਇਹ ਸੱਚ ਹੈ ਕਿ ਬੁਢਾਪੇ ਦੇ ਬਹੁਤ ਸਾਰੇ ਮਸਲਿਆਂ ਦੇ ਹੱਲ ਸਾਡੇ ਸਮਾਜ ਵਿੱਚ ਹਨ, ਸਾਝਾਂ ਪਰਿਵਾਰ ਇਸ ਦਾ ਸਭ ਤੋਂ ਵਧੀਆ ਹੱਲ ਹੈ ਪਰ ਸਾਂਝਾ ਪਰਿਵਾਰ ਤਾਂ ਅਸੀਂ, ਦੇਸੀ ਲੋਕ, ਆਪ ਵੀ ਛੱਡਦੇ ਜਾ ਰਹੇ ਹਾਂ।

    ਮੇਰੀ ਉਪਰਲੀ ਅਧੂਰੀ ਕਵਿਤਾ ਵਿੱਚ ਸ਼ਾਇਦ ਇਹ ਕੁਝ ਸਤਰਾਂ ਜੋੜੀਆਂ ਜਾ ਸਕਦੀਆਂ ਹੋਣ¸

ਲੰਡਨ ਵਿੱਚ ਸਵਾਤਾਂ ਨਹੀਂ ਹੁੰਦੀਆਂ

ਜਿਥੇ ਬਹਿ ਕੇ ਬੁੱਢੇ ਖੰਘ ਸਕਣ,

ਨਾ ਬੋਹੜਾਂ ਹਨ ਤਾਸ਼ ਖੇਡਣ ਲਈ,

ਨਾ ਪੋਤੇ-ਪੋਤੀਆਂ ਦਾ ਜਮ-ਘਟ,

ਨਾ ਹੀ ਖ਼ਬਰ-ਸਾਰ ਪੁੱਛਣ ਵਾਲੇ ਚਿਹਰੇ,

ਲੰਡਨ ਵਿੱਚ ਬੁਢਾਪਾ ਹੋਰ ਤਰਾਂ੍ਹ ਆਉਂਦਾ ਹੈ,

ਲੰਡਨ ਵਿੱਚ ਬੁਢਾਪੇ ਦੀ ਮੰਜ਼ਿਲ

ਨਰਸਿੰਗ ਹੋਮ ਹੁੰਦੇ ਹਨ,

ਜਾਂ ਇਕਲਿਆਂ ਹੀ ਆਪਣੇ ਘਰ ਵਿੱਚ

ਮੌਤ ਨਾਲ਼ ਘੁਲ਼ਦਿਆਂ ਸਰੀਰ ਛੱਡ ਦੇਣਾ,

ਸਰੀਰ, ਜਿਸ ਜੋ ਕੀੜਿਆਂ ਦੇ

ਖਾਜੇ ਦੇ ਆ ਜਾਂਦਾ ਹੈ ਕੰਮ,

ਲੰਡਨ ਵਿੱਚ ਬੁਢਾਪਾ ਇੰਜ ਹੀ ਆਉਂਦਾ ਹੈ-



Comments


bottom of page