ਲੰਡਨ ਦੇ ਲੌਲੀਪੌਪਰਜ਼/
ਹਰਜੀਤ ਅਟਵਾਲ/
ਤੁਸੀਂ ਦੇਖੋਂਗੇ ਕਿ ਸਕੂਲ ਲੱਗਣ ਤੇ ਛੁੱਟੀ ਹੋਣ ਸਮੇਂ ਲੰਡਨ ਦੀਆਂ ਸੜਕਾਂ ਉਪਰ ਟਰੈਫਿਕ ਅਚਾਨਕ ਵਧ ਜਾਂਦਾ ਹੈ। ਏਨਾ ਕਿ ਸੜਕ ਪਾਰ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਾਰਾਂ-ਵੈਨਾਂ ਵਾਲੇ ਜ਼ੈਬਰਾ ਕਰੌਸਿੰਗ 'ਤੇ ਵੀ ਨਹੀਂ ਰੁਕਦੇ। ਸੜਕ ਪਾਰ ਕਰਨ ਵਾਲਿਆਂ ਨੂੰ ਮੁਸ਼ਕਲ ਪੇਸ਼ ਆਉਣ ਲੱਗਦੀ ਹੈ। ਬੱਚਿਆਂ ਲਈ ਤਾਂ ਸੜਕ ਲੰਘਣਾ ਹੋਰ ਵੀ ਔਖਾ ਹੋ ਜਾਂਦਾ ਹੈ। ਅਜਿਹੇ ਵੇਲੇ ਹੀ ਤੁਸੀਂ ਦੇਖਦੇ ਹੋ ਇਕ ਵਿਅਕਤੀ ਹੱਥ ਵਿੱਚ ਇਕ ਸਾਈਨ-ਬੋਰਡ ਫੜੀ ਸੜਕ ਦੇ ਵਿਚਕਾਰ ਆ ਖੜਦਾ/ਖੜਦੀ ਹੈ। ਸਾਈਨ ਬੋਰਡ 'ਤੇ ਰੁਕਣ ਦੇ ਆਦੇਸ਼ ਲਿਖੇ ਹੁੰਦੇ ਹਨ। ਇਸੇ ਵਿਅਕਤੀ ਨੂੰ ਲੌਲੀਪੌਪਰ ਕਹਿੰਦੇ ਹਨ। ਇਹ ਰਵਾਇਤ ਸ਼ੁਰੂ ਹੋਣ ਵੇਲੇ ਸਿਰਫ ਔਰਤਾਂ ਹੀ ਇਹ ਕੰਮ ਕਰਦੀਆਂ ਸਨ। ਉਦੋਂ ਇਹਨਾਂ ਨੂੰ ਲੌਲੀਪੌਪ ਲੇਡੀ ਆਖਿਆ ਜਾਂਦਾ ਸੀ, ਫਿਰ ਮਰਦ ਲੋਕ ਵੀ ਇਸ ਕੰਮ ਵਿੱਚ ਆ ਗਏ ਤਾਂ ਉਸ ਨੂੰ ਲੌਲੀਪੌਪ ਮੈਨ ਆਖਦੇ ਹਨ ਪਰ ਸਾਂਝੇ ਤੌਰ 'ਤੇ ਲੌਲੀਪੌਪਰ ਕਿਹਾ ਜਾਂਦਾ ਹੈ।
ਹਰ ਸਮਾਜ ਵਿੱਚ ਕੁਝ ਅਜਿਹੇ ਕਿਰਦਾਰ ਹੁੰਦੇ ਹਨ ਜਿਹਨਾਂ ਦਾ ਅਣਦਿਸਦਾ ਜਿਹਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਮੈਂ ਬਹੁਤ ਸਾਲ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਰਿਹਾ ਹਾਂ, ਖਾਸ ਤੌਰ 'ਤੇ ਜਦ ਉਹ ਪਰਾਈਮਰੀ ਸਕੂਲ ਵਿੱਚ ਪੜ੍ਹਦੇ ਸਨ। ਉਹਨਾਂ ਦੇ ਸਕੂਲ ਦੇ ਸਾਹਮਣੇ ਸੂਜ਼ੀ ਲੌਲੀਪੌਪ ਲੇਡੀ ਸੀ। ਉਹ ਬਹੁਤ ਹੀ ਖੁਸ਼ਸ਼ਕਲ ਤੇ ਖੁਸ਼ਮਿਜ਼ਾਜ ਔਰਤ ਸੀ। ਉਹ ਸਭ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਬੱਚੇ ਵੀ ਉਸ ਨੂੰ ਆ ਕੇ ਵਿਸ਼ੇਸ਼ ਕਰਕੇ 'ਗੁੱਡ ਮਾਰਨਿੰਗ' ਕਹਿੰਦੇ। ਜਦ ਸਾਰੇ ਬੱਚੇ ਸਕੂਲ ਅੰਦਰ ਚਲੇ ਜਾਂਦੇ ਤਾਂ ਉਹ ਆਪਣੀ 'ਲੌਲੀਪੌਪ' ਵਰਗੀ ਤਖਤੀ ਚੁੱਕ ਕੇ ਘਰ ਨੂੰ ਤੁਰ ਪੈਂਦੀ। ਆਮ ਤੌਰ 'ਤੇ ਬੱਚਿਆਂ ਨੂੰ ਸਕੂਲ ਛੱਡਣ ਆਉਣ ਵਾਲੀਆਂ ਉਹਨਾਂ ਦੀਆਂ ਮਾਵਾਂ ਹੀ ਹੁੰਦੀਆਂ ਹਨ। ਕਈ ਔਰਤਾਂ ਖੜੀਆਂ ਸੂਜ਼ੀ ਦੇ ਕੰਮ ਖਤਮ ਕਰਨ ਦੀ ਉਡੀਕ ਕਰਦੀਆਂ ਰਹਿੰਦੀਆਂ ਤੇ ਫਿਰ ਉਹਦੇ ਨਾਲ ਗੱਲੀਂ ਲੱਗ ਜਾਂਦੀਆਂ। ਕ੍ਰਿਸਮਸ ਆਉਂਦੇ ਤਾਂ ਬਹੁਤ ਸਾਰੇ ਬੱਚੇ ਸੂਜ਼ੀ ਲਈ ਖਾਸ ਤੌਰ 'ਤੇ ਤੋਹਫੇ ਲੈ ਕੇ ਜਾਂਦੇ। ਸਾਡੇ ਬੱਚਿਆਂ ਵਿੱਚ ਤਾਂ ਕਈ ਦਿਨ ਪਹਿਲਾਂ ਹੀ ਬਹਿਸ ਛਿੜ ਜਾਂਦੀ ਕਿ ਐਤਕੀਂ ਸੂਜ਼ੀ ਨੂੰ ਕੀ ਦੇਣਾ ਹੈ।
ਲੌਲੀਪੌਪ ਲੇਡੀ ਇਸ ਨੂੰ ਇਸ ਲਈ ਕਿਹਾ ਜਾਣ ਲੱਗਾ ਕਿ ਇਸ ਦੇ ਹੱਥ ਵਿੱਚ ਫੜੀ ਤਖਤੀ ਦੀ ਸ਼ਕਲ ਲੌਲੀਪੌਪ ਵਰਗੀ ਹੁੰਦੀ ਹੈ। ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਇਹ ਰਵਾਇਤ ਬਾਥ ਸ਼ਹਿਰ ਵਿੱਚ ਸ਼ੁਰੂ ਹੋਈ। ਉਥੇ ਮੈਰੀ ਹੰਟ ਸਕੂਲ ਦੀ ਕੇਅਰਟੇਕਰ ਸੀ, ਇਕ ਦਿਨ ਸਕੂਲ ਬਾਹਰ ਰਸ਼ ਦੇਖ ਕੇ ਉਸ ਨੇ ਸੜਕ ਵਿੱਚਕਾਰ ਖੜ ਕੇ ਬੱਚਿਆਂ ਨੂੰ ਲੰਘਾਉਣਾ ਸ਼ੁਰੂ ਕਰ ਦਿੱਤਾ। ਬਸ ਉਸ ਦਿਨ ਤੋਂ ਇਹ ਰਵਾਇਤ ਪੱਕ ਹੋ ਗਈ। ਇਹ ਗੱਲ 21 ਸਤੰਬਰ 1937 ਦੀ ਹੈ। ਅਮਰੀਕਾ ਵਿੱਚ ਸਕੂਲੀ ਬੱਚਿਆਂ ਨੂੰ ਲੰਘਾਉਣ ਦਾ ਕੰਮ 1920 ਵਿੱਚ ਅਰੰਭ ਹੋਇਆ। ਨਿਊਜ਼ੀਲੈਂਡ ਵਿੱਚ 1931 ਤੇ ਜਪਾਨ ਵਿੱਚ 1959 ਵਿੱਚ ਸਕੂਲ ਪਟਰੌਲ ਦਾ ਇੰਤਜ਼ਾਮ ਕੀਤਾ ਗਿਆ। ਜਿਵੇਂ ਜਿਵੇਂ ਸੜਕਾਂ ਉਪਰ ਟਰੈਫਿਕ ਵੱਧਦਾ ਗਿਆ ਤਾਂ ਸਕੂਲਾਂ ਦੇ ਬੱਚਿਆਂ ਲਈ ਰੋਡ ਕਰੌਸਿੰਗ ਵਾਰਡਨ ਦੀ ਲੋੜ ਮਹਿਸੂਸ ਹੁੰਦੀ ਰਹੀ। ਪੱਛਮੀ ਦੇਸ਼ਾਂ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਟਰੈਫਿਕ ਦੇ ਕਾਨੂੰਨਾਂ ਬਾਰੇ ਸਿਖਿਆ ਦਿੱਤੀ ਜਾਂਦੀ ਹੈ। ਸੜਕ ਪਾਰ ਕਰਨ ਦੀ ਵੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾਂਦੀ ਹੈ। ਜੇ ਕੋਈ ਮਾਂਪਿਓ ਗਲਤ ਜਗਾਹ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਨ ਜਿਵੇਂ ਕਿ ਅਸੀਂ ਅਕਸਰ ਕਰਦੇ ਹਾਂ, ਬੱਚੇ ਟੋਕ ਦਿੰਦੇ ਹਨ। ਉਹ ਸਦਾ ਜ਼ੈਬਰਾ ਕਰੌਸਿੰਗ ਜਾਂ ਲਾਈਟਾਂ ਤੋਂ ਹੀ ਸੜਕ ਪਾਰ ਕਰਨਗੇ। ਇਹਨਾਂ ਮੁਲਕਾਂ ਦੀ ਸਕੂਲੀ ਪੜ੍ਹਾਈ ਦਾ ਇਹ ਬਹੁਤ ਵੱਡਾ ਗੁਣ ਹੈ। ਪਹਿਲੀਆਂ ਵਿੱਚ ਜੌਹਨ ਬੌਨਚੇਅਰ ਸਕੂਲਾਂ ਵਿੱਚ ਬੱਚਿਆਂ ਨੂੰ ਰੋਡ ਸੇਫਟੀ ਦੇ ਸਬਕ ਦੇਣ ਜਾਇਆ ਕਰਦਾ ਸੀ। ਜੌਹਨ ਪੁਤਲੀਆਂ ਦਾ ਤਮਾਸ਼ਗੀਰ ਸੀ ਤੇ ਉਹ ਪੁਤਲੀਆਂ ਰਾਹੀਂ ਹੀ ਬੱਚਿਆਂ ਨੂੰ ਸਿਖਿਆ ਦਿਆ ਕਰਦਾ। ਉਸ ਨੇ ਚਾਰਲੀ ਨਾਂ ਦਾ ਕਿਰਦਾਰ ਘੜਿਆ ਹੋਇਆ ਸੀ ਜਿਸ ਨੇ ਸੜਕ ਪਾਰ ਕਰਨੀ ਹੁੰਦੀ ਤੇ ਰੋਡ ਕਰੌਸਿੰਗ ਪਟਰੌਲ ਅਫਸਰ ਦਾ ਨਾਂ ਲੌਲੀਪੌਪ ਮੈਨ ਰੱਖਿਆ ਹੋਇਆ ਸੀ। ਹੌਲੀ ਹੌਲੀ ਇਹ ਸ਼ਬਦ ਇਕ ਟਰਮ ਹੀ ਬਣ ਗਿਆ। ਫਿਰ ਸਵੀਟ ਨਾਂ ਦੇ ਬੈਂਡ ਨੇ ਇਸ 'ਤੇ ਅਧਾਰਤ ਗੀਤ ਵੀ ਬਣਾ ਦਿੱਤਾ ਸੀ। ਭਾਵੇਂ ਮੈਰੀ ਹੰਟ ਨੇ 1937 ਵਿੱਚ ਇਹ ਰਵਾਇਤ ਸ਼ੁਰੂ ਕੀਤੀ ਸੀ ਪਰ ਛੇਤੀ ਹੀ ਦੂਜਾ ਮਹਾਂਯੁੱਧ ਲੱਗ ਗਿਆ ਸੀ ਤੇ ਬਹੁਤੇ ਸਕੂਲ ਬੰਦ ਹੋ ਗਏ ਸਨ। ਸਗੋਂ ਲੰਡਨ ਦੇ ਬਹਤੇ ਬੱਚਿਆਂ ਨੂੰ ਲੰਡਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ। ਜਰਮਨ ਜਹਾਜ਼ਾਂ ਦੇ ਹਮਲਿਆਂ ਦਾ ਡਰ ਹੀ ਏਨਾ ਸੀ। ਬੱਚਿਆਂ ਨੂੰ ਲੰਡਨ ਤੋਂ ਬਾਹਰ ਬੰਕਰਾਂ ਵਿੱਚ ਰੱਖਿਆ ਗਿਆ ਸੀ ਤਾਂ ਜੋ ਦੇਸ਼ ਦਾ ਭਵਿੱਖ ਬਚਾਇਆ ਜਾ ਸਕੇ। ਫਿਰ 1950 ਤੋ ਇਸ ਸੇਵਾ ਮੁੜ ਕੇ ਸਹੀ ਤਰੀਕੇ ਨਾਲ ਸਥਾਪਤ ਕੀਤੀ ਗਈ। ਈਸਟ ਲੰਡਨ ਦੇ ਡੈਗਨਮ ਦੀ ਕੌਂਸਲ ਦੇ ਸੇਫਟੀ ਅਫਸਰਾਂ ਨੇ ਸਹੀ ਤਰੀਕੇ ਨਾਲ ਭਰਤੀ ਸ਼ੁਰੂ ਕਰ ਦਿੱਤੀ। ਚਿੱਟਾ ਗਾਊਨ, ਬਾਂਹ ਉਪਰ ਪੀਲੇ ਰੰਗ ਦੀ ਪੱਟੀ ਤੇ ਉਚੀ ਜਿਹੀ ਟੋਪੀ। ਹੱਥ ਵਿੱਚ ਰੁਕਣ ਦਾ ਆਦੇਸ਼ ਦਿੰਦੀ ਤਖਤੀ। ਇਹ ਸਾਈਨ ਬੋਰਡ ਵਿਆਇਨਾ ਕਨਵੈਨਸ਼ਨ ਵੇਲੇ ਅੰਤਰਰਾਸ਼ਟਰੀ ਸਾਈਨ ਬੋਰਡ 'ਤੇ ਅਧਾਰਤ ਹੈ। ਪੀਲੇ ਰੰਗ ਦੀ ਤਖਤੀ ਉਪਰ ਕਾਲ਼ੀ ਲਿਖਾਵਟ ਤੇ 'ਸਟੌਪ' ਲਿਖਿਆ ਹੁੰਦਾ ਹੈ, ਪਹਿਲਾਂ 'ਚਿਲਡਰਨ' ਲਿਖਿਆ ਹੁੰਦਾ ਸੀ। ਜਿਵੇਂ ਬ੍ਰਤਾਨੀਆਂ ਵਿੱਚ ਇਹਨਾਂ ਨੂੰ ਲੌਲੀਪੌਪਰ ਕਿਹਾ ਜਾਂਦਾ ਹੈ ਇਵੇਂ ਹੀ ਉਤਰੀ ਅਮਰੀਕਾ ਵਿੱਚ ਕਰਸਿੰਗ ਗਾਰਡਜ਼ ਆਖਦੇ ਹਨ। ਸੋ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਨਾਂ ਹੋ ਸਕਦੇ ਹਨ ਪਰ ਕੰਮ ਇਕੋ ਹੈ ਕਿ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ।
ਪਹਿਲੀਆਂ ਵਿੱਚ ਬਹੁਤ ਸਾਰੇ ਬਿਜ਼ੁਰਗ ਲੋਕ ਇਹ ਸੇਵਾ ਮੁਫਤ ਵਿੱਚ ਵੀ ਕਰਦੇ ਸਨ ਪਰ ਫਿਰ ਕੌਂਸਲ ਵਲੋਂ ਇਹਨਾਂ ਦੀ ਸਹੀ ਤਰੀਕੇ ਨਾਲ ਭਰਤੀ ਤੇ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਕਿਉਂਕਿ ਇਹ ਸਿਰਫ ਦੋ ਘੰਟੇ ਰੋਜ਼ਾਨਾ, ਦਸ ਘੰਟੇ ਹਫਤਾ ਦੀ ਹੀ ਨੌਕਰੀ ਸੀ ਇਸ ਲਈ ਰਿਟਾਇਰ ਲੋਕ ਕੁਝ ਵਾਧੂ ਪੈਸੇ ਕਮਾਉਣ ਲਈ ਇਹ ਕੰਮ ਕਰਦੇ ਸਨ। ਪਹਿਲਾਂ ਥੋੜੇ ਹੀ ਪੈਸੇ ਹੁੰਦੇ ਸਨ ਪਰ ਹੁਣ ਕੁਝ ਠੀਕ ਹੈ, ਪਿਛੇ ਜਿਹੇ ਮੈਂ ਦੇਖਿਆ ਸੀ ਕਿ ਲੌਲੀਪੌਪਰ ਦੀ ਨੌਕਰੀ ਦੀ ਔਨਲਾਈਨ ਮਸ਼ਹੂਰੀ ਸੀ, ਤਨਖਾਹ ਸਾਢੇ ਸਤਾਰਾਂ ਹਜ਼ਾਰ ਸਲਾਨਾ ਲਿਖੀ ਸੀ ਜੋ ਕਿ ਦਸ ਘੰਟੇ ਹਫਤੇ ਦੇ ਹਿਸਾਬ ਨਾਲ ਬੁਰੀ ਨਹੀਂ। ਫਿਰ ਵੀ ਮੈਂ ਕਿਸੇ ਨੌਜਵਾਨ ਮੁੰਡੇ ਕੁੜੀ ਨੂੰ ਇਹ ਨੌਕਰੀ ਕਰਦੇ ਨਹੀਂ ਦੇਖਿਆ। ਪਿੱਛੇ ਜਿਹੇ ਇਕ ਦਿਨ ਬੀਬੀਸੀ ਟੈਲੀਵੀਯਨ ਦੇਖਦਿਆਂ ਪਤਾ ਚੱਲਾ ਕਿ ਉਤਰੀ ਇੰਗਲੈਂਡ ਦੇ ਪਿੰਡ ਯੌਰਕ ਵਿੱਚ ਸਤਾਰਾਂ ਸਾਲ ਦੀ ਕੁੜੀ ਮੈਰੀ ਪੈਟਰਸਨ ਵੀ ਲੌਲੀਪੌਪ ਲੇਡੀ ਹੈ, ਉਸ ਦੀ ਉਮਰ ਆਪਣੀਆਂ ਸਹਿਕਾਮੀਆਂ ਦੀ ਉਮਰ ਦਾ ਤੀਜਾ ਹਿੱਸਾ ਹੈ।
ਪਿੱਛੇ ਜਿਹੇ ਇਕ ਸਰਵੇ ਹੋਇਆ ਸੀ ਆਮ ਲੋਕ ਲੌਲੀਪੌਪਰਜ਼ ਨੂੰ ਕਿੰਨਾ ਕੁ ਪਸੰਦ ਕਰਦੇ ਹਨ ਤਾਂ 99 ਫੀ ਸਦੀ ਲੋਕਾਂ ਨੇ ਪਸੰਦ ਹੀ ਕੀਤਾ। ਪਰ ਡਰਾਈਵਰ ਇਹਨਾਂ ਨੂੰ ਬਹਤਾ ਪਸੰਦ ਨਹੀਂ ਕਰਦੇ। ਡਰਾਈਵਰ ਸਦਾ ਕਾਹਲੀ ਵਿੱਚ ਹੁੰਦੇ ਹਨ ਤੇ ਡਰਾਈਵ ਕਰਦੇ ਸਮੇਂ ਵੈਸੇ ਵੀ ਖੂਨ ਦਾ ਦਬਾਅ ਵੱਧ ਗਿਆ ਹੁੰਦਾ ਹੈ। ਕਦੇ ਕਦੇ ਅਜਿਹੀਆਂ ਘਟਨਾਵਾਂ ਦੇਖਣ ਵਿੱਚ ਆ ਜਾਂਦੀਆਂ ਹਨ ਕਿ ਡਰਾਈਵਰ ਇਹਨਾਂ ਨਾਲ ਬਦਤਮੀਜ਼ੀ ਕਰ ਜਾਂਦੇ ਹਨ। ਇਸੇ ਗੱਲੋਂ ਇਹਨਾਂ ਦੇ ਸਾਈਨ ਬੋਰਡ ਵਿੱਚ ਖੁਫੀਆ ਕੈਮਰੇ ਵੀ ਲਾ ਦਿੱਤੇ ਗਏ ਹਨ। ਫਿਰ ਵੀ ਇਹ ਮਸਲਾ ਬਹੁਤਾ ਵੱਡਾ ਨਹੀਂ ਹੈ। ਆਮ ਡਰਾਈਵਰ ਇਹਨਾਂ ਦੇ ਆਦੇਸ਼ ਮੰਨਦੇ ਹੋਏ ਰੁਕਦੇ ਹਨ। ਪਹਿਲੀਆਂ ਵਿੱਚ ਇਹਨਾਂ ਨੂੰ ਜੁਰਮਾਨਾ ਕਰਨ ਦਾ ਹੱਕ ਵੀ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਇਹ ਪੰਜ ਪੌਂਡ ਤੱਕ ਜੁਰਮਾਨਾ ਕਰ ਸਕਦੇ ਸਨ। ਪਹਿਲਾਂ ਲੌਲੀਪੌਪਰਜ਼ ਸਿਰਫ ਸਕੂਲ ਦੇ ਬੱਚਿਆਂ ਨੂੰ ਹੀ ਸੜਕ ਪਾਰ ਕਰਾਉਂਦੇ ਸਨ ਪਰ ਫਿਰ ਆਮ ਲੋਕਾਂ ਨੂੰ ਸੜਕ ਲੰਘਾਉਣ ਦੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਦੇ ਦਿੱਤੀ ਗਈ।
ਦੇਖਣ ਨੂੰ ਇਹ ਨੌਕਰੀ ਛੋਟੀ ਜਿਹੀ ਲਗਦੀ ਹੈ ਪਰ ਹੈ ਬਹੁਤ ਮਹੱਤਵ ਪੂਰਨ। ਇਸ ਨੌਕਰੀ ਉਪਰ ਕਈ ਡੌਕੂਮੈਂਟਰੀਆਂ ਬਣ ਚੁੱਕੀਆਂ ਹਨ। ਗੀਤ ਬਣਨ ਬਾਰੇ ਤਾਂ ਮੈਂ ਪਹਿਲਾਂ ਦੱਸਿਆ ਹੀ ਹੈ। ਕਈ ਲੌਲੀਪੌਪਰਜ਼ ਦੀ ਤਾਂ ਸਾਰੀ ਉਮਰ ਹੀ ਇਸ ਨੌਕਰੀ ਵਿੱਚ ਨਿਕਲ ਗਈ। ਬੈਡਫੋਰਡ ਦੀ ਜੋਆਇਸ ਸ਼ੌਫਨੈਸੀ ਨੇ ਪੰਜਾਹ ਸਾਲ ਤੱਕ ਇਹ ਨੌਕਰੀ ਕੀਤੀ। ਉਤਰੀ ਲੰਡਨ ਦੀ ਮਾਰਗਾਰੇਟ ਲੌਨੇਰਗਨ ਪਝੱਤਰ ਸਾਲ ਦੀ ਉਮਰ ਤੱਕ ਇਹ ਨੌਕਰੀ ਕਰਦੀ ਰਹੀ, ਇਸੇ ਮਹੀਨੇ ਰਿਟਾਇਰ ਹੋ ਰਹੀ ਹੈ। ਉਸ ਨੂੰ ਲੰਡਨ ਟਰਾਂਸਪੋਰਟ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।
ਕਈ ਮੁਲਕਾਂ ਵਿੱਚ ਇਹ ਨੌਕਰੀ ਕੇਂਦਰੀ ਸਰਕਾਰ ਦੇ ਅਧਿਕਾਰ ਹੇਠ ਆਉਂਦੀ ਹੈ ਪਰ ਬ੍ਰਤਾਨੀਆਂ ਵਿੱਚ ਇਹ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਦੀ ਹੈ। ਜਿਥੇ ਇਸ ਦੇ ਫਾਇਦੇ ਹਨ ਕਿ ਸਥਾਨਕ ਸਰਕਾਰਾਂ ਨੂੰ ਸਥਾਨਕ ਮਸਲਿਆਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ ਉਥੇ ਇਸ ਦੇ ਕੁਝ ਨੁਕਸਾਨ ਵੀ ਹਨ। ਜਦ ਵੀ ਕਿਸੇ ਸਥਾਨਕ ਸਰਕਾਰ ਦੇ ਬੱਜਟ ਵਿੱਚ ਟੇਡ੍ਹ ਆਉਂਦੀ ਹੈ ਤੇ ਉਹਨਾਂ ਨੇ ਜਦ ਪੈਸੇ ਬਚਾਉਣੇ ਹੁੰਦੇ ਹਨ ਤਾਂ ਉਹਨਾਂ ਦਾ ਗੱਜ ਇਸ ਨੌਕਰੀ 'ਤੇ ਡਿਗਦਾ ਹੈ। ਇਹੋ ਕਾਰਨ ਹੈ ਕਿ ਇਸ ਨੌਕਰੀ ਵਿੱਚ ਕਾਫੀ ਕਟੌਤੀਆਂ ਹੋ ਗਈਆਂ ਹਨ। ਸੰਨ 2010 ਵਿੱਚ ਪੂਰੇ ਬ੍ਰਤਾਨੀਆ ਵਿੱਚ ਸੱਤ ਹਜ਼ਾਰ ਤੋਂ ਕਿਤੇ ਵੱਧ ਲੇਡੀਪੌਪਰਜ਼ ਸਨ ਤੇ ਹੁਣ ਪੰਜ ਹਜ਼ਾਰ ਦੇ ਕਰੀਬ ਰਹਿ ਗਏ ਹਨ। ਇਹ ਬਹੁਤ ਵੱਡੀ ਕਟੌਤੀ ਹੈ। ਉਮੀਦ ਹੈ ਕਿ ਇਹਨਾਂ ਦੀ ਗਿਣਤੀ ਵਿੱਚ ਮੁੜ ਕੇ ਵਾਧਾ ਕੀਤਾ ਜਾਵੇਗਾ।
ਬਹੁਤ ਸਾਰੇ ਪਾਠਕ ਸੋਚਦੇ ਹੋਣਗੇ ਕਿ ਇਹ ਨੌਕਰੀ ਸਿਰਫ ਹਫਤੇ ਦੇ ਦਸ ਘੰਟਿਆਂ ਦੀ ਹੋਣ ਕਰਕੇ ਭਾਰਤੀ ਲੋਕ ਇਸ ਪਾਸੇ ਨਹੀਂ ਆਉਂਦੇ ਹੋਣਗੇ। ਨਹੀਂ, ਸਾਡੇ ਲੋਕ ਇਸ ਨੌਕਰੀ ਵਿੱਚ ਵੀ ਹਨ। ਸਾਡਾ ਪੰਜਾਬੀ ਲੇਖਕ ਅਵਤਾਰ ਉਪਲ ਕੁਝ ਸਾਲ ਇਹ ਨੌਕਰੀ ਕਰਦਾ ਰਿਹਾ ਹੈ। ਉਹ ਕਿਸੇ ਹੋਰ ਦੀ ਕਾਰ ਰੋਕੇ ਜਾਂ ਨਾ ਪਰ ਮੇਰੀ ਜ਼ਰੂਰ ਰੋਕਦਾ। ਮੈਂ ਪੁੱਛਦਾ ਤਾਂ ਕਹਿੰਦਾ ਕਿ ਤੂੰ ਕਾਹਲ਼ਾ ਲੇਖਕ ਹੈਂ, ਇਹਨੂੰ ਹੌਲ਼ੀ ਚੱਲਣ ਦਾ ਇਸ਼ਾਰਾ ਸਮਝ
Comments