top of page
  • Writer's pictureਸ਼ਬਦ

ਯੂਕੇ ਵਿੱਚ ਨਹਿਰੀ ਤਾਣਾ-ਬਾਣਾ

ਹਰਜੀਤ ਅਟਵਾਲ

ਮੇਰੇ ਘਰ ਦੇ ਨੇੜੇ ਹੀ ਲੰਡਨ ਦੀ ਮਸ਼ਹੂਰ ਨਹਿਰ ‘ਗਰੈਂਡ ਯੂਨੀਅਨ ਕੈਨਾਲ’ ਲੰਘਦੀ ਹੈ। ਮੈਂ ਅਕਸਰ ਉਸ ਦੇ ਕੰਢੇ-ਕੰਢੇ ਤੁਰਨ ਜਾਂਦਾ ਹਾਂ। ਪਾਣੀ ਕੰਢੇ ਤੁਰਨ ਦਾ ਮਜ਼ਾ ਹੀ ਹੋਰ ਹੁੰਦਾ ਹੈ। ਤੁਸੀਂ ਲੰਡਨ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਵੋ ਇਹ ਨਹਿਰ ਹਰ ਥਾਂ ਮਿਲਦੀ ਹੈ। ਮੈਨੂੰ ਨਹਿਰਾਂ ਨਾਲ ਬਚਪੱਨ ਤੋਂ ਹੀ ਪਿਆਰ ਰਿਹਾ ਹੈ। ਸਾਡੇ ਪਿੰਡ ਦੇ ਨੇੜੇ ਕੋਈ ਖਾਸ ਨਹਿਰ ਨਹੀਂ ਸੀ ਪੈਂਦੀ ਇਸ ਲਈ ਨਹਿਰ ਵਿੱਚ ਨਹਾਉਣ ਲਈ ਮੈਨੂੰ ਆਪਣੀ ਮਾਸੀ ਦੇ ਪਿੰਡ ਬੁਹਾਰੇ ਜਾਣਾ ਪੈਂਦਾ ਸੀ। ਨਹਿਰ ਵਿੱਚ ਨਹਾਉਣ ਦਾ ਆਪਣਾ ਹੀ ਅਨੰਦ ਹੁੰਦਾ ਹੈ। ਪਰ ਲੰਡਨ ਦੀ ਇਹ ਪ੍ਰਮੁੱਖ ਨਹਿਰ ਨਹਾਉਣ ਵਾਲੀ ਬਿਲਕੁਲ ਨਹੀਂ ਹੈ। ਇਹ ਪਾਣੀ ਬਹੁਤ ਗੰਦਾ ਹੈ ਕਿਉਂਕਿ ਇਹ ਵਗਦਾ ਨਹੀਂ ਹੈ। ਖੜੇ ਪਾਣੀਆਂ ਤਾਂ ਮੁਸ਼ਕਣਾ ਹੀ ਹੋਇਆ। ਯੂਕੇ ਦੀਆਂ ਬਹੁਤੀਆਂ ਨਹਿਰਾਂ ਨਹੀਂ ਵਗਦੀਆਂ। ਯੂਕੇ ਦਾ ਨਹਿਰੀ ਤਾਣਾ-ਬਾਣਾ ਬਹੁਤ ਦਿਲਚਸਪ ਹੈ। ਇਹ ਸਾਰੀਆਂ ਨਹਿਰਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਤੁਸੀਂ ਆਪਣੀ ਕਿਸ਼ਤੀ ਲੈ ਕੇ ਡੈਵਨ-ਕੌਰਨਵਾਲ ਤੋਂ ਨਿਕਲੋ ਤਾਂ ਧੁਰ ਉਤਰੀ ਸਕਾਟਲੈਂਡ ਤੱਕ ਨਹਿਰੋ-ਨਹਿਰੀ ਜਾ ਸਕਦੇ ਹੋ।

ਵੈਸੇ ਤਾਂ ਨਹਿਰਾਂ ਇਤਿਹਾਸ ਬਹੁਤ ਪੁਰਾਣਾ ਹੈ। ਈਸਾ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੈਸੋਪੋਟੈਮੀਆ ਵਿੱਚ ਨਹਿਰਾਂ ਸਨ, ਅੱਜ ਦੇ ਇਰਾਨ-ਇਰਾਕ ਵਿੱਚ। ਸਿੰਧ ਘਾਟੀ ਦੀ ਸਭਿਅਤਾ ਵੇਲੇ ਵੀ ਨਹਿਰਾਂ ਰਾਹੀਂ ਸਿੰਜਾਈ ਹੁੰਦੀ ਸੀ ਤੇ ਮਿਸਰ ਦੀ ਸਭਿਅਤਾ ਵੇਲੇ ਵੀ। ਅੱਜ ਦੀਆਂ ਮਾਡਰਨ ਨਹਿਰਾਂ ਕੱਢਣ ਵਿੱਚ ਅੰਗਰੇਜ਼ ਮਾਹਿਰ ਮੰਨੇ ਗਏ ਹਨ। ਇਹਨਾਂ ਦਾ ਭਾਰਤ ਵਿੱਚ ਖਾਸ ਕਰਕੇ ਹੁਣ ਦੇ ਪਾਕਿਸਤਾਨ ਵਿੱਚ ਨਹਿਰੀ ਸਿਸਟਮ ਬਹੁਤ ਹੀ ਕਾਮਯਾਬ ਸੀ। ਲਾਇਲਪੁਰ, ਅੱਜ ਦੇ ਫੈਸਲਾਬਾਦ ਨੂੰ ਉਪਜਾਊ ਭਾਵੇਂ ਸਮੁੱਚੇ ਪੰਜਾਬ ਦੇ ਜੱਟਾਂ ਦੀ ਮਿਹਨਤ ਨੇ ਬਣਾਇਆ ਹੋਵੇ ਪਰ ਇਸ ਵਿੱਚ ਨਹਿਰਾਂ ਦਾ ਬਹੁਤ ਵੱਡਾ ਹੱਥ ਹੈ। ਵੈਸੇ ਨਹਿਰਾਂ ਕੱਢਣ ਵਿੱਚ ਅੰਗਰੇਜ਼ ਗਾਡੀਵਾਨ (ਪੁਆਏਨੀਅਰ) ਨਹੀਂ ਹਨ। ਇਸ ਵਿੱਚ ਚੀਨੀਆਂ ਨੂੰ ਰਾਹ-ਦਿਖਾਵੇ ਮੰਨਿਆਂ ਜਾਂਦਾ ਹੈ। ਚੀਨ ਦੀ ਸਭ ਤੋਂ ਮਸ਼ਹੂਰ ਨਹਿਰ ‘ਗਰੈਂਡ ਕੈਨਾਲ ਆਫ ਚਾਇਨਾ’ ਦਸਵੀਂ ਸਦੀ ਵਿੱਚ ਕੱਢੀ ਗਈ ਸੀ। ਜੋ ਆਹ ਲੌਕ-ਸਿਸਟਮ ਹੈ, ਪਾਣੀ ਦੇ ਹੋਜ਼ ਭਰਕੇ ਜਾਂ ਖਾਲੀ ਕਰਕੇ ਜਹਾਜ਼ਾਂ ਨੂੰ ਉਪਰ-ਹੇਠਾਂ ਲੈ ਜਾਣ ਦਾ, ਜਿਸ ਦੇ ਸਹਾਰੇ ਪੂਰੇ ਯੂਕੇ ਦੀਆਂ ਨਹਿਰਾਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ। ਨਹਿਰ ਪਨਾਮਾ ਵਿੱਚ ਇਸੇ ਸਿਸਟਮ ਨਾਲ ਲੱਖਾਂ ਟਨ ਦੇ ਜਹਾਜ਼ ਸੈਂਕੜੇ ਫੁੱਟ ਉਪਰ ਹੇਠਾਂ ਕੀਤੇ ਜਾਂਦੇ ਹਨ, ਇਸ ਦੀ ਕਾਢ ਸੰਨ 983 ਵਿੱਚ ‘ਛੀਆਏ ਵਾਈ-ਯੋ’ ਨਾਂ ਦੇ ਇਕ ਚੀਨੀ ਨੇ ਕੱਢੀ ਸੀ। ਦੋ-ਸਵਾ ਦੋ ਹਜ਼ਾਰ ਸਾਲ ਪਹਿਲਾਂ ਜਦ ਇੰਗਲੈਂਡ ‘ਤੇ ਰੋਮਨਾਂ ਨੇ ਕਬਜ਼ਾ ਸੀ ਤਾਂ ਉਹਨਾਂ ਨੇ ਵੀ ਕੁਝ ਨਹਿਰਾਂ ਬਣਾਈਆਂ ਸਨ। ਇੰਗਲੈਂਡ ਦੇ ਦੱਖਣ ਵਿੱਚ ਇਕ ਨਹਿਰ ਬਣਾਈ। ਇਕ ਨਹਿਰ ਲਿੰਕਨ ਤੇ ਰਿਵਰ ਟਰੈੰਟ ਨੂੰ ਜੋੜਦੀ ਬਣਾਈ ਸੀ, ਜਿਸ ਵਿੱਚ ਨਾਲੀਆਂ ਦਾ ਪਾਣੀ ਵੀ ਡਿਗਦਾ ਸੀ ਤੇ ਇਸ ਦੀ ਢੋਆ-ਢੁਆਈ ਲਈ ਵੀ ਵਰਤੋਂ ਹੁੰਦੀ ਸੀ। ਉਹਨਾਂ ਨੇ ਲਿੰਕਨਸ਼ਾਇਰ ਵਿੱਚ ਚਾਲੀ ਮੀਲ ਲੰਮੀ ਇਕ ਹੋਰ ਨਹਿਰ ਵੀ ਬਣਾਈ ਸੀ। ਪਰ ਜੋ ਅੱਜ ਦਾ ਮੌਡਰਨ ਨਹਿਰੀ ਸਿਸਟਮ ਹੈ ਅਜਿਹੀ ਨਹਿਰ 1566 ਵਿੱਚ ਡੈਵਨ ਦੇ ਸ਼ਹਿਰ ਐਗਜ਼ਿਟਰ ਵਿੱਚ ਬਣਾਈ ਗਈ ਸੀ। ਇਹ ਦੋ ਦਰਿਆਵਾਂ ਨੂੰ ਜੋੜਦੀ ਸੀ। ਜਿਸ ਲੌਕ ਦੀ ਕਾਢ ਚੀਨੀ ਇੰਜਨੀਅਰ ਨੇ ਕੀਤੀ ਸੀ ਉਹ 1670 ਵਿੱਚ ਇੰਗਲੈਂਡ ਵਿੱਚ ਬਣਨ ਵਾਲੀ ਦੂਜੀ ਨਹਿਰ ‘ਤੇ ਬਣਾਇਆ ਗਿਆ। ਉਸ ਤੋਂ ਬਾਅਦ ਅਠਾਰਵੀਂ ਸਦੀ ਵਿੱਚ ਤਾਂ ਨਹਿਰਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਸੀ। ਉਸ ਵੇਲੇ ਨਹਿਰਾਂ ਦੀ ਲੋੜ ਵੀ ਸੀ। ਅਸਲ ਵਿੱਚ ਇਹ ਸਮਾਂ ਪੂਰੇ ਯੂਰਪ ਵਿੱਚ ਸਨਅਤੀ ਇਨਕਲਾਬ ਦਾ ਸਮਾਂ ਸੀ ਜਿਸ ਵਿੱਚ ਨਹਿਰਾਂ ਦਾ ਬਹੁਤ ਅਹਿਮ ਰੋਲ ਰਿਹਾ। ਨਹਿਰਾਂ ਢੋਆ-ਢੁਆਈ ਦੇ ਕੰਮ ਆ ਰਹੀਆਂ ਸਨ। ਸਨਅਤੀ ਇਨਕਲਾਬ ਵਿੱਚ ਥਾਂ ਥਾਂ ਫੈਕਟਰੀਆਂ ਲਗਣ ਲਗੀਆਂ। ਇਕ ਥਾਂ ਤੋਂ ਦੂਜੀ ਥਾਂ ‘ਤੇ ਕੱਚਾ ਮਾਲ ਲੈ ਕੇ ਜਾਣਾ ਤੇ ਫਿਰ ਬਣਿਆਂ ਹੋਇਆ ਪੱਕਾ ਮਾਲ ਲੈ ਕੇ ਜਾਣਾ ਕੋਈ ਆਸਾਨ ਕੰਮ ਨਹੀਂ ਸੀ। ਉਹਨਾਂ ਦਿਨਾਂ ਵਿੱਚ ਹਾਲੇ ਰੇਲ ਹੋਂਦ ਵਿੱਚ ਨਹੀਂ ਸੀ ਆਈ ਤੇ ਸੜਕਾਂ ਵੀ ਏਨੀਆਂ ਤਰੱਕੀ ‘ਤੇ ਨਹੀਂ ਸਨ। ਬਹੁਤੀ ਢੋਆ-ਢੁਆਈ ਸੜਕਾਂ ਰਾਹੀਂ ਹੀ ਹੁੰਦੀ ਸੀ ਜਿਸ ਵਿੱਚ ਜਾਨਵਰ ਜਿਵੇਂ ਕਿ ਘੋੜੇ-ਬਲਦ ਆਦਿ ਵਰਤੇ ਜਾਂਦੇ ਤੇ ਜਾਨਵਰਾਂ ਦੀ ਭਾਰ ਖਿੱਚਣ ਦੀ ਸਮਰਥਾ ਦੀ ਇਕ ਸੀਮਾ ਹੁੰਦੀ ਹੈ। ਫਿਰ ਗੱਡਿਆਂ ਜਾਂ ਘੋੜਾ-ਬਘੀਆਂ ਵਿੱਚ ਸਮਾਨ ਵੀ ਥੋੜਾ ਆਉਂਦਾ। ਦੂਜੇ ਜ਼ਮੀਨੀ ਰਾਹ ‘ਤੇ ਜਾਂਦਿਆਂ ਬਹੁਤ ਸਾਰਾ ਨਾਜ਼ੁਕ ਸਮਾਨ ਟੁੱਟ ਜਾਂਦਾ ਸੀ। ਫੈਕਟਰੀਆਂ ਲਈ ਕੋਲੇ ਤੇ ਹੋਰ ਈਧਨ (ਲਕੜ ਆਦਿ) ਵੀ ਲੋੜੀਂਦੇ ਹੁੰਦੇ ਸਨ, ਇਹ ਨਹਿਰਾਂ ਰਾਹੀਂ ਲੈ ਕੇ ਜਾਣੇ ਸੌਖੇ ਪੈਣ ਲੱਗੇ। ਨਹਿਰਾਂ ਰਾਹੀਂ ਘੋੜਾ ਬੱਘੀਆਂ ਨਾਲੋਂ ਕਿਤੇ ਵੱਧ ਸਮਾਨ ਲੈ ਜਾਇਆ ਜਾ ਸਕਦਾ ਸੀ ਤੇ ਇਸ ਨੂੰ ਕੋਈ ਨੁਕਸਾਨ ਵੀ ਨਹੀਂ ਸੀ ਹੁੰਦਾ। ਢੋਆ ਢੁਆਈ ਲਈ ਪਹਿਲੀ ਨਹਿਰ ‘ਸੈਨਕੀ ਕੈਨਾਲ’ ਬਣਾਈ ਜੋ ਕਿ ਬਹੁਤ ਕਾਮਯਾਬ ਰਹੀ। ਫੈਕਟਰੀਆਂ ਨੂੰ ਪੂਰਾ ਮਾਲ ਮਿਲਣ ਲੱਗਾ ਤੇ ਉਤਪਾਦਨ ਵਿੱਚ ਵਾਧਾ ਹੋ ਗਿਆ ਤੇ ਸਸਤਾ ਵੀ ਪੈਣ ਲੱਗਾ। ਇਸ ਤੋਂ ਬਾਅਦ ਬਰਿੱਜਵਾਟਰ ਨਹਿਰ ਤੇ ਹੋਰ ਨਹਿਰਾਂ ਬਣਨ ਲੱਗੀਆਂ। ਇਹ ਨਹਿਰਾਂ ਸ਼ਹਿਰ ਤੋਂ ਸ਼ਹਿਰ, ਬੰਦਰਗਾਹ ਤੋਂ ਬੰਦਰਗਾਹ ਨਾਲ ਜੋੜੀਆਂ, ਜਿਥੋਂ ਮਾਲ ਉਤਰਨਾ ਹੁੰਦਾ ਤੇ ਜਿਥੇ ਮਾਲ ਜਾਣਾ ਹੁੰਦਾ। ਭਾਰਤ ਤੋਂ ਲੁੱਟ ਕੇ ਲਿਆਂਦੇ ਮਾਲ ਨੂੰ ਸ਼ਹਿਰੋ-ਸ਼ਹਿਰ ਪਹੁੰਚਦਾ ਕਰਨ ਵਿੱਚ ਇਹਨਾਂ ਨਹਿਰਾਂ ਨੇ ਵੱਡਾ ਯੋਗਦਾਨ ਪਾਇਆ। ਘਰਾਂ ਵਿੱਚ ਕੋਲੇ ਦੀ ਜੋ ਸਪਲਾਈ ਹੁੰਦੀ ਸੀ ਉਸ ਨੂੰ ਵੀ ਖਾਣਾਂ ਤੋਂ ਕੋਲੇ ਦੇ ਡੀਪੂਆਂ ਤੱਕ ਨਹਿਰਾਂ ਰਾਹੀ ਹੀ ਲੈ ਜਾਇਆ ਜਾਣ ਲੱਗਾ। ਇਕ ਵੇਲੇ ਮਾਨਚੈਸਟਰ ਵਿੱਚ ਬਰਿੱਜਵਾਟਰ ਨਹਿਰ ਬਣਨ ਨਾਲ ਕੋਲਾ 75 ਫੀ ਸਦੀ ਸਸਤਾ ਹੋ ਗਿਆ ਸੀ।

ਇਹ ਨਹਿਰਾਂ ਮੁੱਖ ਤੌਰ ‘ਤੇ ਦੋ ਕਿਸਮ ਦੀਆਂ ਹੁੰਦੀਆਂ ਹਨ। ਇਕ ਵਾਟਰਵੇਅਜ਼ ਭਾਵ ਪਾਣੀ-ਰਾਹ ਤੇ ਦੂਜੇ ਸਿੰਜਾਈ ਵਾਲੀਆਂ ਨਹਿਰਾਂ। ਯੂਕੇ ਦੀ ਧਰਤੀ ਅਜਿਹੀ ਉਚੀ-ਨੀਵੀਂ ਹੈ ਕਿ ਇਥੇ ਪੰਜਾਬ ਵਾਂਗ ਨੱਕਾ ਛੱਡ ਕੇ ਸਿੰਜਾਈ ਨਹੀਂ ਹੋ ਸਕਦੀ। ਇਥੇ ਬਹੁਤੀ ਸਿੰਜਾਈ ਫੁਆਰਾ-ਵਿਧੀ ਰਾਹੀਂ ਹੁੰਦੀ ਹੈ। ਸੋ ਇਥੇ ਜ਼ਿਆਦਾਤਰ ਨਹਿਰਾਂ ਵਾਟਰਵੇਅਜ਼, ਪਾਣੀ-ਰਾਹ ਹੀ ਹਨ। ਅਸਲ ਵਿੱਚ ਨਹਿਰਾਂ ਦਰਿਆਵਾਂ ਦਾ ਵਿਸਥਾਰ ਹੀ ਤਾਂ ਹੁੰਦੀਆਂ ਹਨ ਜਾਂ ਨਕਲੀ ਨਦੀਆਂ। ਕਈ ਵਾਰ ਪਹਿਲਾਂ ਵਗਦੀਆਂ ਨਦੀਆਂ ਦੇ ਕੰਢੇ ਬੰਨ ਕੇ ਇਹਨਾਂ ਨੂੰ ਤਰਤੀਬ ਵਿੱਚ ਕਰ ਲਿਆ ਜਾਂਦਾ ਹੈ। ਨਦੀਆਂ ਪਹਾੜਾਂ, ਵੈਲੀਆਂ ਵਿੱਚ ਵੀ ਵਗਦੀਆਂ ਹਨ ਪਰ ਨਹਿਰਾਂ ਸਿੱਧੀਆਂ ਰੱਖੀਆਂ ਜਾਂਦੀਆਂ ਹਨ ਤਾਂ ਜੋ ਕਿਸ਼ਤੀਆਂ ਜਾਂ ਜਹਾਜ਼ਾਂ ਦੇ ਚੱਲਣ ਵਿੱਚ ਅਸਾਨੀ ਰਹੇ। ਪਾਣੀ-ਰਾਹ ਵਾਲੀਆਂ ਨਹਿਰਾਂ ਵਿੱਚ ਤਿੱਖੇ ਮੋੜ ਨਹੀਂ ਰੱਖੇ ਜਾ ਸਕਦੇ। ਉਚੇ ਨੀਵੇਂ ਥਾਵਾਂ ‘ਤੇ ਲੌਕ ਬਣਾ ਦਿੱਤੇ ਗਏ। ਜਿਥੇ ਪਹਾੜ ਪੈਂਦਾ ਸੀ ਉਥੇ ਸੁਰੰਗ ਕੱਢ ਕੇ ਨਹਿਰ ਵਗਾ ਦਿੱਤੀ ਗਈ ਤੇ ਜਿਥੇ ਕਿਤੇ ਧਰਤੀ ਬਹੁਤ ਨੀਵੀਂ ਹੁੰਦੀ, ਕਿਤੇ ਰਾਹ ਵਿੱਚ ਦਰਿਆ ਪੈ ਜਾਂਦਾ ਉਥੇ ਪੁਲ ਬਣਾ ਕੇ ਨਹਿਰ ਨੂੰ ਉਪਰੋ-ਉਪਰ ਵੀ ਵਗਾ ਦਿੱਤਾ ਜਾਂਦਾ। ਜਿਵੇਂ ਜਿਵੇਂ ਟੈਕਨੌਲੌਜੀ ਵਧਦੀ ਗਈ ਨਹਿਰਾਂ ਅੱਪਗਰੇਡ ਹੁੰਦੀਆਂ ਗਈਆਂ। ਫਿਰ ਤਾਂ ਇਵੇਂ ਹੋ ਗਿਆ ਕਿ ਜਿਥੇ ਵੀ ਫੈਕਟਰੀ ਲਗਦੀ ਉਧਰ ਦੀ ਨਹਿਰ ਕੱਢ ਦਿੱਤੀ ਜਾਂਦੀ ਜਾਂ ਫੈਕਟਰੀ ਹੀ ਨਹਿਰ ਦੇ ਕੰਢੇ ਲਾਈ ਜਾਂਦੀ। ਅੱਜ ਵੀ ਤੁਸੀਂ ਦੇਖੋਂਗੇ ਕਿ ਲੰਡਨ ਦੀਆਂ ਬਹੁਤੀਆਂ ਇੰਡਸਟਰੀਅਲ ਇਸਟੇਟਸ ਨਹਿਰਾਂ ਕੰਢੇ ਹੀ ਹਨ। ਫਿਰ ਉਨੀਵੀਂ ਸਦੀ ਦੇ ਅੱਧ ਤੱਕ ਜਾਂਦਿਆਂ ਰੇਲ-ਗੱਡੀ ਦੀ ਕਾਢ ਨਿਕਲ ਆਈ। ਉਤਰੀ ਇੰਗਲੈਂਡ ਵਿੱਚ ਕੁਝ ਮੀਲ ਰੇਲਵੇ ਲਾਈਨ ਬਣਾਈ ਤੇ ਫਿਰ ਰੇਲ-ਲਾਈਨਾਂ ਵਿਛਣੀਆਂ ਸ਼ੁਰੂ ਹੋ ਗਈਆਂ। ਉਨੀਵੀਂ ਸਦੀ ਦੇ ਖਤਮ ਹੁੰਦਿਆਂ ਵਿੱਚ ਏਨੀਆਂ ਕੁ ਰੇਲਾਂ ਚੱਲ ਪਈਆਂ ਸਨ ਕਿ ਕਿਸ਼ਤੀਆਂ ਦੀ ਲੋੜ ਘੱਟ ਪੈਣ ਲੱਗੀ। ਫਿਰ ਟਾਇਰ ਨਿਕਲ ਆਇਆ ਤੇ ਸਤ ਫੁੱਟ ਚੌੜੀਆਂ ਸੜਕਾਂ ਵਧੀਆ ਤਰੀਕੇ ਨਾਲ ਵਰਤੋਂ ਵਿੱਚ ਆਉਣ ਲੱਗ ਪਈਆ ਸੋ ਕਿਸ਼ਤੀਆਂ ਦੀ ਵੁੱਕਤ ਬਹੁਤ ਘੱਟ ਗਈ। ਕਿਸ਼ਤੀ ਵਿੱਚ ਭਾਵੇਂ ਭਾਰ ਜ਼ਿਆਦਾ ਜਾਂਦਾ ਸੀ ਪਰ ਇਸ ਨੂੰ ਆਮ ਤੌਰ ‘ਤੇ ਘੋੜੇ ਹੀ ਖਿਚਦੇ ਸਨ ਜੋ ਕਿ ਹੌਲੀ ਹੌਲੀ ਤੁਰਦੇ। ਫਿਰ ਭਾਵੇਂ ਸਟੀਮ ਇੰਜਣ ਤੇ ਫਿਰ ਡੀਜ਼ਲ ਇੰਜਣ ਵੀ ਆ ਗਏ ਸਨ ਜਿਸ ਨਾਲ ਕਿਸ਼ਤੀਆਂ ਤੇ ਜਹਾਜ਼ ਚੱਲਣ ਲੱਗ ਪਏ ਸਨ ਪਰ ਨਹਿਰਾਂ ਵਿੱਚ ਚਲਦੀਆਂ ਕਿਸ਼ਤੀਆਂ ਦੀ ਸਪੀਡ ਸਿਰਫ ਚਾਰ ਕੁ ਮੀਲ ਫੀ ਘੰਟਾ ਹੀ ਸੀ। ਸੋ ਵੀਹਵੀਂ ਸਦੀ ਦੇ ਆਉਂਦਿਆਂ ਆਉਂਦਿਆਂ ਇਹ ਨਹਿਰਾਂ ਬੇਰੁਗਜ਼ਾਰ ਜਾਂ ਬੇਕਾਰ ਹੋ ਗਈਆਂ।

ਇਹ ਨਹਿਰਾਂ ਇੰਜ ਬੇਕਾਰ ਹੋਈਆਂ ਕਿ ਇਹਨਾਂ ਵਿੱਚ ਘਾਹ, ਬੂਟੀ, ਝਾੜੀਆਂ ਉਗ ਆਈਆਂ। ਪਾਣੀ ਮੁਸ਼ਕ ਮਾਰਨ ਲੱਗਾ। ਛੇਤੀ ਹੀ ਇਹ ਨਹਿਰਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੁਭਣ ਲਗੀ ਪਈਆਂ ਜਿਵੇਂ ਬੇਕਾਰ ਤੇ ਨਿਕੰਮਾ ਬੰਦਾ ਲੋਕਾਂ ਦੀਆਂ ਨਜ਼ਰਾਂ ਵਿੱਚ ਰੜਕਣ ਲਗਦਾ ਹੈ। ਫਿਰ ਸਰਕਾਰ ਇਹਨਾਂ ਨਹਿਰਾਂ ਬਾਰੇ ਸੋਚਣ ਲੱਗ ਪਈ ਕਿ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ। ਕੁਝ ਲੋਕ ਪਹਿਲਾਂ ਹੀ ਇਹਨਾਂ ਨਹਿਰਾਂ ਨੂੰ ਕਿਸ਼ਤੀਆਂ ਲਈ ਵਰਤਦੇ ਸਨ ਤੇ ਕੁਝ ਲੋਕ ਇਹਨਾਂ ਕਿਸ਼ਤੀਆਂ ਨੂੰ ਬੋਟ-ਹਾਊਸ ਬਣਾ ਕੇ ਇਹਨਾਂ ਵਿੱਚ ਰਹਿੰਦੇ ਵੀ ਸਨ। ਇਹ ਨਹਿਰਾਂ ਵਿੱਚ ਸੱਤ ਫੁੱਟ ਚੌੜੀਆਂ ਕਿਸ਼ਤੀਆਂ ਹੀ ਚੱਲ ਸਕਦੀਆਂ ਸਨ ਜਿਹਨਾਂ ਨੂੰ ਨੈਰੋਬੋਟ ਕਹਿੰਦੇ ਹਨ। ਇਹ ਨਹਿਰਾਂ ‘ਬਿ੍ਰਟਿਸ਼ ਵਾਟਰਵੇਅਜ਼ ਬੋਰਡ’ ਦੇ ਅਧਿਕਾਰ ਹੇਠ ਆਉਂਦੀਆਂ ਸਨ। ਸੰਨ 1950 ਵਿੱਚ ਇਹਨਾਂ ਨਹਿਰਾਂ ਬਾਰੇ ਨਵੀਂ ਪਾਲਿਸੀ ਬਣਾਉਂਦਿਆਂ ਫੈਸਲਾ ਕੀਤਾ ਗਿਆ ਕਿ ਇਹਨਾਂ ਨੂੰ ਲੋਕਾਂ ਦੇ ਛੁੱਟੀਆਂ ਮਨਾਉਣ ਤੇ ਹੋਰ ਮਨੋਰੰਜਨ ਤੇ ਅਨੰਦਮਈ ਕਾਰਜਾਂ ਲਈ ਪ੍ਰਫੁੱਲਤ ਕੀਤਾ ਜਾਵੇ। ਇਹਨਾਂ ਦੀ ਸਫਾਈ ਤੇ ਸੰਭਾਲ ਲਈ ਸਥਾਨਕ ਸਰਕਾਰਾਂ ਨੇ ਵੀ ਜ਼ਿੰਮੇਵਾਰੀ ਲਈ। ਇਹਨਾਂ ਦੇ ਕੰਢੇ-ਕੰਢੇ ਤੁਰਨਗਾਹਾਂ ਤੇ ਸਾਈਕਲ ਚਲਾਉਣ ਲਈ ਫੁੱਟਪਾਥ ਬਣਾ ਦਿੱਤੇ ਗਏ। ਇਹਨਾਂ ਦੇ ਆਲੇ-ਦੁਆਲੇ ਦੀਆਂ ਜਗਾਵਾਂ ਨੂੰ ਫੁੱਲਾਂ, ਰੁੱਖਾਂ ਤੇ ਪੰਛੀਆਂ ਲਈ ਰਾਖਵੀਆਂ ਬਣਾ ਦਿੱਤਾ ਗਿਆ। ਹੁਣ ਇੰਗਲੈਂਡ ਤੇ ਵੇਲਜ਼ ਦੀਆਂ ਨਹਿਰਾਂ ਦੀ ਸਾਂਭ-ਸੰਭਾਲ ‘ਕੈਨਾਲ ਐਂਡ ਰਿਵਰ ਟਰੱਸਟ’ ਕਰਦਾ ਹੈ। ਇਹਨਾਂ ਨਹਿਰਾਂ ਵਿੱਚੋਂ ਕੁਝ ਕੁ ਹਿੱਸੇ ਦੀ ਦੇਖ ਭਾਲ ਕੰਪਨੀਆਂ ਤੇ ਸਥਾਨਕ ਸਰਕਾਰਾਂ ਵੀ ਕਰਦੀਆਂ ਹਨ।

ਇਸ ਵੇਲੇ ਪੂਰੇ ਦੇਸ਼ ਵਿੱਚ 4700 ਮੀਲ ਲੰਮੀਆਂ ਨਹਿਰਾਂ ਹਨ। ਇਹਨਾਂ ਰਾਹੀਂ ਤੁਸੀਂ ਪੂਰੇ ਦੇਸ਼ ਵਿੱਚ ਤਾਂ ਘੁੰਮ ਹੀ ਸਕਦੇ ਹੋ, ਦਰਿਆਵਾਂ ਤੇ ਸਮੁੰਦਰ ਤੱਕ ਵੀ ਪਹੁੰਚ ਕੀਤੀ ਜਾ ਸਕਦੇ ਹੋ। ਬਹੁਤ ਸਾਰੇ ਨਵੇਂ ਜੰਕਸ਼ਨ ਤੇ ਲੌਕ ਵੀ ਬਣਾਏ ਗਏ ਹਨ। ਬਹੁਤੀਆਂ ਨਹਿਰਾਂ ਵਿੱਚ ਨੈਰੋਬੋਟ ਹੀ ਚਲਦੀਆਂ ਹਨ ਜਿਹੜੀਆਂ ਸੱਤ ਫੁੱਟ ਚੌੜੀਆਂ ਤੇ ਸਤਵੰਜਾ ਫੁੱਟ ਤੇ ਕਈ ਬਹੱਤਰ ਫੁੱਟ ਤੱਕ ਲੰਮੀਆਂ ਹੁੰਦੀਆਂ ਹਨ। ਕੁਝ ਕਿਸ਼ਤੀਆਂ ਸਾਢੇ ਬਾਰਾਂ ਫੁੱਟ ਚੌੜੀਆਂ ਵੀ ਹਨ ਜੋ ਅਲੱਗ ਨਹਿਰਾਂ ਵਿੱਚ ਚਲਦੀਆਂ ਹਨ। ਕੁਝ ਨਹਿਰਾਂ ਵਿਓਪਾਰ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਹਨ ਜਿਹਨਾਂ ਵਿੱਚ 230 ਫੁੱਟ ਲੰਮੇ ਜਹਾਜ਼ ਚੱਲ ਸਕਦੇ ਹਨ। ਸੰਨ 1894 ਵਿੱਚ ‘ਮਾਨਚੈਸਟਰ ਸ਼ਿੱਪ ਕੈਨਾਲ’ ਬਣਾਈ ਗਈ ਜੋ ਆਪਣੀ ਕਿਸਮ ਦੀ ਦੁਨੀਆ ਦੀ ਸਭ ਤੋਂ ਵੱਡੀ ਨਹਿਰ ਸੀ ਜਿਸ ਵਿੱਚ ਛੇ ਸੌ ਫੁੱਟ ਲੰਮੇ ਜਹਾਜ਼ ਚੱਲ ਸਕਦੇ ਸਨ। ਛੱਤੀ ਮੀਲ ਰੂਟ ਦੀ ਇਹ ਨਹਿਰ ਅੱਜ ਵੀ ਸਰਕਿ੍ਰਆ ਹੈ। ਅੱਜ ਯੂਕੇ ਦਾ ਨਹਿਰੀ ਸਿਸਟਮ ਬਹੁਤ ਕਾਮਯਾਬ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਵੋਟਾਂ ਚਲਦੀਆਂ ਹਨ ਜਿਹਨਾਂ ਵਿੱਚੋਂ ਵੀਹ ਹਜ਼ਾਰ ਦੇ ਕਰੀਬ ਤਾਂ ਹਾਊਸ-ਵੋਟਾਂ ਹੀ ਹਨ ਜਿਹਨਾਂ ਵਿੱਚ ਇੱਕ ਵਖਰੀ ਦੁਨੀਆ ਵਸਦੀ ਹੈ। ਹਾਂ, ਹਾਲੇ ਵੀ ਕਾਫੀ ਸਾਰੀ ਢੋਆ-ਢੁਆਈ ਇਹਨਾਂ ਨਹਿਰਾਂ ਰਾਹੀਂ ਹੁੰਦੀ ਹੈ।


Comments


bottom of page