top of page
  • Writer's pictureਸ਼ਬਦ

ਤੇਰੀ ਕਿਹੜੀ ਟੀਮ? /

ਹਰਜੀਤ ਅਟਵਾਲ /

ਤੇਰੀ ਕਿਹੜੀ ਟੀਮ ਭਾਵ ਫੁੱਟਬਾਲ ਦੀ। ਇਹਨਾਂ ਮੁਲਕਾਂ ਵਿੱਚ ਫੁੱਟਬਾਲ ਦਾ ਕਰੇਜ਼ ਨਹੀਂ ਸੁਦਾਅ ਹੈ।

ਅੱਜਕੱਲ੍ਹ ਯੌਰਪ ਦੇ ਫੁੱਟਬਾਲ ਮੈਚ ਚੱਲ ਰਹੇ ਹਨ। ਹਰ ਬੱਚਾ-ਵੱਡਾ ਫੁੱਟਬਾਲ ਦੇ ਬੁਖ਼ਾਰ ਵਿੱਚ ਗ੍ਰਸਤ ਹੈ। ਜਿੰਨਾ ਚਿਰ ਯੌਰਪੀਅਨ ਫੁੱਟਬਾਲ ਟੂਰਨਾਮੈਂਟ ਖਤਮ ਨਹੀਂ ਹੁੰਦਾ ਇਹ ਬੁਖ਼ਾਰ ਇਵੇਂ ਹੀ ਰਹੇਗਾ। ਉਪਰਲੀ ਤਸਵੀਰ ਵਿੱਚ ਇੰਗਲੈਂਡ ਦੀ ਫੁੱਟਬਾਲ ਟੀਮ ਦਾ ਟੈਟੂ ਮੂੰਹਾਂ ‘ਤੇ ਬਣਾ ਕੇ ਬੈਠੇ ਬੱਚੇ ਮੇਰੇ ਦੋਹਤਾ-ਦੋਹਤੀ ਹਨ। ਇਹ ਦੋਵੇਂ ਹਰ ਮੈਚ ਨੂੰ ਬੜੇ ਚਾਅ ਨਾਲ ਦੇਖਦੇ ਹਨ। ਜਦ ਇੰਗਲੈਂਡ ਗੋਲ਼ ਕਰਦਾ ਹੈ ਤਾਂ ਇਹ ਸਾਡੇ ਤੋਂ ਵੀ ਵੱਧ ਰੌਲ਼ਾ ਪਾਉਂਦੇ ਹਨ।

‘ਤੇਰੀ ਟੀਮ ਕਿਹੜੀ?’ ਯੂਕੇ ਦੇ ਸਭਿਆਚਾਰ ਵਿੱਚ ਇਹ ਸਵਾਲ ਬਹੁਤ ਅਹਿਮ ਹੈ, ਬਲਕਿ ਇਕ ਖਾਸ ਜੁਮਲਾ ਹੈ ਜੋ ਦੋ ਬੰਦਿਆਂ ਵਿੱਚਕਾਰ ਤਾਰਾਂ ਜੋੜਦਾ ਹੈ, ਗੱਲਬਾਤ ਦਾ ਸਾਧਨ ਬਣਦਾ ਹੈ। ਦੋਸਤੀਆਂ ਲਈ ਆਧਾਰ ਬਣਾਉਂਦਾ ਹੈ। ਸਵਾਲ ਪੁੱਛਣ ਵਾਲੇ ਦਾ ਮਤਲਬ ਉਹੀ ਕਿ ਤੂੰ ਫੁੱਟਬਾਲ ਦੀ ਕਿਹੜੀ ਟੀਮ/ਕਲੱਬ ਨੂੰ ਸਪੋਰਟ ਕਰਦਾ ਹੈਂ। ਮੈਨੂੰ ਇਸ ਸਵਾਲ ਦੇ ਮਾਹਿਨੇ ਤੇ ਇਸਦੀ ਅਹਿਮੀਅਤ ਬਹੁਤ ਦੇਰ ਬਾਅਦ ਸਮਝ ਲੱਗੀ। ਜਿਵੇਂ ਨਵੇਂ ਸਭਿਆਚਾਰ ਨੂੰ ਸਮਝਣ ਵਿੱਚ ਲਗਦੀ ਹੀ ਹੈ।

ਲੰਡਨ ਵਿੱਚ ਮੇਰੀ ਪਹਿਲੀ ਰਿਹਾਇਸ਼ ਵੈਂਬਲੀ ਦੇ ਇਲਾਕੇ ਵਿੱਚ ਸੀ। ਵੈਂਬਲੀ ਜਿੱਥੇ ਦੁਨੀਆ-ਪ੍ਰਸਿੱਧ ਫੁਟਬਾਲ-ਸਟੇਡੀਅਮ ਹੈ, ਜਿਥੇ 1966 ਦੇ ਯੌਰਪੀਅਨ ਫੁੱਟਬਾਲ ਟੂਰਨਾਮੈਂਟ ਵਿੱਚ ਇੰਗਲੈਂਡ ਨੇ ਜਰਮਨੀ ਨੂੰ ਹਰਾਇਆ ਸੀ, ਜਿਸ ਦਾ ਅੱਜ ਵੀ ਜਸ਼ਨ ਮਨਾਇਆ ਜਾਂਦਾ ਹੈ ਜਿਵੇਂ ਅਸੀਂ 1983 ਵਿੱਚ ਜਿੱਤੇ ਵ੍ਰਲਡ ਕ੍ਰਿਕਟ ਦੇ ਮੈਚ ਦਾ ਮਨਾਈ ਜਾ ਰਹੇ ਹਾਂ, ਫਿਲਮਾਂ ਵੀ ਬਣਾ ਰਹੇ ਹਾਂ। ਇਸੇ ਸਟੇਡੀਅਮ ਵਿੱਚ ਹੁਣ ਪੱਚਵੰਜਾ ਸਾਲ ਬਾਅਦ ਮੁੜ ਇੰਗਲੈਂਡ ਜਰਮਨੀ ਨੂੰ 29 ਜੂਨ ਦੀ ਸੁਭਾਗੀ ਸ਼ਾਮ ਨੂੰ ਜਿੱਤ ਸਕਿਆ ਹੈ। ਇੰਗਲੈਂਡ ਤੇ ਜਰਮਨੀ ਵਿੱਚ ਫੁੱਟਬਾਲ ਨੂੰ ਲੈਕੇ ਉਹੋ ਜਿਹੀ ਹੀ ਦੁਸ਼ਮਣੀ ਹੈ ਜਿਹੜੀ ਕ੍ਰਿਕਟ ਦੇ ਮਾਮਲੇ ਵਿੱਚ ਭਾਰਤ ਤੇ ਪਾਕਿਸਤਾਨ ਵਿੱਚਕਾਰ ਹੈ। ਇਥੇ ਬਸ ਟੈਲੀਵੀਯਨ ਹੀ ਨਹੀਂ ਟੁੱਟਦੇ ਬਾਕੀ ਸਭ ਕੁਝ ਹੁੰਦਾ ਹੈ। ਵੈਂਬਲੀ ਫੁੱਟਬਾਲ ਸਟੇਡੀਅਮ ਬਹੁਤ ਵੱਡਾ ਹੈ, ਫੁੱਟਬਾਲ ਦੇ ਫਾਈਨਲ-ਮੈਚ ਇਥੇ ਹੀ ਹੁੰਦੇ ਹਨ। ਵੈਸੇ ਹੁਣ ਤਾਂ ਪੁਰਾਣਾ ਸਟੇਡੀਅਮ ਢਾਹ ਕੇ ਆਧੁਨਿਕ ਨਮੂਨੇ ਦਾ ਬਣਾ ਦਿੱਤਾ ਗਿਆ ਹੈ। ਸਟੇਡੀਅਮ ਮੁਹਰੇ ਘੋੜੇ ਦੀ ਖੁਰੀ ਦੀ ਸ਼ਕਲ ਦਾ ਬਹੁਤ ਵੱਡਾ ਚਕਰ ਬਣਾਇਆ ਗਿਆ ਹੈ ਜੋ ਮੀਲਾਂ ਦੂਰੋਂ ਦਿਖਾਈ ਦਿੰਦਾ ਹੈ। ਜਦ ਕੋਈ ਟੀਮ ਗੋਲ਼ ਕਰਦੀ ਹੈ ਤਾਂ ਇਹ ਜਗਦਾ-ਬੁਝਦਾ ਹੋ ਕੇ ਗੋਲ਼ ਦਾ ਜਸ਼ਨ ਮਨਾਉਂਦਾ ਹੈ। ਜਦ ਮੈਂ ਨਵਾਂ-ਨਵਾਂ ਇੰਗਲੈਂਡ ਆਇਆ ਸਾਂ ਤਾਂ ਮੈਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ। ਮੈਂ ਬਰਮੀਘੰਮ ਆਪਣੇ ਭੈਣ-ਭਣੋਈਏ ਨੂੰ ਮਿਲਣ ਗਿਆ। ਸਟੇਸ਼ਨ ਤੋਂ ਟੈਕਸੀ ਕੀਤੀ। ਜਦ ਗੋਰੇ ਡਰਾਈਵਰ ਨੂੰ ਪਤਾ ਲੱਗਾ ਕਿ ਮੈਂ ਵੈਂਬਲੀ ਰਹਿੰਦਾ ਹਾਂ ਤਾਂ ਉਹ ਸਟੇਡੀਅਮ ਬਾਰੇ ਗੱਲਾਂ ਕਰਨ ਲੱਗਾ, ਮੈਂ ਇਸ ਤੋਂ ਬਿਲਕੁਲ ਅਣਜਾਣ ਸਾਂ। ਇਥੇ ਹੀ ਮੈਂ ਇਸ ਸਵਾਲ ਦੇ ਰੁਬਰੂ ਹੋਇਆ ਸਾਂ, ‘ਤੇਰੀ ਕਿਹੜੀ ਟੀਮ?’ ਡਰਾਈਵਰ ਨੇ ਪੁੱਛਿਆ ਸੀ, ਮੈਂ ਨਿਰਉਤਰ ਸਾਂ।

ਯੂਕੇ ਵਿੱਚ ਫੁੱਟਬਾਲ ਇਕ ਕਿਸਮ ਨਾਲ ਜਿਊਣ-ਢੰਗ ਹੈ ਖਾਸ ਕਰਕੇ ਮਰਦਾਂ ਲਈ। ਲੋਕ ਉਠਦੇ-ਬਹਿੰਦੇ, ਸੌਂਦੇ-ਜਾਗਦੇ ਫੁੱਟਬਾਲ ਬਾਰੇ ਗੱਲਾਂ ਕਰਦੇ ਹਨ, ਫੁੱਟਬਾਲ ਬਾਰੇ ਸੋਚਦੇ ਹਨ। ਫੁੱਟਬਾਲ ਨੂੰ ਲੈਕੇ ਝਗੜੇ ਕਰਦੇ ਹਨ, ਫੁੱਟਬਾਲ ਨੂੰ ਲੈਕੇ ਦੋਸਤੀਆਂ ਪਾਉਂਦੇ ਹਨ। ਇੰਡੀਆ ਦੇ ਜਨ-ਜੀਵਨ ਵਿੱਚ ਕ੍ਰਿਕਟ ਦਾ ਓਨਾ ਦਖਲ ਜਿੰਨਾ ਨਹੀਂ ਜਿੰਨਾ ਫੁੱਟਬਾਲ ਦਾ ਯੂਕੇ ਦੇ ਸਭਿਆਚਾਰ ਵਿੱਚ ਹੈ। ਯੂਕੇ ਵਿੱਚ ਚਾਲੀ ਹਜ਼ਾਰ ਰਜਿਸਟਰਡ ਫੁਟਬਾਲ ਦੀਆਂ ਟੀਮਾਂ ਹਨ, ਬਰਾਜ਼ੀਲ ਤੋਂ ਦੁਗਣੀਆਂ। ਹਰ ਸ਼ਹਿਰ, ਹਰ ਕਸਬੇ ਦੀਆਂ ਫੁੱਟਬਾਲ-ਟੀਮਾਂ ਜਾਂ ਕਲੱਬਾਂ ਹੁੰਦੀਆਂ ਹਨ ਤੇ ਗਰਾਉਂਡਾਂ ਵੀ ਹਨ। ਇਵੇਂ ਹੀ ਸਾਡੇ ਟਾਊਨ ਸਾਊਥਾਲ ਦੀ ਆਪਣੀ ਟੀਮ ਹੈ। ਕਦੇ ਸਿੰਘ ਸਭਾ ਗੁਰਦਵਾਰਾ, ਸਾਊਥਾਲ ਦੀ ਵੀ ਫੁੱਟਬਾਲ ਦੀ ਆਪਣੀ ਟੀਮ ਹੋਇਆ ਕਰਦੀ ਸੀ ਪਰ ਫਿਰ ਗੁਰਦਵਾਰਾ ਸਿਆਸਤ ਦੀ ਜ਼ੱਦ ਵਿੱਚ ਆ ਗਿਆ, ਖੇਡਾਂ ਪਿੱਛੇ ਰਹਿ ਗਈਆਂ। ਜੋ ਇਸ ਵੇਲੇ ਇੰਡੀਆ ਵਿੱਚ ਆਈ.ਪੀ.ਐਲ. ਹੁੰਦੀ ਹੈ ਇਹ ਇੰਗਲਿਸ਼ ਪ੍ਰੀਮੀਅਮ ਲੀਗ ਦੀ ਨਕਲ ਹੀ ਹੈ। ਫੁੱਟਬਾਲ ਦੀ ਇੰਗਲਿਸ਼ ਪ੍ਰੀਮੀਅਰ ਲੀਗ ਦੀ ਨੀਂਹ 17 ਅਪਰੈਲ 1888 ਨੂੰ ਰੱਖੀ ਗਈ ਸੀ। ਇਸ ਵੇਲੇ ਇੰਗਲੈਂਡ ਦੀਆਂ ਸਾਰੀਆਂ ਟੀਮਾਂ ਵੱਖ-ਵੱਖ ਟਾਇਰਜ਼ ਜਾਂ ਪੱਧਰ ਦੀਆਂ ਹਨ। ਪੱਧਰ ਦੇ ਹਿਸਾਬ ਨਾਲ ਟੀਮਾਂ ਦੇ ਆਪਸ ਵਿੱਚ ਮੈਚ ਖੇਡੇ ਜਾਂਦੇ ਰਹਿੰਦੇ ਹਨ। ਉਪਰਲੇ ਟਾਇਰ/ਪੱਧਰ ਦੀਆਂ ਟੀਮਾਂ ਪ੍ਰੀਮੀਅਰ ਲੀਗ ਖੇਡਦੀਆਂ ਹਨ। ਪੂਰਾ ਸਾਲ ਮੈਚ ਚਲਦੇ ਹਨ, ਫਾਈਨਲ ਗਰਮੀਆਂ ਵਿੱਚ ਆਕੇ ਹੁੰਦੇ ਹਨ ਕਿਉਂਕਿ ਮੌਸਮ ਵਧੀਆ ਹੁੰਦਾ ਹੈ। ਲੀਗ ਵਿੱਚ ਅਵੱਲ-ਟੀਮ ਜਿੱਤਾਂ ਨਾਲ ਹਾਸਲ ਕੀਤੇ ਨੰਬਰਾਂ ਦੇ ਹਿਸਾਬ ਨਾਲ ਨਿਕਲਦੀ ਹੈ। ਇੰਗਲੈਂਡ ਵਿੱਚ ਦੂਜੇ ਪ੍ਰਮੁੱਖ ਫੁੱਟਬਾਲ ਦੇ ਮੈਚ ਐਫ.ਏ. ਕੱਪ (ਫੁੱਟਬਾਲ ਅਸੌਸੀਏਸ਼ਨ ਕੱਪ) ਲਈ ਹੁੰਦੇ ਹਨ। ਫੁੱਟਬਾਲ ਅਸੌਸੀਏਸ਼ਨ 1863 ਵਿੱਚ ਬਣੀ ਸੀ ਜਿਸ ਵਿੱਚ ਇਸ ਖੇਡ ਦੇ ਰੂਲ ਬਣਾਏ ਗਏ ਸਨ। ਐਫ.ਏ. ਕੱਪ ਦਾ ਫਾਈਨਲ ਮੈਚ ਤਕਰੀਬਨ ਮਈ ਮਹੀਨੇ ਵਿੱਚ ਹੁੰਦਾ ਹੈ। ਇਸ ਵਿੱਚ ਟੀਮਾਂ ਆਪਸ ਵਿੱਚ ਲੜ ਕੇ ਸੈਮੀ-ਫਾਈਨਲ ਤੇ ਫਾਈਨਲ ਵਿੱਚ ਪੁੱਜਦੀਆਂ ਹਨ। ਇਹਨਾਂ ਮੈਚਾਂ ਨਾਲ ਅਰਬਾਂ-ਖਰਬਾਂ ਪੌਂਡ ਜੁੜੇ ਹੁੰਦੇ ਹਨ। ਕ੍ਰਿਕਟ ਵਿੱਚ ਤਾਂ ਪਿਛਲੇ ਕੁਝ ਸਾਲਾਂ ਤੋਂ ਪੈਸੇ ਬਣਨੇ ਸ਼ੁਰੂ ਹੋਏ ਹਨ ਪਰ ਫੁੱਟਬਾਲ ਬਹੁਤ ਦੇਰ ਤੋਂ ਇਕ ਸਨਅੱਤ ਵਾਂਗ ਕਮਾਈ ਕਰਨ ਵਾਲਾ ਸ਼ੋਬਾ ਹੈ। ਇਕ ਮੈਚ ਨਾਲ ਹੀ ਪੱਬਾਂ, ਕਲੱਬਾਂ, ਰੈਸਟੋਰੈਂਟਾਂ, ਹੋਟਲਾਂ, ਟੈਲੀਵੀਯਨ-ਰੇਡੀਓ ਤੇ ਹੋਰ ਸੋਸ਼ਲ-ਮੀਡੀਏ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਹਰ ਕਲੱਬ ਦਾ ਆਪਣਾ ਸਟੇਡੀਅਮ ਹੁੰਦਾ ਹੈ ਤੇ ਇਕ ਸਟੇਡੀਅਮ ਵਿੱਚ ਸੈਂਕੜੇ ਕਰਮਚਾਰੀ ਕੰਮ ਕਰਦੇ ਹੁੰਦੇ ਹਨ। ਇਕ ਕਲੱਬ ਦੇ ਲੱਖਾਂ ਸਪੋਰਟ੍ਰਜ਼ ਹੁੰਦੇ ਹਨ।

ਫੁੱਟਬਾਲ ਯੂਕੇ ਵਿੱਚ ਸਦੀਆਂ ਤੋਂ ਖੇਡਿਆ ਜਾ ਰਿਹਾ ਹੈ। ਕਿਹਾ ਜਾਂਦਾ ਹੈਕਿ ਇਹ ਖੇਡ ਇੰਗਲੈਂਡ ਦੀ ਹੀ ਕਾਢ ਹੈ ਤੇ 1170 ਤੋਂ ਖੇਡੀ ਜਾ ਰਹੀ ਹੈ। ਫੁੱਟਬਾਲ ਦੀਆਂ ਕਲੱਬਾਂ ਬਣਨੀਆਂ ਉਨੀਵੀਂ ਸਦੀ ਵਿੱਚ ਸ਼ੁਰੂ ਹੋਈਆਂ। ਪੂਰੀ ਦੁਨੀਆ ਦੀ ਜਾਂ ਕਿਸੇ ਖਾਸ ਮੁਲਕ ਦੀ ਸਭ ਤੋਂ ਪੁਰਾਣੀ ਫੁੱਟਬਾਲ-ਕਲੱਬ ਕਿਹੜੀ ਹੈ? ਇਹ ਇਕ ਬਹਿਸ ਦਾ ਵਿਸ਼ਾ ਹੈ। ਵੈਸੇ ‘ਫੁੱਟਬਾਲ ਕਲੱਬ ਐਡੰਬਰਾ’ (ਸਕੌਟਲੈਂਡ) ਦਾ ਰਿਕਾਰਡ 1824 ਤੱਕ ਜਾਂਦਾ ਹੈ। ਇਹ ਕਲੱਬ 1841 ਤੱਕ ਸਰਗਰਮ ਰਹੀ। ਇਸਨੇ ਫੁੱਟਬਾਲ ਦੇ ਕੁਝ ਰੂਲ ਵੀ ਬਣਾਏ ਜਿਹਨਾਂ ਮੁਤਾਬਕ ਫੁੱਟਬਾਲ ਨੂੰ ਹੱਥਾਂ ਵਿੱਚ ਵੀ ਚੁੱਕਿਆ ਜਾ ਸਕਦਾ ਸੀ। 1840 ਵਿੱਚ ‘ਦਾ ਗਰੇਟ ਲੈਸਟਰਸ਼ਾਇਰ ਕ੍ਰਿਕਟ ਤੇ ਫੁੱਟਬਾਲ ਕਲੱਬ’ ਵੀ ਹੋਂਦ ਵਿੱਚ ਆਈ। 1841 ਦੀ ਕ੍ਰਿਸਮਸ ਵਾਲੇ ਦਿਨ ਦੋ ਕਲੱਬਾਂ, ‘ਬੌਡੀਗਾਰਡ ਕਲੱਬ, ਰੌਚਡੇਲ’ ਤੇ ‘ਫੀਅਰ ਨੌਟ ਕਲੱਬ’ ਵਿੱਚ ਮੈਚ ਹੋਣ ਦਾ ਰਿਕਾਰਡ ਵੀ ਮਿਲਦਾ ਹੈ ਜਿਸ ਵਿੱਚ ਬਾਰਾਂ-ਬਾਰਾਂ ਖਿਡਾਰੀ ਖੇਡੇ ਸਨ। ਦੋਵਾਂ ਟੀਮਾਂ ਦੇ ਆਪੋ-ਆਪਣੇ ਰੈਫਰੀ ਸਨ। ਇਸ ਮੈਚ ਦੀ ਸ਼ੁਰੁਆਤ ਅਸਮਾਨ ਵੱਲ ਪਿਸਤੌਲ ਚਲਾਕੇ ਕੀਤੀ ਗਈ ਸੀ। ਇਹ ਪਿਸਤੌਲ ਚਲਾਉਣ ਦਾ ਰਿਵਾਜ ਬਹੁਤ ਦੇਰ ਤੱਕ ਰਿਹਾ ਹੈ। ਗੀਨਸ ਬੁੱਕ ਆਫ ਰਿਕਾਰਡ ਅਨੁਸਾਰ ਦਾ ‘ਗਾਈਜ਼, ਕਿੰਗਜ਼ ਐਂਡ ਸੇਂਟ ਥੌਮਸ ਆਰ.ਐਫ.ਸੀ.’ ਸਭ ਤੋਂ ਪੁਰਾਣੀ ਕਲੱਬ ਹੈ। ਬਹੁਤ ਸਾਰੀਆਂ ਰਘਬੀ-ਕਲੱਬਾਂ ਵੀ ਆਪਣੇ ਆਪ ਨੂੰ ਫੁੱਟਬਾਲ-ਕਲੱਬਾਂ ਦੇ ਤੌਰ ‘ਤੇ ਹੀ ਪੇਸ਼ ਕਰਦੀਆਂ ਰਹੀਆਂ। ਵੈਸੇ ਹਾਲੇ ਵੀ ਰਘਬੀ ਨੂੰ ਕੁਝ ਮੁਲਕਾਂ ਵਿੱਚ ਫੁੱਟਬਾਲ ਕਿਹਾ ਜਾਂਦਾ ਹੈ ਤੇ ਫੁੱਟਬਾਲ ਨੂੰ ਸੌਕਰ। ਵੈਸੇ ਅੱਜ ਵੀ ਆਇਰਲੈਂਡ ਵਿੱਚ ਫੁੱਟਬਾਲ ਦੇ ਨੰਬਰ ਗਿਣਨ ਦਾ ਤਰੀਕਾ ਵੱਖਰਾ ਹੈ। ਅਮਰੀਕਨ-ਫੁੱਟਬਾਲ ਵੀ ਆਮ ਫੁੱਟਬਾਲ ਤੋਂ ਅਲੱਗ ਹੈ। ਜੋ ਸਹੀ ਤਰੀਕੇ ਨਾਲ ਰਿਕਾਰਡ ਮਿਲਦਾ ਹੈ ਉਸ ਮੁਤਾਬਕ ‘ਸ਼ੈਫੀਲਡ ਫੁੱਟਬਾਲ ਕਲੱਬ’ ਸਭ ਤੋਂ ਪਹਿਲੀ ਕਲੱਬ ਹੈ ਜੋ 1857 ਵਿੱਚ ਬਣੀ ਸੀ। ‘ਲਿਵਰਪੂਲ ਫੁੱਟਬਾਲ ਕਲੱਬ’ ਦਾ ਇਤਿਹਾਸ 1872 ਤੱਕ ਜਾਂਦਾ ਹੈ। ਕੁਝ ਇਤਿਹਾਸਕਾਰ ‘ਕ੍ਰਿਸਟਲ ਪੈਲੇਸ ਫੁੱਟਬਾਲ ਕਲੱਬ’ ਨੂੰ ਸਭ ਤੋਂ ਪਹਿਲੀ ਕਲੱਬ ਆਖਦੇ ਹਨ ਜੋ 1863 ਵਿੱਚ ਬਣੀ ਤੇ ਅੱਜ ਵੀ ਕਾਇਮ ਹੈ। ਵੈਸੇ ਇੰਗਲੈਂਡ ਦੀ ਨੈਸ਼ਨਲ ਫੁੱਟਬਾਲ ਟੀਮ ਨੇ ਜਿਹੜਾ ਪਹਿਲਾ ਔਫੀਸ਼ੀਅਲ ਮੈਚ ਖੇਡਿਆ ਉਹ ਸਕੌਟਲੈਂਡ ਨਾਲ 1872 ਵਿੱਚ ਖੇਡਿਆ ਗਿਆ ਸੀ। ਇੰਗਲੈਂਡ ਦੀ ਉਹੀ ਟੀਮ ਪਿਛਲੇ ਹਫਤੇ ਪੱਚਵੰਜਾ ਸਾਲ (1966 ਤੋਂ) ਬਾਅਦ ਯੌਰਪੀਅਨ ਫੁੱਟਬਾਲ ਟੂਰਨਾਮੈਂਟ ਵਿੱਚ ਜਰਮਨੀ ਨੂੰ ਦੁਬਾਰਾ ਜਿੱਤੀ ਹੈ।

ਯੂਕੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਫੁੱਟਬਾਲ-ਟੀਮ ਨਾਲ ਜੁੜਿਆ ਹੁੰਦਾ ਹੈ। ਆਮ ਤੌਰ ‘ਤੇ ਲੋਕ ਆਪਣੇ ਇਲਾਕੇ ਦੀ ਕਲੱਬ ਨਾਲ ਹੀ ਜੁੜਦੇ ਹਨ। ਦੋ ਓਪਰੇ ਬੰਦੇ ਜਦ ਮਿਲਦੇ ਹਨ ਤਾਂ ਉਹਨਾਂ ਵਿੱਚਕਾਰ ਇਹੋ ਸਵਾਲ ਅਕਸਰ ਉਭਰਦਾ ਹੈ, ‘ਤੇਰੀ ਕਿਹੜੀ ਟੀਮ?’ ਜਿਵੇਂ ਟੈਕਸੀ ਡਰਾਈਵਰ ਨੇ ਮੈਨੂੰ ਪੁੱਛਿਆ ਸੀ। ਹੁਣ ਮੇਰੇ ਕੋਲ ਇਸ ਸਵਾਲ ਦਾ ਜਵਾਬ ਹੈ, ‘ਮੇਰੀ ਟੀਮ- ਆਰਸਨਲ।‘ ਆਪਣੀ ਟੀਮ ਤੁਸੀਂ ਇਕ ਵਾਰ ਚੁਣ ਲੈਂਦੇ ਹੋ ਤਾਂ ਸਾਰੀ ਉਮਰ ਉਸ ਨਾਲ ਜੁੜੇ ਰਹਿੰਦੇ ਹੋ। ਉਸ ਦੀਆਂ ਜਿੱਤਾਂ-ਹਾਰਾਂ ਵਿੱਚ ਵੀ ਉਸਦਾ ਸਾਥ ਦਿੰਦੇ ਹੋ। ਸਪੋਰਟ੍ਰਜ਼ ਟੀਮ ਦੀ ਤਾਕਤ ਹੁੰਦੇ ਹਨ। ਕਿਸੇ ਟੀਮ ਦੇ ਕਿੰਨੇ ਸਪੋਰਟ੍ਰਜ਼ ਉਸ ਦੀ ਕੀਮਤ ਵੀ ਤੈਅ ਕਰਦੇ ਹਨ। ਮੇਰੀ ਟੀਮ ਆਰਸਨਲ, ਜਿਸ ਨੂੰ ਗਨਰਜ਼ ਵੀ ਕਿਹਾ ਜਾਂਦਾ ਹੈ, ਬਹੁਤ ਵੱਡੀ ਟੀਮ ਹੈ। ਇਹ ਦੱਖਣੀ ਇੰਗਲੈਂਡ ਦੀਆਂ ਪਹਿਲੀਆਂ ਟੀਮਾਂ ਵਿੱਚੋਂ ਹੈ ਤੇ ਲੰਡਨ ਦੀ ਪ੍ਰਮੁੱਖ ਟੀਮ ਹੈ। ਇਹ 1893 ਵਿੱਚ ਹੇਠਲੀ ਪੱਧਰ ਦੀ ਫੁੱਟਬਾਲ ਲੀਗ ਵਿੱਚ ਸ਼ਾਮਲ ਹੋਈ ਸੀ ਤੇ ਜਲਦੀ ਹੀ ਉਪਰਲੀ ਪੱਧਰ ਦੀਆਂ ਟੀਮਾਂ ਵਿੱਚ ਗਿਣੀ ਜਾਣ ਲੱਗੀ। 1930ਵਿਆਂ ਵਿੱਚ ਇਹ ਟੌਪ ਦੀ ਟੀਮ ਬਣ ਗਈ ਸੀ। ਇਸ ਕਲੱਬ ਦੀ ਨੀਂਹ ਵੂਲਿਚ (ਦਰਿਆਓਂ ਪਾਰ ਲੰਡਨ) ਵਿੱਚ ਰੱਖੀ ਗਈ ਸੀ। 1913 ਵਿੱਚ ਇਸ ਦਾ ਸਟੇਡੀਅਮ ਉਤਰੀ ਲੰਡਨ, ਹਾਈਬਰੀ ਵਿੱਚ ਬਣਾਇਆ ਗਿਆ ਤੇ ਇਹ ਕਲੱਬ ਉਥੇ ਆ ਗਈ, ਹੁਣ ਤੱਕ ਉਥੇ ਹੀ ਹੈ। 2006 ਵਿੱਚ ਇਸ ਨੂੰ ਨਵੀਂ ਗਰਾਊਂਡ ‘ਐਮਰਿਟ ਸਟੇਡੀਅਮ’ ਵਿੱਚ ਮਿਲ ਗਈ। ਮੈਂ ਇਸਦਾ ਸਪੋਰਟ੍ਰ ਇਸ ਕਰਕੇ ਹਾਂ ਕਿ ਮੈਂ ਪੰਦਰਾਂ ਸਾਲ ਇਸ ਦੇ ਸਟੇਡੀਅਮ ਦੇ ਬਿਲਕੁਲ ਨਜ਼ਦੀਕ ਰਿਹਾ ਹਾਂ। ਮੇਰਾ ਘਰ ਤੇ ਕਾਰੋਬਾਰ ਉਥੇ ਸੀ। ਉਥੇ ਮੇਰਾ ਜਨਰਲ-ਸਟੋਰ ਹੋਇਆ ਕਰਦਾ ਸੀ। ਮੇਰੇ ਸਟੋਰ ਵਿੱਚ ਆਰਸਨਲ ਟੀਮ ਦੇ ਬਹੁਤ ਸਾਰੇ ਖਿਡਾਰੀ ਆਇਆ ਕਰਦੇ ਸਨ। ਕਈਆਂ ਨਾਲ ਮੇਰੀ ਠੀਕ-ਠਾਕ ਵਾਕਫੀ ਹੋ ਜਾਂਦੀ ਸੀ। ਉਸੇ ਇਲਾਕੇ ਵਿੱਚ ਹੀ ਮੇਰੇ ਬੱਚੇ ਪੈਦਾ ਹੋਏ, ਸਕੂਲਾਂ ਵਿੱਚ ਜਾਣ ਲੱਗੇ। ਮੇਰੇ ਬੱਚੇ ਵੀ ਇਸੇ ਟੀਮ ਦੇ ਸਪੋਰਟ੍ਰਜ਼ ਹਨ। ਮੇਰਾ ਬੇਟਾ ਬਿਲਾਵਲ ਤਾਂ ਆਰਸਨਲ ਦਾ ਕਰੇਜ਼ੀ ਹੈ, ਜੇ ਉਸ ਦੀ ਟੀਮ ਜਿੱਤ ਜਾਵੇ ਤਾਂ ਭੱਜਾ ਫਿਰੇਗਾ, ਜੇ ਹਾਰ ਜਾਵੇ ਤਾਂ ਆਪਣੇ ਕਮਰੇ ਵਿੱਚੋਂ ਹੀ ਨਹੀਂ ਨਿਕਲੇਗਾ। ਜਦ ਕਦੇ ਉਹ ਆਪਣੇ ਦੋਸਤਾਂ ਨਾਲ ਫੋਨ ‘ਤੇ ਹੁੰਦਾ ਹੈ ਤਾਂ ਉਸ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਹਨ। ਉਹ ਦੋਸਤਾਂ ਨਾਲ ਪਲੇਅਰਾਂ ਨੂੰ ਵੇਚਣ-ਖਰੀਦਣ ਦੀ ਬਹਿਸ ਇਵੇਂ ਕਰਦਾ ਹੈ ਜਿਵੇਂ ਉਹ ਟੀਮ ਦਾ ਮਾਲਕ ਹੀ ਹੋਵੇ। ਨਵੀਂ ਪੀੜ੍ਹੀ ਹੀ ਨਹੀਂ ਪੁਰਾਣੀਆਂ ਪੀੜ੍ਹੀਆਂ ਵਿੱਚ ਵੀ ਫੁੱਟਬਾਲ ਦਾ ਕਰੇਜ਼ ਰਿਹਾ ਹੈ। ਵੈਸੇ ਫੁੱਟਬਾਲ ਦੇ ਸਪੋਰਟ੍ਰਜ਼ ਬਹੁਤ ਹਿੰਸਕ ਗਿਣੇ ਜਾਂਦੇ ਹਨ, ਖਾਸ ਕਰਕੇ ਇੰਗਲੈਡ ਦੇ। ਮੈਚ ਤੋਂ ਬਾਅਦ ਸਟੇਡੀਅਮਾਂ ਦੇ ਦੁਆਲੇ ਲੜਾਈ-ਝਗੜੇ ਦਾ ਖਤਰਾ ਬਣਿਆਂ ਰਹਿੰਦਾ ਹੈ। ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਦਿੰਦੇ ਹਨ। ਇੰਗਲੈਂਡ ਦੀ ਨੈਸ਼ਨਲ ਟੀਮ ਦੇ ਸਪੋਰਟ੍ਰਜ਼ ਦਾ ਰੈਪੂਟੇਸ਼ਨ ਬਹੁਤਾ ਬੁਰਾ ਹੈ। ਇਹਨਾਂ ਤੋਂ ਹਾਰ ਬਰਦਾਸ਼ਤ ਨਹੀਂ ਹੁੰਦੀ। 1996 ਵਿੱਚ ਜਦ ਇੰਗਲੈਂਡ ਜਿੱਤਦਾ-ਜਿੱਤਦਾ ਜਰਮਨੀ ਨੂੰ ਹਾਰ ਗਿਆ ਤਾਂ ਇੰਗਲੈਂਡ ਦੇ ਸਪੋਰਟ੍ਰਾਂ ਨੇ ਜਰਮਨ-ਮੇਡ ਕਾਰਾਂ ਦੀ ਭੰਨਤੋੜ ਸ਼ੁਰੂ ਕਰ ਦਿੱਤੀ ਸੀ। ਕੁਝ ਜਰਮਨ ਮੂਲ ਦੇ ਲੋਕਾਂ ਨੂੰ ਵੀ ਕੁੱਟ ਧਰਿਆ ਸੀ।

‘ਤੇਰੀ ਕਿਹੜੀ ਟੀਮ’ ਵਾਲਾ ਸਵਾਲ ਆਮ ਜ਼ਿੰਦਗੀ ਵਿੱਚ ਬਹੁਤ ਕੰਮ ਆਉਣ ਵਾਲਾ ਹੈ। ਇਸ ਨੂੰ ਲੈ ਕੇ ਮੈਂ ਇਕ ਨਿੱਜੀ ਗੱਲ ਸਾਂਝੀ ਕਰ ਨੀ ਚਾਹਾਂਗਾ। ਜਦ ਮੈਂ ਤੀਹ ਸਾਲ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਨੌਕਰੀ ਕਰਨੀ ਚਾਹੀ ਤਾਂ ਮੈਨੂੰ ਬਹੁਤ ਫਿਕਰ ਸੀ ਕਿ ਨਵੇਂ ਲੋਕਾਂ ਨਾਲ ਕਿਵੇਂ ਵਰਤਾਂਗਾ? ਏਨੇ ਸਾਲਾਂ ਬਾਅਦ ਕਿਸੇ ਦੇ ਅਧੀਨ ਕਿਵੇਂ ਕੰਮ ਕਰ ਸਕਾਂਗਾ। ਏਅਰਪੋਰਟ ‘ਤੇ ਨੌਕਰੀ ਮਿਲੀ। ਮੈਨੂੰ ਸਹਿਕਾਮਿਆਂ ਤੇ ਆਲੇ ਦੁਆਲੇ ਲੋਕਾਂ ਨੇ ਦੱਸਿਆ ਕਿ ਉਥੇ ਗੋਰਾ ਮੈਨੇਜਰ ਬਹੁਤ ਕੱਬਾ ਗਿਣਿਆਂ ਜਾਂਦਾ ਸੀ। ਮੈਂ ਸਕੀਮ ਲੜਾਈ, ਮੈਨੇਜਰ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਹਾਲਾਤ ਸੁਖਾਵੇਂ ਦੇਖਕੇ ਮੈਂ ਪੁੱਛ ਲਿਆ, ‘ਤੇਰੀ ਕਿਹੜੀ ਟੀਮ?’ ਉਸ ਦੀ ਟੀਮ ਵੀ ਆਰਸਨਲ ਹੀ ਸੀ। ਫਿਰ ਕੀ ਸੀ, ਸਾਡੀਆਂ ਤਾਰਾਂ ਜੁੜ ਗਈਆਂ। ਦੋਸਤੀ ਪੈ ਗਈ। ਅਸੀਂ ਇਕੱਠੇ ਮੈਚ ਦੇਖਣ ਜਾਣ ਲੱਗੇ। ਲੋਕ ਸਾਡੀ ਦੋਸਤੀ ‘ਤੇ ਹੈਰਾਨ ਹੁੰਦੇ ਪਰ ਬਹੁਤਿਆਂ ਨੂੰ ਦੋਸਤੀ ਦੇ ਆਧਾਰ ਦਾ ਨਹੀਂ ਸੀ ਪਤਾ।

ਇੰਡੀਆ ਵਿੱਚ ਭਾਵੇਂ ਫੁੱਟਬਾਲ ਦਾ ਯੌਰਪ ਜਾਂ ਸਾਊਥ-ਅਮਰੀਕਾ ਜਿੰਨਾ ਕਰੇਜ਼ ਨਹੀਂ ਹੈ ਪਰ ਫਿਰ ਵੀ ਕਾਫੀ ਖੇਡਿਆ ਜਾਂਦਾ ਹੈ। ਕੱਲਕੱਤੇ ਦੀ ਮੋਹਨ ਬਗਾਨ ਕਲੱਬ ਸਭ ਤੋਂ ਪੁਰਾਣੀ ਕਲੱਬ, 1897 ਵਿੱਚ ਬਣੀ ਸੀ। ਸਾਡੇ ਪਿੰਡ ਨੇੜਲੀ ਫਗਵਾੜੇ ਦੀ ਜਗਜੀਤ ਮਿੱਲ ਦੀ ਕਲੱਬ ਵੀ ਬਹੁਤ ਮਸ਼ਹੂਰ ਰਹੀ ਹੈ। 1951 ਵਿੱਚ ਇੰਡੀਆ ਨੇ ਏਸ਼ੀਅਨ ਖੇਡਾਂ ਵਿੱਚ ਫੁੱਟਬਾਲ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ ਪਰ ਹੁਣ ਹਾਲਤ ਕੁਝ ਪਤਲੀ ਹੈ। ਫੁੱਟਬਾਲ ਦੀ ਥਾਂ ਕ੍ਰਿਕਟ ਨੇ ਲੈ ਲਈ ਹੈ। ਨੈਸ਼ਨਲ ਖੇਡ ਹਾਕੀ ਤਾਂ ਬਹੁਤ ਹੀ ਪਿੱਛੇ ਜਾ ਪਈ ਹੈ।

ਹਰ ਫੁੱਟਬਾਲ ਟੀਮ ਦਾ ਇਕ ਗੀਤ ਹੁੰਦਾ ਹੈ ਜਿਸਨੂੰ ਉਸ ਦੇ ਸਪੋਰਟ੍ਰਜ਼ ਮੈਚ ਦੇਖਦੇ ਹੋਏ ਆਪਣੀ ਟੀਮ ਨੂੰ ਉਤਸ਼ਾਹਿਤ ਕਰਨ ਲਈ ਗਾਉਂਦੇ ਹਨ। ਇਵੇਂ ਨਵੇਂ-ਨਵੇਂ ਗੀਤ ਬਣਦੇ ਰਹਿੰਦੇ ਹਨ। ਅੱਜਕੱਲ੍ਹ ਯੌਰਪੀਅਨ ਫੁੱਟਬਾਲ ਮੈਚ ਚੱਲ ਰਹੇ ਹਨ ਤੇ ਇੰਗਲੈਂਡ ਦੀ ਟੀਮ ਦੇ ਸਪੋਰਟ੍ਰ ਪੱਬਾਂ-ਕਲੱਬਾਂ ਵਿੱਚ ਇਹ ਗੀਤ ਗਾਉਂਦੇ ਦਿਸ ਜਾਂਦੇ ਹਨ, ‘ਇਟ‘ਜ਼ ਕਮਿੰਗ ਹੋਮ, ਇਟ‘ਜ਼ ਕਮਿੰਗ ਹੋਮ, ਫੁੱਟਬਾਲ ਇਜ਼ ਕਮਿੰਗ ਹੋਮ।’ ਇਥੇ ਦੱਸਦਾ ਜਾਵਾਂ ਕਿ ਮੈਂ ਵੀ ਇੰਗਲੈਂਡ ਦੀ ਟੀਮ ਦਾ ਬਹੁਤ ਵੱਡਾ ਸਪੋਰਟ੍ਰ ਹਾਂ। ਵੈਸੇ ਹਰ ਬੰਦਾ ਆਪਣੇ ਮੁਲਕ ਦੀ ਟੀਮ ਦਾ ਪ੍ਰਸੰਸਕ ਹੁੰਦਾ ਹੀ ਹੈ।

ਇਵੇਂ ਹੀ ਮੇਰੀ ਟੀਮ ਆਰਸਨਲ ਦੇ ਵੀ ਕਈ ਗੀਤ ਮਸ਼ਹੂਰ ਹਨ। ਅੱਜਕੱਲ੍ਹ ਚੱਲਦੇ ਗੀਤ ਦੇ ਬੋਲ ਇੰਜ ਹਨ, ‘ਆਰਸਨਲ, ਵੀ ਆਰ ਔਨ ਯੋਅਰ ਸਾਈਡ, ਅਵਰ ਲਵ, ਵੀ ਕੈਨ ਨੌਟ ਹਾਈਡ।’

ਹੁਣ ਜੇ ਤੁਸੀਂ ਯੂਕੇ ਦਾ ਸਫਰ ਕਰਨਾ ਹੈ ਤਾਂ ਕੋਈ ਨਾ ਕੋਈ ਟੀਮ ਜ਼ਰੂਰ ਚੁਣ ਲਓ ਕਿਉਂਕਿ ਸ਼ਾਇਦ ਤੁਹਾਨੂੰ ਕੋਈ ਇਹ ਪੁੱਛ ਲਵੇ, ‘ਤੇਰੀ ਟੀਮ ਕਿਹੜੀ?’

Opmerkingen


bottom of page