top of page
Writer's pictureਸ਼ਬਦ

ਯੂਕੇ ਵਿੱਚ ਸੱਪਾਂ ਦੀ ਹੋਂਦ/

ਹਰਜੀਤ ਅਟਵਾਲ/

ਪਿਛਲੇ ਚਾਲੀ-ਬਤਾਲੀ ਸਾਲਾਂ ਵਿੱਚ ਮੈਂ ਪੂਰੇ ਯੂਕੇ ਵਿੱਚ ਕਦੇ ਸੱਪ ਨਹੀਂ ਦੇਖਿਆ। ਹਾਂ, ਚਿੜੀਆ-ਘਰ ਵਿੱਚ ਬਹੁਤ ਸਾਲ ਪਹਿਲਾਂ ਕਈ ਕਿਸਮ ਦੇ ਸੱਪ ਜ਼ਰੂਰ ਦੇਖੇ ਸਨ, ਹਾਲੇ ਵੀ ਹੋਣਗੇ। ਓਧਰ ਆਪਣੇ ਪਿੰਡ ਹੁੰਦਿਆਂ ਹਰ ਰੋਜ਼ ਸੱਪਾਂ ਨਾਲ ਵਾਹ ਪੈਂਦਾ ਸੀ। ਸਾਡੇ ਪਿੰਡ ਦੇ ਡੱਬਰੀ ਦੇ ਇਲਾਕੇ ਵਿੱਚ ਜਿੱਥੇ ਸਾਡੀ ਜੱਦੀ ਜ਼ਮੀਨ ਹੈ, ਉਥੇ ਜਿਹੜੇ ਕਾਲੇ ਰੰਗ ਦੇ ਖੜੱਪੇ ਸੱਪ ਹੁੰਦੇ ਹਨ ਉਹ ਮੈਂ ਕਿਤੇ ਹੋਰ ਨਹੀਂ ਦੇਖੇ, ਟੈਲੀਵੀਯਨ ‘ਤੇ ਵਾਈਲਡ ਲਾਈਫ ਦੇ ਪ੍ਰੋਗਰਾਮਾਂ ਵਿੱਚ ਵੀ ਨਹੀਂ। ਜ਼ਰਾ ਕੁ ਹਨੇਰਾ ਲਹਿੰਦਿਆਂ ਹੀ ਡੱਬਰੀ ਵਿੱਚ ਸੱਪ ਇਵੇਂ ਤੁਰੇ ਫਿਰਦੇ ਹਨ ਜਿਵੇਂ ਸ਼ਹਿਰ ਵਿੱਚ ਗਾਈਆਂ। ਸਾਡੇ ਖੇਤਾਂ ਤੋਂ ਮੁੱਖ ਰੋਡ ਤੱਕ ਦੇ ਅੱਧੇ ਕੁ ਮੀਲ ਦੇ ਪੈਹੇ ‘ਤੇ ਤੁਹਾਨੂੰ ਕੋਈ ਦਸ-ਬਾਰਾਂ ਸੱਪ ਮਿਲ ਜਾਣਗੇ। ਤੁਹਾਡੀ ਕਾਰ ਦੀ ਜਾਂ ਇਸ ਦੀਆਂ ਲਾਈਟਾਂ ਦੀ ਪਰਵਾਹ ਕੀਤੇ ਬਿਨਾਂ ਉਹ ਪੂਰੀ ਮੜਕ ਨਾਲ ਰਾਹ ਕਰੌਸ ਕਰਦੇ ਰਹਿਣਗੇ। ਸੱਪ ਸਾਡੀ ਪੰਜਾਬੀ ਸਾਈਕੀ ਦਾ ਇਕ ਹਿੱਸਾ ਹੈ। ਇਸੇ ਸਾਈਕੀ ਦੇ ਅਧੀਨ ਕਿੰਨੀਆਂ ਹੀ ਫਿਲਮਾਂ ਬਣਦੀਆਂ ਹਨ, ਸੀਰੀਅਲ ਤੇ ਡਾਕੂਮੈਂਟਰੀਆਂ ਵੀ। ਸਾਡੀਆਂ ਮਿੱਥਾਂ, ਕਹਾਣੀਆਂ, ਕਿੱਸਿਆਂ ਵਿੱਚ ਸੱਪਾਂ ਦਾ ਆਮ ਜ਼ਿਕਰ ਮਿਲਦਾ ਹੈ। ਮੈਂ ਸੱਪਾਂ ਨੂੰ ਲੈਕੇ ਕਈ ਕਹਾਣੀਆਂ ਲਿਖੀਆਂ ਹਨ। ਸਾਡੇ ਘਰ ਇਕ ਮਣਕਾ ਹੁੰਦਾ ਸੀ, ਹਾਲੇ ਵੀ ਹੈ, ਜੋ ਮੇਰੇ ਬਾਬੇ ਨੂੰ ਕਿਸੇ ਮੁਸਲਮਾਨ ਫਕੀਰ ਨੇ ਦਿੱਤਾ ਸੀ ਕਿ ਇਹ ਮਣਕਾ ਸੱਪ ਦੀ ਜ਼ਹਿਰ ਚੂਸ ਲਵੇਗਾ। ਮੈਂ ਇਸ ਬਾਰੇ ਵੀ ਇਕ ਕਹਾਣੀ ਲਿਖੀ ਸੀ। ਮੈਨੂੰ ਮਣਕਿਆਂ ਜਾਂ ਜਾਦੂ-ਟੂਣਿਆਂ ‘ਤੇ ਕਦੇ ਭਰੋਸਾ ਨਹੀਂ ਹੋਇਆ। ਸੱਪ ਲੜੇ ‘ਤੇ ਉਸ ਦਾ ਮੈਡੀਕਲ ਇਲਾਜ ਹੀ ਹੋਣਾ ਚਾਹੀਦਾ ਹੈ। ਗੱਲ ਹੋਰ ਪਾਸੇ ਨਾ ਚਲੀ ਜਾਵੇ, ਆਓ ਯੂਕੇ ਦੇ ਸੱਪਾਂ ਦੀ ਗੱਲ ਕਰੀਏ।

ਯੂਕੇ ਵਿੱਚ ਸੱਪ ਲੋਕਾਂ ਦੀ ਸਾਈਕੀ ਵਿੱਚੋਂ ਗੈਰਹਾਜ਼ਿਰ ਹਨ ਜਾਂ ਉਂਜ ਹਾਜ਼ਰ ਨਹੀਂ ਜਿਵੇਂ ਸਾਡੇ ਵੱਲ। ਇਥੇ ਲੋਕਾਂ ਦਾ ਸੱਪਾਂ ਨਾਲ ਵਾਹ ਉਂਜ ਨਹੀਂ ਪੈਂਦਾ ਜਿਵੇਂ ਸਾਡੇ ਪੈਂਦਾ ਹੈ। ਵੈਸੇ ਸੱਪ ਇਥੇ ਹਨ ਭਾਵੇਂ ਉਹ ਸਾਡੀ ਡੱਬਰੀ ਦੇ ਸੱਪਾਂ ਵਰਗੇ ਕਾਲ਼ੇ-ਨਿੱਗ ਨਾ ਹੋਣ। ਯੂਕੇ ਦੇ ਨਾਲ ਲਗਦੇ ਮੁਲਕ ਆਇਰਲੈਂਡ ਵਿੱਚ ਜਿਸ ਨੂੰ ਯੂਕੇ ਵਿੱਚ ਸ਼ਾਮਲ ਹੀ ਗਿਣਿਆਂ ਜਾਂਦਾ ਹੈ, ਸੱਪ ਬਿਲਕੁਲ ਨਹੀਂ ਹਨ। ਇਕ ਕਹਾਵਤ ਵੀ ਹੈ ਕਿ ਆਇਰਲੈਂਡ ਵਿੱਚ ਸੱਪ ਨਹੀਂ ਹੁੰਦੇ। ਇਸੇ ਕਹਾਵਤ ਨੂੰ ਲੈ ਕੇ ਅੰਰਗੇਜ਼ੀ ਦੇ ਲੇਖਕ ਫਰੈਡਰਿਕ ਫੋਰਸਾਈਥ (Frederick Forsyth) ਨੇ ਇਕ ਨਸਲਵਾਦੀ ਕਹਾਣੀ ਵੀ ਲਿਖੀ ਸੀ ਜਿਸ ਦਾ ਨਾਂ ਸੀ, ‘ ਦੇਅਰ ਆਰ ਨੋ ਸਨੇਕਸ ਇਨ ਆਇਲੈਂਡ’ ()। ਇਸ ਕਹਾਣੀ ਵਿੱਚ ਲੇਖਕ ਕਹਿ ਰਿਹਾ ਹੈ ਕਿ ਪਹਿਲਾਂ ਤਾਂ ਆਇਰਲੈਂਡ ਵਿੱਚ ਸੱਪ ਨਹੀਂ ਸਨ ਪਰ ਹੁਣ ਸੱਪ ਆ ਗਏ ਹਨ। ਇਥੇ ਉਹ ਸੱਪ ਸਾਨੂੰ ਤੇ ਕਾਲੇ ਲੋਕਾਂ ਨੂੰ ਕਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈਕਿ ਕਿਸੇ ਨੇ ਵੀ ਨਸਲਵਾਦ ਨਾਲ ਭਰੀ ਇਸ ਕਹਾਣੀ ਦਾ ਨੋਟਿਸ ਨਹੀਂ ਲਿਆ। ਮੈਂ ਇਸ ਦਾ ਜਵਾਬ ਦਿੰਦੀ ਕਹਾਣੀ ਲਿਖੀ ਸੀ ਜਿਸ ਦਾ ਨਾਂ ਸੀ ‘ਸੱਪਾਂ ਦਾ ਭਰ ਬ੍ਰਤਾਨੀਆ’। ਜਿਸ ਕਿਤਾਬ ਵਿੱਚ ਇਹ ਕਹਾਣੀ ਹੈ ਉਸ ਦਾ ਨਾਂ ਵੀ ਇਹੋ ਹੈ। ਮੈਂ ਆਪਣੀ ਕਹਾਣੀ ਵਿੱਚ ਨਸਲਵਾਦੀਆਂ ਨੂੰ ਸੱਪ ਕਹਿਣ ਦੀ ਕੋਸ਼ਿਸ਼ ਕੀਤੀ ਹੈ।

‘ਆਇਰਲੈਂਡ ਵਿੱਚ ਸੱਪ ਨਹੀਂ ਹੁੰਦੇ’ ਕਹਾਵਤ ਦਾ ਪਿਛੋਕੜ ਇਹ ਹੈ ਕਿ ਸੰਤ ਪੈਟਰਿਕ ਇਸਾਈ ਧਰਮ ਨੂੰ ਫੈਲਾਉਣ ਜਦ ਆਇਲੈਂਡ ਆਇਆ ਤਾਂ ਉਥੋਂ ਦੇ ਲੋਕਾਂ ਨੇ ਕਿਹਾ ਕਿ ਪਹਿਲਾਂ ਉਹ ਸਾਡੇ ਮੁਲਕ ਵਿੱਚੋਂ ਸੱਪ ਬਾਹਰ ਕੱਢੇ ਤਾਂ ਹੀ ਉਹ ਇਸਾਈ ਧਰਮ ਅਪਣਾਉਣਗੇ। ਸੰਤ ਪੈਟਰਿਕ ਨੇ ਆਇਰਲੈਂਡ ਦੇ ਸਾਰੇ ਸੱਪਾਂ ਨੂੰ ਸਮੁੰਦਰ ਵੱਲ ਧੱਕ ਦਿੱਤਾ। ਇਸ ਕੰਮ ਲਈ ਉਸ ਨੂੰ ਚਾਲੀ ਦਿਨ ਲੱਗੇ। ਮੁੜ ਕੇ ਕਦੇ ਵੀ ਆਇਰਲੈਂਡ ਵਿੱਚ ਸੱਪ ਨਹੀਂ ਆਇਆ। ਮੇਰੇ ਹਿਸਾਬ ਨਾਲ ਇਹ ਨਿਰੀ ਮਿੱਥ ਹੈ। ਹੋਰ ਵੀ ਬਹੁਤ ਸਾਰੇ ਮੁਲਕ ਹਨ ਜਿਥੇ ਸੱਪ ਨਹੀਂ ਹੁੰਦੇ ਜਿਵੇਂ ਕਿ ਨਿਊਜ਼ੀਲੈਂਡ, ਆਈਸਲੈਂਡ, ਗਰੀਨਲੈਂਡ ਤੇ ਕਨੇਡਾ ਦੇ ਕੁਝ ਹਿੱਸੇ। ਅਸਲ ਵਿੱਚ ਸੱਪ ਦੀ ਚਮੜੀ ਬਹੁਤ ਨਰਮ ਹੁੰਦੀ ਹੈ ਤੇ ਬਹੁਤੀ ਵਾਰ ਇਸ ਤੋਂ ਸਰਦੀ ਨਹੀਂ ਸਹਾਰੀ ਜਾਂਦੀ। ਪਿੰਡ ਹੁੰਦਿਆਂ ਸਿਆਲਾਂ ਵਿੱਚ ਜਦ ਬਹੁਤਾ ਕੋਰਾ ਪੈਂਦਾ ਸੀ ਤਾਂ ਠੰਡ ਨਾਲ ਮਰੇ ਪਏ ਸੱਪ ਆਮ ਦਿਸ ਜਾਂਦੇ ਸਨ ਖਾਸ ਕਰਕੇ ਸੜਕਾਂ ‘ਤੇ। ਇਸ ਦੇ ਮੁਕਾਬਲੇ ਅਸਟਰੇਲੀਆ ਵਿੱਚ ਸੱਪ ਲੋਕਾਂ ਦੇ ਘਰੀਂ ਆ ਵੜਦੇ ਹਨ ਤੇ ਹੁੰਦੇ ਵੀ ਜ਼ਹਿਰੀ ਹਨ। ਪਰ ਏਧਰ ਦੇਖੀਏ ਤਾਂ ਸੱਚ ਇਹ ਹੈ ਕਿ ਆਇਰਲੈਂਡ ਵਿੱਚ ਕਦੇ ਸੱਪ ਸਨ ਹੀ ਨਹੀਂ। ਇੰਗਲੈਂਡ ਵਿੱਚ ਵੀ ਸੱਪ ਨਹੀਂ ਸਨ। ਇਹ ਤਾਂ ਬਾਅਦ ਵਿੱਚ ਯੌਰਪ ਵਲੋਂ ਕੁਝ ਕਿਸਮਾਂ ਇਧਰ ਨੂੰ ਪਰਵਾਸ ਕਰ ਗਈਆਂ। ਮਾਹਿਰਾਂ ਅਨੁਸਾਰ ਦਸ ਹਜ਼ਾਰ ਸਾਲ ਪਹਿਲਾਂ ਬਰਫ-ਯੁੱਗ ਖਤਮ ਹੋਣ ਤੋਂ ਬਾਅਦ ਬਰਫ ਦੇ ਗਲੇਸ਼ੀਅਰ ਪਿਘਲਣ ਲੱਗ ਪਏ। ਜਿਸ ਨਾਲ ਸਮੁੰਦਰ ਦਾ ਲੈਵਲ ਵਧਣ ਲੱਗਾ ਤੇ ਬਹੁਤ ਸਾਰੀ ਜ਼ਮੀਨ ਪਾਣੀ ਹੇਠ ਦੱਬੀ ਜਾਣ ਲੱਗੀ। ਬਰਫ-ਯੁੱਗ ਵਿੱਚ ਸਾਰੇ ਜਾਨਵਰ ਮਾਰੇ ਗਏ ਸਨ। ਬਰਫ-ਯੁੱਗ ਤੋਂ ਪਹਿਲਾਂ ਆਇਰਲੈਂਡ ਧਰਤੀ ਰਾਹੀਂ ਯੂਕੇ ਦੇ ਨਾਲ ਹੀ ਜੁੜਿਆ ਹੋਇਆ ਸੀ ਤੇ ਯੌਰਪ ਦੀ ਧਰਤੀ ਵੀ ਇੰਗਲੈਂਡ ਨਾਲ ਲਗਦੀ ਸੀ। ਬਰਫ-ਯੁੱਗ ਦੇ ਖਤਮ ਹੁੰਦਿਆਂ ਹੀ ਗਰਮ ਇਲਾਕਿਆਂ ਤੋਂ ਧਰਤੀ ‘ਤੇ ਰਹਿਣ ਵਾਲੇ ਬਹੁਤ ਸਾਰੇ ਜਾਨਵਰ ਖਾਣੇ ਦੀ ਤਾਲਾਸ਼ ਕਰਦੇ ਯੂਕੇ ਵੱਲ ਨੂੰ ਪਰਵਾਸ ਕਰਨ ਲੱਗੇ। ਤਿੰਨ ਜਾਨਵਰ ਭਾਰੀ ਮਾਤਰਾ ਵਿੱਚ ਆਏ, ਇਹ ਸਨ ਭੂਰੇ ਰਿੱਛ, ਤੇਂਦੂਏ ਤੇ ਜੰਗਲੀ ਸੂਰ। ਇਹ ਤਿੰਨੋਂ ਜਾਨਵਰ ਹੌਲੀ-ਹੌਲੀ ਆਇਰਲੈਂਡ ਵੀ ਪੁੱਜ ਗਏ ਸਨ। ਸਾਢੇ-ਅੱਠ ਹਜ਼ਾਰ ਸਾਲ ਪਹਿਲਾਂ ਉਸ ਵੇਲੇ ਦੀ ਗਲੋਬਲ ਵੌਰਮਿੰਗ ਕਾਰਨ ਯੂਕੇ ਤੇ ਆਇਰਲੈਂਡ ਵਿੱਚਕਾਰਲੇ ਨੀਵੇਂ ਹਿੱਸੇ ਵਿੱਚ ਪਾਣੀ ਭਰਨ ਲੱਗਾ ਤੇ ਹੌਲੀ-ਹੌਲੀ ਸਮੁੰਦਰ ਬਣ ਗਿਆ। ਹੋਰ ਜਾਨਵਰ ਉਸ ਪਾਸੇ ਨਾ ਜਾ ਸਕੇ। ਪਰ ਯੌਰਪ ਤੋਂ ਇੰਗਲੈਂਡ ਵੱਲ ਦੋ ਹਜ਼ਾਰ ਸਾਲ ਤੱਕ ਹੋਰ ਜਾਨਵਰ ਆਉਂਦੇ ਰਹੇ ਜਿਹਨਾਂ ਵਿੱਚ ਰੀਂਘਣ ਵਾਲੇ ਜਾਨਵਰ ਵੀ ਸਨ ਜਿਵੇਂ ਕਿ ਸੱਪ, ਛਿਪਕਿਲੀਆਂ ਆਦਿ। ਕੋਈ ਸਾਢੇ-ਛੇ ਹਜ਼ਾਰ ਸਾਲ ਪਹਿਲਾਂ ਯੌਰਪ ਤੇ ਇੰਗਲੈਂਡ ਵਿਚਕਾਰਲੀ ਜਗਾਹ ਵਿੱਚ ਵੀ ਪਾਣੀ ਦਾ ਲੈਵਲ ਵਧ ਗਿਆ ਤੇ ਇਥੇ ਵੀ ਸਮੁੰਦਰ ਬਣ ਗਿਆ। ਜਿੰਨੇ ਕੁ ਧਰਤੀ ‘ਤੇ ਰਹਿਣ ਵਾਲੇ ਜਾਨਵਰ ਇਸ ਪਾਸੇ ਆ ਚੁੱਕੇ ਸਨ, ਆ ਗਏ, ਹੋਰ ਨਾਲ ਆ ਸਕੇ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਵੀ ਕਦੇ ਧਰਤੀ ਹੁੰਦੀ ਸੀ ਤੇ ਲੋਕ ਤੁਰ ਕੇ ਲੰਘਿਆ ਕਰਦੇ ਸਨ। ਇਵੇਂ ਸਮੁੰਦਰ ਦਾ ਲੈਵਲ ਬਦਲਦਾ ਰਹਿੰਦਾ ਹੈ। ਹਾਲੇ ਵੀ ਸਾਡੀ ਯਾਦ (Living-Memories) ਵਿੱਚ ਸੁਨਾਮੀ ਆਉਣ ਨਾਲ ਕਈ ਵਾਰ ਸਮੁੰਦਰ ਧਰਤੀ ਦੱਬਦਾ-ਛਡਦਾ ਮਿਲਦਾ ਹੈ। ਸੋ ਯੌਰਪ ਵਲੋਂ ਇਸ ਪਾਸੇ ਪਰਵਾਸੀ ਹੋਈ ਸੱਪ ਦੀ ਪ੍ਰਮੁੱਖ ਕਿਸਮ ਨੂੰ ਐਡਰ (Adder) ਕਿਹਾ ਜਾਂਦਾ ਹੈ। ਐਡਰ ਤੋਂ ਬਿਨਾਂ ਤਿੰਨ ਕਿਸਮਾਂ ਸੱਪਾਂ ਦੀਆਂ ਹੋਰ ਹਨ ਜੋ ਯੂਕੇ ਵਿੱਚ ਮਿਲਦੀਆਂ ਹਨ, ਜਿਵੇਂ ਕਿ ਸਮੂਥ ਸਨੇਕ, ਗਰਾਸ ਸਨੇਕ, ਬਾਰਡ ਸਨੇਕ।

ਐਡਰ ਯੂਕੇ ਦਾ ਪਹਿਲਾ ਸੱਪ ਮੰਨਿਆਂ ਜਾਂਦਾ ਹੈ। ਸਕੌਟਲੈਂਡ ਵਿੱਚ ਸਿਰਫ ਐਡਰ ਹੀ ਮਿਲਦਾ ਹੈ। ਇਹ ਸੱਪ ਸਮੇਂ ਨਾਲ ਠੰਡ ਸਹਿਣ ਦਾ ਆਦੀ ਹੋ ਚੁੱਕਾ ਹੈ ਪਰ ਫਿਰ ਵੀ ਇਹ ਸਰਦੀਆਂ ਵਿੱਚ ਸ਼ਾਇਦ ਹੀ ਕਦੇ ਦਿਖਾਈ ਦੇਵੇ। ਇਹ ਜ਼ਹਿਰੀ ਸੱਪ ਹੈ। ਇਸ ਦੀ ਸਿਰੀ ਵਿੱਚ ਜ਼ਹਿਰ ਨੂੰ ਇਨਜੈਕਟ ਕਰਨ ਦਾ ਮੈਕੈਨਿਜ਼ਮ ਬਹੁਤ ਮਜ਼ਬੂਤ ਹੈ, ਕਿਹਾ ਜਾਂਦਾ ਹੈ ਕਿ ਡੰਗ ਮਾਰ ਕੇ ਇਹ ਉਲਟਾ ਨਾ ਵੀ ਹੋਵੇ ਤਾਂ ਇਸ ਦੀ ਜ਼ਹਿਰ ਅਸਰ ਕਰ ਜਾਂਦੀ ਹੈ। ਪਰ ਇਹ ਜ਼ਹਿਰ ਬਹੁਤੀ ਖਤਰਨਾਕ ਨਹੀਂ ਹੈ। ਇਸ ਦਾ ਇਲਾਜ ਸਹਿਜੇ ਹੀ ਹੋ ਜਾਂਦਾ ਹੈ। ਜੇ ਸਮੇਂ ਸਿਰ ਦਵਾਈ ਮਿਲ ਜਾਵੇ ਤਾਂ ਬੰਦਾ ਮਰਦਾ ਨਹੀਂ। ਬੱਚਿਆਂ ਤੇ ਬੁੱਢਿਆਂ ਲਈ ਇਹ ਜ਼ਹਿਰ ਖਤਰਨਾਕ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਪਾਚਨ-ਸ਼ਕਤੀ ਹਾਲੇ ਪੂਰੀ ਉਨਤ ਨਹੀਂ ਹੋਈ ਹੁੰਦੀ ਜਾਂ ਕਮਜ਼ੋਰ ਪੈ ਗਈ ਹੁੰਦੀ ਹੈ। ਆਮ ਲੋਕਾਂ ਨੂੰ ਇਹ ਸੱਪ ਕੱਟੇ ਤਾਂ ਕੱਟਣ ਵਾਲੀ ਥਾਂ ਸੋਜ਼ਸ਼ ਪੈ ਜਾਂਦੀ ਹੈ। ਇਹ ਸ਼ਰਮੀਲਾ ਜਿਹਾ ਸੱਪ ਹੈ, ਸਾਡੇ ਖੜੱਪੇ ਵਾਂਗ ਬੰਦੇ ਮਗਰ ਨਹੀਂ ਭੱਜਦਾ। ਵੈਸੇ ਤਾਂ ਹਰ ਸੱਪ ਜਦ ਖਤਰੇ ਵਿੱਚ ਘਿਰਿਆ ਸਮਝੇ ਤੱਦ ਹੀ ਹਮਲਾ ਕਰਦਾ ਹੈ। ਖੜੱਪਾ ਵੀ ਅੱਤ-ਗਰਮੀ (ਜੇਠ-ਹਾੜ) ਵਿੱਚ ਹੀ ਬੰਦੇ ਮਗਰ ਪੈਂਦਾ ਹੈ। ਨਰ ਐਡਰ-ਸੱਪ ਆਮ ਤੌਰ ‘ਤੇ ਚਿੱਟਾ ਤੇ ਘਸਮੇਲੇ ਜਿਹੇ ਰੰਗ ਦਾ ਹੁੰਦਾ ਹੈ। ਸੱਪਣੀ ਭੂਰੇ ਰੰਗ ਵਿੱਚ ਹੁੰਦੀ ਹੈ। ਕਈ ਵਾਰ ਖਾਕੀ ਤੇ ਕਾਲੇ ਰੁਕ ਵਿੱਚ ਵੀ ਇਹ ਸੱਪ ਮਿਲ ਜਾਂਦੇ ਹਨ। ਇਹ ਬਹੁਤੇ ਲੰਮੇ ਨਹੀਂ ਹੁੰਦੇ। ਨਰ ਸੱਪ ਸੱਠ ਸੈਂਟੀਮੀਟਰ ਲੰਮਾ ਤੇ ਸੱਠ ਗਰਾਮ ਭਾਰਾ ਹੁੰਦਾ ਹੈ। ਸੱਪਣੀ ਪਝੱਤਰ ਸੈਂਟੀਮੀਟਰ ਲੰਮੀ ਤੇ ਸੌ ਗਰਾਮ ਭਾਰੀ ਹੋ ਸਕਦੀ ਹੈ। ਇਹਨਾਂ ਦੀ ਉਮਰ ਵੀਹ ਕੁ ਸਾਲ ਹੁੰਦੀ ਹੈ। ਇਹ ਡੱਡੂ, ਚੂਹੇ, ਕਿਰਲੀਆਂ ਆਦਿ ਖਾਂਦੇ ਹਨ। ਇਹ ਆਪਣੇ ਸ਼ਿਕਾਰ ਨੂੰ ਅਧਮੋਇਆ ਕਰਕੇ ਖਾਂਦਾ ਹੈ। ਵੈਸੇ ਸੱਪਾਂ ਦੀਆਂ ਕਈ ਹੋਰ ਕਿਸਮਾਂ ਵਾਂਗ ਐਡਰ ਵੀ ਗਰਮੀਆਂ ਨੂੰ ਕਾਫੀ ਸਰਗਰਮ ਹੋ ਜਾਂਦਾ ਹੈ। ਇਹ ਸ਼ਿਕਾਰ ਕਰਦਾ ਅਕਸਰ ਨਜ਼ਰੀਂ ਪੈ ਜਾਂਦਾ ਹੈ। ਪਿਛਲੇ ਦਿਨੀਂ ਯੂਕੇ ਵਿੱਚ ਪਈ ਬਹੁਤੀ ਗਰਮੀ ਵਿੱਚ ਇਸ ਦੇ ਕੱਟਣ ਦੇ ਕਈ ਕੇਸ ਸਾਹਮਣੇ ਆਏ ਹਨ ਪਰ ਸ਼ੁਕਰ ਹੈ ਕਿ ਕੋਈ ਮੌਤ ਨਹੀਂ ਹੋਈ। ਉਂਜ ਵੀ ਜ਼ਹਿਰ ਦਾ ਮੁੱਖ ਤੌਰ ‘ਤੇ ਵਾਹ ਗਰਮੀ ਨਾਲ ਹੈ। ਐਡਰ ਬਰਫ ਪੈਂਦੇ ਇਲਾਕਿਆਂ ਵਿੱਚ ਮਿਲਣ ਵਾਲਾ ਇਕੋ ਇਕ ਜ਼ਹਿਰੀਲਾ ਸੱਪ ਹੈ। ਯੌਰਪ ਵਿੱਚ ਇਸ ਦੀਆਂ ਕੁਝ ਹੋਰ ਕਿਸਮਾਂ ਵੀ ਮਿਲਦੀਆਂ ਹਨ। ਯੂਕੇ ਵਿੱਚ ਇਸ ਸੱਪ ਦੀ ਗਿਣਤੀ ਬਾਰੇ ਕੋਈ ਅੰਦਾਜ਼ਾ ਨਹੀਂ ਹੈ।

ਦੂਜੀ ਕਿਸਮ ਜਿਹੜੀ ਯੂਕੇ ਵਿੱਚ ਸੱਪਾਂ ਦੀ ਮਿਲਦੀ ਹੈ ਉਹ ਹੈ ਗਰਾਸ ਸਨੇਕ (Grass Snake), ਅਸੀਂ ਇਸ ਨੂੰ ਪਾਣੀ ਵਾਲਾ ਸੱਪ ਆਖਦੇ ਹਾਂ। ਇਹ ਜ਼ਹਿਰੀ ਨਹੀਂ ਹੁੰਦਾ। ਇਹ ਘਾਹ ਜਾਂ ਪਾਣੀ ਦੇ ਆਲੇ-ਦੁਆਲੇ ਜ਼ਿਆਦਾ ਮਿਲਦਾ ਹੈ। ਸਕੌਟਲੈਂਡ ਵਿੱਚ ਇਹ ਬਿਲਕੁਲ ਨਹੀਂ ਹੁੰਦਾ। ਵੇਲਜ਼ ਵਿੱਚ ਕਿਤੇ ਕਿਤੇ ਮਿਲ ਜਾਂਦਾ ਹੈ। ਇਹਦੀ ਸਿਰੀ ਨਾਲ ਲਗਦਾ ਹਿੱਸਾ ਪੀਲਾ ਜਾਂ ਭੂਰਾ ਹੁੰਦਾ ਹੈ। ਠੰਡੇ ਇਲਾਕੇ ਵਿੱਚ ਇਸਦਾ ਰੰਗ ਗੂਹੜਾ ਵੀ ਹੋ ਸਕਦਾ ਹੈ। ਇਸ ਦੀ ਲੰਮਾਈ ਸੌ ਸੈਂਟੀਮੀਟਰ ਤੇ ਭਾਰ ਦੋ ਸੌ ਚਾਲੀ ਗਰਾਮ ਤੱਕ ਹੋ ਜਾਂਦਾ ਹੈ।

ਤੀਜੀ ਕਿਸਮ ਹੈ, ਸਮੂਥ ਸਨੇਕ (Smooth Snake)। ਇਸ ਦੀ ਚਮੜੀ ਬਹੁਤ ਤਿਲਕਵੀਂ ਹੁੰਦੀ ਹੈ। ਇਹ ਵੀ ਯੂਕੇ ਦਾ ਮੁਢਲਾ ਸੱਪ ਹੀ ਹੈ। ਇਸ ਦਾ ਭੂਸਲਾ ਰੰਗ ਲਾਲ ਜਿਹਾ ਭਾਅ ਮਾਰਦਾ ਹੁੰਦਾ ਹੈ। ਇਸ ਦੇ ਸਰੀਰ ‘ਤੇ ਵੀ ਐਡਰ ਵਰਗੇ ਹੀ ਪੈਟਰਨ ਬਣੇ ਹੁੰਦੇ ਹਨ। ਕਈ ਲੋਕ ਇਸ ਦਾ ਐਡਰ ਨਾਲ ਭੁਲੇਖਾ ਵੀ ਖਾ ਜਾਂਦੇ ਹਨ। ਇਹ ਸੱਠ ਤੋਂ ਪਝੱਤਰ ਸੈਂਟੀਮੀਟਰ ਲੰਮਾ ਹੁੰਦਾ ਹੈ ਤੇ ਭਾਰਾ ਇਕ ਸੌ ਪੰਜਾਹ ਗਰਾਮ। ਇਹ ਛੋਟੇ ਸੱਪਾਂ ਨੂੰ ਵੀ ਖਾ ਜਾਂਦਾ ਹੈ। ਇਹ ਆਪਣੇ ਸ਼ਿਕਾਰ ਨੂੰ ਜਿਉਂਦਿਆਂ ਖਾਂਦਾ ਹੈ। ਇਹ ਇੰਗਲੈਂਡ ਦੇ ਪੱਛਮ ਵੱਲ ਦੇ ਹਿੱਸੇ ਵਿੱਚ ਜ਼ਿਆਦਾ ਮਿਲਦਾ ਹੈ। ਪਰ ਇਸ ਕਿਸਮ ਦੀ ਗਿਣਤੀ ਸ਼ਾਇਦ ਬਹੁਤ ਘੱਟ ਹੈ।

ਚੌਥੀ ਕਿਸਮ ਹੈ, ਬਾਰਡ ਗਰਾਸ ਸਨੇਕ (Barred Grass Snake)। ਇਹ ਪਾਣੀ ਵਾਲੇ ਸੱਪ ਦੀ ਹੀ ਇਕ ਕਿਸਮ ਹੈ ਜਿਸਨੂੰ ਚਾਰ-ਪੰਜ ਸਾਲ ਪਹਿਲਾਂ ਹੀ ਪੱਛਾਣਿਆਂ ਗਿਆ ਹੈ। ਇਸ ਦਾ ਪਾਣੀ ਵਾਲੇ ਸੱਪ ਨਾਲੋਂ ਫਰਕ ਇਹ ਹੈ ਕਿ ਇਸ ਦੀ ਗਰਦਣ ਪੀਲੀ ਨਹੀਂ ਹੁੰਦੀ। ਪਾਣੀ ਵਾਲਾ ਸੱਪ ਹਰੇ-ਭੂਰੇ ਰੰਗ ਦਾ ਹੁੰਦਾ ਹੈ ਤੇ ਇਹ ਭੂਸਲੇ ਰੰਗ ਦਾ। ਇਸ ਦੇ ਸਰੀਰ ‘ਤੇ ਕਾਲੇ ਰੰਗ ਦੇ ਪੈਟਰਨ ਬਣੇ ਹੁੰਦੇ ਹਨ, ਪਾਣੀ ਵਾਲੇ ਸੱਪ ਵਰਗੇ। ਇਸਦੀ ਲੰਮਾਈ ਇਕ ਸੌ ਸੈਂਟੀਮੀਟਰ ਤੇ ਭਾਰ ਦੋ ਸੌ ਗਰਾਮ ਹੁੰਦਾ ਹੈ। ਇਹ ਪੂਰੇ ਇੰਗਲੈਂਡ ਵਿੱਚ ਮਿਲਦਾ ਹੈ।

ਇਹਨਾਂ ਤੋਂ ਬਿਨਾਂ ਜਿਹੜੇ ਲੋਕਾਂ ਨੇ ਪਾਲਤੂ ਸੱਪ ਰੱਖੇ ਹੋਏ ਹਨ ਉਹ ਇਕ ਵੱਖਰਾ ਵਿਸ਼ਾ ਹੈ।

ਵੈਸੇ ਸੱਪ ਇਕ ਡਰਾਉਣਾ ਜੀਵ ਹੈ। ਕਿਹਾ ਜਾਂਦਾ ਹੈਕਿ ਬਹੁਤ ਵਾਰੀ ਲੋਕ ਸੱਪ ਦੇ ਕੱਟਣ ਨਾਲ ਨਹੀਂ ਮਰਦੇ, ਇਸ ਦੇ ਦਹਿਲ ਨਾਲ ਹੀ ਮਰ ਜਾਂਦੇ ਹਨ। ਸੱਪ ਦਾ ਡਰ ਜਿਸ ਨੂੰ ਓਫੀਡੀਓਫੋਬੀਆ (Ophidiophobia) ਕਹਿੰਦੇ ਹਨ ਬਹੁਤ ਆਮ ਹੈ। ਸੱਪ ਕੀੜੇ-ਮਕੌੜੇ ਖਾਂਦੇ ਹੋਣ ਕਰਕੇ ਈਕੋਸਿਸਟਮ ਨੂੰ ਬੈਲੰਸ ਰੱਖਣ ਦੇ ਕੰਮ ਆਉਂਦੇ ਹਨ। ਐਡਰ ਦੇ ਲੜਨ ਨਾਲ 1950 ਤੋਂ ਲੈਕੇ 1972 ਤੱਕ ਸਿਰਫ ਤਿੰਨ ਬੰਦੇ ਮਰੇ ਸਨ। 1975 ਵਿੱਚ ਸਕੌਟਲੈਂਡ ਵਿੱਚ ਐਡਰ ਨੇ ਇਕ ਬੱਚੇ ਨੂੰ ਕੱਟ ਲਿਆ ਸੀ। ਇਸ ਸਮੇਂ ਦੌਰਾਨ ਸ਼ਹਿਦ ਦੀਆਂ ਮੱਖੀਆਂ, ਸਪਾਈਡਰਾਂ ਆਦਿ ਨਾਲ ਲੜਨ ਨਾਲ 61 ਲੋਕ ਮਰੇ ਸਨ। ਮੈਂ ਇਸ ਮੁਲਕ ਵਿੱਚ ਆਪਣੇ ਏਨੇ ਸਾਲਾਂ ਦੇ ਕਿਆਮ ਦੌਰਾਨ ਕਦੇ ਖ਼ਬਰ ਨਹੀਂ ਸੁਣੀ ਕਿ ਸੱਪ ਲੜੇ ‘ਤੇ ਕੋਈ ਮਰਿਆ ਹੋਵੇ। ਇਹੀ ਕਾਰਨ ਹੈ ਕਿ ਸੱਪ ਨੂੰ ਏਡਾ ਵੱਡਾ ਹਊਆ ਨਹੀਂ ਮੰਨਿਆਂ ਜਾਂਦਾ ਜਿਵੇਂ ਸਾਡੇ ਲਿਆ ਜਾਂਦਾ ਹੈ। ਹਾਂ, ਇਥੇ ਸੱਪ ਨੂੰ ਮਾਰਨ ਦੀ ਮਨਾਹੀ ਵੀ ਹੈ।

ਇਕ ਵਾਰਨਿੰਗ: ਜੇ ਤੁਹਾਨੂੰ ਕਦੇ ਯੂਕੇ ਵਿੱਚ ਕਿਤੇ ਸੱਪ ਦਿਸ ਜਾਵੇ ਤਾਂ ਇਸਨੂੰ ਮਾਰਨਾ ਨਹੀਂ ਤੇ ਨਾ ਹੀ ਕਦੇ ਫੜਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜਿਵੇਂ ਮੈਂ ਕਿਹਾ ਕਿ ਯੂਕੇ ਵਿੱਚ ਸੱਪ ਮਾਰਨਾ, ਇਸਨੂੰ ਜ਼ਖ਼ਮੀ ਕਰਨਾ ਜਾਂ ਫੜਨਾ ਗੈਰ-ਕਾਨੂੰਨੀ ਹੈ, ਇੰਜ ਕਰਨ ‘ਤੇ ਸਜ਼ਾ ਭਾਵ ਜੇਲ੍ਹ ਵੀ ਤੇ ਜੁਰਮਾਨਾ ਵੀ ਹੋ ਸਕਦਾ ਹੈ।

Comentários


bottom of page