ਰਾਜਾ ਰਾਮ ਮੋਹਨ ਰਾਏ ਦੀ ਛੱਤਰੀ / ਹਰਜੀਤ ਅਟਵਾਲ /
ਇਥੇ ਜਦ ਛੱਤਰੀ ਦੀ ਗੱਲ ਹੋ ਰਹੀ ਹੈ ਤਾਂ ਇਸ ਤੋਂ ਭਾਵ ਉਹ ਛਤਰੀ ਨਹੀਂ ਜੋ ਤੁਹਾਨੂੰ ਧੁੱਪ-ਮੀਂਹ ਤੋਂ ਬਚਾਉਂਦੀ ਹੈ ਸਗੋਂ ਛੱਤਰੀ ਜਾਂ ਅੰਗਰੇਜ਼ੀ ਵਿੱਚ ਅੰਬਰੇਲਾ ਅੰਗਰੇਜ਼ੀ ਦੀ ਇਕ ਟਰਮ ਹੈ ਜਿਸ ਦਾ ਮਤਲਬ ਹੁੰਦਾ ਹੈ- ਗੁੰਬਦ, ਸਮਾਰਕ, ਮੌਨੂਮੈਂਟ। ਇਵੇਂ ਹੀ ਰਾਜਾ ਰਾਮ ਮੋਹਨ ਰਾਏ (੧੭੭੨¸੧੮੩੩) ਦੀ ਕਬਰ ‘ਤੇ ਬਣਾਏ ਹੋਏ ਗੁੰਬਦ ਨੂੰ ਰਾਜਾ ਰਾਮ ਮੋਹਨ ਰਾਏ ਦੀ ਛੱਤਰੀ ਕਿਹਾ ਜਾਂਦਾ ਹੈ। ਇਹ ਇੰਗਲੈਂਡ ਦੇ ਸ਼ਹਿਰ ਬਿ੍ਰਟਲ ਦੇ ਆਰਨਸ ਵੇਲ ਸਮਿਟਰੀ ਨਾਮੀ ਕਬਰਸਤਾਨ ਵਿੱਚ ਸਥਿਤ ਹੈ। ਅਸਲ ਵਿੱਚ ਰਾਜਾ ਰਾਮ ਮੋਹਨ ਰਾਏ ਦੀ ੨੭ ਸਤੰਬਰ ੧੮੩੩ ਨੂੰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਉਸ ਵੇਲੇ ਉਹ ਬੀਚ ਹਾਊਸ, ਸਟੈਪਲਟਨ ਗਰੋਵ, ਬਿ੍ਰਟਲ ਵਿੱਚ ਠਹਿਰਿਆ ਹੋਇਆ ਸੀ ਤੇ ਉਸ ਨੂੰ ਉਸ ਦੇ ਯੂਨੀਟੇਰੀਅਨ ਦੋਸਤਾਂ ਵਲੋਂ ਬੀਚ ਹਾਊਸ ਵਿੱਚ ਹੀ ਦਫਨਾ ਦਿੱਤਾ ਗਿਆ ਸੀ ਪਰ ਸਾਢੇ ਨੌਂ ਸਾਲ ਬਾਅਦ ਉਸ ਦੀ ਦੇਹ ਨੂੰ ਉਪਰ ਦੱਸੇ ਕਬਰਸਤਾਨ ਵਿੱਚ ਲੈ ਜਾਇਆ ਗਿਆ ਸੀ ਕਿਉਂਕਿ ਉਸ ਦੀ ਯਾਦ ਵਿੱਚ ਸਮਾਰਕ ਬਣਾਉਣ ਲਈ ਪਹਿਲੀ ਜਗਾਹ ਥਾਂ ਦੀ ਘਾਟ ਸੀ। ਜਦ ਮੈਂ ਇੰਗਲੈਂਡ ਵਿੱਚ ਆ ਕੇ ਇਥੇ ਵਸੇ ਪਹਿਲੇ ਭਾਰਤੀਆਂ ਦੀਆਂ ਪੈੜਾਂ ਦੱਬਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਨਾਂ ਸਭ ਤੋਂ ਉਭਰ ਕੇ ਸਾਹਮਣੇ ਆਉਂਦਾ ਸੀ। ਉਸ ਨੇ ਇੰਗਲੈਂਡ ਵਿੱਚ ਆਪਣੇ ਢਾਈ ਕੁ ਸਾਲ ਦੇ ਕਿਆਮ ਦੌਰਾਨ ਭਰਪੂਰ ਹਾਜ਼ਰੀ ਲਗਵਾਈ ਸੀ।
ਰਾਜਾ ਰਾਮ ਮੋਹਨ ਰਾਏ ਬਾਰੇ ਅਸੀਂ ਸਕੂਲਾਂ ਦੀਆਂ ਕਿਤਾਬਾਂ ਵਿੱਚ ਪੜ੍ਹਦੇ ਆਏ ਹਾਂ ਕਿ ਉਸ ਨੇ ਸਤੀ ਦੀ ਰਸਮ ਤੇ ਬਾਲ ਵਿਆਹ ਵਿਰੁਧ ਆਵਾਜ਼ ਉਠਾਈ ਸੀ ਤੇ ਵਿਧਵਾ ਦੇ ਦੁਬਾਰਾ ਵਿਆਹ ਦੀ ਪ੍ਰੋੜਤਾ ਕੀਤੀ ਸੀ ਔਰਤਾਂ ਦੇ ਜਾਇਦਾਦ ਵਿੱਚ ਹੱਕ ਦੀ ਗੱਲ ਕੀਤੀ ਪਰ ਇਥੋਂ ਦੀ ਉਸ ਦਾ ਇਤਿਹਾਸ ਫਰੋਲੀਏ ਤਾਂ ਉਸ ਦੀ ਸ਼ਖਸੀਅਤ ਦੇ ਕਈ ਹੋਰ ਅਹਿਮ ਪਹਿਲੂ ਸਾਹਮਣੇ ਆਉਂਦੇ ਹਨ। ਉਹ ਪਹਿਲਾ ਏਨਾ ਪੜਿਆ ਲਿਖਿਆ ਭਾਰਤੀ ਸੀ ਜੋ ਕਈ ਭਾਸ਼ਾਵਾਂ ਵਿੱਚ ਮੁਹਾਰਤ ਰੱਖਦਾ ਸੀ ਤੇ ਕਈ ਵਿਸ਼ਿਆਂ ਦਾ ਵਿਸ਼ੇਸ਼ੱਗ ਸੀ। ਉਸ ਨੇ ਭਾਰਤੀ ਸਮਾਜ ਨਾਲ ਆਧੁਨਿਕਾਤਾ ਦੀ ਜਾਣ-ਪੱਛਾਣ ਕਰਾਈ। ਉਸ ਨੂੰ ਮਾਡਰਨ ਭਾਰਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ ੧੮੩੧ ਵਿੱਚ ਇੰਗਲੈਂਡ ਆਇਆ ਸੀ। ਉਸ ਦੇ ਆਉਣ ਤੋਂ ਪਹਿਲਾਂ ਹੀ ਇੰਗਲੈਂਡ ਦੇ ਕਈ ਹਲਕਿਆਂ ਵਿੱਚ ਉਸ ਦੀ ਖੂਬ ਚਰਚਾ ਚੱਲ ਰਹੀ ਸੀ ਇਸੇ ਲਈ ਦਾ ਇੰਗਲੈਂਡ ਪੁੱਜਣ ‘ਤੇ ਭਰਪੂਰ ਸਵਾਗਤ ਕੀਤਾ ਗਿਆ ਸੀ। ਸਵਾਗਤ ਕਰਨ ਵਾਲਿਆਂ ਵਿੱਚ ਉਸ ਵੇਲੇ ਦਾ ਰਾਜਾ ਕਿੰਗ ਵਿਲੀਅਮ ਚੌਥਾ ਤੇ ਯੂਨੀਟੇਰੀਅਨਜ਼ ਸ਼ਾਮਲ ਸਨ। ਯੂਨੀਟੇਰੀਅਨ ਇਸਾਈਆਂ ਦੀ ਉਹ ਸ਼ਾਖਾ ਹੈ ਜੋ ਕਹਿੰਦੇ ਹਨ ਕਿ ਰੱਬ ਇਕ ਹੈ ਨਹੀਂ ਤਾਂ ਬਹੁਤ ਇਸਾਈ ਰੱਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਨ- ਪਿਤਾ, ਪੁੱਤਰ ਤੇ ਹੋਲੀ ਸਪਿਰਟ।
ਰਾਜਾ ਰਾਮ ਮੋਹਨ ਰਾਏ ਦਾ ਜਨਮ ੨੨ ਮਈ ੧੭੭੨ ਨੂੰ ਬੰਗਾਲ ਵਿੱਚ ਹੋਇਆ ਪਰ ਉਸ ਦੀ ਕਬਰ ਉਪਰ ਇਹ ਵਰ੍ਹਾ ੧੭੭੪ ਲਿਖਿਆ ਹੋਇਆ ਹੈ। ਉਸ ਦਾ ਵਾਹ ਅਖਾਉਤੀ ਉਚੀ ਬ੍ਰਾਹਮਣ ਜਾਤੀ ਨਾਲ ਸੀ ਪਰ ਜਿਵੇਂ ਜਿਵੇਂ ਉਹ ਵਿਦਿਆ ਹਾਸਲ ਕਰਦਾ ਗਿਆ ਉਹ ਜਾਤ-ਪਾਤ ਤੋਂ ਮੁਕਤ ਹੁੰਦਾ ਗਿਆ। ੳਹ ਗਿਆਨ ਹਾਸਲ ਕਰਨ ਲਈ ਪੂਰਾ ਭਾਰਤ ਘੁੰਮਿਆਂ। ਉਸ ਵੇਲੇ ਬੰਗਾਲ ਸਮੇਤ ਭਾਰਤ ਦੇ ਵੱਡੇ ਹਿੱਸੇ ਉਪਰ ਅੰਗਰੇਜ਼ਾਂ ਦਾ ਰਾਜ ਸੀ। ਬੰਗਾਲੀ ਤੇ ਹਿੰਦੀ ਤਾਂ ਉਸ ਦੀਆਂ ਮੁਢਲੀਆਂ ਬੋਲੀਆਂ ਸਨ ਪਰ ਉਸ ਨੇ ਸੰਸਕ੍ਰਿਤ, ਅਰਬੀ, ਪਰਸ਼ੀਅਨ ਤੇ ਅੰਗਰੇਜ਼ੀ ਜ਼ੁਬਾਨਾਂ ਦਾ ਵੀ ਨਿੱਠ ਕੇ ਅਧਿਅਨ ਕੀਤਾ। ਉਸ ਨੇ ਬਾਣੀਆਂਗਿਰੀ (ਪੈਸੇ ਉਧਾਰ ਦੇਣ) ਵਾਲਾ ਕਿੱਤਾ ਅਪਣਾਇਆ ਜਿਸ ਵਿੱਚ ਉਸ ਨੇ ਕਾਫੀ ਨਾਂ ਬਣਾ ਲਿਆ ਸੀ ਤੇ ਉਸ ਦੇ ਸੰਬੰਧ ਈਸਟ ਇੰਡੀਆ ਕੰਪਨੀ ਨਾਲ ਬਣ ਗਏ। ਸੰਨ ੧੮੦੫ ਵਿੱਚ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਜੌਹਨ ਡਿਗਬੀ ਨੇ ਉਸ ਨੂੰ ਆਪਣੇ ਨਾਲ ਕੰਮ ਕਰਨ ਲਈ ਰੱਖ ਲਿਆ। ਇਥੇ ਕੰਮ ਕਰਦਿਆਂ ਉਸ ਦਾ ਵਾਹ ਇਸਾਈ ਧਰਮ ਤੇ ਪੱਛਮੀ ਸਭਿਆਚਾਰ ਨਾਲ ਵਾਹ ਪਿਆ। ਉਸ ਦੀ ਦਿਲਚਸਪੀ ਇਸਾਈਮੱਤ ਵਿੱਚ ਪੈਦਾ ਹੋ ਗਈ। ਉਸ ਨੇ ਹੈਬਰਿਊ ਤੇ ਗਰੀਕ ਭਾਸ਼ਾਵਾਂ ਸਿਖੀਆਂ ਤਾਂ ਜੋ ਬਾਈਬਲ ਦੀਆਂ ਓਲਡ ਤੇ ਨੀਊ ਟੈਸਟਸਮੈਂਟਸ ਨੂੰ ਚੰਗੀ ਤਰਾਂ੍ਹ ਸਮਝ ਸਕੇ। ੧੮੨੦ ਵਿੱਚ ਉਸ ਨੇ ਇਸਾਈਮੱਤ ਬਾਰੇ ਕਿਤਾਬ ਵੀ ਛਪਵਾਈ। ਉਸ ਨੇ ਹਿੰਦੂ ਧਰਮ ਵਿੱਚ ਵਹਿਮਾਂ ਭਰਮਾਂ ਖਿਲਾਫ ਆਵਜ਼ ਉਠਾਈ। ਉਸ ਨੇ ਵੇਦਾਂ, ਉਪਨਿਸ਼ਦਾਂ ਦਾ ਬੰਗਾਲੀ ਤੇ ਅੰਗਰੇਜ਼ੀ ਵਿੱਚ ਸੰਖੇਪ ਤਰਜਮਾ ਕੀਤਾ। ਉਸ ਦਾ ਕਹਿਣਾ ਸੀ ਕਿ ਵੇਦ ਤੇ ਉਪਨਿਸ਼ਦ ਇਕੋ ਗੱਲ ਕਹਿੰਦੇ ਹਨ ਉਸ ਰੱਬ ਦੀ ਪੂਜਾ ਕਰੋ ਜੋ ਇਸ ਬ੍ਰਹਿਮੰਡ ਨੂੰ ਚਲਾਉਂਦਾ ਹੈ। ਇਕ ਰੱਬ ਵਾਲੀ ਉਸ ਦੀ ਥਿਊਰੀ ਕਾਰਨ ਹੀ ਯੂਨੀਟੇਰੀਅਨਜ਼ ਉਸ ਦੇ ਨੇੜੇ ਹੋਏ ਸਨ। ਉਸ ਦੇ ਇਸ ਤਰਜਮੇ ਕਾਰਨ ਉਸ ਨੂੰ ਇਕ ਇਕ ਫਰਾਂਸੀਸੀ ਸੁਸਾਇਟੀ ਨੇ ਮੈਂਬਰਸ਼ਿੱਪ ਵੀ ਦਿੱਤੀ ਸੀ।
ਉਹ ਭਾਰਤ ਦੀਆਂ ਪਹਿਲੀਆਂ ਦੋ ਹਫਤਾਵਾਰ ਅਖ਼ਬਾਰਾਂ ਦਾ ਸੰਪਾਦਕ ਬਣਿਆਂ। ਸੰਨ ੧੮੨੩ ਵਿੱਚ ਜਦ ਪਰੈੱਸ ਉਪਰ ਸੈਂਸਰਸ਼ਿੱਪ ਲਾਈ ਸੀ ਤਾਂ ਰਾਜਾ ਰਾਮ ਮੋਹਨ ਰਾਏ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਕਿ ਬੋਲਣ ਤੇ ਧਰਮ ਨੂੰ ਮੰਨਣ ਉਪਰ ਮਨੁੱਖ ਦਾ ਕੁਦਰਤੀ ਹੱਕ ਹੈ। ਇਸ ਵਿਰੋਧ ਨੇ ਉਸ ਦੇ ਜੀਵਨ ਵਿੱਚ ਇਕ ਵੱਡਾ ਮੋੜ ਲਿਆਂਦਾ। ਉਸ ਦਾ ਝੁਕਾਅ ਧਰਮ ਤੋਂ ਹਟ ਕੇ ਸਮਾਜਕ ਕੰਮਾਂ ਵਲ ਹੋ ਗਿਆ। ਉਹ ਅੰਗਰੇਜ਼ ਰਾਜ ਦਾ ਵਿਰੋਧ ਨਹੀਂ ਸੀ ਕਰਦਾ ਪਰ ਇਸ ਦੇ ਕੰਮਾਂ ਬਾਰੇ ਕਿੰਤੂ ਪ੍ਰੰਤੂ ਕਰਦਾ ਰਹਿੰਦਾ ਸੀ। ਉਸ ਨੇ ਪੁਰਾਣੇ ਬ੍ਰਤਾਨਵੀ ਰੈਵੇਨਿਉ ਸਿਸਟਮ ਨੂੰ ਭਾਰਤ ਉਪਰ ਲਾਗੂ ਕਰਨ ਦਾ ਵਿਰੋਧ ਵੀ ਕੀਤਾ। ਉਸ ਨੇ ਹਿਸਾਬ-ਕਿਤਾਬ ਲਾ ਕੇ ਦੱਸਿਆ ਕਿ ਅੰਗਰੇਜ਼ ਸਰਕਾਰ ਹਰ ਸਾਲ ਤਿੰਨ ਮਿਲੀਅਨ ਪੌਂਡ ਭਾਰਤ ਵਿੱਚੋਂ ਕੱਢ ਕੇ ਇੰਗਲੈਂਡ ਲੈ ਜਾ ਰਹੀ ਹੈ ਜਦ ਕਿ ਇਹ ਪੈਸਾ ਭਾਰਤ ਵਿੱਚ ਹੀ ਖਰਚਿਆ ਜਾਣਾ ਚਾਹੀਦਾ ਹੈ। ਜਦ ਸਰਕਾਰ ਨੇ ਸੰਸਕ੍ਰਿਤ ਨੂੰ ਬੰਗਾਲ ਵਿੱਚ ਲਾਗੂ ਕਰਨਾ ਚਾਹਿਆ ਤਾਂ ਉਸ ਨੇ ਇਸ ਖਿਲਾਫ ਬੋਲਦਿਆਂ ਕਿਹਾ ਕਿ ਕਲਾਸੀਕਲ ਭਾਰਤੀ ਸਾਹਿਤ ਨਾਲ ਬੰਗਾਲੀ ਨੌਜਵਾਨ ਪੀੜ੍ਹੀ ਉਲਝ ਜਾਵੇਗੀ ਕਿਉਂਕਿ ਉਸ ਵੇਲੇ ਬੰਗਾਲੀ ਜ਼ੁਬਾਨ ਹਾਲੇ ਏਨੀ ਉਨਤ ਨਹੀਂ ਸੀ ਹੋਈ। ਉਸ ਨੇ ਅੰਗਰੇਜ਼ ਰਾਜ ਵਿੱਚ ਆਮ ਭਾਰਤੀ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਉਪਰ ਉਂਗਲ ਰੱਖੀ। ਉਸ ਦੀ ਆਲਚੋਨਾ ਨੂੰ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨਿਰਾਰਥਕ ਤਰੀਕੇ ਨਾਲ ਨਹੀਂ ਸੀ ਦੇਖਦੀ ਸਗੋਂ ਸਲਾਹ ਵਾਂਗ ਲਿਆ ਕਰਦੀ ਸੀ।
੧੯੨੮ ਵਿੱਚ ਉਸ ਨੇ ਬ੍ਰਾਹਮੋ ਸਮਾਜ ਨਾਂ ਦੀ ਸੰਸਥਾ ਬਣਾਈ ਸੀ ਜਿਸ ਦਾ ਮਕਸਦ ਹਿੰਦੂ ਧਰਮ ਵਿੱਚ ਸੁਧਾਰ ਕਰਨਾ ਸੀ। ਅਸਲ ਵਿੱਚ ਉਸ ਦਾ ਮਕਸਦ ਇਸਾਈਮੱਤ ਤੇ ਹਿੰਦੂ ਧਰਮ ਦੇ ਗੁਣਾਂ ਨੂੰ ਇਕ ਥਾਂ ਰੱਖ ਕੇ ਦੇਖਣਾ ਸੀ। ਉਸ ਨੇ ਐਂਗਲੋ-ਹਿੰਦੂ ਸਕੂਲ ਵੀ ਖੋਹਲਿਆ ਤੇ ਚਾਰ ਸਾਲ ਬਾਅਦ ਵੇਦਾਂਤਾ ਕਾਲਜ ਵੀ ਚਲਾਇਆ ਜਿਸ ਵਿੱਚ ਹਿੰਦੂਮਤ ਸਿਧਾਂਤਾਂ ਨੂੰ ਮੌਡਰਨ ਤਰੀਕੇ ਨਾਲ ਪੜ੍ਹਾਇਆ ਜਾਂਦਾ ਸੀ। ਉਹ ਪਹਿਲਾ ਭਾਰਤੀ ਸੀ ਜਿਸ ਨੇ ਫਰਾਂਸੀਸੀ ਤੇ ਅਮਰੀਕਨ ਇਨਕਲਾਬ ਨੂੰ ਭਾਰਤ ਦੀ ਸਥਿਤੀ ਉਪਰ ਲਾਗੂ ਹੁੰਦਾ ਸਾਬਤ ਕੀਤਾ। ਉਸ ਦੀ ਵਿਦਵਤਾ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ। ਉਸ ਦਾ ਨਾਂ ਦਿੱਲੀ ਦਰਬਾਰ ਤੱਕ ਵੀ ਪੁੱਜ ਗਿਆ। ਦਿੱਲੀ ਦੇ ਤਖਤ ‘ਤੇ ਉਹਨਾਂ ਦਿਨਾਂ ਵਿੱਚ ਅਕਬਰ ਸ਼ਾਹ ਦੂਜਾ, ਬਹਾਦਰ ਸ਼ਾਹ ਜ਼ਫਰ ਦਾ ਪਿਓ ਰਾਜ ਕਰ ਰਿਹਾ ਸੀ। ਵੈਸੇ ਸੀ ਉਹ ਅੰਗਰੇਜ਼ਾਂ ਅਧੀਨ ਹੀ। ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਅਕਬਰ ਸ਼ਾਹ ਨੇ ਹੀ ਦਿੱਤੀ ਸੀ ਹਾਲਾਂ ਕਿ ਅੰਗਰੇਜ਼ ਇਸ ਉਪਾਧੀ ਨੂੰ ਨਹੀਂ ਸਨ ਮੰਨਦੇ। ਅਕਬਰ ਸ਼ਾਹ ਦਾ ਲੌਰਡ ਵੈਲਜ਼ਲੀ ਨਾਲ ਪੈਨਸ਼ਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬਾਰਾਂ ਲੱਖ ਸਾਲਾਨਾ ਪੈਨਸ਼ਨ ਦਾ ਵਾਅਦਾ ਕੀਤਾ ਹੋਇਆ ਸੀ ਜੋ ਕਿ ਪੂਰਾ ਨਹੀਂ ਸੀ ਕੀਤਾ ਜਾ ਰਿਹਾ। ਅਕਬਰ ਸ਼ਾਹ ਨੇ ਆਪਣੀ ਸ਼ਿਕਾਇਤ ਲੰਡਨ ਦੀ ਕੋਰਟ ਔਫ ਡਾਇਰੈਕਟਰਜ਼ ਕੋਲ ਦਰਜ ਕਰਾਈ ਹੋਈ ਸੀ। ਅਕਬਰ ਸ਼ਾਹ ਨੇ ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਭੇਜਿਆ ਕਿ ਉਹ ਕੋਰਟ ਔਫ ਡਾਇਰੈਕਟਰਜ਼ ਸਾਹਮਣੇ ਪੇਸ਼ ਹੋਵੇਗਾ ਤੇ ਲੋਕਾਂ ਨੂੰ ਮਿਲ ਕੇ ਲੋਕ ਰਾਏ ਅਕਬਰ ਸ਼ਾਹ ਦੇ ਹੱਕ ਕਰੇਗਾ। ਰਾਜਾ ਰਾਮ ਮੋਹਨ ਰਾਏ ਨੇ ਕਰਾਮਾਤ ਇਹ ਕੀਤੀ ਕਿ ਲੰਡਨ ਪੁੱਜ ਕੇ ਕਿੰਗ ਵਿਲੀਅਮ ਚੌਥੇ ਨੂੰ ਮਨਾ ਲਿਆ ਕਿ ਉਹ ਉਸ ਦੀ ਗੱਲ ਸੁਣੇ ਤੇ ਬ੍ਰਤਾਨਵੀ ਸਰਕਾਰ ਤੀਹ ਹਜ਼ਾਰ ਸਲਾਨਾ ਪੈਨਸ਼ਨ ਵਧਾਉਣ ਲਈ ਮੰਨ ਗਈ। ਲੱਗਭੱਗ ਏਨੀ ਕੁ ਪੈਨਸ਼ਨ ਦੇ ਵਾਧੇ ਦੀ ਅਕਬਰ ਸ਼ਾਹ ਮੰਗ ਕਰ ਰਿਹਾ ਸੀ।
ਰਾਜਾ ਰਾਮ ਮੋਹਨ ਰਾਏ ਲਈ ਇੰਗਲੈਂਡ ਜਾਣਾ ਇਕ ਤੀਰਥ ਯਾਤਰਾ ਵਾਂਗ ਸੀ। ਉਹਨਾਂ ਦਿਨਾਂ ਵਿੱਚ ਇਕ ਹਿੰਦੂ ਲਈ ਸਮੁੰਦਰ ਪਾਰ ਦਾ ਸਫਰ ਵਰਜਿਤ ਸੀ। ਉਹ ਆਪਣੇ ਪੰਜ ਹਿੰਦੂ ਨੌਕਰਾਂ ਤੇ ਮਤਵੰਨੇ ਪੁੱਤਰ ਰਾਜਾ ਰਾਮ ਨਾਲ ਇੰਗਲੈਂਡ ਪੁੱਜਾ। ਉਸ ਦਾ ਇੰਗਲੈਂਡ ਆਉਣਾ ਇਕ ਅਹਿਮ ਘਟਨਾ ਸੀ। ਉਹ ਬਹੁਤ ਸਾਰੇ ਲੋਕਾਂ ਨੂੰ ਮਿਲਿਆ। ਬਹੁਤ ਸਾਰੀਆਂ ਜਗਾਵਾਂ ‘ਤੇ ਭਾਸ਼ਨ ਦਿੱਤੇ। ਉਸ ਦੀ ਗੱਲ ਸੁਣਨ ਲਈ ਵੱਡੇ ਵੱਡੇ ਵਿਦਵਾਨ ਇਕੱਠੇ ਹੋ ਜਾਂਦੇ। ਕਲਾਕਾਰ ਉਸ ਦੀਆਂ ਤਸਵੀਰਾਂ ਬਣਾਉਣ ਲਈ ਕਾਹਲੇ ਪੈਂਦੇ। ਉਹ ਜਿਥੇ ਵੀ ਜਾਂਦਾ, ਇੰਗਲੈਂਡ ਦੇ ਸਮਾਜ, ਸਭਿਆਚਾਰ ਤੇ ਲੋਕਾਂ ਦੀਆਂ ਤਾਰੀਫਾਂ ਕਰਦਾ। ਉਹ ਬਹੁਤ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਮਿਲਿਆ। ਹਾਊਸ ਔਫ ਕਾਮਨਜ਼ ਨੇ ਇਕ ਸਲੈਕਿਟ ਕਮੇਟੀ ਬਣਾਈ ਜਿਸ ਮੁਹਰੇ ਪੇਸ਼ ਹੋ ਕੇ ਰਾਜਾ ਰਾਮ ਮੋਹਨ ਰਾਏ ਈਸਟ ਇੰਡੀਆ ਕੰਪਨੀ ਦੇ ਰਾਜ ਹੇਠ ਭਾਰਤੀਆਂ ਦੀਆਂ ਮੁਸੀਬਤਾਂ ਨੂੰ ਰੱਖਿਆ। ਉਸ ਨੇ ਭਾਰਤ ਵਿੱਚਲੇ ਅੰਗਰੇਜ਼ ਅਫਸਰਾਂ ਉਪਰ ਭਿ੍ਰਸ਼ਟਾਚਾਰ ਦੇ ਦੋਸ਼ ਲਾਉਂਦਿਆਂ ਸਿਸਟਮ ਵਿੱਚ ਸੁਧਾਰਾਂ ਦੀ ਮੰਗ ਕੀਤੀ। ਉਸ ਨੇ ਭਾਰਤ ਵਿਚਲੇ ਭੈੜੇ ਜੁਡੀਸ਼ੀਅਲ ਤੇ ਰੈਵੇਨਿਊ ਸਿਸਟਮ ਦਾ ਸੱਚ ਵੀ ਪਾਰਲੀਮੈਂਟ ਸਾਹਮਣੇ ਰੱਖਿਆ। ਜਿਸ ਦੇ ਕਾਰਨ ਪਾਰਲੀਮੈਂਟ ਵਿੱਚ ਬਹਿਸ ਛਿੜ ਪਈ ਕਿ ਈਸਟ ਇੰਡੀਆ ਕੰਪਨੀ ਦਾ ਚਾਰਟਰ ਰਿਨੀਊ ਹੋਣਾ ਚਾਹੀਦਾ ਹੈ ਕਿ ਨਹੀਂ ਕਿਉਂਕਿ ਈਸਟ ਇੰਡੀਆ ਕੰਪਨੀ ਇਕ ਚਾਰਟਰ ਅਧੀਨ ਹੀ ਭਾਰਤ ਉਪਰ ਰਾਜ ਕਰ ਰਹੀ ਸੀ ਤੇ ਬ੍ਰਤਾਨਵੀ ਸਰਕਾਰ ਕੰਪਨੀ ਦੇ ਕੰਮਾਂ ਦਾ ਜਾਇਜ਼ਾ ਲੈ ਕੇ ਇਸ ਚਾਰਟਰ ਨੂੰ ਨਵਿਆਉਂਦੀ ਸੀ। ਉਸ ਦੇ ਬਿਆਨਾਂ ਦਾ ਚਾਰਟਰ ਐਕਟ ੧੮੩੩ ਉਪਰ ਅਸਰ ਪਿਆ ਜਿਸ ਵਿੱਚ ਇਹ ਵੀ ਇਕ ਧਾਰਾ ਸੀ ਕਿ ਯੂਰਪ ਦੇ ਹੋਰ ਦੇਸ਼ ਵੀ ਭਾਰਤ ਵਿੱਚ ਬਿਨਾਂ ਕਿਸੇ ਲਾਇਸੰਸ ਦੇ ਸੈਟਲ ਹੋ ਸਕਦੇ ਹਨ। ਉਸ ਨੇ ਪਾਰਲੀਮੈਂਟ ਨੂੰ ਇਸ ਗੱਲ ਲਈ ਵੀ ਮਨਾ ਲਿਆ ਕਿ ਭਾਰਤ ਵਿੱਚ ਵਿਦੇਸ਼ੀ ਲੂਣ ਦੇ ਮੁਕਾਬਲੇ ਸਥਾਨਕ ਲੂਣ ਦੀ ਬਿਨਾ ਮੁਕਾਬਲਾ ਵਿਕਰੀ ਹੋਣੀ ਚਾਹੀਦੀ ਹੈ। ਸੰਨ ੧੮੨੯ ਵਿੱਚ ਬ੍ਰਤਾਨਵੀ ਸਰਕਾਰ ਨੇ ਸਤੀ ਦੀ ਰਸਮ ਖਿਲਾਫ ਕਾਨੂੰਨ ਬਣਾਇਆ ਸੀ ਜਿਸ ਨੂੰ ਕੱਟੜ ਹਿੰਦੂ ਖਤਮ ਕਰਨ ਦੀ ਮੰਗ ਕਰ ਰਹੇ ਸਨ, ਰਾਜਾ ਰਾਮ ਮੋਹਨ ਰਾਏ ਨੇ ਆਪਣੀ ਰਾਏ ਰੱਖੀ ਕਿ ਇਹ ਕਾਨੂੰਨ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਉਹ ਜਿਉਂਦਾ ਰਿਹਾ, ਉਸ ਤੋਂ ਭਾਰਤੀ ਮਾਮਲਿਆਂ ਵਿੱਚ ਸਲਾਹ ਲਈ ਜਾਂਦੀ ਰਹੀ। ਰਾਜਾ ਰਾਮ ਮੋਹਨ ਰਾਏ ਫਰਾਂਸ ਵੀ ਗਿਆ। ਉਸ ਨੇ ਇੰਗਲੈਂਡ ਵਿੱਚ ਰਹਿੰਦਿਆਂ ਭਾਰਤ ਦੀ ਆਰਥਿਕਤਾ ਤੇ ਕਾਨੂੰਨ ਬਾਰੇ ਕਿਤਾਬਾਂ ਵੀ ਛਪਵਾਈਆਂ। ਸੋਫੀਆ ਡੋਬਸਨ ਕੋਲਿਟ ਨਾਂ ਦੀ ਔਰਤ ਉਸ ਦੀ ਜੀਵਨਗਾਥਾ ਲਿਖਦੀ ਸੀ।
ਰਾਜਾ ਰਾਮ ਮੋਹਨ ਰਾਏ ਦੀ ਛੱਤਰੀ ‘ਤੇ ਅਕਸਰ ਉਸ ਦੀ ਯਾਦ ਵਿੱਚ ਇਕੱਠ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਭਾਰਤੀ ਅੱਜ ਵੀ ਇਸ ਥਾਂ ਦੀ ਜ਼ਿਆਰਤ ਕਰਨ ਜਾਂਦੇ ਹਨ। ਮੈਂ ਕਦੇ ਵੀ ਬਿ੍ਰਸਟਲ ਜਾਵਾਂ ਤਾਂ ਇਸ ਛੱਤਰੀ ‘ਤੇ ਜਾਣਾ ਨਹੀਂ ਭੁੱਲਦਾ। ਹਾਂ, ਬਿ੍ਰਸਟਲ ਵਿੱਚ ਉਸ ਦਾ ਬੁੱਤ ਵੀ ਲੱਗਾ ਹੈ।
Comments