top of page
  • Writer's pictureਸ਼ਬਦ

ਰਿਟਾਇਰ ਕਦੋਂ ਹੋਈਏ? /

ਹਰਜੀਤ ਅਟਵਾਲ /

ਰਿਟਾਇਰ ਜਾਂ ਸੇਵਾ-ਮੁਕਤ ਹੋਣਾ ਭਾਰਤੀ ਸੰਸਕ੍ਰਿਤੀ ਦਾ ਸ਼ਬਦ ਨਹੀਂ ਹੈ। ਮੈਨੂੰ ਨਹੀਂ ਜਾਪਦਾ ਕਿ ਇਹ ਸ਼ਬਦੇ ਕਦੇ ਕਿਸੇ ਭਾਰਤੀ ਗਰੰਥ ਵਿੱਚ ਵਰਤਿਆ ਗਿਆ ਹੋਵੇ। ਅੰਗਰੇਜ਼ੀ ਵਿੱਚ ਇਹ ਸ਼ਬਦ ਫਰਾਂਸੀਸੀ ਭਾਸ਼ਾ ਵਿੱਚੋਂ ਆਇਆ ਹੈ। ਪਹਿਲੀ ਵਾਰ ਇਸ ਨੂੰ 1533 ਵਿੱਚ ਵਰਤਿਆ ਗਿਆ। ਫਰਾਂਸੀਸੀ ਭਾਸ਼ਾ ਵਿੱਚ ਇਹ ਸ਼ਬਦ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਰਿ=ਪਿਛਾਂਹ, ਟਾਇਰ=ਖਿੱਚਣਾ ਜਾਂ ਬੁਲਾਉਣਾ। ਮੂਲ-ਰੂਪ ਵਿੱਚ ਇਹ ਸ਼ਬਦ ਮਿਲਟਰੀ-ਭਾਸ਼ਾ ਨਾਲ ਜੁੜਦਾ ਸੀ ਜਿਸ ਦਾ ਭਾਵ ਸੀ, ਲੜਾਈ ਵਿੱਚੋਂ ਕਿਸੇ ਨੂੰ ਪਿਛਾਂਹ ਸੁਰੱਖਿਅਤ ਜਗਾਹ ਲੈ ਆਉਣਾ। ਫਿਰ ਇਹ ਸ਼ਬਦ ਕਿਸੇ ਨੂੰ ਸਰਗਰਮ ਜੀਵਨ ਤੋਂ ਹਟਾ ਲੈਣ ਜਾਂ ਵਿਦਡਰਾਅ ਕਰ ਲੈਣ ਦੀ ਭਾਵਨਾ ਵਿੱਚ ਵਰਤਿਆ ਜਾਣ ਲੱਗਾ। ਹੌਲੀ-ਹੌਲੀ ਇਹ ਸ਼ਬਦ ਕੰਮ ਜਾਂ ਆਹੁਦੇ ਤੋਂ ਆਯੋਗ ਹੋ ਜਾਣ ਜਾਂ ਹਟ/ਹਟਾ ਜਾਣਾ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ ਜੋ ਅੱਜ ਵੀ ਵਰਤਿਆ ਜਾਂਦਾ ਹੈ। ਕਿਤੇ-ਕਿਤੇ ਇਸ ਦੇ ਨਿਰਾਰਥਕ ਮਾਹਿਨੇ ਵੀ ਵਰਤੇ ਮਿਲਦੇ ਹਨ ਜਿਵੇਂ ਕਿ ਕਿਸੇ ਨੂੰ ਕਹਿ ਦਿੱਤਾ ਜਾਂਦਾ ਹੈਕਿ ਫਲਾਨਾ ਰਿਟਾਇਰ-ਮਾਈਂਡਡ ਬੰਦਾ ਹੈ ਭਾਵ ਆਯੋਗ-ਮਨ ਦਾ। ਇਵੇਂ ਹੀ ਕੰਮ ਤੋਂ ਰਿਟਾਇਰ ਹੋਣ ਵਿੱਚ ਕਿਤੇ ਨਾ ਕਿਤੇ ਆਯੋਗ ਹੋਣਾ ਵੀ ਪਿਆ ਹੈ। ਕੰਮ ਤੋਂ ਰਿਟਾਇਰ ਹੋਣਾ ਕਿਸੇ ਲਈ ਸਾਰਥਕ ਸ਼ਬਦ ਹੋ ਸਕਦਾ ਹੈ ਤੇ ਕਿਸੇ ਲਈ ਨਿਰਾਰਥਕ ਵੀ। ਪਿੱਛੇ ਜਿਹੇ ਮੇਰੀ ਇਕ ਵਾਕਫ ਪ੍ਰੋਫੈਸਰ ਸਹਿਬਾ ਰਿਟਾਇਰ ਹੋਈ ਤਾਂ ਉਸ ਨੇ ਖੁਸ਼ੀ ਵਿੱਚ ਪਾਰਟੀ ਕੀਤੀ। ਇਕ ਹੋਰ ਪ੍ਰੋਫੈਸਰ ਸਾਹਿਬ ਰਿਟਾਇਰ ਹੋਣ ਤੋਂ ਏਨੇ ਦੁਖੀ ਸਨ ਕਿ ਉਹਨਾਂ ਨੇ ਉਸੇ ਯੂਨੀਵਰਸਟੀ ਵਿੱਚ ਅੱਧੀ ਤਨਖਾਹ ‘ਤੇ ਦੁਬਾਰਾ ਨੌਕਰੀ ਕਰ ਲਈ। ਮੇਰੇ ਕੰਨਾਂ ਨੂੰ ਵੀ ਕਦੇ ਇਹ ਸ਼ਬਦ ਚੰਗਾ ਨਹੀਂ ਲਗਿਆ। ਇਹ ਨਵੀਂ ਦੁਨੀਆ ਦਾ ਸ਼ਬਦ ਹੈ। ਪਹਾੜਾਂ ਜਾਂ ਦੂਰਲੇ ਪਿੰਡਾਂ ਵਿੱਚ ਸ਼ਇਦ ਬਹੁਤੇ ਲੋਕਾਂ ਨੇ ਇਸਨੂੰ ਸੁਣਿਆਂ ਵੀ ਨਾ ਹੋਵੇ।

ਮੈਂ ਕਦੇ ਕਿਸੇ ਕਿਸਾਨ ਨੂੰ, ਕਿਸੇ ਮਜ਼ਦੂਰ ਨੂੰ, ਕਿਸੇ ਘਰੇਲੂ ਔਰਤ ਨੂੰ ਰਿਟਾਇਰ ਹੁੰਦੇ ਨਹੀਂ ਦੇਖਿਆ। ਮੇਰੀ ਮਾਂ ਆਪਣੇ ਆਖਰੀ ਪਲਾਂ ਵਿੱਚ ਮੇਰੇ ਤੇ ਮੇਰੇ ਪਿਤਾ ਲਈ ਖਾਣਾ ਬਣਾ ਰਹੀ ਸੀ। ਇਹ ਸ਼ਬਦ ਆਜ਼ਾਦ ਭਾਰਤ ਵਿੱਚ ਹੀ ਵਧੇਰੇ ਪ੍ਰਚੱਲਤ ਹੋਇਆ ਜਦ ਇਸ ਦਾ ਨਾਤਾ ਪੈਨਸ਼ਨ ਨਾਲ ਜੁੜ ਗਿਆ। ਜਰਮਨੀ ਪਹਿਲਾ ਮੁਲਕ ਹੈ ਜਿਸਨੇ 1889 ਵਿੱਚ ਰਿਟਾਇਰਮੈਂਟ ਸ਼ਬਦ ਨੂੰ ਪੈਨਸ਼ਨ ਨਾਲ ਜਾਂ ਲਾਭਾਂ ਨਾਲ ਜੋੜਿਆ। ਹੁਣ ਵੀ ਜਿਥੇ ਲੋਕ ਸਰਕਾਰੀ ਨੌਕਰੀ ਜਾਂ ਪੈਨਸ਼ਨ ਦੇ ਲਾਭ ਵਾਲੀ ਨੌਕਰੀ ਕਰਦੇ ਹਨ ਉਹੀ ਇਸ ਸ਼ਬਦ ਦੀ ਜ਼ਿਆਦਾ ਵਰਤੋਂ ਕਰਦੇ ਹਨ। ਅੱਜਕੱਲ੍ਹ ਤਾਂ ਵੈਸੇ ਪ੍ਰਾਈਵੇਟ ਪੈਨਸ਼ਨਾਂ ਵੀ ਚੱਲ ਪਈਆਂ ਹਨ ਨਹੀਂ ਤਾਂ ਭਾਰਤੀ ਮੁਆਸ਼ਰੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਹਨ ਜਿਥੇ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ ਜਾਂ ਤੁਸੀਂ ਬਹੁਤੇ ਕੰਮਾਂ ਤੋਂ ਕਦੇ ਰਿਟਾਇਰ ਹੀ ਨਹੀਂ ਹੁੰਦੇ, ਜਦ ਤੱਕ ਸਿਹਤ ਵਿੱਚ ਕੋਈ ਵੱਡਾ ਵਲ਼ ਨਹੀਂ ਪੈਂਦਾ।

ਮੈਂ ਵੀ ਕਦੇ ਰਿਟਾਇਰ ਹੋਣ ਬਾਰੇ ਨਹੀਂ ਸੋਚਦਾ ਤੇ ਕੁਦਰਤੀ ਮੇਰੇ ਨਾਲ ਹੋਇਆ ਵੀ ਅਜਿਹਾ ਕਿ ਮੈਂ ਜ਼ਿੰਦਗੀ ਵਿੱਚ ਬਹੁਤੇ ਕੰਮ ਉਹੀ ਕੀਤੇ ਜਿਥੇ ਰਿਟਾਇਰਮੈਂਟ ਸ਼ਬਦ ਲਾਗੂ ਨਹੀਂ ਹੁੰਦਾ। ਮੇਰੀ ਪਹਿਲੀ ਜੌਬ ਭਾਰਤ ਵਿੱਚ ਵਕਾਲਤ ਕਰਨ ਦੀ ਸੀ। ਜਦ ਮੈਂ ਨਵਾਂਸ਼ਹਿਰ ਕਚਿਹਰੀ ਵਿੱਚ ਵਕੀਲ ਬਣ ਕੇ ਗਿਆ ਤਾਂ ਦੇਖਿਆ ਕਿ ਕੁਝ ਵਕੀਲ ਖੂੰਡੀ ਫੜੀ ਕਚਿਹਰੀ ਆ ਰਹੇ ਹਨ, ਮੈਂ ਸੋਚਣ ਲੱਗਾ ਕਿ ਮੈਂ ਵੀ ਇਵੇਂ ਹੀ ਅਖੀਰ ਤੱਕ ਕੰਮ ਕਰਾਂਗਾ। ਲੰਡਨ ਵਿੱਚ ਮੈਂ ਉਮਰ ਦਾ ਬਹੁਤਾ ਹਿੱਸਾ ਲਿਕਰ-ਸਟੋਰ ਭਾਵ ਸ਼ਰਾਬ ਦਾ ਸਟੋਰ ਚਲਾਇਆ ਹੈ, ਜਿਸ ਵਿੱਚ ਕੋਈ ਰਿਟਾਇਰਮੈਂਟ ਨਹੀਂ ਹੁੰਦੀ। ਕਿਹਾ ਜਾਂਦਾ ਹੈਕਿ ਦੁਕਾਨਦਾਰ ਗੱਲੇ ਤੋਂ ਸਿੱਧਾ ਸਮਸ਼ਾਨ ਜਾਂਦਾ ਹੈ। ਲਿਕਰ-ਸਟੋਰ ਤੋਂ ਬਾਅਦ ਮੈਂ ਨੌਕਰੀ ਕਰ ਲਈ ਪਰ ਹੁਣ ਯੂਕੇ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਹੋਇਆ ਹੈਕਿ ਤੁਹਾਨੂੰ ਰਿਟਾਇਰ ਹੋਣ ਦੀ ਲੋੜ ਨਹੀਂ ਹੈ, ਤੁਸੀਂ ਸੌ ਸਾਲ ਤੱਕ ਵੀ ਕੰਮ ਕਰ ਸਕਦੇ ਹੋ। ਉਹੀ, ਗੱਲੇ ਤੋਂ ਸਮਸ਼ਾਨ ਜਾਣ ਵਾਲੀ ਗੱਲ।

ਪਰ ਆਪਣਾ ਸਵਾਲ ਹੈ, ਰਿਟਾਇਰ ਕਦੋਂ ਹੋਈਏ? ਇਸ ਦੀ ਵੱਖਰੇ-ਵੱਖਰੇ ਮੁਲਕ ਵਿੱਚ ਅਲੱਗ-ਅਲੱਗ ਉਮਰ ਰੱਖੀ ਹੋਈ ਹੈ। ਸਭ ਤੋਂ ਵੱਧ ਪ੍ਰਚੱਲਤ ਉਮਰ ਸੱਠ ਸਾਲ ਹੈ। ਮਾਹਿਰ ਵੀ ਇਸੇ ਉਮਰ ਨੂੰ ਰਿਟਾਇਰਮੈਂਟ ਲਈ ਸਹੀ ਦੱਸਦੇ ਹਨ। ਯੂਕੇ ਵਿੱਚ ਮਰਜ਼ੀ ਨਾਲ ਰਿਟਾਇਰਮੈਂਟ ਦੀ ਉਮਰ ਸੱਠ ਸਾਲ ਹੁੰਦੀ ਸੀ ਤੇ ਸਰਕਾਰ ਵਲੋਂ ਰਿਟਾਇਰਮੈਂਟ ਪੈਂਹਟ ਸਾਲ ਸੀ। ਹੁਣ ਇਹ ਉਮਰ 66 ਸਾਲ ਹੋ ਗਈ ਹੈ ਤੇ ਅਗਲੇ ਸਾਲਾਂ ਵਿੱਚ 67 ਸਾਲ ਵਿੱਚ ਰਿਟਾਇਰ ਹੋ ਸਕੋਂਗੇ। ਕੁਝ ਸਾਲਾਂ ਵਿੱਚ ਰਿਟਾਇਰ ਹੋਣ ਦੀ ਉਮਰ 70 ਸਾਲ ਹੋ ਜਾਵੇਗੀ। ਜਿਵੇਂ-ਜਿਵੇਂ ਮਨੁੱਖ ਦੀ ਔਸਤਨ ਉਮਰ ਵਧਦੀ ਜਾ ਰਹੀ ਹੈ ਉਸਦੇ ਕੰਮ ਕਰਨ ਦੇ ਵਰ੍ਹੇ ਵੀ ਵਧਾ ਦਿੱਤੇ ਜਾਂਦੇ ਹਨ। ਕੁਝ ਲੋਕ ਅਰਲੀ-ਰਿਟਾਇਰਮੈਂਟ ਵੀ ਲੈ ਲੈਂਦੇ ਹਨ ਪਰ ਉਸ ਲਈ ਸਿਹਤ ਨਾਲ ਜੁੜੀਆਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਸਹੀ ਗੱਲ ਤਾਂ ਇਹ ਹੈਕਿ ਜਿੰਨੀਆਂ ਮਰਜ਼ੀ ਲੱਤਾਂ ਅੜਾਓ, ਰਿਟਾਇਮੈਂਟ ਸਹੀ ਉਮਰ ਵਿੱਚ ਜਾਕੇ ਹੀ ਮਿਲਦੀ ਹੈ। ਵੈਸੇ ਕਈ ਲੋਕ ਸੈਮੀ-ਰਿਟਾਇਰਮੈਂਟ ਵੀ ਲੈ ਲੈਂਦੇ ਹਨ ਤੇ ਕਈ ਆਰਜ਼ੀ-ਰਿਟਾਇਰਮੈਂਟ ਵੀ।

ਰਿਟਾਇਰਮੈਂਟ ਸ਼ਬਦ ਨੂੰ ਏਨਾ ਮਹਤੱਵਪੂਰਨ ਇਸ ਨਾਲ ਜੁੜਿਆ ਇਕ ਹੋਰ ਸ਼ਬਦ ਬਣਾਉਂਦਾ ਹੈ, ਉਹ ਹੈ ਪੈਨਸ਼ਨ। ਪੈਨਸ਼ਨ ਸ਼ਬਦ ਲੈਟਿਨ ਭਾਸ਼ਾ ਦੇ ‘ਪੈਂਡਰੇ‘ ਸ਼ਬਦ ਤੋਂ ਬਣਿਆਂ ਹੈ ਜਿਸ ਦੇ ਮਾਹਿਨੇ ਹਨ, ਪੈਸੇ ਦੇਣੇ। ਇਹ ਸ਼ਬਦ ਵੀ ਮਿਲਟਰੀ-ਭਾਸ਼ਾ ਨਾਲ ਜੁੜਦਾ ਹੈ ਕਿ ਫੌਜ ਵਿੱਚੋਂ ਵਾਪਸ ਆਏ ਨੂੰ ਪੈਸੇ ਮਿਲਣੇ। ਕੰਮ ਤੋਂ ਰਿਟਾਇਰ ਹੋਣ ‘ਤੇ ਪੈਨਸ਼ਨ ਦੇਣ ਦੀ ਪ੍ਰਥਾ ਵੀ ਜਰਮਨੀ ਵਿੱਚ 1889 ਵਿੱਚ ਓਟੋ ਵੌਨ ਬਸਿਮਾਰਚ ਨੇ ਸ਼ੁਰੂ ਕੀਤੀ। ਉਸ ਵੇਲੇ ਉਹ ਜਰਮਨੀ ਦਾ ਚਾਂਸਲਰ ਸੀ। ਯੂਕੇ ਵਿੱਚ ਪੈਨਸ਼ਨ ਐਕਟ 1908 ਵਿੱਚ ਬਣਿਆਂ ਤੇ ਇਹ ਲਾਗੂ 1909 ਵਿੱਚ ਕੀਤਾ ਗਿਆ। ਇਹ 70 ਸਾਲ ਦੀ ਉਮਰ ਵਿੱਚ ਮਿਲਣੀ ਸ਼ੁਰੂ ਹੁੰਦੀ ਸੀ। ਇਹ ਇਕ ਬੰਦੇ ਨੂੰ ਪੰਜ ਸ਼ਿਲਿੰਗ ਜਾਂ ਪੱਚੀ ਪੈਨੀਆਂ ਮਿਲਦੇ ਸਨ ਜੋ ਅੱਜ ਦੇ 27 ਪੌਂਡ ਬਣਦੇ ਹਨ। ਪਤੀ-ਪਤਨੀ ਨੂੰ ਇਕ ਥਾਂ ਅੱਜ ਦੇ 40 ਪੌਂਡ ਮਿਲਦੇ ਸਨ। ਇਹ ਏਨੀ ਲੇਟ ਉਮਰ ਵਿੱਚ ਮਿਲਣ ਲੱਗਦੇ ਕਿ ਚਾਰ ਵਿਅਕਤੀਆਂ ਵਿੱਚੋਂ ਸਿਰਫ ਇਕ ਹੀ ਲੈ ਸਕਦਾ। 1925 ਪੈਨਸ਼ਨ ਮਿਲਣ ਦੀ ਉਮਰ 65 ਸਾਲ ਦੀ ਕਰ ਦਿੱਤੀ ਗਈ ਸੀ। 1940 ਵਿੱਚ ਆ ਕੇ ਮਰਦਾਂ ਲਈ ਤਾਂ ਇਹ ਉਮਰ 65 ਸਾਲ ਹੀ ਰਹੀ ਪਰ ਔਰਤਾਂ ਲਈ ਪੈਨਸ਼ਨ ਦੀ ਉਮਰ 60 ਸਾਲ ਕਰ ਦਿੱਤੀ ਗਈ।

ਪੈਨਸ਼ਨ ਨਾਲ ਜੁੜਿਆ ‘ਫਿਨਾਂਸ ਐਕਟ 1921’ ਵਿੱਚ ਬਣਿਆਂ ਜਿਸ ਮੁਤਾਬਕ ਕੰਮ ਕਰਨ ਵਾਲੇ ਨੂੰ ਪੈਨਸ਼ਨ ਸਕੀਮ ਅਨੁਸਾਰ ਨਾਲ ਤਨਖਾਹ ਵਿੱਚੋਂ ਕੁਝ ਪੈਸੇ ਕਟਵਾਉਣੇ ਪੈਂਦੇ ਸਨ। ਦੂਜਾ ਮਹਾਂਯੁੱਧ ਖਤਮ ਹੁੰਦਿਆਂ ਹੀ ‘ਨੈਸ਼ਨਲ ਇੰਸ਼ੋਰੈਂਸ ਐਕਟ 1946’ ਬਣਾਇਆ ਗਿਆ। ਇਸ ਮੁਤਾਬਕ ਹਰ ਕੰਮ ਕਰਨ ਵਾਲਾ ਤਨਖਾਹ ਵਿੱਚੋਂ ਕੁਝ ਹਿੱਸਾ ਨੈਸ਼ਨਲ ਇੰਸ਼ੋਰੈਂਸ ਦੇ ਰੂਪ ਵਿੱਚ ਹਰ ਹਫਤੇ ਸਰਕਾਰ ਨੂੰ ਦੇਵੇਗਾ, ਜਿਸਦੇ ਬਦਲੇ ਉਸਨੂੰ ਸੋਸ਼ਲ-ਸਕਿਉਰਟੀ ਭਾਵ ਆਰਥਿਕ ਸੁਰਖਿਆ ਮਿਲੇਗੀ। ਅਸਲ ਵਿੱਚ ਇਹ ਸਕੀਮ ਰੂਸ ਦੇ ਸੋਸ਼ਲ-ਸਕਿਉਰਟੀ ਸਿਸਟਮ ਤੋਂ ਪ੍ਰਭਾਵਿਤ ਹੋਕੇ ਜਾਂ ਚੇਤੰਨ ਹੋਕੇ ਲਾਗੂ ਕੀਤੀ ਗਈ ਸੀ। ਇਸ ਮੁਤਾਬਕ ਜੇ ਕਿਸੇ ਕੋਲ ਨੌਕਰੀ ਨਹੀਂ ਹੈ ਤਾਂ ਉਸ ਬੇਕਾਰੀ ਭੱਤਾ ਮਿਲੇਗਾ ਤੇ ਹਰ ਵਿਅਕਤੀ ਨੂੰ 65 ਸਾਲ ਦੀ ਉਮਰ ਵਿੱਚ ਸਟੇਟ-ਪੈਨਸ਼ਨ ਮਿਲੇਗੀ। ਇਸ ਮੁਤਾਬਕ ਅੱਜ ਵੀ ਯੂਕੇ ਦੇ ਰਿਟਾਇਰ ਵਿਅਕਤੀ ਨੂੰ ਇਕ ਤਾਂ ਸਟੇਟ ਪੈਨਸ਼ਨ ਮਿਲਦੀ ਹੈ ਤੇ ਇਸ ਤੋਂ ਬਿਨਾਂ ਜਿਥੇ ਵੀ ਉਸਨੇ ਨੌਕਰੀ ਕੀਤੀ ਹੁੰਦੀ ਹੈ ਉਥੋਂ ਵੀ ਪੈਨਸ਼ਨ ਮਿਲਦੀ ਹੈ। ਪੂਰੀ ਸਟੇਟ ਪੈਨਸ਼ਨ ਲੈਣ ਲਈ ਤੁਹਾਨੂੰ ਆਪਣੇ ਕੰਮ ਕਰਨ ਦੀ ਕੁੱਲ ਉਮਰ ਵਿੱਚੋਂ 35 ਸਾਲ ਤੱਕ ਕੰਮ ਕੀਤਾ ਹੋਣ ਚਾਹੀਦਾ ਹੈ ਭਾਵ ਨੈਸ਼ਨਲ-ਇੰਸ਼ੋਰੈਂਸ ਵਿੱਚ ਹਿੱਸਾ ਪਾਇਆ ਹੋਣਾ ਚਾਹੀਦਾ ਹੈ। ਜੇ ਘੱਟ ਸਾਲ ਹਿੱਸਾ ਪਾਇਆ ਹੋਵੇ ਤਾਂ ਇਹ ਪੈਨਸ਼ਨ ਘੱਟ ਜਾਂਦੀ ਹੈ। ਸੋ ਯੂਕੇ (ਜਾਂ ਪੱਛਮ) ਵਾਸੀ ਕੰਮ ਦੀ ਪੈਨਸ਼ਨ ਦੇ ਨਾਲ-ਨਾਲ ਸਟੇਟ ਪੈਨਸ਼ਨ ਵੀ ਲੈਂਦੇ ਹਨ। ਸਟੇਟ-ਪੈਨਸ਼ਨ ਵਾਲਾ ਸਿਸਟਮ ਤੀਜੀ ਦੁਨੀਆ ਦੇ ਮੁਲਕਾਂ ਵਿੱਚ ਸ਼ਾਇਦ ਨਹੀਂ ਹੈ ਪਰ ਹੋਣਾ ਚਾਹੀਦਾ ਹੈ। ਇਸ ਨਾਲ ਬੁਢਾਪਾ ਸੌਖਾ ਲੰਘਦਾ ਹੈ। ਇਹ ਸਿਸਟਮ ਲਾਗੂ ਕਰਨਾ ਏਨਾ ਮੁਸ਼ਕਲ ਵੀ ਨਹੀਂ ਹੈ।

ਰਿਟਾਇਰ ਕਦੋਂ ਹੋਇਆ ਜਾਵੇ? ਇਕ ਜਵਾਬ ਹੈ ਕਿ ਉਦੋਂ ਜਦੋਂ ਕਿਸੇ ਦਾ ਕੁਝ ਦੇਣਾ ਨਾ ਹੋਵੇ। ਵੈਸੇ ਇਸ ਸਵਾਲ ਦਾ ਜਵਾਬ ਹਰ ਵਿਅਕਤੀ ਕੋਲ ਵੱਖਰਾ ਹੀ ਹੁੰਦਾ ਹੈ। ਜੇ ਜਲਦੀ ਰਿਟਾਇਰ ਹੋ ਜਾਵੋਂ ਤਾਂ ਆਲੋਚਨਾ ਹੋਣ ਲਗਦੀ ਹੈਕਿ ਤੁਸੀਂ ਆਪਣੀ ਕੰਮ ਕਰਨ ਦੀ ਸਮਰੱਥਾ ਜ਼ਾਇਆ ਕਰ ਦਿੱਤਾ। ਜੇ ਤੁਸੀਂ ਦੇਰ ਨਾਲ ਰਿਟਾਇਰ ਹੋਵੋਂ ਤਾਂ ਕਹਿਣਗੇ ਤੁਸੀਂ ਰਿਟਾਇਰਮੈਂਟ ਦੇ ਖੁਸ਼-ਅਨੁਭਵ ਤੋਂ ਵਾਂਝੇ ਰਹਿ ਗਏ ਹੋ। ਐਵੀਵਾ-ਇੰਸ਼ੋਰੈਂਸ ਵਾਲੇ ਆਖਦੇ ਹਨ ਕਿ ਯੂਕੇ ਵਿੱਚ ਉਦੋਂ ਰਿਟਾਇਰ ਹੋ ਜਾਵੋ ਜਦੋਂ ਤੁਸੀਂ ਕੋਈ ਮੌਟਰਗੇਜ ਨਾ ਦੇਣੀ ਹੋਵੇ, ਕਿਰਾਇਆ ਨਾ ਦੇਣਾ ਹੋਵੇ ਤੇ ਸਹੀ ਜਿਹੀ ਪੈਨਸ਼ਨ ਜਾਂ ਹੋਰ ਪੱਕੀ ਆਮਦਨ ਹੋਵੇ ਤੇ ਕੁਝ ਜਮ੍ਹਾਂ ਪੂੰਜੀ ਵੀ। ਇਸ ਵਿਸ਼ੇ ਦੇ ਮਾਹਿਰ ਅੱਜ ਦੀ ਤਰੀਕ ਵਿੱਚ ਸਹੀ ਆਮਦਨ/ਪੈਨਸ਼ਨ ਸਾਧਾਰਨ ਰਿਟਾਇਰਡ ਜੀਵਨ ਜੀਣ ਲਈ ਬਾਰਾਂ ਹਜ਼ਾਰ ਪੌਂਡ ਸਲਾਨਾ ਮਿਥਦੇ ਹਨ, ਜੋੜੇ (ਪਤੀ-ਪਤਨੀ) ਲਈ ਸੋਲਾਂ ਹਜ਼ਾਰ। ਚੰਗਾ ਸਟੈਂਡਰਡ ਰੱਖਣ ਵਾਲੇ ਲਈ ਵੀਹ ਹਜ਼ਾਹ ਪੌਂਡ ਤੇ ਜੋੜੇ ਲਈ ਉਣੱਤੀ ਹਜ਼ਾਰ ਮਿਥਦੇ ਹਨ। ਤੇ ਲਗਜ਼ਰੀ ਜੀਵਨ ਲਈ ਉਹ ਤੇਤੀ ਹਜ਼ਾਰ ਪੌਂਡ ਤੇ ਜੋੜੇ ਲਈ ਸੰਤਾਲੀ ਹਜ਼ਾਰ ਪੌਂਡ ਰੱਖਦੇ ਹਨ।

ਰਿਟਾਇਰ-ਜੀਵਨ ਨੂੰ ਵਧੀਆ ਢੰਗ ਨਾਲ ਜਿਊਣ ਦੀ ਸਲਾਹ ਦਿੰਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ, ਡਾਕੂਮੈਂਟਰੀਜ਼ ਤੇ ਫਿਲਮਾਂ ਹਨ। ਕਈ ਐਪਸ ਵੀ ਹਨ ਜਿਹਨਾਂ ਨੂੰ ਤੁਸੀਂ ਆਪਣੇ ਫੋਨ ਉਪਰ ਡਾਊਨਲੋਡ ਕਰ ਸਕਦੇ ਹੋ। ਪੱਛਮੀ ਮੁਲਕਾਂ ਵਿੱਚ ਸਰਕਾਰਾਂ ਵਲੋਂ ਵੀ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਮਿਲਦੇ ਹਨ। ਮੈਂ ਸੋਚਦਾ ਹਾਂਕਿ ਰਿਟਾਇਰਮੈਂਟ ਦੇ ਪੰਜ ਪੜਾਅ ਹਨ। ਪਹਿਲਾ ਪੜਾਅ ਬੰਦੇ ਦੇ ਮਨ ਵਿੱਚ ਹੀ ਵਾਪਰਦਾ ਹੈ ਭਾਵ ਰਿਟਾਇਰਮੈਂਟ ਦੀ ਤਿਆਰੀ, ਤੁਹਾਡੇ ਕੋਲ ਰਿਟਾਇਰ ਹੋਕੇ ਕਰਨ ਵਾਲੇ ਕੰਮਾਂ ਦੀ ਲਿਸਟ ਹੁੰਦੀ ਹੈ ਤੇ ਰਿਟਾਇਰ ਹੋਣ ਦਾ ਚਾਅ ਵੀ। ਦੂਜੀ ਸਟੇਜ ਕੋਈ ਦੋ ਕੁ ਸਾਲ ਚਲਦੀ ਹੈ, ਤੁਸੀਂ ਵਿਹਲੇ ਰਹਿ ਕੇ, ਆਰਾਮ ਕਰਕੇ, ਮਨਪਸੰਦ ਕੰਮ ਕਰਕੇ ਲਾਈਫ ਦਾ ਅਨੰਦ ਲੈ ਰਹੇ ਹੁੰਦੇ ਹੋ ਪਰ ਇਹ ਹਨੀਮੂਨ ਛੇਤੀ ਹੀ ਖਤਮ ਹੋ ਜਾਂਦਾ ਹੈ। ਤੀਜੀ ਸਟੇਜ ‘ਤੇ ਰਿਟਾਇਰ ਬੰਦਾ ਆਪਣੇ ਆਪ ਨੂੰ ਵਾਧੂ ਜਿਹਾ ਸਮਝਣ ਲਗਦਾ ਹੈ, ਉਸਨੂੰ ਜੀਵਨ ਵਿੱਚੋਂ ਕੁਝ ਗਵਾਚਦਾ ਮਹਿਸੂਸ ਹੋਣ ਲਗਦਾ ਹੈ। ਚੌਥੀ ਸਟੇਜ ਵਿੱਚ ਤੁਹਾਡੇ ਮਨ ਨੇ ਮੰਨ ਲਿਆ ਹੁੰਦਾ ਹੈਕਿ ਤੁਸੀਂ ਰਿਟਾਇਰ ਹੋ ਚੁੱਕੇ ਹੋ ਤੇ ਤੁਸੀਂ ਨਵੀਂ ਪੱਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਪੰਜਵੀਂ ਸਟੇਜ ਵਿੱਚ ਤੁਸੀਂ ਰਿਟਾਇਰਮੈਂਟ ਦਾ ਅਨੰਦ ਲੈ ਲਗਦੇ ਹੋ। ਇਹ ਸਾਰੇ ਤਜਰਬੇ ਚੰਗੀ ਸਿਹਤ ਰਹਿਣ ਕਾਰਨ ਹੀ ਹੋ ਸਕਦੇ ਹਨ।

ਜਿਵੇਂ ਮੈਂ ਪਹਿਲਾਂ ਕਿਹਾ ਕਿ ਰਿਟਾਇਰ ਸ਼ਬਦ ਮੇਰੇ ਕੰਨਾਂ ਨੂੰ ਕਦੇ ਵੀ ਚੰਗਾ ਨਹੀਂ ਲਗਿਆ। ਮੈਂ ਇਹੀ ਸੋਚਦਾ ਹਾਂਕਿ ਜਦ ਤੱਕ ਸਿਹਤ ਇਜਾਜ਼ਤ ਦੇਵੇਗੀ ਕੰਮ ਕਰਾਂਗਾ। ਅੱਜਕੱਲ੍ਹ ਲੋਕਾਂ ਵਿੱਚ ਇਕ ਹੋਰ ਕਰੇਜ਼ ਵੀ ਹੈ, ਰਿਟਾਇਰਮੈਂਟ ਹਾਊਸ ਖਰੀਦਣ ਦਾ। ਮੇਰੇ ਇਕ ਦੋਸਤ ਨੇ ਸਪੇਨ ਵਿੱਚ ਰਿਟਾਇਰਮੈਂਟ ਹਾਊਸ ਖਰੀਦਣਾ ਸੀ, ਮੈਂ ਉਸ ਨਾਲ ਗਿਆ। ਮੈਂ ਦੇਖਿਆ ਕਿ ਰਿਟਾਇਰਡ ਲੋਕ ਸਾਰਾ ਦਿਨ ਏਧਰ ਓਧਰ ਫਜ਼ੂਲ ਜਿਹੇ ਤੁਰੇ ਫਿਰਦੇ ਹਨ, ਜਾਂ ਸਮੁੰਦਰ ਕੰਢੇ ਸੁੱਤੇ ਪਏ ਹਨ। ਮੈਂ ਆਪਣੇ ਆਪ ਨੂੰ ਇਵੇਂ ਕਰਦਾ ਨਹੀਂ ਦੇਖ ਸਕਦਾ। ਮੈਂ ਹੌਲੀਵੁੱਡ ਦੇ ਐਕਟਰ ਕਲਿੰਟ ਈਸਟਵੁੱਡ ਵੱਲ ਦੇਖਦਾ ਹਾਂ ਜਿਸਦੀ ਉਮਰ ਏਸ ਵੇਲੇ 92 ਸਾਲ ਦੀ ਹੈ ਤੇ ਉਸਨੇ ਹੁਣੇ ਜਿਹੇ ਹੀ ਫਿਲਮ ਬਣਾਈ ਹੈ, ‘ਕਰਾਈ ਮਾਚੋ’। ਜਾਂ ਫਿਰ ਕਿਰਕ ਡਗਲੱਸ ਵੱਲ ਜੋ 103 ਸਾਲ ਦਾ ਹੋਕੇ ਮਰਿਆ ਤੇ ਅਖੀਰ ਤੱਕ ਫਿਲਮਾਂ ਬਣਾਉਂਦਾ ਰਿਹਾ। ਸੋ ਸਿਹਤ ਇਜਾਜ਼ਤ ਦੇਵੇ ਤਾਂ ਬੰਦੇ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ।







Commentaires


bottom of page