top of page
  • Writer's pictureਸ਼ਬਦ

ਇਸ਼ਨਾਨ-ਘਰਾਂ ਦੀ ਦਾਸਤਾਂ /

ਹਰਜੀਤ ਅਟਵਾਲ /

ਇਸ਼ਨਾਨ ਇਨਸਾਨ ਦੀ ਜੀਵਨ-ਜਾਚ ਦੀਆਂ ਮੁਢਲੀਆਂ ਲੋੜਾਂ ਵਿੱਚੋਂ ਹੈ। ਜਨਮ ਵੇਲੇ ਇਸ਼ਨਾਨ, ਮਰਨ ਵੇਲੇ ਇਸ਼ਨਾਨ ਤੇ ਹਰ ਸਵੇਰੇ ਇਸ਼ਨਾਨ। ਮੁੱਢ-ਕਦੀਮ ਤੋਂ ਇਨਸਾਨ ਦਰਿਆਵਾਂ ਜਾਂ ਝੀਲਾਂ ਦੇ ਕਿਨਾਰੇ ਰਹਿੰਦਾ ਆਇਆ ਹੈ। ਜਿਹੜੇ ਇਨਸਾਨ ਇਹਨਾਂ ਸੁਵਿਧਾਵਾਂ ਤੋਂ ਦੂਰ ਰਹਿੰਦੇ ਸਨ ਉਹਨਾਂ ਨੂੰ ਇਸ਼ਨਾਨ ਲਈ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੋਵੇਗਾ। ਤੇ ਘਰਾਂ ਜਾਂ ਝੌਂਪੜੀਆਂ ਦੇ ਨਾਲ ਹੀ ਇਸ਼ਨਾਨ ਲਈ ਵੱਖਰੀ ਜਗਾਹ ਦਾ ਰਾਖਵੀਂ ਰੱਖਣੀ ਪੈਂਦੀ ਹੋਵੇਗਾ। ਜਿਵੇਂ-ਜਿਵੇਂ ਇਨਸਾਨ ਤਰੱਕੀ ਕਰਦਾ ਗਿਆ, ਜ਼ਿੰਦਗੀ ਪ੍ਰਤੀ ਉਹਦੀ ਸੋਝੀ ਵਧਦੀ ਗਈ, ਇਸ਼ਨਾਨ-ਘਰ ਦੀ ਅਹਿਮੀਅਤ ਵੀ ਵਧਦੀ ਗਈ। ਸਿੰਧ-ਘਾਟੀ ਦੀ ਸਭਿਅਤਾ ਦੇ ਖੰਡਰਾਂ ਤੋਂ ਪਤਾ ਚਲਦਾ ਹੈ ਕਿ ਉਸ ਵੇਲੇ ਦੇ ਘਰਾਂ ਵਿੱਚ ਗੁਸਲਖਾਨਿਆਂ ਲਈ ਖਾਸ ਜਗਾਹ ਹੁੰਦੀ ਸੀ। ਪਾਣੀ ਦੇ ਨਿਕਾਸ ਲਈ ਨਾਲ਼ੀਆਂ ਦੇ ਸਬੂਤ ਵੀ ਮਿਲਦੇ ਹਨ। ਖੰਡਰਾਂ ਤੇ ਹੋਰ ਮਿਲੀਆਂ ਵਸਤਾਂ ਤੋਂ ਪਤਾ ਚਲਦਾ ਹੈ ਕਿ ਸਿੰਧ-ਘਾਟੀ ਵੇਲੇ ਦੇ ਆਰਚੀਟੈਕਟਰਾਂ ਨੂੰ ਸੈਨੀਟਰੀ ਇੰਜੀਨੀਅਰੰਗ ਸਾਇੰਸ ਦੀ ਜਾਣਕਾਰੀ ਸੀ। ਸੈਨੀਟਰੀ-ਸਿਸਟਮ ਮਨੁੱਖ ਦੇ ਜੀਵਨ ਤੇ ਸਿਹਤ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ। ਉਸ ਤੋਂ ਬਾਅਦ ਮਹੰਜੋਦਾਰੋ ਤੇ ਹੜੱਪਾ ਦੀ ਦੇ ਖੰਡਰਾਂ ਵਿੱਚ ਵੀ ਗੁਸਲਖਾਨਿਆਂ ਦਾ ਸੁਧਰਿਆ ਰੂਪ ਮਿਲਦਾ ਹੈ। ਟੁਆਇਲਟ ਲਈ ਲਕੜੀ ਦੀਆਂ ਸੀਟਾਂ ਲੱਭਦੀਆਂ ਹਨ ਤੇ ਇਸ਼ਨਾਨ-ਘਰ ਇੱਟਾਂ ਦੇ ਬਣੇ ਹੁੰਦੇ ਹਨ।

ਬੈਠਣ ਵਾਲੀਆਂ ਟੁਆਇਲਟਾਂ ਤੇ ਸ਼ਾਵਰ ਵਾਂਗ ਪਾਣੀ ਸੁੱਟਣਾ ਮਿਨੋਅਨ-ਸਿਵਲਾਈਜੇਸ਼ਨ, ਯੂਨਾਨ ਵਿੱਚ ਮਿਲਦਾ ਹੈ। ਇਹ ਸਭਿਅਤਾ ਸਿੰਧ-ਘਾਟੀ ਦੀ ਸਭਿਅਤਾ ਤੋਂ ਵੀ ਪੁਰਾਣੀ ਹੈ। ਉਹ ਸਿਸਟਮ ਮਿਸਰ ਦੀ ਘਾਟੀ ਦੀ ਸਭਿਅਤਾ ਵਿੱਚ ਵੀ ਚਲਦਾ ਸੀ। ਇਸ਼ਨਾਨ-ਘਰ ਬਹੁਤੇ ਘਰਾਂ ਦੇ ਨਾਲ ਬਣੇ ਮਿਲਦੇ ਹਨ।

ਇਤਿਹਾਸ ਵਿੱਚ ਨਹਾਉਣਾ ਇਕ ਕਿਸਮ ਦਾ ਸਾਂਝਾ ਕੰਮ ਸੀ। ਲੋਕ ਇਕੱਠੇ ਹੋਕੇ ਨਹਾਉਂਦੇ। ਇਕੱਠੇ ਨਹਾਉਣ ਦੀ ਪਿਰਤ ਅੱਜ ਵੀ ਕਾਇਮ ਹੈ। ਧਾਰਮਿਕ-ਅਸਥਾਨਾਂ ਉਪਰ ਨਹਾਉਣਾ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ। ਔਰਤਾਂ ਲਈ ਅਲੱਗ ਜਗਾਹ ਬਣੀ ਹੁੰਦੀ ਹੈ ਜਿਸਨੂੰ ਸਾਡੀ ਭਾਸ਼ਾ ਵਿੱਚ ਪੋਣਾ ਆਖਦੇ ਹਨ। ਗੁਰਦਵਾਰਿਆਂ ਵਿੱਚ ਤਲਾਬ ਦਾ ਹੋਣਾ ਇਸਦਾ ਸਬੂਤ ਹੈ ਕਿ ਸਰੀਰ ਦੀ ਸਫਾਈ ਰੱਖਣਾ ਇਕ ਧਾਰਮਿਕ ਕੰਮ ਹੈ। ਗੰਗਾ ਨਹਾਉਣ ਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ। ਭਾਰਤ ਸਮੇਤ ਕਈ ਮੁਲਕਾਂ ਵਿੱਚ ਜਨਤੱਕ ਤੌਰ ‘ਤੇ ਇਸ਼ਨਾਨ ਕਰਨਾ ਸ਼ੁੱਭ ਮੰਨਿਆਂ ਜਾਂਦਾ ਹੈ। ਯੌਰਪ ਤੇ ਉਤਰੀ ਅਮਰੀਕਾ ਵਿੱਚ ਮੌਸਮ ਠੰਡਾ ਹੋਣ ਕਰਕੇ ਗਰਮ ਪਾਣੀ ਜਾਂ ਭਾਫ ਨਾਲ ਨਹਾਉਣ ਦਾ ਰਿਵਾਜ ਰਿਹਾ ਹੈ, ਇਹੀ ਸਿਸਟਮ ਅੱਗੇ ਜਾ ਕੇ ਸੋਨਾ ਬਾਥ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਮੈਂ ਇੰਡੀਆ ਹੁੰਦਿਆਂ ਕਈ ਵਾਰ ਸੁਣਿਆਂ ਸੀ ਕਿ ਗੋਰੇ ਨਹਾਉਂਦੇ ਨਹੀਂ, ਇਸ ਦਾ ਕਾਰਨ ਠੰਡ ਵੀ ਹੋ ਸਕਦੀ ਹੈ। ਬਹੁਤ ਸਾਰੇ ਲੋਕ ਹੈਰਾਨ ਹੋਣਗੇ ਕਿ ਪਿਛਲੀ ਸਦੀ ਦੇ ਅੱਧ ਤੱਕ ਇੰਗਲੈਂਡ ਦੇ ਆਮ ਘਰਾਂ ਵਿੱਚ ਬਾਥਰੂਮ ਨਹੀਂ ਸੀ ਹੁੰਦੇ। ਹਾਂ, ਟੁਆਲਿਟਾਂ ਜ਼ਰੂਰ ਹੁੰਦੀਆਂ ਸਨ, ਬਹੁਤੀ ਵਾਰ ਬਾਹਰ, ਗਾਰਡਨ ਵਿੱਚ। ਨਹਾਉਣ ਤੇ ਕਪੜੇ ਧੋਣ ਲਈ ਪਬਲਿਕ-ਬਾਥ ਹੁੰਦੇ ਸਨ ਇਸ ਲਈ ਲੋਕ ਹਫਤੇ ਬਾਅਦ ਹੀ ਨਹਾਉਂਦੇ। ਪਹਿਲੀਆਂ ਵਿੱਚ ਵਾਲ ਕਟਾਉਣ ਦਾ ਵੀ ਇਹੋ ਮੁੱਖ ਕਾਰਨ ਸੀ। ਪਿਛਲੀ ਸਦੀ ਦੇ ਸੱਠਵਿਆਂ ਵਿੱਚ ਆਕੇ ਵਸਣ ਵਾਲੇ ਪੰਜਾਬੀ ਲੋਕਾਂ ਦਾ ਇਸ ਬਾਰੇ ਕਾਫੀ ਤਜਰਬਾ ਹੈ। ਮੇਰੇ ਪਹਿਲੇ ਨਾਵਲ ‘ਵਨ ਵੇਅ’ ਦੇ ਪਾਤਰ ਪਬਲਿਕ ਬਾਥਾਂ ਵਿੱਚ ਨਹਾਉਂਦੇ ਹਨ।

ਸਾਂਝੇ ਤੌਰ ‘ਤੇ ਨਹਾਉਣ ਬਾਰੇ ਅੱਗੇ ਗੱਲ ਕਰੀਏ ਤਾਂ ਜਪਾਨ ਵਿੱਚ ਇਸ ਨੂੰ ਸੈਂਟੋ ਆਖਦੇ ਹਨ। ਇਕ ਵੱਡਾ ਕਮਰਾ ਹੁੰਦਾ ਹੈ ਜਿਸਦੇ ਵਿਚਕਾਰ ਕੰਧ ਬਣੀ ਹੁੰਦੀ ਹੈ। ਇਕ ਪਾਸੇ ਔਰਤਾਂ ਨਹਾਉਂਦੀਆਂ ਹਨ ਤੇ ਦੂਜੇ ਪਾਸੇ ਮਰਦ। ਇਵੇਂ ਹੀ ਟਰਕਿਸ਼ ਬਾਥ ਹਨ ਜਿਹਨਾਂ ਨੂੰ ਅੱਗੇ ਚੱਲ ਕੇ ਹਮਾਮ ਵੀ ਕਿਹਾ ਗਿਆ। ਸਾਰੀ ਇਸਲਾਮਿਕ ਦੁਨੀਆ ਵਿੱਚ ਹਮਾਮ ਬਹੁਤ ਪ੍ਰਚੱਲਤ ਹਨ। ਹਿੰਦੁਸਤਾਨ ਵਿੱਚ ਵੀ ਮੁਗਲਾਂ ਵੇਲੇ ਹਮਾਮ ਆਮ ਸਨ, ਖਾਸ ਕਰਕੇ ਉਪਰਲੀਆਂ ਜਮਾਤਾਂ ਵਿੱਚ। ਇਥੋਂ ਹੀ ਉਹ ਮਹਾਵਰਾ ਬਣਿਆਂ ਸੀਕਿ ਹਮਾਮ ਵਿੱਚ ਸਭ ਨੰਗੇ। ਹਮਾਮ ਸ਼ਬਦ ਰੋਮਨਾਂ ਦੇ ਥੈਰਮ ਸ਼ਬਦ ਦਾ ਵਿਗੜਿਆ ਰੂਪ ਲਗਦਾ ਹੈ। ਰੋਮਨਾਂ ਵੇਲੇ ਸਾਂਝੇ ਥਾਂ ਨਹਾਉਣ ਵਾਲੀ ਜਗਾਹ ਨੂੰ ਥੈਰਮ, ਅੱਜਕੱਲ੍ਹ ਥਰਮਲ-ਬਾਥ ਕਿਹਾ ਜਾਂਦਾ ਹੈ। ਇਹ ਵੱਡੀ ਜਗਾਹ ਹੁੰਦੀ ਹੈ ਜਿਥੇ ਸੈਂਕੜੇ ਲੋਕ ਨਹਾ ਸਕਦੇ ਹਨ। ਅਜੋਕੇ ਸਵਿੰਮਿੰਗ-ਪੂਲ ਇਹਨਾਂ ਦਾ ਹੀ ਸੁਧਰਿਆ ਰੂਪ ਹੈ। ਰੋਮਨਾਂ ਨੇ ਆਪਣੇ ਇਸ਼ਨਾਨ-ਘਰਾਂ ਵਿੱਚ ਗਰਮ ਪਾਣੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਤੇ ਉਹਨਾਂ ਨੂੰ ਆਪਣੇ ਇਸ ਸਿਸਟਮ ‘ਤੇ ਮਾਣ ਵੀ ਸੀ। ਉਹਨਾਂ ਦਾ ਇੰਗਲੈਂਡ ਉਪਰ ਕਈ ਸੌ ਸਾਲ ਕਬਜ਼ਾ ਰਿਹਾ ਹੈ ਤੇ ਉਸ ਦੌਰਾਨ ਉਹਨਾਂ ਨੇ ‘ਬਾਥ’ ਨਾਂ ਦਾ ਇਥੇ ਇਕ ਸ਼ਹਿਰ ਹੀ ਵਸਾ ਦਿੱਤਾ ਸੀ ਜੋ ਅੱਜ ਵੀ ਘੁੱਗ ਵਸਦਾ ਹੈ ਤੇ ਰੋਮਨਾਂ ਵੇਲੇ ਦੇ ਇਸ਼ਨਾਨ-ਘਰ ਅੱਜ ਵੀ ਕਾਇਮ ਹਨ, ਜਿਹਨਾਂ ਵਿੱਚ ਗਰਮ ਪਾਣੀ ਨਾਲ ਨਹਾਉਣ ਦਾ ਦੋ ਹਜ਼ਾਰ ਸਾਲ ਪੁਰਾਣਾ ਸਿਸਟਮ ਉਪਲੱਬਧ ਹੈ।

ਅਸਲ ਵਿੱਚ ਇਸ਼ਨਾਨ-ਘਰ ਉਹ ਹੁੰਦਾ ਹੈ ਜਿਸ ਵਿੱਚ ਇਕੋ ਸਮੇਂ ਬਹੁਤ-ਸਾਰੇ ਲੋਕ ਨਹਾ ਸਕਦੇ ਹਨ। ਆਮ ਘਰਾਂ ਵਿੱਚ ਅਸੀਂ ਗੁਸਲਖਾਨਾ ਸ਼ਬਦ ਵਰਤਦੇ ਹਾਂ। ਅੰਗਰੇਜ਼ੀ ਬੋਲਦੀ ਦੁਨੀਆ ਵਿੱਚ ਬਾਥਰੂਮ ਕਿਹਾ ਜਾਂਦਾ ਹੈ ਜਿਸਦੇ ਅੱਗੇ ਛੋਟੇ-ਛੋਟੇ ਉਪਨਾਮ ਹਨ। ਬਾਥਰੂਮ ਦਾ ਦੂਜੇ ਕਮਰਿਆਂ ਤੋਂ ਅਲੱਗ ਹੋਣਾ ਕੁਦਰਤੀ ਹੈ। ਫੁੱਲ-ਬਾਥਰੂਮ ਵਿੱਚ ਟੱਬ/ਸ਼ਾਵਰ-ਕੈਬਿਨ, ਟੁਆਇਲਟ ਤੇ ਸਿੰਕ ਹੁੰਦੇ ਹਨ। ਫੁੱਲ-ਬਾਥਰੂਮ ਵਿੱਚ ਪਲੱਮਿੰਗ ਲਈ ਚਾਰ ਜੁੜਤਾਂ ਹੁੰਦੀਆਂ ਹਨ: ਸਿੰਕ, ਟੁਆਇਲਟ, ਬਾਥ-ਟੱਬ, ਸ਼ਾਵਰ। ਬਾਥ-ਟੱਬ ਤੇ ਸ਼ਾਵਰ ਵਿੱਚੋਂ ਇਕੋ ਹੀ ਵੀ ਹੋ ਸਕਦਾ ਹੈ ਜਾਂ ਦੋਵੇਂ ਹੀ ਇਕ ਥਾਂਵੇਂ। ਇਵੇਂ ਹੀ ਇਕ ਟਰਮ ਵਰਤੀ ਜਾਂਦੀ ਹੈ, ‘ਐਨ-ਸੂਟ ਬਾਥਰੂਮ’ ਜਾਂ ‘ਐਨ-ਸ਼ਾਵਰ-ਰੂਮ’। ਇਹ ਟਰਮ ਉਸ ਬਾਥਰੂਮ ਲਈ ਵਰਤੀ ਜਾਂਦੀ ਹੈ ਜੋ ਬੈੱਡਰੂਮ ਨਾਲ ਜੁੜਿਆ ਜਾਂ ਅਟੈਚਡ ਹੋਵੇ। ਇਕ ਹੋਰ ਟਰਮ ਹੈ, ‘ਜੈਕ-ਐਂਡ-ਜਿੱਲ ਬਾਥਰੂਮ’ ਜਾਂ ‘ਕੁਲਿਕਟਿਵ-ਬਾਥਰੂਮ’। ਇਹ ਉਹ ਬਾਥਰੂਮ ਹੈ ਜੋ ਦੋ ਕਮਰਿਆਂ ਨਾਲ ਜੁੜਿਆ ਹੁੰਦਾ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਕੋਠੀਆਂ ਵਿੱਚ ਇਹ ਬਾਥਰੂਮ ਆਮ ਦੇਖਿਆ ਜਾ ਸਕਦਾ ਹੈ। ਇਕ ਹੋਰ ਟਰਮ ਹੈ, ‘ਹਾਫ-ਬਾਥ’ ਜਾਂ ‘ਪਾਉਡਰ-ਰੂਮ’। ਇਹ ਕੁਝ ਛੋਟਾ ਹੁੰਦਾ ਹੈ ਜਿਸ ਵਿੱਚ ਟੁਆਲਿਟ, ਸਿੰਕ ਤੇ ਸ਼ਾਵਰ-ਕੈਬਿਨ ਹੁੰਦੇ ਹਨ। ਜੈਕ-ਐਂਡ-ਜਿੱਲ ਬਾਥਰੂਮਾਂ ਵਿੱਚ ਕਈ ਵਾਰ ਦੋ ਵਾਸ਼ ਵੇਬਨ ਵੀ ਹੋ ਸਕਦੇ ਹਨ। ਸ਼ਾਵਰ ਵਾਲੇ ਕੈਬਿਨ ਨੂੰ ਕਈ ਥਾਵੀਂ ‘ਵੈਟਰੂਮ’ ਵੀ ਕਿਹਾ ਜਾਂਦਾ ਹੈ। ਅੱਜਕੱਲ੍ਹ ਟੁਆਇਲਟ ਤੋਂ ਬਾਅਦ ਵਾਲੀ ਸਫਾਈ ਲਈ ‘ਬਾਈਡੈਟ’ ਵੀ ਲੱਗਣੇ ਸ਼ੁਰੂ ਹੋ ਗਏ ਹਨ। ਯੂਕੇ ਦੇ ਬਹੁਤੇ ਭਾਰਤੀ ਘਰਾਂ ਵਿੱਚ ਆਮ ਟੁਆਇਲਟਾਂ ਵਿੱਚ ਪਾਣੀ ਵਾਲੇ ਪਾਈਪ ਫਿੱਟ ਕਰ ਲਏ ਜਾਂਦੇ ਹਨ। ਇਮਾਰਤਸਾਜ਼ੀ ਦੇ ਹਿਸਾਬ ਨਾਲ ਹਰ ਬਾਥਰੂਮ ਨੂੰ ਖਿੜਕੀ ਦਾ ਹੋਣਾ ਲਾਜ਼ਮੀ ਹੈ ਪਰ ਅੱਜਕੱਲ੍ਹ ਖਿੜਕੀ-ਰਹਿਤ ਬਾਥਰੂਮ ਵੀ ਮਿਲਦੇ ਹਨ। ਇਹਨਾਂ ਬਾਥਰੂਮਾਂ ਵਿੱਚੋਂ ਭਾਫ ਜਾਂ ਦੁਰਗੰਧ ਲਈ ਹਵਾ ਖਿੱਚਣ ਵਾਲੇ ਪੱਖੇ ਲਗਣੇ ਜ਼ਰੂਰੀ ਹੁੰਦੇ ਹਨ।

ਅਮਰੀਕਾ ਵਿੱਚ ਬਾਥਰੂਮ ਦੀ ਇਕਹਰੀ-ਪ੍ਰੀਭਾਸ਼ਾ ਦੀ ਅਣਹੋਂਦ ਹੈ। ਜਿਵੇਂ ਕਿ ਫੁੱਲ-ਬਾਥਰੂਮ, ਜੈਕ-ਐਂਡ-ਜਿੱਲ ਬਾਥਰੂਮ ਆਦਿ। ਉਥੇ ਮਸ਼ਹੂਰੀ ਕਰਨ ਵੇਲੇ ਰੀਅਲ-ਇਸਟੇਟ ਵਾਲੇ ਘਰ ਵਿੱਚ ਬਾਥਰੂਮਾਂ ਦੀ ਗਿਣਤੀ ਤਾਂ ਲਿਖ ਦਿੰਦੇ ਹਨ ਤੇ ਅੱਗੇ ਉਸ ਦੀ ਕੈਟਾਗਰੀ ਨਹੀਂ ਦਸਦੇ ਤੇ ਬਾਅਦ ਵਿੱਚ ਘਰਦੇ ਖਰੀਦਦਾਰ ਨਾਲ ਗਲਤ-ਫਹਿਮੀ ਪੈਦਾ ਹੋ ਸਕਦੀ ਹੈ ਕਿ ਉਹ ਕੁਝ ਸੋਚੇ ਤੇ ਅੱਗੇ ਕੁਝ ਹੋਰ ਮਿਲੇ। ਇਹ ਗੱਲਾਂ ਬਰੀਕ ਜਿਹੀਆਂ ਹਨ ਪਰ ਦਿਲਚਸਪ ਹਨ। ਕਨੇਡਾ ਵਿੱਚ ਬਾਥਰੂਮ ਨੂੰ ਵਾਸ਼ਰੂਮ ਕਹਿੰਦੇ ਹਨ।

ਰਿਹਾਇਸ਼ੀ ਘਰਾਂ ਵਿੱਚ ਬਾਥਰੂਮਾਂ ਨੂੰ ਵਰਤਣ ਦਾ ਰਿਕਾਰਡ ਪੰਜ ਹਜ਼ਾਰ ਸਾਲ ਪਹਿਲਾਂ ਮਿਲਣਾ ਸ਼ੁਰੂ ਹੋਇਆ ਸੀ। ਉਸ ਵੇਲੇ ਪਾਣੀ ਨੂੰ ਬਹੁਤ ਨਾਯਾਬ ਸਮਝਿਆ ਜਾਂਦਾ ਸੀ। ਹੋ ਸਕਦਾ ਹੈ ਉਸ ਵੇਲੇ ਪਾਣੀ ਦੀ ਘਾਟ ਹੋਵੇ ਜਿਸ ਬਾਰੇ ਅੱਜ ਵੀ ਫਿਕਰ ਕੀਤਾ ਜਾ ਰਿਹਾ ਹੈ। ਯੂਨਾਨੀ ਸਭਿਅਤਾ ਤੇ ਰੋਮਨ ਇੰਪਾਇਰ ਵੇਲੇ ਮਿਲਦੇ ਥਰਮਲ-ਬਾਥ ਬਹੁਤ ਵੱਡੇ ਸਨ। ਰੋਮਨਾਂ ਵੇਲੇ ਥਰਮਲ-ਬਾਥ ਸਮਾਜਿਕ ਉਸਾਰੀ ਦੀ ਨਿਸ਼ਾਨੀ ਹੁੰਦੇ ਸਨ। ਇਥੇ ਲੋਕ ਆਪਸ ਵਿੱਚ ਮਿਲਦੇ ਸਨ, ਵਿਚਾਰ ਸਾਂਝੇ ਕਰਦੇ ਸਨ, ਅਰਾਮ ਕਰਦੇ ਸਨ ਤੇ ਊਰਜਾ ਹਾਸਲ ਕਰਦੇ ਸਨ। ਇਹਨਾਂ ਬਾਥਾਂ ਨੂੰ ਮੰਨੋਰੰਜਨ ਦੀ ਥਾਂ ਵੀ ਮੰਨਿਆਂ ਜਾਂਦਾ ਸੀ। ਅਮੀਰ ਜਾਂ ਹੁਕਮਰਾਨ ਤਬਕੇ ਦੇ ਲੋਕਾਂ ਦੇ ਆਪਣੇ ਛੋਟੇ ਥਰਮਲ-ਬਾਥ ਹੁੰਦੇ ਸਨ ਪਰ ਉਹ ਲੋਕਾਂ ਨਾਲ ਤਾਲ-ਮੇਲ ਰੱਖਣ ਲਈ ਵੱਡੇ ਥਰਮਲ-ਬਾਥਾਂ ਵਿੱਚ ਵੀ ਜਾਇਆ ਕਰਦੇ ਸਨ। ਰੋਮਨ-ਇੰਪਾਇਰ ਦੀ ਇਕ ਗੱਲ ਬਹੁਤ ਮਸ਼ਹੂਰ ਰਹੀ ਹੈ ਕਿ ਉਸ ਦੇ ਸ਼ਹਿਰੀ ਤਿਆਰ-ਬਿਆਰ ਹੋ ਕੇ ਰਹਿਣ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ। ਹਰ ਸ਼ਹਿਰੀ ਦੇ ਬਾਥਰੂਮ ਵਿੱਚ ਕਰੀਮ, ਇਤਰ, ਕੰਘੀ ਤੇ ਸ਼ੀਸ਼ਾ ਜ਼ਰੂਰ ਹੁੰਦੇ ਸਨ। ਇਹ ਚੀਜ਼ਾਂ ਹਾਲੇ ਵੀ ਥੇਹਾਂ ਵਿੱਚੋਂ ਮਿਲਦੀਆਂ ਹਨ। ਰੋਮਨਾਂ ਵੇਲੇ ਦੇ ਟੱਬ ਜਿਹੜੇ ਹਾਲੇ ਵੀ ਮਿਲਦੇ ਹਨ ਉਸ ਬਣਤਰ ਦੇ ਟੱਬ ਚਾਰ ਹਜ਼ਾਰ ਸਾਲ ਤੋਂ ਮਿਲਦੇ ਆ ਰਹੇ ਹਨ। ਗਰੀਸ ਦੇ ਕਰੇਟ ਇਲਾਕੇ ਵਿੱਚ ਨੌਸਸ ਨਾਮੀ ਜਗਾਹ ਵਿੱਚਲੇ ਖੰਡਰਾਂ ਵਿੱਚ ਵਰਤੇ ਜਾਂਦੇ ਟੱਬਾਂ ਦੀ ਬਣਤਰ ਅੱਜੋਕੇ ਟੱਬਾਂ ਦੇ ਨੇੜਲੀ ਹੈ ਹੀ ਪਰ ਪਲੱਮਿੰਗ ਵੀ ਤਕਰੀਬਨ ਮੌਡਰਨ-ਪਲੱਮਿੰਗ ਵਰਗੀ ਹੈ। ਇਸ ਤੋਂ ਵੀ ਐਡਵਾਂਸ-ਪਲੱਮਿੰਗ ਦੇ ਨਮੂਨੇ 3500 ਸਾਲ ਪਹਿਲਾਂ ਐਕਰੋਟਿਰੀ ਦੀ ਥੇਹ ਵਿੱਚ ਮਿਲੇ ਹਨ ਜੋ ਇਕ ਗਰੀਕ ਜਜ਼ੀਰੇ ‘ਤੇ ਸਥਿਤ ਹੈ। ਇਥੇ ਪਲੱਮਿੰਗ ਵਿੱਚ ਗਰਮ ਪਾਣੀ ਤੇ ਠੰਡੇ ਪਾਣੀ ਦੇ ਵੱਖ ਵੱਖ ਪਾਈਪ ਵਰਤੇ ਮਿਲਦੇ ਹਨ। ਅਸਲ ਵਿੱਚ ਇਸ ਜਜ਼ੀਰੇ ‘ਤੇ ਲਾਵੇ ਫੁੱਟਣ ਕਾਰਨ ਗਰਮ ਪਾਣੀ ਉਪਲਬਧ ਸੀ।

ਗਰੀਕ ਤੇ ਰੋਮਨ ਸਭਿਆਚਾਰ ਵਿੱਚ ਨਹਾਉਣ ਦਾ ਬਹੁਤ ਮੁੱਲ ਸੀ। ਪ੍ਰਸਿੱਧ ਲੇਖਕ ਹੋਮਰ ਆਪਣੇ ਹੀਰੋਆਂ ਨੂੰ ਗਰਮ-ਪਾਣੀ ਵਿੱਚ ਨਹਾਉਂਦਿਆਂ ਦਿਖਾਉਂਦਾ ਹੈ ਜਿਥੋਂ ਉਹ ਤਾਕਤ ਹਾਸਲ ਕਰਦੇ ਹਨ। ਹੋਮਰ ਤਸ਼ਬੀਹਾਂ ਵਿੱਚ ਬਾਥ-ਟੱਬ ਆਦਿ ਵਰਤਦਾ ਹੈ। ਗਰੀਕ ਮਿਥੌਲੌਜੀ ਵਿੱਚ ਨਹਾ ਕੇ ਸ਼ੁੱਧ ਹੋਣ ਦਾ ਜ਼ਿਕਰ ਆਉਂਦਾ ਹੈ। ਗਰੀਕ-ਕਮੇਡੀਅਨ ਅਰਿਸਟੋਫੇਨਜ਼ ਜੋਕਿ ਫਿਲਪਸ ਦਾ ਪੁੱਤਰ ਸੀ, ਕਵੀ ਵੀ ਸੀ ਤੇ ਉਹ ਇਕ ਥਾਵੇਂ ਪਬਲਿਕ-ਬਾਥ ਦਾ ਜ਼ਿਕਰ ਕਰਦਾ ਹੈ। ਹੌਲੀ-ਹੌਲੀ ਸੋਲਵੀਂ-ਸਤਾਰਵੀਂ-ਅਠਾਰਵੀਂ ਸਦੀ ਵਿੱਚ ਇਕੱਠੇ ਹੋਕੇ ਨਹਾਉਣ ਜਾਂ ਜਨਤੱਕ-ਬਾਥ ਦੀ ਪ੍ਰਥਾ ਖਤਮ ਹੋਣ ਲੱਗੀ ਤੇ ਮਿਡਲ-ਕਲਾਸ ਲੋਕ ਆਪੋ-ਆਪਣੇ ਬਾਥਰੂਮ ਬਣਾਉਣ ਲੱਗੇ ਪਰ ਹੇਠਲੀ ਕਲਾਸ ਦੀ ਸਥਿਤੀ ਬਹੁਤੀ ਵਧੀਆ ਨਹੀਂ ਸੀ।

ਯੂਕੇ ਵਿੱਚ ਬਾਥਰੂਮ ਪੰਦਰਵੀਂ ਸਦੀ ਵਿੱਚ ਤਰੱਕੀ ਕਰਨ ਲੱਗੇ। ਟੁਆਇਲਟ ਦਾ ਅੱਜ ਵਾਲਾ ਫਲੱਸ਼-ਸਿਸਟਮ ਜੌਹਨ ਹੈਰਿੰਗਡਨ ਨੇ ਕੱਢਿਆ। ਉਸਨੇ ਉਸ ਵੇਲੇ ਦੀ ਮਹਾਂਰਾਣੀ ਅਲੈਜ਼ਬੈੱਥ ਪਹਿਲੀ ਲਈ ਇਸ ਨੂੰ ਫਿੱਟ ਕੀਤਾ। ਹਾਈਜੀਨ ਨੂੰ ਕਾਬੂ ਕਰਨ ਲਈ ਇਹ ਇਨਕਲਾਬ ਵਾਂਗ ਸੀ। ਪਹਿਲਾਂ ਇਸਨੂੰ ਅਮੀਰ ਹੀ ਵਰਤਦੇ ਸਨ ਪਰ ਜਲਦੀ ਹੀ ਇਹ ਸਿਸਟਮ ਆਮ ਘਰਾਂ ਵਿੱਚ ਆ ਗਿਆ ਕਿਉਂਕਿ ਇਹ ਬਹੁਤਾ ਮਹਿੰਗਾ ਨਹੀਂ ਸੀ, ਬੱਸ ਪਾਣੀ ਦਾ ਨਿਕਾਸ ਚਾਹੀਦਾ ਸੀ। ਪਿੰਡਾਂ ਵਿੱਚ ਬਹੁਤ ਸਾਰੇ ਅੰਗਰੇਜ਼ ਖੇਤਾਂ ਵਿੱਚ ਟੁਆਇਲਟ ਜਾਂਦੇ ਰਹੇ ਹਨ। ਬਹੁਤ ਸਾਲ ਪਹਿਲਾਂ ਮੇਰਾ ਇਕ ਗੋਰਾ ਦੋਸਤ ਮੇਰੇ ਨਾਲ ਇੰਡੀਆ ਗਿਆ ਸੀ, ਉਹ ਖੇਤਾਂ ਵਿੱਚ ਟੁਆਇਲਟ ਜਾਣ ਲਈ ਟਰੇਂਡ ਸੀ।

ਯੂਕੇ ਵਿੱਚ ਹੇਠਲੀ ਕਲਾਸ ਲਈ ਸਰਕਾਰ ਨੇ ‘ਬਾਥ-ਐਂਡ-ਵਾਸ਼ ਹਾਊਸ’ ਖੋਹਲਣੇ ਸ਼ੁਰੂ ਕਰ ਦਿੱਤੇ ਸਨ। ਸਭ ਤੋਂ ਪਹਿਲਾ ਬਾਥ-ਐਂਡ-ਵਾਸ਼ ਹਾਊਸ 1828 ਵਿੱਚ ਲਿਵਰਪੂਲ ਵਿੱਚ ਖੋਹਲਿਆ ਗਿਆ। ਇਥੇ ਆਮ ਲੋਕ ਨਹਾਉਂਦੇ ਤੇ ਕਪੜੇ ਧੋਂਦੇ ਸਨ। ਇਹਨਾਂ ਵਿੱਚ ਲੂਣ ਵਾਲਾ ਪਾਣੀ ਵਰਤਿਆ ਜਾਂਦਾ ਸੀ। 1842 ਵਿੱਚ ਲਿਵਰਪੂਲ ਦੀ ਫਰੈਡਰਿਕ ਸਟਰੀਟ ‘ਤੇ ਤਾਜ਼ੇ ਗਰਮ-ਪਾਣੀ ਦੇ ਬਾਥ-ਐਂਡ-ਵਾਸ਼ ਹਾਊਸ ਸ਼ੁਰੂ ਕਰ ਦਿੱਤੇ ਗਏ। ਇਹ ਗਰੀਬ ਲੋਕਾਂ ਲਈ ਬਹੁਤ ਲਾਹੇਵੰਦ ਸਨ ਤੇ ਬਹੁਤ ਮਸ਼ਹੂਰ ਹੋਣ ਲੱਗੇ। ਇਹ ਸ਼ਹਿਰ-ਸ਼ਹਿਰ ਖੋਲ੍ਹੇ ਜਾਣ ਲੱਗੇ। ਲਿਵਰਪੂਲ ਵਿੱਚ ਹੀ ਇਕ ਆਇਰਸ਼ ਔਰਤ ਆਪਣਾ ਘਰ ਤੇ ਗਾਰਡਨ ਲੋਕਾਂ ਨੂੰ ਕਪੜੇ ਧੋਣ ਲਈ ਕਿਰਾਏ ‘ਤੇ ਦਿੰਦੀ ਸੀ ਤੇ ਕਿਰਾਇਆ ਇਕ ਹਫਤੇ ਦਾ ਸਿਰਫ ਇਕ ਪੈਨੀ ਲੈਂਦੀ ਸੀ ਜੋ ਸਰਕਾਰੀ ਪਬਿਲਕ ਘਰਾਂ ਦੇ ਮੁਕਾਬਲੇ ਬਹੁਤ ਘੱਟ ਸੀ। ਉਸ ਔਰਤ ਦੀ ਗਰੀਬਾਂ ਦੀ ਸੇਂਟ ਕਿਹਾ ਜਾਂਦਾ ਸੀ। 1842 ਵਿੱਚ ਉਸ ਨੂੰ ਬਾਥ-ਹਾਊਸਾਂ ਦੀ ਸੁਪਰਡੈਂਟ ਬਣਾ ਦਿੱਤਾ ਗਿਆ ਸੀ।

ਯੂਕੇ ਵਿੱਚ ਜਨਤੱਕ-ਇਸ਼ਨਾਨ ਘਰਾਂ ਦੀ ਗਿਣਤੀ ਏਨੀ ਵੱਧ ਗਈ ਕਿ ਕਈ ਵਾਰ ਆਮ-ਲੋਕਾਂ ਦੇ ਪ੍ਰਬੰਧਕਾਂ ਨਾਲ ਜਾਂ ਆਪਸ ਵਿੱਚ ਝਗੜੇ ਹੋਣ ਲੱਗਦੇ। ਇਸੇ ਕਰਕੇ ਇਹਨਾਂ ਨੂੰ ਰੈਗੂਲੇਟ ਕਰਨ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਪਿਆ। 1844 ਬਿਸ਼ਪ-ਔਫ-ਲੰਡਨ ਨੇ ਇਸ ਮਾਮਲੇ ਵਿੱਚ ਕਮੇਟੀ ਬਣਾਈ ਜਿਸ ਕਮੇਟੀ ਨੇ 1846 ਵਿੱਚ ਇਸ ਬਾਰੇ ਇਕ ਬਿੱਲ ਬਣਾਇਆ ਜਿਸ ਦਾ ਨਾਂ ‘ਪਬਲਿਕ ਬਾਥ-ਐਂਡ-ਵਾਸ਼ ਹਾਊਸ ਐਕਟ’ ਰਖਿਆ ਗਿਆ। ਕੁਝ ਕਾਰਨਾਂ ਕਰਕੇ ਮਾਨਚੈਸਟਰ ਵਿੱਚ ਪਬਲਿਕ-ਬਾਥ ਸਭ ਤੋਂ ਅਖੀਰ ਵਿੱਚ ਜਾਣੀਕਿ 1876 ਵਿੱਚ ਬਣੇ। ਲੰਡਨ ਵਿੱਚ ਪਹਿਲੇ ਪਬਲਿਕ-ਬਾਥ 1847 ਵਿੱਚ ਵਾਈਟ-ਚੈਪਲ ਵਿੱਚ ਬਣੇ। ਹਰ ਟਾਊਨ ਵਿੱਚ ਪਬਲਿਕ-ਬਾਥ ਇਕ ਵਿਸ਼ੇਸ਼ ਲੈਂਡ-ਮਾਰਕ ਦੇ ਤੌਰ ‘ਤੇ ਉਭਰ ਆਏ ਤੇ ਇਲਾਕੇ ਦਾ ਪੱਛਾਣ-ਚਿੰਨ੍ਹ ਬਣ ਗਏ। ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਘਰ-ਘਰ ਬਾਥਰੂਮ ਬਣਨ ਲੱਗੇ ਤਾਂ ਪਬਲਿਕ-ਬਾਥਾਂ ਦੀ ਕਦਰ ਘਟਣੀ ਸ਼ੁਰੂ ਹੋ ਗਈ। ਵਾਈਟ-ਚੈਪਲ ਪਬਲਿਕ-ਬਾਥਾਂ ਵਿੱਚ 1989 ਵਿੱਚ ਆਕੇ ਲਾਇਬ੍ਰੇਰੀ ਖੁੱਲ੍ਹ ਗਈ। ਵੂਲਿਚ ਵਰਗੇ ਕਈ ਟਾਊਨਾਂ ਵਿੱਚ ਪੁਰਾਣੇ ਬਾਥ-ਹਾਊਸ ਜਾਂ ਇਸ਼ਨਾਨ-ਘਰ ਹਾਲੇ ਵੀ ਸਾਂਭੇ ਪਏ ਹਨ।

ਕਿਉਂਕਿ ਮੈਂ ਛੱਪੜ ਵਿੱਚ ਨਹਾਉਣ ਤੋਂ ਲੈਕੇ ਸੋਨਾ-ਬਾਥ ਤੱਕਦਾ ਸਫਰ ਕੀਤਾ ਹੈ ਇਸ ਕਰਕੇ ਮੈਨੂੰ ਇਸ ਖੇਤਰ ਦੇ ਇਤਿਹਾਸ ਵਿੱਚ ਤੇ ਇਸ ਵਿੱਚ ਹੁੰਦੀਆਂ ਤਬਦੀਲੀਆਂ ਵਿੱਚ ਦਿਲਚਸਪੀ ਰਹਿੰਦੀ ਹੈ।


Comments


bottom of page