top of page
Writer's pictureਸ਼ਬਦ

ਲੌਕਡਾਊਨ ਤੇ ਆਮ ਮਨੁੱਖ ਦਾ ਜੀਵਨ / ਹਰਜੀਤ ਅਟਵਾਲ

ਲੌਕਡਾਊਨ ਸ਼ਬਦ ਤਾਂ ਸ਼ਾਇਦ ਪਹਿਲਾਂ ਸੁਣਿਆ ਹੋਵੇਗਾ ਪਰ ਇਸ ਸ਼ਬਦ ਵਿੱਚ ਛੁਪੇ ਅਰਥਾਂ ਦੀ ਕਰੂਰਤਾ ਬਾਰੇ ਹੁਣ ਆ ਕੇ ਪਤਾ ਲੱਗਾ, ਉਹ ਵੀ ਕਰੋਨਾ ਵਾਇਰਸ ਦੇ ਯੁੱਗ ਵਿੱਚ। ਲੌਕਡਾਊਨ ਕਰਫਿਊ ਵਰਗੀ ਸਥਿਤੀ ਹੈ। ਇਸ ਵਿੱਚ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਤੁਸੀਂ ਆਪਣੇ ਹੀ ਘਰਾਂ ਵਿੱਚ ਕੈਦ ਹੋ ਜਾਂਦੇ ਹੋ। ਬਾਹਰ ਨਿਕਲਣ ਦਾ ਮਤਲਬ ਕਿ ਤੁਸੀਂ ਜਾਂ ਤਾਂ ਬਿਮਾਰੀ ਫੈਲਾ ਰਹੇ ਹੋਵੋਂਗੇ ਜਾਂ ਫਿਰ ਬਾਹਰੋਂ ਲੈ ਆਵੋਂਗੇ। ਇਟਲੀ ਵਿੱਚ ਸਭ ਤੋਂ ਪਹਿਲਾ ਲੌਕਡਾਊਨ 11/03/2020 ਨੂੰ ਲੱਗਿਆ ਸੀ। ਉਸ ਤੋਂ ਬਾਅਦ ਬਾਕੀ ਦੇਸ਼ਾਂ ਵਿੱਚ ਲੱਗਿਆ। ਕਰੋਨਾ ਪਿਛਲੇ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿੱਚ ਦੁਨੀਆ ਵਿੱਚ ਕਹਿਰ ਬਣ ਕੇ ਉਤਰਿਆ। ਅਜਿਹੀ ਬਿਮਾਰੀ ਜਿਸ ਦਾ ਕੋਈ ਇਲਾਜ ਨਹੀਂ। ਜੋ ਛੂਤ ਦੀ ਹੈ, ਇਕ ਦੂਜੇ ਤੋਂ ਲੱਗਦੀ ਹੈ। ਜਦ ਇਸ ਬਿਮਾਰੀ ਬਾਰੇ ਕੁਝ ਕੁ ਪਤਾ ਚੱਲਿਆ ਤਾਂ ਉਦੋਂ ਤੱਕ ਇਹ ਆਪਣੀ ਮਾਰ ਕਰਨੀ ਸ਼ੁਰੂ ਕਰ ਚੱੁਕੀ ਸੀ। ਯੂਰਪ ਵਿੱਚ ਇਸ ਦੀ ਮਾਰ ਦਾ ਸਭ ਤੋਂ ਵੱਡਾ ਅਸਰ ਸੀ। ਇਟਲੀ ਵੱਡਾ ਪਹਿਲਾ ਸਿ਼ਕਾਰ ਸੀ। ਮਾਹਿਰਾਂ ਨੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਕੋ ਇਕ ਇਲਾਜ ਲੱਭਿਆ- ਲੌਕਡਾਊਨ। ਮਾਰਚ ਦੇ ਸ਼ੁਰੂ ਵਿੱਚ ਹੀ ਇਟਲੀ ਵਿੱਚ ਲੌਕ ਡਾਊਨ ਲਾ ਦਿੱਤਾ ਗਿਆ। ਮਾਰਚ ਵਿੱਚ ਹੀ ਯੂਕੇ ਵਿੱਚ ਵੀ ਲੌਕਡਾਊਨ ਲੱਗ ਗਿਆ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਕ ਵਾਰ ਇਹ ਬਿਮਾਰੀ ਆਪਣੀ ਚਰਮਸੀਮਾ ਤੱਕ ਪੁੱਜ ਕੇ ਵਾਪਸ ਮੁੜ ਆਉਂਦੀ ਹੈ। ਉਵੇਂ ਹੀ ਹੋਇਆ। ਬਿਮਾਰੀ ਘਟਣੀ ਸ਼ੁਰੂ ਹੋਈ ਤਾਂ ਲੌਕਡਾਊਨ ਕੁਝ ਨਰਮ ਕੀਤਾ ਗਿਆ। ਪਰ ਬਿਮਾਰੀ ਨੇ ਫਿਰ ਤੇਜ਼ੀ ਫੜ ਲਈ ਤੇ ਫਿਰ ਲੌਕ ਡਾਊਨ ਲਗਾ ਦਿੱਤਾ ਗਿਆ। ਇਵੇਂ ਇਸ ਸਾਲ ਦੇ ਸ਼ੁਰੂ ਵਿੱਚ ਤੀਜਾ ਲੌਕ ਡਾਊਨ ਲਾਇਆ ਗਿਆ ਹੈ। ਇਸ ਲੌਕ ਡਾਊਨ ਦੇ ਕਈ ਪੜਾਅ ਹਨ, ਜਿਹਨਾਂ ਨੂੰ ਟੀਅਰ ਕਿਹਾ ਜਾਂਦਾ ਹੈ। ਟੀਅਰ ਇਕ, ਟੀਅਰ ਦੋ, ਟੀਅਰ ਤਿੰਨ ਤੇ ਟੀਅਰ ਚਾਰ। ਤੀਜਾ ਲੌਕ ਡਾਊਨ ਟੀਅਰ ਇਕ ਤੋਂ ਹੀ ਸ਼ੁਰੂ ਕੀਤਾ ਗਿਆ ਸੀ ਪਰ ਬਿਮਾਰੀ ਸੀ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਲਈ ਯੂਕੇ ਵਿੱਚ ਹੁਣ ਟੀਅਰ ਚਾਰ ਵਾਲਾ ਪੜਾਅ ਹੈ।

ਜਦ ਇਹ ਪਹਿਲੀ ਵਾਰ ਬਿਮਾਰੀ ਯੂਕੇ ਵਿੱਚ ਆਈ ਤਾਂ ਇਸ ਦਾ ਬਹੁਤ ਦਹਿਲ ਸੀ, ਇਸ ਦੇ ਨਾਲੋਂ ਲੌਕਡਾਊਨ ਦਾ ਦਹਿਲ ਬਹੁਤਾ ਸੀ। ਲੋਕਾਂ ਨੇ ਖਾਣਪੀਣ ਦਾ ਸਮਾਨ ਭਰਨਾ ਸ਼ੁਰੂ ਕਰ ਲਿਆ ਸੀ। ਲੋਕਾਂ ਨੇ ਏਨੀ ਵਾਧੂ ਖਰੀਦੋਫਰੋਕਤ ਕਰ ਲਈ ਸੀ ਕਿ ਸਟੋਰਾਂ ਦੇ ਸਟੋਰ ਖਾਲੀ ਹੋ ਗਏ ਸਨ। ਲੌਕਡਾਊਨ ਦੇ ਬਾਵਯੂਦ ਬਿਮਾਰੀ ਫੈਲੀ, ਹਜ਼ਾਰਾਂ ਲੋਕ ਨਿੱਤ ਦਿਨ ਇਸ ਬਿਮਾਰੀ ਦਾ ਸਿ਼ਕਾਰ ਹੁੰਦੇ ਰਹੇ। ਜਿਹਨਾਂ ਵਿੱਚੋਂ ਲੱਗਭੱਗ ਹਜ਼ਾਰ ਤੋਂ ਵੱਧ ਹਰ ਰੋਜ਼ ਮੌਤਾਂ ਹੁੰਦੀਆਂ ਰਹੀਆਂ। ਆਪਣੀ ਚਰਮਸੀਮਾ ਹੰਢਾ ਕੇ ਬਿਮਾਰੀ ਦਾ ਰੁੱਖ ਹੇਠਾਂ ਨੂੰ ਕੀਤਾ। ਯੂਕੇ ਵਿੱਚ ਇਸ ਸਾਲ ਵਿੱਚ ਇਸ ਬਿਮਾਰੀ ਨੇ ਤੀਜਾ ਵੱਡਾ ਹਮਲਾ ਕੀਤਾ ਹੈ। ਇਸ ਵਾਰ ਬਿਮਾਰੀ ਦਾ ਵਾਰ ਬਹੁਤ ਤਿੱਖਾ ਹੈ। ਬਿਮਾਰੀ ਦਾ ਰੂਪ ਵੀ ਪਹਿਲਾਂ ਨਾਲੋਂ ਘਿਨਾਉਣਾ ਹੈ। ਪੰਜਾਹ ਤੋਂ ਸੱਠ ਹਜ਼ਾਰ ਲੋਕ ਹਰ ਰੋਜ਼ ਇਸ ਬਿਮਾਰੀ ਦਾ ਸਿ਼ਕਾਰ ਹੋ ਰਹੇ ਹਨ। ਤੇ ਪੰਦਰਾਂ ਸੌ ਤੋਂ ਉਪਰ ਮਰ ਰਹੇ ਹਨ। ਯੂਕੇ ਛੋਟਾ ਜਿਹਾ ਜਜ਼ੀਰਾ ਹੈ। ਅਬਾਦੀ ਛੇ ਕੁ ਕਰੋੜ ਹੈ ਪਰ ਉਸ ਅਨੁਪਾਤ ਨਾਲ ਮਰਨ ਵਾਲਿਆਂ ਤੇ ਬਿਮਾਰਾਂ ਦੀ ਗਿਣਤੀ ਬਹੁਤ ਵੱਧ ਹੈ। ਹਸਪਤਾਲਾਂ ਵਿੱਚ ਬਿਸਤਰ ਘੱਟ ਪੈ ਰਹੇ ਹਨ। ਬਿਮਾਰਾਂ ਨੂੰ ਹੋਟਲਾਂ ਵਿੱਚ ਰੱਖਿਆ ਜਾ ਰਿਹਾ ਹੈ। ਡਾਕਟਰਾਂ ਨੇ ਹੋਰ ਬਿਮਾਰੀਆਂ ਜਿਵੇਂ ਕੈਂਸਰ, ਦਿਲ-ਗੁਰਦੇ-ਲਿਵਰ ਦੀਆਂ ਬਿਮਾਰੀਆਂ ਵੱਲ ਧਿਆਨ ਘੱਟ ਕਰ ਦਿੱਤਾ ਹੈ। Eਪਰੇਸ਼ਨ ਵੀ ਅੱਗੇ ਪਾ ਦਿੱਤੇ ਹਨ ਤਾਂ ਜੋ ਕੋਵਿਡ-19 ਨਾਲ ਸਿਝਿਆ ਜਾ ਸਕੇ। ਇਸ ਵਾਰ ਵੀ ਇਹ ਬਿਮਾਰੀ ਆਪਣੀ ਚਰਮਸੀਮਾ ‘ਤੇ ਪੱੁਜ ਕੇ ਹੀ ਵਾਪਸ ਆਵੇਗੀ ਪਰ ਇਸ ਦੀ ਚਰਮਸੀਮਾ ਕੀ ਹੋਵੇਗੀ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਚੰਗੀ ਗੱਲ ਇਹ ਹੈ ਕਿ ਇਸ ਦੀ ਦਵਾਈ ਨਿਕਲ ਆਈ ਹੈ। ਇਸ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ ਪਰ ਟੀਕੇ ਲੱਗਣ ਦਾ ਕੰਮ ਬਹੁਤ ਮੱਧਮ ਹੈ। ਡਾਕਟਰ ਕਹਿੰਦੇ ਹਨ ਕਿ ਜੁਲਾਈ ਮਹੀਨੇ ਤੱਕ ਸਾਰੀ ਆਬਾਦੀ ਦੇ ਟੀਕੇ ਲਾ ਦਿੱਤੇ ਜਾਣਗੇ ਪਰ ਜਦ ਤੱਕ ਲੋਕਾਂ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਵੀ ਡਰ ਲੱਗਦਾ ਹੈ। ਜਦ ਤੱਕ ਸਾਰੀ ਆਬਾਦੀ ਦੇ ਟੀਕੇ ਲੱਗਣਗੇ ਤੱਦ ਤੱਕ ਬਹੁਤ ਸਾਰੇ ਸ਼ਹਿਰੀ ਦੂਜੀ ਦੁਨੀਆ ਵਿੱਚ ਪੁੱਜ ਚੁੱਕੇ ਹੋਣਗੇ।

ਇਸ ਬਿਮਾਰੀ ਤੋਂ ਬਚਣ ਲਈ ਇਹ ਤੀਜਾ ਲੌਕਡਾਊਨ ਹੈ। ਟੀਅਰ ਚਾਰ ਭਾਵ ਸਭ ਤੋਂ ਔਖਾ ਪੜਾਅ। ਤੁਸੀਂ ਬਿਲਕੁਲ ਬਾਹਰ ਨਹੀਂ ਨਿਕਲ ਸਕਦੇ। ਘਰੋਂ ਬਾਹਰ ਜਾਣ ਵਿੱਚ ਕੁਝ ਛੋਟਾਂ ਹਨ। ਤੁਹਾਨੂੰ ਦਵਾ-ਦਾਰੂ ਲਈ ਜਾਣਾ ਹੋਵੇ, ਖਾਣ-ਪੀਣ ਦੀ ਖਰੀਦੋਫਰੋਕਤ ਕਰਨੀ ਹੋਵੇ, ਤੁਸੀਂ ਵਰਜਿਸ਼ ਕਰਨੀ ਹੋਵੇ, ਜਾਂ ਫਿਰ ਕੀ ਵਰਕਰ ਭਾਵ ਅਜਿਹੇ ਕਾਮੇ ਜਿਹਨਾਂ ਦੇ ਕੰਮ ਉਪਰ ਗਏ ਬਿਨਾਂ ਕੰਮ ਨਾ ਚਲਦਾ ਹੋਵੇ। ਜਿਹੜੇ ਲੋਕ ਔਨ-ਲਾਈਨ ਜਾਂ ਕੰਪਿਊਟਰ ‘ਤੇ ਕੰਮ ਕਰਦੇ ਹਨ ਉਹ ਤਾਂ ਹੁਣ ਘਰਾਂ ਵਿੱਚ ਬੈਠੇ ਹੀ ਕੰਮ ਕਰਦੇ ਹਨ। ਪਹਿਲਾਂ ਉਹ ਦਫਤਰ ਵਿੱਚ ਜਾ ਕੇ ਆਪਣੇ ਅਫਸਰ ਨੂੰ ਗੁੱਡ ਮਾਰਨਿੰਗ ਕੁਹਿੰਦੇ ਸਨ ਹੁਣ ਸਵੇਰੇ ਆਪਣਾ ਕੰਪਿਊਟਰ ਖੋਹਲਦੇ ਹੀ ਉਪਰਲਿਆਂ ਨੂੰ ਗੁੱਡ ਮੌਰਨਿੰਗ ਆਖਦੇ ਹਨ। ਸਾਰੀਆਂ ਮੀਟਿੰਗਾਂ ਵੀ ਔਨ-ਲਾਈਨ ਹੋ ਰਹੀਆਂ ਹਨ। ਰੈਸਟੋਰੈਂਟ ਬੰਦ ਹਨ ਪਰ ਟੇਕ-ਅਵੇਅ ਭਾਵ ਤੁਸੀਂ ਖਾਣਾ ਖਰੀਦ ਕੇ ਲਿਆ ਸਕਦੇ ਹੋ, ਉਹ ਖੁੱਲ੍ਹੇ ਹਨ। ਦੁਕਾਨਾਂ ਜ਼ਰੂਰੀ ਸਮਾਨ ਦੀਆਂ ਹੀ ਖੁੱਲ੍ਹੀਆਂ ਹਨ ਜਿਵੇਂ ਖਾਣ-ਪੀਣ ਦੀਆਂ। ਕਪੜਿਆਂ ਜਾਂ ਹੋਰ ਚੀਜ਼ਾਂ ਦੀਆਂ ਜਿਹਨਾਂ ਬਿਨਾਂ ਸਰ ਸਕਦਾ ਹੈ, ਦੁਕਾਨਾਂ ਬੰਦ ਹਨ। ਸਕੂਲ, ਕਾਲਜ, ਯੂਨੀਵਰਸਟੀਆਂ ਬੰਦ ਹਨ ਪਰ ਨਰਸਰੀ ਸਕੂਲ ਖੁੱਲ੍ਹੇ ਹਨ। ਜਿਹਨਾਂ ਬੱਚਿਆਂ ਦੇ ਦੋਵੇਂ ਮਾਂ-ਬਾਪ ਕੀ-ਵਰਕਰ ਹਨ ਭਾਵ ਜ਼ਰੂਰੀ-ਕਾਮੇ, ਉਹਨਾਂ ਦੇ ਬੱਚਿਆਂ ਲਈ ਸਕੂਲ ਖੁੱਲ੍ਹੇ ਹਨ। ਵਰਜਿਸ਼ ਲਈ ਤੁਸੀਂ ਬਾਹਰ ਜਾ ਸਕਦੇ ਹੋ ਪਰ ਘਰ ਦੇ ਨੇੜੇ-ਤੇੜੇ ਹੀ। ਪਿਛਲੀ ਦਿਨੀਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਪਣੀ ਰਿਹਾਇਸ਼ ਤੋਂ ਸੱਤ ਮੀਲ ਦੂਰ ਸਾਈਕਲ ਚਲਾਉਂਦਾ ਫੜਿਆ ਗਿਆ, ਇਸ ਨੂੰ ਲੈ ਕੇ ਬਹੁਤ ਰੌਲ਼ਾ ਪਿਆ ਹੋਇਆ ਹੈ। ਪ੍ਰਾਈਮਰੀ ਦੇ ਇਮਤਿਹਾਨ ਜਿਹਨਾਂ ਨੂੰ ਸੈਟ ਕਿਹਾ ਜਾਂਦਾ ਹੈ, ਸਥਿਗਤ ਕਰ ਦਿੱਤੇ ਗਏ ਹਨ। ਆਊਟਡੋਰ ਪਲੇ ਗਰਾਊਂਡਾਂ ਖੁੱਲ੍ਹੀਆਂ ਹਨ ਪਰ ਗੌਲਫ, ਟੈਨਿਸ ਤੇ ਆਊਟਡੋਰ ਜਿੱਮ ਬੰਦ ਹਨ। ਸਾਰੀਆਂ ਹੀ ਖੇਡਾਂ ਵਿੱਚ ਆਮ ਜਿਹੀਆਂ ਸਥਾਨਕ ਟੀਮਾਂ ਦੇ ਮੈਚ ਬੰਦ ਹਨ ਪਰ ਵੱਡੇ ਲੈਵਲ ਦੀਆਂ ਗੇਮਾਂ ਜਿਵੇਂ ਕਿ ਪ੍ਰੀਮੀਅਰ ਲੀਗ ਆਦਿ ਦੇ ਮੈਚ ਹੁੰਦੇ ਰਹਿਣਗੇ। ਇਸ ਲੌਕਡਾਊਨ ਵਿੱਚ ਪੁਲੀਸ ਨੂੰ ਵੀ ਪਹਿਲਾਂ ਨਾਲੋਂ ਵੱਧ ਅਧਿਕਾਰ ਦੇ ਦਿੱਤੇ ਗਏ ਹਨ। ਬਿਨਾਂ ਕਾਰਨ ਬਾਹਰ ਫਿਰਦੇ ਬੰਦੇ ਨੂੰ ਉਹ ਦੋ ਸੌ ਪੌਂਡ ਤੱਕ ਜੁਰਮਾਨਾ ਕਰ ਸਕਦੇ ਹਨ। ਕਿਸੇ ਪਾਰਟੀ ਵਿੱਚ ਇਕੱਤਰ ਲੋਕਾਂ ਨੂੰ ਪੁਲੀਸ ਦਸ ਹਜ਼ਾਰ ਪੌਂਡ ਤੱਕ ਜੁਰਮਾਨ ਕਰ ਸਕਦੀ ਹੈ। ਪੰਜਾਬੀ ਲੋਕ ਜੇ ਹੋਰ ਕੰਮਾਂ ਵਿੱਚ ਬਹੁਤ ਅੱਗੇ ਹਨ, ਜੁਰਮਾਨਾ ਕਰਾਉਣ ਵਿੱਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ ਹਨ। ਬਾਹਰ ਘੁੰਮਦਿਆਂ ਨੂੰ ਘੱਟ ਸਾਡੇ ਲੋਕਾਂ ਨੂੰ ਪਾਰਟੀ ਕਰਦਿਆਂ ਕਾਫੀਆਂ ਨੂੰ ਜੁਰਮਾਨੇ ਹੋਏ ਹਨ। ਸਕੂਲ ਫਰਬਰੀ ਦੇ ਅੱਧ ਤੱਕ ਬੰਦ ਹਨ ਤੇ ਅੱਗੇ ਵੀ ਪਤਾ ਨਹੀਂ ਕਿੰਨੀ ਦੇਰ ਤੱਕ ਬੰਦ ਰੱਖਣੇ ਪੈਣਗੇ, ਇਸ ਲਈ ਬੱਚਿਆਂ ਦੀ ਪੜ੍ਹਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਉਹਨਾਂ ਨੂੰ ਔਨ-ਲਾਈਨ ਹਰ ਰੋਜ਼ ਤਿੰਨ ਤੋਂ ਪੰਜ ਘੰਟੇ ਪੜ੍ਹਾਇਆ ਜਾਂਦਾ ਹੈ। ਸੱਤ ਤੋਂ ਅੱਠ ਲੱਖ ਤੱਕ ਲੈਪਟੌਪ ਤੇ ਟੈਬਲਿਟਸ ਵਿਦਿਆਰਥੀਆਂ ਵਿੱਚ ਵੰਡੇ ਜਾ ਰਹੇ ਹਨ। ਜਿਹੜੇ ਕਾਮਿਆਂ ਨੂੰ ਘਰੀਂ ਬੈਠਾ ਦਿੱਤਾ ਗਿਆ ਹੈ ਉਹਨਾਂ ਨੂੰ ਪੈਸੇ ਮਿਲਦੇ ਰਹਿਣ ਵਾਲੀ ਫਰਲੋ ਸਕੀਮ ਪਿਛਲੇ ਲੌਕਡਾਊਨ ਵਾਂਗ ਜਾਰੀ ਹੈ।

ਤੀਜਾ ਲੌਕਡਾਊਨ ਦੂਜੇ ਨਾਲੋਂ ਸਖਤ ਹੈ ਪਰ ਪਹਿਲੇ ਤੋਂ ਜ਼ਰਾ ਕੁ ਨਰਮ ਹੈ। ਇਸ ਲੌਕਡਾਊਨ ਵਿੱਚ ਮੈਨੂਫੈਕਰਿੰਗ (ਵਸਤੂਆਂ ਬਣਾਉਣ ਵਾਲੀਆਂ ਫੈਕਟਰੀਆਂ) ਤੇ ਇਮਾਰਤ-ਉਸਾਰੀ ਦਾ ਕੰਮ ਜਾਰੀ ਰਹੇਗਾ ਜੋ ਪਹਿਲੇ ਲੌਕਡਾਊਨ ਵਿੱਚ ਠੱਪ ਸੀ। ਅਸਲ ਵਿੱਚ ਯੂਕੇ ਦੀ ਅਰਥਵਿਵਸਥਾ ਨੂੰ ਸਰਵਿਸ-ਇਕੌਨੋਮੀ ਕਿਹਾ ਜਾਂਦਾ ਹੈ। ਜੇ ਸਭ ਕੁਝ ਬੰਦ ਕਰ ਦਿੱਤਾ ਗਿਆ ਤਾਂ ਮੁਲਕ ਕਿਵੇਂ ਚੱਲਗੇ। ਇਸ ਲਈ ਅੰਸ਼ਕ ਤੌਰ ‘ਤੇ ਬੰਦ ਹੈ। ਸਭ ਤੋਂ ਵੱਡੀ ਘਟਨਾ ਹੀਥਰੋ ਏਅਰ ਪੋਰਟ ਦੇ ਬੰਦ ਹੋਣ ਦੀ ਹੈ। ਪੰਜਾਂ ਟਰਮੀਨਲਾਂ ਵਿੱਚੋਂ ਸਿਰਫ ਇਕ ਜਾਂ ਦੋ ਟਰਮੀਨਲ ਹੀ ਚੱਲ ਰਹੇ ਹਨ। ਬਹੁਤੇ ਕਾਮਿਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਸਕੂਲਾਂ ਦੇ ਬੰਦ ਹੋਣ ਨਾਲ ਵੀ ਇਕੌਨਮੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜੇ ਬੱਚੇ ਸਕੂਲ ਜਾਣਗੇ ਤਾਂ ਮਾਪੇ ਵੀ ਕੰਮਾਂ ‘ਤੇ ਜਾ ਸਕਣਗੇ। ਇਵੇਂ ਇਕੌਨੋਮੀ ਨੂੰ ਗੇੜਾ ਆਉਂਦਾ ਰਹੇਗਾ। ਪਹਿਲੇ ਲੌਕ ਡਾਊਨ ਤੋਂ ਬਾਅਦ ਮਾਹਿਰ ਲੋਕ ਕਹਿ ਰਹੇ ਸਨ ਕਿ 2021 ਦੀਆਂ ਗਰਮੀਆਂ ਵਿੱਚ ਯੂਕੇ ਦੀ ਇਕੌਨੋਮੀ ਮੁੜ ਆਪਣੇ ਪੈਰਾਂ ‘ਤੇ ਆ ਖੜੇਗੀ ਪਰ ਇਹ ਗੱਲ ਹੁਣ ਕਾਫੀ ਅੱਗੇ ਪੈ ਜਾਵੇਗੀ। ਫਿਰ ਵੀ ਤੀਜਾ ਲੌਕਡਾਊਨ ਪਹਿਲੇ ਨਾਲੋਂ ਘੱਟ ਖਤਰਨਾਕ ਹੈ। ਪਹਿਲੇ ਲੌਕਡਾਊਨ ਵੇਲੇ ਇਕੌਨੋਮੀ ਆਪਣੇ ਲੈਵਲ ਤੋਂ 24-7% ਹੇਠਾਂ ਚਲੇ ਗਈ ਸੀ ਪਰ ਇਸ ਵਾਰ ਇਹ ਦਰ ਕੁਝ ਘੱਟ ਹੈ। ਪਹਿਲੇ ਲੌਕਡਾਊਨ ਨਾਲੋਂ ਇਸ ਵਾਰ ਵਧੇਰੇ ਲੋਕ ਕੰਮਾਂ ‘ਤੇ ਜਾ ਰਹੇ ਹਨ। ਪਹਿਲਾਂ ਵੇਰ ਨਾਲੋਂ ਬੱਸਾਂ-ਟਰੇਨਾਂ ਵੀ ਜਿ਼ਆਦਾ ਚੱਲ ਰਹੀਆਂ ਹਨ। ਤੀਜੇ ਲੌਕਡਾਊਨ ਵਿੱਚ ਸਰਕਾਰ ਕਾਰੋਬਾਰਾਂ ਵਿੱਚ ਲੰਮੇ ਸਮੇਂ ਲਈ ਪੈਣ ਵਾਲੇ ਅਸਰਾਂ ਕਾਰਨ ਹੋਏ ਨੁਕਸਾਨ ਵਿੱਚ ਹੋਰ ਮੱਦਦ ਕਰੇਗੀ। ਵਿੱਤ ਮੰਤਰੀ ਰਿਸ਼ੀ ਸੂਨਕ ਨੇ ਚਾਰ ਬਿਲੀਅਨ ਪੌਂਡ ਦੀ ਗਰਾਂਟ ਦੇ ਦਿੱਤੀ ਹੈ ਜਿਹੜੀ ਕਿ ਉਹਨਾਂ ਅਦਾਰਿਆਂ ਨੂੰ ਦਿੱਤੀ ਜਾਵੇਗੀ ਜਿਹਨਾਂ ਨੂੰ ਸਰਕਾਰ ਨੇ ਲੌਕਡਾਊਨ ਵਿੱਚ ਬੰਦ ਕੀਤਾ ਹੋਇਆ ਹੈ। ਬੈਂਕ ਰੇਟ ਵਿੱਚ ਵੀ ਹੋਰ ਕਟੌਤੀ ਹੋਵੇਗੀ। ਹੁਣ ਇਹ 0.1% ਤੱਕ ਚਲੇ ਜਾਵੇਗਾ ਪਰ ਨੈਗਟਿਵ ਟੈਰੇਟਰੀ ਵਿੱਚ ਜਾਣ ਤੋਂ ਬਚਿਆ ਹੋਇਆ ਹੈ। ਦੂਜੇ ਲੌਕਡਾਊਨ ਦੁਰਮਿਆਨ ਪਿਛਲੇ ਨਵੰਬਰ ਵਿੱਚ ਯੂਕੇ ਦੀ ਇਕੌਨੋਮੀ 2-5% ਸੁੰਗੜੀ ਹੈ ਤੇ ਤੀਜੇ ਲੌਕਡਾਊਨ ਵਿੱਚ ਕੀ ਹੋਵੇਗਾ ਇਸ ਦਾ ਪਤਾ ਹਾਲੇ ਲੱਗੇਗਾ।

ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਸਿਹਤ ਉਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਦੌਰਾਨ ਬੱਚੇ ਲੌਕਡਾਊਨ ਦੇ ਅਨੁਭਵਾਂ ਵਿੱਚ ਦੀ ਲੰਘ ਰਹੇ ਹਨ ਉਹ ਆਮ ਜੀਵਨ ਤੋਂ ਬਹੁਤ ਅਲੱਗ ਅਨੁਭਵ ਹਨ। ਸਰਕਾਰ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤਯਾਬੀ ਲਈ ਫਰੇਮ-ਵਰਕ ਬਣਾ ਰਹੀ ਹੈ। ਬੱਚਿਆਂ ਉਪਰ ਹੀ ਨਹੀਂ ਵੱਡਿਆਂ ਉਪਰ ਵੀ ਲੌਕਡਾਊਨ ਦਾ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸਰਕਾਰ ਹੁਣੇ ਤੋਂ ਹੀ ਡਰ ਰਹੀ ਹੈ ਕਿ ਲੌਕਡਾਊਨ ਦੇ ਖਤਮ ਹੁੰਦਿਆਂ ਹੀ ਇਸ ਕਾਰਨ ਹੋਏ ਮਾਨਸਿਕ ਰੋਗੀਆਂ ਦੇ ਇਲਾਜ ਦਾ ਨੈਸ਼ਨਲ ਹੈਲਥ ਸਰਵਿਸ ਉਪਰ ਵੱਡਾ ਭਾਰ ਪੈ ਜਾਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਫੈਕਟਰੀਆਂ ਤੇ ਸਟੋਰ ਬੰਦ ਹੋਏ ਹਨ ਜਿਹਦੇ ਕਾਰਨ ਲੱਖਾਂ ਲੋਕ ਬੇਰੁਗਜ਼ਾਰ ਹੋ ਗਏ ਹਨ। ਭਾਵੇਂ ਉਹਨਾਂ ਨੂੰ ਸਰਕਾਰ ਵਲੋਂ ਕੁਝ ਭੱਤੇ ਮਿਲ ਰਹੇ ਹਨ ਪਰ ਉਹ ਨਾਕਾਫੀ ਹਨ। ਇਹਨਾਂ ਲੱਗਦੇ ਲੌਕਡਾਊਨਾਂ ਨੇ ਆਮ ਜਨਜੀਵਨ ਬਦਲ ਕੇ ਰੱਖ ਦਿੱਤਾ ਹੈ। ਕੋਵਿਡ-19 ਅਤੇ ਲੌਕਡਾਊਨ ਦੀ ਛਾਪ ਸਾਡੀਆਂ ਜਿ਼ੰਦਗੀਆਂ ਉਪਰ ਸਦਾ ਲਈ ਰਹਿ ਜਾਵੇਗੀ।



Comments


bottom of page