top of page
Writer's pictureਸ਼ਬਦ

ਕਿਸ਼ਤੀਆਂ ਵਿੱਚ ਵਸਦਾ ਲੰਡਨ /

ਹਰਜੀਤ ਅਟਵਾਲ /

     ਜੀ ਹਾਂ, ਇਕ ਲੰਡਨ ਜ਼ਮੀਨ 'ਤੇ ਵਸਦਾ ਹੈ ਤੇ ਇਕ ਲੰਡਨ ਪਾਣੀ ਉਪਰ ਭਾਵ ਕਿਸ਼ਤੀਆਂ ਵਿੱਚ। ਹਜ਼ਾਰਾਂ ਲੋਕ ਜ਼ਮੀਨ ਨਾਲੋਂ ਪਾਣੀ ਉਪਰ ਰਹਿਣਾ ਪਸੰਦ ਕਰਦੇ ਹਨ। ਲੰਡਨ ਦੀ ਇਕ ਕਹਾਵਤ ਹੈ ਕਿ ਜੇ ਤੁਸੀਂ ਛੇ ਮਹੀਨੇ ਪਾਣੀ ਉਪਰ ਰਹਿ ਲਓ ਤਾਂ ਤੁਸੀਂ ਜ਼ਮੀਨ ਉਪਰ ਰਹਿਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ।

    ਪਾਣੀ ਉਪਰ ਰਹਿਣ ਵਾਲੇ ਲੋਕਾਂ ਨਾਲ ਮੇਰਾ ਵਾਹ ਇੰਗਲੈਂਡ ਆਉਂਦੇ ਹੀ ਪੈ ਜਾਂਦਾ ਹੈ। ਜਿਸ ਰਿਸ਼ਤੇਦਾਰ ਦੇ ਘਰ ਠਹਿਰਿਆ ਹਾਂ ਉਸ ਦੇ ਘਰ ਦੇ ਪਿੱਛੇ ਗਰੈਂਡ ਯੂਨੀਅਨ ਕੈਨਾਲ ਪੈਂਦੀ ਹੈ। ਲੰਡਨ ਵਿੱਚ ਇਹਨਾਂ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਪਹਿਲਾਂ ਇਹ ਢੋਆ-ਢੁਆਈ ਦੇ ਕੰਮ ਆਉਂਦੀਆਂ ਸਨ ਹੁਣ ਕਿਸ਼ਤੀਆਂ ਵਿੱਚ ਰਹਿਣ ਵਾਲੇ ਘੁਮੱਕੜਾਂ ਦੇ। ਲੰਡਨ ਹੀ ਨਹੀਂ ਪੂਰੇ ਇੰਗਲੈਂਡ ਵਿੱਚ ਇਹ ਨਹਿਰਾਂ ਹਨ ਤੇ ਸਾਰੀਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਨਹਿਰੋ-ਨਹਿਰੀ ਹੁੰਦੇ ਅੱਗੇ ਤੁਸੀਂ ਦਰਿਆ ਰਾਹੀਂ ਸਮੁੰਦਰ ਤੱਕ ਪੁੱਜ ਸਕਦੇ ਹੋ। ਮੈਂ ਨਹਿਰ ਕੰਢੇ ਘੁੰਮਣ ਨਿਕਲਦਾ ਹਾਂ ਤਾਂ ਦੇਖਦਾ ਹਾਂ ਕਿ ਸਾਹਮਣੇ ਇਕ ਰੰਗਦਾਰ ਕਿਸ਼ਤੀ ਆ ਰਹੀ ਹੈ। ਕਿਸ਼ਤੀ ਉਪਰ 'ਬਰਟਫਲਾਈ' ਲਿਖਿਆ ਹੋਇਆ ਹੈ। ਅਜੀਬ ਜਿਹੀ ਕਿਸ਼ਤੀ ਹੈ, ਭੀੜੀ ਜਿਹੀ ਤੇ ਲੰਮੀ ਲੰਮੀ। ਘਰ ਵਾਂਗ ਛੱਤੀ ਹੋਈ ਵੀ। ਕਿਸ਼ਤੀ ਦੇ ਮੁਹਰੇ ਬਾਲਕੋਨੀ ਜਿਹੀ ਹੈ, ਇਕ ਬੰਦਾ ਬੈਠਾ ਅਖ਼ਬਾਰ ਪੜ੍ਹ ਰਿਹਾ ਹੈ, ਦੋ ਬੱਚੇ ਕੁੱਤੇ ਨਾਲ ਖੇਡ ਰਹੇ ਹਨ। ਕਿਸ਼ਤੀ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਭਾਵ ਕੁਝ ਖਾਣਾ ਬਗੈਰਾ ਬਣ ਰਿਹਾ ਹੋਵੇਗਾ। ਫਿਰ ਦਰਵਾਜ਼ਾ ਖੋਹਲਦੀ ਇਕ ਸੁਆਣੀ ਅੰਦਰੋਂ ਨਿਕਲਦੀ ਹੈ। ਉਸ ਦੇ ਹੱਥ ਵਿੱਚ ਚਾਹ ਜਾਂ ਕੌਫੀ ਦਾ ਕੱਪ ਹੈ। ਮੈਨੂੰ ਦੇਖਦੇ ਹੀ ਉਹ ਹੱਥ ਹਿਲਾਉਣ ਲਗਦੇ ਹਨ। ਉਹਨਾਂ ਦੇ ਚਿਹਰੇ ਉਪਰ ਅਜੀਬ ਖੇੜਾ ਜਿਹਾ ਹੈ। ਮੈਨੂੰ ਇਹ ਦ੍ਰਿਸ਼ ਨਾਲ ਕੀਲ ਲੈਂਦਾ ਹੈ। ਮੈਂ ਹਰ ਰੋਜ਼ ਇਸ ਨਹਿਰ ਵੱਲ ਨਿਕਲ ਆਉਂਦਾ ਹਾਂ ਤੇ ਅਜਿਹੀਆਂ ਕਈ ਕਿਸ਼ਤੀਆਂ ਨੂੰ ਦੇਖਦਾ ਰਹਿੰਦਾ ਹਾਂ। ਮੇਰਾ ਬਹੁਤ ਦਿਲ ਕਰਦਾ ਹਾਂ ਕਿ ਮੈਂ ਇਹਨਾਂ ਕਿਸ਼ਤੀਆਂ ਨੂੰ ਅੰਦਰੋਂ ਵੀ ਦੇਖਾਂ।

     ਇਕ ਦਿਨ ਮੈਂ ਹੇਜ਼ ਦੇ ਇਕ ਪੱਬ ਵਿੱਚ ਗਿਆ। ਪੱਬ ਇਕ ਮੈਰੀਨਾ ਕੰਢੇ ਸੀ। ਮਰੀਨਾ ਜਿਥੇ ਬਹੁਤ ਸਾਰੀਆਂ ਕਿਸ਼ਤੀਆਂ ਮੂਰ ਕੀਤੀਆਂ ਹੋਈਆਂ ਸਨ। ਜਿਵੇਂ ਕਾਰ ਨੂੰ ਅਸੀਂ ਪਾਰਕ ਕਰਦੇ ਹਾਂ, ਕਿਸ਼ਤੀ ਨੂੰ ਮੂਰ ਕਰਨਾ ਕਹਿੰਦੇ ਹਨ ਤੇ ਜਿਥੇ ਬਹੁਤ ਸਾਰੀਆਂ ਕਿਸ਼ਤੀਆਂ ਖੜੀਆਂ ਹੋਣ ਉਸ ਨੂੰ ਮੂਰਿੰਗ ਆਖਦੇ ਹਨ, ਜਿਵੇਂ ਕਾਰਾਂ ਲਈ ਪਾਰਕਿੰਗ। ਕਿਸ਼ਤੀ ਜਾਂ ਜਹਾਜ਼ ਆਦਿ ਨਾਲ ਪਾਣੀ ਉਪਰ ਘੁੰਮਣ ਕਰੂਜ਼ ਕਰਨਾ ਕਹਿੰਦੇ ਹਨ। ਇਕ ਹੋਰ ਸ਼ਬਦ ਮੇਰੀ ਸ਼ਬਦਾਵਲੀ ਵਿੱਚ ਆਇਆ, ਉਹ ਸੀ ਨੈਰੋਬੋਟ- ਰਿਹਾਇਸ਼ ਵਾਲੀਆਂ ਇਹ ਕਿਸ਼ਤੀਆਂ। ਨੈਰੋਬੋਟ ਇਸ ਕਰਕੇ ਕਿ ਇਹ ਭੀੜੀਆਂ ਹਨ। ਸੱਤ ਫੁੱਟ ਦੇ ਅੰਦਰ, ਲੰਡਨ ਦੀਆਂ ਨਹਿਰਾਂ ਦੀ ਚੌੜਾਈ ਦੇ ਹਿਸਾਬ ਨਾਲ ਰੱਖੀਆਂ ਜਾਂਦੀਆਂ ਹਨ। ਲੰਬਾਈ ਬਹੱਤਰ ਫੁੱਟ ਤੱਕ ਹੋ ਜਾਂਦੀ ਹੈ ਪਰ ਬਹੁਤੀਆਂ ਕਿਸ਼ਤੀਆਂ ਸਤਵੰਜਾ ਫੁੱਟ ਲੰਮੀਆਂ ਹੁੰਦੀਆਂ ਹਨ। ਮਰੀਨਾ ਦੁਆਲੇ ਕਾਰ ਪਾਰਕ ਸੀ ਜਿਸ ਵਿੱਚ ਇਹ ਲੋਕ ਕਾਰਾਂ ਖੜੀਆਂ ਕਰਦੇ ਸਨ। ਰੈਸਟੋਰੈਂਟ, ਟੁਆਇਲਟਸ, ਸ਼ੌਵਰਜ਼, ਰੈਸਟ-ਰੂਮ ਆਦਿ ਵੀ ਸਨ, ਇਥੇ ਆ ਕੇ ਇਹ ਲੋਕ ਆਰਾਮ ਕਰਦੇ ਸਨ। ਜਿਹੜੇ ਪਰਿਵਾਰਾਂ ਵਿੱਚ ਬੱਚੇ ਸਨ ਉਹਨਾਂ ਦੇ ਸਕੂਲ ਵੀ ਨਜ਼ਦੀਕ ਹੀ ਸਨ। ਅਜਿਹੀਆਂ ਅਨੇਕਾਂ ਮਰੀਨਾ ਜਾਂ ਕਿਸ਼ਤੀਆਂ ਲਈ ਮੂਰਿੰਗਜ਼ ਪੂਰੇ ਲੰਡਨ ਵਿੱਚ ਹਨ। ਇਥੇ ਕਿਸ਼ਤੀ ਮੂਰ ਕਰਨ ਦੀ ਕਾਫੀ ਸਾਰੀ ਫੀਸ ਲਈ ਜਾਂਦੀ ਹੈ। ਇਹ ਜਾਣਕਾਰੀ ਮੈਨੂੰ ਪੱਬ ਵਿੱਚ ਕੰਮ ਕਰਦੇ ਇਕ ਬੰਦੇ ਨੇ ਦਿਤੀ। ਮੂਰਿੰਗ ਵਿੱਚ ਮੂਰ ਕੀਤੀਆਂ ਕਿਸ਼ਤੀਆਂ ਬਹੁਤ ਸੁਹਣੀਆਂ ਲਗ ਰਹੀਆਂ ਸਨ। ਮੇÐਰਾ ਦਿਲ ਕਰਦਾ ਸੀ ਕਿ ਕਿਸੇ ਨੈਰੋਬੋਟ ਨੂੰ ਜਾ ਕੇ ਅੰਦਰੋਂ ਦੇਖਾਂ ਪਰ ਨਾ ਦੇਖ ਸਕਿਆ। ਨੈਰੋਬੋਟ ਨੂੰ ਅੰਦਰੋਂ ਦੇਖ ਸਕਣ ਦੀ ਭੁੱਖ ਕੁਝ ਸਾਲ ਬਾਅਦ ਪੂਰੀ ਹੋਈ।

     ਹੋਇਆ ਇਹ ਕਿ ਮੇਰੇ ਦੋਸਤ ਗੁਰਦੀਪ ਦੀ ਨਟਾਲੀਆ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਨਟਾਲੀਆ ਨੈਰੋਬੋਟ ਵਿੱਚ ਹੀ ਰਹਿੰਦੀ ਸੀ। ਨੈਰੋਬੋਟ ਦਾ ਨਾਂ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਉਸ ਨੇ ਗੁਰਦੀਪ ਨੂੰ ਆਪਣੀ ਨੈਰੋਬੋਟ ਵਿੱਚ ਆਉਣ ਦਾ ਸੱਦਾ ਦਿੱਤਾ। ਗੁਰਦੀਪ ਨੇ ਕਿਹਾ ਕਿ ਮੈਂ ਵੀ ਉਸ ਦੇ ਨਾਲ ਚੱਲਾਂ। ਨੈਰੋਬੋਟ ਦੇਖਣ ਲਈ ਤਾਂ ਮੈਂ ਜਾ ਸਕਦਾ ਸਾਂ ਪਰ ਗੁਰਦੀਪ ਦੀ ਨਟਾਲੀਆ ਨਾਲ ਦੋਸਤੀ ਹਾਲੇ ਨਵੀਂ ਨਵੀਂ ਸੀ, ਇਹ ਸੋਚਦਾ ਮੈਂ ਜਾਣੋਂ ਝਿਜਕ ਰਿਹਾ ਸਾਂ। ਗੁਰਦੀਪ ਨੇ ਦੱਸਿਆ ਕਿ ਨਟਾਲੀਆ ਨੇ ਹੀ ਕਿਹਾ ਹੈ ਕਿ ਆਪਣੇ ਦੋਸਤ ਨੂੰ ਵੀ ਨਾਲ ਲੈ ਕੇ ਆਵੀਂ। ਅਸੀਂ ਦੋਵੇਂ ਨਟਾਲੀਆ ਦੀ ਨੈਰੋਬੋਟ ਵਿੱਚ ਗਏ। ਇਹ ਥੇਮਜ਼ ਦਰਿਆ ਵਿੱਚ ਖੜੀ ਸੀ, ਬੈਟਰਸੀ ਬਰਿੱਜ ਦੇ ਨੇੜੇ 'ਬੈਟਰਸੀ ਰੀਚ' ਵਿੱਚ। ਵੈਸੇ ਥੇਮਜ਼ ਦਰਿਆ ਇਹਨਾਂ ਕਿਸ਼ਤੀਆਂ ਨੂੰ ਮੂਰ ਕਰਨ ਲਈ ਕੋਈ ਵਧੀਆ ਜਗਾਹ ਨਹੀਂ। ਨਟਾਲੀਆ ਨੇ ਆਰਜ਼ੀ ਜਿਹੀ ਹੀ ਏਥੇ ਨੈਰੋਬੋਟ ਮੂਰ ਕੀਤੀ ਸੀ, ਜਲਦੀ ਹੀ ਉਸ ਨੂੰ ਵੌਰਫ ਮਰੀਨਾ ਵਿੱਚ ਮੂਰਿੰਗ ਦੀ ਜਗਾਹ ਮਿਲਣ ਵਾਲੀ ਸੀ। ਖ਼ੈਰ, ਦਰਿਆ ਥੇਮਜ਼ ਟਾਈਡਲ ਦਰਿਆ ਹੈ, ਉਸ ਵੇਲੇ ਦਰਿਆ ਉਤਰ ਕੇ ਹੇਠਾਂ ਚਲੇ ਗਿਆ ਸੀ ਤੇ ਬਹੁਤ ਭੀੜਾ ਜਿਹਾ ਹੋ ਗਿਆ ਸੀ। ਨਟਾਲੀਆ ਦੀ ਨੈਰੋਬੋਟ, ਜਿਸ ਦਾ ਨਾਂ ਮੈਗੀ ਸੀ, ਵੀ ਬਹੁਤ ਹੇਠਾਂ ਚਲੇ ਗਈ ਹੋਈ ਸੀ।  ਹਾਂ, ਏਥੇ ਦਸਦਾ ਚੱਲਾਂ ਕਿ ਇਹਨਾਂ ਬੋਟਾਂ ਦੇ ਨਾਂ ਹੁੰਦੇ ਹਨ ਤੇ ਨਾਂ ਵੀ ਇਹ ਆਮ ਕਰਕੇ ਮਾਦਾ ਹੁੰਦੇ ਹਨ। ਅਸੀਂ ਇਕ ਫੱਟੇ ਰਾਹੀਂ ਨੈਰੋਬੋਟ ਵੱਲ ਉਤਰਨ ਲਗੇ। ਫੱਟਾ ਡਿਗਣ ਡਿਗਣ ਕਰ ਰਿਹਾ ਸੀ। ਗੁਰਦੀਪ ਬਹੁਤ ਡਰ ਗਿਆ। ਅਸੀਂ ਬੋਟ ਵਿੱਚ ਪੁੱਜੇ ਤਾਂ ਉਥੇ ਨਟਾਲੀਆ ਦਾ ਹਲਕੀ ਜਿਹੀ ਵਿੱਤ ਵਾਲਾ ਪੁਰਾਣਾ ਬੁਆਏ ਫਰੈੰਡ ਰੌਨ ਵੀ ਹਾਜ਼ਰ ਸੀ। ਅਸਲ ਵਿੱਚ ਰੌਨ ਨੈਰੋਬੋਟ ਛੱਡ ਕੇ ਨਹੀਂ ਸੀ ਜਾ ਰਿਹਾ। ਨਟਾਲੀਆ ਨੇ ਗੁਰਦੀਪ ਰਾਹੀਂ ਆਪਣੀ ਤਾਕਤ ਦਿਖਾਈ ਸੀ ਰੌਨ ਨੂੰ। ਤੇ ਮੈਂ ਵੀ ਵਰਤਿਆ ਗਿਆ ਸੀ। ਪਰ ਨੈਰੋਬੋਟ ਨੂੰ ਅੰਦਰੋਂ ਦੇਖਣ ਲਈ ਇਹ ਸੌਦਾ ਮਾੜਾ ਨਹੀਂ ਸੀ। ਰੌਨ ਹੌਲੀ ਜਿਹੀ ਖਿਸਕ ਗਿਆ। ਮੈਂ ਨਟਾਲੀਆ ਦੀ ਨੈਰੋਬੋਟ ਨੂੰ ਅੰਦਰੋਂ ਧਿਆਨ ਨਾਲ ਦੇਖਣ ਲਗਾ। ਇਕ ਬੈਡਰੂਮ ਸੀ। ਬੈਠਕ ਵਿੱਚ ਪਿਆ ਸੋਫਾ ਵੀ ਬੈਡ ਹੀ ਬਣ ਜਾਂਦਾ ਸੀ। ਇਕ ਵਾਧੂ ਮੈਟਰਸ ਵੀ ਇਕ ਪਾਸੇ ਸਾਂਭਿਆ ਹੋਇਆ ਸੀ। ਛੋਟੀ ਜਿਹੀ ਟੁਆਇਲਟ, ਸ਼ੌਵਰ ਰੂਮ, ਰਸੋਈ ਆਦਿ ਸਭ ਸਨ। ਟੈਲੀਵੀਯਨ ਵੀ ਸੀ, ਪਰਾਣੇ ਵੇਲੇ ਦੇ ਵੀਸੀਆਰ ਆਦਿ ਵੀ ਸਨ। ਕਿਸ਼ਤੀ ਦਾ ਅੰਦਰੋਂ ਇਕ ਇਕ ਇੰਚ ਵਰਤਿਆ ਹੋਇਆ ਸੀ। ਮੇਰੇ ਲਈ ਇਹ ਸਭ ਸੁਫਨਮਈ ਸੀ। ਇਥੋਂ ਲੰਡਨ ਵੱਖਰਾ ਹੀ ਦਿਸ ਰਿਹਾ ਸੀ ਤੇ ਥੇਮਜ਼ ਦਰਿਆ ਵੀ। ਮੈਨੂੰ ਉਸ ਵੇਲੇ ਵਿਲੀਅਮ ਵਰਡਜ਼ਵਰਥ ਦੀ ਇਕ ਕਵਿਤਾ ਚੇਤੇ ਆਈ ਜੋ ਉਸ ਨੇ ਥੇਮਜ਼ ਦਰਿਆ ਦੇ ਇਕ ਪੁੱਲ 'ਤੇ ਬਹਿ ਕੇ ਲਿਖੀ ਸੀ। ਮੈਂ ਇਸ ਦ੍ਰਿਸ਼ ਦੀ ਸਿਫਤ ਕਰ ਰਿਹਾ ਸੀ ਪਰ ਗੁਰਦੀਪ ਬਹੁਤ ਅਸਹਿਜ ਸੀ। ਅਸੀਂ ਦੇਰ ਤੱਕ ਡਰਿੰਕ ਪੀਂਦੇ ਰਹੇ। ਜਦ ਕਿਸ਼ਤੀ ਡੋਲਣ ਲਗਦੀ ਤਾਂ ਗੁਰਦੀਪ ਇਕ ਦਮ ਕਿਸੇ ਚੀਜ਼ ਨੂੰ ਫੜ ਲੈਂਦਾ। ਸਵੇਰੇ ਗੁਰਦੀਪ ਜਲਦੀ ਹੀ ਉਠ ਗਿਆ ਤੇ ਮੈਨੂੰ ਵੀ ਜਗਾ ਲਿਆ। ਕਿਸ਼ਤੀ ਜ਼ੋਰ ਨਾਲ ਹਿੱਲ ਰਹੀ ਸੀ। ਚੜ੍ਹਿਆ ਦਰਿਆ ਕੰਢਿਆਂ ਤੋਂ ਬਾਹਰ ਡਿਗਣ ਨੂੰ ਸੀ। ਗੁਰਦੀਪ ਨੇ ਮੈਨੂੰ ਉਥੋਂ ਚੱਲਣ ਲਈ ਕਿਹਾ, ਮੈਨੂੰ ਤਾਂ ਜਿਵੇਂ ਮੰਜ਼ਿਲ ਮਿਲੀ ਸੀ। ਮੈਂ ਨਟਾਲੀਆ ਤੋਂ ਪੁੱਛ ਕੇ ਕੁਝ ਦਿਨ ਨੈਰੋਬੋਟ ਵਿੱਚ ਰਹਿਣ ਦਾ ਮਨ ਬਣਾ ਲਿਆ। ਇਹ ਬੋਟ ਨਟਾਲੀਆ ਨੂੰ ਉਸ ਦੇ ਪਿਤਾ ਨੇ ਪੰਦਰਾਂ ਹਜ਼ਾਰ ਪੌਂਡ ਵਿੱਚ ਖਰੀਦ ਕੇ ਦਿੱਤੀ ਸੀ। ਉਹ ਦੱਸ ਰਹੀ ਸੀ ਕਿ ਨੈਰੋਬੋਟ ਫਲੈਟ ਨਾਲੋਂ ਰਹਿਣ ਤੇ ਖਰੀਦਣ ਵਿੱਚ ਸਸਤੀ ਪੈਂਦੀ ਸੀ।

     ਮੈਂ ਇਕ ਮਹੀਨਾ ਉਥੇ ਰਿਹਾ। ਕੰਮ ਤੋਂ ਮੈਂ ਬਿਮਾਰੀ ਦਾ ਬਹਾਨਾ ਕਰ ਕੇ ਛੁੱਟੀ ਲੈ ਲਈ। ਮੈਨੂੰ ਨਟਾਲੀਆ ਨੇ ਨੈਰੋਬੋਟ ਬਾਰੇ ਬਹੁਤ ਸਾਰੀਆਂ ਬੇਸਿਕ ਗੱਲ ਸਿਖਾ ਦਿਤੀਆਂ। ਉਸ ਦਾ ਇੰਜਣ ਕਾਰ ਦੇ ਇੰਜਣ ਵਰਗਾ ਹੀ ਹੁੰਦਾ ਹੈ। ਗੈਸ ਦੇ ਸਲਿੰਡਰ ਕਿਵੇਂ ਬਦਲਣੇ ਹਨ, ਪਾਣੀ ਦਾ ਟੈਂਕ ਕਿਵੇਂ ਭਰਨਾ ਹੈ, ਬੈਟਰੀਆਂ ਕਿਵੇਂ ਚਾਰਜ ਰਖਣੀਆਂ ਹਨ ਆਦਿ। ਬੋਟ ਚਲਾਉਣੀ ਵੀ ਸਿਖ ਲਈ। ਸਭ ਤੋਂ ਔਖਾ ਕੰਮ ਟੁਆਇਲਟ ਦੇ ਬੈਗ ਬਦਲਣੇ ਲੱਗੇ, ਪਹਿਲਾਂ ਪਹਿਲ ਬਹੁਤ ਸੂੰਕ ਆਉਂਦੀ ਹੈ। ਨੈਰੋਬੋਟ ਦੀਆਂ ਤਿੰਨ ਚੀਜ਼ਾਂ ਹੀ ਮੁੱਖ ਹੁੰਦੀਆਂ ਹਨ, ਪਾਣੀ ਦਾ ਟੈਂਕ ਭਰ ਕੇ ਰੱਖਣਾ, ਬੋਟ ਵਿੱਚ ਬਿਜਲੀ ਤੇ ਫਿਊਲ ਦਾ ਪੂਰਾ ਧਿਆਨ ਰਖਣਾ ਤੇ ਟੁਆਇਲਟ ਸਾਫ ਕਰਨੀ। ਟੁਆਲਿਟ ਲਈ ਕੰਪੋਟਸਟ ਸਿਸਟਮ ਵਰਤਿਆ ਜਾਂਦਾ ਹੈ, ਹੋਰ ਵੀ ਤਰੀਕੇ ਹਨ ਪਰ ਇਹੋ ਵਧੀਆ ਹੈ। ਨੈਰੋਬੋਟ ਚਲਾਉਂਦਿਆਂ ਮੈਨੂੰ ਲੌਕ ਵਿੱਚ ਜਾਣ ਦਾ ਤਜਰਬਾ ਬਹੁਤ ਚੰਗਾ ਲਗਾ। ਇੰਗਲੈਂਡ ਬਹੁਤ ਉਚਾ ਨੀਵਾਂ ਮੁਲਕ ਹੈ ਤੇ ਇਵੇਂ ਹੀ ਨਹਿਰਾਂ ਵੀ ਉਚੇ ਨੀਵੇਂ ਥਾਵੇਂ ਬਣੀਆਂ ਹਨ। ਕਿਸ਼ਤੀਆਂ ਨੂੰ ਉਤੇ ਥੱਲੇ ਲੌਕਾਂ ਵਿੱਚ ਬਣੇ ਹੌਜ਼ਾਂ ਨਾਲ ਕੀਤਾ ਜਾਂਦਾ ਹੈ। ਹੌਜ਼ ਵਿਚ ਕਿਸ਼ਤੀ ਵਾੜ ਦਿਓ ਤੇ ਉਹਨੂੰ ਪਾਣੀ ਨਾਲ ਭਰ ਦਿਓ ਤੇ ਬੋਟ ਉਪਰ ਉਠ ਜਾਵੇਗੀ, ਇਵੇਂ ਹੀ ਪਾਣੀ ਕਢ ਦਿਓ ਤਾਂ ਬੋਟ ਹੇਠਾਂ ਆ ਜਾਵੇਗੀ। ਨਹਿਰ ਪਨਾਮਾ ਵਿੱਚ ਵੀ ਹਜ਼ਾਰਾਂ ਟਨਾਂ ਦੇ ਜਹਾਜ਼ ਇਸੇ ਤਰੀਕੇ ਨਾਲ ਉਪਰ ਹੇਠਾਂ ਕੀਤੇ ਜਾਂਦੇ ਹਨ।

    ਜਦ ਨਟਾਲੀਆ ਦੀ ਨੈਰੋਬੋਟ ਨੂੰ ਵੌਰਫ ਮਰੀਨਾ ਵਿੱਚ ਮੂਰ ਕਰਨ ਦੀ ਜਗਾਹ ਮਿਲ ਗਈ ਤਾਂ ਮੈਨੂੰ ਜਾਪਿਆ ਜਿਵੇਂ ਮੈਂ ਕਿਸੇ ਪਿੰਡ ਵਿੱਚ ਰਹਿਣ ਆ ਗਿਆ ਹੋਵਾਂ। ਨੈਰੋਬੋਟਾਂ ਵਿੱਚ ਟੈਲੀਵੀਯਨ ਚੱਲ ਰਹੇ ਹੁੰਦੇ, ਬੱਚੇ ਖੇਡ ਰਹੇ ਹੁੰਦੇ, ਪਤਨੀ-ਪਤੀ ਬਹਿਸ ਰਹੇ ਹੁੰਦੇ, ਕਪੜੇ ਸੁੱਕ ਰਹੇ ਹੁੰਦੇ। ਅਸੀਂ ਲੰਡਨ ਦੇ ਹੋਰ ਵੀ ਕਈ ਮਰੀਨਾ ਜਾਂ ਨੈਰੋਬੋਟ ਮੂਰਿੰਗ ਵਿੱਚ ਵੀ ਗਏ। ਸਾਰੇ ਲੋਕ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਇਕ ਦੂਜੇ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਸਨ। ਜਿਵੇਂ ਉਹ ਇਕ ਵਖਰਾ ਹੀ ਸਮਾਜ ਹੋਵੇ। ਇਹਨਾਂ ਦੇ ਕਈ ਸ਼ਬਦ ਵੀ ਅਲੱਗ, ਸਲੈਂਗ, ਜਿਹੇ ਹਨ ਜੇ ਮੈਂ ਕੁਝ ਸਮਾਂ ਹੋਰ ਰਹਿ ਗਿਆ ਹੁੰਦਾ ਤਾਂ ਬਹੁਤ ਕੁਝ ਸਿਖ ਜਾਂਦਾ। ਮੈਨੂੰ ਸੁਨੇਹਾ ਮਿਲਿਆ ਕਿ ਮੇਰੀ ਮਾਂ ਸਖਤ ਬਿਮਾਰ ਹੈ। ਮੈਨੂੰ ਇੰਡੀਆ ਜਾਣਾ ਪਿਆ। ਨਟਾਲੀਆ ਨੇ ਵੀ ਆਪਣੇ ਮਾਂਪਿਓ ਨੂੰ ਮਿਲਣ ਆਪਣੇ ਪਿੰਡ ਯੌਰਕ ਜਾਣਾ ਸੀ।

     ਇੰਡੀਆ ਜਾ ਕੇ ਪਤਾ ਲਗਾ ਕਿ ਮੈਨੂੰ ਬਹਾਨੇ ਨਾਲ ਸਦਿਆ ਗਿਆ ਸੀ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਮੇਰੀ ਮਾਂ ਨੂੰ ਲਿਖ ਦਿਤਾ ਸੀ ਕਿ ਮੈਂ ਵਿਗੜ ਗਿਆ ਹਾਂ, ਘਰ-ਬਾਰ ਛੱਡ ਕੇ ਕਿਸ਼ਤੀ ਵਿੱਚ ਰਹਿਣ ਲੱਗਾ ਹਾਂ। ਉਹਨਾਂ ਦਿਨਾਂ ਵਿੱਚ ਇੰਗਲੈਂਡ ਆਉਣ ਦਾ ਮਤਲਬ ਸਿਰਫ ਪੈਸੇ ਕਮਾਉਣਾ ਹੁੰਦਾ ਸੀ। ਇੰਡੀਆ ਗਏ ਦਾ ਮੇਰਾ ਵਿਆਹ ਹੋ ਗਿਆ, ਬੱਚੇ ਹੋ ਗਏ, ਜ਼ਿੰਦਗੀ ਬਦਲ ਗਈ। ਮੈਂ ਆਪਣੇ ਇਸ ਤਜਰਬੇ ਬਾਰੇ ਆਪਣੇ ਨਾਵਲ 'ਸਵਾਰੀ' ਵਿੱਚ ਥੋੜਾ ਜਿਹਾ ਜ਼ਿਕਰ ਕੀਤਾ ਹੈ, ਇਕ ਕਹਾਣੀ ਵਿੱਚ ਵੀ।

    ਨੈਰੋਬੋਟ ਪਾਣੀ ਉਪਰ ਘੁੰਮਦੇ ਵਾਹਨਾਂ ਵਿੱਚੋਂ ਨੰਬਰ ਚਾਰ ਕਲਾਸ ਜਾਂ ਕੈਟਾਗਰੀ ਵਿੱਚ ਆਉਂਦੀ ਹੈ। ਹਰ ਨੈਰੋਬੋਟ ਨੂੰ ਖਾਸ ਵਿਭਾਗ ਵਿੱਚ ਰਜਿਸਟਰ ਹੋਣਾ ਪੈਂਦਾ ਹੈ। ਇਸ ਵੇਲੇ ਲੰਡਨ ਵਿੱਚ ਪੰਜ ਹਜ਼ਾਰ ਤੋਂ ਵੱਧ ਨੈਰੋਬੋਟਾਂ ਜਾਂ ਰਿਹਾਇਸ਼ੀ ਕਿਸ਼ਤੀਆਂ ਰਜਿਸਟਰ ਹਨ। ਇਕ ਬੋਟ ਵਿੱਚ ਦੋ-ਤਿੰਨ ਬੰਦੇ ਵੀ ਰਹਿੰਦੇ ਹੋਣ ਤਾਂ ਅੰਦਾਜ਼ਾ ਲਾ ਲਓ ਕਿ ਕਿੰਨੇ ਬੰਦੇ ਪਾਣੀ ਉਪਰ ਰਹਿੰਦੇ ਹੋਏ। ਵੈਸੇ ਤਾਂ ਇਹਨਾਂ ਨੂੰ ਵਾਰਡਨ ਚੈਕ ਕਰਦੇ ਰਹਿੰਦੇ ਹਨ ਪਰ ਫਿਰ ਵੀ ਕੁਝ ਡੁਪਲੀਕੇਟ ਕਿਸ਼ਤੀਆਂ ਵੀ ਜ਼ਰੂਰ ਘੁੰਮਦੀਆਂ ਹੋਣਗੀਆਂ। ਇੰਗਲੈਂਡ ਵਿੱਚ ਪੰਦਰਾਂ ਤੋਂ ਵੀਹ ਹਜ਼ਾਰ ਤੱਕ ਨੈਰੋਬੋਟਾਂ ਨਹਿਰਾਂ ਵਿੱਚ ਹਨ। ਇਹ ਨੈਰੋਬੋਟਾਂ ਸਮੁੰਦਰ ਵਿੱਚ ਤਾਂ ਸ਼ਾਇਦ ਨਾ ਜਾਂਦੀਆਂ ਹੋਣ ਪਰ ਦਰਿਆਂਵਾ ਵਿੱਚ ਲੋਕ ਆਮ ਚਲੇ ਜਾਂਦੇ ਹਨ। ਵਧੀਆ ਮੌਸਮ ਵਿੱਚ ਤਾਂ ਦਰਿਆ ਦੇ ਸਫਰ ਦਾ ਅਲੱਗ ਹੀ ਅਨੰਦ ਹੁੰਦਾ ਹੈ। ਜਿਹਨਾਂ ਨੈਰੋਬੋਟਾਂ ਨੂੰ ਕਿਸੇ ਮਰੀਨਾ ਜਾਂ ਮੂਰਿੰਗ ਲਈ ਪੱਕੀ ਜਗਾਹ ਮਿਲ ਜਾਂਦੀ ਹੈ ਉਹਨਾਂ ਵਿਚਲੀ ਜ਼ਿੰਦਗੀ ਕੁਝ ਹੋਰ ਹੁੰਦੀ ਹੈ। ਉਹ ਇਕ ਜਗਾਹ ਤਿੰਨ ਸਾਲ ਤਕ ਰੁਕ ਸਕਦੇ ਹਨ ਜਿਥੇ ਉਹਨਾਂ ਦਾ ਬਿਜਲੀ, ਪਾਣੀ ਤੇ ਟੁਆਇਲਟ ਵਾਲੇ ਮਸਲੇ ਹਲ ਹੋ ਜਾਂਦੇ ਹਨ ਤੇ ਡਾਕ ਲਈ ਵੀ ਪੱਕਾ ਟਿਕਾਣਾ ਮਿਲ ਜਾਂਦਾ ਹੈ। ਜੇ ਮੂਰਿੰਗ ਲਈ ਪੱਕੀ ਜਗਾਹ ਨਹੀਂ ਤਾਂ ਤੁਸੀਂ ਇਕ ਜਗਾਹ ਸਿਰਫ ਦੋ ਹਫਤੇ ਹੀ ਰੁਕ ਸਕਦੇ ਹੋ ਤੇ ਤੁਹਾਨੂੰ ਕੁਝ ਮੀਲ ਕਿਸ਼ਤੀ ਚਲਾਉਣੀ ਜ਼ਰੂਰ ਪੈਂਦੀ ਹੈ। ਜਦ ਤੁਸੀਂ ਨੈਰੋਬੋਟ ਵਿੱਚ ਤੁਰੇ ਫਿਰਦੇ ਹੋ ਤਾਂ ਕਿਤੇ ਵੀ ਲੰਗਰ ਸੁਟ ਸਕਦੇ ਹੋ, ਕੁੰਡੇ ਨਾਲ ਕਿਸ਼ਤੀ ਬੰਨ ਸਕਦੇ ਹੋ। ਨਹਿਰਾਂ ਦੇ ਕੰਢੇ ਆਮ ਹੀ ਨੈਰੋਬੋਟਾਂ ਨੂੰ ਬੰਨਣ ਵਾਲੇ ਕੁੰਡੇ ਲੱਗੇ ਹੁੰਦੇ ਹਨ। ਪਾਣੀ ਭਰਨ ਲਈ ਸਰਕਾਰੀ ਟੈਪਾਂ ਵੀ ਹੁੰਦੀਆਂ ਹਨ। ਟੁਆਇਲਟ ਖਾਲੀ ਕਰਨ, ਪਾਣੀ ਵਾਲੇ ਟੈਂਕ ਭਰਨ ਤੇ ਬਿਜਲੀ ਚਾਰਜ ਕਰਨ ਜਾਂ ਗੈਸ ਦੇ ਸਲਿੰਡਰ ਲੈਣ ਲਈ ਜਾਂ ਹੋਰ ਜ਼ਰੂਰਤਾਂ ਲਈ ਬਹੁਤ ਸਾਰੇ ਸਟੇਸ਼ਨ ਬਣੇ ਹੁੰਦੇ ਹਨ। ਨੈਰੋਬੋਟਾਂ ਵਿੱਚ ਰਹਿਣਾ ਜ਼ਿੰਦਗੀ ਦਾ ਇਕ ਵੱਖਰਾ ਹੀ ਅਨੁਭਵ ਹੈ। ਇਹ ਅਨੁਭਵ ਆਮ ਘਰਾਂ ਵਿੱਚ ਰਹਿਣ ਨਾਲੋਂ ਬਹੁਤ ਭਿੰਨ ਹੈ।

    ਵਕਤ ਦੀ ਕਰਵਟ ਨਾਲ ਮੈਂ ਗੈਸ ਦੇ ਸਲੰਡਰ ਵੇਚਣ ਦੇ ਕੰਮ ਵਿੱਚ ਪੈ ਗਿਆ। ਪਰੋਪੇਨ ਗੈਸ ਕਿਸ਼ਤੀਆਂ ਵਿੱਚ ਆਮ ਵਰਤੀ ਜਾਂਦੀ ਹੈ। ਹਰ ਕਿਸ਼ਤੀ ਵਿੱਚ ਦੋ-ਦੋ ਸਲੰਡਰ ਹੁੰਦੇ ਹਨ। ਇਕ ਚਲਦਾ ਤੇ ਇਕ ਭਰਿਆ ਹੁੰਦਾ ਹੈ। ਖਾਲੀ ਹੋਏ 'ਤੇ ਭਰਾ ਕੇ ਰੱਖਣਾ ਪੈਂਦਾ ਹੈ। ਮੈਂ ਇਹ ਸਲੰਡਰ ਡਿਲਿਵਰ ਵੀ ਕਰਿਆ ਕਰਦਾ ਸਾਂ। ਕਦੇ ਕਦੇ ਕਿਸੇ ਮਰੀਨਾ ਵਿੱਚ ਜਾਂਦਾ ਤਾਂ ਮੈਨੂੰ ਨਟਾਲੀਆ ਦੀ ਨੈਰੋਬੋਟ ਬਹੁਤ ਯਾਦ ਆਉਂਦੀ। ਇਕ ਦਿਨ ਮੈਂ ਕੈਮਡਨ ਮਰੀਨਾ ਗੈਸ ਸਲੰਡਰ ਦੇਣ ਗਿਆ। ਕੀ ਦੇਖਦਾ ਹਾਂ ਕਿ ਨਟਾਲੀਆ ਤੁਰੀ ਆ ਰਹੀ ਹੈ। ਉਸ ਦੀ ਉਂਗਲ ਚਾਰ ਕੁ ਸਾਲ ਦਾ ਮੁੰਡਾ ਸੀ ਤੇ ਛੇ ਕੁ ਸਾਲ ਦੀ ਕੁੜੀ ਵੀ। ਮੈਨੂੰ ਮਿਲ ਕੇ ਉਹ ਬਹੁਤ ਖੁਸ਼ ਹੋਈ। ਉਹ ਮੈਨੂੰ ਆਪਣੀ ਨੈਰੋਬੋਟ ਵਿੱਚ ਲੈ ਗਈ। ਉਸ ਦਾ ਪਤੀ ਪੌਲ ਵੀ ਮਿਲਿਆ। ਇਹ ਨੈਰੋਬੋਟ ਉਹਨਾਂ ਨੇ ਬਿਲਕੁਲ ਨਵੀਂ ਖਰੀਦੀ ਸੀ। ਘਰਾਂ ਦੀਆਂ ਕੀਮਤਾਂ ਵਾਂਗ ਨੈਰੋਬੋਟਾਂ ਦੀਆਂ ਕੀਮਤਾਂ ਵੀ ਪਹਿਲਾਂ ਨਾਲੋਂ ਚਾਰ-ਪੰਜ ਗੁਣਾਂ ਵਧ ਗਈਆਂ ਸਨ।

     ਨੈਰੋਬੋਟਾਂ ਵਿੱਚ ਰਹਿਣ ਦਾ ਇਕ ਅਲੱਗ ਹੀ ਨਜ਼ਾਰਾ ਹੈ ਉਥੇ ਕੁਝ ਅਪਵਾਦ ਵੀ ਹਨ। ਕੁਝ ਸਕਿਓਰਟੀ ਦੇ ਮਸਲੇ ਵੀ ਹੋ ਸਕਦੇ ਹਨ। ਕਈ ਥਾਂਵਾਂ 'ਤੇ ਨੈਰੋਬੋਟ ਨੂੰ ਬਹੁਤ ਉਜਾੜ ਥਾਵਾਂ ਥਾਣੀ ਵੀ ਲੰਘਣਾ ਪੈਂਦਾ ਹੈ। ਧਰਤੀ ਨਾਲੋਂ ਟੁੱਟ ਕੇ ਤੁਸੀਂ ਇਕ ਅਲੱਗ ਹੀ ਦੁਨੀਆ ਵਿੱਚ ਰਹਿਣ ਲਗਦੇ ਹੋ। ਮੌਸਮ ਨੈਰੋਬੋਟ ਉਪਰ ਸਿੱਧਾ ਹਮਲਾ ਕਰਦੇ ਹੈ। ਹਨੇਰੀ ਵਿੱਚ ਨੈਰੋਬੋਟ ਡੋਲਦੀ ਵੀ ਬਹੁਤ ਹੈ, ਸਰਦੀਆਂ ਨੂੰ ਇਸ ਦੇ ਪਾਈਪ ਜੰਮ ਜਾਣ ਦਾ ਖਤਰਾ ਰਹਿੰਦਾ ਹੈ। ਅੰਦਰ ਨਿੱਘੇ ਕਰਨੇ ਵੀ ਜ਼ਰਾ ਮੁਸ਼ਕਲ ਹੋ ਜਾਂਦੇ ਹਨ। ਜੇ ਬੱਚੇ ਹੋਣ ਤਾਂ ਸਕੂਲਾਂ ਦੇ ਹਿਸਾਬ ਨਾਲ ਢਲ਼ਣਾ ਪੈਂਦਾ ਹੈ। ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਰਨਾ ਪਵੇ ਫਿਰ ਵੀ ਲੋਕ ਨੈਰੋਬੋਟਾਂ ਵਿੱਚ ਰਹਿੰਦੇ ਹਨ ਤੇ ਰਹਿੰਦੇ ਵੀ ਹਨ ਖੁਸ਼ੀ-ਖੁਸ਼ੀ। ਮੈਂ 'ਕੈਨਾਲ ਐਂਡ ਰਿਵਰ ਟਰੱਸਟ' ਦਾ ਮੈਂਬਰ ਹਾਂ ਸੋ ਮੈਨੂੰ ਉਸ ਦੁਨੀਆ ਦੀ ਖ਼ਬਰਸਾਰ ਰਹਿੰਦੀ ਹੈ। ਨੈਰੋਬੋਟਾਂ ਵਿੱਚ ਰਹਿੰਦੇ ਲੋਕਾਂ ਦੇ ਜੀਵਨ ਬਾਰੇ ਯੂਟਿਊਬ 'ਤੇ ਬਹੁਤ ਸਾਰੇ ਵੀਡਿਓ ਮਿਲਦੇ ਹਨ ਜੋ ਬਹੁਤ ਦਿਲਚਸਪ ਹੁੰਦੇ ਹਨ। ਮੈਂ ਅਕਸਰ ਸੋਚਦਾ ਹਾਂ ਕਿ ਰਿਟਾਇਰ ਹੋ ਕੇ ਨੈਰੋਬੋਟ ਖਰੀਦ ਲਵਾਂ। ਇਸੇ ਲਈ ਮੈਂ 'ਕੈਨਾਲ ਬੋਟ ਮੈਗਜ਼ੀਨ' ਵਿੱਚ ਨੈਰੋਬੋਟਾਂ ਦੀਆਂ ਕੀਮਤਾਂ ਚੈਕ ਕਰਦਾ ਰਹਿੰਦਾ ਹਾਂ, ਸੱਠ-ਸੱਤਰ ਹਜ਼ਾਰ ਪੌਂਡ ਦੀ ਸੈਕਿੰਡ-ਹੈਂਡ ਠੀਕ ਜਿਹੀ ਨੈਰੋਬੋਟ ਮਿਲ ਜਾਂਦੀ ਹੈ, ਬਸ ਮੂਡ ਘੁੰਮਣ ਦੀ ਦੇਰ ਹੈ।


Comments


bottom of page