top of page
  • Writer's pictureਸ਼ਬਦ

ਲੰਡਨ ਦੇ ਹੌਬੋ /

ਹਰਜੀਤ ਅਟਵਾਲ /


     ਕਾਫੀ ਦੇਰ ਦੀ ਗੱਲ ਹੋਵੇਗੀ। ਮੇਰੇ ਬੱਚੇ ਬਹੁਤ ਛੋਟੇ ਸਨ। 'ਲੰਡਨ-ਆਈ' ਨਵਾਂ ਨਵਾਂ ਖੁੱਲ੍ਹਿਆ ਸੀ, ਲੰਡਨ-ਆਈ ਭਾਵ ਜਿਹੜਾ ਕੇਂਦਰੀ ਲੰਡਨ ਵਿੱਚ ਥੇਮਜ਼ ਕੰਢੇ ਚੰਡੋਲ ਹੈ। ਮੈਂ ਬੱਚਿਆਂ ਨੂੰ ਦਿਖਾਉਣ ਲੈ ਗਿਆ। ਅਸੀਂ ਕਾਰ ਖੜੀ ਕਰਕੇ ਲੰਡਨ-ਆਈ ਵੱਲ ਜਾ ਰਹੇ ਸਾਂ, ਉਥੇ ਫੁੱਟ-ਵੇਅ 'ਤੇ ਇਕ ਹੌਬੋ ਆਪਣੇ ਸਲੀਪਿੰਗ ਬੈਗ ਵਿੱਚ ਬੈਠਾ ਬੀਅਰ ਪੀ ਰਿਹਾ ਸੀ। ਮੇਰਾ ਬੇਟਾ ਬਿਲਾਵਲ ਇਕ ਦਮ ਕਹਿ ਉਠਿਆ¸ ਡੈਡ, ਸੇਮ ਬੀਅਰ। ਉਹਦਾ ਭਾਵ ਸੀ, ਸਟੈਲਾ। ਮੈਂ ਉਹਨਾਂ ਦਿਨਾਂ ਵਿੱਚ ਸਟੈਲਾ ਬੀਅਰ ਪੀਆ ਕਰਦਾ ਸਾਂ। ਅਸੀਂ ਸਾਰੇ ਹੱਸਣ ਲੱਗੇ। ਮੈਂ ਬਿਲਾਵਲ ਨੂੰ ਪੰਜ ਪੌਂਡ ਦਾ ਨੋਟ ਦਿੱਤਾ ਤੇ ਕਿਹਾ ਕਿ ਜਾਹ ਆਪਣੇ 'ਫਰੈੰਡ' ਨੂੰ ਦੇ ਦੇ। ਪਰ ਹੌਬੋ ਨੇ ਨੋਟ ਲੈਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਸ ਦੀ ਇਸ ਵੇਲੇ ਜ਼ਰੂਰਤ ਸਿਰਫ ਬੀਅਰ ਦਾ ਇਕ ਡੱਬਾ ਹੈ ਸੋ ਉਸ ਨੂੰ ਇਕ ਡੱਬੇ ਜੋਗੇ ਹੀ ਪੈਸੇ ਚਾਹੀਦੇ ਹਨ। ਉਸ ਤੋਂ ਬਾਅਦ ਜਦ ਵੀ ਬਿਲਾਵਲ ਕੋਈ ਹੌਬੋ ਦੇਖਦਾ ਤਾਂ ਇਕ ਦਮ ਕਹਿਣ ਲਗਦਾ¸ ਡੈਡ, ਲੁੱਕ ਮਾਈ ਫਰੈੰਡ।

      'ਹੌਬੋ' ਸ਼ਬਦ ਸ਼ਾਇਦ ਕੁਝ ਲੋਕਾਂ ਲਈ ਓਪਰਾ ਹੋਵੇ। ਹੌਬੋ ਸ਼ਬਦ ਸ਼ਾਇਦ ਕੁਝ ਲੰਡਨ ਵਾਸੀਆਂ ਲਈ ਵੀ ਨਵਾਂ ਹੋਵੇ ਪਰ ਇਹ ਸ਼ਬਦ ਕਾਫੀ ਪੁਰਾਣਾ ਹੈ। ਕਈ ਸਦੀਆਂ ਪੁਰਾਣਾ। ਸੌਖੇ ਲਫਜ਼ਾਂ ਵਿੱਚ ਹੌਬੋ ਸ਼ਬਦ ਬੇਘਰੇ ਲੋਕਾਂ ਲਈ ਵਰਤਿਆ ਜਾਂਦਾ ਹੈ। ਵੈਸੇ ਬੇਘਰੇ ਲੰਡਨ ਵਿੱਚ ਬਹੁਤ ਹਨ। ਹਾਲਾਂਕਿ ਸਰਕਾਰ ਰੋਟੀ, ਕਪੜਾ ਤੇ ਮਕਾਨ ਦੇਣ ਦਾ ਵਾਅਦਾ ਕਰਦੀ ਹੈ ਪਰ ਫਿਰ ਵੀ ਬੇਘਰੇ ਕਾਫੀ ਹਨ। ਵੈਸੇ ਤਾਂ ਬ੍ਰਤਾਨੀਆ ਵਿੱਚ ਤਿੰਨ ਤੋਂ ਚਾਰ ਲੱਖ ਦੇ ਕਰੀਬ ਬੇਘਰੇ ਲੋਕ ਹੋਣਗੇ। ਇਹਨਾਂ ਵਿੱਚੋਂ ਸੱਠ ਫੀ ਸਦੀ ਲੰਡਨ ਦੀਆਂ ਗਲ਼ੀਆਂ ਵਿੱਚ ਰਹਿੰਦੇ ਹਨ। ਇਹਨਾਂ ਬੇਘਰੇ ਲੋਕਾਂ ਦੀਆਂ ਕਈ ਕਿਸਮਾਂ ਹਨ। ਕੁਝ ਲੋਕਾਂ ਦੀ ਮਜਬੂਰੀ ਹੋਵੇਗੀ ਪਰ ਬਹੁਤੇ ਲੋਕਾਂ ਦੇ ਕੁਝ ਹੋਰ ਕਾਰਣ ਵੀ ਹੁੰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਦਿਮਾਗੀ ਟੇਡਾਂ ਵੀ ਬੇਘਰੇ ਰਹਿਣ ਦਾ ਕਾਰਨ ਬਣਦੀਆਂ ਹਨ। ਇਹਨਾਂ ਵਿੱਚੋਂ ਵੱਡੀ ਗਿਣਤੀ ਅਲਕੋਹਲਕਾਂ ਦੀ ਹੁੰਦੀ ਹੈ। ਮੈਂ ਇਹਨਾਂ ਨੂੰ ਪ੍ਰਮੁੱਖ ਤੌਰ 'ਤੇ ਤਿੰਨ ਹਿੱਸਿਆਂ ਵਿੱਚ ਵੰਡ ਕੇ ਦੇਖਦਾ ਹਾਂ- ਪਹਿਲੇ ਬਮ ( 2um) ਦੂਜੇ ਟਰੈਂਪ (“ramp) ਤੀਜੇ ਹੌਬੋ (8obo)। ਜੋ ਬਮ ਹਨ ਇਹ ਉਹ ਬੇਘਰੇ ਹਨ ਜੋ ਇਕੋ ਥਾਂ ਟਿਕੇ ਰਹਿੰਦੇ ਹਨ ਤੇ ਕੋਈ ਕੰਮ ਨਹੀਂ ਕਰਦੇ, ਮੰਗ ਕੇ ਜਾਂ ਸੁੱਟੇ ਹੋਏ ਖਾਣਿਆਂ ਵਿੱਚੋਂ ਕੁਝ ਲੱਭ ਕੇ ਆਪਣਾ ਪੇਟ ਭਰਦੇ ਹਨ। ਟਰੈਂਪ ਵੀ ਬੇਘਰੇ ਹੀ ਹੁੰਦੇ ਹਨ, ਇਹ ਇਥੋਂ ਉਥੋਂ ਦਾ ਸਫਰ ਕਰਦੇ ਰਹਿੰਦੇ ਹਨ ਪਰ ਕੋਈ ਕੰਮ ਨਹੀਂ ਕਰਦੇ। ਜੋ ਹੌਬੋ ਹਨ ਇਹ ਅਜਿਹੇ ਬੇਘਰੇ ਹਨ  ਜੋ ਸਫਰ ਕਰਦੇ ਰਹਿੰਦੇ ਹਨ ਤੇ ਥੋੜਾ ਬਹੁਤ ਕੰਮ ਵੀ ਕਰ ਲੈਂਦੇ ਹਨ। ਹੌਬੋ ਬਾਕੀ ਬੇਘਰਿਆਂ ਤੋਂ ਕੁਝ ਹਟਵੇਂ ਹੁੰਦੇ ਹਨ। ਹੌਬੋ ਇਕ ਰਵਾਇਤ ਜਿਹੀ ਹੈ। ਹੌਬੋ ਬਣਨਾ ਜਾਂ ਹੋਣਾ ਇਕ ਕਿਸਮ ਦੀ ਪ੍ਰਥਾ ਹੈ। ਜਿਹੜੇ ਲੋਕ ਜ਼ਿੰਦਗੀ ਵਿੱਚ ਹਾਰਾਂ ਦਾ ਸਾਹਮਣਾ ਨਾ ਕਰ ਸਕਦੇ ਹੋਣ ਉਹ ਸਮਾਜ ਤਿਆਗ ਕੇ ਹੌਬੋ ਹੋਣ ਦੇ ਸਫਰ 'ਤੇ ਨਿਕਲ ਪੈਂਦੇ ਹਨ। ਇਸ ਪ੍ਰਥਾ ਦੀ ਸ਼ੁਰੂਆਤ ਅਮਰੀਕਾ ਵਿੱਚੋਂ ਹੋਈ ਸੀ। ਉਨੀਵੀਂ ਸਦੀ ਦਾ ਵਕਤ ਸੀ ਜਦ ਅਮਰੀਕਾ ਵਿੱਚ ਲੰਮੀ ਸਿਵਲ-ਵਾਰ ਚੱਲੀ ਸੀ ਜਿਸ ਵਿੱਚ ਬਰਤਾਨਵੀ ਫੌਜ ਦੀ ਬੁਰੀ ਤਰਾਂ੍ਹ ਹਾਰ ਹੋਈ। ਬਹੁਤ ਸਾਰੇ ਫੌਜੀ ਬ੍ਰਤਾਨੀਆ ਵਾਪਸ ਆ ਗਏ ਪਰ ਕੁਝ ਉਥੇ ਰੁਕ ਗਏ ਸਨ ਤੇ ਉਥੇ ਵਸਣ ਦੀ ਕੋਸ਼ਿਸ਼ ਕਰਨ ਲੱਗੇ। ਕੁਝ ਕਾਰਨਾਂ ਕਾਰਨ ਉਹਨਾਂ ਵਿੱਚੋਂ ਬਹੁਤੇ ਲੋਕਾਂ ਦੇ ਉਥੇ ਪੈਰ ਨਾ ਲੱਗ ਸਕੇ। ਇਕ ਹਾਰ ਦੀ ਨਮੋਸ਼ੀ ਦੂਜੇ ਆਮ ਲੋਕਾਂ ਵਲੋਂ ਬੁਰੀ ਨਜ਼ਰ ਨਾਲ ਦੇਖੇ ਜਾਣ ਕਾਰਨ ਉਹ ਮਾਰੇ ਮਾਰੇ ਏਧਰ ਓਧਰ ਘੁੰਮਣ ਲੱਗੇ। ਇਹ ਲੋਕ ਕੰਮ ਦੀ ਤਲਾਸ਼ ਵਿੱਚ ਦੂਰ ਦੂਰ ਤੱਕ ਫਿਰਦੇ। ਆਮ ਤੌਰ 'ਤੇ ਇਹ ਲੋਕ ਬਿਨਾਂ ਮਤਲਬ ਲਗਾਤਾਰ ਰੇਲ-ਗੱਡੀ ਖਾਸ ਕਰ ਕੇ ਮਾਲ-ਗੱਡੀ ਦਾ ਸਫਰ ਕਰਦੇ ਰਹਿੰਦੇ। ਨਾ ਤਾਂ ਇਹਨਾਂ ਕੋਲ ਕਿਰਾਇਆ ਹੁੰਦਾ ਸੀ ਤੇ ਨਾ ਹੀ ਇਹਨਾਂ ਤੋਂ ਮੰਗਿਆ ਜਾਂਦਾ ਸੀ। ਇਹਨਾਂ ਦੇ ਵਾਲ-ਦਾਹੜੀਆਂ ਵਧ ਗਏ, ਕਪੜੇ ਗੰਦੇ ਹੋ ਗਏ। ਹੌਲੀ ਹੌਲੀ ਇਹੋ ਇਹਨਾਂ ਦੀ ਪੱਛਾਣ ਉਭਰ ਕੇ ਸਾਹਮਣੇ ਆ ਗਈ ਜੋ ਅੱਜ ਵੀ ਕਾਇਮ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦ ਅਮਰੀਕਾ ਵਿੱਚ ਭਿਆਨਕ ਮੰਦਵਾੜਾ ਆਇਆ ਤਾਂ ਬਹੁਤ ਸਾਰੇ ਲੋਕਾਂ ਦੇ ਘਰ-ਨੌਕਰੀਆਂ ਖੁਸ ਗਏ ਤਾਂ ਇਹਨਾਂ ਹੌਬੋ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਗਿਆ। ਅੱਜ ਅਮਰੀਕਾ, ਇੰਗਲੈਂਡ ਵਿੱਚ ਹੌਬੋ ਲੱਖਾਂ ਦੀ ਗਿਣਤੀ ਵਿੱਚ ਮਿਲਦੇ ਹਨ। ਵਧੇ ਹੋਏ ਵਾਲਾਂ ਤੇ ਗੰਦੇ ਕਪੜਿਆਂ ਦੇ ਨਾਲ ਨਾਲ ਇਹਨਾਂ ਨੇ ਪਿੱਠ 'ਤੇ ਪਿੱਠੂ ਜਿਹਾ ਵੀ ਚੁੱਕਿਆ ਹੁੰਦਾ ਹੈ ਜਿਸ ਵਿੱਚ ਇਹਨਾਂ ਦੇ ਕਪੜੇ, ਸਲੀਪਿੰਗ ਬੈਗ, ਖਾਣਾ-ਪੀਣਾ, ਤੰਬੂ, ਸਟੋਵ ਆਦਿ ਹੁੰਦੇ ਹਨ। ਇਹਨਾਂ ਦੀ ਰਿਹਾਇਸ਼ ਪੁਲਾਂ ਹੇਠ, ਫਲਾਈਓਵਰਾਂ ਹੇਠ,  ਦੁਕਾਨਾਂ ਅੱਗੇ ਬਣੀਆਂ ਜਗਾਵਾਂ, ਬਸ ਸਟੌਪ, ਰੇਲਵੇ ਸਟੇਸ਼ਨ ਆਦਿ ਵਰਗੀਆਂ ਥਾਵਾਂ 'ਤੇ ਹੁੰਦੀ ਹੈ। ਇਹਨਾਂ ਵਿੱਚੋਂ ਬਹੁਤਿਆਂ ਨੇ ਸਾਥ ਲਈ ਕੁੱਤੇ ਵੀ ਰੱਖੇ ਹੁੰਦੇ ਹਨ। ਘਰ ਸਮਾਜ ਤਿਆਗ ਦੇਣ ਕਰਕੇ ਇਹਨਾਂ ਦੇ ਰਿਸ਼ਤੇਦਾਰ ਤਾਂ ਹੁੰਦੇ ਨਹੀਂ ਪਰ ਇਹ ਆਪਸ ਵਿੱਚ ਰਿਸ਼ਤੇਦਾਰਾਂ ਵਾਂਗ ਹੀ ਵਰਤਦੇ ਹਨ। ਵੈਸੇ ਇਹਨਾਂ ਲੋਕਾਂ ਦਾ ਕੇਂਦਰੀਕਰਨ ਵੀ ਹੋ ਚੁੱਕਾ ਹੈ। ਅਮਰੀਕਾ ਵਿੱਚ ਇਹਨਾਂ ਦਾ ਮਿਊਜ਼ਮ ਵੀ ਹੈ ਜਿਥੇ ਇਹਨਾਂ ਦੇ ਇਤਿਹਾਸ ਨੂੰ ਸਾਂਭਿਆ ਹੋਇਆ ਹੈ ਪਰ ਇੰਗਲੈਂਡ ਵਿੱਚ ਅਜਿਹੀ ਕੋਈ ਹਾਲੇ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਬਰਿੱਟ ਸ਼ਹਿਰ ਲੋਵਾ, ਵਿੱਚ ਪਿਛਲੇ ੧੨੦ ਸਾਲ ਤੋਂ ਹਰ ਸਾਲ ਅਗਸਤ ਦੇ ਦੂਜੇ ਹਫਤੇ ਨੈਸ਼ਨਲ ਹੌਬੋ ਕਨਵੈਨਸ਼ਨ ਲਗਦੀ ਹੈ ਜਿਥੇ ਇਹ ਲੋਕ ਇਕੱਠੇ ਹੋ ਕੇ ਆਪਣੇ ਬਾਰੇ ਫਿਕਰ ਸਾਂਝੇ ਕਰਦੇ ਰਹਿੰਦੇ ਹਨ। ਇਹਨਾਂ ਮੇਲਿਆਂ ਵਿੱਚ ਇਹਨਾਂ ਨੂੰ ਗਾਈਡ-ਲਾਈਨ ਦਿੱਤੀ ਜਾਂਦੀ ਹੈ ਕਿ ਸਾਫ ਰਹਿਣਾ ਹੈ ਤੇ ਭਿਖਿਆ ਨਹੀਂ ਮੰਗਣੀ ਪਰ ਇਹ ਗੰਦੇ ਵੀ ਰਹਿੰਦੇ ਹਨ ਤੇ ਲੋੜ ਵੇਲੇ ਪੈਸੇ ਵੀ ਮੰਗਣ ਲਗਦੇ ਹਨ। ਹੌਬੋ ਪ੍ਰਥਾ ਅਨੁਸਾਰ ਇਹਨਾਂ ਨੂੰ ਆਪਣਾ ਆਚਰਣ ਉਚਾ ਰੱਖਣਾ ਚਾਹੀਦਾ ਹੈ, ਕਿਸੇ ਕਿਸਮ ਦੀ ਸਰਕਾਰੀ ਸਹਾਇਤਾ ਨਹੀਂ ਲੈਣੀ, ਸਭ ਨਾਲ ਨਰਮੀ ਨਾਲ ਪੇਸ਼ ਆਉਣਾ, ਕਮਾਈ ਦੇ ਸਾਧਨਾਂ ਲਈ ਕੋਈ ਹੁਨਰ ਸਿੱਖਣਾ ਚਾਹੀਦਾ ਹੈ। ਲੰਡਨ ਦੇ ਬਹੁਤ ਸਾਰੇ ਹੌਬੋ ਨੱਚ-ਗਾ ਕੇ ਜਾਂ ਕੋਈ ਹੋਰ ਕਰਤੱਬ ਦਿਖਾ ਕੇ ਪੈਸੇ ਇਕੱਠੇ ਕਰਦੇ ਦਿਸ ਜਾਂਦੇ ਹਨ।

    ਲੰਡਨ ਦੇ ਹੌਬੋ ਸੀਜ਼ਨ ਦੇ ਹਿਸਾਬ ਨਾਲ ਪਿੰਡਾਂ ਵੱਲ ਨੂੰ ਨਿਕਲ ਜਾਂਦੇ ਹਨ ਤੇ ਖੇਤਾਂ ਵਿੱਚ ਕੰਮ ਕਰ ਕੇ ਕੁਝ ਪੈਸੇ ਜੋੜ ਵੀ ਲੈਂਦੇ ਹਨ। ਪਿੰਡਾਂ ਵੱਲ ਇਹਨਾਂ ਨੂੰ ਕਪੜਿਆਂ ਤੇ ਖਾਣੇ ਦੀ ਕੋਈ ਘਾਟ ਨਹੀਂ ਹੁੰਦੀ ਪਰ ਸ਼ਰਾਬ ਬਹੁਤੀ ਵਾਰ ਨਹੀਂ ਮਿਲਦੀ। ਸ਼ਰਾਬ ਲਈ ਇਹ ਵਾਪਸ ਲੰਡਨ ਵੱਲ ਨੂੰ ਭੱਜਦੇ ਹਨ। ਇਹਨਾਂ ਦੇ ਸਫਰ ਕਰਨ ਦੇ ਵੀ ਖਾਸ ਰੂਟ ਹੁੰਦੇ ਹਨ ਤੇ ਇਹ ਰਾਹਾਂ ਵਿੱਚ ਇਕ ਦੂਜੇ ਨੂੰ ਮਿਲਦੇ ਰਹਿੰਦੇ ਹਨ। ਰਸਤਿਆਂ ਵਿੱਚ ਹੀ ਦੋਸਤੀਆਂ ਗੰਢਦੇ ਜਾਂਦੇ ਹਨ ਤੇ ਵਾਕਫੀਆਂ ਨੂੰ ਨਵਿਆਉਂਦੇ ਜਾਂਦੇ ਹਨ। ਇਹਨਾਂ ਨੇ ਆਪਣੀ ਬੋਲੀ ਵਿੱਚ ਕੁਝ ਸ਼ਬਦ ਅਲੱਗ ਕਿਸਮ ਦੇ ਘੜੇ ਹੁੰਦੇ ਹਨ ਜਿਵੇਂ ਸਾਡੇ ਨਿਹੰਗਾਂ ਨੇ। ਇਹਨਾਂ ਦੀ ਗੁਪਤ ਸਾਈਨ ਲੈਗੁਏਜ਼ ਹੈ ਤੇ ਕੋਡ ਵਰਡ ਵੀ ਹੁੰਦੇ ਹਨ ਜਿਸ ਨਾਲ ਇਹ ਇਕ ਦੂਜੇ ਨੂੰ ਖਤਰਿਆਂ ਤੋਂ ਅਗਾਹ ਕਰਦੇ ਰਹਿੰਦੇ ਹਨ।

    ਪਹਿਲਾਂ ਸਿਰਫ ਮਰਦ ਹੌਬੋ ਹੀ ਹੋਇਆ ਕਰਦੇ ਸਨ ਪਰ ਹੁਣ ਔਰਤਾਂ ਵੀ ਇਹਨਾਂ ਵਿੱਚ ਸ਼ਾਮਲ ਹੋ ਰਹੀਆਂ ਹਨ। ਪਹਿਲਾਂ ਸਿਰਫ ਗੋਰੇ ਹੀ ਹੌਬੋ ਹੀ ਹੁੰਦੇ ਸਨ ਹੁਣ ਇਹਨਾਂ ਵਿੱਚ ਹੋਰ ਰੰਗ-ਨਸਲ ਦੇ ਹੌਬੋ ਵੀ ਦੇਖਣ ਨੂੰ ਮਿਲ ਜਾਂਦੇ ਹਨ। ਲੰਡਨ ਵਾਸੀ ਇਹਨਾਂ ਨੂੰ ਕੁਝ ਪੈਸੇ ਮੱਦਦ ਵਜੋਂ ਦੇ ਕੇ ਖੁਸ਼ ਰਹਿੰਦੇ ਹਨ। ਲੰਡਨ ਦੀ 'ਹਰੇ ਰਾਮਾ-ਹਰੇ ਕ੍ਰਿਸ਼ਨਾ' ਨਾਮੀ ਸੰਸਥਾ ਹਰ ਰੋਜ਼ ਵੈਨ ਭਰ ਕੇ ਖਾਣਾ ਇਹਨਾਂ ਲੋਕਾਂ ਲਈ ਭੇਜਦੀ ਹੈ। ਇਹ ਵੈਨ ਹਰ ਦੁਪਹਿਰ ਕਿੰਗਜ਼ ਕਰੌਸ ਸਟੇਸ਼ਨ ਕੋਲ ਆ ਕੇ ਰੁਕਦੀ ਹੈ ਜਿਥੇ ਸੈਂਕੜੇ ਹੌਬੋ ਇਕੱਠੇ ਹੋ ਜਾਂਦੇ ਹਨ। ਸਾਊਥਾਲ ਵਿੱਚ ਵੀ ਚੈਰਟੀ ਵਾਲੀਆਂ ਵੈਨਾਂ ਅਜਿਹੇ ਲੋਕਾਂ ਨੂੰ ਖਾਣੇ ਦੇ ਪੈਕਟ ਤੇ ਪਾਣੀ ਦੀਆਂ ਬੋਤਲਾਂ ਹਰ ਰੋਜ਼ ਵੰਡਦੀਆਂ ਹਨ ਪਰ ਸਾਊਥਾਲ ਵਿੱਚ ਬਹੁਤੇ ਦੇਸੀ ਗੈਰਕਾਨੂੰਨੀ ਲੋਕ ਹੁੰਦੇ ਹਨ। ਵੇਲੇ ਨਾਲ ਸਾਡੇ ਦੇਸੀ ਲੋਕਾਂ ਵਿੱਚ ਵੀ ਇਹਨਾਂ ਹੌਬੋ ਵਰਗਾ ਇਕ ਵਰਗ ਪੈਦਾ ਹੋ ਰਿਹਾ ਹੈ, ਸਾਡੇ ਸਮਾਜ ਲਈ ਇਹ ਫਿਕਰ ਵਾਲੀ ਗੱਲ ਹੈ। ਵੈਸੇ ਵੀ ਚਾਹੇ ਹੌਬੋ ਹਨ ਜਾਂ ਬਾਕੀ ਦੇ ਬੇਘਰੇ ਵੀ ਹੋਣ, ਇਹ ਸਮਾਜਕ ਕੋਹੜ ਵਾਂਗ ਹੈ, ਸਰਕਾਰ ਨੂੰ ਚੇਤੰਨ ਤੌਰ 'ਤੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ।

     ਇਹ ਵੀ ਗੱਲ ਬਹੁਤ ਦਿਲਚਸਪ ਹੈ ਕਿ ਇਹਨਾਂ ਦਾ ਨਾਂ ਹੌਬੋ ਕਿਵੇਂ ਪਿਆ। ਇਸ ਬਾਰੇ ਕਈ ਧਾਰਨਾਵਾਂ ਹਨ ਪਰ ਜਿਹੜੀ ਸਭ ਤੋਂ ਸੱਚ ਦੇ ਨੇੜੇ ਜਾਪਦੀ ਹੈ ਕਿ ਇਹ ਲੋਕ ਇਕ ਦੂਜੇ ਨੂੰ 'ਹੇ ਬੁਆਏ' ਕਹਿ ਕੇ ਬੁਲਾਉਂਦੇ ਹਨ, ਹੇ-ਬੁਆਏ ਤੋਂ ਇਹ ਸ਼ਬਦ ਹੌਬੋ ਬਣ ਗਿਆ। ਇਕ ਵਾਰ ਹੌਬੋ ਬਣਿਆਂ ਵਿਅਕਤੀ ਵਾਪਸ ਨਾਰਮਲ ਜ਼ਿੰਦਗੀ ਵੱਲ ਬਹੁਤ ਘੱਟ ਮੁੜਦਾ ਹੈ। ਫਿਰ ਵੀ ਕੁਝ ਕੁ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਜਿਹੜੇ ਹੌਬੋ ਸਾਧਾਰਨ ਜੀਵਨ ਵੱਲ ਪਰਤੇ ਤੇ ਬਹੁਤ ਮਸ਼ਹੂਰ ਹੋਏ। ਹੌਬੋ ਦੀਆਂ ਜ਼ਿੰਦਗੀਆਂ ਬਾਰੇ ਕਈ ਕਿਤਾਬਾਂ ਲਿਖੀਆਂ ਮਿਲਦੀਆਂ ਹਨ, ਕੁਝ ਫਿਲਮਾਂ ਵੀ ਬਣੀਆਂ ਹਨ ਪਰ ਕੋਈ ਵੱਡੀ ਸੰਸਥਾ ਉਭਰ ਕੇ ਸਾਹਮਣੇ ਨਹੀਂ ਆਈ ਜੋ ਇਹਨਾਂ ਲੋਕਾਂ ਦੀ ਮੱਦਦ ਕਰੇ, ਇਹਨਾਂ ਨੂੰ ਸਮਾਜ ਵਿੱਚ ਵਾਪਸ ਲਿਆਉਣ ਵਿੱਚ ਸਹਾਈ ਹੋਵੇ ਜਾਂ ਇਹਨਾਂ ਦੀ ਜੀਵਨ-ਜਾਚ ਦੀ ਬਿਹਤਰੀ ਲਈ ਕੁਝ ਕਰੇ। ਇੰਗਲੈਂਡ ਦੇ ਇਕ ਮਸ਼ਹੂਰ ਸੀਰੀਅਲ 'ਲਾਸਟ ਔਫ ਦਾ ਸਮਰਵਾਈਨ' ਵਿੱਚ ਇਕ ਐਕਟਰ ਹੌਬੋ ਦਾ ਕਿਰਦਾਰ ਨਿਭਾਇਆ ਕਰਦਾ ਸੀ। ਮਸ਼ਹੂਰ ਐਕਟਰ ਚਾਰਲੀ ਚੈਪਲਿਨ ਆਪਣੀਆਂ ਫਿਲਮਾਂ ਵਿੱਚ ਬਹੁਤ ਵਾਰ ਬੇਘਰੇ ਦਾ ਰੋਲ ਹੀ ਨਿਭਾਇਆ ਕਰਦਾ ਸੀ।

     'ਹੌਬੋ' ਸ਼ਬਦ ਏਨਾ ਪ੍ਰਸਿੱਧ ਹੋਇਆ ਕਿ ਅੱਜਕੱਲ ਇਸ ਦਾ ਮੰਡੀਕਰਨ ਹੋ ਰਿਹਾ ਹੈ। ਹੌਬੋ ਨਾਂ ਦੇ ਬੈਗ ਬਹੁਤ ਮਸ਼ਹੂਰ ਹਨ ਜਿਹਨਾਂ ਨੂੰ ਜੌਹਨ ਲੂਈਜ਼ ਵਰਗੇ ਸਟੋਰ ਵੀ ਵੇਚ ਰਹੇ ਹਨ।

     ਸਮਾਜ ਛੱਡਣ ਦੀ ਸ਼ਾਇਦ ਸਾਡੇ ਵੀ ਇਕ ਹਲਕੀ ਜਿਹੀ ਪ੍ਰਥਾ ਹੈ- 'ਗੁਰਦਵਾਰੇ ਜਾ ਬਹਿਣਾ'। ਸਾਊਥਾਲ ਦਾ ਮੇਰਾ ਇਕ ਵਾਕਫ ਵਿਓਪਾਰੀ ਘਰ ਤੇ ਸਮਾਜ ਦੀਆਂ ਕੁਝ ਗੱਲਾਂ ਦਾ ਸਾਹਮਣਾ ਨਾ ਕਰ ਸਕਿਆ ਤੇ ਉਹ ਗੁਰਦਵਾਰੇ ਜਾ ਕੇ ਬਹਿ ਗਿਆ ਸੀ। ਫਿਰ ਬਹੁਤ ਸਾਰੇ ਰਿਸ਼ਤੇਦਾਰ ਉਸ ਨੂੰ ਮਸਾਂ ਹੀ ਮੋੜ ਕੇ ਲਿਆਏ ਸਨ। ਇਕ ਉਦਾਹਰਣ ਹੋਰ ਮੈਂ ਪੰਜਾਬ ਵਿੱਚ ਦੇਖੀ ਸੀ ਕਿ ਮੇਰੀ ਇਕ ਵਾਕਫੀ ਦੇ ਇਕ ਬੰਦੇ ਦੇ ਨੂੰਹ-ਪੁੱਤ ਨੇ ਉਸ ਦੀ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਾ ਲਈ ਸੀ ਤੇ ਫਿਰ ਉਹਦੇ ਨਾਲ ਬੁਰਾ ਵਿਵਹਾਰ ਕਰਨ ਲੱਗੇ। ਉਹ ਬੰਦਾ ਅੱਕ ਕੇ ਗੁਰਦਵਾਰੇ ਜਾ ਬੈਠਾ। ਪਿੰਡ ਦੇ ਗੁਰਦਵਾਰੇ ਵਿੱਚ ਲੋਕ ਤੰਗ ਕਰਨ ਲੱਗੇ ਤਾਂ ਉਹ  ਅਨੰਦਪੁਰ ਚਲੇ ਗਿਆ। ਬਾਕੀ ਦਾ ਜੀਵਨ ਉਸ ਨੇ ਅਨੰਦ ਪੁਰ ਦੇ ਕੇਸ ਗੜ੍ਹ ਗੁਰਦਵਾਰੇ ਵਿੱਚ ਹੀ ਕੱਟਿਆ। ਸਾਧ ਹੋਣ ਦਾ ਧਾਰਨਾ ਵੀ ਸਾਡੇ ਸਮਾਜ ਵਿੱਚ ਹੈ। ਮੇਰਾ ਚਾਚਾ ਕੋਈ ਕੰਮ ਨਹੀਂ ਸੀ ਕਰਦਾ ਤੇ ਬਹੁਤ ਸਾਰੇ ਉਲ੍ਹਾਮੇ ਲਿਆਉਂਦਾ ਜਿਸ ਕਾਰਨ ਮੇਰਾ ਬਾਬਾ ਬਹੁਤ ਦੁਖੀ ਰਹਿੰਦਾ ਸੀ ਤੇ ਉਹ ਕਈ ਵਾਰ ਚਾਚੇ ਨੂੰ ਕਹਿ ਦਿੰਦਾ ਕਿ ਤੇਰੇ ਸਿਰ ਚੜ੍ਹ ਕੇ ਮੈਂ ਸਾਧ ਹੋ ਜਾਣਾ। ਹੁਣ ਇਸ ਸਵਾਲ ਦਾ ਜਵਾਬ ਮੇਰੇ ਕੋਲ ਹੈ ਨਹੀਂ ਕਿ ਇਹ ਹੌਬੋ ਇਸ ਸਮਾਜ ਦੇ ਕਿਤੇ ਸਾਧ ਹੀ ਤਾਂ ਨਹੀਂ?


email: harjeetatwal0hotmail.co.uk

Commenti


bottom of page