top of page
  • Writer's pictureਸ਼ਬਦ

(ਇਹ ਤਸਵੀਰ ਲੇਖਕ ਦੀ ਹੀ ਹੱਥ-ਕ੍ਰਿਤ ਹੈ।)

ਪ੍ਰੋਫੈਸਰ ਲਾਲੀ / ਕੰਵਲ ਧਾਲੀਵਾਲ /

18-19 ਸਾਲਾਂ ਦੀ ਉਮਰੇ, ਸੱਜਰੀ ਜਵਾਨੀ ਵਿਚ ਪੈਰ ਪੁੱਟ ਰਿਹਾ ਹੋਣ ਦੇ ਬਾਵਜੂਦ, ਚੰਡੀਗੜ੍ਹ ਵਿਚ ਕਲਾ ਵਿਦਿਆਲੇ ਆਉਣ ਸਮੇਂ ਮੈਂ ਅਪਣੇ-ਆਪ ਨੂੰ ਖਾਮਖਾਹ ਸੰਜੀਦਾ-ਸੁਭਾਅ ਬਣਾ ਰੱਖਿਆ ਸੀ। ਮੈਂ ਹੋਰਾਂ ਵਾਂਗ ‘ਜ਼ਿੰਦਗੀ ਦੇ ਨਜ਼ਾਰੇ’ ਲੈਣ ਵਾਲਿਆਂ ਵਿਚੋਂ ਨਾ ਹੋ ਕੇ ਇਹੀ ਸਮਝਦਾ ਰਿਹਾ ਕਿ ‘ਸੰਜੀਦਾ ਸੁਭਾਅ ਹੀ ਸੰਜੀਦਾ ਕਲਾ ਸਿਰਜਣ ਲਈ ਜ਼ਰੂਰੀ ਹੈ ਤੇ ਸੰਜੀਦਾ ਕਲਾਕਾਰ ਲੱਗਣ ਲਈ ਵੀ’- ਅਜਿਹੇ ਵਿਚਾਰਾਂ ਲਈ ਕੁਦਰਤੀ ਹੈ ਸਮਾਜ ਵਿਚ ਵਿਚਰਦੀਆਂ ਧਾਰਨਵਾਂ ਹੀ ਜ਼ਿੰਮੇਦਾਰ ਸਨ, ਕਿਉਂਕਿ ਇਕ ਦੋ ਹੋਰ ਵੀ ਵੇਖੇ ਸਨ ਇਸੇ ਤਰਾਂ ਦਾ ਬਣਾਉਟੀ ਸੰਜੀਦਾਪਨ ਆਪਣੇ ਸਿਰਾਂ ‘ਤੇ ਚੱਕੀ ਫਿਰਦੇ। ਉਂਜ ਮੈਨੂੰ ਯਾਦ ਹੈ ਮੈਂ ਬਚਪਨ ਤੋਂ ਹੀ ਇਕੱਲ-ਪਸੰਦ ਤੇ ਘੱਟ-ਬੋਲੜਾ ਸਾਂ, ਇਸ ਫਿਤਰਤ ਨੇ ਵੀ ਨਕਲੀ ਸੰਜੀਦਗੀ ਨੂੰ ਸ਼ਹਿ ਦਿੱਤੀ।

ਕਲਾ-ਵਿਦਿਆਲੇ ਲਈ ਖਾਸ ਤੌਰ ‘ਤੇ ਤਾਮੀਰ ਕੀਤਾ ਗਿਆ ਹੋਸਟਲ ਖੁੱਸ ਜਾਣ ਤੋਂ ਬਾਅਦ, ਇਕ ਦੋ ਸਾਲ ਆਰਜ਼ੀ ਤੌਰ ‘ਤੇ 12 ਸੈਕਟਰ ਵਿਚ ਇੰਜਨੀਅਰਿੰਗ ਕਾਲਜ ਦਾ ਹੋਸਟਲ ਦਿਤਾ ਗਿਆ ਸੀ, ਤੇ ਉਸ ਤੋਂ ਬਾਅਦ ਗੌਰਮਿੰਟ ਕਾਲਜ ਲਈ ਉਸਾਰਿਆ ਸੈਕਟਰ 15 ਵਿਚ ਨਵਾਂ ਹੋਸਟਲ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਸ਼ਾਇਦ ਸੰਨ 1982/83- ਮੈ ਆਪਣੇ ਕਮਰੇ ਵਿਚ ਸਾਂ ਜਦੋਂ ਸਿਧਾਰਥ, ਰਾਜ ਕੁਮਾਰ, ਸੰਜੀਵ ਸੋਨੀ, ਤੇ ਸ਼ਾਇਦ ‘ਗੁੰਡਾ’ ਰਾਜ ਕਿਸ਼ੋਰ ਵੀ, ਅਚਾਨਕ ਇਕ ਹੋਰ ਭੱਦਰ ਪੁਰਸ਼ ਨਾਲ ਨਮੂਦਾਰ ਹੋਏ। ਇਹ ਸਾਰੇ ਬੜੇ ਰੰਗਲੇ ਮੂੜ੍ਹ ਵਿਚ ਸਨ ਤੇ ਚੁਹਲਬਾਜ਼ੀ ਜਿਹੀ ਕਰਦੇ ਆ ਰਹੇ ਸਨ। ਮੈ ਉਨ੍ਹਾਂ ਦਿਨਾਂ ਵਿਚ ਹੀ ਸ਼ੁਰੂ ਕੀਤੀ ਤਸਵੀਰਾਂ ਦੀ ਲੜੀ “ਖਿੜਕੀ” ਵਿਚੋਂ ਇਕ ਆਪਣੀ ਕੰਧ ‘ਤੇ ਟੰਗੀ ਹੋਈ ਸੀ। ਉਨ੍ਹਾਂ ਦਿਨਾਂ ਵਿਚ, ਤੇ ਸ਼ਾਇਦ ਹੁਣ ਵੀ ਹੋਵੇ, ਮੁੰਡਿਆਂ-ਖੁੰਡਿਆਂ ਵਿਚ ਰਸਮੀ ਜਾਣ-ਪਛਾਣ ਕਰਵਾਉਣ ਦਾ ਰਿਵਾਜ ਘੱਟ ਹੀ ਸੀ, ਬਸ ਉਨ੍ਹਾਂ ਦੀਆਂ ਗੱਲਾਂ ਵਿਚੋਂ ਹੀ ਪਤਾ ਲੱਗਿਆ ਕਿ ਨਾਲ ਆਇਆ ਜ਼ਹੀਨ ਤੇ ਪ੍ਰਭਾਸ਼ਾਲੀ ਪਰ ਬੜਾ ਸਿੱਧਾ-ਸਾਦਾ ਤੇ ਖੁਸ਼ ਮਿਜ਼ਾਜ਼ ਆਦਮੀ ਕੋਈ ‘ਪ੍ਰੌਫੈਸਰ ਲਾਲੀ’ ਹੈ। ਇਸ ਤੋਂ ਪਹਿਲਾਂ ਸ਼ਾਇਦ ਸਿਧਾਰਥ ਦੇ ਮੂੰਹੋਂ ਮੈਂ ‘ਲਾਲੀ’ ਬਾਰੇ ਸੁਣਿਆ ਸੀ ਕਿ ਕੋਈ ਉਮਦਾ ਕਲਾ-ਪਾਰਖੂ ਹੈ। ਇਹ ਸਾਰੇ ਬੈਠ ਗਏ। ਸ਼ਾਇਦ ਚਾਹ ਮੰਗਾਵਈ ਸੀ, ਪੱਕਾ ਯਾਦ ਨਹੀਂ, ਪਰ ਗੱਲਾਂ ਹੋ ਰਹੀਆਂ ਸਨ- ਵਿਚੇ ਗੂੜ੍ਹ ਗਿਆਨ ਦੀਆਂ ਵਿਚੇ ਯੱਬਲੀਆਂ। ਮੈਂ ਭਾਵੇਂ ਅੰਦਰੋਂ ਖੁਸ਼ ਸਾਂ ਕਿ ਲਾਲੀ ਜੀ ਮੇਰੇ ਕੋਲ ਆਏ ਹਨ ਪਰ ਮੈਨੂੰ ਬਿਲਕੁਲ ਸਮਝ ਨਹੀਂ ਆ ਰਹੀ ਸੀ ਕਿਸ ਤਰਾਂ ਦਾ ਪ੍ਰਤੀਕਰਮ ਦੇਵਾਂ, ਇਸ ਲਈ ਆਦਤ ਅਨੁਸਾਰ, ਥੋੜਾ ਬਹੁਤ ਹੂੰ-ਹਾਂ ਕਰਦਿਆਂ ਚੁੱਪ ਵੱਟੀ ਰਿਹਾ। ਦਿਮਾਗ ਉੱਪਰ ਉਸੇ ਧਾਰਣਾ ਦਾ ਅਸਰ ਵੀ ਸੀ ਕਿ ਸੰਜੀਦਾ ਕਲਾਕਾਰ ਹੋਣ ਲਈ ਸੰਜੀਦਗੀ ਜ਼ਾਹਿਰ ਕਰਨੀ ਚਾਹੀਦੀ ਹੈ! ਕੁੱਝ ਨਾ ਸੁੱਝਦਿਆਂ ਮੈਂ ਬਾਰੀ ਵਿਚੋਂ ਬਾਹਰ ਅਸਮਾਨ ਵੱਲ ਵੇਖਣਾ ਸ਼ੁਰੂ ਕਰ ਦਿੱਤਾ, ਮੈਨੂੰ ਅਸਮਾਨ ਵੇਖਣਾ ਭਾਵੇਂ ਚੰਗਾ ਲਗਦਾ ਸੀ ਪਰ ਉਸ ਵੇਲੇ ਆਪਣੀ ਝੱਕ ਲੁਕਾਉਣ ਲਈ ਅਜਿਹਾ ਕੀਤਾ। ਕੁਝ ਦੇਰ ਤੱਕ ਤਾਂ ਵੇਖਦਾ ਰਿਹਾ ਫਿਰ ਸਿਧਾਰਥ ਵਰਗਿਆਂ ਨੇ ਉਸ ਗੱਲ ਨੂੰ ਵੀ ਮਜ਼ਾਕ ਦਾ ਮੌਜ਼ੂ ਬਣਾ ਲਿਆ ਕਿ ਮੈਂ ਅਸਮਾਨ ਵੱਲ ਨੀਝ ਲਾ ਕੇ ਧਿਆਨ ਇਕਾਗ੍ਰ ਕਰ ਰਿਹਾਂ। ਸਾਰਿਆਂ ਨੇ ਖੂਬ ਠੱਠਾ ਕੀਤਾ। ਲਾਲੀ ਜੀ ਦਾ ਧਿਆਨ ਕੰਧ ‘ਤੇ ਲੱਗੀ ‘ਖਿੜਕੀ’ ਵੱਲ ਵੀ ਗਿਆ ਤੇ ਕਿਹਾ “ਸੁਹਣੀ ਹੈ”। ਗੁਫਤਗੂ ਦੇ ਇੰਨ-ਬਿੰਨ ਅਲ਼ਫਾਜ਼ ਯਾਦ ਨਹੀਂ ਪਰ, ਬਾਕੀਆਂ ਨੇ ਵੀ ਤਰੀਫ ਕੀਤੀ। ਕੁੱਝ ਦੇਰ ਠਹਿਰ ਕੇ ਉਹ ਬੁੱਲੇ ਵਾਂਗ ਜਿਵੇਂ ਆਏ ਸੀ ਉਵੇਂ ਤੁਰਦੇ ਬਣੇ।

ਸਾਡੇ ਸਮਿਆਂ ਦੀ ਅਦੁੱਤੀ, ਦੁਰਲੱਭ ਸ਼ਖਸੀਅਤ ‘ਲਾਲੀ’ ਨਾਲ ਇਹ ਪਹਿਲੀ ਭੇਂਟ ਸੀ। ਸਧਾਰਨ ਪੈਂਟ-ਕਮੀਜ਼ ਵਿਚ ਸਿੱਧ-ਪਧਰੀ ਸ਼ਖਸੀਅਤ, ਅੱਧਖੜ ਉਮਰ, ਅਤਿ ਦੀ ਸਾਦਗੀ, ਇਕਹਿਰਾ ਸ਼ਰੀਰ, ਹਸਦਾ ਪਰ ਅੰਦਰੋਂ ਕਿਧਰੇ ਸ਼ਾਂਤ ਚੇਹਰਾ, ਦਰਮਿਆਨਾ ਕੱਦ, ਕਾਲੀ-ਚਿੱਟੀ ਕਤਰੀ ਹੋਈ ਛੋਟੀ ਦਾਹੜੀ- ਭਾਵੇਂ ਉਨ੍ਹਾਂ ਦੀ ਦਿੱਖ ਨੇ ਪ੍ਰਭਾਵਤ ਕੀਤਾ ਸੀ ਪਰ ਅਜੇ ਇਹ ਬਹਾਰੀ ਜਿਹੀ ਜਾਣ-ਪਛਾਣ ਸੀ। ਹੌਲੀ ਹੌਲੀ ਪਤਾ ਲਗਦਾ ਗਿਆ ਉਹ ਕੀ ਚੀਜ਼ ਹਨ ਜਦੋਂ ਦਿਨ-ਰਾਤ ਦੀਆਂ ਮਹਿਫਲਾਂ ਵਿਚ ਮੇਰੀ ਵੀ ਹਾਜ਼ਰੀ ਲੱਗਣ ਲੱਗ ਪਈ। ਉਸ ਦਿਨ ਉਨ੍ਹਾਂ ਦਾ ਆਪਣੀਆਂ ਇਕ-ਦੋ ਕਿਤਾਬਾਂ ਵਾਲਾ ਉਹ ਝੋਲਾ ਉਨ੍ਹਾਂ ਦੇ ਕੋਲ ਸੀ ਜਾਂ ਨਹੀ, ਹੁਣ ਯਾਦ ਨਹੀਂ, ਪਰ ਬਾਅਦ ਵਿਚ ਉਨ੍ਹਾਂ ਨੂੰ ਹਮੇਸ਼ਾਂ ਉਸ ਦੇਸੀ ਝੋਲੇ ਨਾਲ ਹੀ ਵੇਖਿਆ।

ਲਾਲੀ ਦਾ ਸੰਗ ਮਾਨਣ ਲਈ ਸਭ ਤੋਂ ਪਹਲੀ ਸ਼ਰਤ ਸੀ ਕਿ ਤੁਸੀਂ ਆਪ ਉਨ੍ਹਾਂ ਵੱਲ ਖਿੱਚੇ ਜਾਓ, ਕਿਉਂਕਿ ਉਨ੍ਹਾਂ ਨੇ ਨਹੀਂ ਕਹਿਣਾ ਹੁੰਦਾ ਸੀ ਕਿ ਭਾਈ ਆ ਜਾ, ਤੇ ਨਾ ਹੀ ਇਹ ਕਿ ਭਾਈ ਚਲਿਆ ਜਾ! ਇਕ ਮਿਕਨਾਤੀਸੀ ਖਿੱਚ ਸੀ ਜੋ ਉਨ੍ਹਾਂ ਦੀਆਂ ਗੱਲਾਂ ਕਾਰਨ ਕੁਝ ਖਾਸ ਤਰਾਂ ਦੇ ਰੁਝਾਨ ਅਤੇ ਸੋਚ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਜੋੜਦੀ ਸੀ ਤੇ ਜਿੱਥੇ ਇਹ ਰਮਜ਼ ਨਾ ਮਿਲਦੀ ਹੋਵੇ ਉਹ ਲੋਕ ਆਪਣੇ ਆਪ ਹੀ ਪਰ੍ਹਾਂ ਹੱਟ ਜਾਂਦੇ ਸਨ, ਜਾਂ ਨਾਲ ਨਹੀਂ ਜੁੜਦੇ ਸਨ। ਸ਼ਾਇਦ ਕਲਾ ਸਿਧਾਂਤ ਦੇ ਕਿਸੇ ਅਸੂਲ ਤਹਿਤ ਇਸ ਮਾਨਸਿਕਤਾ ਨੂੰ ਸਮਝਿਆ ਜਾ ਸਕਦਾ ਹੋਵੇ। ਇਹ ਸਿਰਫ ਹਮਖਿਆਲ ਹੋਣ ਵਾਲਾ ਮਸਲਾ ਨਹੀਂ ਹੈ ਬਲਕਿ ਉਸ ਤੋਂ ਕੋਈ ਪਾਰ ਦੀ ਗਲ ਹੈ ਜਿੱਥੇ ਸੰਬੰਧ ਪੂਰੀ ਤਰਾਂ ਗੈਰ-ਭਾਵੁਕ ਹੋਣ ਦੇ ਬਾਵਜੂਦ ਅਤਿ ਦੀ ਨੇੜਤਾ ਹੈ ਤੇ ਇਸ ਨੇੜਤਾ ਵਿਚ ਕੁਰਾਬਾਨੀ ਦਾ ਜਜ਼ਬਾ ਤੱਕ ਹੈ! ਮੈਨੂੰ ਯਾਦ ਹੈ ਰਾਜ ਕੁਮਾਰ ਜੀ ਨੇ ਵੀ ਲਾਲੀ ਜੀ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਕਿਵੇਂ ਇਕ ਦਿਨ ਉਹ ਸਿਧਾਰਥ, ਲਾਲੀ ਤੇ ਇਕ-ਦੋ ਹੋਰ ਦੋਸਤਾਂ ਦੇ ਨਾਲ ਸੜਕ ਤੇ ਗੱਲਾਂ ਕਰਦੇ ਜਾ ਰਹੇ ਸਨ। ਉਹ ਪਹਿਲੀ ਵਾਰ ਹੀ ਲਾਲੀ ਨੂੰ ਮਿਲੇ ਸਨ, ਤੇ ਰਚਮਿਚ ਕੇ ਗੱਲਾਂ ਹੋ ਰਹੀਆਂ ਸਨ। ਰਾਜ ਨੇ ਆਪਣੇ ਘਰ ਜਾਣ ਲਈ ਅਲਗ ਹੋਣ ਲਈ ਵਿਦਾ ਮੰਗੀ ਤਾਂ ਲਾਲੀ ਨੇ ਬੜੀ ਬੇਪ੍ਰਵਾਹੀ ਨਾਲ ਕਿਹਾ- “ਚੰਗਾ ਬਈ ਮੁੰਡਿਆ” ਤੇ ਆਪਣੇ ਰਾਹ ਚਲਦੇ ਰਹੇ! ਰਾਜ ਜੀ ਸੜਕ ‘ਤੇ ਰਸਮੀ ਵਿਦਾਈ ਲਈ ਰੁੱਕ ਗਏ ਸਨ, ਪਰ ਲਾਲੀ ਜੀ ਕਈ ਕਦਮ ਅਗਾਂਹ ਨਿਕਲ ਚੁੱਕੇ ਸਨ। ਇਸੇ ਤਰਾਂ ਦੇ ਸਨ ਲਾਲੀ ਜੀ- ਵਹਿੰਦੀ ਹਵਾ ਦਾ ਬੁੱਲਾ!

ਉਸ ਪਹਿਲੀ ਮੁਲਾਕਾਤ ਤੋਂ ਬਾਅਦ ਜਦੋਂ ਵੀ ਲਾਲੀ ਜੀ ਪਟਿਆਲੇ ਤੋਂ ਚੰਡੀਗੜ੍ਹ ਆਉਂਦੇ ਤਾਂ ਖ਼ਬਰ ਹੋ ਜਾਂਦੀ। ਮਹਿਫਲਾਂ ਅਕਸਰ 17 ਸੈਕਟਰ ਦੇ ਕਾਫੀ ਹਾਊਸਾਂ ਜਾਂ ਰਾਜ ਕੁਮਾਰ ਜੀ ਦੇ 15 ਸੈਕਟਰ ਵਾਲੇ ਕਮਰਾ ਨੰਬਰ 460 ਵਿਚ ਸਜਦੀਆਂ। ਭਾਵੇਂ ਉਨ੍ਹਾਂ ਦੇ ਮਿਤਰ ਯੂਨੀਵਰਸਿਟੀ ਵਿਚ ਵੀ ਸਨ ਪਰ ਉਹ ਅਕਸਰ ਸਾਡੇ ਵਰਗਿਆਂ ਨਾਲ ਬੈਠਣਾ ਜ਼ਿਆਦਾ ਪਸੰਦ ਕਰਦੇ। ਸਾਡੇ ਟੋਲੇ ਵਿਚ ਮੈਥੋਂ ਇਲਾਵਾ, ਸਿਧਾਰਥ, ਰਾਜ ਕੁਮਾਰ, ਸੰਜੀਵ ਸੋਨੀ, ਮੋਹਨ ਭੰਡਾਰੀ, ਨਿਰੂਪਮਾ ਦੱਤ, ਕਮਲ ਧਾਲੀਵਾਲ, ਆਮ ਤੌਰ ਤੇ ਸ਼ਾਮਿਲ ਹੁੰਦੇ। ਕਈ ਵਾਰ ਪ੍ਰੀਤਇੰਦਰ ਬਜਵਾ, ਸ਼ੁਕੀਨ ਸਿੰਘ, ਦੀਵਾਨ ਮਾਨਾ, ਮਨਜੀਤ ਟਿਵਾਣਾ, ਤੇਜੀ ਗਰੋਵਰ, ਅਦਿ ਨੂੰ ਵੀ ਮਹਿਫਲਾਂ ਵਿਚ ਵੇਖਿਆ।

ਲਾਲੀ ਜੀ ਸਾਡੇ ਵਿਚ ਸਿਰਜਣਾਤਮਕਤਾ ਦੀ ਝਲਕ ਵੇਖਦੇ ਸਨ ਕਿ ਅਸੀਂ ਕਿਸੇ ਦਿਨ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰੀਏ। ਸਿਰਜਣਾ ਦੀ ਦੁਨੀਆਂ ਵਿਚ ਰੰਗਰੂਟ ਹੁੰਦਿਆਂ ਮੈਂ ਅਤੇ ਸੰਜੀਵ ਸੋਨੀ ਆਦਿ ਨੇ ਤਾਂ ਅਜੇ ਇਤਨਾ ਕੰਮ ਨਹੀਂ ਕੀਤਾ ਸੀ ਕਿ ਅਸੀਂ ਕਿਸੇ ਵਾਹ-ਵਾਹ ਦੀ ਉਮੀਦ ਕਰਦੇ, ਪਰ ਸਿਧਾਰਥ ਦੀ ਚਿਤਰਕਾਰੀ ਦੀ ਮਹਿਕ ਫੈਲਣੀ ਸ਼ੂਰੂ ਹੋ ਚੁੱਕੀ ਸੀ ਤੇ ਰਾਜ ਕਮਾਰ ਜੀ ਤਾਂ ਉਸ ਤੋਂ ਵੀ ਪਹਿਲਾਂ ਆਧੁਨਿਕ ਚਿਤਰਕਾਰੀ ਦੀ ਦੁਨੀਆ ਵਿਚ ਨਵੇਕਲੇ ਚਿਤਰਕਾਰ ਵੱਲੋਂ ਜਾਣੇ ਜਾ ਚੁੱਕੇ ਸਨ। ਇਸ ਵਿਚ ਸ਼ੱਕ ਨਹੀ ਕਿ ਉਨ੍ਹਾਂ ਦੀ ਕਲਾ ਦਾ ਲਾਲੀ ਜੀ ਖਾਸ ਹੁੰਗਾਰਾ ਦਿੰਦੇ ਸਨ, ਤੇ ਉਨ੍ਹਾਂ ਨੂੰ ਵੀ ਅਹਿਸਾਸ ਸੀ ਕਿ ਲਾਲੀ ਜੀ ਦੀ ਉਨ੍ਹਾਂ ਉਪਰ ਸੁਵੱਲੀ ਨਜ਼ਰ ਹੈ।

ਸਭ ਤੋਂ ਲੰਬੀਆਂ ‘ਧੂਣੀਆਂ’ 17 ਦੇ ਕਾਫੀ ਹਾਊਸ, 15 ਦਾ ਕਮਰਾ 460, ਜਾਂ ਲਾਗਲੇ ਪਿੰਡ ਕਰੋਰਾਂ ਵਿਖੇ ਮੇਰੇ ਅਤੇ ਸਿਧਾਰਥ ਵੱਲੋਂ ਲਈ ਕਿਰਾਏ ਦੀ ਰਿਹਾਇਸ਼ ਵਿਚ ਰਮੀਆਂ।

ਲਾਲੀ ਦੀ ਸ਼ਖਸੀਅਤ ਵਿਚ ਕੀ ਵਿਲੱਖਣਤਾ ਸੀ ਜਿਸ ਨੇ ਨਾ ਕਿਸੇ ਕਲਾਕਾਰ ਨਾ ਲੇਖਕ ਨਾ ਖੋਜੀ ਵੱਲੋਂ ਨਾਮ ਕਮਾਇਆ? ਉਸ ਦੀ ਮਹਾਨਤਾ ਤੇ ਇਸ ਸੁਆਲ ਦਾ ਜਵਾਬ ਇਸ ਸੱਚ ਵਿਚ ਹੀ ਲੁਕਿਆ ਹੈ ਕਿ ਉਸ ਨੇ ਸੈਂਕੜੇ ਸਿਰਜਣਾਤਾਮਕ ਰਚੇਤਿਆਂ ਨੂੰ ਆਪਣੇ ਬੋਲਾਂ ਦੇ ਅਸਰ ਨਾਲ ਚੰਡ ਕੇ ਹੀਰੇ ਬਣਾਇਆ! ਪਰ ਕਿੱਥੇ ਨੇ ਉਹ ਬੋਲ? ਕਾਸ਼! ਕਿ ਉਹ ਬੋਲ ਸੰਭਾਲੇ ਗਏ ਹੁੰਦੇ, ਜਾਂ ਸੰਭਾਲੇ ਜਾ ਸਕਦੇ ਹੁੰਦੇ! ਉਨ੍ਹਾਂ ਉਨਮਾਦੀ ਮਹਿਫਲਾਂ ਵਿਚ ਕਈ ਵਾਰੀ ਖਿਆਲ ਵੀ ਆਉਂਦਾ ਕਿ ਇਹ ਬਾਣੀ ਕਿਧਰੇ ਰਾਖਵੀਂ ਕਰ ਲਈ ਜਾਵੇ ਪਰ ਕਿਸ ਕੋਲ ਸਨ ਸਰੋਤ, ਜਾਂ ਕਿਸ ਕਰਨਾ ਸੀ ਉਦਮ?, ਖਾਸ ਕਰਕੇ ਉਦੋਂ ਜਦੋਂ ਲਾਲੀ ਦੀ ਤੇਜ-ਭਰਪੁਰ ਤੱਕਣੀ ਅਜੇਹਿਆਂ ਕੋਸ਼ਿਸ਼ਾਂ ਦੇ ਜ਼ਿਕਰ ਦਾ ਹੀ ਮਜ਼ਾਕ ਉਡਾ ਦਿੰਦੀ ਹੋਵੇ! ਉਹ ਤਾਂ ਬਹੁਤ ਦੇਰ ਤੱਕ ਆਪਣੀ ਫੋਟੋ ਵੀ ਨਾ ਖਿੱਚਵਾਉਣ ਦੀ ਕੋਸ਼ਿਸ਼ ਵਿਚ ਰਹੇ- “ਤੁਸੀਂ ਵਹਿੰਦੀ ਜ਼ਿੰਦਗੀ ਨੂੰ ਇਕ ਪਲ ਵਿਚ ਕੈਦ ਕਰਕੇ ਨਹੀਂ ਰੱਖ ਸਕਦੇ, ਮੈ ਜੋ ਹੁਣ ਹਾਂ ਅਗਲੇ ਪੱਲ ਕੁਝ ਹੋਰ ਹੋਵਾਂਗਾ, ਕੈਮਰੇ ਦੇ ਵੱਸ ਵਿਚ ਨਹੀਂ ਕਿ ਜ਼ਿੰਦਗੀ ਦੇ ਵਹਾਅ ਨੂੰ ਫੜ ਸਕੇ!” ਇਸੇ ਕਰਕੇ ਸ਼ਾਇਦ ਉਹ ਸਾਰੀਆਂ ਕਲਾ ਵਿਧਾਵਾਂ ਵਿਚੋਂ ਅਧੁਨਿਕ ਵਿਗਿਆਨ ਦੀ ਬਖਸ਼ਿਸ਼- ‘ਸਿਨਮਾ ਕਲਾ-ਵਿਧਾ’ ਨੂੰ ਬਹੁਤ ਮਾਣ ਦਿੰਦੇ ਸਨ, ਕਹਿੰਦੇ ਸਨ ਕਿ ਇਹ ਵਿਧਾ ਇਨਸਾਨੀ ਮਨ ਉਪਰ ਸਭ ਤੋਂ ਵੱਧ ਤੇ ਸਭ ਤੋਂ ਜਲਦੀ ਅਸਰ ਕਰਨ ਵਾਲੀ ਵਿਧਾ ਹੈ। ਕੋਈ ਅਚੰਭੇ ਵਾਲੀ ਗੱਲ ਨਹੀਂ ਕਿ ਉਹ ਆਪ ਬੰਬਈ ਨਗਰੀ ਵਿਚ ਫੇਰੀ ਲਾਉਣ ਦੇ ਕਿੱਸੇ ਵੀ ਸੁਣਾਇਆ ਕਰਦੇ ਤੇ ਜਦੋਂ ਉਹ ਕਿਸੇ ‘ਇੰਦਰ ਸੈਨ’ ਦਾ ਜ਼ਿਕਰ ਕਰਦੇ ਤਾਂ ਸਾਡੇ ਵਿਚੋਂ ਉਹੀ ਮੁਸ਼ਕੜੀਆਂ ਹੱਸਦੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਆਈ[ ਐਸ[ਜੌਹਰ ਦੀ ਗੱਲ ਹੋ ਰਹੀ ਹੈ!

ਫਿਰ ਜੇ ਸੰਦਰਭ ਦੀ ਸਮਝ ਨਾ ਹੋਵੇ ਤਾਂ ਉਨਾਂ ਦੇ ਸੁਨੇਹੇਂ ਦਾ ਥਹੁ ਪਾਉਣਾ ਅਸੰਭਵ ਹੁੰਦਾ ਸੀ ਤੇ ਸੰਦਰਭ ਉਦੋਂ ਹੀ ਪਤਾ ਲਗਦਾ ਸੀ ਜੇ ਲਗਾਤਾਰ ਉਨ੍ਹਾਂ ਦੀ ਗੱਲ ਸੁਣਦੇ ਰਹੇ ਹੋਵੋ। ਉਨਾਂ ਦੇ ਸੁਨੇਹੇਂ ਹਮੇਸ਼ਾ ਇਸ਼ਾਰਿਆਂ ਵਿਚ ਹੁੰਦੇ ਸਨ ਉੱਚਪੱਧਰੇ ਸੁਹਜ-ਇਸ਼ਾਰੇ ਜਿਸ ਨੂੰ ਆਧੁਨਿਕ ਕਲਾ ਦੀ ਭਾਸ਼ਾ ਵਿਚ ਨਿਰਾਆਕਾਰ (ਐਬਸਟ੍ਰੈਕਟ ) ਕਿਹਾ ਜਾਂਦਾ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਉਨ੍ਹਾਂ ਦਾ ਉੱਚਪੱਧਰੀ ਕਲਾਤਮਕ ਪ੍ਰਗਟਾਅ ਜੋ ਇੰਨ-ਬਿੰਨ ਨਹੀਂ ਸੰਭਾਲਿਆ ਜਾ ਸਕਿਆ, ਹੁਣ ਵਿਆਖਿਆਵਾਂ ਵਿਚ ਵੀ ਬਿਆਨ ਨਹੀਂ ਹੋ ਸਕਦਾ! ਉਨ੍ਹਾਂ ਦੇ ਨਾਲ ਦੇ ‘ਭੂਤਾਂ’ ਵਿਚੋਂ ਕੁਝ –ਨਵਤੇਜ ਭਾਰਤੀ, ਹਰਪਾਲ ਪੰਨੂ, ਸੁਰਜੀਤ ਪਾਤਰ ਵਗੈਰਹ ਨੇ ਕੋਸ਼ਿਸ਼ ਕੀਤੀ ਹੈ ਕਿਸੇ ਤਰਾਂ ਉਨਾਂ ਦੇ ਨਿਰਾਕਾਰ ਪ੍ਰਗਰਟਾਅ ਨੂੰ ਆਕਾਰ ਦੇਣ ਦੀ ਪਰ ਆਖਰ ਲਾਲੀ ਦੇ ਬੋਲ ਹੀ ਤਾਂ ਸਾਰਾ ਕੁਝ ਨਹੀਂ ਸਨ ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਵਿਲੱਖਣ ਬਣਉਂਦੇ ਸਨ ਬਲਕਿ ਉਨਾਂ ਦੀ ਜੀਵਨ-ਸ਼ੈਲ਼ੀ ਹੀ ਆਪਣੇ ਆਪ ਵਿਚ ਕਲਾਕਿਰਤ ਸੀ ਜਿਸਦਾ ਸੁਹਜ-ਸੁਆਦ ਨਿਰਾਕਾਰ ਕਲਾ ਦਾ ਆਨੰਦ ਲੈਣ ਵਾਲਾ ਮਨ ਹੀ ਲੈ ਸਕਦਾ ਹੈ। ਉਨ੍ਹਾਂ ਦੇ ਸਮਕਾਲੀ ਲੇਖਕ ਅਤੇ ਵਿਦਵਾਨ ਅਜਮੇਰ ਸਿੰਘ (ਡਾ) ਨੇ ਇਹ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਸਾਰਿਆਂ ਦੀਆਂ ਉਚਤਮ ਕੋਸ਼ਿਸ਼ਾਂ ਨੇ ਨਿਰਾਕਾਰ ਲਾਲੀ ਨੂੰ ਕੁੱਝ ਹੱਦ ਤੱਕ ਸਾਕਾਰ ਜ਼ਰੂਰ ਕੀਤਾ ਤੇ ਇਸ ਲਈ ਲਾਲੀ ਦੇ ਮੁਰੀਦ ਉਨ੍ਹਾਂ ਦੇ ਮਸ਼ਕੂਰ ਰਹਿਣਗੇ। ਨਵਤੇਜ ਭਾਰਤੀ ਜੀ ਦਾ ਤਾਂ ਇਹ ਵੀ ਕਹਿਣਾ ਹੈ ਕਿ ‘ਲਾਲੀ ਦੀ ਸ਼ਖਸੀਅਤ ਨੂੰ ਸ਼ਬਦ ਦੇਣੇ ਨਾਮੁਮਕਿਨ ਹਨ।’ ਮੈਂ ਉਨ੍ਹਾਂ ਖੁਸ਼ਕਿਸਮਤਾਂ ਵਿਚੋਂ ਨਹੀਂ ਜਿਨ੍ਹਾਂ ਨਾਲ ਲਾਲੀ ਜੀ ਦਾ ਨੇੜਲਾ ਸਾਥ ਲਮੇਰਾ ਰਿਹਾ ਹੋਵੇ, ਪਰ ਜਿੰਨਾ ਵੀ ਸੀ ਮੈਨੂੰ ਚੰਡਣ ਲਈ ਕਾਫੀ ਸੀ।

ਅੱਸੀਵਿਆਂ ਦੀਆਂ ਉਨ੍ਹਾਂ ਮਹਿਫਲਾਂ ਵਿਚੋਂ ਰਾਜਕੁਮਾਰ ਜੀ ਦੇ ਕਮਰੇ ਵਿਚ ਲੱਗੀਆਂ ਰੌਣਕਾਂ ਯਾਦਾਂ ਦੇ ਪਰਦੇ ‘ਤੇ ਸਭ ਤੋਂ ਵੱਧ ਖੁਣੀਆਂ ਹਨ। ਸਾਹਿਤ, ਕਲਾਵਾਂ, ਸੰਗੀਤ, ਸਿਨਮਾ, ਮੰਚ, ਤੇ ਕਈ ਵਾਰ ਤਾਂ ਸਿਆਸਤ, ਕ੍ਰਿਕਟ ਵੀ…. ਸਭ ਤਰਾਂ ਦੇ ਵਿਸ਼ਿਆਂ ਉਪਰ ਚਾਨਣ ਡੱuਲਦਾ ਜਾਂਦਾ! ਹਮੇਸ਼ਾ ਇਹੀ ਹੁੰਦਾ ਸੀ ਕਿ ਇਕ ਵਾਰ ਜੰਮ ਗਏ ਤਾਂ ਫਿਰ ਦਿਨ-ਰਾਤ ਦਾ ਫਰਕ ਮਿਟ ਜਾਂਦਾ ਸੀ, ਵਿ੍ਹਸਕੀ ਜਾਂ ਰੰਮ ਨਾਲ ਮਹਿਫਲ ਆਰੰਭ ਹੁੰਦੀ ਸੀ, ਪਰ ਦਾਰੂ ਪੀਣ ਵਿਚ ਸੰਜਮ ਕੋਈ ਲਾਲੀ ਤੋਂ ਸਿੱਖੇ, ਭਾਵੇਂ ਇਕ ਪੈਗ ਹੋਵੇ, ਉਨ੍ਹਾਂ ਨੇ ਕਦੇ ਹੋਰ ਨਹੀਂ ਮੰਗਣਾ ਹੁੰਦਾ ਸੀ, ਹੌਲੀ ਹੌਲੀ ਚੁਸਕੀਆਂ ਭਰਦੇ ਉਹ ਇਕ ਪੈਗ ਨਾਲ ਸਾਰੀ ਰਾਤ ਕੱਢ ਸਕਦੇ ਸਨ ਜੇ ਕਦੇ ਉਹ ਮੁੱਕ ਵੀ ਜਾਵੇ ਉਸੇ ਗਿਲਾਸ ਵਿਚ ਚਾਹ ਦਾ ਜਾਮ ਪਾ ਲੈਂਦੇ ਸਨ- ਇਹ ਸਭ ਚੀਜ਼ਾਂ ਬਸ ਬਹਾਨਾਂ ਹੁੰਦੀਆਂ ਸਨ ਗਲਬਾਤ ਜਾਰੀ ਰੱਖਣ ਦਾ, ਹਲਕੇ ਨਸ਼ੇ ਦੀ ਲੋਰ ਵਿਚ ਸਿਰਜਣਾਤਮਕ ਤੰਦ ਪੈਂਦੀ ਚਲੀ ਜਾਂਦੀ ਸੀ, ਜਦੋਂ ਤੱਕ ਕਿ ਸਾਰੇ ‘ਸਰੋਤੇ’ ਨੀਂਦ ਤੋਂ ਹਾਰ ਨਾ ਜਾਂਦੇ। ਸਭ ਤੋਂ ਆਖਰ ਵਿਚ ਸੌਣ ਵਾਲੇ ਵੀ ਲਾਲੀ ਜੀ ਹੁੰਦੇ ਤੇ ਅਗਲੀ ਸਵੇਰ ਸਭ ਤੋਂ ਪਹਿਲਾਂ ਜਾਗਣ ਵਾਲਿਆਂ ਵਿਚ ਵੀ, ਜਦੋਂ ਉਹ ਤਾਜ਼ਾ ਅੰਗ੍ਰੇਜ਼ੀ ਅਖਬਾਰ ਪੜ੍ਹਦੇ ਨਜ਼ਰੀਂ ਪੈਂਦੇ। ਕੋਈ ਗਵਾਹ ਨਹੀਂ ਹੁੰਦਾ ਸੀ ਉਹ ਕਦੋਂ ਸੁੱਤੇ ਤੇ ਕਦੋਂ ਜਾਗੇ, ਬਲਕਿ ਅਸੀਂ ਆਪਣੀਆਂ ਨੀਂਦ ਵਿਚ ਡੁੱਬੀਆਂ ਪਲਕਾਂ ਵਿਚੋਂ ਸੁਰਤੀ ਚੋਂ ਅਲੋਪ ਹੋ ਗਏ ਮੁਰੀਦਾਂ ਉਪਰ ਲਾਲੀ ਜੀ ਕੋਈ ਚਾਦਰ, ਕੰਬਲ ਜਾਂ ਰਜਾਈ ਠੀਕ ਤਰਾਂ ਕਰਕੇ ਪਾਉਂਦੇ ਵੇਖਦੇ।

ਇਹੀ ਸਮਾਂ ਸੀ, ਤੇ ਉਹੋ ਮੌਕੇ ਸਨ ਜਦੋਂ ਅੱਤਿ ਦੇ ਪੱਛੜੇ ਇਲਾਕੇ- ਮਲੋਟ ਮੰਡੀ, ਅਤੇ ਅਥਾਹ ਅਗਿਆਨਤਾ ਦੇ ਮਹੌਲ ਵਿਚੋਂ ਆਏ ਮੇਰੇ ਵਰਗੇ ਗਿਆਨ ਤੋਂ ਸੱਖਣੇ ਜਿਗਿਆਸੂ ਲਈ ਉਹ ਦੇਸ਼ੀ-ਵਦੇਸ਼ੀ ਨਾਂ ਅਤੇ ਉਨ੍ਹਾਂ ਦੀਆਂ ਚਮਤਕਾਰੀ ਕਿਰਤਾਂ ਤੇ ਜੀਵਨੀਆਂ, ਕਿਸੇ ਪੱਕੀ ਇੱਟ ਉਪਰ ਪਏ ਪਾਣੀ ਦੇ ਛਿਟਿਆਂ ਵਾਂਗ ਸਨ ਜੋ ਡਿਗਦੇ ਹੀ ਪੱਕੀ ਮਿੱਟੀ ਵਿਚ ਸਮਾ ਜਾਂਦੇ ਹਨ। ਵਿਨਸੈਂਟ ਵਾਨ ਗਾਗ, ਪਾਬਲੋ ਪਿਕਾਸੋ, ਮਾਤਿਸ, ਅਮਿ੍ਰਤਾ ਸ਼ੇਰਗਿਲ, ਸਲਵਾਡੋਰ ਡਾਲੀ, ਕਲਾਦ ਮੋਨੇ, ਪਾਲ ਸਿਜ਼ਾਂ, ਐਦਗਰ ਦੇਗਾ ਵਰਗੇ ਅਨੇਕਾਂ ਅਧੁਨਿਕ ਕਲਾਕਾਰਾਂ ਦੀ ਕਲਾ ਦਾ ਵਿਸ਼ਲੇਸ਼ਣ ਹੁੰਦਾ, (ਕਦੇ-ਕਦਾਈਂ ਸੋਭਾ ਸਿੰਘ ਤੇ ਹੋਰ ‘ਕਲੰਡਰ-ਕਲਾਕਾਰਾਂ’ ‘ਤੇ ਤਵਾ ਵੀ ਲਗਦਾ!) ਸਾਅਦਤ ਹਸਨ ਮੰਟੋ, ਫੈਜ਼ ਅਹਿਮਦ ਫੈਜ਼, ਮਿਰਜ਼ਾ ਗ਼ਾਲਿਬ, ਗਜਾਨਨ ਮੁਕਤੀਬੋਧ, ਗੁੰਤਰ ਗਰਾਸ, ਜੋਹਨ ਸਟੈਨਬੈਕ, ਫ੍ਰੈਂਜ਼ ਕਾਫਕਾ, ਫੈਡਰੀਕੋ ਗਾਰਸ਼ੀਆ ਲੋਰਕਾ, ਗੈਬਰੀਅਲ ਗਾਰਸ਼ੀਆ ਮਰਕੇਜ਼, ਜਾਨ ਪਾਲ ਸਾਰਤਰ, ਫਿਓਦੋਰ ਦਸਤਾਯੇਵਸਕੀ, ਅਲੈਕਸਾਂਦਰ ਪੁਸ਼ਕਿਨ, ਨਿਕੋਲਾਈ ਗੋਗਲ, ਬੇਰਤੁਲ ਬ੍ਰੈਖਤ, ਸਿਗਮੰਡ ਫਰਾਇਡ, ਅਲੈਕਸਾਂਦਰ ਸੋਲਜ਼ੇਨੀਤਸਨ...ਜਿਹਿਆਂ ਅਦੁੱਤੀਆਂ ਸ਼ਖਸੀਅਤਾਂ ਅਤੇ ਉਨ੍ਹਾਂ ਦੀਆਂ ਕਿਰਤਾਂ ਨਾਲ ਮੁਲਾਕਾਤਾਂ ਦਾ ਸਿਲਸਲਾ ਚਲਦਾ। ਬੰਗਾਲੀ ਸਿਨਮਾ ਕਲਾ ਦੇ ਮਾਹਿਰ ਸੱਤਿਆਜੀਤ ਰਾਇ ਨਾਲ ਲਾਲੀ ਜੀ ਆਪਣੇ ਨਿੱਜੀ ਤਜੁਰਬੇ ਸਾਂਝੇ ਕਰਦੇ ਤਾਂ ਲੁਤਫ ਆ ਜਾਂਦਾ, ਇਸੇ ਸੰਬੰਧ ਵਿਚ, ਪੰਜਾਬੀ ਸਿਨਮੇ ਦੀ ਨਾਲਾਇਕੀ ਤੇ ਵੀ ਝੁਰਦੇ। ਸੱਤਿਆਜੀਤ ਰਾਇ ਨਾਲ ਆਪਣੀ ਨਿੱਜੀ ਗੱਲਬਾਤ ਦੌਰਾਨ ਹੋਈਆਂ ਗੱਲਾਂ ਵਿਚ ਜਦੋਂ ਪੰਜਾਬੀ ਸਿਨਮੇ ਦੀ ਗੱਲ ਬਾਰੇ, ਲਾਲੀ ਜੀ ਦਸਦੇ ਕਿ ਸੱਤਿਆਜੀਤ ਦਾ ਕਹਿਣਾ ਹੈ “ਪੰਜਾਬੀ ਫਿਲਮ ਕੋਈ ਪੰਜਾਬੀ ਹੀ ਬਣਾਵੇਗਾ, ਇਹ ਕੰਮ ਬੰਗਾਲੀ ਨਹੀਂ ਕਰ ਸਕਦਾ!” ਅੰਤਰਰਾਸ਼ਟਰੀ ਸਿਨਮੇ ਦੀ ਗੱਲ ਹੋਵੇ ਤਾਂ ਜਾਪਾਨੀ ਨਿਰਦੇਸ਼ਕ ਅਕੀਰਾ ਕੁਰੂਸੋਵਾ, ਐਮਾਮੂਰਾ ਅਦਿ ਦੇ ਨਾਲ ਨਾਲ ਸਵੀਡਨ ਦੇ ਬਰਗਮਨ, ਜਰਮਨੀ ਦੇ ਹੈਰਜ਼ੋਗ ਤੇ ਹੋਰ ਪੱਛਮੀ ਪ੍ਰਯੋਗਵਾਦੀ ਸਿਨਮਾ-ਕਲਾ ਦੇ ਦ੍ਰਿਸ਼ ਨਮੂਦਾਰ ਹੁੰਦੇ, ਸਰੋਤੇ ‘ਮੂਕ-ਦਰਸ਼ਕ’ ਬਣ ਜਾਂਦੇ! ਕਈ ਵਾਰ ਚੰਡੀਗੜ੍ਹ ਫਿਲਮ ਕਲੱਬ ਵੱਲੋਂ ਕੀਤੇ ਗਏ ਅੰਤਰਰਾਸ਼ਟਰੀ ਮੇਲਿਆਂ ਵਿਚ ਦੁਨੀਆ ਦੀਆਂ ਵਿਲੱਖਣ ਫਿਲਮਾਂ ਅਸੀਂ ਲਾਲੀ ਜੀ ਦਾ ਸਾਥ ਮਾਣਦਿਆਂ ਵੀ ਵੇਖੀਆਂ। ਅਜਿਹੇ ਦਿਨਾਂ ਵਿਚ ਲਾਲ ਜੀ ਉਚੇਚੇ ਤੌਰ ‘ਤੇ ਚੰਡੀਗੜ੍ਹ ਆਉਂਦੇ। ਸਿਨਮਾ ਕਲਾ ਤੋਂ ਇਲਾਵਾ ਜਦੋਂ ਬੰਬਈ ਅਤੇ ਲਹੌਰ ਦੀਆਂ ਮਸ਼ਹੂਰ ‘ਬਾਈਆਂ’ (ਤਵਾਇਫਾਂ) ਦੇ ਕਿੱਸੇ ਛਿੜਦੇ ਤਾਂ ਉਹ ਬਦਨਾਮ ਪੇਸ਼ਾ ਗਇਕਾਵਾਂ/ ਨਾਚੀਆਂ ਇਜ਼ੱਤਦਾਰ ਦਿਲਕਸ਼ ਕਲਾਕਾਰਾਂ ਵਿਚ ਵਟ ਜਾਂਦੀਆਂ! – ਕਿੰਨਾ ਬਹੁਮੁੱਲਾ ਤੇ ਉਚ-ਸਤੱਰੀ ਸੀ ਮੇਰੀ ਅਸਲੀ ਉਚੇਰੀ ਵਿਦਿਆ ਦਾ ਸਰੋਤ!

ਸਦੈਵਸ਼ਾਂਤ ਤੇ ਖੁਸ਼ਮਿਜ਼ਾਜ਼ ਲਾਲੀ ਨੂੰ ਉਚੀ ਬੋਲਦੇ ਵੇਖਣਾ ਲੱਗਭੱਗ ਅਸੰਭਵ ਸੀ, ਪਰ ਇਕ ਸ਼ਾਮ ਇਹ ਨੇਮ ਉਦੋਂ ਟੁੱਟਦਾ ਵੇਖਿਆ ਸੀ, ਜਦੋਂ ਗੱਲਬਾਤ ਦਾ ਮੌਜ਼ੂ ਸ਼ਾਇਦ ਪੰਜਾਬ ਵਿਚ ਝੁੱਲ ਰਹੀ ਮਨੁੱਖਤਾ ਵਿਰੋਧੀ ਧਾਰਮਿਕ ਅਤਿਵਾਦ ਦੀ ਜੋਰ ਫੜਦੀ ਜਾ ਰਹੀ ਸਿਆਸਤ ਸੀ। ਮੈਦਾਨ ਵਿਚ ਲਾਲੀ ਜੀ ਨਾਲ ਮੋਹਨ ਭੰਡਾਰੀ ਜੀ ਸਨ। ਭੰਡਾਰੀ ਸਾਹਿਬ ਤ੍ਰਾਸਦੀਆਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਹਵਾਲਾ ਦੇ ਰਹੇ ਸਨ ਜਦੋਂ ਕਿ ਲਾਲੀ ਜੀ ਇਹ ਸਮਝਾਉਣ ਦਾ ਯਤਨ ਕਰ ਰਹੇ ਸਨ ਕਿ ਤ੍ਰਾਸਦੀ ਦੀ ਮਿਣਤੀ ਗਿਣਤੀਆਂ ਵਿਚ ਨਹੀਂ ਹੋ ਸਕਦੀ, ਹਰੇਕ ਤ੍ਰਾਸਦੀ ਆਪਣੇ ਆਪ ਵਿਚ ਉਤਨੀ ਹੀ ਮਹੱਤਵਪੂਰਣ ਹੈ, ਤ੍ਰਾਸਦੀ ਦਾ ਸੰਕਲਪ ਮਾਤਰਾਤਮਕ ਨਹੀਂ, ਗੁਣਾਤਮਕ ਹੈ। ਪੰਜਾਬ ਨਾਲ ਵਰਤੇ ’47 ਦੇ ਘੱਲੂਘਾਰੇ ਦਾ ਵੀ ਜ਼ਿਕਰ ਅਇਆ। ਇਸੇ ਬਹਿਸ ਵਿਚ ਪਤਾ ਨਹੀਂ ਕਦੋਂ ਤੇ ਕਿਵੇਂ ਭੰਡਾਰੀ ਸਾਹਿਬ ਨੇ ਲਾਲੀ ਦੇ ‘ਰਜਵfੜਾ’ ਪਿਛੋਕੜ ਦਾ ਹਵਾਲਾ ਦੇ ਦਿਤਾ ਜੋ ਹੋਰ ਕਿਸੇ ਨੂੰ ਸਮਝ ਨਹੀਂ ਆਇਆ ਪਰ ਲਾਲੀ ਜੀ ਲਈ ਬਹੁਤ ਅਸਿਹ ਸਾਬਿਤ ਹੋਇਆ। ਇਹੀ ਉਹ ਘੜੀ ਸੀ ਜਦੋਂ ਬੁੱਧੀਜੀਵਤਾ ਵਾਲੇ ਮਹੌਲ ਵਿਚ ਕੜਵਾਹਟ ਜਿਹੀ ਆ ਗਈ ਸੀ ਤੇ ਲਾਲੀ ਜੀ ਨੇ ਬਹੁਤ ਗੁਸੇ ਵਿਚ ਅਪਣੀ ਸਫਾਈ ਦਿੰਦਿਆਂ ਭੰਡਾਰੀ ਸਾਹਿਬ ਦੀ ਭਿਆਂ ਕਰਵਾ ਦਿੱਤੀ ਸੀ। ਇਹ ਘਟਨਾਂ ਉਥੇ ਗੈਰ-ਮੌਜੂਦ ਦੋਸਤਾਂ ਕੋਲ ਵੀ ਪਹੁੰਚੀ ਸੀ ਜਿਸ ਬਾਰੇ ਅਕਸਰ ਅਫਸੋਸ ਪ੍ਰਗਟ ਕੀਤਾ ਗਿਆ। ਬਾਅਦ ਵਿਚ ਭੰਡਾਰੀ ਸਾਹਿਬ ਵੱਲੋਂ ਵੀ ਸਫਾਈ ਆਈ ਕਿ ਜੇ ਉਹ ਲਾਲੀ ਨੂੰ ਨਾ ਉਕਸਾਉਂਦੇ ਤਾਂ ਉਨ੍ਹਾਂ (ਲਾਲੀ) ਵੱਲੋਂ ਦਿੱਤੇ ਤਰਕ ਰੂਪੀ ਗਿਆਨ ਉਪਰੋਂ ਪੜਦਾ ਕਿਵੇਂ ਉਠਦਾ…!

ਭਾਵੇਂ ਲਾਲੀ ਜੀ ਦੇ ਦਾਰਸ਼ਨਿਕ ਬਿਰਤੀ ਵਾਲੇ ਇਨਸਾਨ ਹੋਣ ਸੰਬੰਧੀ ਉਦੋਂ ਕਈ ਕਿੱਸੇ ਪ੍ਰਚਲਤ ਸਨ (ਬਾਅਦ ਵਿਚ ਵੀ ਬਣਦੇ ਰਹੇ), ਪਰ ਮੈਂ ਉਨ੍ਹਾਂ ਨੂੰ ਹਮੇਸ਼ਾ ਸਾਦਗੀ ਤੇ ਬੁੱਧੀਜੀਵਤਾ ਦੇ ਅਦਭੁੱਤ ਮਿਸ਼ਰਣ ਦੇ ਰੂਪ ਵਿਚ ਹੀ ਵੇਖਿਆ ਜਦੋਂ ਵੀ ਵੇਖਿਆ। ਬਲਕਿ ਇਕ ਵਾਰ ਸਾਦਗੀ ਸੰਬੰਧੀ ਚੱਲੀ ਗੱਲਬਾਤ ਦੌਰਾਨ ਉਨ੍ਹਾਂ ਦੀ ਟਿੱਪਣੀ ਮੇਰੇ ਜ਼ਿਹਨ ਵਿਚ ਸਦਾ ਲਈ ਉਕਰ ਗਈ- “ਸਾਦਾ ਇਨਸਾਨ ਉਹ ਹੈ, ਜੋ ਕੋਲ ਦੀ ਟੱਪ ਜਾਵੇ ਤੇ ਪਤਾ ਨਾ ਲੱਗੇ ਕੌਣ ਲੰਘ ਗਿਆ!” ਉਨਾਂ ਪ੍ਰਤੀ ਸਭ ਤੋਂ ਮਸ਼ਹੂਰ ਕਿੱਸਾ ਸੀ ਕਿ ਉਨ੍ਹਾਂ ਨੂੰ ਘਰਦਿਆਂ ਨੇ ਘਰੋਂ ਸਬਜ਼ੀ ਲੈਣ ਭੇਜਿਆ ਸੀ ਤੇ ਉਹ ਕਈ ਹਫਤਿਆਂ ਬਾਅਦ ਮੁੜੇ, ਕਿਉਂਕਿ ਬਜ਼ਾਰ ਵਿਚੋਂ ਹੀ ਕਿੱਧਰੇ ਬਾਹਰ ਜਾਣ ਦਾ ਸਿਲਸਿਲਾ ਬਣ ਗਿਆ ਸੀ! ਮੈਨੂੰ ਲਗਦਾ ਹੈ ਇਹ ਗੱਲ ਸੱਚ ਹੀ ਹੋਵੇਗੀ ਕਿਉਂਕਿ ਇਸ ਤਰਾਂ ਦੀ ਸ਼ਿਕਾਇਤ ਉਨ੍ਹਾਂ ਦੀ ਘਰਵਾਲੀ ਵਲੋਂ ਕੀਤੀਆਂ ਸ਼ਿਕਾਇਤਾਂ ਵਿਚ ਸ਼ਾਮਿਲ ਹੁੰਦੀ ਸੁਣੀ ਸੀ।

ਇਸੇ ਤਰਾਂ ਦਾ ਇਕ ਹੋਰ ਕਿੱਸਾ ਸਾਡੇ ਵੇਲਿਆਂ ਦਾ ਵੀ ਚਰਚਾ ਵਿਚ ਆਇਆ। ਪੰਜਾਬ ਵਿਚ ਅਤਿਵਾਦ ਦੀ ਚੜ੍ਹਦੀ ਕਾਲੀ ਬੋਲੀ ਹਨੇਰੀ ਦੇ ਮਹੌਲ ਵਿਚ, ਜਦੋਂ ਵਿਸ਼ਵਾਨਾਥ ਤਿਵਾੜੀ ਅਤੇ ਰਵਿੰਦਰ ਰਵੀ ਵਰਗੇ ਕੀਮਤੀ ਬੁੱਧੀਜੀਵੀਆਂ ਦੀਆਂ ਜਾਨਾਂ ਭੰਗ ਦੇ ਭਾਣੇ ਜਾਣ ਲੱਗੀਆਂ ਸਨ, ਲਾਲੀ ਜੀ ਸਬੰਧਤ ਕਿਸੇ ਨੇ ਪਤਾ ਨਹੀਂ ਕਿਵੇਂ ਕੋਈ ਗੱਲ ਫੈਲਾ ਦਿੱਤੀ ਕਿ ਉਹ ਕਿਸੇ ਤਰਾਂ ਇਸ ਤਰਾਂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਲਾਲੀ ਜੀ ਉਨਾਂ ਦਿਨਾਂ ਵਿਚ ਦਿੱਲੀ ਗਏ ਹੋਏ ਸਨ, ਜਦੋਂ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਉਤਾਂਹ ਤੱਕ ਪਹੁੰਚ ਵਾਲੇ ਉਨ੍ਹਾਂ ਦੇ ਸ਼ੌਦਾਈਆਂ ਨੇ ਸਰਕਾਰੇ-ਦਰਬਾਰੇ ਘੰਟੀਆਂ ਖੜਕਾ ਕੇ ਲਾਲੀ ਜੀ ਦਾ ਨਾਂ ਅਫਵਾਹ-ਮੁਕਤ ਕਰਵਾਇਆ। ਕਹਿੰਦੇ ਹਨ ਕਿ ਲਾਲੀ ਜੀ ਦਿੱਲੀ ਤੋਂ ਵਾਪਿਸ ਆਏ ਤਾਂ ਇਹ ਸਾਰਾ ਕਿੱਸਾ ਖਤਮ ਹੋ ਚੁੱਕਿਆ ਸੀ ਜਿਸ ਬਾਰੇ ਉਨ੍ਹਾਂ ਨੂੰ ਕੋਈ ਖ਼ਬਰ ਨਹੀਂ ਹੋਈ ਕਿ ਇਹ ਮਾਮਲਾ ਕਦੋਂ ਭਖਿਆ ਤੇ ਕਦੋਂ ਮੁੱਕ ਵੀ ਗਿਆ!

ਮੇਰਾ ਤਾਲੁਕ ਉਸ ਪੀੜ੍ਹੀ ਤੋਂ ਅਗਲੀ ਪੀੜ੍ਹੀ ਨਾਲ ਹੈ, ਜੋ ਪਟਿਆਲੇ ਵਿਚ ਸਥਾਪਤ ਹੋ ਕੇ ਕਈ ਦਹਾਕੇ ਸਰਗਰਮ ਰਹੇ ‘ਭੂਤਵਾੜੇ’ ਦੀ ਸਮਕਾਲੀ ਰਹੀ, ਇਸ ਲਈ ਭੂਤਵਾੜੇ ਨਾਲ ਮੇਰੀ ਜਾਣ-ਪਛਾਣ ਬਸ ਰਸਮੀ ਹੈ, ਜਦੋਂ ਕਿ ਉਸ ਵਾੜੇ ਦੇ ਸਭ ਤੋਂ ਖਤਰਨਾਕ ਭੂਤ- ਲਾਲੀ ਨਾਲ ਜਾਣ-ਪਛਾਣ ਭੂਤਵਾੜੇ ਤੋਂ ਪਹਿਲਾਂ ਹੋਈ, ਬਲਕਿ ਇਸ ਨੂੰ ਸ਼ਖਸੀ ਜਾਣ-ਪਛਾਣ ਹੀ ਕਿਹਾ ਜਾ ਸਕਦਾ ਹੈ, ਭੂਤਵਾੜੇ ਦੀ ਸੰਸਥਾਗਤ ਪਛਾਣ ਦੇ ਤੌਰ ਤੇ ਨਹੀਂ। ਲਾਲੀ ਜੀ ਨਾਲ ਮੁਲਾਕਾਤ ਤੋਂ ਕਈ ਸਾਲ ਬਾਅਦ ਤੱਕ ਵੀ ਮੈਨੂੰ ‘ਭੂਤਵਾੜੇ’ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਇਹ ਤਾਂ ਬਾਅਦ ਵਿਚ ਲਾਲੀ ਜੀ ਸੰਬੰਧੀ, ਉਨ੍ਹਾਂ ਦੇ ਸਮਕਾਲੀ ਲੇਖਕਾਂ ਵੱਲੋਂ ਲਿਖੀਆਂ ਗਈਆਂ ਸਾਹਿਤਕ ਰਚਾਨਵਾਂ ਤੋਂ ਪਤਾ ਲੱਗਿਆ ਸੀ ਕਿ ਪਟਿਆਲਾ ਸ਼ਹਿਰ ਵਿਚ ਬੁੱਧੀਜੀਵੀਆਂ ਦੇ ਇਕ ਖਾਸ ਟੋਲੇ (ਲਾਲੀ, ਗੁਰਭਗਤ ਸਿੰਘ, ਹਰਿੰਦਰ ਮਹਿਬੂਬ, ਨਵਤੇਜ ਭਾਰਤੀ, ਸੁਰਜੀਤ ਲੀ, ਹਰਪਾਲ ਪੰਨੂ, ਦਲੀਪ ਕੌਰ ਟਿਵਾਣਾ, ਸਤਿੰਦਰ ਨੂਰ ਆਦਿ) ਨੂੰ ਲੋਕਾਂ ਵਲੋਂ ‘ਭੂਤਵਾੜੇ’ ਦਾ ਨਾਂ ਦਿਤਾ ਗਿਆ ਸੀ, ਜਿਸ ਦੀ ਮੁੱਖ ਵਜਹ ਸੀ, ਇਨ੍ਹਾਂ ਵਿਚੋਂ ਬਹੁਤੇ ਇਕ ਹੀ ਮਕਾਨ ਵਿਚ ਰਿਹਾਇਸ਼ ਕਰਕੇ ਰਹਿੰਦੇ ਸਨ। ਕੁਦਰਤੀ ਹੈ ਕਿ ਆਸਪਾਸ ਦੇ ਲੋਕਾਂ ਲਈ ਅਨੋਖੀ ਤੇ ਖੌਫਨਾਕ ਗੱਲ ਸੀ ਜਦੋ ਉਹ ਉੱਥੇ ਹੁੰਦੀਆਂ ਬੁੱਧੀਜੀਵਤਾ ਦੀਆਂ ਬਹਿਸਾਂ ਅਤੇ ਸ਼ਾਸਤ੍ਰੀ ਸੰਗੀਤ ਦੀ ਆਵਾਜ਼ ਸਾਰੀ ਸਾਰੀ ਰਾਤ ਸੁਣਦੇ! ਅਜਿਹੀ ਰਿਹਾਇਸ਼ ਨੂੰ ਭੂਤਵਾੜਾ ਹੀ ਕਿਹਾ ਜਾ ਸਕਦਾ ਸੀ। ਹੁਣ ਜੇ ਭੂਤਵਾੜੇ ਦੇ ਸੰਕਲਪ ਦੀ ਕਲਪਨਾ ਕਰੀਏ ਤੇ ਧਿਆਨ ਦੇਈਏ ਕਿ ਚੰਡੀਗੜ੍ਹ ਵਿਖੇ ‘460’ ਵਿਚ ਜਾਂ ਮਹਿਫਲਾਂ ਦੀਆਂ ਹੋਰ ਥਾਵਾਂ ਨੂੰ ਕੀ ਨਾਂ ਦਿੱਤਾ ਜਾ ਸਕਦਾ ਸੀ? ਜਿਸ ਤਰਾਂ ਨਵਤੇਜ ਭਾਰਤੀ ਜੀ ਦਾ ਕਹਿਣਾ ਹੈ ਕਿ ਸਾਰੇ ਭੂਤਾਂ ਵਿਚੋਂ ਲਾਲੀ ਸਭ ਤੋਂ ਨਵੇਕਲਾ ਨਿਕਲਿਆ, ਮੈਂ ਕਹਿ ਸਕਦਾ ਹਾਂ ਕਿ ਉਹ ਇਸ ਲਈ ਕਿ ਸਿਰਫ ਲਾਲੀ ਹੀ ‘ਤੁਰਦਾ-ਫਿਰਦਾ ਭੂਤ’ ਸੀ। ਉਹ ਜਿੱਥੇ ਵੀ ਹੁੰਦੇ, ਖੜਦੇ-ਬੈਠਦੇ, ਭੂਤਵਾੜਾ ਸਿਰਜਦੇ। ਰਾਜ ਜੀ ਦਾ ਕਮਰਾ, ਕਾਫੀ ਹਾਉੂਸ, ਪੰਜਾਬੀ ਯੂਨੀਵਰਸਿਟੀ ਦੇ ਘਾਹ ਦੇ ਮੈਦਾਨ, ਕਰੋਰਾਂ ਵਾਲਾ ਸਾਡਾ ਕਮਰਾ, ਹੋਸਟਲ ਕਮਰੇ…ਸਭ ਥਾਂ ਜਿੱਥੇ ਲਾਲੀ ਤੇ ਲਾਲੀ ਦੇ ਨਾਲ ਸੰਵਾਦ ਕਰਨ ਵਾਲੇ ਹੁੰਦੇ, ਦਾਰੂ ਦੀ ਬੋਤਲ ਜਾਂ ਚਾਹ ਦੇ ਕੱਪ ਆਉਂਦਿਆ ਹੀ ਭੂਤਵਾੜੇ ਵਿਚ ਵਟ ਜਾਂਦੇ!

ਹੋਸਟਲ ਦੇ ਅਸੱਭਿਅਕ ਜਿਹੇ ਮਹੌਲ ਤੋ ਤੰਗ ਆ ਕੇ ਮੈਂ ਤੇ ਸਿਧਾਰਥ, ਜੋ ਹੁਣ ਕਾਲਜ ਵਾਲਾ ਕੋਰਸ ਪੂਰਾ ਕਰ ਚੁੱਕਿਆ ਸੀ, ਨੇ ਰਲ਼ ਕੇ ਚੰਡੀਗੜ੍ਹ ਤੋਂ ਬਾਹਰ ਇਕ ਪਿੰਡ ਵਿਚ ਕਮਰਾ ਕਿਰਾਏ ‘ਤੇ ਲੈ ਕੇ ਰਹਿਣ ਦਾ ਸੋਚਿਆ। ਸਿਧਾਰਥ ਨੂੰ ਰਿਹਾਇਸ਼ ਦੀ ਲੋੜ ਸੀ ਤੇ ਮੈਨੂੰ ਮਹੌਲ ਦੀ, ਪਰ ਅਸੀਂ ਦੋਵੇਂ ਹੀ ਚੰਡੀਗੜ੍ਹ ਸ਼ਹਿਰ ਦੇ ਕਿਰਾਏ ਦੀਆਂ ਕੀਮਤਾਂ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਸਾਂ। ਪਹਿਲਾਂ ਇਕ-ਦੋ ਮਹੀਨੇ ਨਵਾਂ-ਗਾਓਂ, ਫਿਰ ਕਰੋਰਾਂ ਚਲੇ ਗਏ, ਜਿਥੇ ਇਕ-ਡੇਢ ਸਾਲ ਰਹੇ।

ਰਾਜ ਜੀ ਦੇ ਸਧਾਰਨ ਪਰ ਆਧੁਨਿਕ ਇਮਰਾਤ ਵਿਚ ਬਣੇ ਮੱਧ-ਵਰਗੀ ਕਮਰੇ- 460 ਤੋਂ ਬਾਅਦ ਫਿਰ ਕਰੋਰਾਂ ਵਾਲਾ ਕਮਰਾ ਭੂਤਵਾੜਾ ਬਣਨਾ ਸ਼ੁਰੂ ਹੋਇਆ, ਜਿੱਥੇ ਪੱਲੜਿਆਂ ਰਹਿਤ ਖਿੜਕੀਆਂ ਵਾਲੇ ਕੱਚੇ-ਪਿਲੇ ਜਿਹੇ ਖੁਲੇ ਆਕਾਰ ਦੇ ਕੋਠੇ ਵਿਚ ਕੱਚੇ ਫਰਸ਼ ਉਪਰ ਗੁਰਦੁਆਰੇ ਵਾਲੀ ਦਰੀ ਵਿਛਾ ਕੇ ਅਸੀਂ ਕਿਵੇਂ ਨਾ ਕਿਵੇਂ ਮਿੱਤਰ-ਮੰਡਲੀ ਦੀ ਆਉਭਗਤ ਦਾ ਜੁਗਾੜ ਕਰਦੇ। ਅਸੀਂ ਕਈ ਵਾਰ ਦਿਨੇਂ ਕਾਫੀ ਹਾਊਸ, ਫਿਰ ਸ਼ਾਮ ਨੂੰ 460, ਤੇ ਫਿਰ ਰਾਤਾਂ ਦੀਆਂ ਧੂਣੀਆਂ ਕਈ ਮੀਲ ਤੁਰ ਕੇ ਕਰੋਰਾਂ ਪਹੁੰਚ ਕੇ ਰਮਾਈਆਂ। ਕਰੋਰਾਂ ਵਾਲੇ ਭੂਤਵਾੜੇ ਵਿਚ ਹੀ ਸਮਕਾਲੀ ਸਾਹਿਤ ਦਾ ਸਭ ਤੋਂ ਵੱਡਾ ਭੂਤ- ਮਾਰਕੇਜ਼ ਆਪਣੀ ‘ਸੌ ਸਾਲ ਦੀ ਚੁੱਪ’ (ਵਨ ਹੰਡਰਡ ਯੀਆਰਜ਼ ਔਫ ਸੌਲੀਚੀਊਡ) ਲੈ ਕੇ ਜੱਗੋਂ ਤੇਰ੍ਹਵੀਆਂ ਬਾਤਾਂ ਪਾਉਂਦਾ!- ਜਦੋਂ ਸ਼ਹਿਰ ਵਿਚ ਕਤਲ ਹੋਏ ਜੋਜ਼ੇ ਆਰਕਾਡੀਓ ਦੇ ਲਹੂ ਦੀ ਧਾਰ ਭਿੜੇ ਦਰਵਾਜ਼ੇ ਦੀ ਝੀਥ ਹੇਠ ਦੀ ਵਹਿੰਦੀ ਘਰ ਦੇ ਅੰਦਰ ਆਉਂਦੀ, ਬੈਠਕ ਵਿਚੋਂ ਲੰਘਦੀ, ਸਿੱਧੀ ਲਕੀਰ ਵਿਚ ਚਲਦਿਆਂ ਇਕ ਗਲੀ ਚੋਂ ਨਿਕਲ ਕੇ ਪੌੜੀਆਂ ਉਤਰਦੀ, ਉਚੀਆਂ-ਨੀਵੀਆਂ ਥਾਵਾਂ ਟੱਪਦੀ, ਤੁਰਕਾਂ ਦੀ ਗਲੀ ਦੇ ਨਾਲ ਨਾਲ ਵਹਿੰਦੀ, ਸੱਜੇ ਫਿਰ ਖੱਬੇ ਮੁੜਦੀ, ਬੋਇੰਦੀਆ ਦੇ ਘਰ ਨੂੰ ਸੱਜੇ ਮੁੜਦੀ, ਬੰਦ ਦਰਬਾਜ਼ੇ ਹੇਠੋਂ ਅੰਦਰ ਆਉਂਦੀ, ਗਲੀਚਾ ਖਰਾਬ ਨਾ ਹੋ ਜਾਣ ਦੇ ਖਿਆਲ ਨਾਲ ਮੂਹਰਲੇ ਕਮਰੇ ਦੀਆਂ ਕੰਧਾਂ ਨਾਲ ਖਹਿੰਦੀ ਦੂਸਰੇ ਕਮਰੇ ਵਿਚ ਜਾਂਦੀ, ਖਾਣ-ਕਮਰੇ ਦੇ ਮੇਜ਼ ਤੋਂ ਬਚਦੀ ਹੋਈ ਚੌੜਾ ਘੇਰਾ ਘੱਤਦੀ, ਬੋਗਨ ਵੇਲ ਵਾਲੇ ਵਰਾਂਡੇ ਵਿਚਦੀ ਲੰਘਦੀ ਤੇ ਅਮਰਾਂਤਾ ਦੀ ਕੁਰਸੀ ਹੇਠੋਂ ਚੋਰੀ ਚੋਰੀ ਟੱਪਦੀ ਕਿਉਂਕਿ ਉਹ ਔਰਲੈਨੀਓ ਜੋਜ਼ੇ ਨੂੰ ਹਿਸਾਬ ਦਾ ਸਬਕ ਦੇ ਰਹੀ ਸੀ, ਅਤੇ ਲੰਗਰ ਵਿਚੋਂ ਲੰਘਦੀ ਰਸੋਈ ਵਿਚ ਆਉਂਦੀ, ਜਿੱਥੇ ਉਰਸੂਲਾ ਡਬਲਰੋਟੀ ਬਣਾਉਣ ਲਈ ਛੱਤੀ ਆਂਡੇ ਤੋੜਨ ਦੀ ਤਿਆਰੀ ਕਰ ਰਹੀ ਸੀ।- “ਓ ਮੇਰਿਆ ਰੱਬਾ”- ਉਰਸੂਲਾ ਚੀਕਦੀ….

ਅਧੁਨਿਕ ਸਾਹਿਤ ਦੇ ਜਾਦੂਈ-ਥਾਰਥਵਾਦ ਦੇ ਜਾਦੂਈ ਲੇਖਕ ਦੀ ਲੇਖਣੀ ਜਦੋਂ ਲਾਲੀ ਜੀ ਪੜ੍ਹ ਕੇ ਸੁਣਾਉਂਦੇ, ਇਹ ਸਾਡੇ ਵਿਚੋਂ ਬਹੁਤਿਆ ਦੇ ਭਾਵੇਂ ਸਿਰਾਂ ਤੋਂ ਟੱਪ ਜਾਂਦੀ ਪਰ ਲਾਲੀ ਦੀ ਆਮਦ ਸਾਰਥਕ ਹੋ ਜਾਂਦੀ। ਸਾਨੂੰ ਸਭ ਕਲਾ-ਵਿਧਾਵਾਂ ਦੀ ਅਜਿਹੀ ਆਧੁਨਿਕਤਾ ਤੋਂ ਵਾਕਿਫ ਕਰਵਾਉਣਾ ਹੀ ਉਨ੍ਹਾਂ ਦਾ ਮਕਸਦ ਹੁੰਦਾ ਸੀ ਜਿਸ ਵਿਚ ਉਹ ਕਾਮਯਾਬ ਰਹੇ। ਸਾਲ ਕੁ ਪਹਿਲਾਂ ਹੀ (1982) ਮਾਰਕੇਜ਼ ਦੀ ਇਸੇ ਲਿਖਤ ਨੂੰ ਨੋਬਲ ਇਨਾਮ ਨਾਲ ਨਵਾਜ਼ਿਆ ਗਿਆ ਸੀ ਜਿਸ ਦੀ ਲਾਲੀ ਜੀ ਨੂੰ ਸ਼ਿਕਾਇਤ ਸੀ। ਉਹ ਕਹਿੰਦੇ ਸਨ ਉਨ੍ਹਾਂ ਦੇ ਇਸ ਬੇਲੀ ਨੂੰ ਵੀ ਨੋਬਲ ਵਾਲਿਆਂ ਨਹੀ ਬਖਸ਼ਿਆ!

ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਦੇ ਨਾਟਕ ਵਿਭਾਗ (ਇੰਡੀਅਨ ਥੀਏਟਰ) ਵਿਚ ਲੱਗੀਆਂ ਉਸ ਵੱਕਤ (1982/83) ਦੀਆਂ ਰੌਣਕਾਂ ਕਿਵੇਂ ਭੁੱਲ ਸਕਦੀਆਂ ਹਨ ਜਦੋਂ ਲਾਲੀ ਦੇ ਮਨਪਸੰਦ ਸਪੇਨੀ ਨਾਟਕਕਾਰ ਲੋਰਕਾ ਦਾ ਨਾਟਕ ਖੇਡਿਆ ਜਾਣਾ ਸੀ। ਲੋਰਕਾ ਦਾ ਮਸ਼ਹੂਰ ਨਾਟਕ ‘ਅੱਗ ਦੇ ਕਲੀਰੇ’ (ਬਲੱਡ ਵੈਡਿੰਗ) ਜਿਸ ਨੂੰ ਸੁਰਜੀਤ ਪਾਤਰ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਸੀ ਤੇ ਨਾਟਕ ਵਿਭਾਗ ਦੇ ਮਲਿਆਲੀ ਅਧਿਆਪਕ ਕੁਮਾਰ ਵਰਮਾ ਵੱਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਸੀ। ਸਪੇਨ-ਪੰਜਾਬ-ਕੇਰਲ ਦਾ ਅਟਪਟਾ ਪਰ ਦਿਲਚਸਪ ਤਾਲਮੇਲ ਸੀ। ਨਾਟਕਾਂ ਦੇ ਅਭਿਆਸ (ਰਿਹਰਸਲਾਂ) ਹੀ ਹੋ ਰਹੇ ਸਨ ਕਿ ਲਾਲੀ ਜੀ ਆਣ ਪਹੁੰਚੇ ਤੇ ਹਰ ਰੋਜ਼ ਰਿਹਰਸਲ ਵੇਖਦੇ। ਸਾਡੇ ਸਾਰਿਆਂ ਲਈ ਤਾਂ ਤੀਆਂ ਜਿਹਾ ਮਹੌਲ ਸੀ। ਨਾਟਕ ਦੀਆਂ ਰਿਹਰਸਲਾਂ ਤੋਂ ਬਾਅਦ ਫਿਰ ਕਈ ਦਿਨਾਂ ਦੀ ਪੇਸ਼ਕਸ਼ ਸਮੇਂ ਲਾਲੀ ਜੀ ਅਕਸਰ ਸਾਡੇ ਨਾਲ ਨਾਟਕ ਪੰਡਾਲ ਵਿਚ ਮੌਜੂਦ ਹੁੰਦੇ, ਤੇ ਨਾਟਕ ਤੋਂ ਪਹਿਲਾਂ ਅਤੇ ਬਾਅਦ ਵਿਚ ਨਾਟਕ-ਵਿਭਾਗ ਦੇ ਬਾਹਰ ਹੀ ਘਾਹ/ਫਰਸ਼ ਤੇ ਬੈਠ ਕੇ ‘ਅੱਗ ਦੇ ਕਲੀਰਿਆਂ’ ਦੀ ਚਰਚਾ ਛਿੜਦੀ। ਉਹ ਬਹੁਤ ਹੀ ਉਤਸੁਕ ਤੇ ਉਨਮਾਦੀ ਮੂੜ੍ਹ ਵਿਚ ਹੁੰਦੇ ਤੇ ਲੋਰਕਾ ਨਾਲ ਕੀਤੀਆਂ ਜਾ ਰਹੀਆਂ ‘ਬੇ-ਇਨਸਾਫੀਆਂ’ ਦਾ ਜ਼ਿਕਰ ਕਰਦਿਆਂ ਕੁਮਾਰ ਵਰਮਾ ਅਤੇ ਸੁਰਜੀਤ ਪਾਤਰ ਦੋਹਾਂ ਨੂੰ ਆਪਣੇ ਖਾਸ ਅੰਦਾਜ਼ ਵਿਚ ਵਿਅੰਗ ਦਾ ਨਿਸ਼ਾਨਾ ਬਣਾਉਂਦੇ। ਨਾਟਕ ਵਿਚਲੇ ਗੀਤਾਂ ਦੇ ਪੰਜਾਬੀ ਅਨੁਵਾਦ ਉਪਰ ਖਾਸ ਤਵਾ ਲਗਦਾ!

ਨਾਟਕ ਵਿਭਾਗ ਵਿਚ ਕਲਾ ਅਧਿਆਪਕ ਮੁਹਿੰਦਰ ਕੁਮਾਰ ਸਨ, ਜਿਨ੍ਹਾਂ ਦਾ ਜੁੱਸਾ, ਤੇ ਦੂਰੋਂ ਤੱਕਿਆਂ ਮੜ੍ਹੰਗਾ ਵੀ ਕੁੱਝ ਹੱਦ ਤੱਕ ਲਾਲੀ ਜੀ ਨਾਲ ਮਿਲਦਾ ਸੀ, ਸਿਵਾਇ ਇਸ ਦੇ ਕਿ ਉਨ੍ਹਾਂ ਦੀ ਅਧੇਹੜ ਦਾੜ੍ਹੀ ਆਮ ਤੌਰ ਤੇ ਲਾਲੀ ਜੀ ਦੀ ਦਾੜ੍ਹੀ ਨਾਲੋਂ ਲਮੇਰੀ ਸੀ।‘ਅੱਗ ਦੇ ਕਲੀਰੇ’ ਵਾਲੇ ਦਿਨਾਂ ਵਿਚ ਲਾਲੀ ਜੀ ਦੀ ਦਾੜ੍ਹੀ ਵੀ ਕਾਫੀ ਵਧੀ ਹੋਈ ਸੀ। ਰਿਹਰਸਲਾਂ ਵਾਲੇ ਦਿਨਾਂ ਵਿਚੋਂ ਇਕ ਵਾਰ ਜਦੋਂ ਅਸੀਂ ਅੰਦਰ ਗਏ ਤਾਂ ਮੁਹਿੰਦਰ ਕੁਮਾਰ ਹੀ ਸਾਹਮਣੇ ਨਜ਼ਰ ਪਏ ਤਾਂ ਲਾਲੀ ਜੀ ਉਨੀਂ ਪੈਰੀਂ ਪੁਠੇ ਮੁੜ ਆਏ। ਸਾਨੂੰ ਕਹਿੰਦੇ – “ਯਾਰ ਪਹਿਲਾਂ ਨਾਈ ਦੇ ਚੱਲੀਏ, ਮੈਂ ਤਾਂ ਐਵੇਂ ਮਹਿੰਦਰ ਜਾ ਲੱਗੀ ਜਾਨਾਂ।”

ਉਨ੍ਹਾਂ ਹੀ ਦਿਨਾਂ ਦੀ ਗੱਲ ਹੈ ਜਦੋਂ ਮੈਂ ਤੇ ਸਿਧਾਰਥ ਕਰੋਰਾਂ ਵਿਚ ਫਾਕੇ ਕੱਟ ਰਹੇ ਸਾਂ ਜਦੋਂ ਇਕ ਮਹੱਤਵਪੂਰਣ ਅੰਤਰਰਾਸ਼ਟਰੀ ਨੁਮਾਇਸ਼ (ਸ਼ਇਦ ਅਗਸਤੇ ਰੋਦਾਂ ਦੀ) ਦਿੱਲੀ ਵਿਚ ਲੱਗੀ ਹੋਣ ਦੀ ਖ਼ਬਰ ਸੀ ਕਿ ਚੰਡੀਗੜ੍ਹ ਦੀ ਮੰਡਲੀ ਨੇ ਲਾਲੀ ਜੀ ਦੀ ਸੰਗਤ ਵਿਚ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ, ਜਿਸ ਬਾਰੇ ਸਿਧਾਰਥ ਨੇ ਖ਼ਬਰ ਦਿੱਤੀ। ਮੈਂ ਨਾਲ ਜਾਣਾ ਚਾਹਿਆ ਤਾਂ ਉਸ ਨੇ ਪਹਿਲਾਂ ਪੁੱਛਿਆ ਕਿ ‘ਤੇਰੇ ਕੋਲ ਕਿਰਾਇਆ ਹੈ?’ ਮੈਨੂੰ ਲਗਦਾ ਹੈ, ਮੇਰੇ ਕੋਲ ਕਿਰਾਇਆ ਤੱਕ ਵੀ ਪੂਰਾ ਨਹੀਂ ਸੀ, ਰਹਿਣ-ਖਾਣ-ਪੀਣ ਦੇ ਖਰਚੇ ਦੀ ਤਾਂ ਗੱਲ ਹੀ ਛੱਡੋ! ਫਿਰ ਵੀ, ਪੂਰੀ ਬੇਸ਼ਰਮੀ ਜੁਟਾਉਂਦਾ ਹੋਇਆ, ਜੋ ਮੇਰੇ ਲਈ ਬੜੀ ਮੁਸ਼ਕਿਲ ਵਾਲਾ ਕੰਮ ਸੀ, ‘ਵੇਖੀ-ਜਾਊ’ ਸੋਚ ਕੇ ਜੁੰਡਲੀ ਦੇ ਨਾਲ ਗੱਡੀ ਚੱੜ੍ਹ ਗਿਆ! ਲਾਲੀ ਦੇ ਸਾਥ ਦਾ ਲਾਲਚ ਹੀ ਅਜਿਹਾ ਸੀ! ਲਾਲੀ ਜੀ ਦੇ ਨਾਲ ਜਾਣ ਵਾਲਿਆਂ ਵਿਚ ਸਿਧਾਰਥ ਤੇ ਸੰਜੀਵ ਸੋਨੀ ਤਾਂ ਯਾਦ ਹਨ, ਹੋਰ ਕੌਣ ਸਨ, ਯਾਦ ਨਹੀਂ ਪੈਂਦਾ। ਹੁਣ ਕੁੱਝ ਖਿਆਲ ਨਹੀਂ ਕਿਵੇਂ ਗ਼ੁਜ਼ਾਰਾ ਹੋਇਆ, ਕਿਸ ਨੇ ਟਿਕਟ ਕਟਾਏ, ਕਿੱਥੇ ਰਹੇ? ਪਰ ਯਾਦ ਹਨ ਤਾਂ ਉਨ੍ਹਾਂ ਇਕ-ਦੋ ਦਿਨਾਂ ਵਿਚ ਦਿੱਲੀ ਦੇ ਢਾਬਿਆਂ ‘ਤੇ ਸਜਦੇ ਭੂਤਵਾੜੇ! ਨੁਮਾਇਸ਼ ਵਿਚ ਕਿਸੇ ਵੱਡੇ ਯੂਰੌਪੀ ਲੇਖਕ (ਹੁਣ ਯਾਦ ਨਹੀਂ ਕੌਣ) ਦੀ ਛੋਟੀ ਜਿਹੀ ਕਾਂਸੇ ਦੀ ਮੂਰਤੀ ਦਾ ਲਾਲੀ ਵਰਗਾ ਮੁਹਾਂਦਰਾ ਤੱਕ ਕੇ ਜਦੋਂ ਮੈ ਕਿਹਾ ਸੀ ਕਿ ਇਸ ਦਾ ਮੜੰਘਾ ਲਾਲੀ ਨਾਲ ਮਿਲਦਾ ਹੈ ਤਾਂ ਸਿਧਾਰਥ ਨੇ ਹੁੰਗਰੇ ਵਿਚ ਕਿਹਾ ਸੀ “ਆਪਣਾ ਲਾਲੀ ਕਿਹੜਾ ਇਸ ਤੋਂ ਘੱਟ ਹੈ!”

1984 ਵਿਚ ਕਲਾ-ਵਿਦਿਆਲੇ ਦੀ ਡਿਗਰੀ ਪੂਰੀ ਹੋ ਜਾਣ ਨਾਲ ਆਰਜ਼ੀ ਤੌਰ ‘ਤੇ ਚੰਡੀਗੜ੍ਹ ਨਾਲ ਹੀ ਨਹੀਂ ਬਲਕਿ ਤੁਰਦੇ-ਫਿਰਦੇ ਭੂਤਵਾੜਿਆਂ ਤੋ ਵੀ ਨਾਤਾ ਟੁੱਟ ਗਿਆ। ਪਰ ਅਗਲੇ ਹੀ ਸਾਲ ਦੇ ਅਖੀਰ ‘ਤੇ (1985) ਫਿਰ ਇਕ ਨਿੱਜੀ ਕਲਾ-ਸੰਸਥਾਨ ਵਿਚ ਨੌਕਰੀ ਦਾ ਜੁਗਾੜ ਬਣਿਆ ਤਾਂ ਮੈਂ ਫਿਰ ਚੰਡੀਗੜ੍ਹ ਆ ਗਿਆ, ਇਸ ਵਾਰ ਸ਼ਹਿਰ ਵਿਚ ਸ਼ਾਇਦ ਸੈਕਟਰ 37 ਵਿਚ ਇਕ ਕਮਰਾ ਕਿਰਾਏ ਤੇ ਲਿਆ ਸੀ, ਜੋ 24 ਸੈਕਟਰ ਵਿਚ ਮੇਰੀ ਨੌਕਰੀ ਵਾਲੀ ਥਾਂ ਤੋਂ ਨੇੜੇ ਸੀ। ਭਾਵੇਂ ਕੁੱਝ ਹੀ ਮਹੀਨਿਆਂ ਬਾਅਦ ਮੈਂ ਰੂਸ ਚਲਿਆ ਗਿਆ ਸਾਂ ਪਰ ਉਨ੍ਹਾਂ ਦਿਨਾਂ ਵਿਚ ਲਾਲੀ ਜੀ ਦੀਆਂ ਚੰਡੀਗੜ੍ਹ ਫੇਰੀਆਂ ਦਾ ਸਿਲਸਿਲਾ ਜਾਰੀ ਰਿਹਾ ਸੀ। ਮੈਨੂੰ ਯਾਦ ਹੈ, ਜਦੋਂ ਸਾਰੀ ਮੰਡਲੀ- ਸਿਧਾਰਥ, ਰਾਜ, ਸੋਨੀ ਆਦਿ ਨੇ ਮੇਰੇ 37 ਵਾਲੇ ਕਮਰੇ ਵਿਚ ਵੀ ਇਕ ਦਿਨ ਮਹਿਫਲ ਭਖਾਈ ਸੀ। ਇਹ ਸਵੇਰੇ 10-11 ਵਜੇ ਦਾ ਵੇਲਾ ਸੀ ਤੇ ਮੈਂ ਦੁਪਹਿਰ ਨੂੰ ਨੌਕਰੀ ਤੇ ਹਾਜ਼ਰ ਹੋਣਾ ਸੀ। ਮੇਰਾ ਦਿਲ ਕਰਦਾ ਸੀ ਕਿ ਮਹਿਫਲ ਉਸੇ ਤਰਾਂ ਅਟੁੱਟ ਵਰਤੇ ਜਿਵੇਂ ਪਹਿਲਾਂ ਦੀ ਵਿਦਿਆਰਥੀ ਜ਼ਿੰਦਗੀ ਵਿਚ। ਮੇਰਾ ਜੀ ਕੀਤਾ ਕਿ ਫਰਲੋ ਮਾਰ ਲਵਾਂ…ਪਰ ਸਭ ਨੇ ਤਾਕੀਦ ਕੀਤੀ ਕਿ ਮੈਨੂੰ ਨੌਕਰੀ ਤੇ ਜਾਣਾ ਚਾਹੀਦਾ ਹੈ, ਮਹਿਫਲਾਂ ਲਗਦੀਆਂ ਰਹਿਣਗੀਆਂ। ਸਿਧਾਰਥ ਨੇ ਤਾਂ ਮੇਰੇ ਕੰਨ ਵਿਚ ਕਿਹਾ – “ਇਹ ਲਾਲੀ ਤੇਰੀ ਨੌਕਰੀ ਛੁਡਵਾ ਦੂ, ਬਾਅਦ ਵਿਚ ਪਛਤਾਂਏਂਗਾ!” ਮੈਂ ਬੜੇ ਅਣਮਨੇ ਨਾਲ ਸਭ ਨੂੰ ਤੋਰਿਆ! ਹਾਂਲਿਕ ਮੇਰੇ ਕੋਲ ਸਕੂਟਰੀ ਹੁੰਦੀ ਸੀ ਪਰ ਮੈਨੂੰ ਯਾਦ ਹੈ ਮੈਂ ਸਭ ਦੇ ਨਾਲ ਇਕ ਔਟੋ-ਰਿਕਸ਼ੇ ਵਿਚ ਬੈਠਕੇ ਆਪਣੀ ਨੌਕਰੀ ਵਾਲੀ ਥਾਂ ਤੱਕ ਆਇਆ, ਤਾਂ ਕਿ ਵੱਧ ਤੋਂ ਵੱਧ ਸਾਥ ਮਾਣਿਆ ਜਾ ਸਕੇ!

ਸਿਧਾਰਥ ਦੀ ‘ਨੌਕਰੀ ਛੁਡਵਾਉਣ’ ਵਾਲੀ ਗੱਲ ਤੋਂ ਯਾਦ ਆਇਆ- ਇਕ ਵਾਰ ਲਾਲੀ ਜੀ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਔਰਤ ਬਾਰੇ ਗੱਲ ਕਰ ਰਹੇ ਸਨ ਕਿ ਉਹ ਆਪਣੀ ਬੇਟੀ ਦੀ ਨੌਕਰੀ ਲਈ ਲਾਲੀ ਜੀ ਨੂੰ ਸਿਫਾਰਿਸ਼ ਕਰਨ ਲਈ ਖਹਿੜੇ ਪਈ ਹੈ। ਲਾਲੀ ਵੱਲੋਂ ਹੱਸ ਕੇ ਦੱਸਣ ‘ਤੇ ਕਿ –“ਮੈਂ ਕਿਹਾ, ਭਾਈ ਜੇ ਨੌਕਰੀ ਛੁਡਵਾਉਣੀ ਹੈ ਤਾਂ ਦੱਸੀਂ, ਲਗਵਾਉਣ ਦੀ ਕੋਈ ਗਰੰਟੀ ਨਹੀਂ!”, ਜੁੰਡਲੀ ਵਿਚ ਹਾਸਾ ਮੱਚਣਾ ਹੀ ਸੀ।

ਦਸੰਬਰ 1986 ਵਿਚ ਰੂਸ ਤੋਂ ਮੁੜਨ ਬਾਅਦ, ਸ਼ਾਇਦ 1987 ਦੀ ਹੀ ਗੱਲ ਹੈ ਜਦੋਂ ਮੈਂ ਅਜੇ ਬੇਰੁਜ਼ਗਾਰੀ ਦੀ ਭਟਕਣ ਵਿਚ ਹੀ ਸਾਂ ਤੇ ਚੰਡੀਗੜ੍ਹ ਆਇਆ ਸਾਂ, ਜਦੋਂ ਯਾਦ ਨਹੀਂ ਕਿਵੇਂ ਸਾਡੀ ਮੰਡਲੀ ਦੀ ਲਾਲੀ ਜੀ ਦੇ ਘਰ ਪਟਿਆਲੇ ਜਾਣ ਦੀ ਸਕੀਮ ਬਣੀ। ਸਿਧਾਰਥ ਉਦੋਂ ਗ਼ਾਜ਼ੀਆਬਾਅਦ ਵਿਚ ਆਪਣੇ ਨਵੇਂ ਲੱਭੇ ਸਰਪ੍ਰਸਤਾਂ ਕੋਲ ਰਹਿੰਦਾ ਸੀ, ਤੇ ਉੱਥੋਂ ਹੀ ਆਇਆ ਸੀ। ਚੰਡੀਗੜ੍ਹ ਤੋਂ ਪਟਿਆਲੇ ਜਾਣ ਵਾਲਿਆਂ ਵਿਚ ਮੇਰੇ ਤੋ ਇਲਾਵਾ ਸਿਧਾਰਥ, ਰਾਜ ਕੁਮਾਰ, ਸੰਜੀਵ ਸੋਨੀ ਸਨ, ਤੇ ਮੰਚ-ਕਲਾਕਾਰ ਹਰਜੀਤ ਕੈਂਥ ਜੋ ਪਟਿਆਲਾ ਵਾਸੀ ਹੀ ਸੀ ਤੇ ਲਾਲੀ ਦੇ ਮੁਰੀਦਾਂ ਵਿਚ ਸ਼ਾਮਿਲ ਸੀ, ਸਾਡੇ ਨਾਲ ਆ ਰਲ਼ਿਆ। ਇਹ ਉਹ ਪਹਿਲਾ ਮੌਕਾ ਸੀ ਜਦੋਂ ਮੈਂ ਲਾਲੀ ਜੀ ਦੇ ਪਰਿਵਾਰ ਦੇ ਜੀਆਂ ਨੂੰ ਵੇਖਿਆ-ਜਾਣਿਆ। ਸਾਨੂੰ ਵੇਖਕੇ ਲਾਲੀ ਜੀ ਨੂੰ ਚਾਅ ਚੜ੍ਹ ਗਿਆ – ਬੋਲੇ “ਮੈਨੂੰ ਪਤਾ ਸੀ ਆਉਣਗੀਆਂ ਮਾਖੋ-ਮੱਖੀਆਂ, ਮੱਖੀਆਂ ਆਗੀਆਂ ਫੇਰ!” ਸ਼ਾਇਦ ਤੀਜੇ ਪਹਿਰ ਜਿਹਾ ਸਮਾਂ ਸੀ, ਉਹ ਬਾਹਰ ਹੀ ਛੋਟੇ ਜਿਹੇ ਘਾਹਦਾਰ ਵੇਹੜੇ ਵਿਚ ਕੁਰਸੀ ‘ਤੇ ਬੈਠੇ ਕੁਝ ਪੜ੍ਹ ਰਹੇ ਸਨ। ਇਹ ਉਨ੍ਹਾਂ ਦੀ ਬਹੇੜਾ ਰੋਡ ਵਾਲੀ ਜੱਦੀ ਕੋਠੀ ਸੀ। ਰਸਮੀ ਮਿਲਣੀ ਤੋ ਬਾਅਦ ਹੌਲੀ-ਹੌਲੀ ਉਹ ਕੋਠੀ ਭੂਤਵਾੜੇ ਵਿਚ ਬਦਲਣ ਲੱਗੀ ਪਰ ਲਾਲੀ ਜੀ ਦੇ ਪਰਿਵਾਰ ਦੇ ਜੀਅ (ਪਤਨੀ, 18-20 ਸਾਲ ਦੇ ਦੋ ਜਵਾਨ ਪੁੱਤ, ਤੇ ਤਕਰੀਬਨ ਉਨ੍ਹਾਂ ਵਰਗੀ ਮੁਟਿਆਰ ਹੀ ਇਕ ਧੀ) ਘਰ ਵਿਚ ਮੌਜੂਦ ਹੁੰਦਿਆਂ ਵੀ ਕਿਸੇ ਤਰਾਂ ਦੀ ਗਲਬਾਤ ਦਾ ਹਿੱਸਾ ਨਹੀਂ ਸਨ। ਛੋਟਾ ਬੇਟਾ- ਅਰੁਨ, ਸ਼ਾਇਦ ਕੁਝ ਦਿਲਸਚਪੀ ਲੈ ਰਿਹਾ ਸੀ ਪਰ ਹੋਰਾਂ ਨੂੰ ਬਹੁਤਾ ਸਰੋਕਾਰ ਨਹੀਂ ਸੀ, ਨਿਆਣਿਆਂ ਦੀ ਮਾਂ ਦੀਆਂ ਤਾਂ ਬਲਕਿ ਭੌਆਂ ਤਣ ਗਈਆਂ ਲਗਦੀਆਂ ਸਨ ਤੇ ਬੁਲ੍ਹ ਜਿਹੇ ਫਰਕ ਰਹੇ ਸਨ ਜਿਵੇਂ ਅੰਦਰੇ-ਅੰਦਰ ਕੁੜ੍ਹ ਰਹੀ ਹੋਵੇ। ਵੱਡੇ ਮੁੰਡੇ ਦੀ ਦਿਲਚਸਪੀ ਤਾਂ ਸਿਰਫ ਇਕ ਊਠ-ਰੰਗੀ ਮਰੂਤੀ ਕਾਰ ਵਿਚ ਸੀ ਜੋ ਨੇੜੇ ਹੀ ਕਿਧਰੇ ‘ਵਾਜਿਬ’ ਭਾਅ ‘ਤੇ ਸੱਠ-ਸੱਤਰ ਹਜ਼ਾਰ ਵਿਚ ਵਿਕਣੀ ਲੱਗੀ ਸੀ ਤੇ ਉਹ ਲਾਲੀ ਜੀ ਤੋਂ ਆਪਣੀ ਮਾਂ ਦੀ ਸ਼ਹਿ ‘ਤੇ ‘ਹਾਂ’ ਕਰਵਾਉਣ ਦੀ ਕੋਸ਼ਿਸ਼ ਵਿਚ ਸੀ। ਪਹਿਲਾਂ ਤਾਂ, ਹਮੇਸ਼ਾ ਪੈਦਲ ਜਾਂ ਸਰਕਾਰੀ ਵਾਹਨਾਂ ਵਿਚ ਸਫਰ ਕਰਨ ਵਾਲੇ ਲਾਲੀ ਜੀ ਦੀ ਕੋਠੀ ਵੇਖ ਕੇ ਲੱਗਿਆ ਸੀ ਉਨ੍ਹਾਂ ਦੀ ਸਾਦਗੀ ਵਿਚ ਗਰੀਬੀ ਸ਼ਾਮਿਲ ਨਹੀਂ ਹੈ, ਤੇ ਹੁਣ ਬੱਚਿਆਂ ਵੱਲੋਂ 60-70 ਹਜ਼ਾਰ ਦੀ ਕੀਮਤ ਵਾਲੀ ਸ਼ੈਅ ਖਰੀਦਣ ਬਾਰੇ ਇਸ ਤਰਾਂ ਗੱਲ ਹੋ ਰਹੀ ਸੀ ਜਿਵੇਂ ਕੋਈ ਸਧਾਰਨ ਖਿਡੌਣਾ ਲੈਣਾ ਹੋਵੇ, ਤੇ ਜਿਸ ਬਾਰੇ ਲਾਲੀ ਜੀ ਵਿਚ ਵਿਰੋਧ ਕਰਨ ਦੀ ਜਿਵੇਂ ਸੱਤਿਆ ਜਿਹੀ ਨਹੀਂ ਸੀ। ਇਸ ਸਭ ਨੇ ਪਹਿਲੀ ਵਾਰ ਅਹਿਸਾਸ ਕਰਵਾਇਆ ਕਿ ਜਿਸ ਲਾਲੀ ਵਿਚ ਮੈਂ ਇਕ ਸਾਦਾ ਬੁੱਧੀਜੀਵੀ ਵੇਖਦਾ ਸਾਂ ਉਹ ਸਾਦਗੀ ਕਿਸੇ ਮਜਬੂਰੀ ਕਾਰਨ ਨਹੀਂ ਸੀ ਬਲਕਿ ਖੁਦ-ਅਪਣਾਈ ਸੱਚੀ ਸਾਦਗੀ ਸੀ, ਜਿਵੇਂ ਉਹ ਉਨ੍ਹਾਂ ਦੀ ਸ਼ਖਸੀਅਤ ਦਾ ਅਟੁੱਟ ਅੰਗ ਹੋਵੇ। ਇਹ ਭਾਵੇਂ ਦਵੰਦ ਸੀ ਕਿ ਉਨ੍ਹਾਂ ਦੀ ਅਦਰਸ਼ਕ ਸਾਦਗੀ ਦਾ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਵਿਚ ਨਾਮ-ਨਿਸ਼ਾਨ ਤੱਕ ਨਹੀਂ ਸੀ! ਇਹੀ ਨਹੀਂ, ਸੰਗੀਤ ਦੀ ਹਾਜ਼ਰੀ ਵਿਚ, ਦਾਰੂ ਦੇ ਗੇੜ ਵਿਚ ਚਲਦੀ ਮਹਿਫਲ ਵਿਚ ਅਚਾਨਕ ਮੁੰਡਿਆਂ ਵਿਚੋਂ ਇੱਕ ਨੇ ਕਿਹਾ- “ਮੇਰੇ ਪਾਪਾ ਨੂੰ ਵੇਖੋ, ਕਿਹੋ ਜਿਹੇ ਹਨ, ਇਹ ਤਾਂ ਜੱਟ ਈ ਨਹੀਂ ਲਗਦੇ! ਜੱਟ ਐਹੋ ਜਿਹੇ ਹੁੰਦੇ ਐ?!” ਸ਼ਾਇਦ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਤੇ ਇਹ ਕੋਝਾ, ਬੇਮੌਸਮਾ ਸੁਆਲ ਸੰਗੀਤ ਦੀ ਧੁਨੀ ਅਤੇ ਦਾਰੂ ਦੇ ਛਲਕਦੇ ਜਾਮਾਂ ਪਿੱਛੇ ਲੁਕ ਗਿਆ। ਮੈਨੂੰ ਸ਼ਾਇਦ ਉਦੋਂ ਵੀ ਅਜੇ ਲਾਲੀ ਜੀ ਦਾ ਪੂਰਾ ਨਾਂ ਪਤਾ ਨਹੀਂ ਸੀ- ‘ਹਰਦਿਲਜੀਤ ਸਿੰਘ ਸਿੱਧੂ’, ਤੇ ਇਹ ਵੀ ਯਾਦ ਨਹੀਂ ਕਿ ਕਦੋਂ ਤੇ ਕਿਵੇਂ ਪਤਾ ਲੱਗਿਆ।

ਉਸ ਰਾਤ ਉਨ੍ਹਾਂ ਦੇ ਘਰ ਰਹੇ, ਅਗਲੇ ਦਿਨ ਲਾਲੀ ਜੀ ਦੇ ਜੱਦੀ ਪਿੰਡ ਜਾਣ ਦਾ ਪ੍ਰੋਗਰਾਮ ਕਿਸ ਤਰ੍ਹਾਂ ਬਣ ਗਿਆ, ਕੁਝ ਯਾਦ ਨਹੀਂ, ਸਮੇਤ ਲਾਲੀ ਜੀ ਦੇ ਅਸੀਂ ਸਾਰੇ ਪਿੰਡ (ਫਤਹਿ ਗੜ੍ਹ) ਜਾਣ ਵਾਲੀ ਛੋਟੀ ਜਿਹੀ (ਮਿੰਨੀ) ਬੱਸ ਵਿਚ ਚੱੜ੍ਹ ਗਏ। ਬਸ ਤੋਂ ਉੱਤਰ ਕੇ ਪਿੰਡ ਵਿਚ ਦਾਖਲ ਹੋਏ ਤੇ ਇਕ ਬਹੁਤ ਵੱਡੀ ਖੰਡਰ ਹੋਈ ਹਵੇਲੀ, ਲੱਗਭਗ ਕਿਸੇ ਛੋਟੇ-ਮੋਟੇ ਕਿਲੇ ਵਰਗੀ, ਦੇ ਸਾਹਮਣੇ ਜਾ ਖੜੇ ਹੋਏ। ਹਵੇਲੀ ਦੀ ਡਿਓੜ੍ਹੀ ਸਹੀ ਸਲਾਮਤ ਸੀ ਤੇ ਸ਼ਾਹੀ ਦਰਵਾਜ਼ਾ ਵੀ, ਜਿਥੋਂ ਇਕ ਸਿਧਰਾ ਜਿਹਾ ਅਧਖੜ ਉਮਰ ਦਾ ਬੰਦਾ ਬੜੇ ਚਾਅ ਨਾਲ ਕਾਹਲ਼ੀ-ਕਾਹਲ਼ੀ ਬਾਹਰ ਆਇਆ ਤੇ ਸਭ ਨੂੰ ਫਤਿਹ ਬੁਲਾਉਂਦੇ ਨੇ ਲਾਲੀ ਜੀ ਦਾ ਝੋਲਾ ਫੜ ਲਿਆ ਤੇ ਸਭ ਡਿਓੜ੍ਹੀ ਅੰਦਰ ਦਾਖਲ ਹੋਏ। ਡਿਓੜੀ ਅੰਦਰ ਸੱਭ ਤੋਂ ਪਹਿਲਾਂ ਛੱਤਾਂ ਨਾਲ ਲਮਕਦੇ ਅਜੀਬ ਜਿਹੇ ਛੋਟੇ-ਛੋਟੇ ਪੰਛੀਆਂ ਦੀ ਚਹਿਚਹਾਟ ਨੇ ਸੁਆਗਤ ਕੀਤਾ ਜਿਨ੍ਹਾਂ ਨੇ ਡਿਓੜੀ ਦੀ ਛੱਤ ਵਿਚ ਚਾਮਚੜਿਕਾਂ ਵਾਂਗ ਆਲਣੇ ਬਣਾਏ ਹੋਏ ਸਨ। ਇਨ੍ਹਾਂ ਚੋਂ ਇਕ ਪੰਛੀ ਡਿਓੜ੍ਹੀ ਤੋਂ ਬਾਹਰ ਦੂਸਰੇ ਪਾਸੇ ਵੇਹੜੇ ਵਿਚ ਜ਼ਮੀਨ ‘ਤੇ ਬੈਠਾ ਸੀ ਤੇ ਸਾਡੇ ਨੇੜੇ ਹੋਣ ‘ਤੇ ਵੀ ਨਹੀਂ ਉੱਡਿਆ। ਰਖਵਾਲੇ-ਸੇਵਾਦਾਰ ਨੇ ਸਾਨੂੰ ਗਿਆਨਵਾਨ ਕੀਤਾ: “ਬਸ ਹੁਣ ਨੀ ਇਹ ਉਡਦਾ, ਇਹਨੂੰ ਬਿੱਲੀ ਖਾਊਗੀ!” ਅਸੀਂ ਆਪਣੀ ਜਾਣਕਾਰੀ ਵਿਚ ਵਾਧਾ ਕੀਤਾ ਕਿ ਇਹ ਪੰਛੀ ‘ਨੰਨ੍ਹੜੇ’ ਹਨ, ਜਿਹੜੇ ਸਿਰਫ ਹਵਾ ਜਾਂ ਆਪਣੇ ਆਲ੍ਹਣਿਆਂ ਵਿਚ ਹੀ ਜਿਓਂਦੇ ਰਹਿ ਸਕਦੇ ਹਨ, ਇਕ ਵਾਰ ਧਰਤ ਤੇ ਆ ਡਿਗਣ ਤਾਂ ਫਿਰ ਨਹੀਂ ਉੱਡ ਸਕਦੇ!

ਇਸ ਤਰਾਂ, ਅਸੀਂ ਪਟਿਆਲਾ ਸ਼ਾਹੀ ਖਾਨਦਾਨ ਨਾਲ ਸੰਬੰਧਤ ਇਕ ਜਾਗੀਰ ਦੇ ਧੁਰੇ ਵਿਚ ਵਿਚ ਖੜੇ ਸਾਂ, ਜਿਸ ਦੀ ਡਿਗਦੀ-ਢਹਿੰਦੀ ਇਹ ਹਵੇਲੀ ਬੀਤੇ ਦਿਨਾਂ ਦੀ ਰਜਵਾੜਾਸ਼ਾਹੀ ਜ਼ਿੰਦਗੀ ਦੇ ਆਖਰੀ ਸਬੂਤ ਵਾਂਗ ਉਸ ਢਲਦੀ ਸ਼ਾਮ ਦੀ ਤਰ੍ਹਾਂ ਹੀ ਆਪਣੇ ਆਖਰੀ ਸਾਹਾਂ ਤੇ ਹੁੰਦਿਆਂ ਵੀ ਆਪਣੇ ਅਤੀਤ ਵਿਚ ਆਪਣੀ ਸ਼ਾਨੋ-ਸ਼ੌਕਤ ਦਾ ਨਮੂਨਾ ਪੇਸ਼ ਕਰ ਰਹੀ ਸੀ! ਸਾਨੂੰ ਹੋਲ਼ੀ ਹੌਲ਼ੀ ਯਕੀਨ ਕਰਨਾ ਪਿਆ ਕਿ ਇਹ ਲਾਲੀ ਦੀ ‘ਜਾਗੀਰ’ ਹੈ! ਉਸ ਸਿੱਧੀ-ਸਾਦੀ ਸ਼ਖਸੀਅਤ ਤੇ ਇਸ ਰਜਵਾੜਾਸ਼ਾਹੀ ਅਤੀਤ ਦਾ ਕਿਧਰੇ ਕੋਈ ਮੇਲ ਨਜ਼ਰ ਨਹੀਂ ਅਉਂਦਾ ਸੀ ਪਰ ਇਹ ਸੱਚ ਸੀ। ਖੈਰ! ਦਾਖਲ ਹੁੰਦਿਆਂ ਹੀ ਹਵੇਲੀ ਦੇ ਬਚੇ-ਖੁਚੇ ਹਿਸੇ ਵੇਖਣ ਦੀ ਉਤਸਕਤਾ ਨਾਲ ਅਸੀਂ ਲਾਲੀ ਜੀ ਨਾਲ ਹਵੇਲੀ ਦਾ ਜਾਇਜ਼ਾ ਲਿਆ, ਫੋਟੋ ਖਿੱਚੀਆਂ। ਇਹ ਫੋਟੋਆਂ ਇਤਹਾਸਕ ਹੋ ਗਈਆਂ ਜੋ ਸਿਰਫ ਹਰਜੀਤ ਕੈਂਥ ਦੀ ਹਾਜ਼ਰ-ਦਿਮਾਗੀ ਦਾ ਨਤੀਜਾ ਸਨ- ਸਾਡੇ ਵਿਚੋਂ ਸਿਰਫ ਉਸ ਨੇ ਹੀ ਕੈਮਰਾ ਲਿਆਉਣਾ ਯਾਦ ਰੱਖਿਆ ਸੀ। ਮੈਨੂੰ ਹੈਰਾਨੀ ਭਰੀ ਖੁਸ਼ੀ ਵੀ ਸੀ ਕਿ ਲਾਲੀ ਜੀ ਹੁਣ ਫੋਟੋ ਖਿਚਵਾਉਣ ਦਾ ਵਿਰੋਧ ਨਹੀਂ ਕਰ ਰਹੇ ਸਨ, ਬਲਕਿ ਖੁਸ਼ੀ ਨਾਲ ਖਿਚਵਾ ਰਹੇ ਸਨ, ਸ਼ਾਇਦ ਉਨ੍ਹਾਂ ਨੂੰ ਬਹੁਤ ਚਾਅ ਚੜ੍ਹਿਆ ਹੋਇਆ ਸੀ। ਰਿਵਾਇਤੀ ਰਾਜਸ਼ਾਹੀ-ਪਿੱਤਰਸੱਤਾ ਅਨੁਸਾਰ ਹਵੇਲੀ ਦੇ ਮਰਦਾਨਾ ਅਤੇ ਜਨਾਨਾ ਹਿੱਸੇ ਸਨ ਜਿਨ੍ਹਾਂ ਵਿਚੋਂ ਮਰਦਾਨੇ ਹਿੱਸੇ ਦਾ ਮੂਹਰਲਾ ਡਿਓੜੀ ਦੇ ਨਾਲ ਲਗਦਾ ਹਿੱਸਾ ਹੀ ਰਹਿਣ ਦੇ ਕਾਬਿਲ ਬਚਿਆ ਸੀ, ਬਾਕੀ ਸਭ ਕੁਝ ਢਹਿ ਢੇਰੀ ਸੀ। ਸਾਡੇ ਲਈ ਇਹ ਖੰਡਰ ਹੋਈ ਇਮਾਰਤ ਕੋਈ ਇਤਿਹਾਸਕ ਪੁਰਾਤਤਵ ਅਵਸ਼ੇਸ਼ ਵੇਖਣ ਵਾਂਗ ਸੀ, ਜਿਸ ਦੇ ਕਮਰਿਆਂ ਵਿਚ ਕਦੇ ਜ਼ੋਰਾਵਰਾਂ ਦਾ ਵਾਸ ਹੋਵੇਗਾ ਤੇ ਹਵੇਲੀ ਤੋਂ ਬਾਹਰ ਹਵੇਲੀ ਦੇ ਰਹਿਮ ‘ਤੇ ਵਸਦੀ ਰਿਆਇਆ…! ਹਾਂ, ਸਾਰੇ ਪਿੰਡ ਤੋਂ ਉੱਚੀ ਜ਼ਮੀਨ ‘ਤੇ ਬਣੀ ਹਵੇਲੀ ਦੇ ਆਲੇ-ਦੁਆਲੇ ਬਾਕੀ ਦਾ ਪਿੰਡ ਵੱਸਿਆ ਸੀ ਜੋ ਮੁਕਾਬਲਤਨ ਨੀਵੀਂ ਜ਼ਮੀਨ ਤੇ ਸੀ। ਹਵੇਲੀ ਦੀਆਂ ਪੌੜੀਆਂ ਚੜ੍ਹਿਆਂ ਲੋਕਾਂ ਦੇ ਵੇਹੜਿਆਂ ਵਿਚ ਦੂਰ ਤੱਕ ਝਾਕਿਆ ਜਾ ਸਕਦਾ ਸੀ। ਚਾਹ-ਪਾਣੀ ਤੋ ਬਾਅਦ ਅਸੀਂ ਪਿੰਡ ਵਿਚਦੀ ਬਾਹਰ ਖੇਤਾਂ ਵੱਲ ਨਿਕਲ ਪਏ। ਸਿਧਾਰਥ ਨੂੰ ਜਿਵੇਂ ਯਕੀਨ ਨਹੀਂ ਆ ਰਿਹਾ ਸੀ ਕਿ ਲਾਲੀ ‘ਜਾਗੀਰਦਾਰ’ ਹੋ ਸਕਦਾ ਹੈ! ਉਸ ਨੇ ਜ਼ਮੀਨ ਬਾਰੇ ਪੁੱਛਿਆ ਤਾਂ ਲਾਲੀ ਜੀ ਦਿਸਹੱਦੇ ਵੱਲ ਇਸ਼ਾਰਾ ਕਰਕੇ ਬੋਲੇ “ਜਿੱਥੋਂ ਤੱਕ ਦਿਸਦੀ ਹੈ, ਆਪਣੀ ਹੀ ਹੈ।” ਉਨ੍ਹਾਂ ਨੇ ਇਹ ਗੱਲ ਵੀ ਸ਼ਾਇਦ ਉਦੋਂ ਹੀ ਦੱਸੀ ਸੀ ਕਿ ਉਨ੍ਹਾਂ ਨੇ ਸਾਰੀ ਜ਼ਮੀਨ ਮੁਜ਼੍ਹਾਰਿਆਂ ਨੂੰ ਹੀ ਦੇ ਰੱਖੀ ਹੈ, ਤੇ ਕਦੇ ਉਨ੍ਹਾਂ ਤੋ ਕੁਝ ਨਹੀਂ ਲੈਂਦੇ। ਲਾਲੀ ਜੀ ਦੀ ਜ਼ਮੀਨ-ਜਾਇਦਾਦ ਤੇ ਮਾਲੀ ਹੈਸੀਅਤ ਦੀ ਸਚਾਈ ਜਾਣ ਕੇ ਕੇ ਸਿਧਾਰਥ ਜਿਵੇਂ ਅੰਦਰੋਂ ਬੁੱਸ ਜਿਹਾ ਗਿਆ ਸੀ, ਜਿਸ ਗੱਲ ਦੀ ਚਰਚਾ ਉਸ ਨੇ ਕਈ ਸਾਲ ਬਾਅਦ ਮੇਰੇ ਨਾਲ ਇਹ ਕਹਿੰਦਿਆਂ ਕੀਤੀ ਸੀ ਕਿ ‘ਲਾਲੀ ਇਤਨਾ ਅਮੀਰ ਸੀ ਤੇ ਮੈਨੂੰ ਇਕ ਵਾਰ ਪਟਿਆਲੇ ਤੋਂ ਚੰਡੀਗੜ੍ਹ ਦੀ ਬੱਸ ਦਾ ਕਿਰਾਇਆ ਵੀ ਪੂਰਾ ਨਹੀਂ ਦੇ ਸਕਿਆ ਸੀ।’ ਪਿੰਡ ਦੇ ਲੋਕ ਸਾਨੂੰ ਦਿਲਚਸਪੀ ਨਾਲ ਤਾਂ ਵੇਖ ਰਹੇ ਸਨ ਪਰ ਲਾਲੀ ਜੀ ਨੂੰ ਵੇਖ ਕੇ ਉਹ ਨੇੜੇ ਘੱਟ ਹੀ ਆਏ, ਬਲਕਿ ਬੜੇ ਅਦਬ ਜਿਹੇ ਨਾਲ ਇਕ ਦੂਰੀ ‘ਤੇ ਰਹਿੰਦੇ ਰਹੇ। ਉਨ੍ਹਾਂ ਲੋਕਾਂ ਵਿਚ ਅਜੀਬ ਕਿਸਮ ਦੀ ਸ਼ਰਾਫਤ ਨਜ਼ਰ ਆਈ, ਬਲਕਿ ਸ਼ਰਾਫਤ ਤੋ ਜ਼ਿਆਦਾ ਅਧੀਨਤਾ ਜਿਹੀ ਦਾ ਭਾਵ ਸ਼ਾਇਦ ਵਧੇਰੇ ਪ੍ਰਬਲ ਸੀ।

ਆਥਣ ਵੇਲੇ ਤੋਂ ਹੀ ਹਵੇਲੀ ਹਨੇਰੀ ਰਾਤ ਤੱਕ ਅਸਲੀ ਭੂਤਵਾੜਾ ਬਣੀ ਰਹੀ। ਮੇਰਾ ਖਿਆਲ ਹੈ ਉਦੋਂ ਅਜੇ ਹਵੇਲੀ ਵਿਚ ਬਿਜਲੀ ਵੀ ਨਹੀਂ ਲਗਵਾਈ ਗਈ ਸੀ। ਹਵੇਲੀ ਦੇ ਨਵੀਨੀਕਰਨ ਲਈ ਮੁਰੰਮਤ ਦੀਆਂ ਤਜਵੀਜ਼ਾਂ ਦਿੱਤੀਆਂ-ਲਈਆਂ ਗਈਆਂ ਜਿਸ ਬਾਰੇ ਲਾਲੀ ਦੇ ਪ੍ਰਤੀਕਰਮ ਨੂੰ ਨਾ ਸਾਕਾਰਾਤਮਕ ਕਿਹਾ ਜਾ ਸਕਦਾ ਸੀ ਨਾ ਹੀ ਨਾਕਾਰਾਤਮਕ। ਉਹ ਜਿਵੇਂ ਇਸ ਹਵੇਲੀ ਦੀ ਬਰਬਾਦੀ ਨਾਲ ਵੀ ਖੁਸ਼ ਹੋਣ ਤੇ ਮੁੜ-ਆਬਦੀ ਨਾਲ ਵੀ! ਫਿਰ ਕਿਸੇ ਨੇ ਮੇਰੇ ਬਟੂਏ ਵਿਚ ਸਰਾ ਦੀ ਫੋਟੋ ਵੇਖ ਲਈ, ਬਸ ਫਿਰ ਕੀ ਸੀ, ਹੁਣ ਮੈਂ ਸਾਰੇ ਬੇਲੀਆਂ ਦੇ ਹਾਸੇ-ਮਜ਼ਾਕ ਦਾ ਜ਼ਰੀਆ ਸਾਂ। ਖਾਣ-ਪੀਣ ਦੀ ਗੱਲ ਚੱਲੀ ਤਾਂ ਲਾਲੀ ਜੀ ਦਾ ਦਾਅਵਾ ਸੀ ਕਿ ਹਵੇਲੀ ਦਾ ਉਹ ਰਖਵਾਲਾ-ਚੌਕੀਦਾਰ, (ਜਿਹੜਾ ਆਪਣੇ ਆਪ ਵਿਚ ਦਿਲਚਸਪ ਕਿਰਦਾਰ ਸੀ ਜਿਸ ਦਾ ਨਾਂ ਹੁਣ ਯਾਦ ਨਹੀਂ ਰਿਹਾ) ‘ਪੱਕਾ ਜੁਗਾੜੀ ਹੈ, ਹਰ ਤਰਾਂ ਦਾ ਖਾਣਾ ਬਣਾ ਸਕਦਾ ਹੈ, ਸੌਦਾ ਭਾਵੇਂ ਹੋਵੇ ਨਾ ਹੋਵੇ! ਇਸ ਨੂੰ ਖੀਰ ਕਹੋ ਤਾਂ ਖੀਰ ਬਣਾ ਦੇਵੇਗਾ ਬਿਨਾਂ ਦੁੱਧ-ਚੌਲ!’

ਸਵੇਰੇ ਉੱਠ ਕੇ ਆਮ ‘ਰਿਆਇਆ’ ਵਾਂਗ, ਸਣੇ ਲਾਲੀ ਜੀ, ਸਾਰੇ ਖੇਤਾਂ ਵਿਚ ਜੰਗਲ-ਪਾਣੀ ਗਏ। ਉਥੋਂ ਮੁੜ ਕੇ ਨਾਸ਼ਤਾ-ਪਾਣੀ ਕੀਤਾ। ਪਿੰਡੋਂ ਵਾਪਿਸ ਮੁੜਨ ਤੋਂ ਪਹਿਲਾਂ ਫਿਰ ਹਰਜੀਤ ਦੇ ਕੈਮਰੇ ਨਾਲ ਕੁਝ ਤਸਵੀਰਾਂ ਲਈਆਂ ਗਈਆਂ। ਹੁਣ ਯਾਦ ਨਹੀਂ ਕਿ ਪਿੰਡੋਂ ਮੁੜ ਕੇ ਕੋਠੀ ਗਏ ਸਾਂ ਜਾਂ ਸਿੱਧੇ ਵਾਪਿਸ ਚੰਡੀਗੜ੍ਹ ਆ ਗਏ ਸਾਂ। ਪਰ ਇਹ ਯਾਤਰਾ ਜ਼ਿੰਦਗੀ ਦੀ ਅਮਿਟ ਯਾਦ ਬਣ ਗਈ ਹੈ ਤੇ ਭਲਾ ਹੋਵੇ ਹਰਜੀਤ ਕੈਂਥ ਦਾ ਜਿਸ ਨੇ 26-27 ਸਾਲਾਂ ਬਾਅਦ ਵੀ ਉਹ ਤਸਵੀਰਾਂ ਮੈਨੂੰ ਭੇਜ ਦਿੱਤੀਆਂ ਜਿੰਨ੍ਹਾਂ ਦੀ ਯਾਦ ਮੈਨੂੰ 2014 ਵਿਚ ਉਦੋਂ ਆਈ ਜਦੋਂ ਮੈ ਲਾਲੀ ਜੀ ਦੀ ਤਸਵੀਰ ਬਣਾਉਣ ਬੈਠਾਂ ਸਾਂ।

ਲਾਲੀ ਜੀ ਦੇ ਘਰ ਦੀ ਇਸ ਫੇਰੀ ਨੇ ਮੇਰਾ ਉਨ੍ਹਾਂ ਕੋਲ ਜਾਣ ਦਾ ਝਾਕਾ ਜਿਹਾ ਖੋਲ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਇਕ-ਦੋ ਸਾਲ ਮੈਂ ਮਾਪਿਆਂ ਕੋਲ ਘਰ ਹੀ ਗ਼ੁਜ਼ਾਰੇ ਸਨ ਤੇ ਕੋਈ ਚੱਜ ਦਾ ਕੰਮ-ਧੰਦਾ ਨਹੀਂ ਲੱਭਿਆ ਸੀ, ਇਕ ਵਾਰ ਫਿਰ ਲਾਲੀ ਜੀ ਕੋਲ ਪਟਿਆਲੇ ਜਾਣ ਦਾ ਜੀਅ ਕੀਤਾ (1987/88)। ਇਸ ਵਾਰ ਮੈਂ ਇਕੱਲਾ ਹੀ ਗਿਆ ਸਾਂ। ਮੈਨੂੰ ਹੈਰਾਨੀ ਹੁੰਦੀ ਹੈ ਇਹ ਹਿੰਮਤ ਮੈਂ ਕਿਵੇਂ ਕੀਤੀ। ਪਰ ਲਾਲੀ ਜੀ ਬੜੇ ਤਪਾਕ ਨਾਲ ਮਿਲੇ। ਉਨ੍ਹਾਂ ਨੂੰ ਖੁਸ਼ੀ ਜਿਹੀ ਚ੍ਹੜ ਗਈ। ਸਧਾਰਨ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਅਪਣੀ ਚਿਤਰ-ਲੜੀ ‘ਪਿੰਡ’ ਦੀਆਂ ਨਵੀਆਂ ਕਿਰਤਾਂ ਦੀਆਂ ਤਸਵੀਰਾਂ ਵਿਖਾਈਆਂ, ਮੈਂ ਸ਼ਾਇਦ ਉਹੀ ਉਨ੍ਹਾਂ ਨੂੰ ਵਿਖਾਉਣਾ ਚਾਹੁੰਦਾ ਸੀ। ਉਨ੍ਹਾਂ ਦੇ ਪ੍ਰਤੀਕਰਮ ਦੇ ਇੰਨ-ਬਿੰਨ ਸ਼ਬਦ ਯਾਦ ਨਹੀਂ ਪਰ ਉਹ ਸੱਚ-ਮੁਚ ਹਾਂ-ਪੱਖੀ ਸੀ ਜਿਸ ਨਾਲ ਮੈਨੂੰ ਬਹੁਤ ਤੱਸਲੀ ਹੋਈ। ਖਾਣ-ਪੀਣ ਦੇ ਮਸਲੇ ਵਿਚ ਕਹਿੰਦੇ ‘ਚੱਲ ਆਪਾਂ ਨਿੱਕਾ ਜਿਹਾ ਕੁੱਕੜ ਲੈ ਆਈਏ!’ ਮੈਂ ਕਿਹਾ ਕਿ ਨਹੀਂ, ਕੁਝ ਉਚੇਚਾ ਕਰਨ ਦੀ ਲੋੜ ਨਹੀਂ, ਪਰ ਉਹ ਨਹੀਂ ਮੰਨੇ ਤੇ ਜਾਣ ਤੋਂ ਪਹਿਲਾਂ ਘਰ ਦੇ ਅੰਦਰ ਵੜ ਗਏ। ਮੈਂ ਬਾਹਰ ਇੰਤਜ਼ਾਰ ਕਰ ਰਿਹਾ ਸੀ। ਕੁਝ ਦੇਰ ਬਾਅਦ ਅੰਦਰੋਂ ਕਿਸੇ ਔਰਤ ਦੇ ਬਹੁਤ ਗੁੱਸੇ ਭਰੀਆਂ ਦਬੀਆਂ-ਦਬੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਵੇਂ ਉਹ ਕਿਸੇ ਨਾਲ ਬਹੁਤ ਜ਼ਿਆਦਾ ਖੈਬੜ ਰਹੀ ਹੋਵੇ ਤੇ ਕਿਸੇ ਮੁੱਦੇ ਦਾ ਵਿਰੋਧ ਕਰਨ ਦੇ ਮਕਸਦ ਨਾਲ ਮਰਨ-ਮਾਰਨ ਲਈ ਤਿਆਰ ਹੋਵੇ! ਮੈਂ ਲਾਲੀ ਜੀ ਦੀ ਵੀ ਉਸੇ ਤਰਾਂ ਦੀ ਦਬੀ ਜਿਹੀ ਅਵਾਜ਼ ਵਿਚ ਸੁਣਿਆਂ – “ਬਸ ਪੰਜ ਰੁਪਈਆਂ ਦੀ ਤਾਂ ਗੱਲ ਐ…!” ਲਾਲੀ ਜੀ ਨੇ ਜਲਦੀ ਹੀ ਬਾਹਰ ਆ ਕੇ ਇਸ ਤਰਾਂ ਵਰਤਾਅ ਕੀਤਾ ਜਿਵੇ ਕੁਝ ਨਾ ਹੋਇਆ ਹੋਵੇ ਤੇ ਮੈਨੂੰ ਨਾਲ ਲੈ ਕੇ ਮੀਟ ਵਾਲੀ ਦੁਕਾਨ ਵੱਲ ਚੱਲ ਪਏ! ਮੈਂ ਵੀ ਇਵੇਂ ਵਰਤਾਅ ਕੀਤਾ ਜਿਵੇਂ ਕੁੱਝ ਨਾ ਸੁਣਿਆ ਹੋਵੇ!

1990 ਵਿਚ ਮੇਰੀ ਚੰਬੇ ਜ਼ਿਲ੍ਹੇ ਵਿਚ ਸਰਕਾਰੀ ਨੌਕਰੀ ਲੱਗਣ ਤੋਂ ਪਹਿਲਾਂ ਬਸ ਇਕ ਵਾਰ ਫਿਰ ਲਾਲੀ ਜੀ ਦਾ ਭਰਵਾਂ ਸਾਥ ਉਦੋਂ ਮਿਲਿਆ ਜਦੋਂ ਸ਼ਾਇਦ 88/89 ਵਿਚ ਹੀ ਉਹ ਪਟਿਆਲੇ ਵਾਲੇ ਕਮਲ ਧਾਲ਼ੀਵਾਲ ਨਾਲ ਮੇਰੇ ਕੋਲ ਮਲੋਟ ਸਾਡੇ ਘਰ ਆਏ ਤੇ ਰਾਤ ਠਹਿਰੇ। ਮੇਰੀ ਬੇ-ਰੁਜ਼ਗਾਰੀ ਦੇ ਦਿਨ ਸਨ, ਪਿਤਾ ਜੀ ਦੀ ਮਾਨਸਿਕ ਸਿਹਤ ਨਿਘਾਰ ਵੱਲ ਸੀ ਤੇ ਘਰ ਦੀ ਮਾਲੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਵਾਲੇ ਦਿਨ ਸਨ, ਜਦੋਂ ਲਾਲੀ ਜੀ ਦੀ ਆਮਦ ਨੇ ਸਭ ਕੁੱਝ ਭੁਲਾ ਦਿੱਤਾ। ਬਹੁਤ ਵਧੀਆ ਸਮਾਂ ਗ਼ੁਜ਼ਰਿਆ, ਮੈਥੋਂ ਇਲਾਵਾ ਕਮਲ ਧਾਲੀਵਾਲ ਤਾਂ ਸੀ ਹੀ, ਪ੍ਰੀਤਇੰਦਰ ਬਾਜਵਾ ਵੀ ਮਲੋਟ ਪਿੰਡੋਂ ਆ ਗਿਆ, ਮੇਰਾ ਛੋਟਾ ਭਰਾ ਕਰਮਜੀਤ ਵੀ ਘਰ ਸੀ, ਉਹ ਵੀ ਸਾਹਿਤਕ ਗੱਲਾਂ-ਬਾਤਾਂ ਵਿਚ ਰੁਚੀ ਰਖਦਾ ਹੈ; ਤੇ ਇਸ ਤਰ੍ਹਾਂ ਲਾਲੀ ਜੀ ਦਾ ਭੂਤਵਾੜਾ ਮਲੋਟ ਵਿਚ ਸਜਣ ਲਈ ਸਾਰਾ ਸਾਮਾਨ ਮੌਜੂਦ ਸੀ। ਅਸੀ ਚੁਬਾਰੇ ਵਿਚ ਮਹਿਫਲ ਲਾਈ ਸੀ। ਚੁਬਾਰੇ ਵਿਚ ਆਉਣ ਸਾਰ ਪਹਿਲਾਂ ਉਨਾਂ ਦੇ ਥੋੜਾ ਅਰਾਮ ਕਰਨ ਲਈ ਜਦੋਂ ਕਰਮਜੀਤ ਨੇ ਮੰਜੇ ਦੀ ਚਾਦਰ ਚੁੱਕ ਕੇ ਝਾੜਨੀ ਚਾਹੀ, ਤਾਂ ਉਨ੍ਹਾਂ ਨੇ ਉਸ ਦਾ ਹੱਥ ਫੜ ਲ਼ਿਆ, ਕਹਿੰਦੇ ਰਹਿਣ ਦੇ! ਕਰਮਜੀਤ ਨੇ ਕਿਹਾ ਕਿ ਜੀ ਚਾਦਰ ‘ਤੇ ਮਿੱਟੀ ਪਈ ਹੋਈ ਹੈ, ਝਾੜ ਦਿਆਂ। ਲਾਲੀ ਜੀ ਦੇ ਜਵਾਬ ਨੇ ਉਸ ਨੂੰ ਅਤਿ ਦਾ ਮੁਤਾਸਰ ਕੀਤਾ- “ਮੁੰਡਿਆ ਰਹਿਣ ਦੇ, ਇਸੇ ਦੇ ਤਾਂ ਬਚਾਏ ਹੋਏ ਆਂ”

ਸਵੇਰੇ ਉੱਠੇ ਤਾਂ ਲਾਲੀ ਜੀ ਦੇ ਦੱਸਣ ‘ਤੇ ਹੀ ਪਤਾ ਲੱਗਿਆ ਉਹ ਸਾਰੀ ‘ਲੈਂਡਸਕੇਪ’ (ਆਲੇ-ਦੁਅਲੇ) ਦਾ ਮੁਆਇਨਾ ਕਰ ਚੁੱਕੇ ਸਨ। ਸਾਡੇ ਜਾਗਣ ਤੋਂ ਪਹਿਲਾਂ ਹੀ ਉਹ ਚੁਬਾਰੇ ਦੀ ਛੱਤ ਉਪਰ ਗੇੜਾ ਲਾ ਆਏ ਸਨ ਜਿਥੋਂ ਸਾਰੇ ਸ਼ਹਿਰ ਦਾ ਨਜ਼ਾਰਾ ਵੇਖ ਆਏ ਸਨ, ਤੇ ਆਂਢ-ਗੁਆਂਡ ਦਾ ਵੀ। ਇਹੀ ਮੌਕਾ ਸੀ ਜਦੋਂ ਉਨਾਂ ਨੇ ਮੈਨੂੰ ਕਿਹਾ ਕਿ “ਤੇਰੀ ‘ਖਿੜਕੀ’ ਵੇਖ ਲਈ ਹੈ!” ਸ਼ਰਮਾਕਲ ਜਿਹੀ ਮੁਸਕ੍ਰਾਹਟ ਤੋਂ ਇਲਾਵਾ ਮੈਨੂੰ ਕੋਈ ਜਵਾਬ ਨਹੀਂ ਸੁੱਝਿਆ, ਮਹਿਸੂਸ ਹੋਇਆ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ!

ਜੁਲਾਈ 1990 ਵਿਚ ਉੱਧਰੋਂ ਮੇਰੀ ਨੌਕਰੀ ਲੱਗ ਗਈ, ਜਦੋਂ ਸਿਧਾਰਥ ਦੀ ਅਗਵਾਹੀ ਵਿਚ ਮਸ਼ਹੂਰ ਡੱਚ ਚਿਤਰਕਾਰ ਵਾਨ ਗਾਗ ਦੀ ਸੌਵੀਂ ਵਰ੍ਹੇਗੰਡ ਮਨਾਉਣ ਦੇ ਸਿਲਸਲੇ ਵਿਚ ਅੰਤਰਰਾਸ਼ਟਰੀ ਪੱਧਰ ਦੀ ਕਲਾ-ਪ੍ਰਦਰਸ਼ਨੀ ਚੰਡੀਗੜ੍ਹ ਵਿਖੇ ਕੀਤੀ ਗਈ। ‘ਚੰਡੀਗੜ੍ਹ ਜੁੰਡਲੀ’ ਵਾਲੇ ਕਲਾਕਾਰਾਂ ਵਿਚੋਂ ਇਕ, ਮੈਂ ਵੀ ਇਸ ਪ੍ਰਦਰਸ਼ਨੀ ਵਿਚ ਆਪਣੀਆਂ ਤਸਵੀਰਾਂ ਅਤੇ ਬੁੱਤਾਂ ਦੀ ਲੜੀ “ਪਿੰਡ” ਵਿਚੋਂ ਕੁਝ ਕਿਰਤਾਂ ਲੈ ਕੇ ਸ਼ਾਮਿਲ ਹੋਇਆ ਸੀ। ਨੌਕਰੀ ‘ਤੇ ਪਹੁੰਚਣ ਦਾ ਦਿਨ ਨੁਮਇਸ਼ ਦੇ ਮਹੂਰਤ ਵਾਲੇ ਦਿਨ ਦੇ ਬਹੁਤ ਨੇੜੇ ਹੋਣ ਕਾਰਨ ਮੈਂ ਮਹੂਰਤ ‘ਤੇ ਤਾਂ ਨਹੀਂ ਪਹੁੰਚ ਸਕਿਆ ਸੀ, ਪਰ ਇਕ ਦੋ-ਦਿਨ ਬਾਅਦ ਪਹੁੰਚ ਗਿਆ ਸੀ। ਜਿਥੋਂ ਤੱਕ ਮੈਨੂੰ ਯਾਦ ਆਉਂਦਾ ਹੈ ਉਸ ਨੁਮਇਸ਼ ਦੇ ਦਿਨਾਂ ਵਿਚ ਲੱਗੀਆਂ ਮਹਿਫਲਾਂ ਲਾਲੀ ਜੀ ਨਾਲ ਭਰਪੂਰ ਮਿਲਣੀਆਂ ਦੇ ਆਖਰੀ ਮੌਕਿਆਂ ਵਿਚੋਂ ਸੀ। ਇਸ ਤੋ ਬਾਅਦ ਫਿਰ 1993 ਵਿਚ ਮੇਰੀਆਂ ਕਲਾ-ਕ੍ਰਿਤਾਂ ਦੀ ਪ੍ਰਦਰਸ਼ਨੀ ਚੰਡੀਗੜ੍ਹ ਅਜਾਇਬ ਘਰ ਦੀ ਗੈਲਰੀ ਵਿਚ ਮੈਂ ਕੀਤੀ ਸੀ, ਜਦੋਂ ਲਾਲੀ ਜੀ ਉਚੇਚੇ ਤੋਰ ‘ਤੇ ਆਏ ਸਨ। 1996 ਵਿਚ ਬਰਤਾਨੀਆ ਪ੍ਰਵਾਸ ਕਰ ਜਾਣ ਤੋਂ ਪਹਿਲਾਂ 1995 ਵਿਚ ਮੈਂ ਇਕ ਨੁਮਾਇਸ਼ ਦਿੱਲੀ ਵਿਖੇ ਕੀਤੀ ਸੀ, ਕਈ ਦੋਸਤ ਆਏ ਸਨ ਪਰ ਯਾਦ ਨਹੀਂ ਕਿ ਲਾਲੀ ਜੀ ਆ ਸਕੇ ਜਾਂ ਨਹੀਂ।

ਉਸ ਤੋਂ ਬਾਅਦ ਕਬੀਲਦਾਰੀ ਨੇ ਅਜਿਹਾ ਘੇਰਿਆ ਕਿ ਹੁਣ ਤੱਕ ਦੀ ਬਿਤਾਈ ਜ਼ਿੰਦਗੀ ਪੂਰੀ ਤਰਾਂ ਪਿੱਠ-ਭੂਮੀ ਵਿਚ ਚਲੀ ਗਈ ਤੇ ਉਸ ਦੇ ਨਾਲ ਹੀ ਲਾਲੀ ਜੀ ਤੇ ਭੁਤਵਾੜੇ ਵੀ ਅਤੀਤ ਵਿਚ ਗੁਆਚ ਗਏ। ਮੈ ਜਦੋਂ ਮੌਕਾ ਮਿਲਦਾ, ਦੋਸਤਾਂ ਤੋਂ ਪੁੱਛਦਾ ਰਹਿੰਦਾ ਕਿ ਉਨ੍ਹਾਂ ਦਾ ਕੀ ਹਾਲ ਹੈ। ਸਿਧਾਰਥ, ਸੋਨੀ, ਰਾਜ ਕੁਮਾਰ, ਪ੍ਰੀਤਇੰਦਰ ਆਦਿ ਹੀ ਮੇਰੀ ਜਾਣਕਾਰੀ ਦੇ ਸਰੋਤ ਸਨ। ਆਮ ਤੌਰ ਤੇ ਖ਼ਬਰਾਂ ਸੰਸੇ ਵਾਲੀਆਂ ਹੀ ਮਿਲਦੀਆਂ। ਉਨ੍ਹਾਂ ਦੀ ਸਿਹਤ ਹੀ ਨਹੀਂ ਵਿਗੜ ਰਹੀ ਸੀ ਬਲਕਿ ਘਰ-ਪਰਿਵਾਰ ਵੀ ਖਿੱਲਰ ਰਿਹਾ ਸੀ। ਪੰਜਾਬ ਦਾ ਗੇੜਾ ਭਾਵੇਂ ਹਰ ਸਾਲ ਮਾਰਦਾ ਸਾਂ ਪਰ ਦੋ ਕੁ ਹਫਤੇ ਹੁੰਦੇ ਸਨ ਸਾਰੇ ਪਾਸੇ ਭੱਜਾ-ਭਜਾਈ ਲਈ। ਇਕ ਪਾਸੇ ਮਾਂ-ਪਿਓ ਨੂੰ ਮੈਂ ਮਸਾਂ ਲੱਭਦਾ ਸਾਂ ਦੂਜੇ ਪਾਸੇ ਮੇਰੀ ਕੋਸ਼ਿਸ਼ ਹੁੰਦੀ ਕਿ ਸਭ ਪਾਸੇ ਗੇੜਾ ਮਾਰ ਆਵਾਂ। ਇਸ ਤਰਾਂ ਸ਼ਾਇਦ 2005 ਜਿਹੇ ਦੀ ਗੱਲ ਹੈ ਇਕ ਵਾਰ ਚੰਡੀਗੜ੍ਹ ਵਿਚ ਸਿਰਫ ਦੋ ਦਿਨ ਲਈ ਸਾਂ, ਦੂਸਰੇ ਦਿਨ ਫਰੀਦਕੋਟ ਜਾਣ ਤੋ ਪਹਿਲਾਂ ਸੋਚਿਆ ਕਿ ਸ਼ਹਿਰ ਵਿਚ ਕਿਸੇ ਪਾਕਿਸਤਾਨੀ ਚਿਤਰਕਾਰ ਦੀ ਨੁਮਾਇਸ਼ ਦੀ ਚਰਚਾ ਸੀ, ਉਹ ਵੇਖਦਾ ਜਾਵਾਂ। ਗਿਆ ਤਾਂ ਪੰਜਾਬ ਯੁਨੀਵਰਸਿਟੀ ਦੇ ਕਲਾ ਵਿਭਾਗ ਦੀ ਗੈਲਰੀ ਵਿਚ ਅਚਾਨਕ ਲਾਲੀ ਸਾਹਿਬ ਨੂੰ ਖੜੇ ਵੇਖਿਆਂ ਹੈਰਾਨ ਜਿਹਾ ਰਹਿ ਗਿਆ। ਕਾਫੀ ਬਜ਼ੁਰਗ ਲੱਗ ਰਹੇ ਉਹ ਪਹਿਲਾ ਵਾਂਗ ਤਪਾਕ ਨਾਲ ਮਿਲੇ ਜ਼ਰੂਰ, ਪਰ ਮੈਨੂੰ ਸ਼ੱਕ ਹੈ ਉਨ੍ਹਾਂ ਨੇ ਮੈਨੂੰ ਪਛਾਣਿਆ ਹੋਵੇ। ਉਹ ਤਸਵੀਰਾਂ ਵੇਖ ਰਹੇ ਸਨ ਤੇ ਮੈਂ ਆਖਰੀ ਬੱਸ ਫੜਨੀ ਸੀ। ਮੈਂ ਸਾਲ ਬਾਅਦ ਆਉਂਦਾ ਸਾਂ ਤੇ ਘਰ ਵਿਚ ਸ਼ਿਕਾਇਤ ਰਹਿੰਦੀ ਸੀ ਕਿ ਮੈਂ ਸਾਰੇ ਦਿਨ ਬਾਹਰ ਹੀ ਤੁਰਿਆ ਫਿਰਦਾ ਰਹਿੰਦਾ ਹਾਂ, ਬੜੀ ਦੁਵਿਦਾ ਵਾਲੀ ਘੜੀ ਸੀ ਜਿਸ ਵਿਚ ਘਰ ਵਾਲੇ ਜਿੱਤ ਗਏ ਤੇ ਮੈਂ ਹਾਰ ਗਿਆ। ਉਹ ਦੋ ਘੜੀਆਂ ਦੀ ਮੁਲਾਕਾਤ ਨੂੰ ਮੁਲਾਕਾਤ ਵੀ ਨਹੀਂ ਕਿਹਾ ਜਾ ਸਕਦਾ ਸੀ। ਫਿਰ ਉਹੀ ਜ਼ਿੰਦਗੀ ਦਾ ਗਧੀ-ਗੇੜ! ਮੈਂ ਹਰ ਵਾਰੀ ਮਾੜੀ ਖ਼ਬਰ ਹੀ ਸੁਣਦਾ। ‘ਲਾਲੀ ਨੌਕਰੀ ਤੋਂ ਸੇਵਾ-ਮੁਕਤ ਹੋ ਚੁੱਕੇ ਸਨ, ਵੱਡਾ ਮੁੰਡਾ ਸਾਰੀ ਜ਼ਮੀਨ-ਜਾਇਦਾਦ ਵੇਚ ਕੇ ਬਾਗੀ ਹੋ ਗਿਆ ਸੀ, ਕੋਠੀਆਂ-ਹਵੇਲੀਆਂ ਵਿਕ ਗਈਆਂ ਸਨ, ਛੋਟੇ ਵੱਲੋਂ ਆਪਣੇ ਲਈ ਚੁਣੀ ਜੀਵਨ-ਸਾਥਣ ਉਸਦੀ ਮਾਂ ਨੂੰ ਪਸੰਦ ਨਾ ਹੋਣ ਕਾਰਨ ਘਰੋਂ ਚਲੀ ਗਈ ਸੀ ਤੇ ਮੁੰਡਾ ਰਾਂਝਾ-ਜੋਗੀ ਹੋ ਗਿਆ ਸੀ, ਧੀ ਵੀ ਦੁਖੀ ਸੀ’ ਸਿਧਾਰਥ ਤੋਂ ਪਤਾ ਲੱਗਾ ਕਿ ਉਸਨੇ (ਸਿਧਾਰਥ ਨੇ) ਕਿਸੇ ਅੰਗ੍ਰੇਜ਼ੀ ਰਸਾਲੇ ਵਿਚ ਲਿਖਣ ਦਾ ਉਨ੍ਹਾਂ ਲਈ ਕਿਸੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਸੀ ਤੇ ਪੰਚਕੁਲੇ ਵਿਚ ਰਿਹਾਇਸ਼ ਦਾ ਵੀ, ਪਰ ਉਨਾਂ ਨੂੰ ਇਹ ਰਾਸ ਨਹੀਂ ਆਇਆ ਤੇ ਮੁੜ ਕੇ ਪਟਿਆਲੇ ਚਲੇ ਗਏ।

ਉਨ੍ਹਾਂ ਦਾ ਅਜਿਹਾ ਹਾਲ ਸੁਣਨ ਦੇ ਬਾਵਜੂਦ ਵੀ ਮੈ ਅਕਸਰ ਉਨ੍ਹਾਂ ਨੂੰ ਮਿਲਣ ਤੋਂ ਇਸ ਲਈ ਕਤਰਾਉਂਦਾ ਰਿਹਾ ਕਿਉਂਕਿ ਸੁਨੇਹਿਆਂ ਤੋਂ ਇਹੀ ਸਮਝ ਆਉਂਦਾ ਸੀ ਕਿ ਲਾਲੀ ਜੀ ਹੁਣ ਆਪਣੇ ਘਰਦਿਆਂ ‘ਤੇ ਮੁਨੱਸਰ ਹਨ, ਜਿਹੜੇ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਨੂੰ ਮਿਲੇ।

ਦਿਲ ਨੂੰ ਧੂ ਪੈਂਦੀ ਜਦੋਂ ਕਈ ਵਾਰ ਦੋਸਤਾਂ ਨੂੰ ਕਹਿੰਦੇ ਸੁਣਦਾ “ਜੇ ਤੂੰ ਮਿਲਣਾ ਹੈ ਤਾਂ ਜਲਦੀ ਮਿਲ ਆ, ਲਾਲੀ ਕਦੇ ਵੀ ਚਲਾਣਾ ਕਰ ਸਕਦਾ ਹੈ!” ਆਖਰ ਅਪ੍ਰੈਲ 2014 ਦੀ ਫੇਰੀ ਦੌਰਾਨ ਪ੍ਰੀਤਇੰਦਰ ਨਾਲ ਸਲਾਹ ਕੀਤੀ ਕਿ ਕੁਝ ਵੀ ਹੋਵੇ ਪਟਿਆਲੇ ਜਾਣ ਦਾ ਉਪਰਾਲਾ ਕਰੀਏ। ਉਹਨੇ ਸਲਾਹ ਦਿੱਤੀ ਕਿ ਫੋਨ ਨੰਬਰ ਤਾਂ ਉਸ ਕੋਲ ਹੈ ਪਰ ਫੋਨ ਮੈਂ ਇਹ ਕਹਿ ਕੇ ਕਰਾਂ ਕਿ ‘ਲਾਲੀ ਜੀ ਨੂੰ ਮਿਲਣ ਲਈ ਬਾਹਰੋਂ ਆਇਆ ਹਾਂ, ਹੋ ਸਕਦਾ ਹੈ ਗੱਲ ਬਣ ਜਾਵੇ’। ਪ੍ਰੀਤਇੰਦਰ ਨੂੰ ਖਦਸ਼ਾ ਸੀ ਕਿ ਉਨ੍ਹਾਂ ਦੀ ਸਰਦਾਰਨੀ ਨੂੰ ਜੇ ਪਤਾ ਲੱਗਿਆ ਕਿ ਉਸੇ ਤਰ੍ਹਾਂ ਦੇ ਲੋਕ ਮਿਲਣਾ ਚਾਹੁੰਦੇ ਹਨ ਜਿਨ੍ਹਾਂ ਨਾਲ ਲਾਲੀ ਜੀ ਸਾਰੀ ਉਮਰ ‘ਸਬਜ਼ੀ ਲੈਣ ਗਏ ਹਫਤਿਆਂ ਬਾਅਦ ਮੁੜਦੇ ਰਹੇ’, ਤਾਂ ਸ਼ਾਇਦ ਮਿਲਣ ਨਾ ਦੇਵੇ। ਮੈਂ ਡਰਦੇ ਨੇ ਫੋਨ ਕੀਤਾ ਪਰ ਹੁੰਗਾਰਾ ਸੁਚੱਜਾ ਸੀ, ਆ ਜਾਣ ਲਈ ਕਹਿ ਦਿਤਾ, ਇਹ ਵੀ ਕਿਹਾ ਕਿ ਹੁਣ ਉਹ ਕਿਸੇ ਨੂੰ ਨਹੀਂ ਪਛਾਣਦੇ!

ਅਸੀਂ ਮਿੱਥੇ ਸਮੇ ਮੁਤਾਬਕ ਸਵੇਰੇ 10-11 ਵਜੇ ਜਾ ਪਹੁੰਚੇ। ਇਹ ਕੋਈ ਹੋਰ ਸਧਾਰਨ ਉੱਚ-ਵਰਗੀ ਕੋਠੀ ਸੀ। ਸਰਦਾਰਨੀ ਵੱਲੋਂ ਸੁਆਗਤ ਵਿਚ ਕੋਈ ਖੋਟ ਨਹੀਂ ਸੀ। ਰਸਮੀ ਜਾਣ-ਪਛਾਣ ਤੋਂ ਬਾਅਦ ਉਸ ਕਿਹਾ ਕਿ ਲਾਲੀ ਜੀ ਨੂੰ ਬੁਲਾਉਂਦੀ ਹੈ। ਕੁੱਝ ਹੀ ਪਲਾਂ ਬਾਅਦ ਉਹ ਅੱਧ-ਖੁੱਲੇ ਬਟਨਾਂ ਵਾਲੀ ਚਿੱਟੀ ਸ਼ਰਟ, ਤੇੜ ਲੂੰਗੀ, ਕਮਜ਼ੋਰ ਤੇ ਥਰਥਰਾਉਂਦੀ ਜਿਹੀ, ਹੌਲੀ ਹੌਲੀ ਪੈਰ ਘੜੀਸਦੀ ਆਕ੍ਰਿਤੀ ਨੂੰ ਸਹਾਰਾ ਦਿੰਦਿਆਂ ਕਮਰੇ ਵਿਚ ਦਾਖਲ ਹੋਈ! ਪ੍ਰੀਤਇੰਦਰ ਨੇ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਕਿ ਆਪਣੇ ਪਿਆਰੇ ਲਾਲੀ ਦੀ ਹਾਲਤ ਵੇਖ ਕੇ ਝਟਕਾ ਲੱਗ ਸਕਦਾ ਹੈ, ਫਿਰ ਵੀ ਅੰਦਰੇ-ਅੰਦਰ ਮੈਂ ਉਸ ਝੱਟਕੇ ਤੋਂ ਬੱਚ ਨਾ ਸਕਿਆ! ਆਪਣੀਆਂ ਅੱਖਾਂ ਨੂੰ ਯਕੀਨ ਕਰਨ ਯੋਗ ਬਣਾਉਣ ਵਿਚ ਕੁੱਝ ਪਲ ਤਾਂ ਲੱਗੇ। ਪਰ 80 ਤੋ ਉਪਰ ਟੱਪੇ ਲਾਲੀ ਵਿਚ ਜੇ ਕੁੱਝ ਨਹੀਂ ਬਦਲਿਆ ਸੀ ਤਾਂ ਉਹ ਸੀ ਉਨਾਂ ਦੀਦਿਆਂ ਦਾ ਤੇਜ, ਜਿਸ ਨੇ ਮੇਰੇ ਵਰਗੇ ਹੋਰ ਸੈਂਕੜੇ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿਚ ਸਿਰਜਣਾ ਦਾ ਚਾਨਣ ਵਿਖਾਇਆ ਸੀ।

ਭਰੀਆਂ ਮਹਿਫਲਾਂ ਦੇ ਨਾਇਕ-ਬੁਲਾਰੇ ਵਿਚ ਹੁਣ ਚੰਗੀ ਤਰਾਂ ਬੋਲਣ ਦੀ ਨਾ ਸਮਰੱਥਾ ਨਹੀਂ ਸੀ ਨਾ ਸ਼ਇਦ ਇੱਛਾ, (ਪਹਿਲਾਂ ਵੀ ਕਦੇ ਕਦੇ ਉਹ ਅਚਾਨਕ ਮੌਨ ਧਾਰ ਲਿਆ ਕਰਦੇ ਸਨ) ਪਰ ਅੱਖ ਦੇ ਇਸ਼ਾਰਿਆਂ ਤੋਂ ਪਤਾ ਲਗਦਾ ਸੀ ਉਹ ‘ਮਾਖੋ-ਮੱਖੀਆਂ’ ਆ ਪਹੁੰਚਣ ‘ਤੇ ਬਹੁਤ ਪ੍ਰਸੰਨ ਹਨ। ਹੱਥਾਂ-ਬਾਹਵਾਂ ਦੇ ਇਸ਼ਾਰੇ ਵੀ ਉਹੀ ਸਨ ਜਿਹੜੇ ਉਨ੍ਹਾਂ ਦੇ ਹਾਵ-ਭਾਵ ਨੂੰ ਹਮੇਸ਼ਾ ਵਿਲੱਖਣ ਬਣਾਉਂਦੇ ਸਨ। ਦੋ-ਕੁ ਘੰਟਿਆਂ ਦੀ ਮਿਲਣੀ ਵਿਚ ਉਨ੍ਹਾਂ ਨੇ ਬਸ ਇਕ ਹੀ ਵਾਕ ਪੂਰਾ ਬੋਲਿਆ ਜੋ ਸਾਨੂੰ ਸਮਝ ਪਿਆ- “ਹੁਣ ਸਮਾਂ ਬਹੁਤ ਬਦਲ ਗਿਆ ਹੈ!” ਅਸੀਂ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਵੀ ਤੇ ਉਂਜ ਵੀ ਆਦਤ ਵੱਜੋਂ, ਲਾਲੀ ਜੀ ਦੀਆਂ ਤਸਵੀਰਾਂ ਖਿੱਚੀਆਂ ਤੇ ਉਨ੍ਹਾਂ ਦੇ ਨਾਲ ਵੀ ਖਿਚਵਾਈਆਂ। ਉਨ੍ਹਾਂ ਨੇ ਬੜੇ ਖੁੱਸ਼ ਹੋ ਕੇ, ਬਲਕਿ ਸਰਗਰਮੀ ਨਾਲ ਇਸ ਪ੍ਰਕਿਰਿਆ ਵਿਚ ਹਿੱਸਾ ਲਿਆ। ਮੇਰੇ ਅਤੇ ਪ੍ਰੀਤਇੰਦਰ ਵੱਲੋਂ ਖਿੱਚੀਆਂ ਉਹ ਤਸਵੀਰਾਂ ਵਿਲੱਖਣ ਬੁੱਧੀਜੀਵੀ ਲਾਲੀ ਦੀ ਜ਼ਿੰਦਗੀ ਦੀਆਂ ਆਖਰੀ ਤਸਵੀਰਾਂ ਵਿਚੋਂ ਹੀ ਸਾਬਿਤ ਨਹੀਂ ਹੋਈਆਂ ਬਲਕਿ ਮੇਰੇ ਵੱਲੋ ਉਨ੍ਹਾਂ ਦਾ ਵਿਅਕਤੀ ਚਿਤਰ ਬਣਾਉਣ ਵਿਚ ਵੀ ਸਹਾਈ ਹੋਈਆਂ।

ਬਾਕੀ ਸਮਾਂ ਅਸੀਂ ਉਨ੍ਹਾਂ ਦੀ ਘਰ ਵਾਲੀ ਨਾਲ ਗੱਲਾਂ ਕਰਦੇ ਰਹੇ, ਜਿਸ ਨੇ ਉਨ੍ਹਾਂ ਦੀ ਮੌਜੂਦਾ ਹਾਲਤ ਵਿਚ ਉਨ੍ਹਾਂ ਦੀ ਸਿਹਤ ਦੇ ਫਿਕਰ ਅਤੇ ਦੇਖ-ਸੰਭਾਲ ਬਾਰੇ ਆਉਂਦੀਆਂ ਮੁਸ਼ਿਕਲਾਂ ਦੀ ਗੱਲ ਕੀਤੀ ਕਿ ਉਹ ਇਕੱਲੀ ਉਨ੍ਹਾਂ ਨੂੰ ਸੰਭਾਲ ਰਹੀ ਹੈ। ਕੂਟਨੀਤੀ ਦਾ ਤਕਾਜ਼ਾ ਸੀ ਕਿ ਲਾਲੀ ਜੀ ਦੀ ਬੇਹਤਰੀ ਲਈ ਅਸੀਂ ਸਰਦਾਰਨੀ ਦੀ ਹਾਂ ਵਿਚ ਹਾਂ ਮਿਲਾਈਏ! ਉਸੇ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਰਾਜ ਕੁਮਾਰ, ਸੰਜੀਵ ਸੋਨੀ ਤੇ ਰਾਜ ਕਿਸ਼ੋਰ ਅਦਿ ਵੀ ਲਾਲੀ ਜੀ ਨੂੰ ਵੇਖਣ ਆਏ ਸਨ, ਜਿਨਾਂ ਵਿਚੋ ਸ਼ਾਇਦ ਰਾਜ ਕਿਸ਼ੋਰ ਨੇ ਉਹ ਗੱਲ ਠਾਹ-ਸੋਟਾ ਮਾਰ ਦਿੱਤੀ ਸੀ, ਜਿਸ ਦੀ ਚਰਚਾ ਅਕਸਰ ਮਿਤਰ-ਮੰਡਲੀ ਵਿਚ ਹੁੰਦੀ ਸੀ ਕਿ ‘ਲਾਲੀ ਦੀ ਬਰਬਾਦੀ ਲਈ ਉਸ ਦੀ ਘਰ ਵਾਲੀ ਜ਼ਿੰਮੇਵਾਰ ਹੈ!’ ਅਸੀਂ ਉਸ ਗੱਲ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਨਾਲ ਸਾਰਦਾਰਨੀ ਦੀਆਂ ‘ਮਜਬੂਰੀਆਂ’ ਨਾਲ ਸਹਿਮਤੀ ਪ੍ਰਗਟਾਈ। ਉਂਜ ਬੀਤੇ ਵਿਚ ਇਕ ਵਾਰ ਪ੍ਰੀਤਇੰਦਰ ਨੇ ਵੀ ਮੈਨੂੰ ਉਸਦੇ ਸਰਦਾਰਨੀ ਨਾਲ ਹੋਏ ਇਕ ਵਾਰਤਾਲਾਪ ਦੀ ਗੱਲ ਸੁਣਾਈ ਸੀ ਜਦੋ ਸ਼੍ਰੀਮਤੀ ਸਿੱਧੂ ਨੇ ਕਿਹਾ ਸੀ ‘ਪਤਾ ਨਹੀਂ ਕਿਉਂ ਲੋਕ ਲਾਲੀ ਪਿੱਛੇ ਪਾਗਲ ਹਨ।’ ਜਦੋਂ ਪ੍ਰੀਤਇੰਦਰ ਨੇ ਦੱਸਿਆ ਕਿ “ਆਂਟੀ ਜੀ ਮੈਂ ਤਾਂ ਆਪਣੇ ਬਾਰੇ ਕਹਿ ਸਕਦਾ ਹਾਂ ਕਿ ਜਦੋਂ ਪੰਜਾਬ ਵਿਚ ਸਿੱਖ ਅੱਤਿਵਾਦ ਦੀ ਹਨੇਰੀ ਝੁੱਲ ਰਹੀ ਸੀ, ਉਦੋਂ ਜੇ ਕਿਤੇ ਲਾਲੀ ਜੀ ਨਾ ਟੱਕਰੇ ਹੁੰਦੇ ਤਾਂ ਹੋ ਸਕਦਾ ਹੈ ਅੱਜ ਮੈਂ ਵੀ ਕੇ.ਪੀ.ਐਸ ਗਿੱਲ ਦੀ ਗੋਲੀ ਦਾ ਸ਼ਿਕਾਰ ਹੋ ਚੁੱਕਿਆ ਹੁੰਦਾ!” ਤਾਂ ‘ਆਂਟੀ’ ਦਾ ਜਵਾਬ ਸੀ- “ਮੈਨੂੰ ਤਾਂ ਨਹੀਂ ਕਦੇ ਵਿਖਿਆ ਇਨ੍ਹਾਂ ਵਿਚ ਕੁੱਝ ਇਹੋ ਜਿਹਾ!”

ਕੁਝ ਦੇਰ ਬਾਅਦ ਅੱਧਖੜ ਉਮਰ ਵਿਚ ਪਹੁੰਚੀ ਲਾਲੀ ਜੀ ਦੀ ਧੀ ਵੀ ਕਿਸੇ ਕਮਰੇ ਵਿਚੋਂ ਨਿਕਲ ਕੇ ਉੱਥੇ ਆ ਗਈ। ਉਸ ਦੀਆਂ ਗੱਲਾਂ ਅਤੇ ਹਰਕਤਾਂ ਤੋਂ ਜ਼ਾਹਿਰ ਸੀ ਉਹ ਮਾਨਸਕਿ ਰੋਗੀ ਹੈ, ਜਿਸ ਨੂੰ ਆਪਣੀ ਰਜਵਾੜਾਸ਼ਾਹੀ ‘ਹੈਸੀਅਤ’ ਦਾ ਮਾਣ ਹੈ ਤੇ ‘ਉਹ ਜਦੋਂ ਮਰਜ਼ੀ ਵਿਦੇਸ਼ ਜਾ ਸਕਦੀ ਹੈ’! ਜ਼ਾਹਿਰ ਸੀ ਕਿ ਸ਼੍ਰੀ ਮਤੀ ਸਿੱਧੂ ਜੋ ਖੁਦ ਜ਼ਿੰਦਗੀ ਦੇ ਆਖਰੀ ਪੜਾਅ ਵਿਚ ਸੀ, ਇਕੱਲੀ ਦੋ ‘ਮਰੀਜ਼ਾਂ’ ਨੂੰ ਸੰਭਾਲ ਰਹੀ ਸੀ।

ਕੇਹੀ ਦੁਵਿਧਾ ਹੈ! ਕਿਸ ਨੂੰ ਦੋਸ਼ ਦੇਈਏ, ਕਿਸ ਦੇ ਹੱਕ ‘ਚ ਖੜੀਏ? ਇਕ ਪਾਸੇ ਸਾਡੀ ਸਦੀ ਦਾ ਮਹਾਨ ਬੁੱਧੀਜੀਵੀ, ਜਿਸ ਨੇ ਸੈਂਕੜੈ ਕਲਾਕਾਰਾਂ-ਲੇਖਕਾਂ ਨੂੰ ਸੱਚੀ ਸਿਰਜਣਾ ਦਾ ਰਾਹ ਵਿਖਾਇਆ ਪਰ ਇਸ ਪ੍ਰਕਿਰਿਆ ਵਿਚ ਆਪਣਾ ਘਰ-ਪਰਿਵਾਰ ਕੱਕੇ ਰੇਤੇ ਵਾਂਗ ਹੱਥਾਂ ‘ਚੋਂ ਕਿਰਦਾ ਜਾਣ ਦਿੱਤਾ! ਦੁਜੇ ਪਾਸੇ ਉਹ ਸਧਾਰਨ-ਬੁੱਧੀ ਪਰਿਵਾਰ, ਜਿਸ ਦੀਆਂ ਮਨੁੱਖੀ ਸਧਰਾਂ-ਉਮੀਦਾਂ ਪਰਿਵਾਰ ਦੀ ‘ਸ਼ਾਹੀ’ ਹੈਸੀਅਤ ਮੁਤਾਬਿਕ ਇਸ ਪ੍ਰਗਤੀਸ਼ੀਲ਼, ਫੱਕਰੀ, ‘ਤੇਰਾਂ-ਤੇਰਾਂ-ਤੋਲਣ’ ਵਾਲੀ ਸੋਚ ਦੇ ਬਿਲਕੁਲ ਉਲਟ ਸਨ!

ਇਤਹਾਸ ਘੋਖਿਆਂ ਗੌਤਮ ਬੁੱਧ, ਸੁਕਰਾਤ, ਲੇਵ ਤੋਲਸਤਾਇ ਆਦਿ ਲਾਲੀ ਤੋਂ ਪਹਿਲਾਂ ਉਸੇ ਕਤਾਰ ਵਿਚ ਖੜੇ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀਆਂ ਨਿੱਜੀ ਜਿੰਦੜੀਆਂ ਮਨੁੱਖਤਾ ਤੋਂ ਕੁਰਬਾਨ ਹੋਈਆਂ ਸਨ ਤੇ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਖਲਜਗਣ ਸੀ। ਕਿਧਰੇ ਪੜ੍ਹਿਆ ਜਾਂ ਸੁਣਿਆ ਸੀ ਕਿ ਸੁਕਰਾਤ ਦੀ ਘਰ ਵਾਲੀ ਇਤਨੀ ਝਗੜਾਲੂ ਸੀ ਕਿ ਇਕ ਵਾਰ ਉਹ ਜਦੋਂ ਸੁਕਰਾਤ ਨੂੰ ਗਾਲ੍ਹਾਂ ਕੱਢ ਰਹੀ ਸੀ ਤਾਂ ਸੁਕਰਾਤ ਅੱਗੋਂ ਕੁੱਝ ਨਾ ਕਹਿ ਕੇ ਘਰ ਦੇ ਬਾਹਰ ਆ ਕੇ ਬੈਠ ਗਿਆ। ਘਰ ਵਾਲੀ ਹੋਰ ਖਿੱਝ ਗਈ। ਉਸ ਨੇ ਬਾਹਰ ਬੈਠੇ ਸੁਕਰਾਤ ਉਪਰ ਪਾਣੀ ਦੀ ਭਰੀ ਬਾਲਟੀ ਉਲਟ ਦਿੱਤੀ। ਸੁਕਰਾਤ ਨੇ ਕਿਹਾ-‘ਮੈਨੂੰ ਪਤਾ ਸੀ ਗਰਜਣ ਤੋਂ ਬਾਅਦ ਵਰ੍ਹਦਾ ਹੀ ਹੈ’! ਤੋਲਸਤਾਇ ਦੀ ਮਗਰਲੀ ਵਿਆਹੁਤਾ ਕਲੇਸ਼ਮਈ ਜ਼ਿੰਦਗੀ ਬਾਰੇ ਤਾਂ ਸਾਹਿਤਕ ਹਲਕਿਆਂ ਵਿਚ ਆਮ ਜਾਣਕਾਰੀ ਹੈ। ਜਾਗਰੀਦਾਰੀ ਪਰਿਵਾਰ ਵਿਚ ਜੰਮ ਕੇ ਜਦੋਂ ਸਾਹਿਤ ਰਚਣ ਦੇ ਨਾਲ ਨਾਲ, ਉਸ ਦਾ ਝੁਕਾਅ ਗਰੀਬ ਲੋਕਾਂ ਦੀ ਸੁੱਧ ਲੈਣ ਅਤੇ ਸਮਾਜਵਾਦੀ ਸੋਚ ਵੱਲ ਹੋਇਆ ਤਾਂ ਉਸ ਦੀ ‘ਕੁਲੀਨ’ ਘਰਾਣੇ ਦੀ ਪਤਨੀ ਨਾਲ ਸੰਬੰਧਾਂ ਵਿਚ ਜ਼ਹਿਰ ਭਰ ਗਿਆ।

ਮੈਂ ਸਮਝਦਾ ਹਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਲਾਲੀ ਜੀ ਦੀ ਘਰੇਲੂ ਜ਼ਿੰਦਗੀ ਨੂੰ ਪ੍ਰਭਾਸ਼ਿਤ ਕਰਾਂ, ਪਰ ਜੋ ਆਪ ਵੇਖਿਆ ਤੇ ਗੌਲਿਆ ਉਸ ਦੇ ਅਧਾਰ ‘ਤੇ ਆਪਣੀ ਰਾਇ ਸ਼ਾਇਦ ਦੇ ਸਕਦਾ ਹਾਂ। ਮੈਨੂੰ ਲਗਦਾ ਹੈ ਕਿ ਇਕ ਪਾਸੇ ਲਾਲੀ ਤੇ ਦੂਜੇ ਪਾਸੇ ਲਾਲੀ ਦਾ ਪਰਿਵਾਰ ਦੋਹੇਂ - ਆਪਣੀ ਆਪਣੀ ਥਾਂ ਜਾਇਜ਼ ਸਨ। ਲਾਲੀ ਨੇ ਆਪਣੇ ਖਾਨਦਾਨ ਵਿਚ ਪੁਸ਼ਤ-ਦਰ-ਪੁਸ਼ਤ ਚਲੀ ਆਉਂਦੀ, ਸਧਾਰਨ ਲੋਕਾਂ ਦਾ ਲਹੂ ਚੂਸਦੀ ਜਾਗੀਰਦਾਰੀ ਪ੍ਰਥਾ ਵਿਚੋਂ ਆਪਣੇ ਆਪ ਨੂੰ ਨਿਰਣਾਇਕ ਤੌਰ ‘ਤੇ ਗਿਣੇ-ਮਿਥੇ ਢੰਗ ਨਾਲ ਬਾਹਰ ਕੱਢ ਲਿਆ, ਪਰ ਅਗਲੀ ਪੁਸ਼ਤ ਕਿਵੇਂ ਜਿਉਣਾ ਚਾਹੁੰਦੀ ਹੈ ਇਸ ਬਾਰੇ ਆਪਣੀ ਵਿਚਾਰਧਾਰਾ ਹੀ ਉਨ੍ਹਾਂ ਉਪਰ ਨਹੀਂ ਥੋਪੀ, ਬਲਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਨ-ਮਰਜ਼ੀ ‘ਤੇ ਹੀ ਛੱਡ ਦਿਤਾ। ਪਰ ਦੂਜੇ ਪੱਖ ਦੀ ਦਲੀਲ ਇਹ ਹੋ ਸਕਦੀ ਹੈ ਕਿ ਉਨ੍ਹਾਂ ਦੀ ਕੁਲੀਨ ਪਟਰਾਣੀ ਨੂੰ ਕੀ ਪਤਾ ਸੀ ਕਿ ਉਹ ਸ਼ਹਿਜ਼ਾਦੇ ਦੇ ਭੁਲੇਖੇ ਕਿਸੇ ਫਕੀਰ ਦੇ ਲੜ ਲੱਗ ਰਹੀ ਹੈ?!

ਅਪ੍ਰੈਲ 2014 ਦੀ ਉਹ ਮੁਲਾਕਾਤ ਸੱਚਮੁੱਚ ਆਖਰੀ ਸਾਬਿਤ ਹੋਈ! ਉਸੇ ਸਾਲ ਦਸੰਬਰ ਵਿਚ ਲਾਲੀ ਦੇ ਸਦਾ ਲਈ ਵਿੱਛੜ ਜਾਣ ਦੀ ਖ਼ਬਰ ਆ ਗਈ!

-(ਸਵੈਜੀਵਨੀ-ਅੰਸ਼, ਕੰਵਲ ਧਾਲੀਵਾਲ / ਜੁਲਾਈ 2020)

***

Comments


bottom of page