top of page
Writer's pictureਸ਼ਬਦ

ਕਹਾਣੀ / ਉਹ ਵੀ ਕੀ ਕਰਦਾ--! / ਲਾਲ ਸਿੰਘ


    ਜਦੋਂ ਉਹ ਪਹਿਲੀ ਵਾਰ ਮਿਲਿਆ ਸੀ ਤਾਂ ਉਸ ਦੀ ਸ਼ਾਹ-ਕਾਲੀ, ਛੋਟੀ-ਛੋਟੀ, ਖੁਲ੍ਹੀ ਦਾੜ੍ਹੀ ਵਾਲੇ ਹੰਸੂ-ਹੰਸੂ ਕਰਦੇ ਗੋਲ਼-ਮਟੋਲ਼ ਚਿਹਰੇ ਦੀ ਮਿਕਨਾ-ਤੀਸੀ ਖਿੱਚ ਨੇ ਮੈਨੂੰ ਧੂਹ ਕੇ ਆਪਣੇ ਬਹੁਤ ਲਾਗੇ ਕਰ ਲਿਆ ਸੀ। ਬਸ ਚਲਾਵੀਆਂ ਜਿਹੀਆਂ ਦੋ-ਇਕ ਗੱਲਾਂ ਪਿੱਛੋਂ ਉਸ ਨੇ ਆਖਿਆ ਸੀ- "ਚੰਗਾ ਫਿਰ ਮਿਲਾਂਗੇ! ਕਾਮਰੇਡ।"

    'ਕਾਮਰੇਡ' ਸੰਬੋਧਨ ਸੁਣ ਕੇ ਉਸ ਦਿਨ ਮੈਨੂੰ ਮੇਰੇ ਪੈਰ ਧਰਤੀ ਤੋਂ ਫੁੱਟ-ਫੁੱਟ ਉਪਰ ਤੁਰਦੇ ਜਾਪੇ ਸਨ ਅਤੇ ਮੇਰੇ ਅੰਦਰਲਾ ਖਿਲਾਅ ਖੁੱਲ੍ਹੀ ਸੁਖਾਵੀਂ ਜ਼ਿੰਦਗੀ ਦੇ ਅਹਿਸਾਸ ਨਾਲ ਭਰਿਆ ਕਈ ਦਿਨ ਟੂਣੇਹਾਰੀ ਤੋਰ ਤੁਰਦਾ ਰਿਹਾ ਸੀ।

    ਦੂਜੀ ਵਾਰ ਜਦੋਂ ਉਹ ਮਿਲਿਆ, ਮਿਲਿਆ ਹੀ ਨਹੀਂ ਉਚੇਚ ਨਾਲ ਮੇਰੇ ਦਫ਼ਤਰ ਪਹੁੰਚਿਆ ਤਾਂ ਬਹੁਤ ਥੱਕਿਆ-ਥੱਕਿਆ ਜਾਪ ਰਿਹਾ ਸੀ।

    "ਗਰਮ ਪੀਓਂਗੇ ਜਾਂ ਠੰਡਾ?" ਮੈਂ ਪੁੱਛਿਆ।

    "ਨਾ ਗਰਮ ਨਾ ਠੰਡਾ, ਰੋਟੀ ਖਾਣੀ ਐ।" ਉਹਨੇ ਬਿਨਾਂ ਝਿਜਕ ਆਖਿਆ।

    ਮੈਨੂੰ ਲੱਗਾ ਜਿਵੇਂ ਮੇਜ਼ ਦੀ ਰੁਟੀਨ 'ਤੇ ਕੋਈ 'ਮੋਸਟ ਅਰਜੈਂਟ' ਦੀ ਫਾਈਲ ਆ ਡਿੱਗੀ ਹੋਵੇ। 'ਪਰ ਭੁੱਖ ਤਾਂ ਆਖਰ ਭੁੱਖ ਹੁੰਦੀ ਹੈ, ਐਵੇਂ ਕੋਈ ਕਿਵੇਂ ਮੰਗ ਸਕਦਾ ਹੈ?' ਇਹ ਸੋਚਦਿਆਂ ਮੈਂ ਹੱਥਲਾ ਕੰਮ ਛੱਡ ਦਿੱਤਾ ਤੇ ਚਪੜਾਸੀ ਨੂੰ ਘੰਟੀ ਵਜਾ ਦਿੱਤੀ।

    "ਭਾਈ ਸਾਹਬ ਨੂੰ ਗਰੀਨ ਰੈਸਟੋਰੈਂਟ ਤੋਂ ਖਾਣਾ ਖੁਆ ਲਿਆ।" ਮੈਂ ਚਪੜਾਸੀ ਨੂੰ ਹੁਕਮ ਵਰਗਾ ਕੰਮ ਕੰਨ ਵਿੱਚ ਦੱਸਿਆ।

    "ਨਈਂ, ਇਓਂ ਨਈਂ, ਤੁਸੀਂ ਆਪ ਚਲੋ, ਆਪਾਂ ਕੁਝ ਹੋਰ ਗੱਲਾਂ ਵੀ ਕਰਨੀਆਂ।" ਉਸ ਨੇ ਇਤਰਾਜ਼ ਵਰਗਾ ਸੁਝਾਅ ਦਿੱਤਾ।

    "ਲਓ, ਜਿਵੇਂ ਤੁਆਡੀ ਖੁਸ਼ੀ।" ਆਖ ਕੇ ਮੈਂ ਉਸ ਦੇ ਨਾਲ ਦਫ਼ਤਰੋਂ ਬਾਹਰ ਆ ਗਿਆ ਕਿਉਂਕਿ ਮੇਰੇ ਅੰਦਰ ਵੀ ਆਖ਼ਰ ਕੁਝ ਕਰਨ-ਮਰਨ ਦਾ ਚਾਅ ਤਰਲੋ-ਮੱਛੀ ਹੋ ਰਿਹਾ ਸੀ।

    "ਤੁਹਾਡਾ ਸ਼ੁਭ ਨਾਂ?" ਰੋਟੀ ਖਾਂਦੇ ਨੂੰ ਮੈਂ ਝਕਦੇ-ਝਕਦੇ ਨੇ ਉਸ ਤੋਂ ਪੁੱਛਿਆ।

    "æææਪਾਲ!" ਉਸ ਨੇ ਥੋੜਾ ਸੋਚ ਕੇ ਸੰਖੇਪ ਜਿਹਾ ਉੱਤਰ ਦਿੱਤਾ।

    "ਕੀ ਕੰਮ ਕਰਦੇ ਓ?"

    "æææææææ।"

    ਉਸ ਨੇ ਹੱਥਲੀ ਬੁਰਕੀ ਦੋਬਾਰਾ ਦਾਲ਼ ਵਿੱਚ ਡੁਬੋ ਕੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਬੜੀ ਹੀ ਸਹਿਜ ਅਵਸਥਾ ਨਾਲ ਆਖਿਆ- "ਇੱਕ ਵੇਲੇ ਇੱਕੋ ਕੰਮ ਹੋ ਸਕਦੈæææ।"

    ਮੇਰੇ ਪਿੜ-ਪੱਲੇ ਭਾਵੇਂ ਬਹੁਤ ਕੁਝ ਨਹੀਂ ਸੀ ਪਿਆ ਪਰ ਉਸ ਨੂੰ ਹੋਰ ਜਾਣਨ ਦੀ ਇੱਛਾ ਮੇਰੇ ਅੰਦਰ ਭੜਥੂ ਪਾਉਣ ਲੱਗ ਪਈ।

    "ਅੱਜ ਰਾਤ ਮੈਂ ਤੁਹਾਡੇ ਕੋਲ ਹੀ ਠਹਿਰਾਂਗਾ ਪਰ ਚਲਾਂਗੇ ਜ਼ਰਾ ਹਨੇਰੇ ਜਿਹੇ।"

    ਉਸ ਨੇ ਜਿਵੇਂ ਮੇਰੀ ਮੰਗ ਪੂਰੀ ਕੀਤੀ ਹੋਵੇ ਪਰ ਘਰ ਅੰਦਰ ਇਕ ਓਪਰੇ ਬੰਦੇ ਨੂੰ ਰਾਤ ਰੱਖਣ ਲਈ ਵੀ ਕੋਈ ਨਾ ਕੋਈ ਵਿਧ ਘੜਨੀ ਪੈਂਦੀ ਸੀ।

    "ਜ਼ਰੂਰ æææਜ਼ਰੂਰ!" ਅੰਦਰਲੇ ਡਰ ਨੂੰ ਲੁਕਾਉਂਦਿਆਂ ਮੈਂ ਉਸ ਦਾ ਇਹ ਯਕੀਨ ਪੱਕਾ ਕੀਤਾ ਸੀ ਕਿ ਮੇਰੇ ਅੰਦਰ ਵੀ ਸਿਸਟਮ ਵਿਰੁੱਧ ਉਬਲਦੇ ਲਾਵੇ ਵਰਗੀ ਤਪਸ਼ ਹੈ, ਪਰੰਤੂ ਹਨੇਰੇ ਪਏ ਘਰ ਜਾਣ ਵਾਲੀ ਗੱਲ ਮੇਰੀ ਸਮਝ ਤੋਂ ਅਜੇ ਵੀ ਬਾਹਰ ਸੀ।

    ਉਸ ਰਾਤ ਮੈਂ ਉਸ ਦਾ ਵਿਦਿਆਰਥੀ ਸਾਂ ਤੇ ਉਹ ਮੇਰਾ ਹਮ-ਉਮਰ ਉਸਤਾਦ। ਦਲੀਲਾਂ, ਮਿਸਾਲਾਂ, ਸਬੂਤਾਂ 'ਤੇ ਅਧਾਰਤ ਉਸ ਨੇ ਉਸ ਰਾਤ ਜੋ ਕੁਝ ਮੈਨੂੰ ਪੜ੍ਹਾਇਆ, ਉਸ ਦਾ ਓਪਰਾ-ਓਪਰਾ ਕਿਤਾਬੀ ਗਿਆਨ ਤਾਂ ਭਾਵੇਂ ਮੈਨੂੰ ਪਹਿਲਾਂ ਵੀ ਹੈ ਸੀ ਪਰ ਡੁੰਘਾਈਆਂ ਦੀਆਂ ਤੈਹਾਂ ਅੰਦਰ ਮੈਂ ਪਹਿਲੀ ਵਾਰ ਹੀ ਉਤਰਿਆ ਸਾਂ ਤੇ ਉਹ ਵੀ ਉਸ ਦੀ ਉਂਗਲ ਫੜ ਕੇ।

    ਅਗਲੇ ਦਿਨ ਸਵੇਰੇ ਦਿਨ ਦੇ ਚੜਾਅ ਨਾਲ, ਉਸ ਨੇ ਥੋੜ੍ਹਾ ਕੁ ਚਿਰ ਲੱਕ ਸਿੱਧਾ ਕੀਤਾ ਤੇ ਚਾਹ-ਪਾਣੀ ਪੀ ਕੇ ਆਪਣੀ ਵਾਟ ਤਰੁਦਾ ਬਣਿਆ ਪਰ ਮੈਂ ਦਫ਼ਤਰ ਛੁੱਟੀ ਭੇਜ ਕੇ ਤਰਕਾਲ਼ਾਂ ਤੱਕ ਸੌਂ ਕੇ ਆਪਣੀ ਥਕਾਵਟ ਲਾਹੀ।

    ਥੋੜ੍ਹੇ ਕੁ ਦਿਨਾਂ ਪਿੱਛੋਂ ਫਿਰ ਉਹ ਦਿਨੇ ਦਫ਼ਤਰ ਆਉਣ ਦੀ ਬਜਾਏ ਸੂਰਜ ਢਲ਼ਦਿਆਂ ਸਾਰ ਸਿੱਧਾ ਪਿੰਡ ਪਹੁੰਚ ਗਿਆ। ਉਸ ਦੇ ਇਉਂ ਆਉਣ ਨਾਲ ਮੈਨੂੰ ਹੈਰਾਨੀ ਤਾਂ ਜ਼ਰੂਰ ਹੋਈ ਪਰ ਉਸ ਦੀ ਗਿਆਨ ਦੀ ਗੁੱਥਲੀ 'ਚੋਂ ਭਾਨ ਕੱਢਣ ਦੇ ਲਾਲਚ ਨਾਲ ਮੈਂ ਚੰਗੀ-ਚੋਖੀ ਸੇਵਾ ਵੀ ਕੀਤੀ।

    ਉਸ ਰਾਤ ਮੈਂ ਉਸ ਦਾ ਨਿਰਾ-ਪੁਰਾ 'ਹੂੰ-ਹਾਂ' ਕਰਨ ਵਾਲਾ ਗੂੰਗਾ ਸਿਖਿਆਰਥੀ ਨਹੀਂ ਸਾਂ ਸਗੋਂ ਵਿੱਚ-ਵਿਚਾਲੇ, ਸੰਘਰਸ਼ਾਂ, ਜਥੇਬੰਦੀਆਂ, ਸੰਗਠਨਾਂ, ਪਾਰਟੀਆਂ, ਆਰਥਿਕ ਰਿਸ਼ਤਿਆਂ, ਸਿਆਸੀ ਘੋਲ਼ਾਂ ਬਾਰੇ ਪ੍ਰਸ਼ਨ ਪੁੱਛਦਾ ਹੋਰ ਜਾਣਕਾਰੀ ਪ੍ਰਾਪਤ ਕਰਦਾ ਰਿਹਾ ਸਾਂ।

    ਉਸ ਤੋਂ ਪਿੱਛੋਂ ਉਹ ਜਿੰਨੀ ਵਾਰ ਵੀ ਆਇਆ ਓਨੀ ਵਾਰ ਈ ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ, ਮਾਓ, ਹੋ-ਚੀ-ਮਿੰਨ ਤੇ ਹੋਰ ਚਿੰਤਕਾਂ ਦੇ ਕੀਤੇ ਮਹਾਨ ਜਨਤਕ ਕਾਰਜਾਂ ਦੇ ਵੇਰਵਿਆਂ ਦੀਆਂ ਹੋਰ ਤੋਂ ਹੋਰ ਪਰਤਾਂ ਖੋਲ੍ਹਦਾ ਗਿਆ। ਪ੍ਰਾਚੀਨ ਸਮਿਆਂ ਤੋਂ ਧਾਰਮਿਕ ਅੰਧ-ਵਿਸ਼ਵਾਸ ਦੀ ਜਕੜ ਅੰਦਰ ਘਿਰੀ ਮਨੁੱਖਤਾ ਨੂੰ ਚਾਨਣ ਦੇਣ ਵਾਲੀਆਂ ਨਵੀਂਆਂ ਥਿਊਰੀਆਂ ਦੀ ਜਾਣਕਾਰੀ ਦਿੰਦਾ ਗਿਆ। ਇਤਿਹਾਸਕ ਪਦਾਰਥਵਾਦ, ਭੌਤਿਕ ਦਵੰਦਵਾਦ ਦੀ ਨਿਰਖ-ਪਰਖ ਕਰਦਾ, ਗੁਲਾਮੀਦਾਰੀ, ਕਬੀਲਦਾਰੀ, ਜਗੀਰਦਾਰੀ, ਸਰਮਾਏਦਾਰੀ ਯੁੱਗਾਂ ਅੰਦਰ ਉਪਜਾਊ ਵਸੀਲਿਆਂ 'ਤੇ ਕਾਬਜ਼ ਮੁੱਠੀ ਭਰ ਵਿਹਲੜਾਂ ਦੀ ਆਪਸੀ ਤੇ ਕਾਮਾ-ਸ਼੍ਰੇਣੀ ਨਾਲ ਵਿਚਰਦੀ ਮੁੱਖ ਵਿਰੋਧਤਾਈ ਦਾ ਨਿਖੇੜ ਕਰਦਾ ਰਿਹਾ। ਰੂਸ, ਚੀਨ, ਕੋਰੀਆ, ਵੀਅਤਨਾਮ ਤੇ ਹੋਰਨਾਂ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਯੂਰਪੀ ਦੇਸ਼ਾਂ ਅੰਦਰ ਆਏ ਇਨਕਲਾਬ ਦਾ ਲੇਖਾ-ਜੋਖਾ ਕਰਦਾ, ਉਹ ਸਾਰੀ ਧਰਤੀ ਦੇ ਦੋ ਤਿਹਾਈ ਦੇਸ਼ਾਂ ਅੰਦਰ ਚਲਦੇ ਜਮਾਤੀ ਸੰਘਰਸ਼ਾਂ ਦੀ ਜਾਣਕਾਰੀ ਦਿੰਦਾ ਰਿਹਾ।

    ਅਤੇ ਮੈਂ ਵੇਦਾਂ, ਪੁਰਾਣਾਂ, ਉਪਨਿਸ਼ਦਾਂ, ਗਰੰਥਾਂ ਦੇ ਸਮਝਾਏ ਨਿਰੋਲ ਭਾਰਤੀ ਆਦਰਸ਼ਵਾਦ ਦਾ ਕੱਟੜ ਧਾਰਨੀ, ਧਰਮ, ਰੂਹਾਂ, ਆਵਾਗਵਨ ਦੇ ਸੰਸਕ੍ਰਿਤਕ, ਆਹਿੰਸਾ ਦਾ ਪੁਜਾਰੀ, ਉਸ ਨੂੰ ਗੱਲ-ਗੱਲ 'ਤੇ ਟੋਕ ਕੇ ਸੰਤਾਂ, ਗੁਰੂਆਂ, ਪੀਰਾਂ, ਫਕੀਰਾਂ ਦੇ ਬੀਤੇ ਸਮਿਆਂ ਅੰਦਰ ਮਾਨਵੀ ਕਲਿਆਣ ਲਈ ਕੀਤੇ ਪਰ-ਉਪਕਾਰਾਂ ਨੂੰ ਠੀਕ ਸਿੱਧ ਕਰਨ ਦੀ ਜ਼ਿੱਦ ਕਰਦਾ ਰਿਹਾ। ਪਰੰਤੂ ਸਹਿਜੇ-ਸਹਿਜੇ ਉਸ ਦੀ ਵਿਗਿਆਨਕ ਸੂਝ ਤੇ ਯਥਾਰਵਾਦੀ ਪਹੁੰਚ, ਮੇਰੇ ਸਾਰੇ ਵਿਸ਼ਵਾਸ ਤੇ ਦਲੀਲਾਂ ਨੂੰ ਝੁਠਲਾ ਕੇ ਆਪਣੇ ਵਾਦ ਦਾ ਜਾਦੂ ਮੇਰੇ ਸਿਰ ਧੂੜਦੀ ਚਲੇ ਗਈ।

    ਏਨਾ ਕੁਝ ਕਰਨ ਲਈ ਉਸ ਨੂੰ ਕਿੰਨਾ ਸਮਾਂ ਲੱਗਾ, ਕਿੰਨੀਆਂ ਰਾਤਾਂ ਦਾ ਉਣੀਂਦਰਾ ਕੱਟਣਾ ਪਿਆ, ਕਿੰਨਾ ਸਫ਼ਰ ਪੈਦਲ ਜਾਂ ਸਾਈਕਲ 'ਤੇ ਕਰਨਾ ਪਿਆ, ਇਸ ਬਾਰੇ ਤਾਂ ਮੈਨੂੰ ਚੰਗੀ ਤਰਾਂ੍ਹ ਯਾਦ ਨਹੀਂ ਪਰ ਇਕ ਗੱਲ ਪੱਕੀ ਸੀ ਕਿ ਉਦੋਂ ਤੱਕ ਉਸ ਦੇ ਚਿਹਰੇ 'ਤੇ ਚਮਕਦੀ ਆਕਰਸ਼ਕ ਲਾਲੀ ਹਨੇਰੀਆਂ ਰਾਤਾਂ ਵਾਂਗ ਧੁਆਂਖੀ ਗਈ ਸੀ। ਉਸ ਦਾ ਭਰਵਾਂ ਚੌੜਾ ਚਿਹਰਾ ਨਿੱਥਲ ਟੋਟੇ ਹੋ ਗਿਆ ਸੀ। ਉਸ ਦੀ ਅਲੂਈਂ ਕਾਲੀ ਦਾੜ੍ਹੀ ਕੈਂਚੀ-ਕੁਤਰ ਹੋ ਕੇ ਕਰੜ-ਬਰੜੀ ਦਿਸਣੋ ਨਹੀਂ ਸੀ ਬਚ ਸਕੀ।

    ਉਸ ਤੋਂ ਅਗਲੀ ਵੇਰ ਜਦ ਉਹ ਆਇਆ ਤਾਂ ਉਸ ਨੇ ਮੈਨੂੰ, ਲੋਕ-ਜਮਹੂਰੀ ਇਨਕਲਾਬ ਨੂੰ ਪਰਣਾਈ ਆਪਣੀ ਇਕੋ-ਇਕ ਇਨਕਲਾਬੀ ਪਾਰਟੀ ਦਾ ਪ੍ਰੋਗਰਾਮ ਵੇਰਵੇ ਸਹਿਤ ਸਮਝਾਇਆ। ਪ੍ਰੋਲੋਤਾਰੀ ਦੀ ਅਗਵਾਈ ਹੇਠਲੇ ਸੱਚੇ-ਸੁੱਚੇ ਲੋਕ-ਰਾਜੀ ਪ੍ਰਬੰਧ ਦੀ ਕਾਇਮੀ ਲਈ ਕੀਤੇ ਜਾਂਦੇ ਯਤਨਾਂ ਦੀ ਵਿਆਖਿਆ ਕੀਤੀ ਅਤੇ ਲਾਲ-ਝੰਡੇ ਦੀ ਪਰਛਾਂਈਂ ਹੇਠ ਕੰਮ ਕਰਦਿਆਂ ਦੋਹਾਂ ਖੱਬੀਆਂ ਪਾਰਟੀਆਂ ਨੂੰ ਸੋਧਵਾਦੀ ਤੇ ਨਵ-ਸੋਧਵਾਦੀ ਗਰਦਾਨਦਿਆਂ, ਮੁਕਤੀ ਘੋਲ਼ਾਂ ਨੂੰ ਖਾੜਕੂ ਰੰਗਤ ਦੇ ਕੇ ਹਥਿਆਰਬੰਦ ਇਨਕਲਾਬ ਲਈ ਰਾਹ ਮੋਕਲਾ ਕਰਨ ਦਾ ਸੱਦਾ ਦਿੱਤਾ।

    ਅਗਲੀ ਵਾਰ ਇਕ ਤਾਂ ਉਸ ਨੇ ਮੈਨੂੰ ਗੁਪਤ ਪਾਰਟੀ ਦੇ ਖੁੱਲ੍ਹੀ ਜਥੇਬੰਦੀ ਨੂੰ ਜੋੜੀ ਰੱਖਣ ਦੀ ਢੰਗ ਵਿਧੀ ਸਮਝਾ ਕੇ, ਆਪਣੇ ਦਫ਼ਤਰ ਅੰਦਰਲੇ ਅਮਲੇ ਨੂੰ ਇਕ-ਮੁੱਠ ਕਰਨ ਲਈ ਆਖਿਆ, ਜਿਸ ਵਿੱਚ ਮੌਜੂਦ ਅਫ਼ਸਰਸ਼ਾਹੀ ਵਲੋਂ ਭੋਲੇ-ਭਾਲੇ ਲੋਕਾਂ ਦੀ ਹੁੰਦੀ ਬੇ-ਤਹਾਸ਼ਾ ਲੁੱਟ ਵਿਰੁੱਧ ਡੱਟ ਜਾਣ ਨੂੰ ਮੁੱਖ ਉਦੇਸ਼ ਮਿੱਥਣਾ ਸੀ ਅਤੇ ਦੂਜੇ ਕੁਲਵਕਤੀ ਦੇ ਸਫ਼ਰ ਖ਼ਰਚ ਤੇ ਪਾਰਟੀ ਦਾ ਵਿਸ਼ੇਸ਼ ਗੁਪਤ ਲਿਟਰੇਚਰ ਛਪਵਾਉਣ ਲਈ ਚੰਦਿਆਂ ਰਾਹੀਂ ਵਿੱਤੀ ਸਹਾਇਆ ਕਰਨਾ ਸੀ।

    ਮੈਂ ਉਸ ਦੇ ਦੋਨੋਂ ਆਦੇਸ਼ ਸਿਰ ਮੱਥੇ 'ਤੇ ਪ੍ਰਵਾਨ ਕਰ ਲਏ ਅਤੇ ਅਗਲੇ ਦਿਨ ਇਕੱਲਵਾਂਝੇ ਬੈਠ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ, ਇਸ ਕਠਨ ਕਾਰਜ ਦੇ ਰਾਹ 'ਤੇ ਤੁਰਦਿਆਂ ਆਉਣ ਵਾਲੀਆਂ ਔਕੜਾਂ ਦੀ ਗਿਣਤੀ-ਮਿਣਤੀ ਕੀਤੀ। ਸਾਥੀ ਪਾਲ ਤੋਂ ਗ੍ਰਹਿਣ ਕੀਤੇ ਗਿਆਨ ਦੇ ਜੋਸ਼ ਅੰਦਰ ਮੈਂ ਇਕੜ-ਦੁਕੜ ਚਪੜਾਸੀਆਂ, ਕਲਰਕਾਂ, ਪਟਵਾਰੀਆਂ, ਕਾਨੂਗੋਆਂ ਦੀ ਕੰਡ 'ਤੇ ਹੱਥ ਰੱਖ ਕੇ ਵੀ ਦੇਖਿਆ ਪਰ ਮਾਲ-ਮਹਿਕਮੇ ਦੇ ਦਫ਼ਤਰ ਦੀਆਂ ਕੰਧਾਂ ਦੀ ਵਲਗਣ ਅੰਦਰਲੀਆਂ ਸਭ ਦੀਆਂ ਕੁਰਸੀਆਂ ਉਪਰਲੀ ਆਮਦਨ ਦੇ ਨਸ਼ੇ ਅੰਦਰ ਗੁੱਟ ਹੋਈਆਂ ਟੱਸ ਤੋਂ ਮੱਸ ਨਾ ਹੋਈਆਂ। ਹਾਂ, ਇਕ ਦੋ ਵਾਰ ਕਿਸੇ ਚਪੜਾਸੀ ਨੇ ਰਿਕਾਰਡ-ਕੀਪਰ ਦੀ 'ਸ਼ਕੈਤੀ' ਬਦਲੀ ਨੂੰ ਆਯੋਗ ਸਿੱਧ ਕਰਨ ਲਈ ਮਿਲ ਕੇ 'ਸਾਹਬ' ਸਾਹਮਣੇ ਪੇਸ਼ ਹੋਣ ਲਈ ਮੀਟਿੰਗਾਂ ਜ਼ਰੂਰ ਹੋਈਆਂ। ਪਰੰਤੂ ਅੰਦਰਲੇ-ਬਾਹਰਲੇ ਹਮਾਮਾਂ ਵਿੱਚ 'ਸਾਹਬਾਂ' ਸਮੇਤ ਅਲਫ਼-ਨੰਗੇ ਨਹਾਉਂਦੇ ਕਿਸੇ ਵੀ ਤਰਾਂ੍ਹ ਦੋਨਾਂ ਵਿੱਚੋਂ ਕਿਸੇ ਨੂੰ ਵੀ 'ਨਿਰਦੋਸ਼' ਸਿੱਧ ਨਾ ਕਰ ਸਕੇ। ਇਹੋ ਜਿਹੀਆਂ ਦੋ-ਇਕ ਘਟਨਾਵਾਂ ਪਿੱਛੋਂ ਹੇਠਲਾ ਅਮਲਾ ਉਪਰਲੀਆਂ ਸੀਟਾਂ ਦਾ ਸਗੋਂ ਫ਼ਰਮਾਬਰਦਾਰ ਹੁੰਦਾ ਗਿਆ।

    ਆਪਣੀ ਟਰੇਡ ਦੇ ਕਰਮਚਾਰੀਆਂ ਨੂੰ ਜਥੇਬੰਦ ਕਰਨ ਤੋਂ ਅਸਫ਼ਲ ਹੋ ਕੇ ਮੈਨੂੰ ਕਾਮਰੇਡ ਪਾਲ ਆਏ ਦਿਨ ਯਾਦ ਆਉਣ ਲੱਗਾ। ਆਪ ਉਹ ਪਹਿਲਾਂ ਦੀ ਤਰ੍ਹਾਂ ਅੱਠੀਂ-ਦਸੀਂ ਦਿਨੀਂ ਭਾਵੇਂ ਮੇਰੇ ਕੋਲ ਨਹੀਂ ਸੀ ਅਪੜਦਾ ਪਰ ਕੱਚੀ ਸਕੂਲ ਮਾਸਟਰੀ ਛੱਡ-ਛੁਡਾ ਕੇ ਕੁਲਵਰਤੀ ਹੋ ਤੁਰਿਆ ਰਵੀ ਹੁਣ ਉਸ ਦੇ ਕੰਟੈਕਟਾਂ ਨਾਲ ਤਾਲ-ਮੇਲ ਰੱਖਦਾ, ਵਿੱਚ-ਵਿਚਾਲੇ ਮੇਰੇ ਕੋਲ ਵੀ ਫੇਰਾ ਮਾਰ ਲੈਂਦਾ ਸੀ। ਉਚੇਚ ਨਾਲ ਰਵੀ ਨੂੰ ਮਿਲ ਕੇ ਮੈਂ ਆਪਣੀ ਮੁਸ਼ਕਲ ਉਸ ਨੂੰ ਦੱਸੀ ਤੇ ਨਵੇਂ ਢੰਗ-ਤਰੀਕਿਆਂ ਦੀ ਜਾਣਕਾਰੀ ਲਈ ਕਾਮਰੇਡ ਪਾਲ ਨੂੰ ਸੱਦ ਲਿਆ।

    ਮੇਰੀ ਮਜਬੂਰੀ ਉਹ ਭਲੀ-ਭਾਤ ਸਮਝ ਗਿਆ ਪਰ ਜਥੇਬੰਦੀਆਂ ਦੀ ਹੋਂਦ, ਇਨਕਲਾਬ ਦਾ ਰਾਹ ਪੱਧਰਾ ਕਰਨ ਲਈ ਅਤਿ ਲੋੜੀਂਦਾ ਤੱਤ ਹੋਣ ਕਰਕੇ, ਉਸ ਦੇ ਆਦੇਸ਼ ਵਰਗਾ ਸੁਝਾਅ ਦਿੱਤਾ, "ਆਪਣੇ ਟਰੇਡ ਅੰਦਰ ਨਹੀਂ ਤਾਂ ਕਿਸਾਨਾਂ-ਮਜਦੂਰਾਂ ਅੰਦਰ ਕੰਮ ਕਰੋ, ਵਿਦਿਆਰਥੀਆਂ ਨੂੰ ਜਥੇਬੰਦ ਕਰੋ ਜਾਂ ਨੌਜਵਾਨ ਸਭਾਵਾਂ ਬਣਾਓ ਅਤੇ ਆਰਥਿਕ ਆਧਾਰ 'ਤੇ ਉਸਰੀਆਂ ਜਥੇਬੰਦੀਆਂ ਨੂੰ ਰਾਜਸੀ ਸੂਝ ਨਾਲ ਲੈਸ ਕਰ ਕੇ ਵੱਧ ਤੋਂ ਵੱਧ ਹੋਲਟਾਈਮਰ ਕੱਢੋ। ਗੁਰੀਲਾ-ਯੁੱਧ ਲਈ ਹਥਿਆਰਾਂ ਦੀ ਸਿਖਲਾਈ ਲਈ ਸੁਕਐਡ ਤਿਆਰ ਕਰ ਕੇ ਬੇਸ ਏਰੀਏ ਦੀ ਭਰਤੀ ਵਧਾਓ ਤੇ ਲਾਲ਼ææ।" ਕਹਿੰਦੇ ਪਾਲ ਨੂੰ ਏਨੇ ਜ਼ੋਰ ਦਾ ਹੁਥੂ ਆਇਆ ਕਿ ਉਸ ਦੀ ਬਾਕੀ ਰਹਿੰਦੀ ਗੱਲ ਬੱਲਗੰਮ-ਜੰਮੀ ਛਾਤੀ ਨੂੰ ਖੁਰਚ-ਖੁਰਚ ਕੇ ਨਿਕਲਦੀ ਖੰਘ ਹੇਠ ਦੱਬ ਗਈ।

    ਪਾਣੀ ਦਾ ਘੁੱਟ ਪੀ ਕੇ ਉਸ ਨੇ ਮੋਢੇ ਨਾਲ ਲਟਕਦੇ ਝੋਲੇ ਵਿੱਚੋਂ ਬੀੜੀਆਂ ਦਾ ਬੰਡਲ ਕੱਢਿਆ, ਦੋ-ਚਾਰ ਖੰਘਾਰ ਸੀਖਾਂ ਵਾਲੀ ਤਾਕੀ ਵਿੱਚੋਂ ਦੀ ਗਲੀ ਅੰਦਰ ਸੁੱਟੇ ਤਾਂ ਕਿਤੇ ਉਸ ਦਾ ਸਾਹ ਅਗਲੀ ਗੱਲ ਕਰਦਿਆਂ ਹੌਂਕਣ ਵਾਂਗ ਚੱਲਣ ਲੱਗਾ।

    "ਦੇਖੋ ਸਾਥੀ, ਇਨਕਲਾਬ ਲਈ ਕੰਮ ਕਰਨਾ ਖੰਡੇ ਦੀ ਧਾਰ 'ਤੇ ਤੁਰਨਾ ਹੈ, ਰਾਣਾ ਪ੍ਰਤਾਮ, ਸ਼ਿਵਾ, ਗੁਰੁ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ ਦਾ ਰਾਹ ਅਪਣਾਉਣਾ ਹੈ। ਹਰ ਵਰਗ ਦੇ ਜਮਾਤੀ ਖ਼ਾਸੇ ਦਾ ਵਿਗਿਆਨਕ ਵਿਸ਼ਲੇਸ਼ਣ ਕਰਨਾ ਹੈ। ਮੱਧ-ਵਰਗੀ ਸੋਚ ਨੂੰ ਡੀ-ਕਲਾਸ ਕਰ ਕੇ ਮਜ਼ਦੂਰ ਜਮਾਤ ਦੀ ਰਾਜਨੀਤੀ ਅਪਨਾਉਣਾ ਹੈ। ਆਪਣੀ ਵਿਰੋਧਤਾਈਆਂ ਨੂੰ ਹੱਲ ਕਰਨ ਦੇ ਨਾਲ-ਨਾਲ ਜਮਾਤੀ ਵਿਰੋਤਾਈਆਂ ਨੂੰ ਤਿੱਖਿਆਂ ਕਰਨ ਹੈ। ਪਰæææ, ਪਰ ਇਹ ਸਾਰਾ ਕੁਝ ਮਾਰਕਸ-ਲੈਨਿਨ-ਮਾਓ ਵਿਚਾਰਧਾਰਾ ਨੂੰ ਆਪਣਾ ਕੇ ਹੀ ਹੋ ਸਕਦਾ ਹੈ। ਆਪਣੇ ਦੇਸ਼ ਦਾ ਸਮਾਜਿਕ-ਆਰਥਿਕ ਵਿਸ਼ਲੇਸ਼ਣ ਕਰਦਿਆਂ, ਅਰਧ-ਜਗੀਰੂ ਰਿਸ਼ਤਿਆਂ 'ਤੇ ਪਲਪਦੀ ਕੌਮੀ ਸਰਮਾਏਦਾਰੀ ਦੇ ਪਰੰਪਰਕ ਰੋਲ ਨੂੰ ਸਮਝ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਬਸਤੀਵਾਦੀ-ਸਾਮਰਾਜ ਤੇ ਸਮਾਜਿਕ-ਸਾਮਰਾਜ ਦੇ ਪਿੱਠੂਆਂ ਵਿਰੁੱਧ ਲਮਕਵਾਂ ਹਥਿਆਰਬੰਦ ਘੋਲ ਚਲਾ ਕੇ ਹੀ ਮਜ਼ਦੂਰ ਜਮਾਤ ਦੀ ਡਿਕਟੇਟਰਸ਼ਿੱਪ ਕਾਇਮ ਹੋ ਸਕਦੀ ਹੈæææ।"

    ਏਨਾ ਕੁਝ ਆਖ ਜਦੋਂ ਉਸ ਨੇ ਤਾਜ਼ਾ ਦਮ ਹੋਣ ਲਈ ਹੋਰ ਬੀੜੀ ਲਾਈ ਤਾਂ ਮੈਨੂੰ ਉਸ ਦੀਆਂ ਅੰਦਰ ਧੱਸੀਆਂ ਅੱਖਾਂ ਹੇਠ ਮੋਟੀਆਂ-ਕਾਲੀਆਂ ਗਾਨੀਆਂ ਕਾਲੀਆਂ ਭਰਿੰਡਾਂ ਵਾਂਗ ਲਮਕਦੀਆਂ ਜਾਪੀਆਂ। ਉੱਚਾ-ਨੀਵਾਂ ਬੋਲਦਿਆਂ ਉਭਰਦੀਆਂ ਧੋਣ ਦੀਆਂ ਨੀਲੀਆਂ-ਪੀਲੀਆਂ ਨਾੜਾਂ ਵਰਮੀ ਲਾਗੇ ਘੁੰਮਦੇ ਸਪੋਲੀਆਂ ਵਾਂਗ ਵਲ੍ਹ ਖਾਂਦੀਆਂ ਲੱਗੀਆਂ, ਜਿਹਨਾਂ ਅੰਦਰ ਜ਼ਹਿਰ ਉਸ ਦੀ ਰਗ-ਰਗ ਅੰਦਰ ਅਸਰ ਕਰ ਗਿਆ ਹੋਇਆ ਸੀ।

    ਉਸ ਰਾਤ ਉਹ ਸਵੇਰ ਹੋਣ ਤੱਕ 'ਗੱਲਾਂ' ਵੀ ਨਾ ਕਰ ਸਕਿਆ। ਬਸ ਅੱਧੀ ਕੁ ਰਾਤ ਹੁੰਦਿਆਂ ਉਸੇ ਥਾਂ ਹੀ ਟੇਢਾ ਹੋ ਗਿਆ ਜਿਥੇ ਬੈਠ ਕੇ ਉਸ ਨੇ ਦੋ-ਤਿੰਨ ਵਾਰ ਚਾਹ ਮੰਗੀ ਸੀ ਤੇ ਤਿੰਨ-ਚਾਰ ਬੰਡਲ ਬੀੜੀਆਂ ਫੂਕੀਆਂ ਸਨ।

    ਉਸ ਦੇ ਚਲੇ ਜਾਣ ਪਿੱਛੋਂ ਮੈਂ ਕਈ ਦਿਨ ਉਸ ਦੀਆਂ ਆਖੀਆਂ 'ਅਲੋਕਾਰ' ਜਿਹੀਆਂ ਗੱਲਾਂ ਬਾਰੇ ਬੜੀ ਬਾਰੀਕੀ ਨਾਲ ਸੋਚਦਾ ਰਿਹਾ। ਉਸ ਦਾ ਦਿੱਤਾ ਪਾਰਟੀ ਲਿਟਰੇਚਰ ਪੜ੍ਹਦਾ ਰਿਹਾ, ਪੜ੍ਹ-ਪੜ੍ਹ ਕੇ ਸੋਚਦਾ ਰਿਹਾ ਤੇ ਸੋਚਦਾ-ਸੋਚਦਾ ਹੋਰ ਪੜ੍ਹਦਾ ਰਿਹਾ। ਇਕ ਵਾਰ ਫਿਰ ਮੈਂ ਉਸ ਦੇ ਜਥੇਬੰਦੀਆਂ ਬਣਾਉਣ ਦੇ ਆਦੇਸ਼ 'ਤੇ ਅਮਲ ਕਰਦਿਆਂ ਸਵੇਰੇ ਤੋਂ ਸ਼ਾਮ ਤੱਕ ਤਾਸ਼-ਖੇਡਦੀ, ਚੀਕਾਂ-ਮਾਰੀ, ਜ਼ਰਦਾ-ਫੱਕਦੀ, ਗਾਲ੍ਹਾਂ-ਕੱਢਦੀ ਪਿੰਡ ਦੀ ਮੁਢੀਰ ਕੋਲ ਕਿੰਨਾ-ਕਿੰਨਾ ਚਿਰ ਬੈਠਾ, ਨਸ਼ੇ-ਪੱਤੇ ਵਾਲੀਆਂ ਬਾਜ਼ੀਆਂ ਤੋਂ ਟਾਲ ਕੇ, ਉਹਨਾਂ ਕੋਲ ਆਪਣੀ ਕਹਾਣੀ ਪਾਉਣ ਦੇ ਯਤਨ ਕਰਦਾ ਰਹਿੰਦਾ। ਕਦੀ ਪੰਚਾਇਤ-ਘਰ ਵਿੱਚ ਜੁੜੀਆਂ ਪੰਚਾਂ-ਸਰਪੰਚਾਂ ਦੀਆਂ ਢਾਣੀਆਂ ਵਿੱਚਕਾਰ ਹੁੰਦੇ ਡਾਂਗ-ਸੋਟੇ ਦੀ ਸੁਲਾਹ-ਸਫਾਈ ਕਰਾਉਣ ਦਾ ਹੀਲਾ ਕਰਦਾ, ਨਿੱਕੀ-ਨਿੱਕੀ ਗੱਲ 'ਤੇ ਵਧਾਏ ਝਗੜਿਆਂ ਨੂੰ ਥਾਣੇ ਜਾਣ ਤੋਂ ਰੋਕਣ ਦੇ ਉਪਰਾਲੇ ਕਰਦਾ ਰਹਿੰਦਾ। ਹਰ ਵਰ੍ਹੇ ਵਢਾਈ ਖਾਤਰ ਪੈਂਦੇ ਰੇੜਕੇ ਦਾ ਨਿਪਟਾਰਾ ਕਰਾਉਣ ਲਈ ਕਮੀਆਂ ਦਾ ਹੁੱਕਾ-ਪਾਣੀ ਬੰਦ ਹੋਣੋਂ ਬਚਾਈ ਰੱਖਣ ਦੇ ਢੰਗ-ਤਰੀਕੇ ਆਪਣਾਉਂਦਾ ਰਹਿੰਦਾ। ਮੰਡੀਆਂ ਅੰਦਰ ਰੁਲ਼ਦੀਆਂ ਖੇਤਾਂ ਦੀਆਂ ਜਿਣਸਾਂ ਨੂੰ ਐਲਾਨਿਆਂ ਭਾਅ ਦੁਆਉਣ ਲਈ ਕਿਰਤ ਦੇ ਅਸਲੀ ਵਾਰਸਾਂ ਨੂੰ ਇਕੱਠੇ ਕਰਨ ਦੇ ਯਤਨ ਕਰਦਾ ਰਹਿੰਦਾ। ਥੋੜ੍ਹੀ ਬਹੁਤ ਸਫਲਤਾ ਪ੍ਰਾਪਤ ਕਰ ਕੇ ਮੈਨੂੰ ਆਪਣੇ ਕੀਤੇ ਕੰਮਾਂ 'ਤੇ ਮਾਣ ਵੀ ਹੁੰਦਾ ਪਰ ਇਹ ਛਿੰਨ-ਭੰਗਰੀ ਉਭਾਰ ਥੋੜ੍ਹੇ ਹੀ ਚਿਰਾਂ ਪਿੱਛੋਂ ਪਾਣੀ ਅੰਦਰ ਪਈ ਲੀਕ ਵਾਂਗ ਅਲੋਪ ਹੋ ਜਾਂਦਾ। ਇਹੋ ਜਿਹੀਆਂ ਉਦਾਸੀਨ ਤੇ ਨਿਰਾਸ਼ ਘੜੀਆਂ ਅੰਦਰ ਮੈਂ ਮੁੜ-ਮੁੜ ਪਾਲ ਨੂੰ ਚੇਤੇ ਕਰਦਾ ਰਹਿੰਦਾ। ਕਦੀ ਉਸ ਦੀਆਂ ਦੱਸੀਆਂ 'ਗੱਲਾ' ਨੂੰ ਝੂਠ ਵਰਗਾ ਸੱਚ ਆਖ ਦਿੰਦਾ ਤੇ ਕਦੀ ਉਸ ਦੇ ਬੋਲੇ ਸੱਚ ਨੂੰ ਪਹਾੜ ਜਿੱਡਾ ਝੂਠ। ਕਦੀ ਮੈਨੂੰ ਦੂਜਿਆਂ ਲਈ ਕੀਤੇ ਆਪਣੇ ਯਤਾਨਾਂ ਦੀ ਇਮਾਨਦਾਰੀ 'ਤੇ ਸ਼ੱਕ ਹੋਣ ਲੱਗਦਾ ਅਤੇ ਕਦੇ ਲੋਕਾਂ ਦੀ ਸੂਝ ਦੀ ਇਮਾਨਦਾਰੀ 'ਤੇ। ਕਦੀ ਇਨਕਲਾਬ ਲਈ ਅਪਣਾਏ ਸਿਧਾਂਤ 'ਤੇ ਅਤੇ ਕਦੀ ਸਿਧਾਂਤ ਅਨੁਸਾਰ ਘੜੀ ਯੁੱਧ-ਨੀਤੀ, ਦਾਅ-ਪੇਚਾਂ 'ਤੇ, ਢੰਗ-ਤਰੀਕਿਆਂ 'ਤੇ।

    ਪਰ ਜਦ ਵੀ ਮੈਂ ਆਪਣੇ ਇਸ ਤਰਾਂ੍ਹ ਦੇ ਅਭਿਆਸ ਦੀ ਡਾਇਰੀ, ਉਸ ਦੇ ਅਗਲੀ ਵੇਰ ਆਉਣ 'ਤੇ ਦੱਸਣ ਲਈ ਤਿਆਰ ਕੀਤੀ ਹੁੰਦੀ ਤਾਂ ਉਹ ਕਦੀ ਵੀ ਇਕੱਲਾ ਮੇਰੇ ਕੋਲ ਨਾ ਅਪੜਦਾ। ਕਦੀ ਉਸ ਨਾਲ ਜ਼ਿਲਾ੍ਹ ਕਮੇਟੀ ਦਾ ਕੋਈ ਅਹੁਦੇਦਾਰ ਹੁੰਦਾ, ਕਦੀ ਸੂਬਾ ਕਮੇਟੀ ਦਾ ਮੈਂਬਰ। ਉਹ ਸਾਥੀ ਪਾਲ ਨਾਲ ਇਸ ਲਈ ਨਹੀਂ ਸਨ ਆਉਂਦੇ ਕਿ ਮਾਸਟਰ ਰਵੀ ਵਾਂਗ 'ਡੀ-ਜਨਰੇਟ' ਹੋ ਕੇ ਉਸ ਦਾ ਵੀ ਘਰ ਪਰਤ ਜਾਣ ਦਾ ਡਰ ਸੀ, ਸਗੋਂ ਇਸ ਲਈ ਕਿ ਪਾਲ ਦੀ ਸਰੀਰਕ ਸਮਰੱਥਾ ਇਕੱਲਿਆਂ ਤੁਰਨ-ਫਿਰਨ ਜੋਗੀ ਨਹੀਂ ਸੀ ਰਹੀ। ਕਈ ਵਾਰ ਉਸ ਦਾ ਉਖੜਿਆ ਸਾਹ ਘੰਟਿਆਂ ਬੱਧੀ ਘਿੰਡੀ ਤੇ ਫੇਫੜਿਆਂ ਦਾ ਚੱਕਰ ਲਾਉਂਦਾ ਰਹਿੰਦਾ, ਕਦੀ ਤਾੜੇ ਲੱਗੀਆਂ ਬੰਜਰ ਅੱਖਾਂ ਕਿੰਨਾ-ਕਿੰਨਾ ਚਿਰ ਕਾਲੇ ਆਨੇ ਉੱਪਰ ਪਲਟ, ਕਿਸੇ ਰਮਣੀਕ ਸ਼ਾਹਕਾਰ ਦੀ ਉਸਾਰੀ ਕਰਦੀਆਂ ਰਹਿੰਦੀਆਂ। ਪਾਰਟੀ ਡਾਕਟਰ ਦੀ ਸਲਾਹ 'ਤੇ ਉਸ ਨੂੰ ਘਰ ਵਰਗੇ ਪੂਰਨ ਆਰਾਮ ਦੀ ਲੋੜ ਸੀ ਪਰ ਉਸ ਦਾ ਘਰ-ਘਾਟ ਕੁਰਕੀ ਹੋ ਕੇ ਕਿੰਨਾ ਹੀ ਪੈਂਡਾ ਪਿਛਾਂਹ ਪਰਤ ਗਿਆ ਸੀ ਅਤੇ ਉਸ ਦੇ ਮਾਈ-ਬਾਪ ਬਹੁਤ ਫਾਸਲਾ ਲੰਘ ਕੇ ਕਿਤੇ ਅਲੋਪ ਹੋ ਚੁੱਕੇ ਸਨ।

     ਵੱਡੀ ਨਹਿਰ ਦੇ ਪੁਲ ਕੰਢੇ ਸਵੇਰ ਤੋਂ ਸ਼ਾਮ ਤੱਕ ਜੁੱਤੀਆਂ ਗੰਢਣ ਬੈਠਦੇ ਆਪਣੇ ਬਿਰਧ ਬਾਪ ਲਈ ਘਸੇ ਹੋਏ ਤੱਪੜ ਦੀ ਥਾਂ ਪੱਕਾ ਅੱਡਾ-ਟਿਕਾਣਾ ਟੋਲ੍ਹਣ ਦੇ ਜੋਸ਼ ਨਾਲ ਭਰਿਆ, ਉਹ ਦਸਵੀਂ ਪਾਸ ਕਰਕੇ ਘਰੋਂ ਨਿਕਲ ਤੁਰਿਆ ਸੀ। ਛੋਟੇ ਭਰਾ ਨੂੰ ਸਕੂਲੀ ਵਜ਼ੀਫਿਆਂ ਦੀ ਜ਼ਿੱਲਤ ਤੋਂ ਬਚਾਉਣ ਦੇ ਚਾਅ ਨਾਲ, ਉਸ ਦੇ ਭਰਾ ਦੀ ਪਿੱਠ 'ਤੇ ਆਪਣੀ ਛਾਤੀ ਥਾਪੜ ਕੇ ਖੱਬੇ ਮੋਢ੍ਹੇ ਨਾਲ ਲੰਮਾ ਝੋਲਾ ਲਟਕਾਇਆ ਸੀ। ਪਰæææਪਰ ਉਹਨਾਂ ਸੁਭਾਗੇ ਪਲਾਂ ਨੂੰ ਉਡੀਕਦੀ ਉਸ ਦੀ ਕੜੀ ਵਰਗੀ ਜੁਆਨੀ ਅੱਖ-ਫਰੋਕੇ ਅੰਦਰ ਹੀ ਖੇਹ-ਕੌਡੀਆਂ ਹੋ ਗਈ ਅਤੇ ਜ਼ੈਲਦਾਰਾਂ ਦਾ ਬਖ਼ਸ਼ਿਆਂ ਢਾਈ ਮਰਲੇ ਦਾ ਢਾਰਾ ਕੁਰਕੀ ਹੋ ਕੇ ਮੁੜ ਉਹ ਉਸ ਜਗੀਰ ਨਾਲ ਨੱਥੀ ਹੋ ਗਿਆ ਸੀ। ਪੁੱਛ-ਗਿੱਛਾਂ ਕੇਂਦਰਾਂ ਅੰਦਰ ਸੜਦੇ ਉਸ ਦੇ ਮਾਂ-ਬਾਪ ਰਾਖ਼ ਦੇ ਢੇਰੀ ਬਣ ਗਏ ਸਨ। ਛੋਟਾ ਪੁਲਸ ਦੀ ਮਾਰ ਤੋਂ ਡਰਦਾ ਪਤਾ ਨਹੀਂ ਕਿਧਰ ਭੱਜ ਗਿਆ ਸੀ ਤੇ ਅਭਾਗੀ ਭੈਣæææਜਿਸ ਦੀ ਕਲ਼ਪਨਾ ਕਰਦਿਆਂ ਉਹ ਕਿੰਨਾ-ਕਿੰਨਾ ਚਿਰ ਸੁੰਨ-ਵੱਟਾ ਹੋਇਆ ਪਿਆ ਰਹਿੰਦਾ ਸੀ।

    ਉਸ ਦੀ ਇਹ ਹਾਲਤ ਦੇਖ ਕੇ ਮੈਂ ਉਸ ਨੂੰ ਕੁਝ ਸਮਾਂ ਆਪਣੇ ਕੋਲ ਰੱਖਣ ਦੀ ਪੇਸ਼ਕਸ਼ ਕੀਤੀ। ਉਸ ਨੇ ਇਸ ਨੂੰ ਖਤਰੇ ਭਰਿਆ ਕਦਮ ਆਖਿਆ। ਮੈਂ ਆਪਣੀ ਧੁੰਨ ਦੀ ਪਕਿਆਈ ਦੱਸਣ ਦੇ ਇਰਾਦੇ ਨਾਲ ਇਹ ਖ਼ਤਰਾ ਵੀ ਮੁੱਲ ਲੈ ਲਿਆ। ਪਿੰਡੋਂ ਦੂਰ ਹਟਵੀਂ ਬੰਸੀ ਵਾਲੀ ਕੋਠਾ ਭਾਵੇਂ ਉਸ ਨੂੰ ਇਕੱਲਿਆਂ ਰੱਖਣ ਲਈ ਸੌਂਪਿਆ ਗਿਆ ਸੀ ਪਰ ਬੁੱਧ-ਸੁੱਧ ਗੁਆ ਕੇ ਘਰ ਪਰਤਣ ਤੋਂ ਬੇਸੁੱਧ ਹੋਇਆ ਕੋਈ ਪਟਵਾਰੀ ਜਾਂ ਦਫ਼ਤਰੀ ਅਮਲੇ ਦਾ ਕੋਈ ਹੋਰ ਬੰਦਾ, ਨਿੱਤ ਨਵੇਂ ਉਸ ਕੋਲ ਪਹੁੰਚ ਜਾਂਦਾ ਤੇ ਜ਼ਿਦ ਕਰ ਕੇ ਬਚਿਆ ਅਧੀਆ-ਪਊਆ ਉਸ ਦੇ ਮੂੰਹ ਅੰਦਰ ਤੁੰਨਣ ਦਾ ਯਤਨ ਕਰਦਾ। ਏਨੀ ਖੁਲ੍ਹੀ ਮਾਤਰਾ ਵਿੱਚ ਮਿਲਦੀ ਮੁਫ਼ਤ ਦੀ ਕਿਸੇ ਕਾਜ਼ੀ ਦਾ ਸਿਦਕ ਤਾਂ ਭਾਵੇਂ ਤੋੜ ਦਿੱਤਾ ਹੋਵੇ ਪਰ ਉਹ ਸੀ ਕਿ ਕਦੀ ਤਿੱਲ ਭਰ ਨਹੀਂ ਸੀ ਥਿੜਕਿਆ। ਮੈਂ ਵੀ ਕਦੀ-ਕਦਾਈਂ ਉਸ ਨੂੰ ਦੁਆਈ ਮਾਫ਼ਕ ਵਰਤ ਲੈਣ ਲਈ ਆਖ ਦਿੰਦਾ ਪਰ ਉਸ ਦੀ ਧਾਰਨਾ ਸੀ ਕਿ ਜਿੰਨਾ ਚਿਰ ਸਾਡੇ ਵਰਗੇ ਕਰੋੜਾਂ ਭਾਰਤੀਆਂ ਨੂੰ ਦੋ ਡੰਗ ਦੀ ਰੋਟੀ ਨਹੀਂ ਨਸੀਬ ਹੁੰਦੀ ਓਨਾ ਚਿਰ ਸੂਝਵਾਨ ਕਾਡਰ ਲਈ ਬੁਰਜ਼ੂਆ ਸ਼ੌਂਕ ਪਾਲਣਾ ਇਨਕਲਾਬੀ ਵਿਰੋਧੀ ਹਰਕਤਾਂ ਕਰਨ ਬਰਾਬਰ ਹੈ।

    ਪੰਦਰਾਂ-ਵੀਹ ਦਿਨਾਂ ਦੇ ਦਾਰੂ-ਦਰਮਲ ਪਿੱਛੋਂ ਉਹ ਥੋੜ੍ਹਾ ਜਿਹਾ ਪੈਰੀਂ ਹੋਇਆ ਈ ਸੀ ਕਿ ਅੱਛੀ-ਖਾਸੀ ਡੀਲ-ਡੌਲ਼ ਵਾਲਾ ਸੂਬਾ ਕਮੇਟੀ ਦਾ ਜਨਰਲ-ਸਕੱਤਰ ਬਰਾੜ ਇਕ ਦਿਨ ਮੇਰੇ ਦਫ਼ਤਰ ਵਿੱਚ ਆ ਧਮਕਿਆ। ਉਸ ਨਾਲ ਉਸ ਵਰਗੀ ਸੂਟਿਡ-ਬੂਟਿਡ, ਸੋਹਣੀ-ਸੁਨੱਖੀ ਇਕ ਇਸਤਰੀ ਕਾਮਰੇਡ ਵੀ ਸੀ ਜਿਸ ਦੀ ਉਸ ਨੂੰ 'ਕੇਂਦਰੀ ਕਮੇਟੀ ਦੀ ਕੁਰੀਅਰ' ਆਖ ਕੇ ਜਾਣ-ਪੱਛਾਣ ਕਰਾਈ।

    ਰਸਮੀਂ ਸਾਹਬ-ਸਲਾਮ ਪਿੱਛੋਂ ਸਾਥੀ ਬਰਾੜ ਨੇ ਮੈਥੋਂ ਪਾਲ ਬਾਰੇ ਬੜੇ ਕਰੜੇ ਸ਼ਬਦਾਂ ਵਿੱਚ ਪੁੱਛ-ਪੜਤਾਲ ਕੀਤੀ। ਮੈਂ ਝਕਦੇ-ਝਕਦੇ ਨੇ ਪਾਲ ਦੀ ਠੀਕ-ਠਾਕ ਹਾਲਤ ਦੱਸ ਦਿੱਤੀ। ਪਰ ਉਸ ਦਾ ਪਾਰਾ ਸਗੋਂ ਹੋਰ ਚੜ੍ਹਦਾ ਗਿਆ। ਪਹਿਲਾਂ ਉਸ ਨੇ ਪਾਲ 'ਤੇ ਇਸ਼ਕ ਪਾਲਣ ਦੀ ਤੋਹਮਤ ਲਾਈ ਫਿਰ ਉਸ ਨੂੰ ਕਮਜ਼ੋਰ ਗਰਦਾਨ ਕੇ ਚੰਗਾ-ਮੰਦਾ ਬੋਲਿਆ ਅਤੇ ਉਸ ਤੋਂ ਪਿੱਛੋਂ ਪਾਰਟੀ-ਫੰਡਾਂ ਅੰਦਰ ਕੀਤੀ ਘਪਲੇਬਾਜ਼ੀ ਲਈ ਕਸੂਰਵਾਰ ਦੱਸ ਕੇ ਦੋ ਸਾਲਾਂ ਲਈ ਮੁਅੱਤਲ ਕਰਨ ਦੀ ਸਜ਼ਾ ਦਾ ਐਲਾਨ ਕਰ ਦਿੱਤਾ।

    ਸਾਥੀ ਬਰਾੜ ਨੂੰ ਭਾਵੇਂ ਮੈਂ ਪਹਿਲਾਂ ਵੀ ਇਕ-ਦੋ ਵਾਰ ਜ਼ਿਲ੍ਹਾ-ਕਮੇਟੀ ਦੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਸੁਣ ਚੁੱਕਾ ਸਾਂ ਪਰ ਉਸ ਦਾ ਇਹ ਰੂਪ ਮੈਂ ਉਸ ਦਿਨ ਪਹਿਲੀ ਵਾਰ ਦੇਖਿਆ। ਠੀਕ ਤੱਥਾਂ ਦੀ ਘੋਖ-ਪੜਤਾਲ ਕੀਤੇ ਬਿਨਾਂ ਉਹ ਪਾਲ ਦੀ ਇਨਕੁਆਰੀ ਕਰਨ ਆਇਆ ਇਕ ਪਾਸੜ ਫੈਸਲਾ ਕਰਦਾ ਤੁਰਦਾ ਬਣਿਆ ਸੀ। ਮੈਂ ਦੋ-ਇਕ ਵਾਰ ਪਾਲ ਦੇ ਗਵਾਹ ਵਜੋਂ ਸਫਾਈ ਦੱਸਣ ਲਈ ਬੋਲਣਾ ਵੀ ਚਾਹਿਆ ਪਰ ਉਸ ਦੀ ਡਿਕਟੇਟਰਾਨਾ ਭੱਬਕ ਸੁਣ ਕੇ ਬਿੱਲੀ ਵਾਂਗ ਸਹਿਮ ਕੇ ਰਹਿ ਗਿਆ ਸੀ। ਉਸ ਦੇ ਵਾਰ-ਵਾਰ ਪੁੱਛਣ 'ਤੇ ਵੀ ਮੈਂ ਪਾਲ ਦਾ ਸਹੀ ਟਿਕਾਣਾ ਨਾ ਦੱਸਿਆ ਤੇ ਉਸ ਦੇ ਕਿਸੇ ਹੋਰ ਅਤੇ-ਪਤੇ ਬਾਰੇ ਵੀ ਸਾਫ਼-ਸਾਫ਼ ਮੁੱਕਰ ਗਿਆ।

    ਉਸ ਦਿਨ ਦਫ਼ਤਰੋਂ ਸਵੱਖਤੇ ਵਿਹਲਾ ਹੋ ਕੇ ਮੈਂ ਘਰ ਜਾਣ ਦੀ ਬਜਾਏ ਸਿੱਧਾ ਬੰਬੀ 'ਤੇ ਪਹੁੰਚ ਗਿਆ ਤੇ ਪਾਲ ਨੂੰ ਸਾਰੀ ਵਿਥਿਆ ਆਖ ਸੁਣਾਈ। ਕਿੰਨੀਆਂ ਹੀ ਨਾ-ਮੁਰਾਦ ਆਹੁਰਾਂ ਤੋਂ ਥੋੜਾ ਰਾਜ਼ੀ ਹੋਣ ਕਰਕੇ ਉਹਦੇ ਰਤੀ ਕੁ ਪੈਰੀਂ ਆਏ ਚਿਹਰੇ 'ਤੇ ਸਾਰੀ ਗੱਲ ਸੁਣਦਿਆਂ ਸਾਰ ਇਕ ਵਾਰ ਫਿਰ ਮੁਰਦੇਹਾਣੀ ਪੱਸਰ ਗਈ। ਕੋਠੇ ਦੇ ਇਕ ਕੋਨੇ ਲੱਗੀ ਇਕ ਨਿੱਕੀ ਜਿਹੀ ਸ਼ੈਲਫ ਉੱਤੇ ਚਾਹ ਬਣਾਉਣ ਲਈ ਮਘਾਏ ਹੋਏ ਸਟੋਵ ਦੀ ਹਵਾ ਕੱਢ ਕੇ ਉਸ ਨੇ ਐਧਰ-ਓਧਰ ਪਿਆ ਆਪਣਾ ਸਾਰਾ ਨਿੱਕ-ਸੁੱਕ ਇਕੱਠਾ ਕਰ ਲਿਆ।

    ਮੇਰੇ ਵਾਰ-ਵਾਰ ਪੁੱਛਣ ਉੱਤੇ ਵੀ ਉਸ ਨੇ ਕੋਈ ਭੇਤ-ਭਰੀ ਗੱਲ ਨਾ ਦੱਸੀ ਸਗੋਂ ਡੂੰਘੇ ਸਾਹ ਭਰਦਿਆਂ ਲੰਮੀ 'ਹੂੰਅææਆਂ' ਦੀ ਬੇਸੁਰੀ ਅਵਾਜ਼ ਕੱਢੀ ਤੇ ਬੇਸੁਰੀ ਜਿਹੀ ਹੇਕ ਅੰਦਰ ਆਪਣੇ ਹੀ ਕੰਨਾਂ ਤੱਕ ਸੀਮਤ ਦੋ-ਚਾਰ ਸ਼ਬਦ ਬੋਲੇ, "ਕੇਂਦਰੀ ਜਮਹੂਰੀਅਤ ਦਾ ਪ੍ਰਚਾਰ ਕਰਨ ਨਿਕਲੇ ਸਾਲ਼ੇ ਕਿੱਦਾਂ ਕੇਂਦਰੀਵਾਜ਼ ਦਾ ਸ਼ਿਕਾਰ ਹੋਏ ਪਏ ਆæææ।"

    ਪਿਛਲੇ ਕਈਆਂ ਵਰ੍ਹਿਆਂ ਅੰਦਰ ਮੈਂ ਕਦੀ ਵੀ ਪਾਲ ਦੇ ਮੂੰਹੋਂ ਕੋਈ ਚੰਗੀ-ਮਾੜੀ ਗਾਲ਼ ਨਹੀਂ ਸੀ ਸੁਣੀ ਪਰ ਉਸ ਦਿਨ ਉਸ ਨੇ ਨੰਗੇ-ਚਿੱਟੇ ਸ਼ਬਦਾਂ ਰਾਹੀਂ ਉਚਾਰਨ ਹੁੰਦੀਆਂ ਠੇਠ ਪੰਜਾਬੀ ਗਾਲ੍ਹਾਂ ਦੀ ਵਰਤੋਂ ਕਰਕੇ ਕੇਂਦਰੀ ਕਮੇਟੀ ਦੇ ਆਪ-ਹੁਦਰੇ ਆਹੁਦੇਦਾਰਾਂ ਦੀ ਭੰਡੀ ਕੀਤੀ। ਜ਼ਾਤਾਂ-ਪਾਤਾਂ, ਮਜ਼ਬਾਂ-ਧਰਮਾਂ, ਸਾਮਰਾਜੀ-ਦਲਾਲਾਂ ਤੇ ਜਗੀਰੂ-ਨੌਕਰਸ਼ਾਹੀ ਦੀ ਪੰਜਾਲੀ ਹੇਠ ਰਿੜਕ ਹੁੰਦੇ ਕਰੋੜਾਂ ਲੋਕਾਂ ਦੀ 'ਮੁਕਤੀ' ਲਈ ਤੁਰੇ ਬਹੁਤੇ 'ਮੁਕਤੀ ਦਾਤਿਆਂ' ਨੂੰ ਉਸ ਨੇ ਆਪ ਹੀ ਇਸੇ ਜ਼ਿੱਲਣ ਅੰਦਰ ਧਸੇ ਹੋਏ ਗਰਦਾਨਿਆ। ਵਿਅਕਤੀਗਤ ਸਫਾਏ ਦੀ ਆੜ ਹੇਠ ਕਈ ਸਾਰੀਆਂ ਰੜਕਾਂ ਕੱਢਣ ਵਾਲੇ 'ਸੂਰਬੀਰਾਂ' ਨੂੰ ਉਪਰੋ-ਥੱਲੀ ਕਈ ਵਾਰ ਗਾਲ੍ਹਾਂ ਕੱਢ ਕੇ ਉਸ ਨੇ ਆਪਣੇ ਮਨ 'ਤੇ ਪਿਆ ਮਣਾਂ-ਮੂੰਹੀਂ ਭਾਰ ਹੌਲਾ ਕੀਤਾ ਤੇ ਮੇਰੇ ਰੋਕਦਿਆਂ-ਟੋਕਦਿਆਂ ਤਰਕਾਲਾਂ ਦੇ ਘੁਸ-ਮੁਸੇ ਅੰਦਰ ਚੁੱਪ-ਚਾਪ ਕਿਧਰੇ ਨਿਕਲ ਗਿਆ।

    ਬੰਬੀ ਵਾਲੇ ਕੋਠੇ ਨੂੰ ਖਾਲੀ ਹੋਇਆਂ ਭਾਵੇਂ ਕਈ ਦਿਨ ਬੀਤ ਚੁੱਕੇ ਸਨ ਪਰ ਮੇਰੇ ਅੰਦਰਲੀ ਉਧਲ-ਪੁੱਥਲ ਨੇ ਮੇਰਾ ਹਰ ਪਲ ਬੜੀ ਤਲਖ਼ ਬੇਚੈਨੀ ਨਾਲ ਭਰੀ ਰੱਖਿਆ ਸੀ। ਸਾਥੀ ਪਾਲ ਦਾ ਚਲੇ ਜਾਣਾ ਕਈ, ਹਫਤਿਆਂ ਪਿੱਛੋਂ ਹਰਜੀਤ ਦਾ ਆਉਣਾ ਤੇ ਪਾਲ ਦੀ ਬਦਖੋਹੀ ਕਰਨਾ ਤੇ ਉਸ ਦੇ ਮਗਰ-ਮਗਰ ਮੇਜਰ ਦਾ ਪਹੁੰਚਣਾ ਅਤੇ ਹਰਜੀਤ-ਟੋਲੀ ਨੂੰ ਭੰਡਣਾ, ਫਿਰ ਥੋੜੇ ਦਿਨਾਂ ਦੇ ਵਕਫ਼ੇ ਪਿੱਛੋਂ ਸੰਤ ਦਾ ਹਥਿਆਰਬੰਦ ਰਾਹ ਨੂੰ ਨਿਖੇਧ ਦੇ ਪਾਰਲੀਮਾਨੀ ਰਾਹ ਦੇ ਹੱਕ ਵਿੱਚ ਲੰਮੇ-ਲੰਮੇ ਭਾਸ਼ਣ ਕਰਨਾ- ਇਸ ਟੁੱਟ-ਭੱਜ ਨੇ ਮੇਰੀ ਨੀਂਦ ਤਾਂ ਹਰਾਮ ਕੀਤੀ ਈ ਸੀ, ਇਕ ਦਿਨ ਤੜਕਸਾਰ ਪੁਲਸ ਦੀ ਇਕ ਲੰਮੀ-ਚੌੜੀ ਗਾਰਦ ਨੇ ਮੈਨੂੰ ਅਚੇਤ ਘਰ ਸੁੱਤੇ ਪਏ ਨੂੰ ਆ ਨੱਪਿਆ।

    ਮੇਰੀ ਬਿਰਧ ਮਾਂ ਨੇ ਬੜਾ ਵਾ-ਵੇਲਾ ਖੜਾ ਕੀਤਾ ਪਰ ਉਹਨਾਂ ਇਕ ਨਾ ਸੁਣੀ। ਸਕੂਲ ਪੜ੍ਹਦੀ ਛੋਟੀ ਭੈਣ ਨੂੰ ਭਾਵੇਂ ਮੇਰੀਆਂ ਕਈ ਸਾਰੀਆਂ ਕਾਰਜ-ਵਿਧੀਆਂ ਦਾ ਪਤਾ ਸੀ ਪਰ ਮੈਨੂੰ ਧੂਹ ਕੇ ਵੈਨ ਅੰਦਰ ਸੁੱਟਿਆ ਦੇਖ ਕੇ ਉਹ ਬਹੁਤ ਰੋਈ-ਕੁਰਲਾਈ। ਘਰ ਦਾ ਪੱਤ-ਪੱਤ ਛਾਨਣ 'ਤੇ ਵੀ ਪੁਲੀਸ ਨੂੰ ਕੋਈ ਯੋਗ-ਅਯੋਗ ਸਮੱਗਰੀ ਨਹੀਂ ਮਿਲੀ ਜਿਹੜੀ ਮੈਨੂੰ 'ਅਤਿ-ਖਤਰਨਾਕ' ਕਿਸਮ ਦਾ ਬੰਦਾ ਸਿੱਧ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦੀ। ਫਿਰ ਵੀ 'ਸੁਧਾਰ ਘਰ' ਦੇ ਚੂਹੇ, ਚਾਬਕ, ਮੰਜੀਆਂ, ਰੱਸੇ ਤੇ ਸ਼ੁੱਧ-ਅਸ਼ਲੀਲ ਪ੍ਰਸ਼ਨਵਲੀ ਵਰਤ ਕੇ ਮੈਥੋਂ ਕਈ ਅਤੇ-ਪਤੇ ਪੁੱਛਣ ਦੇ ਯਤਨ ਕੀਤੇ ਗਏ। ਕੋਈ ਵਾਹ-ਪੇਸ਼ ਨਾ ਦੇਖ ਕੇ ਆਖਿਰ ਬਿਨਾਂ ਕਿਸੇ ਵਿਸ਼ੇਸ਼ ਫ਼ਰਮਾਇਸ਼ ਦੇ ਮੈਨੂੰ ਛੱਡ ਦਿੱਤਾ ਗਿਆ।

    ਪੁੱਛ-ਪੜਤਾਲ ਕਾਰਨ ਹੋਈ ਅਧੜ-ਵੰਜੀ ਹਾਲਤ ਅੰਦਰ ਵਿਚਰਦਿਆਂ ਲੱਗ-ਭੱਗ ਇਕ ਵਰ੍ਹਾ ਹੋਰ ਬੀਤ ਗਿਆ ਪਰ 'ਬੂਹੇ 'ਤੇ ਦਸਤਕ ਦੇਣ ਆਏ ਇਨਕਲਾਬ' ਨੂੰ ਜੀ-ਆਇਆਂ ਕਹਿਣ ਤੁਰੇ ਮੀਜ਼ਬਾਨਾਂ ਨੇ ਮੁੜ ਕੇ ਕਦੀ ਵੱਟੀ ਨਾ ਵਾਹੀ। ਅਗਨੀ-ਪ੍ਰੀਖਿਆ ਰਾਹੀਂ ਲੰਘ ਕੇ ਸ਼ੁੱਧ ਹੋਇਆ ਮੇਰਾ ਵਿਸ਼ਵਾਸ਼ ਇਕ ਵਾਰ ਫਿਰ ਕੁਝ ਕਰਨ ਲਈ ਤੱਤਪਰ ਹੋ ਉਠਿਆ ਪਰ ਫੜੇ ਜਾਣ ਤੋਂ ਪਹਿਲਾਂ ਪਾਰਟੀ ਅੰਦਰ ਉਪਰੋ-ਥਲੀ ਵਾਪਰੀਆਂ ਕਈ ਸਾਰੀਆਂ ਘਟਨਾਵਾਂ ਕਾਰਨ ਮੇਰੇ ਅੰਦਰ ਪਲਦਾ ਸਹਿਮ, ਡਰ ਦਾ ਰੂਪ ਧਾਰਨ ਕਰ ਕੇ ਮੇਰੇ ਚਿਹਰੇ 'ਤੇ ਸਾਫ-ਸਾਫ ਪ੍ਰਗਟ ਹੋਣ ਲੱਗ ਪਿਆ।

    ਹਰ ਵੇਲੇ ਆਪਣੇ ਆਪ ਅੰਦਰ ਗੁਆਚਿਆ ਰਹਿੰਦਾ ਦੇਖ ਕੇ ਮੇਰੀ ਬਿਰਧ ਮਾਂ ਮੈਨੂੰ ਆਖਦੀ- "ਚਿੱਤ ਰਾਜ਼ੀ ਨਹੀਂ ਲੱਗਦਾ ਮੇਰੇ ਹੀਰੇ ਦਾæææ?"

    "ਨਈਂ ਮਾਂ, ਬਿਲਕੁਲ ਠੀਕ ਆਂæææਮੈਂ।" ਆਖ ਕੇ ਮੈਂ ਉਸ ਨੂੰ ਓਪਰੀ ਜਿਹੀ ਤਸੱਲੀ ਦੇ ਛੱਡਦਾ।

    "ਦਾਈਆਂ ਤੋਂ ਢਿੱਡ ਨਹੀਂ ਲੁਕਾਏ ਜਾਂਦੇæææ।" ਨਾਂ ਦਾ ਕਈ ਵਾਰ ਆਖਿਆ ਇਹ ਵਾਕ ਸਮਾਂ ਪਾ ਕੇ ਮੈਨੁੰ ਉਸ ਦੀ ਅੰਦਰਲੀ ਭਾਵਨਾ ਦੀ ਤੜਪ ਸਮਝਣ ਲਈ ਮਜਬੂਰ ਕਰਨ ਲੱਗ ਪਿਆ ਅਤੇ ਜਿਸ ਦਿਨ ਦਾਜ ਦੀ ਭਰੀ ਟਰਾਲੀ ਮੁਹਰੇ ਦੌੜਦੀ ਕਾਰ ਵਿੱਚ ਮੇਰੇ ਨਾਲ ਗਹਿਣਿਆਂ ਨਾਲ ਲੱਦੀ ਉਹਦੀ ਨੂੰਹ ਨੇ ਸਾਡੇ ਵਿਹੜੇ ਅੰਦਰ ਪੈਰ ਧਰਿਆ, ਉਸ ਦਿਨ ਮੇਰੀ ਮਾਂ ਦੀ ਡੰਗੋਰੀ ਪਤਾ ਨਹੀਂ ਕਿਹੜੀਆਂ ਬਰੂਹਾਂ ਉਹਲੇ ਪਈ ਉਸ ਦੇ ਕੁੱਬ ਦਾ ਭਾਰ ਸਾਂਭਣ ਦੀ ਉਡੀਕ ਕਰਦੀ ਰਹੀ।

    ਜਿਹੋ-ਜਿਹੀ ਧੂਮ-ਧਾਮ ਨਾਲ ਇਕ ਡੋਲੀ ਨੇ ਸਾਡੇ ਵਿਹੜੇ ਅੰਦਰ ਪੈਰ ਧਰਿਆ ਸੀ ਉਸ ਤੋਂ ਵੀ ਕਈ ਗੁਣਾਂ ਵੱਧ ਸ਼ਾਨ ਨਾਲ ਦੂਜੀ ਡੋਲੀ ਘਰੋਂ ਵਿਦਾ ਕਰਕੇ ਮੈਂ ਪਾਲ ਦੀਆਂ ਦੱਸੀਆਂ ਗੱਲਾਂ ਦੀ ਥਾਂ ਆਪਣੇ ਤਸੀਲਦਾਰ ਸਹੁਰੇ ਦੀਆਂ ਸਮਝਾਈਆਂ ਵਿਧੀਆਂ ਅਪਨਾਉਣ ਵਿੱਚ ਰੁਝਿਆ ਰਹਿਣ ਲੱਗ ਪਿਆ। ਹੋਰਨਾਂ ਖਾਤਰ 'ਗੁਆਏ' ਕਈਆਂ ਸਾਲਾਂ ਦਾ ਘਾਟਾ ਹਫਤਿਆਂ ਵਿੱਚ ਹੀ ਪੂਰਾ ਹੁੰਦਾ ਦੇਖ ਕੇ ਮੈਨੂੰ ਇਨਕਲਾਬ ਦੇ 'ਸਹੀ' ਅਰਥਾਂ ਦਾ ਪਤਾ ਲੱਗ ਗਿਆ। ਬੱਗ-ਬੱਗ ਕਰਦੇ ਇਨਫੀਲਡ ਪਿੱਛੇ ਬੈਠੀ ਸ਼੍ਰੀਮਤੀ ਬਾਂਸਲ ਨੂੰ ਸਕੂਲੇ ਲਾਹ ਕੇ ਜਦ ਮੈਂ ਤਹਿਸੀਲ ਦਫ਼ਤਰ ਦੀ ਆਪਣੀ ਸੀਟ ਤੱਕ ਪਹੁੰਚਦਾ ਤਾਂ ਮੈਨੂੰ ਕੁਰਸੀ ਮੇਰੇ ਆਪੇ ਤੋਂ ਛੋਟੀ-ਛੋਟੀ ਰਹਿ ਗਈ ਜਾਪਣ ਲੱਗੀ। ਮੇਰੀ ਇਸ ਭਾਵਨਾ ਨੂੰ ਤਾੜਦਿਆਂ ਤਹਿਸੀਲਦਾਰ ਸਹੁਰੇ ਨੇ ਕਈ ਤਰਾਂ੍ਹ ਦੀ ਉਥਲ-ਪੁੱਥਲ ਕੀਤੀ ਤੇ ਥੋੜੇ ਜਿਹੇ ਸਮੇਂ ਪਿੱਛੋਂ ਹੀ ਮੈਨੂੰ ਨੈਬ ਦੀ ਕੁਰਸੀ 'ਤੇ ਬੈਠਦਾ ਕਰ ਦਿੱਤਾ।

    ਤਹਿਸੀਲ ਦਫ਼ਤਰ ਦੀ ਕਲਰਕੀ ਦੀਆਂ ਸਾਰੀਆਂ ਬਾਰੀਕੀਆਂ ਤੋਂ ਵਾਕਫ਼ ਹੋਣ ਕਰਕੇ ਆਪਣੀ ਸਬ-ਤਹਿਸੀਲ ਦੇ ਸਾਰੇ ਕਰਮਚਾਰੀਆਂ ਦੀਆਂ ਤੜਾਵਾਂ ਚੰਗੀ ਤਰ੍ਹਾਂ ਖਿੱਚ ਕੇ ਰੱਖਦਿਆਂ ਮੈਂ ਸਹਿਜੇ-ਸਹਿਜੇ ਪਾਲ ਦੇ ਸਮਝਾਏ ਸਰਮਾਏਦਾਰੀ ਪ੍ਰਬੰਧ ਅੰਦਰ ਹੁੰਦੇ ਆਮ-ਆਦਮੀ ਦੇ ਸੋਸ਼ਣ ਦੇ ਵਿਚਾਰਾਂ ਨੂੰ ਬਿਲਕੁਲ ਭੁੱਲ-ਭੁਲਾ ਗਿਆ। ਉਂਝ ਤਾਂ ਪਹਿਲਾਂ ਵੀ ਮੈਂ ਕਦੀ ਕਿਸਾਨ, ਮਜ਼ਦੂਰ ਜਾਂ ਮੁਲਾਜ਼ਮ ਜਥੇਬੰਦੀ ਬਣਾ ਕੇ ਸਥਾਪਤੀ ਵਿਰੁੱਧ ਸੰਘਰਸ਼ ਕਰਨ ਲਈ ਬਹੁਤਾ ਕਸ਼ਟ ਕਦੇ ਨਹੀਂ ਸੀ ਕੀਤਾ। ਫਿਰ ਵੀ ਇਸ ਸਾਰੀ ਲੁੱਟ-ਖਸੁੱਟ ਦੀ ਕਾਗਜ਼ੀ ਸਮਝ ਮੈਨੁੰ ਜ਼ਰੂਰ ਹੈ ਸੀ ਪਰ ਹੁਣ ਤਾਂ ਹਿੱਸੇ-ਪੱਤੀਆਂ ਦੀ ਵੰਡ ਕਰਦਿਆਂ ਕੋਈ ਐਰਾ-ਗੈਰਾ ਦੀ ਯਾਦ ਕਦੀ ਲਾਗਿਓਂ ਦੀ ਲੰਘੀ ਸੀ। ਏਥੋਂ ਤੱਕ ਕਿ ਤਹਿਸੀਲ ਦਫ਼ਤਰ ਦੀ ਕਲਰਕੀ ਵੇਲੇ ਦੀਆਂ ਰੁੱਖੀਆਂ ਤੇ ਗਮਗੀਨ ਤਰਕਾਲਾਂ ਹੁਣ ਰੰਗੀਨ ਰਾਤਾਂ ਵਿੱਚ ਬਦਲ ਚੁੱਕੀਆਂ ਸਨ।

    ਇਕ ਦਿਨ ਚਾਣਚੱਕ ਹਨੇਰਾ ਪੈਣ ਤੋਂ ਪਹਿਲਾਂ ਕਿਸੇ ਨੇ ਮੇਰੀ ਕੋਠੀ ਦੇ ਬਾਹਰਲੇ ਫਾਟਕ 'ਤੇ ਲੱਗੀ ਕਾਲ ਬੈੱਲ ਵੱਜ ਉਠੀ। ਵਿਹੜੇ ਦੀ ਇਕ ਨੁੱਕਰੇ ਭਾਂਡੇ ਮਾਂਜਦੀ ਲਾਜੋ ਝਿਊਰੀ ਦੇ ਉਠ ਕੇ ਫਾਟਕ ਖੋਲ੍ਹਦਿਆਂ ਸਾਰ ਕੋਈ ਲੰਮਾ-ਪਤਲਾ ਆਕਾਰ ਉਸ ਦੇ ਪਿੱਛੇ-ਪਿੱਛੇ ਅੰਦਰ ਆ ਵੜਿਆ। ਇਕ ਅਜਨਬੀ ਦੇ ਇਸ ਤਰਾਂ੍ਹ ਆ ਧਮਕਣ 'ਤੇ ਮੇਰੇ ਗੁੱਸੇ ਦਾ ਪਾਰਾ ਸਿਖਰ-ਡਿਗਰੀ 'ਤੇ ਪਹੁੰਚਣ ਹੀ ਵਾਲਾ ਸੀ ਕਿ ਪਾਲ ਦੀ ਵਿਸਰ ਚੁੱਕੀ ਆਵਾਜ਼ ਨੇ ਬਾਹਰਲੀ ਬੈਠਕ ਅੰਦਰ ਟੈਲੀਵੀਯਨ ਸਾਹਮਣੇ ਪਤਨੀ ਨਾਲ ਅਯਾਸ਼ ਮੁਦਰਾ ਵਿੱਚ ਵੱਡੇ ਸੋਫੇ 'ਤੇ ਬੈਠੇ ਤੋਂ ਮੈਥੋਂ ਦਰਾਂ ਤੋਂ ਕਾਫੀ ਪਿਛਾਂਹ ਖਲੋ ਕੇ ਬਿਨਾਂ ਪੁੱਛੇ ਅੰਦਰ ਲੰਘ ਆਉਣ ਦੀ ਕੀਤੀ ਗੁਸਤਾਖ਼ੀ ਦੀ ਬੜੀ ਹਲੀਮੀ ਨਾਲ ਮੁਆਫੀ ਮੰਗ ਲਈ।

    ਉਸ ਦੀ ਲਾਹ-ਪਾਹ ਕਰਨ ਲਈ ਉਠਿਆ ਜਵਾਰ-ਭਾਟਾ ਭਾਵੇਂ ਪੂਰੀ ਤਰਾਂ੍ਹ ਆਪਣਾ ਕਾਰਜ ਨਾ ਕਰ ਸਕਿਆ ਪਰ 'ਦੱਸ ਕੀ ਕੰਮ ਐæææ?' ਦਾ ਨਿੱਕਾ ਜਿਹਾ ਖਰ੍ਹਵਾ ਪ੍ਰਸ਼ਨ ਉਸ ਦੇ ਹੇਠੀ ਕਰਨ ਲਈ ਕਾਫੀ ਕਾਰਗਰ ਸਿੱਧ ਹੋਇਆ।

    "ਦੋ ਘੁੱਟ ਦਾਰੂ ਪੀਣੀ ਐæææ।" ਉਸ ਦਾ ਸਪਾਟ ਉੱਤਰ ਸੁਣ ਕੇ ਮੈਂ ਇਸ ਲਈ ਝੰਜੋੜਿਆ ਗਿਆ ਕਿ ਐਨੇ ਵਰ੍ਹਿਆਂ ਤੋਂ ਸ਼ਰਾਬ ਪੀਣ ਦੇ ਆਦੀਆਂ ਨੂੰ ਲੰਮੇ ਹੱਥੀ ਲੈਣ ਵਾਲਾ ਪਾਲ ਹੁਣ ਕਿਸ ਮੂੰਹ ਨਾਲ ਪੀਣ ਲਈ ਮੰਗ ਰਿਹਾ ਸੀ।

    "ਅੰਦਰ ਆ ਜਾ।" ਸੁਣਦਿਆਂ ਸਾਰ ਉਹ ਦਰਾਂ ਕੋਲ ਪਏ ਪਾਏਦਾਨ 'ਤੇ ਪਸਰ ਕੇ ਬੈਠ ਗਿਆ। ਮੇਰੇ ਵਾਰ-ਵਾਰ ਕਹਿਣ 'ਤੇ ਉਹ ਦਰਵਾਜ਼ੇ ਵਿਚਕਾਰੋਂ ਉੱਠ ਕੇ ਸੋਫੇ ਉੱਤੇ ਤਾਂ ਨਾ ਬੈਠਾ ਪਰ ਕਮਰੇ ਅੰਦਰ ਵਿਛੀ ਕਸ਼ਮੀਰੀ ਕਾਲੀਨ 'ਤੇ ਜ਼ਰੂਰ ਸਰਕ ਗਿਆ।

    ਬੈਠਕ ਦੇ ਇਕ ਕੋਠੇ ਅੰਦਰ ਧਰੀ ਕਰੀਮ ਰੰਗ ਦੀ ਫਰਿੱਜ 'ਚੋਂ ਵਿਸਕੀ ਦੀ ਬੋਤਲ ਕੱਢ ਕੇ ਮੈਂ ਸੈਂਟਰ-ਟੇਬਲ 'ਤੇ ਲਿਆ ਰੱਖੀ। ਉਸੇ ਅੰਦਰ ਜਮਾਈ ਬਰਫ਼ ਦੀਆਂ ਨਿੱਕੀਆਂ-ਨਿੱਕੀਆਂ ਟੁਕੜੀਆਂ, ਸ਼ੀਸ਼ੀ ਦੇ ਵੱਡੇ ਗਲਾਸ ਅੰਦਰ ਸੁੱਟ ਕੇ, ਇਕ ਭਰਵਾਂ ਜਿਹਾ ਪੈੱਗ ਮੈਂ ਉਸ ਵੱਲ ਵਧਾਇਆ। ਬੇਸਬਰਿਆਂ ਵਾਂਗ ਉਸ ਨੇ ਗਲਾਸ ਨੂੰ ਝਬੂਟੀ ਮਾਰੀ ਤੇ ਇਕੋ ਸਾਹੇ ਗਟਾ-ਗਟ ਪੀ ਗਿਆ। 'ਹੋਰ' ਪੁੱਛਣ ਤੇ ਉਸ ਨੇ ਹਲਕਾ ਜਿਹਾ ਝੂਮਦਾ ਸਿਰ 'ਹਾਂ' ਕਰਨ ਲਈ ਚੰਗੀ ਤਰਾਂ੍ਹ ਉਪਰ-ਥੱਲੇ ਹਿਲਾਇਆ। ਦੂਜਾ ਪੈੱਗ ਪੀਂਦਿਆਂ ਉਸ ਦੀਆਂ ਧਰਤੀ ਅੰਦਰ ਗੱਡੀਆਂ ਨਜ਼ਰਾਂ ਪਹਿਲਾਂ ਮੇਰੇ ਚਿਹਰੇ 'ਤੇ ਆ ਟਿੱਕੀਆਂ ਤੇ ਫਿਰ ਹਲਕੇ ਜਿਹੇ ਖੰਘੂਰੇ ਪਿੱਛੋਂ ਕਮਰੇ ਅੰਦਰ ਸਜੀਆਂ ਆਲੀਸ਼ਾਨ ਵਸਤਾਂ ਉਤੋਂ ਦੀ ਤਿਲਕਦੀਆਂ ਪਤਾ ਨਹੀਂ ਕਿਧਰ ਗੁਆਚ ਗਈਆਂ।

    ਮੇਰੇ ਦੋ ਚਾਰ ਮਿੰਟ ਕਮਰਿਓਂ ਬਾਹਰ ਜਾ ਕੇ ਮੁੜ ਆਉਣ ਤੱਕ ਉਹ ਪੂਰੀ ਟੱਲੀ ਹੋ ਗਿਆ ਲੱਗਦਾ ਸੀ। ਸੱਜੇ ਹੱਥ ਦੀ ਉਂਗਲੀ ਹਿਲਾ-ਹਿਲਾ ਕੇ ਆਪਣੇ ਆਪ ਨਾਲ ਉਹ ਇਉਂ ਗੱਲਾਂ ਕਰ ਰਿਹਾ ਸੀ ਜਿਵੇਂ ਸਾਹਮਣੇ ਬੈਠੀ ਨਵੀਂ ਭਰਤੀ ਦੀ ਸਕੂਲਿੰਗ ਕਰ ਰਿਹਾ ਹੋਵੇ।

    "ਕੀ ਗੱਲ ਐ, ਕਾਮਰੇਡ?" ਮੈਂ ਉਸ ਦੀ ਬਿਰਤੀ ਤੋੜਨ ਦਾ ਯਤਨ ਕਰਦਿਆਂ ਮੈਂ ਆਖਿਆ।

    "ਸਅæææਅਬ ਠੀæææਕ ਐ, ਸਾæææਰੇ ਈ ਸੂਤ ਐæææਐæææ!"

    "ਕੀ ਠੀਕ ਐ? ਕੌਣ ਸੂਤ ਐ? ਕਿਹੜੀ ਗੱਲ ਕਰਦੈਂ?"

    "ਇਨਕæææਆਬ ਦੀ, ਦੇਬੂæææਮੌਖੇæææਨਿੰਦਰæææਗਿਆਨੀæææਸ਼ੌਂਕੀæææਬੋਘੇ ਦੀ, ਸਾਲੇ ਕੇææਸਰ, ਡੀæਐਸ਼ਪੀæ ਦੀ। æææਮਾਹਟਰ ਦੀ, ਉਹæææਦੇ ਘਰ ਲਾਲ਼ææਨ੍ਹੇਰੀ ਨੂੰ ਸਰæææਪੰਚੀ ਚੁੱਕæææਕੇæææਲੈ ਗਈ। ਸੈਤੂæææਕਾਰ ਦਾਰੂ ਕੱਢæææਕੱਢ ਪੀਂਦਾ ਵੇਚææਦਾ। ਤਾæææਰੀ ਅਮਰੀਕਾ ਨੱæææਸ ਗਿਆ। ਰੋਡæææਬੇਜ਼ੀਆਂ ਨਾ' æææਦੱਸੀਆਂæææਪੰਜੀਆਂ ਪਿੱਛੇ ਸੁਦਾæææਈ ਹੋ ਗਿਆ। ਤੇ ਉਹ ਮੇਰਾæææਸਕਾ ਸਾਲ਼ਾ ਪ੍ਰੋਲੋæææਤਾਰੀਆ ਸਕੱਤਰæææਜਨਰਲ਼ææਬਰਾੜ, ਹਰਜੀæææ ਦੀ ਭੈਣ ਨਾਲ਼ææ ਸ਼ਿਮਲੇæææ ਤੁਰਿਆæææਫਿਰਦਾæææਹਨੀਮੂਨ ਮਨਾਉਂਦਾæææਗੁਰੀਲਾæææਯੁੱਧæææਬੇਸ਼ææਏਰੀਆæææਕੁਰੀਅਰæææਭੈਣ ਦਾæææ!"

     ਕਿਸੇ ਗਾਲ੍ਹ ਨਾਲ ਕਮਰੇ ਦੀ ਫਿਜ਼ਾ ਨੂੰ ਗੰਦੀ ਹੋਣ ਤੋਂ ਬਚਾਉਣ ਲਈ ਮੈਂ ਛੇਤੀ ਨਾਲ ਉਠ ਕੇ ਉਸ ਨੂੰ ਮੋਢਿਓਂ ਫੜ੍ਹ ਕੇ ਹਿਲਾਉਂਦਿਆਂ ਆਖਿਆ, "ਕੀ ਹੋ ਗਿਆ ਤੈਨੂੰ? ਪਾਲ ਕਾਮਰੇਡ!"

    "ਕੇਅæææੜਾ ਪਾਲ? ਕੌਅæææਣ ਕਾਮਰੇਡ? ਸਾæææਅੱਬ ਬਕਬਾਸ, ਝੂਊæææਠ, ਸਾæææਅੱਬ ਸਾਲ਼ਾ ਫੋਅæææਕਟ। ਮੈਂਅææਕੋਅਈ ਕੜਾ ਕਾਮææਰੇਡ ਨਈਂ। ਕੋਅਈ ਨਈਂ ਪਾਅਲ਼ææਸ਼ਾਅਲ। ਮੈਂਅ ਤਾਂæææਘਸੀਟæææਪੁਰੀਏ ਰੁਲਦੇæææਚਮææਆਰ ਦਾ ਮੁੰਡਾ ਭæææਜਨਾ ਆਂ ਭਜਨਾ। ਮਾਂਆਂæææਭੈਅਣæææਭਾਅਈæææਘਅਰæææਸਅੱਬæææਇਨਕæææਲਾਬ ਹੋ ਗਿਆ, ਇਨਕæææਲਾਬ। æææਅਮਰੀਕਾ ਜਊ, ਪਾਅਰਟੀ ਸ਼ਿਮਅਲਾ ਕੁਅਰ ਰੀਅਰ ਹਨੀæææਮਊਨæææ।"

    ਪਹਿਲੀ ਵਾਰ ਪੀਤੀ ਦਾ ਬੇਕਾਬੂ ਹੁੰਦਾ ਨਸ਼ਾ ਭਾਂਪ ਕੇ ਉਹ ਅਬਾ-ਤਬਾ ਬੋਲਦਾ ਹਵਾ ਦੇ ਬੁੱਲ੍ਹੇ ਵਾਂਗ ਕਮਰੇ 'ਚੋਂ ਉਠਿਆ ਤੇ ਵਿਹੜੇ ਅੰਦਰ ਪਸਰੀ ਦੁਧੀਆ ਰੌਸ਼ਨੀ ਵਿਚਕਾਰੋਂ ਦੀ ਲੜਖੜਾਉਂਦਾ ਕੋਠੀਓਂ ਬਾਹਰ ਨਿਕਲ ਗਿਆ।

    ਬਾਹਰਲੇ ਫਾਟਕ ਨੂੰ ਅੰਦਰੋਂ ਜ਼ਿੰਦਰਾ ਮਾਰ ਕੇ ਅੰਦਰ ਵਾਪਸ ਪਰਤਿਆ ਤਾਂ ਮੈਂ ਕਿੰਨੀ ਰਾਤ ਗਈ ਤੱਕ ਇਹ ਨਿਰਣਾ ਨਾ ਕਰ ਸਕਿਆ ਕਿ ਸ਼ਾਹ ਕਾਲੀ ਰਾਤ ਦੇ ਹਨੇਰੇ ਨੂੰ ਚੀਰਦਾ ਸਾਥੀ ਸਾਥੀ ਪਾਲ ਇਕ ਵਾਰ ਫਿਰ 'ਬਰੂਹਾਂ' 'ਤੇ ਖੜੇ ਇਨਕਲਾਬ ਨੂੰ ਜੀ ਆਇਆਂ ਕਹਿਣ ਲਈ ਵਸੀਮਾਂ ਟੱਪ ਕੇ ਕਿਧਰੇ ਫਿਰ ਅਲੋਪ ਹੋ ਗਿਆ ਹੈ ਜਾਂ ਘਸੀਟਪੁਰੀਆ ਰੁਲਦਾ ਹੋਕਾ ਦਿੰਦਾ ਕਿਸੇ ਨਾਲ ਦੇ ਘਰ ਅੰਦਰ ਜੁੱਤੀਆਂ ਗੰਢਣ ਬੈਠ ਗਿਆ ਹੈ।

      --                                                      

Comments


bottom of page